'ਮੈਂ ਪੰਜਾਬੀ, ਬੋਲੀ ਪੰਜਾਬੀ ਮੁਹਿੰਮ' ਦੇ ਤੇਰਵੇਂ ਦਿਨ ਲਗਾਈ ਕੈਲੀਗਰਾਫ਼ੀ ਵਰਕਸ਼ਾਪ

ਮਾਸਟਰਮਾਈਂਡ ਕਾਲਜ ਸਮੇਤ 5300 ਵਿਦਿਆਰਥੀਆਂ ਨੇ 27 ਪਿੰਡਾਂ ਵਿੱਚ ਕੱਢੀਆਂ ਜਾਗਰੂਕਤਾ ਰੈਲੀਆਂ

ਬਠਿੰਡਾ/ਤਲਵੰਡੀ ਸਾਬੋ, 13 ਫਰਵਰੀ (ਗੁਰਜੰਟ ਸਿੰਘ ਨਥੇਹਾ)- ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਲਈ 'ਮੈਂ ਪੰਜਾਬੀ, ਬੋਲੀ ਪੰਜਾਬੀ' ਨਾਮ ਹੇਠ 1 ਫਰਵਰੀ ਤੋਂ 21 ਫ਼ਰਵਰੀ ਤੱਕ ਚਲਾਈ ਜਾ ਰਹੀ ਮੁਹਿੰਮ ਅਧੀਨ ਅੱਜ ਤੇਰਵੇਂ ਦਿਨ ਸਥਾਨਕ ਐਮ.ਐੱਸ.ਡੀ. ਸਕੂਲ ਵਿਖੇ ਮਾਂ-ਬੋਲੀ ਪੰਜਾਬੀ ਦੀ ਕੈਲੀਗਰਾਫ਼ੀ ਵਰਕਸ਼ਾਪ ਲਗਾਈ ਗਈ, ਜਿਸ ਵਿੱਚ 80 ਵਿਦਿਆਰਥੀਆਂ ਨੇ ਭਾਗ ਲਿਆ। ਵਰਕਸ਼ਾਪ ਵਿੱਚ ਗੁਰਮੁਖੀ ਲਿਪੀ ਦੇ ਸੁੰਦਰ ਲਿਖਾਈ ਦੇ ਮਾਹਿਰ ਅਧਿਆਪਕ ਸ਼੍ਰੀ ਧਰਮਪਾਲ ਰਿਸੋਰਸ ਪਰਸਨ ਵਜੋਂ ਪੁੱਜੇ। ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੀਮਤੀ ਮਨਦੀਪ ਕੌਰ, ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਟੀਮ ਸਮੇਤ ਸ਼ਿਰਕਤ ਕੀਤੀ ਅਤੇ ਸਕੂਲ ਦੇ ਪ੍ਰਿੰਸੀਪਲ ਡਾ. ਸੂਰਜ ਸੇਤੀਆ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ। ਇਸ ਮੌਕੇ ਮੁੱਖ ਮਹਿਮਾਨ ਮੈਡਮ ਮਨਦੀਪ ਕੌਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਵਿਲੱਖਣ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਹੋਇਆ ਕਿਹਾ ਕਿ ਮਾਤ-ਭਾਸ਼ਾ ਦੇ ਸੰਬੰਧ ਵਿੱਚ ਅਜਿਹੇ ਉੱਦਮ ਸਮੇਂ ਦੀ ਲੋੜ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੀ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਹਰ ਤਰ੍ਹਾਂ ਨਾਲ਼ ਯਤਨਸ਼ੀਲ ਹੈ। ਸ਼੍ਰੀ ਧਰਮਪਾਲ ਨੇ ਬੜੇ ਹੀ ਕਲਾਤਮਕ ਤਰੀਕੇ ਨਾਲ਼ ਵਿਦਿਆਰਥੀਆਂ ਨਾਲ਼ ਸੰਵਾਦ ਰਚਾ ਕੇ ਉਨ੍ਹਾਂ ਨੂੰ ਸੋਹਣੀ ਅੱਖਰ ਬਣਤਰ ਦੇ ਗੁਰ ਦਿੱਤੇ। ਮੰਚ ਸੰਚਾਲਨ ਦੀ ਭੂਮਿਕਾ ਖੋਜ਼ ਅਫ਼ਸਰ ਨਵਪ੍ਰੀਤ ਸਿੰਘ ਨੇ ਨਿਭਾਈ। ਵਰਕਸ਼ਾਪ ਵਿੱਚ ਸਕੂਲ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਵੀ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ 'ਮੈਂ ਪੰਜਾਬੀ,ਬੋਲੀ ਪੰਜਾਬੀ' 21 ਰੋਜ਼ਾ ਮੁਹਿੰਮ ਦੀ ਮਹੱਤਤਾ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨਾ ਸਿਰਫ਼ ਗੁਰਮੁਖੀ ਲਿਪੀ ਨੂੰ ਵੱਖਰਾ ਮਿਆਰ ਦੇਣਗੀਆਂ ਬਲਕਿ ਅੱਜ ਦੀ ਪੀੜ੍ਹੀ ਦਾ ਮਾਂ-ਬੋਲੀ ਨਾਲ਼ ਰਿਸ਼ਤਾ ਹੋਰ ਗੂੜ੍ਹਾ ਕਰਨਗੀਆਂ। ਇਸ ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮਾਸਟਰਮਾਈਂਡ ਕਾਲਜ ਆੱਫ ਐਜੂਕੇਸ਼ਨ ਗਹਿਰੀ ਬੁੱਟਰ ਦੇ ਵਿਦਿਆਰਥੀਆਂ ਵੱਲੋਂ ਮਾਂ-ਬੋਲੀ ਦੇ ਹੱਕ ਵਿੱਚ ਕੱਢੀ ਜਾਣ ਵਾਲੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵਿਦਿਆਰਥੀਆਂ ਦੀ ਸ਼ਨਾਖ਼ਤੀ ਬੋਰਡ ਪੰਜਾਬੀ ਵਿੱਚ ਲਿਖਣ ਦੀ ਅਪੀਲ ਨੂੰ ਆਸੇ-ਪਾਸੇ ਦੇ ਦੁਕਾਨਦਾਰਾਂ ਅਤੇ ਸੰਸਥਾਵਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ। ਇਸ ਰੈਲੀ ਵਿੱਚ ਕਾਲਜ ਦੇ ਡਾਇਰੈਕਟਰ ਸ਼੍ਰੀ ਡੀ.ਆਰ. ਸਿੰਗਲਾ, ਪ੍ਰਿੰਸੀਪਲ ਡਾ. ਸਤਿੰਦਰ ਕੌਰ, ਵਾਈਸ ਪ੍ਰਿੰਸੀਪਲ ਸ਼੍ਰੀ ਗਗਨ ਸਹਿਗਲ, ਕੋਆਰਡੀਨੇਟਰ ਸ਼੍ਰੀ ਪਰਮਜੀਤ ਕੁਮਾਰ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।