1 ਮਾਰਚ ਨੂੰ ਚੰਡੀਗੜ੍ਹ ਮੋਰਚੇ ਲਈ ਚੌਕੀਮਾਨ ਟੋਲ ਤੋਂ ਹੋਵੇਗਾ ਜੁਝਾਰੂ ਕਾਫ਼ਲਾ ਰਵਾਨਾ 

ਮੁੱਲਾਂਪੁਰ /ਦਾਖਾ, 26 ਫਰਵਰੀ(ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ   ਕਮੇਟੀ ਦੀ ਇਕ ਵਿਸੇਸ਼ ਅਹਿਮ ਮੀਟਿੰਗ ਅੱਜ ਪਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਸਵੱਦੀ ਕਲਾਂ ਵਿਖੇ ਹੋਈ, ਜਿਸ ਵਿਚ ਬੰਦੀ ਸਿੰਘਾਂ ਸਮੇਤ ਮੁਲਕ ਦੇ ਸਮੂਹ ਸਿਆਸੀ ਕੈਦੀਆਂ ਦੀ ਫੌਰੀ ਰਿਹਾਈ ਯਕੀਨੀ ਬਣਾਉਣ ਵਾਸਤੇ ਚੱਲ ਰਹੇ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਨੂੰ 1 ਮਾਰਚ ਦਿਨ ਬੁੱਧਵਾਰ ਨੂੰ 8 ਵਜ਼ੇ ਚੌਕੀਮਾਨ ਟੋਲ ਪਲਾਜ਼ਾ ਤੋਂ ਰਵਾਨਾ ਹੋਣ ਵਾਲੇ ਜੁਝਾਰੂ ਕਾਫ਼ਲੇ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦਿਤੀਆਂ ਗਈਆਂ ਹਨ l ਵਰਣਨਯੋਗ ਹੈ ਕਿ 7 ਜਨਵਰੀ ਤੋਂ ਲੈ ਕੇ ਹੁਣ ਤੱਕ ਜਥੇਬੰਦੀ ਦੇ ਕਾਫ਼ਲੇ ਸਮੇਂ - ਸਮੇਂ ਸਿਰ ਚੰਡੀਗੜ੍ਹ ਮੋਰਚੇ 'ਚ ਸਮੂਲੀਅਤ ਕਰਦੇ ਆ ਰਹੇ ਹਨ l
      ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਯੂਨੀਅਨ ਦੇ ਆਗੂਆਂ - ਮੀਤ ਪ੍ਰਧਾਨ ਨੰਬਰਦਾਰ ਬਲਜੀਤ ਸਿੰਘ ਸਵੱਦੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਡਾ.ਗੁਰਮੇਲ ਸਿੰਘ ਕੁਲਾਰ, ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿਲੂ ਵਲੈਤੀਆ ਨੇ ਸੰਬੋਧਨ ਕਰਦਿਆਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਹੁਕਮਾਂ ਅਧੀਨ ਪਾਵਰਕਾਮ ਵੱਲੋਂ ਸਰਕਾਰੀ ਅਦਾਰਿਆਂ ਅੰਦਰ ਤੇ ਨਵੇਂ ਕੁਨੈਕਸ਼ਨਾਂ ਲਈ ਲਗਾਏ ਜਾਣ ਵਾਲੇ ਚਿਪ ਵਾਲੇ ਸਮਾਰਟ ਮੀਟਰਾਂ ਨੂੰ ਰੋਕਣ ਲਈ ਪਿੰਡਾਂ ਦੇ ਸਮੂਹ ਲੋਕਾਂ ਨੂੰ ਅੱਗੇ ਆਉਣ ਲਈ ਸੰਗਰਾਮੀ ਹੋਕਾ ਦਿੱਤਾ ਅਤੇ ਦੂਜੇ ਮਤੇ ਰਾਹੀਂ ਦੱਸਿਆ ਕਿ ਦਸਮੇਸ਼ ਕਿਸਾਨ- ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਉਹਨਾਂ ਦਾ ਜਚਵਾਂ ਤੇ ਡਟਵਾਂ ਸਾਥ ਦੇਵੇਗੀ l
    ਤੀਜੇ ਮਤੇ ਰਾਹੀਂ ਲੱਖੋਵਾਲ ਤੇ ਬਹਿਰੂ ਕਿਸਾਨ ਯੂਨੀਅਨਾਂ ਦੇ ਆਗੂਆਂ ਉਪਰ ਕੇਂਦਰ ਦੀ ਏਜੰਸੀ - ਸੀ. ਬੀ. ਆਈ. ਵੱਲੋਂ ਮਾਰੇ ਜਾ ਰਹੇ ਛਾਪਿਆ ਦੀ ਜ਼ੋਰਦਾਰ ਨਿਖੇਧੀ ਕਰਦਿਆਂ, ਇਹ ਪ੍ਰਕਿਰਿਆ ਬੰਦ ਕਰਨ ਦੀ ਮੰਗ ਕੀਤੀ ਗਈ ਹੈ l
     ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ - ਸੁਰਜੀਤ ਸਿੰਘ ਸਵੱਦੀ, ਜਗਦੇਵ ਸਿੰਘ, ਨੰਬਰਦਾਰ ਕੁਲਦੀਪ ਸਿੰਘ ਸਵੱਦੀ, ਤੇਜਿੰਦਰ ਸਿੰਘ ਬਿਰਕ, ਅਮਰ ਸਿੰਘ ਖੰਜਰਵਾਲ, ਵਿਜੈ ਕੁਮਾਰ ਪੰਡੋਰੀ, ਗੁਰਚਰਨ ਸਿੰਘ ਤਲਵੰਡੀ, ਸੁਖਚੈਨ ਸਿੰਘ, ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ ਉਚੇਚੇ ਤੌਰ ਤੇ ਹਾਜ਼ਰ ਹੋਏ l