ਸਿੱਖਿਆ ਤੇ ਸਿੱਖਿਅਕ ✍️ ਮਨਜੀਤ ਕੌਰ ਧੀਮਾਨ

ਅੱਜਕਲ੍ਹ ਸਿੱਖਿਆ ਦਾ ਮਿਆਰ ਬਹੁਤ ਡਿੱਗ ਰਿਹਾ ਹੈ ਅਤੇ ਬੜੇ ਅਫ਼ਸੋਸ ਨਾਲ਼  ਕਹਿਣਾ ਪੈ ਰਿਹਾ ਹੈ ਕਿ ਸਿੱਖਿਅਕ ਦਾ ਮਿਆਰ ਵੀ ਬਹੁਤ ਡਿੱਗ ਰਿਹਾ ਹੈ। ਕਦੇ ਸਮਾਂ ਹੁੰਦਾ ਸੀ ਕਿ ਗੁਰੂ (ਅਧਿਆਪਕ) ਦੀ ਇੱਕ ਖ਼ਾਸ ਇੱਜ਼ਤ ਹੁੰਦੀ ਸੀ, ਇੱਕ ਵਿਸ਼ੇਸ਼ ਰੁਤਬਾ ਹੁੰਦਾ ਸੀ। ਗੁਰੂ ਕਹਾਉਣਾ ਬਹੁਤ ਬੜੀ ਗੱਲ ਹੈ। ਇਹ ਸਿਰਫ਼ ਇੱਕ ਅਹੁਦਾ ਨਹੀਂ ਹੈ, ਇੱਕ ਬਹੁਤ ਬੜੀ ਜ਼ਿੰਮੇਵਾਰੀ ਵੀ ਹੈ।ਕਿਸੇ ਦੇਸ਼ ਜਾਂ ਕੌਮ ਦਾ ਭਵਿੱਖ ਗੁਰੂ ਦੀ ਸਿੱਖਿਆ ਤੇ ਟਿਕਿਆ ਹੁੰਦਾ ਹੈ।

                ਪੁਰਾਣੇ ਸਮੇਂ ਵਿੱਚ ਸਕੂਲ ਬੇਸ਼ਕ ਨਹੀਂ ਹੁੰਦੇ ਸਨ ਪਰ ਸਿੱਖਿਆ ਜ਼ਰੂਰ ਦਿੱਤੀ ਜਾਂਦੀ ਸੀ ਮੰਦਰ, ਮਸਜ਼ਿਦ ਤੇ ਧਰਮਸ਼ਾਲਾ, ਇਸ ਕੰਮ ਲਈ ਵਰਤੇ ਜਾਂਦੇ ਸਨ। ਬੱਚੇ ਗੁਰੂ ਜੀ ਦੀ ਇੱਜ਼ਤ ਕਰਦੇ ਸਨ ਤੇ ਉਨ੍ਹਾਂ ਤੋਂ ਡਰਦੇ ਹੁੰਦੇ ਸਨ। ਗੁਰੂ ਜੀ ਦੇ ਅੱਗੇ ਸਭ ਦਾ ਸਿਰ ਅਦਬ ਨਾਲ਼ ਝੁਕਦਾ ਸੀ।

              ਉਸ ਤੋਂ ਬਾਅਦ ਸਕੂਲ ਬਣੇ,ਕਾਲਜ, ਯੂਨੀਵਰਸਿਟੀ ਬਣੇ। ਸਿੱਖਿਆ ਦਾ ਸਿਲੇਬਸ ਤੇ ਪਰੀਖਿਆ ਦਾ ਖੇਤਰ ਆਦਿ ਸਭ ਤੈਅ ਹੋਇਆ। ਸਿੱਖਿਆ ਦਾ ਘੇਰਾ ਹੌਲ਼ੀ-ਹੌਲ਼ੀ ਵੱਧਦਾ ਗਿਆ। ਪਹਿਲਾਂ ਕੁੜੀਆਂ ਨੂੰ ਸਿੱਖਿਆ ਨਹੀਂ ਦਿੱਤੀ ਜਾਂਦੀ ਸੀ। ਹੌਲ਼ੀ-ਹੌਲ਼ੀ ਸੋਚ ਬਦਲਣ ਤੇ ਸਮਾਜ ਸੇਵਕਾਂ ਦੇ ਯਤਨਾਂ ਸਦਕਾ ਇਹ ਵੀ ਸੰਭਵ ਹੋ ਗਿਆ, ਕੁੜੀਆਂ ਵੀ ਸਿੱਖਿਆ ਪ੍ਰਾਪਤ ਕਰਨ ਲੱਗੀਆਂ। ਉਹਨਾਂ ਨੇ ਵੀ ਉੱਚੇ ਅਹੁਦਿਆਂ ਨੂੰ ਹਾਸਿਲ ਕਰਕੇ ਆਪਣੀ ਅਹਿਮੀਅਤ ਸਾਬਿਤ ਕੀਤੀ।

               ਸਾਡੇ ਸਮੇਂ ਅਧਿਆਪਕ ਬੱਚਿਆਂ ਨੂੰ ਚੰਗਾ ਕੁੱਟਾਪਾ ਚਾੜ੍ਹਦੇ ਹੁੰਦੇ ਸਨ। ਹਰੇਕ ਅਧਿਆਪਕ ਦਾ ਕੁੱਟਣ ਦਾ ਆਪਣਾ ਹੀ ਵੱਖਰਾ ਤਰੀਕਾ ਹੁੰਦਾ ਸੀ। ਕੋਈ ਡੰਡਾ-ਪਰੇਡ ਕਰਦਾ ਸੀ ਤੇ ਕੋਈ ਚਪੇੜਾਂ ਦੀ ਬਰਸਾਤ। ਸਾਡੇ ਇੱਕ ਹਿਸਾਬ ਵਾਲ਼ੇ ਮਾਸਟਰ ਜੀ ਹੁੰਦੇ ਸਨ ਜਿਨ੍ਹਾਂ ਦਾ ਢੰਗ ਹੀ ਨਿਰਾਲਾ ਸੀ। ਉਹ ਮੁੰਡਿਆਂ ਨੂੰ ਮੁਰਗਾ ਬਣਾ ਕੇ ਉਹਨਾਂ ਦੀ ਪਿੱਠ ਨੰਗੀ ਕਰਕੇ ਉੱਪਰ ਕੀੜਾ (ਕਾਡਾ) ਰੱਖ ਦਿੰਦੇ ਸਨ ਤੇ ਫ਼ਿਰ ਉੱਤੋਂ ਹੌਲ਼ੀ-ਹੌਲ਼ੀ ਚਪੇੜਾਂ ਲਗਾਉਦੇ ਸਨ। ਇਸ ਤਰ੍ਹਾਂ ਕੀੜਾ ਦੰਦੀ ਵੱਢਦਾ ਸੀ ਤੇ ਨਾਲ ਚਪੇੜਾਂ ਦੀ ਸੱਟ ਵੀ ਲੱਗਦੀ ਸੀ। ਕੁੜੀਆਂ ਨੂੰ ਕੁੱਟ ਘੱਟ-ਵੱਧ ਹੀ ਪੈਂਦੀ ਸੀ, ਪਰ ਕਈ ਅਧਿਆਪਕ ਉਹਨਾਂ ਦੀਆਂ ਵੀ ਗੁਤਨੀਆਂ ਘੁੰਮਾਂ ਦਿੰਦੇ ਸਨ ਤੇ ਹੱਥਾਂ ਤੇ ਡੰਡਿਆਂ ਦਾ ਪ੍ਰਸ਼ਾਦ  ਵੀ ਚਖਾਉਂਦੇ ਸਨ। ਪਰ ਇਸ ਸਭ ਵਿੱਚ ਇੱਕ ਗੱਲ ਜ਼ਰੂਰ ਸੀ ਕਿ ਘਰੋਂ ਕਦੇ ਉਲ੍ਹਾਮਾ ਨਹੀਂ ਆਉਂਦਾ ਸੀ ਸਗੋਂ ਜੇਕਰ ਘਰ ਪਤਾ ਲਗਦਾ ਸੀ ਕਿ ਸਕੂਲੇ ਕੁੱਟ ਪਈ ਹੈ ਤਾਂ ਘਰੇ ਵੀ ਛਿੱਤਰਪਰੇਡ ਹੁੰਦੀ ਸੀ। ਸਾਨੂੰ ਤਾਂ ਕਾਲਜ ਵਿੱਚ ਵੀ ਅਜਿਹੇ ਗੁਰੂ ਮਿਲ਼ੇ ਜਿਹਨਾਂ ਨੇ ਰੋਜ਼ਾਨਾ ਟੈਸਟ ਯਾਦ ਕਰਵਾਏ, ਉਹ ਆਪ ਸਾਨੂੰ ਨੋਟਸ ਬਣਾ ਕੇ ਦਿੰਦੇ ਸਨ।ਬਲਿਹਾਰੇ ਜਾਈਏ ਇਹੋ ਜਿਹੇ ਅਧਿਆਪਕਾਂ ਦੇ ਜਿਹਨਾਂ ਨੇ ਕਿਤਾਬਾਂ ਦੇ ਨਾਲ਼-ਨਾਲ਼ ਜਿੰਦਗੀ ਦੇ ਅਸਲੀ ਸਬਕ ਵੀ ਸਿਖਾਏ।

             ਪਰ ਅੱਜਕਲ੍ਹ ਇਹ ਸਭ ਨਹੀਂ ਚੱਲਦਾ।ਬੱਚਿਆਂ ਨੂੰ ਕੁੱਟਣਾ ਤਾਂ ਹੁਣ ਅਪਰਾਧ ਬਣ ਗਿਆ ਹੈ। ਇਸਦੇ ਵੀ ਬਹੁਤ ਸਾਰੇ ਕਾਰਨ ਹਨ। ਪਹਿਲਾ ਤਾਂ ਇਹ ਹੈ ਕਿ ਨਿੱਜੀਕਰਨ ਵੱਧ ਗਿਆ ਹੈ।ਅੱਜਕਲ ਹਰ ਕੋਈ ਆਪਣੇ ਬੱਚੇ ਨੂੰ ਨਿੱਜੀ ਸਕੂਲ ਵਿੱਚ ਹੀ ਪੜ੍ਹਾਉਣਾ ਚਾਹੁੰਦਾ ਹੈ। ਸਰਕਾਰੀ ਸਕੂਲਾਂ ਨੇ ਆਪਣਾ ਰੁਤਬਾ ਘਟਾ ਲਿਆ ਹੈ। ਨਿੱਜੀ ਸਕੂਲ ਵਿੱਚ ਬੱਚਿਆਂ ਦੀ ਕੁੱਟਮਾਰ ਬਿਲਕੁੱਲ ਮਨਾਂ ਹੈ। ਦੂਜਾ ਮਾਪਿਆਂ ਕੋਲ਼ ਵੀ ਇੱਕ ਜਾਂ ਦੋ ਬੱਚੇ ਹੀ ਹੁੰਦੇ ਹਨ ਤੇ ਉਹਨਾਂ ਨੂੰ ਉਹ ਲਾਡ ਪਿਆਰ ਨਾਲ ਆਪ ਹੀ ਵਿਗਾੜ ਲੈਂਦੇ ਹਨ। ਫ਼ਿਰ ਜੇਕਰ ਉਹ ਪੜ੍ਹਦੇ ਨਹੀਂ ਤਾਂ ਦੋਸ਼ ਸਿਰਫ਼ ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ, ਬੱਚਿਆਂ ਨੂੰ ਨਹੀਂ। ਤੀਸਰਾ, ਕਈ ਅਧਿਆਪਕ ਹੀ ਆਪੇ ਤੋਂ ਬਾਹਰ ਹੋ ਕੇ ਕੁੱਟਦੇ ਹਨ ਤੇ ਅੱਜਕਲ੍ਹ ਬੱਚੇ ਮਜ਼ਬੂਤ ਨਹੀਂ ਸਗੋਂ ਲਫਾਫਿਆਂ ਵਰਗੇ ਹਨ। ਦੋ ਚਪੇੜਾਂ ਲੱਗੀਆਂ ਕਿ ਝੱਟ ਡਿੱਗ ਜਾਂਦੇ ਹਨ।ਚੌਥਾ, ਬੱਚੇ ਵਧੀਆ ਖ਼ੁਰਾਕ ਨਹੀਂ ਖਾਂਦੇ ਤੇ ਮੋਬਾਈਲ, ਟੀ.ਵੀ. ਨੇ ਉਹਨਾਂ ਨੂੰ ਨਿੰਕਮੇਬਣਾ ਦਿੱਤਾ ਹੈ। ਇੱਕ ਹੋਰ, ਬਹੁਤ ਹੀ ਅਫ਼ਸੋਸਜਨਕ ਕਾਰਨ ਹੈ ਕਿ ਨਿੱਜੀ ਸਕੂਲਾਂ ਦੇ ਵੱਧਣ ਨਾਲ ਲੋਕਾਂ ਦਾ ਲਾਲਚ ਵੀ ਵਧਿਆ ਹੈ।ਇਹਨਾਂ ਬਹੁਤੇ ਨਿੱਜੀ ਸਕੂਲਾਂ ਵੱਲੋਂ ਦਸਵੀਂ, ਬਾਰਵੀਂ ਪਾਸ ਕੁੜੀਆਂ ਮੁੰਡਿਆਂ ਨੂੰ ਪੜ੍ਹਾਉਣ ਲਈ ਰੱਖ ਲਿਆ ਜਾਂਦਾ ਹੈ।ਓਹ ਸੋਚਦੇ ਹਨ ਕਿ ਛੋਟੇ ਬੱਚਿਆਂ ਨੂੰ ਹੀ ਤਾਂ ਪੜ੍ਹਾਉਣਾ ਹੈ,ਇਹ ਪੜ੍ਹਾ ਸਕਦੇ ਹਨ।ਇਹ ਬੱਚੇ ਘੱਟ ਪੈਸਿਆਂ ਵਿੱਚ ਹੀ ਮੰਨ ਜਾਂਦੇ ਹਨ ਤੇ ਬੇਢੰਗੇ ਨਿਯਮ,ਕਾਇਦੇ ਵੀ ਆਸਾਨੀ ਨਾਲ ਮੰਨ ਜਾਂਦੇ ਹਨ। ਪਰ ਇੱਥੇ ਹੀ ਸਭ ਤੋਂ ਵੱਡੀ ਗਲ਼ਤੀ ਹੁੰਦੀ ਹੈ ਕਿਉਂਕਿ ਛੋਟੇ ਬੱਚਿਆਂ ਦਾ ਵੇਸ (ਅਧਾਰ) ਬਣਾਉਣਾ ਹੀ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ। ਜੇਕਰ ਇਹਨਾਂ ਬੱਚਿਆਂ ਨੂੰ ਹੀ ਕੋਰਸ ਕੀਤੇ ਹੋਏ ਤਜ਼ੁਰਬੇਕਾਰ ਅਧਿਆਪਕ ਨਹੀਂ ਮਿਲਣਗੇ ਤਾਂ ਇਹ ਕੱਚੀ ਕੰਧ ਵਾਂਗਰਾਂ ਹੀ ਬਣਨਗੇ ,ਜਿਹੜੀ ਕਦੇ ਵੀ ਡਿੱਗ ਸਕਦੀ ਹੈ। ਇਹਨਾਂ ਘੱਟ ਪੜ੍ਹੇ ਲਿਖੇ ਬੱਚਿਆਂ ਨੂੰ ਅਧਿਆਪਕ ਦੀ ਕੁਰਸੀ ਤੇ ਬਿਠਾਉਣ ਕਰਕੇ ਸਿੱਖਿਆ ਤੇ ਸਿੱਖਿਅਕ ਦੋਵਾਂ ਦਾ ਮਿਆਰ ਹੇਠਾਂ ਡਿੱਗਿਆ ਹੈ। ਬੱਚਿਆਂ ਨੂੰ ਪਤਾ ਹੁੰਦਾ ਹੈ ਕਿ ਇਹ ਮੁੰਡਾ ਜਾਂ ਕੁੜੀ ਪਿੱਛਲੇ ਸਾਲ ਹੀ ਦਸਵੀਂ ਜਾਂ ਬਾਰ੍ਹਵੀਂ ਕਰਕੇ ਹਟਿਆ ਹੈ ਇਸ ਲਈ ਬੱਚੇ ਉਹਨਾਂ ਨੂੰ ਇੱਜ਼ਤ ਨਹੀਂ ਦੇ ਪਾਉਂਦੇ। ਇਹ ਨਵੇਂ ਬਣੇ ਅਧਿਆਪਕ ਵੀ ਆਪਣੇ ਅਹੁਦੇ ਤੇ ਕੁਰਸੀ ਦੀ ਅਹਿਮੀਅਤ ਨਹੀਂ ਸਮਝਦੇ ਤੇ ਬੱਚਿਆਂ ਦੇ ਨਾਲ਼ ਬਹੁਤ ਜ਼ਿਆਦਾ ਘੁਲ ਮਿਲ ਕੇ ਰਹਿੰਦੇ ਹਨ। ਇਸਦਾ ਨੁਕਸਾਨ ਇਹ ਵੀ ਹੈ ਕਿ ਉਹਨਾਂ ਨੂੰ ਜੋ ਵੀ ਮਾੜੀ ਮੋਟੀ ਤਨਖ਼ਾਹ ਮਿਲ਼ਦੀ ਹੈ ਉਹ ਉਸ ਨੂੰ ਨਿੱਜੀ ਖ਼ਰਚ ਲਈ ਵਰਤ ਕੇ ਖ਼ੁਸ਼ ਰਹਿੰਦੇ ਹਨ ਤੇ ਅਗਲੀ ਪੜ੍ਹਾਈ ਕਰਨ ਦਾ ਖ਼ਿਆਲ ਹੀ ਛੱਡ ਦਿੰਦੇ ਹਨ ਤੇ ਬੱਚਿਆਂ ਤੇ ਇਹ ਵੀ ਬੁਰਾ ਅਸਰ ਹੁੰਦਾ ਹੈ ਕਿ ਉਹ ਬਾਕੀ ਅਧਿਆਪਕਾਂ ਦੀ ਇੱਜ਼ਤ ਕਰਨਾ ਵੀ ਭੁੱਲ ਜਾਂਦੇ ਹਨ। ਉਹਨਾਂ ਲਈ ਅਧਿਆਪਕ ਦਾ ਦਰਜ਼ਾ ਹੀ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਕਈ ਸਕੂਲਾਂ ਵਿੱਚ ਬਹੁਤ ਸ਼ਖਤ ਅਨੁਸ਼ਾਸਨ ਹੁੰਦਾ ਹੈ ਜਿਸਨੂੰ ਕਈ ਬੱਚੇ ਝੱਲ ਨਹੀਂ ਪਾਉਂਦੇ ਤੇ ਗ਼ਲਤ ਕਦਮ ਚੁੱਕ ਲੈਂਦੇ ਹਨ ਤੇ ਕਈ ਸਕੂਲਾਂ ਵਿੱਚ ਮਾਹੌਲ ਐਨਾ ਖੁੱਲ੍ਹਾ ਹੁੰਦਾ ਹੈ ਕਿ ਬੱਚੇ ਪੜ੍ਹ ਹੀ ਨਹੀਂ ਪਾਉਂਦੇ। ਉਹ ਮੌਜ ਮਸਤੀ ਜੋਗੇ ਹੀ ਰਹਿ ਜਾਂਦੇ ਹਨ। ਅਧਿਆਪਕ ਉਹਨਾਂ ਨੂੰ ਆਪਣੇ ਥਾਵੇਂ ਕੰਮਾਂ ਤੇ ਲਾਈ ਰੱਖਦੇ ਹਨ ਅਤੇ ਆਪ ਵਿਹਲੇ ਰਹਿ ਕੇ ਆਨੰਦ ਮਾਣਦੇ ਹਨ। ਅੱਜਕਲ ਸੋਸ਼ਲ ਮੀਡੀਆ ਤੇ ਵੀ ਅਧਿਆਪਕਾਂ ਦਾ ਮਜ਼ਾਕ ਬਣਦਾ ਰਹਿੰਦਾ ਹੈ। ਇਹਨਾਂ ਸਭ ਹਾਲਾਤਾਂ ਨੇ ਅੱਜ ਦੇ ਨਵੀਨ ਯੁੱਗ ਵਿੱਚ ਅਧਿਆਪਕਾਂ ਦੀ ਇੱਜ਼ਤ ਘਟਾ ਦਿੱਤੀ ਹੈ।

           ਇਹ ਇੱਕ ਬਹੁਤ ਹੀ ਗੰਭੀਰ ਤੇ ਸੋਚਣ ਵਾਲ਼ਾ ਵਿਸ਼ਾ ਹੈ ਕਿ ਜਦੋਂ ਕੌਮ ਦੇ ਨਿਰਮਾਤਾ ਅਤੇ ਰਾਹ ਦਸੇਰਿਆਂ ਦੀ ਹੀ ਕੋਈ ਇੱਜ਼ਤ ਨਾ ਹੋਵੇ ਓਥੇ ਤਰੱਕੀ ਕਿਵੇਂ ਸੰਭਵ ਹੋ ਸੱਕਦੀ ਹੈ। ਇਥੇ ਆਪਾਂ ਨੂੰ ਵੱਡੇ+ਵੱਡੇ ਸਨਮਾਨ ਸਮਾਰੋਹਾਂ ਵਿੱਚ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੇ ਨਾਲ਼ ਨਾਲ਼ ਛੋਟੇ ਪੱਧਰ ਭਾਵ ਜ਼ਮੀਨੀ ਪੱਧਰ ਤੇ ਆ ਕੇ ਗੁਰੂ (ਅਧਿਆਪਕ) ਦੇ ਰੁੱਤਬੇ ਵਿੱਚ ਸੁਧਾਰ ਕਰਨਾ ਪਵੇਗਾ।

 

ਮਨਜੀਤ ਕੌਰ ਧੀਮਾਨ,                                                     ਸ਼ੇਰਪੁਰ, ਲੁਧਿਆਣਾ।                                ਸੰ:9464633059