ਡੇਢ ਅੱਖਾ ( ਕਹਾਣੀ) ✍ ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)

ਕੁੜੇ ਆਹ ਕੀ ਭਾਣਾ ਵਰਤ ਗਿਆ?ਹਾਏ!ਹਾਏ! ਨੀਂ ਲੋਹੜਾ ਮਾਰ ਗਿਆ,ਐਡੀ ਮਾੜੀ, ਨੀ ਏਡੀ ਮਾੜੀ ਤਾਂ ਰੱਬ ਵੈਰੀ ਤੋਂ ਵੈਰੀ ਨਾਲ਼ ਨਾ ਕਰੇ।ਨਾ ਕੀ ਹੋਇਆ ਬੀਬੀ? ਕਿਉਂ ਸਾਹੋਂ ਸਾਹ ਹੋਈ ਆਉਂਣੀ ਏਂ।ਨੀਂ ਕੀ ਦੱਸਾਂ ਭੈਣੇ! ਗੁੜ ਖਾਣਿਆਂ ਦੇ ਤੇਜੂ ਦੇ ਮੁੰਡੇ ਦੀ ਗੱਲ ਹੈ , ਚੰਗਾ ਭਲਾ ਹੱਸਦਾ ਖੇਡਦਾ ਗਿਆ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਚੰਦਰੇ ਨੂੰ ਕਹਿੰਦੇ ਜੈ ਖਣਿਆ ਦਾ ਨੀ ਹਜ਼ਾਮਤੀਆਂ ਦੇ ਘਰ ਖੇਡਦਾ ਖੇਡਦਾ ਕੱਚ ਦੇ ਗਲਾਸ ਦੇ ਜਾ ਡਿੱਗਾ। ਅੱਖ ਤੇ ਸੱਟ ਦੱਸਦਿਆ। ਭੈਣੇ ਸ਼ਹਿਰ ਲੈ ਕੇ ਗਏ। ਹੁਣੇ ਹੁਣੇ।ਹਏ ਹਏ ਨਾ ਨੀਂ ਭੈਣੇ ਕੁਸ਼ ਨਾ ਹੋਵੇ। ਨੀਂ ਇਹ ਤਾਂ ਦੇਖਿਆ ਵੀ ਮਸਾਂ ਭੈਣੇ, ਸੁੱਖਾਂ ਸੁੱਖ ਕੇ ਕਈ ਕੁੜੀਆਂ ਪਿੱਛੋਂ ਹੋਇਆ।ਓਧਰ ਗੁੜ ਖਾਣਿਆਂ ਦੇ ਘਰ ਪਤਾ ਲੈਣ ਵਾਲ਼ਿਆਂ ਦਾ ਤਾਂਤਾ ਲੱਗਿਆ ਹੋਇਆ ਸੀ। ਪਤਾ ਲੱਗਾ ਪਟਿਆਲੇ ਤੋਂ ਚੰਡੀਗੜ੍ਹ ਭੇਜ ਦਿੱਤਾ। ਜਿੰਨੇਂ ਮੂੰਹ ਉਨ੍ਹੀਆਂ ਗੱਲਾਂ।ਪਰ ਕਈ ਦਿਨਾਂ ਦੇ ਇਲਾਜ ਤੋਂ ਬਾਅਦ ਛੁੱਟੀ ਦਿੱਤੀ। ਪਰ ਦੁੱਖ ਦੀ ਗੱਲ ਇਹ ਸੀ ਕਿ ਇੱਕ ਅੱਖ ਤੋਂ ਆਹਜਾ ਹੋ ਗਿਆ। ਉਮਰ ਦੇ ਹਿਸਾਬ ਨਾਲ਼ ਵੱਡਾ ਹੋਣ ਤੇ ਡਾਕਟਰਾਂ ਦੇ ਕਹਿਣ ਮੁਤਾਬਕ ਪੱਥਰ ਦੀ ਅੱਖ ਪਵੇਗੀ। ਮਾਪਿਆਂ ਕੋਲ ਹੁਣ ਇੰਤਜ਼ਾਰ ਤੇ ਪਛਤਾਵੇ ਤੋਂ ਬਿਨਾਂ ਦੇ ਕੁਝ ਵੀ ਨਹੀਂ ਸੀ।ਸਬਰ ਦਾ ਘੁੱਟ ਭਰ ਕੇ ਰਹਿ ਗਏ।ਸਮਾਂ ਬੀਤਦਾ ਗਿਆ । ਉਮਰ ਦੇ ਲਿਹਾਜ਼ ਨਾਲ ਜਗ ਚਾਨਣ ਨੂੰ ਪੜ੍ਹਨ ਲਈ ਸਕੂਲ ਪਾਇਆ। ਸਕੂਲ ਵਿੱਚ ਜਗ ਚਾਨਣ ਬੜਾ ਹੁਸ਼ਿਆਰ ਤੇ ਹੋਣਹਾਰ ਨਿਕਲਿਆ ।ਭਾਵੇਂ ਕਿ ਇੱਕ ਅੱਖ ਤੋਂ ਦੇਖ ਨਹੀਂ ਸਕਦਾ ਫਿਰ ਵੀ ਉਹ ਪੜ੍ਹਨ ਦੇ ਵਿੱਚ ਬਾਕੀ ਬੱਚਿਆਂ ਤੋਂ ਹਮੇਸ਼ਾ ਅੱਗੇ ਰਹਿੰਦਾ ।ਸਾਰੇ ਅਧਿਆਪਕ ਉਸ ਦੀ ਬੜੀ ਪ੍ਰਸ਼ੰਸਾ ਕਰਦੇ ।

ਜਿੱਥੇ ਉਹ ਪੜ੍ਹਨ ਵਿੱਚ ਹੁਸ਼ਿਆਰ ਸੀ। ਉੱਥੇ ਹੀ ਥੋੜ੍ਹਾ ਸ਼ਰਾਰਤੀ ਵੀ ਸੀ। ਇੱਕ ਦਿਨ ਸਕੂਲ ਵਿੱਚ ਨਵੇਂ ਆਏ ਮੈਡਮ ਜੀ ਜੋ ਕਿ ਸੁਭਾਅ ਦੇ ਬੜੇ ਕੁਰਖ਼ੱਤ ਸਨ। ਜਗ ਚਾਨਣ ਦੀਆਂ ਸ਼ਰਾਰਤਾਂ ਤੋਂ ਤੰਗ ਆ ਕੇ ਇੱਕ ਦਿਨ ਉਸ ਨੂੰ ਖਿੱਝ ਕੇ ਪੈ ਗਈ।ਓਏ ਡੇਢ ਅੱਖਿਆ ਆਹ ! ਕੀ ਕਰੀ ਜਾਨਾ? ਲੱਗਦਾ ਤੇਰੀ ਵੀ ਇੱਕ ਰਗ ਵੱਧ ਹੈ। ਬੜਾ ਢੀਠ ਹੈ ।ਇਹ ਗੱਲ ਸੁਣ ਕੇ ਸਾਰੇ ਬੱਚਿਆਂ ਨੇ ਹਾਸੜ ਚੁੱਕ ਲਿਆ ਉਸ ਦਿਨ ਤੋਂ ਆਹ ਦਿਨ ਤੇ ਉਹ ਦਿਨ ਉਸ ਦਾ ਨਾਂ ਡੇਢ ਅੱਖਾ ਹੀ ਪੈ ਗਿਆ। ਸਕੂਲ ਦੇ ਸਾਰੇ ਵਿਦਿਆਰਥੀ ਹੀ ਉਸ ਨੂੰ ਹੁਣ ਡੇਢ ਅੱਖਾ ਕੇ ਹੀ ਬੁਲਾਉਂਦੇ। ਹੁਣ ਤਾਂ ਜਿਵੇਂ ਕਈ ਵਾਰ ਕੋਈ ਅਧਿਆਪਕ ਵੀ ਬੁਲਾਉਂਦਾ ਤਾਂ ਉਸ ਨੂੰ ਡੇਢ ਅੱਖਾ ਕੇ ਹੀ ਬੁਲਾਉਂਦਾ। ਜਗ ਚਾਨਣ ਨੂੰ ਇਹ ਗੱਲ ਬਹੁਤ ਬੁਰੀ ਲੱਗਦੀ। ਉਸ ਦਾ ਮਨ ਪੜ੍ਹਾਈ ਵਿੱਚ ਨਾ ਲੱਗਦਾ। ਜੋ ਹਰ ਵੇਲੇ ਆਪਣੇ ਉਸ ਕੱਜ ਨੂੰ ਭੁੱਲ ਕੇ ਹੱਸਦਾ ਖੇਡਦਾ ਰਹਿੰਦਾ ਸੀ ।ਉਹ ਹੁਣ ਉਦਾਸ ਰਹਿਣ ਲੱਗਾ ਤੇ ਪੜ੍ਹਾਈ ਵਿੱਚ ਵੀ ਬਾਕੀ ਬੱਚਿਆਂ ਨਾਲੋਂ ਪਛੜਣ ਲੱਗਾ। ਤਿਮਾਹੀ ਪੇਪਰਾਂ ਦੇ ਵਿੱਚ ਜਗ ਚਾਨਣ ਦੀ ਪੁਜੀਸ਼ਨ ਵੀ ਬਹੁਤ ਪਿੱਛੇ ਰਹਿ ਗਈ ।ਸਾਰੇ ਅਧਿਆਪਕ ਉਸਦੇ ਇਸ ਨਤੀਜੇ ਤੋਂ ਬੜੇ ਹੈਰਾਨ ਸਨ ।ਉਹਨਾਂ ਨੂੰ ਲੱਗਾ ਕਿ ਜਿਵੇਂ ਕੋਈ ਸਾਥੋਂ ਗਲਤੀ ਹੋ ਗਈ। ਜਾਂ ਫਿਰ ਸ਼ਾਇਦ ਜਗ ਚਾਨਣ ਹੁਣ ਪੜ੍ਹਾਈ ਵੱਲ ਧਿਆਨ ਨਹੀਂ ਦੇ ਰਿਹਾ। ਪਰ ਉਸਦੇ ਮਨ ਦੇ ਹਾਲਾਤ ਕਿਸੇ ਨੇ ਸਮਝਣ ਦੀ ਕੋਸ਼ਿਸ਼ ਨਾ ਕੀਤੀ। ਟੀਚਰ ਪੇਰੈਂਟਸ ਮੀਟਿੰਗ ਦੇ ਦੌਰਾਨ ਨਵੇਂ ਬਣੇ ਇੰਚਾਰਜ ਮੈਡਮ  ਨੇ ਜਗ ਚਾਨਣ ਦੀਆਂ ਸ਼ਰਾਰਤਾਂ ਅਤੇ ਉਸਦੇ ਘੱਟ ਨੰਬਰਾਂ ਦੀ ਖੂਬ ਸ਼ਿਕਾਇਤ ਕੀਤੀ। ਇਹ ਸਭ ਸੁਣ ਕੇ ਜਗ ਚਾਨਣ ਦੀ ਮਾਂ ਨੂੰ ਬਹੁਤ ਦੁੱਖ ਹੋਇਆ।  

ਘਰ ਵਿੱਚ ਲਿਜਾ ਕੇ ਉਸਨੇ ਜਗ ਚਾਨਣ ਨੂੰ ਕੋਲ ਬਹਾਇਆ ਤੇ ਪੁੱਛਿਆ ਕਿ ਪੁੱਤ ਤੂੰ ਤੇ ਹਰ ਸਾਲ ਫਸਟ ਆਉਂਦਾ ਸੀ। ਵਧੀਆ ਨੰਬਰ ਲੈ ਕੇ ਆਉਂਦਾ ਸੀ।ਫਿਰ ਹੁਣ ਕੀ ਹੋ ਗਿਆ? ਪਹਿਲਾਂ ਤਾਂ ਜਗ ਚਾਨਣ ਚੁੱਪ ਰਿਹਾ ਪਰ ਮਾਂ ਦੇ ਬਾਰ ਬਾਰ ਪੁੱਛਣ ਤੇ ਜਗ ਚਾਨਣ ਨੇ ਸਾਰੀ ਗੱਲ ਆਪਣੀ ਮਾਂ ਨਾਲ ਸਾਂਝੀ ਕੀਤੀ ।ਜਗ ਚਾਨਣ ਦੀ ਗੱਲ ਸੁਣ ਕੇ ਉਸ ਦੀ ਬੇਬੇ ਨੇ ਉਸ ਨੂੰ ਪਿਆਰ ਨਾਲ ਸਮਝਾਇਆ, ਕਿ ਪੁੱਤਰ ਆਪਣੇ ਕੋਹਝ ਨੂੰ ਕਦੇ ਵੀ ਆਪਣੀ ਮੰਜ਼ਿਲ ਦੇ ਰਾਹ ਵਿੱਚ ਰੋੜਾ ਨਾ ਬਣਾਓ ,ਸਗੋਂ ਉਸ ਕੋਹਝ ਨੂੰ ਲੁਕਾਉਣ ਦੇ ਲਈ ਹਮੇਸ਼ਾ ਆਪਣੇ ਅੰਦਰ ਦੇ ਗੁਣਾਂ ਨੂੰ ਉਜਾਗਰ ਕਰਕੇ ਕੇ ਮੰਜ਼ਿਲ ਵੱਲ ਵਧੋ ਤਾਂ ਕਿ ਲੋਕਾਂ ਨੂੰ ਤੁਹਾਡਾ ਕੋਹਝ ਨਜ਼ਰ ਹੀ ਨਾ ਆਏ। ਇਸ ਗੱਲ ਨੇ ਜਗ ਚਾਨਣ ਦੇ ਮਨ ਤੇ ਬਹੁਤ ਡੂੰਘਾ ਅਸਰ ਕੀਤਾ।ਉਸ ਨੇ ਆਪਣੀ ਮਾਂ ਨਾਲ ਅੱਗੇ ਤੋਂ ਦਿਲ ਲਾ ਕੇ ਪੜ੍ਹਾਈ ਕਰਨ ਦਾ ਵਾਅਦਾ ਕੀਤਾ। ਮਾਂ ਦੀਆਂ ਗੱਲਾਂ ਦਾ ਜਗ ਚਾਨਣ ਦੇ ਮਨ ਉੱਪਰ ਅਜਿਹਾ ਅਸਰ ਹੋਇਆ ਕਿ ਉਸਨੇ ਮੈਡਮ ਜੀ ਦੀ ਡੇਢ ਅੱਖ ਵਾਲੀ ਗੱਲ ਨੂੰ ਦਰੋਂ ਕਿਨਾਰ ਕਰਦੇ ਹੋਏ ਆਪਣੀ ਪੜ੍ਹਾਈ ਵਿੱਚ ਧਿਆਨ ਦੇਣਾ ਸ਼ੁਰੂ ਕਰ ਦਿੱਤਾ, ਤੇ ਜਗ ਚਾਨਣ ਦੇ ਹੁਣ ਹੋਰ ਵੀ ਨੰਬਰ ਵਧੀਆ ਆਉਣ ਲੱਗੇ ।ਉਸ ਦੀ ਅਧਿਆਪਕਾ ਇਹ ਦੇਖ ਕੇ ਹੈਰਾਨ ਰਹਿ ਗਈ ।ਹੁਣ ਜਗ ਚਾਨਣ ਅੱਗੇ ਨਾਲੋਂ ਵੀ ਵੱਧ ਨੰਬਰ ਲੈ ਕੇ ਸਾਰੀ ਕਲਾਸ ਵਿੱਚੋਂ ਫਸਟ ਆਉਂਦਾ ਤੇ ਉਹਦਾ ਕੋਹਝ ਉਸ ਦੀ ਕਮਜੋਰੀ ਨਾ ਬਣ ਕੇ ਉਸ ਲਈ ਇੱਕ ਹਥਿਆਰ ਤੇ ਹੱਲਾ ਸ਼ੇਰੀ ਬਣ ਗਿਆ।ਉਸਨੇ ਇਸ ਕਮਜ਼ੋਰੀ ਨੂੰ ਕਦੇ ਆਪਣੇ ਤੇ ਹਾਵੀ ਹੀ ਨਾ ਹੋਣ ਦਿੱਤਾ। ਹਮੇਸ਼ਾ ਪੜ੍ਹਾਈ ਦੇ ਵਿੱਚ ਸਾਰਿਆਂ ਤੋਂ ਅੱਗੇ ਹੀ ਰਿਹਾ। 

 ਸਕੂਲ, ਕਾਲਜ, ਯੂਨੀਵਰਸਿਟੀ ਕਿਹੜੀ ਕਲਾਸ ਹੈ, ਜਿਸ ਦੇ ਵਿੱਚ ਫਸਟ ਨਹੀਂ ਆਇਆ। ਕਿਹੜਾ ਮੁਕਾਬਲਾ ਹੈ ,ਜੋ ਉਸ ਨੇ ਨਹੀਂ ਜਿੱਤਿਆ। ਕਿਹੜਾ ਮੁਕਾਮ ਜੋ ਹਾਸਲ ਨਹੀਂ ਕੀਤਾ।ਹਰ ਪਾਸੇ ਧੁੰਮ ਸੀ। ਹੁਣ ਉਹ ਨਾਂ ਦਾ ਹੀ ਜਗ ਚਾਨਣ ਨਹੀਂ ਸੀ, ਸਗੋਂ ਸਮਾਜ ਲਈ ਵੀ ਚਾਨਣ ਮੁਨਾਰਾ ਬਣ ਗਿਆ ਸੀ।ਭਾਵੇਂ ਹੁਣ ਗੁੜ ਖਾਣਿਆਂ ਦੀ ਅੱਲ ਤੋਂ ਡੇਢ ਅੱਖਿਆਂ ਦੇ ਵੱਜਣ ਲੱਗ ਪਏ ਸਨ। ਪਰ ਇਸ ਡੇਢ ਅੱਖੇ ਨੇ ਪਤਾ ਨਹੀਂ ਕਿੰਨੇ ਕੁ ਬੱਚਿਆਂ ਨੂੰ ਗਿਆਨ ਦੀਆਂ ਅੱਖਾਂ ਦੇ ਕਿ ਚੰਗੇ ਅਹੁਦਿਆਂ ਤੇ ਬੈਠਣ ਯੋਗ ਬਣਾ ਦਿੱਤਾ।ਹਰ ਪਾਸੇ ਇਸ ਦੀ ਪ੍ਰਸੰਸਾ ਸੀ। ਅੱਜ ਮਿਲੇ ਰਾਸ਼ਟਰਪਤੀ ਅਵਾਰਡ ਨੇ ਤਾਂ ਜਿਵੇਂ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਕੀਤੀ।ਜਿਸ ਦੇ ਨਾਲ ਅੱਜ ਡੇਢ ਅੱਖੇ ਤੋਂ "ਬਿਲਡਰ ਆਫ਼ ਨੇਸ਼ਨ "ਦੀ ਅੱਲ ਪੈ ਗਈ। ਅੱਗੇ ਤਾਂ ਸੁਣਿਆ ਸੀ ਕਿ ਮਾਇਆ ਤੇਰੇ ਤਿੰਨ ਨਾਮ ਪਰ ਅੱਜ ਲੱਗਾ ਜਿਵੇਂ ਵਿੱਦਿਆ/ਗਿਆਨ ਤੇਰੇ ਤਿੰਨ ਨਾਮ ਹੋ ਗਏ ਹੋਣ।ਹਰ ਕੋਈ ਆਪਮੁਹਾਰੇ ਹੀ ਜਗ ਚਾਨਣ ਦੇ ਖਿਲਾਰੇ ਚਾਨਣ ਦੀ ਛਿੱਟ ਦੀ ਗੱਲ ਛੇੜ ਬੈਠਦਾ।ਜਿਸ ਨੇ ਆਪਣੇ ਗਿਆਨ ਦੀ ਤਾਲੀਮ ਸਦਕਾ ਸਾਰਾ ਪਿੰਡ ਪਾੜ੍ਹਿਆਂ ਦਾ ਬੱਝਣ ਲਾ ਦਿੱਤਾ।

 

ਰਣਬੀਰ ਸਿੰਘ ਪ੍ਰਿੰਸ (ਸ਼ਾਹਪੁਰ ਕਲਾਂ)

ਆਫ਼ਿਸਰ ਕਾਲੋਨੀ ਸੰਗਰੂਰ

148001

9872299613