ਸ਼ਹੀਦ ਸਰਾਭਾ ਦੀ ਫ਼ਿਲਮ ਤੇ ਲੱਗੀ ਪਾਬੰਦੀ ਦੇ ਰੋਸ ਵਜੋਂ ਸੈਂਸਰ ਬੋਰਡ ਦਾ ਪੁਤਲਾ ਫੂਕਿਆ

ਪੰਜਾਬ,ਕੇਂਦਰ ਸਰਕਾਰ,ਸੈਂਸਰ ਬੋਰਡ ਮੁਰਦਾਬਾਦ ਦੇ ਨਾਅਰਿਆਂ ਨੇ ਅਸਮਾਨੀ ਗੂੰਜਾ ਪਾਈਆਂ

ਮੁੱਲਾਂਪੁਰ ਦਾਖਾ 05 ਨਵੰਬਰ (ਸਤਵਿੰਦਰ  ਸਿੰਘ ਗਿੱਲ) ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਤੇ ਗ਼ਦਰ ਪਾਰਟੀ ਦੇ ਇਤਿਹਾਸ ਨੂੰ ਦਰਸਾਉਂਦੀ ਫਿਲਮ ਤੇ ਲੱਗੀ ਰੋਕ ਨੂੰ ਮੁੱਖ ਰੱਖਦਿਆਂ ਪਿੰਡ ਸਰਾਭਾ ਵਿਖੇ ਪਿੰਡ ਵਾਸੀ ਅਤੇ ਵੱਖ ਵੱਖ ਜਥੇਬੰਦੀਆਂ ਨੇ ਸੈਂਸਰ ਬੋਰਡ ਦਾ ਪੁਤਲਾ ਫੂਕਿਆ। ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਪੰਜਾਬ ਦੇ ਆਗੂ ਬਲਦੇਵ ਸਿੰਘ ਦੇਵ ਸਰਾਭਾ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉੱਘੇ ਲੇਖਕ ਤੇ ਨਿਰਦੇਸ਼ਕ ਕਵੀਰਾਜ ਜੀ ਅਤੇ ਪ੍ਰੋਡਿਊਸਰ ਅੰਮ੍ਰਿਤਪਾਲ ਸਿੰਘ ਸਰਾਭਾ ਵੱਲੋਂ ਬਣਾਈ ਫਿਲਮ ਤੇ ਸੈਂਸਰ ਬੋਰਡ ਵੱਲੋਂ "ਸਰਾਭਾ" ਫ਼ਿਲਮ ਤੇ ਕੁਝ ਕੁ ਹਿੱਸੇ ਤੇ ਇਤਰਾਜ ਕਰ ਕੇ ਕੱਟ ਲਾਉਣ ਦੀ ਗੱਲ ਆਖੀ ਜਿਸ ਦੇ ਕਾਰਨ ਫ਼ਿਲਮ ਭਾਰਤ 'ਚ 3 ਨਵੰਬਰ ਨੂੰ ਰਿਲੀਜ਼ ਨਾ ਹੋ ਸਕੀ। ਹੁਣ ਸਰਾਭਾ ਪਿੰਡ ਵਿਖੇ ਇੱਕ ਗੁੱਸੇ ਦੀ ਲਹਿਰ ਖੜੀ ਹੋ ਚੁੱਕੀ ਹੈ ਜਿੱਥੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਸੈਂਸਰ ਬੋਰਡ ਮੁਰਦਾਬਾਦ ਦੇ ਨਾਰਿਆਂ ਨੇ ਅਸਮਾਨੀ ਗੂੰਜਾਂ ਪਾਈਆਂ। ਆਗੂਆਂ ਨੇ ਅੱਗੇ ਆਖਿਆ ਕਿ ਸਾਡੇ ਇਸ ਰੋਸ ਲਹਿਰ ਦਾ ਕਾਰਨ ਇਹ ਹੈ ਕਿ ਜਿੰਨਾਂ ਅੰਗਰੇਜ਼ਾਂ ਦੇ ਖਿਲਾਫ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਲੜੀ ਉਹਨਾਂ ਦੇ ਦੇਸ਼ਾਂ ਵਿੱਚ ਫ਼ਿਲਮ ਚੱਲਣ ਤੇ ਕੋਈ ਪਾਬੰਦੀ ਨਹੀਂ ਲਗਾਈ। ਪਰ ਜਿਹੜੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੇ ਨਿੱਕੀ ਉਮਰੇ ਵੱਡੀ ਕੁਰਬਾਨੀ ਕੀਤੀ ਉਸ ਦੇਸ਼ ਵਿੱਚ ਨਾ ਤਾਂ ਸਰਕਾਰਾਂ ਉਹਨਾਂ ਨੂੰ ਨਾਂ ਤਾਂ ਬਣਦਾ ਸਤਿਕਾਰ ਦੇਣ ਨੂੰ ਤਿਆਰ ਅਤੇ ਨਾ ਹੀ ਉਹਨਾਂ ਦੇ ਜੀਵਨ ਤੇ ਬਣੀ ਫ਼ਿਲਮ ਲਾਉਣ ਦੀ ਆਗਿਆ ਦੇ ਰਹੀ ਹੈ। 16 ਨਵੰਬਰ ਨੂੰ ਸ਼ਹੀਦ ਸਰਾਭਾ ਜੀ ਦਾ ਸ਼ਹੀਦੀ ਦਿਹਾੜਾ ਪੂਰੇ  ਦੁਨੀਆਂ ਵਿੱਚ ਮਨਾਇਆ ਜਾਵੇਗਾ। ਉਥੇ ਹੀ ਸ਼ਹੀਦ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਉਹਨਾਂ ਦੀ ਯਾਦ 'ਚ ਟੂਰਨਾਮੈਂਟ ਅਤੇ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਉਹਨਾਂ ਦੇ ਚੌਂਕ ਵਿੱਚ ਲੱਗੇ ਸਰੂਪ ਅੱਗੇ ਆਪਣਾ ਸੀਸ ਝੁਕਾਉਂਦੀਆਂ ਹਨ। ਉੱਥੇ ਹੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਆਪਣੀ ਪਾਰਟੀ ਦੀ ਹਾਜ਼ਰੀ ਲਵਾਉਣ ਲਈ ਪਹੁੰਚਦੇ ਹਨ। ਪਰ ਸ਼ਹੀਦ ਸਰਾਭਾ ਜੀ ਦੀ ਫਿਲਮ ਤੇ ਲੱਗੀ ਰੋਕ ਤੋਂ ਬਾਅਦ ਹਾਲੇ ਤੱਕ ਕੋਈ ਵੀ ਲੀਡਰ ਵਲੋਂ ਹਾ ਦਾ ਨਾਅਰਾ ਤੱਕ ਨਹੀਂ ਮਾਰਿਆ। ਸਰਕਾਰਾਂ ਸਿੱਖਾਂ ਦੇ ਹੱਕਾਂ ਤੇ ਡਾਕੇ ਤਾਂ ਹਮੇਸ਼ਾ ਮਾਰਦੀਆਂ ਹਨ ਪਰ ਸ਼ਹੀਦ ਦੀ ਬੇਅਦਬੀ ਇਹ ਪਹਿਲੀ ਵਾਰੀ ਦੇਖਣ ਨੂੰ ਮਿਲੀ ਹੈ। ਜੋ ਸ਼ਹੀਦ ਸਰਾਭਾ ਤੇ ਗ਼ਦਰੀ ਬਾਬਿਆਂ ਦੇ ਇਤਿਹਾਸ ਤੇ ਬਣੀ ਫ਼ਿਲਮ "ਸਰਾਭਾ" ਨੂੰ ਬਿਨਾਂ ਵਜਹਾ ਰੋਕ ਲਗਾ ਦਿੱਤੀ। ਅਸੀਂ ਇਹ ਵੀ ਐਲਾਨ ਕਰਦੇ ਹਾਂ ਕਿ ਜੇਕਰ ਫ਼ਿਲਮ 10 ਨਵੰਬਰ ਸਰਾਭਾ ਫਿਲਮ ਤੋਂ ਪਾਬੰਦੀ ਨਾ ਹਟਾਈ ਤਾਂ ਇੱਕ ਬਹੁਤ ਵੱਡਾ ਸਰਕਾਰਾਂ ਅਤੇ ਸੈਂਸਰ ਬੋਰਡ ਦੇ ਖਿਲਾਫ ਸੰਘਰਸ਼ ਉਲੀਕਿਆ ਜਾਵੇਗਾ। ਉਹਨਾਂ ਨੇ ਆਖਰ ਵਿੱਚ ਆਖਿਆ ਤੇ ਅਸੀਂ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪਿੰਡ ਪਿੰਡ "ਸਰਾਭਾ" ਫਿਲਮ ਦੇ ਹੱਕ ਵਿੱਚ ਰੋਸ ਮੁਜਾਰੇ ਕਰਨ ਤਾਂ ਜੋ ਸੁੱਤੀਆਂ ਸਰਕਾਰਾਂ ਜਾਗ ਪੈਣ। ਜੇਕਰ ਪੰਜ ਦਿਨਾਂ ਦੇ ਵਿੱਚ ਇਹ ਫਿਲਮ ਤੋਂ ਰੋਕ ਨਾ ਹਟਾਈ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਵਾਰਿਸ ਸੜਕਾਂ ਤੇ ਆਉਣ ਲਈ ਮਜਬੂਰ ਹੋਣਗੇ। ਇਸ ਮੌਕੇ ਦਲਜੀਤ ਸਿੰਘ ਰੰਗੀ ਰਾਏਕੋਟ, ਕੁਲਜੀਤ ਸਿੰਘ ਭੰਮਰਾ ਸਰਾਭਾ, ਗੁਰਸਿਮਰਨ ਸਿੰਘ ਅੱਬੂਵਾਲ, ਅਵਤਾਰ ਤਾਰੀ ਨੂਰਪੁਰਾ, ਬਲਵਿੰਦਰ ਸਿੰਘ ਨੂਰਪੁਰਾ, ਕਮਲਜੀਤ ਸਿੰਘ ਕਮਲ ਬਰਮੀ, ਜੱਗਾ ਸਿੰਘ ਟੂਸੇ, ਨਿਰਮਲ ਸਿੰਘ ਸਰਾਭਾ, ਜਗਮੋਹਣ ਸਿੰਘ ਸਰਾਭਾ, ਏਕਮਦੀਪ ਸਿੰਘ ਟੂਸੇ, ਸੁਖਮਿੰਦਰ ਸਿੰਘ ਸੁੱਖਾ ਸਰਾਭਾ, ਬਹਾਦਰ ਸਿੰਘ ਸਰਾਭਾ, ਹਰਪ੍ਰੀਤ ਸਿੰਘ ਸਰਾਭਾ, ਹਰਵਿੰਦਰ ਸਿੰਘ ਸਰਾਭਾ, ਅੱਛਰ ਸਿੰਘ ਸਰਾਭਾ ਮੋਟਰ ਵਾਲੇ, ਹਰਦੀਪ ਸਿੰਘ ਰਿੰਕੂ ਰੰਗੋਵਾਲ, ਰਣਜੀਤ ਸਿੰਘ ਸਰਾਭਾ, ਭੋਲਾ ਸਰਾਭਾ,ਪ੍ਰਦੀਪ ਸਿੰਘ ਸਰਾਭਾ ਆਦਿ ਹਾਜ਼ਰ ਸਨ।