ਜਰਮਨ ਦੇ ਸਿੱਖਾਂ ਵੱਲੋਂ ਭਾਰਤੀ ਦੂਤਾਵਾਸ ਸਾਹਮਣੇ ਕਿਸਾਨਾਂ ਉੱਤੇ ਢਾਹੇ ਜਾ ਰਹੇ ਜਬਰ ਜ਼ੁਲਮ ਦੇ ਖਿਲਾਫ ਰੋਹ ਮੁਜ਼ਾਹਰਾ ਕਰਕੇ ਕਿਸਾਨਾਂ ਦੇ ਹੱਕ ਵਿੱਚ ਕੀਤੀ ਅਵਾਜ ਬਲੰਦ 

ਨਵੀਂ ਦਿੱਲੀ 25 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਭਾਰਤ ਦੀ ਮੰਨੂਵਾਦੀ ਮੋਦੀ, ਅਮਿਤ ਸ਼ਾਹ, ਅਤੇ ਹਰਿਆਣੇ ਦੇ ਖੱਟਰ ਦੀ ਤਾਨਾਸ਼ਾਹ ਹਕੂਮਤ ਵੱਲੋਂ ਆਪਣੀਆਂ ਹੱਕੀ ਮੰਗਾਂ ਵਾਸਤੇ ਦਿੱਲੀ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਨੂੰ ਪੰਜਾਬ ਹਰਿਆਣਾ ਬਾਡਰ ਤੇ ਰੋਕ ਕੇ ਉਹਨਾਂ ਉੱਪਰ ਜਬਰ ਜ਼ੁਲਮ ਢਾਹੁਣ, ਉਹਨਾਂ ਉੱਪਰ ਹੰਝੂ ਗੈਸ ਦੇ ਗੋਲੇ ਸਿੱਟ ਕੇ, ਰਸਤੇ ਵਿੱਚ ਕਿੱਲਾਂ ਗੱਡ ਕੇ, ਕੰਡਿਆਲੀ ਤਾਰਾਂ ਲਾ ਕੇ ਅਤੇ ਪੰਜਾਬ ਦੀ ਹੱਦ ਟੱਪ ਕੇ ਫਾਈਰਿੰਗ ਕਰਕੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਕਤਲ ਕਰਨ ਅਤੇ ਸੈਂਕੜੇ ਕਿਸਾਨਾਂ ਤੇ ਬੇਰਹਿਮੀ ਨਾਲ ਜਬਰ ਜ਼ੁਲਮ ਕਰਕੇ ਫੱਟੜ ਕਰਨ ਖਿਲਾਫ ਅਤੇ ਕਿਸਾਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਤੇ ਵਿਦੇਸ਼ਾਂ ਵਿੱਚ ਕਿਸਾਨਾਂ ਦੀ ਅਵਾਜ ਬਣਨ ਲਈ ਜਰਮਨ ਦੇ ਇਨਸਾਫ਼ ਪਸੰਦ ਲੋਕਾਂ, ਪੰਥਕ ਜਥੇਬੰਦੀਆਂ, ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਭਾਰਤੀ ਕੌਂਸਲੇਟ ਫਰੈਂਕਫੋਰਟ ਦੇ ਸਾਹਮਣੇ ਰੋਹ ਮੁਜਾਹਰਾ ਕੀਤਾ ਗਿਆ । ਇਸ ਮੌਕੇ ਡਬਲਊ ਐਸ ਓ ਵਲੋਂ ਭਾਈ ਗੁਰਚਰਨ ਸਿੰਘ ਗੁਰਾਇਆ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲੀ, ਭਾਈ ਅਵਤਾਰ ਸਿੰਘ ਬੱਬਰ, ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਦਿਆਲ ਸਿੰਘ ਲਾਲੀ, ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ, ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਭਾਈ ਬਲਕਾਰ ਸਿੰਘ, ਭਾਈ ਅਨੂਪ ਸਿੰਘ, ਭਾਈ ਹਰਮੀਤ ਸਿੰਘ ਨੇ ਵੀਚਾਰਾਂ ਦੀ ਸਾਂਝ ਪਾਈ ਤੇ ਧੜੱਲੇ ਨਾਲ ਅਵਾਜ ਬਲੰਦ ਕੀਤੀ । 
ਬੁਲਾਰਿਆਂ ਨੇ ਆਪਣੇ ਵਿਚਾਰ ਰੱਖਦਿਆਂ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ ਅਤੇ ਭਾਜਪਈ ਮੋਦੀ ਦੀ ਹਕੂਮਤ ਦੀਆਂ ਕਿਸਾਨਾਂ, ਮਜਦੂਰਾਂ ਤੇ ਘੱਟ ਗਿਣਤੀ ਕੌਮਾਂ ਪ੍ਰਤੀ ਮਾਰੂ ਨੀਤੀਆਂ ਦਾ ਪਰਦਾਫਾਸ਼ ਕੀਤਾ । ਬੁਲਾਰਿਆ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਜਿਸ ਤਰ੍ਹਾਂ ਕਿਸਾਨਾਂ ਤੇ ਜਬਰ ਜ਼ੁਲਮ ਢਾਹਿਆ ਗਿਆ ਹੈ ਉਸ ਤੋਂ ਲਗਦਾ ਹੈ ਕਿ ਉਹ ਭਾਰਤ ਦੇ ਨਾਗਰਿਕ ਨਾ ਹੋ ਕੇ ਕਿਸੇ ਵਿਰੋਧੀ ਦੇਸ਼ ਦੇ ਸ਼ਹਿਰੀ ਹੋਣ । ਭਾਰਤ ਦੀ ਫਾਸ਼ੀਵਾਦੀ ਸਰਕਾਰ ਵੱਲੋਂ ਕਿਸਾਨਾਂ ਉੱਤੇ ਕਤਿਾ ਗਿਆ ਜ਼ੁਲਮ ਅੰਤਰਰਾਸ਼ਟਰੀ ਚਾਰਟਰ ਅਨੁਸਾਰ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ । ਬੁਲਾਰਿਆ ਨੇ ਕਿਹਾ ਕਿ ਇਹ ਘੱਟ ਗਿਣਤੀ ਕੌਮਾਂ ਪ੍ਰਤੀ ਬਿਗਾਨਗੀ ਵਾਲਾ ਰਵੱਈਆ ਹੀ ਭਾਰਤ ਨੂੰ ਤਬਾਹੀ ਵੱਲ ਲੈ ਕੇ ਜਾਵੇਗਾ । ਭਾਜਪਾ ਦੀਆਂ ਨੀਤੀਆਂ ਕਾਰਪੋਰੇਟਾਂ ਦੇ ਹੱਕ ਵਿੱਚ ਤੇ ਦੇਸ਼ ਦੇ ਕਿਸਾਨਾਂ ਖ਼ਾਸ ਕਰਕੇ ਦੇਸ਼ ਪੰਜਾਬ ਵਿੱਚ ਕਿਸਾਨਾਂ ਤੇ ਕਿਰਤੀ ਮਜ਼ਦੂਰਾਂ ਦੇ ਖਿਲਾਫ ਹਨ ਅਤੇ ਇਹਨਾਂ ਨੀਤੀਆਂ ਨਾਲ ਮੱਧਵਰਗੀ ਲੋਕ ਵੀ ਇਸ ਦੀ ਮਾਰ ਤੋਂ ਪ੍ਰਭਾਵਤ ਹੋਣਗੇ ਜਿਸ ਦਾ ਸਿੱਧੇ ਰੂਪ ਵਿੱਚ ਸਰਮਾਏਦਾਰ ਪੂੰਜੀਪਤੀ ਵਰਗ ਦਾ ਫਾਇਦਾ ਹੈ । ਜਰਮਨ ਦੇ ਸਿੱਖਾਂ ਨੇ ਕਾਲੇ ਕਾਨੂੰਨਾਂ ਦੇ ਖਿਲਾਫ ਵੀ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬਲੰਦ ਕੀਤੀ ਸੀ ਤੇ ਜਦੋਂ ਜਦੋਂ ਵੀ ਭਾਰਤ ਹਕੂਮਤ ਦੇ ਫਾਸ਼ੀਵਾਦੀ ਹਾਕਮ ਜਬਰ ਜ਼ੁਲਮ ਕਰਨਗੇ ਅਸੀ ਇਸ ਦੇ ਖਿਲਾਫ ਵਿਦੇਸ਼ਾਂ ਵਿੱਚ ਅਵਾਜ ਬੁਲੰਦ ਕਰਦੇ ਰਹਾਂਗੇ । 
ਮੁਜ਼ਾਹਰੇ ਵਿੱਚ ਭਾਈ ਨਰਿੰਦਰ ਸਿੰਘ ਘੋਤੜਾ, ਭਾਈ ਅੰਗਰੇਜ਼ ਸਿੰਘ, ਭਾਈ ਗੁਰਵਿੰਦਰ ਸਿੰਘ ਨਡਾਲੋਂ ਅਤੇ ਬੀਬੀਆਂ ਤੇ ਨੌਜਵਾਨਾਂ ਨੇ ਰੋਹ ਮੁਜ਼ਾਹਰੇ ਵਿੱਚ ਭਾਗ ਲਿਆ ਤੇ ਸਿੱਖ ਸੰਸਥਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਮੈਮੋਰੀਆਲ ਐਸੋਸੀਏਸ਼ਨ ਫਰੈਂਕਫੋਰਟ ਵੱਲੋਂ ਸੰਗਤਾਂ ਵਾਸਤੇ ਪੀਜੇ ਦੀ ਸੇਵਾ ਕੀਤੀ ਗਈ । ਸਿਰਫ ਥੋੜੇ ਸਮੇਂ ਤੇ ਦਿੱਤੇ ਸੱਦੇ ਤੇ ਪਹੁੰਚੀਆਂ ਸਮੂਹ ਸੰਗਤਾਂ ਦਾ ਗੁਰਚਰਨ ਸਿੰਘ ਗੁਰਾਇਆ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।