ਬੰਦੀ ਸਿੰਘਾਂ ਉਪਰ ਅਤੇ ਕਿਸਾਨੀ ਸੰਘਰਸ਼ ਦੌਰਾਨ ਭਾਰਤ ਦੀ ਸਰਕਾਰ ਵੱਲੋਂ ਢਾਹੇ ਜਾ ਰਹੇ ਅਣਮਨੁੱਖੀ ਤਸ਼ੱਦਦ ਖ਼ਿਲਾਫ਼ ਕੈਨੇਡਾ ਵਿਖੇ ਹੋਇਆ ਭਾਰੀ ਰੋਸ ਪ੍ਰਦਰਸ਼ਨ 

ਨਵੀਂ ਦਿੱਲੀ 27 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਪਰ ਡਿਬਰੂਗੜ ਜੇਲ ਅਸਾਮ ਵਿੱਚ ਅਤੇ ਚਲ ਰਹੇ ਮੌਜੂਦਾ ਕਿਸਾਨੀ ਸੰਘਰਸ਼ ਦੌਰਾਨ ਹਿੰਦ ਦੀ ਹਕੂਮਤ ਵੱਲੋਂ ਢਾਹੇ ਜਾ ਰਹੇ ਜ਼ੁਲਮ ਮੁਗ਼ਲਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਰਹੇ ਹਨ । ਸਰੀ ਲੋਅਰਮੇਨਲੈਂਡ ਇਲਾਕੇ ਦੇ ਭਾਈ ਹਰਦੀਪ ਸਿੰਘ ਨਿੱਝਰ ਦੀ ਸੋਚ ਦੇ ਵਾਰਿਸ ਸਮੂਹ ਨੌਜੁਆਨ, ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਪੰਜਾਬ ਦੀ ਅਜਮਤ ਨਾਲ ਪਿਆਰ ਤੇ ਆਪਣੇ ਜਾਗਦੀ ਜ਼ਮੀਰ ਦਾ ਸਬੂਤ ਪੇਸ਼ ਕਰਨ ਵਾਲੇ ਗੁਰਮੁਖ ਪਿਆਰੇ ਸਮੂਹ ਸੰਗਤਾਂ ਵੱਲੋ ਨਿਕਾਲੇ ਗਏ ਰੋਸ ਮਾਰਚ ਜੋ ਕਿ ਵੈਨਕੂਵਰ ਆਰਟ ਗੈਲਰੀ ਤੋਂ ਸ਼ੁਰੂ ਹੋਕੇ 325 ਸੈਂਟ ਵੈਨਕੂਵਰ ਭਾਰਤੀ ਦੂਤਾਵਾਸ ਤੱਕ ਭਾਰੀ ਗਿਣਤੀ ਵਿੱਚ ਇਕੱਤਰ ਹੋ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ । ਵੱਡੇ ਵੱਡੇ ਬੈਨਰਾਂ ਉੱਪਰ ਭਾਰਤੀ ਸਰਕਾਰ ਵੱਲੋਂ ਢਾਹੇ ਜਾ ਰਹੇ ਜ਼ੁਲਮਾਂ ਦੀ ਦਾਸਤਾਨ ਪੇਸ਼ ਕਰਦੀਆਂ ਤਸਵੀਰਾਂ ਅਤੇ ਭਾਈ ਨਿੱਝਰ ਦਾ ਕਾਤਲ ਕੌਣ, ਦੀਪ ਸਿੱਧੂ ਦਾ ਕਾਤਲ ਕੌਣ, ਮੂਸੇਵਾਲੇ ਦਾ ਕਾਤਲ ਕੌਣ, ਸ਼ੁਬਕਰਨ ਦਾ ਕਾਤਲ ਕੌਣ, ਕਿਸਾਨੋ ਤੁਹਾਡਾ ਕਾਤਲ ਕੌਣ  ਇੰਡੀਅਨ ਗੋਰਮੈਂਟ, ਇੰਡੀਅਨ ਗੋਰਮੈਂਟ ਦੇ ਨਾਹਰੇ ਅਸਮਾਨ ਤੱਕ ਗੂੰਜ ਕੇ ਹਿੰਦੂ ਕੱਟੜਪੰਥੀ ਰਜੀਮ ਨੂੰ ਪੂਰੀ ਦੁਨੀਆ ਸਾਹਮਣੇ ਨੰਗਾ ਕਰ ਰਹੇ ਸਨ । ਮਾਰਚ ਦੇ ਆਖ਼ਰੀ ਤੇ ਪੁੱਜੇ ਹੋਏ ਬੁਲਾਰਿਆਂ ਵਿੱਚ ਦੁਨੀਆ ਦੀਆਂ ਪ੍ਰਸਿੱਧ ਯੁਨੀਵਰਸਟੀਆਂ ਵਿੱਚ ਉੱਚ ਪੱਧਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਭਾਈ ਮੋਅ ਧਾਲੀਵਾਲ, ਨੋਜੁਆਨ ਸਕਾਲਰ ਭਾਈ ਗੁਰਕੀਰਤ ਸਿੰਘ ਕੋਠਾਗੁਰੂ, ਸਤਵੰਤ ਸਿੰਘ ਗਰੇਵਾਲ, ਗੁਰਮੁਖ ਸਿੰਘ ਦਿਓਲ, ਅਮੋਲਕ ਸਿੰਘ ਅੋਜਲਾ, ਭਾਈ ਮਨਜਿੰਦਰ ਸਿੰਘ ਐਸਐਫਜੇ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਹਿੰਦ ਹਕੂਮਤ ਦੀ ਮਿਲੀ ਭੁਗਤ ਨਾਲ ਹੋ ਰਹੇ ਅਣਮਨੁੱਖੀ ਕਹਿਰ ਦੇ ਪਾਪਾਂ ਦਾ ਭਾਂਡਾ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਅਤੇ ਨਿਖੇਧੀ ਕੀਤੀ । ਵਿਦੇਸ਼ਾਂ ਵਿੱਚ ਸਿੱਖਾਂ ਅਤੇ ਕਿਸਾਨਾਂ ਦੀ ਮਦਦ ਨਾਲ ਚਲਾਏ ਜਾ ਰਹੇ  ਮੀਡੀਏ ਦੀ ਗੈਰਹਾਜ਼ਰੀ ਦੀ ਹਰੇਕ ਬੁਲਾਰੇ ਨੇ ਨਿੰਦਿਆ ਕੀਤੀ । ਸਿੱਖ ਮੀਡੀਆ ਵਲੋਂ ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਇੰਗਲਿਸ਼ ਮੀਡੀਏ ਵੱਲੋ ਸਾਰੇ ਰੋਸ ਪ੍ਰਦਰਸ਼ਨ ਦੀ ਕਵਰਿੰਗ ਕੀਤੀ ਗਈ ਨਾਲ ਹੀ ਸਟੇਜ ਸੰਚਾਲਨ ਦੀ ਸੇਵਾ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਜਨਰਲ ਸਕੱਤਰ ਭਾਈ ਹੋਠੀ ਵੱਲੋ ਨਿਭਾਈ ਗਈ ਅੰਤ ਵਿਚ ਪ੍ਰਬੰਦਕਾਂ ਵਲੋਂ ਵੈਨਕੂਵਰ ਪੁਲੀਸ ਦੀ ਸੁੱਚਜੇ ਪ੍ਰਬੰਧਨ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ ।