ਦਿੱਲੀ ਕਮੇਟੀ ਦੇ ਨਿਘਾਰ ਲਈ ਸਿਰਸਾ ਅਤੇ ਕਾਲਕਾ ਜ਼ਿੰਮੇਵਾਰ, ਜੱਥੇਦਾਰ ਅਕਾਲ ਤਖ਼ਤ ਸਾਹਿਬ ਕਰਣ ਕਾਰਵਾਈ: ਸਰਨਾ 

ਨਵੀਂ ਦਿੱਲੀ, 28 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਭਾਜਪਾ ਦੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ 50 ਸਾਲ ਪੁਰਾਣੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਘਾਰ ਲਈ  ਪੂਰੀ ਤਰ੍ਹਾਂ ਜ਼ਿੰਮੇਵਾਰ ਹਨ, ਜਿੰਨਾ ਨੇ ਕਾਰਨ ਗੁਰੂ ਹਰਿਕਿਸ਼ਨ ਪਬਲਿਕ ਸਕੂਲਾਂ ਦੇ ਸਟਾਫ ਦੀਆਂ ਤਨਖਾਹਾਂ ਦੇ ਅਣਸੁਲਝੇ ਮੁੱਦਿਆਂ ਹੱਲ ਨਾ ਹੋ ਸਕੇ ਤੇ ਇਸ ਕੌਮੀ ਧਰੋਹਰ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਨੌਬਤ ਆ ਗਈ । 
ਸਰਨਾ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਇੱਕ ਸਖ਼ਤ ਸ਼ਬਦਾਂ ਵਾਲੇ ਫੈਸਲੇ ਵਿੱਚ, ਅਦਾਲਤ ਨੇ ਮੌਜੂਦਾ ਕਾਲਕਾ ਦੀ ਅਗਵਾਈ ਵਾਲੀ ਮੈਨੇਜਮੈਂਟ ਨੂੰ ਕਸੂਰਵਾਰ ਪਾਇਆ, ਜਿਸ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਤਨਖਾਹ ਦੇ ਮਾਮਲੇ ਵਿੱਚ ਬੈਂਚ ਨੂੰ ਗੁੰਮਰਾਹ ਕਰਨ ਲਈ ਪੁੱਛਗਿੱਛ ਕੀਤੀ ਗਈ।
ਦਿੱਲੀ ਤੋਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮਹੱਤਵਪੂਰਨ ਵਿੱਤੀ ਬੇਨਿਯਮੀਆਂ ਦੇ ਵਧ ਰਹੇ ਸ਼ੱਕ ਦੇ ਵਿਚਕਾਰ ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਸਾਰੇ ਸਕੂਲਾਂ ਦਾ ਫੋਰੈਂਸਿਕ ਆਡਿਟ ਵੀ ਲਾਜ਼ਮੀ ਕੀਤਾ ਹੈ।
“ਮਾਨਯੋਗ ਹਾਈ ਕੋਰਟ ਨੇ ਕਾਲਕਾ ਦੇ ਮਾੜੇ ਪ੍ਰਬੰਧ ਦੀ ਸਖ਼ਤ ਆਲੋਚਨਾ ਕੀਤੀ ਹੈ। ਸਾਬਕਾ ਭਾਜਪਾ ਵਿਧਾਇਕ ਸਿਰਸਾ ਦੇ ਚੇਲੇ ਕਾਲਕਾ ਨੇ ਆਪਣੇ ਆਕਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਅਦਾਲਤੀ ਕਾਰਵਾਈ ਦੌਰਾਨ ਲਗਾਤਾਰ ਧੋਖਾ ਦਿੱਤਾ ਹੈ। ਉਹ ਅਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਦੋਵੇਂ ਦੋਸ਼ੀ ਪਾਏ ਗਏ ਹਨ, ”ਸਰਨਾ ਨੇ ਕਿਹਾ। "ਸਿਰਸਾ ਤੇ ਕਾਲਕਾ ਕਰਕੇ ਭਾਰਤ ਦੀ ਰਾਜਧਾਨੀ ਵਿੱਚ ਇਸ ਇਤਿਹਾਸਕ ਸਿੱਖ ਸੰਸਥਾ ਦਾ ਪਤਨ ਹੋਣ ਕਿਨਾਰੇ ਹੈ, ਜਿਸ ਦੇ ਨਤੀਜੇ ਵਜੋਂ ਦਿੱਲੀ ਕਮੇਟੀ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ ਅਤੇ ਸਾਰੀਆਂ ਅੰਦਰੂਨੀ ਸਕੂਲ ਕਮੇਟੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।"
ਸਰਨਾ ਨੇ ਕਾਲਕਾ ਅਤੇ ਸਿੱਖ ਧਾਰਮਿਕ ਪ੍ਰਸ਼ਾਸਨ ਦੇ ਹੋਰ ਅਹੁਦੇਦਾਰਾਂ ਨੂੰ ਵਿੱਤੀ ਦੁਰਵਰਤੋਂ ਅਤੇ ਗਬਨ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਅਤੇ ਕਿਹਾ ਕਿ “ਲੋਕ ਸਭਾ ਦੀ ਟਿਕਟ ਹਥਿਆਉਣ ਦੀਆਂ ਲਾਲਸਾਵਾਂ ਤੋਂ ਪ੍ਰੇਰਿਤ ਸਿਰਸਾ ਨੂੰ ਇਸ ਸੰਸਥਾ ਨੂੰ ਢਾਹ ਲਾਉਣ ਲਈ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ” । 
ਉਸ ਦੇ ਸਿਆਸੀ ਸੰਚਾਲਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਿਰਸਾ ਵਰਗੇ ਵਿਅਕਤੀ ਭ੍ਰਿਸ਼ਟਾਚਾਰ ਨਾਲ  ਲੱਥ ਪੱਥ ਹਨ ।ਉਹ ਜਿੱਥੇ ਵੀ ਜਾਂਦੇ ਹਨ ਸਿਸਟਮ ਅਤੇ ਜਨਤਾ ਦੇ ਭਰੋਸੇ ਨੂੰ ਖਰਾਬ ਕਰਦੇ ਹਨ। ” ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਕਮੇਟੀ ਦੇ ਵੱਡੇ ਨਿਘਾਰ ਤੇ ਨਮੋਸ਼ੀ ਲਈ ਸਿਰਸਾ ਅਤੇ ਕਾਲਕਾ ਨੂੰ ਉਨ੍ਹਾਂ ਦੀਆਂ ਨਿੰਦਣਯੋਗ ਕਾਰਵਾਈਆਂ ਲਈ ਤਲਬ ਕਰਨ ਅਤੇ ਇਹਨਾਂ ਵਿਅਕਤੀਆਂ 'ਤੇ ਇਹਨਾਂ ਦੇ ਸਮਰਥਕਾਂ ਨੂੰ ਕਿਸੇ ਵੀ ਸਿੱਖ ਧਾਰਮਿਕ ਚੋਣ ਜਾਂ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਤੋਂ ਪੱਕੇ ਤੌਰ 'ਤੇ ਪਾਬੰਦੀ ਲਗਾਈ ਜਾਵੇ।"