ਤਰਜੀਹੀ ਖੇਤਰ ਨੂੰ 4878306 ਲੱਖ ਰੁਪਏ ਦੇ ਕਰਜ਼ੇ ਦਿੱਤੇ ਜਾਣਗੇ
ਲੁਧਿਆਣਾ, ਨਵੰਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਨਾਬਾਰਡ ਵੱਲੋਂ ਵਿੱਤੀ ਸਾਲ 2020-21 ਦੌਰਾਨ ਲੁਧਿਆਣਾ ਜਿਲੇ ਲਈ ਤਰਜ਼ੀਹੀ ਖੇਤਰ ਲਈ 4878306.51 ਲੱਖ ਰੁਪਏ ਦੀ ਸੰਭਾਵਿਤ ਕਰਜ਼ ਯੋਜਨਾ ਜਾਰੀ ਕੀਤੀ ਗਈ ਹੈ। ਇਸ ਯੋਜਨਾ ਨੂੰ ਸਹਾਇਕ ਕਮਿਸ਼ਨਰ ਵਿਰਾਜ ਸ਼ਿਆਮਕਰਨ ਤਿੜਕੇ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਜਾਰੀ ਕੀਤਾ। ਇਸ ਮੌਕੇ ਉਨਾਂ ਨਾਲ ਜ਼ਿਲਾ ਲੀਡ ਮੈਨੇਜਰ ਅਨਿਲ ਕੁਮਾਰ, ਨਾਬਾਰਡ ਦੇ ਡੀ. ਡੀ. ਐੱਮ. ਪ੍ਰਵੀਨ ਭਾਟੀਆ, ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਸ੍ਰੀਮਤੀ ਕਲਪਨਾ ਸੀ. ਐੱਸ., ਐੱਸ. ਕੇ. ਗੁਪਤਾ ਡਾਇਰੈਕਟਰ ਆਰਸੇਟੀ, ਡਾਇਰੈਕਟਰ ਡੇਅਰੀ ਵਿਭਾਗ ਦਿਲਬਾਗ ਸਿੰਘ ਹਾਸ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਤਿੜਕੇ ਨੇ ਦੱਸਿਆ ਕਿ ਜਾਰੀ ਯੋਜਨਾ ਵਿਚ ਇਸ ਸਾਲ ਲਈ ਥੀਮ 'ਉੱਚ ਤਕਨੀਕੀ ਖੇਤੀ' ਰੱਖਿਆ ਹੈ। ਉਨਾਂ ਨੇ ਉਮੀਦ ਜਤਾਈ ਕਿ ਇਹ ਕਰਜ਼ਾ ਯੋਜਨਾ ਆਪਣਾ ਟੀਚਾ ਪ੍ਰਾਪਤ ਕਰਨ ਦੇ ਨਾਲ-ਨਾਲ ਜ਼ਿਲਾ ਲੁਧਿਆਣਾ ਦੇ ਕਿਸਾਨਾਂ, ਗੈਰ ਕਾਸ਼ਤਕਾਰਾਂ ਅਤੇ ਹੋਰ ਸਾਰੀਆਂ ਧਿਰਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ। ਪ੍ਰਵੀਨ ਭਾਟੀਆ ਨੇ ਯੋਜਨਾ ਦਾ ਵਿਸਥਾਰ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਵਿੱਚ ਭਾਰਤੀ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਖੇਤਰ ਨੂੰ ਸ਼ਾਮਿਲ ਕੀਤਾ ਗਿਆ ਹੈ। ਨਾਬਾਰਡ ਵਲੋਂ ਵਿੱਤੀ ਸਾਲ 2020-21 ਦੌਰਾਨ ਲੁਧਿਆਣਾ ਜ਼ਿਲੇ ਲਈ ਤਰਜੀਹੀ ਖੇਤਰ ਲਈ 4878306.51 ਲੱਖ ਰੁਪਏ ਦੀ ਸੰਭਾਵਿਤ ਕਰਜ਼ ਯੋਜਨਾ ਜਾਰੀ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲ ਨਾਲੋਂ 0.16 ਫੀਸਦੀ ਜਿਆਦਾ ਹੈ। ਇਹ ਕਰਜ਼ ਯੋਜਨਾ ਬਲਾਕ ਪੱਧਰ 'ਤੇ ਵੱਖ-ਵੱਖ ਗਤੀਵਿਧੀਆਂ 'ਤੇ ਕੇਂਦਰਿਤ ਰਹੇਗੀ।