ਭਾਰਤ ਦਾ ਤਰਜੀਹੀ ਦਰਜਾ ਰੱਦ ਕਰਨ ਦੇ ਰੌਂਅ ਵਿਚ ਟਰੰਪ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਜਿਸ ਨੇ ਕਦੇ ਭਾਰਤ ਨੂੰ ‘ਟੈਰਿਫ ਕਿੰਗ’ ਕਹਿ ਕੇ ਸੰਬੋਧਨ ਕੀਤਾ ਸੀ, ਨੇ ਹੁਣ ਕਿਹਾ ਹੈ ਕਿ ਉਹ ਭਾਰਤ ਤੇ ਤੁਰਕੀ ਨੂੰ ਵਪਾਰ ਲਈ ਦਿੱਤੇ ਤਰਜੀਹੀ ਦਰਜੇ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਬਾਜ਼ਾਰਾਂ ਵਿਚ ਅਮਰੀਕਾ ਨੂੰ ਸਹੀ ਪ੍ਰਵੇਸ਼ ਦਿਵਾਉਣ ਦਾ ਭਰੋਸਾ ਦੇਣ ਵਿਚ ਨਾਕਾਮਯਾਬ ਸਾਬਤ ਹੋਇਆ ਹੈ।
ਅੱਜ ਡੋਨਲਡ ਟਰੰਪ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਨੂੰ ਜਨਰਲਾਈਜ਼ਡ ਸਿਸਟਮ ਆਫ ਪਰੈਫਰੈਂਸਿਜ਼ (ਜੀਐੱਸਪੀ) ਤਹਿਤ ਦਿੱਤੇ ਤਰਜੀਹੀ ਦਰਜੇ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਹੇ ਹਨ। ਅਮਰੀਕਾ ਦੇ ਜੀਐੱਸਪੀ ਪ੍ਰੋਗਰਾਮ ਅਨੁਸਾਰ ਕਰੀਬ 2000 ਵਸਤਾਂ, ਜਿਨ੍ਹਾਂ ਵਿਚ ਵਾਹਨ ਤੇ ਕੱਪੜੇ ਆਦਿ ਸ਼ਾਮਲ ਹਨ, ਅਮਰੀਕੀ ਕਾਂਗਰਸ ਵੱਲੋਂ ਨਿਰਧਾਰਿਤ ਯੋਗਤਾ ’ਤੇ ਖਰੇ ਉਤਰਨ ਵਾਲੇ ਦੇਸ਼ਾਂ ਤੋਂ ਬਿਨਾਂ ਟੈਕਸ ਵਸੂਲੇ ਅਮਰੀਕਾ ਵਿਚ ਦਾਖ਼ਲ ਹੋ ਸਕਦੀਆਂ ਹਨ। 2007 ਵਿਚ ਭਾਰਤ ਇਸ ਪ੍ਰੋਗਰਾਮ ਦਾ ਫਾਇਦਾ ਲੈਣ ਵਾਲਾ ਮੁੱਖ ਦੇਸ਼ ਸੀ ਤੇ ਤੁਰਕੀ ਪੰਜਵਾਂ ਅਜਿਹਾ ਦੇਸ਼ ਸੀ, ਜਿਸ ਨੇ ਇਸ ਯੋਜਨਾ ਦਾ ਫਾਇਦਾ ਲਿਆ।
ਅਮਰੀਕੀ ਹਾਊਸ ਆਫ਼ ਰੀਪ੍ਰਜ਼ੈਂਟੇਟਿਵ ਸਪੀਕਰ ਨੈਨਸੀ ਪੇਲੋਸੀ ਨੂੰ ਦਿੱਤੇ ਪੱਤਰ ਵਿਚ ਟਰੰਪ ਨੇ ਕਿਹਾ ਕਿ ਨਵੀਂ ਦਿੱਲੀ, ਅਮਰੀਕਾ ਨੂੰ ਭਾਰਤ ਦੇ ਬਾਜ਼ਾਰਾਂ ਵਿਚ ਸਹੀ ਪ੍ਰਵੇਸ਼ ਕਰਨ ਦੇਣ ਦਾ ਭਰੋਸਾ ਦੇਣ ਵਿਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਭਾਰਤ ਸਰਕਾਰ ਜੀਐੱਸਪੀ ਪ੍ਰੋਗਰਾਮ ਤਹਿਤ ਆਪਣੇ ਬਾਜ਼ਾਰਾਂ ਵਿਚ ਅਮਰੀਕਾ ਨੂੰ ਸਹੀ ਪ੍ਰਵੇਸ਼ ਕਰਨ ਦੇਣ ਦਾ ਭਰੋਸਾ ਦਿੰਦਾ ਹੈ ਤਾਂ ਉਹ ਇਸ ਤਰਜੀਹੀ ਦਰਜੇ ਨੂੰ ਜਾਰੀ ਰੱਖ ਸਕਦੇ ਹਨ।