ਕਣਕ ਦੀ ਵਾਢੀ ਸੰਬੰਧੀ ਖੇਤੀਬਾੜੀ ਵਿਭਾਗ ਵੱਲੋਂ ਹਦਾਇਤਾਂ ਜਾਰੀ

ਕੰਬਾਇਨਾਂ ਅਤੇ ਕਾਮਿਆਂ ਨੂੰ ਸਮੇਂ-ਸਮੇਂ 'ਤੇ ਸੈਨੀਟਾਈਜ਼ ਕਰਨਾ ਯਕੀਨੀ ਬਣਾਉਣ ਲਈ ਕਿਹਾ

 

ਲੁਧਿਆਣਾ, ਅਪ੍ਰੈੱਲ 2020 ,( ਇਕਬਾਲ ਸਿੰਘ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-

ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਪੰਜਾਬ ਵਿੱਚ ਕਣਕ ਦੀ ਵਾਢੀ ਸ਼ੁਰੂ ਹੋਣ ਵਾਲੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੀ ਵਾਢੀ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਜਿਨਾਂ ਬਾਰੇ ਜ਼ਿਲਾ ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਵੱਲੋਂ ਕਿਸਾਨਾਂ ਨੂੰ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨਾਂ ਦੱਸਿਆ ਕਿ ਜੋ ਕੰਬਾਇਨਾਂ ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਖ ਦਾਖ਼ਲ ਹੋ ਰਹੀਆਂ ਹਨ, ਉਨਾਂ ਨੂੰ ਪੰਜਾਬ ਵਿੱਚ ਦਾਖ਼ਲ ਹੁੰਦੇ ਸਾਰ ਹੀ ਸੋਡੀਅਮ ਹਾਈਪੋਕਲੋਰਾਈਡ ਜਾਂ ਸੈਨੀਟਾਈਜ਼ਰ ਸਪਰੇਅ ਕਰਕੇ ਸੈਨੀਟਾਈਜ਼ ਕੀਤਾ ਜਾਵੇ, ਖਾਸ ਕਰਕੇ ਕੰਬਾਇਨ ਦੇ ਉਨਾਂ ਹਿੱਸਿਆਂ ਨੂੰ ਜਿੱਥੇ ਕਾਮਿਆਂ ਦਾ ਹੱਥ ਜਾਂ ਸਰੀਰ ਲੱਗਦਾ ਹੈ।ਇਸੇ ਤਰਾਂ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਇਨਾਂ ਕੰਬਾਇਨਾਂ ਦੇ ਕਾਮਿਆਂ ਦੀ ਸਿਹਤ ਦਾ ਚੈੱਕਅੱਪ ਕੀਤਾ ਜਾਵੇ ਅਤੇ ਜੇਕਰ ਕੋਈ ਕਾਮਾ ਢਿੱਲਾ-ਮੱਠਾ ਹੈ ਜਾਂ ਬੁਖਾਰ, ਖੰਘ ਜਾਂ ਜੁਕਾਮ, ਸਾਹ ਲੈਣ ਵਿੱਚ ਤਕਲੀਫ ਤੋਂ ਪੀੜਤ ਹੈ ਤਾਂ ਉਸ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਹੈੱਲਪਲਾਈਨ 104 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਅਜਿਹੇ ਕਾਮੇ ਨੂੰ ਕੰਬਾਇਨ ਤੋਂ ਕੰਮ ਕਰਨੋਂ ਰੋਕ ਦਿੱਤਾ ਜਾਵੇ। ਉਨਾਂ ਦੱਸਿਆ ਕਿ ਪੰਜਾਬ ਵਿੱਚ ਕਿਉਂਕਿ ਇਹ ਕੰਬਾਇਨਾਂ ਪਿੰਡ-ਪਿੰਡ ਜਾ ਕੇ ਕਣਕ ਦੀ ਕਟਾਈ ਕਰਦੀਆਂ ਹਨ ਇਸ ਲਈ ਇਹ ਜ਼ਰੂਰੀ ਹੈ ਕਿ ਕੋਰੋਨਾ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਮੱਦੇਨਜ਼ਰ ਪੰਜਾਬ ਰਾਜ ਵਿੱਚ ਚੱਲਦੀਆਂ ਕੰਬਾਇਨਾਂ ਦੇ ਕਾਮਿਆਂ ਨੂੰ ਨਿੱਜੀ ਸਫਾਈ ਦਾ ਖਾਸ ਖਿਆਲ ਰੱਖਣ ਲਈ ਕਿਹਾ ਜਾਵੇ। ਕੰਬਾਇਨਾਂ ਨਾਲ ਉਪਯੁਕਤ ਮਾਤਰਾ ਵਿੱਚ ਸੈਨੀਟਾਈਜ਼ਰ ਰੱਖਿਆ ਜਾਵੇ ਤਾਂ ਜੋ ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਸਮੇਂ ਅਤੇ ਰੋਜ ਰਾਤ ਨੂੰ ਕੰਬਾਇਨ ਬੰਦ ਕਰਨ ਸਮੇਂ ਕੰਬਾਇਨ ਦੇ ਘੱਟੋ-ਘੱਟ ਉਨਾਂ ਹਿੱਸਿਆਂ ਨੂੰ ਜਿੱਥੇ ਕਾਮਿਆਂ ਦੇ ਹੱਥ ਪੈਰ ਵਗੈਰਾ ਲੱਗਦੇ ਹਨ, ਨੂੰ ਸੈਨੀਟਾਈਜ਼ ਕੀਤਾ ਜਾਵੇ। ਕਾਮਿਆਂ ਵੱਲੋਂ ਆਪਣੇ ਹੱਥਾਂ ਨੂੰ ਦਿਨ ਸਮੇਂ ਕਈ ਵਾਰ ਸੈਨੇਟਾਈਜ਼ਰ ਨਾਲ ਸਾਫ ਕੀਤਾ ਜਾਵੇ। ਉਨਾਂ ਦੱਸਿਆ ਕਿ ਕੰਬਾਇਨ ਦੇ ਕਾਮਿਆਂ ਵੱਲੋਂ ਆਪਸ ਵਿੱਚ, ਕਿਸਾਨਾਂ ਅਤੇ ਕਿਸਾਨ ਕਾਮਿਆਂ ਨਾਲ ਘੱਟੋ-ਘੱਟ ਇੱਕ ਮੀਟਰ ਦਾ ਫਾਸਲਾ ਰੱਖਿਆ ਜਾਵੇ ਅਤੇ ਕਿਸੇ ਵੱਲੋਂ ਵੀ ਇਕ ਦੂਜੇ ਨਾਲ ਹੱਥ ਨਾ ਮਿਲਾਇਆ ਜਾਵੇ ਅਤੇ ਨਾ ਹੀ ਜੱਫੀ ਪਾਈ ਜਾਵੇ। ਕੰਬਾਇਨਾਂ ਦੇ ਕਾਮਿਆਂ ਦੁਆਰਾ ਮਾਸਕ ਪਹਿਨਣਾ ਜ਼ਰੂਰੀ ਕਰਾਰ ਦਿੱਤਾ ਜਾਵੇ। ਕਿਉਂਕਿ ਕੰਬਾਇਨਾਂ ਦੇ ਕਾਮੇ ਪਿੰਡ-ਪਿੰਡ ਕੰਮ ਕਰਨਗੇ, ਇਸ ਲਈ ਇਨਾਂ ਕਾਮਿਆਂ ਨੂੰ ਕਿਸੇ ਵੀ ਹਾਲਤ ਵਿੱਚ ਪਿੰਡ ਜਾਣੋਂ ਰੋਕਿਆ ਜਾਵੇ ਅਤੇ ਇਨਾਂ ਨੂੰ ਆਪਣੇ ਆਰਾਮ ਦਾ ਇੰਤਜ਼ਾਮ ਪਿੰਡੋਂ ਬਾਹਰ ਖੇਤਾਂ ਵਿੱਚ ਕਰਨ ਲਈ ਕਿਹਾ ਜਾਵੇ। ਉਨਾਂ ਦੱਸਿਆ ਕਿ ਇਨਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਹਿੱਤ ਖੇਤੀਬਾੜੀ ਵਿਭਾਗ ਦੇ ਸਮੂਹ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ, ਜੋ ਕਿ ਕਿਸਾਨਾਂ ਨੂੰ ਜਾਗਰੂਕ ਵੀ ਕਰ ਰਹੇ ਹਨ। ਉਨਾਂ ਕਿਹਾ ਕਿ ਜੋ ਕਿਸਾਨ ਕਣਕ ਦੀ ਫਸਲ ਨੂੰ ਆਪਣੇ ਘਰਾਂ ਵਿਚ ਸੰਭਾਲ ਸਕਦੇ ਹਨ ਉਹ ਜਿੰਨਾਂ ਸਮਾਂ ਸੰਭਾਲ ਸਕਣ ਸੰਭਾਲ ਲੈਣ ਅਤੇ ਮੰਡੀਆਂ ਵਿੱਚ ਭੀੜ ਘਟਣ ਤੋਂ ਬਾਅਦ ਆਪਣੀ ਫਸਲ ਵੇਚਣ ਅਤੇ ਕਣਕ ਦੀ ਮੰਡੀਆਂ ਵਿੱਚ ਪਹੁੰਚ ਆਪਣੇ ਆੜਤੀਆਂ ਤੋਂ ਸਮਾਂ ਲੈ ਕੇ ਉਸ ਸਮੇਂ ਦੌਰਾਨ ਹੀ ਕੀਤੀ ਜਾਵੇ ਅਤੇ ਟਰਾਲੀ ਵਿੱਚੋਂ 2 ਤੋਂ ਵੱਧ ਮਜ਼ਦੂਰ ਨਾ ਲੈ ਕੇ ਜਾਣ ਅਤੇ ਉਨਾਂ ਨੂੰ ਸਮੇਂ ਸਿਰ ਮੰਡੀ ਵਿੱਚ ਸੈਨੇਟਾਈਜ਼/ਹੱਥ ਧੁਆਂਉਂਦੇ ਰਹਿਣ ਤੇ ਆਪਣੇ ਵੀ ਹੱਥ ਧੋਣ ਤੇ ਟਰੈਕਟਰ ਆਦਿ ਨੂੰ ਵੀ ਚੰਗੀ ਤਰਾਂ ਸਾਫ/ਸੈਨੇਟਾਈਜ਼ ਕੀਤਾ ਜਾਵੇ। ਉਨਾਂ ਦੱਸਿਆ ਕਿ ਜਿੰਨਾਂ ਕਿਸਾਨਾਂ ਨੇ ਆਪਣੀ ਕਣਕ ਹੱਥੀਂ ਵੱਢ ਕੇ ਤੂੜੀ ਤਿਆਰ ਕਰਨੀ ਹੈ, ਉਨਾਂ ਨੂੰ ਵੱਢਦੇ ਸਮੇਂ ਇਕ ਦੂਸਰੇ ਮਜ਼ਦੂਰਾਂ ਤੋਂ ਫਾਸਲਾ ਰੱਖਿਆ ਜਾਵੇ ਅਤੇ ਮਜ਼ਦੂਰਾਂ ਦੇ ਮੂੰਹ ਢਕੇ ਹੋਏ ਹੋਣ ਅਤੇ ਤੂੜੀ ਬਣਾਉਣ ਸਮੇਂ ਵੀ ਇਨਾਂ ਦਾ ਖਿਆਲ ਰੱਖਿਆ ਜਾਵੇ।