ਬਰਤਾਨੀਆ ਦੀਆਂ ਜੇਲ੍ਹਾਂ 'ਚੋ ਕੋਰੋਨਾ ਵਾਇਰਸ ਕਾਰਨ 40 ਕੈਦੀ ਰਿਹਾਅ

ਬਰਮਿੰਘਮ, ਮਈ 2020 - (ਗਿਆਨੀ ਰਾਵਿਦਾਰਪਾਲ ਸਿੰਘ)-ਬਰਤਾਨੀਆ ਦੀਆਂ ਜੇਲ੍ਹਾਂ 'ਚੋਂ ਕੋਰੋਨਾ ਵਾਇਰਸ ਦੇ ਕਹਿਰ ਨੂੰ ਫੈਲਣ ਤੋਂ ਰੋਕਣ ਲਈ 40 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਬਰਤਾਨੀਆ ਦੇ ਨਿਆਂ ਰਾਜ ਮੰਤਰੀ ਰਾਬਰਟ ਬਕਲੈਂਡ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ 40 ਕੈਦੀ ਰਿਹਾਅ ਕੀਤੇ ਗਏ ਹਨ ਅਤੇ 4000 ਹੋਰ ਕੈਦੀ ਵੀ ਛੱਡੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਕੀਤੇ ਗਏ ਯਤਨਾਂ ਨਾਲ ਜੇਲ੍ਹਾਂ 'ਚ ਮਹਾਂਮਾਰੀ ਦੀ ਸਥਿਤੀ 'ਚ ਬਹੁਤ ਸੁਧਾਰ ਆਇਆ ਹੈ, ਇਕ ਮਹੀਨਾ ਪਹਿਲਾਂ ਦੀ ਤੁਲਨਾ 'ਚ ਹੁਣ ਸਥਿਤੀ ਬਿਹਤਰ ਹੈ। ਬਰਤਾਨੀਆ ਦੇ ਨਿਆਂ ਮੰਤਰਾਲੇ ਨੇ ਅਪ੍ਰੈਲ ਦੇ ਸ਼ੁਰੂਆਤੀ ਦਿਨਾਂ 'ਚ ਕਿਹਾ ਸੀ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ 4000 ਕੈਦੀਆਂ ਨੂੰ ਜੇਲ੍ਹਾਂ ਤੋਂ ਰਿਹਾਅ ਕੀਤਾ ਜਾ ਸਕਦਾ ਹੈ, ਇਨ੍ਹਾਂ ਕੈਦੀਆਂ ਨੂੰ ਵੱਖ-ਵੱਖ ਮੌਕਿਆਂ 'ਤੇ ਖ਼ਾਸ 'ਇਲੈੱਕਟ੍ਰਾਨਿਕ ਟਰੈਕਿੰਗ ਬ੍ਰੈਸਲੈੱਟ' ਲਗਾ ਕੇ ਛੱਡਿਆ ਜਾਵੇਗਾ। ਹਿੰਸਕ ਜਾਂ ਸਰੀਰਕ ਸ਼ੋਸ਼ਣ ਅਪਰਾਧਾਂ ਦੇ ਦੋਸ਼ੀ ਇਸ ਨੀਤੀ ਦਾ ਹਿੱਸਾ ਨਹੀਂ ਹੋਣਗੇ। ਦੱਸਣਯੋਗ ਹੈ ਕਿ ਇਸ ਨੀਤੀ ਦੇ ਸ਼ੁਰੂਆਤੀ ਦਿਨਾਂ 'ਚ 6 ਅੱਤਵਾਦੀ ਗਤੀਵਿਧੀਆਂ ਨਾਲ ਸਬੰਧਿਤ ਕੈਦੀਆਂ ਨੂੰ ਗ਼ਲਤੀ ਨਾਲ ਛੱਡੇ ਜਾਣ 'ਤੇ ਕੁਝ ਸਮੇਂ ਲਈ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸੀ।