ਬਲੱਡ ਪ੍ਰੈਸ਼ਰ ਦਾ ਵਧਣਾ ਜਾਂ ਘਟਣਾ ਦੋਵੇਂ ਖ਼ਤਰਨਾਕ

ਫੋਟੋ :-ਡਾ. ਜਸਮੀਤ ਬਾਵਾ, ਸਿਵਲ ਸਰਜਨ ਕਪੂਰਥਲਾ।

-ਡਾ. ਜਸਵਿੰਦਰ ਕੁਮਾਰੀ, ਸੀਨੀਅਰ ਮੈਡੀਕਲ ਅਫ਼ਸਰ ਢਿਲਵਾਂ।

ਕਪੂਰਥਲਾ , ਮਈ 2020 - (ਹਰਜੀਤ ਸਿੰਘ ਵਿਰਕ)

ਸਿਵਲ ਸਰਜਨ ਡਾ. ਜਸਮੀਤ ਬਾਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਢਿਲਵਾਂ ਡਾ. ਜਸਵਿੰਦਰ ਕੁਮਾਰੀ ਵੱਲੋਂ ਅੱਜ ਵਿਸ਼ਵ ਉੱਚ ਖ਼ੂਨ ਦਬਾਅ ਦਿਵਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ੂਨ ਦੇ ਦਬਾਅ ਦਾ ਵਧਣਾ ਜਾਂ ਘਟਣਾ ਦੋਵੇਂ ਖ਼ਤਰਨਾਕ ਹੋ ਸਕਦੇ ਹਨ। ਉਨਾਂ ਕਿਹਾ ਕਿ ਜੇਕਰ ਖ਼ੂਨ ਦਾ ਦਬਾਅ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਦਿਲ ਦੇ ਦੌਰੇ, ਅਧਰੰਗ, ਅੰਨਾਪਣ, ਗੁਰਦਿਆਂ ਦੀਆਂ ਬਿਮਾਰੀਆਂ, ਗੁਪਤ ਰੋਗਾਂ, ਮਾਨਸਿਕ ਤਣਾਅ ਆਦਿ ਦਾ ਕਾਰਨ ਬਣ ਸਕਦਾ ਹੈ। ਉਨਾਂ ਕਿਹਾ ਕਿ ਉੱਚ ਖ਼ੂਨ ਦੇ ਦਬਾਅ ਤੋਂ ਪੀੜਤ ਹੋਣਾ ਕਈ ਕਾਰਨਾਂ ’ਤੇ ਨਿਰਭਰ ਕਰਦਾ ਹੈ, ਜਿਵੇਂ ਪਰਿਵਾਰ ਵਿਚ ਪੀੜੀ-ਦਰ-ਪੀੜੀ ਉੱਚ ਖ਼ੂਨ ਦੇ ਦਬਾਅ ਬਿਮਾਰੀ ਦਾ ਹੋਣਾ, ਮੋਟਾਪਾ, ਸ਼ਰਾਬ ਦੀ ਜ਼ਿਆਦਾ ਵਰਤੋਂ, ਨਮਕ ਦੀ ਜ਼ਿਆਦਾ ਵਰਤੋਂ ਅਤੇ ਗੁਰਦੇ ਦੀਆਂ ਬਿਮਾਰੀਆਂ ਆਦਿ। ਉਨਾਂ ਕਿਹਾ ਕਿ ਇਸ ਤੋਂ ਬਚਾਅ ਲਈ ਖਾਣੇ ਵਿਚ ਚਰਬੀ ਦੀ ਮਾਤਰਾ ਨੂੰ ਘੱਟ ਕੀਤਾ ਜਾਵੇ, ਸਬਜ਼ੀਆਂ ਅਤੇ ਫ਼ਲਾਂ ਆਦਿ ਦਾ ਸੇਵਨ ਜ਼ਿਆਦਾ ਕੀਤਾ ਜਾਵੇ, ਵਜ਼ਨ ਨੂੰ ਕੰਟਰੋਲ ਕੀਤਾ ਜਾਵੇ, ਤੰਬਾਕੂ ਅਤੇ ਸਿਰਟ ਦੀ ਵਰਤੋਂ ਬੰਦ ਕੀਤੀ ਜਾਵੇ, ਸ਼ਰਾਬ ਦੀ ਮਾਤਰਾ ਘੱਟ ਕੀਤੀ ਜਾਵੇ, ਹਫ਼ਤੇ ਵਿਚ ਘੱਟੋ-ਘੱਟ ਪੰਜ ਦਿਨ ਕਸਰਤ ਲਈ ਸਮਾਂ ਦਿੱਤਾ ਜਾਵੇ ਅਤੇ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਵਿਚ ਕੁਝ ਬਦਲਾਅ ਕੀਤੇ ਜਾਣ। ਉਨਾਂ ਅਪੀਲ ਕੀਤੀ ਕਿ ਆਪਣੇ ਖ਼ੂਨ ਦੇ ਦਬਾਅ ਦਾ ਪੱਧਰ ਘੱਟ ਤੋਂ ਘੱਟ ਸਾਲ ਵਿਚ ਇਕ ਵਾਰ ਜ਼ਰੂਰ ਜਾਣ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਸਮੇਂ ਜਦੋਂ ਸਾਰਾ ਸੰਸਾਰ ਕੋਵਿਡ-19 ਵਾਇਰਸ ਨਾਲ ਪ੍ਰਭਾਵਿਤ ਹੈ ਅਤੇ ਜਿਸ ਕਾਰਨ ਆਮ ਲੋਕਾਂ ਵਿਚ ਡਰ ਦਾ ਮਾਹੌਲ ਹੈ। ਇਸ ਸਮੇਂ ਘਰ ਵਿਚ ਪਰਿਵਾਰਕ ਮਾਹੌਲ ਬਣਾਉਂਦੇ ਹੋਏ ਸਮਾਂ ਬਿਤਾਉਣ ਨਾਲ ਮਾਨਸਿਕ ਪ੍ਰੇਸ਼ਾਨੀ ਤੋਂ ਬਚਾਅ ਹੋ ਸਕਦਾ ਹੈ, ਜਿਸ ਨਾਲ ਖ਼ੂਨ ਦੇ ਦਬਾਅ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਈ-ਸੰਜੀਵਨੀ ਓ. ਪੀ. ਡੀ ਦੀ ਸ਼ੁਰੂਆਤ ਵੀ ਕੀਤੀ ਹੋਈ ਹੈ, ਜਿਸ ਰਾਹੀਂ ਘਰ ਬੈਠੇ ਹੀ ਮਾਹਿਰ ਡਾਕਟਰਾਂ ਦੀ ਸਲਾਹ ਲਈ ਜਾ ਸਕਦੀ ਹੈ। ਉਨਾਂ ਨੇ ਕੋਵਾ ਪੰਜਾਬ ਐਪ ਸਭ ਨੂੰ ਆਪਣੇ ਮੋਬਾਈਲਾਂ ਵਿਚ ਡਾੳੂਨਲੋਡ ਕਰਨ ਦੀ ਸਲਾਹ ਦਿੱਤੀ, ਜਿਸ ਵਿਚ ਈ-ਸੰਜੀਵਨੀ ਦਾ ਲਿੰਕ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਚੰਗੀ ਸਿਹਤ ਲਈ ਸੰਤੁਲਿਤ ਸਾਦਾ ਭੋਜਨ, ਚੁਸਤ ਸਰੀਰ ਲਈ ਸਰੀਰਕ ਵਰਜਿਸ਼ ਅਤ।ੇ ਤੰਦਰੁਸਤ ਦਿਮਾਗ ਲਈ ਖੁਸ਼ਗਵਾਰ ਮਾਹੌਲ ਬਣਾਈ ਰੱਖਣਾ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰ ਤੋਂ ਬਾਹਰ ਜਾਣ ਸਮੇਂ ਜਾਂ ਕਿਸੇ ਹੋਰ ਨਾਲ ਸੰਪਰਕ ਸਮੇਂ ਆਪਣੇ ਮੂੰਹ ’ਤੇ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਪਣੇ ਹੱਥਾਂ ਨੂੰ ਸਾਫ਼ ਕਰਨ ਤੋਂ ਬਿਨਾਂ ਆਪਣੇ ਮੂੰਹ ਵੱਲ ਨਹੀਂ ਲਿਜਾਣਾ ਚਾਹੀਦਾ ਅਤੇ ਇਕ-ਦੂਜੇ ਤੋ ਲੋੜੀਂਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।