ਕੋਰੋਨਾ ਦਾ ਕਹਿਰ ਜਾਰੀ ਭਾਰਤ ਵਿੱਚ ਕੱਲ 1030 ਮੌਤਾਂ

ਇਕ ਦਿਨ 'ਚ 77 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ

   
ਨਵੀਂ ਦਿੱਲੀ , ਅਗਸਤ 2020 -(ਏਜੰਸੀ)- ਦੇਸ਼ 'ਚ ਇਕ ਦਿਨ 'ਚ 77 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲਿਆਂ ਨਾਲ ਕੁਲ ਇਨਫੈਕਟਿਡਾਂ ਦਾ ਅੰਕੜਾ 34.53 ਲੱਖ ਨੂੰ ਪਾਰ ਕਰ ਗਿਆ ਹੈ। ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਸ਼ੁੱਕਰਵਾਰ ਨੂੰ ਰਾਤ 9 ਵਜੇ ਤਕ ਮਿਲੇ ਅੰਕੜਿਆਂ ਮੁਤਾਬਕ ਇਸ ਦੌਰਾਨ 64 ਹਜ਼ਾਰ ਤੋਂ ਜ਼ਿਆਦਾ ਮਰੀਜ਼ ਸਿਹਤਮੰਦ ਵੀ ਹੋਏ ਹਨ ਤੇ ਹੁਣ ਤਕ ਠੀਕ ਹੋਏ ਲੋਕਾਂ ਦੀ ਗਿਣਤੀ 26.40 ਲੱਖ ਤੋਂ ਜ਼ਿਆਦਾ ਹੋ ਗਈ ਹੈ। 1,030 ਲੋਕਾਂ ਦੀ ਮੌਤ ਨਾਲ ਕੋਰੋਨਾ ਮਹਾਮਾਰੀ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 62,625 'ਤੇ ਪੁੱਜ ਗਈ ਹੈ।

ਉਥੇ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 77,266 ਨਵੇਂ ਕੇਸ ਮਿਲੇ ਹਨ ਤੇ ਕੁਲ ਇਨਫੈਕਟਿਡ 33.87 ਲੱਖ ਤੋਂ ਜ਼ਿਆਦਾ ਹੋ ਗਏ ਹਨ। ਹੁਣ ਤਕ 25.83 ਲੱਖ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਤੇ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 76.28 ਫ਼ੀਸਦੀ ਹੋ ਗਈ ਹੈ। 1,057 ਲੋਕਾਂ ਦੀ ਮੌਤ ਨਾਲ ਹੁਣ ਤਕ 61,529 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਦੇ ਨਾਲ ਹੀ ਮੌਤ ਦੀ ਦਰ 1.82 ਫ਼ੀਸਦੀ 'ਤੇ ਆ ਗਈ ਹੈ। ਮੰਤਰਾਲੇ ਮੁਤਾਬਕ ਸਰਗਰਮ ਮਾਮਲੇ 7.42 ਲੱਖ ਰਹਿ ਗਏ ਹਨ, ਜੋ ਕੁਲ ਮਾਮਲਿਆਂ ਦਾ 21.90 ਫ਼ੀਸਦੀ ਹੈ। ਭਾਰਤ 'ਚ ਇਨਫੈਕਟਿਡਾਂ ਦਾ 20 ਲੱਖ ਦਾ ਅੰਕੜਾ ਸੱਤ ਅਗਸਤ ਤੇ 30 ਲੱਖ ਦਾ ਅੰਕੜਾ 23 ਅਗਸਤ ਨੂੰ ਪਾਰ ਹੋ ਗਿਆ ਸੀ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਵੀਰਵਾਰ ਨੂੰ ਨੌਂ ਲੱਖ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਹੋਈ ਤੇ ਹੁਣ ਤਕ 3.94 ਕਰੋੜ ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ। ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ ਦਾ ਫਰਕ ਸੂਬਿਆਂ ਤੋਂ ਕੇਂਦਰ ਨੂੰ ਮਿਲਣ ਵਾਲਿਆਂ ਸੂਚਨਾਵਾਂ 'ਚ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਲੈ ਕੇ ਜਾਰੀ ਕਰਦੀਆਂ ਹਨ।