ਪਹਿਲੀ ਦਸੰਬਰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਗੈਰ-ਜ਼ਰੂਰੀ ਗਤੀਵਿਧੀਆਂ 'ਤੇ ਮਨਾਹੀ ਲਾਗੂ - ਜ਼ਿਲ੍ਹਾ ਮੈਜਿਸਟ੍ਰੇਟ

ਮਾਸਕ ਨਾ ਪਾਉਣ ਜਾਂ ਜਨਤਕ ਥਾਵਾਂ 'ਤੇ ਥੁੱਕਣ ਲਈ ਜੁਰਮਾਨਾ 500 ਰੁਪਏ ਤੋਂ ਵਧਾ ਕੇ ਹੋਇਆ 1000 ਰੁਪਏ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 

 ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੋਵਿਡ-19 ਰੋਕਥਾਮ ਦੇ ਮੱਦੇਨਜ਼ਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਲੁਧਿਆਣਾ ਵਿੱਚ ਕੱਲ 01 ਦਸੰਬਰ, 2020 ਤੋਂ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਗੈਰ-ਜ਼ਰੂਰੀ ਗਤੀਵਿਧੀਆਂ 'ਤੇ ਮਨਾਹੀ ਲਾਗੂ ਕੀਤੀ ਗਈ ਹੈ।

ਸ੍ਰੀ ਸ਼ਰਮਾ ਨੇ ਇਸ ਸਬੰਧ ਵਿੱਚ ਵਿਸਥਾਰਤ ਆਦੇਸ਼ ਜਾਰੀ ਕਰਦਿਆ ਦੱਸਿਆ ਕਿ ਪੰਜਾਬ ਸਰਕਾਰ, ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਚੰਡੀਗੜ੍ਹ ਤੋਂ ਜਾਰੀ ਪੱਤਰ ਨੰ:7/56/2020/24/572 ਮਿਤੀ 26-11-2020 ਰਾਹੀਂ ਪ੍ਰਾਪਤ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਭਾਰਤੀ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤ ਜਾਰੀ ਹੁਕਮਾਂ ਰਾਹੀਂ ਜ਼ਿਲ੍ਹੇ 'ਚ 01 ਦਸੰਬਰ, 2020 ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਗੈਰ-ਜ਼ਰੂਰੀ ਜਨਤਕ ਗਤੀਵਿਧੀਆਂ 'ਤੇ ਮਨਾਹੀ ਲਾਗੂ ਕੀਤੀ ਗਈ ਹੈ।ਇਨ੍ਹਾਂ ਆਦੇਸ਼ਾਂ ਅਨੁਸਾਰ, ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ਨਗਰ ਨਿਗਮ ਲੁਧਿਆਣਾ ਦੀ ਹਦੂਦ ਅੰਦਰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਦੀ ਪਾਬੰਦੀ ਰਹੇਗੀ। ਹਾਲਾਂਕਿ, ਬਹੁਤ ਸਾਰੀਆਂ ਸ਼ਿਫਟਾਂ ਦੇ ਸੰਚਾਲਨ, ਸਰਕਾਰੀ ਅਤੇ ਨਿੱਜੀ ਦਫ਼ਤਰ, ਰਾਸ਼ਟਰੀ ਅਤੇ ਰਾਜ ਮਾਰਗਾਂ ਤੇ ਵਿਅਕਤੀਆਂ ਅਤੇ ਚੀਜ਼ਾਂ ਦੀ ਆਵਾਜਾਈ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਮਾਲ-ਸਮਾਨ ਉਤਾਰਨਾ ਅਤੇ ਵਿਅਕਤੀਆਂ ਨੂੰ ਉਹਨਾਂ ਦੇ ਸਥਾਨਾਂ ਤੇ ਜਾਣ ਸਮੇਤ ਜ਼ਰੂਰੀ ਕੰਮਾਂ ਦੀ ਆਗਿਆ ਹੋਵੇਗੀ।

ਜ਼ਿਲ੍ਹਾ ਲੁਧਿਆਣਾ ਦੀ ਹਦੂਦ ਅੰਦਰ ਰੈਸਟੋਰੈਂਟਾਂ, ਹੋਟਲਾਂ ਅਤੇ ਹੋਰ ਪ੍ਰਾਹੁਣਚਾਰੀ ਇਕਾਈਆਂ ਵਿੱਚ ਰਾਤ ਸਮੇਂ 9:30 ਵਜੇ ਤੱਕ ਖੁੱਲੇ ਰਹਿ ਸਕਦੇ ਹਨ। ਸ਼ਾਪਿੰਗ ਮਾਲਾਂ ਵਿਚ ਸਥਿਤ ਰੈਸਟੋਰੈਂਟ/ਹੋਟਲ ਰਾਤ 9:30 ਵਜੇ ਤਕ ਖੁੱਲੇ ਰਹਿ ਸਕਦੇ ਹਨ।

ਸ੍ਰੀ ਸ਼ਰਮਾ ਨੇ ਆਪਣੇ ਆਦੇਸ਼ ਵਿੱਚ ਦੱਸਿਆ ਕਿ ਸਾਰੀਆਂ ਜ਼ਰੂਰੀ ਗਤੀਵਿਧੀਆਂ ਲਈ ਰੋਗਾਣੂ ਮੁਕਤ ਕਰਨਾ ਅਤੇ ਆਪਸੀ ਵਿੱਥ ਲਈ ਘੱਟੋ ਘੱਟ 6 ਫੁੱਟ (2 ਗਜ਼) ਦੀ ਦੂਰੀ ਹਮੇਸ਼ਾ ਬਣਾਈ ਰੱਖਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਆਗਿਆ ਅਨੁਸਾਰ ਚੱਲ ਰਹੀਆਂ ਗਤੀਵਿਧੀਆਂ ਦੌਰਾਨ ਭੀੜ ਇਕੱਠੀ ਹੁੰਦੀ ਹੈ ਤਾਂ ਸਮਾਜਿਕ ਦੂਰੀਆਂ ਦੇ ਸਿਧਾਂਤਾਂ ਨਾਲ ਸਮਝੌਤਾ ਨਾ ਕਰਦੇ ਹੋਏ ਜ਼ਰੂਰੀ ਕਦਮ ਚੁੱਕੇ ਜਾਣਗੇ।

ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ 'ਤੇ ਮਾਸਕ ਪਾਉਣਾ, ਥੁੱਕਣ ਦੀ ਮਨਾਹੀ, ਹੱਥਾ ਦੀ ਸਫਾਈ ਰੱਖਣੀ ਲਾਜ਼ਮੀ ਹੋਵੇਗੀ। ਉਨ੍ਹਾਂ ਇਹ ਸ਼ਖਤੀ ਨਾਲ ਲਾਗੂ ਕੀਤਾ ਕਿ ਸਾਰੀਆਂ ਜਨਤਕ/ਕੰਮ ਕਰਨ ਵਾਲੀਆਂ ਥਾਂਵਾਂ ਸਬੰਧਤ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਰੋਗਾਣੂ ਮੁਕਤ ਕੀਤੀਆਂ ਜਾਣ।

ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ.9/ਐਨ.ਐਚ.ਐਮ/ਪੀਬੀ/ 20/2303 ਮਿਤੀ 30 ਜੁਲਾਈ 2020 ਅਨੁਸਾਰ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਅਤੇ ਨਿਯੰਤਰਣ ਸੰਬੰਧੀ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਵੱਖ ਵੱਖ ਜ਼ੁਰਮਾਨੇ ਲਗਾਏ ਹਨ ਜਿਸ, ਵਿੱਚ ਮਾਸਕ ਨਾ ਪਾਉਣ ਅਤੇ ਜਨਤਕ ਥਾਵਾਂ 'ਤੇ ਥੁੱਕਣ ਲਈ ਜੁਰਮਾਨਾ 500 ਰੁਪਏ ਤੋਂ ਵਧਾ ਕੇ 1000 ਰੁਪਏ ਹਰੇਕ ਉਲੰਘਣਾ ਲਈ ਲਾਗੂ ਕੀਤਾ ਗਿਆ ਹੈ। ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕੋਵਿਡ-19 ਪ੍ਰਬੰਧਨ ਦਿਸ਼ਾ ਨਿਰਦੇਸ਼ਾਂ, ਮਿਆਰੀ ਸੰਚਾਲਨ ਵਿਧੀ (ਐਸ.ਓ.ਪੀ.) ਅਤੇ ਸਰਕਾਰ ਦੁਆਰਾ ਜਾਰੀ ਕੀਤੀਂ ਗਈ ਐਡਵਾਈਜ਼ਰੀ ਲਈ ਕੌਮੀ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਾ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਤੇ ਇੰਡੀਅਨ ਪੈਨਲ ਕੋਡ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਸਜ਼ਾ ਦਾ ਭਾਗੀਦਾਰ ਬਣ ਸਕਦਾ ਹੈ।ਇਹ ਹੁਕਮ 01 ਦਸੰਬਰ, 2020 ਤੋਂ ਲਾਗੂ ਹੋਣਗੇ ਤੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ।