9 ਲੱਖ 18 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ 4 ਗਿ੍ਫ਼ਤਾਰ

ਖਰੜ ,ਸਤੰਬਰ  2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਜਾਅਲੀ ਨੋਟਾਂ ਦਾ ਧੰਦਾ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਸਦਰ ਥਾਣਾ ਮੁਖੀ ਸੁਖਬੀਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਬ੍ਰਾਹਮਣ ਮਾਜਰਾ ਨਿਵਾਸੀ ਜਗਤਾਰ ਸਿੰਘ ਤਾਰੀ ਤੇ ਉਸ ਦੀ ਪਤਨੀ ਪਾਰਵਤੀ ਦੇਵੀ ਉਰਫ਼ ਭੋਲੀ ਜਾਅਲੀ ਨੋਟ ਛਾਪ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਹਨ। ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਉਕਤ ਜੋੜੇ ਖ਼ਿਲਾਫ਼ ਮਾਮਲਾ ਦਰਜ ਕੀਤਾ ਅਤੇ ਖਰੜ ਚੰਡੀਗੜ੍ਹ ਰੋਡ 'ਤੇ ਪੈਂਦੇ ਦਾਊਮਾਜਰਾ ਪਿੰਡ ਤੋਂ ਇਨ੍ਹਾਂ ਦੋਵਾਂ ਨੂੰ 6 ਲੱਖ 26 ਹਜ਼ਾਰ ਰੁਪਏ ਦੇ ਜਾਅਲੀ ਨੋਟਾਂ ਸਮੇਤ ਗਿ੍ਫ਼ਤਾਰ ਕਰ ਲਿਆ। ਜਿਸ ਤੋਂ ਬਾਅਦ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਕੇ 5 ਦਿਨਾਂ ਦਾ ਰਿਮਾਂਡ ਲਿਆ।

ਰਿਮਾਂਡ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਇਸ ਧੰਦੇ ਵਿਚ ਜ਼ਿਲ੍ਹਾ ਲੁਧਿਆਣਾ ਦੇ ਜਸਪ੍ਰਰੀਤ ਸਿੰਘ ਉਰਫ਼ ਜੱਸੀ ਅਤੇ ਕਮਲੇਸ਼ ਸ਼ਰਮਾ ਨਾਂ ਦੀ ਇਕ ਅੌਰਤ ਵੀ ਸ਼ਾਮਲ ਹੈ। ਜਿਸ 'ਤੇ ਤੁਰੰਤ ਪੁਲਿਸ ਨੇ ਖਰੜ ਦੇ ਸੰਤੇ ਮਾਜਰਾ ਪਿੰਡ ਤੋਂ ਜਸਪ੍ਰਰੀਤ ਸਿੰਘ ਜੱਸੀ ਨੂੰ 1 ਲੱਖ 56 ਹਜ਼ਾਰ 400 ਰੁਪਏ ਦੇ ਜਾਅਲੀ ਨੋਟਾਂ ਸਮੇਤ ਗਿ੍ਫ਼ਤਾਰ ਕਰ ਲਿਆ। ਜਿਸ ਨੇ ਰਿਮਾਂਡ ਦੌਰਾਨ ਕਮਲੇਸ਼ ਸ਼ਰਮਾ ਉਰਫ਼ ਅੰਤਰਾ ਕਾਲੀਆ ਦਾ ਪਤਾ ਦੱਸਿਆ ਤੇ ਉਸ ਨੂੰ ਵੀ ਪੁਲਿਸ ਨੇ 1 ਲੱਖ 56 ਹਜ਼ਾਰ 200 ਰੁਪਏ ਦੇ ਜਾਅਲੀ ਨੋਟਾਂ ਸਮੇਤ ਉਸ ਦੇ ਘਰ ਸਰਹਿੰਦ ਤੋਂ ਗਿ੍ਫ਼ਤਾਰ ਕਰ ਲਿਆ। ਪੁਲਿਸ ਅਨੁਸਾਰ ਉਕਤ ਚਾਰੇ ਮੁਲਜ਼ਮ ਭੋਲੇ ਭਾਲੇ ਲੋਕਾਂ ਨੂੰ ਪੈਸਾ ਦੁੱਗਣੇ ਕਰਨ ਦੇ ਲਾਲਚ ਦੇ ਕੇ ਠੱਗਦੇ ਸਨ ਅਤੇ ਅਸਲੀ ਨੋਟ ਲੈ ਕੇ ਜਾਅਲੀ ਨੋਟ ਵਾਪਸ ਕਰਦੇ ਸਨ। ਪੁਲਿਸ ਨੇ ਮੁਲਜ਼ਮਾਂ ਪਾਸੋਂ ਪਿ੍ਰੰਟਰ, ਸਕੈਨਰ, ਪਲਾਸਟਿਕ ਦੀ ਇਕ ਟਰੇਅ, ਕੈਮੀਕਲ, ਦੋ ਕਟਰ ਤੇ ਦੋ ਸਕੇਲ ਬਰਾਮਦ ਕਰ ਕੇ ਇਨ੍ਹਾਂ ਖ਼ਿਲਾਫ਼ ਧਾਰਾ 489 ਬੀ, 489ਸੀ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।