ਸੁਮੇਧ ਸੈਣੀ ਦੀ ਗਿ੍ਫ਼ਤਾਰੀ ਲਈ ਵੱਡੀ ਪੱਧਰ ਤੇ ਸ਼ਿਮਲੇ ਤੋਂ ਦਿੱਲੀ ਤਕ ਛਾਪੇਮਾਰੀ

ਚੰਡੀਗੜ੍ਹ ,ਸਤੰਬਰ  2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)  ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਹੱਤਿਆ ਮਾਮਲੇ 'ਚ ਮੁਲਜ਼ਮ ਪੰਜਾਬ ਦੇ ਸਾਬਕਾ ਡੀਜਪੀ ਸੁਮੇਧ ਸੈਣੀ ਨੇ ਗਿ੍ਫ਼ਤਾਰੀ ਤੋਂ ਬਚਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਧਰ ਪੰਜਾਬ ਪੁਲਿਸ ਨੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਯਤਨਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪੰਜਾਬ ਪੁਲਿਸ ਦੀ ਟੀਮ ਨੇ ਵੀਰਵਾਰ ਨੂੰ ਸੈਣੀ ਦੀ ਭਾਲ ਵਿਚ ਦਿੱਲੀ, ਸ਼ਿਮਲਾ ਤੇ ਰਾਜਸਥਾਨ ਸਥਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸੈਣੀ ਦੀ ਪਤਨੀ ਤੇ ਉਨ੍ਹਾਂ ਦੀ ਬੇਟੀ ਦਿੱਲੀ ਦੀ ਪੰਚਸ਼ੀਲ ਸਥਿਤ ਕੋਠੀ ਵਿਚ ਮੌਜੂਦ ਹਨ ਪਰ ਉੱਥੇ ਸੈਣੀ ਪੁਲਿਸ ਦੇ ਹੱਥ ਨਹੀਂ ਲੱਗੇ। ਪੁਲਿਸ ਸੂਤਰਾਂ ਮੁਤਾਬਕ ਸੈਣੀ ਦੀ ਪਤਨੀ ਦਾ ਕਹਿਣਾ ਹੈ ਕਿ 22 ਅਗਸਤ ਤੋਂ ਬਾਅਦ ਸੈਣੀ ਨਾਲ ਉਨ੍ਹਾਂ ਦਾ ਸੰਪਰਕ ਨਹੀਂ ਹੋਇਆ। ਸੈਣੀ ਦੇ ਸ਼ਿਮਲਾ ਸਥਿਤ ਘਰ 'ਤੇ ਵੀ ਪੁਲਿਸ ਨੂੰ ਉਨ੍ਹਾਂ ਦੇ ਨੌਕਰ ਹੀ ਮਿਲੇ।

ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਮੰੰਗਲਵਾਰ ਨੂੰ ਸੈਣੀ ਦੀ ਪੇਸ਼ਗੀ ਜ਼ਮਾਨਤ ਖ਼ਾਰਜ ਕਰ ਦਿੱਤੀ ਸੀ। ਉਸ ਤੋਂ ਬਾਅਦ ਤੋਂ ਹੀ ਪੰਜਾਬ ਪੁਲਿਸ ਸੈਣੀ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਸਾਬਕਾ ਡੀਜੀਪੀ ਦੀ ਗਿ੍ਫ਼ਤਾਰੀ ਵਿਚ ਹੋ ਰਹੀ ਦੇਰ ਦੇ ਚੱਲਦਿਆਂ ਹੁਣ ਪੁਲਿਸ ਕਾਰਵਾਈ 'ਤੇ ਉਂਗਲਾਂ ਉੱਠਣ ਲੱਗੀਆਂ ਹਨ। ਹਾਲ ਹੀ ਵਿਚ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਨੇ ਸੈਣੀ ਦੇ ਗ਼ਾਇਬ ਹੋਣ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਉਨ੍ਹਾਂ ਦੀ ਸੁਰੱਖਿਆ ਵਿਚ ਤਾਇਨਾਤ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ ਜਿਨ੍ਹਾਂ ਨੂੰ ਝਕਾਨੀ ਦੇ ਕੇ ਸੈਣੀ ਫ਼ਰਾਰ ਹੋ ਗਏ। ਜ਼ਿਕਰਯੋਗ ਹੈ ਕਿ ਪਹਿਲੀ ਸਤੰਬਰ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵੱਲੋਂ ਸੈਣੀ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਨੂੰ ਖ਼ਾਰਜ ਕੀਤੇ ਜਾਣ ਪਿੱਛੋਂ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਰਾਹ ਖੁੱਲ੍ਹ ਗਿਆ ਸੀ ਪਰ 10 ਦਿਨ ਬੀਤਣ ਦੇ ਬਾਵਜੂਦ ਪੁਲਿਸ ਹੁਣ ਤਕ ਆਪਣੇ ਹੀ ਸਾਬਕਾ ਮੁਖੀ ਨੂੰ ਗਿ੍ਫ਼ਤਾਰ ਨਹੀਂ ਕਰ ਸਕੀ ਹੈ।