35 ਦਿਨਾਂ ਤੋਂ ਦਿੱਲੀ ਦੇ ਸ਼ੰਭੂ ਬਾਰਡਰ ਤੇ ਕਿਸਾਨ ਏਕਤਾ ਮੋਰਚੇ ਤੇ ਡਟੇ ਬੈਠੇ ਕਿਸਾਨ ਯੋਧੇ।     

ਸ਼ੰਭ-ਬਾਰਡਰ/ਦਿੱਲੀ-(ਗੁਰਸੇਵਕ ਸਿੰਘ ਸੋਹੀ)-

ਸੈਂਟਰ ਦੀ ਮੋਦੀ ਸਰਕਾਰ ਵੱਲੋਂ 3 ਆਰਡੀਨੈਂਸ ਪਾਸ ਕਰ ਕੇ ਭਾਰਤ ਦੇ ਕਿਸਾਨਾਂ ਨੂੰ ਹੱਡ ਚੀਰਵੀਂ ਠੰਢ ਵਿੱਚ ਲਗਾਤਾਰ 35 ਦਿਨਾਂ ਤੋਂ ਦਿੱਲੀ ਦੇ ਬਾਡਰਾਂ ਤੇ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ।90 ਦਿਨਾਂ ਤੋਂ ਪੰਜਾਬ ਦੀਆ ਸੜਕਾਂ ਰੇਲਵੇ ਸਟੇਸ਼ਨ ਤੇ ਤਿੱਖੇ ਅਤੇ ਜ਼ੋਰਦਾਰ ਸੰਘਰਸ਼ ਕੀਤੇ ਜਾ ਰਹੇ ਹਨ। ਸੰਘਰਸ ਵਿੱਚ ਪਹੁੰਚੇ ਭਾਰਤ ਦੇ ਵੱਖ-ਵੱਖ ਸੂਬਿਆਂ ਚੋਂ ਲੱਖਾਂ ਬਜ਼ੁਰਗ,ਨੌਜਵਾਨ,ਔਰਤਾਂ ਅਤੇ ਬੱਚਿਆਂ ਵੱਲੋਂ ਬਾਰਡਰ ਸੀਲ ਕੀਤੇ ਪਰ ਸੈਂਟਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਪ੍ਰੈੱਸ ਨਾਲ ਸੰਪਰਕ ਕਰਨ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਅਤੇ ਜਸਮੇਲ ਸਿੰਘ ਚੰਨਣਵਾਲ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੇ ਅਲੱਗ-ਅਲੱਗ ਬਾਰਡਰਾਂ ਤੇ ਵੱਡੀਆਂ ਸਟੇਜਾਂ ਲਾ ਕੇ ਸਵੇਰ ਤੋਂ ਸ਼ਾਮ ਤਕ ਭਾਰਤ ਦੇ ਸੂਬਿਆਂ ਵਿਚੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਨਹਿੱਤ ਵਿੱਚ ਸ਼ੁਰੂ ਹੋਏ ਇਸ ਜਨ ਅੰਦੋਲਨ ਲਈ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਹਨ ਅਤੇ ਲੱਖਾਂ ਦੀ ਤਦਾਦ ਵਿਚ ਇਨ੍ਹਾਂ ਸਟੇਜਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਲੋਕ ਇਕੱਠੇ ਹੁੰਦੇ ਹਨ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ ਅਤੇ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ।