ਬੇਅਦਬੀ ਕਾਂਡ ਦੇ ਕਸੂਰਵਾਰਾਂ ਨੂੰ ਫੜਨ ਲਈ ਕੈਪਟਨ ਸਰਕਾਰ ਨੇ ਕੁਝ ਨਹੀਂ ਕੀਤਾ: ਸੁਖਬੀਰ

ਆਦਮਪੁਰ ਦੋਆਬਾ, 5 ਫਰਵਰੀ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਬੇਅਦਬੀ ਦੇ ਮੁੱਦੇ ’ਤੇ ਸਿਰਫ਼ ਰਾਜਨੀਤੀ ਕਰਨ ’ਚ ਦਿਲਚਸਪੀ ਰੱਖਦੀ ਹੈ, ਇਸ ਅਪਰਾਧ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਫੜਨ ਲਈ ਸਰਕਾਰ ਨੇ ਕੁਝ ਨਹੀਂ ਕੀਤਾ ਹੈ। ਆਦਮਪੁਰ ਹਲਕੇ ਦੇ ਪਾਰਟੀ ਵਰਕਰਾਂ ਨੂੰ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਨਾ ਸਿਰਫ਼ ਸਮੁੱਚੇ ਮੁੱਦੇ ਦਾ ਸਿਆਸੀਕਰਨ ਕੀਤਾ ਹੈ, ਸਗੋਂ ਆਪਣੇ ਵੱਲੋਂ ਕਾਇਮ ਵਿਸ਼ੇਸ਼ ਜਾਂਚ ਟੀਮ ਨੂੰ ਵੀ ਕੇਸ ਦੀ ਨਿਰਪੱਖ ਜਾਂਚ ਨਹੀਂ ਕਰਨ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਇਸ ਕੇਸ ਦੀ ਸਹੀ ਢੰਗ ਨਾਲ ਜਾਂਚ ਨਹੀਂ ਹੋ ਰਹੀ ਹੈ ਤੇ ਅਜੇ ਤੱਕ ਕੁਝ ਵੀ ਹੱਥ-ਪੱਲੇ ਨਹੀਂ ਪਿਆ ਹੈ। ਇਕ ਸੁਆਲ ਦੇ ਜਵਾਬ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬੀ, ਬੇਅਦਬੀ ਦੇ ਸਾਰੇ ਕੇਸਾਂ ਦੀ ਨਿਰਪੱਖ ਜਾਂਚ ਚਾਹੁੰਦੇ ਹਨ ਤਾਂ ਜੋ ਮੁਲਜ਼ਮਾਂ ਨੂੰ ਛੇਤੀ ਸਜ਼ਾ ਮਿਲੇ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ‘ਸਿੱਟ’ ਨੂੰ ਮਿਲੇ ਸੁਰਾਗਾਂ ਨੂੰ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਬੇਅਦਬੀ ਦੇ ਕੇਸਾਂ ਨੂੰ ਛੇਤੀ ਹੱਲ ਕਰਨਾ ਚਾਹੀਦਾ ਹੈ। ਐਨਡੀਏ ਸਰਕਾਰ ਵੱਲੋਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ 6 ਹਜ਼ਾਰ ਰੁਪਏ ਸਾਲਾਨਾ ਦੀ ਕਿਸਾਨ ਸਹਾਇਤਾ ਸਕੀਮ ਬਾਰੇ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਕਿਸਾਨਾਂ ਦੀ ਸੂਚੀਆਂ ਦੇਣ ਲਈ ਕਿਹਾ ਹੈ ਤਾਂ ਜੋ ਕਿਸਾਨਾਂ ਨੂੰ ਸਹਾਇਤਾ ਦੀ ਪਹਿਲੀ ਕਿਸ਼ਤ ਇਸ ਸਾਲ ਮਾਰਚ ’ਚ ਹੀ ਦਿੱਤੀ ਜਾ ਸਕੇ ਤੇ ਕੈਪਟਨ ਸਰਕਾਰ ਨੇ ਅਜੇ ਤੱਕ ਸੂਚੀਆਂ ਦੇਣ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਹੈ। ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋਂ ਪਾਰਟੀ ਵਰਕਰਾਂ ਦੀਆਂ ਸਮੱਸਿਆਵਾਂ ਸੁਖਬੀਰ ਬਾਦਲ ਨੂੰ ਦੱਸਣ ਲਈ ਹਲਕੇ ਨੂੰ ਆਦਮਪੁਰ, ਭੋਗਪੁਰ ਤੇ ਪਤਾਰਾ ਤਿੰਨ ਸਰਕਲਾਂ ਵਿਚ ਵੰਡਿਆ ਗਿਆ ਸੀ। ਸੁਖਬੀਰ ਬਾਦਲ ਨੇ ਕਰੀਬ 3 ਘੰਟੇ ਆਦਮਪੁਰ ਹਲਕੇ ਦੇ ਪਾਰਟੀ ਵਰਕਰਾਂ ਨਾਲ ਗੱਲਬਾਤ ਕੀਤੀ ਤੇ ਸਮੱਸਿਆਵਾਂ ਸੁਣੀਆਂ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ, ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ ਵਡਾਲਾ ਵੀ ਹਾਜ਼ਰ ਸਨ।

ਸੁਖਬੀਰ ਤੇ ਭਾਜਪਾ ਆਗੂਆਂ ਵਿਚਾਲੇ ਮੀਟਿੰਗ

ਸੁਖਬੀਰ ਸਿੰਘ ਬਾਦਲ ਦੋ ਦਿਨਾਂ ਤੋਂ ਜਲੰਧਰ ਵਿਧਾਨ ਸਭਾ ਹਲਕਿਆਂ ਵਿਚ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਪਾਰਟੀ ਨੂੰ ਇੱਥੋਂ ਢੁਕਵਾਂ ਉਮੀਦਵਾਰ ਨਹੀਂ ਲੱਭ ਰਿਹਾ। ਸੁਖਬੀਰ ਬਾਦਲ ਨਾਲ ਅੱਜ ਭਾਜਪਾ ਆਗੂਆਂ ਨੇ ਪੰਜ ਤਾਰਾ ਹੋਟਲ ’ਚ ਮੀਟਿੰਗ ਕੀਤੀ। ਮੀਟਿੰਗ ’ਚ ਭਾਜਪਾ ਦੇ ਜ਼ਿਲਾ ਪ੍ਰਧਾਨ ਰਮਨ ਪੱਬੀ, ਸਾਬਕਾ ਵਿਧਾਇਕ ਮਨੋਰੰਜਨ ਕਾਲੀਆ, ਕੇ ਡੀ ਭੰਡਾਰੀ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ, ਵਿਧਾਇਕ ਪਵਨ ਕੁਮਾਰ ਟੀਨੂੰ ਤੇ ਵਿਧਾਇਕ ਬਲਦੇਵ ਖਹਿਰਾ ਹਾਜ਼ਰ ਸਨ। ਕਈ ਭਾਜਪਾ ਆਗੂਆਂ ਨੇ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦਾ ਨਾਂ ਲਿਆ ਦੱਸਿਆ ਜਾ ਰਿਹਾ ਹੈ, ਪਰ ਸੁਖਬੀਰ ਬਾਦਲ ਨੇ ਪਾਰਟੀ ਦੇ ਕਿਸੇ ਵੀ ਵਿਧਾਇਕ ਨੂੰ ਲੋਕ ਸਭਾ ਚੋਣ ਮੈਦਾਨ ’ਚ ਉਤਾਰਨ ਤੋਂ ਮਨ੍ਹਾ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਮੀਟਿੰਗ ’ਚ ਚਰਨਜੀਤ ਅਟਵਾਲ ਦਾ ਨਾਂ ਵੀ ਵਿਚਾਰਿਆ ਗਿਆ। ਇਸ ਦੌਰਾਨ ਏਆਈਜੀ (ਕ੍ਰਾਈਮ) ਹਰਮੋਹਨ ਸਿੰਘ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਪੰਜ ਵਾਰ ਚਮਕੌਰ ਸਾਹਿਬ ਤੋਂ ਵਿਧਾਇਕ ਰਹੀ ਸਤਵੰਤ ਕੌਰ ਸੰਧੂ ਦੇ ਪੁੱਤ ਹਨ। ਹਰਮੋਹਨ ਸਿੰਘ ਨੇ ਕਿਹਾ ਕਿ ਇਸ ਬਾਰੇ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਹਰਮੋਹਨ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ, ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਚੋਣ ਲੜਾਉਣਾ ਚਾਹੁੰਦਾ ਹੈ।