ਸਮ੍ਰਿਤੀ ਇਰਾਨੀ ਦੇ ਸਹਿਯੋਗੀ ਦੀ ਹੱਤਿਆ

ਅਮੇਠੀ, ਮਈ 2019   ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉੱਤਰ ਪ੍ਰਦੇਸ਼ ’ਚ ਵਾਪਰੀ ਪਹਿਲੀ ਹਿੰਸਕ ਘਟਨਾ ’ਚ ਅਮੇਠੀ ਤੋਂ ਭਾਜਪਾ ਦੀ ਸੰਸਦ ਮੈਂਬਰ ਚੁਣੀ ਗਈ ਸਮ੍ਰਿਤੀ ਇਰਾਨੀ ਦੇ ਨੇੜਲੇ ਸਹਿਯੋਗੀ ਸੁਰੇਂਦਰ ਸਿੰਘ (50) ਦੀ ਹੱਤਿਆ ਕਰ ਦਿੱਤੀ ਗਈ। ਬਰੌਲੀਆ ਪਿੰਡ ਦੇ ਸਾਬਕਾ ਸਰਪੰਚ ਨੂੰ ਦੋ ਜਣਿਆਂ ਨੇ ਸ਼ਨਿਚਰਵਾਰ ਰਾਤ 11.30 ਵਜੇ ਗੋਲੀਆਂ ਮਾਰੀਆਂ। ਪੁਲੀਸ ਨੇ ਇਸ ਹੱਤਿਆ ਦੇ ‘ਸਿਆਸੀ ਕਤਲ’ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਸੁਰੇਂਦਰ ਨੂੰ ਸੁੱਤੇ ਪਏ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਏਐੱਸਪੀ ਦਯਾ ਰਾਮ ਨੇ ਦੱਸਿਆ ਕਿ ਸੁਰੇਂਦਰ ਨੂੰ ਲਖ਼ਨਊ ਦੇ ਹਸਪਤਾਲ ਲਿਜਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ। ਯੂਪੀ ਦੇ ਡੀਜੀਪੀ ਓਮ ਪ੍ਰਕਾਸ਼ ਸਿੰਘ ਨੇ ਕਿਹਾ ਹੈ ਕਿ ਪੁਲੀਸ ਜਾਂਚ ਵਿਚ ਪੁਰਾਣੀ ਰੰਜਿਸ਼ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਸਿਆਸੀ ਰੰਜਿਸ਼ ਦੇ ਪੱਖ ਤੋਂ ਵੀ ਵਿਚਾਰ ਕੀਤਾ ਜਾ ਰਿਹਾ ਹੈ। ਡੀਜੀਪੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਪੁਲੀਸ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕੁਝ ਪੁਖ਼ਤਾ ਸਬੂਤ ਮਿਲੇ ਹਨ। ਪੁਲੀਸ ਨੇ ਸੱਤ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਲੈਕਟ੍ਰੌਨਿਕ ਨਿਗਰਾਨੀ ਵਾਲੇ ਯੰਤਰਾਂ ਰਾਹੀਂ ਵੀ ਅਹਿਮ ਸਬੂਤ ਹੱਥ ਲੱਗੇ ਹਨ ਤੇ ਅਗਲੇ 12 ਘੰਟਿਆਂ ਵਿਚ ਕੇਸ ਹੱਲ ਹੋਣ ਦੀ ਪੂਰੀ ਆਸ ਹੈ। ਡੀਜੀਪੀ ਨੇ ਕਿਹਾ ਕਿ ਮਾਮਲੇ ਦੀ ਵੱਖ-ਵੱਖ ਨੁਕਤਿਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਯੂਪੀ ਦੀ ਮੰਤਰੀ ਰੀਟਾ ਬਹੁਗੁਣਾ ਜੋਸ਼ੀ ਨੇ ਕਿਹਾ ਹੈ ਕਿ ਸਖ਼ਤ ਕਾਰਵਾਈ ਹੋਵੇਗੀ ਤੇ ਲੋਕਤੰਤਰ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਮ੍ਰਿਤਕ ਦੇ ਪੁੱਤਰ ਅਭੈ ਸਿੰਘ ਨੇ ਸ਼ੱਕ ਜਤਾਇਆ ਕਿ ਭਾਜਪਾ ਦੀ ਅਮੇਠੀ ਤੋਂ ਜਿੱਤ ਮਗਰੋਂ ਕੁਝ ਕਾਂਗਰਸ ਦੀ ਹਮਾਇਤ ਕਰਦੇ ਸਮਾਜ ਵਿਰੋਧੀ ਅਨਸਰਾਂ ਨੂੰ ਉਨ੍ਹਾਂ ਦਾ ਜਸ਼ਨ ਮਨਾਉਣਾ ਪਸੰਦ ਨਹੀਂ ਆਇਆ ਤੇ ਇਹ ਘਟਨਾ ਸ਼ਾਇਦ ਉਸੇ ਦਾ ਨਤੀਜਾ ਹੈ। ਭਾਜਪਾ ਦੀ ਸਮ੍ਰਿਤੀ ਇਰਾਨੀ ਨੇ ਇੱਥੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹਰਾਇਆ ਹੈ ਤੇ ਅਮੇਠੀ ਕਾਂਗਰਸ ਦਾ ਗੜ੍ਹ ਰਿਹਾ ਹੈ। ਸੁਰੇਂਦਰ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਪੁਲੀਸ ਨੇ ਵਸੀਮ, ਨਸੀਮ, ਗੋਲੂ, ਧਰਮਨਾਥ ਅਤੇ ਕਾਂਗਰਸੀ ਆਗੂ ਰਾਮਚੰਦਰ ਦੇ ਖਿਲਾਫ਼ ਧਾਰਾ 302 ਅਤੇ 120 ਬੀ ਤਹਿਤ ਕੇਸ ਦਰਜ ਕਰ ਲਿਆ ਹੈ।  ਭਾਜਪਾ ਆਗੂੁ ਤੇ ਅਮੇਠੀ ਤੋਂ ਸੰਸਦ ਮੈਂਬਰ ਚੁਣੀ ਗਈ ਸਮ੍ਰਿਤੀ ਇਰਾਨੀ ਅੱਜ ਦੁਪਹਿਰੇ ਸੁਰੇਂਦਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਈ ਤੇ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਵੰਡਾਇਆ। ਮੁੱਖ ਮੰਤਰੀ ਯੋਗੀ ਆਦਿੱਤਾਆਨਾਥ ਨੇ ਡੀਜੀਪੀ ਨੂੰ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਕਿਹਾ ਹੈ। ਇਰਾਨੀ ਨੇ ਪਾਰਟੀ ਵਰਕਰਾਂ ਨੂੰ ਖ਼ੁਦ ’ਤੇ ਕਾਬੂ ਰੱਖਣ ਦੀ ਅਪੀਲ ਕੀਤੀ ਹੈ ਪਰ ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸੁਰੇਂਦਰ ਦੀ ਹੱਤਿਆ ਅਮੇਠੀ ਨੂੰ ‘ਡਰਾਉਣ, ਝੁਕਾਉਣ ਤੇ ਤੋੜਨ’ ਲਈ ਕੀਤੀ ਗਈ ਹੈ।