ਕਰਤਾਰਪੁਰ ਲਾਂਘਾ- ਭਾਰਤ-ਪਾਕਿ ਅਧਿਕਾਰੀਆਂ ਦੀ ਮੀਟਿੰਗ ਅੱਜ

ਬਟਾਲਾ, ਮਈ 2019   ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਕਾਰਜ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਦੋਵਾਂ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀ ਮੀਟਿੰਗ ਭਲਕੇ ਡੇਰਾ ਬਾਬਾ ਨਾਨਕ ਲਾਗੇ ਕੌਮਾਂਤਰੀ ਸਰਹੱਦ ’ਤੇ ਜ਼ੀਰੋ ਲਾਈਨ ਉੱਤੇ ਹੋਵੇਗੀ। ਤਕਨੀਕੀ ਮਾਹਿਰਾਂ ਦੀ ਇਹ ਚੌਥੀ ਮੀਟਿੰਗ ਹੈ। ਇਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਸਵਾਗਤੀ ਗੇਟ, ਪੁਲ ਦੇ ਨਿਰਮਾਣ ਤੇ ਹੋਰ ਜਾਰੀ ਕਾਰਜਾਂ ਬਾਰੇ ਚਰਚਾ ਕੀਤੀ ਜਾਵੇਗੀ। ਇਹ ਪੁਲ ਰਾਵੀ ਦਰਿਆ ’ਤੇ ਬਣਾਇਆ ਜਾ ਰਿਹਾ ਹੈ ਤੇ ਇਸ ਦੇ ਡਿਜ਼ਾਈਨ ’ਤੇ ਵੀ ਗੱਲਬਾਤ ਹੋਵੇਗੀ। ਲਾਂਘੇ ਦੇ ਕੰਮ ਵਿਚ ਤੇਜ਼ੀ ਦੇਖੀ ਗਈ ਹੈ। ਕੌਰੀਡੋਰ ਨੂੰ ਨੇਪਰੇ ਚਾੜ੍ਹਨ ਲਈ ਨਿਰਮਾਣ ਏਜੰਸੀ ਨੇ ਦੋ ਦਿਨ ਪਹਿਲਾਂ ਕੰਡਿਆਲੀ ਤਾਰ ਕੋਲ (ਦਰਸ਼ਨੀ ਸਥਾਨ ਦੇ ਐਨ ਨੇੜੇ) ਬਣਿਆ ਬੰਕਰ ਢਾਹ ਦਿੱਤਾ ਹੈ। ਇਹ ਬੰਕਰ ਭਾਰਤ-ਪਾਕਿ ਵਿਚਾਲੇ ਬਣਾਏ ਜਾ ਰਹੇ ਪੁਲ ਦੇ ਕੰਮ ’ਚ ਅੜਿੱਕਾ ਪੈਦਾ ਕਰ ਰਿਹਾ ਸੀ। ਇਸ ਨੂੰ ਢਾਹੁਣ ਲਈ ਨਿਰਮਾਣ ਏਜੰਸੀ ਨੇ ਪਹਿਲਾਂ ਸੈਨਾ ਦੇ ਉੱਚ ਅਧਿਕਾਰੀਆਂ ਤੋਂ ਪ੍ਰਵਾਨਗੀ ਲਈ ਹੈ। ਇਸੇ ਤਰ੍ਹਾਂ ਕੰਡਿਆਲੀ ਤਾਰ ਕੋਲ ਬਣੇ ਟਾਵਰ, ਦਰਸ਼ਨੀ ਸਥਾਨ ਤੋਂ ਇਲਾਵਾ ਕੰਟੀਨ ਤੇ ਨੇੜਲੇ ਸੈਂਡ ਨੂੰ ਢਾਹ ਦਿੱਤਾ ਗਿਆ ਹੈ। ਕੁਝ ਥਾਵਾਂ ’ਤੇ ਪੁਲੀਆਂ ਵੀ ਪੈ ਚੁੱਕੀਆਂ ਹਨ। ਪਾਕਿ ਸਰਕਾਰ ਨੇ ਕਰਤਾਰਪੁਰ ਲਾਂਘੇ ਦਾ ਕੰਮ 75 ਫ਼ੀਸਦ ਤੱਕ ਮੁਕੰਮਲ ਕਰ ਲਿਆ ਹੈ। ਕੌਮਾਂਤਰੀ ਸੀਮਾ ’ਤੇ ਬਣੇ ਧੁੱਸੀ ਬੰਨ੍ਹ ’ਤੇ ਖੜ੍ਹ ਕੇ ਪਾਕਿਸਤਾਨ ਵਾਲੇ ਪਾਸੇ ਲਾਂਘੇ ਦਾ ਹੋ ਰਿਹਾ ਕੰਮ ਦੇਖਿਆ ਜਾ ਸਕਦਾ ਹੈ। ਭਾਰਤ ਵਾਲੇ ਪਾਸੇ ਬਣਨ ਵਾਲੀ ਸੜਕ ਦੇ ਕੰਮ ਦੇ ਪਹਿਲੇ ਪੜਾਅ ਨੂੰ ਵੀ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਲਾਂਘੇ ਬਾਰੇ ਅਧਿਕਾਰੀਆਂ ਦੀ ਇਸ ਤੋਂ ਪਹਿਲਾਂ 19 ਮਾਰਚ ਅਤੇ 16 ਅਪਰੈਲ ਨੂੰ ਮੀਟਿੰਗ ਹੋ ਚੁੱਕੀ ਹੈ।