ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਚ ਵੇਚ ਕੇ ਮਾਲਾਮਾਲ ਹੋ ਰਹੇ ਸ਼ਹਿਰ ਦੇ 5 ਦਲਾਲਾਂ ਤੇ ਦਫ਼ਤਰਾਂ ਚ ਦਸਤਕ ਦਿੱਤੀ

ਜਗਰਾਉਂ (ਅਮਿਤ ਖੰਨਾ, ਪੱਪੂ  ):ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਚ ਵੇਚ ਕੇ ਮਾਲਾਮਾਲ ਹੋ ਰਹੇ ਸ਼ਹਿਰ ਦੇ 5 ਦਲਾਲਾਂ ਤੇ ਪੁਲਿਸ ਪ੍ਰਸ਼ਾਸਨ ਦੀ ਨਜ਼ਰ ਹੈ। ਇਸੇ ਸੂਹ ਤੇ ਅੱਜ ਜਗਰਾਓਂ ਪ੍ਰਸ਼ਾਸਨ ਅਤੇ ਪੁਲਿਸ ਦੀ ਟੀਮ ਨੇ ਇਨ੍ਹਾਂ ਦਲਾਲਾਂ ਦੇ ਦਫ਼ਤਰਾਂ ਚ ਦਸਤਕ ਦਿੱਤੀ। ਪ੍ਰਰਾਪਤ ਜਾਣਕਾਰੀ ਅਨੁਸਾਰ ਸੂਬੇ ਦੇ ਫੂਡ ਸਪਲਾਈ ਵਿਭਾਗ ਦੀ ਖੁਫੀਆ ਰਿਪੋਰਟ ਅਨੁਸਾਰ ਜਗਰਾਓਂ ਦੇ 5 ਦਲਾਲਾਂ ਵੱਲੋਂ ਸੂਬੇ ਦੇ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਆਪਣੀ ਟੀਮ ਨਾਲ ਮਿਲ ਕੇ ਵੇਚਦੇ ਆ ਰਹੇ ਹਨ। ਇਨ੍ਹਾਂ ਦਲਾਲਾਂ ਤੇ ਵਿਭਾਗਾਂ ਨੂੰ ਚਾਹੇ ਪੂਰੀ ਸੂਹ ਹੈ ਪਰ ਕੋਈ ਸਬੂਤ ਨਾ ਹੋਣ ਕਾਰਨ ਕਾਰਵਾਈ ਦੀ ਥਾਂ ਅੱਜ ਏਡੀਸੀ ਨਯਨ ਜੱਸਲ, ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ, ਐੱਸਐੱਚਓ ਕਮਲਦੀਪ ਕੌਰ ਅਤੇ ਏਐੱਫਐੱਸਓ ਬੇਅੰਤ ਸਿੰਘ ਦੀ ਟੀਮ ਨੇ ਇਨ੍ਹਾਂ ਦਲਾਲਾਂ ਦੇ ਦਫ਼ਤਰਾਂ ਵਿਚ ਦਸਤਕ ਦਿੰਦਿਆਂ ਪੁੱਛ ਪੜਤਾਲ ਕੀਤੀ। ਇਸ ਪੁੱਛ ਪੜਤਾਲ ਵਿਚ ਇਨ੍ਹਾਂ ਦਲਾਲਾਂ ਨੇ ਖੁਦ ਨੂੰ ਦੁੱਧ ਦੇ ਧੋਤਿਆਂ ਦੱਸਦਿਆਂ ਦੋ ਨੰਬਰ ਦੇ ਝੋਨੇ ਦੇ ਧੰਦੇ ਤੋਂ ਤੋਬਾ ਕੀਤੀ। ਇਸ 'ਤੇ ਟੀਮ ਨੇ ਸਰਕਾਰ ਦੇ ਹੁਕਮਾਂ ਅਨੁਸਾਰ ਉਕਤ ਸਾਰਿਆਂ ਨੂੰ ਦੋ ਨੰਬਰ ਦੇ ਝੋਨੇ ਦੀ ਖਰੀਦ ਅਤੇ ਵੇਚਣ ਦੇ ਮਾਮਲੇ ਵਿਚ ਸਖਤ ਕਾਰਵਾਈ ਦਾ ਪਾਠ ਪੜ੍ਹਾਉਂਦਿਆਂ ਇਹ ਕੰਮ ਨਾ ਕਰਨ ਸਬੰਧੀ ਲਿਖਤੀ ਵੀ ਲਿਆ। ਜਗਰਾਓਂ ਪ੍ਰਸ਼ਾਸਨ ਅਤੇ ਪੁਲਿਸ ਦੀ ਟੀਮ ਵੱਲੋਂ ਦਲਾਲਾਂ ਦੇ ਦਫ਼ਤਰਾਂ ਚ ਦਸਤਕ ਦੇ ਨਾਲ ਹੀ ਝੋਨੇ ਦੇ ਕਾਰੋਬਾਰ ਨਾਲ ਜੁੜੇ ਵਪਾਰੀਆਂ ਨੂੰ ਭਾਜੜ ਪਈ ਰਹੀ। ਦਿਨ ਭਰ ਇਸ ਟੀਮ ਦੀ ਦਸਤਕ ਦੀ ਚਰਚਾ ਬਣੀ ਰਹੀ।