ਫਤਿਹਵੀਰ ਦੇ ਸੁਸਤ ਅਤੇ ਗੈਰ-ਪੇਸ਼ਾਵਰ 'ਬਚਾਓ ਆਪਰੇਸ਼ਨ' ਲਈ ਮੁੱਖ ਮੰਤਰੀ ਜ਼ਿੰਮੇਵਾਰ ਹਨ-ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਨੂੰ ਤੁਰੰਤ ਸੂਬੇ ਦੇ ਸਿਵਲ ਇੰਜਨੀਅਰਿੰਗ ਵਿੰਗ ਅਤੇ ਫੌਜੀ ਇੰਜਨੀਅਰਾਂ ਨੂੰ ਬੁਲਾਉਣਾ ਚਾਹੀਦਾ ਸੀ

 ਕਾਂਗਰਸ ਸਰਕਾਰ ਨੂੰ ਬਚਾਓ ਆਪਰੇਸ਼ਨ ਲਈ ਹੱਥਾਂ ਨਾਲ ਖੁਦਾਈ ਕਰਨ ਦੀ ਬਜਾਇ ਉੱਚ ਤਕਨੀਕ ਵਾਲੀ ਮਸ਼ੀਨਰੀ ਮੰਗਵਾਉਣੀ ਚਾਹੀਦੀ ਸੀ

ਫਤਿਹਵੀਰ ਦੀ ਸਲਾਮਤੀ ਲਈ ਅਕਾਲੀ ਦਲ ਪ੍ਰਧਾਨ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ

 

ਚੰਡੀਗੜ੍ਹ, ਜੂਨ 2019-(ਜਨ ਸ਼ਕਤੀ ਨਿਉਜ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਖੇ ਇੱਕ 120 ਫੁੱਟ ਡੂੰਘੇ ਬੋਰ ਵਿਚ ਡਿੱਗੇ 2 ਸਾਲ ਦੇ ਬੱਚੇ ਫਤਿਹਵੀਰ ਨੂੰ ਬਚਾਉਣ ਲਈ ਰਾਜ ਸਰਕਾਰ ਵੱਲੋਂ ਆਰੰਭੇ ਸੁਸਤ ਅਤੇ ਗੈਰ-ਪੇਸ਼ਾਵਰ 'ਬਚਾਓ ਆਪਰੇਸ਼ਨ' ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਬੱਚੇ ਅਤੇ ਪੀੜਤ ਪਰਿਵਾਰ ਦੀ ਮੱਦਦ ਲਈ ਮਾਹਿਰਾਂ ਨੂੰ ਸੱਦਿਆ ਹੁੰਦਾ ਤਾਂ ਇਸ ਬਚਾਓ ਕਾਰਜ ਦੇ ਨਤੀਜੇ ਬਿਲਕੁੱਲ ਹੋਰ ਹੋਣੇ ਸਨ। 

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਫਤਿਹਵੀਰ ਨੂੰ ਬਚਾਉਣ ਲਈ ਵਿਸ਼ੇਸ਼ ਬਚਾਓ ਆਪਰੇਸ਼ਨ ਦਾ ਹੁਕਮ ਨਾ ਦੇ ਕੇ ਬੱਚੇ ਅਤੇ ਉਸ ਦੇ ਪਰਿਵਾਰ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਮੁੱਖ ਮੰਤਰੀ ਨੇ ਇਹ ਕੰਮ ਜ਼ਿਲ੍ਹਾ ਪ੍ਰਸਾਸ਼ਨ ਅਤੇ ਵਲੰਟੀਅਰਾਂ ਦੇ ਆਸਰੇ ਛੱਡ ਕੇ ਖ਼ੁਦ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲਿਆ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਬਾਰੇ ਸੋਚ ਕੇ ਮੇਰਾ ਮਨ ਭਰ ਆਉਂਦਾ ਹੈ, ਜਿਹਨਾਂ ਦੀ ਕਾਂਗਰਸ ਸਰਕਾਰ ਨੇ ਬਿਪਤਾ ਦੀ ਘੜੀ ਵਿਚ ਵੀ ਮੱਦਦ ਨਹੀਂ ਕੀਤੀ।ਸਰਕਾਰ ਮਾਹਿਰਾਂ ਦੀ ਮੱਦਦ ਨਾਲ ਬਚਾਓ ਕਾਰਜ ਪੇਸ਼ਾਵਰ ਤਰੀਕੇ ਨਾਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਨਾਲ ਕੀਮਤੀ ਸਮਾਂ ਬਚਣਾ ਸੀ। ਸਰਕਾਰ ਦੀ ਇਸ ਸੁਸਤੀ ਅਤੇ ਲਾਪਰਵਾਹੀ ਨੇ ਫਤਿਹਵੀਰ ਦੀ ਜ਼ਿੰਦਗੀ  ਖ਼ਤਰੇ ਵਿਚ ਪਾ ਦਿੱਤੀ ਹੈ ਅਤੇ ਸਾਨੂੰ ਸਾਰਿਆਂ ਨੂੰ ਨਿਰਾਸ਼ ਅਤੇ ਬੇਬਸ ਕਰ ਦਿੱਤਾ ਹੈ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਦੋ ਦਿਨ ਤਕ ਇਸ ਦੁਖਾਂਤ ਪ੍ਰਤੀ ਮੁੱਖ ਮੰਤਰੀ ਅੱਖਾਂ ਮੀਟੀ ਬੈਠਾ ਰਿਹਾ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਪਹਿਲੇ ਦਿਨ ਹੀ ਇਸ ਬਚਾਓ ਕਾਰਜ ਵਿਚ ਦਿਲਚਸਪੀ ਲਈ ਹੁੰਦੀ ਤਾਂ ਸੂਬੇ ਦੇ ਸਿਵਲ ਇੰਜਨੀਅਰਿੰਗ ਵਿਭਾਗ ਦੀ ਟੀਮ ਇਸ ਕਾਰਜ ਵਿਚ ਲਾਈ ਜਾ ਸਕਦੀ ਸੀ। ਉਹਨਾਂ ਕਿਹਾ ਕਿ ਦੂਜੇ ਦਿਨ ਹੀ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਬਚਾਓ ਕਾਰਜ ਲਈ ਲਾਈ ਐਨਡੀਆਰਐਫ ਦੀ ਟੀਮ ਕੋਲ ਸਥਿਤੀ ਨਾਲ ਨਜਿੱਠਣ ਦੇ ਸਾਧਨ ਨਹੀਂ ਸਨ ਅਤੇ ਨਾ ਹੀ ਇਸ ਕੋਲ ਫਹਿਤਵੀਰ ਨੂੰ ਬਚਾਉਣ ਲਈ ਸਹੀ ਖੁਦਾਈ ਕਰਵਾਉਣ ਵਾਸਤੇ ਮਾਹਿਰ ਇੰਜਨੀਅਰ ਸਨ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਗਲਤ ਤਰੀਕੇ ਨਾਲ ਬਚਾਓ ਪਾਇਪਾਂ ਲਗਾਉਣ, ਦੂਜੀ ਸੁਰੰਗ ਦੀ ਫਾਲਤੂ ਖੁਦਾਈ ਅਤੇ ਸਮਾਨੰਤਰ ਪਾਇਪ ਨੂੰ ਬਚਾਓ ਪਾਇਪ ਨਾਲ ਜੋੜਣ ਵਿਚ ਪੂਰਾ ਇੱਕ ਦਿਨ ਖਰਾਬ ਹੋ ਗਿਆ। 

ਸਰਦਾਰ ਬਾਦਲ ਨੇ ਕਿਹਾ ਕਿ ਫਤਿਹਵੀਰ ਨੂੰ ਬਚਾਉਣ ਲਈ ਤੁਰੰਤ ਰਾਜ ਸਿਵਲ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਅਤੇ ਫੌਜੀ ਇੰਜਨੀਅਰਾਂ ਨੂੰ ਬੁਲਾਉਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਪੇਸ਼ਵਾਰ ਜਾਣਕਾਰੀ ਤੋਂ ਕੋਰੇ ਸਥਾਨਕ ਵਰਕਰਾਂ ਨੂੰ ਕੰਮ ਵਿਚ ਲਾਉਣ ਨਾਲ ਬਚਾਓ ਕਾਰਜ ਵਿਚ ਬੇਲੋੜੀ ਦੇਰੀ ਹੋ ਗਈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਹੱਥਾਂ ਨਾਲ ਖੁਦਾਈ ਕਰਵਾਉਣ ਦੀ ਥਾਂ ਉੱਚ ਪੱਧਰੀ ਤਕਨੀਕ ਵਾਲੀ ਮਸ਼ੀਨਰੀ ਇਸਤੇਮਾਲ ਵਿਚ ਲਿਆਉਣੀ ਚਾਹੀਦੀ ਸੀ, ਜਿਸ ਨਾਲ ਕੀਮਤੀ ਸਮੇਂ ਦੀ ਬਰਬਾਦੀ ਨਹੀਂ ਸੀ ਹੋਣੀ। ਅਕਾਲੀ ਦਲ ਪ੍ਰਧਾਨ ਨੇ ਫਤਿਹਵੀਰ ਦੀ ਸਲਾਮਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਬੱਚਾ ਜਲਦੀ ਦੁਬਾਰਾ ਆਪਣੇ ਮਾਪਿਆਂ ਕੋਲ ਹੋਵੇਗਾ।