You are here

ਪੰਜਾਬ

ਨਿਵੇਸਕ ਸਿੱਖਿਆ, ਜਾਗਰੂਕਤਾ ਅਤੇ ਸੁਰੱਖਿਆ ਬਾਰੇ 3 ਰੋਜਾ ਸਿਖਲਾਈ ਸਮਾਪਤੀ ਸਮਾਰੋਹ ਕਰਵਾਇਆ ਗਿਆ


ਮਸਤੂਆਣਾ (ਡਾਕਟਰ ਸੁਖਵਿੰਦਰ ਬਾਪਲਾ/ਗੁਰਸੇਵਕ ਸੋਹੀ )  ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋਂ ਮਿਤੀ 6 ਜੂਨ 2022 ਤੋਂ 8 ਜੂਨ 2022 ਤੱਕ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਤਿੰਨ ਰੋਜਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦਾ ਸਮਾਪਤੀ ਸਮਾਰੋਹ ਬੜੇ ਵਿਲੱਖਣ ਤਰੀਕੇ ਨਾਲ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਤਕਰੀਬਨ 80 ਦੇ ਕਰੀਬ ਨੌਜਵਾਨਾਂ ਨੂੰ ਨਿਵੇਸਕ ਸਿੱਖਿਆ ਦੇ ਸੰਬੰਧ ਵਿੱਚ ਜਾਗਰੂਕ ਕੀਤਾ ਗਿਆ।ਇਸ ਪ੍ਰੋਗਰਾਮ ਦਾ ਆਯੋਜਨ ਜਿਲਾ ਯੂਥ ਅਫ਼ਸਰ - ਸ਼੍ਰੀਮਾਨ ਸਰਬਜੀਤ ਸਿੰਘ, ਅਕਾਊਂਟਸ ਅਤੇ ਪ੍ਰੋਗਰਾਮ ਸੁਪਰਵਾਈਜ਼ਰ - ਸ਼੍ਰੀਮਤੀ ਅਮਰਜੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਜਿਲ੍ਹਾ ਇੰਚਾਰਜ ਅਜੀਤ ਅਖਬਾਰ ਸੁਖਵਿੰਦਰ ਸਿੰਘ ਫੱਲ ਅਤੇ ਪ੍ਰੋਜੈਕਟ ਡਾਇਰੈਕਟਰ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਸ੍ਰੀ ਮੋਹਨ ਸ਼ਰਮਾਂ ਜੀ ਪਹੁੰਚੇ।  ਵਿਸੇ ਦੇ ਸੰਬੰਧਿਤ ਆਪਣੇ ਕੀਮਤੀ ਵਿਚਾਰ ਦੇਣ ਲਈ ਮੁੱਖ ਬੁਲਾਰੇ ਮੈਡਮ ਮਨਜੀਤ ਕੌਰ (ਅਸਿਸਟੈਂਟ ਪ੍ਰੋਫੈਸਰ) ਅਤੇ ਜਿਲਾ ਯੁਵਾ ਅਫਸਰ ਸ੍ਰੀਮਾਨ ਸਰਬਜੀਤ ਸਿੰਘ ਜੀ ਦੁਆਰਾ ਬੀਮੇ ਦੇ ਵੱਖ ਵੱਖ ਪੜਾਵਾਂ ਬਾਰੇ ਡੂੰਘਾਈ ਵਿੱਚ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ ਗਈ। ਦੋਵੇਂ ਮੁੱਖ ਬੁਲਾਰਿਆਂ ਨੇ ਬੜੇ ਵਿਲੱਖਣ ਤਰੀਕੇ ਨਾਲ ਨੌਜਵਾਨਾਂ ਸਾਹਮਣੇ ਆਪਣੇ ਵਿਚਾਰ ਪੇਸ਼ ਕੀਤੇ। ਜਿੰਨਾਂ ਨੇ ਇੱਕ ਇੱਕ ਕਰਕੇ ਮੁੱਖ ਵਿਸੇ ਦੇ ਸੰਬੰਧ ਵਿੱਚ ਨੌਜਵਾਨਾਂ ਅੱਗੇ ਆਪਣੇ ਕੀਮਤੀ ਵਿਚਾਰ ਰੱਖੇ। ਪ੍ਰੋਗਰਾਮ ਦੌਰਾਨ ਨੌਜਵਾਨਾਂ ਨੇ ਦੱਸਿਆ ਕਿ ਸਾਨੂੰ ਇਸ ਤਿੰਨ ਰੋਜਾ ਪ੍ਰੋਗਰਾਮ ਵਿੱਚੋਂ ਬੜਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਜੋ ਭਵਿੱਖ ਵਿੱਚ ਸਾਡੇ ਲਈ ਬੜਾ ਉਪਯੋਗੀ ਸਾਬਿਤ ਹੋਵੇਗਾ। ਪ੍ਰੋਗਰਾਮ ਦੇ ਅੰਤ ਵਿੱਚ ਨੌਜਵਾਨਾਂ ਨੂੰ ਸਰਟੀਫਿਕੇਟ, ਮੈਡਲ ਅਤੇ ਆਪਣਾ ਖਾਸ ਰੋਲ ਅਦਾ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨ ਚਿੰਨ ਵੀ ਦਿੱਤੇ ਗਏ। ਇਸ ਪ੍ਰੋਗਰਾਮ ਦਾ ਸਮਾਪਤੀ ਸਮਾਰੋਹ ਸਫਲਤਾਪੂਰਵਕ ਹੋ ਗੁਜਰਿਆ...

ਆਪ ਸਰਕਾਰ ਦਲਿਤਾਂ ਪਿਛੜੇ ਵਰਗਾਂ ਤੇ ਮਜ਼ਦੂਰਾਂ ਵਿਰੋਧੀ ਚੇਹਰਾ ਬੇਨਕਾਬ ਹੋਇਆ, ਅਸੀ ਚੁੱਪ ਨਹੀਂ ਬੈਠਾਂਗੇ - ਜਸਵੀਰ ਸਿੰਘ ਗੜ੍ਹੀ

ਸੰਗਰੂਰ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਬਸਪਾ ਨੇ ਕੀਤਾ ਘਿਰਾਓ

ਨੀਲੇ ਝੰਡਿਆਂ ਨਾਲ ਬਸਪਾ ਵਰਕਰ ਕੇਹਰ ਦੀ ਧੁੱਪ ਵਿਚ ਸੜਕਾਂ ਤੇ ਚਲੇ ਪੈਦਲ

ਸੰਗਰੂਰ 9 ਜੂਨ (ਗੁਰਸੇਵਕ ਸੋਹੀ/ ਸੁਖਵਿੰਦਰ ਬਾਪਲਾ)-   ਬਹੁਜਨ ਸਮਾਜ ਪਾਰਟੀ ਵਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਗਿਆ, ਜਿਸਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਕੀਤੀ। ਕਹਿਰ ਦੀ ਧੁੱਪ ਵਿਚ ਬਸਪਾ ਵਰਕਰਾਂ ਤੇ ਲੀਡਰਸ਼ਿਪ ਨੇ ਨੀਲੇ ਝੰਡਿਆਂ ਦੇ ਜਾਹੋ ਜਲਾਲ ਨਾਲ ਪੂਰੇ ਸ਼ਹਿਰ ਵਿਚ ਅੱਠ ਕਿਲੋਮੀਟਰ ਦੇ ਲਗਭਗ ਰੋਸ਼ ਮਾਰਚ ਕੱਢਿਆ, ਜਿਸ ਵਿਚ ਡੇਢ ਦੋ ਕਿਲੋਮੀਟਰ ਲੰਬਾ ਗੱਡੀਆਂ, ਮੋਟਰ ਸਾਈਕਲ, ਪੈਦਲ ਕਾਫ਼ਲਾ ਲਗਾਤਾਰ ਸਰਕਾਰ ਵਿਰੋਧੀ ਨਾਹਰੇਬਾਜੀ ਕਰਦਾ ਮੁੱਖ ਮੰਤਰੀ ਦੀ ਕੋਠੀ ਵੱਲ ਵਧਿਆ, ਜਿਸਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਨੇ ਖੁਦ ਸਾਇਕਲ ਚਲਾਕੇ ਕੀਤੀ। ਇਹ ਕਾਫਲਾ ਗੁਰੂਦਵਾਰਾ  ਨਾਨਕਿਆਣਾ ਸਾਹਿਬ ਤੋਂ ਚਲਕੇ ਮੁੱਖ ਬਾਜ਼ਾਰ ਤੋਂ ਹੁੰਦਾ ਹੋਇਆ ਮੁੱਖ ਮੰਤਰੀ ਦੀ ਰਿਹਾਇਸ਼ ਤੇ ਪੁੱਜਾ। ਇਸ ਮੌਕੇ ਸੰਗਰੂਰ ਤੇ  ਬਠਿੰਡਾ ਲੋਕ ਸਭਾ ਦੇ ਵਰਕਰ ਹੁੰਮ ਹੁੰਮਾ ਕੇ ਪੁੱਜੇ।
ਸ ਗੜ੍ਹੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਦੇ 80 ਦਿਨਾਂ ਸਰਕਾਰ ਵਿਚ ਮਜ਼ਦੂਰਾਂ/ਗਰੀਬਾਂ ਦੀਆਂ ਮੰਗਾਂ ਦੀ ਅਣਦੇਖੀ ਕੀਤੀ ਗਈ ਹੈ ਜਿਵੇਂ ਦਿਹਾੜੀ ਵਿਚ ਵਾਧਾ, ਮਨਰੇਗਾ ਦਿਹਾੜੀ ਤੇ ਕੰਮ ਦੇ ਦਿਨਾਂ ਵਿੱਚ ਵਾਧਾ, ਗਰੀਬਾਂ ਦੇ ਕਰਜੇ ਮਾਫ਼ੀ ਦਾ ਮੁੱਦਾ, ਗਰੀਬਾਂ ਲਈ ਕੰਮ ਕਾਜ ਲਈ ਸਸਤੇ ਤੇ ਸੌਖੇ ਕਰਜੇ, ਨੀਲਾ ਤੇ ਲਾਭਪਾਤਰੀ ਕਾਰਡ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਆਦਿ। ਪੰਜਾਬ ਦੇ ਪੰਚਾਇਤੀ ਜਮੀਨਾਂ ਦਾ ਤੀਜਾ ਹਿੱਸਾ ਅਨੁਸੂਚਿਤ ਜਾਤੀਆਂ ਲਈ , 1/3 ਪੱਛੜੀਆਂ ਸ਼੍ਰੇਣੀਆਂ ਲਈ, 1/3 ਸਾਂਝੇ ਵਰਗਾਂ ਲਈ ਰਾਖਵਾਂ ਕਰਨ ਲਈ ਬਸਪਾ ਨੇ ਪੰਜਾਬ ਵਿਚ ਲਾਮਬੰਦੀ ਸ਼ੁਰੂ ਕੀਤੀ ਹੈ।  ਆਪ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਬਣਾਕੇ ਬਿਜਲੀ ਦੀਆਂ 600 ਯੂਨਿਟਾਂ ਮਾਫ਼ੀ ਦਾ ਵਾਅਦਾ ਤੇ 1000 ਰੁਪਿਆ ਸਾਰੀਆਂ ਔਰਤਾਂ ਲਈ ਦਾ ਵਾਅਦਾ, ਬੇਰੁਜਗਾਰਾਂ ਲਈ ਨੌਕਰੀ ਦਾ ਵਾਅਦਾ, ਕੱਚੇ ਮੁਲਾਜ਼ਿਮ ਪੱਕੇ ਕਰਨ ਦਾ ਵਾਅਦਾ, ਆਦਿ ਗਾਰੰਟੀਆਂ ਯਾਦ ਕਰਾਉਣ ਲਈ ਬਸਪਾ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਦੀ ਅਸਫ਼ਲਤਾ ਉਪਰ ਬੋਲਦਿਆ ਸ ਗੜ੍ਹੀ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਕਤਲ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਨਤੀਜ਼ਾ ਹੈ। ਅਨੁਸੂਚਿਤ ਵਰਗਾਂ ਦੀ 85ਵੀ ਸੰਵਿਧਾਨਿਕ ਸੋਧ ਤੇ ਰਾਖਵਾਂਕਰਨ ਨੀਤੀ, ਓਬੀਸੀ ਜਮਾਤਾਂ ਲਈ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਸਬੰਧੀ ਬਸਪਾ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਬਸਪਾ ਪੰਜਾਬ ਦਾ ਇਹ ਅੰਦੋਲਨ ਡੇਰਾ ਬੱਸੀ ਵਿਖੇ 50 ਮਜ਼ਦੂਰਾਂ ਦੀਆਂ ਝੁੱਗੀਆਂ ਦੇ ਜਲਨ ਤੋਂ ਸ਼ੁਰੂ ਹੋਇਆ ਸੀ, ਜਿਸ ਵਿਚ ਇਕ ਡੇਢ ਸਾਲ ਦੀ ਬੱਚੀ ਵੀ ਅੱਗ ਨਾਲ ਜਲਕੇ ਮਰ ਗਈ ਸੀ। 
ਇਸ ਕੜੀ ਵਿਚ 20 ਮਈ ਨੂੰ ਬਸਪਾ ਪੰਜਾਬ ਨੇ SDM ਡੇਰਾਬੱਸੀ ਦਫਤਰ ਦਾ ਘਿਰਾਓ ਕੀਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਸੀ। ਫਿਰ ਮਈ 27 ਨੂੰ ਮੋਹਾਲੀ ਜਿਲ੍ਹਾ ਡਿਪਟੀ ਕਮਿਸ਼ਨਰ ਦਾ ਘਿਰਾਓ ਕੀਤਾ ਗਿਆ। ਮਜ਼ਦੂਰਾਂ ਗਰੀਬਾਂ ਦਲਿਤਾਂ ਤੇ ਪਛੜੇ ਵਰਗਾਂ ਲਈ ਆਪ ਪਾਰਟੀ ਦੀ ਸਰਕਾਰ ਦਾ ਨਿਕੰਮਾ ਰਵਈਆਂ ਦੇਖਦੇ ਹੋਏ ਬਸਪਾ ਨੇ 9ਜੂਨ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਸੀ। ਸ ਗੜ੍ਹੀ ਨੇ ਕਿਹਾ ਲੇਕਿਨ ਅਫਸੋਸ ਹੈ ਅੱਜ ਭਗਵੰਤ ਮਾਨ ਘਰ ਛੱਡਕੇ ਫਰਾਰ ਹੈ। ਬਸਪਾ ਆਗੂਆਂ ਦਾ ਮੰਗ ਪੱਤਰ ਡਿਊਟੀ ਮੈਜਿਸਟਰੇਟ ਸ਼੍ਰੀ ਨੱਛਤਰ ਸਿੰਘ ਨੇ ਲਿਆ। ਸਟੇਜ ਚਲਾਉਣ ਦੀ ਕਾਰਵਾਈ ਸ਼੍ਰੀ ਚਮਕੌਰ ਸਿੰਘ ਵੀਰ ਨੇ ਕੀਤੀ।
ਇਸ ਮੌਕੇ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ, ਅਜੀਤ ਸਿੰਘ ਭੈਣੀ, ਬਲਦੇਵ ਸਿੰਘ, ਚਮਕੌਰ ਸਿੰਘ ਵੀਰ, ਲਾਲ਼ ਸਿੰਘ ਸੁਲਹਾਣੀ, ਮੀਨਾ ਰਾਣੀ, ਰਾਜਾ ਰਾਜਿੰਦਰ ਸਿੰਘ,  ਦਰਸ਼ਨ ਸਿੰਘ ਝਲੂਰ, ਗੁਰਦੀਪ ਮਾਖਾ, ਲਖਵੀਰ ਸਿੰਘ ਨਿੱਕਾ, ਜੋਗਾ ਸਿੰਘ ਪਣੋਂਦੀਆਂ, ਗੁਰਮੇਲ ਚੁੰਬਰ, ਪਰਵੀਨ ਬੰਗਾ, ਜਸਵੰਤ ਰਾਏ, ਭਾਗ ਸਿੰਘ ਸਰੀਂਹ, ਅਮਰੀਕ ਸਿੰਘ ਕੈਂਥ, ਸ਼ਮਸ਼ਾਦ ਅੰਸਾਰੀ, ਰਣਧੀਰ ਸਿੰਘ ਨਾਗਰਾ, ਭੋਲਾ ਸਿੰਘ, ਬੰਤਾ ਸਿੰਘ ਕੈਂਪਰ, ਜਗਤਾਰ ਸਿੰਘ ਵਾਲੀਆਂ, ਜਗਰੂਪ ਸਿੰਘ, ਪਵਿੱਤਰ ਸਿੰਘ, ਨਿਰਮਲ ਸਿੰਘ ਮੱਟੂ, ਰਾਮ ਸਿੰਘ ਲੌਂਗੋਵਾਲ, ਜਗਦੀਸ਼ ਸ਼ੇਰਪੁਰੀ, ਹਰਬੰਸ ਹਰੀਗੜ੍ਹ, ਸੁਖਵਿੰਦਰ ਬਿੱਟੂ, ਲਾਲ ਚੰਦ ਔਜਲਾ, ਰਾਜਿੰਦਰ ਭੀਖੀ, ਜਗਦੀਪ ਗੋਗੀ, ਬਾਬੂ ਸਿੰਘ ਫਤਿਹਪੁਰ, ਜਸਵੀਰ ਜੱਸੀ, ਸੁਦਾਗਰ ਸਿੰਘ, ਰਣਜੀਤ ਕੁਮਾਰ, ਬਲਵਿੰਦਰ ਰੱਲ, ਹਰਜਿੰਦਰ ਬਿੱਲਾ, ਮਨੀ ਮਾਲਵਾ, ਵਿਕੀ ਬਹਾਦਰਕੇ, ਕੁਲਦੀਪ ਬਹਿਰਾਮ ਆਦਿ ਹਾਜ਼ਿਰ ਸਨ

ਨਹਿਰ ਕਿਨਾਰੇ ਖੜੇ੍ਹ ਦਰੱਖਤਾ ਨੂੰ ਕਿਸੇ ਸਰਾਰਤੀ ਅਨਸਰ ਨੇ ਲਾਈ ਅੱਗ  - Video


ਹਠੂਰ,  9 ਜੂਨ (ਕੌਸ਼ਲ ਮੱਲ੍ਹਾ)-ਲੁਧਿਆਣਾ-ਅਬੋਹਰ ਬਰਾਚ ਨਹਿਰ ਜੋ ਪਿੰਡ ਨਵਾਂ ਡੱਲਾ ਵਿਚੋ ਦੀ ਲੰਘਦੀ ਹੈ।ਇਸ ਨਹਿਰ ਕਿਨਾਰੇ ਖੜੇ੍ਹ ਦਰੱਖਤਾ ਨੂੰ ਕਿਸੇ ਸਰਾਰਤੀ ਅਨਸਰ ਵੱਲੋ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਪਿੰਡ ਨਵਾਂ ਡੱਲਾ ਦੇ ਬੱਸ ਸਟੈਡ ਦੇ ਨਜਦੀਕ ਕਿਸੇ ਸਰਾਰਤੀ ਅਨਸਰ ਨੇ ਦਰੱਖਤਾ ਨੂੰ ਅੱਗ ਲਾ ਦਿੱਤੀ ਇਸ ਅੱਗ ਨਾਲ ਸੈਕੜੇ ਪੰਛੀ ਅਤੇ 300 ਦੇ ਕਰੀਬ ਦਰੱਖਤ ਸੜ ਕੇ ਸੁਆਹ ਹੋ ਗਏ।ਉਨ੍ਹਾ ਦੱਸਿਆ ਕਿ  ਅੱਗ ਜਿਆਦਾ ਤੇਜ ਹੋਣ ਕਾਰਨ ਫਾਇਰ ਬਗੇ੍ਰਡ ਜਗਰਾਓ ਦੀ ਟੀਮ ਨੇ ਲਗਭਗ 40 ਮਿੰਟਾ ਵਿਚ ਅੱਗ ਤੇ ਕਾਬੂ ਪਾਇਆ।ਉਨ੍ਹਾ ਕਿਹਾ ਕਿ ਜੇਕਰ ਫਾਇਰ ਬਗੇ੍ਰਡ ਜਗਰਾਓ ਦੀ ਟੀਮ ਮੌਕੇ ਤੇ ਨਾ ਪਹੁੰਚਦੀ ਤਾਂ ਨਹਿਰ ਕਿਨਾਰੇ ਖੜ੍ਹੇ ਸਾਰੇ ਦਰੱਖਤ ਅੱਗ ਦੀ ਲਪੇਟ ਵਿਚ ਆ ਜਾਣੇ ਸੀ।ਉਨ੍ਹਾ ਕਿਹਾ ਕਿ ਗ੍ਰਾਮ ਪੰਚਾਇਤ ਡੱਲਾ ਅਤੇ ਨਵਾਂ ਡੱਲਾ ਵੱਲੋ ਦਰੱਖਤਾ ਨੂੰ ਬੱਚਿਆ ਦੀ ਤਰ੍ਹਾ ਪਾਲਿਆ ਜਾਦਾ ਹੈ,ਸਮੇਂ ਸਿਰ ਦਰੱਖਤਾ ਨੂੰ ਪਾਣੀ ਅਤੇ ਖਾਦ ਦਿੱਤਾ ਜਾਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਤੋ ਪਹਿਲਾ ਵੀ ਚਾਰ ਵਾਰ ਨਹਿਰ ਕਿਨਾਰੇ ਖੜ੍ਹੇ ਦਰੱਖਤਾ ਨੂੰ ਕਿਸੇ ਸਰਾਰਤੀ ਅਨਸਰ ਵੱਲੋ ਅੱਗ ਲਾਈ ਜਾ ਚੁੱਕੀ ਹੈ।ਉਨ੍ਹਾ ਕਿਹਾ ਕਿ ਅਸੀ ਜੰਗਲਾਤ ਵਿਭਾਗ ਨੂੰ ਬੇਨਤੀ ਕਰਦੇ ਹਾਂ ਕਿ ਅੱਗ ਲਾਉਣ ਵਾਲੇ ਖਿਲਾਫ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਉਨ੍ਹਾ ਨਾਲ ਸਰਪੰਚ ਗੁਰਦੀਪ ਸਿੰਘ, ਐਡਵੋਕੇਟ ਰੁਪਿੰਦਰਪਾਲ ਸਿੰਘ, ਕਮਲਜੀਤ ਸਿੰਘ ਜੀ ਓ ਜੀ, ਯੂਥ ਆਗੂ ਕਰਮਜੀਤ ਸਿੰਘ ਕੰਮੀ, ਗੁਰਚਰਨ ਸਿੰਘ, ਹਰਪ੍ਰੀਤ ਸਿੰਘ ਮੱਲ੍ਹਾ, ਕੰਵਲ ਸਿੰਘ, ਜਸਪ੍ਰੀਤ ਸਿੰਘ, ਸਤਨਾਮ ਸਿੰਘ ਮੱਲ੍ਹਾ, ਪ੍ਰਗਟ ਸਿੰਘ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ:- ਫਾਇਰ ਬਗੇ੍ਰਡ ਜਗਰਾਓ ਦੀ ਟੀਮ ਅੱਗ ਤੇ ਕਾਬੂ ਪਾਉਦੀ ਹੋਈ।

Facebook Video Link ; https://fb.watch/dxQsOEHRDN/

ਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਪਾਣੀ ਬਚਾਓ ਅਤੇ ਖੇਤੀ ਬਚਾਓ ਮੋਰਚੇ ਦੇ ਤੀਜੇ ਦਿਨ ਧਰਨਿਆਂ ਦੀ ਅਗਵਾਈ ਔਰਤ ਆਗੂਆਂ ਨੇ ਕੀਤੀ

 

ਜਥੇਬੰਦੀ ਵੱਲੋਂ ਪ੍ਰਦੂਸ਼ਣਗ੍ਰਸਤ ਪਿੰਡਾਂ ਦੇ ਲੋਕਾਂ ਦੁਆਰਾ ਮਹਿਦਵਾਣੀ ਸਾਬਣ ਫੈਕਟਰੀ ਦੇ ਘਿਰਾਓ ਦੀ ਠੋਕਵੀਂ ਹਮਾਇਤ

ਚੰਡੀਗੜ੍ਹ 8 ਜੂਨ ( ਜਨ ਸ਼ਕਤੀ ਨਿਊਜ਼ ਬਿਊਰੋ ) ਸੰਸਾਰ ਬੈਂਕ ਤੋਂ ਪਾਣੀ ਬਚਾਓ ਅਤੇ ਖੇਤੀ ਬਚਾਓ ਪੰਜ ਰੋਜ਼ਾ ਸੂਬਾਈ ਮੋਰਚੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਤੀਜੇ ਦਿਨ ਵੀ 18 ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ਵਿੱਚ ਧਰਨੇ ਲਾਏ ਗਏ ਜਿਨ੍ਹਾਂ ਵਿੱਚ ਬਹੁਤ ਥਾਂਵਾਂ'ਤੇ ਭਾਰੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਸਮੇਤ ਪੂਰੇ ਪੰਜਾਬ 'ਚ ਕੁੱਲ ਮਿਲਾ ਕੇ ਹਜ਼ਾਰਾਂ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਹੋਰ ਕਿਰਤੀ ਲੋਕ ਸ਼ਾਮਲ ਹੋਏ। ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਔਰਤ ਇਕਾਈਆਂ ਵਾਲੇ ਪਿੰਡਾਂ ਵਿੱਚ ਧਰਨਿਆਂ ਦੀ ਅਗਵਾਈ ਔਰਤ ਆਗੂਆਂ ਨੇ ਕੀਤੀ। ਜ਼ਿਆਦਾਤਰ ਧਰਨੇ ਪਿੰਡਾਂ ਦੇ ਜਲ ਘਰਾਂ ਵਿੱਚ ਲਾਏ ਗਏ। ਇਸੇ ਦੌਰਾਨ ਮਹਿਦਵਾਣੀ (ਹੁਸ਼ਿਆਰਪੁਰ) ਸਥਿਤ ਸਾਬਣ ਫੈਕਟਰੀ ਦੁਆਰਾ ਫੈਲਾਏ ਜਾ ਰਹੇ ਪਾਣੀ/ਹਵਾ ਦੇ ਜਾਨਲੇਵਾ ਪ੍ਰਦੂਸ਼ਣ ਨੂੰ ਰੋਕਣ ਲਈ ਹਜ਼ਾਰਾਂ ਇਲਾਕਾ ਨਿਵਾਸੀਆਂ ਵੱਲੋਂ ਕੀਤੇ ਗਏ ਘਿਰਾਓ ਦੀ ਹਮਾਇਤ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਇਸ ਜ਼ਿਲ੍ਹੇ ਦੇ ਕਿਸਾਨ ਕਾਰਕੁਨਾਂ ਦਾ ਜੱਥਾ ਲੈ ਕੇ ਸ਼ਮੂਲੀਅਤ ਕੀਤੀ ਗਈ। ਥਾਂ ਥਾਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਔਰਤ ਆਗੂ ਹਰਿੰਦਰ ਕੌਰ ਬਿੰਦੂ ਤੇ ਕਰਮਜੀਤ ਕੌਰ ਲਹਿਰਾਖਾਨਾ (ਬਠਿੰਡਾ), ਜਸਵੀਰ ਕੌਰ ਉਗਰਾਹਾਂ, ਬਿੰਦਰਪਾਲ ਕੌਰ ਭਦੌੜ ਤੇ ਕਮਲਜੀਤ ਕੌਰ (ਬਰਨਾਲਾ), ਗੁਰਪ੍ਰੀਤ ਕੌਰ ਬਰਾਸ ਤੇ ਮਨਦੀਪ ਕੌਰ ਬਾਰਨ (ਪਟਿਆਲਾ), ਬਚਿੱਤਰ ਕੌਰ ਤਲਵੰਡੀ ਮੱਲ੍ਹੀਆਂ (ਮੋਗਾ), ਸਰੋਜ ਰਾਣੀ ਦਿਆਲਪੁਰਾ (ਮਾਨਸਾ), ਪਲਵਿੰਦਰ ਕੌਰ ਗੋਸਲ ਤੇ ਮਨਜੀਤ ਕੌਰ ਤਲਵੰਡੀ (ਅੰਮ੍ਰਿਤਸਰ) ਸਮੇਤ ਜਥੇਬੰਦੀ ਦੇ ਸੂਬਾ ਆਗੂ ਅਤੇ ਜ਼ਿਲ੍ਹਿਆਂ/ਬਲਾਕਾਂ ਦੇ ਆਗੂ ਸ਼ਾਮਲ ਸਨ। 

              ਪਿੰਡ ਪਿੰਡ ਸੰਘਰਸ਼ੀ ਅਖਾੜੇ ਭਖਾ ਕੇ ਲੋਕ ਮੰਗ ਕਰ ਰਹੇ ਹਨ ਕਿ ਪਾਣੀ ਨੂੰ ਮੁਨਾਫਾਬਖਸ਼ ਵਪਾਰਕ ਵਸਤੂ ਐਲਾਨ ਕਰ ਚੁੱਕੇ ਸੰਸਾਰ ਬੈਂਕ ਦੀ ਜਲ ਨੀਤੀ ਅਧੀਨ ਪਾਣੀ ਦੇ ਸਾਰੇ ਸੋਮੇ ਦੇਸੀ ਵਿਦੇਸ਼ੀ ਕਾਰਪੋਰੇਟਾਂ ਨੂੰ ਸੌਂਪ ਕੇ ਅੰਨ੍ਹੇ ਮੁਨਾਫਿਆਂ ਦੇ ਸਾਧਨ ਬਣਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਸਾਰੇ ਨੀਤੀ ਕਦਮ ਅਤੇ ਸ਼ੁਰੂ ਕੀਤੇ ਸਾਰੇ ਪ੍ਰਾਜੈਕਟ ਪੰਜਾਬ ਅਸੈਂਬਲੀ 'ਚ ਮਤਾ ਪਾਸ ਕਰਕੇ ਰੱਦ ਕੀਤੇ ਜਾਣ। ਪੇਂਡੂ ਜਲ ਸਪਲਾਈ ਦਾ ਪਹਿਲਾ ਢਾਂਚਾ ਉਸੇ ਤਰ੍ਹਾਂ ਬਹਾਲ ਕੀਤਾ ਜਾਵੇ। ਲੋਕ ਰੋਹ ਦਾ ਨਿਸ਼ਾਨਾ ਬਣੀ ਮਹਿਦਵਾਣੀ ਸਾਬਣ ਫੈਕਟਰੀ ਵਾਂਗ ਹੀ ਧਰਤੀ ਹੇਠਲੇ ਪਾਣੀ ਸਮੇਤ ਦਰਿਆਵਾਂ ਨਹਿਰਾਂ ਅਤੇ ਸੇਮ ਨਾਲਿਆਂ ਨੂੰ ਪ੍ਰਦੂਸ਼ਿਤ ਕਰ ਰਹੀਆਂ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਵਰਗੇ ਵੱਡੇ ਸਨਅਤੀ ਸ਼ਹਿਰਾਂ ਦੀਆਂ ਸਾਰੀਆਂ ਸਨਅਤੀ ਇਕਾਈਆਂ,ਸ਼ਹਿਰੀ ਕਮੇਟੀਆਂ ਤੇ ਟ੍ਰਾਈਡੈਂਟ ਫੈਕਟਰੀ ਜਾਂ ਹੋਰ ਅਦਾਰਿਆਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕਰਕੇ ਸਜ਼ਾਵਾਂ ਦਿੱਤੀਆਂ ਜਾਣ ਅਤੇ ਪਾਣੀ ਦੇ ਜਾਨਲੇਵਾ ਪ੍ਰਦੂਸ਼ਣ ਨੂੰ ਰੋਕਿਆ ਜਾਵੇ। ਮੋਗਾ ਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਅਬੋਹਰ ਬ੍ਰਾਂਚ ਤੇ ਬਠਿੰਡਾ ਬ੍ਰਾਂਚ ਨਹਿਰਾਂ ਦੇ ਪਾਣੀ ਨੂੰ ਨਿੱਜੀ ਕਾਰਪੋਰੇਟਾਂ ਰਾਹੀਂ ਪਿੰਡ ਪਿੰਡ ਵਰਤਾਉਣ ਸੰਬੰਧੀ ਸੰਸਾਰ ਬੈਂਕ ਨਾਲ਼ ਕੀਤੇ ਅਰਬਾਂ ਰੁਪਏ ਦੇ ਦੇਸ਼ਧ੍ਰੋਹੀ ਸਮਝੌਤੇ ਰੱਦ ਕੀਤੇ ਜਾਣ। ਇਸੇ ਤਰ੍ਹਾਂ ਲੁਧਿਆਣਾ ਤੇ ਅੰਮ੍ਰਿਤਸਰ ਵੱਡੇ ਸ਼ਹਿਰਾਂ ਦੀ ਮੁਕੰਮਲ ਜਲ ਸਪਲਾਈ ਸੰਸਾਰ ਬੈਂਕ ਦੇ ਹੱਥਾਂ ਵਿੱਚ ਦੇਣ ਦੇ ਸਮਝੌਤੇ ਵੀ ਰੱਦ ਕੀਤੇ ਜਾਣ। ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਤੇ ਪੰਜਾਬ ਦਾ ਮੌਜੂਦਾ ਦੋ-ਫਸਲੀ ਚੱਕਰ ਬਦਲਣ ਲਈ 23 ਫਸਲਾਂ ਦੀ ( ਸੀ-2+50%) ਫਾਰਮੂਲੇ ਮੁਤਾਬਕ ਘੱਟੋ-ਘੱਟ ਖਰੀਦ ਮੁੱਲ ਉੱਪਰ ਸਰਕਾਰੀ ਖਰੀਦ ਦਾ ਕਾਨੂੰਨੀ ਹੱਕ ਦਿੱਤਾ ਜਾਵੇ। ਮੂੰਗੀ ਵਾਂਗ ਹੀ ਮੱਕੀ ਅਤੇ ਬਾਸਮਤੀ ਦੀ ਐਮ ਐੱਸ ਪੀ ਮਿਥ ਕੇ ਮੌਜੂਦਾ ਫ਼ਸਲ ਦੀ ਖਰੀਦ ਯਕੀਨੀ ਕਰਨ ਦਾ ਆਰਡੀਨੈਂਸ ਜਾਰੀ ਕੀਤਾ ਜਾਵੇ ਅਤੇ ਇਸ ਮਾਮਲੇ ਵਿੱਚ ਬੇਲੋੜੀਆਂ ਸ਼ਰਤਾਂ ਹਟਾਈਆਂ ਜਾਣ। ਘਰੇਲੂ ਪਾਣੀ ਅਤੇ ਖੇਤਾਂ ਦੇ ਪਾਣੀ ਦੀ ਸੰਜਮੀ ਵਰਤੋਂ ਲਈ ਨਹਿਰੀ ਸਿਸਟਮ ਦੇ ਪਸਾਰੇ ਅਤੇ ਦਰੁਸਤੀ ਤੋਂ ਇਲਾਵਾ ਬਰਸਾਤੀ ਪਾਣੀ ਦੀ ਧਰਤੀ ਵਿੱਚ ਮੁੜ-ਭਰਾਈ ਦਾ ਢਾਂਚਾ ਉਸਾਰਨ ਲਈ ਹੰਗਾਮੀ ਕਦਮ ਉਠਾਏ ਜਾਣ ਤੇ ਵੱਡੀ ਬਜਟ ਰਾਸ਼ੀ ਜੁਟਾਈ ਜਾਵੇ। ਹਰੇ ਇਨਕਲਾਬ ਦੇ ਦੋ-ਫਸਲੀ ਜ਼ਹਿਰੀਲੇ ਖੇਤੀ ਮਾਡਲ ਦੀ ਥਾਂ ਬਹੁ-ਫਸਲੀ ਕੁਦਰਤੀ ਖੇਤੀ ਵਾਲ਼ਾ ਆਤਮ-ਨਿਰਭਰ ਖੇਤੀ ਮਾਡਲ ਅਪਣਾਇਆ ਜਾਵੇ। ਜਿਹੜਾ ਕਾਰਪੋਰੇਟਾਂ, ਜਗੀਰਦਾਰਾਂ ਤੇ ਸੂਦਖੋਰਾਂ ਦੀ ਜਕੜ ਤੋਂ ਆਜ਼ਾਦ ਘਣੀ ਮਨੁੱਖੀ ਮਿਹਨਤ ਦੇ ਬਲਬੂਤੇ ਚੱਲਣ ਵਾਲਾ ਹੋਵੇ ਅਤੇ ਜਿਸ ਵਿੱਚ ਕਿਸਾਨਾਂ ਤੇ ਕਿਰਤੀਆਂ ਦੀ ਪੁੱਗਤ ਹੋਵੇ। ਜਿਹੜਾ ਕਿਸਾਨਾਂ ਮਜ਼ਦੂਰਾਂ ਲਈ ਗਲ਼ੇ ਦੀ ਫਾਹੀ ਬਣ ਕੇ ਉਨ੍ਹਾਂ ਨੂੰ ਖੇਤੀ ਕਿੱਤੇ 'ਚੋਂ ਬਾਹਰ ਧੱਕਣ ਵਾਲ਼ਾ ਨਾ ਹੋਵੇ, ਸਗੋਂ ਉਨ੍ਹਾਂ ਦੇ ਘਰਾਂ ਵਿੱਚ ਖੁਸ਼ਹਾਲੀ ਤੇ ਸਮਾਜਿਕ ਬਰਾਬਰੀ ਲਿਆਉਣ ਵਾਲਾ ਹੋਵੇ। ਬੁਲਾਰਿਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਲੋਕਾਂ ਨੂੰ ਘਰੇਲੂ/ਸਮਾਜਿਕ ਕੰਮਾਂ,ਕਾਰੋਬਾਰਾਂ ਤੇ ਖੇਤੀ ਲਈ ਪਾਣੀ ਦੀ ਵਰਤੋਂ ਪੂਰੀ ਸੰਜਮ ਨਾਲ ਕਰਨ ਲਈ ਪ੍ਰੇਰਨਾ ਮੁਹਿੰਮ ਵੀ ਮੋਰਚੇ ਦੇ ਨਾਲੋ-ਨਾਲ ਚਲਾਈ ਜਾ ਰਹੀ ਹੈ,ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਵੱਲੋਂ ਇਹ ਮੰਗਾਂ ਨਜ਼ਰਅੰਦਾਜ਼ ਕੀਤੇ ਜਾਣ ਦੀ ਸੂਰਤ ਵਿੱਚ ਇਨ੍ਹਾਂ ਦੀ ਪੂਰਤੀ ਲਈ ਸੰਘਰਸ਼ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ। ਦਸ ਜੂਨ ਤੱਕ ਲਗਾਤਾਰ ਚੱਲਣ ਵਾਲੇ ਇਨ੍ਹਾਂ ਸਰਵਸਾਂਝੇ ਮੋਰਚਿਆਂ ਵਿੱਚ ਬੁਲਾਰਿਆਂ ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਜ਼ੋਰਦਾਰ ਸੱਦਾ ਦਿੱਤਾ ਗਿਆ।

 ਜਾਰੀ ਕਰਤਾ: ਸੁਖਦੇਵ ਸਿੰਘ ਕੋਕਰੀ ਕਲਾਂ

ਫੋਟੋ ; ਪਿੰਡ ਕੋਕਰੀ ਕਲਾਂ ,ਮੋਗਾ

 

ਪੈਨਸ਼ਨਰਾਂ ਨੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਕੀਤਾ ਸਿਜਦਾ  


ਜਗਰਾਉਂ  08 ਜੂਨ  (ਰਣਜੀਤ ਸਿੱਧਵਾਂ)  :  ਅੱਜ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਪੰਜਾਬ ਪੈਨਸ਼ਨਰ ਯੂਨੀਅਨ ਜਗਰਾਉਂ  ਨੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਿਜਦਾ ਕੀਤਾ। ਇਸ ਮੌਕੇ ਬੋਲਦਿਆਂ ਅਵਤਾਰ ਸਿੰਘ ਗਗੜਾ, ਗੁਰਮੇਲ ਸਿੰਘ ਰੂੰਮੀ, ਗੁਰਮੇਲ ਸਿੰਘ ਮੈਲਡੇ ਪ੍ਰਧਾਨ, ਪਰਮਜੀਤ ਸਿੰਘ ਪੰਮੀ ਤੇ ਸਵਰਨ ਸਿੰਘ ਹਠੂਰ ਨੇ ਬਾਬਾ ਜੀ ਦੇ ਇਤਿਹਾਸ ਬਾਰੇ ਦੱਸਿਆ ਕਿ ਬਾਬਾ ਜੀ ਨੇ  ਮੁਗਲ ਫੌਜਾਂ ਨਾਲ ਲੜਦੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ, ਕਬਜ਼ਾ ਕਰਕੇ ਸੂਬਾ ਸਰਹੰਦ ਅਤੇ ਦੀਵਾਨ ਸੁੱਚਾਨੰਦ ਨੂੰ ਸਜ਼ਾ ਦੇ ਕੇ ਜ਼ੁਲਮਾਂ ਦਾ ਬਦਲਾ ਲਿਆ ਅਤੇ ਆਪਣਾ ਰਾਜ ਸਥਾਪਤ ਕੀਤਾ। ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਸਿੱਕਾ ਚਲਾਇਆ ਅਤੇ ਜ਼ਿਮੀਂਦਾਰ ਪ੍ਰਬੰਧ ਖਤਮ ਕਰਕੇ ਮੁਜਾਰਿਆਂ ਨੂੰ ਜ਼ਮੀਨਾਂ ਦੀ ਮਾਲਕੀ ਦਾ ਹੱਕ ਦਿੱਤਾ ਅਤੇ ਅਨੇਕਾਂ ਤਸੀਹੇ ਝੱਲ ਕੇ 9 ਜੂਨ 1716 ਨੂੰ ਸ਼ਹੀਦੀ ਪ੍ਰਾਪਤ ਕੀਤੀ ਸਿੱਖ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ। ਇਸ ਲਈ ਸਿੱਖ ਕੌਮ ਹਰ ਵੇਲੇ ਉਨ੍ਹਾਂ ਨੂੰ ਯਾਦ ਰੱਖਦੀ ਹੈ।ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ  ਦੀਆਂ ਪੈਨਸ਼ਨਾਂ ਵਿੱਚ 2.59 ਦੇ ਫਾਰਮੂਲੇ ਨਾਲ ਵਾਧਾ ਕੀਤਾ ਜਾਵੇ। 1.7.15 ਤੋਂ 31.12.15 ਤੱਕ 6% ਡੀ.ਏ ਦੀ ਕਿਸ਼ਤ ਦਾ ਬਕਾਇਆ ਦਿੱਤਾ ਜਾਵੇ, ਮੈਡੀਕਲ ਭੱਤਾ 2000 ਰੁਪਏ ਕੀਤਾ ਜਾਵੇ ਤੇ 1.1.16 ਤੋਂ ਬਣਦਾ ਬਕਾਇਆ ਜਲਦੀ ਦਿੱਤਾ ਜਾਵੇ, ਠੇਕੇ ਤੇ ਭਰਤੀ ਮੁਲਾਜ਼ਮ ਪੱਕੇ ਕੀਤੇ ਜਾਣ, ਪਨਬੱਸਾਂ ਦੀਆਂ ਕਰਜ਼ਾ ਮੁਕਤ ਬੱਸਾਂ ਸਟਾਫ਼ ਸਮੇਤ ਰੋਡਵੇਜ਼ ਵਿੱਚ ਸ਼ਾਮਲ ਕੀਤੀਆਂ ਜਾਣ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਸਰਕਾਰ ਵੱਲੋਂ ਮੁਲਾਜ਼ਮਾਂ ਵਿੱਚ ਪਾਇਆ ਰੋਸ ਦੂਰ ਕੀਤਾ ਜਾਵੇਗਾ । ਇਸ ਮੌਕੇ ਜਗਸੀਰ ਸਿੰਘ ਪ੍ਰਧਾਨ, ਬਲਜੀਤ ਸਿੰਘ ਬਿੱਲੂ, ਜਗਦੀਪ ਸਿੰਘ ਕਾਉਂਕੇ, ਦਲਜੀਤ ਸਿੰਘ, ਪ੍ਰਿਤਪਾਲ ਸਿੰਘ ਪੰਡੋਰੀ, ਕਰਮਜੀਤ ਸਿੰਘ, ਬਚਿੱਤਰ ਸਿੰਘ ਧੋਥਡ਼, ਰਾਮ ਜੀਜਸ, ਰਸਾਲ ਸਿੰਘ, ਹਰਪਾਲ ਸਿੰਘ ਵੀ ਹਾਜ਼ਰ ਸਨ ।

ਡਿਪਟੀ ਕਮਿਸ਼ਨਰ ਨੇ ਸੀਨੀ. ਸੈਕੰ. ਸਮਾਰਟ ਸਕੂਲ ਜ਼ੀਰਾ ਦੀ ਹੋਣਹਾਰ ਵਿਦਿਆਰਥਣ ਭਜਨਪ੍ਰੀਤ ਨੂੰ ਕੀਤਾ ਸਨਮਾਨਿਤ

ਜ਼ੀਰਾ, ਫਿਰੋਜ਼ਪੁਰ  08 ਜੂਨ (ਰਣਜੀਤ ਸਿੱਧਵਾਂ)  :  ਇੰਡੀਅਨ ਯੂਥ ਇਨਵੈਂਟਰਜ਼ ਐਂਡ ਇਨੋਵੇਟਰਜ਼ ਚੈਲੰਜ ਵਿੱਚ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੀ ਹੋਣਹਾਰ ਵਿਦਿਆਰਥਣ ਭਜਨਪ੍ਰੀਤ ਕੌਰ, ਜੋ ਕਿ ਜ਼ਿਲ੍ਹਾ ਪੱਧਰੀ, ਰਾਜ ਪੱਧਰੀ ਅਤੇ ਉੱਤਰੀ ਜ਼ੋਨ ਪੱਧਰੀ ਕੰਪੀਟੀਸ਼ਨ ਵਿੱਚ ਜੇਤੂ ਰਹਿੰਦਿਆਂ ਹੋਇਆਂ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਜੇਤੂ ਰਹੀ, ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਮੁਕਾਬਲੇ ਲਈ ਪੰਜਾਬ ਦੀ ਚੁਣੀਗਈ ਇਹ ਇਕੋ-ਇੱਕ ਵਿਦਿਆਰਥਣ ਹੈ, ਜਿਸ ਨੇ ਇਸ ਵੱਕਾਰੀ ਕੰਪੀਟੀਸ਼ਨ ਵਿੱਚ ਆਪਣੀ ਖੋਜ ਨਾਲ ਪੰਜਾਬ ਦੀ ਇਕ ਬਹੁਤ ਵੱਡੀ ਸਮੱਸਿਆ ਪਰਾਲੀ ਦੀ ਸਮੱਸਿਆ ਦਾ ਹੱਲ ਸੁਝਾਇਆ ਹੈ ।ਸਰਕਾਰੀ ਸਕੂਲ ਦੀ ਵਿਦਿਆਰਥਣ ਭਜਨਪ੍ਰੀਤ ਦੀ ਚੋਣ ਰਾਸ਼ਟਰੀ ਪੱਧਰ ਦੇ ਹੋਏ ਮੁਕਾਬਲੇ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ 178 ਨੌਜਵਾਨ ਖੋਜੀਆਂ ਵਿੱਚੋਂ ਕੀਤੀ ਗਈ ਹੈ ।ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸਕੂਲ ਦੀ ਇਸ ਬੇਮਿਸਾਲ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਜੀ ਨੇ ਵਿਦਿਆਰਥਣ ਭਜਨਪ੍ਰੀਤ ਕੌਰ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ।

ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ 'ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਹੋਈ ਪਹਿਲੀ ਰੈਂਡੇਮਾਈਜ਼ੇਸ਼ਨ

ਮਾਲੇਰਕੋਟਲਾ 08 ਜੂਨ  (ਰਣਜੀਤ ਸਿੱਧਵਾਂ) : ਜ਼ਿਲ੍ਹਾ ਮਲੇਰਕੋਟਲਾ 'ਚ ਜ਼ਿਮਨੀ ਚੋਣ ਲੋਕ ਸਭਾ ਹਲਕਾ ਸੰਗਰੂਰ ਨੂੰ ਮੁੱਖ ਰੱਖਦਿਆਂ ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਿਧਾਨ ਸਭਾ ਹਲਕੇ ਅਨੁਸਾਰ ਪਹਿਲੀ ਰੈਂਡੇਮਾਈਜੇਸ਼ਨ ਭਾਰਤ ਚੋਣ ਕਮਿਸ਼ਨ ਦੇ ਈ.ਵੀ.ਐਮ.ਮੈਨੇਜਮੈਂਟ ਸਿਸਟਮ ਸਾਫ਼ਟਵੇਅਰ ਰਾਹੀਂ ਕੀਤੀ ਗਈ।ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਦੀ ਅਗਵਾਈ 'ਚ ਕੀਤੀ ਗਈ ਪਹਿਲੀ ਰੈਂਡੇਮਾਈਜ਼ੇਸ਼ਨ ਮੌਕੇ ਜ਼ਿਲ੍ਹੇ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਜ਼ਿਮਨੀ ਚੋਣ ਲੋਕ ਸਭਾ ਹਲਕਾ ਸੰਗਰੂਰ ਲਈ ਚੋਣ ਹਲਕਾ ਮਾਲੇਰਕੋਟਲਾ -105 ਵਿਖੇ 201 ਚੋਣ ਬੂਥ ਅਤੇ ਇੱਕ ਆਗਜ਼ੀਲੇਰੀ ਬੂਥ ਸਥਾਪਿਤ ਕੀਤੇ ਗਏ ਹਨ । ਜਿਨ੍ਹਾਂ 'ਤੇ  ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀ.ਵੀ ਪੈਟ ਵੀ ਜੋੜਿਆ ਜਾਵੇਗਾ।  ਉਨ੍ਹਾਂ ਦੱਸਿਆ ਕਿ ਅੱਜ ਦੀ ਰੈਂਡੇਮਾਈਜ਼ੇਸ਼ਨ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ ਦੇ ਬਰਾਬਰ ਈ.ਵੀ.ਐਮ ਤੇ ਵੀ.ਵੀ ਪੈਟ ਤੋਂ ਇਲਾਵਾ 20 ਫ਼ੀਸਦੀ ਸੀ.ਯੂ, 20 ਫ਼ੀਸਦੀ ਬੀ.ਯੂ., 30  ਫ਼ੀਸਦੀ ਵੀ.ਵੀ ਪੈਟ ਹੋਰ ਰਾਖਵੇਂ ਕੀਤੇ ਗਏ ਹਨ ਜੋ ਕਿ ਕਿਸੇ ਯੂਨਿਟ ਦੇ ਖ਼ਰਾਬ ਹੋਣ ਦੀ ਸੂਰਤ ਵਿੱਚ ਵਰਤੇ ਜਾ ਸਕਣਗੇ । ਇਸ ਤੋਂ ਇਲਾਵਾ 10 ਫ਼ੀਸਦੀ ਮਸ਼ੀਨਾਂ ਟਰੇਨਿੰਗ ਲਈ ਰਾਖਵੀ ਰੱਖਿਆ ਹਨ । ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਅੱਜ ਦਫ਼ਤਰ ਡਿਪਟੀ ਕਮਿਸ਼ਨਰ ਦੇ ਮੀਟਿੰਗ ਰੂਮ ਵਿਖੇ ਕੀਤੀ ਗਈ ਰੈਂਡੇਮਾਈਜ਼ੇਸ਼ਨ ਦੀ ਪ੍ਰਕਿਰਿਆ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਸਥਿਤ ਜ਼ਿਲ੍ਹਾ ਈ.ਵੀ.ਐਮ. ਵੇਅਰ ਹਾਊਂਸ ਵਿਖੇ ਪਈਆਂ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੈਟਾਂ ਵਿੱਚੋ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਪੈਂਦੇ ਚੋਣ ਹਲਕਾ- 105 ਮਾਲੇਰਕੋਟਲਾ ਨੂੰ ਸਟਰੌਂਗ ਰੂਮਜ਼ ਵਿੱਚ ਤਬਦੀਲ ਕਰ ਲਈਆਂ ਜਾਣਗੀਆਂ । ਇਸ ਮੌਕੇ ਈ.ਵੀ.ਐਮ/ਵੀ.ਵੀ.ਪੈਟਜ਼ ਦੀ ਰੈਂਡੇਮਾਈਜੇਸ਼ਨ ਉਪਰੰਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਮਸ਼ੀਨਾਂ ਦੀ ਸੂਚੀ ਦੀਆਂ ਲਿਸਟਾਂ ਮੁਹੱਈਆ ਕਰਵਾਈਆਂ ਗਈਆਂ । ਇਸ ਮੌਕੇ ਮੌਜੂਦ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦਾ ਆਸਵਾਸ਼ਨ ਵੀ ਦਿੱਤਾ।

ਸੰਭਾਵੀ ਹੜ੍ਹਾਂ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣ : ਡਿਪਟੀ ਕਮਿਸ਼ਨਰ

ਮੀਟਿੰਗ ਦੌਰਾਨ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਫਿਰੋਜ਼ਪੁਰ 08 ਜੂਨ (ਰਣਜੀਤ ਸਿੱਧਵਾਂ)  ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੰਮ੍ਰਿਤ ਸਿੰਘ ਨੇ ਬੁੱਧਵਾਰ ਨੂੰ ਮਾਨਸੂਨ ਸੀਜ਼ਨ- 2022 ਦੌਰਾਨ ਸੰਭਾਵਿਤ ਹੜ੍ਹਾਂ ਨਾਲ ਨਜਿੱਠਣ ਲਈ ਹੋਈ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਗੇਤੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਦੀ ਹਿਦਾਇਤ ਕਰਦਿਆਂ ਕਿਹਾ ਕਿ ਸੰਭਾਵਿਤ ਹੜ੍ਹਾਂ ਦਾ ਸਾਹਮਣਾ ਕਰਨ ਲਈ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸ਼ਤੀਆਂ, ਲਾਈਫ਼ ਜੈਕਟਾਂ, ਫਲੱਡ ਲਾਈਟਾਂ, ਸਰਚ ਲਾਈਟਾਂ ਆਦਿ ਸਮਾਨ ਦੀ ਪਹਿਲਾਂ ਤੋਂ ਹੀ ਜਾਂਚ ਕਰ ਲਈ ਜਾਵੇ ਅਤੇ ਜੇਕਰ ਕਿਸੇ ਸਮਾਨ ਨੂੰ ਰਿਪੇਅਰ ਦੀ ਲੋੜ ਹੈ, ਤਾਂ ਤੁਰੰਤ ਰਿਪੇਅਰ ਕਰਵਾਈ ਜਾਵੇ। ਇਸ ਤੋਂ ਇਲਾਵਾ ਮਾਨਸੂਨ ਤੋਂ ਪਹਿਲਾਂ ਡਰੇਨੇਜ਼ ਅਤੇ ਸੀਵਰੇਜ਼ ਦੀ ਸਫ਼ਾਈ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਬੰਧਾਂ ਪੱਖੋਂ ਕਿਸੇ ਕਿਸਮ ਦੀ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ, ਇਸ ਲਈ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾਵੇ।

ਵਧੀਕ ਡਿਪਟੀ ਕਮਿਸ਼ਨਰ ਨੇ ਸੈਲਫ ਹੈਲਪ ਗਰੁੱਪਾਂ ਨੂੰ ਵੰਡੇ ਗਏ ਕਰੀਬ 02 ਕਰੋੜ 21 ਲੱਖ ਦੇ ਕਰਜ਼ਾ ਮੰਨਜੂਰੀ ਪੱਤਰ  


ਲੋਕਾਂ ਨੂੰ ਬੈਂਕਾਂ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਸਬੰਧੀ ਕੀਤਾ ਜਾਵੇ ਜਾਗਰੂਕ
 
ਫਤਹਿਗੜ੍ਹ ਸਾਹਿਬ ,  08 ਜੂਨ (ਰਣਜੀਤ ਸਿੱਧਵਾਂ) : ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਆਪਣਾ ਸਵੈ ਰੁਜਗਾਰ ਸ਼ੁਰੂ ਕਰਕੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਸੈਲਫ ਹੈਲਪ ਗਰੁੱਪ ਬਣਾ ਕੇ ਕਰਜੇ ਮੁਹੱਈਆਂ ਕਰਵਾਉਣ ਲਈ ਬੈਂਕਾਂ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੁਪ੍ਰਿਤਾ ਜੌਹਲ ਨੇ ਬੱਚਤ ਭਵਨ ਵਿਖੇ ਜ਼ਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੂੰ ਕਰੀਬ 02 ਕਰੋੜ 21ਲੱਖ ਦੇ ਕਰਜ਼ਿਆਂ ਦੇ ਮੰਨਜੂਰੀ ਪੱਤਰ ਦੇਣ ਮੌਕੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ  ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਵਧੀਆਂ ਕਾਰਗੁਜਾਰੀ ਦਿਖਾਉਣ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਊਨ੍ਹਾਂ ਦੀ ਮਿਹਨਤ ਸਦਕਾ ਸੈਲਫ ਹੈਲਪ ਗਰੁੱਪਾਂ ਨੂੰ ਪ੍ਰਮੋਟ ਕਰਨ ਲਈ ਜ਼ਿਲ੍ਹੇ ਨੂੰ ਸੂਬੇ ਭਰ ਵਿੱਚੋਂ ਦੂਜਾ ਸਥਾਨ ਹਾਸਿਲ ਹੋਇਆ ਹੈ।  ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਹੋਰ ਵੀ ਵਧੇਰੇ ਮਿਹਨਤ ਕਰਨੀ ਚਾਹੀਦੀ ਹੈ।  ਵਧੀਕ ਡਿਪਟੀ ਕਮਿਸ਼ਨਰ ਨੇ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਕਲੱਸਟਰ ਬਣਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਕਿੱਤਾ ਮੁਖੀ ਕੋਰਸ ਕਰਵਾ ਕੇ ਆਪਣਾ ਰੁਜਗਾਰ ਸੁਰੂ ਕਰਨ ਲਈ ਕਰਜ਼ੇ ਮੁਹੱਈਆ ਕਰਵਾਉਣ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ਤੇ ਚਲਾਈ ਜਾ ਰਹੀ ਪੇਂਡੂ ਸਵੈ ਰੁਜਗਾਰ ਟ੍ਰੇਨਿੰਗ ਸੰਸਥਾਂ (ਆਰਸੈਟੀ) ਵਿੱਚ ਚੱਲ ਰਹੇ ਵੱਖ-ਵੱਖ ਕੋਰਸਾਂ ਸਬੰਧੀ ਜਾਗੂਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸੰਸਥਾਂ ਤੋਂ ਟ੍ਰੇਨਿੰਗ ਲੈ ਕੇ ਆਪਣੇ ਬਿਊਟੀ ਪਾਰਲਰ, ਬੂਟੀਕ, ਫੈਸ਼ਨ ਡਿਜਾਈਨਿੰਗ, ਡੇਅਰੀ ਫਾਰਮਿੰਗ ਆਦਿ ਦਾ ਕੰਮ ਸੁਰੂ ਕਰਕੇ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਦੇ ਹਨ। ਇਸ ਮੌਕੇ ਡਿਪਟੀ ਜ਼ਿਲ੍ਹਾ ਮੈਨੇਜਰ ਸੈਂਟਰਲ ਕੋਆਪਰੇਟਿਵ ਫਤਹਿਗੜ੍ਹ ਸਾਹਿਬ ਭਾਸ਼ਕਰ ਕਟਾਰੀਆਂ ਨੇ ਸੈਲਫ ਹੈਲਪ ਗਰੁੱਪਾਂ ਨੂੰ ਮਿਲਣ ਵਾਲੇ ਕਰਜਿਆਂ ਸਬੰਧੀ  ਬੈਂਕਾਂ ਦੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਵਿੱਚ ਜਾਣੂੰ ਕਰਵਾਇਆ।  ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ੍ਰੀ ਜਸਵੰਤ ਸਿੰਘ ਸਮੇਤ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਹਾਜਰ ਸਨ।

ਆਨਲਾਈਨ ਸੱਟਾ ਲਾਉਣ ਵਾਲੇ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

02 ਲੈਪਟਾਪ, 12 ਸਮਾਰਟ ਫੋਨ, 08 ਕੀ-ਪੈਡ ਵਾਲੇ ਫੋਨ, 01 ਸੂਟਕੇਸ 20 ਫੋਨਾਂ ਦੇ ਸੈੱਟਅਪ ਅਤੇ 02 ਲਗਜ਼ਰੀ ਕਾਰਾਂ ਕੀਤੀਆਂ ਬ੍ਰਾਮਦ 

ਕਿਰਾਏਦਾਰ ਤਸਦੀਕ (Tenant verification) ਸਬੰਧੀ ਉਲੰਘਣਾ ਕਰਨ ਸਬੰਧੀ ਕਰੀਬ 200 ਵਿਅਕਤੀਆਂ ਨੂੰ ਜਵਾਬ ਤਲਬੀ ਨੋਟਿਸ ਜਾਰੀ 

ਐਸ.ਏ.ਐਸ. ਨਗਰ,  8 ਜੂਨ  ਸ੍ਰੀ ਵਿਵੇਕਸ਼ੀਲ ਸੋਨੀ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ.ਨਗਰ ਵਲੋਂ ਇਸ ਜਿਲ੍ਹਾ ਦਾ ਚਾਰਜ ਲੈਣ ਤੋਂ ਬਾਅਦ ਅਪਰਾਧਿਕ ਗਤੀਵਿਧੀਆ ਵਿੱਚ ਸ਼ਾਮਲ ਵਿਅਕਤੀ ਅਤੇ ਅਪਰਾਧਾਂ ਪਰ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਜਿਲ੍ਹਾ ਮੋਹਾਲੀ ਦੇ ਵੱਖ-ਵੱਖ ਜਗਾਵਾਂ ਜਿਵੇਂ ਕਿ ਟੀ.ਡੀ.ਆਈ ਸਿਟੀ, ਪੂਰਬ ਅਪਾਰਟਮੈਟ, ਸ਼ਾਹੀਮਾਜਰਾ, ਮਦਨਪੁਰਾ ਅਤੇ ਕਈ ਹੋਰ ਹਾਊਸਿੰਗ ਕਪਲੈਕਸਾਂ ਦੀ ਛਾਪੇਮਾਰੀ ਅਤੇ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆ ਨੂੰ ਨੋਟਿਸ ਜਾਰੀ ਕੀਤੇ ਗਏ। ਇਸ ਦੌਰਾਨ ਕਿਰਾਏਦਾਰ ਤਸਦੀਕ (Tenant verification) ਸਬੰਧੀ ਡੀ.ਸੀ ਸਾਹਿਬ ਮੋਹਾਲੀ ਵਲੋਂ ਕੀਤੇ ਗਏ ਪ੍ਰਤੱਖ ਹੁਕਮਾਂ ਦੀ ਉਲੰਘਣਾ ਕਰਨ ਸਬੰਧੀ 03 ਮੁਕੱਦਮੇ ਅ/ਧ 188 ਆਈ.ਪੀ.ਸੀ, 01 ਮੁਕੱਦਮਾ ਅ/ਧ 336 ਆਈ.ਪੀ.ਸੀ ਅਤੇ ਅਸਲਾ ਐਕਟ ਅਧੀਨ ਦਰਜ ਰਜਿਸਟਰ ਕੀਤੇ ਗਏ ਹਨ। ਕਰੀਬ 200 ਵਿਅਕਤੀਆਂ ਨੂੰ ਜਵਾਬ ਤਲਬੀ ਨੋਟਿਸ ਜਾਰੀ ਕੀਤੇ ਗਏ ਹਨ। ਇਸੇ ਲੜੀ ਵਿੱਚ ਸ੍ਰੀ ਸੁਖਨਾਜ ਸਿੰਘ, ਪੀ.ਪੀ.ਐਸ, ਡੀ.ਐਸ.ਪੀ ਸਹਿਰੀ-1 ਮੋਹਾਲੀ ਦੀ ਅਗਵਾਈ ਵਿੱਚ ਕੱਲ ਮਿਤੀ 6 ਜੂਨ ਨੂੰ ਇੰਸਪੈਕਟਰ ਨਵੀਨਪਾਲ ਸਿੰਘ ਲਹਿਲ, ਮੁੱਖ ਅਫਸਰ ਥਾਣਾ ਮਟੌਰ ਦੀ ਅਗਵਾਈ ਅਧੀਨ ਸਮੇਤ ਪੁਲਿਸ ਪਾਰਟੀ ਰੈਜੀਡੈਂਸੀਅਲ ਟਾਵਰ ਹੋਮਲੈਂਡ ਹਾਈਟਸ ਸੈਕਟਰ 70 ਮੋਹਾਲੀ ਵਿੱਚ ਚੈਕਿੰਗ ਕੀਤੀ ਜਾ ਰਹੀ ਸੀ। ਜਿਸ ਦੌਰਾਨ ਪੁਲਿਸ ਪਾਰਟੀ ਸਬ-ਇੰਸਪੈਕਟਰ ਵਲੈਤੀ ਰਾਮ ਅਧੀਨ ਨੂੰ ਮੁਖਬਰ ਖਾਸ ਪਾਸੋਂ ਇਤਲਾਹ ਪ੍ਰਾਪਤ ਹੋਈ ਕਿ ਜਿੰਬਬਾਵੇ ਅਤੇ ਅਫਗਾਨੀਸਤਾਨ ਵਿਚਕਾਰ ਚੱਲ ਰਹੇ ਕ੍ਰਿਕਟ ਮੈਚ ਪਰ ਹੋਮਲੈਂਡ ਹਾਈਟਸ ਦੇ ਟਾਵਰ ਨੰਬਰ 5 ਦੇ ਫਲੈਟ ਨੰਬਰ 53 ਜਿਸ ਵਿੱਚ ਕੁਝ ਵਿਅਕਤੀ ਜਿਹਨਾਂ ਦੇ ਨਾਮ 1) ਅਭਿਮੰਨਯੂ ਪੁੱਤਰ ਲੇਟ ਰਾਜ ਕੁਮਾਰ 2) ਪਵਨਦੀਪ ਪੁੱਤਰ ਸੁਭਾਸ ਚੰਦ 3) ਹਿਮਾਂਸੂ ਮਹਾਜਨ ਪੁੱਤਰ ਤਿਲਕ ਰਾਜ ਮਹਾਜਨ 4) ਤਾਹਿਰ ਮਹਾਜਨ ਪੁੱਤਰ ਸਤੀਸ਼ ਮਹਾਜਨ ਵਾਸੀਆਨ ਪਠਾਨਕੋਟ 5) ਮਾਨਿਕ ਬਾਂਸਲ ਪੁੱਤਰ ਨਰਿੰਦਰ ਕੁਮਾਰ ਵਾਸੀ ਜੀਰਕਪੁਰ ਮੋਬਾਇਲ ਫੋਨਾਂ ਅਤੇ ਲੈਪਟਾਪਾਂ ਰਾਹੀ ਆਨਲਾਈਨ ਦੜੇ-ਸੱਟੇ ਦਾ ਕੰਮ ਕਰ ਰਹੇ ਹਨ ਅਤੇ ਭੋਲੇ-ਭਾਲੇ ਲੋਕਾਂ ਨੂੰ ਲਾਲਚ ਦੇ ਕੇ ਉਹਨਾਂ ਨਾਲ ਮੋਟੀ ਰਕਮ ਦੀ ਠੱਗੀ-ਠੋਰੀ ਕਰ ਰਹੇ ਹਨ। ਉਕਤ ਇਤਲਾਹ ਪਰ ਮੁਕੱਦਮਾ ਨੰਬਰ 70 ਮਿਤੀ 06.06.2022 ਅ/ਧ 420 ਆਈ.ਪੀ.ਸੀ, 13 ਪਬਲਿਕ ਗੈਬਲਿੰਗ ਐਕਟ ਥਾਣਾ ਮਟੌਰ ਦਰਜ ਰਜਿਸਟਰ ਕਰ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ ਹੋਮਲੈਂਡ ਹਾਈਟਸ ਦੇ ਟਾਵਰ ਨੰਬਰ 5 ਦੇ ਫਲੈਟ ਨੰਬਰ 53 ਵਿੱਚ ਰੇਡ ਕੀਤੀ ਗਈ ਅਤੇ ਮੌਕੇ ਤੇ ਹੀ ਉਕਤਾਨ ਪੰਜੇ ਵਿਆਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤਫਤੀਸ ਦੌਰਾਨ ਦੋਸੀਆਨ ਪਾਸੋਂ ਆਨਲਾਈਨ ਸੱਟਾਂ ਲਾਉਣ ਲਈ ਵਰਤੇ ਜਾ ਰਹੇ 02 ਲੈਪਟਾਪ, 12 ਸਮਾਰਟ ਫੋਨ, 08 ਕੀ-ਪੈਡ ਵਾਲੇ ਫੋਨ, 01 ਸੂਟਕੇਸ 20 ਫੋਨਾਂ ਦੇ ਸੈੱਟਅਪ ਵਾਲਾ ਜਿਸ ਵਿੱਚ 08 ਛੋਟੇ ਫੋਨ (ਲੈਂਡਿੰਗ ਮਸੀਨ) ਅਤੇ 02 ਕਾਰਾਂ (ਮਾਰਕਾ ਇਨੋਵਾ ਅਤੇ ਬੀ.ਐਮ.ਡਬਲਿਊ) ਬਰਾਮਦ ਹੋਏ। ਦੋਸੀਆਨ ਦੀ ਪੁੱਛਗਿਛ ਤੇ ਸਾਹਮਣੇ ਆਉਣ ਪਰ ਇਨ੍ਹਾਂ ਦੇ ਸਰਗਨਾ ਰੂਬਲ ਮਹਾਜਨ ਵਾਸੀ ਪਠਾਨਕੋਟ ਹਾਲ ਵਾਸੀ ਹੋਮਲੈਂਡ ਹਾਈਟਸ ਮੋਹਾਲੀ ਨੂੰ ਮੁਕੱਦਮਾ ਵਿੱਚ ਨਾਮਜਦ ਕਰ ਗ੍ਰਿਫਤਾਰੀ ਲਈ ਟੀਮ ਤਿਆਰ ਕੀਤੀ ਗਈ ਹੈ। ਉਕਤ ਦੋਸੀਆਨ ਦੀ ਮੁਢਲੀ ਪੁੱਛਗਿਛ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।

ਪੀੜ੍ਹਤ ਮਾਤਾ 71ਵੇਂ ਦਿਨ ਵੀ ਭੁੱਖ ਹੜਤਾਲ ਰਹੀ - ਧਰਨਾ 78ਵੇਂ ਦਿਨ 'ਚ ਸ਼ਾਮਿਲ 

ਜੱਥੇਬੰਦੀਆਂ ਵਲੋਂ ਪਿੰਡਾਂ 'ਚ ਮੀਟਿੰਗਾਂ ਸ਼ੁਰੂ -ਪੇਂਡੂ ਮਜ਼ਦੂਰ ਯੂਨੀਅਨ 

ਜਗਰਾਉਂ 8 ਜੂਨ ( ਮਨਜਿੰਦਰ ਗਿੱਲ ) ਘਟਨਾ ਤੋਂ 16 ਸਾਲ ਬਾਦ ਸੰਗੀਨ ਧਰਾਵਾਂ ਅਧੀਨ ਦਰਜ ਕੀਤੇ ਮੁਕੱਦਮੇ 'ਚ ਨਾਮਜ਼ਦ ਡੀ.ਅੈਸ.ਪੀ., ਅੈਸ.ਆਈ. ਤੇ ਸਰਪੰਚ ਦੀ ਗ੍ਰਿਫਤਾਰੀ ਲਈ ਇਲਾਕੇ ਦੀਆਂ ਇਨਸਾਫ਼ਪਸੰਦ ਜੱਥੇਬੰਦੀਆਂ ਵਲੋ ਅਰੰਭਿਆ ਸੰਘਰਸ਼ ਅੱਜ 78ਵੇਂ ਦਿਨ ਵੀ ਜਾਰੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜੱਗਾ ਸਿੰਘ ਢਿਲੋਂ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ ਨੇ ਹਲਕਾ ਵਿਧਾਇਕ ਅਤੇ ਮੁੱਖ ਮੰਤਰੀ ਪੰਜਾਬ 'ਤੇ ਵਰਦਿਆਂ ਕਿਹਾ ਕਿ ਪੁਲਿਸ ਅਧਿਕਾਰੀ ਕਾਨੂੰਨ ਪੀੜ੍ਹਤ ਗਰੀਬ ਪਰਿਵਾਰ ਨੂੰ ਇਨਸਾਫ਼ ਨਾਂ ਦੇ ਕੇ ਨਾਂ ਸਿਰਫ਼ ਕਾਨੂੰਨ ਨੂੰ ਛਿੱਕੇ ਟੰਗ ਰਿਹਾ ਏ ਸਗੋਂ ਦੋਵਾਰਾ 'ਅੈਟਰੋਸਟੀ" ਕਰ ਰਹੇ ਹਨ। ਪੀੜ੍ਹਤ ਮਾਤਾ ਸੁਰਿੰਦਰ ਕੌਰ ਅੱਜ 71ਵੇਂ ਦਿਨ ਵੀ ਭੁੱਖ ਹੜਤਾਲ 'ਤੇ ਬੈਠੀ ਰਹੀ। ਮਾਤਾ ਨੇ ਕਿਹਾ ਕਿ ਇਥੇ ਕੋਈ ਸੁਣਨ ਵਾਲਾ ਨਹੀਂ ਹੈ। ਪ੍ਰੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅੱਚਰਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ਼) ਦੇ ਆਗੂ ਬਲਦੇਵ ਸਿੰਘ ਫੌਜੀ ਤੇ   ਬਖਤਾਵਰ ਸਿੰਘ, ਯੂਥ ਵਿੰਗ ਕਨਵੀਨਰ ਮਨੋਹਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਹਰੀ ਸਿੰਘ ਚਚਰਾੜੀ, ਕੁੱਲ ਹਿੰਦ ਕਿਸਾਨ ਸਭਾ ਵਲੋ ਨਿਰਮਲ ਸਿੰਘ ਧਾਲੀਵਾਲ, ਏਟਕ ਆਗੂ ਜਗਦੀਸ਼ ਸਿੰਘ ਕਾਉਂਕੇ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਬਲਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਰਾਮਤੀਰਥ ਸਿੰਘ ਲੀਲਾਂ, ਜੱਗਾ ਸਿੰਘ ਢਿੱਲੋ, ਬਾਬਾ ਬੰਤਾ ਸਿੰਘ ਡੱਲਾ ਨੇ ਕਿਹਾ ਕਿ ਰਸੂਲਪੁਰ ਦਾ ਇਹ ਪੜਿਆ ਲਿਖਿਆ ਪਰਿਵਾਰ ਪੁਲਿਸ ਦੇ ਅੱਤਿਆਚਾਰਾਂ ਨੇ ਤਬਾਹ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਰਿੰਦਰ ਬੱਲ ਵਲੋ ਇਸ ਪਰਿਵਾਰ 'ਤੇ ਅੱਤਿਆਚਾਰ ਦੀ ਇਹ ਕੋਈ ਇਕਲੌਤੀ ਘਟਨਾ ਨਹੀਂ ਹੈ ਸਗੋ ਬੱਲ ਹੋਰ ਵੀ ਕਈ ਅਪਰਾਧਿਕ ਕੇਸ ਅਦਾਲਤਾਂ ਚ ਲੰਬਤ ਹਨ ਅਤੇ ਕਈ ਪੜਤਾਲ ਅਧੀਨ ਹਨ। ਕ‍ਾਬਲ਼ੇਗੌਰ ਹੈ ਕਿ ਸਥਾਨਕ ਪੁਲਿਸ ਦੇ ਤੱਤਕਾਲੀ ਆਪੂ ਬਣੇ ਥਾਣੇਦਾਰ ਗੁਰਿੰਦਰ ਬੱਲ ਤੇ ਚੌਂਕੀ ਮੁਖੀ ਰਾਜਵੀਰ ਨੇ ਮਾਤਾ ਸੁਰਿੰਦਰ ਕੌਰ ਤੇ ਧੀ ਕੁਲਵੰਤ ਕੌਰ ਨੂੰ ਅੱਧੀ ਰਾਤੋੰ ਜ਼ਬਰਦਸਤੀ ਘਰੋਂ ਚੁਕਿਆ ਅਤੇ ਥਾਣੇ ਲਿਆ ਕੇ ਅੱਧੀ ਰਾਤੀਂ ਅਣ-ਮਨੁੱਖੀ ਤਸੀਹੇ ਦਿੱਤੇਥੇ ਕਰੰਟ ਲਗਾਇਆ ਸੀ। ਥਾਣੇਦਾਰ ਵਲੋਂ ਕੀਤੇ ਜ਼ੁਲਮਾਂ ਕਾਰਨ ਕੁਲਵੰਤ ਕੌਰ ਸਰੀਰਕ ਤੌਰ 'ਤੇ ਨਕਾਰਾ ਹੋ ਕੇ ਡੇਢ ਦਹਾਕਾ ਮੰਜੇ ਤੇ ਪਈ ਰਹੀ ਅੰਤ ਜ਼ਖ਼ਮਾਂ ਦੀ ਤਾਬ ਨਾਂ ਝੱਲਦੀ ਹੋਈ 10 ਦਸੰਬਰ 2021 ਨੂੰ ਫੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਮੌਕੇ ਦੇ ਅੈਸ.ਅੈਸ.ਪੀ. ਅਾਰ.ਬੀ. ਸਿੰਘ ਸੰਧੂ ਨੇ ਮ੍ਰਿਤਕ ਕੁਲਵੰਤ ਕੌਰ ਦੇ ਭਰਾ ਇਕਬਾਲ ਸਿੰਘ ਦੇ ਬਿਆਨਾਂ 'ਤੇ ਦੋਸ਼ੀਆਂ ਖਿਲਾਫ਼ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਸੀ ਪਰ ਅਜੇ ਤੱਕ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਹੋਣ ਕਾਰਨ ਪੀੜ੍ਹਤ ਪਰਿਵਾਰ ਸੰਘਰਸ਼ ਦੇ ਰਾਹ ਤੇ ਹੈ। ਪਰਿਵਾਰ ਦੀ ਮੱਦਦ ਕਰ ਰਹੀਆਂ ਜਨਤਕ ਜੱਥੇਬੰਦੀਆਂ ਨਾਂ ਸਿਰਫ਼ ਅੇੈਸ. ਅੈਸ.ਪੀ. ਦਫ਼ਤਰ ਦਾ ਘਿਰਾਓ ਚੁੱਕੀਆਂ ਹਨ ਸਗੋਂ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੇ ਦਫ਼ਤਰ ਦਾ ਘਿਰਾਓ ਵੀ ਕਰ ਚੁੱਕੀਆਂ ਹਨ। ਇਸ ਸਮੇਂ ਭੁੱਖ ਹੜਤਾਲੀ ਮਾਤਾ ਨੇ ਕਿਹਾ ਮੇਰੀ ਬੇਟੀ ਦੀ ਮੌਤ ਤੋਂ ਬਾਦ ਪੁਲਿਸ ਨੇ ਦੋਸ਼ੀਆਂ 'ਤੇ ਪਰਚਾ ਦਰਜ ਕੀਤਾ ਹੈ ਹੁਣ ਸ਼ਾਇਦ ਗ੍ਰਿਫਤਾਰੀ ਲਈ ਪੁਲਿਸ ਅਧਿਕਾਰੀ ਪੀੜ੍ਹਤ ਪਰਿਵਾਰ ਚੋਂ ਕਿਸੇ ਹੋਰ ਮੌਤ ਦੀ ਉਡੀਕ ਕਰ ਰਹੇ ਹਨ। ਇਸ ਸਮੇਂ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹ‍ਾ ਕਿ ਆਮ ਅਾਦਮੀ ਪਾਰਟੀ ਦੀ ਮੌਜੂਦਾ ਸਰਕਾਰ ਵੀ ਅੌਰਤਾਂ ਨੂੰ ਇਨਸਾਫ਼ ਦੇਣ ਦੇ ਮੁੱਦੇ 'ਤੇ ਫੇਲ਼ ਸਾਬਤ ਹੋ ਰਹੀ ਲਗਦੀ ਹੈ। ਅੱਜ ਦੇ ਧਰਨੇ ਵਿੱਚ ਬਾਬਾ ਬੰਤਾ ਸਿੰਘ ਡੱਲਾ, ਸਾਧੂ ਸਿੰਘ, ਗੁਲਜਾਰ ਸਿੰਘ ਤੇ ਠੇਕੇਦਾਰ ਅਵਤਾਰ ਸਿੰਘ ਵੀ ਹਾਜ਼ਰ ਸਨ।

ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਲੇ ਅਤੇ ਕਿਰਤੀਆਂ ਨੂੰ ਸਰਦਾਰੀਆਂ ਬਖਸ਼ਣ ਵਾਲੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸ਼ਹੀਦੀ ਦਿਹਾੜਾ ਰਕਬਾ ਭਵਨ ਵਿਖੇ ਮਨਾਇਆ


ਡਾ. ਰਣਜੀਤ ਸਿੰਘ ਦੀ ਲਿਖੀ ਪੁਸਤਕ ਲੋਕਰਾਜ ਸਿਰਜਕ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਸ਼ੁੱਧ ਸਿੰਘ, ਦਾਖਾ ਅਤੇ ਬਾਵਾ ਨੇ ਰਿਲੀਜ ਕੀਤੀ
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 4 ਸਾਲਾਂ ਸ਼ਹੀਦ ਸਪੁੱਤਰ ਅਜੇ ਸਿੰਘ ਦੀ ਰਕਬਾ ਭਵਨ ਵਿਖੇ ਢੁੱਕਵੀ ਯਾਦਗਾਰ ਬਣਾਵਾਂਗੇ- ਬਾਵਾ
ਬਾਵਾ, ਬਲਦੇਵ, ਅਸ਼ਵਨੀ, ਮਨੋਜ ਅਤੇ ਉਮਰਾਓ  ਸਿੰਘ ਦੀ ਅਗਵਾਈ 'ਚ ਜੱਥਾ ਉਜੈਨ (ਮੱਧ ਪ੍ਰਦੇਸ਼) ਸ਼ਹੀਦੀ ਦਿਹਾੜਾ ਮਨਾਉਣ ਲਈ ਹੋਇਆ ਰਵਾਨਾ
ਮੁੱਲਾਂਪੁਰ ਦਾਖਾ, 7 ਜੂਨ (ਸਤਵਿੰਦਰ ਸਿੰਘ ਗਿੱਲ)- ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਮਹਾਨ ਯੋਧੇ, ਜਰਨੈਲ, ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਵਾਲੇ ਅਤੇ ਕਿਰਤੀਆਂ ਨੂੰ ਸਰਦਾਰੀਆਂ ਬਖਸ਼ਣ ਵਾਲੇ ਸ਼੍ਰੋੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸ਼ਹੀਦੀ ਦਿਹਾੜਾ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ, ਕਨਵੀਨਰ ਬਲਦੇਵ ਬਾਵਾ, ਬੈਰਾਗੀ ਮਹਾਂਮੰਡਲ ਪੰਜਾਬ ਦੇ ਪ੍ਰਧਾਨ ਬਾਵਾ ਰਵਿੰਦਰ ਨੰਦੀ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ ਅਤੇ ਪ੍ਰਧਾਨ ਫਾਊਂਡੇਸ਼ਨ ਹਰਿਆਣਾ ਉਮਰਾਉ ਸਿੰਘ ਛੀਨਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ ਜਦਕਿ ਸਮਾਗਮ ਵਿਚ ਬਾਬਾ ਸ਼ੁੱਧ ਸਿੰਘ ਟੂਸਿਆਂ ਵਾਲੇ ਮੁੱਖ ਤੌਰ 'ਤੇ ਸ਼ਾਮਲ ਹੋਏ। ਇਸ ਸਮੇਂ ਫਾਊਂਡੇਸ਼ਨ ਵੱਲੋਂ ਸੱਤ ਪ੍ਰਮੁੱਖ ਸ਼ਖਸ਼ੀਅਤਾਂ ਜਿਹਨਾਂ 'ਚ ਬਾਬਾ ਸ਼ੁੱਧ ਸਿੰਘ, ਮਨਜੀਤ ਸਿੰਘ ਹੰਬੜਾਂ, ਡਾ. ਰਜਿੰਦਰ ਸਿੰਘ ਕੁਰਾਲੀ ਕਾਲਮ ਨਵੀਸ, ਤ੍ਰਿਲੋਚਨ ਸਿੰਘ ਬਿਲਾਸਪੁਰ, ਅੰਮ੍ਰਿਤਪਾਲ ਸਿੰਘ, ਅੰਗਰੇਜ ਸਿੰਘ ਬਰਨਾਲਾ, ਮੰਗਲੇਸ਼ ਕੌਰ ਅਮਰੀਕਾ (ਜਿਹਨਾਂ ਨੂੰ ਯੂ.ਐੱਸ.ਏ. ਫਾਊਂਡੇਸ਼ਨ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ), ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸਨਮਾਨ ਭੇਂਟ ਕੀਤਾ ਗਿਆ।
ਇਸ ਸਮੇਂ ਬਾਵਾ ਨੇ ਕਿਹਾ ਕਿ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ, ਸਮਾਜ ਨੂੰ ਦੇਣ, ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ, ਮੁਜਾਹਰਿਆਂ ਨੂੰ ਜਮੀਨਾਂ ਦੇ ਮਾਲਕ ਬਣਾਉਣਾ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਜ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕਰਨਾ, 740 ਸਿੰਘਾਂ ਅਤੇ ਬਾਬਾ ਜੀ ਦੀ ਸ਼ਹਾਦਤ, ਚਾਰ ਸਾਲਾ ਸਪੁੱਤਰ ਅਜੇ ਸਿੰਘ ਦਾ ਕਲੇਜਾ ਕੱਢਕੇ ਬਾਬਾ ਜੀ ਦੇ ਮੂੰਹ ਵਿਚ ਪਾਉਣਾ, ਇਹ ਘਟਨਾਵਾਂ ਸਾਡੀ ਜਿੰਦਗੀ ਨੂੰ ਝੰਜੋੜਣ ਵਾਲੀਆਂ ਹਨ। ਆਓ ਸਾਰੇ ਹਰ ਸਾਲ ਮਿਲਕੇ ਮਹਾਨ ਯੋਧੇ ਜਰਨੈਲ ਦੇ ਜੀਵਨ ਨਾਲ ਸਬੰਧਿਤ ਚਾਰ ਇਤਿਹਾਸਿਕ ਦਿਹਾੜੇ 16 ਅਕਤੂਬਰ ਜਨਮ ਉਤਸਵ, 9 ਜੂਨ ਸ਼ਹੀਦੀ ਦਿਹਾੜਾ, 3 ਸਤੰਬਰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਗੋਦਾਵਰੀ ਨਦੀ ਦੇ ਕੰਢੇ ਮਿਲਾਪ, 12 ਮਈ ਸਰਹਿੰਦ ਫਤਿਹ ਅਤੇ ਜਿੱਤ ਦਾ ਝੰਡਾ ਲਹਿਰਾਉਣਾ, ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਨਾ ਆਦਿ ਵੱਡੇ ਸਮਾਗਮ ਆਯੋਜਿਤ ਕਰਕੇ ਮਨਾਈਏ। ਇਸ ਸਮੇਂ ਡਾ. ਰਣਜੀਤ ਸਿੰਘ ਦੀ ਲਿਖੀ ਪੁਸਤਕ ਲੋਕ ਰਾਜ ਸਿਰਜਕ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਵੀ ਬਾਬਾ ਸ਼ੁੱਧ ਸਿੰਘ, ਦਾਖਾ ਅਤੇ ਬਾਵਾ ਵੱਲੋਂ ਰਿਲੀਜ ਕੀਤੀ ਗਈ।
ਇਸ ਸਮੇਂ ਸ. ਗਿੱਲ ਨੇ ਜਾਣਕਾਰੀ ਦਿੱਤੀ ਕਿ ਸਮਾਗਮ ਤੋਂ ਉਪਰੰਤ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ 5 ਮੈਂਬਰੀ ਜੱਥਾ ਜਿਸ ਵਿਚ ਬਲਦੇਵ ਬਾਵਾ, ਅਸ਼ਵਨੀ ਮਹੰਤ, ਮਨੋਜ ਅਤੇ ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਉ ਸਿੰਘ ਸ਼ਾਮਲ ਹੋਣਗੇ, ਰਵਾਨਾ ਹੋਵੇਗਾ ਜੋ ਉਜੈਨ (ਮੱਧ ਪ੍ਰਦੇਸ਼) ਵਿਖੇ ਛਿਪਰਾ ਨਦੀ ਦੇ ਕੰਢੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਅ ਪ੍ਰਾਪਤ ਗੁਰਦੁਆਰਾ ਸਾਹਿਬ ਵਿਚ 9 ਜੂਨ ਨੂੰ ਸਮਾਗਮ ਆਯੋਜਿਤ ਕੀਤੇ ਜਾਣਗੇ। ਇਸ ਸਮੇਂ ਬੀਬੀ ਗੁਰਮੀਤ ਕੌਰ ਆਹਲੂਵਾਲੀਆ, ਬਲਜਿੰਦਰ ਸਿੰਘ ਮਲਕਪੁਰ, ਪ੍ਰਮਿੰਦਰ ਸਿੰਘ ਬਿੱਟੂ, ਸੁੱਚਾ ਸਿੰਘ ਤੁਗਲ, ਹਰਪ੍ਰੀਤ ਸਿੰਘ ਸਿੱਧਵਾਂ, ਵਿਪਨ ਬਾਵਾ ਆਦਿ ਹਾਜਰ ਸਨ।

ਚੈਂਪੀਅਨ ਬਣ ਕੇ ਪਰਤੇ ਮੱੁਕੇਬਾਜ਼ਾਂ ਦਾ ਸਨਮਾਨ

ਹਠੂਰ,8,ਜੂਨ-(ਕੌਸ਼ਲ ਮੱਲ੍ਹਾ)-ਪਿੰਡ ਵਾਸੀਆਂ ਅਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਚੱਲ ਰਹੀ '5ਜੈਬ ਬਾਕਸਿੰਗ ਅਕੈਡਮੀ' ਨਿੱਤ ਨਵੀਆਂ ਪ੍ਰਾਪਤੀਆਂ ਕਰ ਰਹੀ ਹੈ।ਬੀਤੇ ਦਿਨੀਂ ਹਰਿਆਣਾ ਦੇ ਸ਼ਹਿਰ ਝੱਜਰ ਵਿਖੇ ਹੋਈ 'ਪਹਿਲੀ ਇਨਵੀਟੇਸ਼ਨਲ ਸਬ-ਜੂਨੀਅਰ ਅਤੇ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ' ਵਿੱਚ 5ਜੈਬ ਬਾਕਸਿੰਗ ਅਕੈਡਮੀ,ਚਕਰ ਦੇ ਮੱੁਕੇਬਾਜ਼ਾਂ ਨੇ ਸ਼ਾਨਦਾਰ  ਪ੍ਰਦਰਸ਼ਨ ਕਰਦਿਆਂ ਛੇ ਸੋਨ ਤਗ਼ਮੇ, ਤਿੰਨ ਚਾਂਦੀ ਦੇ ਤਗ਼ਮੇ ਅਤੇ ਇੱਕ ਕਾਂਸੀ ਦਾ ਤਗ਼ਮੇ ਜਿੱਤ ਕੇ ਪਿੰਡ ਚਕਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ।ਇਸ ਮੌਕੇ ਅਕੈਡਮੀ ਦੇ ਪ੍ਰਬੰਧਕ ਜਸਕਿਰਨਪ੍ਰੀਤ ਸਿੰਘ ਅਤੇ ਅਮਿਤ ਕੁਮਾਰ ਨੇ ਦੱਸਿਆ ਕਿ ਲੜਕੀਆਂ ਵਿੱਚ ਸੁਖਮਨਦੀਪ ਕੌਰ,ਸੰਦੀਪ ਕੌਰ,ਸੁਮਨਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਸੋਨ ਤਗ਼ਮੇ ਜਿੱਤੇ।ਸਿਮਰਨਜੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਚਾਂਦੀ ਅਤੇ ਮਨਪ੍ਰੀਤ ਕੌਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।ਇਸੇ ਤਰ੍ਹਾਂ ਲੜਕਿਆਂ ਵਿੱਚ ਜਸ਼ਨਪ੍ਰੀਤ ਸਿੰਘ ਅਤੇ ਹਰਮਨਦੀਪ ਸਿੰਘ ਨੇ ਸੋਨ ਤਗਮੇ ਅਤੇ ਗੁਰਚਰਨ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ।ਪਿੰਡ ਵਾਪਸੀ ਉੱਤੇ ਇਨ੍ਹਾਂ ਮੱੁਕੇਬਾਜ਼ਾਂ ਦਾ ਸਨਮਾਨ ਕੀਤਾ ਗਿਆ।ਇਨ੍ਹਾਂ ਖਿਡਾਰੀਆਂ ਦਾ ਸਨਮਾਨ ਕਰਨ ਲਈ ਬਾਰ ਐਸੋਸੀਏਸ਼ਨ ਜਗਰਾਉਂ ਦੇ ਸਾਬਕਾ ਉਪ-ਪ੍ਰਧਾਨ ਐਡਵੋਕੇਟ ਪ੍ਰੀਤਇੰਦਰ ਕੌਸ਼ਲ ਅੱਚਰਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ।ਉਨ੍ਹਾਂ ਕਿਹਾ ਕਿ ਚਕਰ ਦੇ ਖਿਡਾਰੀ ਪਿੰਡ ਚਕਰ ਦਾ ਹੀ ਨਹੀਂ ਸਮੱੁਚੇ ਇਲਾਕੇ ਦਾ ਮਾਣ ਵਧਾ ਰਹੇ ਹਨ।ਇਸ ਮੌਕੇ 5 ਜੈਬ ਫਾਊਂਡੇਸ਼ਨ ਦੇ ਡਾਇਰੈਕਟਰ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਚਕਰ ਵਿੱਚ ਵਧੀਆ ਖੇਡ ਸਭਿਆਚਾਰ ਸਿਰਜਣ ਲਈ ਖਿਡਾਰੀਆਂ, ਬਾਕਸਿੰਗ ਕੋਚਾਂ ਮਿੱਤ ਸਿੰਘ, ਲਵਪ੍ਰੀਤ ਕੌਰ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।5ਜੈਬ ਫਾਊਂਡੇਸ਼ਨ ਦੇ ਫਾੳਂੂਡਰ ਜਗਦੀਪ ਸਿੰਘ ਘੁੰੰਮਣ, ਡਾਇਰੈਕਟਰ ਸਵਰਨ ਸਿੰਘ ਘੁੰਮਣ, ਡਾਇਰੈਕਟਰ ਜਗਰੂਪ ਸਿੰਘ ਜਰਖੜ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜਸਕਿਰਨਪ੍ਰੀਤ ਸਿੰਘ, ਅਮਿਤ ਕੁਮਾਰ, ਬਾਕਸਿੰਗ ਕੋਚ ਮਿੱਤ ਸਿੰਘ, ਲਵਪ੍ਰੀਤ ਕੌਰ,ਸੁਖਵੀਰ ਸਿੰਘ ਅਤੇ ਖਿਡਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਖਿਡਾਰੀਆ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰ. ਬਲਵੰਤ ਸਿੰਘ ਸੰਧੂ ਅਤੇ ਹੋਰ।

ਆਮ-ਆਦਮੀ ਪਾਰਟੀ ਦੇ ਦਫਤਰ ਦਾ ਕੀਤਾ ਉਦਘਾਟਨ


ਹਠੂਰ,7,ਜੂਨ-(ਕੌਸ਼ਲ ਮੱਲ੍ਹਾ)-ਪੰਜਾਬ ਦੀ ਆਪ ਸਰਕਾਰ ਵੱਲੋ ਕੀਤੇ ਜਾ ਰਹੇ ਵਿਕਾਸ-ਕਾਰਜਾ ਤੋ ਸੂਬਾ ਵਾਸੀ ਖੁਸ ਦਿਖਾਈ ਦੇ ਰਹੇ ਹਨ।ਇਨ੍ਹਾ ਸਬਦਾ ਦਾ ਪ੍ਰਗਟਾਵਾ ਆਮ-ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਨੇ ਪਿੰਡ ਲੰਮਾ ਵਿਖੇ ਪਾਰਟੀ ਦੇ ਸਬ-ਦਫਤਰ ਦਾ ਉਦਘਾਟਨ ਕਰਨ ਸਮੇਂ ਕੀਤਾ।ਉਨ੍ਹਾ ਕਿਹਾ ਕਿ ਆਮ-ਆਦਮੀ ਪਾਰਟੀ ਵੱਲੋ ਪਿੰਡਾ ਵਿਚ ਦਫਤਰ ਖੋਲੇ ਜਾ ਰਹੇ ਹਨ ਜੋ ਰੋਜਾਨਾ ਦੇ ਕੰਮਾ ਦੀ ਰਿਪੋਰਟ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਦੇਣਗੇ।ਇਸ ਮੌਕੇ ਪਿੰਡ ਲੰਮਾ ਦੇ ਦਫਤਰ ਇੰਚਾਰਜ ਪ੍ਰਧਾਨ ਜਰਨੈਲ ਸਿੰਘ ਲੰਮੇ ਨੇ ਕਿਹਾ ਕਿ ਪਿੰਡ ਵਾਸੀਆ ਦੀ ਮੁੱਖ ਮੰਗ ਸੀ ਕਿ ਲੋਕਾ ਦੀਆ ਸਮੱਸਿਆਵਾ ਹੱਲ ਕਰਵਾਉਣ ਲਈ ਪਿੰਡ ਦਫਤਰ ਖੋਲ੍ਹਿਆ ਜਾਵੇ।ਜੋ ਅੱਜ ਪੂਰੀ ਕਰ ਦਿੱਤੀ ਹੈ ਅਤੇ ਇਹ ਦਫਤਰ ਰੋਜਾਨਾ ਸਵੇਰੇ 9 ਵਜੇ ਤੋ ਲੈ ਕੇ ਸਾਮ 5 ਵਜੇ ਤੱਕ ਖੁੱਲ੍ਹੇਗਾ ਅਤੇ ਪਿੰਡ ਵਾਸੀ ਆਪਣੀਆ ਸਮੱਸਿਆਵਾ ਦੇ ਹੱਲ ਲਈ ਦਫਤਰ ਟਾਇਮ ਆ ਕੇ ਮਿਲ ਸਕਦੇ ਹਨ।ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਨੂੰ ਦਫਤਰ ਇੰਚਾਰਜ ਪ੍ਰਧਾਨ ਜਰਨੈਲ ਸਿੰਘ ਲੰਮੇ ਅਤੇ ਪਾਰਟੀ ਵਰਕਰਾ ਨੇ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਪੰਜਾਬ ਦੀ ਆਪ ਸਰਕਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਗਾਇਕ ਲੱਕੀ ਖਾਨ ਅਲੀ,ਰਜਿੰਦਰ ਸਿੰਘ ਖਾਨਪੁਰੀ,ਕਰਮਜੀਤ ਸਿੰਘ ਤੱਤਲਾ,ਜਿੰਦਰ ਸਿੰਘ,ਸੂਬੇਦਾਰ ਪ੍ਰੀਤਮ ਸਿੰਘ,ਨਾਇਬ ਸਿੰਘ,ਭਾਲੀ ਸਿੰਘ,ਗਗਨ ਸਿੰਘ ਤੱਤਲਾ,ਟਹਿਲ ਸਿੰਘ,ਡਾ:ਰਣਜੀਤ ਸਿੰਘ,ਸੰਦੀਪ ਸ਼ਰਮਾਂ,ਜੱਗੂ ਸਿੰਘ,ਜੰਗ ਸਿੰਘ,ਬਾਬਾ ਗੁਲਜਾਰ ਸਿੰਘ,ਡਾ:ਹਰਪਾਲ ਸਿੰਘ,ਕੁਲਵੰਤ ਸਿੰਘ ਤੱਤਲਾ,ਜਸਵਿੰਦਰ ਸ਼ਰਮਾਂ,ਨਵਜੋਵਨ ਸਿੰਘ,ਗੁਰਪ੍ਰੀਤ ਸਿੰਘ,ਚੰਦ ਸਿੰਘ,ਰਾਮ ਸਿੰਘ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ ਪਿੰਡ ਲੰਮਾ ਵਿਖੇ ਪਾਰਟੀ ਦੇ ਸਬ-ਦਫਤਰ ਦਾ ਉਦਘਾਟਨ ਕਰਦੇ ਹੋਏ।

ਅਦਾਰਾ ਡੀ.ਡੀ.ਐੱਸ ਨਿਊਜ਼ ਨੇ ਜ਼ਿਲ੍ਹਾ ਬਰਨਾਲਾ ਦੇ ਸਬ ਦਫ਼ਤਰ ਦਾ ਕੀਤਾ ਉਦਘਾਟਨ

                                           

ਬਰਨਾਲਾ (ਡਾਕਟਰ ਸੁਖਵਿੰਦਰ ਬਾਪਲਾ ਗੁਰਸੇਵਕ ਸੋਹੀ ) ਅਦਾਰਾ ਡੀ.ਡੀ.ਐੱਸ ਨਿਊਜ਼ ਚੈਨਲ ਤੇ ਨਿਊਜ਼ ਪੇਪਰ ਨੇ ਜ਼ਿਲ੍ਹਾ ਬਰਨਾਲਾ ਦੇ ਸਭ ਦਫ਼ਤਰ ਦਾ ਉਦਘਾਟਨ ਪਿੰਡ ਕਰਮਗੜ੍ਹ ਵਿਖੇ ਕੀਤਾ।ਇਸ ਮੌਕੇ ਅਦਾਰਾ ਡੀ.ਡੀ.ਐੱਸ ਦੇ ਐਮ.ਡੀ ਸੁਖਵਿੰਦਰ ਸਿੰਘ ਪਲਾਹਾ ਤੇ ਸਬ ਐਡੀਟਰ ਪਰਮਜੀਤ ਸਿੰਘ ਨੈਹਿਲ ਵਿਸ਼ੇਸ਼ ਤੌਰ ਤੇ ਪਹੁੰਚੇ। ਜਿੱਥੇ ਪੱਤਰਕਾਰ ਪਰਦੀਪ ਸਿੰਘ ਚਹਿਲ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆ ਉਹਨਾਂ ਨੂੰ ਜੀ ਆਇਆਂ  ਆਖਦਿਆਂ ਭਰਮਾ ਸੁਆਗਤ ਕੀਤਾ। ਉੱਥੇ ਹੀ ਐੱਮ.ਡੀ ਸੁਖਵਿੰਦਰ ਸਿੰਘ ਪਲਾਹਾ ਤੇ ਬਰਨਾਲਾ ਦੇ ਜ਼ਿਲ੍ਹਾ ਇੰਚਾਰਜ ਰਮਨਦੀਪ ਸਿੰਘ ਧਾਲੀਵਾਲ ਨੇ ਉਦਘਾਟਨ ਮੌਕੇ ਰੀਬਨ ਕਟਾਈ ਦੀ ਰਸਮ ਸਾਂਝੇ ਤੌਰ ਤੇ ਕੀਤੀ।ਇਸ ਮੌਕੇ ਅਦਾਰਾ ਡੀ.ਡੀ.ਐੱਸ ਨਿਊਜ਼ ਦਾ ਸਬ ਦਫ਼ਤਰ ਖੋਲ੍ਹਣ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਤੇ ਅਦਾਰੇ ਦੀ ਚੜ੍ਹਦੀਕਲਾ ਲਈ ਗਿਆਨੀ ਸੁਖਦੇਵ ਸਿੰਘ ਵੱਲੋ ਅਰਦਾਸ ਬੇਨਤੀ ਕੀਤੀ ਗਈ। ਅਦਾਰੇ ਦੀ ਸਮੁੱਚੀ ਟੀਮ ਵੱਲੋਂ ਪੱਤਰਕਾਰ ਪਰਦੀਪ ਸਿੰਘ ਚਹਿਲ ਨੂੰ ਦਫ਼ਤਰ ਦੇ ਇੰਚਾਰਜ ਵਜੋਂ ਨਿਯੁਕਤੀ ਪੱਤਰ ਸੌਂਪਿਆ ਗਿਆ।ਅੰਤ ਸਬ ਦਫ਼ਤਰ ਦੇ ਇੰਚਾਰਜ ਪੱਤਰਕਾਰ ਪਰਦੀਪ ਚਹਿਲ ਕਰਮਗੜ੍ਹ ਨੇ ਅਦਾਰੇ ਦੀ ਪਹੁੰਚੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਸਿਰਪਾਉ ਦੇ ਕੇ ਸਨਮਾਨਿਤ ਕੀਤਾ।ਇਸ ਸਮੇਂ ਪੱਤਰਕਾਰ ਬਲਵਿੰਦਰ ਸਿੰਘ, ਮੇਘ ਰਾਜ ਜੋਸ਼ੀ, ਉਪਿੰਦਰ  ਪਿੰਕੂ,ਜਸ਼ਨਦੀਪ ਸਿੰਘ ਮਿੱਠੇਵਾਲ,ਮਨਜੀਤ ਸਿੰਘ ਮਿੱਠੇਵਾਲ ਤੋਂ ਇਲਾਵਾ ਸਾਬਕਾ ਸਰਪੰਚ ਜਗਦੇਵ ਸਿੰਘ,ਪੰਚ ਸੁਰਜੀਤ ਸਿੰਘ, ਗੁਰਦੀਪ ਸਿੰਘ,ਆਗੂ ਜਸਵੀਰ ਸਿੰਘ, ਪ੍ਰਧਾਨ ਦਲਜੀਤ ਸਿੰਘ, ਵਕੀਲ ਹਿਮਾਸੂ ਗਰਗ, ਜਰਨੈਲ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।

ਜਨਮ ਦਿਨ ਦੀਆਂ ਵਧਾਈਆਂ

ਪੱਤਰਕਾਰ ਮਨਜੀਤ ਸਿੰਘ ਮਿੱਠੇਵਾਲ ਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ ਜੀ

ਖ਼ੂਨਦਾਨ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ

ਗੁਰਦਾਸਪੁਰ(ਹਰਪਾਲ ਸਿੰਘ)   ਖ਼ੂਨਦਾਨ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਥੈਲੇਸੀਮੀਆ ਅਤੇ ਕੈਂਸਰ ਦੇ ਮਰੀਜਾਂ ਨੂੰ ਸਮਰਪਿਤ ਇਕ ਮੈਗਾ ਖ਼ੂਨਦਾਨ ਕੈਂਪ ਅਤੇ ਰਾਸ਼ਟਰੀ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਟੀਮ ਦੇ ਸੰਸਥਾਪਕ ਰਾਜੇਸ਼ ਬੱਬੀ ਨੇ ਟੀਮ ਦੇ ਸਥਾਪਨਾ ਦਿਵਸ ਮੌਕੇ ਕੀਤੀ ਪ੍ਰੈਸ ਵਾਰਤਾ ਵਿੱਚ ਦਸਿਆ ਕਿ ਸਾਡੀ ਟੀਮ ਵੱਲੋ 29 ਮਈ 2022 ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਇਸ ਸਨਮਾਨ ਸਮਾਰੋਹ ਵਿੱਚ ਭਾਰਤ ਦੇ ਵੱਖ ਵੱਖ ਕੋਨਿਆਂ ਵਿੱਚੋ ਖੂਨਦਾਨੀ ਇਸ ਕੈਂਪ ਵਿੱਚ ਪਹੁੰਚ ਰਹੇ ਹਨ ਇਸ ਮੌਕੇ ਬੋਲਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪ੍ਰਸੋਤਮ ਚਿੱਬ ਨੇ ਸੁਸਾਇਟੀ ਦੀ ਤਾਰੀਫ਼ ਕਰਦਾ ਸੁਸਾਇਟੀ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਅੱਗੇ ਗਲਬਾਤ ਕਰਦਿਆਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਬੱਚਾ ਜਿਸ ਦੇ ਦਿਲ ਵਿੱਚ ਸ਼ੇਕ ਸੀ 6 ਮਹੀਨੇ ਦੀ ਉਮਰ ਵਿੱਚ ਇਸਦਾ ਆਪ੍ਰੇਸ਼ਨ ਹੋਇਆ ਸੀ, ਬੀ ਡੀ ਐੱਸ ਪਰਿਵਾਰ ਨੇ ਇਸ ਬੱਚੇ ਲਈ 25 ਬੋਤਲਾਂ ਖੂਨ ਦਾ ਪ੍ਰਬੰਧ ਕੀਤਾ ਸੀ। ਅੱਜ ਬੱਚਾ 6 ਸਾਲ ਦਾ ਹੋ ਚੁੱਕਾ ਹੈ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਪਰਿਵਾਰ ਵਿੱਚ ਹੱਸ ਖੇਡ ਰਿਹਾ। ਬੱਚੇ ਦੇ ਮਾਤਾ ਪਿਤਾ ਨੇ ਵੀਡੀਓ ਭੇਜੀ ਹੈ ਅਤੇ ਬੱਚੇ ਸਮੇਤ ਪ੍ਰੋਗ੍ਰਾਮ ਵਿੱਚ ਆਉਣ ਦੀ ਸਹਿਮਤੀ ਦਿੱਤੀ ਹੈ ਸਟੇਜ ਸਕੱਤਰ ਦੀ ਭੂਮਿਕਾ ਜਨਰਲ ਸਕੱਤਰ ਪਰਵੀਨ ਅੱਤਰੀ ਨੇ ਨਿਭਾਈ ਇਸ ਮੌਕੇ ਤੇ ਲੈਂਡ ਪ੍ਰਮੋਟਰ ਸ਼ੀ ਗੁਰਮੀਤ ਸਿੰਘ ਡਾਲਾ, ਸਟੇਟ ਐਵਾਰਡੀ  ਅਧਿਆਪਕ ਪਰਮਿੰਦਰ ਸਿੰਘ ਸੈਣੀ,  ਸੁਨੀਲ ਕੁਮਾਰ  ਮੰਨੂੰ ਸ਼ਰਮਾ,ਕਨੂੰ ਸੰਧੂ, ਅਭੇ ਗੁਰਕਿਰਪਾ ,ਮੋਨੂੰ ਵਨਡੇ, ਅਤੇ ਕੇਪੀ ਬਾਜਵਾ, ਆਦਰਸ਼ ਕੁਮਾਰ, ਪੁਸ਼ਪਿੰਦਰ ਸਿੰਘ,  ਅਤੇ ਹੋਰ ਵਲੰਟੀਅਰ ਵੀ ਇਸ ਕੈਂਪ ਵਿੱਚ ਹਾਜ਼ਰ ਸਨ।

ਪੁਲਿਸ ਜ਼ੁਲਮਾਂ ਦਾ ਸ਼ਿਕਾਰ ਪਰਿਵਾਰ ਨਿਆਂ ਤੋਂ ਵਾਂਝਾਂ ਕਿਉਂ ?

ਧਰਨਾ 76ਵੇਂ ਦਿਨ ਅਤੇ ਭੁੱਖ ਹੜਤਾਲ 69ਵੇੰ ਦਿਨ 'ਚ ਪਹੁੰਚੀ  

ਜਗਰਾਉਂ 6 ਜੂਨ ( ਮਨਜਿੰਦਰ ਗਿੱਲ ) ਗਰੀਬ ਪਰਿਵਾਰ 'ਤੇ ਅੱਤਿਆਚਾਰ ਕਰਨ ਲਈ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਪਿਛਲੇ ਕਰੀਬ 3 ਮਹੀਨਿਆਂ ਤੋਂ ਸਿਟੀ ਥਾਣੇ ਮੂਹਰੇ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਮੌਕੇ ਦੇ ਜਿਲ੍ਹਾ ਪੁਲਿਸ ਮੁਖੀ, ਹਲਕਾ ਵਿਧਾਇਕ ਤੇ ਮੁੱਖ ਮੰਤਰੀ ਪੰਜਾਬ ਤੋਂ ਪੁਛਿਆ ਕਿ 3 ਮਹੀਨਿਆਂ ਤੋਂ ਧਰਨਾ ਲਗਾਈ ਬੈਠੇ ਅਨੁਸੂਚਿਤ ਜਾਤੀ ਦੇ ਗਰੀਬ ਪਰਿਵਾਰ ਨੂੰ ਹੁਣ ਤੱਕ ਨਿਆਂ ਕਿਉਂ ਨਹੀਂ ਦਿਵਾ ਸਕੇ ? ਜਦਕਿ ਕਿਹਾ ਜਾਂਦਾ ਹੈ ਕਿ ਕ‍ਾਨੂੰਨ ਸਭ ਲਈ ਇੱਕ ਹੈ ਫਿਰ ਇਹ ਪਰਿਵਾਰ ਨਿਆਂ ਤੋਂ ਕਿਉਂ ਵਾਂਝਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੋ ਕਾਨੂੰਨ ਕੰਮ ਕਰ ਰਹੇ ਹਨ ਅਮੀਰਾਂ ਲਈ ਹੋਰ ਅਤੇ ਗਰੀਬਾਂ ਲਈ ਹੋਰ । ਇਸ ਸਮੇਂ ਆਲ ਇੰਡੀਆ ਅੈਸ.ਸੀ.ਬੀ.ਸੀ. ਏਕਤਾ ਭਲਾਈ ਮੰਚ ਦੇ ਚੇਅਰਮੈਨ ਦਰਸ਼ਨ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਗਰੀਬ ਮਾਂ-ਧੀ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਸਥਾਨਕ ਥਾਣੇ ਵਿੱਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ, ਕੁੱਟਮਾਰ ਕਰਨ ਅਤੇ ਬਿਜਲ਼ੀ ਦਾ ਕਰੰਟ ਲਗਾਉਣ ਵਾਲੇ ਕਥਿਤ ਥਾਣਾਮੁਖੀ ਗੁਰਿੰਦਰ ਬੱਲ ਅਤੇ ਸਹਾਇਕ ਥਾਣੇਦਾਰ ਰਾਜਵੀਰ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁੱਟਮਾਰ ਦੀ ਘਟਨਾ ਨੂੰ ਛੁਪਾਉਣ ਲਈ ਹੀ ਥਾਣਾਮੁਖੀ ਨੇ ਪਰਿਵਾਰ ਨੂੰ ਹੀ ਝੂਠੇ ਕਤਲ਼ ਕੇਸ ਵਿੱਚ ਫਸਾ ਕੇ ਛੁਟਕਾਰੇ ਲਈ 2 ਲੱਖ ਰਿਸ਼ਵਤ ਮੰਗੀ ਸੀ ਗਿਆ ਸੀ। ਇਸ ਸਮੇਂ ਝੂਠੇ ਕਤਲ਼ ਕੇਸ ਵਿੱਚੋਂ 10 ਸਾਲਾਂ ਬਾਦ ਬਰੀ ਹੋਏ ਪੀੜ੍ਹਤ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਜੇ ਉਨਾਂ ਦਾ ਪਰਿਵਾਰ 2 ਲੱਖ ਰਿਸ਼ਵਤ ਦੇ ਦਿੰਦਾ ਤਾ ਤਾਂ ਅੱਜ ਇਹ ਦਿਨ ਨਾਂ ਦੇਖਣੇ ਪੈਂਦੇ। ਜਿਕਰਯੋਗ ਹੈ ਕਿ ਪੁਲਿਸ ਅੱਤਿਆਚਾਰ ਦੀ ਸ਼ਿਕਾਰ ਕੁਲਵੰਤ ਕੌਰ ਦੀ ਮੌਤ ਤੋ ਬਾਦ ਮੌਕੇ ਦੇ ਅੈਸ.ਅੈਸ.ਪੀ. ਰਾਜਬਚਨ ਸਿੰਘ ਸੰਧੂ ਨੇ ਦੋਸ਼ੀਆਂ ਤੇ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਬਾਵਜੂਦ ਸੰਗੀਨ ਧਰਾਵਾਂ ਦੇ ਦੋਸ਼ੀਆਂ ਨੂੰ ਅੱਜ ਤੱਕ  ਗ੍ਰਿਫਤਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦੋਸ਼ੀ ਥਾਣੇਦਾਰ ਅਤੇ ਸਰਪੰਚ ਬਿਨਾਂ ਕਿਸੇ ਜ਼ਮਾਨਤ ਜਾਂ ਅਰੈਸਟ ਵਰੰਟ ਦੇ ਖੁੱਲ੍ਹੇ ਘੁੰਮ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜੱਥੇਦਾਰ ਹਰੀ ਸਿੰਘ, ਬਾਬਾ ਬੰਤਾ ਸਿੰਘ, ਜੱਗਾ ਸਿੰਘ ਢਿਲੋਂ  ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਕਿਸੇ ਦਬਾਅ ਅਧੀਨ ਹੀ ਕਾਰਵਾਈ ਨਹੀਂ ਕਰ ਰਹੇ।
ਇਸ ਸਮੇਂ ਨਛੱਤਰ ਸਿੰਘ ਬਾਰਦੇਕੇ, ਜੱਥੇਦਾਰ ਚੜਤ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਾਬਾ ਬੰਤਾ ਸਿੰਘ ਡੱਲਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਹਰਮੀਤ ਕੌਰ, ਕੁਲਦੀਪ ਕੌਰ ਠੇਕੇਦਾਰ ਪਰਮਜੀਤ ਸਿੰਘ ਲੋਪੋ, ਡਾਕਟਰ ਬਚਿਤਰ ਸਿੰਘ ਲੋਪੋ, ਮਹਿੰਦਰ ਸਿੰਘ ਬੀਏ, ਕਰਨਜੀਤ ਕੌਰ ਹਾਂਸ ਤੇ ਰਾਜਵੀਰ ਸਿੰਘ ਰਾਜਾ ਅਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮ੍ਰਿਤਕ ਕੁਲਵੰਤ ਕੌਰ ਪੁਲਿਸ ਦੇ ਤਸੀਹਿਆ ਕਾਰਨ ਨਕਾਰਾ ਹੋ ਕੇ ਲੰਘੀ 10 ਦਸੰਬਰ 2021 ਨੂੰ ਸਵਰਗ ਸੁਧਾਰ ਗਈ ਸੀ। ਪੁਲਿਸ ਨੇ ਜਗਰਾਉਂ ਥਾਣੇ ਵਿੱਚ ਦੋਸ਼ੀਆਂ ਖਿਲਾਫ਼ ਪਰਚਾ ਤਾਂ ਦਰਜ ਕੀਤਾ ਸੀ ਪਰ ਅਜੇ ਤੱਕ ਗ੍ਰਿਫਤਾਰੀ ਨਹੀਂ ਪਾਈ ਕਿਉਂ ਕਿ ਉਹ ਪੁਲਿਸ ਅਤੇ ਲੀਡਰਾਂ ਦੇ ਖਾਸ ਕਮਾਊ ਪੁੱਤ ਹਨ। ਮੁਦਈ ਮੁਕੱਦਮਾ ਇਕਬਾਲ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ, ਝੂਠੇ ਕੇਸ ਵਿੱਚ ਫਸਾਉਣ ਸਬੰਧੀ ਗੈਰ-ਜ਼ਮਾਨਤੀ ਧਾਰਾਵਾਂ ਅਧੀਨ ਦਰਜ ਮੁਕੱਦਮੇ ਦੇ ਦੋੋਸ਼ੀਆਂ ਦੀ ਗ੍ਰਿਫਤਾਰੀ ਨਾਂ ਕਰਨਾ ਸਥਾਪਤ ਕ‍ਾਨੂੰਨ ਦੀ ਘੋਰ ਉਲੰਘਣਾ ਹੈ।

 ਪੰਛੀਆ ਲਈ ਆਲ੍ਹਣੇ ਲਾਏ


ਹਠੂਰ,6,ਜੂਨ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਯੂਥ ਆਗੂ ਇੰਦਰਜੀਤ ਸਿੰਘ ਲੰਮੇ ਦੀ ਅਗਵਾਈ ਹੇਠ ਪਿੰਡ ਲੰਮਾ ਵਿਖੇ ਪੰਛੀਆ ਦੇ ਰਹਿਣ ਲਈ 213 ਆਲਣੇ ਲਾਏ ਗਏ।ਇਸ ਮੌਕੇ ਇੰਦਰਜੀਤ ਸਿੰਘ ਲੰਮਾ ਨੇ ਕਿਹਾ ਕਿ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆ ਪੰਛੀਆ ਦੇ ਬਚਾਅ ਲਈ ਇਹ ਆਲਣੇ ਪਿੰਡ ਦੀਆ ਵੱਖ-ਵੱਖ ਸਾਝੀਆ ਥਾਵਾ ਤੇ ਲਾਏ ਗਏ ਹਨ।ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਆਲ੍ਹਣਿਆ ਦੀ ਸਾਭ-ਸੰਭਾਲ ਵਿਚ ਸਹਿਯੋਗ ਦਿੱਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਸਾਬਕਾ ਸਰਪੰਚ ਮਲਕੀਤ ਸਿੰਘ,ਗੁਰਚਰਨ ਸਿੰਘ ਢਿੱਲੋ,ਬਬਲਾ ਲੰਮੇ,ਲੱਖਾ ਸਿੰਘ,ਸਤਬੀਰ ਸਿੰਘ,ਜਸਕੀਰਤ ਸਿੰਘ,ਮਲਕੀਤ ਸਿੰਘ,ਗੁਰਮੇਲ ਸਿੰਘ,ਹਰਪਾਲ ਸਿੰਘ,ਸੁਖਦੀਪ ਸਿੰਘ ਮਾਹੀ,ਰਾਜ ਕੁਮਾਰ ਸ਼ਰਮਾਂ,ਮੇਹਰ ਸਿੰਘ,ਜਸਵਿੰਦਰ ਸਿੰਘ,ਹਰਪਾਲ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਯੂਥ ਆਗੂ ਇੰਦਰਜੀਤ ਸਿੰਘ ਲੰਮੇ ਪਿੰਡ ਵਿਚ ਆਲ੍ਹਣੇ ਲਾਉਣ ਸਮੇਂ

ਸਿੱਧੂ ਮੂਸੇਵਾਲੇ ਦੀ ਯਾਦ ਵਿਚ ਕੈਡਲ ਮਾਰਚ ਕੱਢਿਆ


ਹਠੂਰ,6,ਜੂਨ-(ਕੌਸ਼ਲ ਮੱਲ੍ਹਾ)-ਆਮ-ਆਦਮੀ ਪਾਰਟੀ ਐਨ ਆਰ ਆਈ ਸਭਾ ਹਲਕਾ ਜਗਰਾਓ ਦੇ ਪ੍ਰਧਾਨ ਜਰਨੈਲ ਸਿੰਘ ਲੰਮੇ ਦੀ ਅਗਵਾਈ ਹੇਠ ਪ੍ਰਸਿੱਧ ਲੋਕ ਗਾਇਕ ਸਵ: ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਪਿੰਡ ਲੰਮਾ ਵਿਖੇ ਕੈਡਲ ਮਾਰਚ ਕੱਢਿਆ ਗਿਆ।ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਲੰਮੇ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸੁੱਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਾਤਲਾ ਨੂੰ ਜਲਦੀ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ।ਇਸ ਮੌਕੇ ਨੌਜਵਾਨਾ ਅਤੇ ਬੱਚਿਆ ਨੇ ਹੱਥਾ ਵਿਚ ਮੋਮਬੱਤੀਆ ਅਤੇ ਸਿੱਧੂ ਮੂਸੇਵਾਲ ਦੀ ਤਸਵੀਰ ਵਾਲੇ ਬੈਨਰ ਫੜ੍ਹੇ ਹੋਏ ਸਨ।ਇਹ ਕੈਡਲ ਮਾਰਚ ਪਿੰਡ ਦੀਆ ਵੱਖ-ਵੱਖ ਗਲੀਆ ਤੋ ਦੀ ਹੁੰਦਾ ਹੋਇਆ ਪਿੰਡ ਦੇ ਮੁੱਖ ਦਰਵਾਜੇ ਤੇ ਦੇਰ ਰਾਤ ਸਮਾਪਤ ਹੋਇਆ।ਇਸ ਮੌਕੇ ਨਾਲ ਸਾਬਕਾ ਸਰਪੰਚ ਮਲਕੀਤ ਸਿੰਘ,ਗਾਇਕ ਲੱਕੀ ਖਾਨ ਅਲੀ,ਰਜਿੰਦਰ ਸਿੰਘ ਖਾਨਪੁਰੀ,ਕਰਮਜੀਤ ਸਿੰਘ ਤੱਤਲਾ,ਜਿੰਦਰ ਸਿੰਘ,ਸੂਬੇਦਾਰ ਪ੍ਰੀਤਮ ਸਿੰਘ,ਟਹਿਲ ਸਿੰਘ,ਡਾ:ਰਣਜੀਤ ਸਿੰਘ,ਸੰਦੀਪ ਸ਼ਰਮਾਂ,ਜੱਗੂ ਸਿੰਘ,ਜੰਗ ਸਿੰਘ,ਬਾਬਾ ਗੁਲਜਾਰ ਸਿੰਘ,ਡਾ:ਹਰਪਾਲ ਸਿੰਘ,ਕੁਲਵੰਤ ਸਿੰਘ ਤੱਤਲਾ,ਜਸਵਿੰਦਰ ਸ਼ਰਮਾਂ,ਨਵਜੋਵਨ ਸਿੰਘ,ਗੁਰਪ੍ਰੀਤ ਸਿੰਘ,ਚੰਦ ਸਿੰਘ,ਰਾਮ ਸਿੰਘ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ:- ਲੋਕ ਗਾਇਕ ਸਵ: ਸਿੱਧੂ ਮੂਸੇਵਾਲੇ ਦੀ ਯਾਦ ਵਿਚ ਪਿੰਡ ਲੰਮਾ ਵਿਖੇ ਕੈਡਲ ਮਾਰਚ ਕੱਢਣ ਸਮੇਂ ਪਿੰਡ ਵਾਸੀ।