You are here

ਪੰਜਾਬ

14 ਮਈ ਨੂੰ ਲਗਾਈ ਜਾਵੇਗੀ ਕੌਮੀ ਲੋਕ ਅਦਾਲਤ  

 ਫ਼ਤਹਿਗੜ੍ਹ ਸਾਹਿਬ 09 ਮਈ ( ਰਣਜੀਤ ਸਿੱਧਵਾਂ)  :   ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,  ਸ. ਨਿਰਭਓ ਸਿੰਘ ਗਿੱਲ,  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ  ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਮਿਤੀ 14 ਮਈ ਨੂੰ  ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਅਦਾਲਤਾਂ ਅਤੇ ਸਬ-ਡਵੀਜ਼ਨ ਪੱਧਰ ਦੀਆਂ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ।
 ਜਿਸ ਵਿੱਚ ਸਾਰੇ ਪ੍ਰਕਾਰ ਦੇ ਰਾਜ਼ੀਨਾਮੇ ਯੋਗ ਕੇਸ ਸਮਝੋਤੇ ਲਈ ਵਿਚਾਰੇ ਜਾਣਗੇ ਅਤੇ ਦੋਵੇਂ ਪਾਰਟੀਆਂ  ਦੇ ਆਪਸੀ ਸਹਿਮਤੀ ਨਾਲ ਕੇਸ ਸੁਲਝਾਉਣ ਦੀ ਕੋਸ਼ਿਸ ਕੀਤੀ ਜਾਵੇਗੀ।  ਸ. ਨਿਰਭਓ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਨੂੰ ਵੱਧ ਤੋਂ ਵੱਧ ਸਫਲ ਬਣਾਉਣ ਲਈ ਜ਼ਿਲ੍ਹਾ ਪੱਧਰ ਤੇ ਨਿਆਂਇਕ ਅਧਿਕਾਰੀਆਂ, ਬੈਂਕ ਅਧਿਕਾਰੀਆਂ, ਬੀਮਾ ਅਧਿਕਾਰੀਆਂ, ਵਾਟਰ ਸਪਲਾਈ, ਪੀ.ਐਸ.ਪੀ.ਸੀ.ਐੱਲ ਅਤੇ ਬੀ.ਐਸ. ਐਨ.ਐਲ. ਦੇ ਅਧਿਕਾਰੀਆਂ ਨਾਲ  ਮੀਟਿੰਗਾਂ ਕੀਤੀਆਂ ਗਈਆਂ ਤਾਂ ਜੋ ਵੱਧ ਤੋਂ ਵੱਧ ਕੇਸਾਂ ਦਾ ਲੋਕ ਅਦਾਲਤ ਰਾਹੀਂ ਨਿਪਟਾਰਾ ਕਰਕੇ ਆਮ ਪਬਲਿਕ ਨੂੰ ਫਾਈਦਾ ਪਹੁੰਚਾਇਆ ਜਾ ਸਕੇ। ਸ. ਨਿਰਭਉ ਸਿੰਘ ਗਿੱਲ  ਨੇ ਹੋਰ ਦੱਸਿਆ ਕਿ ਆਮ ਪਬਲਿਕ ਨੂੰ ਵੀ ਇਸ ਲੋਕ ਅਦਾਲਤ ਵਿੱਚ ਭਾਗ ਲੈਕੇ ਵੱਧ ਤੋਂ ਵੱਧ ਫ਼ਾਇਦਾ  ਉਠਾਉਣਾ ਚਾਹੀਦਾ ਹੈ ਕਿਉਂਕਿ ਇਹਨਾਂ ਲੋਕ ਅਦਾਲਤਾਂ ਦੇ ਬਹੁਤ ਲਾਭ ਹਨ ਅਤੇ ਇਹਨਾਂ ਵਿੱਚ ਸਮਝੋਤਾ ਹੋਣ ਦੀ ਸੂਰਤ ਵਿੱਚ ਕੋਰਟ ਫੀਸ ਵੀ ਵਾਪਸ ਹੁੰਦੀ ਹੈ ਅਤੇ ਲੋਕ ਅਦਾਲਤ ਦਾ ਫੈਸਲਾ ਵੀ ਅੰਤਿਮ ਹੁੰਦਾ ਹੈ।

ਜ਼ਰੂਰਤਮੰਦਾਂ ਤੱਕ ਪਹੁੰਚਾਇਆ ਜਾਵੇ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦਾ ਲਾਭ : ਸੋਮ ਪ੍ਰਕਾਸ਼

-ਕੇਂਦਰੀ ਰਾਜ ਮੰਤਰੀ ਨੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ, ਐਮ.ਪੀ. ਲੈੰਡ ਫੰਡ, ਅੰਮ੍ਰਿਤ ਸਰੋਵਰ ਯੋਜਨਾ ਤੋਂ ਇਲਾਵਾ ਹੋਰ ਕੇਂਦਰੀ ਯੋਜਨਾਵਾਂ ਦੀ ਕੀਤੀ ਸਮੀਖਿਆ
ਹੁਸ਼ਿਆਰਪੁਰ, 9 ਮਈ (ਰਣਜੀਤ ਸਿੱਧਵਾਂ)  :  ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਟਰੀਟ ਵੈਂਡਰਸ ਆਤਮ ਨਿਰਭਰ ਨਿਧੀ ਸਕੀਮ (ਪ੍ਰਧਾਨ ਮੰਤਰੀ ਸਵੈਨਿਧੀ) ਰਾਹੀਂ ਗਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ ਉਹਨਾਂ ਦੇ ਪੈਰ੍ਹਾਂ ਤੇ ਖੜ੍ਹਾ ਕਰਕੇ ਉਨ੍ਹਾਂ ਦੀ ਆਰਥਿਕਤਾ ਵਿੱਚ ਸਹਿਯੋਗ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਸਹਾਇਤਾ ਨਾਲ ਕਈ ਜ਼ਰੂਰਤਮੰਦ ਲੋਕ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਐਮ.ਪੀ. ਲੈਂਡ ਫੰਡ, ਅੰਮ੍ਰਿਤ ਸਰੋਵਰ ਯੋਜਨਾ, ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਤੋਂ ਇਲਾਵਾ ਹੋਰ ਕੇਂਦਰੀ ਯੋਜਨਾਵਾਂ ਦੀ ਸਮੀਖਿਆ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ।  ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਤੇ ਐੱਸ.ਐੱਸ.ਪੀ. ਸ੍ਰੀ ਸਰਤਾਜ ਸਿੰਘ ਚਾਹਲ ਵੀ ਮੌਜੂਦ ਸਨ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ 1495 ਲੋਕਾਂ ਨੂੰ ਇਸ ਯੋਜਨਾ ਤਹਿਤ ਬਿਨ੍ਹਾਂ ਕਿਸੇ ਸਕਿਉਰਟੀ ਦੇ 10 ਹਜ਼ਾਰ ਰੁਪਏ ਦਾ ਕਰਜ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ ਇਕ ਚੰਗੀ ਪਹਿਲ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਹੋਰ ਜ਼ਰੂਰਤਮੰਦਾਂ ਨੂੰ ਕਰਜ਼ਾ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਇਆ ਜਾਵੇ।
ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਤਹਿਤ 10 ਹਜ਼ਾਰ ਰੁਪਏ ਦਾ ਕਰਜ਼ਾ ਪੂਰਾ ਕਰਨ ’ਤੇ ਸਟਰੀਟ ਵੈਂਡਰ 20 ਹਜਾਰ ਰੁਪਏ ਦਾ ਕਰਜ਼ਾ ਪ੍ਰਾਪਤ ਕਰਕੇ ਆਪਣੇ ਕੰਮ ਨੂੰ ਹੋਰ ਵਧਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਗ੍ਰਾਮੀਣ ਖੇਤਰਾਂ ਵਿੱਚ ਸ਼ੁਰੂ ਹੋਣ ਵਾਲੀ ਅੰਮ੍ਰਿਤ ਸਰੋਵਰ ਯੋਜਨਾ ਦਾ ਸਰਵੇ ਜਲਦ ਪੂਰਾ ਕਰਕੇ ਇਸ ’ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਬਣਾਏ ਜਾਣੇ ਹਨ ਅਤੇ ਹਰੇਕ ਸਰੋਵਰ ਘੱਟ ਤੋਂ ਘੱਟ ਇਕ ਏਕੜ ਖੇਤਰ ਵਿੱਚ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰੋਵਰਾਂ ਨੂੰ ਬਣਾਉਣ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਿੰਡਾਂ ਨੂੰ ਪਹਿਲ ਦਿੱਤੀ ਜਾਵੇ ਅਤੇ ਸਰੋਵਰ ਦੇ ਆਸ-ਪਾਸ ਬਰਗਦ ਤੇ ਪਿੱਪਲ ਦੇ ਦਰੱਖਤ ਲਗਾਏ ਜਾਣ ਤਾਂ ਜੋ ਵਾਤਾਵਰਣ ਸਵੱਛ ਰੱਖਿਆ ਜਾ ਸਕੇ। ਇਸ ਦੌਰਾਨ ਉਨ੍ਹਾਂ ਐਮ.ਪੀ. ਲੈੰਡ ਫੰਡ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਕੰਮ ਹੋਣ ਤੋਂ ਬਾਅਦ ਜਲਦ ਵਰਤੋਂ ਸਰਟੀਫਿਕੇਟ ਸੌਂਪਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਉਣ ਦੇ ਨਾਲ-ਨਾਲ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕੇਂਦਰੀ ਰਾਜ ਮੰਤਰੀ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪੈਂਡਿੰਗ ਕੰਮਾਂ ਨੂੰ ਨਿਸ਼ਚਿਤ ਸਮੇਂ ਵਿੱਚ ਪੂਰਾ ਕਰਨ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅੰਮ੍ਰਿਤ ਸਰੋਵਰ ਯੋਜਨਾ ਦਾ ਸਰਵੇ ਪੂਰਾ ਹੋਣ ’ਤੇ ਇਸ ਦਿਸ਼ਾ ਵਿੱਚ ਜਲਦ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ।
  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਦਰਬਾਰਾ ਸਿੰਘ, ਡਿਪਟੀ ਸੀ.ਈ.ਓ. ਜ਼ਿਲ੍ਹਾ ਪ੍ਰੀਸ਼ਦ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ (ਵਾਧੂ ਚਾਰਜ) ਅਜੇ ਕੁਮਾਰ, ਐਲ.ਡੀ.ਐਮ. ਤਰਸੇਮ ਸਿੰਘ ਪੁਰੇਵਾਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

ਪੰਜਾਬ ਸਰਕਾਰ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਏਗੀ ਪੀਣ ਵਾਲਾ ਸਾਫ਼ ਸੁਥਰਾ ਪਾਣੀ: ਬ੍ਰਹਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ 21.69 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 21 ’ਚ ਬਣੇ ਟਿਊਬਵੈਲ ਦਾ ਕੀਤਾ ਉਦਘਾਟਨ
ਹੁਸ਼ਿਆਰਪੁਰ, 9 ਮਈ (ਰਣਜੀਤ ਸਿੱਧਵਾਂ)  :  ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਤੱਕ ਪਹਿਲ ਦੇ ਆਧਾਰ ’ਤੇ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਏਗੀ ਅਤੇ ਇਸ ਦਿਸ਼ਾ ਵਿੱਚ ਕੰਮ ਕਰਦੇ ਹੋਏ ਲੋਕਾਂ ਤੱਕ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਵਿੱਚ  ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ। ਉਹ ਵਾਰਡ ਨੰਬਰ 21 ਵਿੱਚ 21.69 ਲੱਖ ਰੁਪਏ ਦੀ ਲਾਗਤ ਨਾਲ ਬਣੇ ਟਿਊਬਵੈਲ ਦਾ ਉਦਘਾਟਨ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਕੌਂਸਲਰ ਸ੍ਰੀਮਤੀ ਸੁਲੇਖਾ ਦੇਵੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਟਿਊਬਵੈਲ ਲੱਗਣ ਨਾਲ ਵਾਰਡ ਤੋਂ ਇਲਾਵਾ ਮੁਹੱਲਾ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਦਿੱਕਤ ਦੂਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਲੰਬੇ ਸਮੇਂ ਤੋਂ ਇਹ ਮੰਗ ਸੀ, ਜਿਸ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸ਼ਹਿਰ ਵਿੱਚ ਕਈ ਇਸ ਤਰ੍ਹਾਂ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਸ ਨਾਲ ਲੋਕਾਂ ਦਾ ਜੀਵਨ ਪੱਧਰ ਵਿਚ ਕਾਫ਼ੀ ਸਕਰਾਤਮਕ ਬਦਲਾਅ ਆਏ ਹਨ।
ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਵਿਕਾਸ ਨੂੰ ਲੈ ਕੇ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਬੁਨਿਆਦੀ ਢਾਂਚੇ ਤੋਂ ਲੈ ਕੇ ਸ਼ਹਿਰ ਦੇ ਸੁੰਦਰੀਕਰਨ ਨੂੰ ਲੈ ਕੇ ਵਿਕਾਸ ਕਾਰਜ ਲਗਾਤਾਰ ਚੱਲਦੇ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਹਰ ਛੋਟੀ ਤੋਂ ਵੱਡੀ ਸਮੱਸਿਆ ਦਾ ਨਿਰਧਾਰਤ ਸਮੇਂ ਵਿੱਚ ਹੱਲ ਕੀਤਾ ਗਿਆ ਹੈ। ਇਸ ਮੌਕੇ ਇਲਾਕੇ ਦੇ ਪਤਵੰਤੇ ਲੋਕ ਵੀ ਮੌਜੂਦ ਸਨ।

ਲਿੰਕ ਸੜਕਾਂ ਅਤੇ ਕੱਚੇ ਰਾਹਾਂ ਉੱਤੇ ਹੋਏ ਨਜ਼ਾਇਜ ਕਬਜ਼ੇ ਵੀ ਛੁਡਾਏ ਜਾਣਗੇ - ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ

 ਕਿਹਾ! ਪੰਜਾਬ ਨੂੰ ਪੰਜਾਬ ਬਣਾਉਣ ਦੀ ਲੋੜ੍ਹ, ਕੈਲੇਫੋਰਨੀਆ ਨਹੀਂ

 ਪੰਚਾਇਤਾਂ ਨੂੰ ਪੰਚਾਇਤੀ ਰਾਜ ਐਕਟ ਤੋਂ ਜਾਣੂ ਕਰਵਾਇਆ ਜਾਵੇਗਾ
ਰਣਸੀਂਹ ਕਲਾਂ/ਮੋਗਾ, 9 ਮਈ (ਰਣਜੀਤ ਸਿੱਧਵਾਂ) - ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਚਾਇਤੀ ਜ਼ਮੀਨਾਂ ਨੂੰ ਨਾਜ਼ਾਇਜ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਲੋਕਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ। ਇਸ ਤੋਂ ਬਾਅਦ ਸੂਬੇ ਦੀਆਂ ਲਿੰਕ ਸੜਕਾਂ ਅਤੇ ਕੱਚੇ ਰਾਹਾਂ ਉੱਤੇ ਹੋਏ ਕਬਜ਼ੇ ਵੀ ਛੁਡਾਏ ਜਾਣਗੇ। ਉਹ ਅੱਜ ਹਲਕਾ ਨਿਹਾਲ ਸਿੰਘ ਵਾਲਾ ਦੇ ਅਗਾਂਹਵਧੂ ਪਿੰਡ ਰਣਸੀਂਹ ਕਲਾਂ ਵਿਖੇ ਵਿਖੇ ਹੋਏ ਵਿਕਾਸ ਕਾਰਜਾਂ ਨੂੰ ਦੇਖਣ ਲਈ ਵਿਸ਼ੇਸ਼ ਤੌਰ ਉੱਤੇ ਆਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਚਾਇਤੀ ਜ਼ਮੀਨਾਂ ਨੂੰ ਨਾਜ਼ਾਇਜ ਕਬਜ਼ਿਆਂ ਤੋਂ ਮੁਕਤ ਕਰਾਉਣ ਦੀ ਮੁਹਿੰਮ ਕਿਸੇ ਵੀ ਹੀਲੇ ਰੁਕਣ ਨਹੀਂ ਦਿੱਤੀ ਜਾਵੇਗੀ। ਇਸ ਮੁਹਿੰਮ ਨੂੰ ਸਫਲ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਹਨਾਂ ਨਾਜ਼ਾਇਜ ਕਬਜ਼ਾਧਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਹੀ ਪੰਚਾਇਤੀ ਜ਼ਮੀਨਾਂ ਨੂੰ ਖਾਲੀ ਕਰ ਦੇਣ। ਉਹਨਾਂ ਦਾ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ। ਜਿਹੜਾ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਨਹੀਂ ਦੇਵੇਗਾ। ਉਸ ਖ਼ਿਲਾਫ਼ ਕਾਨੂੰਨ ਮੁਤਾਬਿਕ ਕਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜਿਆਦਾਤਰ ਜ਼ਮੀਨਾਂ ਉੱਤੇ ਕਥਿਤ ਤੌਰ ਉੱਤੇ ਰਾਜਸੀ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਸਾਡੇ ਦੇਸ਼ ਦੀ ਇਹ ਤ੍ਰਾਸਦੀ ਹੈ ਕਿ ਇਥੋਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਨਹੀਂ ਹੈ। ਇਸੇ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਚਾਇਤਾਂ ਨੂੰ ਪੰਚਾਇਤੀ ਰਾਜ ਐਕਟ ਤੋਂ ਜਾਣੂ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਪਿੰਡਾਂ ਦਾ ਵਿਕਾਸ ਕਿਵੇਂ ਕਰਨਾ ਹੈ ਇਸ ਬਾਰੇ ਜਾਣੂ ਕਰਾਉਣ ਲਈ ਪਿੰਡ ਰਣਸੀਂਹ ਕਲਾਂ ਵਰਗੀਆਂ ਅਗਾਂਹਵਧੂ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਹੋਰ ਪੰਚਾਇਤਾਂ ਨੂੰ ਜਾਗਰੂਕ ਕਰਨ ਦੀ ਕਮਾਨ ਸੌਂਪੀ ਜਾਵੇਗੀ। ਉਹਨਾਂ ਕਿਹਾ ਕਿ 1 ਜੂਨ ਤੋਂ 26 ਜੂਨ, 2022 ਤੱਕ ਪੂਰੇ ਪੰਜਾਬ ਵਿਚ ਗ੍ਰਾਮ ਸਭਾ ਦਾ ਆਯੋਜਨ ਹੋਵੇਗਾ। ਜਿਹਨਾਂ ਵਿੱਚ ਪਿੰਡਾਂ ਦੇ ਵਿਕਾਸ ਲਈ ਖਾਕਾ ਤਿਆਰ ਕੀਤਾ ਜਾਵੇਗਾ। ਉਹਨਾਂ ਪਿੰਡ ਰਣਸੀਂਹ ਕਲਾਂ ਦੀ ਸਿਫ਼ਤ ਕਰਦਿਆਂ ਕਿਹਾ ਕਿ ਪੰਜਾਬ ਦੇ ਹਰੇਕ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਅੱਜ ਪੰਜਾਬ ਨੂੰ ਪੰਜਾਬ ਬਣਾਉਣ ਦੀ ਲੋੜ੍ਹ ਹੈ ਕੈਲੇਫੋਰਨੀਆ ਨਹੀਂ। ਉਹਨਾਂ ਕਿਹਾ ਕਿ ਪੰਜਾਬ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਨੇ ਰਲ ਕੇ ਬਰਬਾਦ ਕੀਤਾ ਹੈ। ਹੁਣ ਆਪ ਸਰਕਾਰ ਸੂਬੇ ਦੇ ਸਾਰੇ 12560 ਪਿੰਡਾਂ ਦੀ ਸ਼ਾਨ ਮੁੜ ਬਹਾਲ ਕਰਨ ਲਈ ਵਚਨਬੱਧ ਹੈ। ਉਹਨਾਂ ਇਸ ਮੌਕੇ ਪਿੰਡ ਰਣਸੀਂਹ ਕਲਾਂ ਦੇ ਵਿਕਾਸ ਵਿੱਚ ਪੰਜਾਬ ਸਰਕਾਰ ਵੱਲੋਂ ਯੋਗਦਾਨ ਪਾਉਂਦੇ ਹੋਏ ਸ਼ਮਸ਼ਾਨਘਾਟ, ਸਟੇਡੀਅਮ ਅਤੇ ਵੇਰਕਾ ਬੂਥ ਲਗਾਉਣ ਦਾ ਐਲਾਨ ਕੀਤਾ ਅਤੇ ਪਿੰਡ ਵਿੱਚ ਮੁਹੱਲਾ ਕਲੀਨਿਕ ਸਥਾਪਤ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਵਿਧਾਇਕ ਸ੍ਰ ਮਨਜੀਤ ਸਿੰਘ ਬਿਲਾਸਪੁਰ ਨੇ ਆਪਣੇ ਹਲਕੇ ਦੀਆਂ ਮੰਗਾਂ ਬਾਰੇ ਵੇਰਵਾ ਪੇਸ਼ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਨੇ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਕੀਤੇ। ਇਸ ਤੋਂ ਪਹਿਲਾਂ ਉਹਨਾਂ ਨੂੰ ਪਹਿਲੀ ਵਾਰ ਜ਼ਿਲ੍ਹਾ ਮੋਗਾ ਵਿਖੇ ਆਉਣ ਉੱਤੇ ਗਾਰਡ ਆਫ ਆਨਰ ਵੀ ਦਿੱਤਾ ਗਿਆ।ਇਸ ਮੌਕੇ ਹਲਕਾ ਮੋਗਾ ਦੀ ਵਿਧਾਇਕਾ ਸ਼੍ਰੀਮਤੀ ਅਮਨਦੀਪ ਕੌਰ ਅਰੋੜਾ, ਬਾਘਾਪੁਰਾਣਾ ਦੇ ਵਿਧਾਇਕ ਸ੍ਰ ਅੰਮ੍ਰਿਤਪਾਲ ਸਿੰਘ ਸੁਖਾਨੰਦ, ਹਲਕਾ ਧਰਮਕੋਟ ਦੇ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗੁਲਨੀਤ ਸਿੰਘ ਖੁਰਾਣਾ, ਐੱਸ ਡੀ ਐੱਮ ਸ੍ਰ ਸਤਵੰਤ ਸਿੰਘ, ਐਸਪੀ ਸ਼੍ਰੀਮਤੀ ਰੁਪਿੰਦਰ ਕੌਰ ਭੱਟੀ, ਏ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ, ਹਰਮਨਜੀਤ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਸਰਪੰਚ ਪ੍ਰੀਤਇੰਦਰ ਸਿੰਘ ਮਿੰਟੂ ਅਤੇ ਹੋਰ ਹਾਜ਼ਰ ਸਨ।

ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਦਾ ਵਿਕਾਸ ਕਰਾਂਗੇ: ਬ੍ਰਮ ਸ਼ੰਕਰ ਜਿੰਪਾ  

ਕੈਬਨਿਟ ਮੰਤਰੀ ਨੇ ਵਾਰਡ ਨੰਬਰ 24, 31, 45 ਅਤੇ 50 ਵਿੱਚ 85.67 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ
ਹੁਸ਼ਿਆਰਪੁਰ, 08 ਮਈ  (ਰਣਜੀਤ ਸਿੱਧਵਾਂ)  : ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹਿਰ ਵਿੱਚ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।  ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਸਬੰਧੀ ਆਪਣੀ ਰਾਏ ਜ਼ਰੂਰ ਦੇਣ ਤਾਂ ਜੋ ਹੁਸ਼ਿਆਰਪੁਰ ਨੂੰ ਵਧੀਆ ਸ਼ਹਿਰ ਵਜੋਂ ਅੱਗੇ ਲਿਜਾਇਆ ਜਾ ਸਕੇ।  ਉਹ ਅੱਜ ਵਾਰਡ ਨੰਬਰ 24, 31, 45 ਅਤੇ 50 ਵਿੱਚ 85.67 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਮੌਕੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।  ਇਸ ਦੌਰਾਨ ਉਨ੍ਹਾਂ ਨੇ ਵਾਰਡ ਨੰਬਰ 24 ਦੇ ਮੁਹੱਲਾ ਦਸਮੇਸ਼ ਨਗਰ ਵਿੱਚ 36.22 ਲੱਖ ਰੁਪਏ, ਵਾਰਡ ਨੰਬਰ 31 ਵਿੱਚ 16.54 ਲੱਖ ਰੁਪਏ, ਵਾਰਡ ਨੰਬਰ 45 ਵਿੱਚ 15.93 ਲੱਖ ਰੁਪਏ ਅਤੇ ਵਾਰਡ ਨੰਬਰ 50 ਵਿੱਚ 16.98 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਕੌਂਸਲਰ ਮੋਨਿਕਾ ਕਤਨਾ, ਪਵਿਤਰ ਸਿੰਘ, ਕੁਲਵਿੰਦਰ ਕੌਰ ਕਪੂਰ, ਗੁਰਮੀਤ ਰਾਮ ਆਦਿ ਹਾਜ਼ਰ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕਰਵਾਏ ਜਾਣਗੇ ਅਤੇ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ।  ਉਨ੍ਹਾਂ ਕਿਹਾ ਕਿ ਸੂਬੇ ਦਾ ਵਿਕਾਸ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ, ਇਸ ਲਈ ਸਾਰਿਆਂ ਨੂੰ ਅੱਗੇ ਆ ਕੇ ਸੂਬੇ ਦੀ ਤਰੱਕੀ ਵਿੱਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਜਟ ਵਿੱਚ ਲੋਕਾਂ ਦੇ ਸੁਝਾਅ ਵੀ ਲਏ ਜਾ ਰਹੇ ਹਨ।  ਉਨ੍ਹਾਂ ਲੋਕਾਂ ਨੂੰ ਸੂਬੇ ਦੇ ਬਜਟ ਵਿੱਚ ਆਪਣੇ ਸੁਝਾਅ ਦੇਣ ਲਈ ਪ੍ਰੇਰਿਤ ਕੀਤਾ।  ਇਸ ਮੌਕੇ ਸੰਦੀਪ ਸਿੰਘ, ਦਲੀਪ ਓਹਰੀ, ਵਰਿੰਦਰ ਸ਼ਰਮਾ ਬਿੰਦੂ, ਖਰੈਤੀ ਲਾਲ ਕਤਨਾ, ਅਵਤਾਰ ਸਿੰਘ ਕਪੂਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਜ਼ਿਲ੍ਹਾ ਫਾਜ਼ਿਲਕਾ ਦਾ ਪੰਜਵੀ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ  

ਸਮੂਹ ਅਧਿਆਪਕਾਂ ਦੀ ਮਿਹਨਤ ਨੂੰ ਪਿਆ ਬੂਰ - ਡਾ. ਬੱਲ

99.77 ਪਾਸ ਫੀਸਦੀ ਨਾਲ ਪੰਜਾਬ ਵਿੱਚੋਂ ਪ੍ਰਾਪਤ ਕੀਤਾ ਪੰਜਵਾਂ ਸਥਾਨ
ਫਾਜ਼ਿਲਕਾ 8 ਮਈ  (ਰਣਜੀਤ ਸਿੱਧਵਾਂ)  : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀ ਜਮਾਤ  ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਜਿਸ ਵਿੱਚ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਵਿਦਿਆਰਥੀਆਂ ਦੀ ਪੂਰੀ ਬੱਲੇ-ਬੱਲੇ ਹੈ। ਫਾਜ਼ਿਲਕਾ ਜ਼ਿਲ੍ਹੇ ਨੇ ਲਗਾਤਾਰ ਪੰਜਵੀਂ ਜਮਾਤ ਦੇ ਨਤੀਜੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ।ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਨੇ ਦੱਸਿਆ ਕਿ ਪੰਜਵੀਂ ਕਲਾਸ ਦੇ 14825 ਵਿਦਿਆਰਥੀਆਂ ਵਿੱਚੋਂ 14791 ਵਿਦਿਆਰਥੀ ਪਾਸ ਹੋਏ ਹਨ।  99.77 ਫੀਸਦੀ ਨਤੀਜੇ ਨਾਲ ਫਾਜ਼ਿਲਕਾ ਜ਼ਿਲ੍ਹੇ ਨੇ  ਵਧੀਆ ਪ੍ਰਦਰਸ਼ਨ ਕਰਦਿਆਂ ਪੂਰੇ ਸੂਬੇ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਅੰਜੂ ਸੇਠੀ ਨੇ ਸਰਕਾਰੀ ਸਕੂਲਾਂ ਦੀ ਕਾਰਗੁਜ਼ਾਰੀ ਤੋਂ ਬਾਗੋਬਾਗ ਹੁੰਦਿਆਂ ਦੱਸਿਆ ਕਿ ਅਨੇਕਾਂ ਦਿੱਕਤਾਂ ਦੇ ਬਾਵਜੂਦ 99 ਪ੍ਰਤੀਸ਼ਤ ਤੋਂ ਵੀ ਵੱਧ ਨਤੀਜਾ ਹਾਸਿਲ ਕਰਨ ਲਈ ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ।  
ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ, ਜ਼ਿਲ੍ਹਾ ਕੋਆਰਡੀਨੇਟਰ 'ਪੜ੍ਹੋ ਪੰਜਾਬ ਪੜਾਓ ਪੰਜਾਬ' ਰਜਿੰਦਰ ਕੁਮਾਰ, ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਅਤੇ ਸਿਮਲਜੀਤ ਸਿੰਘ ਨੇ ਦੱਸਿਆ ਕਿ 99.77 ਪਾਸ ਫੀਸਦੀ ਨਲ ਪੰਜਾਬ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕਰਨਾ ਫਾਜ਼ਿਲਕਾ ਜ਼ਿਲ੍ਹੇ ਲਈ ਵੱਡੀ ਪ੍ਰਾਪਤੀ ਹੈ ।ਸਰਕਾਰੀ ਸਕੂਲਾਂ ਦੇ ਪੰਜਵੀ ਜਮਾਤ ਦੇ ਸਾਲਾਨਾ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਵਿਭਾਗ  ਦੇ ਉੱਚ ਅਧਿਕਾਰੀਆਂ ਵੱਲੋਂ ਸਮੂਹ ਸਕੂਲਾਂ ਦੇ  ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਦੀ ਮਿਹਨਤ ਦੇ ਨਾਲ-ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਬੀਪੀਈਓਜ ਅਤੇ ਸਮੂਹ ਸੀਐਚਟੀਜ ਦੀ ਯੋਗ ਨਿਗਰਾਨੀ ਦੀ ਸਰਾਹਨਾ ਕੀਤੀ ਗਈ ਹੈ। ਮਿਸ਼ਨ ਸ਼ਤ-ਪ੍ਤੀਸ਼ਤ ਤਹਿਤ ਸਕੂਲਾਂ ਦੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਮਾਪਿਆਂ ਵੱਲੋਂ ਦਿਨ-ਰਾਤ ਇੱਕ ਕਰਕੇ, ਛੁੱਟੀ ਵਾਲੇ ਦਿਨ ਸਕੂਲ ਲਗਾ ਕੇ, ਅੱਤ ਦੀ ਠੰਢ ਵਿੱਚ ਸਵੇਰੇ ਸਮੇਂ ਵਾਧੂ ਜਮਾਤਾਂ ਲਗਾਉਣ ਦਾ ਮਿੱਠਾ ਫ਼ਲ ਮਿਲਿਆ ਹੈ। ਉਨ੍ਹਾਂ ਪੰਜਾਬ ਦੇ ਮਿਹਨਤੀ ਅਧਿਆਪਕਾਂ ਦੀ ਦਿਨ ਰਾਤ ਦੀ ਮਿਹਨਤ ਨੂੰ ਸਲਾਮ ਕੀਤਾ।ਵਿਦਿਆਰਥੀ ਦੇ ਮਾਪਿਆਂ ਨੂੰ ਵਧਾਈਆਂ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਅਗਲੇਰੀ  ਪੜ੍ਹਾਈ ਲਈ ਜੁੱਟ ਜਾਣ ਲਈ ਕਿਹਾ।

ਪਿੰਡ ਸੂਸਾ ਵਿੱਚ ਹੋਣ ਵਾਲੇ ਮੇਲੇ ਦੇ ਸੁਚਾਰੂ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ : ਡਿਪਟੀ ਕਮਿਸ਼ਨਰ

 ਸੰਤ ਬਾਬਾ ਜਵਾਹਰ ਦਾਸ ਜੀ ਦੀ ਯਾਦ ਵਿੱਚ ਪਿੰਡ ਸੂਸਾ ਵਿਖੇ 13 ਤੋਂ 15 ਮਈ ਤੱਕ ਕਰਵਾਇਆ ਜਾਵੇਗਾ ਮੇਲਾ
 ਹੁਸ਼ਿਆਰਪੁਰ, 8 ਮਈ  (ਰਣਜੀਤ ਸਿੱਧਵਾਂ)  :  ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਪਿੰਡ ਸੂਸਾ ਵਿਖੇ ਸੰਤ ਬਾਬਾ ਜਵਾਹਰ ਦਾਸ ਦੀ ਯਾਦ ਵਿੱਚ 13 ਤੋਂ 15 ਮਈ ਤੱਕ ਲੱਗਣ ਵਾਲੇ ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।  ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹਲਕਾ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ ਦੀ ਹਾਜ਼ਰੀ ਵਿੱਚ ਮੇਲਾ ਪ੍ਰਬੰਧਕਾਂ, ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਕਾਰਨ ਪਿਛਲੇ ਦੋ ਸਾਲਾਂ ਤੋਂ ਇਹ ਮੇਲਾ ਨਹੀਂ ਲਗਾਇਆ ਜਾ ਸਕਿਆ ਸੀ। ਪਰ ਇਸ ਸਾਲ ਇਹ ਮੇਲਾ ਪਿੰਡ ਸੂਸਾ ਵਿਖੇ ਸ਼ਰਧਾ ਨਾਲ ਲਗਾਇਆ ਜਾ ਰਿਹਾ ਹੈ, ਜਿਸ ਸਬੰਧੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਵਿਵਸਥਾ ਦੇ ਪੁਖ਼ਤਾ ਇੰਤਜ਼ਾਮ ਕਰ ਲਏ ਗਏ ਹਨ। ਉਨ੍ਹਾਂ ਮੇਲਾ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੇਲੇ ਵਿਚ ਸ਼ਰਧਾ ਨਾਲ ਹਾਜ਼ਰੀ ਭਰ ਕੇ ਸੰਤ ਬਾਬਾ ਜਵਾਹਰ ਦਾਸ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਸੰਗਤਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ।ਇਸ ਮੌਕੇ ਐੱਸ.ਪੀ.(ਡੀ) ਮੁਖਤਿਆਰ ਰਾਏ, ਐੱਸ.ਡੀ.ਐੱਮ.  ਹੁਸ਼ਿਆਰਪੁਰ ਸ਼੍ਰੀ ਸ਼ਿਵਰਾਜ ਸਿੰਘ ਬੱਲ ਅਤੇ ਹੋਰ ਸਿਵਲ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ।

ਸਕੂਲ਼ੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਹਠੂਰ,8,ਮਈ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਫੇਰੂਰਾਈ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪਿੰਡ ਦੇ ਦਾਨੀ ਸੱਜਣਾ ਵੱਲੋਂ ਸਟੇਸ਼ਨਰੀ ਵੰਡੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਪਿੰਡ ਦੇ ਤੇਜਿੰਦਰ ਸਿੰਘ ਹੇਹਰ,ਗੁਰਸੇਵਕ ਸਿੰਘ ਪੰਚ ਅਤੇ ਤੇਜਿੰਦਰ ਸਿੰਘ ਬੈਨੀਪਾਲ ਨੇ ਆਪਣੀ ਕਿਰਤ ਕਮਾਈ ਵਿੱਚੋਂ ਸਕੂਲ ਦੇ ਐਲ ਕੇ ਜੀ ਤੋਂ ਪੰਜਵੀਂ ਜਮਾਤ ਤੱਕ ਦੇ ਸਾਰੇ ਬੱਚਿਆਂ ਨੂੰ ਕਾਪੀਆਂ, ਪੈਨਸਿਲਾਂ ਅਤੇ ਪੈੱਨ ਵੰਡੇ ਗਏ । ਉਹਨਾਂ ਅੱਗੇ ਤੋਂ ਵੀ ਸਕੂਲ ਨੂੰ ਹਰ ਤਰਾਂ ਦੀ ਮੱਦਦ ਦੇਣ ਦਾ ਵਾਅਦਾ ਕਰਦਿਆਂ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਕਿਹਾ।ਇਸ ਮੌਕੇ ਬਲਾਕ ਮਾਸਟਰ ਟ੍ਰੇਨਰ ਸੁਖਦੇਵ ਸਿੰਘ ਜੱਟਪੁਰੀ ਨੇ ਦਾਨੀ ਸੱਜਣਾਂ ਦਾ ਇਸ ਕਾਰਜ ਲਈ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਕੂਲ ਦਾ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ।
ਫੋਟੋ ਕੈਪਸਨ –ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਵੰਡਦੇ ਹੋਏ ਦਾਨੀ ਪਰਿਵਾਰ।

ਬਿਨਾਂ ਭੇਦਭਾਵ ਪਿੰਡਾਂ ਦੇ ਵਿਕਾਸ ਕੀਤੇ ਜਾਣਗੇ–ਵਿਧਾਇਕ ਹਾਕਮ ਸਿੰਘ ਠੇਕੇਦਾਰ

ਹਠੂਰ,8,ਮਈ-(ਕੌਸ਼ਲ ਮੱਲ੍ਹਾ)-ਪੰਜਾਬ ਸਰਕਾਰ ਨੇ ਲੋਕਾਂ ਨਾਲ ਜੋ ਚੋਣਾ ਸਮੇਂ ਵਾਅਦੇ ਕੀਤੇ ਸਨ ਉਨ੍ਹਾ ਵਾਅਦਿਆ ਨੂੰ ਪੰਜਾਬ ਸਰਕਾਰ ਇੱਕ-ਇੱਕ ਕਰਕੇ ਪੂਰਾ ਕਰ ਰਹੀ ਹੈ। ਜਿਨ੍ਹਾ ਵਿਚ ਸਿਹਤ ਸਹੂਲਤਾਂ,ਸਿੱਖਿਆਂ ਅਤੇ ਬੇ- ਰੁਜਗਾਰੀ ਸਰਕਾਰ ਦੇ ਮੁੱਖ ਏਜੰਡੇ ਤੇ ਹਨ।ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਪਿੰਡਾਂ ਨੂੰ ਵੀ ਸਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।ਇਨ੍ਹਾ ਸਬਦਾਂ ਦਾ ਪ੍ਰਗਟਾਵਾ ਪਿੰਡ ਜੱਟਪੁਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕੀਤਾ।ਉਨ੍ਹਾ ਕਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ ਜਲਦੀ ਹੀ ਔਰਤਾ ਦੇ ਖਾਤਿਆਂ ਵਿੱਚ ਇੱਕ-ਇੱਕ ਹਜਾਰ ਰੁਪਏ ਆਉਣੇ ਸੁਰੂ ਹੋ ਜਾਣਗੇ।ਪੰਜਾਬ ਸਰਕਾਰ ਦੁਆਰਾ ਬਹੁਤ ਹੀ ਘੱਟ ਸਮੇਂ ਵਿੱਚ ਕੀਤੇ ਲੋਕ ਭਲਾਈ ਦੇ ਕੰਮਾਂ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਭ੍ਰਿਸਟਾਚਾਰ ਵਿਰੁੱਧ ਲਏ ਫੈਸਲੇ ਦਾ ਆਮ ਲੋਕਾਂ ਨੇ ਸਵਾਗਤ ਕੀਤਾ ਹੈ।ਉਹਨਾਂ ਕਿਹਾ ਕਿ ਕਿਸੇ ਵੀ ਭ੍ਰਿਸਟ ਅਧਿਕਾਰੀ ਨੂੰ ਬਖਸਿਆ ਨਹੀਂ ਜਾਵੇਗਾ।ਪਿਛਲੀ ਸਰਕਾਰ ਸਮੇਂ ਪਿੰਡਾਂ ਅਤੇ ਸਹਿਰਾਂ ਵਿੱਚ ਵਿਕਾਸ ਦੇ ਨਾਂ ਤੇ ਹੋਈ ਸਰਕਾਰੀ ਪੈਸੇ ਦੀ ਦੁਰਵਰਤੋਂ ਦਾ ਹਿਸਾਬ ਕਿਤਾਬ ਲਿਆ ਜਾ ਰਿਹਾ ਹੈ ਦੋਸੀ ਪਾਏ ਗਏ ਵਿਅਕਤੀਆਂ ਨੂੰ ਕਾਨੂੰਨ ਅਨੁਸਾਰ ਸਜਾ ਦਿੱਤੀ ਜਾਵੇਗੀ।ਇਸ ਮੌਕੇ ਉਨ੍ਹਾ ਨਾਲ ਕਮਲ ਸੁਖਾਣਾ ਪੀ ਏ,ਪ੍ਰਧਾਨ ਜਰਨੈਲ ਸਿੰਘ ਯੂ ਕੇ,ਡਾ:ਕਰਮਜੀਤ ਸਿੰਘ, ਜਰਨੈਲ ਸਿੰਘ ਲੰਮਾ,ਨਾਇਬ ਸਿੰਘ,ਗੱਗੀ ਸਿੰਘ ਤੱਤਲਾ,ਪ੍ਰਧਾਨ ਬਿੰਦਰਜੀਤ ਸਿੰਘ,ਮਨਸਾ ਖਾਨ ਨੱਥੋਵਾਲ,ਮਨਜਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ ।

ਐੱਸ ਏ ਜੀ ਐੱਨ ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀਆਂ ਨੇ ਮਾਂ ਦਿਵਸ ਮਨਾਇਆ।     

ਬਰਨਾਲਾ/ ਮਹਿਲ ਕਲਾਂ- 07 ਮਈ- (ਗੁਰਸੇਵਕ ਸੋਹੀ)- ਐੱਸ. ਜੀ. ਐਨ ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਅੱਜ ਮਾਂ ਦਿਵਸ ਮਨਾਇਆ ਗਿਆ।ਇਸ ਮੌਕੇ ਬੱਚਿਆਂ ਵੱਲੋਂ ਕਾਰਡ ਤਿਆਰ ਕੀਤੇ ਗਏ ਉਨ੍ਹਾਂ ਦੁਆਰਾ ਇਹ ਕਾਰਡ ਉਨ੍ਹਾਂ ਦੁਆਰਾ ਇਹ ਕਾਰਡ ਆਪਣੀਆਂ ਮਾਤਾਵਾਂ ਨੂੰ ਘਰ ਜਾ ਕੇ ਸੌਂਪੇ ਗਏ ।ਇਸ ਮੌਕੇ ਸਟਾਫ ਦੁਆਰਾ ਬੱਚਿਆਂ ਨੂੰ ਬੋਲਦਿਆਂ ਦੱਸਿਆ ਗਿਆ ਕਿ ਮਾਂ ਰੱਬ ਦਾ ਹੀ ਦੂਜਾ ਰੂਪ ਹੈ,ਮਾਂ ਘਰ ਵਿੱਚ ਸਾਰੇ ਪਰਿਵਾਰ ਨੂੰ ਇੱਕ ਕੜੀ ਦੇ ਰੂਪ ਵਿੱਚ ਜੋੜ ਕੇ ਰੱਖਦੀ ਹੈ ।ਹਰ ਦੁੱਖ- ਸੁੱਖ ਨੂੰ ਆਪਣੇ ਉੱਪਰ ਸਹਿ ਕੇ ਸਾਡਾ ਪਾਲਣ ਪੋਸ਼ਣ ਕਰਦੀ ਹੈ। ਇਸ ਲਈ ਸਾਡੇ ਮਾਤਾ- ਪਿਤਾ ਨੂੰ ਸਨਮਾਨ ਦੇਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ ।ਇਸ ਮੌਕੇ ਬੱਚਿਆਂ ਵੱਲੋਂ ਮਾਂ ਦੀ ਮਹੱਤਤਾ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਸਮੂਹ ਸਟਾਫ ਵਿਚ ਪ੍ਰਿੰਸੀਪਲ ਮੱਖਣ ਸਿੰਘ ,ਕੁਲਜੀਤ ਸਿੰਘ ,ਮਾਲਵਿੰਦਰ ਸਿੰਘ ,ਸੁਖਦੀਪ ਕੌਰ ,ਗੁਰਪ੍ਰੀਤ ਕੌਰ, ਰਮਨਦੀਪ ਕੌਰ ,ਪਰਦੀਪ ਕੌਰ, ਅਮਨਜੋਤ ਕੌਰ, ਲਸਮਣੀ, ਦਲਜੀਤ ਕੌਰ ,ਰਮਨਦੀਪ ਕੌਰ ਹਠੂਰ, ਪ੍ਰਭਦੀਪ ਕੌਰ ਗਰਚਾ ,ਰਮਨਦੀਪ ਕੌਰ ,ਹਰਪ੍ਰੀਤ ਕੌਰ, ਅਮਨਦੀਪ ਕੌਰ,  ਮਨਪ੍ਰੀਤ ਕੌਰ, ਰਜਨੀ ਧਾਲੀਵਾਲ ਤੇ ਇਨ੍ਹਾਂ ਤੋਂ ਇਲਾਵਾ ਸਮੂਹ ਮੈਨੇਜਮੈਂਟ ਹਾਜ਼ਰ ਸੀ ।

ਮਾਂ ਦਿਵਸ ਦੇ ਸੰਦਰਭ ਵਿੱਚ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਸਕੂਲ ਵਿਖੇ ਕਰਵਾਏ ਗਏ ਮੁਕਾਬਲੇ।

ਜਗਰਾਉਂ (ਅਮਿਤ ਖੰਨਾ )  ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਿਖੇ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਦੀ ਅਗਵਾਈ ਵਿੱਚ ਮਨਾਇਆ ਗਿਆ ਮਾਂ ਦਿਵਸ। ਦਿਵਸ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ। ਇਸ ਮੌਕੇ ਤੇ ਹਾਜ਼ਰ ਪਤਵੰਤੇ ਸੱਜਣ ਸਕੂਲ ਦੇ ਪ੍ਰਧਾਨ ਡਾਕਟਰ ਅੰਜੂ ਗੋਯਲ ਜੀ, ਪ੍ਰਬੰਧਕ ਸ੍ਰੀ ਵਿਵੇਕ ਭਾਰਦਵਾਜ ਜੀ, ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਸ਼ਾਮਲ ਸਨ।ਜਿਵੇ ਸਵਰਗਾ ਨੂੰ ਜਾਂਦੇ ਰਾਹ ਵਰਗਾ ਕੋਈ ਨਹੀਂ, ਲੱਖਾਂ ਰਿਸ਼ਤਿਆਂ ਵਿੱਚ ਉਵੇਂ ਮਾਂ ਵਰਗਾ ਕੋਈ ਨਹੀਂ ਇਹਨਾਂ ਲਾਈਨਾਂ ਨੂੰ ਪਰਿਭਾਸ਼ਿਤ ਕਰਦਿਆਂ ਦੀਦੀ ਹਰਵਿੰਦਰ ਕੌਰ ਨੇ ਮਾਂ-ਦਿਵਸ ਦੇ ਸੰਦਰਭ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਮਾਂ ਦਿਵਸ ਸਮਾਜ ਵਿੱਚ ਸਾਰੀਆਂ ਮਾਵਾਂ ਦੇ ਪ੍ਰਭਾਵ ਤੇ ਸਤਿਕਾਰ ਦਾ ਜਸ਼ਨ ਹੈ। ਮਾਂ ਦਿਵਸ ਭਾਰਤ ਵਿੱਚ ਹਰ ਸਾਲ ਮਈ ਦੇ ਮਹੀਨੇ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਕਹਿੰਦੇ ਹਨ ਕਿ ਮਾਂ ਵਿੱਚ ਸਾਰੀ ਸ੍ਰਿਸ਼ਟੀ ਦੀ ਭਾਵਨਾ ਹੈ। ਮਾਂ ਦੇ ਸ਼ਬਦ ਵਿਚ ਉਹ ਮਿਠਾਸ ਤੇ ਨੇੜਤਾ ਛੁਪੀ ਹੋਈ ਹੈ, ਜੋ ਕਿਸੇ ਹੋਰ ਸ਼ਬਦ ਵਿੱਚ ਨਹੀਂ ਹੈ। ਮਾਂ ਦਾ ਨਾਮ ਸੰਵੇਦਨਾ ਅਤੇ ਭਾਵਨਾ ਭਰਪੂਰ ਹੁੰਦਾ ਹੈ ਇਸ ਦੇ ਸਾਹਮਣੇ ਸਾਰੇ ਰਿਸ਼ਤੇ ਖੁਰ ਜਾਂਦੇ ਹਨ। ਇਹ ਦਿਨ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਿੱਚ ਮਾਂ ਦੁਆਰਾ ਦਰਪੇਸ਼ ਮੁਸ਼ਕਲਾਂ ਲਈ ਧੰਨਵਾਦ ਪ੍ਰਗਟ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਬੱਚੇ ਆਪਣੀ ਮਾਂ ਨੂੰ Greeting Card, Bouquet ਆਦਿ ਤੋਹਫੇ ਭੇਂਟ ਕਰਦੇ ਹਨ। ਫੇਰ ਬੱਚਿਆਂ ਦੁਆਰਾ ਕਵਿਤਾ, ਗੀਤ, ਭਾਸ਼ਣ, ਗਰੀਟਿੰਗ ਕਾਰਡ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਰਾਹੀਂ ਮਾਂ ਪ੍ਰਤੀ ਆਪਣੀ ਭਾਵਨਾ ਨੂੰ ਵਿਅਕਤ ਕੀਤਾ।ਦੀਦੀ ਜਤਿੰਦਰ ਕੌਰ ਨੇ ਇੱਕ ਕਵਿਤਾ ਗਾ ਕੇ ਮਾਂ ਪ੍ਰਤੀ ਆਪਣੀ ਭਾਵਨਾ ਨੂੰ ਵਿਅਕਤ ਕਰਦਿਆਂ ਮਾਂ ਦਿਵਸ ਬਾਰੇ ਆਪਣੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਂ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ ਕਿਉਂਕਿ ਵੈਸਟਰਨ ਕਲਚਰ ਵਿਚ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਤੋਂ ਅਲੱਗ ਹੋ ਕੇ ਰਹਿਣਾ ਪੈਂਦਾ ਹੈ ਤਾਂ ਉਨ੍ਹਾਂ ਨੇ ਇਕ ਦਿਨ ਅੱਠ ਮਈ ਡਿਸਾਇਡ ਕੀਤਾ ਆਪਣੀ ਮਾਂ ਨੂੰ ਮਿਲਣ ਦਾ ਤਾਂ ਉਸ ਦਿਨ ਤੋਂ ਬਾਅਦ ਹੀ ਇਹ ਦਿਨ ਮਨਾਇਆ ਜਾਣ ਲੱਗਾ। ਅਸੀਂ ਭਾਰਤਵਾਸੀ ਆਪਣੇ ਭਾਰਤ ਦੇਸ਼ ਨੂੰ ਹੀ ਮਾਂ ਦੀ ਉਪਾਧੀ ਦੇ ਕੇ ਸਨਮਾਨਿਤ ਕਰਦੇ ਹਾਂ, ਇਸ ਲਈ ਭਾਰਤ ਵਿੱਚ ਵੀ ਇਹ ਦਿਨ ਮਨਾਇਆ ਜਾਂਦਾ ਹੈਂ ਵਿਵੇਕ ਭਾਰਦਵਾਜ ਨੇ ਇਸ ਮੌਕੇ ਤੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸੰਸਕਾਰ ਆਪਣੇ ਮਾਤਾ-ਪਿਤਾ ਤੋਂ ਹੀ ਮਿਲਦੇ ਹਨ। ਇਕ ਮਾਂ ਆਪਣੇ ਬੱਚੇ ਲਈ ਬਹੁਤ ਕੁਝ ਕਰਦੀ ਹੈ, ਬੱਚੇ ਦੀਆਂ ਖੁਵਾਹਿਸ਼ਾਂ ਪੂਰੀਆਂ ਕਰਦੀ ਹੈ ਅਤੇ ਬੱਚੇ ਦੀ ਸਾਰੀ ਜ਼ਿੰਦਗੀ ਮਾਂ ਦੇ ਆਲੇ ਦੁਆਲੇ ਘੁੰਮਦੀ ਹੈ ਤਾਂ ਸਾਨੂੰ ਆਪਣੀ ਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਮਾਂ ਦੇ ਪੈਰਾਂ ਥੱਲੇ ਜੰਨਤ ਹੁੰਦੀ ਹੈ। ਮਾਤਾ ਪਿਤਾ ਦਾ ਸਨਮਾਨ ਕਰਨ ਨਾਲ ਸਾਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ।ਅੰਤ ਵਿੱਚ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਸਭ ਨੂੰ ਮਾਂ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤੀਆਂ।

ਮਹਾਨ ਕਵੀ ਰਬਿੰਦਰਨਾਥ ਟੈਗੋਰ ਜੀ ਦੀ ਜਯੰਤੀ ਤੇ ਵਿਸ਼ੇਸ ✍️ ਪੂਜਾ

ਰਬਿੰਦਰਨਾਥ ਟੈਗੋਰ ਜੀ ਇੱਕ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਸਨ। ਜਿਹਨਾਂ ਨੇ 19ਵੀਂ ਅਤੇ 20ਵੀਂ ਸਦੀ ਵਿੱਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ।ਰਬਿੰਦਰਨਾਥ ਟੈਗੋਰ ਦਾ ਜਨਮ 7 ਮਈ 1861ਈ. ਨੂੰ ਕੋਲਕਾਤਾ ਦੇ ਜੋੜਾਸਾਂਕੋ ਠਾਕੁਰਬਾੜੀ ਵਿੱਚ ਹੋਇਆ ਸੀ।ਉਨ੍ਹਾਂ ਦੇ ਪਿਤਾ ਜੀ ਦਾ ਨਾਮ ਮਹਾਰਿਸ਼ੀ ਦੇਬੇਂਦਰਨਾਥ ਟੈਗੋਰ ਅਤੇ ਮਾਤਾ ਜੀ ਦਾ ਨਾਮ ਸ਼ਾਰਦਾ ਦੇਵੀ ਸੀ। ਉਨ੍ਹਾਂ ਦਾ ਵਿਆਹ 'ਮ੍ਰਿਨਾਲਿਨੀ ਦੇਵੀ' ਨਾਲ ਹੋਇਆ ਸੀ।
ਰਬਿੰਦਰਨਾਥ ਟੈਗੋਰ, ਜੋ ਖੁਦ ਨੂੰ ਬਾਊਲ ਟੈਗੋਰ ਕਹਿੰਦੇ ਹਨ, ਬਿਨਾ ਸ਼ਕ ਇੱਕ ਬਹੁਰੰਗੀ ਸੁਭਾ ਦੀ ਸ਼ਖਸੀਅਤ ਹਨ।ਉਨ੍ਹਾਂ ਦੀ ਸਕੂਲ ਦੀ ਪੜ੍ਹਾਈ ਮਸ਼ਹੂਰ ਸੇਂਟ ਜੇਵੀਅਰ ਸਕੂਲ ਵਿੱਚ ਹੋਈ। ਉਨ੍ਹਾਂ ਨੇ ਵਕੀਲ ਬਨਣ ਦੀ ਚਾਹਤ ਵਿੱਚ 1878 ਵਿੱਚ ਇੰਗਲੈਂਡ ਦੇ ਬਰਿਜਟੋਨ ਦੇ ਇੱਕ ਪਬਲਿਕ ਸਕੂਲ ਵਿੱਚ ਨਾਮ ਦਰਜ ਕਰਾਇਆ।
ਅੱਜ ਵੀ ਦੁਨੀਆ ਉਨ੍ਹਾ ਨੂੰ ਇੱਕ ਅਜ਼ੀਮ ਕਵੀ ਦੇ ਤੌਰ ’ਤੇ ਹੀ ਜਾਣਦੀ ਹੈ।ਇੱਕ ਅਜਿਹਾ ਕਵੀ ਜੋ "ਗੀਤਾਂਜਲੀ "ਵਰਗੀ ਅਮਰ ਰਚਣਾ ਦਾ ਰਚਣਹਾਰ ਹੈ, ਜਿਸਦੇ ਗੀਤਾਂ ਨੂੰ ਇੱਕ ਨਹੀਂ ਦੋ-ਦੋ ਦੇਸ਼ਾਂ ਦੇ ਕੌਮੀ ਗੀਤ ਹੋਣ ਦਾ ਫ਼ਖਰ ਹਾਸਿਲ ਹੈ।ਆਪਣੀ ਕਾਵਿ-ਪੁਸਤਕ ਗੀਤਾਂਜਲੀ ਲਈ ਉਨ੍ਹਾਂ ਨੂੰ 1913 ਵਿੱਚ  ਸਾਹਿਤ ਦਾ ਨੋਬਲ ਇਨਾਮ ਮਿਲਿਆ। ਯੂਰਪ ਤੋਂ ਬਾਹਰ ਦਾ ਉਹ ਪਹਿਲੇ ਵਿਅਕਤੀ ਸਨ ਜਿਹਨਾਂ ਨੂੰ ਇਹ ਇਨਾਮ ਮਿਲਿਆ। ਟੈਗੋਰ ਜੀ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝੇ ਜਾਂਦੇ ਸਨ। ਉਨ੍ਹਾ ਨੇ, ਕਵਿਤਾਵਾਂ ਤੋਂ ਬਿਨਾਂ ਨਾਵਲ, ਕਹਾਣੀ, ਨਾਟਕ, ਸਫ਼ਰਨਾਮਾ, ਜੀਵਨੀ ਤੇ ਨਿਬੰਧਕਾਰੀ ਵਿੱਚ ਵੀ ਆਪਣਾ ਭਰਪੂਰ ਹਿੱਸਾ ਪਾਇਆ ਹੈ। ਸੰਗੀਤ ਦੇ ਖੇਤਰ ਵਿੱਚ ਅੱਜ ਵੀ ਉਨ੍ਹਾ ਦਾ "ਰਬਿੰਦਰ ਸੰਗੀਤ"ਭਾਰਤ ਵਿੱਚ ਹੀ ਨਹੀਂ ਸਗੋਂ ਪੂਰੇ ਪੂਰਬੀ ਏਸ਼ੀਆ ਦੇ ਮੁਲਕਾਂ ਅੰਦਰ ਗੂੰਜਦਾ ਹੈ।ਟੈਗੋਰ ਜੀ ਦੇ ਘਰ ਦਾ ਮਾਹੌਲ ਸਾਹਿਤ ਅਤੇ ਸੰਗੀਤ ਵਿੱਚ ਰਸਿਆ-ਬਸਿਆ ਸੀ। ਉਨ੍ਹਾਂ ਦਾ ਵੱਡਾ ਭਰਾ ਸਤੇਂਦਰਨਾਥ ਇੰਡੀਅਨ ਸਿਵਿਲ ਸਰਵਿਸ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਭਾਰਤੀ ਸੀ। ਟੈਗੋਰ ਜੀ ਦੀ ਪਰਵਰਿਸ਼ ਤਿੰਨ ਸਭਿਅਤਾਵਾਂ ਦੇ ਮਿਲੇ-ਜੁਲੇ ਮਾਹੋਲ ਵਿੱਚ ਹੋਈ, ਜਿਸ ਵਿੱਚ ਹਿੰਦੂ, ਮੁਹੰਮਦੀ ਤੇ ਪੱਛਮੀ ਸਭਿਆਤਾਵਾਂ ਸ਼ਾਮਿਲ ਸਨ।ਸਤਾਰ੍ਹਾਂ ਸਾਲ ਦੀ ਉਮਰ ਵਿੱਚ ਟੈਗੋਰ ਜੀ ਨੂੰ ਉਨ੍ਹਾ ਦੇ ਵੱਡੇ ਭਰਾ ਸਤੇਂਦਰਨਾਥ ਦੇ ਨਾਲ ਇੰਗਲੈਂਡ ਭੇਜਿਆ ਗਿਆ।ਰਬਿੰਦਰਨਾਥ ਜੀ ਦੇ ਮਨ ਵਿੱਚ ਇੰਗਲੈਂਡ ਦੀ ਵੱਖਰੀ ਹੀ ਸੁਫ਼ਨਮਈ ਤਸਵੀਰ ਸੀ।ਇਹ ਉਨ੍ਹਾ ਦੀ ਪਹਿਲੀ ਸਮੁੰਦਰੀ ਯਾਤਰਾ ਸੀ।"ਸੰਧਿਆ-ਸੰਗੀਤ" ਦੇ ਛਪਣ ਤੋਂ ਬਾਦ ਟੈਗੋਰ ਜੀ ਦੇ ਜੀਵਨ ਦੀ ਧਾਰਾ ਦਾ ਰੁਖ ਸਪਸ਼ਟ ਹੋ ਗਿਆ ਸੀ। ਹੁਣ ਤਕ ਉਨ੍ਹਾਂ ਦੇ ਕਈ ਕਾਵਿ-ਸੰਗ੍ਰਿਹ, ਨਾਟਕ ਅਤੇ ਨਾਵਲ ਛਪ ਚੁਕੇ ਸਨ- ਜਿਨ੍ਹਾ ਵਿੱਚੋਂ ਸੁਨਹਿਰੀ ਕਿਸ਼ਤੀ, ਰਾਜਰਿਸ਼ੀ, ਸਨਿਆਸੀ, ਵਿਸਰਜਨ ਤੇ ਰਾਜਾ ਅਤੇ ਰਾਣੀ ਆਦਿ ਪ੍ਰਮੁਖ ਸਨ।ਬੰਗਾਲੀ ਸਾਹਿਤ ਦੇ ਪਿਤਾਮਹ ਬੰਕਿਮ ਚੰਦਰ ਵੀ ਉਨ੍ਹਾਂ ਦੀ ਪ੍ਰਤਿਭਾ ਨੂੰ ਕਬੂਲ ਕਰਦੇ ਸਨ।
21 ਸਾਲ ਦੀ ਉਮਰ ਵਿੱਚ ਟੈਗੋਰ ਜੀ ਨੇ ਇਕ ਬੰਗਾਲੀ ਬਾਲ ਰਸਾਲੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਦੀ ਕਥਾ ਬਾਰੇ ਲੇਖ ਲਿਖਿਆ।ਗੁਰੂ ਗੋਬਿੰਦ ਸਿੰਘ ਜੀ ਬਾਰੇ ਉਨ੍ਹਾਂ ਨੇ ਕਵਿਤਾਵਾਂ "ਗੋਬਿੰਦ ਗੁਰੂ" , "ਵੀਰ ਗੁਰੂ" ਅਤੇ ਬੰਦਾ ਸਿੰਘ ਬਹਾਦਰ ਬਾਰੇ "ਬੰਦੀ ਬੀਰ" ਬੰਗਾਲੀ ਵਿੱਚ ਰਚੀਆਂ।ਸਿੱਖ ਰਾਗੀਆਂ ਦੁਬਾਰਾ ਗੁਰੂ ਨਾਨਕ ਬਾਣੀ ਗਾਇਨ ਨੇ ਉਨ੍ਹਾਂ ਦੇ ਬਾਲ ਮਨ ਨੂੰ ਇਨ੍ਹਾਂ ਪ੍ਰਭਾਵਿਤ ਕੀਤਾ ਕਿ ਬਾਅਦ ਵਿੱਚ ਉਨ੍ਹਾਂ ਨੇ " ਗਗਨ ਮੈਂ ਥਾਲ" ਰਚਨਾ ਦਾ ਬੰਗਾਲੀ ਵਿੱਚ ਅਨੁਵਾਦ ਕੀਤਾ।
ਕਵੀ ਨੇ ਆਪਣੇ ਗਮ ਨੂੰ ਗੀਤਾਂ ਤੇ ਕਵਿਤਾਵਾਂ ਵਿੱਚ ਰਚਿਆ। ਉਨ੍ਹਾਂ ਦੇ  ਇਹ ਗੀਤ "ਸ਼ਿਸ਼ੂ" ਤੇ "ਸਮਰਪਣ" ਨਾਂ ਦੀਆਂ ਕਿਤਾਬਾਂ ਵਿੱਚ ਪ੍ਰਕਾਸ਼ਿਤ ਹੋਏ। ਕਵੀ ਨੇ ਆਪਣੀ ਇਹ ਕਿਤਾਬ ਆਪਣੀ ਪਤਨੀ ਦੀ ਯਾਦ ਨੂੰ ਸਮਰਪਿਤ ਕੀਤੀ।ਜਨ-ਗਣ-ਮਨ ਦੇ ਰਚਣਹਾਰ ਉਹ ਖੁਦ ਸਨ ਤੇ ਦੂਜੇ ਪਾਸੇ ਬੰਦੇ-ਮਾਤਰਮ ਦੀ ਪਹਿਲੀ ਧੁਨ ਵੀ ਉਨ੍ਹਾ ਨੇ ਹੀ ਬਣਾਈ ਸੀ। ਡਾ. ਰਾਜੇਂਦਰ ਪ੍ਰਸਾਦ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਟੈਗੋਰ ਜੀ ਦੇ ਜਨ-ਗਣ-ਮਨ ਨੂੰ ਕੌਮੀ ਗੀਤ ਦੇ ਰੂਪ ਵਿੱਚ ਸਵੀਕਾਰ ਕੀਤਾ।ਟੈਗੋਰ ਜੀ ਨੇ ਕਰੀਬ 2, 230 ਗੀਤਾਂ ਦੀ ਰਚਨਾ ਕੀਤੀ। "ਰਾਬਿੰਦਰ ਸੰਗੀਤ"ਬੰਗਲਾ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ। ਕੁਦਰਤ ਦੇ ਪ੍ਰਤੀ ਗਹਿਰਾ ਲਗਾਉ ਰੱਖਣ ਵਾਲੇ ਇਹ ਕੁਦਰਤ ਪ੍ਰੇਮੀ ਅਜਿਹੇ ਇੱਕਮਾਤਰ ਵਿਅਕਤੀ ਸਨ ਜਿਹਨਾਂ ਨੇ ਦੋ ਦੇਸ਼ਾਂ ਲਈ ਰਾਸ਼ਟਰਗਾਨ ਲਿਖਿਆ।ਇਨ੍ਹਾਂ 'ਚੋਂ ਇਕ ਹੈ ਭਾਰਤ, ਜਿਸ ਦਾ ਰਾਸ਼ਟਰੀ ਗੀਤ ਹੈ 'ਜਨ ਗਨ ਮਨ...' ਅਤੇ ਦੂਜਾ ਹੈ ਬੰਗਲਾਦੇਸ਼ ਜਿਸ ਦਾ ਰਾਸ਼ਟਰੀ ਗੀਤ ਹੈ- 'ਆਮਾਰ ਸੋਨਾਰ ਬਾਂਗਲਾ...।' ਟੈਗੋਰ ਜੀ ਦਾ ਇਹ ਰਾਸ਼ਟਰੀ ਗੀਤ 'ਜਨ ਗਨ ਮਨ...' ਪਹਿਲੀ ਵਾਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਲਕੱਤਾ ਇਜਲਾਸ ਵਿਚ 27 ਦਸੰਬਰ 1911 ਨੂੰ ਗਾਇਆ ਗਿਆ।ਸੀ। ਸੰਵਿਧਾਨ ਅਸੈਂਬਲੀ ਨੇ ਇਸ ਨੂੰ ਰਾਸ਼ਟਰੀ ਗਾਨ ਵਜੋਂ 24 ਜਨਵਰੀ 1950 ਨੂੰ ਅਪਣਾਇਆ।
ਉਨ੍ਹਾਂ ਦੀ ਕਾਵਿ ਰਚਨਾ ਗੀਤਾਂਜਲੀ ਲਈ ਉਨ੍ਹਾਂ ਨੂੰ ਸੰਨ 1913 ਵਿੱਚ ਸਾਹਿਤ ਦਾ ਨੋਬਲ ਇਨਾਮ ਮਿਲਿਆ। ਉਹਨਾਂ ਨੂੰ ਅੰਗਰੇਜ ਸਰਕਾਰ ਵੱਲੋਂ ਸਰ ਦੀ ਉਪਾਧੀ ਮਿਲੀ,ਕਲਕੱਤਾ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਉਪਾਧੀ, ਉਨ੍ਹਾਂ ਨੂੰ 1915 ਵਿੱਚ ਬਰਤਾਨੀਆ ਦੇ ਸ਼ਹਿਨਸ਼ਾਹ ਦੇ ਜਨਮ ਦਿਨ 'ਸਰ' ਦੀ ਉਪਾਧੀ ਦਿੱਤੀ ਗਈ। 1919 ਈ: ਵਿੱਚ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਪਿੱਛੋਂ ਉਨ੍ਹਾਂ ਨੇ ਸਰ ਦੀ ਉਪਾਧੀ ਮੋੜ ਦਿੱਤੀ,1935 ਈ: ਵਿੱਚ ਉਨ੍ਹਾਂ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਨੇ ਡੀ. ਲਿਟ ਦੀ ਉਪਾਧੀ,1936 ਵਿੱਚ ਢਾਕਾ ਯੂਨੀਵਰਸਿਟੀ ਵੱਲੋਂ ਵੀ ਡੀ. ਲਿਟ ਦੀ ਉਪਾਧੀ,1940 ਈ: ਵਿੱਚ ਉਨ੍ਹਾਂ ਨੂੰ ਆਕਸਫੋਰਡ ਯੂਨੀਵਰਸਿਟੀ ਵੱਲੋਂ ਡੀ. ਲਿਟ ਦੀ ਮਾਣਹਿਤ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।7 ਅਗਸਤ 1941ਈ. ਨੂੰ ਭਾਰਤ ਦਾ ਅਦੁੱਤੀ ਕਵੀ, ਨਾਟਕਕਾਰ ਤੇ ਚਿੰਤਕ ਸਵਰਗ ਸਿਧਾਰ ਗਿਆ।
ਪੂਜਾ 9815591967

ਦਰਿਆਵਾਂ ਦੇ ਰੁਖ਼ ਬਦਲ ਸਕਦਾ ਹੈ ਮੀਡੀਆ : ਕੁਲਦੀਪ ਸਿੰਘ ਧਾਲੀਵਾਲ

ਮੀਡੀਆ ਕਰਮੀਆਂ ਦੀਆਂ ਮੁਸ਼ਕਲਾਂ ਤੇ ਮੰਗਾਂ ਪਹਿਲ ਦੇ ਆਧਾਰ ਉੱਤੇ ਕੀਤੀਆਂ ਜਾਣਗੀਆਂ ਹੱਲ

ਪੰਜਾਬ ਦੀ ਕਾਇਆ ਕਲਪ ਲਈ ਮੀਡੀਆ ਦਾ ਸਹਿਯੋਗ ਲਾਜ਼ਮੀ

ਮੰਡੀ ਗੋਬਿੰਦਗੜ੍ਹ/ ਫਤਹਿਗੜ੍ਹ ਸਾਹਿਬ, 07 ਮਈ  (ਰਣਜੀਤ ਸਿੱਧਵਾਂ)  :  ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿਖੇ ਕਰਵਾਈ ਤੀਜੀ ਸੂਬਾਈ ਕਾਨਫ਼ਰੰਸ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਅਤੇ ਪਰਵਾਸੀ ਭਾਰਤੀ ਮਾਮਲੇ ਮੰਤਰੀ, ਪੰਜਾਬ, ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੀਡੀਆ ਵਿੱਚ ਐਨੀ ਤਾਕਤ ਹੈ ਕਿ ਉਹ ਦਰਿਆਵਾਂ ਦੇ ਰੁਖ ਬਦਲ ਸਕਦਾ ਹੈ। ਅੱਜ ਉਹ ਉਹਨਾਂ ਲੋਕਾਂ ਵਿੱਚ ਆਏ ਹਨ, ਜਿਨ੍ਹਾਂ ਲੋਕਾਂ ਨੇ ਸਮਾਜ ਨੂੰ ਸਹੀ ਰਾਹ ਦਸਣਾ ਹੁੰਦਾ ਹੈ। ਪੱਤਰਕਾਰ ਸਰਕਾਰਾਂ ਤੇ ਲੋਕਾਂ ਵਿਚਾਲੇ ਪੁਲਾਂ ਦਾ ਕੰਮ ਕਰਦੇ ਹਨ। ਲੋਕਾਂ ਦੇ ਮੁੱਦੇ ਉਭਾਰਨੇ ਮੀਡੀਆ ਦੀ ਵੱਡੀ ਜ਼ਿੰਮੇਵਾਰੀ ਹੈ। ਕੈਬਨਿਟ ਮੰਤਰੀ ਸ. ਧਾਲੀਵਾਲ ਨੇ ਕਿਹਾ ਕਿ  ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਮੰਗਾਂ ਲੈ ਕੇ ਆਵੇ। ਯੂਨੀਅਨ ਦੀ ਮੀਟਿੰਗ ਮੁੱਖ ਮੰਤਰੀ ਸ. ਭਗਵੰਤ ਮਾਨ ਨਾਲ ਕਰਵਾ ਕੇ ਮੀਡੀਆ ਕਰਮੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ਉੱਤੇ ਹੱਲ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਮੀਡੀਆ ਦੇ ਸਹਿਯੋਗ ਦੀ ਲੋੜ ਹੈ, ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ। ਸ. ਧਾਲੀਵਾਲ ਨੇ ਕਿਹਾ ਕਿ ਜਦੋਂ ਵੀ ਸਰਕਾਰ ਦੇ ਨੁਮਾਇੰਦੇ ਕਿਸੇ ਵੀ ਵਰਗ ਕੋਲ ਜਾਂਦੇ ਹਨ ਤਾਂ ਉਹ ਵਰਗ ਆਪਣੀਆਂ ਮੁਸ਼ਕਲਾਂ ਉਭਾਰਦਾ ਹੈ ਤੇ ਮੁਸ਼ਕਲਾਂ ਉਭਾਰਨੀਆਂ ਵੀ ਚਾਹੀਦੀਆਂ ਹਨ ਪਰ ਹਰ ਖੇਤਰ ਦੇ ਵਿਅਕਤੀ ਨੇ ਆਪਣੇ ਅਦਾਰੇ ਦੀ ਡਿਊਟੀ ਦੇ ਨਾਲ-ਨਾਲ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਨਿਭਾਉਣੀ ਹੈ। ਪੰਜਾਬ ਦੇ ਅੱਗੇ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਹਨ ਤੇ ਉਹਨਾਂ ਪ੍ਰਤੀ ਜਾਗਰੂਕ ਹੋਣਾ ਤੇ ਉਹਨਾਂ ਸਬੰਧੀ ਆਵਾਜ਼ ਬੁਲੰਦ ਕਰਨੀ ਸਾਂਝਾ ਫਰਜ਼ ਹੈ। ਸ. ਧਾਲੀਵਾਲ ਨੇ ਕਿਹਾ ਕਿ ਕਿਤੇ ਨਾ ਕਿਤੇ ਕਈ ਵਾਰ ਕੁਝ ਮੀਡੀਆ ਕਰਨੀ ਅਪਣੀ ਡਿਊਟੀ ਕਰਨ ਤੋਂ ਕੰਨੀ ਕਤਰਾ ਜਾਂਦੇ ਹਨ। ਉਹਨਾਂ ਦੱਸਿਆ ਕਿ ਕੱਲ੍ਹ ਉਹਨਾਂ ਕੋਲ ਇੱਕ ਬੰਦਾ ਕਪੂਰਥਲੇ ਤੋਂ, ਜੋ ਕਿ ਪਰਵਾਸੀ ਪੰਜਾਬੀ ਹੈ, ਆਇਆ ਤੇ ਉਸ ਨੇ ਦੱਸਿਆ ਕੇ ਉਸ ਦੀ ਜ਼ਮੀਨ ਇਕ ਸਾਬਕਾ ਉੱਚ ਅਧਿਕਾਰੀ ਨੇ ਆਪਣੇ ਰਿਸ਼ਤੇਦਾਰ ਦੇ ਨਾਮ ਲਗਵਾ ਦਿੱਤੀ ਤੇ ਕਿਸੇ ਪੱਤਰਕਾਰ ਨੇ ਵੀ ਖ਼ਬਰ ਨਹੀਂ ਲਈ। ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਨੇ ਉਹਨਾਂ ਨੂੰ ਦਸਿਆ ਕਿ ਮੋਹਾਲੀ ਵਿਚ ਉਸਦੀ ਜ਼ਮੀਨ ਕਿਸੇ ਨੇ ਆਪਣੇ ਨਾਮ ਲਗਵਾ ਲਈ। ਪੀੜਤ ਨੇ ਦੱਸਿਆ ਕਿ ਕਿਸੇ ਨੇ ਵੀ ਇਸ ਬਾਬਤ ਖ਼ਬਰ ਨਹੀਂ ਲਾਈ। ਸ. ਧਾਲੀਵਾਲ ਨੇ ਕਿਹਾ ਕਿ ਇਹ ਸੁਣ ਕੇ ਉਹਨਾਂ ਨੂੰ ਅਫ਼ਸੋਸ ਹੋਇਆ। ਉਹਨਾਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਹਨਾਂ ਕਿਹਾ ਕਿ ਸਾਡੀ ਡਿਊਟੀ ਹੈ ਪੰਜਾਬ ਨੂੰ ਬਚਾਉਣਾ, ਜੇ ਪੰਜਾਬ ਬਚੇਗਾ ਤਾਂ ਹੀ ਪੰਜਾਬ ਦਾ ਮੀਡੀਆ ਬਚੇਗਾ। ਇਸ ਲਈ ਮੀਡੀਆ ਅਪਣੀ ਜ਼ਿੰਮੇਵਾਰੀ ਸਾਂਭੇ ਤੇ ਨਿੱਠ ਕੇ ਕੰਮ ਕਰੇ। ਸਰਕਾਰ ਮੀਡੀਆ ਕਰਮੀਆਂ ਦੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਕੁਝ ਅਯੋਗ ਵਿਅਕਤੀਆਂ ਦੇ ਮੀਡੀਆ ਲਾਈਨ ਵਿੱਚ ਆਉਣ ਕਰ ਕੇ ਮੀਡੀਆ ਦਾ ਮਿਆਰ ਵੀ ਥੱਲੇ ਆਇਆ ਹੈ। ਉਹਨਾਂ ਨੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਲੋੜਵੰਦਾਂ ਦੀ ਆਵਾਜ਼ ਬਣਨ, ਸਗੋਂ ਸਰਕਾਰ ਦਾ ਵੀ ਮਾਰਗਦਰਸ਼ਨ ਕਰਨ। ਸ. ਧਾਲੀਵਾਲ ਨੇ ਕਿਹਾ ਕਿ ਕੋਵਿਡ ਵਿੱਚ ਆਰ.ਐਮ.ਪੀਜ਼ ਨੇ ਦਿਨ ਰਾਤ ਇੱਕ ਕੇ ਕੰਮ ਕੀਤਾ ਤੇ ਇਸੇ ਤਰ੍ਹਾਂ ਲੋਕਲ ਮੀਡੀਆ ਨੇ ਵੀ ਜ਼ਮੀਨੀ ਪੱਧਰ ਉੱਤੇ ਨਿੱਠ ਕੇ ਕੰਮ ਕੀਤਾ। ਉਹ ਬਹੁਤ ਹੀ ਮੁਸ਼ਕਲਾਂ ਵਾਲਾ ਸਮਾਂ ਸੀ ਤੇ ਮੀਡੀਆ ਨੇ ਸ਼ਲਾਗਾਯੋਗ ਕੰਮ ਕੀਤਾ। ਪੰਜਾਬ ਦੇ ਬਕਾਇਆ ਮਸਲੇ ਹੱਲ ਕਰਨ ਲਈ ਵੀ ਮੀਡੀਆ ਅੱਗੇ ਹੋ ਕੇ ਕੰਮ ਕਰੇ। ਸਾਰੀਆਂ ਕਮੀਆਂ ਉਜਾਗਰ ਕੀਤੀਆਂ ਜਾਣ। ਮੀਡੀਆ ਸਰਕਾਰ ਦੇ ਅੱਖ ਤੇ ਕੰਨ ਦਾ ਕੰਮ ਕਰੇ। ਪਿਛਲੀਆਂ ਸਰਕਾਰਾਂ ਕਾਰਨ ਪੰਜਾਬ ਦੀ ਸਥਿਤੀ ਮਾੜੀ ਹੋਈ ਹੈ, ਮੀਡੀਆ ਇਸ ਨੂੰ ਠੀਕ ਕਰਨ ਲਈ ਯੋਗਦਾਨ ਪਾਵੇ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਇਸ ਗੱਲ ਉੱਤੇ ਖੁਸ਼ੀ ਪ੍ਰਗਟ ਕੀਤੀ ਕਿ ਇਹ ਕਾਨਫ਼ਰੰਸ ਛੋਟੇ ਸ਼ਹਿਰ ਵਿੱਚ ਰੱਖੀ ਗਈ ਹੈ। ਉਹਨਾਂ ਕਿਹਾ ਕਿ ਅਕਸਰ ਅਜਿਹੀਆਂ ਕਾਨਫਰੰਸਾਂ ਵੱਡੇ ਸ਼ਹਿਰਾਂ ਤੱਕ ਸੀਮਤ ਰਹਿ ਜਾਂਦੀਆਂ ਹਨ ਪਰ ਅੱਜ ਇਕ ਨਵੀਂ ਲੀਹ ਪਈ ਗਈ ਹੈ। ਇਸ ਕਾਨਫਰੰਸ ਵਿੱਚ ਛੋਟੇ ਸ਼ਹਿਰਾਂ ਦੇ ਪੱਤਰਕਾਰਾਂ ਖ਼ਾਸਕਰ ਵਰਨੈਕੂਲਰ ਪੱਤਰਕਾਰਾਂ ਤੇ ਵੱਡੇ ਸ਼ਹਿਰਾਂ ਦੇ ਪਤਰਕਾਰਾਂ ਵਿਚਲੀ ਵਿੱਥ ਦੂਰ ਹੋਈ ਹੈ ਅਤੇ ਮੁਸ਼ਕਲਾਂ ਸਾਂਝੀਆਂ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਮੀਡੀਆ ਜਮਹੂਰੀਅਤ ਦਾ ਚੌਥਾ ਥੰਮ ਹੈ। ਉਹਨਾਂ ਭਰੋਸਾ ਜਤਾਇਆ ਕਿ ਉਹ ਮੀਡੀਆ ਕਰਮੀਆਂ ਦੀ ਹੱਕੀ ਮੰਗਾਂ ਲਈ  ਮੀਡੀਆ ਦੇ ਨਾਲ ਹਨ। ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਗੁਰਿੰਦਰ ਸਿੰਘ ਗੈਰੀ
ਬੜਿੰਗ, ਹਲਕਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਸ. ਜ਼ੋਰਾ ਸਿੰਘ, ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਸ੍ਰੀਨਿਵਾਸਨ ਰੈਡੀ, ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਸੀਨੀਅਰ ਪੱਤਰਕਾਰ ਐਸ. ਐਨ. ਸਿਨਹਾ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਵਿੰਦਰ ਸਿੰਘ ਜੰਮੂ, ਚੇਅਰਮੈਨ ਬਲਬੀਰ ਸਿੰਘ ਜੰਡੂ, ਐਸਡੀਐਮ ਜੀਵਨਜੋਤ ਕੌਰ, ਮੀਤ ਪ੍ਰਧਾਨ ਭੂਸ਼ਨ ਸੂਦ, ਜ਼ਿਲ੍ਹਾ ਪ੍ਰਧਾਨ ਆਪ ਅਜੈ ਸਿੰਘ ਲਿਬੜਾ, ਲੋਕ ਸਭਾ ਇੰਚਾਰਜ ਨਵਜੋਤ ਸਿੰਘ ਜਰਗ, ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸੂਬੇ ਭਰ ਵਿੱਚੋਂ ਆਏ ਮੀਡੀਆ ਕਰਮੀ, ਸਥਾਨਕ ਲੋਕ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਪੰਜਾਬ ਸਰਕਾਰ ਵੱਲੋਂ 8 ਮਈ ਤੋਂ ਸੂਬੇ ਭਰ ਵਿੱਚ ਕਣਕ ਦੀ ਖਰੀਦ ਬੰਦ ਕਰਨ ਦਾ ਫ਼ੈਸਲਾ      

ਚੰਡੀਗੜ੍ਹ 07 ਮਈ  (ਰਣਜੀਤ ਸਿੱਧਵਾਂ)  :  ਖਰੀਦ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ 8 ਮਈ ਨੂੰ ਸ਼ਾਮ 5 ਵਜੇ ਤੋਂ ਸੂਬੇ ਭਰ ਦੀਆਂ 825 ਮੰਡੀਆਂ ਵਿੱਚ ਕਣਕ ਦੀ ਖਰੀਦ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ  ਸੂਬੇ ਦੀਆਂ ਕੁੱਲ 1099 ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਬੰਦ ਹੋ ਚੁੱਕੀ ਹੈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੀਤੀ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਮਾਗਮ ਦੀ ਪ੍ਰਧਾਨਗੀ

ਮਿਸਤਰੀ ਮਜ਼ਦੂਰਾਂ ਦਾ ਕੰਮ ਵਾਲੇ ਵਿਅਕਤੀਆਂ ਨੂੰ ਸਰਕਾਰ ਵਲੋਂ ਜਾਰੀ ਕੀਤੀ ਜਾਣਵਾਲੀ ਲਾਭਪਾਤਰੀ ਕਾਪੀ ਦੀਆਂ ਸਰਤਾਂ ਨੂੰ ਹੋਰ ਬਣਾਇਆ ਜਾਵੇਗਾ ਸੁਖਾਲਾ  :  ਸ. ਕੁਲਤਾਰ ਸਿੰਘ ਸੰਧਵਾਂ
ਸ੍ਰੀ ਮੁਕਤਸਰ ਸਾਹਿਬ 7 ਮਈ ( ਰਣਜੀਤ ਸਿੱਧਵਾਂ) :  ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 299ਵਾਂ ਜਨਮ ਦਿਹਾੜਾ  ਸਮੂਹ ਰਾਮਗੜ੍ਹੀਆ ਭਾਈਚਾਰੇ ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਗਿਆ । ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਵਿਧਾਨ ਸਭਾ ਦੇ  ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸ. ਸੰਧਵਾ ਨੇ ਸਮੂਹ ਰਾਮਗੜ੍ਹੀਆ ਭਾਈਚਾਰੇ ਨੂੰ ਅਪੀਲ ਕੀਤੀ ਕਿ ਸਾਨੂੰ ਸ. ਜੱਸਾ ਸਿੰਘ ਵਲੋਂ ਦਰਸਾਏ ਪੂਰਨਿਆ ਤੇ ਚਲਣਾ ਚਾਹੀਦਾ ਹੈ  ਅਤੇ ਆਪਸੀ ਭਾਈਚਾਰੇ ਨੂੰ ਹਮੇਸ਼ਾ ਕਾਮਯਾਬ ਰੱਖਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਨੀਤੀ ਨੂੰ ਕਾਮਯਾਬ ਬਨਾਉਣ ਲਈ ਜਲਦੀ ਬੰਦ ਪਏ ਉਦਯੋਗਾਂ ਨੂੰ ਮੁੜ ਚਾਲੂ ਕਰਵਾਇਆ ਜਾਵੇਗਾ, ਜਿਸ ਨਾਲ ਬੇਰੁਜ਼ਗਾਰ ਨੂੰ ਰੋਜ਼ਗਾਰ ਦੇ ਮੌਕੇ ਮਿਲਣਗੇ । ਉਹਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਜਲਦੀ ਬਾਬਾ ਵਿਸ਼ਵਕਰਮਾ ਟੈਕਨੀਕਲ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਜਾਵੇਗੀ, ਜਿੱਥੇ ਬੇਰੁਜ਼ਗਾਰਾਂ ਨੂੰ ਇੰਡਸਟਰੀ ਨਾਲ ਸਬੰਧਿਤ ਸਿਖਲਾਈ ਦੇ ਕੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਕਾਬੂ ਕੀਤਾ ਜਾਵੇਗਾ।ਉਹਨਾਂ ਇਹ ਵੀ ਕਿਹਾ ਕਿ ਮਿਸਤਰੀ ਮਜ਼ਦੂਰਾਂ ਦਾ ਕੰਮ ਵਾਲੇ ਵਿਅਕਤੀਆਂ ਨੂੰ ਸਰਕਾਰ ਵਲੋਂ ਜਾਰੀ ਕੀਤੀ ਜਾਣਵਾਲੀ ਲਾਭਪਾਤਰੀ ਕਾਪੀ ਦੀਆਂ ਸਰਤਾਂ ਨੂੰ ਹੋਰ ਸੁਖਾਲਾ ਬਣਾਇਆ ਜਾਵੇਗਾ ਤਾਂ ਜ਼ੋ ਇਸ ਵਰਗ ਦੇ ਲੋਕ ਸਰਕਾਰੀ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣਾ। ਉਹਨਾਂ ਇਸ ਮੌਕੇ ਤੇ ਕਾਮਨਾ ਕੀਤੀ ਕਿ ਉਹਨਾਂ ਦੀ ਵੱਡੀ ਸੇਵਾ ਇਹ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸੱਚੇ ਸੁੱਚੇ ਅਤੇ ਇਮਾਨਦਾਰ ਸਿੱਖ ਵਿਅਕਤੀਆਂ ਦੇ ਹੱਥ ਆਵੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਵਿਅਕਤੀ ਗੁਰੂ ਘਰ ਨਾਲ ਜੁੜ ਸਕਣ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਪ੍ਰਧਾਨ ਕਿਸਾਨ ਸੈਲ ਸੁਖਜਿੰਦਰ ਸਿੰਘ ਬਰਾੜ, ਜਗਮੀਤ ਸਿੰਘ ਜੱਗਾ ਐਮ.ਸੀ, ਬਲਾਕ ਪ੍ਰਧਾਨ  ਰਾਜਿੰਦਰ ਸਿੰਘ ਬਰਾੜ , ਸੁਖਜਿੰਦਰ ਸਿੰਘ ਸੁੱਖਾ, ਸ਼ਮਸੇਰ ਸਿੰਘ ਵੜਿੰਗ ਵਾਈਸ ਪ੍ਰਧਾਨ ਕਿਸਾਨ ਸੈਲ, ਜਸਵਿੰਦਰ ਸਿੰਘ ਫੱਤਣਵਾਲਾ, ਸ਼ਮਿੰਦਰ ਸਿੰਘ ਚਾਨਾ, ਗੁਰਪਾਲ ਸਿੰਘ ਪਾਲੀ, ਸਮਿੰਦਰ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਖੋਖਰ ਤੋਂ ਇਲਾਵਾ  ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਵਾਗਤੀ ਕਮੇਟੀ ਦੇ ਅਹੁਦੇਦਾਰ ਮੌਜੂਦ ਸਨ।

ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਪੁਸਤਕ ਲੋਕ ਅਰਪਣ ਅਤੇ 101 ਕਲਮਕਾਰਾਂ ਦਾ ਸਨਮਾਨ 8 ਮਈ ਨੂੰ -

ਪ੍ਰੋ. ਬੀਰ ਇੰਦਰ ਸਰਾਂ

ਫ਼ਰੀਦਕੋਟ, (ਜਨ ਸ਼ਕਤੀ ਨਿਊਜ਼ ਬਿਊਰੋ  ) ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਨੇ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਪ੍ਰੈਸ ਨੂੰ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 08 ਮਈ 2022 (ਐਤਵਾਰ) ਨੂੰ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਸਵੇਰੇ 10 ਤੋਂ ਬਾਅਦ ਦੁਪਹਿਰ 2 ਵਜੇ ਤੱਕ ਸਭਾ ਦੇ ਸਹਿਯੋਗ ਨਾਲ ਇੱਕ ਸਾਂਝਾ ਕਾਵਿ-ਸੰਗ੍ਰਹਿ ‘ਕਲਮਾਂ ਦੇ ਰੰਗ’ ਲੋਕ-ਅਰਪਣ ਕੀਤਾ ਜਾ ਰਿਹਾ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਥਾਪਿਤ ਅਤੇ ਉੱਭਰਦੇ ਕਵੀ ਸਾਹਿਬਾਨ ਸ਼ਾਮਿਲ ਹਨ । ਸਭਾ ਦੇ ਸਰਪ੍ਰਸਤ ਡਾ. ਨਿਰਮਲ ਕੌਸ਼ਿਕ ਨੇ ਦੱਸਿਆ ਕਿ ਕਵੀ ਦਰਬਾਰ ਤੋਂ ਬਾਅਦ 101 ਕਲਮਕਾਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਗੁਰਦਿੱਤ ਸਿੰਘ ਸੇਖੋਂ, ਹਲਕਾ ਵਿਧਾਇਕ ਫ਼ਰੀਦਕੋਟ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ (ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ), ਸ. ਮਨਜੀਤ ਪੁਰੀ (ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਰੀਦਕੋਟ), ਸ. ਹਰਿੰਦਰ ਸੰਧੂ (ਪ੍ਰਸਿੱਧ ਪੰਜਾਬੀ ਲੋਕ ਗਾਇਕ), ਸ. ਜਸਬੀਰ ਜੱਸੀ (ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਸਿੱਖਿਆ ਵਿਭਾਗ, ਫ਼ਰੀਦਕੋਟ ਅਤੇ ਅੰਤਰਰਾਸ਼ਟਰੀ ਮੰਚ ਸੰਚਾਲਕ) ਹੋਣਗੇ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਦੇਵਿੰਦਰ ਸੈਫ਼ੀ (ਪ੍ਰਸਿੱਧ ਸਾਹਿਤਕਾਰ ਅਤੇ ਆਲੋਚਕ) ਕਰਨਗੇ ਅਤੇ ਮੰਚ ਸੰਚਾਲਕ ਦੀ ਭੂਮਿਕਾ ਬੀਬਾ ਅਮਨਦੀਪ ਕੌਰ ਖੀਵਾ , ਰਿਸ਼ੀ ਦੇਸ ਰਾਜ ਸ਼ਰਮਾ ਨਿਭਾਉਣਗੇ। ਇਸ ਮੌਕੇ ਸਭਾ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।

  ਮਨੁੱਖ ਤੇ ਰੁੱਖ ✍️ ਸਲੇਮਪੁਰੀ ਦੀ ਚੂੰਢੀ

- ਧਰਮ ਦਾ ਮਖੌਟਾ
ਪਹਿਨ ਕੇ
 ਜਿਉਂਦੇ ਮਨੁੱਖ ਨੂੰ
ਜਲਾਉਣਾ
ਖੁਸ਼ੀਆਂ
ਤੇ ਖੇੜਿਆਂ ਦਾ
ਤਿਉਹਾਰ ਹੁੰਦੈ!
ਤੇ-
ਬੇਜ਼ੁਬਾਨ ਰੁੱਖਾਂ
 ਦਾ ਕਤਲੇਆਮ
ਕਰਵਾਉਣਾ,
ਅੱਗ ਵਿਚ
 ਜਲਾਉਣਾ,
 ਵਿਕਾਸ ਦਾ ਪ੍ਰਤੀਕ ਐ!
- ਸੁਖਦੇਵ ਸਲੇਮਪੁਰੀ
09780620233
6 ਮਈ, 2022.

ਲੋਕ ਗਾਇਕ ਲੱਕੀ ਖਾਨ ਅਲੀ ਲੈ ਕੇ ਹਾਜ਼ਰ ਹੈ ‘ਜੁਲਮ ਦੀ ਜੜ੍ਹ’

ਹਠੂਰ,7,ਮਈ-(ਕੌਸ਼ਲ ਮੱਲ੍ਹਾ)-ਧਾਰਮਿਕ ਅਤੇ ਪਰਿਵਾਰਕ ਗੀਤਾ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਲੋਕ ਗਾਇਕ ਲੱਕੀ ਖਾਨ ਅਲੀ ਆਪਣੇ ਸਰੋਤਿਆ ਦੀ ਕਚਹਿਰੀ ਵਿਚ ਲੈ ਕੇ ਹਾਜ਼ਰ ਹੈ ਆਪਣਾ ਸਿੰਗਲ ਟਰੈਕ ਧਾਰਮਿਕ ਗੀਤ ‘ਜੁਲਮ ਦੀ ਜੜ੍ਹ’ ਇਸ ਗੀਤ ਨੂੰ ਅੱਜ ਆਮ-ਆਦਮੀ ਪਾਰਟੀ ਐਨ ਆਰ ਆਈ ਸਭਾ ਹਲਕਾ ਜਗਰਾਓ ਦੇ ਪ੍ਰਧਾਨ ਜਰਨੈਲ ਸਿੰਘ ਲੰਮੇ ਨੇ ਪਿੰਡ ਲੰਮਾ ਵਿਖੇ ਰਿਲੀਜ ਕੀਤਾ।ਇਸ ਮੌਕੇ ਲੋਕ ਗਾਇਕ ਲੱਕੀ ਖਾਨ ਅਲੀ ਨੇ ਦੱਸਿਆ ਕਿ ਇਸ ਗੀਤ ਨੂੰ ਆਪਣੀ ਕਲਮ ਨਾਲ ਸਿੰਗਾਰਿਆ ਹੈ ਗੀਤਕਾਰ ਸੁੱਖੀ ਪਾਤੜਾ,ਸੰਗੀਤਕਾਰ ਲਵੀ ਰੰਧਾਵਾ,ਪ੍ਰੋਡਿਊਸਰ ਜਰਨੈਲ ਸਿੰਘ ਯੂ ਕੇ,ਵੇਵ ਆਡੀਓ ਅਤੇ ਪੰਮਾ ਜੱਟਪੁਰੀ ਦੀ ਪੇਸਕਸ ਹੈ।ਇਸ ਗੀਤ ਦੀ ਵੀਡੀਓ ਇਤਿਹਾਸਕ ਗੁਰਦੁਆਰਾ ਸ਼੍ਰੀ ਪੰਜੂਆਣਾ ਸਾਹਿਬ ਪਿੰਡ ਲੰਮਾ ਵਿਖੇ ਫਿਲਮਾਈ ਗਈ ਹੈ।ਇਹ ਗੀਤ ਅੱਜ ਤੋ ਵੱਖ-ਵੱਖ ਟੀ ਵੀ ਚੈਨਲਾ ਅਤੇ ਸੋਸਲ ਮੀਡੀਆ ਤੇ ਦੇਖਿਆ ਜਾ ਸਕੇਗਾ।ਇਸ ਮੌਕੇ ਨਵੇ ਗੀਤ ਦੀਆ ਮੁਬਾਰਕਾ ਦਿੰਦਿਆ ਪ੍ਰਧਾਨ ਜਰਨੈਲ ਸਿੰਘ ਲੰਮੇ ਨੇ ਕਿਹਾ ਕਿ ਇਹ ਗੀਤ ਦਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 21 ਦਿਨ ਪਿੰਡ ਲੰਮਾ ਵਿਚ ਗੁਜਾਰਨ ਦੀ ਦਾਸਤਾ ਪੇਸ ਕਰਦਾ ਹੈ।ਉਨ੍ਹਾ ਸਮੂਹ ਸਿੱਖ ਜੱਥੇਬੰਦੀਆ ਨੂੰ ਬੇਨਤੀ ਕੀਤੀ ਕਿ ਅਜਿਹੇ ਧਾਰਮਿਕ ਗੀਤ ਗਾਉਣ ਵਾਲੇ ਕਲਾਕਾਰਾ ਨੂੰ ਸਮੇਂ-ਸਮੇਂ ਤੇ ਵਿਸ਼ੇਸ ਤੌਰ ਤੇ ਸਨਮਾਨਿਤ ਕਰਨਾ ਚਾਹੀਦਾ ਹੈ ਤਾਂ ਜੋ ਅੱਜ ਦੇ ਕਲਾਕਾਰ ਧਾਰਮਿਕ ਗੀਤ ਗਾਉਣ ਲਈ ਅੱਗੇ ਆਉਣ ਅੰਤ ਵਿਚ ਸਮੂਹ ਟੀਮ ਵੱਲੋ ਇਤਿਹਾਸਕ ਗੁਰਦੁਆਰਾ ਸ਼੍ਰੀ ਪੰਜੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵੀਰ ਸਿੰਘ ਲੰਮਿਆ ਵਾਲਿਆ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਰਜਿੰਦਰ ਸਿੰਘ ਖਾਨਪੁਰੀ,ਕਰਮਜੀਤ ਸਿੰਘ ਤੱਤਲਾ,ਜਿੰਦਰ ਸਿੰਘ,ਸੂਬੇਦਾਰ ਪ੍ਰੀਤਮ ਸਿੰਘ,ਟਹਿਲ ਸਿੰਘ,ਡਾ:ਰਣਜੀਤ ਸਿੰਘ,ਸੰਦੀਪ ਸ਼ਰਮਾਂ,ਜੱਗੂ ਸਿੰਘ,ਜੰਗ ਸਿੰਘ,ਬਾਬਾ ਗੁਲਜਾਰ ਸਿੰਘ,ਡਾ:ਹਰਪਾਲ ਸਿੰਘ,ਕੁਲਵੰਤ ਸਿੰਘ ਤੱਤਲਾ,ਜਸਵਿੰਦਰ ਸ਼ਰਮਾਂ,ਨਾਇਬ ਸਿੰਘ,ਨਵਜੋਵਨ ਸਿੰਘ,ਗੁਰਪ੍ਰੀਤ ਸਿੰਘ,ਚੰਦ ਸਿੰਘ,ਰਾਮ ਸਿੰਘ,ਸਤਵੀਰ ਸਿੰਘ,ਗਗਨਦੀਪ ਸਿੰਘ,ਗੁਰਜੀਤ ਸਿੰਘ ਆਦਿ ਹਾਜ਼ਰ ਸਨ

ਮਾਂ ਤੇਰੀ ਛਾਂ ਹੇਠ ਬੈਠਣ ਨੂੰ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਮਾਂ ਤੇਰੀ ਛਾਂ ਹੇਠ ਬੈਠਣ ਨੂੰ ਅੱਜ ਬੜਾ ਹੀ ਦਿਲ ਕਰਦਾ ਏ
ਤੂੰ ਲਾਡ-ਲਡਾਵੇ ਤੇਰੀ ਗੋਦ ਵਿੱਚ
ਸੌਣ ਨੂੰ ਜੀ ਕਰਦਾ ਏ।

ਮੁੜ ਆਵੇ ਉਹ ਵੇਲਾ
ਭੌਰਾ ਵਸਾਹ ਨਹੀਂ ਸੀ ਕਰਦੀ ਮੇਰਾ
ਅੱਜ ਫਿਰ ਉਹ ਗੱਲਾਂ ਕਹਿਣ ਨੂੰ ਦਿਲ ਕਰਦਾ ਏ।

ਤੱਕ ਲੈਂਦੀ ਹਾਂ ਜਦ ਮੋਹ ਮਮਤਾ ਕਿਸੇ ਦੀ
ਤਾਂ ਦਿਲ ਹੌਕਾ ਜਿਹਾ ਭਰਦਾ ਏ
ਲੱਖ ਕੋਸ਼ਿਸ਼ ਕੀਤੀ ਏ ਤੈਨੂੰ ਮਿਲਣੇ ਦੀ
ਪਰ ਬੜਾ ਲੰਮਾ ਪੈਂਡਾ ਤੇਰੇ ਘਰ ਦਾ ਏ
ਕੁੱਟ ਕੇ ਦੇਸੀ ਘਿਓ ਦੀ ਚੂਰੀ ਤੂੰ ਖਵਾਉਂਦੀ ਸੀ
ਨਾ ਹੀ ਉਹ ਛੰਨਾ ਹੁਣ ਚੂਰੀ ਨਾਲ ਭਰਦਾ ਏ ।

ਤੇਰੀਆਂ ਯਾਦਾਂ ਵਿੱਚ ਜਦ ਅੱਖਾਂ ਰੋਣ ਨੀ ਮਾਏ
ਇਹ ਹੰਝੂ ਵੀ ਨਾ ਹਾੜਿਆ ਹੱਟਦਾ ਏ
ਤੇਰੇ ਮੁੜ ਆਉਣ ਦਾ ਵਹਿਮ ਜੋ ਦਿਲ ਅੰਦਰ ਏ
ਨਾ ਉਹ ਮਾਰਿਆ ਮਰਦਾ ਏ ।

ਜਦ ਮੇਰੇ ਕੋਈ ਸੱਟ ਲੱਗ ਜਾਂਦੀ
ਝੱਟ ਤੇਰੇ ਕਲ਼ੇਜੇ ਖੋਹ ਜਿਹੀ ਪੈ ਜਾਂਦੀ
ਬੜਾ ਡੂੰਘਾ ਹੋ ਗਿਆ ਏ ਮਾਂ ਜ਼ਖ਼ਮ ਦਿਲ ਦਾ
ਨਾ ਕਿਸੇ ਦੇ ਭਰਿਆ ਭਰਦਾ ਏ ।

ਮਾਵਾਂ ਬਿਨਾਂ ਜ਼ਿੰਦਾ ਲਾਸ਼ ਹੈ ਜ਼ਿੰਦਗੀ ਬੱਚਿਆਂ ਦੀ
ਹੁਣ ਨਾ ਵਹਿਮ ਮਨ ‘ਚੋਂ ਹਟੱਦਾ ਏ
ਜੇ ਖੁੱਸ ਜਾਵੇ ਕਿਸੇ ਦੀ ਮਮਤਾ
ਤਾਂ ਜੱਗ ਉੱਚੀ ਉੱਚੀ ਹੱਸਦਾ ਏ।

ਧਾਲੀਵਾਲ ਨੂੰ ਤੇਰੇ ਬਾਝੋਂ ਕੁੱਝ ਨਹੀਂ ਭਾਉਂਦਾ ਏ
ਬੱਸ ‘ਗਗਨ’ ਦਾ ਦਿਲ ਤੇਰੇ ਰਾਹੇ ਆ ਖੜਦਾ ਏ
ਬੜਾ ਸਮਾਂ ਹੋ ਗਿਆ ਮਾਂ ਤੇਰੀ ਬੁੱਕਲ ਵਿੱਚ ਬੈਠੀ ਨੂੰ
ਮਾਂ ਤੇਰੀ ਛਾਂ ਹੇਠ ਬੈਠਣ ਨੂੰ ਅੱਜ ਬੜਾ ਹੀ ਦਿਲ ਕਰਦਾ ਏ।

ਪ੍ਰੋ.ਗਗਨਦੀਪ ਕੌਰ ਧਾਲੀਵਾਲ

ਆਪਣੀ ਸੰਸਥਾ 'ਮਾਨਵਤਾ ਅਤੇ ਕੁਦਰਤ' ਰਾਹੀਂ ਲੋਕਾਂ ਨੂੰ ਰੁੱਖ ਲਾਉਣ ਲਈ ਜਾਗਰੂਕ ਕਰ ਰਹੇ ਹਨ- ਹਰਚਰਨ ਨਿਥਾਂਵਾਂ

ਧਰਤੀ ਆਪਣੇ ਆਪ ਵਿੱਚ ਇੱਕ ਖਾਸ ਗ੍ਰਹਿ ਹੈ। ਜੀਵਨ ਦੀ ਹੋਂਦ ਸਿਰਫ ਇਸੇ ਗ੍ਰਹਿ ਉੱਤੇ ਹੀ ਸੰਭਵ ਹੈ। ਕਈ ਸਦੀਆਂ ਤੋਂ ਮਨੁੱਖ ਨੇ ਇਸ ਧਰਤੀ ਉੱਤੇ ਰਾਜ ਕੀਤਾ ਹੈ ਅਤੇ ਆਪਣੇ ਕੁਝ ਸਵਾਰਥਾਂ ਕਰਕੇ ਉਸਨੇ ਆਪਣੇ ਇਸ ਘਰ ਨੂੰ ਕਾਫੀ ਹੱਦ ਤੱਕ ਤਬਾਹ ਕਰਕੇ ਰੱਖ ਦਿੱਤਾ ਹੈ।ਮਸ਼ੀਨੀਕਰਨ ਦੇ ਇਸ ਯੁੱਗ ਵਿੱਚ ਧਰਤੀ ਉੱਤੋਂ ਕਈ ਕਰੋੜਾਂ ਦਰਖਤਾਂ ਨੂੰ ਕੱਟ ਦਿੱਤਾ ਗਿਆ ਅਤੇ ਇਸਦੇ ਦੁਸ਼ਪਰਿਣਾਮ ਜਾਣੇ ਬਿਨਾ ਮਨੁੱਖ ਨੇ ਹਲੇ ਵੀ ਇਹ ਸਭ ਜਾਰੀ ਰੱਖਿਆ ਹੈ।ਕੁਝ ਕੁਦਰਤੀ ਕਾਰਨ ਵੀ ਇਸ ਲਈ ਜਿੰਮੇਵਾਰ ਹੁੰਦੇ ਹਨ ਜਿਵੇਂ ਜੰਗਲਾਂ ਦੀ ਅੱਗ, ਭੂਚਾਲ, ਹੜ, ਸੁਨਾਮੀ ਆਦਿਙ ਪਰ ਜੇ ਰੁੱਖ ਆਪਣੀਆਂ ਜੜਾਂ ਉੱਤੇ ਕਾਇਮ ਰਹਿੰਦੇ ਹਨ ਫੇਰ ਸਭ ਕੁਝ ਸਹਿ ਹੋ ਜਾਂਦਾ ਹੈ। ਪਰ ਹੁਣ ਰੁੱਖ ਘਟਦੇ ਜਾ ਰਹੇ ਹਨ, ਜੜਾਂ ਤੱਕ ਪਾਣੀ ਨਹੀਂ ਪਹੁੰਚਦਾ ਅਤੇ ਆਪਦਾ ਹੋਰ ਜ਼ਿਆਦਾ ਨੁਕਸਾਨ ਕਰਦੀ ਹੈ। ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਜਿੱਥੇ ਇੱਕ ਤਬਕਾ ਵਿਨਾਸ਼ ਵੱਲ ਅੱਗੇ ਵੱਧ ਰਿਹਾ ਹੈ ਉਥੇ ਹੀ ਦੂਜਾ ਕੁਝ ਉਸਾਰੂ ਕਰਕੇ ਇਸ ਹੋ ਰਹੇ ਵਿਨਾਸ਼ ਦੀ ਰਫਤਾਰ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਪਟਿਆਲੇ ਜਿਲੇ ਤੋਂ ਇੱਕ ਸੰਸਥਾ ਮਾਨਵਤਾ ਅਤੇ ਕੁਦਰਤ (ਅੰਗਰੇਜ਼ੀ ਅਨੁਵਾਦ "ਹਿਉਮੈਨੀਤੀ ਐਂਡ ਨੇਚਰ) 2021 ਤੋਂ ਸਮਾਜ ਸੁਧਾਰਿਕ ਵੱਜੋਂ ਕੰਮ ਬੜੀ ਲਗਨ ਨਾਲ ਕੰਮ ਕਰਦੀ ਆ ਰਹੀ ਹੈ। ਇਸ ਸੰਸਥਾ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਪੇੜ ਲਾਉਣਾ ਅਤੇ ਲੋਕਾਂ ਨੂੰ ਪੇੜ ਲਾਉਣ ਬਾਰੇ ਜਾਗਰੂਕ ਕਰਨਾ ਹੈ। ਸੰਸਥਾ ਦੇ ਮੋਢੀ ਹਰਚਰਨ ਸਿੰਘ ਨਿਥਾਵਾਂ ਨਿਸ਼ਕਾਮ ਸੇਵਾ ਭਾਵ ਨਾਲ ਆਪਣੇ ਉਦੇਸ਼ ਨੂੰ ਸਾਰਥਕ ਕਰਨ ਵਿੱਚ ਲੱਗੇ ਹੋਏ ਹਨ।ਆਪਣੇ ਇਸ ਮਿਸ਼ਨ ਬਾਰੇ ਓਹਨਾ ਨੇ ਦੱਸਿਆ ਕਿ ਸਮਾਜ ਵਿੱਚ ਇੱਕ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਵਿੱਚ ਰੁੱਖਾਂ ਨੂੰ ਲੈ ਕੇ ਜਾਗਰੂਕਤਾ ਦੀ ਕਮੀ ਆਈ ਹੈ। ਹਰ ਕੋਈ ਖਾਲੀ ਪਈ ਜ਼ਮੀਨ ਨੂੰ ਵੇਚ ਕੇ ਇਮਾਰਤਾਂ ਦੀ ਉਸਾਰੀ ਕਰਾਉਣ ਵਿੱਚ ਲੱਗਾ ਹੈਙ ਇਸੇ ਤਰਾਂ ਹੋਲੀ ਹੋਲੀ ਕਰਦੇ ਖੇਤੀ ਲਾਇਕ ਜ਼ਮੀਨਾਂ ਵੀ ਵਿਕਦੀਆਂ ਗਈਆਂ ਅਤੇ ਪਾਣੀ ਦਾ ਸਤਰ ਹੋਰ ਡੂੰਘਾ ਹੁੰਦਾ ਗਿਆਙ ਜੇ ਅੱਜ ਦੀ ਪੀੜੀ ਨੇ ਸਮਾਂ ਰਹਿੰਦਿਆਂ ਕੁਝ ਨਾ ਕੀਤਾ ਤਾਂ ਬਹੁਤ ਦੇਰ ਚੁੱਕੀ ਹੋਵੇਗੀ।ਇਸੇ ਉਪਰਾਲੇ ਨੂੰ ਸੇਧ ਦੇਣ ਲਈ ਉਹ ਸਕੂਲਾਂ, ਕਾਲਜਾਂ ਚ ਜਾ ਕੇ ਵਿਿਦਆਰਥੀਆਂ ਨੂੰ ਸਚੇਤ ਕਰਦੇ ਹਨ ਕਿ ਰੁੱਖਾਂ ਦੀ ਸੰਭਾਲ ਕਿਓਂ ਜ਼ਰੂਰੀ ਹੈਙ ਆਪਣੇ ਸੋਸ਼ਲ ਮਾਧਿਅਮ ਨਾਲ ਉਹ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ ਕਿ ਉਹ ਵੱਧ ਤੋਂ ਵੱਧ ਰੁੱਖ ਲਗਾਉਣ ਚ ਯੋਗਦਾਨ ਪਾਉਣ।ਮਾਨਵਤਾ ਅਤੇ ਕੁਦਰਤ ਸੰਸਥਾ ਤਨ, ਮਨ ਅਤੇ ਧਨ ਤੋਂ ਆਪਣੇ ਇਸ ਮਿੱਠੇ ਹੋਏ ਟੀਚੇ ਨੂੰ ਪੂਰਾ ਕਰਨ ਲੱਗੀ ਹੈ। ਤਕਰੀਬਨ ਹਰ ਰੋਜ਼ ਹੀ ਸੈਂਕੜੇ ਬੂਟਿਆਂ ਨੂੰ ਸੰਸਥਾ ਵੱਲੋਂ ਦਾਨ ਕਰ ਦਿੱਤਾ ਜਾਂਦਾ ਹੈ। ਆਪਣੇ ਇਸ ਯਤਨ ਸਦਕਾ ਹਰਚਰਨ ਨਿਥਾਵਾਂ ਨੂੰ ਕਈ ਸਮਾਜਿਕ ਜਥੇਬੰਦੀਆਂ ਅਤੇ ਕਈ ਸਰਕਾਰੀ ਅਦਾਰਿਆਂ ਵਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਇਹ ਗ੍ਰਹਿ ਸੱਭ ਦਾ ਸਾਂਝਾ ਹੈ ਫਿਰ ਕੁਝ ਕੁ ਹੀ ਲੋਕ ਕਿਓਂ ਇਸਦੀ ਸਾਂਭ ਸੰਭਾਲ ਦਾ ਬੀੜਾ ਚੁੱਕਣ। ਕਮੀ ਸਿਰਫ ਅਤੇ ਸਿਰਫ ਜਾਗਰੂਕਤਾ ਫੈਲਾਉਣ ਦੀ ਹੈ। ਮਾਨਵਤਾ ਅਤੇ ਕੁਦਰਤ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਦਾ ਹਿੱਸਾ ਬਣਕੇ ਇੱਕ ਸਾਰਥਕ ਕਦਮ ਵਧਾਇਆ ਜਾ ਸਕਦਾ ਹੈ ।

ਹਰਜਿੰਦਰ ਸਿੰਘ