You are here

ਪੰਜਾਬ

ਮਾਂ ਦਿਵਸ 'ਤੇ ਵਿਸ਼ੇਸ਼ ✍️ ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਮਾਂ ਦਾ ਇੱਕ ਦਿਨ ਹੁੰਦਾਂ ? ਜਾਂ ਮਾਂ ਬਿਨਾਂ ਵੀ ਕੋਈ ਦਿਨ ਹੁੰਦਾਂ ?)

ਇੱਕ ਅੱਖਰ ਇੱਕ ਲਗ ਤੇ ਇੱਕ ਲਗਾਖਰ ਨੂੰ ਵਰਤਦਿਆਂ ਜੇ ਦੁਨੀਆਂ 'ਤੇ ਸਭ ਤੋਂ ਖ਼ੂਬਸੂਰਤ,ਸਭ ਤੋਂ ਨਿੱਕਾ ਸ਼ਬਦ,ਸਭ ਤੋਂ ਪਿਆਰੇ ਅਹਿਸਾਸ ਦੇ ਰੂਪ 'ਚ ਲਿਖਣਾ ਹੋਵੇ ਤਾਂ ਉਹ ਮਾਂ ( ਮੱਮੇ ਕੰਨਾ ਤੇ ਉੱਤੇ ਬਿੰਦੀ) ਹੀ ਹੈ। ਪੂਰੀ ਦੁਨੀਆਂ ਵਿੱਚ ਮਈ ਮਹੀਨੇ ਦਾ ਦੂਜਾ ਹਫਤਾ "ਮਾਂ-ਦਿਵਸ" ਨੂੰ ਸਮਰਪਿਤ ਹੁੰਦਾ ਹੈ। ਪੂਰੀ ਦੁਨੀਆਂ ਨੂੰ ਇੱਕ ਪਾਸੇ ਰੱਖਕੇ ਜਦੋਂ ਅਸੀਂ ਆਪਣੇ ਪੰਜਾਬ ਦੀ ਧਰਤੀ ਦੇ ਵਸਿੰਦੇ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ ਤਾਂ ਸਾਡੇ ਮਨ 'ਚ ਇਹੀ ਖਿਆਲ ਆਉਂਦਾ ਕਿ ਮਾਂ ਦਾ ਇੱਕ ਦਿਨ ਹੁੰਦਾਂ ? ਜਾਂ ਮਾਂ ਬਿਨਾਂ ਵੀ ਕੋਈ ਦਿਨ ਹੁੰਦਾਂ ? ਦੁਨੀਆਂ 'ਤੇ ਕਿਸੇ ਵੀ ਇਨਸਾਨ ਨੂੰ ਉਹਦੇ ਆਪਣੇ-ਆਪ ਨਾਲ਼ੋਂ ਵੀ ਜੇ ਕੋਈ ਵੱਧ ਜਾਣਦਾ ਤਾਂ ਉਹ ਮਾਂ ਹੀ ਹੁੰਦੀ ਹੈ। ਬਾਕੀ ਦੁਨੀਆਵੀ ਰਿਸ਼ਤਿਆਂ ਨਾਲ਼ ਇਨਸਾਨ ਦੀ ਸਾਂਝ ਜਨਮ ਲੈਣ ਤੋਂ ਬਾਅਦ ਕੁੱਝ ਸਾਲਾਂ ਬਾਅਦ ਹੌਲ਼ੀ-ਹੌਲ਼ੀ ਬਣਨੀ ਸ਼ੁਰੂ ਹੁੰਦੀ ਹੈ ਪਰ ਬੱਚੇ ਦੀ ਮਾਂ ਨਾਲ਼ ਸਾਂਝ ਕੁਦਰਤ ਵੱਲੋਂ ਕੁੱਖ ਵਿੱਚ ਹੀ ਬਣਨੀ ਤੈਅ ਹੁੰਦੀਂ ਹੈ। ਇਹੀ ਤਾਂ ਫ਼ਰਕ ਹੈ, ਇਸੇ ਸਾਂਝ ਨੇ ਹੀ ਤਾਂ ਮਾਂਵਾਂ ਤੇ ਬੱਚਿਆਂ ਦਾ ਮੋਹ ਬਣਾਈ ਰੱਖਣਾ। ਅੱਜ ਇੱਥੇ ਬੇਸ਼ੱਕ ਅਸੀਂ ਦੁਨੀਆਂ ਦੀ ਭੀੜ ਵਿੱਚ ਲੱਗੀ ਹੋਈ ਦੌੜ ਨਾਲ਼ ਇਹ ਦਿਹਾੜੇ ਮਨਾਉਣ ਦੀਆਂ ਰਵਾਇਤਾਂ ਨਿਭਾਉਣ ਦੀਆਂ ਕੋਸ਼ਸ਼ਾਂ ਕਰ ਰਹੇ ਹਾਂ ਪਰ ਇੱਥੇ ਇਹ ਵਿਚਾਰਨ ਦੀ ਵੀ ਲੋੜ ਹੈ ਕਿਤੇ ਸਾਡੇ ਇਹ ਮੋਹ ਮਮਤਾ ਦੇ ਰਿਸ਼ਤੇ ਦਿਖਾਵਿਆਂ ਦੇ "ਸੋ-ਪੀਸ" ਤਾਂ ਨਹੀਂ ਬਣ ਰਹੇ ? ਹੁਣ ਧਿਆਨ ਨਾਲ਼ ਆਪਣੇ ਆਲ਼ੇ-ਦੁਆਲ਼ੇ ਦੇਖੋ,ਆਪਣੇ ਪਰਿਵਾਰ 'ਚ ਦੇਖੋ, ਕਿਤੇ ਇੱਕ ਪਰਿਵਾਰ ਦੇ ਸਾਰੇ ਪਰਿਵਾਰਕ ਮੈਂਬਰ ਇੱਕ ਦੂਜੇ ਵੱਲੋਂ ਮੂੰਹ ਘੁੰਮਾ ਕੇ ਵੱਖੋ-ਵੱਖਰੇ ਕਮਰਿਆਂ 'ਚ ਬੈਠੇ ਸਿਰਫ਼ ਸੋਸਲ ਮੀਡੀਆ 'ਤੇ ਹੀ ਮਾਂ-ਦਿਵਸ ਤਾਂ ਨਹੀਂ ਮਨਾ ਰਹੇ ? ਅਸਲ 'ਚ ਸਾਡਾ ਮੋਹ ਕਿੱਥੇ ਨਿਭਾਇਆ ਜਾ ਰਿਹਾ ? ਕਿਤੇ ਘਰਾਂ ਤੇ ਜ਼ਮੀਨਾਂ ਦੀ ਵੰਡ ਕਰਦਿਆਂ ਕਿਸੇ ਧੀ-ਪੁੱਤ ਦੇ ਹਿੱਸੇ ਨਾ ਆਈਆਂ ਸਾਡੀਆਂ ਮਾਂਵਾਂ ਬਿਰਧ ਆਸ਼ਰਮਾਂ 'ਚ ਤਾਂ ਨਹੀਂ ਰੁਲ਼ ਰਹੀਆਂ ? ਕਿਤੇ ਮਿੱਟੀ 'ਚ ਖੇਡਕੇ ਲਿੱਬੜ ਕੇ ਆਏ ਨਿਆਣਿਆਂ 'ਤੇ ਮਾਂਵਾਂ ਖਿਝ ਤਾਂ ਨਹੀਂ ਰਹੀਆਂ ? ਕਿਤੇ ਆਪਣੇ ਨਿੱਕੇ ਨਿਆਣਿਆਂ ਨੂੰ ਰੋਂਦਿਆਂ ਵਰਾਉਣ ਲਈ ਮਾਂਵਾਂ ਮੋਬਾਇਲ ਫੋਨਾਂ ਦੇ ਸਹਾਰੇ ਆਪਣੀਆਂ ਜੁੰਮੇਵਾਰੀਆਂ ਤੋਂ ਤਾਂ ਨੀ ਸੁਰਖੁਰੂ ਹੋ ਰਹੀਆਂ ? ਅੱਜ ਜੇ ਵਿਸ਼ਵ ਵਿੱਚ ਮਾਂ-ਦਿਵਸ ਮਨਾ ਕੇ ਮਾਂ ਦੀ ਮਮਤਾ ਲਈ ਮੋਹ ਜਤਾਇਆ ਜਾ ਰਿਹਾ ਤਾਂ ਬਹੁਤ ਕੁਝ ਸਾਨੂੰ ਸਮਝਣ ਦੀ ਲੋੜ ਹੈ। ਸਾਡੀਆਂ ਮਾਂਵਾਂ ਨੂੰ ਆਪਣੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੋਂ ਮਾਤਾ ਤ੍ਰਿਪਤਾ,ਮਾਤਾ ਖੀਵੀ, ਮਾਤਾ ਭਾਨੀ, ਮਾਤਾ ਨਾਨਕੀ,ਮਾਤਾ ਗੁਜਰੀ,ਮਾਤਾ ਸੁੰਦਰੀ,ਭਾਈ ਭਾਗੋ,ਰਾਜਕੁਮਾਰੀ ਸੋਫ਼ੀਆ ਦਲੀਪ ਸਿੰਘ ਤੇ ਤੇ ਬੀਬੀ ਗੁਲਾਬ ਕੌਰ ਵਰਗੀਆਂ ਮਹਾਨ ਮਾਂਵਾਂ ਦੀਆਂ ਸ਼ਖ਼ਸੀਅਤਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਉੱਥੇ ਨਾਲ਼ ਹੀ ਸਾਡੀ ਪੀੜ੍ਹੀ ਦੇ ਧੀਆਂ-ਪੁੱਤਰਾਂ ਨੂੰ ਇਹਨਾਂ ਮਹਾਨ ਮਾਂਵਾਂ ਦੇ ਧੀਆਂ-ਪੁੱਤਰਾਂ ਹੋਣ ਦਾ ਫ਼ਰਜ਼ ਨਿਭਾਉਣ ਦੀ ਜਾਚ ਸਿੱਖਕੇ ਇੱਕੀਵੀਂ ਸਦੀ ਵਿੱਚ "ਪੂਰਨ" ਤੇ "ਸਰਵਣ" ਨੂੰ ਜਿਉਂਦੇ ਰੱਖਣ ਦੀ ਵੀ ਲੋੜ ਹੈ। 

ਰਾਮ,ਅੱਲ੍ਹਾ,ਗੌਡ,ਵਾਹਿਗੁਰੂ, ਸਭ ਆਪੋ ਆਪਣੀ ਥਾਂ,

ਸਭ ਨੂੰ ਇੱਕੋਂ ਥਾਂ ਜੇ ਦੇਖਣਾ, ਸੱਜਣਾ ਕਹਿ ਦੇਈਂ ਮੂੰਹੋਂ "ਮਾਂ"। 

ਮਾਂ-ਦਿਵਸ ਤੇ ਇਹਨਾਂ ਵਿਚਾਰਾਂ ਨੂੰ ਪੜ੍ਹਦਿਆਂ ਤੁਸੀਂ ਆਪਣੇ ਘਰ ਵਿੱਚ ਬੈਠੇ-ਬੈਠੇ ਮੰਮੀ,ਮੰਮਾ,ਮੌਮ ਸ਼ਬਦ ਦੀ ਥਾਂ ਆਪਣੀ ਮਾਂ ਨੂੰ ਇੱਕ ਵਾਰ ਉੱਚੀ ਦੇਣੇ ਮਾਂ ਕਹਿਕੇ ਅਵਾਜ਼ ਤਾਂ ਦੇਣਾ ਸੱਚੀਂ ! ਤੁਹਾਡੀ ਮਾਂ ਲਈ ਜ਼ਿੰਦਗੀ ਦਾ ਇਹ ਸਭ ਤੋਂ ਖ਼ੂਬਸੂਰਤ ਪਲ ਹੋਵੇਗਾ। ਸਾਡੇ ਪੰਜਾਬ ਦੀ ਧਰਤੀ ਹਿੱਸੇ ਅੰਮੀ,ਅੰਮੜੀ,ਅੰਮਾਂ,ਅੰਬੋ,ਮਾਂ,ਬੀਬੀ,ਬੇਬੇ,ਝਾਈ ਅਤੇ ਮਾਤਾ ਵਰਗੇ "ਮਾਘੀ ਦੀ ਸੁੱਚੜੀ ਸੰਗਰਾਂਦ" ਵਰਗੇ  ਸ਼ਬਦ ਆਏ ਹਨ। ਇਹੋ ਸਾਡੀ ਖ਼ੁਸ਼ਕਿਸਮਤੀ ਹੈ। ਇਹੋ ਸਾਡੀਆਂ ਮਾਂਵਾਂ ਦੀਆਂ ਸਿਖਾਈਆਂ ਬੋਲੀਆਂ ਦੀ ਅਮੀਰੀ ਹੈ। ਆਓ ਅੱਜ ਵਾਅਦਾ ਕਰੀਏ ਕਿ ਇਸੇ ਮਾਂ-ਬੋਲੀ ਦੀ ਅਮੀਰੀ ਨਾਲ਼ ਅਸੀਂ ਆਪਣੀਆਂ ਮਾਂਵਾਂ ਦੀ ਮਮਤਾ ਤੇ ਮੋਹ ਨੂੰ ਹਮੇਸ਼ਾ ਲਈ ਜਿਉਂਦੇ ਰੱਖ ਸਕੀਏ।

 

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ) 9463551814

ਸਭ ਰਿਸ਼ਤਿਆਂ ‘ਚੋਂ ਸਿਰਫ ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਦੋਸਤੋਂ ਮਾਂ ਸ਼ਬਦ ਮੂੰਹੋਂ ਨਿਕਲਦੇ ਹੀ ਦਿਲ ਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਦਿਲ ਨੂੰ ਸਕੂਨ ਜਿਹਾ ਮਿਲ ਜਾਂਦਾ ਹੈ।ਜਿੰਨੀ ਨਿੱਘ ਤੇ ਮਿਠਾਸ ਮਾਂ ਸ਼ਬਦ ਵਿੱਚ ਭਰੀ ਹੈ ਸਾਇਦ ਦੁਨੀਆਂ ਦੀ ਹੋਰ ਕਿਸੇ ਵੀ ਚੀਜ ਵਿੱਚ ਨਹੀਂ ਮਿਲਦੀ।ਮਾਂ ਦਾ ਪਿਆਰ ਕਦੇ ਵੀ ਮਾਪਿਆ ਨਹੀਂ ਜਾ ਸਕਦਾ।ਮਾਂ ਦੇ ਪਿਆਰ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।ਮਾਂ ਲਾਡ ਪਿਆਰ ਕਰਦੀ ਹੈ ਰੀਝਾਂ ਤੇ ਸੱਧਰਾਂ ਨਾਲ ਬੱਚੇ ਦਾ ਪਾਲਣ ਪੋਸਣ ਕਰਦੀ ਹੈ।ਇੱਕ ਮਾਂ ਹੀ ਹੈ ਜੋ ਆਪਣੀ ਕੁੱਖ ਵਿੱਚ ਬੱਚੇ ਨੂੰ ਨੌ ਮਹੀਨੇ ਰੱਖ ਕੇ ਦੁੱਖ ਝੱਲ ਕੇ ਫਿਰ ਜਨਮ ਦਿੰਦੀ ਹੈ।ਮਾਂ ਬੱਚੇ ਨੂੰ ਪੇਟ ਵਿੱਚ ਰੱਖ ਕੇ ਆਪਣੇ ਖ਼ੂਨ ਨਾਲ ਪਾਲ ਕੇ ਜਨਮ ਦਿੰਦੀ ਹੈ । ਮਾਂ ਆਪ ਗਿੱਲੀ ਥਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ ।ਦੋਸਤੋਂ ਚਾਹੇ ਘਰ ਵਿੱਚ ਸਾਰੇ ਮੈਂਬਰ ਹੋਣ ਪਰ ਮਾਂ ਨਾ ਹੋਵੇ ਤਾਂ ਘਰ ਖਾਲ਼ੀ ਜਾਪਦਾ ਹੈ ਭਾਵ ਘਰ ਵੱਢ ਖਾਣ ਨੂੰ ਪੈਂਦਾ ਹੈ।ਸਿਆਣੇ ਕਹਿੰਦੇ ਹਨ ਕਿ ਧੀਆਂ ਦੇ ਪੇਕੇ ਤਾਂ ਮਾਂ ਨਾਲ ਹੀ ਹੁੰਦੇ ਹਨ।ਮਾਂ ਕਦੇ ਵੀ ਆਪਣੇ ਬੱਚਿਆਂ ਦੇ ਲੱਗੀ ਸੱਟ ਨਹੀਂ ਝੱਲ ਸਕਦੀ।ਮਾਂ ਦੇ ਪੈਰ੍ਹਾਂ ਵਿੱਚ ਜੰਨਤ ਦਾ ਨਜ਼ਾਰਾ ਹੁੰਦਾ ਹੈ।ਇਹ ਓਹੀ ਲੋਕ ਮਾਣਦੇ ਹਨ ਜੋ ਮਾਂ ਦਾ ਸਤਿਕਾਰ ਕਰਕੇ ਉਸਦੀ ਕਦਰ ਕਰਦੇ ਹਨ ਤੇ ਮਾਂ ਦਾ ਆਸ਼ਿਰਵਾਦ ਪ੍ਰਾਪਤ ਕਰਦੇ ਹਨ।ਉਦਾਹਰਨ ਵਜੋਂ ਇਬਰਾਹਿਮ ਲਿੰਕਨ ਨੇ ਕਿਹਾ ਹੈ ਕਿ
” ਮੈਂ ਅੱਜ ਜੋ ਕੁੱਝ ਵੀ ਹਾਂ ਜਾ ਬਣ ਸਕਦਾ ਹਾਂ।”ਉਹ ਸਿਰਫ ਆਪਣੀ ਮਾਂ ਕਰਕੇ ਹੀ ਹਾਂ।ਮਾਂ ਦਾ ਪਿਆਰ ਨਸੀਬਾਂ ਵਾਲਿਆਂ ਨੂੰ ਮਿਲਦਾ ਹੈ।ਮਾਂ ਤਾਂ ਰੱਬ ਦਾ ਦੂਜਾ ਰੂਪ ਹੈ।ਪੰਜਾਬੀ ਮਸਹੂਰ ਗਾਇਕ ਕੁਲਦੀਪ ਮਾਣਕ ਨੇ ਆਪਣੇ ਗੀਤ ਵਿੱਚ ਮਾਂ ਬਾਰੇ ਸੱਚ ਕਿਹਾ ਹੈ-
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ।ਹਰਭਜਨ ਮਾਨ ਦੇ ਗੀਤ ਵਿੱਚ ਵੀ ਮਾਂ ਬਾਰੇ ਬਹੁਤ ਪਿਆਰੇ ਸ਼ਬਦ ਕਹੇ ਹਨ-
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ।
ਇੱਕ ਮਾਂ ਹੀ ਹੈ ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ। ਮਾਂ ਸਾਡੇ ਲਈ ਬਹੁਤ ਕੁੱਝ ਕਰਦੀ ਹੈ ਸਾਡੀ ਖੁਸ਼ੀ ਲਈ ਆਪ ਦੁੱਖ ਸਹਾਰਦੀ ਹੈ।ਅਸੀਂ ਕਿੰਨੀ ਮਰਜੀ ਕੋਸ਼ਿਸ਼ ਕਰ ਲਈਏ ਪਰ ਮਾਂ ਦਾ ਕਰਜ਼ਾ ਕਦੇ ਨਹੀਂ ਚੁਕਾ ਸਕਦੇ। ਮਾਂ ਦੀ ਮਮਤਾ ਹਮੇਸ਼ਾ ਨਿਰ-ਸਵਾਰਥ ਹੁੰਦੀ ਹੈ।ਦੋਸਤੋਂ ਇਸ ਦੁਨੀਆਂ ਦੇ ਜਿੰਨੇ ਵੀ ਰਿਸ਼ਤੇ ਹਨ ਸਭ ਮਤਲਬੀ ਹਨ ਸਿਰਫ ਮਾਂ ਦਾ ਰਿਸ਼ਤਾ ਹੀ ਅਜਿਹਾ ਹੈ ਜੋ ਬਿਨਾਂ ਮਤਲਬ ਲਾਲਚ ਦੇ ਹੈ।ਮਾਂ ਦਾ ਰਿਸ਼ਤਾ ਹੀ ਸਭ ਤੋਂ ਸੱਚਾ ਹੈ।ਕਿਸੇ ਸਾਇਰ ਨੇ ਸਹੀ ਕਿਹਾ ਹੈ ਕਿ —
ਮਾਂ ਦੇ ਲਈ ਸੱਭ ਨੂੰ ਛੱਡ ਦਿਓ...
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ
ਮਾਂ ਕਦੇ ਵੀ ਕਿਸੇ ਵੀ ਚੀਜ ਏਥੋਂ ਤੱਕ ਕਿ ਪਿਆਰ ਦਾ ਵੀ ਦਿਖਾਵਾ ਨਹੀਂ ਕਰਦੀ।ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਨਾਲ ਹੀ ਸਾਰਾ ਕੁੱਝ ਚੰਗਾ ਲੱਗਦਾ ਹੈ।ਜੋ ਲੋਕ ਮਾਂ ਦੀ ਕਦਰ ਕਰਦੇ ਹਨ ਉਹ ਹਮੇਸ਼ਾ ਖੁਸ਼ ਰਹਿੰਦੇ ਹਨ।ਜਦੋਂ ਕਿਸੇ ਇਨਸਾਨ ਨੂੰ ਸਾਰੀ ਦੁਨੀਆਂ ਬੇਗਾਨਾ ਕਰ ਦਿੰਦੀ ਹੈ।ਭਾਵ ਦੁਰਕਾਰ ਦਿੰਦੀ ਹੈ ਤਾਂ ਇੱਕ ਮਾਂ ਹੀ ਹੈ ਜੋ ਉਸਨੂੰ ਸਹਾਰਾ ਦਿੰਦੀ ਹੈ ਗੱਲ ਨਾਲ ਲਾਉਂਦੂ ਹੈ। ਦੋਸਤੋਂ ਸਭ ਤੋਂ ਅਨਮੋਲ ,ਸਦੀਵੀ ,ਅਨੋਖਾ ਰਿਸ਼ਤਾ ਮਾਂ ਦਾ ਹੁੰਦਾ ਹੈ ।ਮਾਂ ਦਾ ਪਿਆਰ ਰਿਸ਼ਤਾ ਅਜਿਹਾ ਹੁੰਦਾ ਹੈ ਜੋ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮਾਂ ਕਦੇ ਨਾ ਵਿਛੜੇ ,ਮਾਂ ਦਾ ਪਿਆਰ ਕਦੇ ਨਾ ਖੁੱਸੇ। ਦੁਨੀਆਂ ਦੀਆਂ ਸਭ ਚੀਜ਼ਾਂ ‘ਚੋਂ ਇੱਕ ਸਿਰਫ ਮਾਂ ਦਾ ਪਿਆਰ ਹੀ ਸੱਚਾ ਹੈ
ਮੈਂ ਇਹੋ ਦੁਆ ਕਰਦੀ ਹਾਂ ਕਿ ਦੁਨੀਆਂ ਦੀ ਹਰ ਇੱਕ ਮਾਂ ਹਮੇਸ਼ਾ ਖੁਸ਼ ਰਹੇ ਤੇ ਕਦੇ ਵੀ ਮਾਂ ਨੂੰ ਕੋਈ ਤੱਤੀ ਵਾਹ ਨਾ ਲੱਗੇ।ਦੁਨੀਆਂ ਦੀ ਹਰ ਮਾਂ ਲਈ ਮੇਰੀ ਕਲਮ ਚੋਂ ਇੱਕ ਸ਼ਾਇਰ —

ਮਾਂ ਸ਼ਬਦ ਹੋਵੇ ਮੇਰੀ ਕਲਮ ਦੀ ਨੁੱਕਰੇ ,
ਬੱਸ ਮਾਂ ਖੁਸ਼ ਰਹੇ ਇਹੋ ਹੀ ਉੱਕਰੇ ।
ਮਾਂ ਦੇ ਹਿੱਸੇ ਦੇਵੀ ਹਰ ਸੁੱਖ ਮੇਰਾ ,
ਮਾਂ ਦੀ ਅੱਖ ਚੋਂ ਕਦੇ ਵੀ ਹੰਝੂ ਨਾ ਨੁੱਚੜੇ।
ਗਗਨ ਮਾਂ ਦੇ ਪੈਰ੍ਹੀ ਹੀ ਜੰਨਤ ਹੈ ,
ਰੱਬਾ ਇਹ ਜੰਨਤ ਕਦੇ ਨਾ ਉੱਜੜੇ ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ।
ਝਲੂਰ ਬਰਨਾਲਾ ।

ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ

ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਵਲੋਂ ਸਵੈ ਰੋਜ਼ਗਾਰ ਕਰਨ ਦੇ ਇੱਛਕਾਂ ਦੇ 13 ਕੇਸ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਨੂੰ ਭੇਜੇ

-  ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਬੇਰੁਜ਼ਗਾਰ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਬਿਨਾਂ ਕਿਸੇ ਗਰੰਟੀ ਤੋਂ 07 ਫ਼ੀਸਦੀ ਤੇ ਕਰਜ਼ਾ

ਮਾਲੇਰਕੋਟਲਾ 06 ਮਈ  (ਰਣਜੀਤ ਸਿੱਧਵਾਂ)   :   ਦੀਨ-ਦਿਆਲ ਅੰਤੋਦਿਆ ਯੋਜਨਾ-ਕੌਮੀ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਆਪਣਾ ਰੋਜ਼ਗਾਰ ਸ਼ੁਰੂ ਕਰਨ ਅਤੇ ਆਰਥਿਕ ਤੌਰ 'ਤੇ ਸੁਤੰਤਰ ਹੋਣ ਲਈ ਪ੍ਰੇਰਿਤ ਕਰਨ ਲਈ ਅੱਜ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ ਸ੍ਰੀ ਵਿਕਾਸ ਉੱਪਲ ਦੀ ਪ੍ਰਧਾਨਗੀ ਵਿੱਚ ਹੋਈ । ਇਸ ਮੌਕੇ ਲੀਡ ਬੈਂਕ ਦੇ ਮੈਂਨੇਜਰ ਸ੍ਰੀ ਪੀ.ਕੇ.ਚੋਪੜਾ, ਸਿਟੀ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਸ਼ਹਿਨਾਜ਼ ਅਖ਼ਤਰ,ਪੰਜਾਬ ਨੈਸ਼ਨਲ ਬੈਂਕ ਦੇ ਬ੍ਰਾਂਚ ਮੈਨੇਜਰ ਸ੍ਰੀ ਹਸਨ ਅਲੀ ,ਪੰਜਾਬ ਐਂਡ ਸਿੰਧ ਬੈਂਕ ਤੋਂ ਸ੍ਰੀ ਗੁਰਜਿੰਦਰ ਸਿੰਘ  ਅਤੇ  ਜ਼ਿਲ੍ਹਾ ਮੈਨੇਜਰ ਸ੍ਰੀ ਮੁਹੰਮਦ ਸ਼ਾਹਿਦ ਤੋਂ ਇਲਾਵਾ ਹੋਰ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਦੇ ਮੈਂਬਰ ਮੌਜੂਦ ਸਨ । ਇਸ ਮੌਕੇ ਸਿਟੀ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਸ਼ਹਿਨਾਜ਼ ਅਖ਼ਤਰ ਨੇ ਨੌਜਵਾਨਾਂ ਨੂੰ ਆਰਥਿਕ ਤੌਰ 'ਤੇ ਸੁਤੰਤਰ ਹੋਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਗਰੁੱਪ ਜਾਂ ਹੋਰ ਸ਼ਹਿਰੀ ਗ਼ਰੀਬ ਬੇਰੁਜ਼ਗਾਰ ਵਿਅਕਤੀ ਜੋ ਆਪਣਾ ਕੰਮ ਕਾਰ ਸ਼ੁਰੂ ਕਰਨਾ ਚਾਹੁੰਦਾ ਹੈ ਜਾ ਆਪਣੇ ਮੌਜੂਦਾ ਕੰਮ ਵਿੱਚ ਵਾਧਾ ਕਰਨਾ ਚਾਹੁੰਦਾ ਹੈ , ਉਸ ਚਾਹਵਾਨ ਵਿਅਕਤੀ ਨੂੰ ਇਸ ਸਕੀਮ ਤਹਿਤ 10 ਹਜ਼ਾਰ ਰੁਪਏ ਤੋਂ ਲੈ ਕੇ 02 ਲੱਖ ਰੁਪਏ ਤੱਕ ਦਾ ਵਿੱਤੀ ਕਰਜ਼ਾ 07 ਫ਼ੀਸਦੀ ਵਿਆਜ ਦਰ ਤੇ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਸਕੀਮ ਤਹਿਤ ਬਿਨਾਂ ਕਿਸੇ ਗਰੰਟੀ ਤੋਂ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਅਤੇ  ਆਪਣਾ ਰੋਜ਼ਗਾਰ ਸ਼ੁਰੂ ਕਰਨ ਦੇ ਇੱਛਕ ਬੇਰੁਜ਼ਗਾਰ ਗ਼ਰੀਬ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਨਗਰ ਕੌਂਸਲ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ । ਸਿਟੀ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਸ਼ਹਿਨਾਜ਼ ਅਖ਼ਤਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਵਲੋਂ ਸਵੈ ਰੋਜ਼ਗਾਰ ਕਰਨ ਦੇ 13 ਇੱਛੁਕਾਂ ਦੇ ਕੇਸ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਨੂੰ ਉਨ੍ਹਾਂ ਦੀਆਂ ਬੈਂਕਿੰਗ ਉਪਚਾਰਿਕਤਾਵਾਂ ਮੁਕੰਮਲ ਕਰਨ ਉਪਰੰਤ ਲੋਨ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਲਈ ਭੇਜ ਦਿੱਤੇ ਗਏ ਹਨ। ਜਿਨ੍ਹਾਂ ਨੂੰ ਜਲਦ ਹੀ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਪ੍ਰਾਪਤ ਹੋ ਜਾਵੇਗੀ । ਸਿਟੀ ਮਿਸ਼ਨ ਮੈਨੇਜਰ ਸ੍ਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਵੱਖ ਵੱਖ ਸਕੀਮਾਂ ਦਾ ਲਾਭ ਲੈਣ ਲਈ ਜ਼ਿਲ੍ਹੇ ਦੇ ਬੇਰੁਜ਼ਗਾਰ ਆਪਣਾ ਕੰਮ ਸ਼ੁਰੂ ਕਰਨ ਲਈ ਲਈ ਨੋਡਲ ਅਫ਼ਸਰ ਡੇ-ਨੂਲਮ ( ਨਗਰ ਕੌਸ਼ਲ ਮਾਲੇਰਕੋਟਲਾ) ਸ੍ਰੀਮਤੀ ਸ਼ਹਿਨਾਜ਼ ਅਖ਼ਤਰ, ਨੋਡਲ ਅਫ਼ਸਰ ਡੇ ਨੂਲਮ (ਨਗਰ ਕੌਂਸਲ ਅਹਿਮਦਗੜ੍ਹ) ਸ੍ਰੀ ਇਫਤਿਖਾਰ ਅਹਿਮਦ, ਨੋਡਲ ਅਫ਼ਸਰ ਡੇ ਨੂਲਮ (ਨਗਰ ਪੰਚਾਇਤ ਅਮਰਗੜ੍ਹ) ਸ੍ਰੀ ਵਰਿੰਦਰ ਕੁਮਾਰ ਨਾਲ ਸੰਪਰਕ ਕਰ ਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ।

ਵਿਧਾਨ ਸਭਾ ਹਲਕਾ ਮਲੋਟ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਅਤੇ ਮਲੋਟ  ਸ਼ਹਿਰ ਦੇ ਵਾਰਡਾਂ ਵਿੱਚ ਸੁਵਿਧਾ ਕੈਂਪ ਲਗਾਏ ਜਾਣਗੇ :   ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ 6 ਮਈ (ਰਣਜੀਤ ਸਿੱਧਵਾਂ)  : ਪੰਜਾਬ ਸਰਕਾਰ ਵੱਲੋਂ ਸਮਾਜ ਭਲਾਈ ਨਾਲ ਸਬੰਧਿਤ ਵੱਖ-ਵੱਖ ਸਕੀਮਾਂ ਦਾ ਲਾਭ ਲੋਕਾਂ ਨੂੰ ਦੇਣ ਲਈ ਅਤੇ ਇਹਨਾਂ ਸਕੀਮਾਂ ਦੀ ਜਾਗਰੂਕਤਾ ਲਈ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਮਲੋਟ ਹਲਕੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਅਤੇ ਮਲੋਟ ਸ਼ਹਿਰ ਦੇ ਵਾਰਡਾਂ ਵਿੱਚ 09 ਮਈ 2022 ਤੋਂ 10 ਜੂਨ 2022 ਤੱਕ ਵਿਸ਼ੇੇਸ਼ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ ।ਇਹ ਜਾਣਕਾਰੀ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਪੈਨਸ਼ਨ ਸਕੀਮਾਂ, ਦਿਵਿਆਂਗ ਸਰਟੀਫਿਕੇਟ, ਲੇਬਰ ਕਾਰਡ, ਸ਼ਗਨ ਸਕੀਮ, ਸਮਾਰਟ ਰਾਸ਼ਨ ਕਾਰਡ, ਪੋਸ਼ਣ ਅਭਿਆਨ ਸਬੰਧੀ, ਸਖੀ ਵਨ ਸਟਾਪ ਸੈਂਟਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ, ਬੇਟੀ ਬਚਾਓ-ਬੇਟੀ ਪੜਾਓ ਆਦਿ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਯੋਗ ਲਾਭਪਾਤਰੀਆਂ ਨੂੰ ਮੌਕੇ ਤੇ ਹੀ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ । ਉਹਨਾਂ ਅੱਗੇ ਦੱਸਿਆ ਕਿ 9 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਅਬੁਲਖੁਰਾਣਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਅਬੁਲਖੁਰਾਣਾ, ਰਥੜੀਆਂ, ਕਿੰਗਰਾ, ਦਾਨੇਵਾਲਾ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। ਉਹਨਾਂ ਅੱਗੇ ਦੱਸਿਆ ਕਿ 11 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਫਕਰਸਰ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਫਕਰਸਰ, ਘੁਮਿਆਰਾ, ਥੇੜੀ, ਘੱਗਾ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 13 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਜੰਡਵਾਲਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਜੰਡਵਾਲਾ, ਸ਼ੇਖੂ, ਮੱਲਵਾਲਾ, ਕਟੋੋਰੇਵਾਲਾ  ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 16 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਮਲੋਟ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਪਿੰਡ ਮਲੋਟ, ਝੋਰੜ, ਈਨਾਖੇੜਾ, ਵਿਰਕਖੇੜਾਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 18 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਲੱਕੜਵਾਲਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਲੱਕੜਵਾਲਾ, ਖਾਨੇ ਕੀ ਢਾਬ, ਲਖਮੀਰੇਆਣਾ, ਭੁਲੇਰੀਆਂ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 20 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਤਾਮਕੋਟ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਤਾਮਕੋਟ, ਧਿਗਾਣਾ, ਚੱਕ ਤਾਮਕੋਟ, ਫੂਲੇਵਾਲਾ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 23 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਔਲਖ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਔਲਖ, ਮਹਿਰਾਜਵਾਲਾ, ਚੱਕ ਦੂਹੇਵਾਲਾ, ਰਾਮਨਗਰ,ਸਾਉਂਕੇ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ।

25 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਬਾਂਮ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਬਾਂਮ, ਸ਼ੇਰਗੜ੍ਹ, ਤਰਖਾਣਾਵਾਲਾ, ਉੜਾਂਗ, ਖੂਨਣਕਲਾਂੇ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ।

27 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਲੱਖੇਵਾਲੀ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਲੱਖੇਵਾਲੀ, ਸੰਮੇਵਾਲੀ, ਨੰਦਗੜ੍ਹ, ਮਦਰੱਸਾ  ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 30 ਮਈ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਭਾਗਸਰ  ਦੇ ਨਹਿਰ ਵਾਲਾ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਭਾਗਸਰ, ਚੱਕ ਮਦਰੱਸਾ, ਰਾਮਗੜ੍ਹ ਚੂੰਘਾਂ, ਮੌੜ, ਬਲਮਗੜ੍ਹ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ। 02 ਜੂਨ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਚਿਬੜਾਂਵਾਲੀ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਚਿਬੜਾਂਵਾਲੀ, ਸ਼ੇਰੇਵਾਲਾ, ਗੰਧੜ, ਖੁੰਡੇਹਲਾਲ, ਮਹਾਂਬੱਧਰਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ।6 ਜੂਨ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਪਿੰਡ ਰੁਪਾਣਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਰੁਪਾਣਾ, ਸੋਥਾ, ਭੰਗਚਿੜੀ, ਦਬੜਾ ਦੇ ਪਿੰਡਾਂ ਦੇ ਵਸਨੀਕ ਭਾਗ ਲੈ ਸਕਦੇ ਹਨ।

8 ਜੂਨ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਮਲੋਟ ਦੇ ਐਡਵਰਗੰਜ  ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਵਾਰਡ ਨੰਬਰ, 1,2,3,4,7,8,9,10,11,12 ਦੇ ਵਸਨੀਕ ਭਾਗ ਲੈ ਸਕਦੇ ਹਨ। ਇਸ ਤਰ੍ਹਾਂ ਹੀ  10 ਜੂਨ ਨੂੰ ਸਵੇਰੇ 9 ਵਜੇ 2.00 ਵਜੇ ਤੱਕ ਨਵਜੋਤ ਮਾਡਲ ਸਕੂਲ ਮਲੋਟ  ਵਿਖੇ ਕੈਂਪ ਲੱਗੇਗਾ, ਇਸ ਕੈਂਪ ਵਿੱਚ ਵਾਰਡ ਨੰਬਰਵਾਰਡ ਨੰਬਰ 13, 14, 15, 16, 17, 18, 20, 23, 24, 27, 25,26,19 ਦੇ ਵਸਨੀਕ ਭਾਗ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਲਗਾਏ ਜਾ ਰਹੇ ਇਹਨਾਂ ਸੁਵਿਧਾ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ।

ਬਜਟ ਲਈ ਲੋਕਾਂ ਦੇ ਸੁਝਾਅ ਮੰਗਣੇ ਪੰਜਾਬ ਲਈ ਇੱਕ ਇਤਿਹਾਸਕ ਫੈਸਲਾ ਸਾਬਤ ਹੋਵੇਗਾ : ਚੀਮਾ

- ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੂਰੀ ਸੰਜੀਦਗੀ ਨਾਲ ਲੈ ਰਹੇ ਨੇ ਫੈਸਲੇ 

 

- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਡੀ ਗੋਬਿੰਦਗੜ੍ਹ ਵਿਖੇ ਜਨਤਾ ਬਜਟ ਲਈ ਸਨਅਤਕਾਰਾਂ ਦੇ ਲਏ ਸੁਝਾਅ 

 

ਮੰਡੀ ਗੋਬਿੰਦਗੜ੍ਹ/ਫ਼ਤਹਿਗੜ੍ਹ ਸਾਹਿਬ 06 ਮਈ   (ਰਣਜੀਤ ਸਿੱਧਵਾਂ)  : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲ਼ੀ ਪੰਜਾਬ ਸਰਕਾਰ ਵੱਲੋਂ ਬਜਟ ਲਈ ਲੋਕਾਂ ਦੇ ਸੁਝਾਅ ਮੰਗੇ ਜਾ ਰਹੇ ਹਨ, ਅਜਿਹਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ। ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਲਿਆ ਗਿਆ ਇਹ ਫੈਸਲਾ ਇੱਕ ਇਤਿਹਾਸਕ ਫੈਸਲਾ ਸਾਬਤ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਵਿੱਤ, ਯੋਜਨਾ, ਯੋਜਨਾ ਲਾਗੂ ਕਰਨ,  ਕਰ ਤੇ ਆਬਕਾਰੀ ਅਤੇ ਸਹਿਕਾਰਤਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਮੰਡੀ ਗੋਬਿੰਦਗੜ੍ਹ ਵਿਖੇ ਜਨਤਾ ਬਜਟ 2022-23 ਲਈ ਸਨਅਤਕਾਰਾਂ ਦੇ ਸੁਝਾਅ ਲੈਣ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।  

ਸ. ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਉਦਯੋਗਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਉਦਯੋਗਿਕ ਵਿਕਾਸ ਸਹੀ ਢੰਗ ਨਾਲ ਨਹੀਂ ਹੋਇਆ ਅਤੇ ਜੇਕਰ ਹੁਣ ਵੀ ਉਦਯੋਗਾਂ ਦੇ ਵਿਕਾਸ ਲਈ ਕੁਝ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ  ਹਨ ਤੇ ਸੂਬਾ ਤਰੱਕੀ ਨਹੀਂ ਕਰ ਸਕੇਗਾ। ਇਸੇ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸਰਕਾਰ ਵੱਲੋਂ ਜਨਤਾ ਬਜਟ ਲਈ ਲੋਕਾਂ ਦੇ ਸੁਝਾਅ ਲੈ ਕੇ ਲੋਕ ਹਿੱਤ ਵਿੱਚ ਹਰ ਵਰਗ ਨਾਲ ਸਬੰਧਤ ਬਜਟ ਪੇਸ਼ ਕੀਤਾ ਜਾਵੇਗਾ। ਮੰਡੀ ਗੋਬਿੰਦਗੜ੍ਹ, ਜੋ ਕਿ ਉਦਯੋਗਿਕ ਹੱਬ ਹੈ, ਦੇ ਉਦਯੋਗਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਨਾਲ ਹੀ ਪੰਜਾਬ ਮੁੜ ਤੋਂ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ ਜਾ ਸਕਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਲੋਕਾਂ ਤੋਂ ਸੁਝਾਅ ਲਏ ਜਾਣਗੇ ਤਾਂ ਲੋਕ ਆਪਣੀਆਂ ਮੁਸ਼ਕਲਾਂ ਵੀ ਦੱਸਣਗੇ ਅਤੇ ਉਸੇ ਅਨੁਸਾਰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਵੀ ਕੀਤਾ ਜਾ ਸਕੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਨਤਾ ਬਜਟ ਲਈ ਵੱਧ ਤੋਂ ਵੱਧ ਹਾਂ ਪੱਖੀ ਸੁਝਾਅ ਦਿੱਤੇ ਜਾਣ ਤਾਂ ਜੋ ਪੰਜਾਬ ਅੰਦਰ ਪਹਿਲੀ ਵਾਰ ਲੋਕਾਂ ਦੀ ਪਸੰਦ ਦਾ ਬਜਟ ਬਣਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਰੇਤ ਮਾਫੀਏ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੂਬਾ ਸਰਕਾਰ ਵੱਲੋਂ ਰੇਤ ਮਾਫੀਏ ਦੇ ਖਾਤਮੇ ਲਈ ਕੀਤੇ ਜਾ ਰਹੇ ਯਤਨਾਂ ਨਾਲ ਰੇਤ ਮਾਫੀਏ ਵੱਲੋਂ ਕਈ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਗਈਆਂ ਅਤੇ ਰੇਤ ਮਾਫੀਏ ਦਾ ਸਿਆਸੀ ਲੋਕਾਂ ਨਾਲ ਗਠਜੋੜ ਖਤਮ ਕੀਤਾ ਜਾ ਰਿਹਾ ਹੈ, ਜਿਹੜਾ ਕਿ ਛੇਤੀ ਖਤਮ ਹੋ ਜਾਵੇਗਾ। ਉਹਨਾਂ ਕਿਹਾ ਕਿ ਨਵੀਂ ਮਾਈਨਿੰਗ ਨੀਤੀ ਵੀ ਜਲਦ ਸਾਹਮਣੇ ਆ ਜਾਵੇਗੀ। ਵਿੱਤ ਮੰਤਰੀ ਨੇ ਰਿਸ਼ਵਤਖੋਰੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਰਿਸ਼ਵਤਖੋਰੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਰਿਸ਼ਵਤਖੋਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸ. ਚੀਮਾ ਨੇ ਦੱਸਿਆ ਕਿ  ਪੰਜਾਬ ਦੀਆਂ ਪੁਰਾਣੀਆਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਪਿਛਲੇ ਲੰਮੇਂ ਸਮੇਂ ਤੋਂ ਝਾਰਖੰਡ ਵਿੱਚ ਬੰਦ ਪਈ ਪੰਜਾਬ ਦੀ ਪਛਵਾੜਾ ਕੋਲਾ ਖਾਣ ਦਾ ਛੇਤੀ ਹੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਚਾਲੂ ਹੋਣ ਨਾਲ ਬਿਜਲੀ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਸੁਝਾਅ ਲੈਣ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਪੋਰਟਲ finance.punjab.gov.in. ਤੇ ਹੁਣ ਈ ਮੇਲ ਆਈ.ਡੀ. punjabdabudget@gmail.com ਵੀ ਜਾਰੀ ਕੀਤੀ ਗਈ ਹੈ ਜਿਸ ’ਤੇ ਲੋਕ ਆਪਣੇ ਸੁਝਾਅ ਭੇਜ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਸਿੱਧੇ ਤੌਰ ’ਤੇ ਉਨ੍ਹਾਂ ਨੂੰ ਮਿਲ ਕੇ ਵੀ ਸੁਝਾਅ ਦੇ ਸਕਦੇ ਹਨ। ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਾਰੇ ਵਿਧਾਇਕਾਂ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਉਹ ਲੋਕਾਂ ਕੋਲ ਜਾ ਕੇ ਉਨ੍ਹਾਂ ਦੇ ਸੁਝਾਅ ਇਕੱਤਰ ਕਰਨ ਤਾਂ ਜੋ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਆਪਣੇ ਨਿੱਜੀ ਮੁਫਾਦਾਂ ਲਈ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਜਦੋਂ ਕਿ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ  ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਠੋਸ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਸੀ ਪਠਾਣਾ ਦੇ ਫੋਕਲ ਪੁਆਂਇੰਟ ਦੀ ਜ਼ਮੀਨ ’ਤੇ ਕੀਤੇ ਨਜਾਇਜ਼ ਕਬਜਿਆਂ ਨੂੰ ਛੇਤੀ ਹੀ ਛੁਡਵਾਇਆ ਜਾਵੇਗਾ ਅਤੇ ਉਦਯੋਗਾਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਮੌਕੇ ਹਲਕਾ ਅਮਲੋਹ ਦੇ ਆਪ ਵਿਧਾਇਕ ਸ਼੍ਰੀ ਗੁਰਿੰਦਰ ਸਿੰਘ ਗੈਰੀ ਬੜਿੰਗ, ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਜਨਤਾ ਬਜਟ ਦੀ ਸ਼ੁਰੂਆਤ ਮੰਡੀ ਗੋਬਿੰਦਗੜ੍ਹ ਤੋਂ ਕਰਨ ਨਾਲ ਇਸ ਉਦਯੋਗਿਕ ਹੱਬ ਦੇ ਸਰਵਪੱਖੀ ਵਿਕਾਸ ਦੇ ਰਾਹ ਖੁੱਲ੍ਹਣਗੇ ਅਤੇ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਸੁਪਨਿਆਂ ਦਾ ਪੰਜਾਬ ਸਿਰਜ ਕੇ ਦਿੱਤਾ ਜਾ ਸਕੇਗਾ। ਉਨ੍ਹਾਂ ਹਰੇਕ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਲੋਕ ਭਲਾਈ ਦੇ ਕੰਮਾਂ ਲਈ ਕੁਝ ਸਮਾਂ ਦਿੱਤਾ ਜਾਵੇ ਅਤੇ ਵਿਰੋਧੀਆਂ ਦੀਆਂ ਗੁਮਰਾਹਕੁੰਨ ਗੱਲਾਂ ਵੱਲ ਗੌਰ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਸਮੇਂ ਬਾਅਦ ਹੀ ਨਵੇਂ ਪੰਜਾਬ ਦੀ ਦਿੱਖੀ ਸਭ ਦੇ ਸਾਹਮਣੇ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਨਵੇਂ ਪੰਜਾਬ ਦਾ ਨਿਰਮਾਣ ਕਰਕੇ ਲੋਕਾਂ ਦੇ ਸੁਪਨਿਆਂ ਦਾ ਪੰਜਾਬ ਬਣਾਇਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਾ ਬਜਟ ਲਈ ਸੁਝਾਅ ਲੈਣ ਦਾ ਫੈਸਲਾ ਪੰਜਾਬ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ ਅਤੇ ਪੰਜਾਬ ਨੂੰ ਮੁੜ ਤੋਂ ਵਿਕਾਸ ਦੀਆਂ ਬੁਲੰਦੀਆਂ ’ਤੇ ਲਿਆਂਦਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਥੋੜ੍ਹੇ ਦਿਨਾਂ ਵਿੱਚ ਜੋ ਫੈਸਲੇ ਕੀਤੇ ਗਏ ਹਨ, ਉਹ ਇਤਿਹਾਸਕ ਫੈਸਲੇ ਸਾਬਤ ਹੋ ਰਹੇ ਹਨ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਵੱਖ-ਵੱਖ ਸਨਅਤਕਾਰਾਂ ਨੇ ਜਨਤਾ ਬਜਟ ਲਈ ਆਪਣੇ ਸੁਝਾਅ ਦਿੱਤੇ, ਜਿਸ ’ਤੇ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਬਜਟ ਤਿਆਰ ਕਰਨ ਵਿੱਚ ਇਨ੍ਹਾਂ ਸੁਝਾਵਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। 

ਇਸ ਮੌਕੇ ਡਿਪਟੀ ਸਕੱਤਰ, ਵਿੱਤ, ਸ. ਉਦੈਦੀਪ ਸਿੰਘ ਸਿੱਧੂ, ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਨੀਤਾ ਦਰਸ਼ੀ, ਐਸ.ਪੀ.(ਡੀ) ਸ. ਰਾਜਪਾਲ ਸਿੰਘ, ਐਸ.ਡੀ.ਐਮ. ਅਮਲੋਹ ਸ਼੍ਰੀਮਤੀ ਜੀਵਨਜੋਤ ਕੌਰ, ਜੀ.ਐਮ. ਇੰਡਸਟਰੀ ਜਗਦੀਸ਼ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

ਸਕੂਲੀ ਬੱਚਿਆ ਨੇ ਵਿਿਦਅਕ ਟੂਰ ਲਾਇਆ

ਹਠੂਰ,6,ਮਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੀ ਅਗਵਾਈ ਹੇਠ ਸਕੂਲੀ ਵਿਿਦਆਰਥੀਆ ਨੇ ਇੱਕ ਰੋਜਾ ਵਿਿਦਅਕ ਟੂਰ ਲਗਾਇਆ ਗਿਆ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਦੱਸਿਆ ਕਿ ਇਸ ਟੂਰ ਵਿਚ ਜਿਲ੍ਹਾ ਫਿਰੋਜਪੁਰਾ ਦੇ ਪ੍ਰਸਿੱਧ ਸਥਾਨਾ ਦਾ ਬੱਚਿਆ ਨੇ ਅਨੰਦ ਮਾਣਿਆ ਜਿਨ੍ਹਾ ਵਿਚ ਤਲਵੰਡੀ ਭਾਈ ਦੇ ਫਨ-ਆਈਲੈਂਡ ਵਿਚ ਬੱਚਿਆ ਨੂੰ ਸਿੱਖਣ ਲਈ ਬਹੁਤ ਕੁਝ ਮਿਿਲਆ।ਇਸ ਮੌਕੇ ਬੱਚਿਆ ਨੂੰ ਇੱਕ ਨਿਰੋਲ ਪਰਿਵਾਰਕ ਫਿਲਮ ਵੀ ਦਿਖਾਈ ਗਈ।ਉਨ੍ਹਾ ਕਿਹਾ ਕਿ ਇੱਹ ਵਿਿਦਅਕ ਟੂਰ ਜਿੱਥੇ ਬੱਚਿਆ ਦਾ ਮਨੋਰੰਜਨ ਕਰਦੇ ਹਨ ਉੱਥੇ ਇਹ ਟੂਰ ਬੱਚਿਆ ਦੇ ਗਿਆਨ ਵਿਚ ਵੀ ਵਾਧਾ ਕਰਦੇ ਹਨ।ਇਸ ਮੌਕੇ ਉਨ੍ਹਾ ਨਾਲ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ,ਚੇਅਰਪਰਸਨ ਬੀਬੀ ਸੁਖਦੀਪ ਕੌਰ ਯੂ ਐਸ,ਵਾਈਸ ਪ੍ਰਿੰਸੀਪਲ ਕਸਮੀਰ ਸਿੰਘ,ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਕੁਲਵਿੰਦਰ ਸਿੰਘ ਰਾਊਕੇ,ਹਰਪਾਲ ਸਿੰਘ ਮੱਲ੍ਹਾ,ਹਰਦੀਪ ਸਿੰਘ ਚਕਰ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਗੁਰਪ੍ਰੀਤ ਸਿੰਘ,ਗੁਰਚਰਨ ਸਿੰਘ ਬੁੱਟਰ,ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

ਕੌਲਧਾਰ ਜਠੇਰੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਰੁੜਕਾ ਕਲਾਂ ਵਿਖੇ ਕੀਤੀ ਗਈ ਜਗਤਾਰ ਸਿੰਘ ਚੂਹੜਚੱਕ

ਮਿੌਤੀ 25 ਮਈ ਨੂੰ ਹੋਵੇਗਾ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ

ਅਜੀਤਵਾਲ, ( ਬਲਵੀਰ ਸਿੰਘ ਬਾਠ ) ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ  ਪ੍ਰਬੰਧਕ ਕਮੇਟੀ ਦੀ ਮੀਟਿੰਗ ਪਿੰਡ ਰੁੜਕਾ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਕੀਤੀ ਗਈ ਮੀਟਿੰਗ ਬਾਰੇ  ਜਨ ਸ਼ਕਤੀ ਨੂੰ ਜਾਣਕਾਰੀ ਦਿੰਦਿਆਂ  ਸਾਬਕਾ ਪੰਚਾਇਤ ਮੈਂਬਰ ਜਗਤਾਰ ਸਿੰਘ ਤਾਰੀ ਨੇ ਦੱਸਿਆ  ਤੇ ਕੌਲਧਰ ਪਰਿਵਾਰਾਂ ਦੇ ਜੱਦੀ ਜਠੇਰੇ ਪਿੰਡ ਰੁੜਕਾ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਮਨਾਏ ਜਾਣ ਸਬੰਧੀ ਵਿਚਾਰ ਵਟਾਂਦਰਾ ਪਰਗਟ ਕੀਤਾ ਗਿਆ  ਉਨ੍ਹਾਂ ਦੱਸਿਆ ਕਿ ਮਿਤੀ ਪੱਚੀ ਮਈ ਨੂੰ ਸਵੇਰੇ ਗਿਆਰਾਂ ਵਜੇ ਝੰਡੇ ਦੀ ਰਸਮ ਹੋਵੇਗੀ ਉਪਰੰਤ ਸੱਭਿਆਚਾਰਕ ਅਤੇ ਧਾਰਮਿਕ ਸਮਾਗਮ ਹੋਵੇਗਾ ਜਿਸ ਵਿਚ ਓਂਕਾਰ ਸੰਧੂ ਮਿਊਜ਼ੀਕਲ ਗਰੁੱਪ ਉੱਚਾ ਪਿੰਡ  ਕਹਾਣੀ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਮੇਲੇ  ਨੂੰ ਲੈ ਕੇ ਕੌਲਧਰ ਪਰਿਵਾਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ  ਉਨ੍ਹਾਂ ਅੱਗੇ ਕਿਹਾ ਕਿ ਪੂਰੇ ਪੰਜਾਬ ਵਿਚੋਂ ਕੌਲਧਰ ਪਰਿਵਾਰਾਂ ਦੀ ਹਜ਼ਾਰਾਂ ਦੀ ਗਿਣਤੀ ਵਿਚ ਕੌਲਧਰ ਪਰਿਵਾਰ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਉਣਗੇ ਅਤੇ ਪੂਰਵਜਾਂ ਦੇ ਅਸਥਾਨ ਤੇ ਸ਼ਰਧਾ ਪੂਰਵਕ ਨਤਮਸਤਕ ਹੋਣਗੇ ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ  ਉਨ੍ਹਾਂ ਨਾਲ ਸੰਪਰਕ ਕਰਨ ਵਾਸਤੇ ਆਪਣਾ ਇੱਕ ਨੰਬਰ ਜਾਰੀ ਕੀਤਾ 9815155922

6 ਮਈ 'ਤੇ ਵਿਸ਼ੇਸ਼ ✍️ ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)  

ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਤੇ ਸਾਹਿਤਕ ਸਫ਼ਰ ਦੀ ਸਾਂਝ
ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ।
ਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾਂ ਵਾਲਾ।
ਉਪਰੋਕਤ ਸਤਰਾਂ ਤੁਸੀਂ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਪੜ੍ਹੀਆਂ ਜਾਂ ਸੁਣੀਆਂ ਹੋਣਗੀਆਂ। ਇਹਨਾਂ ਸਤਰਾਂ ਨੂੰ ਲਿਖਣ ਵਾਲ਼ਾ ਖ਼ੁਦ ਆਪਣੀਆਂ ਲਿਖੀਆਂ ਸਤਰਾਂ ਨਾਲ਼ ਵਫਾ ਨਿਭਾਉਂਦਿਆਂ ਸੱਚੀਂ ਜੋਬਨ ਰੁੱਤੇ 6 ਮਈ 1973 ਨੂੰ ਇਸ ਦੁਨੀਆਂ ਤੋਂ ਆਪਣੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਲਈ "ਅਲਵਿਦਾ" ਕਹਿ ਗਿਆ ਸੀ।
ਭਲਾ ਇਸ ਤਰ੍ਹਾਂ ਵੀ ਕੋਈ ਅਲਵਿਦਾ ਕਹਿੰਦਾਂ ਹੁੰਦਾ ?
ਹਾਂ ਸਾਡੇ ਕੋਲ਼ ਇੱਕ ਨਾਂ ਹੈ ਅਜਿਹਾ ਜਿਸ ਨੇ ਇੰਝ ਅਲਵਿਦਾ ਕਹਿਣ ਤੋਂ ਪਹਿਲਾਂ ਸਾਹਿਤਕ ਖੇਤਰ ਵਿੱਚ ਬਿਰਹਾ ਦੇ ਕਵੀ ਦੇ ਤੌਰ ਤੇ ਆਪਣੀ ਬਹੁਤ ਵੱਡੀ ਪਹਿਚਾਣ ਬਣਾਈ।
ਬਿਰਹਾ ਦਾ ਕਵੀ ਸ਼ਬਦ ਸੁਣਦਿਆਂ ਉਮੀਦ ਕਰਦੇ ਹਾਂ ਕਿ ਤੁਹਾਡੇ ਖਿਆਲ ਸ਼ਿਵ ਕੁਮਾਰ ਬਟਾਲਵੀ ਦਾ ਨਾਂ ਹੁਣ ਜ਼ਰੂਰ ਆ ਚੁੱਕਾ ਹੋਵੇਗਾ।
ਸ਼ਿਵ ਕੁਮਾਰ ਦੇ ਦੁੱਖਾਂ ਦੀ ਗੱਲ ਕਰਦਿਆਂ ਸੰਤ ਸਿੰਘ ਸੇਖੋਂ ਲਿਖਦੇ ਹਨ ਕਿ “ਸ਼ਿਵ ਕੁਮਾਰ ਦੇ ਦੁੱਖ ਉਥੋਂ ਸ਼ੁਰੂ ਹੁੰਦੇ ਹਨ, ਜਿਥੋਂ ਜੌਹਨ ਕੀਟਸ ਦੇ ਖਤਮ ਹੁੰਦੇ ਹਨ।
ਆਓ ਅੱਜ ਪੰਜਾਬੀ ਦੇ ਜੌਹਨ ਕੀਟਸ, ਬਿਰਹਾ ਦੇ ਕਵੀ ਨੂੰ ਯਾਦ ਕਰਦਿਆਂ ਉਹਦੀ ਜ਼ਿੰਦਗੀ ਤੇ ਸਾਹਿਤਕ ਸਫ਼ਰ ਨਾਲ਼ ਆਪਾਂ ਸਾਂਝ ਬਣਾਈਏ।
ਜਨਮ ਤੇ ਪਰਿਵਾਰ:- ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 (ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਮੁਤਾਬਕ 8 ਅਕਤੂਬਰ 1937ਈ.) ਨੂੰ ਜੰਮੂ-ਕਸ਼ਮੀਰ ਦੀ ਹੱਦ ਨਾਲ਼ ਲੱਗਦੇ 'ਸ਼ਕਰਗੜ੍ਹ' ਤਹਿਸੀਲ ਦੇ ਬੜਾ ਪਿੰਡ ਲੋਹਟੀਆਂ (ਅੱਜਕਲ ਪਾਕਿਸਤਾਨ) ਵਿੱਚ ਹੋਇਆ ਸੀ। ਦੇਸ ਦੀ ਵੰਡ ਤੋਂ ਪਹਿਲਾਂ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਪਿੰਡ ਸੀ। ਉਸ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿਚ ਕਾਨੂੰਗੋ ਅਤੇ ਸੇਵਾਮੁਕਤੀ ਵੇਲੇ ਪਟਵਾਰ ਸਕੂਲ ਬਟਾਲਾ ਦੇ ਪ੍ਰਿੰਸੀਪਲ ਸਨ। ਉਸ ਦੀ ਮਾਤਾ ਸ਼ਾਂਤੀ ਦੇਵੀ ਦੀ ਆਵਾਜ਼ ਬਹੁਤ ਸੁਰੀਲੀ ਸੀ, ਉਹੀ ਸੁਰੀਲਾਪਣ ਸ਼ਿਵ ਦੀ ਆਵਾਜ਼ ਵਿਚ ਵੀ ਸੀ।
ਪੜ੍ਹਾਈ ਤੇ ਰੁਜ਼ਗਾਰ ਦਾ ਸਫ਼ਰ:- ਸ਼ਿਵ ਕੁਮਾਰ ਨੇ ਮੁੱਢਲੀ ਪੜ੍ਹਾਈ ਬੜਾ ਪਿੰਡ 'ਲੋਹਤੀਆਂ' ਦੇ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ। ਸੰਨ 1953 ਵਿਚ ਸ਼ਿਵ ਨੇ 'ਸਾਲਵੇਸ਼ਨ ਆਰਮੀ ਹਾਈ ਸਕੂਲ' ਬਟਾਲਾ ਤੋਂ ਦਸਵੀਂ ਪਾਸ ਕੀਤੀ। ਉਸ ਦੇ ਪਿਤਾ ਉਸ ਨੂੰ ਚੰਗਾ ਪੜ੍ਹਾ-ਲਿਖਾ ਕੇ ਉਚ ਵਿੱਦਿਆ ਦਿਵਾ ਕੇ ਇਕ ਕਾਰੋਬਾਰੀ ਵਿਅਕਤੀ ਬਣਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲ਼ੀ ਕਿਉਂਕਿ ਦਸਵੀਂ ਤੋਂ ਬਾਅਦ ਅਗਲੇ ਦੋ ਸਾਲ ਦੌਰਾਨ ਬਿਨਾਂ ਕਿਸੇ ਡਿਗਰੀ ਪ੍ਰਾਪਤ ਕਰਨ ਦੇ ਉਸ ਨੇ ਤਿੰਨ ਵਾਰੀ ਕਾਲਜ ਬਦਲੇ। ਪਹਿਲਾਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਚ ਐਫ਼.ਐਸ.ਸੀ. ਵਿਚ ਦਾਖ਼ਲਾ ਲਿਆ ਅਤੇ ਇਮਤਿਹਾਨਾਂ ਤੋਂ ਪਹਿਲਾਂ ਹੀ ਛੱਡ ਦਿਤਾ। ਫਿਰ ਨਾਭੇ ਜਾ ਕੇ ਸਰਕਾਰੀ ਰਿਪੂਦਮਨ ਕਾਲਜ ਵਿਚ ਦਾਖ਼ਲ ਹੋਇਆ, ਪਰ ਕੁੱਝ ਹੀ ਮਹੀਨਿਆਂ ਪਿੱਛੋਂ ਮੁੜ ਆਇਆ ਅਤੇ ਆਰਟਸ ਵਿਸ਼ਿਆਂ ਨਾਲ ਸਿੱਖ ਨੈਸ਼ਨਲ ਕਾਲਜ, ਕਾਦੀਆਂ ਵਿਚ ਦਾਖ਼ਲਾ ਲੈ ਲਿਆ। ਉਥੇ ਵੀ ਇਮਤਿਹਾਨ ਨਾ ਦਿੱਤਾ ਅਤੇ ਸਾਲ ਬਾਅਦ ਇਹ ਕਾਲਜ ਛੱਡ ਕੇ ਬੈਜਨਾਥ ਜ਼ਿਲ੍ਹਾ ਕਾਂਗੜਾ ਦੇ ਇਕ ਸਕੂਲ ਵਿਚ ਓਵਰਸੀਅਰ ਦੇ ਕੋਰਸ ਵਿਚ ਦਾਖ਼ਲਾ ਲੈ ਲਿਆ। ਫਿਰ ਪਿਤਾ ਕ੍ਰਿਸ਼ਨ ਗੋਪਾਲ ਨੇ ਪੁੱਤਰ ਸ਼ਿਵ ਕੁਮਾਰ ਨੂੰ ਪਟਵਾਰੀ ਲਵਾ ਦਿਤਾ ਪਰ 1961 ਵਿਚ ਉਸ ਨੇ ਇਸ ਨੌਕਰੀ ਤੋਂ ਵੀ ਅਸਤੀਫ਼ਾ ਦੇ ਦਿਤਾ ਅਤੇ 1966 ਤਕ ਬੇਰੁਜ਼ਗਾਰ ਹੀ ਰਿਹਾ। ਪਿਤਾ ਕੋਲੋਂ ਉਹ ਕੋਈ ਖ਼ਰਚਾ ਨਹੀਂ ਸੀ ਲੈਂਦਾ। ਇਸ ਲਈ ਇਸ ਸਮੇਂ ਦੌਰਾਨ ਉਹ ਕਦੀ ਕਦਾਈਂ ਕਵੀ ਦਰਬਾਰਾਂ ਵਿਚ ਅਪਣੀਆਂ ਕਵਿਤਾਵਾਂ ਪੜ੍ਹਨ ਦੇ ਸੇਵਾ ਫਲ ਜਾਂ ਕੁੱਝ ਛਪ ਚੁਕੀਆਂ ਕਿਤਾਬਾਂ ਦੀ ਨਿਗੂਣੀ ਜਿਹੀ ਰਾਇਲਟੀ 'ਤੇ ਹੀ ਗੁਜ਼ਾਰਾ ਕਰਦਾ ਸੀ। ਕਈ-ਕਈ ਦਿਨ ਉਹ ਦੋਸਤਾਂ-ਯਾਰਾਂ ਦੇ ਘਰੀਂ ਹੀ ਰਹਿੰਦਾ। ਆਖ਼ਰ 1966 ਵਿਚ ਰੋਜ਼ੀ-ਰੋਟੀ ਦੇ ਉਪਰਾਲੇ ਵਜੋਂ ਉਸ ਨੇ 'ਸਟੇਟ ਬੈਂਕ ਆਫ਼ ਇੰਡੀਆ' ਦੀ ਬਟਾਲਾ ਬ੍ਰਾਂਚ ਵਿਚ ਕਲਰਕ ਦੀ ਨੌਕਰੀ ਲੈ ਲਈ।
ਵਿਆਹ ਤੇ ਔਲ਼ਾਦ:- 5 ਫਰਵਰੀ 1967 ਨੂੰ ਉਸਦੀ ਸ਼ਾਦੀ ਅਰੁਣਾ ਨਾਲ਼ ਹੋਈ, ਉਨ੍ਹਾਂ ਦੇ ਦੋ ਬੱਚੇ ਮਿਹਰਬਾਨ ਬਟਾਲਵੀ ਤੇ ਪੂਜਾ ਬੇਟੀ ਹੋਏ। ਅਗਲੇ ਸਾਲ ਉਸਦੀ ਬਦਲੀ ਚੰਡੀਗੜ੍ਹ ਹੋ ਗਈ। ਇਸੇ ਸਾਲ ਹੀ ਸ਼ਿਵ ਨੂੰ ਉਸਦੀ ਸ਼ਾਹਕਾਰ ਕਾਵਿ ਨਾਟਕ ਰਚਨਾ  "ਲੂਣਾ" ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਸਭ ਤੋਂ ਛੋਟੀ ਉਮਰੇ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਸ਼ਿਵ ਕੁਮਾਰ ਬਟਾਲਵੀ ਦੇ ਹਿੱਸੇ ਹੀ ਆਇਆ।
ਇਸ ਕਾਵਿ ਨਾਟਕ ਵਿੱਚ ਕਵੀ ਨੇ ਪਹਿਲੀ ਵਾਰ ਲੂਣਾ ਨੂੰ ਨਿਰਦੋਸ਼ ਸਾਬਤ ਕਰਨ ਦਾ ਸਫਲ ਯਤਨ ਕੀਤਾ।
“ਪੰਜਾਬੀ ਕਵੀਆਂ ਵਿਚੋਂ ਸ਼ਿਵ ਨੂੰ ਸਭ ਤੋਂ ਵੱਧ ਗਾਇਆ ਗਿਆ ਹੈ। ਮੁਹੰਮਦ ਰਫੀ, ਮਹਿੰਦਰ ਕਪੂਰ, ਜਗਜੀਤ ਸਿੰਘ, ਹੰਸ ਰਾਜ ਹੰਸ, ਜਗਜੀਤ ਜੀਰਵੀ, ਸ਼ਿੰਗਾਰਾ ਚਾਹਲ, ਆਸ਼ਾ ਭੌਂਸਲੇ, ਪੁਸ਼ਪਾ ਹੰਸ, ਸੁਰਿੰਦਰ ਕੌਰ ਗਾਇਕਾਂ ਨੇ ਗਾਇਆ ਹੈ। ਬਲਵੰਤ ਗਾਰਗੀ ਦੇ ਨਾਟਕ ਗਗਨ ਮਹਿ ਥਾਲ ਦੇ ਗੀਤ ਵੀ ਸ਼ਿਵ ਨੇ ਗੁਰੂ ਨਾਨਕ ਸ਼ਤਾਬਦੀ ਮੌਕੇ ਲਿਖੇ।
ਉਸ ਦੇ ਜਮਾਤੀ ਸ: ਭੁਪਿੰਦਰ ਸਿੰਘ ਮਾਨ ਅਤੇ ਡਾ: ਮ. ਸ. ਬਾਜਵਾ ਦੱਸਦੇ ਨੇ ਕਿ ਸ਼ਿਵ ਕੁਮਾਰ ਦੀ ਜ਼ਿੰਦਗੀ ਦਾ ਹਰ ਵਰਕਾ ਰਵਾਇਤੀ ਬੰਧਨਾਂ ਤੋਂ ਮੁਕਤ ਸੀ। ਉਹ ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਪਾਕੀਜ਼ਗੀ ਤੋਂ ਵਾਕਿਫ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ। ਉਹ ਰਾਵੀ ਦਾ ਪੁੱਤਰ ਸੀ । ਉਸ ਨੂੰ ਦਰਿਆ ਦੇ ਅੱਥਰੇ ਵੇਗ ਦੀ ਗੁੜ੍ਹਤੀ ਸੀ।
ਸ਼ਿਵ ਬਾਰੇ ਗੱਲ ਕਰਦਿਆਂ ਹਰਭਜਨ ਬਾਜਵਾ ਦੱਸਦੇ ਹਨ ਕਿ ਜਦ ਕਵੀ ਦਰਬਾਰ ਲਗਦਾ ਤਾਂ ਸ਼ਿਵ ਕੁਮਾਰ ਨੂੰ ਉਦੋਂ ਹੀ ਕਵਿਤਾ ਬੋਲਣ ਲਈ ਆਖਿਆ ਜਾਂਦਾ ਜਦ ਕਵੀ ਦਰਬਾਰ ਸਮਾਪਤ ਹੋਣਾ ਹੋਵੇ, ਕਿਉਂਕਿ ਜੇਕਰ ਸ਼ਿਵ ਪਹਿਲਾਂ ਕਵਿਤਾ ਸੁਣਾ ਦਿੰਦਾ ਤਾਂ ਬਾਅਦ ਵਿੱਚ ਚਾਹੇ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਕਵਿਤਾ ਗਾਉਣ ਪਰ ਸ਼ਿਵ ਦੀ ਕਵਿਤਾ ਅੱਗੇ ਉਨ੍ਹਾਂ ਦਾ ਰੰਗ ਫਿੱਕਾ ਪੈ ਜਾਂਦਾ। ਸ਼ਿਵ ਕੁਮਾਰ ਦੀ ਕਵੀ ਦਰਬਾਰ 'ਚ ਸਰਦਾਰੀ ਹੁੰਦੀ ਸੀ।
ਸਾਹਿਤਕ ਰਚਨਾਵਾਂ:-  ਪੀੜਾ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ,ਮੈਨੂੰ ਵਿਦਾ ਕਰੋ,ਦਰਦਮੰਦਾਂ ਦੀਆਂ ਆਹੀਂ,ਬਿਰਹਾ ਤੂੰ ਸੁਲਤਾਨ,ਲੂਣਾ, ਮੈਂ ਤੇ ਮੈਨੂੰ, ਆਰਤੀ,ਬਿਰਹੜਾ ਆਦਿ ਉਸ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਹਨ। ਅਲਵਿਦਾ ਅਤੇ ਅਸਾਂ ਤਾਂ ਜੋਬਨ ਰੁੱਤੇ ਮਰਨਾ ਉਸ ਦੇ ਸੰਪਾਦਿਤ ਕਾਵਿ-ਸੰਗ੍ਰਹਿ ਹਨ।
ਸ਼ਿਵ ਦੀ ਗੱਲ ਕਰਦਿਆਂ ਉਹਦੇ ਲਿਖੇ ਰੇਖਾ ਚਿੱਤਰਾਂ ਬਾਰੇ ਵੀ ਸਾਂਝ ਬਣਾਉਣੀ ਜ਼ਰੂਰੀ ਹੈ। ਸ਼ਿਵ ਸ.ਸ. ਮੀਸ਼ਾ ਨੂੰ ਚਿਤਰਦਿਆਂ ਉਸ ਦੇ ਮੁਹਾਂਦਰੇ ਨੂੰ "ਮੀਸਣੀ ਮੁਸਕਾਨ" ਦਾ ਨਾਂ ਦਿੰਦਾ ਹੈ। ਅਜੀਤ ਕੌਰ ਨੂੰ "ਉਦਾਸ ਲਾਲਟੈਣ" ਦੱਸਦਾ ਹੈ ਅਤੇ ਮੋਹਨ ਭੰਡਾਰੀ ਨੂੰ ਬਹੁਤਾ ਗਰੀਬੜਾ ਜਿਹਾ ਪੇਸ਼ ਕਰਦਿਆਂ ਉਸ ਨੂੰ "ਫੁਲਬਹਿਰੀ ਵਾਲੇ ਹੱਥ" ਆਖਦਾ ਹੈ। ਸੱਜਣ ਦੱਸਦੇ ਨੇ ਕਿ ਸ਼ਿਵ ਕੁਮਾਰ ਨੂੰ ਭੰਡਾਰੀ ਵਾਲੇ ਰੇਖਾ ਚਿੱਤਰ ਬਾਰੇ ਆਖਰੀ ਵੇਲੇ ਤੀਕ ਪਛਤਾਵਾ ਰਿਹਾ ਕਿ ਮੈਂ ਉਸ ਨਾਲ ਧੱਕਾ ਕੀਤਾ ਹੈ।
1972 ‘ਚ ਉਹ ਡਾ.ਗੋਪਾਲਪੁਰ ਤੇ ਸ਼੍ਰੀਮਤੀ ਕੈਲਾਸ਼ਪੁਰੀ ਦੇ ਸੱਦੇ ‘ਤੇ ਸ਼ਿਵ ਇੰਗਲੈਂਡ ਗਿਆ।  ਜਦੋਂ ਉਹ ਇੰਗਲੈਂਡ ਪਹੁੰਚਿਆ ਤਾਂ ਉਸ ਦੀ ਆਮਦ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀ। ਉਸ ਦੇ ਮਾਣ 'ਚ ਸਥਾਨਕ ਪੰਜਾਬੀ ਲੇਖਕਾਂ ਅਤੇ ਉਸ ਦੇ ਚਾਹੁਣ ਵਾਲਿਆਂ ਵੱਲੋਂ ਕਈ ਪਾਰਟੀਆਂ ਦਿੱਤੀਆਂ ਗਈਆਂ। ਇੰਗਲੈਂਡ 'ਚ ਉਸ ਦੀਆਂ ਗਤੀਵਿਧੀਆਂ ਭਾਰਤੀ ਮੀਡੀਆ ਅਤੇ ਬੀ.ਬੀ.ਸੀ. ਦੀਆਂ ਖ਼ਬਰਾਂ ਵੀ ਬਣਦੀਆਂ ਰਹੀਆਂ।
ਜਦੋਂ ਸ਼ਿਵ ਇੰਗਲੈਂਡ ਤੋਂ ਸਤੰਬਰ 1972 'ਚ ਵਾਪਸ ਆਇਆ, ਉਸ ਦੀ ਸਿਹਤ ਵਿਗੜਦੀ ਚਲੀ ਗਈ। ਇੰਗਲੈਂਡ ਵਾਪਸੀ ਤੋਂ ਕੁੱਝ ਮਹੀਨਿਆਂ ਬਾਅਦ ਹੀ ਉਸ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ।ਅਖੀਰ 6 ਮਈ 1973 ਨੂੰ ਇਹ ਬਿਰਹਾ ਦਾ ਕਵੀ ਹਮੇਸ਼ਾਂ ਲਈ ਆਪਣੇ ਚਾਹੁਣ ਵਾਲਿਆਂ ਨੂੰ ਵਿਦਾ ਕਹਿ ਗਿਆ।

 

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਸ਼੍ਰੀ ਸ਼ੰਕਰਾਚਾਰੀਆ ਜਯੰਤੀ ✍️ ਪੂਜਾ

ਸ਼ੰਕਰਾਚਾਰੀਆ ਜੀ ਦਾ ਜਨਮ ਦਿਨ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਪੰਜਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ।ਗੁਰੂ ਸ਼ੰਕਰਾਚਾਰੀਆ ਦਾ ਜਨਮ ਇਸ ਦਿਨ ਹੋਇਆ ਸੀ।ਆਦਿ ਸ਼ੰਕਰਾ ਭਾਰਤ ਦੇ ਮਹਾਨ ਦਾਰਸ਼ਨਿਕ ਅਤੇ ਧਾਰਮਿਕ ਆਗੂ ਸਨ। ਸ਼ੰਕਰ ਆਚਾਰੀਆ ਦਾ ਜਨਮ 509-508 ਈ.ਪੂ. ਜਨਮ ਕੇਰਲਾ ਵਿੱਚ ਕਾਲਪੀ ਜਾਂ 'ਕਸ਼ਲ' ਨਾਮਕ ਇੱਕ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸ਼ਿਵਗੁਰੂ ਭੱਟ ਅਤੇ ਮਾਤਾ ਦਾ ਨਾਮ ਸੁਭਦਰਾ ਸੀ। ਲੰਬੇ ਸਮੇਂ ਤੱਕ ਸ਼ਿਵ ਦੀ ਪੂਜਾ ਕਰਨ ਤੋਂ ਬਾਅਦ ਸ਼ਿਵ ਗੁਰੂ ਨੂੰ ਪੁੱਤਰ-ਰਤਨ ਮਿਲਿਆ ਸੀ ਅਤੇ ਇਸ ਲਈ ਉਨ੍ਹਾਂ ਦਾ ਨਾਮ ਸ਼ੰਕਰ ਰੱਖਿਆ ਗਿਆ। ਉਹ ਛੇ ਸਾਲ ਦੀ ਉਮਰ ਵਿੱਚ ਪੰਡਤ ਬਣ ਗਏ ਸੀ ਅਤੇ ਅੱਠ ਸਾਲ ਦੀ ਉਮਰ ਵਿੱਚ ਸੰਨਿਆਸ ਲੈ ਲਿਆ ਸੀ।ਉਨ੍ਹਾਂ ਨੇ ਗੋਵਿੰਦ ਨਾਥ ਤੋਂ ਸੰਨਿਆਸ ਲਿਆ ਸੀ।
ਆਦਿ ਸ਼ੰਕਰਾਚਾਰੀਆ ਜੀ ਨੇ ਭਾਰਤੀ ਸੰਸਕ੍ਰਿਤੀ ਦੇ ਵਿਕਾਸ ਅਤੇ ਸੰਭਾਲ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ।ਉਨ੍ਹਾਂ ਨੇ ਭਾਰਤ ਦੇ ਚਾਰੇ ਕੋਨਿਆਂ ਵਿਚ ਚਾਰ ਮੱਠ ਸਥਾਪਿਤ ਕੀਤੇ ਸਨ, ਜੋ ਅੱਜ ਵੀ ਬਹੁਤ ਮਸ਼ਹੂਰ ਅਤੇ ਪਵਿੱਤਰ ਮੰਨੇ ਜਾਂਦੇ ਹਨ ਅਤੇ ਜਿਨ੍ਹਾਂ 'ਤੇ ਸੰਤਾਂ ਨੂੰ 'ਸ਼ੰਕਰਾਚਾਰੀਆ' ਕਿਹਾ ਜਾਂਦਾ ਹੈ। ਇਹ ਚਾਰ ਸਥਾਨ ਹਨ ਜੋਤਿਸ਼ਪੀਠ, ਬਦਰੀਕਾਸ਼ਰਮ ਸ਼੍ਰਿਂਗਰੀ ਪੀਠ, ਦਵਾਰਕਾ ਸ਼ਾਰਦਾ ਪੀਠ ਅਤੇ ਪੁਰੀ ਗੋਵਰਧਨ ਪੀਠ। ਉਹ ਅੱਠ ਸਾਲ ਦੀ ਉਮਰ ਵਿੱਚ ਚਾਰ ਵੇਦਾਂ ਦੇ ਗਿਆਤਾ ਬਣ ਗਏ ਸਨ।ਸਾਰੇ ਸੰਸਾਰ ਦੀਆਂ ਜੀਵ-ਜੰਤੂਆਂ ਨੂੰ ਬ੍ਰਾਹਮਣ ਮੰਨਣਾ ਅਤੇ ਇਸ ਨੂੰ ਤਰਕ ਆਦਿ ਰਾਹੀਂ ਸਿੱਧ ਕਰਨਾ ਆਦਿ ਸ਼ੰਕਰਾਚਾਰੀਆ ਦੀ ਵਿਸ਼ੇਸ਼ਤਾ ਰਹੀ ਹੈ।ਸ਼ੰਕਰਾਚਾਰੀਆ ਇੱਕ ਮਹਾਨ ਸਮਕਾਲੀ ਸਨ। ਉਨ੍ਹਾਂ ਨੂੰ ਸਨਾਤਨ ਧਰਮ ਦੀ ਪੁਨਰ ਸਥਾਪਨਾ ਦਾ ਸਿਹਰਾ ਦਿੱਤਾ ਜਾਂਦਾ ਹੈ।ਉਨ੍ਹਾਂ ਨੇ ਅਦਵੈਤ ਵੇਦਾਂਤ ਨੂੰ ਇੱਕ ਮਜ਼ਬੂਤ ਨੀਂਹ ਪ੍ਰਦਾਨ ਕੀਤੀ। ਭਗਵਦ ਗੀਤਾ, ਉਪਨਿਸ਼ਦਾਂ ਅਤੇ ਵੇਦਾਂਤਸੂਤਰਾਂ 'ਤੇ ਲਿਖੀਆਂ ਉਨ੍ਹਾਂ ਦੀਆਂ ਟੀਕਾਵਾਂ ਬਹੁਤ ਮਸ਼ਹੂਰ ਹਨ।ਸਾਰੇ ਕੰਮ ਨੂੰ ਪੂਰਾ ਕਰਨ ਤੋਂ ਬਾਅਦ, ਉਹ 32 ਸਾਲ ਦੀ ਉਮਰ ਵਿਚ ਬ੍ਰਾਹਮਣ ਬਣ ਗਏ।
ਆਦਿ ਸ਼ੰਕਰਾਚਾਰੀਆ ਜੀ ਨੇ ਕਿਹਾ ਕਿ ਗਿਆਨ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਨੂੰ ਪਰਾਵਿਦਿਆ ਕਿਹਾ ਜਾਂਦਾ ਹੈ ਅਤੇ ਦੂਜੀ ਨੂੰ ਅਪਰਾਵਿਦਿਆ ਕਿਹਾ ਜਾਂਦਾ ਹੈ। ਪਹਿਲਾ ਸਗੁਣ ਬ੍ਰਾਹਮਣ (ਪਰਮਾਤਮਾ) ਹੈ ਪਰ ਦੂਜਾ ਨਿਰਗੁਣ ਬ੍ਰਾਹਮਣ ਹੈ। ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਨੂੰ ਇੱਕ ਧਾਗੇ ਵਿੱਚ ਬੰਨ੍ਹਣ ਦਾ ਕੰਮ ਸ਼ੰਕਰਾਚਾਰੀਆ ਜੀ ਨੇ ਕੀਤਾ ਸੀ। ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਦੇ ਪਸਾਰ ਵਿੱਚ ਵੀ ਅਮੁੱਲ ਯੋਗਦਾਨ ਪਾਇਆ ਹੈ।
ਆਦਿ ਗੁਰੂ ਸ਼ੰਕਰਾਚਾਰੀਆ ਦਾ ਪ੍ਰਕਾਸ਼ ਪੁਰਬ 6 ਮਈ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ।
ਪੂਜਾ 9815591967

ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਹੁਲਾਰਾ ਦੇਣ ਲਈ ਜ਼ਿਲ੍ਹਾ ਪ੍ਰਸਾਸ਼ਨ ਪੱਬਾਂ ਭਾਰ

-ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਲਈ ਡਿਪਟੀ ਕਮਿਸ਼ਨਰ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਹੁਸ਼ਿਆਰਪੁਰ, 5 ਮਈ (ਰਣਜੀਤ ਸਿੱਧਵਾਂ) : ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਹੁਲਾਰਾ ਦੇਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਗੰਭੀਰਤਾ ਦਿਖਾਈ ਜਾ ਰਹੀ ਹੈ ਅਤੇ ਇਸੇ ਗੰਭੀਰਤਾ ਸਦਕਾ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਵਲੋਂ ਡੀ.ਐਫ.ਓ. ਹੁਸ਼ਿਆਰਪੁਰ, ਦਸੂਹਾ, ਗੜ੍ਹਸ਼ੰਕਰ ਸਮੇਤ ਜੰਗਲਾਤ ਵਿਭਾਗ ਦੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਟੂਰਿਜ਼ਮ ਦੇ ਤੌਰ ’ਤੇ ਹੋਰ ਹੁਲਾਰਾ ਦੇਣ ਲਈ ਕਾਫੀ ਸੰਭਾਵਨਾਵਾਂ ਹਨ, ਇਸ ਲਈ ਜੰਗਲਾਤ ਵਿਭਾਗ ਇਹਨਾਂ ਸੰਭਾਵਨਾਵਾਂ ਨੂੰ ਤਲਾਸ਼ ਕੇ ਰੂਪ ਰੇਖਾ ਤਿਆਰ ਕਰਨ, ਤਾਂ ਜੋ ਜ਼ਿਲ੍ਹੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਪ੍ਰਫੁਲਿਤ ਕੀਤਾ ਜਾ ਸਕੇ। ਉਨ੍ਹਾਂ ਸਿੰਧੂ ਘਾਟੀ ਦੀ ਸਭਿਅੱਤਾ ਨਾਲ ਜੁੜੇ ਢੋਲਵਾਹਾ ਖੇਤਰ ਵਿੱਚ ਬਣੇ ਮਿਊਜ਼ੀਅਮ ਨੂੰ ਮੁੜ ਸੁਰਜੀਤ ਕਰਨ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਏਰੀਏ ਵਿੱਚ ਖੁਦਾਈ ਦੌਰਾਨ ਸਿੰਧੂ ਘਾਟੀ ਦੀ ਸਭਿਅੱਤਾ ਸਬੰਧੀ ਕਲਾਕ੍ਰਿਤੀਆਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਇਸ ਅਜਾਇਬ ਘਰ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ, ਤਾਂ ਜੋ ਪੁਰਾਤਨ ਸਭਿਅੱਤਾ ’ਤੇ ਝਾਤ ਪਾਉਂਦੇ ਇਤਿਹਾਸ ਨੂੰ ਸਾਂਭਿਆ ਜਾ ਸਕੇ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਜਾ ਸਕੇ। ਸ਼੍ਰੀ ਸੰਦੀਪ ਹੰਸ ਨੇ ਕਿਹਾ ਕਿ ਪਿੰਡ ਤੱਖਣੀ ਵਿਖੇ ਬਣੇ ਵਾਈਲਡ ਲਾਈਫ ਸੈਂਚਰੀ ਨੂੰ ਹੋਰ ਆਕ੍ਰਸ਼ਿਤ ਕੀਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਸੈਲਾਨੀ ਇਸ ਸੈਂਚਰੀ ਦਾ ਦੌਰਾ ਕਰ ਸਕਣ। ਮੀਟਿੰਗ ਵਿੱਚ ਜੰਗਲਾਤ ਵਿਭਾਗ ਦੇ ਸਾਰੇ ਗੈਸਟ ਹਾਊਸ, ਵਾਇਲਡ ਲਾਈਫ ਸੈਂਚਰੀ, ਡੈਮ, ਟਰੈਕ ਅਤੇ ਟੂਰਿਜ਼ਮ ਲਈ ਬਣੇ ਵਿਸ਼ੇਸ਼ ਸਥਾਨਾਂ ’ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਵੀ ਵਿਸ਼ੇਸ਼ ਵਿਚਾਰ ਚਰਚਾ ਹੋਈ। ਇਸ ਤੋਂ ਇਲਾਵਾ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਸਾਈਕਲਿੰਗ ਟਰੈਕ ਬਣਾਉਣ ਸਬੰਧੀ ਵੀ ਗੰਭੀਰਤਾ ਨਾਲ ਗੱਲਬਾਤ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੈਲਾਨੀਆਂ ਨੂੰ ਜੰਗਲ ਵਿੱਚ ਰਾਤ ਰੁਕਣ ਲਈ ਕੌਟੇਜ਼, ਟੈਂਟ ਹਾਊਸ, ਹਟਸ ਆਦਿ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲਿਆਂ ਦੀ ਲੋੜ ਹੈ ਅਤੇ ਇਸ ਲਈ ਰੂਪ ਰੇਖਾ ਤਿਆਰ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਵਾਇਲਡ ਲਾਈਫ ਸੈਂਚਰੀ, ਡੈਮ, ਟਰੈਕ ਅਤੇ ਟੂਰਿਜ਼ਮ ਲਈ ਬਣੇ ਵਿਸ਼ੇਸ਼ ਸਥਾਨਾਂ ਅਤੇ ਸੁਵਿਧਾਵਾਂ ਸਬੰਧੀ ਜਾਗਰੂਕਤਾ ਸਮੱਗਰੀ ਵੀ ਤਿਆਰ ਕੀਤੀ ਜਾਵੇ, ਤਾਂ ਜੋ ਵੱਧ ਤੋਂ ਵੱਧ ਲੋਕ ਸੈਰ-ਸਪਾਟਾ ਵਜੋਂ ਹੁਸ਼ਿਆਰਪੁਰ ਨੂੰ ਤਰਜ਼ੀਹ ਦੇ ਸਕਣ। ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜੰਗਲਾਤ ਇਲਾਕਿਆਂ ਵਿੱਚ ਘੁੰਮਣ ਲਈ ਆ ਰਹੇ ਸੈਲਾਨੀਆਂ ਨੂੰ ਸਾਫ-ਸਫਾਈ ਲਈ ਵੀ ਜਾਗਰੂਕ ਕਰਨ ਲਈ ਵਿਸ਼ੇਸ਼ ਕਦਮ ਉਠਾਏ ਜਾਣ। ਇਸ ਮੌਕੇ ਡੀ.ਐਫ.ਓ ਹੁਸ਼ਿਆਰਪੁਰ ਸ਼੍ਰੀ ਅਮਨੀਤ ਸਿੰਘ, ਡੀ.ਐਫ.ਓ ਦਸੂਹਾ ਸ਼੍ਰੀ ਅਟਲ ਮਹਾਜਨ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕਾਂ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ : ਮੋਹੀ

ਸ਼ਿਕਾਇਤ ਕਰਤਾਵਾਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਉਨ੍ਹਾਂ ਦੀ ਭਲਾਈ ਲਈ ਹੀ ਕਾਇਮ
ਐਸ.ਸੀ. ਭਾਈਚਾਰੇ ਦੀਆਂ ਸ਼ਿਕਾਇਤਾਂ ਦਾ ਤੈਅ ਸਮੇਂ ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਉਣ ਦੀਆਂ ਹਦਾਇਤਾਂ
ਮਾਲੇਰਕੋਟਲਾ 05 ਮਈ  (ਰਣਜੀਤ ਸਿੱਧਵਾਂ)  :  ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕਾਂ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ੍ਰੀ ਚੰਦਰੇਸ਼ਵਰ ਮੋਹੀ ਨੇ ਕਲੱਬ ਹਾਊਸ ਮਾਲੇਰਕੋਟਲਾ ਵਿਖੇ ਐਸ.ਸੀ ਸਮੁਦਾਇ ਨਾਲ ਸਬੰਧਿਤ ਜ਼ਿਲ੍ਹਾ ਮਾਲੇਰਕੋਟਲਾ (ਮਾਲੇਰਕੋਟਲਾ,ਅਮਰਗੜ੍ਹ ਅਤੇ ਅਹਿਮਦਗੜ੍ਹ) ਦੀਆਂ ਸ਼ਿਕਾਇਤਾਂ ਦੀ ਪੜਤਾਲ ਕਰਨ ਮੌਕੇ ਕੀਤਾ । ਉਨ੍ਹਾਂ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਆਦੇਸ਼ ਅਨੁਸਾਰ ਸ਼ਿਕਾਇਤ ਕਰਤਾਵਾਂ ਕੋਲ ਜਾ ਕੇ ਉਨ੍ਹਾਂ ਦੀਆਂ ਦੁਖ ਤਕਲੀਫ਼ਾਂ ਜਾਣਨ ਲਈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਰਵਾਰਨ ਕਰਨ ਲਈ ਆਏ ਹਨ । ਸ੍ਰੀ ਚੰਦਰੇਸ਼ਵਰ ਮੋਹੀ ਨੇ ਸ਼ਿਕਾਇਤ ਕਰਤਾਵਾਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਉਨ੍ਹਾਂ ਦੀ ਭਲਾਈ ਲਈ ਹੀ ਕਾਇਮ ਕੀਤਾ ਗਿਆ ਹੈ । ਇਸ ਮੌਕੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਮਿਸ਼ਨ ਨੂੰ ਮਿਲੀਆਂ ਸ਼ਿਕਾਇਤਾਂ ਸਬੰਧੀ ਚਰਚਾ ਵੀ ਕੀਤੀ ਅਤੇ ਕਿਹਾ ਕਿ ਸ਼ਿਕਾਇਤਾਂ ਨੂੰ ਜਲਦ ਤੋਂ ਜਲਦ ਹੱਲ ਕਰ ਲਿਆ ਜਾਵੇਗਾ । ਇਸ ਮੌਕੇ ਉਪ ਮੰਡਲ ਮੈਜਿਸਟਰੇਟ ਮਾਲੇਰਕੋਟਲਾ ਸ੍ਰੀ ਜਸਬੀਰ ਸਿੰਘ, ਡੀ.ਐਸ.ਪੀ ਅਮਰਗੜ੍ਹ ਸ੍ਰੀ ਸੰਦੀਪ, ਡੀ.ਐਸ.ਪੀ.ਅਹਿਮਦਗੜ੍ਹ, ਹਰਵਿੰਦਰ ਸਿੰਘ ਚੀਮਾ, ਡੀ.ਐਸ.ਪੀ ਸ੍ਰੀ ਰਣਜੀਤ ਸਿੰਘ, ਤਹਿਸੀਲਦਾਰ ਸ੍ਰੀ ਹਰਫੂਲ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ ਸ੍ਰੀਮਤੀ ਬੱਬਲ ਜੀਤ ਕੌਰ, ਤਹਿਸੀਲ ਭਲਾਈ ਅਫ਼ਸਰ ਮਾਲੇਰਕੋਟਲਾ ਸ੍ਰੀ ਜਗਦੀਪ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ । ਸ੍ਰੀ ਚੰਦਰੇਸ਼ਵਰ ਮੋਹੀ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਭੋਲੇ ਭਾਲੇ ਲੋਕਾਂ ਨੂੰ ਝਗੜਿਆਂ ਦਾ ਨਿਪਟਾਰਾ ਕਰਨ ਲਈ  ਐਸ.ਸੀ.ਐਕਟੀਵਿਸਟ/ਏਜੰਟਾਂ ਦੇ ਬਹਿਕਾਵੇ ਵਿੱਚ ਨਹੀਂ ਆਉਣ ਚਾਹੀਦਾ ਸਗੋਂ ਆਪਸੀ ਸਹਿਮਤੀ ਨਾਲ ਝਗੜਿਆਂ ਦਾ ਨਿਪਟਾਰਾ ਕਰਨ ਨੂੰ ਤਰਜੀਹ ਦੇਣ ਤਾਂ ਜੋ ਝਗੜਿਆਂ ਦੇ ਨਿਪਟਾਰੇ ਲਈ ਪੁਲਿਸ ਸਟੇਸ਼ਨਾਂ ਅਤੇ ਕੋਰਟਾਂ ਦੇ ਚੱਕਰ ਨਾ ਮਾਰਨੇ ਪੈਣ। ਐਸ.ਸੀ.ਐਕਟੀਵਿਸਟ/ਏਜੰਟ ਹੀ ਐਸ.ਸੀ ਸਮੁਦਾਇ ਦਾ ਅਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਨਾਮ ਅਨੁਸੂਚਿਤ ਜਾਤੀਆਂ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐਸ.ਸੀ. ਐਕਟ ਸਬੰਧੀ ਕਈ ਏਜੰਟ/ ਐਸ.ਸੀ. ਐਕਟੀਵਿਸਟ ਬਣ ਕੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਤੋਂ ਹਲਫ਼ੀਆ ਬਿਆਨ ਲੈਂਦੇ ਹਨ ਜਦੋਂ ਕਿ ਮਾਣਯੋਗ ਹਾਈ ਕੋਰਟ ਵੱਲੋਂ ਇਹ ਫ਼ੈਸਲਾ ਦਿੱਤਾ ਗਿਆ ਹੈ ਕਿ ਥਰਡ ਪਾਰਟੀ ਕਿਸੇ ਵੀ ਝਗੜੇ ਦੀ ਪੈਰਵੀ ਨਹੀਂ ਕਰ ਸਕਦੀ ਇਸ ਲਈ ਜੇਕਰ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦਾ ਕੋਈ ਝਗੜਾ ਹੁੰਦਾ ਹੈ ਤਾਂ ਉਹ ਖ਼ੁਦ ਕਮਿਸ਼ਨ ਕੋਲ ਪਹੁੰਚ ਕੇ ਬਣਦੀ ਕਾਰਵਾਈ ਕਰਵਾ ਨੂੰ ਅਮਲ ਵਿੱਚ ਲਿਆ ਸਕਦੇ ਹਨ।      
ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀ ਮਾਣਹਾਨੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਕੇਸਾਂ ਵਿੱਚ ਦੋਸ਼ੀ 'ਤੇ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ  ਕਮਿਸ਼ਨ ਵਲੋਂ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਇਸ ਮੌਕੇ  ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਸ.ਸੀ. ਭਾਈਚਾਰੇ ਨਾਲ ਸਬੰਧਿਤ ਸ਼ਿਕਾਇਤਾਂ ਦਾ ਤੈਅ ਸਮੇਂ ਅੰਦਰ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਐਸ.ਸੀ. ਭਾਈਚਾਰੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ।  ਉਨ੍ਹਾਂ ਹੋਰ ਕਿਹਾ ਕਿ ਤੈਅ ਸਮੇਂ ਅੰਦਰ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਅਣਗਹਿਲੀ ਵਿਖਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਸ਼੍ਰੀ ਮੋਹੀ ਨੇ ਦੱਸਿਆ ਕਿ ਕਮਿਸ਼ਨ ਦਾ ਮੈਂਬਰ ਹੋਣ ਨਾਤੇ ਉਨ੍ਹਾਂ ਵਲੋਂ ਹਮੇਸ਼ਾ ਦੋਵੇਂ ਧਿਰਾਂ ਦੀ ਗੱਲ ਸੁਣ ਕੇ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ਅਤੇ ਇਸ ਗੱਲ ਨੂੰ ਵਿਸ਼ੇਸ਼ ਤਰਜ਼ੀਹ ਦਿੱਤੀ ਜਾਂਦੀ ਹੈ ਕਿ ਦੋਵੇਂ ਧਿਰਾਂ ਆਪਣੇ ਝਗੜਿਆਂ ਨੂੰ ਆਪਸੀ ਸਹਿਮਤੀ ਨਾਲ ਹੱਲ ਕਰ ਲੈਣ । ਉਨ੍ਹਾਂ ਦੱਸਿਆ ਕਿ  ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਝਗੜੇ ਹਮੇਸ਼ਾ ਹੀ ਮਿਲਵਰਤਨ ਤੇ ਸਹਿਮਤੀ ਨਾਲ ਨਬੇੜਨੇ ਚਾਹੀਦੇ ਹਨ ।

ਛਾਦਾਰ ਅਤੇ ਛਲਦਾਰ ਬੂਟੇ ਲਾਏ

ਹਠੂਰ,5,ਮਈ-(ਕੌਸ਼ਲ ਮੱਲ੍ਹਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪੰਜੂਆਣਾ ਸਾਹਿਬ ਪਿੰਡ ਲੰਮਾ ਦੇ ਮੁੱਖ ਸੇਵਾਦਾਰ ਬਾਬਾ ਬਲਬੀਰ ਸਿੰਘ ਲੰਮਿਆ ਵਾਲਿਆ ਦੀ ਅਗਵਾਈ ਹੇਠ ਆਮ-ਆਦਮੀ ਪਾਰਟੀ ਦੇ ਵਰਕਰਾ ਵੱਲੋ 551 ਛਾਦਾਰ ਅਤੇ ਫਲਦਾਰ ਬੂਟੇ ਲਾਉਣ ਦੀ ਸੁਰੂਆਤ ਕੀਤੀ ਗਈ।ਇਸ ਮੌਕੇ ਆਮ-ਆਦਮੀ ਪਾਰਟੀ ਐਨ ਆਰ ਆਈ ਸਭਾ ਹਲਕਾ ਜਗਰਾਓ ਦੇ ਪ੍ਰਧਾਨ ਜਰਨੈਲ ਸਿੰਘ ਲੰਮੇ ਨੇ ਕਿਹਾ ਕਿ ਅੱਜ ਦੇ ਸਮੇਂ ਦਰੱਖਤਾ ਦੀ ਬਹੁਤ ਜਿਆਦਾ ਜਰੂਰਤ ਹੈ ਪਰ ਸਾਡੇ ਲੋਕ ਸਾਡੇ ਸੱਚੇ ਮਿੱਤਰ ਦਰੱਖਤਾ ਨੂੰ ਇੱਕ ਦੁਸਮਣ ਦੀ ਤਰ੍ਹਾ ਅੱਗ ਲਾ ਰਹੇ ਹਨ ਜੋ ਬਹੁਤ ਹੀ ਚਿੰਤਾ ਦਾ ਵਿਸਾ ਹੈ।ਉਨ੍ਹਾ ਦੱਸਿਆ ਕਿ ਅਸੀ ਬੂਟੇ ਲਾਉਣ ਦੀ ਸੁਰੂਆਤ ਅੱਜ ਗੁਰਦੁਆਰਾ ਸ੍ਰੀ ਪੰਜੂਆਣਾ ਸਾਹਿਬ ਤੋ ਕਰ ਰਹੇ ਹਾਂ ਅਤੇ ਆਉਣ ਵਾਲੇ ਦਿਨਾ ਵਿਚ ਪਿੰਡ ਦੀਆ ਸਾਝੀਆ ਥਾਵਾ,ਸਕੂਲਾ ਦੇ ਗਰਾਉਡ ਦੇ ਕਿਨਾਰੇ,ਸੜਕਾ ਦੇ ਕਿਨਾਰੇ ਵੀ ਬੂਟੇ ਲਾਵਾਗੇ।ਉਨ੍ਹਾ ਦੱਸਿਆ ਕਿ ਇਨ੍ਹਾ ਬੂਟੀ ਦੀ ਸਾਭ-ਸੰਭਾਲ ਲਈ ਇੱਕ ਵਿਸ਼ੇਸ ਟੀਮ ਬਣਾਈ ਗਈ ਹੈ ਜੋ ਸਮੇਂ-ਸਮੇਂ ਤੇ ਬੂਟਿਆ ਨੂੰ ਖਾਦ ਅਤੇ ਪਾਣੀ ਪਾਵੇਗੀ।ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਬੂਟਿਆ ਦੀ ਸਾਭ ਸੰਭਾਲ ਲਈ ਸਹਿਯੋਗ ਦਿੱਤਾ ਜਾਵੇ।ਇਸ ਮੌਕੇ ਮੁੱਖ ਸੇਵਾਦਾਰਾ ਬਾਬਾ ਬਲਬੀਰ ਸਿੰਘ ਲੰਮਿਆ ਵਾਲਿਆ ਨੇ ਪ੍ਰਧਾਨ ਜਰਨੈਲ ਸਿੰਘ ਲੰਮੇ,ਗਾਇਕ ਲੱਕੀ ਖਾਨ ਅਲੀ,ਰਜਿੰਦਰ ਸਿੰਘ ਖਾਨਪੁਰੀ ਅਤੇ ਹੋਰ ਵਰਕਰਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਕਰਮਜੀਤ ਸਿੰਘ ਤੱਤਲਾ,ਜਿੰਦਰ ਸਿੰਘ,ਸੂਬੇਦਾਰ ਪ੍ਰੀਤਮ ਸਿੰਘ,ਟਹਿਲ ਸਿੰਘ,ਡਾ:ਰਣਜੀਤ ਸਿੰਘ,ਸੰਦੀਪ ਸ਼ਰਮਾਂ,ਜੱਗੂ ਸਿੰਘ,ਜੰਗ ਸਿੰਘ,ਬਾਬਾ ਗੁਲਜਾਰ ਸਿੰਘ,ਡਾ:ਹਰਪਾਲ ਸਿੰਘ,ਕੁਲਵੰਤ ਸਿੰਘ ਤੱਤਲਾ,ਜਸਵਿੰਦਰ ਸ਼ਰਮਾਂ,ਨਵਜੋਵਨ ਸਿੰਘ,ਗੁਰਪ੍ਰੀਤ ਸਿੰਘ,ਚੰਦ ਸਿੰਘ,ਰਾਮ ਸਿੰਘ ਆਦਿ ਹਾਜ਼ਰ ਸਨ।  
 

ਮੁਗਲ ਸਾਮਰਾਜ ਦਾ ਤੀਸਰਾ ਸ਼ਾਸਕ - ਅਕਬਰ ਮਹਾਨ ✍️ ਪੂਜਾ

 (ਲੜੀ ਨੰਬਰ.1 )
ਜਲਾਲ ਉੱਦੀਨ ਮੁਹੰਮਦ ਅਕਬਰ ਤੈਮੂਰ ਵੰਸ਼ ਦੇ ਮੁਗਲ ਖ਼ਾਨਦਾਨ ਦਾ ਤੀਜਾ ਸ਼ਾਸਕ ਸੀ।ਅਕਬਰ ਨੂੰ ਅਕਬਰ -ਏ - ਆਜ਼ਮ ( ਅਰਥਾਤ ਅਕਬਰ ਮਹਾਨ ) , ਸ਼ਹਿੰਸ਼ਾਹ ਅਕਬਰ, ਮਹਾਬਲੀ ਸ਼ਹਿੰਸ਼ਾਹ ਦੇ ਨਾਮ ਵਲੋਂ ਵੀ ਜਾਣਿਆ ਜਾਂਦਾ ਹੈ।ਅਕਬਰ ਦੇ ਸ਼ਾਸਨ ਦੇ ਅੰਤ ਤੱਕ 1605ਈਸਵੀ ਵਿੱਚ ਮੁਗਲ ਸਾਮਰਾਜ ਵਿੱਚ ਉੱਤਰੀ ਅਤੇ ਵਿਚਕਾਰ ਭਾਰਤ ਦੇ ਅਧਿਕਾਸ਼ ਭਾਗ ਸਮਿੱਲਤ ਸਨ ਅਤੇ ਉਸ ਸਮੇਂ ਦੇ ਸਭ ਤੋਂ ਜਿਆਦਾ ਸ਼ਕਤੀਸ਼ਾਲੀ ਸਮਰਾਜਾਂ ਵਿੱਚੋਂ ਇੱਕ ਸੀ।
ਜਲਾਲ ਉਦ-ਦੀਨ ਮੁਹੰਮਦ ਅਕਬਰ ਦਾ ਜਨਮ 15 ਅਕਤੂਬਰ 1542 ਈ.ਨੂੰ ਅਮਰਕੋਟ ਦੇ ਰਾਜਪੂਤ ਕਿਲ੍ਹੇ ਵਿਚ ਹੋਇਆ ਸੀ। ਮੰਨਿਆ ਜਾਂਦਾ ਹੈ ਕਿ ਅਕਬਰ ਦਾ ਜਨਮ ਪੂਰਨਮਾਸ਼ੀ ਵਾਲੇ ਦਿਨ ਹੋਇਆ ਸੀ ਇਸ ਲਈ ਉਸ ਦਾ ਨਾਂ ਬਦਰੂਦੀਨ ਮੁਹੰਮਦ ਅਕਬਰ ਰੱਖਿਆ ਗਿਆ।ਬਦਰ ਦਾ ਅਰਥ ਹੈ ਪੂਰਾ ਚੰਦ ਅਤੇ ਅਕਬਰ ਉਸਦੇ ਨਾਨੇ ਸ਼ੇਖ ਅਲੀ ਅਕਬਰ ਜਾਮੀ ਦੇ ਨਾਮ ਤੋਂ ਲਿਆ ਗਿਆ ਸੀ।ਉਸਦੀ ਮਾਤਾ ਦਾ ਨਾਮ ਹਮੀਦਾ ਬਾਨੋ ਸੀ।ਅਕਬਰ ਸਿਰਫ ਤੇਰਾਂ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨਸੀਰੁੱਦੀਨ ਮੁਹੰਮਦ ਹੁਮਾਯੁੰ ਦੀ ਮੌਤ ਉਪਰਾਂਤ ਦਿੱਲੀ ਦੀ ਰਾਜਗੱਦੀ ਉੱਤੇ ਬੈਠਾ ਸੀ।
ਬਾਦਸ਼ਾਹਾਂ ਵਿੱਚ ਅਕਬਰ ਹੀ ਇੱਕ ਅਜਿਹਾ ਬਾਦਸ਼ਾਹ ਸੀ, ਜਿਸਨੂੰ ਹਿੰਦੂ ਮੁਸਲਮਾਨ ਦੋਨਾਂ ਵਰਗਾਂ ਦਾ ਬਰਾਬਰ ਪਿਆਰ ਅਤੇ ਸਨਮਾਨ ਮਿਲਿਆ। ਉਸਨੇ ਹਿੰਦੂ - ਮੁਸਲਮਾਨ ਸੰਪ੍ਰਦਾਵਾਂ ਦੇ ਵਿੱਚ ਦੀਆਂ ਦੂਰੀਆਂ ਘੱਟ ਕਰਣ ਲਈ ਦੀਨ-ਏ-ਇਲਾਹੀ ਨਾਮਕ ਧਰਮ ਦੀ ਸਥਾਪਨਾ ਕੀਤੀ।
ਅਕਬਰ ਆਪਣੀ ਡੂੰਘੀ ਸੋਚ, ਸਾਹਿਤਕ ਰੁਚੀ, ਕਲਾ ਪ੍ਰੇਮੀ, ਸੰਗੀਤ ਦੇ ਸ਼ੌਕੀਨ ਵਜੋਂ ਜਾਣਿਆ ਜਾਂਦਾ ਹੈ। ਉਸਦਾ ਤਰੱਕੀ ਲਈ ਚੁੱਕਿਆ ਹਰ ਕਦਮ ਉਸ ਦੇ ਨੌਂ ਰਤਨਾਂ ਬਿਨਾਂ ਅਧੂਰਾ ਹੈ। ਨੌਂ ਰਤਨ ਉਸਦੇ ਨਾਂ ਨਾਲ ਇੰਝ ਜੁੜੇ ਨੇ ਜਿਵੇਂ ਮੁੰਦਰੀ 'ਚ ਨਗੀਨਾ।ਬਾਕੀ ਸ਼ਾਸਕਾਂ ਨਾਲੋਂ ਅਕਬਰ 'ਚ ਧਾਰਮਿਕ ਸਹਿਣਸ਼ੀਲਤਾ ਵਧੇਰੇ ਸੀ। ਇਸ ਦਾ ਪ੍ਰਮਾਣ ਉਸਦੇ ਦਰਬਾਰ ਦੇ ਨੌਂ ਰਤਨ ਹਨ ਜੋ ਹਰ ਧਰਮ ਨਾਲ ਸਬੰਧਤ ਸਨ ਅਤੇ ਉੱਚ ਅਹੁਦਿਆਂ 'ਤੇ ਸਨ। ਇਹ ਨੌ ਰਤਨ ਸਨ - ਰਾਜਾ ਟੋਡਰ ਮੱਲ,ਅਬਦੁਲ ਰਹੀਮ ਖ਼ਾਨ-ਏ-ਖਾਨਾ,ਬੀਰਬਲ,ਤਾਨਸੇਨ, ਫ਼ੈਜ਼ੀ,ਮਾਨ ਸਿੰਘ,ਅੱਬੂ- ਫ਼ਜ਼ਲ- ਇਬਨ- ਮੁਬਾਰਕ,ਫ਼ਕੀਰ-ਐਜ਼ਿਓ-ਦੀਨ ਅਤੇ ਮੁੱਲਾ-ਦੋ-ਪਿਆਜ਼ਾ।
ਅਕਬਰ ਪਹਿਲਾ ਸ਼ਾਸਕ ਸੀ ਜਿਸਨੇ ਲਾਇਬ੍ਰੇਰੀ ਬਣਾਈ, ਜਿਸ 'ਚ 24,000 ਦੇ ਕਰੀਬ ਸੰਸਕ੍ਰਿਤ, ਉਰਦੂ, ਫਾਰਸੀ, ਲਾਤੀਨੀ ਤੇ ਕਸ਼ਮੀਰੀ ਭਾਸ਼ਾ ਦੀਆਂ ਕਿਤਾਬਾਂ ਸਨ। ਅਨੁਵਾਦ ਦਾ ਕਾਰਜ ਉਸਦੇ ਨੌਂ ਰਤਨ ਬਾਖੂਬੀ ਕਰਦੇ ਸਨ।ਸਿਰਫ਼ ਐਨਾ ਹੀ ਨਹੀਂ ਫ਼ਤਹਿਪੁਰ ਸੀਕਰੀ 'ਚ ਉਸ ਨੇ ਔਰਤਾਂ ਲਈ ਵੀ ਲਾਇਬ੍ਰੇਰੀ ਬਣਵਾਈ। ਅਕਬਰ ਦੀਆਂ ਦੋ ਖ਼ਾਸ ਬੇਗਮਾਂ ਜੋਧਾ ਤੇ ਸਲੀਮਾ ਬੇਗ਼ਮ ਕਿਤਾਬਾਂ ਪੜ੍ਹਨ ਦੀਆਂ ਸ਼ੌਕੀਨ ਸਨ ਤੇ ਸਲੀਮਾ ਬੇਗ਼ਮ ਬਹੁਤ ਵਧੀਆ ਕਵਿਤਰੀ ਸੀ।ਲੋਕ ਭਲਾਈ ਦੇ ਕਾਰਜਾਂ ਨੇ ਉਸ ਨੂੰ ਪਰਜਾ ਦਾ ਬਹੁਤ ਪਿਆਰਾ ਬਾਦਸ਼ਾਹ ਬਣਾ ਦਿੱਤਾ। ਹਿੰਦੂ ਪਰਜਾ ਨੇ ਉਸ ਨੂੰ 'ਅਕਬਰ' ਦਾ ਨਾਂ ਦਿੱਤਾ।ਅਕਬਰ ਦੇ ਰਾਜ ਨੂੰ ਹਿੰਦੀ ਸਾਹਿਤ ਦਾ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ।
ਪੂਜਾ 9815591967

ਕਲਮਾਂ ਦੇ ਰੰਗ ਸਹਿਤ ਸਭਾ ਦੇ ਸਰਪ੍ਰਸਤ ਡਾ. ਨਿਰਮਲ ਕੌਸ਼ਿਕ ਕਰਮਸ਼ੀਲ ਸੰਸਕ੍ਰਿਤ ਗੌਰਵ ਪੁਰਸਕਾਰ ਨਾਲ ਸਨਮਾਨਿਤ

ਫਰੀਦਕੋਟ, ( ਜਨਸ਼ਕਤੀ ਨਿਊਜ਼ ਬਿਊਰੋ )  ਬ੍ਰਾਹਮਣ ਸਭਾ ਫਰੀਦਕੋਟ ਦੇ ਵੱਲੋਂ ਪਰਸ਼ੂਰਾਮ ਜੈਯੰਤੀ ਨੂੰ ਸਮਰਪਿਤ ਸਨਾਤਨ ਧਰਮ ਮਹਾਵੀਰ ਮੰਦਿਰ ਫਰੀਦਕੋਟ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ 1008 ਸੁਆਮੀ ਕਮਲਪੁਰੀ ਜੀ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ। ਇਸ ਸਮਾਗਮ ਦੌਰਾਨ ਸੁਆਮੀ ਕਮਲਪੁਰੀ ਜੀ ਨੇ ਪਰਸ਼ੂਰਾਮ ਜੀ ਦੇ ਜੀਵਨ , ਸੰਘਰਸ਼ ਤੇ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ। ਬ੍ਰਾਹਮਣ ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਉਹਨਾਂ ਨੇ ਕਰਮਸ਼ੀਲ ਸੰਸਕ੍ਰਿਤ ਗੌਰਵ ਪੁਰਸਕਾਰ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਇਸ ਵਾਰ ਸਭਾ ਵੱਲੋਂ ਕਰਮਸ਼ੀਲ ਸੰਸਕ੍ਰਿਤ ਗੌਰਵ ਪੁਰਸਕਾਰ ਡਾ. ਨਿਰਮਲ ਕੌਸ਼ਿਕ ਨੂੰ ਦਿੱਤਾ ਜਾ ਰਿਹਾ ਹੈ। ਡਾ. ਨਿਰਮਲ ਕੌਸ਼ਿਕ ਨੂੰ ਕਰਮਸ਼ੀਲ ਸੰਸਕ੍ਰਿਤ ਗੌਰਵ ਪੁਰਸਕਾਰ ਮਿਲਣ ਤੇ ਕਲਮਾਂ ਦੇ ਰੰਗ ਸਾਹਿਤ ਸਭਾ ਫਰੀਦਕੋਟ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰ ਸਾਹਿਬਾਨਾਂ ਨੇ ਡਾ. ਨਿਰਮਲ ਕੌਸ਼ਿਕ ਨੂੰ ਵਧਾਈ ਦਿੱਤੀ।  ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ , ਪ੍ਰਧਾਨ ਸ਼ਿਵਨਾਥ ਦਰਦੀ ,ਜਨਰਲ ਸਕੱਤਰ ਵਤਨਵੀਰ ਵਤਨ ਨੇ ਵਧਾਈ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਸਭਾ ਇੱਕ ਮਹਾਨ ਵਿਦਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੀ ਹੈ। ਸਭਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਰੱਬ ਉਹਨਾਂ ਦੀ ਲਿਖਤ ਚ ਬਰਕਤ ਪਾਵੇ ਤੇ ਉਹ ਇਸੇ ਤਰ੍ਹਾਂ ਮਾਣ ਸਨਮਾਨ ਹਾਸਿਲ ਕਰਦੇ ਰਹਿਣ।

5 ਮਈ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ✍️ ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਜਨੇਊ ਲਾਹੁਣ ਤੋਂ ਜਨੇਊ ਬਚਾਉਣ ਤੱਕ,ਮੀਰੀ-ਪੀਰੀ ਦੇ ਸਿਧਾਂਤ ਤੋਂ ਖਾਲਸਾ ਸਜਾਉਣ ਤੱਕ ਹਮੇਸ਼ਾਂ ਹੀ ਜਿਸ ਧਰਮ ਵਿੱਚ ਇਨਸਾਨੀਅਤ ਨੂੰ ਸਭ ਤੋਂ ਉੱਪਰ ਰੱਖਿਆ ਗਿਆ। ਉਸੇ ਧਰਮ ਦੇ ਪ੍ਰਚਾਰਕ ਗੁਰੂ ਸਾਹਿਬਾਨ ਦਾ ਜਿਕਰ ਕਰਦਿਆਂ ਸਭ ਤੋਂ ਵਡੇਰੀ ਉਮਰ ਦੇ ਸ਼ਾਂਤ ਸੁਭਾਅ ਦੇ ਮਾਲਕ ਗੁਰੂ ਅਮਰਦਾਸ ਜੀ ਦੇ ਅੱਜ ਪ੍ਰਕਾਸ਼ ਪੁਰਬ ਤੇ ਨਤਮਸਤਕ ਹੁੰਦਿਆਂ, ਆਓ ਅੱਜ ਗੁਰੂ ਸਾਹਿਬ ਜੀ ਦੇ ਜੀਵਨ, ਬਾਣੀ ਤੇ ਉਹਨਾਂ ਦੇ ਸਿੱਖੀ ਦੇ ਵਿਕਾਸ ਵਿੱਚ ਪਾਏ ਯੋਗਦਾਨ ਨਾਲ਼ ਸਾਂਝ ਬਣਾਈਏ।

ਜਨਮ ਤੇ ਪਰਿਵਾਰ:- ਗੁਰੂ ਜੀ ਦਾ ਜਨਮ 14 ਵੈਸਾਖ 1536 ਸੰਮਤ (5 ਮਈ 1479 ਈ:) ਨੂੰ ਪਿੰਡ ਬਾਸਰਕੇ ਜਿਲ੍ਹਾ ਅੰਮ੍ਰਿਤਸਰ ਵਿਖੇ ਮਾਤਾ ਸੁਲੱਖਣੀ ਜੀ ਅਤੇ ਪਿਤਾ ਤੇਜ ਭਾਨ ਜੀ ਦੇ ਘਰ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਨਿੱਕੇ ਸਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਕਰੀਬ 25 ਸਾਲ ਵੱਡੇ ਸਨ।

ਗੁਰੂ ਜੀ ਚਾਰ ਭਰਾਵਾਂ ਵਿਚੋਂ ਸਭ ਤੋਂ ਵੱਡੇ ਸਨ। ਆਪ ਜੀ ਤੋਂ ਛੋਟੇ ਭਾਈ ਈਸ਼ਰ ਦਾਸ ਜੀ ਸਨ,ਜਿਨ੍ਹਾਂ ਦੇ ਸਪੁੱਤਰ ਭਾਈ ਗੁਰਦਾਸ ਜੀ ਸਨ। ਆਪ ਜੀ ਦੇ ਦੂਜੇ ਭਰਾ ਭਾਈ ਖੇਮ ਰਾਜ ਜੀ ਸਨ,ਜਿਨ੍ਹਾਂ ਦੇ ਸਪੁੱਤਰ ਬਾਬਾ ਸਾਵਨ ਮੱਲ ਜੀ ਸਨ। ਆਪ ਜੀ ਦੇ ਤੀਜੇ ਭਰਾ ਭਾਈ ਮਾਣਕ ਚੰਦ ਜੀ ਸਨ,ਜਿਨ੍ਹਾਂ ਦੇ ਸਪੁੱਤਰ ਜਸੂ ਜੀ ਨਾਲ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਵਿਆਹੀ ਹੋਈ ਸੀ। 

ਵਿਆਹ ਤੇ ਔਲਾਦ:- ਗੁਰੂ ਜੀ ਦਾ ਵਿਆਹ 1503 ਈ: ਵਿੱਚ, ਦੇਵੀ ਚੰਦ ਬਹਿਲ ਦੀ ਸਪੁੱਤਰੀ ਮਨਸਾ ਦੇਵੀ ਨਾਲ ਹੋਇਆ। ਆਪ ਜੀ ਦੇ ਦੋ ਸਪੁੱਤਰ ਬਾਬਾ ਮੋਹਰੀ ਅਤੇ ਬਾਬਾ ਮੋਹਨ ਸਨ। ਆਪ ਜੀ ਦੀਆਂ ਦੋ ਧੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਸਨ।

ਨਿਗੁਰੇ ਤੋਂ ਗੁਰੂ ਮੇਲ ਦਾ ਸਬੱਬ:- 

ਪਹਿਲੀ ਵਾਰ 1521 ਵਿੱਚ 42 ਸਾਲ ਦੀ ਉਮਰੇ ਹਰਿਦੁਆਰ ਇਨਸਾਨ ਕਰਨ ਗਏ ਤੇ ਲਗਾਤਾਰ 20 ਵਰ੍ਹੇ 1541ਈ. ਤੱਕ ਇਹ ਯਾਤਰਾ ਇੰਝ ਹੀ ਕਰਦੇ ਰਹੇ। ਇੱਕੀਵੇਂ ਵਰ੍ਹੇ ਮੁੜਦੀ ਵਾਰੀ ਜਦੋਂ ਗੁਰੂ ਜੀ ਵਾਪਸ ਪੰਜਾਬ ਆ ਰਹੇ ਸਨ ਤਾਂ ਉਨ੍ਹਾਂ ਨਾਲ ਇਕ ਵੈਸ਼ਨਵ ਸਾਧੂ ਸਾਥੀ ਮਿਲ ਗਿਆ, ਜੋ ਬਾਸਰਕੇ ਤੱਕ ਉਨ੍ਹਾਂ ਨਾਲ ਹੀ ਆਇਆ। ਪਰ ਜਦੋਂ ਇਥੇ ਆ ਕੇ ਉਸ ਨੂੰ ਇਹ ਪਤਾ ਲੱਗਾ ਕਿ ਗੁਰੂ ਅਮਰਦਾਸ ਜੀ ਨੇ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਤਾਂ ਉਸ ਨੂੰ ਇਕ ਨਿਗੁਰੇ ਪੁਰਸ਼ ਨਾਲ ਸੰਗ ਕਰਨ ’ਤੇ ਮਾਨਸਿਕ ਤੌਰ ਤੋਂ ਬਹੁਤ ਪਰੇਸ਼ਾਨੀ ਹੋਈ। ਇਸ ਘਟਨਾ ਦਾ ਗੁਰੂ ਅਮਰਦਾਸ ਜੀ ਉੱਪਰ ਡੂੰਘਾ ਅਸਰ ਪਿਆ। 

ਇਕ ਦਿਨ ਗੁਰੂ ਅਮਰਦਾਸ ਜੀ ਦੀ ਨੂੰਹ ਅਤੇ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਪਾਠ ਕਰ ਰਹੀਆਂ ਸਨ। ਉਨ੍ਹਾਂ ਦੇ ਮੁੱਖੋ ਇਹ ਸ਼ਬਦ ਸੁਣਿਆ:-

ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥ 

ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ ॥੧॥ 

ਇਹ ਸ਼ਬਦ ਸੁਣ ਗੁਰੂ ਅਮਰਦਾਸ ਜੀ ਆਪਣੀ ਨੂੰਹ ਨੂੰ ਨਾਲ਼ ਲੈ ਕੇ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ। ਉਸ ਵੇਲੇ ਗੁਰੂ ਜੀ ਦੀ ਉਮਰ 62 ਸਾਲ ਦੇ ਕਰੀਬ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ ਦੀ ਆਪਸ ਵਿਚ ਕੁੜਮਾਚਾਰੀ ਦੀ ਰਿਸ਼ਤੇਦਾਰੀ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦਾ ਸਤਿਕਾਰ ਕਰਨਾ ਚਾਹਿਆ ਪਰ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ’ਤੇ ਸੀਸ ਰੱਖ ਦਿੱਤਾ ਅਤੇ ਬੇਨਤੀ ਕੀਤੀ ਕਿ ਮੈਂ ਗੁਰੂ ਜੀ ਦਾ ਸਿੱਖ ਬਣਨ ਅਤੇ ਆਤਮਿਕ ਗਿਆਨ ਅਤੇ ਸ਼ਾਂਤੀ ਦੀ ਦਾਤ ਲੈਣ ਆਇਆ ਹਾਂ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਦੀ ਬੇਨਤੀ ਕਬੂਲ ਕੀਤੀ।

ਸ੍ਰੀ ਗੁਰੂ ਅਮਰਦਾਸ ਜੀ ਦੀ ਗੁਰਿਆਈ ਦਾ ਸਮਾਂ ਸਿੱਖ ਲਹਿਰ ਦੇ ਵਿਕਾਸ ਵਿਚ ਇਕ ਮਹੱਤਵਪੂਰਨ ਸੀ।

ਸ੍ਰੀ ਗੁਰੂ ਅਮਰਦਾਸ ਜੀ ਦੀ ਸਿੱਖ ਧਰਮ ਨੂੰ ਦੇਣ ਦੇ ਸਬੰਧ ਵਿੱਚ 

,“ਸ੍ਰੀ ਗੁਰੂ ਅਮਰਦਾਸ ਜੀ ਦੇ ਅਧੀਨ ਸਿੱਖ ਧਰਮ ਨੇ ਆਪਣੀ ਇਕ ਵੱਖਰੀ ਹੋਂਦ ਵਿਕਸਿਤ ਕੀਤੀ। ਸਿੱਖ ਧਰਮ ਨੂੰ ਇਕ ਅਲੱਗ ਸੰਸਥਾ ਦਾ ਸਰੂਪ ਪ੍ਰਾਪਤ ਹੋ ਗਿਆ ਅਤੇ ਉਸ ਵਿਚ ਪੁਰਾਣੇ ਰੀਤੀ ਰਿਵਾਜ ਅਤੇ ਰਸਮਾਂ ਦੀ ਥਾਂ ਨਵੇਂ ਰੀਤੀ ਰਿਵਾਜ ਸ਼ੁਰੂ ਕੀਤੇ ਗਏ।"(ਡਾ.ਇੰਦੂ ਭੂਸ਼ਣ ਬੈਨਰਜੀ)

ਸਤੀ ਪ੍ਰਥਾ:- ਗੁਰੂ ਜੀ ਨੇ ਉਸ ਸਮੇਂ ਦੇ ਸਮਾਜ ਵਿਚ ਆਈਆਂ ਕੁਰੀਤੀਆਂ ਦਾ ਖੰਡਨ ਵੀ ਕੀਤਾ। ਸ੍ਰੀ ਗੁਰੂ ਅਮਰਦਾਸ ਜੀ ਨੇ ‘ਸਤੀ’ ਰਸਮ ਵਿਰੁੱਧ ਆਪਣੀ ਅਵਾਜ਼ ਬੁਲੰਦ ਕਰਦਿਆਂ ਕਿਹਾ:-

ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ॥

ਨਾਨਕ ਸਤੀਆ ਜਾਣੀਅਨ੍‍ ਜਿ ਬਿਰਹੇ ਚੋਟ ਮਰੰਨਿੑ॥ (ਅੰਗ ੭੮੭) 

ਪਰਦਾ ਪ੍ਰਥਾ:- ਗੁਰੂ ਜੀ ਨੇ ਸਮਾਜ ਵਿੱਚ ਪ੍ਰਚਲਿਤ ਪਰਦਾ ਪ੍ਰਥਾ ਨੂੰ ਸਮਾਪਤ ਕੀਤਾ। ਗੁਰੂ ਜੀ ਨੇ ਸੰਗਤ ਵਿਚ ਆਉਣ ਵਾਲੀਆਂ ਔਰਤਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਪਰਦਾ ਨਾ ਕਰਨ ਕਿਉਂਕਿ ਇਹ ਪ੍ਰਥਾ ਇਸਤਰੀ ਜਾਤੀ ਦੇ ਮਾਨਸਿਕ, ਬੌਧਿਕ ਵਿਕਾਸ ਵਿਚ ਰੁਕਾਵਟ ਪਾਉਂਦੀ ਹੈ। 

ਪੁਨਰ-ਵਿਆਹ ਤੇ ਬਾਲ ਵਿਆਹ: ਗੁਰੂ ਜੀ ਨੇ ਵਿਧਵਾ-ਵਿਆਹ ਅਤੇ ਪੁਨਰ¬ਵਿਆਹ ਦੀ ਆਗਿਆ ਦੇ ਕੇ ਪ੍ਰਚਲਿਤ ਬੰਧਨਾਂ ਨੂੰ ਤੋੜਿਆ ਅਤੇ ਛੋਟੀ ਉਮਰ ਵਿਚ ਵਿਆਹ ਕਰਨ ਦੇ ਰਿਵਾਜ ਨੂੰ ਖਤਮ ਕੀਤਾ।

ਮੰਜੀ ਪ੍ਰਥਾ:- “ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖੀ ਦਾ ਘੇਰਾ ਦਿਨ¬ਬ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਸੀ। ਇਸ ਆਸ਼ੇ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੇ ਸਿੱਖ ਜਗਤ ਨੂੰ 22 ਹਿੱਸਿਆ ਵਿਚ ਵੰਡਿਆ ਤੇ ਇਨ੍ਹਾਂ ਥਾਵਾਂ ਉੱਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਯੋਗ ਤੇ ਮੁਖੀ ਸਿੱਖਾਂ ਨੂੰ ਨਿਯਤ ਕੀਤਾ ਜਾਂਦਾ ਸੀ। ਜਿਸ ਗੁਰਸਿੱਖ ਨੂੰ ਸਤਿਗੁਰੂ ਵੱਲੋਂ ਪ੍ਰਚਾਰਕ ਨਿਯੁਕਤ ਕੀਤਾ ਜਾਂਦਾ, ਆਖਿਆ ਜਾਂਦਾ ਸੀ ਕਿ ਉਸ ਨੂੰ ‘ਮੰਜੀ’ ਦੀ ਬਖ਼ਸ਼ਿਸ਼ ਹੋਈ ਹੈ। ਕਿਉਂਕਿ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਆਮ ਤੌਰ ’ਤੇ ਸੰਗਤਾਂ ਨੂੰ ਮੰਜੀ ’ਤੇ ਬੈਠ ਕੇ ਹੀ ਉਪਦੇਸ਼ ਦਿੰਦੇ ਸਨ ਇਸ ਲਈ ਗੁਰੂ ਸਾਹਿਬ ਦੇ ਸਮੇਂ ਤੋਂ ਹੀ ‘ਮੰਜੀ’ ਦਾ ਸ਼ਬਦ ਪ੍ਰਚਾਰਕਾਂ ਲਈ ਵਰਤਿਆ ਜਾਣ ਲੱਗਾ।”- ਜੀ. ਐਸ. (ਛਾਬੜਾ)

 “ਦੂਰ¬ਦੂਰ ਤਕ ਫੈਲ ਚੁੱਕੀ ਸਿੱਖੀ ਨੂੰ ਕੇਂਦਰ ਨਾਲ ਜੋੜ ਕੇ ਜਥੇਬੰਦ ਕਰਨ ਵੱਲ ਚੁੱਕਿਆ ਇਹ ਕਦਮ ਸਿੱਖ ਰਾਜਨੀਤਿਕ ਸ਼ਕਤੀ ਦਾ ਮੁੱਢ ਕਿਹਾ ਜਾ ਸਕਦਾ ਹੈ- ਸ੍ਰੀ ਨਿਰੰਜਨ ਰੇਅ 

ਗੋਇੰਦਵਾਲ ਨਗਰ ਦੀ ਸਥਾਪਨਾ:- ਸਿੱਖ ਧਰਮ ਦੇ ਵਿਕਾਸ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਵਿਸ਼ੇਸ਼ ਯੋਗਦਾਨ ‘ਗੋਇੰਦਵਾਲ’ ਨਗਰ (ਸਿੱਖ ਸਭਿਆਚਾਰ ਦਾ ਕੇਂਦਰ) ਦੀ ਸਥਾਪਨਾ ਕਰਨਾ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਜਿੱਥੇ ਅਧਿਆਤਮਿਕ ਤੇ ਵਪਾਰਕ ਦ੍ਰਿਸ਼ਟੀ ਤੋਂ ਗੋਇੰਦਵਾਲ ਸਾਹਿਬ ਦੀ ਸਿਰਜਨਾ ਕਰਨੀ ਸ਼ੁਰੂ ਕਰ ਦਿੱਤੀ, ਉੱਥੇ ਨਾਲ ਹੀ ਨਾਲ ਉਨ੍ਹਾਂ ਦੀਆਂ ਸਮਾਜਿਕ ਤੇ ਆਰਥਿਕ ਲੋੜਾਂ ਪੂਰੀਆਂ ਕਰਨ ਵੱਲ ਵੀ ਪੂਰਨ ਤੌਰ ਤੇ ਚੇਤੰਨ ਸਨ। ਇੱਥੇ ਰਹਿੰਦਿਆਂ ਹੀ ਉਨ੍ਹਾਂ ਨੇ ਪੰਗਤ ਤੇ ਸੰਗਤ ਦੀ ਪਰੰਪਰਾ ਨੂੰ ਮਜ਼ਬੂਤ ਕੀਤਾ। ਉੱਥੇ ਹੀ ਗੁਰੂ ਸਾਹਿਬ ਨੇ ਭਾਈ ਜੇਠਾ ਜੀ ਦੀ ਆਚਰਣ ਉਸਾਰੀ ਕੀਤੀ, ਉਨ੍ਹਾਂ ਨੂੰ ਗੁਰਗੱਦੀ ਬਖ਼ਸ਼ੀ ਤੇ “ਦੋਹਿਤਾ-ਬਾਣੀ ਦਾ ਬੋਹਿਥਾ” ਦੀ ਅਸੀਸ ਬਾਲਕ (ਗੁਰੂ) ਅਰਜਨ ਜੀ ਨੂੰ ਦਿੱਤੀ। ਇਸੇ ਅਸਥਾਨ ’ਤੇ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੀ ਪ੍ਰਤਿਭਾ ਦੀ ਉਸਾਰੀ ਹੋਈ।

ਬਾਉਲੀ ਸਾਹਿਬ:- ਗੁਰੂ ਸਾਹਿਬ ਨੇ ਗੋਇੰਦਵਾਲ ਵਿਖੇ 84 ਪੌੜੀਆਂ ਵਾਲੀ ਇਕ ਬਹੁਤ ਵੱਡੀ ਬਾਉਲੀ ਬਣਵਾਈ, ਜਿਸ ਵਿਚੋਂ ਬਿਨਾਂ ਕਿਸੇ ਮਜ਼੍ਹਬ, ਜਾਤ-ਪਾਤ, ਵਿਤਕਰੇ-ਵੰਡ ਦੇ ਸਾਰੇ ਲੋਕ ਪਾਣੀ ਭਰ ਕੇ ਲਿਜਾਂਦੇ ਤੇ ਇਸ਼ਨਾਨ ਕਰਦੇ ਸਨ।

ਪਹਿਲੇ ਪੰਗਤ ਪਾਛੇ ਸੰਗਤ:- ਲੰਗਰ ਦੀ ਮਰਯਾਦਾ ਨੇ ਲੋਕਾਂ ਨੂੰ ਸਮਾਜਿਕ ਵਿਤਕਰੇ ਮਿਟਾ ਕੇ ਇਕ ਦੂਜੇ ਪ੍ਰਤੀ ਪਿਆਰ ਤੇ ਭਰਾਤਰੀ ਭਾਵਨਾ ਪੈਦਾ ਕਰਨ ਵਿਚ ਕਾਫੀ ਮਦਦ ਕੀਤੀ”। ਮੁਗ਼ਲ ਬਾਦਸ਼ਾਹ ਅਕਬਰ ਜਦੋਂ ਗੁਰੂ ਸਾਹਿਬ ਨੂੰ ਮਿਲ਼ਨ ਆਇਆ ਤਾਂ ਉਸ ਨੇ ਵੀ ਗੁਰੂ ਜੀ ਦੇ ਹੁਕਮ ਨੂੰ ਮੰਨਦਿਆਂ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਫਿਰ ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਇਸ ਪ੍ਰਕਾਰ ਗੁਰੂ ਸਾਹਿਬ ਨੇ ‘ਪਹਿਲੇ ਪੰਗਤ ਪਾਛੇ ਸੰਗਤ’ ਦੀ ਮਰਯਾਦਾ ਸਥਾਪਿਤ ਕੀਤੀ।

ਬਾਣੀ ਰਚਨਾ:- 

ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗਾਂ ਵਿੱਚ ਬਾਣੀ ਦਰਜ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ 19 ਰਾਗਾਂ ਵਿੱਚ ਰਚੀ ਸੀ।

ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਜੀ ਵਾਲ਼ੇ ਤਿਲੰਗ ਤੇ ਤੁਖਾਰੀ ਰਾਗ ਤੋਂ ਇਲਾਵਾ ਬਾਕੀ 17 ਰਾਗਾਂ ਵਿੱਚ ਆਪਣੀ ਬਾਣੀ ਰਚੀ। 

ਗੁਰੂ ਜੀ ਦੀ ਬਾਣੀ ਵਿੱਚ ਸ਼ਬਦ 172, ਆਸਟਪਦੀਆਂ 91,ਛੰਤ 20, ਵਾਰਾਂ 4( ਗੂਜਰੀ,ਸੂਹੀ, ਰਾਮਕਲੀ ਤੇ ਮਾਰੂ) ਇਹਨਾਂ ਚਾਰਾਂ ਵਾਰਾਂ ਦੀਆਂ ਪਉੜੀਆਂ ਦੀ ਗਿਣਤੀ 85 ਹੈ। ਗੁਰੂ ਅਮਰਦਾਸ ਜੀ ਦੇ ਵਾਰਾਂ ਦੀਆਂ ਪਉੜੀਆਂ ਨਾਲ਼ ਹੋਏ ਦਰਜ ਸ਼ਲੋਕਾਂ ਦੀ ਗਿਣਤੀ 343 ਹੈ। ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਦਰਜ ਸ਼ਲੋਕਾਂ ਵਿੱਚ ਗੁਰੂ ਅਮਰਦਾਸ ਜੀ ਦੇ 67 ਸਲੋਕ ਦਰਜ ਹਨ। ਗੁਰੂ ਅਮਰਦਾਸ ਜੀ ਦੀ ਗੁਰੂ ਨਾਨਕ ਜੀ ਵਾਂਗ ਪੱਟੀ ਦੀ ਰਚਨਾ ਕੀਤੀ ਹੋਈ ਮਿਲ਼ਦੀ ਹੈ।

ਗੁਰੂ ਅਮਰਦਾਸ ਜੀ ਦੀ ਬਾਣੀ ਅਨੰਦ ਸਾਹਿਬ ਰਾਗ ਰਾਮਕਲੀ ਵਿੱਚ ਲਿਖੀ ਕਾਵਿ-ਰਚਨਾ ਹੈ। ਇਹ ਬਾਣੀ ਗੁਰੂ ਗਰੰਥ ਸਾਹਿਬ ਦੇ ਅੰਗ 917 ਤੋਂ 922 ਤੱਕ ਦਰਜ਼ ਹੈ। ਅਨੰਦ ਸਾਹਿਬ ਦੀਆਂ 40 ਪਉੜੀਆ ਹਨ।

ਜੋਤੀ ਜੋਤ ਸਮਾਉਣਾ:- ਗੁਰੂ ਜੀ ਆਪਣੀ ਉਮਰ ਹੰਢਾਉਂਦਿਆਂ 1574 ਈ: ਨੂੰ ਗੋਇੰਦਵਾਲ ਵਿਖੇ ਜੋਤੀ-ਜੋਤ ਸਮਾਂ ਗਏ।

ਸ. ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਨਵਜੋਤ ਸਿੱਧੂ ਨੇ ਰੇਲਵੇ ਲਾਈਨਾਂ 'ਤੇ ਬੈਠ ਕੇ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਵੀਡੀਓ ਕੀਤੀ ਟਵੀਟ

CM ਭਗਵੰਤ ਮਾਨ ਅਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਚੁੱਕੇ ਸਵਾਲ
ਚੰਡੀਗੜ੍ਹ, 4 ਮਈ (ਜਨਸ਼ਕਤੀ ਨਿਊਜ਼ ਬਿਊਰੋ  ) ਪੰਜਾਬ 'ਚ ਰੇਲਵੇ ਲਾਈਨਾਂ 'ਤੇ ਬੈਠ ਕੇ ਨਸ਼ਾ ਵੇਚਣ ਵਾਲੇ ਵਿਅਕਤੀ ਦੀ ਇੱਕ ਵੀਡੀਓ ਅੱਜ ਸਵੇਰ ਤੋਂ ਵਾਇਰਲ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਇਸ ਵੀਡੀਓ ਨੂੰ ਟਵੀਟ ਕਰਕੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਨੇ ਟਵੀਟ 'ਚ ਕਿਹਾ ਹੈ ਕਿ ਇਹ ਵੀਡੀਓ ਫਰੀਦਕੋਟ ਨੇੜੇ ਕਿਸੇ ਥਾਂ ਦੀ ਹੈ।ਨਸ਼ੇ ਨੂੰ ਖਤਮ ਕਰਨ ਲਈ ਭਗਵੰਤ ਮਾਨ ਸਰਕਾਰ ਨੇ ਪੁਲਸ ਨੂੰ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਹਨ। ਇਸ ਦੇ ਬਾਵਜੂਦ ਨਸ਼ਾ ਸ਼ਰੇਆਮ ਵਿਕ ਰਿਹਾ ਹੈ।ਅੱਜ ਬੁੱਧਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਨੌਜਵਾਨ ਰੇਲਵੇ ਲਾਈਨਾਂ 'ਤੇ ਬੈਠੇ ਨੌਜਵਾਨਾਂ, ਨਾਬਾਲਗ ਬੱਚਿਆਂ ਅਤੇ ਔਰਤਾਂ ਨੂੰ ਖੁੱਲ੍ਹੇਆਮ ਨਸ਼ਾ ਵੇਚ ਰਿਹਾ ਹੈ।ਸਿੱਧੂ ਨੇ ਕਿਹਾ ਕਿ ਐਸਟੀਐਫ ਦੀ ਰਿਪੋਰਟ ਅਤੇ ਮਾਨਯੋਗ ਹਾਈਕੋਰਟ ਨੇ ਕਈ ਮੌਕਿਆਂ 'ਤੇ ਦੇਖਿਆ ਹੈ ਕਿ ਨਸ਼ਾ ਤਸਕਰਾਂ, ਪੁਲਿਸ ਅਤੇ ਸਿਆਸਤਦਾਨਾਂ ਵਿਚਕਾਰ ਗਠਜੋੜ ਮੌਜੂਦ ਹੈ, ਜਿਸ ਨੂੰ ਤੋੜਨਾ ਅਜੇ ਬਾਕੀ ਹੈ।

ਖੇਤ ਵਿੱਚ ਲਗਾਈ ਅੱਗ ਨੇ ਸਕੂਲ ਬੱਸ ਨੂੰ ਲਿਆ ਲਪੇਟ ’ਚ, 7 ਬੱਚੇ ਝੁਲਸੇ, ਤਿੰਨ ਦੀ ਹਾਲਤ ਗੰਭੀਰ

ਸਿੱਖਿਆ ਮੰਤਰੀ ਮੀਤ ਹੇਅਰ ਨੇ ਡੀਸੀ ਤੋਂ ਲਈ ਰਿਪੋਰਟ

ਗੁਰਦਾਸਪੁਰ, 4 ਮਈ ਜਨਸ਼ਕਤੀ ਨਿਊਜ਼ ਬਿਊਰੋ  )ਬਟਾਲਾ ਦੇ ਨਜ਼ਦੀਕੀ ਪਿੰਡ ਨਵਾਂ ਪਿੰਡ ਬਰੀਕਵਾਲ ਦੇ ਕੋਲ ਇਕ ਕਿਸਾਨ ਵੱਲੋਂ ਖੇਤ ਵਿੱਚ ਨਾੜ ਨੂੰ ਲਗਾਈ ਗਈ ਅੱਗ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ। ਖੇਤ ਵਿੱਚ ਲੱਗੀ ਅੱਗ ਨੇ ਸਕੂਲ ਬੱਸ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਜਿਸ ਵਿੱਚ 7 ਬੱਚੇ ਝੁਲਸੇ ਗਏ। ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਛੁੱਟੀ ਹੋਣ ਤੋਂ ਬਾਅਦ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਖੇਤ ਵਿੱਚ ਲਗਾਈ ਗਈ ਅੱਗ ਕਾਰਨ ਧੂੰਏ ਵਿੱਚ ਬੱਸ ਆਪਣਾ ਸੰਤੁਲਨ ਗੁਆ ਬੈਠੀ ਜਿਸ ਕਾਰਨ ਬੱਸ ਖੇਤਾਂ ਵਿੱਚ ਪਲਟ ਗਈ। ਇਸ ਕਰਨ ਬੱਸ ਨੂੰ ਅੱਗ ਲੱਗ ਗਈ, ਦੱਸਿਆ ਜਾ ਰਿਹਾ ਹੈ ਕਿ 7 ਬੱਚੇ ਅੱਗ ਵਿੱਚ ਸੜ ਗਏ ਜਿਨ੍ਹਾਂ ਵਿੱਚ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਸਿੱਖਿਆ ਮੰਤਰੀ ਨੇ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ। ਸਿੱਖਿਆ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ, ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਨਾਲ ਵਾਪਰੇ ਹਾਦਸੇ ਦਾ ਗਹਿਰਾ ਦੁੱਖ ਹੋਇਆ। ਇਸ ਸੰਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਜੀ ਨਾਲ ਗੱਲ ਕਰਕੇ ਰਿਪੋਰਟ ਲਈ ਅਤੇ ਸਰਕਾਰ ਵੱਲੋਂ ਬੱਚੇ ਦਾ ਇਲਾਜ ਮੁਫ਼ਤ ਕਰਵਾਉਣ ਅਤੇ ਹਰ ਤਰ੍ਹਾਂ ਦੀ ਮੱਦਦ ਮੁਹੱਈਆ ਕਰਵਾਉਣ ਲਈ ਕਿਹਾ ।

 

"ਮੁਸਲਿਮ ਹਿੰਦੂ ਸਿੱਖ ਈਸਾਈ ਭਾਈ ਭਾਈ" ✍️ ਜਸਵੀਰ ਸ਼ਰਮਾਂ ਦੱਦਾਹੂਰ

ਗਲਵੱਕੜੀ ਪਾਈਏ ਦੋਸਤੋ ਰਲਮਿਲ ਪਿਆਰਾਂ ਦੀ।

ਕਦੇ ਕੋਈ ਰੁੱਤ ਨਹੀਂ ਹੁੰਦੀ ਹੈ ਤਕਰਾਰਾਂ ਦੀ।

ਨਫ਼ਰਤਾਂ ਵਾਲੇ ਬੀਜ ਨਹੀਂ ਬੀਜਣੇ ਚਾਹੀਦੇ,

ਭਰਪਾਈ ਨਹੀਂਓਂ ਹੋਣੀ ਪਈਆਂ ਦਰਾਰਾਂ ਦੀ।

ਮੁਸਲਿਮ ਹਿੰਦੂ ਸਿੱਖ ਈਸਾਈ ਭਾਈ ਭਾਈ ਨੇ,

ਰਲਮਿਲ ਸੰਘੀ ਘੁੱਟੀਏ ਆਓ ਗਦਾਰਾਂ ਦੀ।

ਗੁਰੂ ਸਾਹਿਬ ਰਿਸ਼ੀ ਮੁਨੀ ਪੁਰਖੇ ਸੱਭ ਸਮਝਾ ਗਏ ਨੇ,

ਪਹਿਲਾਂ ਸੰਤਾਪ ਬਹੁਤ ਹੀ ਝੱਲੀ ਪਈਆਂ ਮਾਰਾਂ ਦੀ।

ਚੰਦ ਕੁ ਸਿਰ ਫਿਰੇ ਜੋ ਵੰਡੀਆਂ ਪਾਉਂਦੇ ਨੇ,

ਕਰਦੇ ਜੋ ਸਪਲਾਈ ਨੇ ਹਥਿਆਰਾਂ ਦੀ।

ਦੱਦਾਹੂਰੀਆ ਸਾਂਝ ਭਿਆਲੀ ਰੱਖਣੀ ਸਦਾ ਹੀ ਕਾਇਮ ਆਪਾਂ,

ਦਿਲੋਂ ਭੁਲਾਈਏ ਨਫ਼ਰਤ ਪਈਆਂ ਖ਼ਾਰਾਂ ਦੀ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

5 ਮਈ ‘ਤੇ ਵਿਸ਼ੇਸ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਕਾਰਲ ਮਾਰਕਸ 19ਵੀਂ ਸਦੀ ਜਰਮਨ ਦਾ ਮਹਾਨ ਦਾਰਸ਼ਨਿਕ

ਕਾਰਲ ਮਾਰਕਸ ਇੱਕ ਮਹਾਨ ਜਰਮਨ ਦਾਰਸ਼ਨਿਕ , ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ,ਇਨਕਲਾਬੀ 19ਵੀਂ ਸਦੀ ਵਿੱਚ ਹੋਇਆ ਸੀ।
ਕਾਰਲ ਮਾਰਕਸ ਦਾ ਜਨਮ 5 ਮਈ 1818 ਨੂੰ ਜਰਮਨੀ ਵਿੱਚ ਟਰਾਏਰ ਦੇ ਸ਼ਹਿਰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਦੱਸਿਆ ਗਿਆ ਹੈ ਕਿ ਨੌਂ ਬੱਚਿਆਂ ਵਿੱਚੋਂ ਉਹ ਤੀਜਾ ਬੱਚਾ ਸੀ।
ਉਸ ਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਅਧਾਰ ਅਤੇ ਇਸਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ। ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾਇਆ ਹੈ।ਇੱਕ ਵਾਰ ਉਹਨਾਂ ਦੇ ਵਿਚਾਰਾਂ ਨੂੰ ਜਰਮਨ ਸਰਕਾਰ ਸਹਿਣ ਨਾ ਕਰ ਸਕੀ ਅਤੇ ਜਰਮਨ ਸਰਕਾਰ ਦੇ ਵਿਰੋਧੀ ਵਿਹਾਰ ਕਾਰਲ ਕਾਰਲ ਮਾਰਕਸ ਆਪਣੇ ਦੇਸ਼ ਨੂੰ ਛੱਡ ਕੇ ਪੈਰਿਸ ਚਲਾ ਗਿਆ।ਪੈਰਿਸ ਪੁੱਜਣ ਮਗਰੋਂ ਕਾਰਲ ਮਾਰਕਸ ਦਾ ਇੱਕ ਹੋਰ ਜਰਮਨ ਨਾਗਰਿਕ ਫਰੈਡਰਿਕ ਏਂਜਲਸ ਨਾਲ ਮੇਲ ਹੋਇਆ। 1847 ਵਿੱਚ ਇਹ ਦੋਵੇਂ ਮਹਾਨ ਕ੍ਰਾਂਤੀਕਾਰੀ ‘ਕਮਿਊਨਿਸਟ ਲੀਗ’ਨਾਮੀ ਇੱਕ ਗੁਪਤ ਸੰਸਥਾ ਵਿੱਚ ਸਾਮਿਲ ਹੋਏ।ਇਸ ਸੰਮੇਲਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਉਹਨਾਂ ਨੇ ਕਮਿਊਨਿਸਟ ਮੈਨੀਫੈਸਟੋ ਨਾਂ ਦੀ ਮਹਾਨ ਇਤਿਹਾਸ ਦਸਤਾਵੇਜ਼ ਤਿਆਰ ਕੀਤੀ।ਇਸ ਵਿੱਚ ਉਹਨਾਂ ਨੇ ਵਿਸ਼ਵ ਦੇ ਸਾਰੇ ਕਿਰਤੀਆਂ ਨੂੰ ਇੱਕ ਮੁੱਠ ਹੋ ਕੇ ਸਾਮਵਾਦੀ ਕ੍ਰਾਂਤੀ ਲਿਆਉਣ ਦੀ ਪੁਕਾਰ ਦਿੱਤੀ ਸੀ।ਇਹ ਦਸਤਾਵੇਜ਼ 1848 ਈ. ਵਿੱਚ ਪ੍ਰਕਾਸਿਤ ਹੋਈ ।ਇਸ ਸਮੇਂ ਫਰਾਂਸ ਦੀ ਕ੍ਰਾਂਤੀ ਵਾਪਰੀ ਸੀ।ਇਸ ਕਰਕੇ ਮਾਰਕਸ ਨੂੰ ਬਰਸੇਲਜ ਵਿੱਚੋਂ ਵੀ ਕੱਢ ਦਿੱਤਾ ਗਿਆ।ਫਿਰ ਕਾਰਲ ਮਾਰਕਸ ਜਰਮਨੀ ਚਲਾ ਗਿਆ। ਫਿਰ ਜਰਮਨੀ ਵਿੱਚੋ ਵੀ ਕੱਢ ਦਿੱਤਾ ਗਿਆ।ਜਰਮਨੀ ਨੂੰ ਛੱਡਣ ਤੋਂ ਬਾਅਦ ਮਾਰਕਸ ਨੇ ਜੈਨੀ ਵਾਨ ਵੇਸਟਫਾਲੇਨ ਨਾਲ ਵਿਆਹ ਕਰ ਲਿਆ । ਉਸ ਨੇ 1843 ਦੀਆਂ ਗਰਮੀਆਂ ਅਤੇ ਖ਼ਿਜ਼ਾਂ ਕਰੂਜ਼ਨੀਸ਼ ਵਿੱਚ ਗਜ਼ਾਰੀਆਂ, ਜਿੱਥੇ ਉਸ ਨੇ ਹੀਗਲ ਦੇ ਹੱਕ ਦੇ ਦਰਸ਼ਨ ਦਾ ਆਲੋਚਨਾਤਮਿਕ ਅਧਿਐਨ ਸ਼ੁਰੂ ਕੀਤਾ।
ਅਰਥ ਸ਼ਾਸਤਰ ਵਿੱਚ ਮਾਰਕਸ ਦੇ ਕੰਮ ਨੇ ਮਿਹਨਤ ਅਤੇ ਪੂੰਜੀ ਦੇ ਸੰਬੰਧ ਦੇ ਬਾਰੇ ਵਿੱਚ ਸਾਡੀ ਸਮਝ ਲਈ ਆਧਾਰ ਤਿਆਰ ਕੀਤਾ, ਅਤੇ ਬਾਅਦ ਦੇ ਆਰਥਕ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਮਾਰਕਸ ਨੇ ਮਾਰਕਸਵਾਦ ਦਾ ਸਿਧਾਂਤ ਦਿੱਤਾ ਜੋ ਕਿ ਕਾਰਲ ਮਾਰਕਸ ਅਤੇ ਉਸਦੇ ਸਾਥੀ ਫਰੈਡਰਿਕ ਏਜਲਸ ਦੁਆਰਾਂ ਦਿੱਤੇ ਸਿਧਾਂਤਾਂ ਦਾ ਸਮੂਹਿਕ ਨਾਂ ਹੈ।
ਮਾਰਕਸਵਾਦੀ ਸਿਧਾਂਤ ਦੇ ਅਨੁਸਾਰ, ਪੂੰਜੀਵਾਦੀ ਸਮਾਜਾਂ ਵਿੱਚ, ਦੋ ਮੁੱਖ ਜਮਾਤਾਂ ਹੁੰਦੀਆਂ ਹਨ: ਇੱਕ ਦੱਬੀ-ਕੁਚਲੀ ਅਤੇ ਸ਼ੋਸ਼ਿਤ ਪ੍ਰੋਲੇਤਾਰੀ - ਮਾਲ ਅਤੇ ਸੇਵਾਵਾਂ ਦੇ ਨਿਰਮਾਣ ਵਿੱਚ ਲੱਗੀ ਮਜ਼ਦੂਰਾਂ ਦੀ ਸ਼੍ਰੇਣੀ ਅਤੇ ਦੂਜੀ ਬੁਰਜੀਆਜੀ ,ਹਾਕਮ ਜਮਾਤ ਜੋ ਉਤਪਾਦਨ ਦੇ ਸਾਧਨ ਦੀ ਮਾਲਕ ਹੁੰਦੀ ਹੈ ਅਤੇ ਲਾਭ ਦੇ ਰੂਪ ਵਿੱਚ ਪ੍ਰੋਲੇਤਾਰੀ ਦੁਆਰਾ ਤਿਆਰ ਕੀਤੇ ਵਾਧੂ ਲਾਭ ਨੂੰ ਹੜੱਪ ਲੈਣ ਰਾਹੀਂ ਆਪਣੀ ਦੌਲਤ ਵਧਾਉਂਦੀ ਹੈ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਪਦਾਰਥਕ ਹਿੱਤਾਂ ਦਰਮਿਆਨ ਟਕਰਾਅ ਦੇ ਕਾਰਨ ਜਮਾਤੀ ਟਕਰਾਅ ਪੈਦਾ ਹੁੰਦਾ ਹੈ।
ਕਾਰਲ ਮਾਰਕਸ ਦੀਆਂ ਮਹਾਨ ਰਚਨਾਵਾਂ -
1.ਕਮਿਊਨਿਸਟ ਲੀਗ (1848)
2.ਰਾਜਨੀਤਿਕ ਅਰਥ ਮੈਨੀਫੈਸਟੋ (1859)
3.ਦਾਸ ਕੈਪੀਟਲ (1867)
4.ਵੈਲਿਊ ਪ੍ਰਾਈਸ ਪਰੋਫਟ (1867)
ਕਾਰਲ ਮਾਰਕਸ ਨੇ ਬਰਤਾਨਵੀ ਅਜਾਇਬ ਘਰ ਵਿਖੇ ਮਹਾਨ ਗ੍ਰੰਥਾਂ ਦਾ ਅਧਿਐਨ ਕੀਤਾ।ਕਾਰਲ ਮਾਰਕਸ ਦੀ ਮੌਤ 1833 ਸੀ. ਵਿੱਚ ਲੰਡਨ ਵਿਖੇ ਹੋਈ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨਲ ਕਾਲਜ ਬਰੇਟਾ ।

ਈਦ-ਉਲ-ਫਿਤਰ ਦਾ ਤਿਉਹਾਰ ਸਰਧਾ-ਭਾਵਨਾ ਨਾਲ ਮਨਾਇਆ

ਹਠੂਰ,3,ਮਈ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਮੀਨੀਆ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿੰਡ ਮੀਨੀਆ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਬਹੁਤ ਹੀ ਸਰਧਾ-ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਮੋਲਵੀ ਤਾਲਿਬ ਮਲੇਰਕੋਟਲੇ ਵਾਲਿਆ ਨੇ ਈਦ-ਉਲ-ਫਿਤਰ ਦੀਆ ਮੁਬਾਰਕਾ ਦਿੱਤੀਆ ਅਤੇ ਅੱਲਾ ਪਾਕ ਅੱਗੇ ਦੁਆ ਕੀਤੀ ਗਈ।ਇਸ ਮੌਕੇ ਉਘੇ ਸਮਾਜ ਸੇਵਕ ਇਕਬਾਲ ਮਹੁੰਮਦ ਸੋਹਲ ਨੇ ਕਿਹਾ ਕਿ ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਜਿਹੇ ਸਮਾਗਮ ਪਾਰਟੀਬਾਜੀ ਤੋ ਉੱਪਰ ਉੱਠ ਕੇ ਮਨਾਉਣੇ ਚਾਹੀਦੇ ਹਨ।ਇਸ ਮੌਕੇ ਮੋਲਵੀ ਤਾਲਿਬ ਮਲੇਰਕੋਟਲੇ ਵਾਲੇ ਨੂੰ ਇਕਬਾਲ ਮਹੁੰਮਦ ਅਤੇ ਸਮਾਗਮ ਦੀ ਸਮੂਹ ਪ੍ਰਬੰਧਕੀ ਕਮੇਟੀ ਵੱਲੋ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਬਿੱਲੂ ਮੀਨੀਆ,ਸਰਪੰਚ ਜਗਸੀਰ ਸਿੰਘ,ਜਮੀਰ ਖਾਂ,ਨਸੀਬ ਮਹੁੰਮਦ,ਹਰਮੀਤ ਖਾਂ,ਕਰਮਜੀਤ ਖਾਂ,ਜਸਪ੍ਰੀਤ ਖਾਨ,ਜਸਪ੍ਰੀਤ ਸੋਹਲ,ਰਵੀ ਖਾਂ,ਰਾਜੂ ਖਾਂ,ਗੋਰਾ ਖਾਂ,ਸਲੀਮ ਖਾਂ,ਆਸਿਫ ਅਲੀ,ਰੁਲਦੂ ਖਾਂ,ਨਾਇਬ ਖਾਂ,ਬਾਬੂ ਖਾਂ ਅਤੇ ਸਮੂਹ ਗ੍ਰਾਮ ਪੰਚਾਇਤ ਮੀਨੀਆ ਹਾਜ਼ਰ ਸੀ।