You are here

ਪੰਜਾਬ

ਮੱਛੀ ਪਾਲਣ ਕਿੱਤੇ ਸਬੰਧੀ ਜਾਗਰੂਕਤਾ ਪ੍ਰੋਗਰਾਮ 9 ਮਈ ਤੋਂ

ਵਿਭਾਗੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ  :   ਮੱਛੀ ਪਾਲਣ ਅਫ਼ਸਰ
ਬਰਨਾਲਾ  (ਰਣਜੀਤ ਸਿੱਧਵਾਂ)  :  ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਇਰ ਦੀ ਅਗਵਾਈ ਹੇਠ ਮੱਛੀ ਪਾਲਣ ਦਫਤਰ ਬਰਨਾਲਾ ਵੱਲੋਂ ਜਿੱਥੇ ਮੱਛੀ ਪਾਲਣ ਕਿੱਤੇ ਦੀ ਟ੍ਰੇਨਿੰਗ ਹਰ ਮਹੀਨੇ ਮੱਛੀ ਪਾਲਣ ਦਫਤਰ ਬਰਨਾਲਾ ਵਿਖੇ ਦਿੱਤੀ ਜਾ ਰਹੀ ਹੈ, ਉਥੇ ਵੱਖ-ਵੱਖ ਤਰਾਂ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੱਛੀ ਪਾਲਣ ਅਫ਼ਸਰ ਬਰਨਾਲਾ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ 18 ਤੋਂ 22 ਅਪ੍ਰੈਲ ਤੱਕ ਮੱਛੀ ਪਾਲਣ ਦੀ ਸਿਖਲਾਈ ਦਿੱਤੀ ਗਈ ਹੈੇ। ਮਈ ਮਹੀਨੇ ’ਚ 9 ਤੋਂ 13 ਮਈ ਤੱਕ ਅਤੇ ਜੂਨ ਵਿੱਚ 6 ਤੋਂ 10 ਜੂਨ ਤੱਕ ਸੈਮੀਨਾਰ ਲਗਾ ਕੇ ਚਾਹਵਾਨਾਂ ਨੂੰ ਮੱਛੀ ਪਾਲਣ ਕਿੱਤੇ ਲਈ ਮੁਢਲੀ ਲਾਗਤ, ਸਬਸਿਡੀ ਤੇ ਹੋਰ ਸਬੰਧਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਤਲਾਅ ਦੀ ਪੁਟਾਈ ਲਈ ਜ਼ਮੀਨ ਦੀ ਚੋਣ, ਪੰਚਾਇਤੀ ਛੱਪੜਾਂ ’ਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਆਦਿ ਬਾਰੇ ਦੱਸਿਆ ਜਾਂਦਾ ਹੈ, ਜਿਸ ਨਾਲ ਕਿਸਾਨ, ਪੰਚਾਇਤ ਆਪਣੀ ਆਮਦਨ ’ਚ ਵਾਧਾ ਤੇ ਬੇਰੋਜ਼ਗਾਰ ਨੌਜਵਾਨ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਦੇ ਹਨ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਮਾਤਸਯ ਸੰਪਦਾ ਯੋਜਨਾ ਤਹਿਤ ਮੱਛੀ ਪਾਲਣ ਦੇ ਕਿੱਤੇ ’ਤੇ ਸਬਸਿਡੀ ਦਿੱਤੀ ਜਾਂਦੀ ਹੈ। ਅਨੁਸੂਚਿਤ ਸ਼੍ਰੇਣੀ ਨਾਲ ਸਬੰਧਿਤ ਵਿਅਕਤੀਆਂ ਅਤੇ ਔਰਤਾਂ ਨੂੰ ਲਾਗਤ ਦੀ 60 ਫੀਸਦੀ ਅਤੇ ਜਨਰਲ ਸ਼੍ਰੇਣੀ ਨੂੰ ਲਾਗਤ ਦੀ 40 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਮੱਛੀ ਵਿਕਰੇਤਾ ਵਜੋਂ ਕੰਮ ਕਰਦੇ ਵਿਅਕਤੀਆਂ ਨੂੰ ਸਾਈਕਲ ਆਈਸਬਕਸੇ ਸਮੇਤ, ਮੋਟਰਸਾਈਕਲ ਆਈਸਬਕਸੇ ਸਮੇਤ, ਥ੍ਰੀ ਵੀਲਰ ਆਈਸਬਕਸੇ ਸਮੇਤ ਆਦਿ ’ਤੇ ਵੀ ਆਰਥਿਕ ਮਦਦ ਦਿੱਤੀ ਜਾਂਦੀ ਹੈ। ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਮੱਛਣ ਪਾਲਣ ਨੂੰ ਕਿੱਤੇ ਵਜੋਂ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਵਿਭਾਗੀ ਸਿਖਲਾਈ ਪ੍ਰੋਗਰਾਮ ਦਾ ਹਿੱਸਾ ਬਣਿਆ ਜਾਵੇ ਅਤੇ ਵਧੇਰੇ ਜਾਣਕਾਰੀ ਲਈ ਮੱਛੀ ਪਾਲਣ ਦਫ਼ਤਰ, ਕਮਰਾ ਨੰਬਰ 84, ਦੂਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਸੰਪਰਕ ਕੀਤਾ ਜਾਵੇ।

ਯੂਕੇ ਦੇ ਵਾਸੀ ਉੱਘੇ ਖੇਡ ਪ੍ਰਮੋਟਰ ਦਲਜਿੰਦਰ ਸਿੰਘ ਸਮਰਾ ਵੱਲੋਂ ਦੁਨੀਆਂ ਵਿੱਚ ਵਸਣ ਵਾਲੇ ਪੰਜਾਬੀਆਂ ਨੂੰ ਵਿਸਾਖੀ ਦੀਆਂ ਮੁਬਾਰਕਾਂ ਦਿੱਤੀਆਂ  

ਗਲਾਸਗੋ , 28  ਅਪ੍ਰੈਲ ( ਖਹਿਰਾ ) ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਕੰਢੇ ਤੇ ਵਸੇ ਪਿੰਡ ਗੋਰਸੀਆਂ ਮੱਖਣ  ਦੇ ਜੰਮਪਲ  ਹਾਲ ਵਾਸੀ ਗਲਾਸਗੋ ਸਕਾਟਲੈਂਡ  ਮਾਂ ਖੇਡ ਕਬੱਡੀ ਨੂੰ  ਦਿਲ ਤੋਂ ਪਿਆਰ ਕਰਨ ਵਾਲੀ ਰੂਹ ਸਰਦਾਰ ਦਲਜਿੰਦਰ ਸਿੰਘ ਸਮਰਾ ਨੇ ਆਪਣੀ ਸਖ਼ਤ ਮਿਹਨਤ ਨਾਲ ਆਪਣੇ ਜੀਵਨ ਦਾ ਵੱਡਾ ਹਿੱਸਾ ਕਬੱਡੀ ਅਤੇ ਉੱਭਰਦੇ ਕਲਾਕਾਰਾਂ ਨੂੰ ਪ੍ਰਮੋਟ ਕਰਨ ਵਿਚ ਲਾਇਆ ਹੋਇਆ ਹੈ  । ਸਿੱਖ ਕੌਮ ਦੇ ਇਤਿਹਾਸਕ ਦਿਹਾੜੇ ਖ਼ਾਲਸੇ ਦੇ ਜਨਮ ਦਿਨ ਅਤੇ ਵਿਸਾਖੀ ਉੱਪਰ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਸਰਦਾਰ ਦਲਜਿੰਦਰ ਸਿੰਘ ਸਮਰਾ ਨੇ ਦੁਨੀਆਂ  ਵਿੱਚ ਵੱਸਦੇ ਪੰਜਾਬੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਨਾਲ ਹੀ  ਬੇਨਤੀ ਵੀ ਕੀਤੀ ਕਿ ਆਓ ਆਪਣੀ ਮਾਂ ਖੇਡ ਕਬੱਡੀ ਦੇ ਉੱਭਰਦੇ ਖਿਡਾਰੀਆਂ ਦੀ ਬਾਂਹ ਫੜੀਏ ਕਬੱਡੀ ਨੂੰ ਨਸ਼ਾ ਮੁਕਤ ਬਣਾਈਏ ਅਤੇ ਪੰਜਾਬ ਅੰਦਰ ਗ਼ਰੀਬ ਪਰਿਵਾਰਾਂ ਵਿਚ ਜਨਮੇ ਖਿਡਾਰੀਆਂ ਉੱਪਰ ਆਪਣਾ ਦਸਵੰਧ ਲਾ ਕੇ ਉਨ੍ਹਾਂ ਨੂੰ ਦੁਨੀਆਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਦਾ ਮੌਕਾ ਦੇਈਏ । ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ ਕਈ ਸਾਲਾਂ ਤੋਂ ਸਰਦਾਰ ਦਲਵਿੰਦਰ ਸਿੰਘ ਸਮਰਾ ਲਗਾਤਾਰ ਛੋਟੇ ਬੱਚਿਆਂ ਦੀ ਕਬੱਡੀ ਖੇਡ ਨੂੰ ਪ੍ਰਮੋਟ ਕਰਨ ਲੱਖਾਂ ਰੁਪਏ ਖਰਚ ਕਰ ਰਹੇ ਹਨ ।

ਡਿਪਟੀ ਕਮਿਸ਼ਨਰ ਵੱਲੋਂ ਅਗਾਂਹਵਧੂ ਕਿਸਾਨਾਂ ਦਾ ਸਨਮਾਨ

ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਮੇਲਾ

 

ਕਿਸਾਨਾਂ ਨੂੰ ਖੇਤੀ ਅਤੇ ਸਹਾਇਕ ਧੰਦਿਆਂ ਬਾਰੇ ਦਿੱਤੀ ਨਵੀਨਤਮ ਜਾਣਕਾਰੀ

 

ਬਰਨਾਲਾ  17 ਅਪਰੈਲ  (ਰਣਜੀਤ ਸਿੱਧਵਾਂ)   : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦੇ ਕਿ੍ਸ਼ੀ ਵਿਗਿਆਨ ਕੇਂਦਰ, ਹੰਡਿਆਇਆ (ਬਰਨਾਲਾ) ਅਤੇ ਆਤਮਾ, ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਕਿਸਾਨ ਮੇਲਾ ਲਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਾਇਰ ਪੁੱਜੇ। ਇਸ ਮੌਕੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐਸੋੋਸੀਏਟ ਡਾਇਰੈਕਟਰ ਕੇਵੀਕੇ ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਡਿਪਟੀ ਕਮਿਸ਼ਨਰ, ਮੁੱਖ ਖੇਤੀਬਾੜੀ ਅਫਸਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਿਸਾਨਾਂ ਤੇ ਕਿਸਾਨ ਮਹਿਲਾਵਾਂ ਦਾ ਸਵਾਗਤ ਕੀਤਾ ਅਤੇ ਕਿ੍ਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ। ਡਾ. ਤੰਵਰ ਨੇ ਦੱਸਿਆ ਕਿ ਕਿ੍ਸ਼ੀ ਵਿਗਿਆਨ ਕੇਂਦਰ ਦੇ ਉਪਰਾਲਿਆਂ ਦਾ ਮੁੱਖ ਮਕਸਦ ਖੇਤੀ ਲਾਗਤ ਘਟਾਉਣਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਸਾਨਾਂ ਨੂੰ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਉਨਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨੂੰ ਅਪਣਾ ਕੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਉਨਾਂ ਨੇ ਕਿਸਾਨਾਂ ਨੂੰ ਫਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਬਾਰੇ ਵੀ ਪ੍ਰੇਰਿਤ ਕੀਤਾ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵੀਰ ਚੰਦ ਨੇ ਖੇਤੀਬਾੜੀ ਵਿਭਾਗ ਅਤੇ ਆਤਮਾ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਭੌਂ ਰੱਖਿਆ ਅਫਸਰ ਬਰਨਾਲਾ ਡਾ. ਭੁਪਿੰਦਰ ਸਿੰਘ ਨੇ ਤੁਪਕਾ ਸਿੰਜਾਈ ਅਤੇ ਫੁਹਾਰਾ ਸਿੰਜਾਈ ਵਿਧੀ ਅਪਣਾਉਣ ਲਈ ਪ੍ਰੇਰਿਤ ਕੀਤਾ। ਅਸਿਸਟੈਂਟ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਡਾ. ਜਤਿੰਦਰ ਪਾਲ ਸਿੰਘ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੇਲੇ ਵਿੱਚ ਆਏ ਕਿਸਾਨਾਂ ਨੂੰ ਖੇਤੀ ਮੰਤਰੀ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਸੰਬੋਧਨ ਵੀ ਵਰਚੂਅਲ ਮੋਡ ਰਾਹੀਂ ਵਿਖਾਇਆ ਗਿਆ। ਮੇਲੇ ਵਿੱਚ ਕਿਸਾਨ ਗੋਸ਼ਟੀ ਵੀ ਕਰਵਾਈ ਗਈ, ਜਿਸ ਵਿੱਚ ਕਿ੍ਰਸ਼ੀ ਵਿਗਿਆਨ ਕੇਂਦਰ ਦੇ ਸਾਇੰਸਦਾਨਾਂ, ਫਾਰਮਰ ਸਲਾਹ ਕੇਂਦਰ ਦੇ ਸਾਇੰਸਦਾਨਾਂ ਅਤੇ ਕਾਲਜ ਆਫ ਵੈਟਰਨਰੀ ਸਾਇੰਸ, ਰਾਮਪੁਰਾ ਫੂਲ ਦੇ ਮਾਹਿਰਾਂ ਵੱਲੋਂ ਖੇਤੀ, ਪਸ਼ੂ ਪਾਲਣ, ਮੱਛੀ ਪਾਲਣ, ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਢੀ ਅਤੇ ਚਿੱਟੀ ਮੱਖੀ ਦੀ ਰੋਕਥਾਮ ਆਦਿ ਬਾਰੇ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਮੇਲੇ ਵਿੱਚ ਸਰਕਾਰੀ ਵਿਭਾਗਾਂ, ਸਵੈ ਸਹਾਇਤਾ ਗਰੁੱਪਾਂ, ਅਗਾਂਹਵਧੂ ਕਿਸਾਨਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਕਿਸਾਨ ਮੇਲੇ ਵਿੱਚ ਬਰਨਾਲਾ ਜ਼ਿਲੇ ਦੇ ਅਗਾਂਹਵਧੂ ਕਿਸਾਨ ਅਤੇ ਕਿਸਾਨ ਮਹਿਲਾਵਾਂ ਲਖਵੀਰ ਕੌਰ, ਖੁੱਡੀ ਕਲਾਂ, ਕਮਲਜੀਤ ਕੌਰ, ਭੋਤਣਾ, ਮੇਲਾ ਸਿੰਘ, ਖੁੱਡੀ ਕਲਾਂ, ਗੁਰਨਾਇਬ ਸਿੰਘ, ਦਰਾਜ, ਨਾਇਬ ਸਿੰਘ, ਰਾਏਸਰ, ਜਸਵੀਰ ਸਿੰਘ, ਪੱਖੋ ਕਲਾਂ, ਗੁਰਪ੍ਰੀਤ ਸਿੰਘ, ਵਜੀਦਕੇ ਕਲਾਂ, ਅਤਿੰਦਰਪਾਲ ਸਿੰਘ, ਕੱਟੂ, ਹਰਵਿੰਦਰ ਸਿੰਘ, ਬਡਬਰ, ਅਮਿ੍ਤ ਸਿੰਘ, ਵਾਹਿਗੁਰੂਪੁਰਾ ਨੂੰ ਸਨਮਾਨਿਤ ਕੀਤਾ ਗਿਆ।

ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਈ  

        ਫ਼ਰੀਦਕੋਟ , 27 ਅਪ੍ਰੈਲ ( ਜਨ ਸ਼ਕਤੀ ਨਿਊਜ਼ ਬਿਊਰੋ)   ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੀ ਇੱਕ ਵਿਸ਼ੇਸ਼ ਮਹੀਨਾਵਾਰ ਮੀਟਿੰਗ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਸਭਾ ਦੇ ਡਾਇਰੈਕਟਰ ਡਾ. ਨਿਰਮਲ ਕੌਸ਼ਿਕ, ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਤੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਸਰਕਾਰੀ ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਵਿਖੇ ਆਯੋਜਿਤ ਕੀਤੀ ਗਈ । ਲਗਭਗ ਢਾਈ ਘੰਟੇ ਚੱਲੀ ਇਸ ਮੀਟਿੰਗ ਦੌਰਾਨ ਡੇਢ ਦਰਜਨ ਤੋਂ ਵੀ ਵੱਧ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਸਰਬ-ਸਹਿਮਤੀ ਨਾਲ ਮਤਾ ਪਾ ਕੇ ਸਭਾ ਦਾ ਵਿਸਥਾਰ ਕਰਨ ਅਤੇ ਸਭਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਜਰੂਰੀ ਨਿਯਮਾਂ ਦੇ ਨਾਲ ਕਈ ਹੋਰ ਮਹੱਤਵਪੂਰਨ ਫ਼ੈਸਲਿਆਂ ਉੱਤੇ ਵੀ ਵਿਚਾਰ ਚਰਚਾ ਕੀਤੀ ਗਈ । 

 

ਇਸ ਮੀਟਿੰਗ ਦੌਰਾਨ ਸਾਹਿਤਕਾਰ ਹੀਰਾ ਸਿੰਘ ਤੂਤ ਦੀ ਪੁਸਤਕ  ‘ਇੱਕ ਮੁੱਠ ਚੀਰਨੀ ਦੀ’ ਲੋਕ-ਅਰਪਣ ਕੀਤੀ ਗਈ ਅਤੇ ਡਾ. ਨਿਰਮਲ ਕੌਸ਼ਿਕ ਦੀ ਪੁਸਤਕ ‘ਕਾਲੇ ਲਿਖ ਨਾ ਲੇਖ’ ਨੂੰ ਸਭਾ ਮੈਂਬਰਾਂ ਵਿੱਚ ਤਕਸੀਮ ਕੀਤਾ ਗਿਆ । ਇਸ ਮੌਕੇ ਐਡਵੋਕੇਟ ਪ੍ਰਦੀਪ ਸਿੰਘ, ਬਲਵਿੰਦਰ ਸਿੰਘ ਗਰਾਈਂ, ਰਾਜ ਗਿੱਲ ਭਾਣਾ, ਜਤਿੰਦਰ ਪਾਲ ਸਿੰਘ ਟੈਕਨੋ, ਕਸ਼ਮੀਰ ਸਿੰਘ ਮਾਨਾ, ਸਿਕੰਦਰ ਚੰਦਭਾਨ, ਤਾਰਾ ਸਿੰਘ ਕੰਮੇਆਣਾ, ਸੁਖਬੀਰ ਸਿੰਘ ਬਾਬਾ, ਗੁਰਪਿਆਰ ਹਰੀ ਨੌਂ, ਹੈਰੀ ਭੋਲੂਵਾਲਾ, ਮਨਜੀਤ ਸਿੰਘ, ਵਤਨਵੀਰ ਵਤਨ ਆਦਿ ਹਾਜਰ ਸਨ । ਸਭਾ ਵਿੱਚ ਨਵੇਂ ਸ਼ਾਮਿਲ ਹੋਏ ਸਾਹਿਤਕਾਰਾਂ ਨੇ ਮੌਕੇ ‘ਤੇ ਸਭਾ ਦੇ ਮੈਂਬਰਸ਼ਿਪ ਫ਼ਾਰਮ ਵੀ ਭਰੇ ਅਤੇ ਆਗਾਮੀ ਗਤੀਵਿਧੀਆਂ ਲਈ ਸਹਿਯੋਗ ਰਾਸ਼ੀ ਵੀ ਭੇਂਟ ਕੀਤੀ । ਇਸ ਤੋਂ ਇਲਾਵਾ ਸਾਂਝੇ ਕਾਵਿ-ਸੰਗ੍ਰਹਿ ‘ਕਲਮਾਂ ਦੇ ਰੰਗ’ ਨੂੰ ਲੋਕ-ਅਰਪਣ ਕਰਨ ਲਈ ਕੀਤੇ ਜਾਣ ਵਾਲੇ ਆਗਾਮੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੀਟਿੰਗ ਵਿੱਚ ਸਾਹਿਤਕਾਰ ਜੱਗਾ ਰੱਤੇਵਾਲਾ (ਪੰਜਾਬੀ ਸਾਹਿਤ ਸਭਾ, ਸ੍ਰੀ ਮੁਕਤਸਰ ਸਾਹਿਬ)  ਦੀ ਬੇਵਕਤੀ ਮੌਤ ‘ਤੇ ਸਭਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।              

 

ਸਭਾ ਦੇ ਡਾਇਰੈਕਟਰ ਡਾ. ਨਿਰਮਲ ਕੌਸ਼ਿਕ ਨੇ ਦੱਸਿਆ ਕਿ ਕਲਮਾਂ ਦੇ ਰੰਗ, ਸਾਹਿਤ ਸਭਾ, ਫ਼ਰੀਦਕੋਟ ਦਾ ਇੱਕੋ ਇੱਕ ਉਦੇਸ਼ ਮਾਂ-ਬੋਲੀ ਦੀ ਸੇਵਾ ਕਰਨਾ ਅਤੇ ਮਾਂ-ਬੋਲੀ ਨੂੰ ਸਮਰਪਿਤ ਸਾਹਿਤਕਾਰਾਂ ਦਾ ਸਨਮਾਨ ਕਰਨਾ ਹੈ । ਸਭਾ ਵੱਲੋਂ ਕੋਈ ਵੀ ਸਾਹਿਤਕਾਰ ਆਪਣੀ ਲਿਖੀ ਪੁਸਤਕ ਨੂੰ ਲੋਕ-ਅਰਪਣ ਕਰਵਾ ਸਕਦਾ ਹੈ । ਜੇਕਰ ਕੋਈ ਸਾਹਿਤਕਾਰ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਹੈ ਜਾਂ ਜੇਕਰ ਕੋਈ ਸਭਾ ਦੇ ਹੋਣ ਵਾਲੇ ਸਮਾਗਮਾਂ ਨੂੰ ਸਪਾਂਸਰ ਕਰਨਾ ਚਾਹੁੰਦਾ ਹੈ ਤਾਂ ਉਹ ਸਭਾ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦਾ ਹੈ ।

 ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਨੇ ਪ੍ਰੈਸ ਨੂੰ ਸਾਂਝੇ ਰੂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਕੱਤਰਤਾ ਵਿੱਚ ਪੇਸ਼ ਕੀਤੇ ਗਏ ਮਤਿਆਂ ਨੂੰ ਸਰਬ-ਸਹਿਮਤੀ ਨਾਲ ਪ੍ਰਵਾਨ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਸਭਾ ਦੀ ਹਰੇਕ ਚੌਥੇ ਐਤਵਾਰ ਮਾਸਿਕ ਇਕੱਤਰਤਾ ਕੀਤੀ ਜਾਂਦੀ ਹੈ । ਹਰ ਮਹੀਨੇ ਸਭਾ ਵੱਲੋਂ ਸਭਾ ਵਿੱਚ ਸ਼ਾਮਿਲ ਇੱਕ ਸਾਹਿਤਕਾਰ ਨੂੰ  ਸਨਮਾਨਿਤ ਕੀਤਾ ਜਾਵੇਗਾ । ਹਰ ਸਾਲ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਇਮਾਨਦਾਰੀ, ਸਾਹਿਤ, ਸਮਾਜ ਸੇਵਾ ਜਾਂ ਅਧਿਆਪਨ ਖੇਤਰ ਲਈ ਐਵਾਰਡ ਦਿੱਤਾ ਜਾਵੇਗਾ ਅਤੇ ਸਾਲ ਵਿੱਚ ਦੋ ਸਾਹਿਤਕਾਰਾਂ ਦੇ ਰੂ-ਬ-ਰੂ ਪ੍ਰੋਗਰਾਮ ਵੀ ਕਰਵਾਏ ਜਾਣਗੇ । ਸਭਾ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਾਂ-ਬੋਲੀ ਪੰਜਾਬੀ ਪ੍ਰਤੀ ਜਾਗਰੂਕ ਕਰਨ ਲਈ  ਲੇਖ, ਕਹਾਣੀ ਤੇ ਕਵਿਤਾ, ਭਾਸ਼ਣ ਮੁਕਾਬਲੇ ਆਦਿ ਕਰਵਾਏ ਜਾਣਗੇ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ।

 

                ਇੱਥੇ ਇਹ ਜਿਕਰਯੋਗ ਹੈ ਕਿ ਸਭਾ ਵੱਲੋਂ ਐਲਾਨ ਕੀਤਾ ਗਿਆ ਕਿ ਮਿਤੀ 08 ਮਈ 2022 (ਐਤਵਾਰ) ਨੂੰ ਫ਼ਰੀਦਕੋਟ ਵਿਖੇ ਸਭਾ ਦੇ ਸਹਿਯੋਗ ਨਾਲ ਇੱਕ ਸਾਂਝਾ ਕਾਵਿ-ਸੰਗ੍ਰਹਿ ‘ਕਲਮਾਂ ਦੇ ਰੰਗ’ ਲੋਕ-ਅਰਪਣ ਕੀਤਾ ਜਾ ਰਿਹਾ ਹੈ, ਜਿਸਦੇ ਮੁੱਖ-ਸੰਪਾਦਕ ਪ੍ਰੋ.ਬੀਰ ਇੰਦਰ ਸਰਾਂ ਹਨ। ਇਸ ਕਾਵਿ-ਸੰਗ੍ਰਹਿ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸਥਾਪਿਤ ਅਤੇ ਉੱਭਰਦੇ ਕਵੀ ਸਾਹਿਬਾਨ ਸ਼ਾਮਿਲ ਹਨ ।

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਨੇ ਦਾਰਾਪੁਰ ਪਹੁੰਚ ਕੇ ਕੀਤੀ ਸ਼ਿਕਾਇਤ ਦੀ ਸੁਣਵਾਈ

--ਡੀ.ਐਸ.ਪੀ. ਸਿਟੀ ਨੂੰ ਸ਼ਿਕਾਇਤ ਦੇ ਤੱਥਾਂ ਦੀ ਪੜਤਾਲ ਕਰਕੇ ਹਫ਼ਤੇ ਵਿੱਚ ਕਾਰਵਾਈ ਰਿਪੋਰਟ ਪੇਸ਼ ਕਰਨ ਦੀ ਹਦਾਇਤ ਜਾਰੀ

 

--ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਦੀ ਮਾਣਹਾਨੀ ਬਰਦਾਸ਼ਤ ਨਹੀਂ ਹੋਵੇਗੀ  - ਮਿਸ ਪਰਮਿਲਾ

ਮੋਗਾ  27 ਅਪ੍ਰੈਲ  (ਰਣਜੀਤ ਸਿੱਧਵਾਂ)   :

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕਾਂ ਦੇ ਹਿੱਤਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ। ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀ ਮਾਣਹਾਨੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਕੇਸਾਂ ਵਿੱਚ ਦੋਸ਼ੀ 'ਤੇ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਮੈਂਬਰ ਮਿਸ ਪਰਮਿਲਾ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਦਾਰਾਪੁਰ ਵਿਖੇ ਕੀਤਾ। ਉਹ ਅੱਜ ਇੱਥੇ ਇਸੇ ਪਿੰਡ ਦੇ ਸਰਪੰਚ ਜਰਨੈਲ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਸੁਣਵਾਈ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨਾਲ ਧਰਮਪਾਲ ਸਿੰਘ ਐਡਵੋਕੇਟ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ, ਡੀ.ਐਸ.ਪੀ. ਸਿਟੀ ਜਸ਼ਨਦੀਪ ਸਿੰਘ, ਪਿੰਡ ਦਾ ਸਰਪੰਚ ਜਰਨੈਲ ਸਿੰਘ (ਪੀੜਤ), ਪਿੰਡ ਦੇ ਮੋਹਤਬਰ ਵਿਅਕਤੀ ਅਤੇ ਹੋਰ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਸਨ।

ਦਾਰਾਪੁਰ ਪਿੰਡ ਦੇ ਸਰਪੰਚ ਜਰਨੈਲ ਸਿੰਘ ਨੇ ਹਰਜੀਤ ਸਿੰਘ ਵਾਸੀ ਪਿੰਡ ਦਾਰਾਪੁਰ ਉੱਪਰ ਦੋਸ਼ ਲਗਾਇਆ ਹੈ ਕਿ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਉਸਦੇ ਘਰ ਵੜ ਕੇ ਉਸਨੂੰ ਗਾਲੀ ਗਲੋਚ ਅਤੇ ਜਾਤੀ ਪ੍ਰਤੀ ਅਪਸ਼ਬਦ ਬੋਲੇ ਹਨ, ਜਿਸ ਦੇ ਸਬੂਤ ਵਜੋਂ ਉਸ ਕੋਲ ਵੀਡੀਓ ਵੀ ਮੌਜੂਦ ਹੈ। ਸਰਪੰਚ ਨੇ ਦੋਸ਼ੀ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਮਿਸ ਪਰਮਿਲਾ ਪਾਸ ਰੱਖੀ।

ਮਿਸ ਪਰਮਿਲਾ ਨੇ ਸ਼ਿਕਾਇਤ ਬਾਰੇ ਜਾਣਕਾਰੀ ਹਾਸਲ ਕਰਕੇ, ਡੀ.ਐਸ.ਪੀ. ਸਿਟੀ ਜ਼ਸ਼ਨਦੀਪ ਸਿੰਘ ਨੂੰ ਸਰਪੰਚ ਦੀ ਸ਼ਿਕਾਇਤ ਨਾਲ ਸਬੰਧਤ ਤੱਥਾਂ ਦੀ ਪੜਤਾਲ ਕਰਕੇ ਇੱਕ ਹਫ਼ਤੇ ਦੇ ਵਿੱਚ ਕਮਿਸ਼ਨ ਨੂੰ ਕਾਰਵਾਈ ਰਿਪੋਰਟ ਭੇਜਣ ਦੀ ਹਦਾਇਤ ਜਾਰੀ ਕੀਤੀ।

ਡਿਸਟ੍ਰਿਕਟ ਸਰਵੇ ਰਿਪੋਰਟ ਤਿਆਰ ਕਰਨ ਲਈ ਸਮੂਹ ਵਿਭਾਗਾਂ ਦੀ ਮੀਟਿੰਗ ਹੋਈ

ਮੋਗਾ 27 ਅਪ੍ਰੈਲ  (ਰਣਜੀਤ ਸਿੱਧਵਾਂ)  : ਸ੍ਰ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮੋਗਾ ਦੀ ਪ੍ਰਧਾਨਗੀ ਹੇਠ ਡਿਸਟ੍ਰਿਕਟ ਸਰਵੇ ਰਿਪੋਰਟ ਤਿਆਰ ਕਰਨ ਸਬੰਧੀ ਮੀਟਿੰਗ ਹੋਈ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰ ਹਰਚਰਨ ਸਿੰਘ, ਕਾਰਜਕਾਰੀ ਇੰਜੀਨੀਅਰ ਕਮ ਜ਼ਿਲ੍ਹਾ  ਮਾਈਨਿੰਗ ਅਫ਼ਸਰ, ਡੀ.ਡੀ.ਪੀ.ਓ, ਡਿਪਟੀ ਪ੍ਰੋਜੈਕਟ ਡਾਇਰੈਕਟਰ ਖੇਤੀਬਾੜੀ ਵਿਭਾਗ, ਐਸ.ਡੀ.ਈ, ਪੀ.ਡਬਲਯੂ.ਡੀ (ਬੀ ਐਂਡ ਆਰ), ਰੇਂਜ ਫਾਰੈਸਟ ਅਫਸਰ ਜੰਗਲਾਤ ਵਿਭਾਗ, ਅਸਿਸਟੈਂਟ ਇਨਵਾਇਰਮੈਨਟ ਇੰਜੀਨੀਅਰ ਪੀਪੀਸੀਬੀ ਅਤੇ ਮਾਈਨਿੰਗ ਅਫਸਰ ਸਮੇਤ ਹੋਰ ਕਈ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਵਿੱਚ ਸ਼੍ਰੀਮਤੀ ਰਮਣੀਕ ਕੌਰ ਮਾਈਨਿੰਗ ਅਫ਼ਸਰ ਵਲੋਂ ਡਿਸਟ੍ਰਿਕਟ ਸਰਵੇ ਰਿਪੋਰਟ ਸਬੰਧੀ ਸਬੰਧਿਤ ਵਿਭਾਗਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਦਸਿਆ ਗਿਆ ਕਿ ਮਨਿਸਟਰੀ ਆਫ਼ ਇਨਵਾਇਰਮੈਂਟ, ਫੌਰੇਸਟ ਅਤੇ ਕਲਾਈਮੇਂਟ ਚੇਂਜ, ਭਾਰਤ ਸਰਕਾਰ ਵਲੋਂ ਜਾਰੀ ਸਸਟੇਨਏਬਲ ਸੈਂਡ ਮਾਈਨਿੰਗ ਮੈਨੇਜਮੇਂਟ ਗਾਈਡਲਾਈਨਜ਼ 2016 ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੀ ਡਿਸਟ੍ਰਿਕਟ ਸਰਵੇ ਰਿਪੋਰਟ ਤਿਆਰ ਕੀਤੀ ਜਾਣੀ ਹੈ, ਜੋ ਕਿ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵਲੋਂ ਕੀਤੇ ਹੁਕਮਾਂ ਅਨੁਸਾਰ ਉਪ-ਮੰਡਲ ਮੈਜਿਸਟਰੇਟ, ਸਿੰਚਾਈ ਵਿਭਾਗ ਦੇ ਅਧਿਕਾਰੀ, ਪੀਪੀਸੀਬੀ, ਜੰਗਲਾਤ ਅਤੇ ਮਾਈਨਿੰਗ ਵਿਭਾਗ ਦੀ ਸ਼ਮੂਲੀਅਤ ਵਾਲੀ ਉਪ ਮੰਡਲ ਕਮੇਟੀ ਦੁਆਰਾ ਤਿਆਰ ਕੀਤਾ ਜਾਣਾ ਹੈ। ਇਸ ਉਪਰੰਤ ਇਹ ਡਿਸਟ੍ਰਿਕਟ ਸਰਵੇ ਰਿਪੋਰਟ ਦਾ ਡਰਾਫਟ ਡਿਪਟੀ ਕਮਿਸ਼ਨਰ ਵਲੋਂ ਮੁਲਾਂਕਣ ਅਤੇ ਪ੍ਰਵਾਨਗੀ ਲਈ ਉਪਰ ਭੇਜਿਆ ਜਾਵੇਗਾ। ਮਾਈਨਿੰਗ ਅਫ਼ਸਰ ਵਲੋਂ ਦਸਿਆ ਗਿਆ ਕਿ ਉਕਤ ਅਨੁਸਾਰ ਡਿਸਟ੍ਰਿਕਟ ਸਰਵੇ ਰਿਪੋਰਟ ਤਿਆਰ ਕਰਨ ਲਈ ਵੱਖ-ਵੱਖ ਵਿਭਾਗਾਂ ਤੋਂ ਸੂਚਨਾ ਲਈ ਜਾਣੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਨੋ ਮਾਈਨਿੰਗ ਜ਼ੋਨ ਵੀ ਸਥਾਪਿਤ ਕੀਤੇ ਜਾਣੇ ਹਨ ਜਿਸ ਲਈ ਸੂਚਨਾ ਇਕੱਠੀ ਕੀਤੀ ਜਾ ਰਹੀ ਹੈ। ਜਿਸ ਤੇ ਡਿਪਟੀ ਕਮਿਸ਼ਨਰ ਵਲੋਂ ਹੁਕਮ ਕੀਤੇ ਗਏ ਕਿ ਮਾਈਨਿੰਗ ਅਫਸਰ ਵਲੋਂ ਮੰਗੀ ਗਈ ਸੂਚਨਾ ਜਲਦ ਮੁਹਈਆ ਕਰਵਾਈ ਜਾਵੇ । ਇਸ ਤੋਂ ਇਲਾਵਾ ਉਨ੍ਹਾਂ ਡਿਸਟ੍ਰਿਕਟ ਸਰਵੇ ਰਿਪੋਰਟ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਨ ਬਾਰੇ ਕਿਹਾ ਗਿਆ।

ਔਰਤਾਂ ਨੂੰ 01 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਸਕੀਮ ਜਲਦੀ ਹੋਵੇਗੀ ਲਾਗੂ  : ਡਾ. ਬਲਜੀਤ ਕੌਰ

ਲਿੰਗ ਅਨੁਪਾਤ ਵਿੱਚ ਸੁਧਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ : ਲਖਵੀਰ ਸਿੰਘ ਰਾਏ

 

ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ ਉੱਤੇ ਜ਼ਿਲ੍ਹਾ ਪੱਧਰੀ ਸਮਾਗਮ

 

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

 

ਫ਼ਤਹਿਗੜ੍ਹ ਸਾਹਿਬ, 27 ਅਪਰੈਲ (ਰਣਜੀਤ ਸਿੱਧਵਾਂ)  :  ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ  ਇੰਜਨੀਅਰਿੰਗ ਕਾਲਜ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਕੈਬਨਿਟ ਮੰਤਰੀ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ, ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਇਸ ਮੌਕੇ ਉਹਨਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਔਰਤਾਂ ਦੀ ਬਿਹਤਰੀ ਲਈ ਹਰ ਸੰਭਵ ਉਪਰਲਾ ਕੀਤਾ ਜਾ ਰਿਹਾ ਹੈ ਤੇ ਕੀਤੇ ਵਾਅਦੇ ਮੁਤਾਬਕ ਸੂਬੇ ਦੀ ਹਰ ਔਰਤ ਨੂੰ 01 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੀ ਸਕੀਮ ਬਹੁਤ ਜਲਦ ਲਾਗੂ ਕੀਤੀ ਜਾਵੇਗੀ। ਡਾ. ਬਲਜੀਤ ਕੌਰ ਨੇ ਕਿਹਾ ਕਿ ਜਣੇਪੇ ਸਬੰਧੀ ਤੇ ਹੋਰ ਡਾਕਟਰਾਂ ਦੀ ਪਿਛਲੇ ਲੰਮੇ ਸਮੇਂ ਤੋਂ ਘਾਟ ਰਹੀ ਹੈ, ਪੰਜਾਬ ਸਰਕਾਰ ਵਲੋਂ ਉਹ ਪੂਰੀ ਕੀਤੀ ਜਾਵੇਗੀ ਤੇ ਮੌਜੂਦਾ ਡਾਕਟਰਾਂ ਦੀ ਢੁਕਵੀਂ ਵੰਡ ਕਰ ਕੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਭ ਤੋਂ ਪਹਿਲਾਂ ਬੁਨਿਆਦੀ ਸਿਹਤ ਸਹੂਲਤਾਂ ਸਾਰੇ ਹਸਪਤਾਲਾਂ ਵਿੱਚ ਮਿਲ ਜਾਣ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਅਸੀਂ ਅੱਜ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਸਲੋਗਨ ਤਹਿਤ ਕੰਮ ਕਰ ਰਹੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਧੀਆਂ ਅੱਜ ਵੀ ਸੁਰੱਖਿਅਤ ਨਹੀਂ ਹਨ। ਉਹਨਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਔਰਤ ਦੇ ਹੱਕ ਦੀ ਗੱਲ ਕੀਤੀ ਤੇ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਦੇਸ਼ ਦੀ ਵੰਡ ਵੇਲੇ ਔਰਤਾਂ ਦੀ ਦੁਰਦਸ਼ਾ ਹੋਈ ਤਾਂ ਅੰਮ੍ਰਿਤਾ ਪ੍ਰੀਤਮ ਨੇ "ਅੱਜ ਆਖਾਂ ਵਾਰਿਸ ਸ਼ਾਹ ਨੂੰ" ਸਤਰਾਂ ਲਿਖੀਆਂ ਸਨ। ਉਹਨਾਂ ਕਿਹਾ ਕਿ ਆਧੁਨਿਕ ਮਸ਼ੀਨਾਂ, ਜਿਨ੍ਹਾਂ ਨਾਲ ਸ਼ਾਇਦ ਸਮਾਜ ਤਰੱਕੀ ਕਰਦਾ, ਸਮਾਜ ਵਿਚ ਸੋਚ ਠੀਕ ਨਾ ਹੋਣ ਕਰ ਕਿ ਉਹ ਵੀ ਔਰਤਾਂ ਦੇ ਵਿਰੋਧੀ ਹੋ ਗਈਆਂ। ਜਿਹੜੀਆਂ ਮਸ਼ੀਨਾਂ ਨੇ ਸਾਡੇ ਸਮਾਜ ਦੀ ਤਰੱਕੀ ਵਿਚ ਯੋਗਦਾਨ ਪਾਉਣਾ ਸੀ, ਉਲਟ ਉਹ ਸਮਾਜ ਦਾ ਨੁਕਸਾਨ ਕਰਨ ਲੱਗ ਪਈਆਂ। ਇੱਕ ਪਾਸੇ ਮਾਈ ਭਾਗੋ ਵਰਗੀਆਂ ਔਰਤਾਂ ਤੇ ਦੂਜੇ ਪਾਸੇ ਅੱਜ ਦੇ ਸਮੇਂ ਵਿੱਚ ਔਰਤਾਂ ਦੀ ਦੁਰਦਸ਼ਾ ਤੇ ਲਿੰਗ ਅਨੁਪਾਤ ਵਿੱਚ ਗਿਰਾਵਟ। ਪੜ੍ਹੇ ਲਿਖੇ ਲੋਕ ਵੀ ਇਸ ਕੰਮ ਵਿੱਚ ਲੱਗ ਪਏ ਤੇ ਕੁਝ ਡਾਕਟਰ ਵੀ ਪੈਸਾ ਕਮਾਉਣ ਲਈ ਅਜਿਹਾ ਕਰਨ ਲੱਗ ਪਏ।

ਕੈਬਨਿਟ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਅਹਿਮ ਅਹੁਦਿਆਂ ਉੱਤੇ ਮਹਿਲਾ ਅਧਿਕਾਰੀ ਵਿਰਾਜਮਾਨ ਹਨ। ਉਹਨਾਂ ਨੇ ਆਂਗਣਵਾੜੀ ਵਰਕਰਾਂ ਨੂੰ ਸੁਨੇਹਾ ਦਿੱਤਾ ਕਿ ਸਮਾਜ ਦੀ ਤਰੱਕੀ ਵਿੱਚ ਆਂਗਣਵਾੜੀ ਤੇ ਆਸ਼ਾ ਵਰਕਰਾਂ ਦਾ ਅਹਿਮ ਰੋਲ ਹੈ। ਇਸ ਜ਼ਿਲ੍ਹੇ ਵਿੱਚ ਲਿੰਗ ਅਨੁਪਾਤ ਘਟ ਹੈ, ਇਸ ਲਈ ਬਹੁਤ ਕੰਮ ਕਰਨ ਦੀ ਲੋੜ ਹੈ। ਸਮਾਜ ਦੀ ਸੋਚ ਬਦਲਣ ਦੀ ਲੋੜ ਹੈ।  

ਉਹਨਾਂ ਨੇ ਆਂਗਣਵਾੜੀ ਵਰਕਰਾਂ ਤੋ ਵਾਅਦਾ ਵੀ ਲਿਆ ਕੇ ਉਹ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਮਿਸਾਲ ਬਣੀਆਂ ਔਰਤਾਂ ਦੀਆਂ ਜੀਵਨੀਆਂ ਘਰ-ਘਰ ਪੁੱਜਦੀਆਂ ਕੀਤੀਆਂ ਜਾਣ। ਦੂਜੇ ਪਾਸੇ ਕਾਨੂੰਨ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਸਿਹਤ ਵਿਭਾਗ ਨਾਲ ਵੀ ਗੱਲ ਕਰਨਗੇ ਕੇ ਕਾਨੂੰਨ ਵਿਚ ਕਿਤੇ ਕੰਮੀਆਂ ਹਨ, ਤਾਂ ਕਾਨੂੰਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਜਿਹੜੇ ਲੋਕ ਭਰੂਣ ਹੱਤਿਆ ਵਰਗਾ ਗੁਨਾਹ ਕਰ ਰਹੇ ਹਨ, ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਸ. ਲਖਵੀਰ ਸਿੰਘ ਰਾਏ ਨੇ ਕਿਹਾ ਕਿ ਉਹਨਾਂ ਨੇ ਇਕ ਵਾਰ ਇਕ ਕਵੀਸ਼ਰੀ ਸੁਣੀ ਸੀ, ਉਸ ਵਿੱਚ ਇਤਿਹਾਸ ਦੀ ਇੱਕ ਗੱਲ ਸਾਂਝੀ ਕੀਤੀ ਗਈ ਸੀ ਕਿ ਪੁਰਾਣੇ ਸਮੇਂ ਵਿਚ ਘੜ੍ਹੇ ਵਿੱਚ ਪਾ ਕੇ ਧੀਆਂ ਨੂੰ ਦਬ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਇਕ ਪਰਿਵਾਰ ਨੇ ਇਕ ਧੀ ਨਾਲ ਅਜਿਹਾ ਹੀ ਕੀਤਾ ਪਰ ਇਕ ਮਹਾਤਮਾ ਦੇ ਕਹਿਣ ਉੱਤੇ ਉਸ ਧੀ ਨੂੰ ਬਾਹਰ ਕੱਢਿਆ ਗਿਆ।  ਉਹ ਧੀ ਸੀ ਰਾਜ ਕੌਰ, ਜਿਸ ਨੇ ਅੱਗੇ ਜਾ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ। ਇਸ ਲਈ ਧੀਆਂ ਨੂੰ ਬਚਾਇਆ ਜਾਵੇ ਤੇ ਉਹਨਾਂ ਨੂੰ ਸਿੱਖਿਅਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਉਹਨਾਂ ਕਿਹਾ ਕਿ ਅੱਜ ਧੀਆਂ ਕਿਸੇ ਵੀ ਗੱਲੋਂ ਘੱਟ ਨਹੀਂ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਤਕਰੀਬਨ ਸਾਰੇ ਵੱਡੇ ਅਹੁਦੇ ਮਹਿਲਾ ਅਫ਼ਸਰਾਂ ਕੋਲ ਹੀ ਹਨ। ਉਹਨਾਂ ਕਿਹਾ ਕਿ ਲਿੰਗ ਅਨੁਪਾਤ ਘਟ ਹੋਣਾ ਦਾ ਸਿਰਫ ਭਰੂਣ ਹੱਤਿਆ ਹੀ ਇੱਕ ਕਾਰਨ ਨਹੀਂ ਹੈ, ਸਗੋਂ ਇੱਕ ਔਲਾਦ ਤੱਕ ਮਹਿਦੂਦ ਹੋਣਾ ਵੀ ਇਸ ਲਈ ਜ਼ਿੰਮੇਵਾਰ ਹੈ। ਲਿੰਗ ਅਨੁਪਾਤ ਵਿੱਚ ਸੁਧਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਹਲਕਾ ਬਸੀ ਪਠਾਣਾਂ ਤੋਂ ਵਿਧਾਇਕ 

ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਬਹੁਤ ਲੰਮੇ ਸਮੇਂ ਤੋਂ ਅਜਿਹੇ ਪ੍ਰੋਗਰਾਮ ਹੁੰਦੇ ਰਹੇ ਹਨ ਤੇ ਉਹ ਖੁਦ ਅਜਿਹੇ ਪ੍ਰੋਗਰਾਮਾਂ ਵਿੱਚ  ਹਿੱਸਾ ਲੈਂਦੇ ਰਹੇ ਹਨ। ਸਮਾਜ ਵਿੱਚ ਜਿਹੜੇ ਲੋਕ ਔਰਤਾਂ ਤੇ ਧੀਆਂ ਉੱਤੇ ਅਤਿਆਚਾਰ ਕਰਦੇ ਹਨ, ਉਹਨਾਂ ਦੀ ਪਛਾਣ ਹੋਣੀ ਲਾਜ਼ਮੀ ਹੈ। ਇਸ ਲਈ ਕੋਈ ਔਰਤ ਜਾਂ ਧੀ ਚੁੱਪ ਨਾ ਰਹੇ। ਉਹਨਾਂ ਵਾਅਦਾ ਕੀਤਾ ਕੇ ਅਜਿਹਾ ਅਪਰਾਧ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਲੋੜ ਹੈ ਇਹਨਾਂ ਅਲਾਮਤਾਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇ। ਲਿੰਗ ਅਨੁਪਾਤ ਵਰਗੇ ਗੋਰਖ ਧੰਦਿਆਂ ਨੂੰ ਪੱਕੇ ਤੌਰ ਉੱਤੇ ਬੰਦ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਲਿੰਗ ਅਨੁਪਾਤ ਸੁਧਾਰਨ ਲਈ ਨਿੱਠ ਕੇ ਕੰਮ ਕੀਤਾ ਜਾਵੇਗਾ। ਉਹਨਾਂ ਹਲਕੇ ਦੀਆਂ ਔਰਤਾਂ ਨੂੰ ਅਪੀਲ ਕੀਤੀ ਕਿ ਜੇ ਕਿਤੇ ਤੁਹਾਨੂੰ ਲਗਦਾ ਹੈ ਕਿ ਸੁਣਵਾਈ ਨਹੀਂ ਹੋ ਰਹੀ ਤਾਂ ਉਹਨਾਂ ਦੀ ਮਦਦ ਲਈ ਉਹ ਖੁਦ ਹਾਜ਼ਰ ਹਨ। ਆਸ਼ਾ ਵਰਕਰ ਤੇ ਆਂਗਣਵਾੜੀ ਵਰਕਰ ਇਸ ਕਾਰਜ ਵਿੱਚ ਸਾਥ ਦੇਣ। ਹਲਕਾ ਅਮਲੋਹ ਦੇ ਵਿਧਾਇਕ 

ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ 

ਜਦੋਂ ਕੈਬਨਿਟ ਦੀ ਲਿਸਟ ਆਈ ਸੀ ਤਾਂ ਡਾ. ਬਲਜੀਤ ਕੌਰ ਦਾ ਨਾਮ ਪੜ੍ਹ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਸੀ। ਇਹਨਾਂ ਨੇ ਬਹੁਤ ਨਾਮ ਖੱਟਿਆ ਹੈ, ਲੋਕ ਸੇਵਾ ਕਰ ਕੇ। ਵਿਧਾਇਕ ਨੇ ਕਿਹਾ ਕਿ ਜਿਹੜੇ ਬੰਦੇ ਲਿੰਗ ਜਾਂਚ ਨਾਲ ਸਬੰਧਿਤ ਹਨ, ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਕਾਨੂੰਨ ਸ਼ਖਤ ਹੋਣੇ ਚਾਹੀਦੇ ਹਨ। ਮਜ਼ਬੂਤ ਕਾਨੂੰਨ ਦਾ ਖਰੜ ਤਿਆਰ ਕਰਨ ਵਿੱਚ ਜ਼ਿਲ੍ਹੇ ਦੇ ਤਿੰਨੇ ਵਿਧਾਇਕ ਸਹਿਯੋਗ ਦੇਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਨਵਾਂ ਦੌਰ ਆਇਆ ਹੈ ਤੇ ਸਲੋਗਨ ਵੀ ਨਵੇ ਹੋਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਮੁੱਖ ਮਹਿਮਾਨ ਦਾ ਰਸਮੀ ਤੌਰ ਉੱਤੇ ਸਵਾਗਤ ਕੀਤਾ ਤੇ ਕਿਹਾ ਕਿ ਲਿੰਗ ਅਨੁਪਾਤ ਦੀ ਬੇਹਤਰੀ ਲਈ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ।

ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਔਰਤਾਂ ਸਬੰਧੀ ਕਾਨੂੰਨਾਂ ਤੇ ਅਪਰਾਧਾਂ ਬਾਰੇ ਪ੍ਰੇਜ਼ਨਟੇਸ਼ਨ ਵੀ ਦਿੱਤੀ। ਇਸ ਮੌਕੇ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਸ. ਏ.ਪੀ.ਐਸ. ਸੰਧੂ  ਵੀ ਉਚੇਚੇ ਤੌਰ ਉੱਤੇ ਹਾਜ਼ਰ ਸਨ। ਇਸ ਮੌਕੇ ਤਿੰਨ ਪਿੰਡਾਂ, ਜਿਨ੍ਹਾਂ ਦਾ ਲਿੰਗ ਅਨੁਪਾਤ ਪਿਛਲੇ 06 ਸਾਲਾਂ ਵਿੱਚ ਵਧੀਆ ਰਿਹਾ ਹੈ,ਦਾ  ਸਨਮਾਨ ਕੀਤਾ ਗਿਆ ਤੇ 20- 20 ਹਜ਼ਾਰ ਦੇ ਚੈਕ ਸੌਂਪੇ ਗਏ। ਇਹਨਾਂ ਵਿੱਚ ਕਲਾਲ ਮਾਜਰਾ (ਅਮਲੋਹ), ਜਵੰਦਾ (ਬੱਸੀ ਪਠਾਣਾਂ) ਜਲਵੇਹੜੀ ਗਹਿਲਾਂ (ਸਰਹਿੰਦ) ਸ਼ਾਮਲ ਹਨ। ਲਿੰਗ ਅਨੁਪਾਤ ਵਿੱਚ ਸੁਧਾਰ ਤਹਿਤ ਤਿੰਨ ਪਿੰਡਾਂ ਦਾ ਹੋਰਨਾਂ ਪਿੰਡਾਂ ਨਾਲ ਰਾਬਤਾ ਕਰਵਾਇਆ ਜਾਵੇਗਾ। ਇਸ ਮੌਕੇ ਓ.ਪੀ ਬਾਂਸਲ ਸਕੂਲ, ਮੰਡੀ ਗੋਬਿੰਦਗੜ੍ਹ ਦੇ ਵਿਦਿਆਰਥੀਆਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ ਬਾਬਤ ਗੀਤ

"ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ" ਪੇਸ਼ ਕੀਤਾ।ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੇ ਨਾਟਕ ਰਾਹੀਂ ਲੜਕੀਆਂ ਨੂੰ ਬਚਾਉਣ ਦਾ ਸੁਨੇਹਾ ਦਿੱਤਾ।  ਆਂਗਣਵਾੜੀ ਵਰਕਰਾਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਦਿੱਤੀ ਗਈ। ਨਵਜੰਮੀਆਂ ਬੱਚੀਆਂ ਤੇ ਓਹਨਾ ਦੀਆਂ ਮਾਵਾਂ ਦਾ ਸਨਮਾਨ ਕੀਤਾ ਗਿਆ।ਕੌਮੀ ਪੱਧਰ ਦੀਆਂ 10 ਤੇ ਕੌਮਾਂਤਰੀ ਪੱਧਰ ਦੀਆਂ 03 ਖਿਡਾਰਨਾਂ ਦਾ ਸਨਮਾਨ ਕੀਤਾ ਗਿਆ। ਸੀਡੀਪੀਓ ਬਲਾਕਾਂ ਨੂੰ ਲੈਪਟਾਪ ਦਿੱਤੇ ਗਏ। ਇਸ ਮੌਕੇ ਸੈੱਲ ਡਿਫੈਂਸ ਕਲਾਸਾਂ ਸਬੰਧੀ 20 ਲੜਕੀਆਂ ਨੂੰ ਟੀ ਸ਼ਰਟਾਂ ਤੇ ਬੂਟ, ਸਰਟੀਫਿਕੇਟ ਦਿੱਤੇ ਗਏ। 

"ਮੇਰੀ ਬੇਟੀ ਮੇਰੀ ਸ਼ਾਨ" ਤਹਿਤ ਮਾਪਿਆਂ ਤੇ ਉਹਨਾਂ ਦੀਆਂ ਧੀਆਂ ਦਾ ਸਨਮਾਨ ਕੀਤਾ, ਜਿਨ੍ਹਾਂ ਨੇ ਔਕੜਾਂ ਦੇ ਬਾਵਜੂਦ ਆਪਣੀਆਂ 11 ਲੜਕੀਆਂ ਨੂੰ ਸਿੱਖਿਆ ਤੋਂ ਸੱਖਣਾ ਨਹੀਂ ਰਹਿਣ ਦਿੱਤਾ। ਇਸ ਮੌਕੇ ਫਿਲਮ "ਗੁੱਡੀ" ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ, ਜੋ ਧੀਆਂ ਨੂੰ ਬਚਾਉਣ ਦਾ ਸੁਨੇਹਾ ਦਿੰਦੀ ਹੈ। ਇਸ ਤੋਂ ਇਲਾਵਾ ਤਿੰਨੇ ਵਿਧਾਇਕਾਂ, ਡਾਇਰੈਕਟਰ ਸਮਾਜਕ ਸੁਰੱਖਿਆ ਅਰਵਿੰਦਰ ਪਾਲ ਸਿੰਘ ਸੰਧੂ ਆਈਏਐੱਸ , ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਜ਼ਿਲ੍ਹਾ ਪੁਲੀਸ ਮੁਖੀ ਰਵਜੋਤ ਕੌਰ ਗਰੇਵਾਲ, ਏਡੀਸੀ ਅਨੁਪ੍ਰਿਤਾ ਜੌਹਲ,  ਏਡੀਸੀ ਜਨਰਲ ਅਨੀਤਾ ਦਰਸ਼ੀ, ਐਸਡੀਐਮ ਫਤਹਿਗੜ੍ਹ ਸਾਹਿਬ ਹਿਮਾਂਸ਼ੂ ਗੁਪਤਾ ਮਨਦੀਪ ਕੌਰ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਦਾ ਸਨਮਾਨ ਕੈਬਨਿਟ ਮੰਤਰੀ ਵਲੋਂ  ਕੀਤਾ ਗਿਆ। ਅੰਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ  ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਦੇ ਹੱਲ ਦਾ ਭਰੋਸਾ ਦਿੱਤਾ।

ਨਵੇਂ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਪਲਾਈ ਕਰਨ ਲਈ ਪੋਰਟਲ ਖੁੱਲਾ : ਵਧੀਕ ਡਿਪਟੀ ਕਮਿਸ਼ਨਰ

ਫਰੀਸ਼ਿਪ ਕਾਰਡ ਅਪਲਾਈ ਕਰਨ ਤੋਂ ਪਹਿਲਾਂ ਪੋਰਟਲ 'ਤੇ ਰਜਿਸਟਰ ਕਰਨ ਲਈ

 

ਆਧਾਰ ਨੰਬਰ ਹੋਣਾ ਜਰੂਰੀ : ਗੁਰਿੰਦਰ ਜੀਤ ਸਿੰਘ

 

ਮਾਲੇਰਕੋਟਲਾ 27 ਅਪ੍ਰੈਲ  (ਰਣਜੀਤ ਸਿੱਧਵਾਂ)   :    ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਅਪਲਾਈ ਕਰਨ ਲਈ 21 ਅਪ੍ਰੈਲ ਤੋਂ ਪੋਰਟਲ ਖੋਲ ਦਿੱਤਾ ਗਿਆ ਹੈ। ਜ਼ਿਲ੍ਹੇ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਸਕੀਮ ਦਾ ਲਾਭ ਲੈਣ ਲਈ ਦੀ ਅਪੀਲ ਕਰਦਿਆ ਦੱਸਿਆ ਕਿ ਇਸ ਪੋਰਟਲ 'ਤੇ ਸਕੀਮ ਦੇ ਨਿਯਮਾਂ ਅਨੁਸਾਰ ਨਵੇਂ ਵਿਦਿਆਰਥੀ ਹੀ ਅਪਲਾਈ ਕਰ ਸਕਦੇ ਹਨ। ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਰਾਜ ਤੇ ਮੁਲਰੂਪ 'ਚ ਵਸਨੀਕ ਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀ, ਜਿਨ੍ਹਾਂ ਦੇ ਮਾਤਾ-ਪਿਤਾ/ਸਰਪ੍ਰਸਤਾਂ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ ਅਤੇ ਉਹ ਦਸਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਸੰਸਥਾਵਾਂ ਵਿੱਚ ਉਚੇਰੀ ਵਿੱਦਿਆ ਲੈਣ ਲਈ ਵਜ਼ੀਫੇ ਦੇ ਯੋਗ ਹਨ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਟੂ ਸਟੂਡੈਂਟਸ ਬਿਲੋਗਿੰਗ ਟੂ ਸ਼ਡਿਊਲਡ ਕਾਸਟ ਫਾਰ ਸਟੱਡੀਜ਼ ਇੰਨ ਇੰਡੀਆ ਸਕੀਮ ਤਹਿਤ ਸਾਲ 2022-23 ਲਈ ਨਵੇਂ ਵਿਦਿਆਰਥੀਆਂ ਨੂੰ ਫਰੀਸ਼ਿਪ ਕਾਰਡ ਜਾਰੀ ਕਰਨ ਲਈ ਭਲਾਈ ਵਿਭਾਗ ਦੀ ਵੈਬਸਾਈਟ  www.scholarships.gov.in ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਖੋਲਿਆ ਗਿਆ ਹੈ। ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਗੁਰਿੰਦਰ ਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਫਰੀਸ਼ਿਪ ਕਾਰਡ ਅਪਲਾਈ ਕਰਨ ਤੋਂ ਪਹਿਲਾਂ ਪੋਰਟਲ 'ਤੇ ਰਜਿਸਟਰ ਕਰਨ ਲਈ ਆਧਾਰ ਨੰਬਰ ਹੋਣਾ ਜਰੂਰੀ ਹੈ। ਇਸ ਤੋਂ ਇਲਾਵਾ ਆਨਲਾਈਨ ਅਪਲਾਈ ਕਰਨ ਸਮੇਂ ਫੋਟੋ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਅਤੇ ਪਿਛਲੀ ਕਲਾਸ ਦੇ ਡੀ.ਐਮ.ਸੀ ਜਾਂ ਡਿਗਰੀ ਸਰਟੀਫਿਕੇਟ ਵੀ ਅਪਲੋਡ ਕੀਤੇ ਜਾਣਗੇ। ਅਪਲਾਈ ਹੋਣ ਤੋਂ ਬਾਅਦ ਯੋਗ ਵਿਦਿਆਰਥੀ ਆਪਣਾ ਫਰੀਸ਼ਿਪ ਕਾਰਡ ਪੋਰਟਲ ਤੋਂ ਡਾਊਨਲੋਡ ਕਰਕੇ ਜਿਸ ਸੰਸਥਾ ਵਿੱਚ ਦਾਖਲਾ ਲੈਣਾ ਹੈ, ਵਿਖੇ ਜਮ੍ਹਾਂ ਕਰਵਾਉਣਗੇ। ਫਰੀਸ਼ਿਪ ਕਾਰਡ ਸਬੰਧੀ ਕਿਸੇ ਵੀ ਵਿਦਿਆਰਥੀ ਨੂੰ ਜੇਕਰ ਕੋਈ ਵੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਆਪਣੀ ਤਹਿਸੀਲ ਨਾਲ ਸਬੰਧਤ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਦੇ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।

ਵਰਕ ਪਰਮਿਟ ਦੇ ਆਧਾਰ 'ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 29 ਲੱਖ 30 ਹਜ਼ਾਰ ਦੀ ਠੱਗੀ 

ਪਤੀ-ਪਤਨੀ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ

ਮੋਗਾ 26 ਅਪ੍ਰੈਲ ( ਉਂਕਾਰ ਸਿੰਘ ਦੌਲੇਵਾਲ, ਰਣਜੀਤ ਸਿੰਘ ਰਾਣਾ ਸ਼ੇਖਦੌਲਤ )ਬਹੋਨਾ ਚੌਕ ਮੋਗਾ ਨਿਵਾਸੀ ਕੁਲਜੀਤ  ਕੌਰ ਨੂੰ ਦੋ ਸਾਲ ਦੇ ਵਰਕ ਪਰਮਿਟ 'ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕੋਟ ਈਸੇ ਖਾਂ ਨਿਵਾਸੀ ਪਤੀ-ਪਤਨੀ ਵੱਲੋਂ 29 ਲੱਖ 30 ਹਜ਼ਾਰ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ ।ਪੁਲੀਸ ਨੇ ਜਾਂਚ ਦੇ ਬਾਅਦ ਦੋਸ਼ੀਆਂ ਖਿਲਾਫ ਧੋਖਾਦੇਹੀ ਅਤੇ ਹੋਰਨਾਂ ਧਾਰਾਵਾਂ ਤਹਿਤ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਮਨਦੀਪ ਕੌਰ ਨਿਵਾਸੀ ਟੀਚਰ ਕਾਲੋਨੀ ਮੋਗਾ ਨੇ ਕਿਹਾ ਕਥਿਤ ਦੋਸ਼ੀਆਂ ਸੁਖਵੰਤ ਸਿੰਘ ਉਰਫ ਸੁੱਖਾ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਉਰਫ ਸਿਮਰਨ ਕੌਰ ਦੋਨੋਂ ਨਿਵਾਸੀ ਦਾਤਾ ਰੋਡ ਕੋਟ ਈਸੇ ਖਾਂ ਹਾਲ ਜੁਝਾਰ ਨਗਰ ਮੋਗਾ ਨਾਲ ਆਪਣੀ ਬੇਟੀ ਕੁਲਜੀਤ ਕੌਰ ਨੂੰ ਕੈਨੇਡਾ ਦੋ ਸਾਲ ਦੇ ਵਰਕ ਪਰਮਿਟ 'ਤੇ ਭੇਜਣ ਦੀ ਗੱਲ ਕੀਤੀ ਤਾਂ ਕਥਿਤ ਦੋਸ਼ੀਆਂ ਨੇ ਕਿਹਾ ਕਿ 32 ਲੱਖ ਰੁਪਏ ਖਰਚਾ ਆਵੇਗਾ ।ਜਿਸ ਤੇ ਮੈਂ ਆਪਣੀ ਬੇਟੀ ਕੁਲਜੀਤ ਕੌਰ ਦੇ ਦਸਤਾਵੇਜ਼ ਅਤੇ ਪੈਸੇ ਦੇ ਦਿੱਤੇ ।ਦੋਸ਼ੀਆਂ ਨੇ ਮਿਲੀਭੁਗਤ ਕਰ ਕੇ 13 ਨਵੰਬਰ 2019 ਨੂੰ ਮੇਰੀ ਬੇਟੀ ਕੁਲਜੀਤ ਕੌਰ  ਦਾ ਜਲੰਧਰ ਤੋਂ ਬਾਇਓ ਮੈਟ੍ਰਿਕਸ ਕਰਵਾ ਦਿੱਤਾ ਅਤੇ 17 ਜਨਵਰੀ 2020 ਨੂੰ ਕਿਹਾ ਕਿ ਤੁਹਾਡੀ ਬੇਟੀ ਦਾ ਵੀਜ਼ਾ ਆ ਗਿਆ ਹੈ ।ਜਿਸ ਦੀ ਕਾਪੀ ਉਨ੍ਹਾਂ ਵ੍ਹੱਟਸਐਪ ਤੇ ਭੇਜ ਦਿੱਤੀ। ਉਨ੍ਹਾਂ ਕਿਹਾ ਕਿ ਕੁਲਜੀਤ ਕੌਰ ਦੀ ਕੈਨੇਡਾ ਤੋਂ ਵੈਨਕੂਵਰ ਲਈ 4 ਅਕਤੂਬਰ 2020 ਦੀ ਟਿਕਟ ਕਰਵਾ ਦਿੱਤੀ ਹੈ ।ਜਦੋਂ ਮੈਨੂੰ ਸੁਖਵੰਤ ਸਿੰਘ ਨੇ ਇਕ ਲੜਕੀ ਨਾਲ ਗੱਲਬਾਤ ਕਰਨ ਲਈ ਕਿਹਾ ਤਾਂ ਉਸ ਨੇ ਸਾਨੂੰ ਕਿਹਾ ਕਿ ਤੁਸੀਂ ਲੜਕੀ ਨੂੰ ਨਾ ਭੇਜਣਾ,ਮੈਂ ਵਾਪਸ ਆ ਰਹੀ ਹਾਂ ।'ਤੇ ਅਸੀਂ ਉਸ ਨਾਲ ਗੱਲਬਾਤ ਕੀਤੀ ਅਤੇ ਵੀਜ਼ਾ ਅਤੇ ਟਿਕਟ ਦੀ ਜਾਂਚ ਕਰਵਾਈ ਤਾਂ ਉਹ ਜਾਅਲੀ ਨਿਕਲੇ ।ਸਾਡੇ ਵੱਲੋਂ ਰੌਲਾ ਪਾਉਣ ਤੇ ਕਥਿਤ ਦੋਸ਼ੀ ਸੁਖਵੰਤ ਸਿੰਘ ਨੇ 1 ਲੱਖ 70 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਅਤੇ ਗਾਰੰਟੀ ਵਜੋਂ ਦੋ ਚੈੱਕ ਦੇ ਦਿੱਤੇ ਅਤੇ ਕਿਹਾ ਕਿ ਤੁਹਾਡੇ ਪੈਸੇ ਜਲਦ ਵਾਪਸ ਕਰ ਦੇਵਾਂਗਾ।ਪਰ ਉਸ ਨੇ ਨਾ ਤਾਂ ਪੈਸੇ ਵਾਪਸ ਕੀਤੇ ,ਜਦੋਂ ਚੈੱਕ ਲਾਏ ਤਾਂ ਉਹ ਵੀ ਪੈਸੇ ਨਾ ਆਉਣ ਤੇ ਵਾਪਸ ਆ ਗਏ ।ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੇਰੀ ਬੇਟੀ ਦੇ ਸਾਰੇ ਦਸਤਾਵੇਜ਼ ਵੀ ਆਪਣੇ ਕੋਲ  ਰੱਖ ਲਏ ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਸਾਡੇ ਨਾਲ 29 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ।ਜ਼ਿਲਾ ਪੁਲਸ ਮੁਖੀ ਮੋਗਾ ਦੇ ਆਦੇਸ਼ਾਂ 'ਤੇ ਮੋਗਾ ਪੁਲੀਸ ਵੱਲੋਂ ਇਸ ਦੀ ਜਾਂਚ ਕੀਤੀ ਗਈ ਅਤੇ ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਉਕਤ ਮਾਮਲਾ ਦਰਜ ਕੀਤਾ ਗਿਆ ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸਾਹਿਬ ਸਿੰਘ ਵੱਲੋਂ ਕੀਤੀ ਜਾ ਰਹੀ ਹੈ  ।ਉਨ੍ਹਾਂ ਕਿਹਾ ਕਿ  ਗ੍ਰਿਫਤਾਰੀ ਬਾਕੀ ਹੈ ।

 

ਸਰਾਭਾ ਵਿਖੇ ਵਿਸ਼ਵ ਟੀਕਾਕਰਨ ਦਿਵਸ ਮਨਾਇਆ

ਸਰਾਭਾ,  26 ਅਪ੍ਰੈਲ ( ਸਤਵਿੰਦਰ ਸਿੰਘ ਗਿੱਲ ) ਸ਼ਹੀਦ ਕਰਤਾਰ ਸਿੰਘ ਕਾਲਜ ਆਫ਼ ਨਰਸਿੰਗ ਵੱਲੋਂ ਪਿੰਡ ਸਰਾਭਾ ਵਿਖੇ "ਸਭ ਲਈ ਲੰਬੀ ਉਮਰ" ਵਿਸ਼ੇ ਅਧੀਨ ਵਿਸ਼ਵ ਟੀਕਾਕਰਨ ਦਿਵਸ ਮਨਾਇਆ। ਇਸ ਮੌਕੇ ਡਾ: ਪ੍ਰਭਜੋਤ ਸੈਣੀ ਪ੍ਰਿੰਸੀਪਲ ਸ਼ਹੀਦ ਕਰਤਾਰ ਸਿੰਘ ਕਾਲਜ ਆਫ਼ ਨਰਸਿੰਗ ਦੀ ਦੇਖ-ਰੇਖ ਹੇਠ ਕਮਿਊਨਿਟੀ ਹੈਲਥ ਨਰਸਿੰਗ  ਵਿਭਾਗ ਵੱਲੋਂ ਕਰਵਾਇਆ ਗਿਆ।ਬੀ.ਐਸ.ਸੀ ਤੀਸਰੇ ਸਾਲ ਦੇ ਵਿਦਿਆਰਥੀਆਂ ਨੇ ਟੀਕਾਕਰਨ ਸਬੰਧੀ ਨੁੱਕੜ ਨਾਟਕ ਪੇਸ਼ ਕੀਤਾ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸਿਹਤ ਜਾਂਚ ਕੀਤੀ। ਇਸ ਮੌਕੇ ਸਰਾਭਾ ਦੀ ਸੀ ਐਚ ਓ ਸ੍ਰੀਮਤੀ ਜਸਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਡਾ: ਪ੍ਰਭਜੋਤ ਸੈਣੀ ਨੇ ਟੀਕਾਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਸਮੇਂ ਪੰਚਾਇਤ ਮੈਂਬਰ ਕੈਪਟਨ ਕਮਿੱਕਰ ਸਿੰਘ ਸਰਾਭਾ  ਅਤੇ ਹਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ ।

ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਵਿਖੇ  ਪਹਿਲੀ  ਵਾਰਸ਼ਿਕ ਕਨਵੋਕੇਸ਼ਨ   ਕਰਵਾਈ ਗਈ 

ਅੱਚਲ ਸਾਹਿਬ , 26 ਅਪ੍ਰੈਲ (ਹਰਪਾਲ ਸਿੰਘ,ਧੰਨਪਾਲ ਸਿੰਘ ਕਲਸੀ ) ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਦੇ  ਓ ਐੱਸ ਡੀ ਪ੍ਰਿੰਸੀਪਲ ਵੀ ਕੇ ਸਿੰਘ  ਜੀ ਦੀ ਰਹਿਨਮਈ ਹੇਠ ਪਹਿਲਾ ਡਿਗਰੀ ਵੰਡ ਸਮਾਰੋਹ ਆਯੋਜਿਤ  ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ  ਟੀ ਐੱਸ  ਬੈਨੀਪਾਲ ( ਡੀਨ ਕਾਲਜ  ਵਿਕਾਸ ਕੌਂਸਲ  )ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ  ਪ੍ਰਿੰਸੀਪਲ ਡਾ  ਕਮਲ ਕਿਸ਼ੋਰ ਜੀ, ਪ੍ਰੋਫੈਸਰ ਜੀ ਐਸ ਕਲਸੀ , ਸ ਸਰਦੂਲ ਸਿੰਘ,  ਪ੍ਰਿੰਸੀਪਲ ਰਜਨੀ ਜੀ,  ਪ੍ਰੋ :ਸੁਨੀਤਾ ਜੀ    ਪ੍ਰਿੰਸੀਪਲ ਮਨਦੀਪ ਜੀ,  ਸ੍ਰੀ ਗੁਰਨਾਮ ਸਿੰਘ ਜੀ , ਮਾਸਟਰ ਹਰਪਾਲ ਸਿੰਘ , ਪ੍ਰਿੰਸੀਪਲ ਰਜਵੰਤ ਕੌਰ ਨੇ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ  ਸਮਾਰੋਹ ਦੀ ਆਰੰਭਤਾ  ਕਾਲਜ ਪ੍ਰਿੰਸੀਪਲ ਅਤੇ ਮੁੱਖ ਮਹਿਮਾਨਾਂ  ਅਤੇ ਸਮੂਹ ਸਟਾਫ ਵੱਲੋਂ ਸ਼ਮ੍ਹਾਂ ਰੋਸ਼ਨ ਕਰਕੇ ਕੀਤੀ ਉਪਰੰਤ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ  ਪ੍ਰੋਫ਼ੈਸਰ ਡਾ ਵੀ ਕੇ ਸਿੰਘ ਜੀ ਨੇ  ਮਹਿਮਾਨਾਂ ਦਾ ਨਿੱਘਾ ਸਵਾਗਤ ਕਰਨ ਉਪਰੰਤ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ  ਇਸ ਤੋਂ ਬਾਅਦ ਪ੍ਰੋ ਗੁਰਵੰਤ   ਕੌਰ ਮੁਖੀ ਪੰਜਾਬੀ ਵਿਭਾਗ ਐਮ ਏ  ਦੇ ਡਿਗਰੀ ਪ੍ਰਾਪਤ ਕਰਨ ਵਾਲੇ,  ਪ੍ਰੋਫੈਸਰ  ਰਮਨਜੀਤ ਕੌਰ ਮੁਖੀ ਫਿਜ਼ਿਕਸ  ਵਿਭਾਗ ਨੇ  ਬੀ ਐਸ ਸੀ,  ਪ੍ਰੋਫੈਸਰ ਸਮਸ਼ੇਰ ਸਿੰਘ ਮੁਖੀ ਕੰਪਿਊਟਰ ਵਿਭਾਗ ਨੇ  ਬੀਸੀਏ,  ਪ੍ਰੋਫ਼ੈਸਰ ਧੀਰਜ ਗਿਰੀ  ਮੁਖੀ  ਕਾਮਰਸ  ਨੇ ਬੀ ਕੌਮ ਅਤੇ  ਪ੍ਰੋਫੈਸਰ ਕਿਰਨਜੀਤ ਕੌਰ ਮੁਖੀ  ਇਕਨੌਮਿਕਸ ਵਿਭਾਗ ਨੇ  ਬੀਏ ਦੀ ਡਿਗਰੀ ਪ੍ਰਾਪਤ ਕਰਨ ਵਾਲੇ  ਵਿਦਿਆਰਥੀ ਪੇਸ਼ ਕੀਤੇ  ਪ੍ਰਿੰਸੀਪਲ ਸਾਹਿਬ  ਮੁੱਖ ਮਹਿਮਾਨ ਅਤੇ  ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ ਸੰਦੀਪ ਕੌਰ ਵੱਲੋਂ  ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ  ਉਪਰੰਤ  ਟੀ ਐੱਸ ਬੈਨੀਪਾਲ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਹਮੇਸ਼ਾਂ  ਸਕਾਰਤਮਿਕ  ਸੋਚ ਅਤੇ ਜੀਵਨ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਹਮੇਸ਼ਾਂ ਸਖ਼ਤ ਮਿਹਨਤ   ਕਰਨ ਲਈ  ਪ੍ਰੇਰਿਤ ਕੀਤਾ  ਇਸ ਮੌਕੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ 175 ਵਿਦਿਆਰਥੀਆਂ  ਨੂੰ ਡਿਗਰੀਆਂ ਵੰਡੀਆਂ ਗਈਆਂ  ਸਮਾਰੋਹ ਦੇ ਅੰਤ ਵਿਚ ਤੇ ਮੁਖੀ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ ਸੰਦੀਪ ਕੌਰ ਵੱਲੋਂ  ਵਿਸ਼ੇਸ਼ ਮਹਿਮਾਨ 
ਪਹੁੰਚੇ ਹੋਏ ਪਤਵੰਤੇ ਸੱਜਣਾਂ ਕਾਲਜ ਸਟਾਫ ਵਿਦਿਆਰਥੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ  ਡਿਗਰੀ ਵੰਡ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗਾਇਨ ਨਾਲ ਕੀਤੀ ਗਈ।

ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਤ ਕੀਤਾ

ਹਠੂਰ, 25 ਅਪ੍ਰੈਲ- (ਕੌਸ਼ਲ ਮੱਲ੍ਹਾ) -ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਅਤੇ ਚੇਅਰਪਰਸਨ ਬੀਬੀ ਸੁਖਦੀਪ ਕੌਰ ਯੂ ਐਸ ਦੀ ਅਗਵਾਈ ਹੇਠ ਸਕੂਲ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਬੀਤੇ ਸਾਲ ਅਕਤੂਬਰ 2021 ਵਿਚ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਟਰੱਸਟ ਵੱਲੋ ਸਾਡੇ ਸਕੂਲ ਦੇ ਵਿਿਦਆਰਥੀਆ ਦੀ ਧਾਰਮਿਕ ਪ੍ਰੀਖਿਆ ਲਈ ਗਈ ਸੀ ਜਿਸ ਵਿਚੋ 35 ਬੱਚਿਆ ਨੇ ਮੁੱਢਲੀਆ ਪੁਜੀਸਨਾ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ,ਆਪਣਾ ਅਤੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕੀਤਾ।ਇਨ੍ਹਾ ਪੁਜੀਸਨਾ ਪ੍ਰਾਪਤ ਕਰਨ ਵਾਲੇ ਅੱਜ 35 ਬੱਚਿਆ ਨੂੰ ਟਰੱਸਟ ਵੱਲੋ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਟਰੱਸਟ ਦੇ ਪ੍ਰਚਾਰਕ ਭਾਈ ਗੁਰਜੀਤ ਸਿੰਘ ਗੰਗੋਹਰ,ਵਾਈਸ ਪ੍ਰਿੰਸੀਪਲ ਕਸਮੀਰ ਸਿੰਘ,ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਕੁਲਵਿੰਦਰ ਸਿੰਘ ਰਾਊਕੇ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਗੁਰਪ੍ਰੀਤ ਸਿੰਘ,ਗੁਰਚਰਨ ਸਿੰਘ ਬੁੱਟਰ,ਕੁਲਵੰਤ ਸਿੰਘ ਬੁੱਟਰ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
 

'5ਜੈਬ ਗੋਲਡਨ ਗਲਵਜ਼' ਦੇ ਖਿਤਾਬ 'ਤੇ ਰਾਹੁਲ ਕਰਨਾਲ ਅਤੇ ਸੁਖਮਨਦੀਪ ਕੌਰ ਚਕਰ ਨੇ ਮਾਰੀ ਬਾਜ਼ੀ

ਹਠੂਰ,25,ਅਪ੍ਰੈਲ-(ਕੌਸ਼ਲ ਮੱਲ੍ਹਾ)-'5ਜੈਬ ਫਾਊਂਡੇਸ਼ਨ' ਦੇ ਸਹਿਯੋਗ ਅਤੇ ਸਰਪ੍ਰਸਤੀ ਵਿੱਚ ਪਿੰਡ ਚਕਰ ਵਿਖੇ ਪਹਿਲਾ '5ਜੈਬ ਗੋਲਡਨ ਗਲਵਜ਼ ਬਾਕਸਿੰਗ ਟੂਰਨਾਮੈਂਟ' ਕਰਾਇਆ ਗਿਆ।ਜਿਸ ਵਿਚ 5ਜੈਬ ਫਾਊਂਡੇਸ਼ਨ ਦੇ ਫਾਊਂਡਰ ਜਗਦੀਪ ਸਿੰਘ ਘੁੰਮਣ. ਡਾਇਰੈਕਟਰ ਸਵਰਨ ਸਿੰਘ ਘੁੰਮਣ, ਡਾਇਰੈਕਟਰ ਜਗਰੂਪ ਸਿੰਘ ਜਰਖੜ ਅਤੇ ਡਾਇਰੈਕਟਰ ਪ੍ਰਿੰ. ਬਲਵੰਤ ਸਿੰਘ ਸੰਧੂ ਦੀ ਅਗਵਾਈ ਵਿੱਚ ਹੋਏ ਇਸ ਟੂਰਨਾਮੈਂਟ ਵਿੱਚ ਚਕਰ, ਜਰਖੜ (ਲੁਧਿਆਣਾ), ਤਲਵਾੜਾ (ਕਪੂਰਥਲਾ) ਅਤੇ ਕਰਨਾਲ (ਹਰਿਆਣਾ) ਦੀਆਂ ਬਾਕਸਿੰਗ ਟੀਮਾਂ ਨੇ ਹਿੱਸਾ ਲਿਆ।ਇਸ ਟੂਰਨਾਮੈਂਟ ਵਿੱਚ ਤਹਿਸੀਲ ਭਲਾਈ ਅਫ਼ਸਰ ਜਗਰਾਉਂ, ਕੁਲਵੰਤ ਸਿੰਘ ਸੰਧੂ ਨੇ ਮੱੁਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ।ਇਸ ਟੂਰਨਾਮੈਂਟ ਵਿੱਚ 28-30 ਕਿਲੋ ਭਾਰ ਵਰਗ ਵਿੱਚ ਜਗਤਾਰ ਸਿੰਘ ਤਲਵਾੜਾ ਨੇ ਸ਼ਗਨਦੀਪ ਸਿੰਘ ਚਕਰ ਨੂੰ,42-44 ਭਾਰ ਵਰਗ ਵਿੱਚ ਨਵਨੂਰ ਕਰਨਾਲ ਨੇ ਹਰਗੁਣ ਸਿੰਘ ਜਰਖੜ ਨੂੰ,45-48 ਭਾਰ ਵਰਗ ਵਿੱਚ ਹਰਜੋਤ ਸਿੰਘ ਜਰਖੜ ਨੇ ਅਰਵਿੰਦ ਨੂੰ, 52-54 ਵਿੱਚ ਵੰਸ਼

ਕਰਨਾਲ ਨੇ ਸੁਸ਼ਾਂਤ ਨੂੰ ਹਰਾ ਕੇ ਸੋਨ ਤਗਮੇ ਜਿੱਤੇ।ਸੀਨੀਅਰ ਵਰਗ ਵਿੱਚ 52-54 ਕਿਲੋ ਵਰਗ ਵਿਚ ਸੁਖਜਿੰਦਰ ਸਿੰਘ ਜਰਖੜ ਨੇ ਹਰਮਨਪ੍ਰੀਤ ਸਿੰਘ ਨੂੰ,57-60 ਵਿੱਚ ਰਾਹੁਲ ਕਰਨਾਲ ਨੇ ਸਤਪਾਲ ਨੂੰ,60-64 ਭਾਰ ਵਰਗ ਵਿੱਚ ਅਕਾਂਸਤੀ ਕਰਨਾਲ ਨੇ ਵਿਸ਼ਾਲ ਨੂੰ, 75-80 ਵਿੱਚ ਤੇਜਸ ਕਰਨਾਲ ਨੇ ਹਰਮਨ ਸਿੰਘ ਚਕਰ ਨੂੰ, 85-90 ਭਾਰ ਵਰਗ ਵਿੱਚ ਜਗਦੀਪ ਸਿੰਘ ਕਰਨਾਲ ਨੇ ਜਸਪ੍ਰੀਤ ਸਿੰਘ ਚਕਰ ਨੂੰ ਹਰਾ ਕੇ ਸੋਨ ਤਗ਼ਮੇ ਜਿੱਤੇ।ਲੜਕੀਆਂ ਵਿੱਚ 40-42 ਭਾਰ ਵਰਗ ਵਿੱਚ ਸੁਮਨਪ੍ਰੀਤ ਕੌਰ ਚਕਰ ਨੇ ਕੋਮਲ ਤਲਵਾੜਾ ਨੂੰ,44-46 ਵਿੱਚ ਸੁਖਮਨਦੀਪ ਕੌਰ ਚਕਰ ਨੇ ਪ੍ਰਦੀਪ ਕੌਰ ਨੂੰ ਹਰਾ ਕੇ,48-50 ਵਿੱਚ ਸਵਰੀਤ ਕੌਰ ਚਕਰ ਨੇ ਸੁਸ਼ਿਤਾ ਕਰਨਾਲ ਨੂੰ,50-52 ਕਿਲੋ ਵਰਗ ਵਿੱਚ ਹਰਪ੍ਰੀਤ ਕੌਰ ਚਕਰ ਨੇ ਦਰੋਪਦੀ ਨੂੰ ਹਰਾ ਕੇ ਸੋਨ ਤਗਮੇ ਜਿੱਤੇ।'5ਜੈਬ ਗੋਲਡਨ ਗਲਵਜ਼' ਦਾ ਖਿਤਾਬ ਟੂਰਨਾਮੈਂਟ ਦੇ ਬਿਹਤਰੀਨ ਮੁੱਕੇਬਾਜ਼ ਰਾਹੁਲ ਕਰਨਾਲ ਅਤੇ ਸੁਖਮਨਦੀਪ ਕੌਰ ਚਕਰ ਨੇ ਜਿੱਤਿਆ।ਇਸ ਮੌਕੇ ਹੈਵੀਵੇਟ ਵਿੱਚ ਰਮਨਪ੍ਰੀਤ ਰੂਸੀ ਲੰਮਾ ਅਤੇ ਆਰਮੀ ਦੇ ਮੱੁਕੇਬਾਜ਼ ਗੁਰਵੰਤ ਸਿੰਘ ਵਿਚਕਾਰ ਪ੍ਰਦਰਸ਼ਨੀ ਮੈਚ ਸਭ ਤੋਂ ਦਿਲਚਸਪ ਰਿਹਾ।ਇਨਾਮਾਂ ਦੀ ਵੰਡ ਮੱੁਖ ਮਹਿਮਾਨ ਕੁਲਵੰਤ ਸਿੰਘ ਸੰਧੂ ਨੇ ਕੀਤੀ।ਇਸ ਸਮੇਂ 5ਜੈਬ ਫਾਊਂਡੇਸ਼ਨ ਦੇ ਡਾਇਰੈਕਟਰ ਸਵਰਨ ਸਿੰਘ ਘੁੰਮਣ,ਡਾਇਰੈਕਟਰ ਜਗਰੂਪ ਸਿੰਘ ਜਰਖੜ, ਕੈਪਟਨ ਸਤਪਾਲ ਸਿੰਘ ਕਰਨਾਲ,ਸਰਪੰਚ ਸੁਖਦੇਵ ਸਿੰਘ,ਸੀਨੀਅਰ ਬਾਕਸਿੰਗ ਕੋਚ ਭੁਪਿੰਦਰ ਸਿੰਘ ਮੁਕਤਸਰ,ਕੋਚ ਅੰਤਰ ਸਿੰਘ, ਕੋਚ ਗੁਰਤੇਜ ਸਿੰਘ, ਕੋਚ ਮਿੱਤ ਸਿੰਘ, ਕੋਚ ਲਵਪ੍ਰੀਤ ਕੌਰ,ਅਕੈਡਮੀ ਮੈਂਬਰ ਜਸਕਿਰਨਪ੍ਰੀਤ ਸਿੰਘ, ਸੁਖਵੀਰ ਸਿੰਘ, ਅਮਿਤ ਕੁਮਾਰ, ਹਰਜੀਤ ਸਿੰਘ,ਜਗਵਿੰਦਰ ਸਿੰਘ,ਬਲਵੀਰ ਕੌਰ,ਡਾ. ਜਸਵਿੰਦਰ ਸਿੰਘ ਸਿੱਧੂ,ਬਾਈ ਰਛਪਾਲ ਸਿੰਘ ਚਕਰ, ਗੁਰਕੀਰਤ ਸਿੰਘ ਸੰਧੂ ਤੋਂ ਇਲਾਵਾ ਬਹੁਤ ਸਾਰੇ ਖਿਡਾਰੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਹਾਜ਼ਰ ਸਨ।'5ਜੈਬ ਫਾਊਂਡੇਸ਼ਨ ਦੇ ਮੱੁਖ ਸਲਾਹਕਾਰ ਉੱਘੇ ਖੇਡ ਲੇਖਕ ਪ੍ਰਿੰ ਸਰਵਣ ਸਿੰਘ ਅਤੇ ਪਦਮ ਸ੍ਰੀ ਕੌਰ ਸਿੰਘ ਨੇ ਟੂਰਨਾਮੈਂਟ ਦੀ ਸਫਲ਼ਤਾ ਲਈ ਵਿਸ਼ੇਸ਼ ਤੌਰ ਤੇ ਮੁਬਾਰਕਵਾਦ ਭੇਜੀ।
 

ਹਠੂਰ ਇਲਾਕੇ ਦੀਆ ਬੁਰੀ ਤਰ੍ਹਾ ਟੁੱਟੀਆ ਸੜਕਾ ਬਣਾਉਣ ਦੀ ਕੀਤੀ ਮੰਗ

ਹਠੂਰ,25,ਅਪ੍ਰੈਲ-(ਕੌਸ਼ਲ ਮੱਲ੍ਹਾ)-ਪੰਜਾਬ ਦੇ ਮਹਾਨਗਰ ਜਿਲ੍ਹਾ ਲੁਧਿਆਣਾ ਦੇ ਸਰਹੱਦੀ ਕਸਬੇ ਹਠੂਰ ਨਾਲ ਜਿਲ੍ਹਾ ਬਰਨਾਲਾ ਅਤੇ ਜਿਲ੍ਹਾ ਮੋਗਾ ਦੀਆ ਹੱਦਾ ਲੱਗਦੀਆ ਹਨ।ਇਥੇ ਇਹ ਗੱਲ ਵਰਨਣਯੋਗ ਹੈ ਕਿ ਜਿਲ੍ਹਾ ਬਰਨਾਲਾ ਅਤੇ ਮੋਗਾ ਦੀਆ ਸੜਕਾ ਪੂਰਨ ਰੂਪ ਵਿਚ ਬਣ ਚੁੱਕੀਆਂ ਹਨ ਪਰ ਜਿਲ੍ਹਾ ਲੁਧਿਆਣਾ ਦੀ ਹੱਦ ਅਧੀਨ ਪੈਦੀਆ ਸੜਕਾ ਪਿਛਲੇ ਲੰਮੇ ਸਮੇਂ ਤੋ ਬੁਰੀ ਤਰ੍ਹਾ ਟੁੱਟੀਆ ਪਈਆ ਹਨ।ਇਨ੍ਹਾ ਟੁੱਟੀਆ ਸੜਕਾ ਬਾਰੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਆਮ-ਆਦਮੀ ਪਾਰਟੀ ਦੇ ਯੂਥ ਆਗੂ ਸਿਮਰਨਜੋਤ ਸਿੰਘ ਗਾਹਲੇ ਨੇ ਦੱਸਿਆ ਕਿ ਹਠੂਰ ਤੋ ਛੇ ਕਿਲੋਮੀਟਰ ਦੂਰ ਜਿਲ੍ਹਾ ਬਰਨਾਲੇ ਦਾ ਪਿੰਡ ਦੀਵਾਨਾ ਹੈ ਜਿਸ ਦੇ ਮੈਬਰ ਪਾਰਲੀਮੈਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਲ੍ਹਾ ਬਰਨਾਲਾ ਦੀ ਹੱਦ ਤੱਕ ਪੈਦੀ ਤਿੰਨ ਕਿਲੋਮੀਟਰ ਲੰਿਕ ਸੜਕਾ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਲਗਭਗ ਪੰਜ ਸਾਲ ਪਹਿਲਾ ਅਠਾਰਾ ਫੁੱਟ ਚੌੜੀ ਕਰਕੇ ਬਣਾ ਦਿੱਤਾ ਸੀ ਪਰ ਜਿਲ੍ਹਾ ਲੁਧਿਆਣਾ ਦੀ ਹੱਦ ਅਧੀਨ ਪੈਦੀ ਤਿੰਨ ਕਿਲੋਮੀਟਰ ਲੰਿਕ ਸੜਕ ਪਿਛਲੇ ਲੰਮੇ ਸਮੇਂ ਤੋ ਬੁਰੀ ਤਰ੍ਹਾ ਟੁੱਟੀ ਪਈ ਹੈ ਜਿਸ ਨੂੰ ਬਣਾਉਣ ਵੱਲ ਕਿਸੇ ਵੀ ਲੀਡਰ ਨੇ ਤਬੱਜੋ ਨਹੀ ਦਿੱਤੀ।ਉਨ੍ਹਾ ਕਿਹਾ ਕਿ ਚੋਣਾ ਸਮੇਂ ਹਠੂਰ ਇਲਾਕੇ ਦੀਆ ਟੱੁਟੀਆ ਸੜਕਾ ਦਾ ਮੁੱਦਾ ਉਛਾਲਿਆ ਜਾਦਾ ਹੈ ਪਰ ਜਦੋ ਚੋਣਾ ਲੰਘ ਜਾਦੀਆ ਹਨ ਤਾਂ ਟੁੱਟੀਆ ਸੜਕਾ ਬਣਾਉਣ ਲਈ ਕੋਈ ਵੀ ਅੱਗੇ ਨਹੀ ਆਉਦਾ।ਉਨ੍ਹਾ ਦੱਸਿਆ ਕਿ ਪਿੰਡ ਬੁਰਜ ਕੁਲਾਰਾ,ਹਠੂਰ,ਲੱਖਾ,ਝੋਰੜਾ ਤੱਕ 12 ਕਿਲੋਮੀਟਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ ਸੜਕ ਬੁਰੀ ਤਰ੍ਹਾ ਟੁੱਟੀ ਪਈ ਹੈ।ਇਸੇ ਤਰ੍ਹਾ ਜਿਲ੍ਹਾ ਮੋਗਾ ਦੀ ਹੱਦ ਤੋ ਪਿੰਡ ਚਕਰ,ਲੱਖਾ,ਮਾਣੂੰਕੇ,ਜੱਟਪੁਰਾ,ਲੰਮਾ ਅਤੇ ਕਮਾਲਪੁਰਾ ਤੱਕ ਲਗਭਗ 22 ਕਿਲੋਮੀਟਰ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਵੀ ਬੁਰੀ ਤਰ੍ਹਾ ਟੁੱਟ ਚੁੱਕਾ ਹੈ।ਉਨ੍ਹਾ ਕਿਹਾ ਕਿ ਮੈਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ ਨੇ ਆਪਣੇ ਸੱਤ ਸਾਲਾ ਦੇ ਲੰਮੇ ਅਰਸੇ ਦੌਰਾਨ ਹਲਕੇ ਦੀ ਪਹਿਲੀ ਲੰਿਕ ਸੜਕ ਪਿੰਡ ਦੇਹੜਕਾ,ਭੰਮੀਪੁਰਾ ਕਲਾਂ,ਚੀਮਾ ਅਤੇ ਕਮਾਲਪੁਰੇ ਤੱਕ ਲਗਭਗ 12 ਕਿਲੋਮੀਟਰ ਲੰਿਕ ਸੜਕ ਨੂੰ ਅਠਾਰਾ ਫੁੱਟ ਚੌੜਾ ਕਰਕੇ ਬਣਾਉਣ ਦੀ ਪਹਿਲ ਕਦਮੀ ਕੀਤੀ ਸੀ ਜਿਸ ਦਾ ਕੰਮ ਅੱਜ ਤੋ ਲਗਭਗ ਛੇ ਮਹੀਨੇ ਪਹਿਲਾ ਸੁਰੂ ਕੀਤਾ ਗਿਆ ਸੀ ਜਿਸ ਤੇ ਅੱਜ ਤੱਕ ਪ੍ਰੀਮੈਕਸ ਨਹੀ ਪਾਇਆ ਗਿਆ ਅਤੇ ਮੌਜੂਦਾ ਸਮੇਂ ਸੜਕ ਤੇ ਪਾਇਆ ਹੋਇਆ ਪੱਥਰ ਲੋਕਾ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ।ਉਨ੍ਹਾ ਕਿਹਾ ਕਿ ਇਸੇ ਤਰ੍ਹਾ ਨਾਨਕਸਰ ਠਾਠ ਦੇ ਮੁੱਖ ਗੇਟ ਤੋ ਲੈ ਕੇ ਕਾਉਕੇ ਕਲਾਂ,ਡੱਲਾ,ਦੇਹੜਕਾ ਅਤੇ ਤੇਰਾ ਮੰਜਲੀ ਨਾਨਕਸਰ ਝੋਰੜਾ ਠਾਠ ਤੱਕ ਪਿਛਲੇ ਸੱਤ ਮਹੀਨੇ ਤੋ ਪੱਥਰ ਪਾਇਆ ਗਿਆ ਹੈ ਪਰ ਅੱਜ ਤੱਕ ਪ੍ਰੀਮੈਕਸ ਪਾਉਣ ਦੀ ਕੋਈ ਬਾਈ ਧਾਈ ਨਜਰ ਨਹੀ ਆ ਰਹੀ।ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਮੈਬਰ ਪਾਰਲੀਮੈਟ ਰਵਨੀਤ ਸਿੰਘ ਬਿੱਟੂ ਅਤੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਤੋ ਮੰਗ ਕੀਤੀ ਕਿ ਇਨ੍ਹਾ ਬੁਰੀ ਤਰ੍ਹਾ ਟੁੱਟੀਆ ਸੜਕਾ ਨੂੰ ਜਲਦੀ ਤੋ ਜਲਦੀ ਬਣਾਇਆਂ ਜਾਵੇ ਤਾਂ ਜੋ ਇਲਾਕੇ ਦੇ ਲੋਕਾ ਨੂੰ ਕੁਝ ਰਾਹਤ ਮਿਲ ਸਕੇ।ਇਸ ਮੌਕੇ ਉਨ੍ਹਾ ਨਾਲ ਯੂਥ ਆਗੂ ਭਾਗ ਸਿੰਘ ਗੋਲਡੀ,ਹਰਜਿੰਦਰ ਸਿੰਘ, ਸਿਮਰਨਜੋਤ ਸਿੰਘ ਹਠੂਰ,ਸੇਵਕ ਸਿੰਘ,ਪ੍ਰਮਿੰਦਰ ਸਿੰਘ,ਹਰਜੀਤ ਸਿੰਘ,ਗੁਰਚਰਨ ਸਿੰਘ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਮੰਡੀਕਰਨ ਬੋਰਡ ਦੇ ਜੇ ਈ ਪ੍ਰਮਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਪਿੰਡ ਦੇਹੜਕਾ ਤੋ ਕਮਾਲਪੁਰਾ ਤੱਕ ਸੜਕ ਤੇ ਦੋ ਦਿਨਾ ਤੱਕ ਪ੍ਰੀਮੈਕਸ ਪਾਉਣ ਦਾ ਕੰਮ ਸੁਰੂ ਕੀਤਾ ਜਾਵੇਗਾ।

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹਡ਼ਤਾਲ ਦਾ 63ਵਾਂ ਦਿਨ  

ਸਿੰਘੋ ਇੱਕਜੁੱਟ ਹੋ ਜਾਓ,ਤਾਂ ਜੋ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ : ਦੇਵ ਸਰਾਭਾ    

 

ਮੁੱਲਾਂਪੁਰ ਦਾਖਾ 24 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦਾ 63 ਵਾਂ ਦਿਨ ਹੋਇਆ ਪੂਰਾ । ਮੋਰਚੇ 'ਚ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਉਣ ਲਈ ਪਹੁੰਚੇ ਉੱਘੇ ਕਵੀ ਮੋਹਣ ਸਿੰਘ ਮੋਮਨਾਬਾਦੀ,ਅੱਛਰਾ ਸਿੰਘ,ਸੁਖਚੈਨ ਸਿੰਘ ,ਰਣਜੀਤ ਸਿੰਘ ਢੈਪਈ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹੜਤਾਲ ਤੇ ਬੈਠੇ। ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜੇਕਰ ਪੰਜਾਬ ਦੇ ਉਹ ਕਾਲੇ ਦੌਰ ਦੀ ਗੱਲ ਕਰੀਏ ਤਾਂ ਅੱਜ ਵੀ ਦਿਲ ਕੰਬ ਉੱਠਦਾ ਜਦੋਂ ਬੇਕਸੂਰੇ ਨੌਜ਼ਵਾਨਾਂ ਨੂੰ ਮੋਢਿਆਂ ਤੇ ਸਟਾਰ ਵਧਾਉਣ ਦੇ ਭੁੱਖੇ ਅਫ਼ਸਰਾਂ ਨੇ ਝੂਠੇ ਮੁਕਾਬਲੇ ਬਣਾ ਕੇ ਸ਼ਿਕਾਰ ਖੇਡਿਆ। ਉਨ੍ਹਾਂ ਅੱਗੇ ਆਖਿਆ ਕਿ ਜੇਕਰ ਮੈਂ ਆਪਣੇ ਪਿੰਡ ਸਰਾਭੇ ਦੀ ਪੰਜਾਬ ਪ੍ਰਸਿੱਧ ਫੁਟਬਾਲ ਦੀ ਟੀਮ ਬਾਰੇ ਗੱਲ ਕਰਾਂ ਤਾਂ ਉਸ ਨੂੰ ਵੀ 90 ਦੇ ਕਾਲੇ ਦੌਰ ਨੇ ਖਾ ਲਿਆ, ਆਖ਼ਰ ਕੀ ਕਸੂਰ ਸੀ ਉਨ੍ਹਾਂ ਦਾ ਜਿਨ੍ਹਾਂ ਨੂੰ  ਆਪਣੀ ਖੇਡ ਨੂੰ ਛੱਡ ਕੇ ਮਜਬੂਰੀ ਵੱਸ ਹਥਿਆਰ ਚੁੱਕਣੇ ਪੈ ਗਏ। ਭਾਵੇਂ ਅੱਜ ਉਹ ਨੌਜਵਾਨ ਸਾਡੇ ਵਿੱਚ ਨਹੀਂ ਰਹੇ ਜਦ ਕੇ ਦੁੱਖ ਇਸੇ ਗੱਲ ਦਾ ਹੈ ਜੇਕਰ ਅਸੀਂ ਉਨ੍ਹਾਂ ਖਿਡਾਰੀ ਵੀਰਾਂ ਦੀ  ਖ਼ਾਤਰ ਇੱਕਜੁੱਟ ਹੋ ਕੇ ਖੜ੍ਹੇ ਹੁੰਦੇ ਤਾਂ ਅੱਜ ਉਹ ਵੀ ਸਾਡੇ ਵਿੱਚ ਹਾਜ਼ਰ ਹੁੰਦੇ ।  ਆਖ਼ਰ ਵਿੱਚ ਉਨ੍ਹਾਂ ਨੇ ਆਖਿਆ ਕਿ ਜਿਹੜੇ ਜੁਝਾਰੂ ਅੱਜ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਨਾ ਤਾਂ ਜਥੇਬੰਦੀਆਂ ਕੱਠੀਆਂ ਹੁੰਦੀਆਂ ਨੇ ਨਾ ਹੀ ਸਰਕਾਰਾਂ ਛੱਡਣ ਨੂੰ ਤਿਆਰ ਜਦ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲਾਂ ਵੀ ਵੱਡੇ ਸੰਘਰਸ਼ ਹੋਏ ਜਿਵੇਂ ਕਿ ਗੁਰਦੁਆਰਾ ਅੰਬ ਸਾਹਿਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਭਾਈ ਗੁਰਬਖ਼ਸ਼ ਸਿੰਘ ਵੱਲੋਂ ਜੁਝਾਰੂ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ ਤੇ ਆਖ਼ਰ ਸ਼ਹੀਦ ਹੋ ਗਏ, ਉਸ ਤੋਂ ਬਾਅਦ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਸੰਨ 2015 ਤੋਂ ਬਾਬਾ ਸੂਰਤ ਸਿੰਘ ਖ਼ਾਲਸਾ ਵੱਲੋਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਸੱਤ ਸਾਲਾਂ ਤੋਂ ਲੜਾਈ ਲੜ ਰਹੇ ਹਨ ਜੋ ਕਿ ਅੱਜ ਖ਼ੁਦ ਡੀ ਐਮ ਸੀ ਹਸਪਤਾਲ 'ਚ ਪੁਲਸ ਦੀ ਕੈਦ ਵਿਚ ਹਨ। ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਭਾਵੇਂ ਪੂਰੇ ਦੇਸ਼ ਵਿੱਚ ਆਵਾਜ਼ ਉੱਠ ਰਹੀ ਹੈ ,ਸੋ ਅਸੀਂ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਬੰਦੀ ਸਿੰਘਾਂ ਦੀ ਜਲਦ ਰਿਹਾਈ ਕਰਵਾਉਣ ਲਈ ਸਿੰਘੋ ਇੱਕਜੁੱਟ ਹੋ ਜਾਓ ਤਾਂ ਜੋ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾ ਸਕੀਏ । ਇਸ ਮੌਕੇ  ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ਇੰਦਰਜੀਤ ਸਿੰਘ ਸਹਿਜਾਦ,ਕੁਲਜੀਤ ਸਿੰਘ ਭੰਮਰਾ ਸਰਾਭਾ,ਕੈਪਟਨ ਰਾਮ ਲੋਕ ਸਿੰਘ ਸਰਾਭਾ,ਸ਼ਿੰਗਾਰਾ ਸਿੰਘ ਟੂਸੇ,ਅਮਨਦੀਪ ਸਿੰਘ ਲਿੱਤਰਾਂ,ਢਾਡੀ ਕਰਨੈਲ ਸਿੰਘ ਛਾਪਾ, ਜਗਦੇਵ ਸਿੰਘ ਦੁੱਗਰੀ ,ਕੁਲਦੀਪ ਸਿੰਘ ਦੁੱਗਰੀ,ਰਣਜੀਤ ਸਿੰਘ ਢੋਲਣ , ਬਲਦੇਵ ਸਿੰਘ, ਹੁਸ਼ਿਆਰ ਸਿੰਘ ਸਰਾਭਾ,ਗੁਲਜ਼ਾਰ ਸਿੰਘ ਮੋਹੀ ਸੁਖਦੇਵ ਸਿੰਘ ਗੁੱਜਰਵਾਲ ,ਤੁਲਸੀ ਸਿੰਘ ਆਦਿ ਨੇ ਹਾਜ਼ਰੀ ਭਰੀ ।

ਡੀਸੀ ਕੰਪਲੈਕਸ ਦੇ ਬਾਥਰੂਮ ਵਿੱਚੋਂ ਮਿਲੀ ਲਾਸ਼ 3 ਦਿਨ ਤੋਂ ਘਰੋਂ ਲਾਪਤਾ ਸੀ ਪਟਵਾਰੀ ਹਰਦੀਪ ਸਿੰਘ ਹੈਪੀ ਪੰਡੋਰੀ  

ਮਹਿਲ ਕਲਾਂ /ਬਰਨਾਲਾ- 24 ਅਪ੍ਰੈਲ- ( ਗੁਰਸੇਵਕ ਸਿੰਘ ਸੋਹੀ  ) ਪਿਛਲੇ ਕੁੱਝ ਦਿਨ ਤੋਂ ਘਰੋਂ ਲਾਪਤਾ ਪਟਵਾਰੀ ਹਰਦੀਪ ਸਿੰਘ( ਹੈਪੀ) ਦੀ ਲਾਸ਼ ਅੱਜ ਦੁਪਿਹਰ ਵੇਲੇ ਸ਼ੱਕੀ ਹਾਲਤਾਂ ਵਿੱਚ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਬਾਥਰੂਮ ਵਿੱਚੋਂ ਗਲੀ ਸੜੀ ਹਾਲਤ ਵਿੱਚ ਬਰਾਮਦ ਹੋਈ ਹੈ । ਪਟਵਾਰੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲਦਿਆਂ ਹੀ  ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ । ਮੌਕੇ ਤੇ ਪਹੁੰਚੇ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਉ ਲਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਟਵਾਰੀ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਸੰਭਾਲ ਕੇ ਮਾਮਲੇ ਦੀ ਤਫਤੀਸ਼ ਅਤੇ ਕਾਨੂੰਨੀ ਕਾਰਵਾਈ ਦਾ ਅਮਲ ਸ਼ੁਰੂ ਕਰ ਦਿੱਤਾ ਹੈ । ਪ੍ਰਾਪਤ ਸੂਚਨਾ ਅਨੁਸਾਰ ਹਰਦੀਪ ਸਿੰਘ ਉਰਫ ਹੈਪੀ ਪਟਵਾਰੀ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਪੰਡੋਰੀ , ਕੁੱਝ ਦਿਨ ਤੋਂ ਆਪਣੇ ਘਰੋਂ ਲਾਪਤਾ ਸੀ , ਜਿਸ ਸਬੰਧੀ ਪਰਿਵਾਰ ਦੇ ਮੈਂਬਰ ਆਪਣੇ ਤੌਰ ਤੇ ਉਸ ਦੀ ਤਲਾਸ਼ ਵਿੱਚ ਲੱਗੇ ਹੋਏ ਸਨ । ਪਟਵਾਰੀ ਦੀ ਪਤਨੀ ਹਰਜਿੰਦਰ ਕੌਰ ਆਈਸੀਆਈਸੀ ਬੈਂਕ ਦੀ ਬਰਨਾਲਾ ਸ਼ਾਖਾ ਵਿੱਚ ਨੌਕਰੀ ਕਰਦੀ ਹੈ । ਜਦੋਂਕਿ ਪਟਵਾਰੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ । ਅੱਜ ਦੁਪਿਹਰ ਕਰੀਬ 1.30 ਵਜੇ , ਡੀਸੀ ਕੰਪਲੈਕਸ ਦਾ ਚੌਂਕੀਦਾਰ ਜਦੋਂ ਬਾਥਰੂਮ ਕਰਨ ਲਈ , ਡੀਸੀ ਕੰਪਲੈਕਸ ਦੀ ਪਹਿਲੀ ਮੰਜਿਲ ਤੇ ਸਥਿਤ ਬਾਥਰੂਮ ਵਿੱਚ ਗਿਆ ਤਾਂ ਉਹ ਪਟਵਾਰੀ ਦੀ ਗਲੀ ਸੜੀ ਲਾਸ਼ ਤੱਕ ਕੇ ਡਰ ਗਿਆ । ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਐਸ.ਐਚ.ਉ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਟਵਾਰੀ ਹਰਦੀਪ ਸਿੰਘ , ਬਰਨਾਲਾ ਤਹਿਸੀਲ ਵਿੱਚ ਤਾਇਨਾਤ ਸੀ , ਲਾਸ਼ ਵਿੱਚੋਂ ਬਦਬੂ ਮਾਰ ਰਹੀ ਸੀ , ਜਿਸ ਤੋਂ ਪਹਿਲੀ ਨਜ਼ਰੇ ਇਉਂ ਲੱਗਦਾ ਹੈ ਕਿ ਲਾਸ਼ 1 - 2 ਦਿਨ ਪੁਰਾਣੀ ਇੱਥੇ ਪਈ ਹੈ ।ਉਨਾਂ ਦੱਸਿਆ ਕਿ ਮ੍ਰਿਤਕ ਪਟਵਾਰੀ ਦੇ ਵਾਰਿਸਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ , ਪਰਿਵਾਰ ਦੇ ਬਿਆਨ ਅਤੇ ਪੋਸਟਮਾਰਟਮ ਦੀ ਰਿਪੋਰਟ ਦੇ ਅਧਾਰ ਪਰ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । 

ਕੀ ਕਹਿੰਦੇ ਨੇ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ

ਉੱਧਰ ਥਾਣਾ ਮਹਿਲ ਕਲਾਂ ਦੇ ਐਸ.ਐਚ.ਉ ਗੁਰਮੇਲ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਬੇਸ਼ੱਕ ਹਰਦੀਪ ਸਿੰਘ ਦੇ ਕਰੀਬ 3 ਦਿਨ ਤੋਂ ਘਰੋਂ ਲਾਪਤਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ , ਪਰੰਤੂ ਪਟਵਾਰੀ ਦੇ ਪਰਿਵਾਰ ਨੇ ਉਸਦੇ ਲਾਪਤਾ ਹੋਣ ਸਬੰਧੀ , ਕੋਈ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ । ਪੰਚਾਇਤ ਤੋਂ ਜਾਂਚ ਪੜਤਾਲਕਰਨ ਤੇ , ਉਨ੍ਹਾਂ ਨੇ ਵੀ ਕਿਹਾ ਕਿ ਪਰਿਵਾਰ ਨੇ ਪਟਵਾਰੀ ਦੇ ਲਾਪਤਾ ਹੋਣ ਸਬੰਧੀਕੋਈ ਗੱਲ ਪੰਚਾਇਤ ਤੱਕ ਵੀ ਨਹੀਂ ਪਹੁੰਚਾਈ ਸੀ । ਹੁਣ ਪੁਲਿਸ ਕਾਰਵਾਈ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਤਿੰਨ ਦਿਨ ਤੋਂ ਡੀਸੀ ਕੰਪਲੈਕਸ ਦੇ ਚੌਂਕੀਦਾਰ ਜਾਂ ਕਿਸੇ ਹੋਰ ਮੁਲਾਜ਼ਮ ਨੂੰ ਬਾਥਰੂਮ ਵਿੱਚ ਪਈ ਲਾਸ਼ ਦੀ ਭਿਣਕ ਤੱਕ ਕਿਉਂ ਨਹੀਂ ਪਈ ,ਇਹ ਇਕ ਸਵਾਲ ਬਣਿਆ ਹੋਇਆ ਹੈ।

ਧਰਤੀ ਦਿਵਸ ਮਨਾਇਆ

ਹਠੂਰ,24,ਅਪ੍ਰੈਲ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਯੂ ਐਸ ਏ ਅਤੇ ਚੇਅਰਪਰਸਨ ਬੀਬੀ ਸੁਖਦੀਪ ਕੌਰ ਯੂ ਐਸ ਦੀ ਅਗਵਾਈ ਹੇਠ ਸਕੂਲ ਵਿਖੇ ਧਰਤੀ ਦਿਵਸ ਮਨਾਇਆ ਗਿਆ।ਇਸ ਮੌਕੇ ਵਿਿਦਆਰਥੀਆ ਨੇ ਲਘੂ ਨਾਟਕ ‘ਧਰਤੀ ਦੀ ਹੂਕ’ਪੇਸ ਕੀਤਾ ਅਤੇ ਧਰਤੀ ਦੀ ਸਾਭ ਸੰਭਾਲ ਲਈ ਵੱਖ-ਵੱਖ ਤਰ੍ਹਾਂ ਦੇ ਵਿਚਾਰ ਪੇਸ ਕੀਤੇ।ਇਸ ਮੌਕੇ ਮਾ:ਜਗਰੂਪ ਸਿੰਘ ਨੇ ਧਰਤੀ ਦੇ ਪਤਨ ਲਈ ਜਿਮੇਵਾਰ ਕਾਰਨ ਅਤੇ ਪ੍ਰਭਾਵ ਵਿਸ਼ੇ ਤੇ ਆਪਣੇ ਵਿਚਾਰ ਪੇਸ ਕਰਕੇ ਵਿਿਦਆਰਥੀਆ ਨੂੰ ਜਾਗ੍ਰਿਤ ਕੀਤਾ।ਇਸ ਮੌਕੇ ਸਕੂਲੀ ਵਿਿਦਆਰਥੀਆ ਵੱਲੋ ਮਨੁੱਖਤਾ ਦੀ ਸਾਝ ਨੂੰ ਬਿਆਨ ਕਰਦੇ ਚਾਰਟ ਤਿਆਰ ਕਰਕੇ ਪ੍ਰਦਰਸਨੀ ਲਾਈ ਗਈ।ਇਸ ਮੌਕੇ ਦਰੱਖਤਾ ਦੀ ਸਾਭ-ਸ਼ੰਭਾਲ ਬਾਰੇ ਵੀ ਵਿਸ਼ੇਸ ਤੌਰ ਤੇ ਜਾਣੂ ਕਰਵਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਅਜਿਹੇ ਪ੍ਰੇਗਰਾਮ ਕਰਵਾਉਣੇ ਅੱਜ ਸਮੇਂ ਦੀ ਮੁੱਖ ਲੋੜ ਹਨ।ਇਸ ਮੌਕੇ ਉਨ੍ਹਾ ਨਾਲ ਵਾਈਸ ਪ੍ਰਿੰਸੀਪਲ ਕਸਮੀਰ ਸਿੰਘ,ਡਾ:ਚਮਕੌਰ ਸਿੰਘ,ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਕੁਲਵਿੰਦਰ ਸਿੰਘ ਰਾਊਕੇ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਗੁਰਪ੍ਰੀਤ ਸਿੰਘ,ਗੁਰਚਰਨ ਸਿੰਘ ਬੁੱਟਰ,ਕੁਲਵੰਤ ਸਿੰਘ ਬੁੱਟਰ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

ਬਾਕਸਿੰਗ ਖਿਡਾਰਨ ਨੂੰ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆ ਨੇ ਕੀਤਾ ਸਨਮਾਨਿਤ

ਹਠੂਰ,24,ਅਪ੍ਰੈਲ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ 18 ਸਾਲ ਦੀ ਉਮਰ ਵਰਗ ਦੇ ਸੂਬਾ ਪੱਧਰੀ ਬਾਕਸਿੰਗ ਮੁਕਾਬਲੇ ਖੇਡ ਸਟੇਡੀਅਮ ਫਗਵਾੜਾ ਵਿਖੇ ਹੋਏ।ਇਨ੍ਹਾ ਮੁਕਾਬਲਿਆ ਵਿਚ ਪੰਜਾਬ ਦੇ ਖਿਡਾਰੀਆ ਨੇ ਵੱਧ ਚੜ੍ਹ ਕੇ ਭਾਗ ਲਿਆ।ਇਨ੍ਹਾ ਮੁਕਾਬਲਿਆ ਵਿਚ 57 ਕਿਲੋਗ੍ਰਾਮ ਵਰਗ ਭਾਰ ਵਿਚੋ ਪਿੰਡ ਰਣਧੀਰਗੜ੍ਹ ਦੀ ਜੰਮਪਲ ਖਿਡਾਰਨ ਜਸਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ।ਇਸ ਜਿੱਤ ਦੀ ਖੁਸੀ ਵਿਚ ਅਤੇ ਪ੍ਰਮਾਤਮਾ ਦੇ ਸੁਕਰਾਨੇ ਲਈ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸਮੂਹ ਖਿਡਾਰੀਆ ਦੀ ਚੜ੍ਹਦੀ ਕਲਾਂ ਲਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਸਰਪੰਚ ਸਰਬਜੀਤ ਕੌਰ ਅਤੇ ਉੱਘੇ ਸਮਾਜ ਸੇਵਕ ਕਰਮਜੀਤ ਸਿੰਘ ਰਣਧੀਰਗੜ੍ਹ ਨੇ ਕਿਹਾ ਕਿ ਸਾਡੇ ਪਿੰਡ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀ ਪਿੰਡ ਦੀ ਧੀ ਜਸਨਪ੍ਰੀਤ ਕੌਰ ਨੇ ਸਖਤ ਮਿਹਨਤ ਕਰਕੇ ਅੱਜ ਪੰਜਾਬ ਪੱਧਰ ਦੀਆ ਖੇਡਾ ਵਿਚੋ ਸੋਨੇ ਦਾ ਤਗਮਾ ਜਿੱਤ ਕੇ ਆਪਣਾ,ਆਪਣੇ ਮਾਪਿਆ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾ ਕਿਹਾ ਕਿ ਅਸੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਜਸਨਪ੍ਰੀਤ ਕੌਰ ਨੈਸਨਲ ਅਤੇ ਵਰਲਡ ਪੱਧਰ ਤੇ ਆਪਣੀ ਖੇਡ ਦਾ ਪ੍ਰਦਰਸਨ ਕਰਕੇ ਪਹਿਲਾ ਸਥਾਨ ਪ੍ਰਾਪਤ ਕਰੇ।ਇਸ ਮੌਕੇ ਆਮ-ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਪ੍ਰਸਿੱਧ ਢਾਡੀ ਭਾਈ ਪ੍ਰਿਤਪਾਲ ਸਿੰਘ ਪਾਰਸ,ਸਰਪੰਚ ਸਰਬਜੀਤ ਕੌਰ,ਸਮਾਜ ਸੇਵਕ ਕਰਮਜੀਤ ਸਿੰਘ,ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਭੰਮੀਪੁਰਾ,ਗ੍ਰਾਮ ਪੰਚਾਇਤ ਰਣਧੀਰਗੜ,ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਪਿੰਡ ਵਾਸੀਆ ਨੇ ਖਿਡਾਰਨ ਜਸਨਪ੍ਰੀਤ ਕੌਰ ਨੂੰ ਸਿਰਪਾਓ ਅਤੇ ਸਨਮਾਨ ਚਿੰਨ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰਿਤਪਾਲ ਸਿੰਘ ਪਾਰਸ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਅੰਮ੍ਰਿਤਪਾਲ ਸਿੰਘ ਕੁੱਕੂ ਪਹਿਲਵਾਨ,ਬੀਬੀ ਵੀਰਪਾਲ ਕੌਰ,ਪ੍ਰਧਾਨ ਬਲਵਿੰਦਰ ਸਿੰਘ,ਦਵਿੰਦਰ ਸਿੰਘ,ਲਖਵੀਰ ਸਿੰਘ ਕਾਲਾ,ਬਲਵੀਰ ਸਿੰਘ,ਪ੍ਰਧਾਨ ਸੁਰਿੰਦਰ ਸਿੰਘ ਭੰਮੀਪੁਰਾ,ਨਿਰੰਜਣ ਸਿੰਘ,ਹਰਚੰਦ ਸਿੰਘ,ਕਿਰਨਦੀਪ ਕੌਰ,ਯੂਥ ਆਗੂ ਪ੍ਰਿਤਪਾਲ ਸਿੰਘ ਰਣਧੀਰਗੜ੍ਹ,ਸਿਵਤਾਰ ਸਿੰਘ,ਤੇਜਾ ਸਿੰਘ,ਗੁਰਮੇਲ ਸਿੰਘ,ਮੋਹਣ ਸਿੰਘ,ਪਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਸਿੰਘ ਭੰਮੀਪੁਰਾ ਕਲਾਂ,ਕਮਲਜੀਤ ਸਿੰਘ ਆਦਿ ਹਾਜ਼ਰ ਸਨ।  

ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਜੰਡਿਆਲਾ ਗੁਰੂ ਹਲਕੇ ਦੇ ਸਕੂਲਾਂ ਅਤੇ ਹਸਪਤਾਲ ਦਾ ਦੌਰਾ -

ਮਹਿਤਾ ਦੇ ਸਰਕਾਰੀ ਹਸਪਤਾਲ ਤਾਇਨਾਤ ਕੀਤੀ ਐਬੂਲੈਂਸ 

 

ਅੰਮ੍ਰਿਤਸਰ / ਜੰਡਿਆਲਾ ਗੁਰੂ, 23 ਅਪ੍ਰੈਲ  (ਰਣਜੀਤ ਸਿੱਧਵਾਂ)  :   ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਵੱਲੋਂ ਅੱਜ ਆਪਣੇ ਹਲਕੇ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਇਨ੍ਹਾਂ ਦੀਆਂ ਇਮਾਰਤਾਂ, ਬੁਨਿਆਦੀ ਢਾਂਚਾ, ਸਟਾਫ਼ ਦੀ ਤਾਇਨਾਤੀ ਅਤੇ ਹੋਰ ਲੋੜਾਂ ਨੂੰ ਵੇਖਿਆ। ਉਨ੍ਹਾਂ ਨੇ ਆਪਣੇ ਦੌਰੇ ਦੌਰਾਨ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ਖੱਬੇ ਰਾਜਪੂਤਾਂ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਹਿਤਾ ਨੰਗਲ, ਸਰਕਾਰੀ ਮਿਡਲ ਸਕੂਲ ਮਹਿਤਾ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਾਨਾਂਵਾਲਾ ਦੇ ਦੌਰੇ ਦੌਰਾਨ ਅਧਿਆਪਕਾਂ ਨੂੰ ਸਕੂਲ ਦੀਆਂ ਲੋੜਾਂ ਬਾਬਤ ਪੁੱਛਿਆ। ਇਸ ਦੌਰਾਨ ਉਨ੍ਹਾਂ ਸਕੂਲ ਵਿੱਚ ਪੜਦੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਪਿੰਡਾਂ ਦੇ ਮੋਹਤਬਰਾਂ ਕੋਲੋਂ ਸਰਕਾਰੀ ਸਿੱਖਿਆ ਢਾਂਚੇ ਨੂੰ ਬਿਹਤਰ ਬਨਾਉਣ ਵਾਸਤੇ ਸੁਝਾਅ ਲਏ। ਸ. ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸਾਡੀ ਸਰਕਾਰ ਦੀ ਪਹਿਲੀ ਤਰਜੀਹ ਸਿਹਤ ਅਤੇ ਸਿੱਖਿਆ ਹੈ, ਜਿਸ ਨੂੰ ਵਿਸ਼ਵ ਦਰਜੇ ਦਾ ਬਨਾਉਣ ਲਈ ਸਾਰੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦਾ ਮੰਨਣਾ ਹੈ ਕਿ ਸੂਬੇ ਦਾ ਵਿਕਾਸ ਤਾਂ ਹੀ ਮੰਨਿਆ ਜਾ ਸਕਦਾ ਹੈ, ਜੇਕਰ ਸਾਡੇ ਸਾਰੇ ਨਾਗਰਿਕਾਂ ਨੂੰ ਸਿਹਤ ਅਤੇ ਸਿੱਖਿਆ ਲਈ ਕਿਸੇ ਅੱਗੇ ਤਰਲੇ ਨਾ ਕਰਨੇ ਪੈਣ। ਉਨ੍ਹਾਂ ਕਿਹਾ ਕਿ ਇਸ ਆਸ਼ੇ ਦੀ ਪੂਰਤੀ ਲਈ ਸਰਕਾਰ ਵੱਲੋਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪਹਿਲੀ ਨਜ਼ਰ ਵਿੱਚ ਬਦਲਾਅ ਵੀ ਮਹਿਸੂਸ ਹੋਣ ਲੱਗਾ ਹੈ।  ਕਮਿਊਨਿਟੀ ਹੈਲਥ ਕੇਂਦਰ ਮਹਿਤਾ ਦੇ ਦੌਰੇ ਦੌਰਾਨ ਲੋਕਾਂ ਨੇ ਹਸਪਤਾਲ ਵਿੱਚ ਐਂਬੂਲੈਂਸ ਨਾ ਹੋਣ ਬਾਬਤ ਦਸਿਆ ਤਾਂ ਕੈਬਨਿਟ ਮੰਤਰੀ ਨੇ ਤਰੁੰਤ ਹਸਪਤਾਲ ਵਿੱਚ ਐਂਬੂਲੈਂਸ ਤਾਇਨਾਤ ਕਰਨ ਦੀ ਹਦਾਇਤ ਸਿਵਲ ਸਰਜਨ ਨੂੰ ਕੀਤੀ ਅਤੇ ਨਾਲ ਹੀ ਸਹੂਲਤ ਨੂੰ ਪੱਕੇ ਤੌਰ ਉੱਤੇ ਜਾਰੀ ਰੱਖਣ ਲਈ ਸਿਹਤ ਵਿਭਾਗ ਪੰਜਾਬ ਨੂੰ ਪੱਤਰ ਵੀ ਲਿਖਿਆ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੀ ਸਿਹਤ ਸਾਡੀ ਪਹਿਲੀ ਜਿੰਮੇਵਾਰੀ ਹੈ ਅਤੇ ਸਰਕਾਰ ਇਸ ਜਿੰਮੇਵਾਰ ਉਤੇ ਪਹਿਰਾ ਦੇਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੀ ਸਰਕਾਰ ਹੈ ਅਤੇ ਤੁਹਾਡੇ ਹਿੱਤਾਂ ਲਈ ਕੰਮ ਕਰਨਾ ਸਾਡੀ ਡਿਊਟੀ ਹੈ।

-ਲੂ ਤੋਂ ਬਚਾਅ ਲਈ ਵਰਤੀਆਂ ਜਾਣ ਸਾਵਧਾਨੀਆਂ- ਡਿਪਟੀ ਕਮਿਸ਼ਨਰ

-ਗਰਮੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਕੀਤਾ ਸੁਚੇਤ

 

ਹੁਸ਼ਿਆਰਪੁਰ, 23 ਅਪ੍ਰੈਲ   (ਰਣਜੀਤ ਸਿੱਧਵਾਂ)    : ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਪੈ ਰਹੀ ਸਖ਼ਤ ਗਰਮੀ ਦੌਰਾਨ ਲੂ (ਗਰਮ ਹਵਾ) ਤੋਂ ਬਚਣ ਲਈ ਜ਼ਿਲ੍ਹਾ ਵਾਸੀਆਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਇਸ ਮੌਸਮ ਵਿੱਚ ਅਸੀਂ ਕੋਵਿਡ ਦੇ ਨਾਲ-ਨਾਲ ਲੂ ਤੋਂ ਵੀ ਬਚਾਅ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕੋਵਿਡ ਮਹਾਮਾਰੀ ਦੇ ਇਸ ਦੌਰ ਵਿੱਚ ਲੂ ਤੋਂ ਬਚਣ ਦੇ ਉਪਾਵਾਂ ਪ੍ਰਤੀ ਜਾਗਰੂਕ ਨਹੀਂ ਹੋਵਾਂਗੇ ਤਾਂ ਅਸੀਂ ਆਪਣੇ ਆਪ ਨੂੰ ਜ਼ੋਖਿਮ ਵਿੱਚ ਪਾ ਰਹੇ ਹੋਵਾਂਗੇ। ਉਨ੍ਹਾਂ ਕਿਹਾ ਕਿ ਲੂ ਤੋਂ ਬਚਾਅ ਲਈ ਜਿੱਥੇ ਵੱਖ-ਵੱਖ ਸਬੰਧਿਤ ਵਿਭਾਗਾਂ ਨੂੰ ਲੋੜੀਂਦੇ ਇੰਤਜ਼ਾਮਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਉਥੇ ਆਮ ਲੋਕਾਂ ਨੂੰ ਵੀ ਰੋਜ਼ਾਨਾ ਮੌਸਮ ਬਾਰੇ ਰੇਡੀਓ, ਟੀ. ਵੀ, ਅਖ਼ਬਾਰਾਂ ਅਤੇ ਸੰਚਾਰ ਦੇ ਹੋਰਨਾਂ ਸਾਧਨਾਂ ਰਾਹੀਂ ਤਾਪਮਾਨ ਅਤੇ ਗਰਮ ਹਵਾਵਾਂ ਬਾਰੇ ਜਾਣਕਾਰੀ ਰੱਖਣੀ ਪਵੇਗੀ।ਡਿਪਟੀ ਕਮਿਸ਼ਨਰ ਅਨੁਸਾਰ ਗਰਮੀ ਦੌਰਾਨ ਜੇ ਪਿਆਸ ਨਾ ਵੀ ਲੱਗੀ ਹੋਵੇ ਤਾਂ ਵੀ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ। ਇਸੇ ਤਰ੍ਹਾਂ ਹਵਾਦਾਰ, ਹਲਕੇ ਅਤੇ ਹਲਕੇ ਰੰਗਾਂ ਦੇ ਖਾਦੀ ਕੱਪੜੇ ਪਾਉਣ ਨੂੰ ਤਰਜੀਹ ਦਿੱਤੀ ਜਾਵੇ ਅਤੇ ਧੁੱਪ ਤੋਂ ਬਚਣ ਲਈ ਐਨਕਾਂ, ਛਤਰੀ, ਜੁੱਤੇ ਆਦਿ ਪਾਉਣ ਤੋਂ ਇਲਾਵਾ ਸਿਰ ਢੱਕ ਕੇ ਹੀ ਬਾਹਰ ਨਿਕਲਿਆ ਜਾਵੇ ਅਤੇ ਪਾਣੀ ਨਾਲ ਜ਼ਰੂਰ ਰੱਖਿਆ ਜਾਵੇ। ਜੇ ਕੋਈ ਬਾਹਰ ਕੰਮ ਕਰਨ ਜਾਂਦਾ ਹੈ ਤਾਂ ਉਹ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਜਾਵੇ। ਹੋਰਨਾਂ ਲੋਕਾਂ ਤੋਂ ਘੱਟੋ-ਘੱਟ ਇੱਕ  ਮੀਟਰ ਦੀ ਦੂਰੀ ਰੱਖੀ ਜਾਵੇ। ਹੱਥਾਂ ਨੂੰ ਵਾਰ-ਵਾਰ ਸਾਬਣ ਤੇ ਪਾਣੀ ਨਾਲ ਧੋਤਾ ਜਾਵੇ। ਜੇਕਰ ਪਾਣੀ ਤੇ ਸਾਬਣ ਉਪਲਬੱਧ ਨਾ ਹੋਣ ਤਾਂ ਹੈਂਡ ਸੈਨੇਟਾਈਜ਼ਰ ਦਾ ਇਸਤੇਮਾਲ ਕੀਤਾ ਜਾਵੇ। ਘਰ ਦੇ ਹਰੇਕ ਮੈਂਬਰ ਵੱਲੋਂ ਵੱਖਰੇ ਤੋਲੀਏ ਦੀ ਵਰਤੋਂ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਸਮੇਂ-ਸਮੇਂ ’ਤੇ ਧੋਤਾ ਜਾਵੇ।ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਓ. ਆਰ. ਐਸ ਘੋਲ, ਲੱਸੀ, ਤੋਰਾਨੀ (ਚੌਲਾਂ ਦਾ ਪਾਣੀ), ਨਿੰਬੂ ਪਾਣੀ, ਬਟਰ ਮਿਲਕ ਆਦਿ ਨੂੰ ਸਰੀਰਕ ਲੋੜ ਮੁਤਾਬਕ ਨਾਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਲੂ ਲੱਗਣ ਦੇ ਲੱਛਣਾਂ ਜਿਵੇਂ ਕਮਜ਼ੋਰੀ, ਸੁਸਤੀ, ਸਿਰ ਦਰਦ, ਨਜ਼ਲਾ, ਪਸੀਨਾ ਅਤੇ ਦੌਰਿਆਂ ਆਦਿ ਤੋਂ ਪੀੜਤ ਹੋਣ ’ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਕੱਲੇ ਇਨਸਾਨਾਂ ਹੀ ਨਹੀਂ ਬਲਕਿ ਪਸ਼ੂਆਂ ਨੂੰ ਵੀ ਲੂ ਤੋਂ ਬਚਾਉਣਾ ਜ਼ਰੂਰੀ ਹੈ, ਜਿਸ ਲਈ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਛਾਂਵੇਂ ਰੱਖਣ ਅਤੇ ਵੱਧ ਤੋਂ ਵੱਧ ਪਾਣੀ ਲਿਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਘਰਾਂ ਨੂੰ ਠੰਡੇ ਰੱਖਣ, ਪਰਦਿਆਂ ਦੀ ਵਰਤੋਂ ਕਰਨ ਅਤੇ ਰਾਤ ਨੂੰ ਖਿੜਕਿਆਂ ਖੋਲ੍ਹਣ ਨਾਲ ਗਰਮੀ ਤੋਂ ਬਚਾਅ ਹੋ ਸਕਦਾ ਹੈ। ਇਸੇ ਤਰ੍ਹਾਂ ਪੱਖੇ ਦੀ ਵਰਤੋਂ ਅਤੇ ਠੰਡੇ ਪਾਣੀ ਨਾਲ ਦਿਨ ’ਚ ਇਕ ਤੋਂ ਵੱਧ ਵਾਰ ਨਹਾ ਕੇ ਵੀ ਲੂ ਦੇ ਆਸਰ ਤੋਂ ਬਚਿਆ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੰਮਕਾਜ਼ ਵਾਲੀਆਂ ਥਾਵਾਂ ’ਤੇ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਠੰਡੇ ਪਾਣੀ ਦਾ ਪ੍ਰਬੰਧ ਕਰਨ, ਕਾਮਿਆਂ ਨੂੰ ਸਿੱਧੀ ਸੂਰਜੀ ਰੋਸ਼ਨੀ ਤੋਂ  ਪ੍ਰਹੇਜ਼ ਕਰਨ, ਮੁਸ਼ੱਕਤੀ ਕੰਮ ਦਿਨ ਦੇ ਠੰਡੇ ਵੇਲੇ ’ਚ ਕਰਨ, ਆਊਟਡੋਰ ਗਤੀਵਿਧੀਆਂ ਲਈ ਅਰਾਮ ਦੇ ਪੜਾਵਾਂ ’ਚ ਵਾਧਾ ਕਰਨ ਅਤੇ ਗਰਭਵਤੀ ਮਹਿਲਾ ਕਾਮਿਆਂ ’ਤੇ ਵਧਦੇ ਤਾਪਮਾਨ ਵਿੱਚ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਲੂ ਤੋਂ ਬਚਣ ਲਈ ਕੁਝ ਨਾ ਕਰਨਯੋਗ ਗੱਲਾਂ ਬਾਰੇ ਵੀ ਸੁਝਾਵਾਂ ’ਤੇ ਅਮਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਨ੍ਹਾਂ ਵਿੱਚ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਖੜ੍ਹੇ ਕੀਤੇ ਵਾਹਨਾਂ ਵਿੱਚ ਨਾ ਛੱਡਣਾ, ਸਿਖ਼ਰਾਂ ਦੀ ਗਰਮੀ ਵਿੱਚ ਖਾਸ ਕਰ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ, ਗੂੜ੍ਹੇ, ਭਾਰੀ ਜਾਂ ਤੰਗ ਕੱਪੜੇ ਨਾ ਪਹਿਨਣਾ, ਤਾਪਮਾਨ ਵਧੇਰੇ ਹੋਣ ’ਤੇ ਮੁਸ਼ੱਕਤੀ ਕੰਮ ਤੋਂ ਗੁਰੇਜ਼ ਕਰਨਾ, ਤਾਪਮਾਨ ਦੇ ਵਾਧੇ ਦੇ ਸਮੇਂ ਵਿੱਚ ਖਾਣਾ ਪਕਾਉਣ ਤੋਂ ਗੁਰੇਜ਼ ਕਰਨਾ ਅਤੇ ਖਾਣਾ ਬਣਾਉਣ ਵਾਲੀ ਥਾਂ ਹਵਾਦਾਰ ਹੋਣਾ, ਅਲਕੋਹਲ, ਚਾਹ ਕੌਫ਼ੀ ਅਤੇ ਕਾਰਬੋਨੇਟਿਡ ਸਾਫ਼ਟ ਡਰਿੰਕਸ ਤੋਂ ਪ੍ਰਹੇਜ਼ ਕਰਨਾ ਅਤੇ ਵਧੇਰੇ ਪ੍ਰੋਟੀਨ ਯੁਕਤ, ਮਸਾਲੇਦਾਰ, ਤਲਿਆ ਅਤੇ ਬੇਹਾ ਖਾਣਾ ਖਾਣ ਤੋਂ ਬਚਾਅ ਰੱਖਣਾ ਆਦਿ ਸ਼ਾਮਲ ਹਨ। ਹੱਥ ਧੋਣ ਤੋਂ ਬਗੈਰ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਨਾ ਛੂਹਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਵਧਾਨੀਆਂ ਨਾਲ ਅਸੀਂ ਜਿਥੇ ਲੂ ਤੋਂ ਬਚਾਅ ਕਰ ਸਕਦੇ ਹਾਂ ਉਥੇ ਆਪਣੇ ਆਪ ਨੂੰ ਬਿਮਾਰ ਹੋਣ ਤੋਂ ਵੀ ਬਚਾਅ ਸਕਦੇ ਹਾਂ।