You are here

ਪੰਜਾਬ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 70742 ਮੀਟ੍ਰਿਕ ਟਨ ਕਣਕ ਦੀ ਆਮਦ

63743 ਮੀਟ੍ਰਿਕ ਟਨ ਕਣਕ ਦੀ ਖ਼ਰੀਦ

ਖਰੀਦੀ ਕਣਕ ਵਿੱਚੋਂ 30155 ਮੀਟ੍ਰਿਕ ਟਨ ਦੀ ਹੋਈ ਲਿਫਟਿੰਗ
ਫ਼ਤਹਿਗੜ੍ਹ ਸਾਹਿਬ, 17 ਅਪਰੈਲ  (ਰਣਜੀਤ ਸਿੱਧਵਾਂ)  : ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 70742 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 63743 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ  ਨੇ ਦੱਸਿਆ ਕਿ ਖ਼ਰੀਦੀ ਕਣਕ ਵਿੱਚੋਂ ਪਨਗ੍ਰੇਨ ਨੇ 18145, ਮਾਰਕਫੈੱਡ ਨੇ 10447, ਪਨਸਪ ਨੇ 9588, ਵੇਅਰ ਹਾਊਸ ਨੇ  11740 ,ਐੱਫ ਸੀ ਆਈ ਨੇ 5023 ਮੀਟ੍ਰਿਕ ਟਨ ਕਣਕ ਅਤੇ  ਵਪਾਰੀਆਂ ਨੇ 8800 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੀਆਂ 33 ਮੰਡੀਆਂ ਵਿੱਚ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਮੰਡੀਆਂ ਵਿੱਚ ਪਾਣੀ, ਲਾਈਟਾਂ ਸਮੇਤ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਗਏ ਹਨ। ਸ੍ਰੀਮਤੀ ਸ਼ੇਰਗਿੱਲ ਨੇ ਦੱਸਿਆ ਕਿ ਕਣਕ ਦੀ ਖਰੀਦ ਸਬੰਧੀ ਬਾਰਦਾਨੇ ਦੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਣਕ ਦੀ ਖਰੀਦ ਨਾਲ ਸਬੰਧਤ ਕਿਸੇ ਵਿਅਕਤੀ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਹ ਬਿਨਾਂ ਝਿਜਕ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਸਕਦਾ ਹੈ। ਦਰਪੇਸ਼ ਸਮੱਸਿਆ ਨੂੰ ਛੇਤੀ ਤੋਂ ਛੇਤੀ ਦੂਰ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਦਾ ਕੀਤਾ ਦੌਰਾ

ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਆਦੇਸ਼  
ਸ੍ਰੀ ਮੁਕਤਸਰ ਸਾਹਿਬ 17 ਅਪ੍ਰੈਲ  (ਰਣਜੀਤ ਸਿੱਧਵਾਂ)  : ਬਤੌਰ ਡਿਪਟੀ ਕਮਿਸ਼ਨਰ ਵਜੋਂ ਅਹੁੱਦਾ ਸੰਭਾਲਣ ਦੇ ਅਗਲੇ ਹੀ ਦਿਨ ਆਈਏਐੱਸ ਸ੍ਰੀ ਵਿਨੀਤ ਕੁਮਾਰ  ਨੇ ਅੱਜ ਕਣਕ ਦੀ ਖਰੀਦ ਸਬੰਧੀ ਜ਼ਮੀਨੀ ਹਕੀਕਤ ਤੋਂ ਰੁਬਰੂ ਹੋਣ ਲਈ ਜ਼ਿਲ੍ਹੇ ਦੀਆਂ ਮਲੋਟ ਅਤੇ ਗਿੱਦੜਬਾਹਾ ਅਨਾਜ ਮੰਡੀਆਂ ਦਾ ਦੌਰਾ ਕੀਤਾ।ਉਨ੍ਹਾਂ ਕਿਸਾਨਾ, ਆੜਤੀਆਂ ਅਤੇ  ਖਰੀਦ ਏਜੰਸੀਆਂ ਨਾਲ ਮੌਕੇ ਤੇ ਗੱਲਬਾਤ ਕਰਕੇ  ਪ੍ਰਬੰਧਾਂ ਦਾ ਲਿਆ ਜਾਇਜ਼ਾ ।ਉਹਨਾਂ ਅਧਕਾਰੀਆਂ ਨੂੰ ਹਦਾਇਤ ਕੀਤੀ ਕੀ ਕਿਸੇ ਵੀ ਹਾਲਤ ਵਿੱਚ ਕਣਕ ਦੀ ਆਮਦ ਅਤੇ ਖਰੀਦ ਵਿਚ 24 ਘੰਟੇ ਤੋਂ ਵੱਧ ਦਾ ਵਖਵਾ ਨਾ ਪਵੇ। ਮਲੋਟ  ਦੀ ਮੰਡੀ ਵਿਖੇ ਉਹਨਾਂ ਤੋਲ  ਦਾ ਨਿਰੀਖਣ ਕੀਤਾ ਅਤੇ ਆੜਤੀਆਂ ਨੂੰ ਕਿਹਾ ਕਿ ਜਿੱਥੇ ਵੀ ਮਜਦੂਰਾਂ ਦੀ ਕਮੀ ਆ ਰਹੀ ਹੈ ਉਸ ਨੂੰ ਜਲਦ ਪੂਰਾ ਕਰਕੇ ਕਣਕ ਦੀ ਖਰੀਦ ਵਿੱਚ ਤੇਜੀ ਲਿਆਂਦੀ ਜਾਵੇ। ਉਹਨਾ ਹਦਾਇਤ ਕੀਤੀ ਕਿ ਇਸ ਸਬੰਧੀ ਪਹਿਲਾਂ ਤੋਂ ਹੀ ਪ੍ਰਬੰਧ ਮੁਕੰਮਲ ਕਰ ਲਏ ਜਾਣ ਤਾਂ ਜ਼ੋ ਕਿਸਾਨਾਂ ਨੂੰ ਗਰਮੀ ਵਿੱਚ  ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਮੰਡੀਆਂ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ ਦੇ ਅਧਿਕਾਰੀਆਂ  ਨੂੰ ਹਦਾਇਤ ਕੀਤੀ ਕਿ ਵੱਧ ਰਹੇ ਤਾਪਮਾਨ ਕਾਰਣ ਕਿਸੇ ਵੀ ਕਿਸਾਨ ਜਾਂ ਮਜ਼ਦੂਰ ਨੂੰ ਪੀਣ ਵਾਲੇ ਪਾਣੀ ਦੀ ਕਿਲਤ ਨਾ ਆਉਣ ਦਿਤੀ ਜਾਵੇ ।
ਉਹਨਾਂ ਯਕੀਨ ਦੁਆਇਆ ਕਿ ਜ਼ਿਲ੍ਹਾ  ਪ੍ਰਸ਼ਾਸ਼ਨ ਹਰ ਹੀਲੇ ਹਾੜੀ  ਦੀ ਇਸ ਫਸਲ ਨੂੰ ਸੁਚੱਜੇ ਢੰਗ ਨਾਲ ਅਤੇ ਬਿਨ੍ਹਾਂ ਕਿਸੇ ਰੁਕਾਵਟ ਦੇ ਕਰਵਾਉਣ ਲਈ ਵਚਨਬੱਧ ਹੈ।ਉਨ੍ਹਾਂ ਖਰੀਦ ਏਜੰਸੀਆਂ ਨੂੰ ਇਹ ਵੀ ਹਿਦਾਇਤ ਕੀਤੀ ਕਿ ਕਣਕ ਦੀ ਫਸਲ ਨਿਰਧਾਰਤ ਅਨਾਜ ਮੰਡੀਆਂ ਵਿੱਚੋਂ ਹੀ ਖਰੀਦੀ ਜਾਵੇ ਅਤੇ ਕਿਸੇ ਵੀ ਪ੍ਰਾਈਵੇਟ ਵਿਆਕਤੀ ਨੇ ਕਣਕ ਦੀ ਖਰੀਦ ਕਰਨੀ ਹੈ, ਉਹ ਅਨਾਜ ਮੰਡੀਆਂ ਵਿੱਚੋਂ ਹੀ ਖਰੀਦੇਗਾ ਤਾਂ ਜੋ ਮਾਰਕਿਟ ਕਮੇਟੀ ਦੀ ਚੋਰੀ ਨੂੰ ਰੋਕਿਆ ਜਾ ਸਕੇ।

ਪੰਜਾਬ ਸਰਕਾਰ ਵੱਲੋ 300 ਯੂਨਿਟ ਬਿਜਲੀ ਮਾਫ ਕਰਨ ਦੀ ਖੁਸੀ ਵਿਚ ਲੱਡੂ ਵੰਡੇ

ਹਠੂਰ,17,ਅਪ੍ਰੈਲ-(ਕੌਸ਼ਲ ਮੱਲ੍ਹਾ)-ਪੰਜਾਬ ਸਰਕਾਰ ਵੱਲੋ ਸੂਬਾ ਵਾਸੀਆ ਲਈ ਇੱਕ ਜੁਲਾਈ ਤੋ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫਤ ਦੇਣ ਦੀ ਖੁਸੀ ਵਿਚ ਅੱਜ ਆਮ-ਆਦਮੀ ਪਾਰਟੀ ਇਕਾਈ ਹਠੂਰ ਦੇ ਪ੍ਰਧਾਨ ਹਰਜੀਤ ਸਿੰਘ ਦੀ ਅਗਵਾਈ ਹੇਠ ਹਠੂਰ ਵਿਖੇ ਲੱਡੂ ਵੰਡ ਕੇ ਖੁਸੀ ਦਾ ਇਜਹਾਰ ਕੀਤਾ ਗਿਆ।ਇਸ ਮੌਕੇ ਪ੍ਰਧਾਨ ਤਰਸੇਮ ਸਿੰਘ ਹਠੂਰ ਨੇ ਕਿਹਾ ਕਿ ਪੰਜਾਬ ਦੀ ਪਹਿਲੀ ‘ਆਪ’ਸਰਕਾਰ ਹੈ ਜੋ ਪਹਿਲੇ ਮਹੀਨੇ ਵਿਚ ਹੀ ਆਪਣੇ ਚੋਣਾ ਸਮੇਂ ਕੀਤੇ ਵਾਅਦਿਆ ਨੂੰ ਇੱਕ-ਇੱਕ ਕਰਕੇ ਪੂਰੇ ਕਰ ਰਹੀ ਹੈ।ਉਨ੍ਹਾ ਕਿਹਾ ਕਿ ਅੱਜ ਸੂਬੇ ਦਾ ਹਰ ਵਰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੋ ਖੁਸ ਦਿਖਾਈ ਦੇ ਰਿਹਾ ਹੈ ਅਤੇ ਅੱਜ ਪੰਜਾਬ ਵਿਚ 300 ਯੂਨਿਟ ਪ੍ਰਤੀ ਮਹੀਨੇ ਮੁਫਤ ਬਿਜਲੀ ਦੇ ਕੇ ਪੰਜਾਬ ਵਾਸੀਆ ਦਾ ਦਿੱਲ ਜਿੱਤ ਲਿਆ ਹੈ।ਉਨ੍ਹਾ ਕਿਹਾ ਕਿ ਇਸ ਦੇ ਨਾਲ ਹੀ 25 ਹਜਾਰ ਨਵੀਆ ਸਰਕਾਰੀ ਨੌਕਰੀਆ ਦਾ ਐਲਾਨ,35 ਹਾਜ਼ਰ ਠੇਕਾ ਅਧਾਰਿਤ ਮੁਲਾਜ਼ਮ ਰੈਗੂਲਰ ਹੋਣਗੇ ਅਤੇ ਆਟਾ-ਦਾਲ ਸਕੀਮ ਵੀ ਲਾਭਪਾਤਰੀਆ ਦੇ ਘਰ ਤੱਕ ਪਹੁੰਚਾਉਣ ਦਾ ਸੱਭ ਤੋ ਵੱਡਾ ਵਾਅਦਾ ਆਪ ਸਰਕਾਰ ਨੇ ਹੀ ਪੂਰਾ ਕੀਤਾ ਹੈ ਅਤੇ ਅੱਜ ਵਿਰੋਧੀ ਪਾਰਟੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡਮੁੱਲੀ ਕਾਰਜਗਾਰੀ ਬਾਰੇ ਸੋਚਣ ਲਈ ਮਜਬੂਰ ਹਨ।ਇਸ ਮੌਕੇ ਉਨ੍ਹਾ ਨਾਲ ਨੰਬਰਦਾਰ ਸੁਖਵਿੰਦਰ ਸਿੰਘ,ਹਰਜੀਤ ਸਿੰਘ,ਭਾਗ ਸਿੰਘ ਗੋਲਡੀ,ਬਲਵਿੰਦਰ ਸਿੰਘ,ਦਰਸ਼ਨ ਸਿੰਘ ਤੂਰ,ਰਾਮਰੱਖਾ ਸਿੰਘ,ਹਰਪ੍ਰੀਤ ਸਿੰਘ,ਗੁਰਚਰਨ ਸਿੰਘ ਰਾਮਗੜ੍ਹੀਆ,ਸਕੱਤਰ ਪਰਮਿੰਦਰ ਸਿੰਘ,ਸਿਮਰਜੋਤ ਸਿੰਘ ਗਾਹਿਲੇ,ਅਮਰ ਸਿੰਘ,ਇੰਦਰਜੀਤ ਸਿੰਘ,ਕਾਲਾ ਸਿੰਘ ਆਦਿ ਹਾਜ਼ਰ ਸਨ।

ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਗੁੱਜਰਵਾਲ ਵਿਖੇ ਸਰਕਾਰੀ ਡਿਸਪੈਂਸਰੀ ਦੇ ਨਵੀਨੀਕਰਨ ਦੇ ਕੰਮ ਦੀ ਕਰਵਾਈ ਸ਼ੁਰੂਆਤ

ਇਸ ਪਿੰਡ ਦੇ ਪਰਉਪਕਾਰੀ ਅਤੇ ਐਨ ਆਰ ਆਈਜ਼ ਭਾਰਤੀਆਂ ਨੇ ਮਿਲ ਕੇ 10 ਲੱਖ ਰੁਪਏ ਇਕੱਠੇ ਕੀਤੇ ਅਤੇ ਸਰਕਾਰੀ ਡਿਸਪੈਂਸਰੀ ਦੀ ਖੰਡਰ ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ
ਦੇ ਲਈ ਸਹਿਯੋਗ ਕੀਤਾ

ਸਰਕਾਰੀ ਡਿਸਪੈਂਸਰੀ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ

ਗੁੱਜਰਵਾਲ (ਲੁਧਿਆਣਾ), 16 ਅਪ੍ਰੈਲ  (ਰਣਜੀਤ ਸਿੱਧਵਾਂ)   :  ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਅਤੇ ਐਨ ਆਰ ਆਈ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦੀ ਹੀ ਐਨ ਆਰ ਆਈਜ਼ ਭਾਰਤੀਆਂ ਦਾ ਡਾਟਾਬੇਸ ਤਿਆਰ ਕਰੇਗੀ ਤਾਂ ਜੋ  ਪੰਜਾਬ ਸਰਕਾਰ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਪ੍ਰੋਜੈਕਟਾਂ ਲਈ ਉਨ੍ਹਾਂ ਦਾ ਸਹਿਯੋਗ ਲੈਣ ਲਈ ਉਨ੍ਹਾਂ ਨਾਲ ਸੰਪਰਕ ਕਰ ਸਕੇ। ਕੈਬਨਿਟ ਮੰਤਰੀ ਨੇ ਅੱਜ ਪਿੰਡ ਗੁੱਜਰਵਾਲ ਦਾ ਦੌਰਾ ਕਰਕੇ ਇਸੇ ਪਿੰਡ ਵਿੱਚ ਸਰਕਾਰੀ ਡਿਸਪੈਂਸਰੀ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਹਾਕਮ ਸਿੰਘ ਠੇਕੇਦਾਰ, ਜੀਵਨ ਸਿੰਘ ਸੰਗੋਵਾਲ, ਮਨਵਿੰਦਰ ਸਿੰਘ ਗਿਆਸਪੁਰਾ, ਹਰਦੀਪ ਸਿੰਘ ਮੁੰਡੀਆਂ, ਲਾਭ ਸਿੰਘ ਉਗੋਕੇ, ਸੀਨੀਅਰ ਆਪ ਆਗੂ ਡਾ.ਕੇ.ਐਨ.ਐਸ. ਕੰਗ, ਏ.ਡੀ.ਸੀ (ਪੇਂਡੂ ਵਿਕਾਸ) ਅਮਿਤ ਕੁਮਾਰ ਪੰਚਾਲ, ਐਸ.ਪੀ (ਐਚ) ਪਿਰਥੀਪਾਲ ਸਿੰਘ, ਐਸ.ਡੀ.ਐਮ.  ਜਗਦੀਪ ਸਹਿਗਲ ਤੋਂ ਇਲਾਵਾ ਕਈ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ। ਇਸ ਮੌਕੇ ਉਨ੍ਹਾਂ ਇਸ ਸਰਕਾਰੀ ਡਿਸਪੈਂਸਰੀ ਨੂੰ ਅਪਗ੍ਰੇਡ ਕਰਨ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਅਤੇ ਪਿੰਡ ਦੇ ਛੱਪੜ ਦੀ ਸਫ਼ਾਈ ਲਈ ਐਸਟੀਮੇਟ ਤਿਆਰ ਕਰਨ ਲਈ ਬੀ.ਡੀ.ਪੀ.ਓ. ਨੂੰ ਕਿਹਾ ਗਿਆ।
ਪਿੰਡ ਗੁੱਜਰਵਾਲ ਦੇ ਪਰਉਪਕਾਰੀ ਅਤੇ ਐਨ ਆਰ ਆਈ ਭਾਰਤੀਆਂ ਨੇ ਪਿੰਡ ਵਿੱਚ ਸਾਲ 1926 ਵਿੱਚ ਸਥਾਪਿਤ ਕੀਤੀ ਗਈ ਸਰਕਾਰੀ ਡਿਸਪੈਂਸਰੀ ਦੀ ਟੁੱਟੀ-ਭੱਜੀ ਇਮਾਰਤ ਦੇ ਨਵੀਨੀਕਰਨ ਅਤੇ ਨਵੀਨੀਕਰਨ ਲਈ ਇੱਕਜੁੱਟ ਹੋ ਕੇ ਕੰਮ ਕੀਤਾ ਹੈ। ਇਸ ਮੌਕੇ ਪਿੰਡ ਦੇ ਇੱਕ ਐੱਨ.ਆਰ.ਆਈ. ਕੈਨੇਡਾ ਵਾਸੀ ਕੁਲਦੀਪ ਸਿੰਘ ਗਰੇਵਾਲ ਅੱਗੇ ਆਏ ਹਨ।  ਇਸ ਮੋਕੇ 10 ਲੱਖ ਰੁਪਏ ਦੇ ਫੰਡ ਦੇ ਕੰਮ ਲਈ ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਤੋਂ ਮੰਗ ਕੀਤੀ ਕਿ ਇਸ ਸਰਕਾਰੀ ਡਿਸਪੈਂਸਰੀ ਨੂੰ ਅਪਗ੍ਰੇਡ ਕਰਕੇ ਘੱਟੋ-ਘੱਟ 25 ਬਿਸਤਰਿਆਂ ਵਾਲੇ ਸਰਕਾਰੀ ਹਸਪਤਾਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਐਨ ਆਰ ਆਈਜ਼ ਨੂੰ ਪਿੰਡਾਂ ਦੇ ਸਕੂਲਾਂ, ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ ਗੋਦ ਲੈਣ ਲਈ ਕਿਹਾ ਜਾਵੇਗਾ।  ਉਨਾਂ ਕਿਹਾ ਕਿ ਪੰਜਾਬ ਸਰਕਾਰ ਉਨਾਂ ਨੂੰ ਸਾਡੇ ਸੂਬੇ ਦੇ ਵਿਕਾਸ ਲਈ ਜਿੰਨਾ ਵੀ ਯੋਗਦਾਨ ਪਾਉਣ ਲਈ ਕਹੇਗੀ ਉਹ ਪੂਰਾ ਸਹਿਯੋਗ ਕਰਨਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਐਨ ਆਰ ਆਈਜ਼ ਭਾਰਤੀਆਂ ਨਾਲ ਸਬੰਧਤ ਕੇਸਾਂ ਲਈ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਚਾਰ ਵਿਸ਼ੇਸ਼ ਅਦਾਲਤਾਂ ਸਥਾਪਤ ਕਰੇਗੀ।  ਉਨ੍ਹਾਂ ਕਿਹਾ ਕਿ ਜਲਦੀ ਹੀ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਐਨ ਆਰ ਆਈਜ਼ ਭਾਰਤੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪੀਸੀਐਸ ਰੈਂਕ ਦਾ ਨੋਡਲ ਅਫ਼ਸਰ ਲਗਾਇਆ ਜਾਵੇਗਾ। ਸ੍ਰ ਕੁਲਦੀਪ ਸਿੰਘ ਧਾਲੀਵਾਲ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਅੱਗੇ ਆਉਣ ਦਾ ਸੱਦਾ ਵੀ ਦਿੱਤਾ। ਸ. ਧਾਲੀਵਾਲ ਨੇ ਕਿਹਾ ਕਿ ਐਨ.ਆਰ.ਆਈਜ਼ ਭਾਰਤੀਆਂ ਨੂੰ ਆਪਣੀ ਮਾਤ ਭੂਮੀ ਦੀ ਬਿਹਤਰੀ ਲਈ ਅਗਵਾਈ ਕਰਨੀ ਚਾਹੀਦੀ ਹੈ, ਜਿਸ ਲਈ ਪੰਜਾਬ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਹਿਯੋਗ ਦੇਵੇਗੀ।ਇਸ ਮੌਕੇ ਐਨਆਰਆਈ ਅਤੇ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।

ਜਥੇਦਾਰ ਬਲਦੇਵ ਸਿੰਘ ਚੂੰਘਾ ਭਗਵੰਤ ਮਾਨ ਦੇ ਹੱਕ ਵਿੱਚ ਖੜ੍ਹ ਗਏ  

ਬਰਨਾਲਾ/ ਮਹਿਲ ਕਲਾਂ (ਗੁਰਸੇਵਕ ਸੋਹੀ)-  ਮੁੱਖ ਮੰਤਰੀ ਭਗਵੰਤ ਮਾਨ ਵੱਲੋ ਸਰਾਬ ਪੀ ਕੇ ਦਮਦਮਾ ਸਾਹਿਬ ਜਾਣ ਦੇ ਸੁਖਬੀਰ ਬਾਦਲ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਭਗਵੰਤ ਮਾਨ ਦੇ ਹੱਕ ਵਿੱਚ ਖੜ ਗਏ ਹਨ।ਪਿਛਲੇ ਕੁਝ ਸਮੇਂ ਤੋਂ ਬਾਦਲਾਂ ਦੇ ਖਿਲਾਫ ਖੁਲਕੇ ਬੋਲ ਰਹੇ ਜਥੇਦਾਰ ਚੁੰਘਾ ਆਉਣ ਵਾਲੇ ਸਮੇਂ ਚ ਕੋਈ ਫੈਸਲਾ ਲੈ ਸਕਦੇ ਹਨ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬਣਨ ਦੀ ਲਾਲਸਾ ਦਿਲ ਵਿੱਚ ਸਮੋਈ ਬੈਠੇ  ਜਥੇਦਾਰ ਚੁੰਘਾ ਦਾ ਫਿਲਹਾਲ ਨੰਬਰ ਲਗਦਾ ਦਿਖਾਈ ਨਹੀਂ ਦੇ ਰਿਹਾ। ਤਿੰਨ ਵਾਰ ਸ਼੍ਰੋਮਣੀ ਕਮੇਟੀ ਮੈਂਬਰ, ਇੱਕ ਵਾਰ ਐਗਜੈਕਟਿਵ ਮੈਂਬਰ, ਮਾਰਕੀਟ ਕਮੇਟੀ ਚੇਅਰਮੈਨ ,ਦੋ ਵਾਰ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਬਣਨ ਵਾਲੇ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਪਾਰਟੀ ਚ ਤਕੜਾ ਅਧਾਰ ਸੀ ਪਰ ਪਾਰਟੀ ਕੋਲ ਕੋਈ ਪੱਖ ਰੱਖਣ ਦੀ ਬਿਜਾਏ ਸਿੱਧੇ ਰੂਪ ਵਿੱਚ ਬਾਦਲ ਪਰਿਵਾਰ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ।ਜਥੇਦਾਰ ਚੁੱਘਾ ਵੱਲੋ ਭਗਵੰਤ ਮਾਨ ਦੇ ਹੱਕ ਵਿੱਚ ਖੁਲਕੇ ਆਉਣ ਦਾ ਕੋਈ ਫਾਇਦਾ ਹੁੰਦਾ ਹੈ ਜਾਂ ਫੇਰ ਨਹੀ ਇਸ ਉੱਪਰ ਲੋਕਾਂ ਦੀਆਂ ਨਜ਼ਰਾਂ ਟੀਕਿਆਂ ਰਹਿਣਗੀਆਂ।

ਜ਼ਿਲ੍ਹਾ ਜਲੰਧਰ ਬਣਿਆ ਕਣਕ ਦੀ ਖ਼ਰੀਦ ਵਿੱਚ ਮੋਹਰੀ  

ਜਲੰਧਰ 16 ਅਪ੍ਰੈਲ (ਰਣਜੀਤ ਸਿੱਧਵਾਂ)  :ਜ਼ਿਲ੍ਹਾ ਜਲੰਧਰ ਨੇ ਜ਼ਿਲ੍ਹੇ ਦੇ ਸਾਰੇ 78 ਖ਼ਰੀਦ ਕੇਂਦਰਾਂ 'ਤੇ 72 ਘੰਟਿਆਂ ਦੇ ਅੰਦਰ 214.73 ਫੀਸਦੀ ਕਣਕ ਦੀ ਲਿਫ਼ਟਿੰਗ ਕਰਕੇ ਸੂਬੇ ਭਰ 'ਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅਨਾਜ ਮੰਡੀਆਂ ਵਿੱਚ ਹੁਣ ਤੱਕ ਕੁੱਲ 81547 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 13635 ਮੀਟ੍ਰਿਕ ਟਨ ਕਣਕ ਦੀ ਲਿਫ਼ਟਿੰਗ 72 ਘੰਟਿਆਂ ਵਿੱਚ ਹੋਣੀ ਸੀ ਜਦਕਿ ਏਜੰਸੀਆਂ ਵੱਲੋਂ 29279 ਮੀਟ੍ਰਿਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਗਈ ਹੈ, ਜੋ ਕਿ ਟੀਚੇ ਦਾ 214.73 ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਲੰਧਰ ਫ਼ਸਲ ਦੀ ਲਿਫ਼ਟਿੰਗ ਵਿੱਚ ਸੂਬੇ ਵਿੱਚ ਮੋਹਰੀ ਬਣ ਕੇ ਉਭਰਿਆ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫ਼ਸਲ ਦੀ ਸਮੇਂ ਸਿਰ ਖ਼ਰੀਦ, ਲਿਫ਼ਟਿੰਗ ਅਤੇ ਅਦਾਇਗੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਤਾਂ ਜੋ ਸਮੁੱਚੀ ਪ੍ਰਕਿਰਿਆ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਘਨਸ਼ਿਆਮ ਥੋਰੀ ਨੇ ਖ਼ਰੀਦ ਦੇ ਕਾਰਜ ਨਾਲ ਜੁੜੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਫ਼ਸਲ ਆਉਣ ਤੋਂ ਬਾਅਦ ਇਸ ਦੀ ਨਿਰਧਾਰਤ ਸਮੇਂ ਦੇ ਅੰਦਰ ਲਿਫ਼ਟਿੰਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਖ਼ਰੀਦ ਦੇ ਹਰ ਪੜਾਅ 'ਤੇ ਕਿਸਾਨਾਂ ਦੀ ਸਹਾਇਤਾ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ। ਉਨ੍ਹਾਂ ਸਪੱਸ਼ਟ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀਜ਼ਨ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਪੀਣ ਵਾਲੇ ਪਾਣੀ, ਪਖਾਨਿਆਂ ਦੀ ਸਹੂਲਤ, ਛਾਂ ਆਦਿ ਸਹੂਲਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਿਹਾ।ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਮੁੱਚੇ ਸੀਜ਼ਨ ਦੌਰਾਨ ਇਹ ਰੈਂਕ ਬਰਕਰਾਰ ਰੱਖਣ ਦੇ ਨਾਲ-ਨਾਲ ਕਿਸਾਨਾਂ ਨੂੰ ਸਹਿਯੋਗ ਦੇਣ ਲਈ ਵੀ ਕਿਹਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰੋਜ਼ਾਨਾ ਖ਼ਰੀਦ ਦੀ ਸਮੀਖਿਆ ਕਰਨ ਤੋਂ ਇਲਾਵਾ ਉਨ੍ਹਾਂ ਵੱਲੋਂ ਜ਼ਿਲ੍ਹੇ ਵਿੱਚ ਖ਼ਰੀਦ, ਲਿਫਟਿੰਗ ਅਤੇ ਅਦਾਇਗੀ ਪ੍ਰਕਿਰਿਆ ਦੀ ਵਿਅਕਤੀਗਤ ਤੌਰ ’ਤੇ ਨਿਗਰਾਨੀ ਵੀ ਕੀਤੀ ਜਾਵੇਗੀ।  ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ ਹਰਸ਼ਰਨ ਸਿੰਘ ਨੇ ਦੱਸਿਆ ਕਿ ਲੇਬਰ ਅਤੇ ਟਰਾਂਸਪੋਰਟ ਸਬੰਧੀ ਸਾਰੇ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਅਤੇ ਸਾਰੇ ਖਰੀਦ ਕੇਂਦਰਾਂ 'ਤੇ 72 ਘੰਟਿਆਂ ਦੇ ਅੰਦਰ ਲਿਫ਼ਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖ਼ਰੀਦ ਦਾ ਸਮੁੱਚਾ ਕਾਰਜ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਕਿਸੇ ਵੀ ਕਿਸਮ ਦੀ ਅਣਗਹਿਲੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

ਸ੍ਰੀ ਵਿਨੀਤ ਕੁਮਾਰ, ਆਈਏਐੱਸ  ਨੇ ਸੰਭਾਲਿਆ ਡੀਸੀ ਸ੍ਰੀ ਮੁਕਤਸਰ ਸਾਹਿਬ ਦਾ ਅਹੁਦਾ  

 ਜ਼ਿਲ੍ਹੇ ਵਿੱਚ ਚੱਲ ਰਹੇ ਕਣਕ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ
ਸ੍ਰੀ ਮੁਕਤਸਰ ਸਾਹਿਬ 16 ਅਪ੍ਰੈਲ (ਰਣਜੀਤ ਸਿੱਧਵਾਂ) : 2012 ਬੈਚ ਦੇ ਆਈ.ਏ.ਐੱਸ ਸ੍ਰੀ ਵਿਨੀਤ ਕੁਮਾਰ ਨੇ ਅੱਜ ਬਤੌਰ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਆਪਣਾ ਆਹੁਦਾ ਸੰਭਾਲ ਲਿਆ ਹੈ।ਇਸ ਤੋਂ ਪਹਿਲਾ ਸ੍ਰੀ ਵਿਨੀਤ ਕੁਮਾਰ  ਸਪੈਸ਼ਲ ਸਕੱਤਰ ਖੇਤੀਬਾੜੀ ਅਤੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਵੇਅਰ ਹਾਉਸਿੰਗ ਕਾਰਪੋਰੇਸ਼ਨ ਤੋਂ ਇਲਾਵਾ ਫਿਰੋਜ਼ਪੁਰ, ਬਠਿੰਡਾ ਵਿਖੇ ਡਿਪਟੀ ਕਮਿਸ਼ਨਰ  ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਪਹਿਲਾਂ ਜ਼ਿਲ੍ਹਾ  ਪ੍ਰਬੰਧਕੀ ਕੰਪਲੈਕਸ ਵਿਖੇ ਗਾਰਡ ਆਫ਼ ਆਨਰ ਲਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਰਾਜਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ੍ਰੀਮਤੀ ਸਵਰਨਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਸ੍ਰੀ ਗਗਨਦੀਪ ਸਿੰਘ ਐਸ.ਡੀ.ਐਮ. ਗਿੱਦੜਬਾਹਾ, ਸ੍ਰੀ ਪ੍ਰਮੋਦ ਸਿੰਗਲਾ ਐਸ.ਡੀ.ਐਮ. ਮਲੋਟ ਵੀ ਮੌਜੂਦ   ਸਨ। ਚਾਲੀ ਮੁਕਤਿਆਂ ਦੀ ਯਾਦ ਵਿੱਚ ਬਣੇ ਇਤਿਹਾਸਕ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਵੀ ਟੇਕਿਆ, ਜਿੱਥੇ ਉਹਨਾ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸਿਰੋਪਾ ਵੀ ਭੇਟ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ  ਗੈਰ ਰਸਮੀ ਗੱਲ ਬਾਤ ਕਰਦਿਆ ਜ਼ਿਲ੍ਹੇ ਦੀ ਕਾਰਜ ਸੈਲੀ ਅਤੇ ਕੰਮਾਂ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ, ਇਸ ਤੋਂ ਇਲਾਵਾ ਉਹਨਾਂ ਜ਼ਿਲ੍ਹੇ ਵਿੱਚ ਚੱਲ ਰਹੇ ਕਣਕ ਦੇ ਖਰੀਦ ਕੰਮਾਂ ਸਬੰਧੀ ਵੀ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ  ਜਾਣਕਾਰੀ ਇਕੱਤਰ ਕੀਤੀ। ਉਹਨਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਣਕ ਵੇਚਣ ਆਏ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ ਅਤੇ ਕਣਕ ਦੀ ਖਰੀਦ ਵਿੱਚ ਤੇਜ਼ ਲਿਆਂਦੀ ਜਾਵੇ ।

ਯੂਕੇ ਦੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੇ ਮੁੱਖ ਐਨਆਰਆਈ ਮੁੱਦਿਆਂ 'ਤੇ ਚਰਚਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ

ਲੰਡਨ/ਚੰਡੀਗੜ੍ਹ, 15 ਅਪ੍ਰੈਲ (ਖਹਿਰਾ) ਤਨਮਨਜੀਤ ਸਿੰਘ ਢੇਸੀ ਸੰਸਦ ਮੈਂਬਰ (ਸਲੋਹ, ਯੂ.ਕੇ.) ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਦੀ ਇੱਕ ਘੰਟੇ ਤੱਕ ਚੱਲੀ ਮੀਟਿੰਗ ਦੌਰਾਨ, ਗੈਰ-ਨਿਵਾਸੀ ਭਾਰਤੀਆਂ ਨਾਲ ਸਬੰਧਤ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਮੌਕੇ ਰਾਜ ਸਭਾ ਮੈਂਬਰ ਰਾਘਵ ਚੱਢਾ, ਡਾ: ਇੰਦਰਬੀਰ ਸਿੰਘ ਨਿੱਝਰ ਵਿਧਾਇਕ (ਅੰਮ੍ਰਿਤਸਰ ਦੱਖਣੀ) ਅਤੇ ਢੇਸੀ ਦੇ ਪਿਤਾ ਜਸਪਾਲ ਸਿੰਘ ਢੇਸੀ ਵੀ ਮੌਜੂਦ ਸਨ।
ਐਮਪੀ ਢੇਸੀ ਨੇ ਟਿੱਪਣੀ ਕੀਤੀ, “ਮੈਂ ਮਾਣਯੋਗ ਮੁੱਖ ਮੰਤਰੀ ਦਾ ਬਹੁਤ ਧੰਨਵਾਦੀ ਹਾਂ ਜਿਸ ਨਾਲ ਉਨ੍ਹਾਂ ਨੇ ਮੇਰਾ ਸੁਆਗਤ ਕੀਤਾ। ਉਨ੍ਹਾਂ, ਐਮ.ਪੀ ਚੱਢਾ ਅਤੇ ਵਿਧਾਇਕ ਨਿੱਝਰ ਨੇ ਪਿਆਰ ਨਾਲ ਆਪਣਾ ਕੀਮਤੀ ਸਮਾਂ ਦਿੱਤਾ, ਜਿਸ ਵਿੱਚ ਅਸੀਂ ਪ੍ਰਵਾਸੀ ਪੰਜਾਬੀ ਨੂੰ ਪ੍ਰਭਾਵਿਤ ਕਰਨ ਵਾਲੇ ਮਾਮਲਿਆਂ, ਜਿਨ੍ਹਾਂ ਵਿੱਚ ਜ਼ਮੀਨੀ ਵਿਵਾਦ ਦੇ ਕੇਸਾਂ, ਬਲੈਕਲਿਸਟ ਕੀਤੇ ਵਿਅਕਤੀਆਂ ਅਤੇ ਲੰਮੇ ਸਮੇਂ ਤੋਂ ਸਿਆਸੀ ਕੈਦੀਆਂ ਬਾਰੇ ਚਿੰਤਾਵਾਂ, ਅਤੇ ਬਿਹਤਰ ਕਾਨੂੰਨ ਅਤੇ ਪ੍ਰਵਾਸੀ ਭਾਰਤੀ ਸਿੱਧੇ ਨਿਵੇਸ਼ ਨੂੰ ਆਕਰਸ਼ਿਤ (ਘਟਾਉਣ ਦੀ ਬਜਾਏ) ਕਰਨ ਦੀਆਂ ਨੀਤੀਆਂ। ਅਸੀਂ ਵਧੇਰੇ ਸੰਪਰਕ ਰਾਹੀਂ ਕਾਰਗੋ, ਵਪਾਰ ਅਤੇ ਸੈਰ-ਸਪਾਟੇ ਨੂੰ ਵਧਾਉਣ ਦੇ ਮਹੱਤਵ 'ਤੇ ਵੀ ਚਰਚਾ ਕੀਤੀ, ਖਾਸ ਤੌਰ 'ਤੇ ਲੰਡਨ, ਬਰਮਿੰਘਮ ਅਤੇ ਵਿਦੇਸ਼ਾਂ ਦੇ ਹੋਰ ਸ਼ਹਿਰਾਂ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੋਵਾਂ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ।
ਢੇਸੀ ਨੇ ਅੱਗੇ ਦੱਸਿਆ, “ਡਾਇਸਪੋਰਾ ਸਪੱਸ਼ਟ ਤੌਰ 'ਤੇ ਆਪਣੀ ਵਿਰਾਸਤ ਦੀ ਧਰਤੀ ਨੂੰ ਵਧਦਾ-ਫੁੱਲਦਾ ਦੇਖਣਾ ਚਾਹੁੰਦੇ ਹਨ ਅਤੇ ਇਸ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ। ਵਿਦੇਸ਼ ਦੌਰਿਆਂ ਤੋਂ ਮੁੱਖ ਮੰਤਰੀ ਦੇ ਵਿਆਪਕ ਗਿਆਨ ਦੇ ਮੱਦੇਨਜ਼ਰ, ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ, ਜਿਸ ਨਾਲ ਬਿਨਾਂ ਸ਼ੱਕ ਸਹਿਯੋਗ ਅਤੇ ਤਰੱਕੀ ਵਧੇਗੀ।"

ਤਿੰਨ ਪਿੰਡਾਂ ਦੀ 215 ਏਕੜ ਖੜੀ ਕਣਕ ਸੜ ਕੇ ਸੁਆਹ, ਕਿਸਾਨਾਂ ਨੇ ਕੀਤੀ ਮੁਆਵਜੇ ਦੀ ਮੰਗ            

ਹਠੂਰ,15,ਅਪ੍ਰੈਲ-(ਕੌਸ਼ਲ ਮੱਲ੍ਹਾ)-ਇੱਥੋਂ ਨਜਦੀਕੀ ਪਿੰਡ ਹੇਰਾ,ਛੱਜਾਵਾਲ,ਰਾਜੋਆਣਾ ਖੁਦ ਆਦਿ  ਪਿੰਡਾਂ ਦੀ ਸੋਨੇ ਵਰਗੀ ਕਣਕ ਸੜ ਕੇ ਸੁਆਹ ਹੋ ਗਈ ।ਪੁੱਤਾਂ ਵਾਂਗ ਪਾਲੀ ਕਣਕ ਸੜਦੀ ਵੇਖ ਕਿਸਾਨਾਂ ਦੇ ਬੇ ਬਸ਼ ਦਿਲਾਂ ਤੇ ਜੋ ਬੀਤਦੀ ਸੀ ਉਸ ਨੂੰ ਬੱਸ ਰੱਬ ਹੀ ਸਮਝ ਸਕਦਾ ਸੀ ।ਭਾਵੇਂ ਅੱਜ ਤਹਿਸੀਲਦਾਰ, ਪਟਵਾਰੀ ਆਦਿ ਪ੍ਰਸਾਸਨ ਵੱਲੋਂ ਸੜੀ ਕਣਕ ਦਾ ਸਰਵੇ ਕੀਤਾ ਗਿਆ ਅਤੇ ਸਰਕਾਰ ਨੂੰ ਰਿਪੋਰਟ ਬਣਾ ਕੇ ਭੇਜਣ ਉਪ੍ਰੰਤ ਕਿਸਾਨਾਂ ਨੂੰ ਮੁਆਵਜਾ ਦਿਵਾਉਣ ਦੀ ਸਿਫਾਰਸ ਕੀਤੀ ਜਾਵੇਗੀ , ਪਰ ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ੍ਹ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ,ਜਗਤਾਰ ਸਿੰਘ ਬਲਾਕ ਪ੍ਰਧਾਨ ਜਗਰਾਓ,ਬਲਾਕ ਸਕੱਤਰ ਤਰਸੇਮ ਸਿੰਘ ਬੱਸੂਵਾਲ ਅਤੇ ਜਿਲਾ੍ਹ ਜਨਰਲ ਸਕੱਤਰ ਧਰਮ ਸਿੰਘ ਸੂਜਾਪੁਰ ਨੇ ਹੋਏ ਕਿਸਾਨਾਂ ਦੇ ਨੁਕਸਾਨ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਤਿੰਨ ਪਿੰਡਾਂ ਹੇਰਾਂ ਦੀ 125 ਕਿੱਲੇ,ਛੱਜਾਵਾਲ ਪਿੰਡ ਦੀ 65 ਕਿੱਲੇ ਅਤੇ ਚੱਕ ਛੱਜਾਵਾਲ ਪਿੰਡ ਦੀ 25 ਕਿੱਲੇ ਕਣਕ ਸੜ ਕੇ ਸੁਆਹ ਹੋ ਗਈ ਹੈ।ਉਹਨਾਂ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਦੋਂ ਕਿਸਾਨ ਪਨੀਰੀ ਬੀਜਣ ਲਈ ਖੁਦ ਨਾੜ ਨੂੰ ਅੱਗ ਲਗਾਉਦੇ ਹਨ ਤਾਂ ਸਰਕਾਰ ਸੈਟੇਲਾਈਟ ਰਾਹੀ ਪਤਾ ਕਰਕੇ ਕਿਸਾਨਾਂ ਤੇ ਪਰਚੇ ਦਰਜ ਕਰ ਦਿੰਦੀ ਹੈ ,ਪ੍ਰੰਤੂ ਇਸ ਤਰਾਂ ਜਦੋਂ ਸਰਕਾਰ ਦੀ ਗਲਤੀ ਨਾਲ ਕਿਸਾਨਾਂ ਦੀ ਫਸਲ ਸੜਦੀ ਹੈ ਤਾਂ ਫਿਰ ਸਰਕਾਰ ਦੇ ਸੈਟੇਲਾਈਟ ਕੰਮ ਕਰਨਾਂ ਬੰਦ ਕਰ ਦਿੰਦੇ ਹਨ।ਉਹਨਾਂ ਇਸ ਅੱਗ ਦੀ ਘਟਨਾਂ ਤੇ ਕਿਹਾ ਕਿ ਕਿਸਾਨਾਂ ਨੇ ਬੜੀ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ ਜਦੋਂ ਕਿ ਸਰਕਾਰੀ ਫਾਇਰ ਬਿਰਗੇਡ ਗੱਡੀਆਂ ਬਹੁਤ ਲੇਟ ਘਟਣਾ ਸਥਾਨ ਤੇ ਪਹੁੰਚੀਆਂ ।ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਨੁਕਸਾਨੀ ਗਈ ਫਸਲ ਦਾ ਮੁਆਵਜਾ ਪਿਛਲੀਆਂ ਸਰਕਾਰਾਂ ਵਾਂਗ ਮਜਾਕ ਬਣਾ ਕੇ ਨਾਂ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਿਸਾਨਾ ਨੂੰ ਮੁਆਵਜਾ ਪ੍ਰਤੀ ਏਕੜ 50 ਹਜਾਰ ਰੁਪਏ ਦੇ ਹਿਸਾਬ ਨਾਲ ਦਿੱਤਾ ਜਾਵੇ ਅਤੇ ਜਿਹੜੇ ਕਿਸਾਨਾਂ ਦਾ ਤੂੜੀ ਵਾਲਾ ਨਾੜ ਸੜ ਗਿਆ ਉਹਨਾਂ ਨੂੰ 5 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਮਨਜਿੰਦਰ ਸਿੰਘ ਸਿੱਧੂ ਜੱਟਪੁਰਾ,ਤਾਰਾ ਸਿੰਘ ਅੱਚਰਵਾਲ,ਇੰਦਰਜੀਤ ਸਿੰਘ ਮਾਣੂੰਕੇ,ਸਰਬਜੀਤ ਸਿੰਘ ਧੁਰਕੋਟ,ਸੁਰਜੀਤ ਸਿੰਘ ਕਲੇਰ,ਮਨਦੀਪ ਸਿੰਘ ਭੰਮੀਪੁਰਾ ਕਲਾਂ ਆਦਿ ਹਾਜਰ ਸਨ ।
 

ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ  

ਬਰਨਾਲਾ /ਮਹਿਲਕਲਾਂ- ਅਪ੍ਰੈਲ- (ਗੁਰਸੇਵਕ ਸੋਹੀ)- ਬਰਨਾਲਾ ਜ਼ਿਲ੍ਹੇ ਦੇ ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਸਿੱਖ ਕੌਮ ਦੇ ਕੌਮੀ ਤਿਉਹਾਰ ਖ਼ਾਲਸੇ ਦੇ ਸਾਜਣਾ ਦਿਵਸ ਨੂੰ ਧੂਮਧਾਮ ਨਾਲ ਮਨਾਇਆ  ਗਿਆ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਸੁਰਿੰਦਰ ਸਿੰਘ ਮੰਡੀਲਾ ਵਾਲੇ ਅਤੇ ਸ਼ਹੀਦਾਂ ਦੀ ਇੱਕ ਕਮੇਟੀ ਆਗੂਆਂ ਨੇ ਕਿਹਾ ਹੈ ਕਿ ਜਿਹੜੀ ਕੌਮ ਚ ਆਪਣੇ ਜਨਮ ਦਿਹਾੜੇ ਨੂੰ ਲੈ ਕੇ ਉਤਸ਼ਾਹ ਮਰ ਜਾਂਦਾ ਹੈ ਹੌਲੀ ਹੌਲੀ ਉਹ ਆਪਣੀ ਆਜ਼ਾਦੀ ਦੀ ਚਿਣਗ ਵੀ ਮਰ ਜਾਂਦੀ ਹੈ ਉਨ੍ਹਾਂ ਸੰਗਤਾਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਗੁਰੂਆਂ ਪੀਰਾਂ ਅਤੇ ਖ਼ਾਲਸੇ ਦੇ ਜਨਮ ਦਿਹਾੜੇ  ਬੜੀ ਧੂਮ ਧਾਮ ਨਾਲ ਅਤੇ ਵੱਡੇ ਪੱਧਰ ਤੇ ਮਨਾਉਣੇ ਚਾਹੀਦੇ ਹਨ ਤਾਂ ਹੀ ਅਸੀਂ ਗੁਰੂਆਂ ਪੀਰਾਂ ਦੇ ਦਰਸਾਏ ਮਾਰਗ ਤੇ ਚੱਲ ਸਕਦੇ ਹਾਂ ਇਸ ਸਮੇਂ ਉਨ੍ਹਾਂ ਦੇਸ਼ ਵਿਦੇਸ਼ ਵਿਚ ਵੱਸਦੀਆਂ ਸਿੱਖ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਅਤੇ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ  ਅਤੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੇ ਪਤਿੱਤਪੁਣੇ ਛੱਡ ਕੇ ਗੁਰੂ  ਵਾਲੇ ਬਣਨ ।

ਬਾਬਾ ਸਾਹਿਬ ਨੇ ਸੰਵਿਧਾਨ ਰਾਹੀਂ ਦੇਸ਼ ਦੇ ਸਾਰੇ ਵਰਗਾਂ ਨੂੰ ਦਿੱਤੇ ਸਨਮਾਨਪੂਰਵਕ ਅਧਿਕਾਰ : ਬ੍ਰਮ ਸ਼ੰਕਰ ਜਿੰਪਾ

-ਕੈਬਨਿਟ ਮੰਤਰੀ ਨੇ ਡਾ. ਭੀਮ ਰਾਓ ਅੰਬੇਦਕਰ ਜੀ ਜੀ ਦੇ ਜਨਮ ਦਿਹਾੜੇ ਬੱਸ ਸਟੈਂਡ ਚੌਕ ਵਿਖੇ ਸਥਾਪਿਤ ਉਨ੍ਹਾਂ ਦੀ ਮੂਰਤੀ ’ਤੇ ਕੀਤੇ ਸ਼ਰਧਾ ਦੇ ਫੁੱਲ ਭੇੰਟ

-ਗੁਰਦੁਆਰਾ ਸਾਹਿਬ ’ਚ ਕੋਵਿਡ ਬਚਾਅ ਸਬੰਧੀ ਟੀਕਾਕਰਨ ਕੈਂਪ ਦੀ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ, 14 ਅਪ੍ਰੈਲ   (ਰਣਜੀਤ ਸਿੱਧਵਾਂ)   :  ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਡਾ. ਬੀ.ਆਰ. ਅੰਬੇਦਕਰ ਜੀ ਨੇ ਦੇਸ਼ ਨੂੰ ਇੱਕ ਇਸ ਤਰ੍ਹਾਂ ਦਾ ਸੰਵਿਧਾਨ ਦਿੱਤਾ, ਜਿਸ ਕਾਰਨ ਭਾਰਤ ਇੱਕ ਮਜ਼ਬੂਤ ਲੋਕਤੰਤਰ ਦੇ ਤੌਰ ’ਤੇ ਸਥਾਪਿਤ ਹੋਇਆ ਹੈ। ਉਨ੍ਹਾਂ ਸੰਵਿਧਾਨ ਰਾਹੀਂ ਦੇਸ਼ ਦੇ ਸਾਰੇ ਵਰਗਾਂ ਨੂੰ ਸਨਮਾਨਪੂਰਵਕ ਅਧਿਕਾਰ ਦਿੱਤੇ ਹਨ। ਉਹ ਅੱਜ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਜੀ ਦੇ ਜਨਮ ਦਿਹਾੜੇ ’ਤੇ ਬੱਸ ਸਟੈਂਡ ਚੌਕ ਵਿਖੇ ਸਥਾਪਿਤ ਉਨ੍ਹਾਂ ਦੀ ਮੂਰਤੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਾਬਾ ਸਾਹਿਬ ਜੀ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਾਰੇ ਵਰਗਾਂ ਦੀ ਭਲਾਈ ਅਤੇ ਉਨਤੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੁੰਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਈਏ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਕਜੁੱਟ ਰੱਖਣ ਲਈ ਜੋ ਕੰਮ ਬਾਬਾ ਸਾਹਿਬ ਨੇ ਕੀਤੇ ਹਨ, ਉਨ੍ਹਾਂ ਨੂੰ ਦੇਸ਼ ਕਦੇ ਵੀ ਭੁਲਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਇਕ ਮਹਾਨ ਸ਼ਖਸੀਅਤ ਸਨ ਅਤੇ ਦੇਸ਼ ਤੇ ਸਮਾਜ ਲਈ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਲੀਪ ਓਹਰੀ, ਵਰਿੰਦਰ ਸ਼ਰਮਾ ਬਿੰਦੂ, ਧੀਰਜ ਸ਼ਰਮਾ, ਜਸਪਾਲ ਸੁਮਨ, ਪ੍ਰਿਤਪਾਲ, ਦਲਜੀਤ ਕੁਮਾਰ, ਹੈਪੀ ਕਲੇਰ, ਹਰਮਿੰਦਰ ਸਿੰਘ, ਧਰਮਿੰਦਰ, ਅਜੇ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।  
ਇਸ ਤੋਂ ਕੈਬਨਿਟ ਮੰਤਰੀ ਨੇ ਡਾ. ਬੀ.ਆਰ.ਅੰਬੇਦਕਰ ਜਿਯੰਤੀ ’ਤੇ ਗੁਰਦੁਆਰਾ ਸ੍ਰੀ ਰਾਮਗੜੀਆ ਸਾਹਿਬ ਵਿਖੇ ਆਯੋਜਿਤ ਕੋਵਿਡ ਬਚਾਅ ਸਬੰਧੀ ਵੈਕਸੀਨੇਸ਼ਨ ਕੈਂਪ ਦੀ ਸ਼ੁਰੂਆਤ ਕੀਤੀ। ਉਨ੍ਹਾਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਜ਼ਿਲ੍ਹਾ ਵਾਸੀਆਂ ਨੂੰ ਵਿਸਾਥੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਯੋਗ ਲਾਭਪਾਤਰੀਆਂ ਨੂੰ ਕੋਵਿਡ ਬਚਾਅ ਸਬੰਧੀ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਵਿਡ  ਕਈ ਰੂਪਾਂ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ ਅਤੇ ਇਸ ਦੇ ਬਚਾਅ ਦਾ ਸਿਰਫ ਇਕ ਹੀ ਤਰੀਕਾ ਹੈ ਕਿ ਅਸੀਂ ਸਾਰੇ ਟੀਕਾਕਰਨ ਕਰਵਾਈਏ। ਇਸ ਦੌਰਾਨ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਜ਼ਿਲ੍ਹਾ ਪ੍ਰਸ਼ਾਸਨ ਨੇ ਮਨਾਇਆ ਡਾ. ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ

 -ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਬੁੱਤ ’ਤੇ ਸ਼ਰਧਾ ਦੇ ਫੁੱਲ ਕੀਤੇ ਭੇਟ

ਹੁਸ਼ਿਆਰਪੁਰ, 14 ਅਪ੍ਰੈਲ (ਰਣਜੀਤ ਸਿੱਧਵਾਂ)  : ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਦੀ ਅਗਵਾਈ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ, ਯੁੱਗ ਪੁਰਸ਼ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਦਾ 131ਵਾਂ ਜਨਮ ਦਿਹਾੜਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਬਾਬਾ ਸਾਹਿਬ ਦੇ ਬੁੱਤ ’ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੰਦੀਪ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਬਾਬਾ ਸਾਹਿਬ ਦੇ ਜਨਮ ਦਿਹਾੜੇ 'ਤੇ ਜ਼ਿਲ੍ਹਾ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਬਾ ਸਾਹਿਬ ਬਹੁਤ ਹੀ ਮਹਾਨ ਸ਼ਖ਼ਸੀਅਤ ਸਨ ਅਤੇ ਉਨ੍ਹਾਂ ਨੇ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ ਹੈ। ਇਸ ਕਾਰਨ ਸਮਾਜ ਦੇ ਕਈ ਵਰਗਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਨੂੰ ਇਸ ਮਹਾਨ ਸ਼ਖਸੀਅਤ ’ਤੇ ਮਾਣ ਹੈ ਅਤੇ ਸਾਨੂੰ ਸਾਰਿਆਂ ਨੂੰ ਡਾ. ਬੀ.ਆਰ. ਅੰਬੇਦਕਰ ਦੇ ਨਕਸ਼ੇ ਕਦਮਾਂ ’ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਨੇ ਆਪਣਾ ਪੂਰਾ ਜੀਵਨ ਸਮਾਜਿਕ ਸਦਭਾਵਨਾ ਅਤੇ ਸਭ ਨੂੰ ਬਰਾਬਰਤਾ ਦੇ ਹੱਕ ਦਿਵਾਉਣ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਵੱਲੋਂ ਬਣਾਏ ਸੰਵਿਧਾਨ ਸਦਕਾ ਹੀ ਅੱਜ ਸਾਰਾ ਦੇਸ਼ ਵਿਕਾਸ ਦੀਆਂ ਲੀਹਾਂ ਵੱਲ ਵੱਧ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਹਾਕਮ ਥਾਪਰ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਮੌਜੂਦ ਸਨ।

 ਜਨ ਸ਼ਕਤੀ

ਅੰਬੇਡਕਰ ਜਯੰਤੀ ਮੌਕੇ ਪਟਿਆਲਾ ਜ਼ਿਲ੍ਹੇ 'ਚ ਲੱਗੇ 8 ਜਨ ਸੁਵਿਧਾ ਕੈਂਪਾਂ ਨੂੰ ਭਰਵਾਂ ਹੁੰਗਾਰਾ

 

-ਲੋਕਾਂ ਦੇ ਘਰਾਂ ਤੱਕ ਪੁੱਜੀ ਪੰਜਾਬ ਸਰਕਾਰ, ਪ੍ਰਸ਼ਾਸਨਿਕ ਸੇਵਾਵਾਂ ਮੌਕੇ 'ਤੇ ਪ੍ਰਦਾਨ

-ਸਾਰੇ ਵਿਧਾਇਕ, ਡਿਪਟੀ ਕਮਿਸ਼ਨਰ, ਏ.ਡੀ.ਸੀ. ਤੇ ਐਸ.ਡੀ.ਐਮਜ ਵੱਲੋਂ ਕੈਂਪਾਂ 'ਚ ਸ਼ਮੂਲੀਅਤ

ਪਟਿਆਲਾ, 14 ਅਪ੍ਰੈਲ (ਰਣਜੀਤ ਸਿੱਧਵਾਂ) : ਪਟਿਆਲਾ ਜ਼ਿਲ੍ਹੇ 'ਚ ਪੰਜਾਬ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ 'ਤੇ ਅੱਜ ਡਾ. ਬੀ.ਆਰ. ਅੰਬੇਡਕਰ ਜਯੰਤੀ ਮੌਕੇ ਸਾਰੇ ਹਲਕਿਆਂ ਅੰਦਰ ਲਗਾਏ ਗਏ 8 ਜਨ ਸੁਵਿਧਾ ਕੈਂਪਾਂ ਨੂੰ ਸਥਾਨਕ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਤੇ ਸਥਾਨਕ ਵਿਧਾਇਕਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਇਨ੍ਹਾਂ ਕੈਂਪਾਂ 'ਚ ਲੋਕਾਂ ਨੂੰ ਮੌਕੇ 'ਤੇ ਹੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਿਸ ਤੋਂ ਖੁਸ਼ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।
ਪਿੰਡ ਲੰਗ ਵਿਖੇ ਕੈਂਪ ਦਾ ਜਾਇਜ਼ਾ ਲੈਣ ਮਗਰੋਂ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਅਤੇ  ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ। ਨਸ਼ਿਆਂ ਦੀ ਅਲਾਮਤ ਦੇ ਖ਼ਾਤਮੇ ਲਈ ਬਣਾਈ ਯੋਜਨਾ ਬਾਰੇ ਦੱਸਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦਿਹਾਤੀ ਹਲਕੇ ਦੇ ਵਿਕਾਸ ਲਈ ਰੋਡ ਮੈਪ ਤਿਆਰ ਹੈ। ਵਿਧਾਇਕ ਨੇ ਕਿਹਾ ਕਿ ਪਿੰਡ ਦੀ 40 ਸਾਲਾਂ ਤੋਂ ਨਾ ਬਣ ਸਕੀ ਸੜਕ ਨੂੰ ਪਹਿਲੇ ਸਾਲ ਹੀ ਬਣਾਕੇ ਲੰਗ ਨੂੰ ਨਮੂਨੇ ਦਾ ਪਿੰਡ ਬਣਾਇਆ ਜਾਵੇਗਾ। ਡਾ. ਬਲਬੀਰ ਸਿੰਘ ਨੇ ਕਿਹਾ ਮਗਨਰੇਗਾ ਕਾਮਿਆਂ ਨੂੰ 200 ਤੋਂ 300 ਦਿਨ ਰੋਜ਼ਗਾਰ ਦੇਕੇ ਇਥੇ 24 ਘੰਟੇ ਪੀਣ ਵਾਲਾ ਪਾਣੀ ਤੇ ਕਮਿਉਨਿਟੀ ਬਾਇਓਗੈਸ ਪਲਾਂਟ ਰਾਹੀਂ ਰਸੋਈ ਗੈਸ ਮੁਹੱਈਆ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਮੁਤਾਬਕ ਜਨ ਸੁਵਿਧਾ ਕੈਂਪ ਲਗਾਉਣ ਵਾਲਾ ਪਟਿਆਲਾ, ਪਹਿਲਾ ਜ਼ਿਲ੍ਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਕੇਵਲ ਸਰਕਾਰੀ ਦਫ਼ਤਰਾਂ ਵਿੱਚ ਹੀ ਨਹੀਂ ਬਲਕਿ ਅਜਿਹੇ ਕੈਂਪਾਂ ਵਿੱਚ ਲੋਕਾਂ ਦੇ ਘਰਾਂ ਤੱਕ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਪਟਿਆਲਾ ਹਲਕੇ ਦਾ ਜਨ ਸੁਵਿਧਾ ਕੈਂਪ ਐੱਮ.ਐੱਲ.ਏ. ਅਜੀਤਪਾਲ ਸਿੰਘ ਕੋਹਲੀ ਦੇ ਸਹਿਯੋਗ ਨਾਲ ਸਰਕਾਰੀ ਮਾਡਲ ਸਕੂਲ ਫੀਲ ਖਾਨਾ ਵਿਖੇ ਲਗਾਇਆ ਗਿਆ, ਇੱਥੇ ਵਿਧਾਇਕ ਕੋਹਲੀ ਤੋਂ ਇਲਾਵਾ ਏ.ਡੀ.ਸੀ. (ਵਿਕਾਸ) ਗੌਤਮ ਜੈਨ, ਐਸ.ਡੀ.ਐਮ. ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਚੰਦਰ ਜੋਤੀ ਸਿੰਘ ਤੇ ਤਹਿਸੀਲਦਾਰ ਰਾਮ ਕਿਸ਼ਨ ਨੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਵਸਨੀਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹਨ ਅਤੇ ਅਜਿਹੇ ਕੈਂਪ ਲਗਾਤਾਰ ਲਗਾਏ ਜਾਣਗੇ।
ਸਮਾਣਾ ਹਲਕੇ ਦੇ ਪਿੰਡ ਕਲਬੁਰਛਾਂ 'ਚ ਲੱਗੇ ਜਨ ਸੁਵਿਧਾ ਕੈਂਪ ਵਿਖੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਕਿਹਾ ਕਿ ਜਿਹੜੇ ਲੋਕਾਂ ਦੀ ਕਦੇ ਸਾਰ ਨਹੀਂ ਲਈ ਗਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਅਜਿਹੇ ਕੈਂਪਾਂ ਰਾਹੀਂ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਹੈ। ਇਸ ਮੌਕੇ ਐਸ.ਡੀ.ਐਮ. ਟੀ. ਬੈਨਿਥ, ਤਹਿਸੀਲਦਾਰ ਗੁਰਲੀਨ ਕੌਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਇਸੇ ਤਰ੍ਹਾਂ ਨਾਭਾ ਹਲਕੇ ਦਾ ਕੈਂਪ ਪਿੰਡ ਕਕਰਾਲਾ ਵਿਖੇ ਲਗਾਇਆ ਗਿਆ, ਇੱਥੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ, ਉਨ੍ਹਾਂ ਦੇ ਨਾਲ ਐਸ.ਡੀ.ਐਮ. ਕੰਨੂ ਗਰਗ ਤੇ ਤਹਿਸੀਲਦਾਰ ਰਣਜੀਤ ਸਿੰਘ ਮੌਜੂਦ ਸਨ। ਸਨੌਰ ਹਲਕੇ ਦੇ ਪਿੰਡ ਮਸੀਂਗਣ ਵਿਖੇ ਲੱਗੇ ਜਨ ਸੁਵਿਧਾ ਕੈਂਪ 'ਚ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਉਹ ਆਮ ਲੋਕਾਂ ਦੇ ਸੇਵਾਦਾਰ ਹਨ ਤੇ ਹਲਕਾ ਵਾਸੀਆਂ ਨੂੰ ਪਾਰਦਰਸ਼ੀ ਢੰਗ ਨਾਲ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਐਸ.ਡੀ.ਐਮ. ਅੰਕੁਰਜੀਤ ਸਿੰਘ ਤੇ ਤਹਿਸੀਲਦਾਰ ਮਨਦੀਪ ਕੌਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਰਾਜਪੁਰਾ ਦਾ ਮਾਡਰਨ ਬੱਸ ਅੱਡਾ, ਜੋਕਿ 16 ਸਾਲ ਬਾਅਦ ਚਾਲੂ ਕੀਤਾ ਗਿਆ ਹੈ, ਵਿਖੇ ਕੈਂਪ ਦਾ ਜਾਇਜ਼ਾ ਲੈਣ ਪੁੱਜੀ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਨਿਵੇਕਲੀ ਪਹਿਲਕਦਮੀ ਨੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਕੀਤੀਆਂ ਹਨ। ਐਸ.ਡੀ.ਐਮ. ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਕੈਂਪ 'ਚ ਪੁੱਜੇ ਆਮ ਲੋਕਾਂ ਨੂੰ ਮੌਕੇ 'ਤੇ ਹੀ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਘਨੌਰ ਤਹਿਸੀਲ ਦਫ਼ਤਰ ਵਿਖੇ ਲਗਾਏ ਜਨ ਸੁਵਿਧਾ ਕੈਂਪ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਪ੍ਰਸ਼ਾਸਨਿਕ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਤੱਕ ਪੁੱਜੀ ਹੈ ਅਤੇ ਲੋਕਾਂ ਦੇ ਕੰਮ ਮੌਕੇ 'ਤੇ ਨਿਪਟਾਏ ਗਏ ਹਨ। ਉਨ੍ਹਾਂ ਨਾਲ ਐਸ.ਡੀ.ਐਮ. ਡਾ. ਸੰਜੀਵ ਕੁਮਾਰ ਤੇ ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਵੀ ਮੌਜੂਦ ਸਨ।ਇਸੇ ਤਰ੍ਹਾਂ ਹੀ ਹਲਕਾ ਸ਼ੁਤਰਾਣਾ ਦੇ ਪਿੰਡ ਖਾਂਗ ਵਿਖੇ ਲੱਗੇ ਜਨ ਸੁਵਿਧਾ ਕੈਂਪ ਮੌਕੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਅਜਿਹੇ ਕੈਂਪ ਲੋਕਾਂ ਲਈ ਮਦਦਗਾਰ ਸਾਬਤ ਹੁੰਦੇ ਹਨ ਅਤੇ ਹਲਕੇ ਵਿੱਚ ਕਿਸੇ ਵੀ ਵਸਨੀਕ ਦਾ ਕੋਈ ਕੰਮ ਬਕਾਇਆ ਨਹੀਂ ਰਹਿਣ ਦਿੱਤਾ ਜਾਵੇਗਾ।

ਚਕਰ ਵਿਚ  ਡਾ.ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ

ਹਠੂਰ,14,ਅਪ੍ਰੈਲ-(ਕੌਸ਼ਲ ਮੱਲ੍ਹਾ)- ਸਮੂਹ ਗ੍ਰਾਮ ਪੰਚਾਇਤ ਚਕਰ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿੰਡ ਚਕਰ ਵਿਖੇ ਡਾ.ਭੀਮ ਰਾਓ ਅੰਬੇਦਕਰ ਜੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਸਾਬਕਾ ਸਰਪੰਚ ਮੇਜਰ ਸਿੰਘ ਚਕਰ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਮੌਕੇ ਸਾਬਕਾ ਸਰਪੰਚ ਮੇਜਰ ਸਿੰਘ ਚਕਰ ਅਤੇ ਭਾਈ ਅਮਨਦੀਪ ਸਿੰਘ ਖਾਲਸਾ ਨੇ ਬਾਬਾ ਸਾਹਿਬ ਡਾ. ਅੰਬੇਦਕਰ ਦੇ ਜੀਵਨ ਸੰਬੰਧੀ ਅਤੇ ਉਨ੍ਹਾਂ ਦੁਆਰਾ ਭਾਰਤ ਦੇ ਹਰੇਕ ਵਰਗ ਦੇ ਲੋਕਾਂ ਲਈ ਕੀਤੇ ਕੰਮਾਂ ਦਾ ਵਰਨਣ ਆਪਣੇ ਵਿਚਾਰਾਂ ਰਾਂਹੀ ਪੇਸ਼ ਕੀਤਾ।ਉਨ੍ਹਾ ਬਾਬਾ ਸਾਹਿਬ ਦੇ ਮੁਸ਼ਕਲਾਂ ਭਰੇ ਸੰਘਰਸ਼ਮਈ  ਜੀਵਨ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ.ਅੰਬੇਦਕਰ ਜੀ ਨੇ ਇਕੱਲੇ ਦਲਿਤ ਵਰਗ ਲਈ ਹੀ ਸੰਘਰਸ਼ ਨਹੀਂ ਕੀਤਾ, ਸਗੋਂ ਉਨ੍ਹਾਂ ਨੇ ਭਾਰਤ ਦੇ ਹਰ ਵਰਗ ਦੇ ਹਿੱਤਾਂ ਲਈ ਆਪਣਾ ਜੀਵਨ ਸਮਰਪਿਤ ਕਰਨ ਦੇ ਨਾਲ-ਨਾਲ ਭਾਰਤੀ ਸਮਾਜ ਦੀ ਆਨ ਤੇ ਸ਼ਾਨ ਲਈ ਵੀ ਯਤਨ ਕੀਤੇ।ਇਸ ਮੌਕੇ ਖਾਲਸਾ ਪੰਥ ਦੇ ਸਾਜਨਾ ਦਿਵਸ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।ਇਸ ਮੌਕੇ ਸਮੂਹ ਪਿੰਡ ਵਾਸੀਆ ਵੱਲੋ ਪਿਛਲੇ ਤੇਰਾ ਸਾਲਾ ਵਿਚ ਭਗਤ ਰਵਿਦਾਸ ਕਮੇਟੀ ਚਕਰ ਵੱਲੋ ਪਿੰਡ ਵਿਚ ਕੀਤੇ ਵਿਕਾਸ ਕਾਰਜਾ ਵਾਰੇ ਜਾਣੂ ਕਰਵਾਇਆ ਅਤੇ ਭਗਤ ਰਵਿਦਾਸ ਕਮੇਟੀ ਦੀ ਸਾਬਕਾ ਕਮੇਟੀ ਨੂੰ ਪਿੰਡ ਵਾਸੀਆ ਨੇ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਅੰਤ ਵਿਚ ਸਰਪੰਚ ਸੁਖਦੇਵ ਸਿੰਘ ਨੇ ਸਮੂਹ ਪਿੰਡ ਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਸਰਪੰਚ ਬੂਟਾ ਸਿੰਘ,ਗੁਰਚਰਨ ਸਿੰਘ,ਰੂਪ ਸਿੰਘ,ਸੁੱਖਾ ਬਾਠ,ਮਨਜੀਤ ਸਿੰਘ ਜੈਦ,ਰਣਜੀਤ ਸਿੰਘ,ਮੱਖਣ ਸਿੰਘ,ਪ੍ਰਧਾਨ ਜੋਗਿੰਦਰ ਸਿੰਘ,ਸੁਖਵਿੰਦਰ ਸਿੰਘ,ਗੁਰਪ੍ਰੀਤ ਸਿੰਘ,ਭੋਲਾ ਸਿੰਘ,ਦੁੱਲਾ ਸਿੰਘ,ਭਜਨ ਸਿੰਘ,ਹਰਦੇਵ ਸਿੰਘ,ਰਣਜੋਧ ਸਿੰਘ,ਮਨਜੀਤ ਕੌਰ,ਨਾਹਰ ਕੌਰ,ਕੁਲਦੀਪ ਕੌਰ,ਰਣਜੀਤ ਕੌਰ,ਪ੍ਰਮਿੰਦਰ ਕੌਰ ਆਦਿ ਹਾਜ਼ਰ ਸਨ।

ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਸਨਮਾਨਿਤ ਕੀਤਾ

ਹਠੂਰ,14,ਅਪ੍ਰੈਲ-(ਕੌਸ਼ਲ ਮੱਲ੍ਹਾ)-ਸ੍ਰੀ ਗੁਰਦੁਆਰਾ ਬਾਬਾ ਸਾਧੂ ਰਾਮ ਜੀ ਪਿੰਡ ਰਸੂਲਪੁਰ (ਮੱਲ੍ਹਾ) ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।ਇਸ ਮੌਕੇ ਦਸਤਾਰ ਸਜਾਓ,ਦਮਾਲਾ ਸਜਾਓ,ਗੁਰਬਾਣੀ ਕੰਠ,ਲੰਮੇ ਕੇਸ,ਕਵੀਸਰੀ ਆਦਿ ਦੇ ਮੁਕਾਬਲੇ ਕਰਵਾਏ ਗਏ।ਇਨ੍ਹਾ ਮੁਕਾਬਲਿਆ ਵਿਚ ਸਰਕਾਰੀ ਹਾਈ ਸਕੂਲ ਰਸੂਲਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰਸੂਲਪੁਰ ਦੇ ਵਿਿਦਆਰਥੀਆ ਨੇ ਵੱਧ ਚੜ੍ਹ ਕੇ ਭਾਗ ਲਿਆ।ਇਨ੍ਹਾ ਮੁਕਾਬਲਿਆ ਵਿਚੋ ਪੁਜੀਸਨਾ ਪ੍ਰਾਪਤ ਕਰਨ ਵਾਲੇ ਬੱਚਿਆ ਨੂੰ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ ਤੇ ਪ੍ਰਬੰਧਕੀ ਕਮੇਟੀ ਵਲੋਂ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਐਸ ਜੀ ਪੀ ਸੀ ਦੇ ਹਲਕਾ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ,ਸਾਬਕਾ ਸਰਪੰਚ ਸੇਰ ਸਿੰਘ,ਬੀਰ ਸਿੰਘ,ਦਲਜੀਤ ਸਿੰਘ,ਰਜਿੰਦਰ ਸਿੰਘ,ਗੁਰਪ੍ਰੀਤ ਸਿੰਘ,ਭਗਤ ਸਿੰਘ,ਇਮਰਾਨ ਹੁਸੈਨ,ਚਮਕੌਰ ਸਿੰਘ,ਜਗਮੋਹਣ ਸਿੰਘ,ਅਮਨਦੀਪ ਸਿੰਘ,ਕੁਲਤਾਰ ਸਿੰਘ,ਸੁਖਵੀਰ ਸਿੰਘ ਆਦਿ ਹਾਜ਼ਰ ਸਨ।

ਜੰਗੀਪੁਰ ਕਲਕੱਤਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਖ਼ਾਲਸੇ ਦਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਪਵਿੱਤਰ ਦਿਹਾੜਾ  

ਪ੍ਰਧਾਨ ਮੋਹਣੀ

ਜੰਗੀਪੁਰ /ਕਲਕੱਤਾ , 14 ਅਪ੍ਰੈਲ  ( ਬਲਵੀਰ  ਸਿੰਘ ਬਾਠ) ਸਿੱਖ ਕੌਮ ਦੇ ਕੌਮੀ ਅਤੇ ਪਵਿੱਤਰ ਦਿਹਾੜਾ ਖ਼ਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ ਜੰਗੀਪੁਰ ਕਲਕੱਤਾ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਮਨਜੀਤ ਸਿੰਘ ਮੋਹਣੀ ਨੇ ਜਾਂਚ ਤੇ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਗਟ ਕੀਤਾ ਉਨ੍ਹਾਂ ਕਿਹਾ ਕਿ  ਸਾਡੀ ਸਿੱਖ ਕੌਮ ਵਾਸਤੇ ਖ਼ਾਲਸਾ ਸਾਜਣਾ ਦਿਵਸ ਸਿੱਖ ਕੌਮ ਲਈ ਵੱਡੇ ਮਾਅਨੇ ਰੱਖਦਾ ਹੈ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ  ਦੇ ਦਾਤ ਬਖਸ਼ ਕੇ ਉਨ੍ਹਾਂ ਤੋਂ ਆਪ ਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਛਕ ਕੇ ਆਪ ਗੁਰੂ ਸਾਹਿਬ ਗੁਰੂ ਵਾਲੇ ਬਣੇ ਸਨ ਉਨ੍ਹਾਂ ਕਿਹਾ ਕਿ ਅੱਜ ਜੰਗੀਪੁਰਾ ਕਲਕੱਤੇ ਵਿਖੇ ਆਪਣੀ ਆਪਣੀ ਕੌਮ ਦਾ ਵਿਸੇਸ਼ ਦਿਹਾਡ਼ਾ ਅਤੇ ਵਿਸਾਖੀ ਬਹੁਤ ਸ਼ਰਧਾ ਭਾਵਨਾ ਨਾਲ ਮਨਾਈ ਗਈ ਉਨ੍ਹਾਂ ਕਿਹਾ ਕਿ  ਅੱਜ ਸਿੱਖ ਸੰਗਤਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਨੂੰ ਵੱਡੀ ਅਪੀਲ ਹੈ ਕਿ ਗੁਰੂਆਂ ਪੀਰਾਂ ਤੇ ਖ਼ਾਲਸੇ ਦੇ ਜਨਮ ਦਿਹਾੜੇ  ਬੜੀ ਧੁਮਧਾਮ ਨਾਲ ਮਨਾਉਣੇ ਚਾਹੀਦੇ ਹਨ ਤਾਂ ਹੀ ਅਸੀਂ ਗੁਰੂਆਂ ਪੀਰਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਉਨ੍ਹਾਂ ਦੇਸ਼ ਵਿਦੇਸ਼ ਵਿਚ ਵੱਸਦੀਆਂ ਸਿੱਖ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਹਾੜੇ  ਅਤੇ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਗੁਰੂ ਵਾਲੇ ਬਣਨ ਲਈ ਵੀ ਪ੍ਰੇਰਿਤ ਕੀਤਾ ਇਸ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ

ਸਮਾਜ ਸੇਵੀ ਹਰਜਿੰਦਰ ਸਿੰਘ ਸੋਹੀ ਯੂਕੇ ਨੂੰ ਸਦਮਾ ਮਾਤਾ ਦਾ ਦੇਹਾਂਤ

ਬਰਨਾਲਾ /ਮਹਿਲ ਕਲਾਂ -14 ਅਪ੍ਰੈਲ (ਗੁਰਸੇਵਕ ਸੋਹੀ)- ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਨਰੈਣਗੜ੍ਹ ਸੋਹੀਆਂ ਦੇ ਸਮਾਜ ਸੇਵੀ ਹਰਜਿੰਦਰ ਸਿੰਘ ਸੋਹੀ ਯੂਕੇ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਉਨ੍ਹਾਂ ਦੇ ਮਾਤਾ ਮੁਖਤਿਆਰ ਕੌਰ ਪਤਨੀ ਬਖਤੌਰ ਸਿੰਘ ਕਿਸੇ ਸੰਖੇਪ ਬਿਮਾਰੀ ਦੇ ਚਲਦਿਆਂ 85 ਸਾਲ ਦੀ ਉਮਰ ਭੋਗ ਕੇ ਅਚਾਨਿਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ।ਮਾਤਾ ਮੁਖਤਿਆਰ ਕੌਰ ਬਹੁਤ ਹੀ ਨੇਕ ਸੁਭਾਅ ਦੇ ਸਨ। ਪਿੰਡ ਵਿੱਚ ਵਿਕਾਸ ਕਾਰਜਾਂ ਦੇ ਕੰਮਾਂ ਵਿਚ ਮੋਹਰੀ ਰੋਲ ਅਦਾ ਕਰਦੇ ਅਤੇ ਸਮਾਜ ਸੇਵੀ ਕੰਮਾਂ ਵਿਚ ਵੱਧ ਚਡ਼੍ਹ ਕੇ ਹਿੱਸਾ ਪਾਉਂਦੇ ਸਨ। ਇਸ ਦੁੱਖ ਦੀ ਘੜੀ ਵਿਚ ਉਨ੍ਹਾ ਦੇ ਪਰਿਵਾਰ ਨਾਲ ਹਲਕੇ ਦੀਆ ਗ੍ਰਾਮ ਪੰਚਾਇਤਾ ਅਤੇ ਨੌਜਵਾਨ ਕਲੱਬਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

‘ਲੇਖ’ ਨਾਲ ਲੰਮੀ ਪੁਲਾਂਘ ਪੁੱਟੇਗੀ ‘ਤਾਨੀਆ’

ਭਾਵੇਂਕਿ ਪੰਜਾਬੀ ਪਰਦੇ ਤੇ ਅੱਜ ਅਨੇਕਾਂ ਖੂਬਸੁਰਤ ਨਾਇਕਾਵਾਂ ਦਾ ਬੋਲਬਾਲਾ ਹੈ ਪ੍ਰੰਤੂ ਤਾਨੀਆ ਦੀ ਇੱਕ ਵੱਖਰੀ ਪਛਾਣ ਹੈ। ਤਾਨੀਆਂ ਚੰਗੀ ਕਿਸਮਤ ਵਾਲੀ ਹੈ ਕਿ ਉਸਨੂੰ ਕੁਝ ਕੁ ਫ਼ਿਲਮਾਂ ਨਾਲ ਹੀ ਦਰਸ਼ਕਾਂ ਦਾ ਵੱਡਾ ਪਿਆਰ ਮਿਿਲਆ ਹੈ। ‘ਕਿਸਮਤ’ ਤੋਂ ਬਾਅਦ ‘ਸੁਫ਼ਨਾ’ ਫ਼ਿਲਮ ਨਾਲ ਤਾਨੀਆਂ ਬਤੌਰ ਨਾਇਕਾ ਐਮੀ ਵਿਰਕ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਕਿਰਦਾਰ ਚ ਨਜ਼ਰ ਆਈ ਜਿਸਨੂੰ ਦਰਸ਼ਕਾਂ ਦਾ ਰੱਜਵਾਂ ਪਿਆਰ ਮਿਿਲਆ। ਇੰਨ੍ਹੀਂ ਦਿਨੀਂ ਆ ਰਹੀ ਫ਼ਿਲਮ ‘ਲੇਖ’ ਵਿੱਚ ਤਾਨੀਆ ਨੌਜਵਾਨ ਅਦਾਕਾਰ ਗੁਰਨਾਮ ਭੁੱਲਰ ਦੀ ਨਾਇਕਾ ਬਣੀ ਹੈ। ਗੁਰਨਾਮ ਨਾਲ ਇਹ ਉਸਦੀ ਦੂਸਰੀ ਫ਼ਿਲਮ ਹੈ ਜਦਕਿ ਇਸ ਤੋਂ ਪਹਿਲਾਂ ਫ਼ਿਲਮ ‘ਗੁੱਡੀਆਂ ਪਟੋਲੇ’ ਵਿੱਚ ਉਸਨੇ ਸੋਨਮ ਬਾਜਵਾ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ’ਚ ਉਸਦਾ ਕਿਰਦਾਰ ਬਹੁਤ ਹਟਕੇ ਹੈ। ਉਸਨੇ ਇੱਕ ਸਕੂਲ ਪੜ੍ਹਦੀ 15-16 ਸਾਲ ਦੀ ਕੁੜੀ ‘ਰੌਣਕ’ ਦਾ ਕਿਰਦਾਰ ਨਿਭਾਇਆ। ਤਾਨੀਆ ਨੇ ਆਪਣੇ ਕਿਰਦਾਰ ਲਈ ਸਖ਼ਤ ਮੇਹਨਤ ਕੀਤੀ ਹੈ। ਆਪਣਾ ਵਜ਼ਨ ਘਟਾ ਕੇ ਆਪਣੀ ਸਰੀਰਕ ਦਿੱਖ ਨੂੰ ਬਦਲਿਆ ਹੈ। ‘ਸੁਫ਼ਨਾ’ ਵਾਂਗ ਇਸ ਨਵੀਂ ਫ਼ਿਲਮ ‘ਲੇਖ’ ਲਈ ਵੀ ਉਸਦੀ ਅਦਾਕਾਰੀ ਅਨੇਕਾਂ ਰੰਗ ਬਿਖੇਰਦੀ ਹੈ। ਪਹਿਲੀ ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਲੇਖ’ ਬਾਰੇ ਗੱਲ ਕਰਦਿਆਂ ਅਦਾਕਾਰਾ ਤਾਨੀਆਂ ਨੇ ਕਿਹਾ ਕਿ ‘‘ਇਹ ਫ਼ਿਲਮ ਬਚਪਨ ਦੀ ਅਨਭੋਲ ਉਮਰ ਦੇ ਪਿਆਰ ਭਰੇ ਅਹਿਸਾਸਾਂ ਅਤੇ ਮੱਥੇ ਤੇ ਲਿਖੇ ਲੇਖਾਂ ਦੀ ਕਹਾਣੀ ਬਿਆਂਨਦੀ ਇੱਕ ਦਿਲਚਸਪ ਕਹਾਣੀ ਹੈ। ਜਿਸ ਵਿੱਚ ਉਸਨੇ ਸਕੂਲ ਪੜ੍ਹਦੀ ਕੁੜੀ ‘ਰੌਣਕ’ ਦਾ ਕਿਰਦਾਰ ਨਿਭਾਇਆ ਹੈ ਤੇ ਗੁਰਨਾਮ ਭੁੱਲਰ ਨੇ ਰਾਜਵੀਰ ਦਾ । ਸਕੂਲ ਪੜ੍ਹਦਿਆਂ ਦੋਵਾਂ ਦੇ ਦਿਲਾਂ ਵਿੱਚ ਇੱਕ ਦੂਜੇ ਪ੍ਰਤੀ ਮੋਹ ਭਰੀ ਖਿੱਚ ਹੁੰਦੀ ਹੈ, ਹੁਸੀਨ ਸੁਪਨਿਆਂ ਦਾ ਸੰਸਾਰ ਹੁੰਦਾ ਹੈ। ਫ਼ਿਲਮ ਦੀ ਕਹਾਣੀ ਬਚਪਨ ਦੇ ਪਿਆਰਾਂ ਤੋਂ ਸੁਰੂ ਹੋ ਕੇ ਜ਼ਿੰਦਗੀ ਦੇ ਵੱਖ ਵੱਖ ਪੜ੍ਹਾਵਾਂ ਨਾਲ ਜੁੜ੍ਹੀ ਰੁਮਾਂਟਿਕ ਤੇ ਭਾਵਨਾਤਮਿਕ ਪਲਾਂ ਦੀ ਤਰਜ਼ਮਾਨੀ ਕਰਦੀ ਹੈ। ਇਸ ਫਿਲਮ ਦੀ ਕਹਾਣੀ, ਸਕਰੀਨ ਪਲੇਅ ਅਤੇ ਡਾਇਲਾਗ ਜਗਦੀਪ ਸਿੱਧੂ ਨੇ ਲਿਖੇ ਹਨ। ਫ਼ਿਲਮ ਨੂੰ ਮਨਵੀਰ ਬਰਾੜ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਗੀਤ ਜਾਨੀ ਨੇ ਲਿਖੇ ਹਨ ਤੇ ਸੰਗੀਤ ਬੀ ਪਰਾਕ ਨੇ ਦਿੱਤਾ ਹੈ। ਗੁਰਨਾਮ ਭੁੱਲਰ, ਤਾਨੀਆ, ਕਾਕਾ ਕੌਤਕੀ, ਨਿਰਮਲ ਰਿਸ਼ੀ, ਹਰਮਨ ਧਾਲੀਵਾਲ ਤੇ ਹਰਮਨ ਬਰਾੜ ਨੇ ਫ਼ਿਲਮ ਚ ਅਹਿਮ ਕਿਰਦਾਰ ਨਿਭਾਏ ਹਨ। ਪੰਜਾਬ ਅਤੇ ਰਾਜਸਥਾਨ ਦੀਆਂ ਵੱਖ ਵੱਖ ਖ਼ੂਬਸੂਰਤ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਹ ਫ਼ਿਲਮ ਦਰਸ਼ਕਾਂ ਨੂੰ ਪਰਦੇ ‘ਤੇ ਇਕ ਖ਼ੂਬਸੂਰਤ ਜ਼ਿੰਦਗੀ ਦਾ ਅਹਿਸਾਸ ਕਰਵਾਵੇਗੀ।

ਤਾਨੀਆਂ ਦੀਆਂ ਪਿਛਲੀਆਂ ਫ਼ਿਲਮਾਂ ‘ਤੇ ਝਾਤ ਮਾਰੀਏ ਤਾਂ ਤਾਨੀਆ ਨੇ ‘ਸਨ ਆਫ਼ ਮਨਜੀਤ ਸਿੰਘ’ ਤੋਂ ਫ਼ਿਲਮੀ ਸਫ਼ਰ ਦਾ ਆਗਾਜ਼ ਕੀਤਾ ਪਰ ਇਸ ਫ਼ਿਲਮ ਦੇ ਰਿਲੀਜ਼ ਪਹਿਲਾਂ ਹੀ ਉਸਦੀ ਦੂਸਰੀ ਫ਼ਿਲਮ ‘ਕਿਸਮਤ’ ਬਣ ਕੇ ਰਿਲੀਜ਼ ਹੋ ਗਈ ਸੀ ਜਿਸ ਵਿੱਚ ਉਸਨੇ ਇਕ ਅਰਥ-ਭਰਪੂਰ ਕਿਰਦਾਰ ਨਿਭਾਇਆ ਜਿਸ ਨਾਲ ਉਸਦੀ ਦਰਸ਼ਕਾਂ ‘ਚ ਪਛਾਣ ਬਣੀ। ਫਿਰ ‘ਰੱਬ ਦਾ ਰੇਡੀਓ’ ਵਿੱਚ ਵੀ ਉਸਨੂੰ ਚੰਗਾ ਕੰਮ ਕਰਨ ਦਾ ਮੌਕਾ ਮਿਿਲਆ। ‘ਗੁੱਡੀਆ ਪਟੋਲੇ’ ਵਿੱਚ ਵੀ ਉਸਦੀ ਅਦਾਕਾਰੀ ਬਹੁਤ ਕਾਬਲੇਗੌਰ ਰਹੀ । ਫ਼ਿਲਮ ‘ਲੇਖ’ ਵੀ ਉਸਦੇ ਫ਼ਿਲਮੀ ਭਵਿੱਖ ਨੂੰ ਹੋਰ ਵੀ ਚਮਕਾਵੇਗੀ। ਇਸ ਫ਼ਿਲਮ ਤੋਂ ਤਾਨੀਆ ਨੂੰ ਬਹੁਤ ਆਸਾਂ ਹਨ।

ਹਰਜਿੰਦਰ ਸਿੰਘ ਜਵੰਦਾ

ਏਜੰਟਾਂ ਦੇ ਬਹਿਕਾਵੇ ਵਿੱਚ ਨਾ ਆਕੇ ਆਪਸੀ ਸਹਿਮਤੀ ਨਾਲ ਕੀਤਾ ਜਾਵੇ ਝਗੜਿਆਂ ਦਾ ਨਿਪਟਾਰਾ : ਚੰਦਰੇਸ਼ਵਰ ਮੋਹੀ 

- ਐਸ.ਸੀ. ਭਾਈਚਾਰੇ ਦੀਆਂ ਸਿ਼ਕਾਇਤਾਂ ਦਾ ਤੈਅ ਸਮੇਂ ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਉਣ ਦੀਆਂ ਹਦਾਇਤਾਂ 

- ਤੈਅ ਸਮੇਂ ਅੰਦਰ ਸਿ਼ਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਅਣਗਹਿਲੀ ਵਿਖਾਉਣ ਵਾਲੇ ਅਧਿਕਾਰੀਆਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ 

- ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਬੱਚਤ ਭਵਨ ਵਿਖੇ ਸੁਣੀਆਂ ਸ਼ਿਕਾਇਤਾਂ 

 

ਫ਼ਤਹਿਗੜ੍ਹ ਸਾਹਿਬ, 13 ਅਪ੍ਰੈਲ (ਰਣਜੀਤ ਸਿੱਧਵਾਂ)  : ਅਨੁਸੂਚਿਤ ਜਾਤੀਆਂ ਦੇ ਭੋਲੇ ਭਾਲੇ ਲੋਕਾਂ ਨੂੰ ਝਗੜਿਆਂ ਦਾ ਨਿਪਟਾਰਾ ਕਰਨ ਲਈ ਕਈ ਏਜੰਟ ਮੌਜੂਦ ਹਨ ਪ੍ਰੰਤੂ ਲੋਕਾਂ ਨੂੰ ਅਜਿਹੇ ਏਜੰਟਾਂ ਦੇ ਬਹਿਕਾਵੇ ਵਿੱਚ ਨਹੀਂ ਆਉਣ ਚਾਹੀਦਾ ਤੇ ਆਪਸੀ ਸਹਿਮਤੀ ਨਾਲ ਝਗੜਿਆਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਸ਼੍ਰੀ ਚੰਦਰੇਸ਼ਵਰ ਸਿੰਘ ਮੋਹੀ ਨੇ ਬੱਚਤ ਭਵਨ ਵਿਖੇ ਅਨੁਸੂਚਿਤ ਜਾਤੀ ਦੇ ਲੋਕਾਂ ਦੀਆਂ ਸਿ਼ਕਾਇਤਾਂ ਦਾ ਨਿਪਟਾਰਾ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਐਸ.ਸੀ. ਐਕਟ ਸਬੰਧੀ ਕਈ ਏਜੰਟ ਐਸ.ਸੀ. ਐਕਟੀਵਿਸਟ ਬਣ ਕੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਤੋਂ ਹਲਫ਼ੀਆ ਬਿਆਨ ਲੈਂਦੇ ਹਨ, ਜਦੋਂ ਕਿ ਮਾਣਯੋਗ ਹਾਈ ਕੋਰਟ ਵੱਲੋਂ ਇਹ ਫੈਸਲਾ ਦਿੱਤਾ ਗਿਆ ਹੈ ਕਿ ਥਰਡ ਪਾਰਟੀ ਕਿਸੇ ਵੀ ਝਗੜੇ ਦੀ ਪੈਰਵੀ ਨਹੀਂ ਕਰ ਸਕਦੀ ਇਸ ਲਈ ਜੇਕਰ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦਾ ਕੋਈ ਝਗੜਾ ਹੁੰਦਾ ਹੈ ਤਾਂ ਉਹ ਖੁਦ ਕਮਿਸ਼ਨ ਕੋਲ ਪਹੁੰਚ ਕਰਕੇ ਬਣਦੀ ਕਾਰਵਾਈ ਕਰਵਾ ਸਕਦੇ ਹਨ। ਉਨ੍ਹਾਂ ਇਸ ਮੌਕੇ  ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਸ.ਸੀ. ਭਾਈਚਾਰੇ ਨਾਲ ਸਬੰਧਤ ਸ਼ਿਕਾਇਤਾਂ ਦਾ ਤੈਅ ਸਮੇਂ ਅੰਦਰ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਐਸ.ਸੀ. ਭਾਈਚਾਰੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ।  ਸ਼੍ਰੀ ਮੋਹੀ ਨੇ ਦੱਸਿਆ ਕਿ ਕਈ ਝਗੜੇ ਐਸੇ ਹੁੰਦੇ ਹਨ ਜਿਨ੍ਹਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੇ ਹਮੇਸ਼ਾਂ ਇਸ ਗੱਲ ਦੀ ਪੈਰਵੀ ਕੀਤੀ ਹੈ ਕਿ ਦੋਵੇਂ ਧਿਰਾਂ ਨੂੰ ਬਿਠਾ ਕੇ ਆਪਸੀ ਝਗੜਿਆਂ ਦਾ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਛੋਟੇ-ਮੋਟੇ ਝਗੜਿਆ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਪਿੰਡ, ਸ਼ਹਿਰ, ਵਾਰਡ ਜਾਂ ਮੁਹੱਲੇ ਦਾ ਵਿਕਾਸ ਕਰਵਾ ਸਕੀਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਦੀਆਂ ਸਿ਼ਕਾਇਤਾਂ ਦਾ ਨਿਪਟਾਰਾ ਲੋਕਾਂ ਦੇ ਕੋਲ ਜਾ ਕੇ ਕੀਤਾ ਜਾਵੇ ਅਤੇ ਇਸੇ ਲੀਹ ’ਤੇ ਚੱਲਦੇ ਹੋਏ ਕਮਿਸ਼ਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਐਸ.ਸੀ. ਭਾਈਚਾਰੇ ਦੇ ਲੋਕਾਂ ਨੂੰ ਛੇਤੀ ਇਨਸਾਫ ਮਿਲ ਸਕੇ। ਉਨ੍ਹਾਂ ਕਿਹਾ ਕਿ ਉਹ ਖੁਦ ਪਿਛਲੇ ਛੇ ਮਹੀਨਿਆਂ ਤੋਂ ਲੋਕਾਂ ਨੂੰ ਆਪਣੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਨਹੀਂ ਬੁਲਾਉਂਦੇ ਸਗੋਂ ਲੋਕਾਂ ਦੇ ਕੋਲ ਜਾ ਕੇ ਸਿ਼ਕਾਇਤਾਂ ਦਾ ਨਿਪਟਾਰਾ ਕਰਨ ਨੂੰ ਪਹਿਲ ਦਿੰਦੇ ਹਨ। ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਐਸ.ਸੀ. ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੀ ਕੋਈ ਸ਼ਿਕਾਇਤ ਹੈ ਤਾਂ ਉਹ ਨਿੱਜੀ ਪੱਧਰ ’ਤੇ ਉਨ੍ਹਾਂ ਨੂੰ ਮਿਲ ਕੇ ਆਪਣੀ ਸ਼ਿਕਾਇਤ ਦੇਣ ਤਾਂ ਜੋ ਇਨ੍ਹਾਂ ਝਗੜਿਆਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਛੋਟੇ-ਛੋਟੇ ਝਗੜੇ ਜਿੰਨ੍ਹਾਂ ਦਾ ਹੱਲ ਪੰਚਾਇਤ ਪੱਧਰ ’ਤੇ ਹੋ ਸਕਦਾ ਹੈ ਉਸ ਨੂੰ ਕਮਿਸ਼ਨ ਜਾਂ ਉਚ ਅਥਾਰਟੀ ਕੋਲ ਲੈ ਕੇ ਜਾਣ ਦੀ ਬਜਾਏ ਇਸ ਦਾ ਨਿਪਟਾਰਾ ਕਰਨ ਨੂੰ ਪਹਿਲ ਦੇਣ ਕਿਉਂਕਿ ਕਈ ਵਾਰ ਇਨ੍ਹਾਂ ਝਗੜਿਆਂ ਕਾਰਨ ਆਪਸੀ ਮਨ ਮੁਟਾਵ ਤੇ ਤਕਰਾਰਬਾਜੀ ਵੱਧਦੀ ਹੈ। ਜਦੋਂ ਕਿ ਆਪਸੀ ਸਹਿਮਤੀ ਨਾਲ ਝਗੜੇ ਨਿਪਟਾਉਣ ਲਈ ਆਪਸੀ ਭਾਈਚਾਰਕ ਸਾਂਝ ਹੋਰ ਮਜਬੂਤ ਹੁੰਦੀ ਹੈ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਨੀਤਾ ਦਰਸ਼ੀ, ਐਸ.ਡੀ.ਐਮ. ਖਮਾਣੋਂ ਸ਼੍ਰੀਮਤੀ ਪਰਲੀਨ ਕਾਲੇਕਾ, ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ਼੍ਰੀ ਮਨਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਐਸ.ਸੀ. ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।

ਗਲੀ ਵਿਕਰੇਤਾ ਨੂੰ ਆਪਣੇ ਪੈਰਾ ਤੇ ਖੜ੍ਹਾ ਕਰਨ ਲਈ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ : ਸੰਯਮ ਅਗਰਵਾਲ

ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਅਧੀਨ 604 ਗਲੀ ਵਿਕਰੇਤਾ ਨੂੰ 60 ਲੱਖ 40 ਹਜਾਰ ਰੁਪਏ ਦਾ ਕਰਜਾ ਤਕਸ਼ੀਮ

 

 

 

ਮਾਲੇਕਰੋਟਲਾ 13 ਅਪ੍ਰੈਲ (ਰਣਜੀਤ ਸਿੱਧਵਾਂ)  :  ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਕਰੋਨਾ ਕਾਲ ਦੌਰਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਗਲੀ ਵਿਕਰੇਤਾ, ਛੋਟੇ ਫੜੀ ਦੁਕਾਨਦਾਰਾਂ ਆਦਿ ਨੂੰ ਮੁੜ ਆਪਣੇ ਪੈਰਾ ਤੇ ਖੜ੍ਹਾ ਕਰਨ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਸਕੀਮ ਅਧੀਨ 663 ਲੋੜਵੰਦ ਲਾਭਪਾਰਤੀਆਂ ਦੇ 10 ਹਜਾਰ ਰੁਪਏ ਦੇ ਲੋਨ ਵੱਖ-ਵੱਖ ਜ਼ਿਲ੍ਹੇ ਦੇ ਬੈਂਕਾਂ ਰਾਹੀਂ ਪ੍ਰਵਾਨ ਕੀਤੇ ਗਏ ਹਨ । ਉਨ੍ਹਾਂ ਹੋਰ ਦੱਸਿਆ ਕਿ ਹੁਣ ਤੱਕ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਅਧੀਨ 604 ਗਲੀ ਵਿਕਰੇਤਾ ਆਦਿ ਨੂੰ 60 ਲੱਖ 40 ਹਜਾਰ ਰੁਪਏ ਕਾਰਜਸ਼ੀਲ ਪੂੰਜੀ ਵਜੋਂ ਬਤੌਰ ਕਰਜਾ ਮੁਹੱਈਆ ਕਰਵਾਈਆ ਜਾ ਚੁੱਕਾ ਹੈ ਤਾਂ ਜੋ ਉਹ ਮੁੜ ਆਪਣੇ ਪੈਰਾ ਤੇ ਖੜ੍ਹੇ ਹੋ ਸਕਣ ।ਉਨ੍ਹਾਂ ਹੋਰ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਗਲੀ ਦੇ ਵਿਕਰੇਤਾਵਾਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ ਮੁੜ ਸ਼ੁਰੂ ਕਰਨ ਦੇ ਯੋਗ ਬਣਾਉਣਾ ਅਤੇ ਆਰਥਿਕ ਤੌਰ ਤੇ ਆਤਮ ਨਿਰਭਰ ਕਰਨਾ  ਹੈ । ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ਼)ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਇਸ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਸਕੀਮ ਤਹਿਤ ਗਲੀ ਵਿਕਰੇਤਾ, ਰੇਹੜੀ, ਫੜੀ, ਸਬਜ਼ੀ, ਫਲ ਫਰੂਟ ਆਦਿ ਛੋਟੇ ਵਿਕਰੇਤਾ ਨੂੰ ਘੱਟ ਵਿਆਜ ਦਰ ਤੇ 10 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਕਾਰਜਸ਼ੀਲ ਪੂੰਜੀ ਵਜੋਂ ਬਿਨ੍ਹਾਂ  ਕਿਸੇ ਗਰੰਟੀ ਤੋਂ ਦਿੱਤਾ ਜਾਂਦਾ ਹੈ। ਇਸ ਕਰਜ਼ੇ ਦੀ ਵਾਪਸੀ ਇੱਕ ਸਾਲ ਦੌਰਾਨ ਮਹੀਨਾਵਾਰ ਕਿਸ਼ਤਾਂ ਵਿੱਚ ਕਰਨੀ ਹੁੰਦੀ ਹੈ ਅਤੇ ਸਹੀ ਸਮੇਂ ਵਾਪਸੀ ਕਰਨ ਵਾਲੇ ਕਰਜ਼ਾ ਧਾਰਕ ਨੂੰ 07 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਜੋ ਕਿ ਸਿੱਧੀ ਉਨ੍ਹਾਂ ਦੇ ਖਾਤੇ 'ਚ ਜਮ੍ਹਾ ਹੋ ਜਾਂਦੀ ਹੈ । ਉਨ੍ਹਾਂ ਹੋਰ ਦੱਸਿਆ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਗਲੀ ਵਿਕਰੇਤਾਵਾਂ ਆਦਿ ਨੂੰ ਕਾਰਜਸ਼ੀਲ ਪੂੰਜੀ ਵੱਜੋ ਦਿੱਤਾ ਜਾਣ ਵਾਲਾ ਕਰਜ਼ਾ ਜੇਕਰ ਕਾਰਜਾਂ ਧਾਰਕ ਸਮੇਂ ਸਿਰ ਇੱਕ ਸਾਲ ਦੇ ਅੰਦਰ ਅੰਦਰ ਵਾਪਸ ਕਰ ਦਿੰਦਾ ਹੈ ਤਾਂ ਉਸ ਨੂੰ ਵੀਹ ਹਜ਼ਾਰ ਰੁਪਏ ਤੱਕ ਦਾ ਕਰਜ਼ਾ ਮੁੜ ਲੈ ਸਕਦਾ ਹੈ। ਇਹ ਸਕੀਮਾਂ ਦਾ ਲਾਭ ਉਹ ਰੇਹੜੀ, ਗਲੀ ਵਿਕਰੇਤਾ ਲੈ ਸਕਦਾ ਹੈ ਜਿਸ ਨੂੰ ਸਥਾਨਿਕ ਪ੍ਰਸ਼ਾਸਨ ਵੱਲੋਂ ਪੰਜੀਕ੍ਰਿਤ ਕੀਤਾ ਹੋਵੇ । ਕਰਜ਼ਾ ਬਿਨੈਕਾਰ ਕੋਲ ਕੇਵਲ ਆਧਾਰ ਕਾਰਡ, ਬੈਂਕ ਖਾਤੇ ਅਤੇ ਫ਼ੋਟੋਆਂ ਹੋਣੀਆਂ ਚਾਹੀਦੀਆਂ ਹਨ। ਸਿਟੀ ਮਿਸ਼ਨ ਮੈਂਨੇਜਰ ਸ੍ਰੀ ਯਸ਼ਪਾਲ ਸਰਮਾਂ ਨੇ ਕਰਜਾ ਧਾਰਕਾਂ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਸਾਥੀਆਂ ਨੂੰ ਵੀ ਇਸ ਸਕੀਮ ਬਾਰੇ ਦੱਸਣ ਅਤੇ ਜ਼ਰੂਰਤਮੰਦ ਗਲੀ ਵਿਕਰੇਤਾਵਾਂ ਨੂੰ ਸਥਾਨਕ ਪ੍ਰਸ਼ਾਸਨ ਤੋਂ ਪੰਜੀਕ੍ਰਿਤ ਕਰਵਾਉਣ ਉਪਰੰਤ ਕਰਜ਼ਾ ਲੈਣ ਬੈਂਕ ਦੀ ਸ਼ਾਖਾ ਨਾਲ ਸੰਪਰਕ ਕਰਨ ।