You are here

ਪੰਜਾਬ

ਕਣਕ ਦੇ ਨਾੜ ਨੂੰ ਅੱਗ ਲਗਾਏ ਬਗੈਰ ਵੱਧ ਮੁਨਾਫ਼ਾ ਅਤੇ ਵਾਤਾਵਰਣ ਦੀ ਸੰਭਾਲ ਕਰ ਰਿਹੈ ਪਿੰਡ ਸੈਂਚਾ ਦਾ ਅਗਾਂਹਵਧੂ ਕਿਸਾਨ ਰੁਪਿੰਦਰ ਸਿੰਘ

-ਡਿਪਟੀ ਕਮਿਸ਼ਨਰ ਵਲੋਂ ਅਗਾਂਹਵਧੂ ਕਿਸਾਨ ਦੀ ਸ਼ਲਾਘਾ

- ਜ਼ਿਲ੍ਹੇ ਦੇ ਬਾਕੀ ਕਿਸਾਨਾਂ ਨੂੰ ਵੀ ਝੋਨੇ ਦੀ ਸਿੱਧੀ ਬਿਜਾਈ ਤੋਂ ਲਾਹਾ ਲੈਣ ਦੀ ਕੀਤੀ ਅਪੀਲ

 

ਹੁਸ਼ਿਆਰਪੁਰ, 13 ਅਪ੍ਰੈਲ  (ਰਣਜੀਤ ਸਿੱਧਵਾਂ)  :  ਕਣਕ ਦੇ ਨਾੜ/ਰਹਿੰਦ-ਖੂੰਹਦ ਨੂੰ ਨਾ ਸਾੜ ਕੇ ਝੋਨੇ ਦੀ ਸਿੱਧੀ ਬਿਜਾਈ ਜ਼ਰੀਏ ਹੁਸ਼ਿਆਰਪੁਰ ਦੇ ਪਿੰਡ ਸੈਂਚਾ ਦਾ ਪ੍ਰਗਤੀਸ਼ੀਲ ਕਿਸਾਨ ਰੁਪਿੰਦਰ ਸਿੰਘ ਜਿੱਥੇ ਵਾਤਾਵਰਣ ਦੀ ਸੰਭਾਲ ਕਰ ਰਿਹਾ ਹੈ, ਉਥੇ ਹੀ ਹਰ ਸਾਲ ਝੋਨੇ ਦੀ ਬਿਜਾਈ ’ਤੇ ਪੈਸੇ ਅਤੇ ਸਮੇਂ ਦੀ ਬੱਚਤ ਰਾਹੀਂ ਦੋਹਰਾ ਮੁਨਾਫ਼ਾ ਵੀ ਕਮਾ ਰਿਹਾ ਹੈ। ਇਸ ਦੇ ਨਾਲ ਹੀ ਝੋਨੇ ਦੀ ਸਿੱਧੀ ਬਿਜਾਈ ਰਾਹੀਂ  ਰੁਪਿੰਦਰ ਸਿੰਘ ਵਲੋਂ ਪਾਣੀ ਦੀ ਬੱਚਤ ਕਰਨ ਦਾ ਪੁੱਟਿਆ ਕਦਮ ਭੂ-ਜਲ ਦੇ ਡਿੱਗਦੇ ਮਿਆਰ ਨੂੰ ਰੋਕਣ ਵਿਚ ਅਹਿਮ ਕਦਮ ਸਾਬਤ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਇਸ ਅਗਾਂਹਵਧੂ ਕਿਸਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਬਰਕਰਾਰ ਰੱਖਣ ਅਤੇ ਪਾਣੀ ਦੀ ਬੱਚਤ ਲਈ ਜ਼ਿਲ੍ਹੇ ਦੇ ਬਾਕੀ ਕਿਸਾਨਾਂ ਨੂੰ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ਵੱਲ ਕਦਮ ਵਧਾਉਣਾ ਚਾਹੀਦਾ ਹੈ, ਕਿਉਂਕਿ ਇਹ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਗਤੀਸ਼ੀਲ ਕਿਸਾਨ ਸ੍ਰੀ ਰੁਪਿੰਦਰ ਸਿੰਘ ਵਲੋਂ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਝੋਨੇ ਦੀ ਸਿੱਧੀ ਬਿਜਾਈ ਕਰਨਾ ਇੱਕ ਮਿਸਾਲੀ ਕਦਮ ਹੈ ਅਤੇ ਇਸ ਕਦਮ ਨਾਲ ਜਿੱਥੇ ਵਾਤਾਵਰਣ ਦੀ ਰੱਖਿਆ ਕੀਤੀ ਜਾ ਰਹੀ ਹੈ, ਉਥੇ ਵੱਧ ਮੁਨਾਫ਼ਾ ਵੀ ਕਮਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਕਿਸਾਨ ਸ੍ਰੀ ਰੁਪਿੰਦਰ ਸਿੰਘ ਵਾਂਗ ਕਰੀਬ 25 ਤੋਂ 30 ਫ਼ੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਭੂ-ਜਲ ਦੇ ਸੋਮਿਆਂ ਦੀ ਸੰਭਾਲ ਹੁੰਦੀ ਹੈ ਅਤੇ ਫ਼ਸਲ ਦੀ ਲਾਗਤ ਵੀ ਘੱਟਦੀ ਹੈ।  ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਗੈਰ ਸਿੱਧੀ ਬਿਜਾਈ ਕਰਨ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖੀ ਜਾ ਸਕਦੀ ਹੈ ਅਤੇ ਇਸ ਨਾਲ ਜ਼ਮੀਨ ਵਿਚਲੇ ਮਿੱਤਰ ਕੀੜਿਆਂ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਡੀ.ਐਸ.ਆਰ. ਡਰਿੱਲ (ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀ ਮਸ਼ੀਨ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਆਧੁਨਿਕ ਤਕਨੀਕ ਵਾਲੀ ਮਸ਼ੀਨ ਖੇਤੀਬਾੜੀ ਵਿਭਾਗ ਕੋਲ ਵੀ ਉਪਲਬੱਧ ਹੈ। ਇਸ ਤੋਂ ਇਲਾਵਾ ਸਵੈ-ਸਹਾਇਤਾ ਗਰੁੱਪ ਅਤੇ ਕਿਸਾਨਾਂ ਤੋਂ ਕਿਰਾਏ ’ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਡੀ.ਐਸ. ਆਰ.  ਡਰਿੱਲ ਕਿਰਾਏ ’ਤੇ ਪ੍ਰਾਪਤ ਕਰਨ ਲਈ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

       ਅਗਾਂਹਵਧੂ ਕਿਸਾਨ  ਰੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਕਣਕ ਦੇ ਨਾੜ ਨੂੰ ਅੱਗ ਲਗਾਏ ਬਿਨ੍ਹਾਂ ਘੱਟ ਖਰਚੇ ’ਤੇ 5 ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ 25 ਤੋਂ 30 ਫੀਸਦੀ ਪਾਣੀ ਦੀ ਬੱਚਤ ਤਾਂ ਹੁੰਦੀ ਹੀ ਹੈ। ਇਸ ਦੇ ਨਾਲ-ਨਾਲ ਕੱਦੂ ਅਤੇ ਪਨੀਰੀ ਦੀ ਲੁਆਈ ’ਤੇ ਜੋ ਖਰਚਾ ਆਉਂਦਾ ਹੈ, ਉਹ ਝੋਨੇ ਦੀ ਸਿੱਧੀ ਬਿਜਾਈ ਕਾਰਨ ਬੱਚਤ ਖਾਤੇ ਵਿਚ ਜੁੜ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 3500 ਤੋਂ 4000 ਪ੍ਰਤੀ ਏਕੜ ਇਹ ਮੁਨਾਫ਼ਾ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਲੇਬਰ ਦੀ ਸਮੱਸਿਆ ਦਾ ਵੀ ਸਾਹਮਣਾ ਨਹੀਂ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਉਸ ਵਲੋਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ ਜਾਂਦੀ, ਬਲਕਿ ਉਹ ਕੰਬਾਇਨ ਨਾਲ ਕਣਕ ਦੀ ਕਟਾਈ ਕਰਨ ਤੋਂ ਬਾਅਦ ਖੜ੍ਹੇ ਮੁੱਢਾਂ ਵਿੱਚ ਹੀ ਸਿੱਧੀ ਬਿਜਾਈ ਕਰ ਦਿੰਦਾ ਹੈ। ਉਪਰੰਤ ਕਟਰ ਨਾਲ ਹੀ ਨਾੜ ਨੂੰ ਖੇਤ ਵਿੱਚ ਹੀ ਖਿਲਾਰ ਦਿੱਤਾ ਜਾਂਦਾ ਹੈ ਅਤੇ ਇਸ ਵਿਧੀ ਨਾਲ ਝੋਨੇ ਦੇ ਬੀਜ ਨੂੰ ਉਗਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ, ਸਗੋਂ ਨਾੜ ਖੇਤ ਵਿੱਚ ਵਧੀਆ ਮਲਚ ਦਾ ਕੰਮ ਕਰਦਾ ਹੈ। ਇਸ ਅਗਾਂਹਵਧੂ ਕਿਸਾਨ ਦਾ ਕਹਿਣਾ ਹੈ ਕਿ ਇਸ ਉਪਰਾਲੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਣ ਤੋਂ ਇਲਾਵਾ ਲੇਬਰ ਅਤੇ ਸਮੇਂ ਦੀ ਬੱਚਤ ਵੀ ਹੁੰਦੀ ਹੈ।

ਰੋਡ ਮੈਪ ਤਿਆਰ ਕਰਕੇ ਜ਼ਿਲ੍ਹੇ ਦੇ ਵਿਕਾਸ ਲਈ ਪੁੱਟੇ ਜਾਣਗੇ ਅਹਿਮ ਕਦਮ : ਸੰਦੀਪ ਹੰਸ

ਨਵ-ਨਿਯੁਕਤ ਡਿਪਟੀ ਕਮਿਸ਼ਨਰ ਪੱਤਰਕਾਰ ਮਿਲਣੀ ਦੌਰਾਨ ਪੱਤਰਕਾਰਾਂ ਦੇ ਹੋਏ ਰੁ-ਬ-ਰੂ

-ਕਿਹਾ, ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣਾ ਹੋਵੇਗੀ ਮੁੱਖ ਤਰਜ਼ੀਹ

- ਨਾਜਾਇਜ਼ ਮਾਈਨਿੰਗ ’ਤੇ ਨਕੇਲ ਕੱਸਣ ਲਈ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

-ਦੁਕਾਨਦਾਰਾਂ ਨੂੰ 10 ਦਿਨਾਂ ’ਚ ਨਾਜਾਇਜ਼ ਕਬਜੇ ਹਟਾਉਣ ਲਈ ਕਿਹਾ, ਉਪਰੰਤ ਹੋਵੇਗੀ ਸਖ਼ਤ ਕਾਰਵਾਈ

-ਮੀਡੀਆ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਕਰਾਤਮਕ ਕੰਮਾਂ ਅਤੇ ਲੋਕ ਭਲਾਈ ਯੋਜਨਾਵਾਂ ਦਾ ਪ੍ਰਚਾਰ-ਪ੍ਰਸਾਰ ਕਰਨ ਦੀ ਅਪੀਲ

-ਹੁਸ਼ਿਆਰਪੁਰ ਨੂੰ ਸੈਰ-ਸਪਾਟਾ ਦੇ ਤੌਰ ’ਤੇ ਕੀਤਾ ਜਾਵੇਗਾ ਵਿਕਸਿਤ

 

ਹੁਸ਼ਿਆਰਪੁਰ, 13 ਅਪ੍ਰੈਲ (ਰਣਜੀਤ ਸਿੱਧਵਾਂ)  :   ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਰੋਡ ਮੈਪ ਤਿਆਰ ਕਰਕੇ ਜ਼ਿਲ੍ਹੇ ਦੇ ਵਿਕਾਸ ਲਈ ਅਹਿਮ ਕਦਮ ਪੁੱਟੇ ਜਾਣਗੇ ਅਤੇ ਜ਼ਿਲ੍ਹਾ ਵਾਸੀਆਂ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਵਾਸੀਆਂ ਖਾਸ ਤੌਰ ’ਤੇ ਕੰਢੀ ਖੇਤਰ ਵਿੱਚ  ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਵੇਗੀ। ਉਹ ਅੱਜ ਬਤੌਰ ਡਿਪਟੀ ਕਮਿਸ਼ਨਰ ਪਹਿਲੀ ਵਾਰ ਪੱਤਰਕਾਰਾਂ ਨਾਲ ਵਿਸ਼ੇਸ਼ ਮਿਲਣੀ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਦੀਪ ਸਿੰਘ, ਐਸ.ਡੀ.ਐਮ. ਸ੍ਰੀ ਸ਼ਿਵ ਰਾਜ ਸਿੰਘ ਬੱਲ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਜਿਲ੍ਹੇ ਵਿੱਚ ਨਾਜਾਇਜ਼ ਮਾਈਨਿੰਗ ’ਤੇ ਨਕੇਲ ਕੱਸਣ ਦੀ ਵਚਨਬੱਧਤਾ ਨੂੰ ਦੁਹਾਰਾਉਂਦੇ ਹੋਏ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ  ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਨੇ ਐਸ.ਐਸ.ਪੀ. ਹੁਸ਼ਿਆਰਪੁਰ ਨਾਲ ਮੀਟਿੰਗ ਕਰਕੇ ਇਸ ਦੀ ਸਮੀਖਿਆ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ’ਤੇ ਸਖਤ ਕਾਰਵਾਈ ਸਬੰਧੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇਗੀ।ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਟਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਟਰੈਫਿਕ ਮੈਨੇਜਮੈਂਟ ਪਲਾਨ ਤਿਆਰ ਕੀਤਾ ਜਾ ਰਿਹਾ ਹੈ, ਜਿਸ ਉਪਰੰਤ ਹੁਸ਼ਿਆਰਪੁਰ ਵਿੱਚ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਸ਼ਹਿਰ ਵਿੱਚ  ਨਜਾਇਜ਼ ਕਬਜਿਆਂ ਦੀ ਸਮੱਸਿਆ ਦੇ ਸਵਾਲ ’ਤੇ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 10 ਦਿਨ ਵਿੱਚ ਨਾਜਾਇਜ਼ ਕਬਜ਼ੇ ਹਟਾ ਲੈਣ। ਉਨ੍ਹਾਂ ਕਿਹਾ ਕਿ 10 ਦਿਨਾਂ ਤੋਂ ਬਾਅਦ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਖਿਲਾਫ਼ ਨਿਯਮਾਂ ਮੁਤਾਬਕ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਸੁਚਾਰੂ ਢੰਗ ਨਾਲ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸੇਵਾਵਾਂ ਲੈਣ ਦੌਰਾਨ ਕਿਸੇ ਵੀ ਵਿਅਕਤੀ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਤੱਕ ਬੇਹਤਰ ਸੁਵਿਧਾਵਾਂ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਉਥੇ ਜ਼ਿਲ੍ਹੇ ਦੀ ਬੇਹਤਰੀ ਲਈ ਮੀਡੀਆ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਪ੍ਰਸ਼ਾਸਨ ਨੂੰ ਪੂਰੀ ਫੀਡ ਬੈਕ ਦੇਵੇ, ਤਾਂ ਜੋ ਹੋਰ ਪ੍ਰਸ਼ਾਸਨਿਕ ਸੁਧਾਰ ਕੀਤੇ ਜਾ ਸਕਣ। ਉਨ੍ਹਾਂ ਮੀਡੀਆ ਸਾਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਸਾਕਰਾਤਮਕ ਕੰਮਾਂ ਦੇ ਨਾਲ-ਨਾਲ ਸੂਬਾ ਸਰਕਾਰ ਦੀਆਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਦਾ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕਰਨ ਦੀ ਅਪੀਲ ਵੀ ਕੀਤੀ, ਤਾਂ ਜੋ ਵੱਧ ਤੋਂ ਵੱਧ ਲੋਕ ਸਰਕਾਰੀ ਯੋਜਨਾਵਾਂ ਤੋਂ ਮਿਲਣ ਵਾਲੀਆਂ ਸੁਵਿਧਾਵਾਂ ਦਾ ਲਾਭ ਲੈ ਸਕਣ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਉਣ ਲਈ ਨਗਰ ਨਿਗਮ ਅਤੇ ਕੌਂਸਲਰਾਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ੇ ਵਿੱਚ ਫਸੇ ਜ਼ਿਲ੍ਹੇ ਦੇ ਨੌਜਵਾਨਾਂ ਦਾ ਮੁੜ ਵਸੇਬਾ ਕਰਕੇ ਉਨ੍ਹਾਂ ਨੂੰ ਪੈਰ੍ਹਾਂ ’ਤੇ ਖੜ੍ਹਾ ਕਰਨ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਅਤੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਲਈ ਵੀ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਆਗਾਮੀ ਸਮੇਂ ਵਿੱਚ ਹੋਰ ਗੰਭੀਰਤਾ ਨਾਲ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਨੂੰ ਹੋਰ ਜਿਆਦਾ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੈਰ-ਸਪਾਟੇ ਦੇ ਖੇਤਰ ਵਿਚ ਜ਼ਿਲ੍ਹੇ ਵਿੱਚ ਵਧੇਰੇ ਸੰਭਾਵਨਾਵਾਂ ਹਨ ਅਤੇ ਜ਼ਿਲ੍ਹੇ ਨੂੰ ਇਸ ਖੇਤਰ ਵਿਚ ਵਿਕਸਿਤ ਕਰਨ ਲਈ ਯੋਜਨਾ ’ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਣਕ ਲਿਆਉਣ ਵਾਲੇ ਕਿਸਾਨਾਂ ਦੀ ਸੁਵਿਧਾ ਲਈ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਉਹ ਨਿੱਜੀ ਤੌਰ ’ਤੇ ਵੀ ਮੰਡੀਆਂ ਵਿੱਚ ਕਣਕ ਦੀ ਆਮਦ, ਅਦਾਇਗੀ ਅਤੇ ਲਿਫਟਿੰਗ ਦੀ ਸਮੀਖਿਆ ਕਰ ਰਹੇ ਹਨ।

20 ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਹੁਸ਼ਿਆਰਪੁਰ, 13 ਅਪ੍ਰੈਲ  (ਰਣਜੀਤ ਸਿੱਧਵਾਂ)  : ਜ਼ਿਲ੍ਹਾ ਮਾਲ ਅਫ਼ਸਰ (ਵਾਧੂ ਚਾਰਜ ਸਹਾਇਕ ਕਮਿਸ਼ਨਰ, ਸ਼ਿਕਾਇਤਾਂ) ਸ੍ਰੀ ਅਮਨ ਪਾਲ ਸਿੰਘ ਨੇ ਦੱਸਿਆ ਕਿ 20 ਅਪ੍ਰੈਲ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਸ਼ੋਕ ਚੱਕਰ ਹਾਲ ਵਿੱਚ ਸਵੇਰੇ 10 ਵਜੇ ਪੈਨਸ਼ਨਰਾਂ/ਫੈਮਲੀ ਪੈਨਸ਼ਨਰਾਂ ਵਲੋਂ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਪੈਨਸ਼ਨ ਅਦਾਲਤ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਅਦਾਲਤ ਵਿਚ ਵੱਖ-ਵੱਖ ਵਿਭਾਗਾਂ ਦੇ ਸੇਵਾ ਮੁਕਤ ਕਰਮਚਾਰੀਆਂ ਵਲੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਭਾਗ ਦੇ ਸੇਵਾ ਮੁਕਤ ਕਰਮਚਾਰੀ ਨੂੰ ਆਪਣੀ ਪੈਨਸ਼ਨ ਸਬੰਧੀ ਕੋਈ ਸ਼ਿਕਾਇਤ ਹੋਵੇ, ਤਾਂ ਉਹ 20 ਅਪ੍ਰੈਲ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਸ਼ੋਕ ਚੱਕਰ ਹਾਲ ਵਿੱਚ ਸਵੇਰੇ 10 ਵਜੇ ਨਿੱਜੀ ਤੌਰ ’ਤੇ ਸਮੇਤ ਸਬੂਤ ਲਿਖਤੀ ਦਰਖਾਸਤ ਲੈ ਕੇ ਹਾਜ਼ਰ ਹੋ ਸਕਦੇ ਹਨ।

ਭਾਰਤ ਦੇ ਚੀਫ਼ ਜਸਟਿਸ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅੰਮ੍ਰਿਤਸਰ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ  

ਅੰਮ੍ਰਿਤਸਰ , 13 ਅਪ੍ਰੈਲ (ਹਰਜੀਤ ਸਿੰਘ ਗਰੇਵਾਲ  )

 

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਮਨਾ ਦਾ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਪਹੁੰਚਣ 'ਤੇ ਸਵਾਗਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਚੀਫ਼ ਜਸਟਿਸ ਅਤੇ ਉਨ੍ਹਾਂ ਦੇ ਪਰਿਵਾਰ ਦੀ ਪੰਜਾਬ ਫੇਰੀ ਦੌਰਾਨ ਪੰਜਾਬ ਦੇ ਲੋਕ ਵਿਸ਼ੇਸ਼ ਤੌਰ 'ਤੇ ਸਮੁੱਚੀ ਸੂਬਾ ਸਰਕਾਰ ਉਨ੍ਹਾਂ ਦੇ ਸਵਾਗਤ ਲਈ ਪੱਬਾਂ ਭਾਰ ਹੈ।

 

ਦੁਖਦਾਈ ਖ਼ਬਰ

ਬਰਨਾਲਾ/ ਮਹਿਲਕਲਾਂ -13 ਅਪ੍ਰੈਲ( ਗੁਰਸੇਵਕ ਸੋਹੀ)-  ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਪਿੰਡ ਨਰਾਇਣਗੜ੍ਹ ਸੋਹੀਆ ਦੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਦੀ ਮਾਤਾ ਮੁਖਤਿਆਰ ਕੌਰ ਦਾ ਅੱਜ ਹੋਇਆ ਦੇਹਾਂਤ।  ਮਿਲੀ ਜਾਣਕਾਰੀ ਅਨੁਸਾਰ ਸੰਸਕਾਰ ਅੱਜ  ਦੁਪਹਿਰ ਤਕਰੀਬਨ 01 ਵਜੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ ।

ਸ੍ਰੀ ਮਹਾਂਵੀਰ ਜਯੰਤੀ ਮੌਕੇ ਜ਼ਿਲ੍ਹੇ ’ਚ ਮੀਟ ਦੀਆਂ ਦੁਕਾਨਾਂ/ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ

ਬਰਨਾਲਾ, 12 ਅਪਰੈਲ (ਰਣਜੀਤ ਸਿੱਧਵਾਂ)  ਸ੍ਰੀ ਮਹਾਂਵੀਰ ਜਯੰਤੀ ਦਾ ਪਵਿੱਤਰ ਦਿਹਾੜਾ ਮਿਤੀ 14 ਅਪਰੈਲ ਨੂੰ ਮਨਾਇਆ ਜਾ ਰਿਹਾ ਹੈ, ਜੋ ਕਿ ਸਿ੍ਸ਼ਟੀ ਦੇ ਸਮੂਹ ਮਾਨਵ ਸਮਾਜ ਅਤੇ ਪਸ਼ੂ ਪੰਛੀਆਂ ਪ੍ਰਤੀ ਦਯਾ ਦੀ ਭਾਵਨਾ ਨੂੰ ਸਮਰਪਿਤ ਹੈ। ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ-ਕਮ- ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰੀਸ਼ ਨਈਅਰ ਨੇ ਹੁਕਮ ਜਾਰੀ ਕਰਦੇ ਹੋਏ ਮਿਤੀ 14 ਅਪਰੈਲ 2022 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ/ਕਸਬਿਆਂ/ਸ਼ਹਿਰਾਂ ਵਿੱਚ ਮੀਟ ਦੀਆਂ ਦੁਕਾਨਾਂ ਅਤੇ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਕਿਸਾਨ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ      

ਸ੍ਰੀ ਮੁਕਤਸਰ ਸਾਹਿਬ   (ਰਣਜੀਤ ਸਿੱਧਵਾਂ)  :   ਸਾਰੇ ਭਾਰਤ ਦੇ ਸਯੁੰਕਤ ਕਿਸਾਨ ਮੋਰਚੇ ਵਲੋਂ 11 ਅਪ੍ਰੈਲ ਤੋਂ 17 ਅਪ੍ਰੈਲ ਤੱਕ ਐੱਮਐੱਸਪੀ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸਦੇ ਤਹਿਤ  ਸੰਯੁਕਤ ਕਿਸਾਨ ਮੋਰਚਾ (ਸਮੂਹ ਕਿਸਾਨ ਜਥੇਬੰਦੀਆਂ) ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਲੋਂ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਘੱਟੋ ਘੱਟ ਸਮਰਥਨ ਮੁੱਲ ਸੁਆਮੀਨਾਥਨ ਅਤੇ ਰਮੇਸ਼ ਚੰਦ ਦੀ ਕਮੇਟੀ ਅਨੁਸਾਰ ਤਹਿ ਕੀਤਾ ਜਾਵੇ, ਕਿਸਾਨਾਂ ਵਲੋਂ ਪੈਦਾ ਕੀਤੇ ਜਾਂਦੇ ਸਾਰੇ ਉਤਪਾਦਨਾਂ ਦਾ ਘੱਟੋ-ਘੱਟ ਮੁੱਲ ਤਹਿ ਹੋਵੇ, ਫਸਲ ਦੀ ਪ੍ਰਾਈਵੇਟ ਖਰੀਦ ਦੀ ਬੋਲੀ ਸਮਰਥਨ ਮੁੱਲ ਤੋਂ ਸ਼ੁਰੂ ਹੋਵੇ, ਮੌਸਮ ਸਹੀ ਨਾਂ ਹੋਣ ਕਾਰਨ ਹਾੜ੍ਹੀ ਦੀਆਂ ਫਸਲਾਂ ਦਾ ਝਾੜ ਘੱਟ ਰਿਹਾ  ਹੈ। ਪਰ ਯੁੂਕਰੇਨ ਯੁੱਧ ਕਾਰਨ ਕਣਕ ਦਾ ਭਾਅ ਵਧਣ ਕਾਰਨ ਕਿਸਾਨਾਂ ਨੂੰ ਘੱਟ ਤੋਂ ਘੱਟ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ, ਕਣਕ ਨੂੰ ਅੱਗ ਲੱਗਣ ਕਾਰਨ ਕਿਸਾਨਾਂ ਦਾ ਜਿੰਨ੍ਹਾਂ ਨੁਕਸਾਨ ਹੋਇਆ ਹੈ ਉਸਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ  ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਪ੍ਰਮਿੰਦਰ ਸਿੰਘ ਉੜਾਂਗ, ਖੁਸ਼ਵੰਤ ਸਿੰਘ, ਤਜਿੰਦਰ ਸਿੰਘ ਮਿੱਡਾ, ਗੁਰਤੇਜ ਸਿੰਘ, ਹਰਦੇਵ ਸਿੰਘ ਉੜਾਂਗ, ਸੁਖਵਿੰਦਰ ਸਿੰਘ ਮਲੋਟ, ਯੂਥ ਵਿੰਗ ਸੂਬਾ ਆਗੂ ਕਿਰਤੀ ਕਿਸਾਨ ਯੂਨੀਅਨ ਦੇ ਹਰਪ੍ਰੀਤ ਸਿੰਘ ਝਬੇਲ ਵਾਲੀ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ ਦੇ ਆਗੂ  ਭਾਰਤੀ ਕਿਸਾਨ ਯੂਨੀਅਨ ਮਾਨਸਾ ਵਲੋਂ ਸੁਖਮੰਦਰ ਸਿੰਘ, ਸੁਖਜੀਤ ਸਿੰਘ ਪ੍ਰਧਾਨ, ਬਲਜਿੰਦਰ ਸਿੰਘ, ਜਗਸੀਰ ਸਿੰਘ, ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ ਮਾਨਸਾ ਵਲੋਂ ਜਰਨੈਲ ਸਿੰਘ ਰੋੜਾਂਵਾਲੀ, ਇੰਦਰਜੀਤ ਸਿੰਘ ਅਸਪਾਲ, ਜੁਗਰਾਜ ਸਿੰਘ ਰੰਧਾਵਾ ਸੂਬਾ ਆਗੂ, ਕਾਦੀਆਂ ਵਲੋਂ ਦਰਸ਼ਨ ਸਿੰਘ ਰੁਪਾਣਾ, ਨਿਰਮਲ ਸਿੰਘ ਸੰਗੂਧੌਣ, ਹਰਮਨਦੀਪ ਸਿੰਘ, ਰਾਜਵੰਤ ਸਿੰਘ, ਜਸਜੀਤ ਸਿੰਘ, ਦਰਸ਼ਨ ਸਿੰਘ, ਬੀ ਕੇ ਯੂ ਲੱਖੋਵਾਲ ਵਲੋਂ ਅਵਤਾਰ ਸਿੰਘ ਵੱਟੂ ਪ੍ਰਧਾਨ, ਬਲਜੀਤ ਸਿੰਘ ਸਾਬਕਾ ਫੌਜੀ, ਭਿੰਦਰ ਸਿੰਘ ਥਾਂਦੇਵਾਲਾ ਆਦਿ ਹਾਜ਼ਰ ਸਨ।

Chief minister punjab Office Order to private school display the list of shops selling books and uniform

Chandigarh, 12 April  (Jan Shakti News Bureau ) Chief Minister Bhagwant Mann orders private schools to display list of shops selling books and uniforms. CM directs the education department to ensure strict compliance of these orders. Education Minister Gurmeet Singh Meet Hayer personally monitors complaints against private schools.

ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਕਿਤਾਬਾਂ ਤੇ ਵਰਦੀਆਂ ਵੇਚਣ ਵਾਲੀਆਂ ਦੁਕਾਨਾਂ ਦੀ ਸੂਚੀ ਨਸ਼ਰ ਕਰਨ ਦੇ ਹੁਕਮ  

ਚੰਡੀਗੜ੍ਹ, 12 ਅਪ੍ਰੈਲ  (ਜਨ ਸ਼ਕਤੀ ਨਿਊਜ਼ ਬਿਊਰੋ)  

ਮੁੱਖ ਮੰਤਰੀ ਦਫ਼ਤਰ ਭਗਵੰਤ ਮਾਨ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਕਿਤਾਬਾਂ ਅਤੇ ਵਰਦੀ ਵੇਚਣ ਵਾਲੀਆਂ ਦੁਕਾਨਾਂ ਦੀ ਸੂਚੀ ਨਸ਼ਰ ਕਰਨ ਦੇ ਹੁਕਮ। ਉਨ੍ਹਾਂ ਸਿੱਖਿਆ ਵਿਭਾਗ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ। ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਿੱਜੀ ਸਕੂਲਾਂ ਖਿਲਾਫ਼ ਸ਼ਿਕਾਇਤਾਂ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰ ਰਹੇ ਹਨ। 

 

 

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ 8ਵੀਂ ਭਾਰਤੀ ਖੇਤਰੀ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿੱਚ ਹਿੱਸਾ ਲੈਣ ਪਹੁੰਚੇ  

ਚੰਡੀਗੜ੍ਹ, 12  ਐਪ੍ਰਲ  (ਜਨ ਸ਼ਕਤੀ ਨਿਊਜ਼ ਬਿਊਰੋ ) 

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ 11 ਤੋਂ 13 ਅਪ੍ਰੈਲ 2022 ਤੱਕ ਗੁਹਾਟੀ (ਆਸਾਮ) ਵਿਖੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੀ ਪ੍ਰਧਾਨਗੀ ਹੇਠ ਹੋ ਰਹੀ 8ਵੀਂ ਭਾਰਤੀ ਖੇਤਰੀ ਰਾਸ਼ਟਰਮੰਡਲ ਸੰਸਦੀ ਕਾਨਫਰੰਸ ਵਿੱਚ ਭਾਗ ਲੈ ਰਹੇ ਹਨ। ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਗੁਹਾਟੀ ਦੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਲਾਲਮਤੀ  ਵਿਖੇ ਮੱਥਾ ਵੀ ਟੇਕਿਆ।

 

Bhagwant Mann 1st time met President of India Ram Nath Kovind as a CM Punjab

Chandigarh , 12 April ( Jan Shakti News Bureau ) Chief Minister Bhagwant Mann today called on President of India Ram Nath Kovind.This was Bhagwant Mann’s first meeting with the President after assuming office of Chief Minister.

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ  

ਚੰਡੀਗੜ੍ਹ , 12 ਅਪ੍ਰੈਲ (ਜਨ ਸ਼ਕਤੀ ਨਿਊਜ਼ ਬਿਊਰੋ  )

 

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ।  ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਦੀ ਰਾਸ਼ਟਰਪਤੀ ਨਾਲ ਇਹ ਪਹਿਲੀ ਮੁਲਾਕਾਤ ਸੀ। 

 

ਕਣਕ ਦੇ ਰਹਿੰਦ-ਖੂੰਹਦ ਨੂੰ ਬਿਨ੍ਹਾਂ ਅੱਗ ਲਗਾਏ ਕੀਤੀ ਜਾ ਸਕਦੀ ਹੈ ਝੋਨੇ ਅਤੇ ਸੱਠੀ ਮੂੰਗੀ ਦੀ ਸਿੱਧੀ ਬਿਜਾਈ : ਡਿਪਟੀ ਕਮਿਸ਼ਨਰ

ਕਿਹਾ, ਕਣਕ ਦੇ ਨਾੜ ਦੀ ਤੂੜੀ ਬਣਾਉਣ ਉਪਰੰਤ ਜ਼ਮੀਨ ’ਚ ਹੀ ਗਲਣ ਦਿੱਤੇ ਜਾਣ ਮੁੱਢ
ਹੁਸ਼ਿਆਰਪੁਰ, 12 ਅਪ੍ਰੈਲ (ਰਣਜੀਤ ਸਿੱਧਵਾਂ)  : ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਗੈਰ ਹੀ ਝੋਨੇ ਅਤੇ ਗਰਮੀ ਦੀ ਰੁੱਤ ਦੀ (ਸੱਠੀ) ਮੂੰਗੀ ਸਿੱਧੇ ਤੌਰ ’ਤੇ ਕਾਸ਼ਤ ਕੀਤੀ ਜਾ ਸਕਦੀ ਹੈ, ਇਸ ਲਈ ਕਿਸਾਨ ਕਣਕ ਦੇ ਨਾੜ/ਮੁੱਢਾਂ ਨੂੰ ਅੱਗ ਨਾ ਲਾਉਣ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ, ਉਥੇ ਜ਼ਮੀਨ ਵਿਚਲੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ।ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਜਿਹੜੇ ਕਿਸਾਨ ਸੱਠੀ ਮੂੰਗੀ ਦੀ ਕਾਸ਼ਤ ਕਰਨਾ ਚਾਹੁੰਦੇ ਹਨ, ਉਹ ਕਣਕ ਦੇ ਨਾੜ ਦੀ ਰੀਪਰ ਨਾਲ ਤੂੜੀ ਬਣਾਉਣ ਉਪਰੰਤ ਜ਼ੀਰੋ ਡਰਿੱਲ ਰਾਹੀਂ ਬਿਨ੍ਹਾਂ ਮੁੱਢਾਂ ਨੂੰ ਅੱਗ ਲਗਾਏ ਸਿੱਧੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਜ਼ੀਰੋ ਡਰਿੱਲ ਮਸ਼ੀਨ ਆਪਣੇ ਨੇੜਲੇ ਕਸਟਮ ਹਾਇਰਿੰਗ ਸੈਂਟਰ, ਕਿਸਾਨਾਂ ਦੇ ਸਵੈ-ਸਹਾਇਤਾ ਗਰੁੱਪ ਅਤੇ ਕੋ-ਆਪਰੇਟਿਵ ਸੋਸਾਇਟੀ ਤੋਂ ਘੱਟ ਰੇਟ ’ਤੇ ਕਿਰਾਏ ’ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਨੇੜਲੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਕਿਸਾਨ ਝੋਨੇ ਦੀ ਬਿਜਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਕੋਲ ਕਣਕ ਦੀ ਵਾਢੀ ਅਤੇ ਝੋਨੇ ਦੀ ਪਨੀਰੀ ਦੀ ਖੇਤਾਂ ਵਿਚ ਲੁਆਈ ਦੌਰਾਨ ਕਰੀਬ ਸਵਾ ਤੋਂ ਡੇਢ ਮਹੀਨੇ ਦਾ ਸਮਾਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਕਣਕ ਦੇ ਨਾੜ ਦੀ ਤੂੜੀ ਬਣਾ ਕੇ ਜ਼ਮੀਨ ਵਿਚ ਪਾਣੀ ਛੱਡ ਕੇ ਮੁੱਢਾਂ ਨੂੰ ਜ਼ਮੀਨ ਵਿਚ ਹੀ ਗਲਣ ਦਿੱਤਾ ਜਾਵੇ। ਇਸ ਨਾਲ ਜਿਥੇ ਖੁਰਾਕੀ ਤੱਤ ਜ਼ਮੀਨ ਵਿਚ ਹੀ ਜਜ਼ਬ ਹੋ ਸਕਦੇ ਹਨ, ਉਥੇ ਸੂਖਮ ਜੀਵਾਣੂਆਂ ਦੀ ਤਾਦਾਦ ਵੀ ਬਰਕਰਾਰ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਰੀਪਰ ਰਾਹੀਂ ਇਕ ਏਕੜ ਵਿਚ ਕਣਕ ਦੇ ਨਾੜ ਦੀ ਕਰੀਬ 80 ਫੀਸਦੀ ਤੂੜੀ ਬਣਾਈ ਜਾ ਸਕਦੀ ਹੈ ਅਤੇ ਕਰੀਬ 20 ਫੀਸਦੀ ਕਣਕ ਦੇ ਰਹਿੰਦ-ਖੂੰਹਦ/ਮੁੱਢਾਂ ਨੂੰ ਜ਼ਮੀਨ ਵਿਚ ਹੀ ਦਬਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਤੂੜੀ ਨੂੰ ਪਸ਼ੂਆਂ ਦੇ ਸੁੱਕੇ ਚਾਰੇ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ।  ਸ੍ਰੀ ਸੰਦੀਪ ਹੰਸ ਨੇ ਸੁਚਾਰੂ ਢੰਗ ਨਾਲ ਕਣਕ ਦੀ ਖਰੀਦ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿਥੇ ਕਿਸਾਨਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ (90410-72304) ਜਾਰੀ ਕੀਤਾ ਗਿਆ ਹੈ, ਉਥੇ ਅਧਿਕਾਰੀਆਂ ਨੂੰ ਲਗਾਤਾਰ ਚੈਕਿੰਗ ਕਰਨ ਲਈ ਮੰਡੀਆਂ ਵੀ ਅਲਾਟ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ਦੀ ਚੈਕਿੰਗ ਸਬੰਧੀ ਓਵਰ ਆਲ ਇੰਚਾਰਜ ਐਸ.ਡੀ.ਐਮਜ਼ ਨੂੰ ਬਣਾਇਆ ਗਿਆ ਹੈ ਅਤੇ ਰੋਜ਼ਾਨਾ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਚੈਕਿੰਗ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ।

ਆਓ ਜਾਣੀਏ ਵਿਸਾਖੀ ਦੇ ਤਿਉਹਾਰ ਦੀ ਬਹੁਪੱਖੀ ਮਹਾਨਤਾ✍️ ਪ੍ਰੋ. ਗਗਨਦੀਪ ਕੌਰ ਧਾਲੀਵਾਲ ਬਰਨਾਲਾ

ਪੰਜਾਬ ਵਿਚ ਬਹੁਤ ਸਾਰੇ ਤਿਉਹਾਰ, ਮੇਲੇ ਮਨਾਏ ਜਾਂਦੇ ਹਨ ਪਰ ਵਿਸਾਖੀ ਦਾ ਤਿਉਹਾਰ ਉਨ੍ਹਾਂ ਵਿਚੋਂ ਇਕ ਹੈ। ਇਹ 13 ਅਪ੍ਰੈਲ ਨੂੰ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸਦਾ ਸੰਬੰਧ ਇਤਿਹਾਸਿਕ,ਧਾਰਮਿਕ ,ਸੱਭਿਆਚਾਰਕ ਆਰਥਿਕ ਪੱਖ ਨਾਲ ਹੈ। ਇਸ ਦੀ ਮਹਾਨਤਾ ਬਹੁਪੱਖੀ ਹੈ । ਜੇਕਰ ਪੰਜਾਬੀ ਵਿਰਸੇ ਦੇ ਤਿਉਹਾਰ ਤੇ ਝਾਤ ਮਾਰੀਏ ਤਾਂ ਪੰਜਾਬੀ ਵਿਰਸੇ ਵਿਚ ਵਿਸਾਖੀ ਦਾ ਤਿਉਹਾਰ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਵਿਸਾਖੀ ਦੇਸਾਂ ਵਿਦੇਸ਼ਾਂ ਵਿਚ, ਭਾਰਤ ਦੇ ਹੋਰ ਕਈ ਹਿੱਸਿਆਂ ਵਿਚ ਅਤੇ ਸਾਰੇ ਪੰਜਾਬ ਵਿਚ ਬਹੁਤ ਲੋਕਪ੍ਰਿਆ ਹੈ। ਬੇਸ਼ੱਕ ਹੋਰ ਕਈ ਤਿਉਹਾਰ ਹਨ ਪਰ ਵਿਸਾਖੀ ਦੀ ਆਪਣੀ ਵੱਖਰੀ ਹੀ ਪਛਾਣ ਹੈ। ਤਿਉਹਾਰ ਕਿਸੇ ਦੇਸ਼ ਜਾਂ ਕੌਮ ਦਾ ਧਾਰਮਿਕ ਜਾਂ ਇਤਿਹਾਸਕ ਵਿਰਸਾ ਹੁੰਦਾ ਹੈ।

ਵਿਸਾਖੀ ਨਾਮ ਵਸਾਖ ਤੋਂ ਬਣਿਆ ਹੈ— ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ।ਇਹ ਖ਼ਰੀਫ਼ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ।

ਤਿਉਹਾਰ ਦੇ ਵੱਖ—ਵੱਖ ਨਾਂ-ਕੇਰਲ ਵਿੱਚ ਇਹ ਤਿਉਹਾਰ ਵਿਸ਼ੁ ਕਹਾਂਦਾ ਹੈ। ਇਸ ਦਿਨ ਨਵੇਂ, ਕੱਪੜੇ ਖਰੀਦੇ ਜਾਂਦੇ ਹਨ, ਆਤਿਸ਼ਬਾਜੀ ਹੁੰਦੀ ਹੈ ਅਤੇ ਵਿਸ਼ੁ ਕਾਨੀ ਸਜਾਈ ਜਾਂਦੀ ਹੈ। ਇਸ ਵਿੱਚ ਫੁੱਲ, ਫਲ, ਅਨਾਜ, ਬਸਤਰ, ਸੋਨਾ ਆਦਿ ਸਜਾਏ ਜਾਂਦੇ ਹਨ ਅਤੇ ਸੁਬ੍ਹਾ ਜਲਦੀ ਇਸ ਦੇ ਦਰਸ਼ਨ ਕੀਤੇ ਜਾਂਦੇ ਹੈ। ਇਸ ਦਰਸ਼ਨ ਨਾਲ ਨਵੇਂ ਸਾਲ ਵਿੱਚ ਸੁੱਖ-ਸਮ੍ਰਿੱਧੀ ਦੀ ਕਾਮਨਾ ਕੀਤੀ ਜਾਂਦੀ ਹੈ। ਬੰਗਾਲ ਵਿੱਚ ਇਹ ਤਿਉਹਾਰ ਨਭ ਬਰਸ਼ ਦੇ ਨਾਮ ਨਾਲ ਮਨਾਂਦੇ ਹਨ।

ਸਭਿਆਚਾਰਕ ਮਹੱਤਤਾ —ਇਹ ਤਿਉਹਾਰ ਹਾੜੀ ਦੀ ਫਸਲ (ਭਾਵ ਕਣਕ) ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ। ਇਸ ਨੂੰ ਕਿਸਾਨਾਂ ਦਾ ਮੇਲਾ’ ਵੀ ਕਿਹਾ ਜਾਂਦਾ ਹੈ। ਇਸ ਦਿਨ ਕਿਸਾਨ ਖ਼ੁਸ਼ੀਆਂ ਮਨਾਉਂਦੇ, ਭੰਗੜੇ ਪਾਉਂਦੇ ਤੇ ਮੇਲੇ ਮਨਾਉਂਦੇ ਹਨ।
ਵਿਸਾਖੀ ਦਾ ਤਿਓਹਾਰ ਪੰਜਾਬ ਲਈ ਸਿਰਫ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ‘ਤੇ ਵੀ ਕਾਫੀ ਅਹਿਮੀਅਤ ਹੈ।

ਆਰਥਿਕ ਮਹੱਤਤਾ —ਆਰਥਿਕ ਮਹੱਤਤਾ ਆਰਥਿਕ ਪੱਖ ਵਿਚਾਰਿਏ ਤਾਂ ਸਾਡੇ ਜਿਹਨ ਵਿਚ ਸ਼ਰਬਤੀ ਦਾਣਿਆਂ ਨਾਲ ਲੱਦੀਆਂ ਕਣਕਾਂ ਝੂਮਦੀਆਂ ਦਿਸਦੀਆਂ ਹਨ। ਕਿਸਾਨ ਦੀ ਛੇ ਮਹੀਨਿਆਂ ਦੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀਆਂ ਇਹ ਕਣਕਾਂ ਕਟਾਈ ਲਈ ਤਿਆਰ ਹੁੰਦੀਆਂ ਹਨ। ਕਿਸਾਨ ਦੀਆਂ ਅੱਖਾਂ ਵਿਚ ਸਜੋਏ ਉਦਾਸ ਜਿਹੇ ਖੁਸ਼ੀਆਂ ਭਰੇ ਸੁਪਨੇ ਪੂਰੇ ਹੋਣ ਦਾ ਵੇਲਾ ਆ ਗਿਆ ਹੁੰਦਾ ਹੈ। ਮਸ਼ੀਨੀ ਯੁੱਗ ਕਰਕੇ ਕਣਕਾਂ ਦੀ ਕਟਾਈ-ਗਹਾਈ ਸਿਰਫ ਕੁਝ ਦਿਨਾਂ ਵਿਚ ਹੀ ਪੂਰੀ ਹੋ ਜਾਂਦੀ ਹੈ। ਕਈ ਵਾਰ ਕਿਸਾਨ ਆੜ੍ਹਤੀਆਂ ਨਾਲ ਹਿਸਾਬ ਕਰਕੇ ਖਾਲੀ ਪੱਲਾ ਝਾੜਦਾ ਘਰ ਆ ਜਾਂਦਾ ਹੈ। ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਆਪਣੇ ਬੱਚਿਆਂ ਦਾ ਢਿੱਡ ਵੀ ਨਹੀਂ ਭਰ ਸਕਦਾ। ਕਰਜਾਈ ਹੁੰਦੇ ਦੇ ਵੀ ਪੈਰ ਢੋਲ ਦੇ ਡਗੇ ਤੇ ਥਿਰਕਣ ਲੱਗਦੇ ਹਨ ਅਤੇ ਹਾਣੀਆਂ ਨਾਲ ਭੰਗੜੇ ਅਤੇ ਬੋਲੀਆਂ ਪਾ ਕੇ ਗ਼ਮਾਂ ਨੂੰ ਭੁਲਾਕੇ ਖੁਸ਼ੀਆਂ ਮਨਾਉਣ ਦੀ ਕੋਸ਼ਿਸ਼ ਕਰਦਾ ਹੈ।
ਇਸ ਦਿਨ ਹੀ ਪੰਜਾਬ ਵਿਚ ਰਸਮੀ ਤੌਰ ‘ਤੇ ਕਣਕ ਦੀ ਵਾਢੀ ਸ਼ੁਰੂ ਹੁੰਦੀ ਹੈ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ।
“ਆਈ ਵਿਸਾਖੀ ਆਈ ਵਿਸਾਖੀ,
ਖੁਸ਼ੀਆਂ ਨਾਲ ਲਿਆਈ ਵਿਸਾਖੀ”
ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਨੇ ‘ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਪੰਜਾਬ ਦੀਆਂ ਫ਼ਸਲਾਂ ਅਤੇ ਸੱਭਿਆਚਾਰ ਦੇ ਰੰਗ ਨੂੰ ਇੰਝ ਬਿਆਨ ਕੀਤਾ ਹੈ।
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਸੰਮਾਂ ਵਾਲੀ ਡਾਗਾਂ ਉੱਤੇ ਤੇਲ ਲਾਇਕੇ,
ਕੱਛੇਮਾਰ ਵੰਝਲੀ ਅਨੰਦ ਛਾ ਗਿਆ, …।
ਵਿਸਾਖੀ ਦਾ ਤਿਉਹਾਰ ਕੇਵਲ ਪੰਜਾਬ ‘ਚ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ‘ਚ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ।ਇਸ ਦਿਨ ਪੰਜਾਬ ਦੇ ਵੱਖ-ਵੱਖ ਇਲਾਕਿਆ ‘ਚ ਮੇਲੇ ਲੱਗਦੇ ਹਨ ਅਤੇ ਅਤੇ ਲੋਕ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਸਮੇਤ ਇਹਨਾਂ ਮੇਲਿਆਂ ਦਾ ਅਨੰਦ ਮਾਣਦੇ ਹਨ।ਇਸ ਦਿਨ ਪੰਜਾਬ ਦਾ ਪਰੰਪਰਾਗਤ ਨਾਚ ਭੰਗੜਾ ਅਤੇ ਗਿੱਧਾ ਕੀਤਾ ਜਾਂਦਾ ਹੈ।

ਧਾਰਮਿਕ ਮਹੱਤਤਾ —-ਇਸ ਦਿਨ 13 ਅਪ੍ਰੈਲ 1699 ਈ. ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ।1699 ਵਿਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਚ ਇਕ ਮਹਾਨ ਸਭਾ ਬੁਲਾਈ ਸੀ, ਇਸ ਸਭਾ ਵਿਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ। ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਮਿਆਨ ਵਿਚੋਂ ਤਲਵਾਰ ਕੱਢਦੇ ਹੋਏ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਸਕੇ। ਇਹ ਸੁਣ ਕੇ ਸਭਾ ਸ਼ਾਂਤ ਹੋ ਗਈ ਅਤੇ ਪੰਜ ਸਿੱਖ ਵਾਰੋ ਵਾਰੀ ਉੱਠੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ।
ਗੁਰੂ ਸਾਹਿਬ ਨੇ ਉਹਨਾਂ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿਚ ਉਹਨਾਂ ਪਾਸੋਂ ਆਪ ਅੰਮ੍ਰਿਤ ਛਕਿਆ। ਖਾਲਸੇ ਦੀ ਸਥਾਪਨਾ ਕਰ ਕੇ ਗੁਰੂ ਸਾਹਿਬ ਨੇ ਇਕ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂਅ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂਅ ਪਿੱਛੇ ‘ਕੌਰ’ ਲਗਾਉਣ ਦਾ ਹੁਕਮ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ। ਇਸ ਦਿਨ ਇਸ ਦਿਨ ਲੋਕ ਗੁਰੂ ਘਰਾਂ ‘ਚ ਮੱਥਾ ਟੇਕਦੇ ਹਨ ਅਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਪੰਜਾਬ ਦੇ ਵੱਖ-ਵੱਖ ਗੁਰੂ ਘਰਾਂ ‘ਚ ਧਾਰਮਿਕ ਸਮਾਗਮ ਅਤੇ ਨਗਰ ਕੀਰਤਨ ਵੀ ਸਜਾਏ ਜਾਂਦੇ ਹਨ। ਜਿਸ ‘ਚ ਵੱਡੀ ਗਿਣਤੀ ‘ਚ ਸੰਗਤਾਂ ਸ਼ਿਰਕਤ ਕਰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਦਸਤਾਰ ਦਿਵਸ ਵੀ ਮਨਾਇਆ ਜਾਂਦਾ ਹੈ।

ਇਤਿਹਾਸਕ ਮਹੱਤਤਾ—13 ਅਪ੍ਰੈਲ 1919 ਦੀ ਵਿਸਾਖੀ ਨੂੰ ਜਲਿਆਂਵਾਲੇ ਬਾਗ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਨਿਹੱਥੇ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਸਾਕੇ ਵਿਚ ਲਗਭਗ 20,000 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਬੱਚੇ, ਔਰਤਾਂ, ਬਜ਼ੁਰਗ ਆਦਿ ਸ਼ਾਮਿਲ ਸਨ।

ਇਸ ਦਿਨ ਮੁੱਖ ਕੰਮ-

ਇਸ ਦਿਨ ਪੰਜਾਬ ਦਾ ਪਰੰਪਰਾਗਤ ਨਾਚ ਭੰਗੜਾ ਅਤੇ ਗਿੱਧਾ ਪਾਇਆ ਜਾਂਦਾ ਹੈ।
ਸ਼ਾਮ ਨੂੰ ਅੱਗ ਦੇ ਆਸ-ਪਾਸ ਇੱਕਠੇ ਹੋਕੇ ਲੋਕ ਨਵੀਂ ਫਸਲ ਦੀਆਂ ਖੁਸ਼ੀਆਂ ਮਨਾਉਂਦੇ ਹਨ।

ਹਿੰਦੂਆਂ ਲਈ ਇਹ ਤਿਉਹਾਰ ਨਵਵਰਸ਼ ਦੀ ਸ਼ੁਰੁਆਤ ਹੈ—ਹਿੰਦੂ ਇਸਨੂੰ ਇਸਨਾਨ, ਭੋਗ ਲਗਾਕੇ ਅਤੇ ਪੂਜਾ ਕਰ ਕੇ ਮਨਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਹਜਾਰਾਂ ਸਾਲ ਪਹਿਲਾ ਦੇਵੀ ਗੰਗਾ ਇਸ ਦਿਨ ਧਰਤੀ ਉੱਤੇ ਉਤਰੀ ਸਨ। ਉਨ੍ਹਾਂ ਦੇ ਸਨਮਾਨ ਵਿੱਚ ਹਿੰਦੂ ਧਰਮਾਵਲੰਬੀ ਪਾਰੰਪਰਕ ਪਵਿੱਤਰ ਇਸਨਾਨ ਲਈ ਗੰਗਾ ਕੰਡੇ ਇਕੱਠੇ ਹੁੰਦੇ ਹਨ।

ਮੇਲੇ ਦੀਆਂ ਰੌਣਕਾਂ : ਇਸ ਦਿਨ ਥਾਂ-ਥਾਂ ‘ਤੇ ਮੇਲੇ ਲਗਦੇ ਹਨ। ਮੇਲੇ ਵਿਚ ਬਹੁਤ ਭੀੜ ਹੁੰਦੀ ਹੈ। ਕਈ ਤਰਾਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ। ਖ਼ਾਸ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਸਾਖੀ ਦੇ ਮੇਲੇ ਦੀਆਂ ਰੌਣਕਾਂ ਬਹੁਤ ਜ਼ਿਆਦਾ ਹੁੰਦੀਆਂ ਹਨ।ਇਸ ਦਿਨ ਲੋਕ ਮਠਿਆਈਆਂ ਵੀ ਖਰੀਦਦੇ ਹਨ।

ਦੀਵਾਨ ਲੱਗਣੇ : ਇਸ ਦਿਨ ਗੁਰਦੁਆਰਿਆਂ ਵਿਚ ਭਾਰੀ ਦੀਵਾਨ ਲਗਦੇ ਹਨ। ਢਾਡੀ ਸਿੰਘ ਯੋਧਿਆਂ ਦੀਆਂ ਵਾਰਾਂ ਗਾਉਂਦੇ ਹਨ। ਇਸ ਮੌਕੇ ‘ਤੇ ਨੇਤਾ ਵੀ ਆਪਣੀਆਂ ਰਾਜਨੀਤਕ ਕਾਨਫ਼ਰੰਸਾਂ ਕਰਦੇ ਹਨ, ਭਾਸ਼ਣ ਦਿੰਦੇ ਹਨ। ਅੱਜ-ਕੱਲ੍ਹ ਦੇ ਮੇਲੇ, ਤਿਉਹਾਰ ਤਾਂ ਸਿਆਸਤ ਦੀ ਭੇਟ ਚੜ੍ਹੇ ਹੋਏ ਹਨ।

ਬਿਕਰਮੀ ਸੰਮਤ ਦੀ ਸ਼ੁਰੂਆਤ : ਇਸ ਦਿਨ ਦੀ ਖ਼ਾਸ ਤੇ ਮਹੱਤਵਪੂਰਨ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਦਿਨ ਬਿਕਰਮੀ ਸੰਮਤ ਸ਼ੁਰੂ ਹੁੰਦਾ ਹੈ। ਖ਼ਾਲਸਾ ਸੰਮਤ ਵਿਚ ਇਸ ਨੂੰ ਸਾਲ ਦਾ ਪਹਿਲਾ ਮਹੀਨਾ ਗਿਣਿਆ ਗਿਆ ਹੈ। ਇਸ ਦੇ ਨਾਲ ਗਰਮੀ ਦੀ ਰੁੱਤ ਅਰੰਭ ਹੋ ਜਾਂਦੀ ਹੈ।
ਆਓ ਅਸੀਂ ਪ੍ਰਣ ਕਰੀਏ ਕਿ ਰਲ ਮਿਲਕੇ ਪਿਆਰ ਨਾਲ ਦੁੱਖ-ਸੁੱਖ ਸਾਂਝੇ ਕਰੀਏ ਤਾਂ ਜੋ ਤਿਉਹਾਰ ਦੀ ਖੁਸ਼ੀ ਆਪਣਿਆਂ ਦੇ ਸੰਗ ਦੂਣੀ ਚੌਣੀ ਹੋ ਜਾਵੇ। ਵਿਸਾਖੀ ਦਾ ਤਿਉਹਾਰ ਗਿੱਧੇ ਅਤੇ ਭੰਗੜੇ ਤੋਂ ਬਿਨਾਂ ਅਧੂਰਾ ਮੰਨਿਆਂ ਜਾਂਦਾ ਹੈ। ਇਹ ਤਿਉਹਾਰ ਸਾਨੂੰ ਯਾਦ ਕਰਵਾਈ ਰੱਖਦੇ ਹਨ ਕਿ ਸਾਡਾ ਪੁਰਾਤਣ ਵਿਰਸਾ ਕਿਹੋ ਜਿਹਾ ਸੀ ਅਸੀਂ ਉਨਾਂ ਸਮਿਆਂ ਨੂੰ ਯਾਦ ਰੱਖੀਏ ਕਿਤੇ ਅਸੀਂ ਤੇਜ਼ ਰਫਤਾਰ ਜ਼ਿੰਦਗੀ ਵਿਚ ਆਪਸੀ ਭਾਈਚਾਰਾ, ਮਿਲਵਰਤਨ ਤੇ ਅਪਨਤ ਨੂੰ ਭੁਲਾ ਨਾ ਦੇਈਏ।ਰੱਬ ਅੱਗੇ ਇਹੋ ਅਰਦਾਸ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰਾਂ ਵਿਸਾਖੀ ਦੇ ਮੇਲੇ ਲੱਗਦੇ ਰਹਿਣ ਤੇ ਗਿੱਧੇ ਤੇ ਭੰਗੜੇ ਪੈਂਦੇ ਰਹਿਣ।
ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ ਕੁਰੜ ਬਰਨਾਲਾ 
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸਨਲ ਕਾਲਜ ਬਰੇਟਾ 

"ਵਿਸਾਖੀ ਕਣਕ ਦੀ ਵਾਢੀ ਅਤੇ ਆਨੰਦਪੁਰ ਸਾਹਿਬ ਦੀ" ✍️ ਜਸਵੀਰ ਸ਼ਰਮਾਂ ਦੱਦਾਹੂਰ

ਹਰ ਵਾਰ ਦੀ ਤਰ੍ਹਾਂ ਵਿਸਾਖੀ ਆਈ ਏ।

ਖੁਸ਼ੀਆਂ ਖੇੜੇ ਆਪਣੇ ਨਾਲ ਲਿਆਈ ਏ।।

ਉਂਝ ਵਿਸਿਖੀਓਂ ਪਹਿਲਾਂ ਕਣਕ ਹੈ ਵੱਢ ਲਈਦੀ।

ਭਰ ਭਰ ਟਰਾਲੀਆਂ ਮੰਡੀਆਂ ਦੇ ਵਿੱਚ ਛੱਡ ਲਈਦੀ।।

ਦਾਤੀਆਂ ਨਾਲ ਨਾ ਕੋਈ ਵੀ ਵਾਢੀ ਕਰਦਾ ਹੈ।

ਮਿੰਟੋ ਮਿੰਟੀ ਕੰਬਾਈਨ ਨਾਲ ਵੱਢ ਧਰਦਾ ਹੈ।।

ਵਿੜੀ ਸਿੜੀ ਨਾ ਮੰਗ ਹੀ ਕੋਈ ਪਾਉਂਦਾ ਹੈ।

ਕੋਈ ਸ਼ੱਕਰ ਘਿਓ ਨਾ  ਵਾਢੀ ਵੇਲੇ ਰਲਾਉਂਦਾ ਹੈ।।

ਪਹਿਲਾਂ ਵਾਲੀਆਂ ਗੱਲਾਂ ਉੱਡ ਪੁੱਡ ਗਈਆਂ ਜੀ।

ਜੋ ਵੇਖ ਰਹੇ ਹਾਂ ਓਹੋ ਹੀ ਸੱਚ ਕਹੀਆਂ ਜੀ।।

ਵਿਸਾਖੀ ਵਾਲੇ ਮੇਲੇ ਵੀ ਅੱਜਕਲ੍ਹ ਭਰਦੇ ਨਾ।

ਹੋ ਗਏ ਸੋਹਲ ਸਰੀਰ ਵਿੱਚ ਗਰਮੀ ਦੇ  ਸੜਦੇ ਨਾ।।

ਮਸ਼ੀਨੀ ਯੁੱਗ ਹੈ ਆਇਆ ਕ੍ਰਾਂਤੀ ਕਹਿੰਦੇ ਐ।

ਬੇਰੁਜ਼ਗਾਰੀ ਵੱਧਗੀ ਵਿਹਲੇ ਰਹਿੰਦੇ ਐ।।

ਸਮੇਂ ਨਾਲ ਹੈ ਢਲਣਾ ਕੰਨ੍ਹਾ ਪੈ ਚੱਲਿਆ।

ਦੱਦਾਹੂਰੀਆ ਸ਼ਰਮਾਂ ਸੱਚੀਆਂ ਕਹਿ ਚੱਲਿਆ।।

 

ਇਸੇ ਦਿਨ ਹੀ ਗੁਰੂ ਸਾਹਿਬ ਨੇ ਪੰਥ ਖਾਲਸਾ ਸਾਜਿਆ ਏ।

ਗੁਰੂ ਪੰਜ ਪਿਆਰਿਆਂ ਵਿੱਚ ਹੀ ਖੁਦ ਬਿਰਾਜਿਆ ਏ।।

ਖਾਲਸਾ ਮੇਰੋ ਰੂਪ ਖਾਸ ਗੁਰੂ ਜੀ ਕਹਿ ਗਏ ਨੇ।

ਖੱਟਣ ਵਾਲੇ ਸੱਭ ਕੁੱਝ ਖੱਟ ਕੇ ਲੈ ਗਏ ਨੇ।।

ਆਨੰਦਪੁਰ ਸਾਹਿਬ ਦੀ ਧਰਤੀ ਨੂੰ ਆਓ ਸਿਜਦਾ ਕਰੀਏ ਜੀ।

ਕਹੇ ਦੱਦਾਹੂਰੀਆ ਸੀਸ ਚਰਨਾਂ ਦੇ ਵਿੱਚ ਧਰੀਏ ਜੀ।।

ਬਾਜਾਂ ਵਾਲਾ ਪ੍ਰੀਤਮ ਗੁਰੂ ਜੀ ਸਾਡਾ ਸਰਬੰਸਦਾਨੀ ਏਂ।

ਰਹਿੰਦੀ ਦੁਨੀਆਂ ਤੀਕ ਭੁੱਲਣੀ ਨਹੀਂ ਕੁਰਬਾਨੀ ਏਂ।।

ਸਿੱਖੋ ਨਿਉਂ ਨਿਉਂ ਕਰੀਏ ਸਿਜਦਾ ਫਰਜ਼ ਅਸਾਡਾ ਏ।

ਜੀਹਨੇ ਕੌਮ ਦੀ ਖਾਤਰ ਦੁਸ਼ਮਣ ਨਾਲ ਲਿਆ ਆਢ੍ਹਾ ਏ।।

ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸੱਭ ਨੂੰ ਲਾ ਗਏ ਜੀ।

ਦਸ ਗੁਰੂਆਂ ਦੀ ਜੋਤ ਇਹ ਸਭ ਸਮਝਾ ਗਏ ਜੀ।।

ਸਿੱਖ ਸੰਗਤਾਂ ਲਈ ਤੀਰਥ ਅਸਥਾਨ ਹੈ ਆਨੰਦਪੁਰ ਸਾਹਿਬ ਜੀ।

ਆਓ ਚੱਲ ਕੇ ਸੀਸ ਨਿਵਾਈਏ ਉਠਾਈਏ ਲਾਭ ਜੀ।।

ਬਾਣੀ ਪੜ੍ਹ ਕੇ ਜੀਵਨ ਸਫ਼ਲ ਬਣਾ ਲਈਏ।

ਬਾਣੇ ਨੂੰ ਵੀ ਸਿੰਘੋ ਸੱਭ ਆਪਣਾ ਲਈਏ।।

ਸਰਬ ਸਾਂਝੀ ਗੁਰਬਾਣੀ ਪੜ੍ਹੀਏ ਸੁਣੀਏ ਦਿਲੀਂ ਵਸਾਈਏ ਜੀ।

ਸਵਾਸ ਸਵਾਸ ਵਿੱਚ ਗੁਰੂ ਦਾ ਸ਼ੁਕਰ ਮਨਾਈਏ ਜੀ।।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

 

ਮਾਏ ਮੈਨੂੰ ਜ਼ਹਿਰ ਚੜਿਆ ✍️ ਜਸਵਿੰਦਰ ਸ਼ਾਇਰ "ਪਪਰਾਲਾ "

ਮਾਏ ਮੈਨੂੰ ਜ਼ਹਿਰ ਚੜਿਆ ।
ਭੈੜਾ ਨਾਗ ਇਸ਼ਕ ਦਾ ਲੜਿਆ ।

ਚੰਦਨ ਵਰਗਾ ਤਨ ਸੀ ਮੇਰਾ
ਭੱਠੀ ਹਿਜ਼ਰਾ ਦੀ ਵਿੱਚ ਸੜਿਆ ।

ਉਹੀਓ ਗਈਐ ਮਾਰ ਉਡਾਰੀ
ਜਿਸ ਸੀ ਮੈਂ ਲਿਖਿਆ ਪੜਿਆ ।

ਕੀਹਨੂੰ ਅੱਲੇ ਜ਼ਖ਼ਮ ਵਿਖਾਵਾਂ
ਮੇਰਾ ਅੰਗ ਅੰਗ ਜਾਂਦਾ ਸੜਿਆ ।

ਕੇਹੜਾ ਵੈਦ ਉਤਾਰੂ ਦੱਸੀਂ
ਇਸ਼ਕੇ ਦਾ ਜੋ ਤੇਈਆ ਚੜਿਆ ।

ਉਸਦੇ ਬਾਝੋਂ "ਸ਼ਾਇਰ " ਨੇ  ਤਾਂ
ਪੱਲਾ ਮੌਤ ਦੇ ਵਾਲਾ ਫੜਿਆ।

ਦਿਲ ਦੇ ਸੀ ਅਰਮਾਨ ਲੱਖਾਂ ਹੀ
ਪੱਤੇ ਪੱਤਝੜ ਵਾਂਗੂੰ ਝੜਿਆ ।

ਕੀ ਮੁੱਲ ਲਗਦਾ ਸੀ ਵੇ ਤੇਰਾ
ਪਾਰ ਲਗਾ ਦਿੰਦਾ ਜੇ ਘੜਿਆ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਪੁਲਿਸ ਵਿਭਾਗ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪਿੰਡ ਭੱਟ ਮਾਜਰਾ ਵਿਖੇ ਲਾਇਆ ਕੈਂਪ

67 ਦਰਖਾਸਤਾਂ ਦਾ ਕੀਤਾ ਨਿਪਟਾਰਾ
ਫ਼ਤਹਿਗੜ੍ਹ ਸਾਹਿਬ, 12 ਅਪ੍ਰੈਲ (ਰਣਜੀਤ ਸਿੱਧਵਾਂ)  :  ਜ਼ਿਲ੍ਹਾ ਪੁਲਿਸ ਮੁਖੀ  ਡਾਕਟਰ ਰਵਜੋਤ ਕੌਰ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵਿਭਾਗ ਵਲੋਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਪਿੰਡ ਭੱਟ ਮਾਜਰਾ ਵਿਖੇ ਕੈਂਪ ਲਾਇਆ ਗਿਆ। ਜਿਸ ਵਿੱਚ 67  ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਮੌਕੇ  ਸ੍ਰੀ ਆਲਮ ਵਿਜੈ ਸਿੰਘ ਪੀ.ਪੀ.ਐਸ. (ਕਪਤਾਨ ਪੁਲਿਸ (ਸ), ਫ.ਗ.ਸ.), ਸ੍ਰੀ ਮਨਜੀਤ ਸਿੰਘ ਸਿੰਘ ਪੀ.ਪੀ.ਐਸ. (ਉਪ ਕਪਤਾਨ ਪੁਲਿਸ ਸਰਕਲ ਫ.ਗ.ਸ.) ਅਤੇ ਮੁੱਖ ਅਫ਼ਸਰ ਥਾਣਾ ਸਰਹੰਦ, ਮੁੱਖ ਅਫ਼ਸਰ ਥਾਣਾ ਮੂਲੇਪੁਰ, ਮੁੱਖ ਅਫ਼ਸਰ ਥਾਣਾ ਫਤਹਿਗੜ੍ਹ ਸਾਹਿਬ ਅਤੇ ਇੰਚਾਰਜ ਚੌਕੀ ਸਰਹੰਦ ਮੰਡੀ, ਇੰਚਾਰਜ ਚੌਕੀ ਨਬੀਪੁਰ ਹਾਜਰ ਸਨ।

 

ਜ਼ਿਲ੍ਹਾ ਮੋਗਾ ਵਿੱਚ ਚੱਲ ਰਹੀਆਂ ਗਊਸ਼ਾਲਾਵਾਂ ਦੀ ਹੋਵੇਗੀ ਜ਼ਮੀਨੀ ਪੱਧਰ ਉੱਤੇ ਪੜ੍ਹਤਾਲ - ਡਿਪਟੀ ਕਮਿਸ਼ਨਰ  

ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਜਲਦ ਰਿਪੋਰਟ ਪੇਸ਼ ਕਰਨ ਬਾਰੇ ਕਿਹਾ
 ਕਿਹਾ! ਸੜਕ ਹਾਦਸੇ ਘਟਾਉਣ ਲਈ ਲਾਵਾਰਿਸ ਗਊ ਧੰਨ ਨੂੰ ਸੰਭਾਲਣਾ ਜ਼ਰੂਰੀ
ਮੋਗਾ  12 ਅਪਰੈਲ  (ਰਣਜੀਤ ਸਿੱਧਵਾਂ)  :  ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੀਆਂ ਗਊਸ਼ਾਲਾਵਾਂ ਦੀ ਕਾਰਜਕੁਸ਼ਲਤਾ ਬਾਰੇ ਜ਼ਮੀਨੀ ਪੱਧਰ ਉੱਤੇ ਪੜ੍ਹਤਾਲ ਕਰਨ। ਇਸ ਸਬੰਧੀ ਜਲਦ ਤੋਂ ਜਲਦ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ।
ਪਸ਼ੂ ਪਾਲਣ ਵਿਭਾਗ ਦੀ ਕਾਰਗੁਜ਼ਾਰੀ ਦੀ ਮਹੀਨਾਵਾਰ ਸਮੀਖਿਆ ਦੌਰਾਨ ਡਿਪਟੀ ਡਾਇਰੈਕਟਰ ਸ਼੍ਰੀਮਤੀ ਹਰਵੀਨ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ ਸਰਕਾਰੀ ਗਊਸ਼ਾਲਾ ਕਿਸ਼ਨਪੁਰਾ ਕਲਾਂ ਸਮੇਤ 39 ਗਊਸ਼ਾਲਾਵਾਂ ਚੱਲ ਰਹੀਆਂ ਹਨ। ਜਿਹਨਾਂ ਵਿੱਚ 14 ਹਜ਼ਾਰ ਤੋਂ ਵਧੇਰੇ ਗਊਆਂ ਨੂੰ ਸੰਭਾਲਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਹਰਵੀਨ ਕੌਰ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਗਊਸ਼ਾਲਾਵਾਂ ਦੀ ਕਾਰਜਕੁਸ਼ਲਤਾ ਦੀ ਜ਼ਮੀਨੀ ਪੱਧਰ ਉੱਤੇ ਤੁਰੰਤ ਪੜ੍ਹਤਾਲ ਕਰਾਉਣ। ਕੁੱਲ ਗਊ ਧੰਨ ਦੀ ਗਿਣਤੀ ਵੀ ਸਪੱਸ਼ਟ ਕਰਨ ਬਾਰੇ ਕਿਹਾ ਗਿਆ। ਇਹ ਵੀ ਪਤਾ ਕੀਤਾ ਜਾਵੇ ਕਿ ਗਊਸਾਲਾਵਾਂ ਕੋਲ ਕਿੰਨਾ ਕਿ ਬੁਨਿਆਦੀ ਢਾਂਚਾ ਹੈ। ਉਹਨਾਂ ਕਿਹਾ ਕਿ ਉਹ ਖੁਦ ਵੀ ਜਲਦੀ ਹੀ ਕੁਝ ਗਊਸ਼ਾਲਾਵਾਂ ਦਾ ਨਿਰੀਖਣ ਕਰਨਗੇ।
ਉਹਨਾਂ ਡਿਪਟੀ ਡਾਇਰੈਕਟਰ ਨੂੰ ਕਿਹਾ ਕਿ ਗਊਸਾਲਾਵਾਂ ਵਿੱਚ ਗਊਆਂ ਦੇ ਟੀਕਾਕਰਨ ਅਤੇ ਲੋੜੀਂਦੇ ਇਲਾਜ਼ ਦਾ ਪੂਰਾ ਖਿਆਲ ਰੱਖਿਆ ਜਾਵੇ। ਉਹਨਾਂ ਕਿਹਾ ਕਿ ਲਾਵਾਰਿਸ ਘੁੰਮਣ ਨਾਲ ਜਿੱਥੇ ਗਊ ਧੰਨ ਦਾ ਨੁਕਸਾਨ ਹੁੰਦਾ ਹੈ ਉਥੇ ਹੀ ਸੜਕ ਹਾਦਸੇ ਵੀ ਹੁੰਦੇ ਹਨ। ਸੜਕ ਹਾਦਸੇ ਘਟਾਉਣ ਲਈ ਲਾਵਾਰਿਸ ਗਊ ਧੰਨ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਉਹਨਾਂ ਪਸ਼ੂ ਪਾਲਕਾਂ ਨੂੰ ਕਿਹਾ ਕਿ ਜਿਹੜੀਆਂ ਗਊਆਂ ਦੁੱਧ ਨਹੀਂ ਦਿੰਦੀਆਂ ਉਹਨਾਂ ਨੂੰ ਲਵਾਰਿਸ ਨਾ ਛੱਡਿਆ ਜਾਵੇ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਗਊਆਂ ਦੀ ਸੰਭਾਲ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ।

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ

ਜ਼ਿਲ੍ਹਾ ਪ੍ਰਸ਼ਾਸਨ ਤੇ ਮੀਡੀਆ ਕਲੱਬ ਵੱਲੋਂ ਉਪਰਾਲਾ
ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਸਮਾਗਮ ਵਿੱਚ ਕੀਤੀ ਸ਼ਿਰਕਤ
ਫ਼ਤਹਿਗੜ੍ਹ ਸਾਹਿਬ, 12 ਅਪਰੈਲ  (ਰਣਜੀਤ ਸਿੱਧਵਾਂ)  : ਸਮਾਜ ਦੀ ਤਰੱਕੀ ਅਤੇ ਚੰਗੇ ਪ੍ਰਸ਼ਾਸਿਨਕ ਅਮਲ ਸਬੰਧੀ ਮੀਡੀਆ ਦੀ ਅਹਿਮ ਭੂਮਿਕਾ ਹੈ ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਮੀਡੀਆ ਹਮੇਸ਼ਾਂ ਹੀ ਸਕਾਰਾਤਮਕ ਭੂਮਿਕਾ ਅਦਾ ਕਰਦਾ ਹੈ ਤੇ ਮੀਡੀਆ ਕਲੱਬ ਫ਼ਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਥਾਪਨਾ ਦਿਵਸ ਸਬੰਧੀ ਕੀਤਾ ਗਿਆ ਸਮਾਗਮ ਸ਼ਲਾਘਾਯੋਗ ਉਪਰਾਲਾ ਹੈ। ਇਹ ਗੱਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਮੀਡੀਆ ਕਲੱਬ, ਫਤਹਿਗੜ੍ਹ ਸਾਹਿਬ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਜ਼ਿਲ੍ਹੇ ਦੇ ਸਥਾਪਨਾ ਦਿਵਸ ਸਬੰਧੀ ਸਮਾਗਮ ਵਿੱਚ ਸ਼ਾਮਲ ਹੋਣ ਮੌਕੇ ਆਖੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮਾਗਮ ਸਦਕਾ ਇੱਕ ਨਵੀਂ ਪਿਰਤ ਪਈ ਹੈ, ਜੋ ਕਿ ਜਾਰੀ ਰਹਿਣੀ ਚਾਹੀਦੀ ਹੈ। ਇਸ ਨਾਲ ਜਿੱਥੇ ਜ਼ਿਲ੍ਹਾ ਵਾਸੀਆਂ ਵਿੱਚ ਜ਼ਿਲ੍ਹੇ ਲਈ ਅਪਣੱਤ ਦੀ ਭਾਵਨਾ ਵੱਧਦੀ ਹੈ, ਉਥੇ ਨੌਜਵਾਨਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਿਲ੍ਹਾ ਬਣਨ ਸਬੰਧੀ ਇਤਿਹਾਸਕ ਘਟਨਾਕ੍ਰਮ ਸਬੰਧੀ ਵੱਡਮੁੱਲੀ ਜਾਣਕਾਰੀ ਹਾਸਲ ਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਮੀਡੀਆ ਸਕਾਰਾਤਮਕ ਪਹੁੰਚ ਅਪਣਾ ਕੇ ਸਮਾਜ ਦੀ ਤਰੱਕੀ ਅਤੇ ਚੰਗੇ ਪ੍ਰਸ਼ਾਸਿਨਕ ਅਮਲ ਸਬੰਧੀ ਆਪਣੀ ਭੂਮਿਕਾ ਅਦਾ ਕਰਦਾ ਰਹੇਗਾ।ਇਸ ਮੌਕੇ ਮੀਡੀਆ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਮੀਡੀਆ ਕਲੱਬ ਨੇ ਸ਼ਾਨਮੱਤਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਜ਼ਿਲ੍ਹੇ ਵਿੱਚ ਪਹਿਲਾਂ ਵੀ ਵੱਖ- ਵੱਖ ਅਹੁ‌ਦਿਆਂ ਉਤੇ ਕੰਮ ਕਰ ਚੁੱਕੇ ਹਨ ਤੇ ਮੀਡੀਆ ਵੱਲੋਂ ਸਦਾ ਉਨ੍ਹਾਂ ਨੂੰ ਸਹਿਯੋਗ ਮਿਲਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਕਸਦ ਹੈ ਕਿ ਹਰ ਵਿਭਾਗ ਪੂਰਨ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਏ। ਇਸੇ ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਪੂਰਨ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਕੰਮ ਕਰ ਰਹੀ ਹੈ ਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਮੀਡੀਆ ਕਰਮੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਕਿਸਮ ਦੀ ਕੋਈ ਘਟਨਾ ਜਾਂ ਜਾਣਕਾਰੀ ਉਨ੍ਹਾਂ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਹ ਪੁਲਿਸ ਵਿਭਾਗ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾ ਕੇ ਮਾੜੀ ਘਟਨਾਵਾਂ ਨੂੰ ਰੋਕਿਆ ਜਾ ਸਕੇ।ਇਸ ਤੋਂ ਪਹਿਲਾਂ ਮੀਡੀਆ ਕਲੱਬ ਦੇ ਪ੍ਰਧਾਨ ਸ੍ਰੀ ਅਜੈ ਮਲਹੋਤਰਾ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤੀ ਗਿਆ ਤੇ ਧੰਨਵਾਦੀ ਸ਼ਬਦ ਸੀਨੀਅਰ ਪੱਤਰਕਾਰ ਸ. ਜੀ.ਐਸ. ਰੁਪਾਲ ਵੱਲੋਂ ਸਾਂਝੇ ਕੀਤੇ ਗਏ। ਇਸ ਮੌਕੇ ਸੀਨੀਅਰ ਪੱਤਰਕਾਰ ਰਾਜਿੰਦਰ ਸਿੰਘ ਨੇ ਜ਼ਿਲ੍ਹੇ ਦੀ ਸਥਾਪਨਾ ਸਬੰਧੀ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਜ਼ਿਲ੍ਹੇ ਦੀ ਸਥਾਪਨਾ ਦੀ ਖੁਸ਼ੀ ਮੀਡੀਆ ਕਰਮੀਆਂ ਤੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੇਕ ਕੱਟ ਕੇ ਮਨਾਈ ਗਈ। ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨੁਪ੍ਰਿਤਾ ਜੌਹਲ, ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਅਸ਼ੋਕ ਕੁਮਾਰ, ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਲੱਕੀ, ਮੀਤ ਪ੍ਰਧਾਨ ਪਰਮੋਦ ਭਾਰਦਵਾਜ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਹਿਕ, ਖ਼ਜ਼ਾਨਚੀ ਸ਼੍ਰੀ ਰਾਜੀਵ ਸੂਦ, ਸੰਯੁਕਤ ਸਕੱਤਰ ਸ਼੍ਰੀ ਪਰਵੀਨ ਬੱਤਰਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਮੀਡੀਆ ਕਰਮੀ ਹਾਜ਼ਰ ਸਨ।

ਬਕਾਇਆ ਪਏ ਜਨਮ, ਮੌਤ ਅਤੇ ਆਮਦਨ ਸਰਟੀਫਿਕੇਟ ਤੁਰੰਤ ਜਾਰੀ ਕੀਤੇ ਜਾਣ - ਡਿਪਟੀ ਕਮਿਸ਼ਨਰ

ਵਿਦਿਆਰਥੀਆਂ ਦੇ ਚੱਲ ਰਹੇ ਦਾਖ਼ਲਿਆਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਹਦਾਇਤ
ਮੋਗਾ  12 ਅਪਰੈਲ  (ਰਣਜੀਤ ਸਿੱਧਵਾਂ)  : ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਮਾਲ ਵਿਭਾਗ ਅਤੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹਨਾਂ ਕੋਲ ਬਕਾਇਆ ਪਏ ਜਨਮ, ਮੌਤ ਅਤੇ ਆਮਦਨ ਸਰਟੀਫਿਕੇਟ ਨਾਲ ਸਬੰਧਤ ਕੇਸ ਤੁਰੰਤ ਨਿਪਟਾਏ ਜਾਣ ਤਾਂ ਜੋ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਚੱਲ ਰਹੇ ਦਾਖ਼ਲਿਆਂ ਦੌਰਾਨ ਕਿਸੇ ਵੀ ਵਿਦਿਆਰਥੀ ਨੂੰ ਕੋਈ ਔਕੜ ਪੇਸ਼ ਨਾ ਆਵੇ। ਉਹ ਸਬੰਧਿਤ ਵਿਭਾਗਾਂ ਦੀ ਮਹੀਨਾਵਾਰ ਪ੍ਰਗਤੀ ਸਮੀਖਿਆ ਕਰ ਰਹੇ ਸਨ। ਵੱਡੀ ਗਿਣਤੀ ਵਿੱਚ ਬਕਾਇਆ ਪਏ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਤੌਰ ਉੱਤੇ ਦੇਖਣ ਵਿੱਚ ਆਉਂਦਾ ਹੈ ਕਿ ਉਕਤ ਦਸਤਾਵੇਜ਼ ਬਹੁਤ ਜਰੂਰੀ ਚਾਹੀਦੇ ਹੁੰਦੇ ਹਨ। ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਅਤੇ ਅਨੁਸੂਚਿਤ ਜਾਤੀਆਂ ਆਦਿ ਨਾਲ ਸਬੰਧਤ ਬੱਚਿਆਂ ਨੂੰ ਵਜ਼ੀਫੇ ਆਦਿ ਲਈ ਆਮਦਨ ਸਰਟੀਫਿਕੇਟ ਦੀ ਤੁਰੰਤ ਲੋੜ ਹੁੰਦੀ ਹੈ ਪਰ ਸਰਕਾਰੀ ਦਫ਼ਤਰਾਂ ਵਿੱਚ ਇਹ ਸਰਟੀਫਿਕੇਟ ਜਾਰੀ ਕਰਨ ਵਿੱਚ ਦੇਰੀ ਹੋ ਜਾਂਦੀ ਹੈ ਜਿਸ ਦਾ ਖਮਿਆਜ਼ਾ ਬੱਚਿਆਂ/ਵਿਦਿਆਰਥੀਆਂ ਨੂੰ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਜਨਮ ਅਤੇ ਮੌਤ ਦੇ ਸਰਟੀਫਿਕੇਟ ਵੀ ਕਈ ਕੰਮਾਂ ਲਈ ਲੋੜੀਂਦੇ ਹੁੰਦੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਹਰੇਕ ਸਰਟੀਫਿਕੇਟ ਜਾਰੀ ਕਰਨ ਲਈ ਸਮਾਂ ਤੈਅ ਕੀਤਾ ਹੋਇਆ ਹੈ ਪਰ ਫਿਰ ਵੀ ਕਈ ਹੋਰ ਕਾਰਨਾਂ ਕਰਕੇ ਇਹ ਸਰਟੀਫਿਕੇਟ ਜਾਰੀ ਕਰਨ ਵਿੱਚ  ਦੇਰੀ ਹੋ ਜਾਂਦੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਇਹਨਾਂ ਦਸਤਾਵੇਜ਼ਾਂ ਨੂੰ ਜਾਰੀ ਕਰਨ ਸਮੇਤ ਕਿਸੇ ਵੀ ਪ੍ਰਸ਼ਾਸ਼ਕੀ ਸੇਵਾਵਾਂ ਵਿੱਚ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਪੁਲਿਸ, ਸਮਾਜਿਕ ਸੁਰੱਖਿਆ, ਭਲਾਈ ਵਿਭਾਗਾਂ ਨੂੰ ਵੀ ਹਦਾਇਤ ਕੀਤੀ ਕਿ ਹਰ ਤਰ੍ਹਾਂ ਦੇ ਬਕਾਇਆ ਮਾਮਲਿਆਂ ਨੂੰ ਤੁਰੰਤ ਨਿਪਟਾਇਆ ਜਾਵੇ।