You are here

ਪੰਜਾਬ

ਮੁਗ਼ਲ ਸਾਮਰਾਜ ਉਪਰ ਲੰਬਾ ਸਮਾਂ ਰਾਜ ਕਰਨ ਵਾਲਾ ਸ਼ਾਸਕ -ਔਰੰਗਜੇਬ ✍️ ਪੂਜਾ  

ਔਰੰਗਜੇਬ ਮੁਗ਼ਲ ਸਾਮਰਾਜ ਦਾ ਛੇਵਾਂ ਸ਼ਾਸਕ ਸੀ।ਉਸਦਾ ਪੂਰਾ ਨਾਮ ਅਬੁਲ ਮੁਜ਼ਾਫਰ ਮੁਹਿਦੀਨ ਮੁਹੰਮਦ ਸੀ।ਔਰੰਗਜੇਬ ਦਾ ਜਨਮ 4 ਨਵੰਬਰ, 1618 ਨੂੰ ਦਾਹੋਦ, ਗੁਜਰਾਤ ਵਿੱਚ ਹੋਇਆ ਸੀ। ਉਹ ਸ਼ਾਹਜਹਾਂ ਅਤੇ ਮੁਮਤਾਜ ਦੀ ਛੇਵੀਂ ਔਲਾਦ ਸੀ।ਮੁਸਲਿਮ ਪਰਜਾ ਦੁਬਾਰਾ ਉਸਨੂੰ ਸ਼ਾਹੀ ਨਾਮ ਦਿੱਤਾ ਗਿਆ ਔਰੰਗਜ਼ੇਬ ਜਾਂ ਆਲਮਗੀਰ।ਜਿਸਦਾ ਮਤਲਬ ਸੀ ਵਿਸ਼ਵ ਵਿਜੇਤਾ।ਉਸ ਨੇ 49 ਸਾਲ ਤਕ ਲਗਭਗ ਸਾਰੇ ਭਾਰਤ ਦੇ ਹਿਸਿਆਂ ਤੇ ਰਾਜ ਕੀਤਾ। ਉਹ ਅਕਬਰ ਦੇ ਬਾਅਦ ਸਭ ਤੋਂ ਜ਼ਿਆਦਾ ਸਮਾਂ ਤੱਕ ਹਕੂਮਤ ਕਰਨ ਵਾਲਾ ਮੁਗ਼ਲ ਸ਼ਾਸਕ ਸੀ।ਔਰੰਗਜੇਬ ਨੇ ਪੂਰੇ ਸਾਮਰਾਜ ਉੱਤੇ (ਇਸਲਾਮੀ ਕਨੂੰਨ ਉੱਤੇ ਆਧਾਰਿਤ) ਫਤਵਾ-ਏ-ਆਲਮਗੀਰੀ ਲਾਗੂ ਕੀਤਾ ਅਤੇ ਗੈਰ-ਮੁਸਲਮਾਨ ਜਨਤਾ ਉੱਤੇ ਸ਼ਰੀਅਤ ਲਾਗੂ ਕਰਨ ਵਾਲਾ ਉਹ ਪਹਿਲਾ ਮੁਸਲਮਾਨ ਸ਼ਾਸਕ ਸੀ। ਸ਼ਰੀਅਤ ਇਕ ਅਰਬੀ ਭਾਸ਼ਾ ਦਾ ਸ਼ਬਦ ਸੀ ਜਿਸਨੂੰ  ਇਸਲਾਮੀ ਕਾਨੂੰਨ ਵੀ ਕਿਹਾ ਜਾਂਦਾ ਸੀ।ਸ਼ਰੀਅਤ ਵਿੱਚ ਅਪਰਾਧ, ਰਾਜਨੀਤੀ, ਵਿਆਹ ਇਕਰਾਰਨਾਮੇ, ਵਪਾਰ ਨਿਯਮ, ਧਰਮ ਦੇ ਨੁਸਖੇ ਅਤੇ ਅਰਥਸ਼ਾਸਤਰ ਦੇ ਨਾਲ ਨਾਲ ਜਿਨਸੀ ਸੰਬੰਧ, ਸਫਾਈ, ਖ਼ੁਰਾਕ, ਪ੍ਰਾਰਥਨਾ ਕਰਨ, ਰੋਜ਼ਾਨਾ ਸਲੀਕਾ ਅਤੇ ਵਰਤ ਵਰਗੇ ਨਿੱਜੀ ਮਾਮਲੇ ਵੀ ਸ਼ਾਮਿਲ ਹਨ।

ਉਹ ਇਕ ਸੁੰਨੀ ਕੱਟੜ ਮੁਸਲਮਾਨ ਸੀ ਜੋ ਸਾਰੇ ਭਾਰਤ ਨੂੰ ਇਸਲਾਮ ਦੀ ਧਰਤੀ ਬਣਾਉਣਾ ਚਾਉਂਦਾ ਸੀ।ਉਸਦੀ ਕੱਟੜਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕਾਰਨ ਬਣੀ। ਔਰੰਗਜ਼ੇਬ ਨੇ ਅਕਬਰ ਦੁਬਾਰਾ ਹਟਾਇਆ ਜਜ਼ੀਆ ਕਰ ਹਿੰਦੂਆਂ ਉਪਰ ਫਿਰ ਲਗਾ ਦਿੱਤਾ ਸੀ। ਬਾਦਸ਼ਾਹ ਔਰੰਗਜ਼ੇਬ ਨੇ ਇਸਲਾਮ ਧਰਮ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ‘ਕੁਰਾਨ’ ਨੂੰ ਆਪਣੇ ਰਾਜ ਦਾ ਆਧਾਰ ਬਣਾਇਆ। ਉਸਨੇ ਸਿੱਕਿਆਂ 'ਤੇ ਕਲਮਾ ਉਕਰਾਉਣ, ਨੌਂ ਦਿਨਾਂ ਦਾ ਤਿਉਹਾਰ ਮਨਾਉਣ, ਭੰਗ ਦੀ ਖੇਤੀ, ਗਾਉਣ ਆਦਿ 'ਤੇ ਪਾਬੰਦੀ ਲਗਾ ਦਿੱਤੀ। 1663 ਈ: ਵਿਚ ਸਤੀ ਪ੍ਰਥਾ 'ਤੇ ਪਾਬੰਦੀ ਲਗਾ ਦਿੱਤੀ ਗਈ। ਤੀਰਥ ਯਾਤਰਾ ਟੈਕਸ ਦੁਬਾਰਾ ਲਗਾਇਆ ਗਿਆ। ਆਪਣੇ ਰਾਜ ਦੇ 11ਵੇਂ ਸਾਲ 'ਝਰੋਖਾ ਦਰਸ਼ਨ', 12ਵੇਂ ਸਾਲ 'ਤੁਲਦਾਨ ਪ੍ਰਥਾ', 1668 ਈ: ਵਿਚ ਹਿੰਦੂ ਤਿਉਹਾਰਾਂ 'ਤੇ ਪਾਬੰਦੀ ਲਗਾ ਦਿੱਤੀ।ਇਹਨਾਂ ਵਿੱਚ 'ਰਾਇਦਾਰੀ' (ਟਰਾਂਸਪੋਰਟ ਟੈਕਸ) ਨੂੰ 'ਅਬਵਾਬ' ਵਜੋਂ ਜਾਣਿਆ ਜਾਂਦਾ ਹੈ ਅਤੇ 'ਪੰਡਾਰੀ' (ਟੋਸੀਜ਼ਮ ਟੈਕਸ) ਕਿਹਾ ਜਾਂਦਾ ਹੈ।

ਔਰੰਗਜ਼ੇਬ ਨੇ ਲਾਹੌਰ ਦੀ ਬਾਦਸ਼ਾਹੀ ਮਸਜਿਦ 1673 ਈ.,1678 ਈ: ਵਿਚ ਆਪਣੀ ਪਤਨੀ ਰਾਬੀਆ ਦੁਰਾਨੀ ਦੀ ਯਾਦ ਵਿਚ ਬੀਬੀ ਕਾ ਮਕਬਰਾ  ਔਰੰਗਾਬਾਦ ਵਿਖੇ ਬਣਾਇਆ ਜਿਸਨੂੰ ਦੱਖਣੀ ਤਾਜ ਮਹਿਲ ਕਿਹਾ ਜਾਂਦਾ ਹੈ ਅਤੇ ਦਿੱਲੀ ਦੇ ਲਾਲ ਕਿਲੇ ਵਿੱਚ ਮੋਤੀ ਮਸਜਿਦ ਬਣਵਾਈ ਸੀ।ਭਾਵੇਂ ਉਸਨੇ ਸੰਗੀਤ ਤੇ ਰੋਕ ਲਗਾ ਦਿੱਤੀ ਸੀ ਪਰ ਉਸਨੂੰ ਵੀਣਾ ਬਜਾਉਣ ਦਾ ਸ਼ੌਂਕ ਸੀ।ਇਸ ਤਰ੍ਹਾਂ ਉਸਦੇ ਰਾਜ ਦੌਰਾਨ ਭਵਨ ਜਾਂ ਸਾਹਿਤ ਦਾ ਖ਼ਾਸ ਨਿਰਮਾਣ ਨਹੀਂ ਹੋਇਆ।ਔਰੰਗਜ਼ੇਬ ਕੁਰਾਨ ਦੀਆਂ ਆਇਤਾਂ ਲਿਖਦਾ ਸੀ ਅਤੇ ਆਪਣੇ ਖਰਚਿਆਂ ਲਈ ਟੋਪੀਆਂ ਸਿਵਾਉਂਦਾ ਸੀ। ਇਸ ਕਰਕੇ ਉਸਨੂੰ ਜ਼ਿੰਦਾ ਪੀਰ ਕਿਹਾ ਜਾਂਦਾ ਸੀ।

7 ਸਤੰਬਰ 1695 ਨੂੰ ਸਮੁੰਦਰੀ ਡਾਕੂ ਕੈਪਟਨ ਹੈਨਰੀ ਨੇ ਆਪਣੇ"ਫੈਂਸੀ" ਨਾਮਕ  ਜਹਾਜ ਤੋਂ ਅਰਬ ਸਾਗਰ ਵਿੱਚ ਔਰੰਗਜ਼ੇਬ ਦੇ ਜਹਾਜ਼ ਗੰਜ-ਏ-ਸਵਾਈ ਉੱਤੇ ਹਮਲਾ ਕਰ ਦਿੱਤਾ।ਔਰੰਗਜ਼ੇਬ ਦਾ ਜਹਾਜ਼ 62ਭਾਰੀ ਤੋਪਾਂ ਅਤੇ ਗੋਲਾ ਬਰੂਦ ਨਾਲ ਭਰਿਆ ਹੋਇਆ ਸੀ। ਇਸ ਅੰਗਰੇਜ਼ ਲੁਟੇਰੇ ਨੇ ਭਾਰਤੀ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਹੀ ਜਹਾਜ਼ ਲੁੱਟ ਲਿਆ ਸੀ।

ਔਰੰਗਜ਼ੇਬ ਦੀ ਸਭ ਤੋਂ ਵੱਡੀ ਗਲਤੀ ਆਪਣੇ ਜੀਵਨ ਦੇ ਆਖਰੀ 27 ਸਾਲ ਯੁੱਧਾਂ ਵਿੱਚ ਖਰਾਬ ਕਰ ਦਿੱਤੇ ਜਿਸ ਨਾਲ ਮੁਗ਼ਲ ਸਾਮਰਾਜ ਦਾ ਖਜਾਨਾ ਖਾਲੀ ਹੋ ਗਿਆ ਅਤੇ ਬਗਾਵਤਾਂ ਸ਼ੁਰੂ ਹੋ ਗਈਆਂ ਜੋ ਕਿ ਮੁਗ਼ਲ ਸਾਮਰਾਜ ਦੇ ਪਤਨ ਦਾ ਕਾਰਨ ਬਣੀਆਂ।

ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਨਾਮੀ ਸਥਾਨ ਤੇ ਔਰੰਗਜ਼ੇਬ ਨੂੰ ਪੱਤਰ ਲਿਖਿਆ ਜਿਸਨੂੰ ਜ਼ਫ਼ਰਨਾਮਾ ਕਿਹਾ ਜਾਂਦਾ ਹੈ ਅਤੇ ਜਿਸਦਾ ਅਰਥ ਹੈ ਵਿਜੈ ਪੱਤਰ।ਇਸ ਵਿੱਚ ਗੁਰੂ ਜੀ ਨੇ ਉਸਦੇ ਅੱਤਿਆਚਾਰਾਂ ਅਤੇ ਅਨਿਆਪੂਰਨ ਨੀਤੀਆਂ ਦਾ ਸਖਤ ਵਿਰੋਧ ਕੀਤਾ।ਭਾਈ ਦਇਆ ਸਿੰਘ ਅਤੇ ਧਰਮ ਸਿੰਘ ਨੇ ਇਸਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ।

ਜ਼ਫ਼ਰਨਾਮਾ’ ਪੜ੍ਹ ਕੇ ਉਸ ਨੂੰ ਗੁਰੂ ਜੀ ਨਾਲ ਹੋਈਆਂ ਜ਼ਿਆਦਤੀਆਂ ਦਾ ਅਹਿਸਾਸ ਹੋ ਗਿਆ ਸੀ। ਉਸਨੇ ਗੁਰੂ ਜੀ ਨੂੰ ਮਿਲਣ ਦਾ ਫੈਸਲਾ ਕੀਤਾ ਪਰ ਉਸਦੀ 1707ਈ.ਵਿੱਚ ਮੌਤ ਹੋ ਗਈ ਅਤੇ ਉਸਨੂੰ ਔਰੰਗਾਬਾਦ ਵਿਖੇ  ਖੁਲਦਾਬਾਦ ਵਿੱਚ ਦਫ਼ਨਾਇਆ ਗਿਆ।

ਪੂਜਾ 9815591967

ਛੋਟੇ ਘੱਲੂਘਾਰੇ 'ਤੇ ਵਿਸ਼ੇਸ਼ ✍️ ਸ.ਸੁਖਚੈਨ ਸਿੰਘ ਕੁਰੜ 

ਭਾਰਤ ਬਾਰੇ ਜਦ ਵੀ ਕਿਤੇ ਪੜ੍ਹਿਆ ਜਾਂ ਪੜ੍ਹਾਇਆ ਗਿਆ ਤਾਂ ਉੱਥੇ ਇਹ ਵੇਰਵਾ ਜ਼ਰੂਰ ਮਿਲ਼ਿਆ ਕਿ ਭਾਰਤ 'ਮੇਲਿਆਂ ਤੇ ਤਿਉਹਾਰਾਂ ਦਾ ਦੇਸ' ਹੈ ਪਰ ਜਦ ਕਿਤੇ ਵੀ ਪੰਜਾਬ ਦੀ ਗੱਲ ਤੁਰੀ ਹੈ ਜਾਂ ਅੱਗੇ ਤੁਰੇਗੀ ਤਾਂ ਇਹ ਕਹਿਣਾ ਕਿ "ਪੰਜਾਬ ਸ਼ਹਾਦਤਾਂ ਦੀ ਧਰਤੀ" ਹੈ ਤਾਂ ਇਹ ਦੇ 'ਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬ ਦਾ ਅਸਲ ਇਤਿਹਾਸ ਫਰੋਲਿਆਂ ਹਰ ਪੰਨਾ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਦਾ ਨਜ਼ਰੀਂ ਪੈਂਦਾ ਹੈ। 

ਸਿੱਖ ਇਤਿਹਾਸ ਕੌਮੀ ਮਰਜੀਵੜਿਆਂ ਦਾ ਇਤਿਹਾਸ ਹੈ। ਸਿੱਖ ਕੌਮ ਨੂੰ ਤਬਾਹ ਕਰਨ ਵਾਲੀਆਂ ਘਟਨਾਵਾਂ ਨੂੰ ਸਾਡੀ ਕੌਮ ਨੇ ਇੱਕ ਦਰਦ ਦੇ ਰੂਪ 'ਚ ਹਮੇਸ਼ਾ 'ਘੱਲੂਘਾਰੇ' ਵਜੋਂ ਯਾਦ ਕੀਤਾ ਤਾਂ ਜੋ ਆਉਣ ਵਾਲ਼ੀ ਪੀੜ੍ਹੀ ਨੂੰ ਅਣਖਾਂ ਦੀ ਗੁੜ੍ਹਤੀ ਮਿਲ਼ਦੀ ਰਹੇ। 

‘ਘੱਲੂਘਾਰਾ’ ਸ਼ਬਦ ਦਾ ਸੰਬੰਧ ਅਫ਼ਗਾਨੀ ਬੋਲੀ ਨਾਲ ਹੈ;ਜਿਸ ਦੇ ਅੱਖਰੀ ਅਰਥ ਹਨ ਸਭ ਕੁਝ ਤਬਾਹ ਹੋ ਜਾਣਾ, ਵੱਡੇ ਪੱਧਰ ’ਤੇ ਕਤਲੇਆਮ ਹੋਣਾ, ਨਸਲਘਾਤ ਜਾਂ ਸਰਬਨਾਸ਼। ਸਿੱਖਾਂ ਦਾ ਸੁਭਾਅ ਮੁੱਢ ਤੋਂ ਹੀ ਜ਼ੁਲਮ ਦੇ ਵਿਰੁੱਧ ਲੜਨ ਵਾਲ਼ਾ ਰਿਹਾ, ਕਿਸੇ ਦੀ ਗੁਲਾਮੀ ਜਾਂ ਈਨ ਨਾ ਮੰਨਣਾ ਤਾਂ ਇਹਨਾਂ ਨੇ ਕਦੇ ਕਬੂਲਿਆ ਹੀ ਨਹੀਂ। ਇਸ ਲਈ ਸਮੇਂ- ਸਮੇਂ ਮੌਕੇ ਦੀਆਂ ਸਰਕਾਰਾਂ ਵੱਲੋਂ ਹਮੇਸ਼ਾਂ ਹੀ ਘੱਟ-ਗਿਣਤੀ ਕੌਮ ਨੂੰ ਖ਼ਤਮ ਕਰਨ ਦੇ ਮਨਸੂਬੇ ਬਣਾ ਕੇ ਕੋਝੇ ਯਤਨ ਜਾਂਦੇ ਰਹੇ ਹਨ।

ਛੋਟਾ ਘੱਲੂਘਾਰਾ 17 ਮਈ 1746 (1 ਜੇਠ 1803 ਸੰਮਤ) ਨੂੰ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ’ਚ ਵਾਪਰਿਆ। ਜੋ ਕਿ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾਂਦੀ ਸੜਕ ਉੱਤੇ 8 ਕਿਲੋਮੀਟਰ ਦੂਰ ਫੌਜੀ ਛਾਉਣੀ ਤਿੱਬੜ ਤੋਂ ਸੱਜੇ ਪਾਸੇ ਨੂੰ 4 ਕਿਲੋਮੀਟਰ ਦੂਰ ਸਥਿਤ ਹੈ। 

ਇਸ ਖੂਨੀ ਦੁਖਾਂਤ ਦਾ ਮੁੱਢ ਦੀਵਾਨ ਲਖਪਤ ਰਾਏ ਨੇ ਬੰਨਿਆ ਸੀ।

18ਵੀਂ ਸਦੀ ਦੇ ਅੱਧ ਵਿਚ ਜਦੋਂ ਦੀਵਾਨ ਲਖਪਤ ਰਾਏ ਦੇ ਭਰਾ ਤੇ ਐਮਨਾਬਾਦ ਦੇ ਫੌਜਦਾਰ ਜਸਪਤ ਰਾਏ ਦੀ ਪਿੰਡ ਖੋਖਰਾਂ ਵਿਖੇ ਸਿੰਘਾਂ ਨਾਲ ਲੜਾਈ ਦੌਰਾਨ ਮੌਤ ਹੋ ਗਈ ਤਾਂ ਦੀਵਾਨ ਲਖਪਤ ਰਾਏ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ। ਉਸ ਨੇ ਲਾਹੌਰ ਦੇ ਸੂਬੇ ਯਹੀਆ ਖਾਨ ਦੀ ਸਹਿਮਤੀ ਨਾਲ ਲਾਹੌਰ ਦੀਆਂ ਫੌਜਾਂ ਨੂੰ ਲਾਮਬੰਦ ਕੀਤਾ ਤੇ ਮੁਲਤਾਨ, ਬਹਾਵਲਪੁਰ ਅਤੇ ਜਲੰਧਰ ਤੋਂ ਫੌਜੀ ਮਦਦ ਮੰਗ ਲਈ।

ਇਸ ਤੋਂ ਇਲਾਵਾ ਪਹਾੜੀ ਰਾਜਿਆਂ ਨੂੰ ਵੀ ਸੁਚੇਤ ਕੀਤਾ ਕਿ ਸਿੱਖ ਪਹਾੜਾਂ ਵੱਲ ਨਾ ਨਿਕਲਣ। ਇਸ ਤੋਂ ਬਾਅਦ ਉਸ ਨੇ ਤਕੜੀ ਸੈਨਾ ਲੈ ਕੇ ਕਾਹਨੂੰਵਾਨ ਵਿੱਚ ਸਿੱਖਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ,ਪਹਿਲਾਂ ਤਾਂ ਸਿੱਖ ਫੌਜ ਦਾ ਮੁਕਾਬਲਾ ਕਰਦੇ ਰਹੇ ਪਰ ਗਿਣਤੀ ਘੱਟ ਹੋਣ ਕਾਰਨ ਉਹਨਾਂ ਨੇ ਬਸੋਲੀ ਵੱਲ ਜਾਣਾ ਸ਼ੁਰੂ ਕੀਤਾ। ਇਸ ਦੌਰਾਨ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਵੀ ਸਿੱਖਾਂ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਕਈ ਸਿੱਖ ਸ਼ਹੀਦ ਹੋ ਗਏ। ਇਸ ਤੋਂ ਬਾਅਦ ਸਿੱਖਾਂ ਨੇ ਲਖਪਤ ਰਾਏ ਦੇ ਘੇਰੇ ਨੂੰ ਤੋੜ ਕੇ ਸਤਲੁਜ ਅਤੇ ਬਿਆਸ ਪਾਸ ਕਰ ਲਿਆ। ਆਪਣੀ ਹਾਰ ਨੂੰ ਵੇਖ ਕੇ ਲਖਪਤ ਰਾਏ ਘਟੀਆ ਤੌਰ-ਤਰੀਕਿਆਂ ਉੱਤੇ ਉਤਰ ਆਇਆ। ਉਸ ਨੇ ਸੋਚਿਆ ਕਿ ਉਹ ਦਿੱਲੀ ਦਰਬਾਰ ਜਾ ਕੇ ਕੀ ਮੂੰਹ ਵਿਖਾਏਗਾ? ਉਸ ਨੇ ਨੇੜਲੇ ਪਿੰਡਾਂ ਦੇ ਲੁਹਾਰ, ਤਰਖਾਣ ਇਕੱਠੇ ਕਰ ਕੇ ਇਸ ਛੰਭਨੁਮਾ ਜੰਗਲ ਦੇ ਰੁੱਖਾਂ ਨੂੰ ਕਟਵਾ ਕੇ ਚੁਫੇਰਿਉਂ ਅੱਗ ਲਗਵਾ ਦਿੱਤੀ, ਜਿਸ ਨਾਲ ਸਿੰਘਾਂ ਨੂੰ ਚਾਰ-ਚੁਫੇਰਿਉਂ ਮੁਸੀਬਤਾਂ ਪੈ ਗਈਆਂ।ਇਸ ਛੰਭ ਦਾ ਘੇਰਾ ਲਗਭਗ 3 ਮਹੀਨੇ ਚੱਲਿਆ। ਇੰਨ੍ਹੇ ਲੰਬੇ ਸਮੇਂ ਦੌਰਾਨ ਸਿੱਖ ਗੁਰੀਲਾ ਯੁੱਧ ਪ੍ਰਣਾਲੀ ਰਾਹੀਂ ਡਟੇ ਰਹੇ। ਲੰਬੇ ਸਮੇਂ ਕਰਕੇ ਹੌਲ਼ੀ-ਹੌਲ਼ੀ ਸਿੱਖਾਂ ਦਾ ਰਾਸ਼ਨ ਪਾਣੀ ਖ਼ਤਮ ਹੋਣ ਲੱਗਾ ਪਰ ਸਿੱਖ ਆਪਣੇ ਇਤਿਹਾਸ ਨੂੰ ਚੇਤਿਆਂ ਚ ਵਸਾ ਕੇ ਫਿਰ ਵੀ ਲੜਾਈ ਲੜਦੇ ਰਹੇ। ਸਿੱਖਾਂ ਦੇ ਰਾਸ਼ਨ ਦੀ ਕਮੀ ਪੈਣ ਦੀ ਖ਼ਬਰ ਜਦੋਂ ਮੁਲਤਾਨ ਦੇ ਵਜ਼ੀਰ ਕੌੜਾ ਮੱਲ ਨੂੰ ਲੱਗੀ ਤਾਂ ਉਸ ਨੇ ਹਜ਼ਾਰਾਂ ਖੱਚਰਾਂ, ਘੋੜਿਆਂ ਉੱਤੇ ਰਾਸ਼ਨ ਲੱਦ ਕੇ ਜੰਮੂ ਨੂੰ ਭੇਜਣ ਲਈ ਇੱਕ ਵਪਾਰੀ ਨੂੰ ਤੋਰ ਦਿੱਤਾ ਤੇ ਦੂਸਰੇ ਪਾਸੇ ਖੁਫ਼ੀਆ ਤੌਰ ਉੱਤੇ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੇ ਘੋੜੇ, ਖੱਚਰਾਂ ਤੁਹਾਡੇ ਨੇੜਿਉਂ ਗੁਜ਼ਰਨ ਤਾਂ ਲੁੱਟ ਲਏ ਜਾਣ। ਇਹ ਸਿੱਖਾਂ ਲਈ ਇੱਕ ਖ਼ੁਸ਼ੀ ਵਾਲ਼ੀ ਖ਼ਬਰ ਸੀ ਤੇ ਉਨ੍ਹਾਂ ਨੇ ਇੰਝ ਹੀ ਕੀਤਾ। ਜਦੋਂ ਵਪਾਰੀ ਕਾਹਨੂੰਵਾਨ ਦੇ ਛੰਭ ਨੇੜਿਓਂ ਗੁਜ਼ਰ ਰਿਹਾ ਸੀ ਤਾਂ ਸਿੰਘਾਂ ਨੇ ਇਹ ਸਾਰਾ ਰਾਸ਼ਨ ਆਪਣੇ ਹੱਥਾਂ 'ਚ ਕਰ ਲਿਆ, ਜਿਸ ਨਾਲ ਸਿੱਖ ਜਰਨੈਲਾਂ ਨੂੰ ਭਾਰੀ ਰਾਹਤ ਮਿਲੀ ਤੇ ਸਿੱਖਾਂ ਦੇ ਹੌਸਲੇ ਹੋਰ ਬੁਲੰਦ ਹੋਏ।

ਇੱਕ ਜੇਠ-ਹਾੜ੍ਹ ਦੀ ਅੱਤ ਦੀ ਗਰਮੀ, ਦੂਜਾ ਜੰਗਲ ਦੀ ਅੱਗ, ਤੀਜਾ ਉੱਚੇ ਪਹਾੜ ਤੇ ਵਿਰੋਧੀ ਪਹਾੜੀ ਰਾਜੇ ਤੇ ਚੌਥਾ ਚੜ੍ਹਦੇ ਪਾਸੇ ਸ਼ੂਕਦਾ ਬਿਆਸ ਦਰਿਆ। ਸਿੱਖ ਜਰਨੈਲਾਂ ਨੇ ਸਿੱਖੀ ਦੀ ਸ਼ਾਨ ਬਚਾਉਣ ਲਈ ਮਤਾ ਪਾਸ ਕਰ ਕੇ ਮੈਦਾਨੇ-ਜੰਗ 'ਚ ਦੁਸ਼ਮਣ ਨਾਲ ਜੂਝ ਕੇ ਲੜਨ ਤੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਅਟੱਲ ਫ਼ੈਸਲਾ ਕੀਤਾ ਤੇ ਸਿੰਘ ਚੜ੍ਹਦੀ ਕਲਾ ਦੇ ਜੈਕਾਰੇ ਲਗਾਉਂਦਿਆਂ ਦੁਸ਼ਮਣ ਖਿਲਾਫ਼ ਜੰਗ ਦੇ ਮੈਦਾਨ ਵਿੱਚ ਜੂਝ ਪਏ। ਵੱਖ-ਵੱਖ ਸਰੋਤਾਂ ਤੋਂ ਮਿਲ਼ੀ ਜਾਣਕਾਰੀ ਮੁਤਾਬਕ ਇਸ ਘੱਲੂਘਾਰੇ ਦੌਰਾਨ 11,000 ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 2000 ਦੇ ਕਰੀਬ ਸਿੰਘ ਜੰਗਲ ਵਿੱਚ ਲੱਗੀ ਅੱਗ ਤੇ ਬਿਆਸ ਦਰਿਆ ਨੂੰ ਪਾਰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ। ਸੈਂਕੜੇ ਸਿੰਘਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਾਹੌਰ ਲੈ ਗਿਆ। ਗ੍ਰਿਫ਼ਤਾਰ ਸਿੱਖਾਂ ਨੂੰ ਲਾਹੌਰ ਲਿਜਾ ਕੇ ਸ਼ਾਹੀ ਕਿਲੇ ਦੇ ਪਿੱਛੇ ਚੌਂਕ ਵਿਚ ਸ਼ਹੀਦ ਕਰ ਦਿੱਤਾ ਗਿਆ। ਜਿਸ ਸਥਾਨ 'ਤੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਉੱਥੇ ਗੁਰਦੁਆਰਾ ਸ਼ਹੀਦ ਗੰਜ ਭਾਈ ਮਨੀ ਸਿੰਘ ਜੀ ਬਣਿਆ ਹੋਇਆ ਸੀ। ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦਾਸਪੁਰ ਵਿੱਚ ਛੰਭ ਕਾਹਨੂੰਵਾਨ ਵਿੱਚ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਸੁਸ਼ੋਭਿਤ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰੇ ਨੇੜੇ ਚੱਕ ਅਬਦੁਲ ਬਾਰੀ ਕਾਹਨੂੰਵਾਨ ਵਿੱਚ ਛੋਟਾ ਘੱਲੂਘਾਰਾ ਮੈਮੋਰੀਅਲ ਬਣਾਇਆ ਗਿਆ ਹੈ।

ਸ.ਸੁਖਚੈਨ ਸਿੰਘ ਕੁਰੜ (ਪੰਜਾਬੀ ਅਧਿਆਪਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਾ ਸਿੰਘ ਵਾਲ਼ਾ (ਫ਼ਿਰੋਜ਼ਪੁਰ)

ਦਸਮੇਸ਼ ਕਿਸਾਨ ਯੂਨੀਅਨ ਨੇ ਬੋਪਾਰਾਏ ਕਲਾਂ ਨੂੰ ਚੌਂਕੀਮਾਨ ਟੋਲ ਤੋ ਮੁਕਤ ਕਰਵਾਇਆ*

ਲੋਕ ਹਿੱਤ ਕਾਰਜ ਜਾਰੀ ਰੱਖੇ ਜਾਣਗੇ—ਜਸਦੇਵ ਲਲਤੋਂ

ਮੁੱਲਾਂਪੁਰ ਦਾਖਾ 16 ਮਈ (ਸਤਵਿੰਦਰ ਸਿੰਘ ਗਿੱਲ) ਅੱਜ

 ਦਸਮੇਸ਼ ਕਿਸਾਨ ਮਜ਼ਦੂਰ -ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦਾ ਇੱਕ ਵਿਸ਼ਾਲ ਡੈਪੂਟੇਸ਼ਨ ਉਚੇਚੇ ਤੌਰ ਤੇ  ਨਵੀਂ ਟੋਲ -ਕੰਪਨੀ ਰਾਜਰਾਮ ਕੰਪਨੀ ਚੌਕੀਮਾਨ ਦੇ ਮਾਲਕ ਸ੍ਰੀ ਰਾਜੂ  ਸਿਹਾਗ ਅਤੇ ਡਿਪਟੀ ਮੈਨੇਜਰ  ਸ੍ਰੀ ਪਵਨ ਨੂੰ ਮਿਲਿਆ। ਵਿਸ਼ਾਲ ਵਫਦ ਦੀ ਅਗਵਾਈ ਕਰਦਿਆਂ ਪ੍ਰਧਾਨ ਸ.ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਸ. ਬਲਜੀਤ ਸਿੰਘ ਸਵੱਦੀ (ਨੰਬਰਦਾਰ ),ਖਜ਼ਾਨਚੀ ਸ. ਮਨਮੋਹਣ ਸਿੰਘ ਪੰਡੋਰੀ (ਨੰਬਰਦਾਰ)) ਤੇ ਸਹਾਇਕ ਸਕੱਤਰ ਜਥੇਦਾਰ ਰਣਜੀਤ ਸਿੰਘ ਗੁੜੇ ਨੇ ਠੋਸ ਦਲੀਲਾਂ, ਨਿੱਗਰ ਸਬੂਤ ਤੇ ਤਹਿ-ਸ਼ੁਦਾ ਕਿਲੋਮੀਟਰਾਂ ਦੀ ਦੂਰੀ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਕੀਤੇ । ਵਫ਼ਦ ਨੇ ਵਰਨਣ ਕੀਤਾ ਕਿ 15 ਦਸੰਬਰ 2021 ਤੋਂ  1.1.2022 ਤਕ ਚੱਲੇ 18 ਰੋਜ਼ਾ ਤਿੱਖੇ ਸੰਘਰਸ਼ ਦੇ ਸਿੱਟੇ ਵਜੋਂ 17 ਪਿੰਡ ਟੋਲ ਮੁਕਤ ਹੋਏ ਸਨ, ਪ੍ਰੰਤੂ ਬਾਅਦ ਵਿੱਚ ਕਿਸੇ ਵਿਅਕਤੀ ਨੇ ਮੰਦਭਾਵਨਾ ਨਾਲ ਸਮਝੌਤੇ ਦੇ ਦਸਤਾਵੇਜ਼ ਅੰਦਰ ਬੋਪਾਰਾਏ ਕਲਾਂ ਪਿੰਡ ਦੇ ਨਾਮ 'ਤੇ ਲਕੀਰ ਫੇਰ ਦਿੱਤੀ ਸੀ। ਜਿਸ ਨੂੰ ਮੁੜ -ਬਹਾਲ  ਕਰਵਾਉਣ ਲਈ ਯੂਨੀਅਨ ਨੇ ਯਤਨ ਜਾਰੀ ਰੱਖੇ। ਜਿਸ ਵਿਚ ਅੱਜ ਉਸ ਵੇਲੇ ਸਫਲਤਾ ਪ੍ਰਾਪਤ ਹੋਈ, ਜਦੋਂ ਸਬੰਧਤ ਨਵੀਂ ਟੋਲ ਕੰਪਨੀ ਚੌਕੀਮਾਨ  ਦੇ  ਮਾਲਕ ਤੇ ਡਿਪਟੀ ਮੈਨੇਜਰ ਨੇ ਵਫ਼ਦ ਦੇ ਹੱਕੀ ਪੱਖ ਨੂੰ ਪ੍ਰਵਾਨ ਕਰਦੇ ਹੋਏ, ਬੋਪਾਰਾਏ ਕਲਾਂ ਪਿੰਡ ਨੂੰ 17 ਵੇੰ ਨੰਬਰ 'ਤੇ ਮੁੜ ਬਹਾਲ ਕਰਕੇ ਟੋਲ ਮੁਕਤ ਕਰਨ ਦੀ ਮੰਗ ਮੰਨ ਲਈ।ਯੂਨੀਅਨ ਆਗੂ ਜਸਦੇਵ ਸਿੰਘ ਲਲਤੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਲੋਕ ਹਿੱਤ ਕਾਰਜ ਜਾਰੀ ਰੱਖੇ ਜਾਣਗੇ।

 ਅੱਜ ਦੇ ਵਫ਼ਦ 'ਚ ਹੋਰਨਾਂ ਤੋਂ ਇਲਾਵਾ ਸ. ਸੁਰਜੀਤ ਸ. ਸਵੱਦੀ, ਸ੍ਰੀ ਪਰਦੀਪ ਕੁਮਾਰ ਸਵੱਦੀ, ਜਗਮੋਹਣ ਸਿੰਘ ਸਵੱਦੀ, ਪ੍ਰਿਤਪਾਲ ਸਿੰਘ ਪੰਡੋਰੀ, ਸਰਵਿੰਦਰ ਸ.ਸੁਧਾਰ, ਜਥੇਦਾਰ ਗੁਰਮੇਲ ਸ. ਢੱਟ,ਡਾ. ਹਰਜਿੰਦਰਪਾਲ ਸ. ਵਿਰਕ, ਡਾ. ਗੁਰਮੇਲ ਸਿੰਘ ਕੁਲਾਰ ,ਅਵਤਾਰਸ. ਤਲਵੰਡੀ ,ਨਿਰਭੈ ਸ. ਤਲਵੰਡੀ, ਹਰਪਾਲ ਸ.ਸਵੱਦੀ, ਬਲਦੇਵ ਗਿੱਲ ਸਵੱਦੀ, ਅਮਰ ਸ.ਖੰਜਰਵਾਲ ਉਚੇਚੇ ਤੌਰ ਤੇ ਸ਼ਾਮਲ ਹੋਏ ।

ਅੱਜ ਦੇ ਵਫ਼ਦ ਨੇ ਪਿੰਡ ਪੰਡੋਰੀ ਤੇ ਮੰਡਿਆਣੀ ਨੂੰ ਵੀ ਟੋਲ-ਮੁਕਤ ਕਰਨ ਦੀ ਮੰਗ ਵੀ ਤਰਕਪੂਰਨ ਤੇ ਵਿਧੀਬੱਧ ਢੰਗ ਨਾਲ ਉਠਾਈ, ਜਿਸ ਬਾਰੇ ਕੰਪਨੀ ਨੇ ਵਿਚਾਰ ਕਰਨ ਉਪਰੰਤ ਫ਼ੈਸਲਾ ਕਰਨ ਬਾਰੇ ਆਖਿਆ ਹੈ।ਇਲਾਕੇ ਭਰ ਦੇ ਲੋਕਾਂ ਨੇ ਯੂਨੀਅਨ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।

ਟਰਾਂਸਪੋਰਟ ਮੰਤਰੀ ਵੱਲੋਂ ਬਠਿੰਡਾ ਤੇ ਆਰ.ਟੀ.ਏ ਦਫ਼ਤਰ ਵਿੱਚ ਅਚਨਚੇਤ ਛਾਪਾ      

ਬਠਿੰਡਾ 16 ਮਈ  (ਰਣਜੀਤ ਸਿੱਧਵਾਂ) :   ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਿਰੰਤਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਰਿਜਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਬਠਿੰਡਾ ਦੇ ਦਫ਼ਤਰ ਵਿਖੇ ਅਚਨਚੇਤ ਛਾਪਾ ਮਾਰਿਆ। ਰਿਕਾਰਡ ਘੋਖਣ 'ਤੇ ਆਰ.ਟੀ.ਏ. ਦਫ਼ਤਰ ਦੇ ਕੰਮਕਾਜ ਵਿੱਚ ਕਈ ਤਰ੍ਹਾਂ ਦੀਆਂ ਊਣਤਾਈਆਂ ਪਾਈਆਂ ਗਈਆਂ। ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਜਾਂਚ ਕਰਨ ਦੇ ਆਦੇਸ਼ ਦਿੰਦਿਆਂ ਹਫ਼ਤੇ ਦੇ ਅੰਦਰ-ਅੰਦਰ ਜਾਂਚ ਰਿਪੋਰਟ ਮੰਗੀ। ਟਰਾਂਸਪੋਰਟ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਗ਼ੈਰ-ਕਾਨੂੰਨੀ ਤੌਰ 'ਤੇ ਚਲ ਰਹੀਆਂ ਬੱਸਾਂ ਦੇ ਮਾਲਕਾਂ ਨੂੰ ਹਰ ਹੀਲੇ ਨੱਥ ਪਾਈ ਜਾਵੇਗੀ ਪਰ ਕਿਸੇ ਵੀ ਅਸਲ ਆਪ੍ਰੇਟਰ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਨਿਹਾਲ ਸਿੰਘ ਵਾਲਾ ਬਲਾਕ ਦੇ ਦਿਵਿਆਂਗਜਨਾਂ ਲਈ ਸਿਵਲ ਹਸਪਤਾਲ ਮੋਗਾ ਵਿਖੇ 17 ਮਈ ਨੂੰ ਲੱਗੇਗਾ ਯੂ.ਡੀ.ਆਈ.ਡੀ. ਵਿਸ਼ੇਸ਼ ਕੈਂਪ

--ਬਾਕੀ ਬਲਾਕਾਂ ਦੇ ਕੈਂਪਾਂ ਦੀਆਂ ਤਾਰੀਖਾਂ ਛੇਤੀ ਐਲਾਨੀਆਂ ਜਾਣਗੀਆਂ :  ਡਿਪਟੀ ਕਮਿਸ਼ਨਰ

 

ਮੋਗਾ, 16 ਮਈ, (ਰਣਜੀਤ ਸਿੱਧਵਾਂ)  :

ਨਿਹਾਲ ਸਿੰਘ ਵਾਲਾ ਬਲਾਕ ਨਾਲ ਸੰਬਧਤ ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ. (ਦਿਵਿਆਂਗਤਾ ਸਰਟੀਫਿਕੇਟ) ਕਾਰਡ ਬਣਾਉਣ ਲਈ ਸਿਵਲ ਹਸਪਤਾਲ ਮੋਗਾ ਵਿਖੇ ਮਿਤੀ 17 ਮਈ, 2022 ਨੂੰ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਦਿਵਿਆਂਗਜਨਾਂ ਦੇ ਯੂ.ਡੀ. ਆਈ.ਡੀ. ਕਾਰਡ ਬਣਾਉਣ ਤੋਂ ਇਲਾਵਾ ਇਸ ਨੂੰ ਅਪਲਾਈ ਕਰਨ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਮੋਗਾ ਸ. ਕੁਲਵੰਤ ਸਿੰਘ ਨੇ ਦੱਸਿਆ ਕਿ 17 ਮਈ, ਨੂੰ ਸਿਰਫ਼ ਨਿਹਾਲ ਸਿੰਘ ਵਾਲਾ ਬਲਾਕ ਨਾਲ ਸਬੰਧਤ ਦਿਵਿਆਂਗਜਨਾਂ ਦੇ ਯੂ.ਡੀ. ਆਈ.ਡੀ. ਕਾਰਡ ਬਣਾਏ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਕੀ ਬਲਾਕਾਂ ਦੇ ਦਿਵਿਆਂਗਜਨਾਂ ਲਈ ਵੀ ਸਿਵਲ ਹਸਪਤਾਲ ਮੋਗਾ ਵਿਖੇ ਬਲਾਕ ਵਾਈਜ਼ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬਲਾਕਾਂ ਦੇ ਦਿਵਿਆਂਗਜਨਾਂ ਲਈ ਲਗਾਏ ਜਾਣ ਵਾਲੇ ਕੈਂਪਾਂ ਦੀਆਂ ਤਾਰੀਖਾਂ ਵੀ ਛੇਤੀ ਹੀ ਐਲਾਨੀਆਂ ਜਾਣਗੀਆਂ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਿਸ ਰਾਜਕਿਰਨ ਕੌਰ ਨੇ ਦੱਸਿਆ ਕਿ ਦਿਵਿਆਂਗਜਨ ਇਸ ਕੈਂਪ ਵਿੱਚ ਆਪਣਾ ਆਧਾਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ, ਅਤੇ ਪੁਰਾਣਾ ਦਿਵਿਆਂਗਤਾ ਸਰਟੀਫਿਕੇਟ ਜਰੂਰ ਨਾਲ ਲੈ ਕੇ ਆਉਣ ਤਾਂ ਕਿ ਉਨ੍ਹਾਂ ਦਾ ਮੌਕੇ ਤੇ ਹੀ ਯੂ.ਡੀ. ਆਈ.ਡੀ. ਕਾਰਡ ਅਪਲਾਈ ਕਰਵਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਨਿਹਾਲ ਸਿੰਘ ਵਾਲਾ ਬਲਾਕ ਨਾਲ ਸਬੰਧਿਤ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਠੀਕ ਸਵੇਰੇ 9 ਵਜੇ ਪਹੁੰਚਣ ਨੂੰ ਯਕੀਨੀ ਬਣਾਉਣ।

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ)ਇਕਾਈ ਰਸੂਲਪੁਰ ਦੀ ਚੋਣ ਹੋਈ

ਹਠੂਰ,16,ਮਈ-(ਕੌਸ਼ਲ ਮੱਲ੍ਹਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ)ਇਕਾਈ ਰਸੂਲਪੁਰ(ਮੱਲ੍ਹਾ)ਦੀ ਚੋਣ ਅੱਜ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਪਿੰਡ ਰਸੂਲਪੁਰ ਵਿਖੇ ਸਰਬਸੰਮਤੀ ਨਾਲ ਹੋਈ।ਇਸ ਮੌਕੇ ਸਰਪ੍ਰਸਤ ਸਰਗੁਣ ਸਿੰਘ,ਪ੍ਰਧਾਨ ਸਤਿੰਦਰਪਾਲ ਸਿੰਘ ਸੀਬਾ,ਮੀਤ ਪ੍ਰਧਾਨ ਰਣਜੀਤ ਸਿੰਘ,ਸਕੱਤਰ ਸਾਧੂ ਸਿੰਘ,ਖਜਾਨਚੀ ਅਜਮੇਰ ਸਿੰਘ,ਜਸਮੇਲ ਸਿੰਘ,ਕੇਵਲ ਸਿੰਘ,ਰੁਪਿੰਦਰ ਸਿੰਘ,ਦਰਸ਼ਨ ਸਿੰਘ,ਮਨਜੀਤ ਸਿੰਘ,ਸੁਖਜਿੰਦਰ ਸਿੰਘ ਨੂੰ ਕਮੇਟੀ ਮੈਬਰ ਨਿਯੁਕਤ ਕੀਤਾ ਗਿਆ।ਇਸ ਮੌਕੇ ਨਵੀ ਚੁੱਣੀ ਕਮੇਟੀ ਨੇ ਕਿਹਾ ਕਿ ਜੋ ਜਿਮੇਵਾਰੀ ਸਾਨੂੰ ਜੱਥੇਬੰਦੀ ਨੇ ਦਿੱਤੀ ਹੈ ਅਸੀ ਇਸ ਜਿਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਵਾਗੇ ਅਤੇ ਜਥੇਬੰਦੀ ਦੀ ਚੜ੍ਹਦੀ ਕਲਾਂ ਲਈ ਹਮੇਸਾ ਤੱਤਪਰ ਰਹਾਗੇ।ਇਸ ਮੌਕੇ ਬਲਾਕ ਪ੍ਰਧਾਨ ਵੱਲੋ ਨਵੀ ਚੁੱਣੀ ਕਮੇਟੀ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਵਾਸੀਆ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਜਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,ਪੰਚ ਜਸਮੇਲ ਸਿੰਘ,ਮੇਲਾ ਸਿੰਘ,ਸਾਧੂ ਸਿੰਘ,ਜਗਜੀਤ ਸਿੰਘ,ਮਾਸਟਰ ਤਾਰਾ ਸਿੰਘ ਅੱਚਰਵਾਲ ਆਦਿ ਹਾਜ਼ਰ ਸਨ

ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਸੰਘਵਾਲ ਤੇ ਸਨਿਆਲ ’ਚ ਛੁਡਾਇਆ ਨਾਜਾਇਜ਼ ਕਬਜਾ

-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਲਗਾਤਾਰ ਰਹੇਗੀ ਜਾਰੀ : ਡਿਪਟੀ ਕਮਿਸ਼ਨਰ

 

ਹੁਸ਼ਿਆਰਪੁਰ, 16 ਮਈ  (ਰਣਜੀਤ ਸਿੱਧਵਾਂ)  : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਬਲਾਕ ਦਸੂਹਾ ਦੇ ਪਿੰਡ ਸੰਘਵਾਲ ਵਿੱਚ ਇੱਕ ਵਿਅਕਤੀ ਅਤੇ ਬਲਾਕ ਮੁਕੇਰੀਆਂ ਦੇ ਪਿੰਡ ਸਨਿਆਲ ਵਿੱਚ ਤਿੰਨ ਵਿਅਕਤੀਆਂ ਵਲੋਂ ਪੰਚਾਇਤੀ ਜ਼ਮੀਨ ’ਤੇ ਕੀਤੇ ਗਏ ਕਬਜੇ ਨੂੰ ਛੁਡਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ। ਸੰਘਵਾਲ ਵਿੱਚ ਇਹ ਕਬਜ਼ਾ ਡੀ.ਡੀ.ਪੀ.ਓ. ਸ੍ਰੀ ਅਜੇ ਕੁਮਾਰ ਅਤੇ ਬੀ.ਡੀ.ਪੀ.ਓ. ਦਸੂਹਾ ਸ੍ਰੀ ਧਨਵੰਤ ਸਿੰਘ ਰੰਧਾਵਾ ਅਤੇ ਮੁਕੇਰੀਆਂ ਵਿੱਚ ਤਹਿਸੀਲਦਾਰ ਸ੍ਰੀ ਅਰਵਿੰਦ ਸਲਵਾਨ ਅਤੇ ਬੀ.ਡੀ.ਪੀ.ਓ. ਮੁਕੇਰੀਆਂ ਕੁਲਵੰਤ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਛੁਡਾਇਆ ਗਿਆ। ਸੰਘਵਾਲ ਪਿੰਡ ਵਿਚ ਇਕ ਵਿਅਕਤੀ ਵਲੋਂ 97 ਏਕੜ ਅਤੇ ਪਿੰਡ ਸਨਿਆਲ ਵਿਚ 3 ਵਿਅਕਤੀਆਂ ਵਲੋਂ 3 ਏਕੜ 7 ਕਨਾਲ 16 ਮਰਲੇ ਦੀ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਗਿਆ ਸੀ, ਜਿਸ ਦਾ ਕਬਜ਼ਾ ਸਬੰਧਤ ਪਿੰਡ ਦੀ ਪੰਚਾਇਤ ਨੂੰ ਦੁਆ ਦਿੱਤਾ ਗਿਆ ਹੈ। ਕਬਜ਼ਾ ਛੁਡਾਉਣ ਤੋਂ ਬਾਅਦ ਬੀ.ਡੀ.ਪੀ.ਓ. ਦਸੂਹਾ ਨੇ ਦੱਸਿਆ ਕਿ 97 ਏਕੜ ਜ਼ਮੀਨ ’ਤੇ ਪੌਦੇ ਲਗਾਉਣ ਦਾ ਕੰਮ ਕੀਤਾ ਜਾਵੇਗਾ, ਜਦਕਿ ਬੀ.ਡੀ.ਪੀ.ਓ. ਮੁਕੇਰੀਆਂ ਨੇ ਦੱਸਿਆ ਕਿ ਕਰੀਬ ਸਾਢੇ 3 ਏਕੜ ਜ਼ਮੀਨ ਨੂੰ ਖੁੱਲ੍ਹੀ ਬੋਲੀ ਰਾਹੀਂ ਪਟੇ ’ਤੇ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਪਿੰਡਾਂ ਵਿਚੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਜ਼ਿਲ੍ਹੇ ਪ੍ਰਸ਼ਾਸਨ ਵਲੋਂ ਅਭਿਆਨ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹਾਲ ਵਿਚ ਹੀ 6 ਮਈ ਨੂੰ ਪਿੰਡ ਮਹਿਰਾ ਜੱਟਾਂ (ਬਲਾਕ ਤਲਵਾੜਾ) ਦੀ 12 ਏਕੜ 5 ਕਨਾਲ ਅਤੇ 8 ਮਰਲੇ ਦੀ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਾਅ ਕੇ ਪੰਚਾਇਤ ਨੂੰ ਦਿੱਤਾ ਗਿਆ ਸੀ। ਉਨ੍ਹਾਂ ਬੀ.ਡੀ.ਪੀ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਉਣ ਲਈ ਪੂਰੀ ਗੰਭੀਰਤਾ ਦਿਖਾਈ ਜਾਵੇ ਕਿਉਂਕਿ ਪੰਜਾਬ ਸਰਕਾਰ ਇਸ ਪ੍ਰਤੀ ਪੂਰੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕਿਸੇ ਵੀ ਵਿਅਕਤੀ ਦਾ ਨਾਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਕਬਜ਼ਾਕਾਰਾਂ ਵਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ, ਉਹ ਤੁਰੰਤ ਬੀ.ਡੀ.ਪੀ.ਓਜ਼ ਨੂੰ ਵਾਪਸ ਸੌਂਪ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕਬਜ਼ਾਕਾਰਾਂ ਵਲੋਂ ਆਪਣੇ ਨਾਜਾਇਜ਼ ਕਬਜ਼ੇ ਤਹਿਤ ਜ਼ਮੀਨ ਨਾ ਛੱਡੀ ਗਈ, ਤਾਂ ਕਾਨੂੰਨ ਮੁਤਾਬਕ ਸਖਤ ਕਾਰਵਾਈ ਅਮਲ ਵਿੱਚ  ਲਿਆਂਦੀ ਜਾਵੇਗੀ। ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਕਈ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਦੀਆਂ ਸ਼ਾਮਲਾਟ ਜ਼ਮੀਨਾਂ ’ਤੇ ਵੀ ਨਾਜਾਇਜ਼ ਕਬਜ਼ੇ ਕੀਤੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਪਿੰਡਾਂ ਵਿਚ ਜਿਥੇ ਲਿੰਕ ਰੋਡ ਜਾਂ ਹੋਰ ਸੜਕਾਂ, ਰਸਤਿਆਂ ਦੇ ਆਲੇ-ਦੁਆਲੇ ਜਾਂ ਦੂਸਰੀਆਂ ਸੜਕਾਂ ਦੇ ਬਰਮਾਂ ’ਤੇ ਨਾਜਾਇਜ਼ ਕਬਜੇ ਕੀਤੇ ਹੋਏ ਹਨ, ਉਥੇ ਕਈ ਪਿੰਡਾਂ ਵਿੱਚ ਸੜਕਾਂ ਅਤੇ ਆਮ ਰਸਤਿਆਂ ਦੇ ਆਲੇ-ਦੁਆਲੇ ਵੀ ਢੇਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਨਾਜਾਇਜ਼ ਕਬਜਿਆਂ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਮਾਲੇਰਕੋਟਲਾ ਦੇ ਪਿੰਡ ਲਸੋਈ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ

-- ਕਿਸਾਨਾਂ ਨੂੰ ਝੋਨੇ ਦੀ ਫ਼ਸਲ ਸਿੱਧੀ ਬਿਜਾਈ ਰਾਹੀ ਬੀਜਣ ਦੀ ਅਪੀਲ : ਇੰਦਰਦੀਪ ਕੌਰ ਪਨੂੰ

 

ਮਾਲੇਰਕੋਟਲਾ 16 ਮਈ  (ਰਣਜੀਤ ਸਿੱਧਵਾਂ)  : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਮਾਲੇਰਕੋਟਲਾ ਵੱਲੋਂ ਪੰਜਾਬ ਸਰਕਾਰ ਦੁਆਰਾ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਵਿੱਢੀ ਮੁਹਿੰਮ ਅਧੀਨ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕਤਾ ਮੁਹਿੰਮ ਆਰੰਭੀ ਗਈ ਹੈ। ਇਸ ਲੜੀ ਤਹਿਤ ਜਿਲ੍ਹਾ ਮਾਲੇਰਕੋਟਲਾ ਦੇ ਪਿੰਡ ਲਸੋਈ ਵਿਖੇ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਖੇਤੀਬਾੜੀ ਉਪ ਨਿਰੀਖਕ, ਮੰਨਵੀ ( ਮਾਲੇਰਕੋਟਲਾ) ਇੰਦਰਦੀਪ ਕੌਰ ਪਨੂੰ ਨੇ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਸਬੰਧੀ ਚਿੰਤਾ ਜ਼ਾਹਿਰ ਕਰਦੇ ਹੋਏ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਸਿੱਧੀ ਬਿਜਾਈ ਰਾਹੀ ਬੀਜਣ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਇਸ ਤਰ੍ਹਾਂ ਕੱਦੂ ਕੀਤੇ ਝੋਨੇ ਦੇ ਮੁਕਾਬਲੇ 15-20 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ,ਲੇਬਰ ਅਤੇ ਡੀਜ਼ਲ ਦਾ ਖਰਚਾ ਘਟਦਾ ਹੈ , ਝਾੜ ਵੱਧ ਦਾ ਹੈ ਅਤੇ ਬਰਸਾਤੀ ਪਾਣੀ ਧਰਤੀ ਹੇਠ ਜਰੀਦਾ ਹੈ।ਜਿਸ ਨਾਲ ਜ਼ਮੀਨ ਹੇਠਲੀ ਪਾਣੀ ਦੇ ਪੱਧਰ ਵਿੱਚ ਸੁਧਾਰ ਆਉਂਦਾ ਹੈ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਹੀ ਬਿਜਾਈ ਕਰਨ ਨੂੰ ਤਰਜੀਹ ਦੇਣ ।ਇਸ ਮੌਕੇ ਕਿਸਾਨ ਸੁਰਜੀਤ ਸਿੰਘ ਅਤੇ ਅਮਰਿੰਦਰ ਸਿੰਘ ਪਿੰਡ ਸਰਦੂਲਗੜ੍ਹ ਤੋਂ ਵਿਸ਼ੇਸ਼ ਤੌਰ ਤੇ ਕਿਸਾਨ ਨੂੰ ਸਿੱਧੀ ਬਿਜਾਈ ਅਤੇ ਵੱਟਾ ਵਾਲੀ ਬਿਜਾਈ ਸਬੰਧੀ ਜਾਗਰੂਕ ਕਰਨ ਪਹੁੰਚੇ ।ਉਹ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਕੇ ਜਿੱਥੇ ਪਾਣੀ ਦੀ ਬੱਚਤ ਕਰ ਰਹੇ ਹਨ ਉਸ ਦੇ ਨਾਲ -ਨਾਲ ਆਪਣਾ ਖਰਚਾ ਘਟਾ ਕੇ ਤੇ ਕੱਦੂ ਕੀਤੀ ਫ਼ਸਲ ਨਾਲੋਂ ਜ਼ਿਆਦਾ ਝਾੜ ਪ੍ਰਾਪਤ ਕਰਕੇ ਮੁਨਾਫ਼ਾ ਵੀ ਜ਼ਿਆਦਾ ਕਮਾ ਰਹੇ ਹਨ। ਇਸ ਮੌਕੇ ਸੁਖਜਿੰਦਰਪਾਲ ਸਿੰਘ, ਮਨਪ੍ਰੀਤ ਸਿੰਘ, ਕਰਮਜੀਤ ਸਿੰਘ, ਰਵਿੰਦਰ ਸਿੰਘ, ਜਗਦੀਪ ਸਿੰਘ ਆਦਿ ਵੀ ਸ਼ਾਮਲ ਸਨ।

ਹਰਪ੍ਰੀਤ ਸਿੰਘ ਅਟਵਾਲ ਨੇ ਫਤਹਿਗੜ੍ਹ ਸਾਹਿਬ ਦੇ ਐੱਸ.ਡੀ.ਐੱਮ ਵਜੋਂ ਕਾਰਜਭਾਰ ਸੰਭਾਲਿਆ

 ਫਤਹਿਗੜ੍ਹ ਸਾਹਿਬ, 16 ਮਈ  (ਰਣਜੀਤ ਸਿੱਧਵਾਂ)  :  2016 ਬੈਚ ਦੇ ਪੀ.ਸੀ.ਐੱਸ. ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਅਟਵਾਲ  ਨੇ ਅੱਜ ਫਤਹਿਗੜ੍ਹ ਸਾਹਿਬ ਸਬ ਡਵੀਜਨ ਦੇ ਐੱਸ.ਡੀ.ਐੱਮ ਵਜੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਉਹ ਜਲੰਧਰ-1 ਦੇ ਐੱਸ.ਡੀ.ਐੱਮ  ਵੀ ਰਹਿ ਚੁੱਕੇ ਹਨ। ਸ੍ਰੀ ਅਟਵਾਲ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਹੀ ਭਾਗਸ਼ਾਲੀ ਮੰਨਦੇ ਹਨ ਕਿ  ਉਹਨ੍ਹਾਂ ਨੂੰ ਸ਼ਹੀਦਾਂ ਦੀ ਇਸ ਇਤਿਹਾਸਕ ਧਰਤੀ 'ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀਆਂ ਸਕੀਮਾਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨਗੇ ।

ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਭਾਸ਼ਾ ਸਿੱਖੋ ਪ੍ਰੋਗਰਾਮ ਦੀ ਡਿਪਟੀ ਕਮਿਸ਼ਨਰ ਵੱਲੋਂ ਪੋਸਟਰ ਜਾਰੀ ਕਰ ਕੇ  ਸ਼ੁਰੂਆਤ

-ਜ਼ਿਲ੍ਹਾ ਪੱਧਰੀ ਕਰਵਾਏ ਜਾਣਗੇ ਵੀਡੀਓ ਮੇਕਿੰਗ ਮੁਕਾਬਲੇ 

 

ਫ਼ਤਹਿਗੜ੍ਹ ਸਾਹਿਬ, 16 ਮਈ (ਰਣਜੀਤ ਸਿੱਧਵਾਂ)  : ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਤਹਿਤ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਉਮਰ ਵਰਗ ਦੇ ਵਿਦਿਆਰਥੀਆਂ ਦੇ ਤੇਲਗੂ ਭਾਸ਼ਾ ਸਿੱਖਣ ਲਈ ਵੀਡੀਓ ਮੇਕਿੰਗ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਇਹਨਾਂ ਮੁਕਾਬਲਿਆਂ ਦਾ ਪੋਸਟਰ ਜਾਰੀ ਕਰਨ ਮੌਕੇ ਸਾਂਝੀ ਕੀਤੀ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਕਾਬਲੇ ਵੱਖੋ-ਵੱਖ ਉਮਰ ਵਰਗ ਦੇ ਵਿਦਿਆਰਥੀਆਂ ਵਿੱਚ ਕਰਵਾਈ ਜਾਵੇਗੀ ਅਤੇ ਜੇਤੂਆਂ ਨੂੰ ਪੰਜ ਹਜ਼ਾਰ ਤੱਕ ਦੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇੱਕ ਦੂਜੇ ਰਾਜਾਂ ਦੀਆਂ ਭਾਸ਼ਾਵਾਂ ਸਿੱਖਣ ਸਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ।  ਇਸੇ ਲੜੀ ਤਹਿਤ ਇਸ ਪ੍ਰੋਗਰਾਮ ਵਿੱਚ ਜੋੜੇ ਵਾਲੇ ਰਾਜ ਦੀ ਭਾਸ਼ਾ ਵਿੱਚ 100 ਵਾਕਾਂ ਨੂੰ ਸਿੱਖਣਾ ਸ਼ਾਮਲ ਹੈ, ਜਿਸ ਵਿੱਚ ਪੰਜਾਬ ਤੇ ਆਂਧਰਾ ਪ੍ਰਦੇਸ਼ ਨੂੰ ਨਾਲ ਨਾਲ ਰੱਖਿਆ ਗਿਆ ਹੈ।  

ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਭਾਸ਼ਾਈ ਸਹਿਣਸ਼ੀਲਤਾ, ਸਤਿਕਾਰ, ਅਤੇ ਨਵੀਂ ਭਾਸ਼ਾ ਵਿੱਚ ਦਿਲਚਸਪੀ ਪੈਦਾ ਕਰਕੇ ਅਤੇ ਹੋਰ ਸਿੱਖਣ ਦੀ ਉਤਸੁਕਤਾ ਪੈਦਾ ਕਰਨਗੇ ਅਤੇ ਏਕਤਾ ਨੂੰ ਵਧਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਤਹਿਤ ਬੱਚੇ ਤੇਲਗੂ ਭਾਸ਼ਾ ਵਿੱਚ ਇੱਕ ਵੀਡੀਓ ਸ਼ੂਟ ਕਰਨਗੇ ਅਤੇ ਦਿੱਤੇ ਲਿੰਕ ਦੀ ਵਰਤੋਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝਾ ਕਰਨਗੇ। ਇਹ ਵੀਡੀਓ ਇਕੱਲਾ ਬੱਚਾ ਜਾਂ ਤਿੰਨ ਬੱਚੇ ਮਿਲ ਕੇ ਵੀ ਬਣਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 03 – 07 ਸਾਲ ਉਮਰ ਵਰਗ ਦੇ ਬੱਚੇ  ਆਪਣੀ ਜਾਣ-ਪਛਾਣ, ਸਕੂਲ ਅਤੇ ਪਰਿਵਾਰ ਬਾਰੇ ਵੀਡੀਓ ਬਣਾਉਣਗੇ। ਜਦੋ ਕਿ 08 - 12 ਸਾਲ ਦੇ ਬੱਚੇ  ਆਪਣੇ  ਸ਼ੌਕ , ਰੁਚੀ ਅਤੇ ਉਦੇਸ਼ ਬਾਰੇ ਵੀਡੀਓ ਬਣਾਉਣਗੇ। ਇਸੇ ਤਰਾਂ  13 – 18ਸਾਲ ਦੇ ਬੱਚੇ  ਆਂਧਰਾ ਪ੍ਰਦੇਸ਼ ਅਤੇ ਪੰਜਾਬ ਰਾਜਾਂ ਬਾਰੇ (ਖਾਣਾ, ਪਹਿਰਾਵਾ,ਸੱਭਿਆਚਾਰ, ਡਾਂਸ, ਸੰਗੀਤ, ਤਿਉਹਾਰਾਂ ਬਾਰੇ ਵੀਡੀਓ ਘੱਟੋ-ਘੱਟ 45 ਸਕਿੰਟ, ਵੱਧ ਤੋਂ ਵੱਧ 2 ਮਿੰਟ ਦੀ ਬਣਾ ਕੇ ਲਿੰਕ  https://tinyurl.com/28d3txua  'ਤੇ ਮਿਤੀ 01 ਜੂਨ ਤੋਂ 15 ਜੁਲਾਈ ਤੱਕ  ਸਾਂਝੀ ਕਰ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ fatehgarhsahib.nic.in  'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਵਨੀਤ ਕੌਰ, ਐੱਸ.ਡੀ.ਐੱਮ ਖਮਾਣੋਂ, ਸ੍ਰੀਮਤੀ ਪਰਲੀਨ ਕਾਲੇਕਾ, ਸਹਾਇਕ ਕਮਿਸ਼ਨਰ ( ਜਨਰਲ ) ਸ੍ਰੀ ਅਸ਼ੋਕ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਸ਼ੁਸ਼ੀਲ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਆਪਣੇ ਨਾਲ ਫੇਸਬੁੱਕ ਤੇ ਪੰਜ ਹਜ਼ਾਰ ਬੰਦਾ ਜੁੜਿਆ ਹੈ ਉਨ੍ਹਾਂ ਵਿੱਚੋਂ ਤਿੱਨ ਸੌ ਬੰਦੇ ਨੇ ਸਟੇਟਸ ਖੋਲ੍ਹ ਕੇ ਦੇਖਿਆ ਤਾਂ ਤਿੱਨ ਸੌ ਵਿਊ ਮਿਲੇਗਾ

 ਕੀਤੇ ਵਾਅਦੇ ਅਨੁਸਾਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਰਕਾਰ ਦੇਵੇ ਮਾਨਤਾ....ਡਾ ਦੀਦਾਰ ਮੁਕਤਸਰ

 ਬਰਨਾਲਾ /ਮਹਿਲ ਕਲਾਂ- 16 ਮਈ- (ਗੁਰਸੇਵਕ ਸੋਹੀ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:295) ਜ਼ਿਲ੍ਹਾ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੀ ਇੱਕ ਵਿਸ਼ੇਸ ਮੀਟਿੰਗ ਡਾ. ਦੀਦਾਰ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਬਾਬਾ  ਮੋਢਾ ਜੀ ਦੇ ਮੰਡੀ ਬਰੀਵਾਲਾ ਵਿਖੇ ਹੋਈ। ਮੀਟਿੰਗ ਵਿਚ ਡਾ ਹਰਮਿੰਦਰ ਸਿੰਘ ਰੋਮਾਣਾ ਜੀ ਦੀ ਧਰਮ ਪਤਨੀ ਦੀ ਮੌਤ ਤੇ ਅਫ਼ਸੋਸ ਪ੍ਰਗਟ ਕੀਤਾ ਗਿਆ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ । ਮੀਟਿੰਗ  ਵਿੱਚ ਅਹਿਮ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ। ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੀਤੇ ਵਾਅਦੇ ਅਨੁਸਾਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪੰਜਾਬ  ਵਿੱਚ ਕਾਨੂੰਨੀ ਮਾਨਤਾ ਦਿੱਤੀ ਜਾਵੇ।

  ਮੀਟਿੰਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਤ ਛਬੀਲ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ ਤਾਂ ਕਿ ਅਸੀਂ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖ ਸਕੀਏ । ਮੀਟਿੰਗ ਵਿਚ ਬਲਾਕ ਦੋਦਾ ਤੋਂ ਬਲਾਕ ਪ੍ਰਧਾਨ ਗੁਰਮੀਤ ਸਿੰਘ, ਜ਼ਿਲਾ ਜਨਰਲ ਸੈਕਟਰੀ ਡਾ ਅੰਮ੍ਰਿਤਪਾਲ ਸਿੰਘ, ਜ਼ਿਲਾ ਚੇਅਰਮੈਨ ਡਾ ਜਗਸੀਰ ਸਿੰਘ, ਬਲਾਕ ਲੱਖੇਵਾਲੀ ਦੇ ਪ੍ਰਧਾਨ ਡਾ  ਬਲਵਿੰਦਰ ਸਿੰਘ ਖਾਲਸਾ, ਡਾ ਸੁਖਵਿੰਦਰ ਸਿੰਘ, ਡਾ ਬਲਵਿੰਦਰ ਸਿੰਘ, ਬਲਾਕ ਬਰੀਵਾਲਾ ਤੋਂ ਡਾਕਟਰ ਹਰਫੂਲ ਸਿੰਘ ਜ਼ਿਲ੍ਹਾ ਕੈਸ਼ੀਅਰ ,ਬਲਾਕ ਪ੍ਰਧਾਨ ਡਾ ਸੁਖਜੀਤ ਸਿੰਘ ਛੋਕਰ, ਡਾ ਸੁਰੇਸ਼ ਕੁਮਾਰ  ਜ਼ਿਲ੍ਹਾ ਮੈਂਬਰ, ਡਾ ਗੁਰਬਾਜ ਬਲਾਕ ਸਕੱਤਰ, ਡਾ ਬਲਵਿੰਦਰ ਬਾਵਾ ਵਾਈਸ ਪ੍ਰਧਾਨ ਜ਼ਿਲ੍ਹਾ ਬਲਾਕ ਮਲੋਟ ਅਤੇ ਡਾ ਜਗਜੀਤ ਸਿੰਘ ਹਰੀਕੇ ਆਦਿ ਹਾਜ਼ਰ ਸਨ।

ਦੇਸ਼ ਭਗਤ ਵਿਰਾਸਤ ਨੂੰ ਸਹੀ ਪ੍ਰਸੰਗ ਵਿੱਚ ਸਮਝਣ ਲਈ ਇਤਿਹਾਸ ਸਬੰਧੀ ਕਿਤਾਬਾਂ ਨਾਲ ਜੁੜੋ- ਗੁਰਭਜਨ ਗਿੱਲ

ਲੁਧਿਆਣਾ, 16 ਮਈ (ਮਨਜਿੰਦਰ ਗਿੱਲ  )ਬੀਤੀ ਸ਼ਾਮ ਸ਼ਹੀਦ ਸੁਖਦੇਵ ਦੇ 115ਵੇਂ ਜਨਮ ਦਿਹਾੜੇ ਨੂੰ ਨਾਰਥ ਜ਼ੋਨ ਕਲਚਰਲ ਸੈਟਰ ਪਟਿਆਲਾ ਵੱਲੋਂ ਆਲ ਇੰਡੀਆ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰਸਟ (ਰਜਿਃ) ਦੇ ਸਹਿਯੋਗ ਨਾਲ ਸ਼ਹੀਦ ਦੇ ਜਨਮ ਸਥਾਨ ਲੁਧਿਆਣਾ ਸਥਿਤ ਨੌ ਘਰਾ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਉੱਘੇ ਕਵੀ ਗੁਰਭਜਨ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਜੰਗੇ ਆਜ਼ਾਦੀ ਦੇ ਸੂਰਬੀਰ ਸ਼ਹੀਦਾਂ ਦੀ ਵਿਰਾਸਤ ਨੂੰ ਸਮਝਣ ਲਈ ਮੂੰਹ ਜ਼ਬਾਨੀ ਸੁਣੀਆਂ ਸੁਣਾਈਆਂ ਘਟਨਾਵਾਂ ਤੇ ਵਿਸ਼ਵਾਸ ਕਰਨ ਦੀ ਥਾਂ ਇਤਿਹਾਸ ਸਬੰਧੀ ਕਿਤਾਬਾਂ ਦੇ ਅਥਿਐਨ ਦੀ ਲੋੜ ਹੈ। 

ਸ਼ਹੀਦ ਸੁਖਦੇਵ ਦੀ ਵਿਸ਼ਲੇਸ਼ਣੀ ਸੂਝ ਤੇ ਸ਼ਹੀਦ ਭਗਤ ਸਿੰਘ ਦੀ ਪ੍ਰਬਲ ਭਾਵਨਾ ਦੇ ਸੁਮੇਲ ਸਦਕਾ ਹੀ ਇਹ ਨੌਜਵਾਨਾਂ ਦੀ ਇਨਕਲਾਬੀ ਲਹਿਰ ਮਜਬੂਤ ਆਧਾਰ ਬਣਾ ਸਕੀ ਅਤੇ ਕੌਮੀ ਪੱਧਰ ਤੇ ਅਸਰਦਾਰ ਹੋ ਸਕੀ। 

ਉਨ੍ਹਾਂ ਕਿਹਾ ਕਿ ਪਿਸਤੌਲ ਧਾਰੀ ਨਾਇਕਤਵ ਉਸਾਰ ਕੇ ਹਾਕਮ ਧਿਰਾਂ ਨੌਜਵਾਨ ਪੀੜ੍ਹੀ ਨੂੰ ਰਾਹੋਂ ਕੁਰਾਹੇ ਪਾਉਣ ਵਿੱਚ ਵੱਡਾ ਹਿੱਸਾ ਪਾਉਣ ਵਿਚ ਦੁਸ਼ਮਣ ਤਾਕਤਾਂ ਨੂੰ ਸਹਿਯੋਗ ਦੇਂਦੀਆਂ ਹਨ। 

ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਉਮਰੋਂ ਭਾਵੇਂ ਸ਼ਹੀਦ ਸੁਖਦੇਵ ਤੋਂ ਚਾਰ ਮਹੀਨੇ ਨਿੱਕਾ ਸੀ ਪਰ ਪਿਤਾਪੁਰਖੀ ਇਨਕਲਾਬੀ ਸੋਚ ਕਾਰਨ ਬਹੁਤ ਕਿਤਾਬਾਂ ਪੜ੍ਹਦਾ ਸੀ। ਆਪਣੇ ਨੈਸ਼ਨਲ ਕਾਲਿਜ  ਲਾਹੌਰ ਦੇ ਅਧਿਆਪਕ ਜੈ ਚੰਦ ਵਿਦਿਆਲੰਕਾਰ ਤੇ ਪ੍ਰਿੰਸੀਪਲ ਛਬੀਲ ਦਾਸ ਦੀ ਅਗਵਾਈ ਹੇਠ ਇਨ੍ਹਾਂ ਦੋਹਾਂ ਨੇ ਇਨਕਲਾਬ ਬਾਰੇ ਗੂੜ੍ਹ ਗਿਆਨ ਕਿਤਾਬਾਂ ਤੋਂ ਹੀ ਹਾਸਲ ਕੀਤਾ ਸੀ। 

ਪ੍ਰੋਃ ਗਿੱਲ ਨੇ ਦੱਸਿਆ ਕਿ ਸ਼ਹੀਦ ਸੁਖਦੇਵ ਦੇ ਪਿਤਾ ਜੀ ਰਾਮ ਲਾਲ ਥਾਪਰ ਦੀ ਮੌਤ ਵੇਲੇ ਸੁਖਦੇਵ ਸਿਰਫ਼ ਤਿੰਨ ਸਾਲ ਦਾ ਸੀ ਅਤੇ ਉਸ ਦੀ ਪਰਵਰਿਸ਼ ਉਸ ਦੇ ਤਾਇਆ ਜੀ ਅਚਿੰਤ ਰਾਮ ਥਾਪਰ ਨੇ ਲਾਇਲਪੁਰ ਚ ਕੀਤੀ। ਇਥੇ ਹੋਣ ਕਾਰਨ ਹੀ ਸ਼ਹੀਦ ਭਗਤ ਸਿੰਘ ਦੇ ਬਾਬਾ ਜੀ ਸਃ ਅਰਜਨ ਸਿੰਘ ਅਤੇ ਬਾਪ ਸਃ ਕਿਸ਼ਨ ਸਿੰਘ  ਨਾਲ ਦੇਸ਼ ਭਗਤ ਰੁਚੀਆਂ ਵਾਲੇ ਅਚਿੰਤ ਰਾਮ ਥਾਪਰ ਪਰਿਵਾਰ ਦੀ ਨੇੜਤਾ ਸੀ। ਬਚਪਨ ਵੇਲੇ ਦੋਵੇਂ ਬਾਲ ਭਗਤ ਸਿੰਘ ਤੇ ਸੁਖਦੇਵ ਇਕੱਠਿਆਂ ਖੇਡਦੇ ਰਹੇ ਹਨ। ਬਚਪਨ ਤੋਂ ਲੈ ਕੇ ਫਾਂਸੀ ਲੱਗਣ ਵਾਲੇ ਦਿਨ 23 ਮਾਰਚ1931 ਤੀਕ ਦੋਵੇਂ ਅੰਗ ਸੰਗ ਰਹੇ। 

ਨਾਰਥ ਜ਼ੋਨ ਕਲਚਰਲ ਸੈਂਟਰ ਦੇ ਪ੍ਰੋਗਰਾਮ ਅਫ਼ਸਰ ਰਵਿੰਦਰ ਕੁਮਾਰ ਸ਼ਰਮਾ ਨੇ ਸਮਾਗਮ ਦੀ ਰੂਪ ਰੇਖਾ ਦੱਸਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਦੀ ਸੀਨੀਅਰ ਪ੍ਰੋਫ਼ੈਸਰ ਡਾਃ ਮੰਜੂ ਮਲਹੋਤਰਾ ਅਤੇ ਡਾਃ ਪ੍ਰਦੀਪ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪ੍ਰਸਿੱਧ ਲੋਕ ਗਾਇਕ ਮੁਹੰਮਦ ਇਰਸ਼ਾਦ ਤੇ ਕਵੀ ਕਰਮਜੀਤ ਗਰੇਵਾਲ ਨੇ ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਸੁਣਾਈਆਂ। 

ਇਸ ਮੌਕੇ ਆਲ ਇੰਡੀਆ ਸ਼ਹੀਦ ਸੁਖਦੇਵ ਥਾਪਰ ਟਰਸਟ ਦੇ ਚੇਅਰਮੈਨ ਅਸ਼ੋਕ ਥਾਪਰ,ਬ੍ਰਿਜ ਭੂਸ਼ਨ ਗੋਇਲ, ਤ੍ਰਿਭੁਵਨ ਥਾਪਰ,ਰਣਜੋਧ ਸਿੰਘ ਜੀ ਐੱਸ,ਮਨੋਜ ਕੁਮਾਰ, ਜਗਦੀਸ਼ਪਾਲ ਸਿੰਘ ਗਰੇਵਾਲ, ਡਾਃ ਮੰਜੂ ਮਲਹੋਤਰਾ ਤੇ ਪ੍ਰਿੰਸੀਪਲ ਪਰਦੀਪ ਸ਼ਰਮਾ ਤੇ ਸੈਂਕੜੇ ਮਹੱਤਵਪੂਰਨ ਵਿਅਕਤੀ ਹਾਜ਼ਰ ਸਨ।

ਦੇਸ ਪੈਂਦੇ ਧੱਕੇ ਪਰਦੇਸ ਢੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ : ਦੇਵ ਸਰਾਭਾ

ਮੁੱਲਾਂਪੁਰ ਦਾਖਾ 15 ਮਈ  (ਸਤਵਿੰਦਰ ਸਿੰਘ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 84ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ  ਮੋਰਚੇ 'ਚ ਸਹਿਯੋਗੀ ਕਰਨੈਲ ਸਿੰਘ ਕਾਲਖ ,ਭੁਪਿੰਦਰ ਸਿੰਘ ਕਾਲਖ, ਹਰਦੇਵ ਸਿੰਘ ਕਾਲਖ ,ਹਰਭਜਨ ਸਿੰਘ ਕਾਲਖ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਜਿਸ ਦੇਸ਼ ਲਈ ਸਾਡੇ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਾਰ ਸਾਹਿਬਜ਼ਾਦੇ ਦੇਸ਼ ਕੌਮ ਲਈ ਤੋਂ ਨਿਸ਼ਾਵਰ ਕੀਤੇ ਹੋਣ ਅਤੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਹੱਥੀਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਹੋਣ ਲਈ ਭੇਜੇ ਹੋਣ  ਤੇ ਅੱਜ ਕੁੱਝ ਹਿੰਦੂ ਲੋਕ ਦਿੱਲੀ ਵਿੱਚ ਬੈਠ ਕੇ ਪੰਜਾਬ ਨੂੰ ਉਜਾੜਨ ਦੀਆ  ਸਕੀਮਾਂ ਘੜਨਗੇ ਤਾਂ ਇਹ ਉਨ੍ਹਾਂ ਕਿਰਤ ਘਾਣ ਲੋਕਾਂ ਲਈ ਮੰਦਭਾਗਾ  । ਉਨ੍ਹਾਂ ਅੱਗੇ ਆਖਿਆ ਕਿ ਜੇਕਰ ਦਿੱਲੀ ਦੇ ਲੀਡਰ ਪੰਜਾਬ ਦਾ ਭਲਾ ਚਾਹੁੰਦੇ ਹੁੰਦੇ ਤਾਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਦੇ, ਨਾ ਕਿ ਅੱਜ ਹਿੰਦੂ, ਸਿੱਖ ਵਿੱਚ ਲੜਾਈ ਕਰਵਾ ਕੇ ਸਿੱਖ ਨੌਜਵਾਨਾਂ ਨੂੰ ਫਡ਼ ਕੇ ਜੇਲ੍ਹੀਂ ਨਾ ਡੱਕਦੇ । ਬਾਕੀ ਜਿਸ ਭਾਰਤ ਦੇਸ਼ ਨੂੰ ਬਚਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਹੋਣ ਤਾਂ ਇਨ੍ਹਾਂ ਨੂੰ ਕੌਣ ਕਹੂ ਊਧਮ, ਭਗਤ, ਸਰਾਭੇ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬਾਬਿਆਂ ਦੇ ਵਾਰਸ ਜਿਹੜੇ ਹੱਕ ਲੈਣ ਦੀ ਬਜਾਏ ਆਪਣੀਆਂ ਜ਼ਮੀਨਾਂ ਗਹਿਣੇ ਧਰ ਕੇ   ਵਿਦੇਸ਼ਾਂ ਨੂੰ ਭੱਜਦੇ ਨੇ ਉਹ ਗ਼ਦਰੀ ਬਾਬਿਆਂ ਦਾ ਇਤਿਹਾਸ ਜ਼ਰੂਰ ਪੜ੍ਹ ਲੈਣ ਕਿ ਕਿੱਦਾਂ ਉਹਨਾਂ ਗ਼ਦਰੀ ਬਾਬਿਆਂ ਨੇ ਵਿਦੇਸ਼ਾਂ ਵਿੱਚ ਆਪਣੇ ਵੱਡੇ ਕਾਰੋਬਾਰ ਛੱਡ ਕੇ ਪੂਰੇ ਦੇਸ਼ ਲੋਕਾਂ ਦੇ ਹੱਕਾਂ ਲਈ ਲੜੇ ਜਿਵੇਂ ਕਿ ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਛੋਟੀ ਉਮਰੇ ਵੱਡੀ ਕੁਰਬਾਨੀ ਕੀਤੀ ਪਰ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ । ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਜਿਸ ਦੇਸ਼ ਲਈ ਸਿੱਖ ਕੌਮ ਨੇ ਆਪਣਾ ਆਪ ਵਾਰਿਆ ਉਸੇ ਦੇਸ਼ ਦੇ ਨਿਕੰਮੇ ਲੀਡਰਾਂ ਨੇ ਸਾਡੇ ਗਲਾਂ ਵਿੱਚ ਮੱਚ ਦੇ ਟਾਇਰ ਪਾ ਕੇ ਕਾਰਜ ਉਤਾਰਿਆ । ਹੁਣ ਤਾਂ ਸਿੱਖਾਂ ਨੂੰ ਦੇਸ ਪੈਂਦੇ ਧੱਕੇ ਪਰਦੇਸ ਢੋਈ ਨਾ ,ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ ਇਸ ਲਈ ਹੁਣ ਸਾਨੂੰ ਆਪਣੇ ਹੱਕਾਂ ਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੈਦਾਨ ਵਿਚ ਆਉਣਾ ਪਊ, ਤਦ ਹੀ ਹੋਵੇਗਾ ਹਰ ਮੈਦਾਨ ਫਤਿਹ। ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ,ਕੈਪਟਨ ਰਾਮਲੋਕ ਸਿੰਘ ਸਰਾਭਾ ,ਗੁਰਜੀਤ ਸਿੰਘ ਜੋਧਾਂ ,ਢਾਡੀ ਕਰਨੈਲ ਸਿੰਘ ਛਾਪਾ, ਕੁਲਦੀਪ ਸਿੰਘ ਛਾਪਾ ,ਅੱਛਰਾ ਸਿੰਘ ਸਰਾਭਾ ਮੋਟਰਜ਼ ਵਾਲੇ,ਗੁਰਮੁਖ ਸਿੰਘ ਪ੍ਰਧਾਨ ਗ੍ਰੰਥੀ ਸਭਾ ਮੋਰਕਰੀਮਾ,  ਗੁਲਜ਼ਾਰ ਸਿੰਘ ਮੋਹੀ,ਚਰਨ ਸਿੰਘ ਅੱਬੂਵਾਲ, ਬਲਜਿੰਦਰ ਕੌਰ ਸਰਾਭਾ, ਅੰਮ੍ਰਿਤਪਾਲ ਸਿੰਘ ਰੱਤੋਵਾਲ ,ਨਿਰਭੈ ਸਿੰਘ ਅੱਬੂਵਾਲ,ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਅੱਗ ਨਾਲ ਨੁਕਸਾਨੇ ਗੁਰੂ ਨਾਨਕ ਦੇਵ ਹਸਪਤਾਲ ਵਿਚ 24 ਘੰਟਿਆਂ ਤੋਂ ਪਹਿਲਾਂ ‘ਕੰਪੈਕਟ ਸਬ ਸਟੇਸ਼ਨ’ ਬਨਾਉਣ ਦਾ ਕੰਮ ਸ਼ੁਰੂ

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਤ ਹੀ ਨਵੇਂ ਸਬ ਸਟੇਸ਼ਨ ਬਨਾਉਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ -ਈਟੀਓ

 

ਅੰਮ੍ਰਿਤਸਰ, 15 ਮਈ (ਰਣਜੀਤ ਸਿੱਧਵਾਂ) : ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਜਿੱਥੇ ਕਿ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਤੇਲ ਲੀਕ ਹੋਣ ਕਾਰਨ ਕੱਲ ਦੁਪਿਹਰ ਭਿਆਨਕ ਅੱਗ ਲੱਗ ਗਈ ਸੀ ਅਤੇ ਉਸ ਕਾਰਨ ਹਸਪਤਾਲ ਦਾ ਵੱਡਾ ਹਿੱਸਾ ਬਿਜਲੀ ਸਪਲਾਈ ਤੋਂ ਵਾਂਝਾ ਹੋ ਗਿਆ ਸੀ, ਵਿਖੇ 24 ਘੰਟਿਆਂ ਦੇ ਅੰਦਰ-ਅੰਦਰ 500 ਕੇ.ਵੀ ਦੇ ਦੋ ਨਵੇਂ ਟਰਾਂਸਫਾਰਮ ਪਹੁੰਚ ਚੁੱਕੇ ਹਨ ਅਤੇ ਇਨ੍ਹਾਂ   ਨੂੰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਉਕਤ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਬਿਜਲੀ ਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਹੀ ਮੁੱਖ ਮੰਤਰੀ ਸ. ਭਗਵੰਤ ਮਾਨ ਨੂੰ ਘਟਨਾ ਦਾ ਵੇਰਵਾ ਦਿੰਦੇ ਹਸਪਤਾਲ ਦੀਆਂ ਬਿਜਲਈ ਲੋੜਾਂ ਦੀ ਪੂਰਤੀ ਲਈ ਇੰਜੀਨੀਅਰਾਂ ਵੱਲੋਂ ਦਿੱਤੇ ਸੁਝਾਅ ਅਨੁਸਾਰ 500 ਕੇ.ਵੀ ਦੇ ਦੋ ਡਰਾਈ ਟਰਾਂਸਫਾਰਮਰ ਲਗਾਉਣ ਦੀ ਤਜਵੀਜ਼ ਦਿੱਤੀ ਸੀ, ਜਿਸ ਨੂੰ ਉਨਾਂ ਨੇ ਤਰੁੰਤ ਪ੍ਰਵਾਨ ਕਰ ਲਿਆ ਅਤੇ ਅੱਜ ਸਵੇਰੇ ਇਹ ਟਰਾਂਸਫਾਰਮਰ ਹਸਪਤਾਲ ਪਹੁੰਚ ਗਏ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਵੱਡਾ ਹਸਪਤਾਲ ਹੈ ਅਤੇ ਇੱਥੇ ਹਰ ਵੇਲੇ ਡਾਕਟਰ, ਨਰਸਾਂ, ਪੈਰਾ ਮੈਡੀਕਲ ਅਮਲਾ ਤੇ ਦਾਖਲ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਰਹਿੰਦੀ ਹੈ, ਸੋ ਅਸੀਂ ਕਿਸੇ ਵੀ ਤਰਾਂ ਨਾ ਤਾਂ ਆਪਣੇ ਇਸ ਸਰਮਾਏ ਨੂੰ ਖ਼ਤਰੇ ਵਿਚ ਪਾ ਸਕਦੇ ਹਾਂ ਤੇ ਨਾ ਹੀ ਬਿਨਾਂ ਬਿਜਲੀ ਦੇ ਬੈਠੇ ਰਹਿਣ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕੱਲ੍ਹ ਵਿਭਾਗ ਨੇ ਆਰਜ਼ੀ ਪ੍ਰਬੰਧ ਕਰਕੇ ਸਪਲਾਈ ਸ਼ੁਰੂ ਕੀਤੀ ਸੀ ਅਤੇ ਅੱਜ ਸਵੇਰੇ ਇਹ ਟਰਾਂਸਫਾਰਮ ਪਹੁੰਚ ਗਏ ਹਨ, ਜਿੰਨ੍ਹਾਂ ਨੂੰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਵਿੱਚ ਫਿਲਹਾਲ ਕਿਸੇ ਦੀ ਕੁਤਾਹੀ ਸਾਹਮਣੇ ਨਹੀਂ ਆਈ, ਪਰ ਇਹ ਪਤਾ ਲੱਗਾ ਹੈ ਕਿ ਉਕਤ ਟਰਾਂਸਫਾਰਮਰ 70 ਦੇ ਦਹਾਕੇ ਦੇ ਬਣੇ ਸਨ ਅਤੇ ਪੁਰਾਣੇ ਹੋਣ ਕਾਰਨ ਇਹ ਲੀਕੇਜ਼ ਹੋਈ, ਜੋ ਕਿ ਅੱਗ ਲੱਗਣ ਦਾ ਕਾਰਨ ਬਣੀ। ਉਨਾਂ ਦੱਸਿਆ ਕਿ ਹੁਣ ਲਗਾਏ ਜਾ ਰਹੇ ਟਰਾਂਸਫਾਰਮ, ਇੱਕ ਤਾਂ ਬਿਨ੍ਹਾਂ ਤੇਲ ਦੇ ਹਨ ਅਤੇ ਦੂਸਰਾ ਹਸਪਤਾਲ ਦੀ ਇਮਾਰਤ ਤੋਂ ਦੂਰ ਲਗਾਏ ਜਾਣਗੇ, ਜਿਸ ਨਾਲ ਅੱਗ ਲੱਗਣ ਵਰਗਾ ਖ਼ਤਰਾ ਬਿਲਕੁਲ ਨਹੀਂ ਰਹੇਗਾ। ਇਸ ਮੌਕੇ ਪ੍ਰਿੰਸੀਪਲ ਸ੍ਰੀ ਰਾਜੀਵ ਦੇਵਗਨ, ਐੱਸ. ਈ ਸ੍ਰੀ ਵਿਕਾਸ ਗੁਪਤਾ, ਐੱਸ.ਡੀ.ਓ ਸ੍ਰੀ ਰਾਜੀਵ ਸ਼ਰਮਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਸ਼ਹੀਦ ਸੂਬੇਦਾਰ ਹਰਦੀਪ ਸਿੰਘ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋ ਕੇ ਕੈਬਨਿਟ ਮੰਤਰੀ ਜਿੰਪਾ ਨੇ ਪਰਿਵਾਰ ਨਾਲ ਹਮਦਰਦੀ ਦਾ ਕੀਤਾ ਪ੍ਰਗਟਾਵਾ

ਕੈਬਨਿਟ ਮੰਤਰੀ ਨੇ ਸ਼ਹੀਦ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਇਕ ਕਰੋੜ ਰੁਪਏ ਦੀ ਰਾਸ਼ੀ ’ਚੋ 5 ਲੱਖ ਰੁਪਏ ਦਾ ਚੈਕ ਕੀਤਾ ਭੇੰਟ

ਹੁਸ਼ਿਆਰਪੁਰ, 15 ਮਈ  (ਰਣਜੀਤ ਸਿੱਧਵਾਂ)  : ਸ਼ਹੀਦ ਸੂਬੇਦਾਰ ਹਰਦੀਪ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਅੱਜ ਮੁੱਖ ਮੰਤਰੀ ਪੰਜਾਬ ਵਲੋਂ ਮਾਲ, ਮੁੜ ਵਸੇਬਾ ਤੇ ਆਪਦਾ ਪ੍ਰਬੰਧਨ, ਜਲ ਸਰੋਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਪੰਜਾਬ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਤੇ ਵਿਧਾਇਕ ਉੜਮੁੜ ਸ੍ਰੀ ਜਸਵੀਰ ਸਿੰਘ ਰਾਜਾ ਨੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ। ਸ਼ਹੀਦ ਦੇ ਪਿੰਡ ਬਰਾਂਡਾ ਵਿਚ ਰੱਖੇ ਗਏ ਸਹਿਜ ਪਾਠ ਦੇ ਭੋਗ ਦੇ ਬਾਅਦ ਕੈਬਨਿਟ ਮੰਤਰੀ ਨੇ ਈਸ਼ਵਰ ਤੋਂ ਵਿਛੜੀ ਰੂਹ ਨੂੰ ਆਪਣੇ ਕਦਮਾਂ ਵਿਚ ਨਿਵਾਸ ਦੇਣ ਅਤੇ ਦੁੱਖੀ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦ ਸੂਬੇਦਾਰ ਹਰਦੀਪ ਸਿੰਘ ਦੀ ਸ਼ਹਾਦਤ ’ਤੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਸੂਬੇਦਾਰ ਹਰਦੀਪ ਸਿੰਘ ਇੱਕ ਬਹਾਦਰ ਯੋਧਾ ਸਨ ਅਤੇ ਉਨ੍ਹਾਂ ਦੇ ਮਹਾਨ ਬਲੀਦਾਨ ਪ੍ਰਤੀ ਦੇਸ਼ ਸਦਾ ਉਨ੍ਹਾਂ ਦਾ ਰਿਣੀ ਰਹੇਗੀ। ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਇੱਕ ਕਰੋੜ ਰੁਪਏ ਦੀ ਰਾਸ਼ੀ ਵਿਚੋਂ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਸ਼ਹੀਦ ਦੀ ਪਤਨੀ ਰਵਿੰਦਰ ਕੌਰ ਨੂੰ ਭੇੰਟ ਕੀਤਾ ਅਤੇ ਕਿਹਾ ਕਿ ਬਕਾਇਆ ਰਾਸ਼ੀ ਜਲਦ ਤੋਂ ਜਲਦ ਪਰਿਵਾਰ ਨੂੰ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਪਰਿਵਾਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ। ਇਸ ਮੌਕੇ ’ਤੇ ਸ਼ਹੀਦ ਦੀ ਮਾਤਾ ਤੀਰਥ ਕੌਰ, ਬੇਟਾ ਰਵਿੰਦਰ ਪਾਲ ਸਿੰਘ, ਬੇਟੀ ਅਮਨੀਤ ਕੌਰ ਵੀ ਮੌਜੂਦ ਸਨ।ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੇ ਪਿੰਡ ਬਰਾਂਡਾ ਦੇ ਸੂਬੇਦਾਰ ਹਰਦੀਪ ਸਿੰਘ ਜੋ ਕਿ 15 ਪੰਜਾਬ ਰੈਜੀਮੈਂਟ ਅਰੁਣਾਚਲ ਪ੍ਰਦੇਸ਼ ਵਿਚ ਤਾਇਨਾਤ ਸਨ, 6 ਮਈ ਨੂੰ ਅਰੁਣਾਚਲ ਪ੍ਰਦੇਸ਼ ਵਿਚ ਐਲ.ਏ.ਸੀ. ਨਾਲ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਸ਼ਹੀਦ ਦਾ 8 ਮਈ ਨੂੰ ਉਨ੍ਹਾਂ ਦੇ ਪਿੰਡ ਵਿੱਚ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ ਸੀ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੱਠਾ ਮਜਦੂਰਾਂ ਨੂੰ ਪ੍ਰਦਰਸ਼ਨ ਖਤਮ ਕਰਕੇ ਆਪਣੇ ਲਿਖਤੀ ਕਲੇਮ ਦੇਣ ਦੀ ਅਪੀਲ

-ਭੱਠਿਆਂ ਦੇ ਹੁਣ ਤੱਕ ਹੋਏ 48 ਚਲਾਨ, ਇਕ ਦਾ ਲਾਇਸੈਂਸ ਸਸਪੈਂਡ

 

ਫਾਜ਼ਿਲਕਾ 15 ਮਈ  (ਰਣਜੀਤ ਸਿੱਧਵਾਂ)  : ਫਾਜ਼ਿਲਕਾ  ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸੂ ਅਗਰਵਾਲ ਆਈਏਐਸ  ਨੇ ਪ੍ਰਦਰਸ਼ਨ ਕਰ ਰਹੇ ਭੱਠਾ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪ੍ਰਦਰਸ਼ਨ ਖਤਮ ਕਰ ਦੇਣ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਅਨੁਸਾਰ ਲੇਬਰ ਵਿਭਾਗ ਪਹਿਲਾਂ ਹੀ ਬਣਦੀ ਕਾਰਵਾਈ ਕਰਦਿਆਂ ਜ਼ਿਲ੍ਹੇ ਵਿੱਚ ਭੱਠਿਆਂ ਦੇ 48 ਚਲਾਨ ਕਰ ਚੁੱਕਾ ਹੈ ਜਦ ਕਿ ਇੱਕ  ਭੱਠੇ ਦਾ ਲਾਇਸੈਂਸ ਵੀ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਮਜਦੂਰਾਂ ਵੱਲੋਂ ਪ੍ਰਦਰਸ਼ਨ ਸ਼ੁਰੂ ਕਰਨ ਦੇ ਪਹਿਲੇ ਦਿਨ ਤੋਂ ਹੀ ਲੇਬਰ ਵਿਭਾਗ ਅਤੇ ਐਸਡੀਐਮ ਵੱਲੋਂ ਇੰਨ੍ਹਾਂ ਨਾਲ ਰਾਬਤਾ ਕਰਕੇ ਇੰਨ੍ਹਾਂ ਦੇ ਮਸਲੇ ਦੇ ਹੱਲ ਲਈ ਕੰਮ ਕੀਤਾ ਜਾ ਰਿਹਾ ਸੀ। ਅਗਲੇ ਦਿਨ ਹੀ ਡਿਪਟੀ ਕਮਿਸ਼ਨਰ ਵੱਲੋਂ ਖੁਦ ਵੀ ਮਜ਼ਦੂਰ ਯੁਨੀਅਨ ਨਾਲ ਬੈਠਕ ਕਰਕੇ ਇੰਨ੍ਹਾਂ ਦੀਆਂ ਮੰਗਾਂ ਸੁਣੀਆਂ ਗਈਆਂ। ਜਿਸ ਤੋਂ ਬਾਅਦ ਇੰਨ੍ਹਾਂ ਨੂੰ ਯਕੀਨ ਦੁਆਇਆ ਸੀ ਕਿ ਅੱਜ ਤੋਂ ਬਾਅਦ ਇੰਨ੍ਹਾਂ ਨੂੰ ਸਰਕਾਰ ਵੱਲੋਂ ਤੈਅ ਮਜਦੂਰੀ ਮਿਲੇਗੀ ਅਤੇ ਜੇਕਰ ਕੋਈ ਪੁਰਾਣਾ ਬਕਾਇਆ ਹੈ ਤਾਂ ਇਸ ਸਬੰਧੀ ਇਹ ਆਪਣੀ ਮਜਦੂਰੀ ਸਬੰਧੀ ਲਿਖਤੀ ਕਲੇਮ ਅਸੀਸਟੈਂਟ ਲੇਬਰ ਕਮਿਸ਼ਨਰ ਨੂੰ ਦੇਣ ਤਾਂ ਜ਼ੋ ਜਾਂਚ ਪੜਤਾਲ ਕਰਕੇ ਉਨ੍ਹਾਂ ਦੇ ਹੱਕ ਦਿਵਾਏ ਜਾ ਸਕਨ।ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਵਿਭਾਗਾਂ ਦੀ ਸਾਂਝੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਤਾਂ ਜ਼ੋ ਮਜਦੂਰਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਵੱਲੋਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਜਦੂਰ ਭਰਾ ਆਪਣਾ ਧਰਨਾ ਸਮਾਪਤ ਕਰ ਦੇਣ ਕਿਉਂਕਿ ਧਰਨਾ ਪ੍ਰਦਰਸ਼ਨ ਕਰਨ ਨਾਲ ਉਨ੍ਹਾਂ ਦੀਆਂ ਆਪਣੀਆਂ ਦਿਹਾੜੀਆਂ ਵੀ ਖਰਾਬ ਹੋ ਰਹੀਆਂ ਹਨ ਅਤੇ ਲੋਕ ਵੀ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਮਜਦੂਰਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਲੇਬਰ ਵਿਭਾਗ ਜ਼ਿਲ੍ਹਾ  ਪ੍ਰਸ਼ਾਸਨ ਦੀ ਅਗਵਾਈ ਵਿੱਚ ਸੁਹਿਰਦ ਯਤਨ ਕਰ ਰਿਹਾ ਹੈ ਪਰ ਸਾਰੇ ਮਸਲੇ ਦਾ ਹੱਲ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਕੀਤਾ ਜਾ ਸਕਦਾ ਹੈ ਅਤੇ ਲੇਬਰ ਵਿਭਾਗ ਕਾਨੂੰਨ ਅਨੁਸਾਰ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਦੂਜੇ ਪਾਸੇ ਅਸਿਸਟੈਂਟ ਲੇਬਰ ਕਮਿਸ਼ਨਰ ਐਸ.ਕੇ. ਭੋਰੀਵਾਲ ਨੇ ਕਿਹਾ ਹੈ ਕਿ ਪਹਿਲਾਂ ਕੀਤੇ ਕੰਮ ਦੀ ਮਜਦੂਰੀ ਨਾ ਮਿਲਣ ਦੇ ਮਾਮਲੇ ਬਾਬਤ ਸਬੰਧਤ ਮਜ਼ਦੂਰ ਲਿਖਤੀ ਤੌਰ ਤੇ ਉਨ੍ਹਾਂ ਦੇ ਦਫ਼ਤਰ ਨੂੰ ਆਪਣਾ ਕਲੇਮ ਦੇਣ, ਜਿਸਦੀ ਜਾਂਚ ਕਰਕੇ ਤੁਰੰਤ ਉਨ੍ਹਾਂ ਦਾ ਬਣਦਾ ਹੱਕ ਦਿਵਾਇਆ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੌਜ਼ੂਦਾ ਚੱਲ ਰਹੇ ਮੰਗ ਪੱਤਰ ਮਿਤੀ 20 ਅਪ੍ਰੈਲ 2022 ਸਬੰਧੀ ਦੋਨਾਂ ਧਿਰਾਂ ਨੂੰ ਸੁਣਨ ਉਪਰੰਤ ਜੇਕਰ ਫਿਰ ਵੀ ਕੋਈ ਫੈਸਲਾ ਨਹੀਂ ਹੁੰਦਾ ਤਾਂ ਮੰਗ ਪੱਤਰ ਕਿਰਤ ਕਮਿਸ਼ਨਰ ਪੰਜਾਬ ਨੂੰ ਅਗਲੀ ਸੁਣਵਾਈ ਲਈ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਜੇਕਰ ਦੋਨੋਂ ਧਿਰਾਂ ਕਿਰਤ ਕਮਿਸ਼ਨਰ ਦੇ ਫੈਸਲੇ ਤੇ ਸਹਿਮਤ ਨਹੀਂ ਹੁੰਦੀਆਂ ਤਾਂ ਲੇਬਕ ਕੋਰਟ ਵਿੱਚ ਇਹ ਕੇਸ ਵਿਭਾਗ ਵੱਲੋਂ ਰੈਫਰ ਕੀਤਾ ਜਾਵੇਗਾ।

ਵਿਦਿਆਰਥੀਆਂ ਨੂੰ ਸਿੱਖਿਆ ਦੇ 'ਦੀਵਾਨੇ' ਬਣਾ ਰਿਹਾ ਦੀਵਾਨ ਖੇੜਾ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ

ਦੁਗਣੀ ਹੋਈ ਵਿਦਿਆਰਥੀਆਂ ਦੀ ਸੰਖਿਆ, ਅਧਿਆਪਕਾਂ ਦੀ ਮਿਹਨਤ ਅਤੇ ਲਗਨ ਨੂੰ ਬੂਰ ਪਿਆ

 

ਅਬੋਹਰ /  ਫ਼ਾਜ਼ਿਲਕਾ 15 ਮਈ (ਰਣਜੀਤ ਸਿੱਧਵਾਂ)  : ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਸਿੱਖਿਆ ਦੇ ਨੈਣ ਨਕਸ਼ ਤਰਾਸ਼ੇ ਜਾ ਰਹੇ ਹਨ। ਇਸ ਵਿੱਚ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਸਾਫ਼ ਝਲਕਣ ਲੱਗੀ ਹੈ। ਜ਼ਿਲ੍ਹੇ ਦੇ ਜੇਕਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਵਾਨ ਖੇੜਾ ਦੀ ਜੇਕਰ ਗੱਲ ਕਰੀਏ ਤਾਂ ਇਹ ਸਕੂਲ ਸੁੰਦਰ ਇਮਾਰਤਸਾਜੀ ਕਰਕੇ ਹੋਰਨਾਂ ਸਕੂਲਾਂ ਲਈ ਮਾਰਗਦਰਸ਼ਕ ਬਣ ਕੇ ਉਭਰ ਰਿਹਾ ਹੈ। ਸਕੂਲ ਦੀ ਸੁੰਦਰ ਇਮਾਰਤ, ਅਤਿ ਆਧੁਨਿਕ ਸਾਜੋ ਸਮਾਨ, ਹਰਿਆ ਭਰਿਆ ਵਾਤਾਰਵਣ, ਅਵੱਲ ਦਰਜੇ ਦੀ ਸਾਫ਼ ਸਫ਼ਾਈ, ਛੋਟੇ ਬਾਲਾਂ ਲਈ ਸਮਾਰਟ ਕਲਾਸਾਂ, ਅੰਗਰੇਜੀ ਅਤੇ ਪੰਜਾਬੀ ਮਾਧਿਅਮ ਵਿੱਚ ਸਿੱਖਿਆ, ਲਾਇਬ੍ਰੇਰੀ , ਕੰਪਿਊਟਰ ਲੈਬ ਅਤੇ ਪ੍ਰਾਜੈਕਟਰ ਨਾਲ ਲੈਸ ਸਮਾਰਟ ਕਲਾਸ ਰੂਮ ਵਿਦਿਆਰਥੀਆਂ ਨੂੰ ਨਵੇਂ ਰਾਹਾਂ ਵੱਲ ਉਡਾਰੀ ਭਰਨ ਲਈ ਪ੍ਰੇਰਿਤ ਕਰ ਰਿਹਾ ਹੈ।

ਸਕੂਲ ਦੀਆਂ ਕੰਧਾਂ ਵੀ ਵਿਦਿਆਰਥੀਆਂ ਨੂੰ ਰਾਜਨੀਤੀ, ਸਮਾਜਿਕ ਅਤੇ ਹੋਰਨਾਂ ਖੇਤਰਾਂ ਦੀ ਜਾਣਕਾਰੀ ਮੁਹੱਈਆ ਕਰਵਾਉਂਦੀਆਂ ਹਨ। ਜਿੱਥੇ ਭਾਰਤ ਦੇ ਹੁਣ ਤੱਕ ਦੇ ਰਾਸ਼ਟਰਪਤੀ , ਪੰਜਾਬ ਦੇ ਮੁੱਖ ਮੰਤਰੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਬੱਚਿਆਂ ਦੇ ਬੈਠਣ ਲਈ ਬੈਂਚ ਅਤੇ ਕੁਰਸੀਆਂ ਵਿਦਿਆਰਥੀਆਂ ਲਈ ਮੁਹੱਈਆ ਕਰਵਾਈਆਂ ਗਈਆਂ ਹਨ। ਸਕੂਲ ਵਿੱਚ ਵਿਦਿਆਰਥੀਆਂ ਲਈ ਐਜੂਕੇਸ਼ਨ ਪਾਰਕ ਬਣਾਇਆ ਗਿਆ ਹੈ। ਜਿਸ ਵਿੱਚ ਵਿਦਿਆਰਥੀਆਂ ਲਈ ਗਣਿਤ ਸਬੰਧੀ ਫਾਰਮੂਲੇ ਸੌਖੇ ਤਰੀਕੇ ਨਾਲ ਸਮਝਾਏ ਗਏ ਹਨ। ਇਸ ਦੇ ਨਾਲ ਹੀ ਸਕੂਲ ਵਿੱਚ ਲਿਸਨਿੰਗ ਲੈਬ ਦਾ ਵੀ ਨਿਰਮਾਣ ਕੀਤਾ ਗਿਆ ਹੈ।ਸਕੂਲ ਦੇ ਮੁੱਖ ਅਧਿਆਪਕ ਸੁਰਿੰਦਰ ਕੰਬੋਜ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਉਚ ਗੁਣਵਤਾ ਵਾਲੀ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਜਿੱਥੇ ਅਧਿਆਪਕ ਜੀਅ ਜਾਨ ਨਾਲ ਮਿਹਨਤ ਕਰਦੇ ਹਨ। ਉਥੇ ਹੀ ਪਿੰਡ ਵਾਸੀਆਂ ਦਾ ਸਕੂਲ ਦੀ ਇਮਾਰਤਸਾਜੀ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਵਿਸ਼ੇਸ਼ ਯੋਗਦਾਨ ਮਿਲਦਾ ਰਹਿੰਦਾ ਹੈ। ਉਨ੍ਹਾਂ  ਦੱਸਿਆ ਕਿ ਪਿੱਛਲੇ ਤਿੰਨ ਸਾਲਾਂ ਵਿੱਚ  ਇਸ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੁਗਣੀ ਹੋ ਗਈ ਹੈ। ਇਸ ਵੇਲੇ ਸਕੂਲ ਵਿਚ 354 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਇਸ ਦੇ ਨਾਲ ਹੀ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਦੀਆਂ ਕਲਾਸਾਂ  ਸ਼ੁਰੂ ਹੋ ਚੁੱਕੀਆਂ ਹਨ। ਸਕੂਲ ਦੇ ਵਿਦਿਆਰਥੀ ਜਿੱਥੇ ਪੜਾਈ ਵਿੱਚ ਹੁਸ਼ਿਆਰ ਹਨ, ਉਥੇ ਹੀ ਹੋਰ ਗਤੀਵਿਧੀਆਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਹਨ। ਸਕੂਲ ਵਿੱਚ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਸਕੂਲ ਵਿੱਚ ਪਾਰਕਾਂ ਦਾ ਨਿਰਮਾਣ ਕੀਤਾ ਗਿਆ ਹੈ। ਉਥੇ ਹੀ ਸਕੂਲ ਵਿੱਚ ਵਿਦਿਆਰਥੀਆਂ ਅੰਦਰ ਨੈਤਿਕ ਸਿੱਖਿਆ ਦੇ ਗੁਣ ਪੈਦਾ ਕਰਨ ਲਈ ਮਾਟੋ ਡਿਸਪਲੇਅ ਕੀਤੇ ਗਏ ਹਨ।

ਜੇਕਰ ਸਕੂਲ ਦੇ ਅਧਿਆਪਕਾਂ ਵਲੋਂ ਵਾਤਾਵਰਣ ਨੂੰ ਬਚਾਉਣ ਲਈ ਕੀਤੀ ਜਾਂਦੀ ਚਾਰਾਚੋਈ ਨੂੰ ਦੇਖੀਏ ਤਾਂ ਅਧਿਆਪਕਾਂ ਵਲੋਂ ਵਾਤਾਵਰਣ ਪ੍ਰਤੀ ਹਾਂ ਪੱਖੀ ਨਜ਼ਰੀਆ ਅਪਣਾਇਆ ਜਾ ਰਿਹਾ ਹੈ। ਸਕੂਲ ਦੇ ਵਾਤਾਵਰਣ ਨੂੰ ਹਰਾ ਭਰਾ ਰੱਖਣ ਲਈ ਸਕੂਲ ਵਿੱਚ ਦਰਖੱਤ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਸਕੂਲ ਦੇ ਵਿਦਿਆਰਥੀਆਂ ਦੇ ਲਈ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਜਿੱਥੇ ਪਾਣੀ ਵਾਲੀ ਜਗਾ ਤੇ ਸ਼ੈੱਡ ਦਾ ਨਿਰਮਾਣ ਕਰਵਾਇਆ ਗਿਆ ਹੈ। ਮਿਡ ਡੇਅ ਮੀਲ ਲਈ ਜਿੱਥੇ ਵਧੀਆ ਰਸੋਈ ਬਣਾਈ ਗਈ ਹੈ। ਉਥੇ ਹੀ ਵਿਦਿਆਰਥੀਆਂ ਦੇ ਖਾਣ ਵਾਲੇ ਸਥਾਨ ਤੇ ਚੰਗੇ ਮਗਨਰੇਗਾ ਤਹਿਤ ਸ਼ੈੱਡ ਦਾ ਨਿਰਮਾਣ ਕੀਤਾ ਗਿਆ ਹੈ। ਸਕੂਲ ਵਿੱਚ ਇਕ ਸੁੰਦਰ ਹੱਟ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਗਿਆ ਹੈ। ਜਿਸ ਵਿੱਚ ਇਕ ਹਜ਼ਾਰ ਦੇ ਕਰੀਬ ਕਿਤਾਬਾਂ ਰੱਖੀਆਂ ਗਈਆਂ ਹਨ। ਜਿੱਥੇ ਵਿਦਿਆਰਥੀ ਸ਼ਬਦਾਂ ਨਾਲ ਸਾਂਝ ਪਾਉਂਦੇ ਹਨ। ਵਿਦਿਆਰਥੀ ਕਹਿੰਦੇ ਹਨ ਕਿ ਉਨ੍ਹਾਂ ਦੀ ਅਧਿਆਪਕਾਂ ਨਾਲ ਸਾਂਝ ਦੋਸਤਾਂ ਵਰਗੀ ਹੈ।ਸਕੂਲ ਮੁੱਖੀ ਸ੍ਰੀ ਕੰਬੋਜ ਨੇ ਦੱਸਿਆ ਕਿ ਆਸੇ ਪਾਸੇ ਦੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਲਿਆਉਣ ਲਈ ਦੋ ਵੈਨ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਉਡਾਰੀਆਂ ਭਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਫ਼ਸਲੀ ਵਿਭਿੰਨਤਾ ਲਿਆਉਣ ਅਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਿੰਡ ਹਥੋਆ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ

-- ਝੋਨੇ ਦੀ ਸਿੱਧੀ ਬਿਜਾਈ ਵਾਤਾਵਰਣ ਪੱਖੀ ਹੋਣ ਦੇ ਨਾਲ-ਨਾਲ ਕਿਸਾਨਾਂ ਲਈ  ਆਰਥਿਕ ਤੌਰ 'ਤੇ ਵੀ ਲਾਹੇਵੰਦ : ਡਾ ਕੁਲਦੀਪ ਕੌਰ

 

ਮਾਲੇਰਕੋਟਲਾ 15 ਮਈ  (ਰਣਜੀਤ ਸਿੱਧਵਾਂ)  :  ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਤੇ ਪਾਣੀ ਨੂੰ ਬਚਾਉਣ ਲਈ ਫ਼ਸਲੀ ਵਿਭਿੰਨਤਾ ਇਕ ਬਹੁਤ ਅਹਿਮ ਰੋਲ ਅਦਾ ਕਰਦੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫ਼ਸਲੀ ਵਿਭਿੰਨਤਾ ਲਿਆਉਣ ਅਤੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਿੰਡ ਹਥੋਆ, ਬਲਾਕ ਮਾਲੇਰਕੋਟਲਾ ਵਿਖੇ ਪਿਛਲੇ ਦਿਨੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਪਿੰਡ ਹਥੋਆ ਵਿਖੇ ਆਈ.ਸੀ.ਆਈ.ਸੀ. ਫਾਊਂਡੇਸ਼ਨ ਦੇ ਸਹਿਯੋਗ ਨਾਲ ਤੇਲ ਕੱਢਣ ਵਾਲੇ ਕੋਹਲੂ ਦਾ ਉਦਘਾਟਨੀ ਵੀ ਕੀਤੀ ਗਿਆ ।ਖੇਤੀਬਾੜੀ ਵਿਕਾਸ ਅਫ਼ਸਰ ਮਲੇਰਕੋਟਲਾ ਡਾ. ਨਵਦੀਪ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨੂੰ  ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਫ਼ਸਲੀ ਵਿਭਿੰਨਤਾ ਅਪਣਾਉਣੀ ਚਾਹੀਦੀ ਹੈ ।ਉਹਨਾਂ ਨੇ ਦੱਸਿਆ ਜੇਕਰ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਤੇਲ ਬੀਜ ਫ਼ਸਲਾਂ ਹੇਠ ਰਕਬਾ ਵਧਾਉਣਾ ਚਾਹੀਦਾ ਹੈ ਕਿਉਂਕਿ ਤੇਲ ਦੀਆ ਕੀਮਤਾਂ ਪਿਛਲੇ ਕੁਝ ਸਾਲਾਂ ਤੋਂ ਤੇਜ਼ੀ ਨਾਲ ਵਧ ਰਹੀਆਂ ਹਨ ਅਤੇ ਜ਼ਿਆਦਾਤਰ ਤੇਲ ਭਾਰਤ ਵੱਲੋਂ ਆਯਾਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਉਣੀ ਦੌਰਾਨ ਸੋਇਆਬੀਨ, ਤਿਲ ਅਤੇ ਬਹਾਰ ਰੁੱਤ ਦੌਰਾਨ ਸੂਰਜਮੁਖੀ ਅਤੇ ਹਾੜ੍ਹੀ ਦੌਰਾਨ ਸਰ੍ਹੋਂ, ਤੋਰੀਆ, ਰਾਇਆ, ਆਦਿ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਉਹ ਆਪਣੀ ਆਮਦਨ ਵਿੱਚ ਵਾਧਾ ਕਰਨ ਅਤੇ ਆਰਥਿਕ ਪੱਧਰ ਉੱਚਾ ਚੁੱਕਣ ਲਈ ਆਪਸ ਵਿੱਚ ਮਿਲ ਕੇ ਗਰੁੱਪ ਦਾ ਗਠਨ ਕਰਕੇ ਤੇਲ ਕੱਢਣ ਲਈ ਕੋਹਲੂ ਵੀ ਲਗਾ ਸਕਦੇ ਹਨ। ਇਸ ਤਰ੍ਹਾਂ ਉਹ ਵਧੀਆ ਕੁਆਲਿਟੀ ਦਾ ਤੇਲ ਕੱਢ ਕੇ ਪੈਕਿੰਗ ਕਰਨ ਤੋਂ ਬਾਅਦ ਮਾਰਕੀਟ ਵਿੱਚ ਵੇਚ ਸਕਦੇ ਹਨ । ਇਸ ਤਰ੍ਹਾਂ ਕਿਸਾਨ ਕੁਦਰਤੀ ਸਰੋਤ ਬਚਾਉਣ ਦੇ ਨਾਲ-ਨਾਲ ਉਹ ਆਪਣਾ ਮੁਨਾਫ਼ਾ ਵੀ ਡਬਲ ਕਰ ਸਕਦੇ ਹਨ।ਖੇਤੀਬਾੜੀ ਵਿਕਾਸ ਅਫ਼ਸਰ ਡਾ. ਕੁਲਦੀਪ ਕੌਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਤਾਵਰਣ ਪੱਖੀ ਹੋਣ ਦੇ ਨਾਲ-ਨਾਲ ਕਿਸਾਨਾਂ ਲਈ ਆਰਥਿਕ ਤੌਰ 'ਤੇ ਵੀ ਲਾਹੇਵੰਦ ਹੈ। ਇਸ ਨਾਲ ਝੋਨੇ ਦੇ ਝਾੜ 'ਤੇ ਕੋਈ ਅਸਰ ਨਹੀਂ ਪੈਂਦਾ ਸਗੋਂ ਉਸ ਤੋਂ ਬਾਅਦ ਉਸੇ ਖੇਤ ਵਿੱਚ ਬੀਜੀ ਜਾਣ ਵਾਲੀ ਕਣਕ ਜਾਂ ਹੋਰ ਫ਼ਸਲ ਦਾ ਝਾੜ ਵੀ ਵੱਧ ਨਿਕਲਦਾ ਹੈ। ਝੋਨੇ ਦੀ ਰਵਾਇਤੀ ਕੱਦੂ ਵਾਲੀ ਬਿਜਾਈ ਦੀ ਥਾਂ ਸਿੱਧੀ ਬਿਜਾਈ ਦੀ ਤਕਨੀਕ ਅਪਣਾ ਕੇ ਪੰਜਾਬ ਸਰਕਾਰ ਵੱਲੋਂ ਐਲਾਨੀ 1500 ਰੁਪਏ ਪ੍ਰਤੀ ਏਕੜ ਦੀ ਸਹਾਇਤਾ ਰਾਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਿੱਧੀ ਬਿਜਾਈ ਕਰਨ ਦੇ ਚਾਹਵਾਨ ਕਿਸਾਨ ਸਿੱਧੇ ਤੌਰ 'ਤੇ  ਪੋਰਟਲ ਤੇ ਰਜਿਸਟ੍ਰੇਸ਼ਨ ਕਰ ਸਕਣਗੇ ਅਤੇ ਜੇਕਰ ਕੋਈ ਮੁਸ਼ਕਿਲ ਆਵੇ ਤਾਂ ਉਹ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਵੀ ਕਰ ਸਕਦੇ ਹਨ। ਇਸ ਸਮਾਗਮ ਦੌਰਾਨ ਡਾ. ਕੁਲਦੀਪ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਸ੍ਰੀ ਚਮਕੌਰ ਸਿੰਘ, ਸ੍ਰੀ ਸੁਖਵਿੰਦਰ ਸਿੰਘ ਆਈ.ਸੀ.ਆਈ.ਸੀ.ਆਈ ਫਾਊਂਡੇਸ਼ਨ ਤੋਂ ਇਲਾਵਾ ਅਗਾਂਹ ਵਧੂ ਕਿਸਾਨ  ਦਰਸ਼ਨ ਸਿੰਘ, ਬਹਾਦਰ ਸਿੰਘ, ਜਸਪ੍ਰੀਤ ਸਿੰਘ, ਗੁਰਸਿਮਰਨ ਸਿੰਘ, ਸੁਖਦੇਵ ਸਿੰਘ ਆਦਿ ਵੱਲੋਂ ਸ਼ਮੂਲੀਅਤ ਕੀਤੀ ਗਈ।

ਸਮਾਜ ਵਿੱਚੋ ਭ੍ਰਿਸ਼ਟਾਚਾਰ, ਨਸ਼ਾਖੋਰੀ, ਕੰਨਿਆ ਭਰੂਣ ਹੱਤਿਆ ਅਤੇ ਅਨਪੜ੍ਹਤਾ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ : ਹਰਜੋਤ ਸਿੰਘ ਬੈਂਸ    

 

-ਕਿਹਾ! ਪੰਜਾਬ ਸਰਕਾਰ ਸ਼ਹੀਦਾਂ ਦੀ ਵਿਰਾਸਤ ਅਤੇ ਸੁਪਨਿਆਂ ਨੂੰ ਸਕਾਰ ਕਰਨ ਲਈ ਵਚਨਬੱਧ

 

-ਸ਼ਹੀਦ ਸੁਖਦੇਵ ਦੇ ਜਨਮ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ

 

ਲੁਧਿਆਣਾ 15 ਮਈ (ਰਣਜੀਤ ਸਿੱਧਵਾਂ)  :  ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਖਣਨ ਅਤੇ ਭੂ-ਵਿਗਿਆਨ, ਜੇਲ੍ਹਾਂ ਅਤੇ ਕਾਨੂੰਨੀ ਅਤੇ ਵਿਧਾਨਿਕ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਵਾਲੇ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾਂ ਜੀਵਤ ਰੱਖਣਾ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਜਾਣੂੰ ਕਰਾਉਣਾ ਸਾਡਾ ਹਰੇਕ ਦੇਸ਼ ਵਾਸੀ ਦਾ ਫਰਜ਼ ਬਣਦਾ ਹੈ। ਸ਼੍ਰੀ ਬੈਂਸ ਅੱਜ ਗੁਰੂ ਨਾਨਕ ਦੇਵ ਭਵਨ ਵਿਖੇ ਮਹਾਨ ਸ਼ਹੀਦ ਸੁਖਦੇਵ ਜੀ ਦੇ ਜਨਮ ਦਿਵਸ ’ਤੇ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਸਾਰੇ ਵਿਧਾਇਕ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ, ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਸ੍ਰੀ ਕੁਲਵੰਤ ਸਿੰਘ ਸਿੱਧੂ, ਸ੍ਰੀ ਦਲਜੀਤ ਸਿੰਘ ਗਰੇਵਾਲ, ਸ੍ਰੀ ਮਦਨ ਲਾਲ ਬੱਗਾ, ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ, ਸ੍ਰੀ ਤਰੁਨਪ੍ਰੀਤ ਸਿੰਘ ਸੌਂਦ, ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ, ਸ੍ਰੀ ਜੀਵਨ ਸਿੰਘ ਸੰਗੋਵਾਲ, ਸ੍ਰੀ ਹਰਦੀਪ ਸਿੰਘ ਮੁੰਡੀਆਂ ਅਤੇ ਸ੍ਰੀ ਹਾਕਮ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।ਸ਼ਹੀਦ ਨੂੰ ਫੁੱਲ ਮਾਲਾਵਾਂ ਭੇਂਟ ਕਰਨ ਉਪਰੰਤ ਸ੍ਰੀ ਬੈਂਸ ਨੇ ਕਿਹਾ ਕਿ ਸ਼ਹੀਦ ਸੁਖਦੇਵ ਜੀ ਇੱਕ ਮਹਾਨ ਕ੍ਰਾਂਤੀਕਾਰੀ ਸਨ, ਜਿਨ੍ਹਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਜ਼ਾਦੀ ਸੰਘਰਸ਼ ਵਿੱਚ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਦਾ ਜਨਮ 15 ਮਈ, 1907 ਲੁਧਿਆਣਾ ਸ਼ਹਿਰ ਦੇ ਨੌਘਰਾਂ ਮੁਹੱਲੇ ਵਿੱਚ ਆਪਣੇ ਜੱਦੀ ਘਰ ਵਿੱਚ ਹੋਇਆ। ਸ਼ਹੀਦ ਸੁਖਦੇਵ ਜੀ ਦੇਸ਼ ਦੇ ਉਨਾਂ ਮਹਾਨ ਯੋਧਿਆਂ ਵਿੱਚ ਇੱਕ ਸੀ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਉਨਾਂ ਆਪਣੇ ਬਚਪਨ ਤੋਂ ਹੀ ਅੰਗਰੇਜ਼ ਹਾਕਮਾਂ ਵੱਲੋਂ ਭਾਰਤੀਆਂ ’ਤੇ ਕੀਤੇ ਜਾਂਦੇ ਜੁਲਮਾਂ ਨੂੰ ਅੱਖੀਂ ਦੇਖਿਆ ਸੀ, ਜਿਸ ਕਾਰਨ ਉਹ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਿਲ ਹੋਏ ਅਤੇ ਦੇਸ਼ ਨੂੰ ਅੰਗਰੇਜ਼ੀ ਸਾਮਰਾਜ ਤੋਂ ਮੁਕਤ ਕਰਵਾਉਣ ਦਾ ਪ੍ਰਣ ਲਿਆ। ਉਹਨਾਂ ਲਾਲਾ ਲਾਜਪਤ ਰਾਏ ਵੱਲੋ ਸ਼ੁਰੂ ਕੀਤੇ ਗਏ ਨੈਸ਼ਨਲ ਕਾਲਜ ਲਾਹੌਰ ਵਿਖੇ ਵੀ ਨੌਜਵਾਨਾਂ ਨੂੰ ਦੇਸ਼ ਆਜ਼ਾਦ ਕਰਵਾਉਣ ਲਈ ਸਿੱਖਿਅਤ ਕੀਤਾ ਅਤੇ ਲਾਹੌਰ ਵਿਖੇ ‘ਨੌਜਵਾਨ ਭਾਰਤ ਸਭਾ’ ਬਣਾਈ, ਜੋ ਕਿ ਹੋਰਨਾਂ ਸਮਾਜਿਕ ਗਤੀਵਿਧੀਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਦੇਸ਼ ਨੂੰ ਅਜ਼ਾਦ ਕਰਾਉਣ ਲਈ ਸੰਘਰਸ਼ ਵਿੱਚ ਕੁੱਦਣ ਲਈ ਪ੍ਰੇਰਦੀ ਸੀ। ਸ੍ਰੀ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇਸ਼ ਦੇ ਸ਼ਹੀਦਾਂ ਅਤੇ ਅਜ਼ਾਦੀ ਘੁਲਾਟੀਆਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਵਚਨਬੱਧ ਹੈ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਇਸ ਬਾਰੇ ਜਾਣੂੰ ਕਰਾਉਣ ਦੇ ਮਕਸਦ ਨਾਲ ਹੀ ਪੰਜਾਬ ਸਰਕਾਰ ਵੱਲੋਂ ਸ਼ਹੀਦ ਸੁਖਦੇਵ ਜੀ ਸਮੇਤ ਉਨ੍ਹਾਂ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਰਾਜ ਪੱਧਰੀ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਸ੍ਰੀ ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚੋਂ ਸਮਾਜਿਕ ਕੁਰੀਤੀਆਂ ਨੂੰ ਬਾਹਰ ਸੁੱਟਣ ਲਈ ਅੱਗੇ ਆਉਣ, ਜੋ ਕਿ ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਦਿਹਾੜੇ ਇਸ ਲਈ ਮਨਾਏ ਜਾਂਦੇ ਹਨ, ਤਾਂ ਜੋ ਲੋਕ ਖਾਸ ਕਰਕੇ ਨੌਜਵਾਨ ਵਰਗ ਦੇਸ਼ ਭਗਤੀ ਦੀ ਭਾਵਨਾ ਗ੍ਰਹਿਣ ਕਰ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਰਖਵਾਲੀ ਅਤੇ ਉਨਾਂ ਦੇ ਮਾਣ ਸਤਿਕਾਰ ਨੂੰ ਬਹਾਲ ਰੱਖਣ ਲਈ ਵਚਨਬੱਧ ਹੈ।

ਇਸ ਤੋ ਪਹਿਲਾਂ  ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਥਿਤ ਸ਼ਹੀਦ ਸੁਖਦੇਵ ਦੇ ਜੱਦੀ ਘਰ ਮੁਹੱਲਾ ਨੌਘਰਾਂ ਜਾ ਕੇ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਪ੍ਰਬੰਧਕ ਕਮੇਟੀ ਵੱਲੋ ਕਰਵਾਏ ਜਾ ਰਹੇ ਹਵਨ ਸਮਾਗਮ ਵਿੱਚ ਵੀ ਸ਼ਮੂਲੀਅਤ ਕੀਤੀ। ਇਸ ਉਪਰੰਤ ਸ੍ਰੀ ਹਰਜੋਤ ਸਿੰਘ ਬੈਂਸ ਨੂੰ ਲੁਧਿਆਣਾ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਵੀ ਗੁਰੂ ਨਾਨਕ ਦੇਵ ਭਵਨ ਵਿਖੇ ਦਿੱਤਾ ਗਿਆ। ਇਸ ਮੌਕੇ ਡਾ. ਮੰਜੂ ਮਲਹੋਤਰਾ ਰਿਟਾਇਰਡ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਸ਼ਹੀਦ ਸੁਖਦੇਵ ਜੀ ਦੇ ਜੀਵਨ ਬਾਰੇ ਬੜੇ ਹੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਉਨਾਂ ਸ਼ਹੀਦ ਜੀ ਦੇ ਜੀਵਨ ਬਾਰੇ ਕਈ ਨਵੇਂ ਤੱਥ ਪੇਸ਼ ਕੀਤੇ। ਇਸ ਤੋ ਇਲਾਵਾ ਇਸ਼ਮੀਤ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਆਪ ਦੇ ਸੀਨੀਅਰ ਆਗੂ ਡਾ.ਕੇ.ਐਨ.ਐਸ. ਕੰਗ, ਸ੍ਰੀ ਅਮਨਦੀਪ ਸਿੰਘ ਮੋਹੀ, ਸ੍ਰੀ ਅਹਿਬਾਬ ਸਿੰਘ ਗਰੇਵਾਲ, ਸ੍ਰੀ ਗੁਰਜੀਤ ਸਿੰਘ ਗਿੱਲ, ਸ੍ਰੀ ਦੁਪਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸੁਰੇਸ਼ ਗੋਇਲ, ਜ਼ਿਲ੍ਹਾ ਪ੍ਰਧਾਨ (ਦਿਹਾਤੀ) ਸ੍ਰੀ ਹਰਭੁਪਿੰਦਰ ਸਿੰਘ ਧਰੌੜ, ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ. ਕੌਸ਼ਤੁਭ ਸ਼ਰਮਾ, ਏ.ਡੀ.ਸੀ. ਖੰਨਾ ਸ੍ਰੀ ਅਮਰਜੀਤ ਸਿੰਘ ਬੈਂਸ, ਐੱਸ.ਡੀ.ਐੱਮ ਰਾਏਕੋਟ ਸ੍ਰੀ ਗੁਰਬੀਰ ਸਿੰਘ ਕੋਹਲੀ ਅਤੇ ਐੱਸ.ਡੀ.ਐੱਮ ਲੁਧਿਆਣਾ ਪੂਰਬੀ ਸ੍ਰੀ ਗੁਰਸਿਮਰਨ ਸਿੰਘ ਢਿੱਲੋ ਤੋ ਇਲਾਵਾ ਹੋਰ ਵੀ ਹਾਜ਼ਰ ਸਨ।

ਤਖਤ ਸ੍ਰੀ ਹਜੂਰ ਸਾਹਿਬ ਦੇ ਲੰਗਰਾ ਲਈ 130 ਕੁਇੰਟਲ ਕਣਕ ਭੇਜੀ

ਹਠੂਰ,15,ਮਈ-(ਕੌਸ਼ਲ ਮੱਲ੍ਹਾ)-ਸਮੂਹ ਗ੍ਰਾਮ ਪੰਚਾਇਤ ਡੱਲਾ ਵੱਲੋ ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਚੱਲ ਰਹੇ ਗੁਰੂ ਕੇ ਲੰਗਰਾ ਲਈ ਪਿੰਡ ਡੱਲਾ ਵਿਚੋ 130 ਕੁਇੰਟਲ ਕਣਕ ਭੇਜੀ ਗਈ।ਇਸ ਮੌਕੇ ਸੇਵਾਦਾਰ ਬਾਬਾ ਜੋਰਾ ਸਿੰਘ ਨੇ ਕਿਹਾ ਕਿ ਪਿੰਡ ਡੱਲਾ ਵਾਸੀ ਹਰ ਛੇ ਮਹੀਨੇ ਬਾਅਦ ਕਣਕ ਅਤੇ ਝੋਨੇ ਦੀਆ ਰਸਦਾ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਚੱਲ ਰਹੇ ਗੁਰੂ ਕੇ ਲੰਗਰਾ ਲਈ ਪਿਛਲੇ 13 ਸਾਲਾ ਤੋ ਨਿਰੰਤਰ ਭੇਜਦੇ ਆ ਰਹੇ ਹਨ,ਤਖਤ ਸ੍ਰੀ ਹਜੂਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਪਿੰਡ ਡੱਲਾ ਵਾਸੀਆ ਦਾ ਧੰਨਵਾਦ ਕਰਦੀ ਹੈ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਅਤੇ ਯੂਥ ਆਗੂ ਕਰਮਜੀਤ ਸਿੰਘ ਡੱਲਾ ਨੇ ਸਮੂਹ ਦਾਨੀ ਪਰਿਵਾਰਾ ਦਾ ਧੰਨਵਾਦ ਕੀਤਾ ਅਤੇ ਸੇਵਾਦਾਰ ਬਾਬਾ ਜੋਰਾ ਸਿੰਘ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਕੰਮੀ ਡੱਲਾ,ਅਮਰ ਸਿੰਘ,ਜੋਰਾ ਸਿੰਘ,ਪਰਿਵਾਰ ਸਿੰਘ,ਬਲਵੀਰ ਸਿੰਘ, ਸਤਨਾਮ ਸਿੰਘ ਆਸਟਰੇਲੀਆ,ਅਵਤਾਰ ਸਿੰਘ,ਗੋਲੂ ਸਿੰਘ,ਹਰਚੰਦ ਸਿੰਘ,ਰਾਜਵਿੰਦਰ ਸਿੰਘ,ਬਿੰਦੀ ਸਿੰਘ,ਬਾਬਾ ਲਾਲ ਸਿੰਘ,ਗੁਰਮੀਤ ਸਿੰਘ,ਰਛਪਾਲ ਸਿੰਘ,ਦੀਪਾ ਸਿੰਘ,ਗੁਰਚਰਨ ਸਿੰਘ ਆਦਿ ਹਾਜ਼ਰ ਸਨ।