You are here

ਯੁ.ਕੇ.

ਚੋਣ ਵਾਅਦਾ ✍️. ਸਲੇਮਪੁਰੀ ਦੀ ਚੂੰਢੀ 

ਅਸੀਂ ਆਪਣੇ ਬਹੁਤ ਹੀ ਸਤਿਕਾਰਯੋਗ ਵੋਟਰਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਜੇਕਰ ਤੁਸੀਂ ਸਾਡੀ "ਸੱਭ ਦਾ ਭਲਾ ਪਾਰਟੀ" ਨੂੰ ਚੋਣਾਂ ਦੌਰਾਨ ਕਾਮਯਾਬ ਕਰਦੇ ਹੋ ਤਾਂ ਸਾਡੀ ਪਾਰਟੀ ਰਾਜਸੱਤਾ ਸੰਭਾਲਦਿਆਂ ਹੀ ਤੁਹਾਡੇ ਲਈ "ਰੋਟੀ-ਪਾਣੀ" ਦਾ ਪ੍ਰਬੰਧ ਕਰੇਗੀ। ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਡੇ ਮੂੰਹ ਵਿਚ ਚਿਮਟਿਆਂ ਨਾਲ ਰੋਟੀ ਪਾਵਾਂਗੇ,  ਪਿਚਕਾਰੀਆਂ ਨਾਲ ਪਾਣੀ ਪਾਵਾਂਗੇ, ਤੁਹਾਨੂੰ ਹੱਥ - ਪੈਰ ਹਿਲਾਉਣ ਦੀ ਜਰੂਰਤ ਨਹੀਂ ਪਵੇਗੀ । ਅਸੀਂ ਤੁਹਾਨੂੰ ਕਣਕ-ਚੌਲ ਨਹੀਂ ਦੇਵਾਂਗਾ ਕਿਉਂਕਿ  ਕਣਕ ਪੀਣ ਲਈ ਤੁਹਾਨੂੰ ਚੱਕੀ ਉਪਰ ਜਾਣ ਦੀ ਖੇਚਲ ਕਰਨੀ ਪਵੇਗੀ ਅਤੇ ਫਿਰ ਰੋਟੀ ਬਣਾਉਣਾ ਪਵੇਗੀ, ਚੌਲ ਬਣਾਉਣ ਲਈ ਵੀ ਮਿਹਨਤ ਕਰਨੀ ਪਵੇਗੀ, ਜਿਸ ਦਾ ਅਸੀਂ ਝੰਜਟ ਖਤਮ ਕਰ ਦੇਵਾਂਗਾ। ਠੇਕੇ 'ਤੇ ਰੱਖੇ ਸਰਕਾਰੀ ਮੁਲਾਜ਼ਮ ਅਤੇ ਠੇਕੇਦਾਰ ਖੁਦ ਤੁਹਾਡੇ ਮੂੰਹ ਵਿਚ ਚਿਮਟਿਆਂ ਨਾਲ ਬੁਰਕੀਆਂ ਪਾਉਣਗੇ,   ਪਿਚਕਾਰੀਆਂ ਨਾਲ ਪਾਣੀ ਪਿਲਾਉਣਗੇ, ਜਾਣੀ ਕਿ ਤੁਹਾਡੀ ਜਿੰਦਗੀ ਨੂੰ ਪੂਰੀ ਤਰ੍ਹਾਂ ਸੁੱਖਮਈ ਬਣਾ ਦੇਵਾਂਗਾ, ਤੁਹਾਨੂੰ ਕੰਮ ਕਰਨ ਦੀ ਜਰੂਰਤ ਨਹੀਂ ਪਵੇਗੀ। ਹੋਰ ਤਾਂ ਹੋਰ ਤੁਹਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਜਰੂਰਤ ਵੀ ਨਹੀਂ ਪਵੇਗੀ ਅਤੇ ਨਾ ਹੀ ਪੜ੍ਹਕੇ ਨੌਕਰੀ ਲੱਭਣ ਦੀ ਜਰੂਰਤ ਪਵੇਗੀ ਕਿਉਂਕਿ ਨੌਕਰੀ ਦੀ ਭਾਲ ਵੀ ਵੀ ਅਸੀਂ "ਰੋਟੀ ਦੇ ਟੁੱਕ" ਲਈ ਹੀ ਕਰਦੇ ਹਾਂ, ਜਿਸ ਦਾ ਸਾਡੀ ਸਰਕਾਰ ਨੇ ਪਹਿਲਾਂ ਹੀ ਸਾਰੇ ਪਰਿਵਾਰ ਲਈ "ਰੋਟੀ-ਪਾਣੀ" ਦਾ ਪ੍ਰਬੰਧ ਕਰਕੇ ਰੱਖ ਦੇਣਾ ਹੈ। ਅਸੀਂ ਤੁਹਾਡੇ ਨਾਲ ਇਕ ਹੋਰ ਵਾਅਦਾ ਕਰਦੇ ਹਾਂ ਕਿ ਸਾਡੀ ਸਰਕਾਰ ਆਉਣ 'ਤੇ ਤੁਹਾਨੂੰ ਪਖਾਨੇ ਲਈ ਬਾਹਰ ਖੇਤਾਂ ਵਿਚ ਜਾਣ ਦੀ ਵੀ ਜਰੂਰਤ ਨਹੀਂ ਪਵੇਗੀ ਕਿਉਂਕਿ ਅਸੀਂ ਤੁਹਾਡੇ ਘਰਾਂ ਵਿਚ ਉਤਨੇ ਡੱਬੇ ਰੱਖ ਦੇਣ ਹਨ, ਜਿੰਨ੍ਹੇ ਪਰਿਵਾਰ ਦੇ ਜੀਅ ਹੋਣਗੇ, ਤੁਸੀਂ ਉਨ੍ਹਾਂ ਵਿਚ ਹੀ ਟੁੱਟੀ-ਪਿਸ਼ਾਬ ਕਰਿਓ , ਸਾਡੇ ਠੇਕੇਦਾਰ ਆਉਣਗੇ ਸ਼ਾਮ ਨੂੰ ਚੁੱਕ ਕੇ ਲਿਜਾਇਆ ਕਰਨਗੇ, ਜਿਹੜੇ ਲੋਕਾਂ ਦੇ ਘਰਾਂ ਵਿਚ ਫਲੱਸ਼ਾਂ ਬਣੀਆਂ ਹੋਈਆਂ ਹਨ, ਉਨ੍ਹਾਂ ਨੂੰ ਵੀ ਠੇਕੇਦਾਰ ਖੁਦ ਸਾਫ ਕਰਨਗੇ। ਅਸੀਂ ਆਪ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਪਾਰਟੀ ਸੱਭ ਦੀ ਸਾਂਝੀ ਪਾਰਟੀ ਹੈ, ਇਸ ਪਾਰਟੀ ਵਿਚ ਉਨ੍ਹਾਂ ਆਗੂਆਂ ਨੂੰ ਟਿਕਟਾਂ ਦਿੱਤੀਆਂ ਜਾਣੀਆਂ ਹਨ, ਜਿਹੜੇ ਦੂਜੀਆਂ ਸਿਆਸੀ ਪਾਰਟੀਆਂ ਵਿਚੋਂ ਕੱਢੇ ਗਏ ਹਨ ਜਾਂ ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ ਨੇ ਟਿਕਟਾਂ ਨਹੀਂ ਦਿੱਤੀਆਂ, ਜਾਣੀ ਕਿ ਸਾਡੀ ਪਾਰਟੀ ਤਜਰਬੇਕਾਰ ਆਗੂਆਂ ਨੂੰ ਪਹਿਲ ਦੇ ਆਧਾਰ 'ਤੇ ਟਿਕਟ ਦੇਵੇਗੀ। ਸਾਡੀ ਪਾਰਟੀ ਉਨ੍ਹਾਂ ਆਗੂਆਂ ਨੂੰ  ਮਹੱਤਵਪੂਰਨ ਹਲਕਿਆਂ ਤੋਂ ਟਿਕਟ ਦੇਵੇਗੀ, ਜਿਨ੍ਹਾਂ ਦੇ ਚੋਟੀ ਦੇ ਗੈੰਗਸਟਰਾਂ, ਵੱਡੇ ਨਸ਼ਾ ਤਸਕਰਾਂ, ਵੱਡੇ ਬਦਮਾਸ਼ਾਂ, ਲਗਜ਼ਰੀ ਕਾਰਾਂ ਵਾਲੇ ਬਾਬਿਆਂ /ਸੰਤਾਂ /ਸਾਧਾਂ ਅਤੇ ਵੱਡੇ ਕਾਰੋਬਾਰੀਆਂ ਨਾਲ ਗੂੜ੍ਹੇ ਸਬੰਧ ਹੋਣਗੇ। ਸਾਡੀ ਪਾਰਟੀ ਇੱਕ  ਧਰਮ-ਨਿਰਪੱਖ ਪਾਰਟੀ ਹੈ, ਜਿਸ ਦਾ ਮੁੱਖ ਉਦੇਸ਼ ਸੱਭ ਦਾ ਭਲਾ ਕਰਨਾ ਹੈ।ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਸਾਡਾ ਚੋਣ ਵਾਅਦਾ ਦੂਜੀਆਂ ਸਿਆਸੀ ਪਾਰਟੀਆਂ ਦੀ ਤਰ੍ਹਾਂ 'ਠੁੱਸ' ਨਹੀਂ ਹੋਵੇਗਾ। ਅਸੀਂ ਜੋ ਕਹਿੰਦੇ ਹਾਂ , ਕਰਕੇ ਵਿਖਾਵਾਂਗੇ! 
ਜੈ ਕੁਰਸੀ! 
ਜਾਰੀ ਕਰਤਾ - ਮੁੱਖ ਬੁਲਾਰਾ
ਸੱਭ ਦਾ ਭਲਾ ਪਾਰਟੀ।
30 ਅਗਸਤ, 2021.

ਚਲ ਬਖਤੌਰਿਆ ਚੱਲੀਏ ਕਨੇਡਾ! ✍️  ਸਲੇਮਪੁਰੀ ਦੀ ਚੂੰਢੀ

ਚਲ ਬਖਤੌਰਿਆ ਚੱਲੀਏ ਕਨੇਡਾ! 

ਆ ਬਖਤੌਰਿਆ ਚੱਲੀਏ ਕਨੇਡਾ।
ਕੰਮ ਤਾਂ ਇਹੇ ਡਾਹਡਾ ਟੇਢਾ।
ਮਾਰ ਮੋਰਚਾ ਲੈ ਲਾ ਬੈਂਡ।
ਕਨੇਡਾ ਕਰੂ ਜਹਾਜ਼ ਲੈਂਡ।
ਵੇਚ ਦੇ ਮੱਝਾਂ, ਵੇਚ ਦੇ ਪੈਲੀ।
ਭਰ ਨੋਟਾਂ ਦੀ ਵੱਡੀ  ਥੈਲੀ।
ਏਜੰਟਾਂ ਦੇ ਕੋਲੇ ਜਾ ਕੇ ਬਹਿਜਾ।
ਪੈਰਾਂ ਦੇ ਵਿਚ ਜਾ ਕੇ ਪੈ ਜਾ।
ਬੈਂਕਾਂ ਤੋਂ ਵੀ ਚੁੱਕ ਲੈ ਕਰਜਾ।
 ਆੜਤੀਏ ਕੋਲੇ ਜਾ ਕੇ ਖੜਜਾ।
ਘਰ ਵਿੱਚ ਹੀ ਵਿਆਹ ਰਚਾ ਲੈ।
ਫਰਜੀ ਚਾਚੀ, ਤਾਈ ਬਣਾ ਲੈ।
ਬੰਨ ਕੇ ਸਿਹਰਾ ਵਿਆਹ ਕਰਾ ਲੈ।
ਝੂਠੇ  ਮੂਠੇ ਕਾਗਜ ਬਣਾ ਲੈ।
ਕਾਨੂੰਨ ਦਾ ਉਥੇ ਚੱਲਦਾ ਰਾਜ।
ਕੋਈ ਨਾ ਪੁੱਛੇ ਧਰਮ ਨਾ ਜਾਤ।
ਤੇਰੀ ਡਿਗਰੀ ਕਾਲਾ ਅੱਖਰ।
ਵਿਹਲੇ ਨੇ ਬਣ ਜਾਣਾ ਭੁਲੱਕੜ।
ਹੋਣ ਨਾ ਇਥੇ ਕਾਮੇ ਪੱਕੇ।
ਜਿਹੜੇ ਪੱਕੇ ਉਹ ਵੀ ਕੱਚੇ।
ਜਾਂ ਫਿਰ ਡੋਡੇ ਜਾਂ ਫਿਰ ਭੁੱਕੀ।
ਚਿੱਟਾ ਮਿਲਦਾ ਭਰ ਭਰ ਮੁੱਠੀ।
ਚੱਲ ਬਖਤੌਰਿਆ ਟਿਕਟ ਕਟਾ ਲੈ।
ਆਪਣੇ ਆਪ ਨੂੰ ਤੂੰ ਬਚਾ ਲੈ।
ਇਥੇ ਤੈਨੂੰ ਹੱਕ ਨਹੀਂ ਮਿਲਣਾ!
ਹੱਕ ਦੀ ਖਾਤਰ ਡੰਡਾ ਮਿਲਣਾ!
ਚੱਲ ਬਖਤੌਰਿਆ ਚੱਲੀਏ ਕਨੇਡਾ।
ਕੰਮ ਤਾਂ ਭਾਵੇਂ ਡਾਹਡਾ ਟੇਢਾ।

-ਸੁਖਦੇਵ ਸਲੇਮਪੁਰੀ
09780620233
29 ਅਗਸਤ, 2021

ਔਰਤਾਂ ਦੀ ਸੁਰੱਖਿਆ ਸੰਵਿਧਾਨ ਦੇ ਹੱਥ ✍️ ਸਲੇਮਪੁਰੀ ਦੀ ਚੂੰਢੀ

ਔਰਤਾਂ ਦੀ ਸੁਰੱਖਿਆ ਸੰਵਿਧਾਨ ਦੇ ਹੱਥ
- ਸੱਚ ਤਾਂ ਇਹ ਹੈ ਕਿ ਤਿਉਹਾਰ ਪੁਜਾਰੀ ਅਤੇ ਵਪਾਰੀ ਲਈ ਵਰਦਾਨ ਹੁੰਦਾ ਹੈ, ਜਦਕਿ ਭੋਲੇ-ਭਾਲੇ ਲੋਕਾਂ ਦੀ ਲੁੱਟ-ਖਸੁੱਟ ਹੁੰਦੀ ਹੈ। ਭਾਰਤ ਵਿਚ ਵਪਾਰੀਆਂ ਅਤੇ ਪੁਜਾਰੀਆਂ ਨੇ ਆਪਣਾ ਉੱਲੂ ਸਿੱਧਾ ਰੱਖਣ ਲਈ ਅਣਗਿਣਤ ਤਿਉਹਾਰਾਂ ਦੀ ਉਪਜ ਕੀਤੀ ਹੈ। ਤਿਉਹਾਰਾਂ ਦੀ ਉਪਜ ਕਰਨ ਲਈ ਪੁਜਾਰੀ, ਵਪਾਰੀ ਅਤੇ ਸਮੇਂ ਸਮੇਂ 'ਤੇ ਰਾਜਸੱਤਾ 'ਤੇ ਕਾਬਜ ਰਹੇ ਲੋਕ ਸ਼ਰਾਰਤੀ ਅਤੇ ਭਾੜੇ ਦੇ ਲੇਖਕਾਂ / ਬੁੱਧੀਜੀਵੀਆਂ ਕੋਲੋਂ ਮਿਥਿਹਾਸ ਨੂੰ ਇਤਿਹਾਸ ਵਿਚ ਬਦਲਕੇ ਲਿਖਵਾਉੰਦੇ ਰਹਿੰਦੇ ਹਨ। ਅਸੀਂ ਵੀ ਕਦੀ ਤਿਉਹਾਰਾਂ/ ਦਿਵਸਾਂ ਦੇ ਸੱਚ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ।
ਖੈਰ, ਅੱਜ ਦੇ ਰੱਖੜੀ ਤਿਉਹਾਰ ਦੇ ਮੌਕੇ 'ਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਨੇ ਬਿਨਾਂ ਕਿਸੇ ਔਰਤ ਤੋਂ ਆਪਣੇ ਗੁੱਟ 'ਤੇ ਰੱਖੜੀ ਬੰਨ੍ਹਾਇਆਂ ਦੇਸ਼ ਦੀਆਂ ਕਰੋੜਾਂ ਔਰਤਾਂ ਦੀ ਰਾਖੀ ਕੀਤੀ। ਔਰਤਾਂ ਭਾਵੇਂ ਸੋਨੇ ਦੀਆਂ ਰੱਖੜੀਆਂ ਬੰਨ੍ਹਣ, ਭਾਵੇਂ ਚਾਂਦੀ ਦੀਆਂ ਰੱਖੜੀਆਂ ਬੰਨ੍ਹਣ, ਪਰ ਉਨ੍ਹਾਂ ਦੀ ਸੁਰੱਖਿਆ ਭਾਰਤੀ ਸੰਵਿਧਾਨ ਦੇ ਹੱਥ ਵਿਚ ਹੀ ਹੈ। ਭਾਵੇਂ ਮਾਦਾ ਭਰੂਣ ਹੋਵੇ, ਭਾਵੇਂ ਕੁਆਰੀ ਹੋਵੇ, ਭਾਵੇਂ ਵਿਆਹੀ ਹੋਵੇ, ਭਾਵੇਂ ਬਜੁਰਗ ਹੋਵੇ ਸੁਰੱਖਿਆ ਸੰਵਿਧਾਨ ਹੀ ਕਰਦਾ ਹੈ। ਅੱਜ ਔਰਤਾਂ ਨੂੰ ਜੋ ਹੱਕ ਮਿਲੇ ਹਨ, ਸੰਵਿਧਾਨ ਸਦਕਾ ਹੀ ਹੈ ਮਿਲੇ ਹਨ , ਅਤੇ ਉਹ ਸੁਰੱਖਿਅਤ ਵੀ ਸੰਵਿਧਾਨ ਕਰਕੇ ਹੀ ਹਨ। ਭਾਰਤ ਦੇ ਬਹੁਤੇ ਗ੍ਰੰਥ ਤਾਂ ਔਰਤ ਨੂੰ ਗੁਲਾਮੀ ਭਰਿਆ ਜੀਵਨ ਬਤੀਤ ਕਰਨ ਲਈ ਹੀ ਮਜਬੂਰ ਕਰਦੇ ਹਨ। ਇਸ ਲਈ ਦੇਸ਼ ਦੀਆਂ ਔਰਤਾਂ ਨੂੰ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਦਾ ਹਮੇਸ਼ਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਅਤੇ ਜਿਹੜਾ ਸੰਵਿਧਾਨ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ, ਦੀ ਹੋਂਦ ਅੱਜ ਖਤਰੇ ਵਿਚ ਹੈ, ਨੂੰ ਬਚਾਉਣ ਲਈ ਔਰਤਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ।
-ਸੁਖਦੇਵ ਸਲੇਮਪੁਰੀ
09780620233
 ਅਗਸਤ, 2021.

Air India ਦੀ Amritsar-Birmingham ਡਾਇਰੈਕਟ ਫਲਾਈਟ 3 ਸਤੰਬਰ ਤੋਂ ਹੋਵੇਗੀ ਸ਼ੁਰੂ

ਕੋਰੋਨਾ ਮਹਾਂਮਾਰੀ ਦੌਰਾਨ ਦਸੰਬਰ 2020 ਇਸ ਨੂੰ ਬੰਦ ਕਰ ਦਿੱਤਾ ਗਿਆ ਸੀ  

Birmingham / ਅੰਮ੍ਰਿਤਸਰ, ਅਗਸਤ  (ਏਜੰਸੀ ) ਪੰਜਾਬ ਤੇ ਬਰਮਿੰਘਮ ਵਿਚ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ ਅਤੇ ਖੁਸ਼ੀ ਦੀ ਖਬਰ ਸਾਹਮਣੇ ਆਈ । ਪਿਛਲੇ ਕਈ ਮਹੀਨਿਆਂ ਤੋਂ ਬੰਦ ਏਅਰ ਇੰਡੀਆ ਨੇ ਅੰਮ੍ਰਿਤਸਰ-ਬਰਮਿੰਘਮ ਫਲਾਈਟ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਬ੍ਰਿਟੇਨ ਵੱਲੋਂ ਭਾਰਤ ਨੂੰ ਲਾਲ ਸੂਚੀ ਵਿਚੋਂ ਹਟਾਉਣ ਤੋਂ ਬਾਅਦ ਏਅਰ ਇੰਡੀਆ ਨੇ ਅੰਮ੍ਰਿਤਸਰ ਲੰਡਨ ਫਲਾਈਟ ਸ਼ੁਰੂ ਕੀਤੀ ਸੀ। ਹੁਣ ਉਨ੍ਹਾਂ  ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਹਫਤਾਵਾਰੀ ਉਡਾਣ ਨੁੰ ਵੀ ਸ਼ੁਰੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਏਅਰ ਇੰਡੀਆ ਦੇ ਬੁਲਾਰੇ ਅਨੁਸਾਰ, ਅੰਮ੍ਰਿਤਸਰ-ਬਰਮਿੰਘਮ ਉਡਾਣ 3 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਹਰ ਹਫਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਸ਼ਾਮ 3 ਵਜੇ ਉਡਾਣ ਭਰੇਗੀ। ਬਰਮਿੰਘਮ ਤੋਂ ਇਹ ਉਡਾਣ ਸ਼ਨੀਵਾਰ ਨੂੰ ਪਹੁੰਚੇਗੀ। ਸ਼ਨੀਵਾਰ ਰਾਤ 7.30 ਵਜੇ ਫਲਾਈਟ ਅੰਮ੍ਰਿਤਸਰ ਪਹੁੰਚੇਗੀ।

ਇੱਥੇ ਇਹ ਦੱਸਣਾ ਮਹੱਤਵਪੂਰਨ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਕਾਰਨ, ਦੋਵਾਂ ਦੇਸ਼ਾਂ ਦੇ ਵਿੱਚ ਇਹ ਉਡਾਣ ਦਸੰਬਰ 2020 ਵਿੱਚ ਰੱਦ ਕਰ ਦਿੱਤੀ ਗਈ ਸੀ। ਹਾਲਾਤ ਆਮ ਹੋਣ ਤੋਂ ਬਾਅਦ ਹੁਣ ਹਵਾਈ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਪਿਛਲੇ ਸਮੇਂ ਦੌਰਾਨ ਇਸ ਫਲਾਈਟ ਦੀ ਮੰਗ ਨੂੰ ਲੈ ਕੇ ਬੜੇ ਵੱਡੇ ਪੱਧਰ ਉੱਪਰ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਬਰਤਾਨੀਆ ਅਤੇ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਵੱਲੋਂ ਵੱਡਾ ਵੱਲੋ ਵੱਡਾ ਜੱਦੋਜਹਿਦ ਕੀਤਾ ਗਿਆ ਸੀ । ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਸ਼ੁਰੂ ਹੋਣ ਨਾਲ ਖਾਸ ਕਰਕੇ ਪੰਜਾਬੀਆਂ ਨੂੰ ਬਹੁਤ ਲਾਭ ਹੋਵੇਗਾ। ਪਹਿਲਾਂ ਯਾਤਰੀਆਂ ਨੂੰ ਬਰਮਿੰਘਮ ਜਾਣ ਲਈ ਦਿੱਲੀ ਤੋਂ ਫਲਾਈਟ ਫੜਨੀ ਪੈਂਦੀ ਸੀ। ਹੁਣ ਉਹ ਸਿੱਧਾ ਅੰਮ੍ਰਿਤਸਰ ਤੋਂ ਉੱਥੇ ਜਾ ਸਕੇਗਾ। 3 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਫਲਾਈਟ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ 'ਤੇ ਵੀ ਛੇਤੀ ਹੀ ਵੇਖੀ ਜਾ ਸਕਦੀ ਹੈ।

ਚੀਨ ਦੀ ਲੜਾਈ ਚ ਪੰਜਾਬ ਵਾਸੀਆਂ ਨੇ ਇਕ ਖਾਸ ਕਿਸਮ ਦਾ ਵੱਡਾ ਹਿੱਸਾ ਪਾਇਆ ! ਦੇਖੋ ਵੀਡੀਓ   

ਕੀ ਖਾਸ ਗੱਲ ਹੈ ਪ੍ਰਤਾਪ ਸਿੰਘ ਕੈਰੋਂ ਉਪਰ ਲਿਖੀ ਗਈ ਵਿਜ਼ਨਰੀ ਕਿਤਾਬ ਅੰਦਰ ! ਸੁਣੋ ਕੁਲਵੰਤ ਸਿੰਘ ਧਾਲੀਵਾਲ   

ਇਹ ਸਭ ਜਾਣਨ ਲਈ ਆਓ ਦੇਖੀਏ ਤੇ ਸੁਣੀਏ ਡਾ ਕੁਲਵੰਤ ਸਿੰਘ ਬਾਨੀ ਵਰਲਡ ਕੈਂਸਰ ਕੇਅਰ ਦੀ ਖ਼ਾਸ ਗੱਲਬਾਤ   

Facebook Link : https://fb.watch/7ulsxnly9h/

 

 

Covid -19 ਚ ਕੁਝ ਸੁਧਾਰਾਂ ਤੋਂ ਬਾਅਦ ਬ੍ਰਿਟਿਸ਼ ਏਅਰਵੇਜ਼ ਵੱਲੋਂ ਭਾਰਤ-ਯੂਕੇ ਉਡਾਣਾਂ ਵਿੱਚ ਵਾਧਾ

ਲੰਡਨ , 19 ਅਗਸਤ (ਗਿਆਨੀ ਰਵਿੰਦਰਪਾਲ ਸਿੰਘ ) ‘ਬ੍ਰਿਟਿਸ਼ ਏਅਰਵੇਜ਼’ ਨੇ ਭਾਰਤ ਤੇ ਯੂਕੇ ਵਿਚਾਲੇ ਉਡਾਣਾਂ ਦੀ ਗਿਣਤੀ ਵਧਾ ਦਿੱਤੀ ਹੈ। ਏਅਰਲਾਈਨ ਮੁਤਾਬਕ 16 ਅਗਸਤ ਤੋਂ ਉਡਾਣਾਂ ਦੀ ਗਿਣਤੀ ਪ੍ਰਤੀ ਹਫ਼ਤਾ 10 ਤੋਂ ਵਧਾ ਕੇ 20 ਕਰ ਦਿੱਤੀ ਗਈ ਹੈ। ਏਅਰਲਾਈਨ ਨੇ ਦੱਸਿਆ ਕਿ ਯੂਕੇ ਨੇ ਭਾਰਤ ਨੂੰ ਉਡਾਣਾਂ ਉਤੇ ਪਾਬੰਦੀ ਵਾਲੀ ‘ਲਾਲ ਸੂਚੀ’ ਵਿਚੋਂ ਬਾਹਰ ਕਰ ਦਿੱਤਾ ਹੈ। ਇਸ ਲਈ ਹੁਣ ਉਡਾਣਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਭਾਰਤ ਸਰਕਾਰ ਨੇ ਯੂਕੇ ਨੂੰ 34 ਉਡਾਣਾਂ ਹਰ ਹਫ਼ਤੇ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਏਅਰਲਾਈਨ ਹੁਣ 20 ਸਿੱਧੀਆਂ ਉਡਾਣਾਂ ਦਿੱਲੀ, ਮੁੰਬਈ, ਬੰਗਲੁਰੂ ਤੇ ਹੈਦਰਾਬਾਦ ਤੋਂ ਲੰਡਨ ਲਈ ਚਲਾਏਗੀ।

ਯੂਕੇ ਵਿੱਚ ਭਾਰਤੀ ਜਲ ਸੈਨਾ ਦੇ ਜਹਾਜ਼ ਨੇ ਸੁਤੰਤਰਤਾ ਦਿਵਸ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ

ਲੰਡਨ , 17 ਅਗਸਤ  (ਗਿਆਨੀ ਅਮਰੀਕ ਸਿੰਘ ਰਾਠੌਰ ) ਸਦਭਾਵਨਾ ਫੇਰੀ ਦੇ ਹਿੱਸੇ ਵਜੋਂ ਇੰਗਲੈਂਡ ਦੇ ਦੱਖਣੀ ਤੱਟ 'ਤੇ ਪੋਰਟਸਮਾਊਥ ਹਾਰਬਰ' ਤੇ ਲੰਗਰਿਆ ਹੋਇਆ ਭਾਰਤੀ ਜਲ ਸੈਨਾ ਦਾ ਫਰੰਟਲਾਈਨ ਫਰੀਗੇਟ, ਇੰਗਲੈਂਡ ਵਿੱਚ ਐਤਵਾਰ ਦੇ ਸੁਤੰਤਰਤਾ ਦਿਵਸ ਸਮਾਰੋਹ ਦਾ ਕੇਂਦਰ ਸੀ।ਭਾਰਤੀ ਜਲ ਸੈਨਾ ਅਤੇ ਸ਼ਾਹੀ ਜਲ ਸੈਨਾ ਦਰਮਿਆਨ ਸਾਲਾਨਾ ਦੁਵੱਲੀ ਕਸਰਤ ਸੰਚਾਲਨ ਕਰਨ ਲਈ ਵੀਰਵਾਰ ਨੂੰ ਪੋਰਟਸਮਾਊਥ ਪਹੁੰਚੇ ਆਈਐਨਐਸ ਤਾਵਰ ਨੂੰ ਕੈਪਟਨ ਮਹੇਸ਼ ਮੰਗੀਪਦੀ ਦੀ ਕਮਾਂਡ ਹੇਠ ਲਗਭਗ 300 ਦੇ ਅਮਲੇ ਦੁਆਰਾ ਵਿਸ਼ੇਸ਼ ਤੌਰ 'ਤੇ ਲਿਜਾਇਆ ਗਿਆ। ਜਿਸ ਨੇ  ਇੱਕ ਲਾਂਚਿੰਗ ਸਮਾਰੋਹ ਦੀ ਮੇਜ਼ਬਾਨੀ ਕੀਤੀ।

ਭਾਰਤ ਦੇ ਹਾਈ ਕਮਿਸ਼ਨਰ ਗਾਇਤਰੀ ਈਸਰ ਕੁਮਾਰ ਦੀ ਅਗਵਾਈ ਵਿੱਚ ਵਿਸ਼ੇਸ਼ ਮਹਿਮਾਨਾਂ ਦੇ ਇੱਕ ਛੋਟੇ ਸਮੂਹ ਨੂੰ ਕੋਵਿਡ-19 ਦੇ ਸੁਰੱਖਿਅਤ ਮਾਹੌਲ ਵਿੱਚ ਭਾਰਤ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਡ ਮਨਾਉਣ ਲਈ ਸੱਦਾ ਦਿੱਤਾ ਗਿਆ ਸੀ। “ਭਾਰਤੀ ਜਲ ਸੈਨਾ ਅਤੇ ਸ਼ਾਹੀ ਜਲ ਸੈਨਾ ਦਾ ਇੱਕ ਵਿਲੱਖਣ ਇਤਿਹਾਸਕ ਸਬੰਧ ਹੈ। ਉਸ ਸਮੇਂ ਹਾਈ ਕਮਿਸ਼ਨਰ ਨੇ ਕਿਹਾ ਕੇ ਇੰਡੀਅਨ ਨੇਵੀ  2004 ਤੋਂ ਹਰ ਸਾਲ ਦੁਵੱਲੀ ਜਲ ਸੈਨਾ ਕਸਰਤ ਸੰਚਾਲਨ ਕਰ ਰਹੇ ਹਨ ।“ਮੈਂ ਭਾਰਤੀ ਜਲ ਸੈਨਾ ਦੇ ਮੋਹਰੀ ਜਹਾਜ਼ ਆਈਐਨਐਸ ਤਬਾਰ ਦੀ ਸਦਭਾਵਨਾ ਯਾਤਰਾ ਦੀ ਉਡੀਕ ਕਰ ਰਹੀ ਸੀ। ਐਚਐਮਐਸ ਵੈਸਟਮਿੰਸਟਰ ਦੇ ਨਾਲ ਰਾਇਲ ਨੇਵੀ ਦੇ ਸਾਂਝੇ ਅਭਿਆਸ ਨੇ ਦੋਵਾਂ ਜਲ ਸੈਨਾਵਾਂ ਦੇ ਵਿੱਚ ਅੰਤਰ -ਕਾਰਜਸ਼ੀਲਤਾ, ਤਾਲਮੇਲ ਅਤੇ ਸਹਿਯੋਗ ਨੂੰ ਮਜ਼ਬੂਤ ਕੀਤਾ ਜੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ । ਭਾਰਤੀ ਜਲ ਸੈਨਾ ਦੇ ਪੱਛਮੀ ਬੇੜੇ ਦਾ ਹਿੱਸਾ, ਜੰਗੀ ਜਹਾਜ਼ ਜੂਨ ਦੇ ਸ਼ੁਰੂ ਵਿੱਚ ਮੁੰਬਈ ਤੋਂ ਰਵਾਨਾ ਹੋਏ ਸਨ । ਓ ਯੂਨਾਈਟਿਡ ਕਿੰਗਡਮ ਦੇ ਰਸਤੇ ਰੂਸ ਅਤੇ ਇਟਲੀ ਵਿੱਚ ਅਭਿਆਸ ਕਰਨਗੇ ਅਤੇ ਅਗਲੇ ਮਹੀਨੇ ਭਾਰਤ ਵਾਪਸ ਜਾਣਗੇ। ਸੋਮਵਾਰ ਨੂੰ ਸਮੁੰਦਰ 'ਤੇ ਅਭਿਆਸ ਜਾਰੀ ਰਹੇਗਾ, ਅਤੇ ਆਈਐਨਐਸ ਟਾਵਰ ਰਾਇਲ ਨੇਵੀ ਫ੍ਰਿਗੇਟ ਦੇ ਨਾਲ ਹਵਾਈ ਰੱਖਿਆ ਅਭਿਆਸਾਂ, ਪਣਡੁੱਬੀ ਵਿਰੋਧੀ ਪ੍ਰਕਿਰਿਆਵਾਂ, ਸਮੁੰਦਰੀ ਮੁੜ ਭਰਨ ਅਤੇ ਸਮੁੰਦਰੀ ਸੰਚਾਰ ਸਿਖਲਾਈ ਲਈ ਲੈਂਡ ਏਅਰਕ੍ਰਾਫਟ ਦੇ ਨਾਲ ਮੁਲਾਕਾਤ ਕਰੇਗਾ। ਅਭਿਆਸ ਦੀ ਵਿਸ਼ੇਸ਼ਤਾ ਕ੍ਰਾਸ-ਡੈਕ ਹੈਲੀਕਾਪਟਰ ਸੰਚਾਲਨ ਹੈ ਜਿੱਥੇ ਹੈਲੀਕਾਪਟਰ ਲੈਂਡਿੰਗ ਪ੍ਰਕਿਰਿਆ ਕਰਦਾ ਹੈ।
“ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਇਲ ਨੇਵੀ ਦੁਆਰਾ ਆਯੋਜਿਤ ਪੋਰਟਸਮਾਊਥ  ਦੀ ਯਾਤਰਾ ਦੋਵਾਂ ਜਲ ਸੈਨਾਵਾਂ ਦੇ ਵਿੱਚ ਦੋਸਤਾਨਾ ਸੰਪਰਕ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਏਗੀ,” ਭਾਰਤੀ ਹਾਈ ਕਮਿਸ਼ਨ ਦੇ ਹਾਈ ਕਮਿਸ਼ਨ ਵਿਖੇ ਸੁਤੰਤਰਤਾ ਦਿਵਸ ਦੇ ਸਵਾਗਤ ਦੀ ਮੇਜ਼ਬਾਨੀ ਕੀਤੀ ਗਈ। 

ਭਾਰਤੀ ਹਾਈ ਕਮਿਸ਼ਨ ਲੰਡਨ 'ਚ 75ਵਾ ਅਜ਼ਾਦੀ ਦਿਹਾੜਾ ਮਨਾਇਆ

ਲੰਡਨ, 16 ਅਗਸਤ (ਗਿਆਨੀ ਰਵਿੰਦਰਪਾਲ ਸਿੰਘ  )- ਭਾਰਤੀ ਹਾਈ ਕਮਿਸ਼ਨ ਲੰਡਨ 'ਚ ਭਾਰਤ ਦਾ 75ਵਾਂ ਆਜ਼ਾਦੀ ਦਿਵਸ ਮਨਾਇਆ ਗਿਆ । ਭਾਰਤੀ ਹਾਈਕਮਿਸ਼ਨ ਲੰਡਨ ਗਾਇਤਰੀ ਈਸਰ ਕੁਮਾਰ ਨੇ ਇਸ ਮੌਕੇ ਤਿਰੰਗਾ ਲਹਿਰਾਇਆ ਅਤੇ ਰਾਸ਼ਟਰੀ ਗਾਇਨ ਤੋਂ ਬਾਅਦ ਉਨ੍ਹਾਂ ਕਿਹਾ ਕਿ 75 ਸਾਲਾਂ 'ਚ ਭਾਰਤ ਨੇ ਹਰ ਖੇਤਰ 'ਚ ਬੁਲੰਦੀ ਨੂੰ ਛੂਹਿਆ ਹੈ । ਉਨ੍ਹਾਂ ਨੇ ਯੂ.ਕੇ. 'ਚ ਵੱਸਦੇ ਭਾਰਤੀਆਂ ਵਲੋਂ ਨਿਭਾਏ ਗਏ ਰੋਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਭਾਰਤੀ ਨੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ । ਇਸ ਸਮੇਂ ੳੁਨ੍ਹਾਂ ਸਮੁੱਚੇ ਭਾਰਤ ਵਾਸੀਆਂ ਨੂੰ 75ਵੇਂ ਆਜ਼ਾਦੀ ਦਿਵਸ ਦੀ ਵਧਾਈ ਵੀ ਦਿੱਤੀ । ਇਸ ਮੌਕੇ ਯੂ.ਕੇ. ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤੀ ਭਾਈਚਾਰੇ ਦੀਆਂ ਨਾਮਵਾਰ ਸ਼ਖਸੀਅਤਾਂ ਹਾਜ਼ਰ ਸਨ । 

ਕੇਹੀ ਅਜਾਦੀ! ✍️ ਸਲੇਮਪੁਰੀ ਦੀ ਚੂੰਢੀ 

ਕੇਹੀ ਅਜਾਦੀ!
ਕੇਹੀ ਅਜਾਦੀ ਆਈ,
ਕੰਨੋੰ ਬੋਲ੍ਹੀ,
ਅੱਖੋਂ ਕਾਣੀ,
ਪੈਰੋਂ ਲੰਗੜੀ,
ਹੱਥੋਂ ਟੁੰਡੀ,
ਇਸ ਦੀ ਹੈ,
ਬਸ, ਅਜਬ ਕਹਾਣੀ।
ਅਮੀਰਾਂ ਲਈ
 ਬਣ ਗਈ ਪਟਰਾਣੀ!
ਕੇਹੀ ਅਜਾਦੀ ਆਈ?
ਕੇਹੀ ਅਜਾਦੀ ਆਈ!
ਥੋੜ੍ਹਿਆਂ ਲਈ
ਵਰਦਾਨ ਬਣੀ ਆਂ!
ਬਹੁਤਿਆਂ ਲਈ
ਬੇ-ਜਾਨ ਬਣੀ ਆਂ!
ਦੋ ਧਿਰਾਂ ਵਿਚ
ਕੰਧ ਬਣੀ ਆਂ!
ਇੱਕ ਲੋਕਾਂ ਦੀ!
ਇੱਕ ਜੋਕਾਂ ਦੀ!
ਕੇਹੀ ਅਜਾਦੀ ਆਈ!
ਕੇਹੀ ਅਜਾਦੀ ਆਈ?
ਲੂਲੀ ਲੰਗੜੀ!
ਲਕਵਾ ਮਾਰੀ!
ਨਾ ਵਿਆਹੀ,
ਨਾ ਕੁਆਰੀ!
ਹੱਥੋਂ ਟੁੰਡੀ!
ਅੱਖੋਂ ਕਾਣੀ!
ਇਸ ਦੀ ਵੀ
ਬਸ ਅਜੀਬ ਕਹਾਣੀ!
ਮਹਿਲਾਂ ਵਾਲਿਆਂ
ਪਿੰਜਰੇ ਤਾੜੀ!
ਨੋਟਾਂ ਉਪਰ
ਕਰੇ ਸਵਾਰੀ!
ਦੇਸ਼ ਭਗਤਾਂ ਨੂੰ
ਦੰਦ ਚਿੜਾਉਂਦੀ!
ਦੇਸ਼ ਧ੍ਰੋਹੀਆਂ ਦੇ
ਸੋਹਲੇ ਗਾਉਂਦੀ!
ਸੜਕਾਂ ਨਿਗਲੇ ,
ਰੇਤਾ ਖਾਵੇ,
ਖਜਾਨੇ ਨੂੰ ਖੁਦ
ਲੁੱਟੀ ਜਾਵੇ।
ਕੀ ਕੀ ਨਿਗਲੇ,
ਕੀ ਕੁਝ ਛੱਡੇ ?
ਲੁੱਟਣ ਵਾਲੇ
ਚੁੱਕੇ ਫੱਟੇ!
ਕਿਥੇ ਰਹਿੰਦੀ,
ਨਜ਼ਰ ਨਾ ਆਵੇ।
ਥਹੁ-ਪਤਾ ਨਾ,
ਕਿਤੇ ਥਿਆਵੇ!
ਕੇਹੀ ਅਜਾਦੀ ਆਈ?
ਕੇਹੀ ਅਜਾਦੀ ਆਈ!
ਲੀਡਰਾਂ ਦੇ ਨਾਲ
ਗਈ ਵਿਆਹੀ!
ਧਨਾਢਾਂ ਦੀ
ਬਣ ਗਈ ਭਰਜਾਈ!
ਵਾਅਦਿਆਂ ਦੀ ਪੰਡ
ਲੈ ਕੇ ਆਈ!
15 ਅਗਸਤ ਨੂੰ
ਪਾਵੇ ਦੁਹਾਈ!
ਕੇਹੀ ਅਜਾਦੀ ਆਈ!
ਕੇਹੀ ਅਜਾਦੀ ਆਈ!!
-ਸੁਖਦੇਵ ਸਲੇਮਪੁਰੀ
15 ਅਗਸਤ, 2021.

ਰੱਬ ਇੱਕ ਗੋਰਖ-ਧੰਦਾ ✍️  ਸਲੇਮਪੁਰੀ ਦੀ ਚੂੰਢੀ 

 ਆਮ ਤੌਰ 'ਤੇ ਸਾਡੇ ਸਮਾਜ ਵਿਚ ਉਨ੍ਹਾਂ ਵਿਅਕਤੀਆਂ ਨੂੰ ਬਹੁਤ ਹੀ ਸਤਿਕਾਰਿਤ ਅਤੇ ਸਕਾਰਾਤਮਕ ਭਾਵਨਾ ਨਾਲ ਵੇਖਿਆ ਜਾਂਦਾ ਹੈ, ਜਿਹੜੇ ਰੱਬ ਨੂੰ ਮੰਨਦੇ ਹਨ, ਜਦ ਕਿ ਜਿਹੜੇ ਵਿਅਕਤੀ ਨਾਸਤਿਕ ਹੁੰਦੇ ਹਨ, ਉਨ੍ਹਾਂ ਵੱਲ  ਲੋਕਾਂ ਦਾ ਤੱਕਣ ਦਾ ਰਵੱਈਆ ਅਕਸਰ ਨਕਾਰਾਤਮਕ ਹੁੰਦਾ ਹੈ, ਪਰ ਜਦੋਂ ਅਸੀਂ ਸਮੁੱਚੇ ਸਮਾਜ ਉਪਰ ਝਾਤੀ ਮਾਰ ਦੇ ਹਾਂ, ਤਾਂ  ਕਿਤੇ ਵੀ ਇਹ ਫਰਕ ਦਿਖਾਈ ਨਹੀਂ ਦਿੰਦਾ ਕਿ ਨਾਸਤਿਕਾਂ ਦੀ ਉਮਰ ਆਸਤਿਕਾਂ ਨਾਲੋਂ ਘੱਟ ਹੋਵੇ, ਅਤੇ ਨਾ ਹੀ ਕਦੇ ਇਹ ਸਾਹਮਣੇ ਆਇਆ ਹੈ ਕਿ ਆਸਤਿਕਾਂ ਦੀ ਉਮਰ ਨਾਸਤਿਕਾਂ ਦੀ ਉਮਰ ਨਾਲੋਂ ਲੰਬੀ ਹੁੰਦੀ ਹੈ ਜਾਂ ਨਾਸਤਿਕਾਂ ਨੂੰ ਬਿਮਾਰੀਆਂ ਜਿਆਦਾ ਲੱਗਦੀਆਂ ਹੋਣ ਜਾਂ ਫਿਰ ਉਨ੍ਹਾਂ ਦੇ ਔਲਾਦ ਨਾ ਹੁੰਦੀ ਹੋਵੇ ਜਾਂ ਉਨ੍ਹਾਂ ਦੀ ਔਲਾਦ ਨਿਕੰਮੀ ਹੋਵੇ, ਇਹ ਗੱਲ ਵੀ ਕਿਤੇ ਉਭਰ ਕੇ ਸਾਹਮਣੇ ਨਹੀਂ ਆਈ ਕਿ ਨਾਸਤਿਕ ਬੰਦੇ ਇਮਾਨਦਾਰ ਨਹੀਂ ਹੁੰਦੇ, ਜਦ ਕਿ ਇਸ ਦੇ ਉਲਟ ਇਹ ਗੱਲ ਵੀ ਸਾਹਮਣੇ ਨਹੀਂ ਆਈ ਕਿ ਆਸਤਿਕ ਬੰਦੇ ਬੇਈਮਾਨ ਨਹੀਂ ਹੁੰਦੇ।
ਅਕਸਰ ਰੱਬ ਨੂੰ ਮੰਨਣ ਵਾਲਿਆਂ ਦਾ ਪਹਿਲਾ ਅਤੇ ਆਖਰੀ ਸੁਆਲ ਹੁੰਦਾ ਹੈ, ਕਿ ਜੇ ਕੋਈ ਵਿਅਕਤੀ ਬਿਮਾਰ ਪਿਆ ਹੈ, ਜਾਂ  ਕਿਸੇ ਸੜਕ ਦੁਰਘਟਨਾ ਦੌਰਾਨ ਕੋਈ ਵਿਅਕਤੀ ਗੰਭੀਰ ਹਾਲਤ ਵਿਚ ਜਖਮੀ ਹੋ ਗਿਆ ਹੈ, ਜੇ ਉਹ ਬਚ ਜਾਵੇ ਤਾਂ ਕਿਹਾ ਜਾਂਦਾ ਹੈ ਕਿ 'ਰੱਬ ਦੀ ਕਿਰਪਾ ਹੋ ਗਈ ਆ' ਪਰ ਜੇ ਕੋਈ ਬਿਮਾਰ ਜਾਂ ਜਖਮੀ ਮਰ ਜਾਵੇ  ਤਾਂ ਕਹਿੰਦੇ ਹਨ ਕਿ 'ਹੋਣੀ ਨੂੰ ਕੌਣ ਟਾਲ ਸਕਦਾ'।
ਭਾਂਤ ਭਾਂਤ ਦੇ ਰੱਬ ਦੀਆਂ ਭਾਂਤ ਭਾਂਤ ਦੀਆਂ ਮੂਰਤੀਆਂ ਬਣਾਉਣ ਵਾਲੇ ਕਾਰੀਗਰਾਂ  ਵਿਚੋਂ ਬਹੁਤਿਆਂ ਦੇ ਘਰਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੁੰਦੀ ਹੈ। ਗਰੀਬ ਕਾਰੀਗਰਾਂ ਦੁਆਰਾ ਮਿਹਨਤ ਨਾਲ ਬਣਾਈਆਂ  ਰੱਬ ਦੀਆਂ ਮੂਰਤੀਆਂ ਜਦੋਂ ਧਾਰਮਿਕ ਸਥਾਨਾਂ ਵਿਚ ਜਾ ਕੇ ਸ਼ੁਸ਼ੋਭਿਤ ਹੋ ਜਾਂਦੀਆਂ ਹਨ,  ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਲਈ ਇਹ ਹੀ ਮੂਰਤੀਆਂ  ਕਮਾਈ ਦਾ ਵੱਡਾ ਸਾਧਨ ਬਣ ਜਾਂਦੀਆਂ ਹਨ। ਕਿਸ ਧਰਮ ਦੇ, ਕਿਸ ਜਾਤ ਦੇ ਵਿਅਕਤੀ ਨੇ ਰੱਬ ਦੀ ਮੂਰਤੀ ਬਣਾਈ ਹੈ, ਨੂੰ ਖ੍ਰੀਦਣ ਤੱਕ ਕੋਈ ਜਾਤ ਨਹੀਂ ਪੁੱਛੀ ਜਾਂਦੀ, ਕੋਈ ਧਰਮ ਨਹੀਂ ਪੁੱਛਿਆ ਜਾਂਦਾ, ਪਰ ਜਦੋਂ ਇਹ ਮੂਰਤੀ ਕਿਸੇ ਧਾਰਮਿਕ ਸਥਾਨ 'ਤੇ ਜਾ ਕੇ ਲਗਾਈ ਜਾਂਦੀ ਹੈ, ਫਿਰ ਜਾਤ-ਪਾਤ ਅਤੇ ਧਰਮ ਆਣ ਟੱਪਕਦਾ ਹੈ।
 ਧਾਰਮਿਕ ਸਥਾਨਾਂ ਵਿਚ ਪੂਜਾ /ਪਾਠ ਕਰਨ ਵਾਲੇ ਬਹੁਤੇ ਲੋਕਾਂ ਦੀ ਆਰਥਿਕ ਹਾਲਤ ਬਹੁਤੀ ਮਜਬੂਤ ਨਹੀਂ ਹੁੰਦੀ,  ਹਾਲਾਂਕਿ ਧਾਰਮਿਕ ਬੰਦਿਆਂ ਵਲੋਂ ਅਕਸਰ ਇਹ ਹੀ ਰੱਟ ਲਗਾਈ ਜਾਂਦੀ ਹੈ, ਕਿ ਰੱਬ ਦਾ ਨਾਂ ਜੱਪਣ ਵਾਲਿਆਂ ਨੂੰ ਕਿਸੇ ਕਿਸਮ ਦੀ ਕੋਈ ਤੋਟ ਨਹੀਂ ਹੁੰਦੀ, ਅਤੇ ਉਨ੍ਹਾਂ ਉਪਰ ਕੋਈ ਮੁਸੀਬਤ ਵੀ ਨਹੀਂ ਆਉੰਦੀ, ਪਰ ਸੱਭ ਕੁਝ ਹੁੰਦਾ ਹੈ।
ਕਹਿੰਦੇ ਹਨ, ਕਿ ਇੱਕ ਵਾਰੀ ਇਕ ਨਾਸਤਿਕ ਬਜੁਰਗ ਜਦੋਂ ਸੁੱਖਮਈ ਲੰਬੀ ਉਮਰ ਭੋਗ ਕੇ ਮਰਨ ਲੱਗਾ ਤਾਂ ਉਸ ਦੇ ਜਾਣੂੰਆਂ ਨੇ ਕਿਹਾ ਕਿ ਤੇਰੀ ਜਾਨ ਨਿਕਲਣ ਵਾਲੀ ਹੈ, ਤੂੰ ਹੁਣ ਤਾਂ ਰੱਬ ਦਾ ਨਾਂ ਲੈ ਲਾ ਪਰ ਉਸ ਨੇ ਅੱਗਿਉਂ ਜੁਆਬ ਦਿੱਤਾ ਕਿ '' ਹੁਣ ਤੱਕ ਤਾਂ ਮੈਂ ਰੱਬ ਦਾ ਨਾਂ ਲੈ ਕੇ ਮਾਲਾ ਫੇਰੀ  ਨਹੀਂ, ਹੁਣ ਮਰਨ ਵੇਲੇ ਰੱਬ ਦਾ ਨਾਂ ਕਿਉਂ ਲਵਾਂ, ਹੁਣ ਤਾਂ ਮੈਂ ਤੁਹਾਡੇ ਰੱਬ ਕੋਲ ਚਲੇ ਹੀ ਜਾਣਾ ਹੈ, ਉਥੇ ਜਾ ਕੇ ਹੀ ਰੱਬ ਕੋਲ ਬੈਠ ਕੇ ਪੁੰਨ-ਪਾਪ ਦੇ ਬਹੀ ਖਾਤੇ ਉਪਰ ਸੁਆਲ ਜੁਆਬ ਕਰ ਲਵਾਂਗੇ।"
 ਰੱਬ ਧਰਮ ਦੇ ਠੇਕੇਦਾਰਾਂ ਲਈ ਇਕ ਜਮੂਰਾ ਹੈ, ਜਿਸ ਨੂੰ ਉਹ  ਸਮੇਂ ਸਮੇਂ 'ਤੇ ਆਪਣੇ ਮੁਫਾਦਾਂ ਲਈ ਨਚਾਉੰਦੇ ਰਹਿੰਦੇ ਹਨ।  ਰੱਬ ਦੀ ਭਿੰਨਤਾ ਦਾ ਜਿਥੇ ਧਰਮ ਦੇ ਠੇਕੇਦਾਰ ਲਾਭ ਉਠਾਉਣ ਲਈ ਮੌਕੇ ਦੀ ਭਾਲ ਵਿਚ ਲੱਗੇ ਰਹਿੰਦੇ ਹਨ, ਉਥੇ ਸਿਆਸਤਦਾਨਾਂ ਲਈ ਵੀ ਰੱਬ ਦੀ ਭਿੰਨਤਾ ਵਰਦਾਨ ਹੁੰਦੀ ਹੈ।  ਰੱਬ ਇੱਕ ਗੋਰਖ-ਧੰਦਾ ਹੈ, ਜਿਹੜਾ ਪਾਖੰਡੀਆਂ ਲਈ ਕਮਾਈ ਦਾ ਸਾਧਨ ਬਣਕੇ 'ਵਰਦਾਨ' ਜਦ ਕਿ ਅਨਪੜ੍ਹਾਂ ਅਤੇ ਗਰੀਬ ਲੋਕਾਂ ਲਈ ' ਸਰਾਪ' ਬਣਕੇ ਬਹੁੜਦਾ ਹੈ। ਦੇਸ਼ ਵਿਚ ਲੋਕਾਂ ਦੀ ਸੋਚ ਖੁੰਢੀ ਕਰਨ ਲਈ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਅਤੇ ਪਿੰਡਾਂ ਵਿੱਚ ਦਲਿਤਾਂ ਦੇ ਘਰਾਂ ਦੇ ਲਾਗੇ ਮਨੂੰਵਾਦੀ ਸੋਚ ਵਾਲੇ ਚਲਾਕ ਲੋਕਾਂ ਵਲੋਂ ਛੋਟੀਆਂ ਛੋਟੀਆਂ ਧਾਰਮਿਕ ਸੰਸਥਾਵਾਂ ਉਸਾਰੀਆਂ ਜਾ ਰਹੀਆਂ ਹਨ ਜਾਂ ਉਸਾਰਨ ਲਈ ਇਹ ਕਹਿ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ '' ਤੁਹਾਡੇ ਦੁੱਖਾਂ ਦਾ ਨਾਸ਼ ਇਨ੍ਹਾਂ ਧਾਰਮਿਕ ਸਥਾਨਾਂ ਵਿਚ ਹੀ ਹੈ।''
ਜਦੋਂ ਮਨੁੱਖ ਜੰਮਣ - ਮਰਨ, ਵਹਿਮਾਂ ਭਰਮਾਂ, ਸਵਰਗ-ਨਰਕ, ਦੁੱਖ-ਸੁੱਖ, ਪੁੰਨ-ਪਾਪ ਅਤੇ ਸੱਭ ਰੱਬ ਦੇ ਰੰਗ ਹਨ ਦੇ ਚੱਕਰਾਂ ਵਿੱਚ ਉਲਝ ਜਾਂਦਾ ਹੈ ਤਾਂ, ਉਸ ਦੀ ਸੋਚ ਬੋਝਲ ਹੋ ਜਾਂਦੀ ਹੈ। ਮਹਾਤਮਾ ਬੁੱਧ, ਸੰਤ ਕਬੀਰ ਜੀ ਅਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ,ਮੂਰਤੀ ਪੂਜਾ ਨੂੰ ਨਕਾਰਦਿਆਂ ਨੇਕ ਕਮਾਈ ਕਰਨ ਉਪਰ ਜੋਰ ਦਿੱਤਾ ਹੈ, ਪਰ ਸਾਡੇ ਦਿਮਾਗ ਵਿਚ ਲੱਗਿਆ ਅੰਧ-ਵਿਸ਼ਵਾਸਾਂ ਅਤੇ ਵਹਿਮਾਂ- ਭਰਮਾਂ ਦਾ ਜਾਲਾ ਉਤਰ ਦਾ ਨਾਂ ਨਹੀਂ ਲੈ ਰਿਹਾ, ਇਹ ਹੀ ਸਾਡਾ ਦੁਖਾਂਤ ਹੈ। ਅਸੀਂ ਮੂਰਤੀਆਂ ਨੂੰ ਦੁੱਧ ਪਿਲਾਕੇ 'ਸੁੱਖਾਂ ਦੀ ਆਸ' ਕਰਦੇ ਹਾਂ।
-ਸੁਖਦੇਵ ਸਲੇਮਪੁਰੀ
09780620233
14 ਅਗਸਤ, 2021.

Hand Wash causes Skin Disease ਹੋਣ ’ਤੇ ਦੇਣੇ ਪਏ 52 ਲੱਖ ਰੁਪਏ, 

ਕੰਪਨੀ ਦਿਨ ’ਚ 20 ਵਾਰ ਹੱਥ ਧਵਾਉਂਦੀ ਸੀ 

ਲੰਡਨ ,10 ਅਗਸਤ  ਜਨ ਸ਼ਕਤੀ ਨਿਊਜ਼ ਬਿਊਰੋ  ਕੋਰੋਨਾ ਕਾਲ ’ਚ ਵਾਰ-ਵਾਰ ਹੱਥ ਧੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਇਕ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਵਾਰ-ਵਾਰ ਹੱਥ ਧੋਣ ਲਈ ਮਜ਼ਬੂਰ ਕਰਨ ’ਤੇ ਮੁਆਵਜ਼ਾ ਦੇਣਾ ਪਿਆ। ਸੂਜਨ ਰੌਬਿਨਸਨ  ( Susan Robinson) ਨਾਂ ਦੀ  ਕਰਮਚਾਰੀ ਦਾ ਦੋਸ਼ ਹੈ ਕਿ ਕੰਮ ਕਰਨ ਦੇ ਦੌਰਾਨ 17 ਵਾਰ ਹੱਥ ਧੋਣ ਲਈ ਮਜ਼ਬੂਰ ਕੀਤਾ ਗਿਆ ਜਿਸ ਦੀ ਵਜ੍ਹਾ ਨਾਲ ਉਸ ਨੂੰ ਚਮੜੀ ਸਬੰਧੀ ਬਿਮਾਰੀਆਂ ਹੋ ਗਈਆਂ। ਇਸ ਤੋਂ ਬਾਅਦ ਉਸ ਨੇ ਕੰਪਨੀ ’ਤੇ ਕੇਸ ਦਰਜ ਕਰ ਦਿੱਤਾ ਇਸ ਦੌਰਾਨ ਕੰਪਨੀ ਨੂੰ ਉਸ ਨੂੰ 51,53, 400 ਰੁਪਏ ਦਾ ਮੁਆਵਜ਼ਾ ਦੇਣਾ ਪਿਆ।

ਵਾਰ ਵਾਰ ਹੱਥ ਧੋਣ ਨਾਲ ਹੋਈ ਚਮੜੀ ਖ਼ਰਾਬ - 59 ਸਾਲਾ ਸੂਜਨ ਰੌਬਿਨਸਨ ਵੈਸਟ ਯੌਰਕਸ਼ਾਇਰ ( Susan Robinson West Yorkshire) ਦੇ ਵੇਕਫੀਲਡ   (wakefield) ’ਚ ਇਕ ਫੈਕਟਰੀ ਸਪੀਡੀਬੇਕ ’ਚ ਕੰਮ ਕਰਦੀ ਸੀ। ਇਹ ਕੰਪਨੀ ਵੱਡੀ ਸੁਪਰ ਮਾਰਕਿਟ ਚੇਨ ਲਈ ਮੋਫ਼ੀਨ ਅਤੇ ਕੱਪ ਕੇਕ  (muffins, cupcakes) ਤੇ ਹੋਰ ਬੇਕ ਕੀਤੇ ਗਏ ਸਾਮਾਨ ਬਣਾਉਂਦੀ ਹੈ। ਕ੍ਰਿਸਮਸ ਲਈ ਸੈਕੜੇ-ਹਜ਼ਾਰਾਂ ਫਰੋਜ਼ਨ ਕੀਮਾ ਪਾਈ ਦਾ ਉਦਪਾਦਨ ਕੀਤਾ ਗਿਆ। ਨਾਮਬਾਰੀ ਅਖ਼ਬਾਰ ਮਿਰਰ  ( Mirror ) ਨੇ ਕੰਪਨੀ ਦੇ ਹਵਾਲੇ ਤੋਂ ਦੱਸਿਆ ਹੈ ਕਿ ਇਸੇ ਆਰਡਰ ਦੌਰਾਨ 6 ਮਹੀਨੇ ਦੇ ਅੰਦਰ-ਅੰਦਰ ਰੌਬਿਨਸਨ  ਨੂੰ ਦਿਨ ’ਚ 17 ਵਾਰ ਹੱਥ ਧੋਨੇ ਲਈ ਕਿਹਾ ਗਿਆ ਸੀ। ਜਿਸ ਦੌਰਾਨ ਉਸ ਦੇ ਹੱਥ ਲਾਲ ਹੋ ਗਏ ਤੇ ਖੁਜਲੀ ਹੋਣ ਲੱਗੀ।

ਹਸਪਤਾਲ ਵੱਲੋਂ ਕੰਪਨੀ ਨੂੰ ਕਈ ਵਾਰ ਇਸ ਸੰਬੰਧੀ ਉਪਾਅ ਕਰਨ ਲਈ ਆਖਿਆ ਗਿਆ ਸੀ ਪਰ ਉਨ੍ਹਾਂ ਕੋਈ ਪ੍ਰਵਾਹ ਨਾ ਕੀਤੀ -ਪੌਂਟੀਫ਼ਿਰਕਤ ਹਸਪਤਾਲ ( Pontefract Hospital) ’ਚ ਜਦੋਂ ਟੈਸਟ ਕਰਵਾਇਆ ਗਿਆ ਤਾਂ ਪਤਾ ਲੱਗਿਆ ਕਿ ਸਿਕਨ ਦੇ ਰਸਾਇਣਕ ਸੰਪਰਕ ’ਚ ਆਉਣ ਦੇ ਕਾਰਨ ਇਹ ਸਮੱਸਿਆ ਹੋ ਰਹੀ ਹੈ। ਉਸ ਨੇ ਕੰਪਨੀ ਨੂੰ ਹੱਥਾਂ ਦੀ ਸੁਰੱਖਿਆ ਲਈ ਕਈ ਸੁਝਾਅ ਦਿੱਤੇ ਪਰ ਕੰਪਨੀ ਨੇ ਇਕ ਨਾ ਸੁਣੀ।

ਕੰਪਨੀ ਦੇ ਕੇਸ ਕਰਨ ਤੋਂ ਬਾਅਦ ਮਿਲਿਆ ਮੁਆਵਜ਼ਾ -ਕੰਪਨੀ ਨੇ ਜਦੋਂ ਰੌਬਿਨਸਨ ਦੀਆਂ ਸਾਰੀਆਂ ਗੱਲਾਂ ਅਣਸੁਣੀਆਂ ਕਰ ਦਿੱਤੀਆਂ ਤਾਂ ਨਿਰਾਸ਼ ਹੋ ਕੇ ਵਰਕਰ ਨੇ ਆਪਣੇ ਸੰਘ, Bakers Food and Allied Workers Union , ਨਾਲ ਹੀ ਥੌਮਸਨ ਸਾਲਿਸਟਰਜ਼  (Thompson Solicitor) ਦਾ ਰੁਖ਼ ਕੀਤਾ। ਦੋਵਾਂ ਸੰਗਠਨਾਂ ਨੇ ਉਸ ਨੂੰ ਮੁਆਵਜੇ ’ਚ 50,000 ਪੌਂਡ ਭਾਵ 51,53,400 ਰੁਪਏ ਮੁਆਵਜ਼ਾ ਲੈ ਕੇ ਦੇਣ ਵਿੱਚ ਮਦਦ ਕੀਤੀ ।

ਆਹ! ਖੱਚਰ-ਰੇਹੜਾ ਚਲਾਉਣ ਵਾਲੇ ਦੀ ਧੀ!! ✍️ ਸਲੇਮਪੁਰੀ ਦੀ ਚੂੰਢੀ 

 ਜਪਾਨ ਦੇ ਸ਼ਹਿਰ ਟੋਕੀਓ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੀ ਅਗਵਾਈ ਕਰਨ ਵਾਲੀ ਦੇਸ਼ ਦੀ ਧੀ ਰਾਣੀ ਰਾਮਪਾਲ ਦਾ ਨਾਂ ਅੱਜ ਭਾਰਤ ਦੇ ਹਰੇਕ ਨਾਗਰਿਕ ਦੀ ਜੁਬਾਨ ਉਪਰ ਹੈ। ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੀ ਖਿਡਾਰਨ ਰਾਣੀ ਰਾਮਪਾਲ ਜਿਸ ਨੇ ਖੇਡ ਖੇਤਰ ਵਿਚ ਸੰਸਾਰ ਭਰ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ, ਅੱਤ ਦੀ ਗਰੀਬੀ ਵਿੱਚ ਦਿਨ ਕੱਟਣ ਵਾਲੇ ਉਸ ਬਾਪ ਦੀ ਧੀ ਹੈ, ਜਿਹੜਾ ਖੱਚਰ - ਰੇਹੜਾ ਚਲਾ ਕੇ ਗੁਜਾਰਾ ਕਰਦਾ ਹੈ। ਹਰਿਆਣਾ ਦੇ ਸ਼ਹਿਰ ਸ਼ਾਹਬਾਦ ਵਿਚ 4 ਦਸੰਬਰ 1994 ਨੂੰ ਪੈਦਾ ਹੋਈ ਰਾਣੀ ਰਾਮਪਾਲ ਆਪਣੇ ਪਰਿਵਾਰ ਨਾਲ ਆਰਥਿਕ ਥੜ੍ਹਾਂ ਨਾਲ ਜੂਝਦੀ ਹੋਈ ਆਪਣੀ ਅਤੇ ਆਪਣੇ ਪਰਿਵਾਰ ਦੀ ਕਾਇਆ ਕਲਪ ਕਰਨਾ ਲੋਚਦਾ ਹੋਈ ਜਿੰਦਗੀ ਵਿੱਚ ਸ਼ਾਨਦਾਰ ਸੁਪਨੇ ਲਈ ਬੈਠੀ ਸੀ। ਗਰੀਬੀ ਦੀ ਹੱਦ ਕੋਈ ਨਹੀਂ ਸੀ, ਕਿਉਂਕਿ ਜਦੋਂ ਮੀਂਹ ਪੈਂਦਾ ਸੀ ਤਾਂ ਘਰ ਦੀ ਛੱਤ ਚੋਣ ਲੱਗ ਪੈਂਦੀ ਸੀ, ਅੰਦਰ ਪਾਣੀ ਭਰ ਜਾਂਦਾ ਸੀ।ਉਸ ਦੇ ਘਰ ਦੇ ਲਾਗੇ ਹਾਕੀ ਦਾ ਮੈਦਾਨ ਹੈ, ਜਿਥੇ ਹਾਕੀ ਖੇਡਦੇ ਖਿਡਾਰੀਆਂ ਨੂੰ ਵੇਖ ਕੇ ਉਸ ਅੰਦਰ ਵੀ ਹਾਕੀ ਦੀ ਖਿਡਾਰਨ ਬਣਨ ਦਾ ਸੁਪਨਾ ਪੈਦਾ ਹੋਇਆ ਪਰ ਉਸ ਦਾ ਬਾਪ ਨਾ ਤਾਂ ਆਪਣੀ ਧੀ ਨੂੰ ਨਵੀਂ ਹਾਕੀ ਲੈ ਕੇ ਦੇਣ  ਅਤੇ ਨਾ ਹੀ ਪੜ੍ਹਾਈ ਕਰਵਾਉਣ ਦੇ ਸਮਰੱਥ ਸੀ। ਖਿਡਾਰੀ ਬਣਨ ਲਈ ਚੰਗੀ ਖੁਰਾਕ ਦੀ ਲੋੜ ਹੁੰਦੀ ਹੈ, ਪਰ ਰਾਣੀ ਰਾਮਪਾਲ ਦੇ ਘਰ ਤਾਂ ਚਾਹ ਬਣਾਉਣ ਲਈ ਦੁੱਧ ਦੀ ਵੀ ਥੁੜ੍ਹ ਹੁੰਦੀ ਸੀ। ਜਿਉਂ ਹੀ ਰਾਣੀ ਰਾਮਪਾਲ ਨੇ ਬਚਪਨ ਵਿਚ ਹਾਕੀ ਅਕਾਦਮੀ ਵਿਚ ਦਾਖਲਾ ਲਿਆ ਤਾਂ ਉਸ ਦੇ ਕੋਚ ਬਲਦੇਵ ਸਿੰਘ ਨੇ ਉਸ ਨੂੰ ਹਾਕੀ ਅਕਾਦਮੀ ਵਿਚ ਦਾਖਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ 'ਤੂੰ ਕੁਪੋਸ਼ਣ ਦੀ ਸ਼ਿਕਾਰ ਏੰ'। ਪਰ ਰਾਣੀ ਰਾਮਪਾਲ ਨੇ ਤਾਂ ਚੋਟੀ ਦੀ ਖਿਡਾਰਨ ਬਣਨ ਦਾ ਸੁਪਨਾ ਧਾਰਿਆ ਹੋਇਆ ਸੀ, ਜਿਸ ਕਰਕੇ ਉਸ ਨੇ ਹਾਕੀ ਅਕਾਦਮੀ ਵਿਚ ਦਾਖਲ ਲੈਣ ਲਈ ਜਿੱਦ ਕਰੀ ਰੱਖੀ, ਜਿਸ ਪਿੱਛੋਂ ਅਖੀਰ ਉਸ ਨੂੰ ਅਕਾਦਮੀ ਵਿਚ ਦਾਖਲਾ ਮਿਲ ਗਿਆ। ਹਾਕੀ ਖੇਡਣ ਲਈ ਹੁਣ ਉਸ ਨੂੰ ਚੰਗੀ ਖੁਰਾਕ ਦੀ ਲੋੜ ਸੀ , ਪਰ ਉਸ ਦੇ ਬਾਪ ਦੇ ਘਰ ਦੁੱਧ ਮੱਖਣ ਹੋਣਾ ਦੂਰ ਦੀ ਗੱਲ, ਰੋਟੀ ਵੀ ਰੱਜਵੀੰ ਨਸੀਬ ਨਹੀਂ ਸੀ। ਦੂਸਰੀਆਂ ਖਿਡਾਰਨਾਂ ਦੀ ਤਰ੍ਹਾਂ ਕੋਚ ਵਲੋਂ ਉਸ ਨੂੰ ਵੀ ਹਰ ਰੋਜ ਘੱਟੋ-ਘੱਟ ਅੱਧਾ ਕਿਲੋ ਦੁੱਧ ਪੀਣ ਲਈ ਕਿਹਾ ਜਾਂਦਾ, ਪਰ ਉਹ ਕੀ ਕਰੇ? ਉਸ ਨੇ ਆਪਣੇ ਕੋਚ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਮਜ਼ਬੂਰ ਵੱਸ ਆਪਣੇ ਘਰੋਂ 200 ਮਿਲੀਲੀਟਰ ਦੁੱਧ ਲਿਆਕੇ, ਵਿਚ 300 ਮਿਲੀਲੀਟਰ ਪਾਣੀ ਪਾ ਕੇ ਦੂਜੀਆਂ ਖਿਡਾਰਨਾਂ ਨਾਲ ਪੀਣਾ ਸ਼ੁਰੂ ਕਰ ਦਿੱਤਾ, ਕਿਉਂਕਿ ਖਿਡਾਰਨਾਂ ਵਾਸਤੇ ਖੇਡ ਦੇ ਮੈਦਾਨ ਵਿਚ ਦੁੱਧ ਨਾਲ ਲਿਆਕੇ ਪੀਣਾ ਲਾਜਮੀ ਸੀ।
ਰਾਣੀ ਰਾਮਪਾਲ ਨੂੰ ਖਿਡਾਰਨ ਬਣਨ ਸਮੇਂ ਇੱਕ  ਨਹੀਂ ਸਗੋਂ  ਪਹਾੜਾਂ ਵਰਗੀਆਂ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਸ ਕੋਲ ਖੇਡਣ ਸਮੇਂ ਸਕਰਟ ਨਹੀਂ ਸੀ, ਜਿਸ ਕਰਕੇ ਉਹ ਸਲਵਾਰ ਕਮੀਜ ਪਾ ਕੇ ਅਭਿਆਸ ਕਰਨ ਲਈ ਮਜਬੂਰ ਸੀ, ਦੂਜਾ ਉਸ ਦੇ ਮਾਪੇ ਵੀ ਸਕਰਟ ਪਾ ਕੇ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ ਸਨ, ਖੇਡਣ ਲਈ ਹਾਕੀ ਨਹੀਂ ਸੀ। ਰਾਣੀ ਰਾਮਪਾਲ ਨੇ ਪੰਜਵੀਂ ਜਮਾਤ ਵਿਚ ਪੜ੍ਹਨ ਸਮੇਂ ਖੇਡਣਾ ਸ਼ੁਰੂ ਕੀਤਾ, ਉਹ ਵੀ ਕਿਤਿਓੰ ਲੱਭੀ ਟੁੱਟੀ ਹੋਈ ਹਾਕੀ ਨਾਲ!
ਖਿਡਾਰਨ ਰਾਣੀ ਰਾਮਪਾਲ ਦੇ ਖੇਡ ਅਭਿਆਸ ਨੂੰ ਵੇਖਦਿਆਂ ਉਸ ਦੇ ਕੋਚ ਦੀ ਮਾਨਸਿਕਤਾ ਹੀ ਬਦਲ ਗਈ। ਫਿਰ ਉਹ ਉਸ ਨੂੰ ਆਪਣੇ ਘਰ ਹੀ ਲੈ ਗਿਆ, ਜਿੱਥੇ ਉਸ ਨੂੰ ਆਪਣੇ ਬੱਚਿਆਂ ਵਾਂਗ ਰੱਖਦਿਆਂ ਉਸ ਦਾ ਖਰਚ ਆਪ ਕਰਨਾ ਸ਼ੁਰੂ ਕਰ ਦਿੱਤਾ। ਅਰਜੁਨ ਪੁਰਸਕਾਰ, ਪਦਮ ਸ਼੍ਰੀ ਪੁਰਸਕਾਰ, ਰਾਜੀਵ ਗਾਂਧੀ ਖੇਡ ਪੁਰਸਕਾਰ ਸਮੇਤ ਹੋਰ ਅਨੇਕਾਂ ਪੁਰਸਕਾਰ ਜਿੱਤਣ ਵਾਲੀ  ਹਾਕੀ ਦੀ ਰਾਣੀ ਆਪਣੇ ਬਾਪ ਨੂੰ ਰੱਜ ਕੇ ਪਿਆਰ ਕਰਦੀ ਹੈ, ਇਸੇ ਲਈ ਉਸ ਨੇ ਆਪਣੇ ਨਾਂ ਰਾਣੀ ਦੇ ਨਾਲ ਰਾਮਪਾਲ ਲਿਖਵਾ ਕੇ 'ਰਾਣੀ ਰਾਮਪਾਲ' ਬਣ ਗਈ। ਰਾਣੀ ਰਾਮਪਾਲ ਦਾ ਕਹਿਣਾ ਹੈ ਕਿ ਉਸ ਨੇ ਜਦੋਂ ਪਹਿਲੀ ਵਾਰ ਟੂਰਨਾਮੈਂਟ ਖੇਡ ਕੇ ਆਪਣੇ ਬਾਪ ਦੇ ਹੱਥ ਉਪਰ 500 ਰੁਪਏ ਦੀ ਕਮਾਈ ਰੱਖੀ ਤਾਂ ਉਹ ਬਹੁਤ ਖੁਸ਼ ਹੋਏ। ਰਾਣੀ ਰਾਮਪਾਲ ਦੇਸ਼ ਦੀ ਉਹ ਖਿਡਾਰਨ ਹੈ, ਜਿਸ ਨੂੰ 15 ਸਾਲ ਦੀ ਉਮਰ ਵਿਚ ਕੌਮੀ ਪੱਧਰ 'ਤੇ ਖੇਡਣ ਦਾ ਮੌਕਾ ਮਿਲਿਆ। ਉਹ ਅਕਸਰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿਹਾ ਕਰਦੀ ਸੀ ਕਿ ਉਨ੍ਹਾਂ ਦਾ ਵੀ ਆਪਣਾ ਘਰ ਹੋਵੇਗਾ! ਇਹ ਆਸ ਵੀ ਉਸ ਦੀ ਪੂਰੀ ਹੋ ਗਈ ਹੈ, ਉਸ ਨੇ ਸ਼ਾਹਬਾਦ ਸ਼ਹਿਰ ਵਿਚ ਆਪਣਾ ਘਰ ਖ੍ਰੀਦ ਲਿਆ ਹੈ।
ਆਮ ਤੌਰ 'ਤੇ ਵੇਖਿਆ ਗਿਆ ਹੈ ਕਿ ਜਦੋਂ ਆਰਥਿਕ ਥੜ੍ਹਾਂ ਦਾ ਮਾਰਿਆ ਹੋਇਆ ਬੱਚਾ ਕਿਸੇ ਵਿੱਦਿਅਕ ਅਦਾਰੇ ਵਿਚ ਪੜ੍ਹਨ ਲਈ ਜਾਂਦਾ ਹੈ, ਤਾਂ ਕਈ ਅਧਿਆਪਕ ( ਸਾਰੇ ਨਹੀਂ) ਪਹਿਲਾਂ ਹੀ ਉਸ ਨੂੰ ਇਹ ਕਹਿ ਕੇ ਜਲੀਲ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਤੂੰ ਨਹੀਂ ਪੜ੍ਹ ਸਕਦਾ! ਜੇ ਕੋਈ ਗਰੀਬ ਵਿਦਿਆਰਥੀ ਡਾਕਟਰ / ਇੰਜੀਨੀਅਰ ਬਣਨ ਦਾ ਸੁਪਨਾ ਵੇਖਦਾ ਹੈ ਤਾਂ ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਪੜ੍ਹਾਈ ਬਹੁਤ ਔਖੀ ਹੈ, ਤੇਰੇ ਵਸ ਦੀ ਨਹੀਂ, ਇਸ ਲਈ ਤੂੰ ਫਲਾਣੇ ਵਿਸ਼ਿਆਂ ਵਿਚ ਪੜ੍ਹਾਈ ਕਰ ਲੈ ਜਾਂ ਕਿਸੇ ਫੈਕਟਰੀ ਵਿਚ ਕੰਮ ਕਰਨ ਲੱਗ ਜਾ, ਵਧੀਆ ਰਹੇੰਗਾ, ਅੱਜ ਕੱਲ੍ਹ ਪੜ੍ਹਨ - ਪੜ੍ਹਨ ਦਾ ਕੋਈ ਲਾਭ ਨਹੀਂ ਹੈ। ਇਸ ਤਰ੍ਹਾਂ ਗਰੀਬ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੋਂ ਟਾਲਿਆ ਜਾਂਦਾ ਹੈ ਤਾਂ ਜੋ ਉਹ ਪੜ੍ਹ ਨਾ ਸਕਣ। ਇਸੇ ਤਰ੍ਹਾਂ ਹੀ ਰਾਣੀ ਰਾਮਪਾਲ ਦਾ ਕੋਚ ਉਸ ਦੇ ਸਰੀਰ ਨੂੰ ਵੇਖ ਕੇ ਇਹ ਕਹਿ ਕੇ ਹਾਕੀ ਅਕਾਦਮੀ ਵਿਚ ਦਾਖਲਾ ਦੇਣ ਤੋਂ ਇਨਕਾਰ ਕਰ ਰਿਹਾ ਸੀ ਕਿ 'ਤੂੰ ਕੁਪੋਸ਼ਣ ਦਾ ਸ਼ਿਕਾਰ ਏਂ! ਪਰ ਰਾਣੀ ਰਾਮਪਾਲ ਨੇ ਤਾਂ ਦਿਮਾਗ ਵਿਚ ਚੋਟੀ ਦੀ ਇਕ ਖਿਡਾਰਨ ਬਣਨ ਦਾ ਸੁਪਨਾ ਸਿਰਜਿਆ ਹੋਇਆ ਸੀ, ਜਿਸ ਕਰਕੇ ਉਸ ਨੇ ਭੁੱਖ-ਨੰਗ ਨਾਲ ਘੁਲਦਿਆਂ ਜਾਨ ਤੋੜ ਕੇ ਖੇਡ ਮੈਦਾਨ ਵਿਚ ਅਭਿਆਸ ਕੀਤਾ। ਰਾਣੀ ਰਾਮਪਾਲ ਦਾ ਸੁਪਨਾ ਪੂਰਾ ਹੋਇਆ ਅਤੇ ਉਹ ਸੱਚਮੁੱਚ ਹੀ ਹਾਕੀ ਦੀ ਰਾਣੀ ਬਣ ਗਈ ਅਤੇ ਜਿਹੜਾ ਕੋਚ ਉਸ ਨੂੰ ਅਕਾਦਮੀ ਵਿਚ ਦਾਖਲ ਕਰਨ ਤੋਂ ਅੜਿੱਕੇ ਡਾਹ ਰਿਹਾ ਸੀ, ਉਹੀ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨੂੰ ਚੋਟੀ ਦੀ ਖਿਡਾਰਨ ਬਣਾਉਣ ਲਈ ਵੱਡਾ ਯੋਗਦਾਨ ਪਾਇਆ।
ਸਾਡੇ ਦੇਸ਼ ਵਿਚ ਮਨੂੰਵਾਦੀ ਵਿਵਸਥਾ ਦਾ ਬੋਲਬਾਲਾ ਹੋਣ ਕਰਕੇ ਅਕਸਰ 'ਘਾਹੀਆਂ ਦੇ ਪੁੱਤਾਂ' ਨੂੰ ਘਾਹ ਖੋਤਣ ਲਈ ਹੀ ਮਜਬੂਰ ਕੀਤਾ ਜਾਂਦਾ ਹੈ, ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮਾਜ, ਦੇਸ਼ ਅਤੇ ਸੰਸਾਰ ਵਿੱਚ ਜਦੋਂ ਵੀ ਸਮੇਂ ਨੇ ਕਰਵਟ ਲਈ ਹੈ ਤਾਂ ਆਰਥਿਕ ਅਤੇ ਸਮਾਜਿਕ ਥੁੜ੍ਹਾਂ ਮਾਰੇ ਲੋਕਾਂ ਦੇ ਅੰਦੋਲਨਾਂ ਵਿਚੋਂ ਹੀ ਉਪਜੀ ਹੈ, ਜਦ ਕਿ ਅਮੀਰ, ਵਪਾਰੀ ਅਤੇ ਉੱਚ ਅਧਿਕਾਰੀ ਹਮੇਸ਼ਾ ਅੰਦੋਲਨਾਂ ਨੂੰ ਕੁਚਲਣ ਦੇ ਸਾਜਿਸ਼ ਘਾੜੇ ਬਣਕੇ ਵਿਚਰੇ ਹਨ।
-ਸੁਖਦੇਵ ਸਲੇਮਪੁਰੀ
09780620233
8 ਅਗਸਤ, 2021

ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਵਿਖੇ ਪਸ਼ੂਆਂ ਦੀ ਭਿਆਨਕ ਬਿਮਾਰੀ ਦੇ ਇਲਾਜ ਲਈ ਵਰਲਡ ਕੈਂਸਰ ਕੇਅਰ ਆਈ ਅੱਗੇ 

 ਡੀ ਸੀ ਮੋਗਾ ਨੂੰ ਦਵਾਈਆਂ ਦੀ ਇਕ ਵੱਡੀ ਖੇਪ ਕਰਵਾਈ ਮੁਹੱਈਆ  

ਮੋਗਾ , 6 ਅਗਸਤ  (ਰਾਣਾ ਸ਼ੇਖਦੌਲਤ / ਜੱਜ ਮਸੀਤਾਂ )  ਪੰਜਾਬ ਦੇ ਇਤਿਹਾਸਿਕ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਵਿਖੇ ਪਸ਼ੂਆਂ ਨੂੰ ਲਾਗ ਲੱਗਣ ਕਾਰਨ ਬਿਮਾਰੀ ਫੈਲੀ ਹੋਈ ਹੈ, ਜਿਸਦੇ ਚਲਦੇ ਪਿੰਡ ਰਾਊਕੇ ਦੇ ਜੰਮਪਲ ਇੰਗਲੈਂਡ ਵਾਸੀ ਡਾ ਕੁਲਵੰਤ ਸਿੰਘ ਧਾਲੀਵਾਲ ਦੀ ਸੰਸਥਾ ਵਰਲਡ ਕੈਂਸਰ ਕੇਅਰ ਵੱਲੋਂ ਅੱਜ ਪਸ਼ੂਆਂ ਦੇ ਇਲਾਜ ਲਈ ਦਵਾਈਆਂ ਦੀ ਇੱਕ ਵੱਡੀ ਖੇਪ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਜੀ ਨੂੰ ਮੁਹੱਈਆ ਕਰਵਾਈ ਗਈ । ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਡਾ ਕੁਲਵੰਤ ਸਿੰਘ ਧਾਲੀਵਾਲ ਨੇ ਆਖਿਆ ਕਿ ਚਾਹੇ ਸਾਡਾ ਮੁੱਖ ਮਕਸਦ ਲੋਕਾਂ ਨੂੰ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਬਚਾਉਣਾ ਹੈ  ਪਰ ਅੱਜ ਜੇਕਰ ਪੰਜਾਬ ਦੇ ਵਿੱਚ ਪਸ਼ੂਆਂ ਦੀ ਇਸ ਤਰ੍ਹਾਂ ਦੀ ਭਿਆਨਕ ਬੀਮਾਰੀ ਫੈਲ ਜਾਂਦੀ ਹੈ ਤਾਂ ਉਸ ਦੀ ਰੋਕਥਾਮ ਲਈ ਆਪਣੇ ਭੈਣਾਂ ਭਰਾਵਾਂ ਨੂੰ ਪੰਜਾਬ ਵੱਸਦਿਆਂ ਨੂੰ ਉੱਜੜਨ ਤੋਂ ਬਚਾਉਣ ਲਈ ਸਾਡਾ ਇਹ ਫ਼ਰਜ਼ ਬਣਦਾ ਹੈ ਜਿਸ ਤਹਿਤ ਅਸੀਂ ਅੱਜ ਦੀਨਾ ਸਾਹਿਬ ਪਿੰਡ ਵਾਸੀਆਂ ਦੇ ਲਈ ਡੀ ਸੀ ਮੋਗਾ ਨੂੰ ਇਕ ਵੱਡਾ ਦਵਾਈਆਂ ਦੀ ਖੇਪ ਪਹੁੰਚਦੀ ਕੀਤੀ ਹੈ  । ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਵੀ ਕੀਤੀ ਕਿ ਗੁਰੂ ਸਾਹਿਬ ਉਨ੍ਹਾਂ ਬੇਜ਼ੁਬਾਨ ਪਸ਼ੂਆਂ ਨੂੰ ਇਸ ਤਰ੍ਹਾਂ ਦੀ ਭਿਆਨਕ ਬਿਮਾਰੀ ਤੋਂ ਬਚਾਉ ।

 

ਯੂਕੇ ਦੇ ਲੈਸਟਰ ਸ਼ਹਿਰ ਵਿਚ ਸਾਂਝਾਂ ਗਰੁੱਪ ਵੱਲੋਂ ਸਾਉਣ ਦੇ ਮਹੀਨੇ ਤੇ ਲੱਗੀ ਮਹਿਫ਼ਿਲ  

ਯੂ ਕੇ ਦੇ ਲੈਸਟਰ ਸ਼ਹਿਰ ਵਿੱਚ “ਸਾਂਝਾ ਗਰੁੱਪ “ਵੱਲੋਂ ਬੜੀ ਧੂਮਧਾਮ ਨਾਲ ਮਹਿਲਾਵਾਂ ਵੱਲੋਂ ਸਾਉਣ ਮਹੀਨੇ ਨੂੰ ਮਹੱਤਤਾ ਦਿੰਦੇ ਹੋਏ “ਸਾਵਣ ਆਇਆ” ਪ੍ਰੋਗਰਾਮ ਮਨਾਇਆ ਗਿਆ

ਲੈਸਟਰ  4 ਅਗਸਤ  -- ਯੂ ਕੇ ਦੀ ਲੇਖਿਕਾ ਜਸਵੰਤ ਕੌਰ ਬੈਂਸ, ਕਮਲਜੀਤ ਕੌਰ ਨੱਤ, ਗੁਰਬਖਸ਼ ਕੌਰ, ਰਾਜਵੀਰ ਕੌਰ, ਕੁਲਦੀਪ ਕੌਰ , ਰਾਜਵੀਰ ਕੌਰ, ਬਿੰਦਰ ਧਾਲੀਵਾਲ, ਬਲਜੀਤ ਕੌਰ , ਰਣਜੀਤ ਕੌਰ ਵੱਲੋਂ “ਸਾਵਣ ਆਇਆ” ਪ੍ਰੋਗ੍ਰਾਮ ਦੀ ਰੂਪ ਰੇਖਾ ਉਲੀਕੀ ਗਈ। ਜਿਸ ਵਿੱਚ ਸ਼ਿੰਦਰ ਕੌਰ ਰਾਏ,  ਸਿਮਰਜੀਤ ਕੌਰ,ਨਵਦੀਪ ਕੌਰ , ਜਗੀਰ ਕੌਰ, ਕਾਂਤਾ, ਬਲਜੀਤ ਕੌਰ, ਪਰਮਿੰਦਰ ਕੌਰ ਸੰਧੂ, ਕਮਲਜੀਤ ਕੌਰ, ਅਵਤਾਰ ਕੌਰ, ਪਰੀਤੋ , ਬਲਵਿੰਦਰ ਕੌਰ, ਸੁਰਜੀਤ ਕੌਰ, ਸੁਰਿੰਦਰ ਕੌਰ ਗੋਲਡੀ, ਕੁਲਵੰਤ ਕੌਰ, ਜਸਵੀਰ ਕੌਰ, ਸੁਰਿੰਦਰ ਕੌਰ, ਕੁਲਵਿੰਦਰ ਕੌਰ ਬਿਲਨ, ਦਰਸ਼ਨਾਂ , ਸੁਖਵਿੰਦਰ ਕੌਰ, ਜੋਤੀ, ਬਲਦੇਵ ਕੌਰ ਅਤੇ ਹੋਰ ਬਹੁਤ ਸਾਰੀਆਂ ਮਹਿਲਾਵਾਂ ਨੇ ਆਪਣਾ ਯੋਗਦਾਨ ਪਾਇਆ।

ਲੇਖਿਕਾ ਜਸਵੰਤ ਕੌਰ ਬੈਂਸ ਨੇ ਇਸ ਪ੍ਰੋਗਰਾਮ ਵਿੱਚ ਸਾਵਣ ਰੁੱਤ ਨੂੰ ਮਹੱਤਤਾ ਦਰਸਾਉਂਦੇ ਹੋਏ ਪਾਣੀ ਬਚਾਉਣ , ਰੁੱਖ ਲਾਉਣ ਅਤੇ ਰੁੱਖ ਬਚਾਉਣ ਵਾਰੇ ਚਾਨਣਾ ਪਾਇਆ। ਕੁਦਰਤ ਰਾਣੀ ਨੂੰ ਪਿਆਰ ਅਤੇ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ। ਦੱਸਿਆ ਗਿਆ ਕਿ ਸਾਵਣ ਰੁੱਤ ਵੀ ਬਾਕੀ ਰੁੱਤਾਂ ਵਾਂਗ ਅਹਿਮ ਰੁੱਤ ਹੈ। ਜੇਠ ਹਾੜ ਦੇ ਤੱਪਦੇ ਮਹੀਨਿਆਂ ਤੋਂ ਬਾਅਦ ਇਹ ਰੁੱਤ ਮੀਂਹ ਵਰ੍ਹਾ ਕੇ ਠੰਡਕ ਲਿਆਉਂਦੀ ਹੈ ਅਤੇ ਗਰਮੀ ਤੋਂ ਰਾਹਤ ਦਿੰਦੀ ਹੈ।ਸਾਵਣ ਰੁੱਤ ਮੀਂਹ ਵਰ੍ਹਾ ਕੇ ਠੰਡੀ ਵਰਾਉਂਦੀ  ਹੋਈ ਫਸਲਾਂ , ਰੁੱਖਾਂ, ਨੂੰ ਪਾਣੀ ਨਾਲ ਸਿੰਜਦੀ ਹੈ। ਇਸ ਰੁੱਤ ਦਾ ਜਾਨਵਰ, ਪੰਛੀ  ਵੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਮਹਿਲਾਵਾਂ ਵੱਲੋਂ ਸਾਵਣ ਰੁੱਤ ਨਾਲ ਸਬੰਧਤ ਕਹਾਣੀਆਂ, ਗੀਤ , ਕਿੱਕਲੀ ਅਤੇ ਬੋਲੀਆਂ ਪਾਈਆਂ ਗਈਆਂ। ਸਾਵਣ ਰੁੱਤ ਦੀ ਮਹੱਤਤਾ ਵਾਰੇ ਵੀ ਚਾਨਣਾ ਪਾਇਆ ਗਿਆ। ਸਾਵਣ ਰੁੱਤ ਵਿੱਚ ਤੀਆਂ ਦਾ ਤਿਉਹਾਰ  ਅਤੇ ਰੱਖੜੀ ਦਾ ਤਿਉਹਾਰ ਆਉਂਦੇ ਹਨ ਅਤੇ ਧੂੰਮਧਾਮ ਨਾਲ ਮਨਾਏ ਜਾਂਦੇ ਹਨ।

ਜਸਵੰਤ ਕੌਰ ਬੈਂਸ ਨੇ ਆਪਣੀ ਲਿਖੀ ਰਚਨਾ ਸਾਂਝੀ ਕੀਤੀ

ਮੈਂ ਸਾਉਣ ਹਾਂ

ਤੂੰ ਪੁੱਛਦੀ ਏਂ,
ਮੈਂ ਕੌਣ ਹਾਂ?
ਨਾ ਨੀ ਭੈਣੇ,
ਮੈ ਸਾਉਣ ਹਾਂ।
ਜਦੋਂ ਟੋਭਿਆਂ ਵਿੱਚ,
ਭਰਦਾ ਹੈ ਪਾਣੀ,
ਨਹਿਰਾਂ ਦੀਆਂ ਲਹਿਰਾਂ ਤੇ,
ਆਵੇ ਜਦ ਜਵਾਨੀ,
ਪਾਣੀ ਨਾਲ ਭਰੇ,
ਖੂਹਾਂ ਦੀ ,
ਮੈਂ ਮੌਣ ਹਾਂ।
ਤੂੰ ਪੁੱਛਦੀ ਏ,
ਮੈਂ ਕੌਣ ਹਾਂ?
ਜਦੋਂ ਕੋਠਿਆਂ ਦੇ,
ਵੱਗਦੇ ਨੇ ਪਰਨਾਲੇ,
ਜਦੋਂ ਤਿੱਪ ਤਿੱਪ ਚੋਂਦੇ ਨੇ,
ਛੱਤਾਂ ਦੇ ਬਾਲੇ।
ਮੈਂ ਮਿੱਟੀ, ਸੀਮੈਂਟ ਨਾਲ ,
ਬਣਿਆ ਹੋਇਆ
ਮੋਗਿਆਂ ਲਈ ਲਿੱਪ-ਪੋਚੇ
ਲਾਉਣ ਹਾਂ।
ਤੂੰ ਪੁੱਛਦੀ ਏ,
ਮੈਂ ਕੌਣ ਹਾਂ?
ਨਾ ਨੀ ਭੈਣੇ,
ਮੈਂ ਸਾਉਣ ਹਾਂ।
ਜਦੋਂ ਵਗਦੇ ਪਾਣੀ ਦੀ,
ਕੋਈ ਕਰੇ ਨਾ ਰੋਕਥਾਮ।
ਮੈਨੂੰ ਬਦਨਾਮ ਕਰਕੇ,
ਜਦੋਂ ਲਾਉਂਦੇ ਨੇ,
ਕਈ ਇਲਜ਼ਾਮ।
ਮੈ ਉਂਨਾਂ ਤੇਜ ਧਾਰਾ ਵਿੱਚ,
ਵਗਦੇ ਹੜ੍ਹਾਂ ਦਾ,
ਆਉਣ ਹਾਂ।
ਤੂੰ ਪੁੱਛਦੀ ਏਂ,
ਮੈਂ ਕੌਣ ਹਾਂ?
ਨਾ ਨੀ ਭੈਣੇ,
ਮੈਂ ਸਾਉਣ ਹਾਂ।
ਜਦੋਂ ਕੁੜੀਆਂ ਆਵਣ,
ਬਾਬਲ ਦੇ ਵਿਹੜੇ,
ਖਿੱੜ ਜਾਣ ਫੇਰ,
ਪਿੰਡਾਂ ਤੇ ਸ਼ਹਿਰਾਂ,
ਵਿੱਚ ਖੇੜੇ।
ਉੱਨਾਂ ਤੀਆਂ ਤ੍ਰਿੰਝਣਾਂ ਦਾ,
ਮੈਂ ਗਾਉਣ ਹਾਂ।
ਤੂੰ ਪੁੱਛਦੀ ਏਂ,
ਮੈਂ ਕੌਣ ਹਾਂ?
ਨਾ ਨੀ ਭੈਣੇ,
ਮੈਂ ਸਾਉਣ ਹਾਂ।
ਜਦੋਂ ਲੋਹ੍ਹੜੇ ਦਾ ਮੀਂਹ,
ਵਰਦਾ ਏ,
ਕੋਠਿਆਂ ਉੱਤੇ ਅਤੇ ਵਿਹੜੇ,
ਸਮਾਨ ਰੱਖਦੇ ਨੇ,
ਚੱਕ ਚੱਕ ਕੇ,
ਅੰਦਰ ਜਿਹੜੇ।
ਮੈਂ ਗਿੱਲੇ ਹੋਏ ਮੰਜਿਆਂ ਵਿੱਚ,
ਪੈ ਗਈ ਕਾਣ ਅਤੇ,
ਭਿੱਜੀ ਦੌਣ ਹਾਂ।
ਤੂੰ ਪੁੱਛਦੀ ਏਂ,
ਮੈਂ ਕੌਣ ਹਾਂ?
ਨਾ ਨੀ ਭੈਣੇ,
ਮੈ ਸਾਉਣ ਹਾਂ।

ਜਸਵੰਤ ਕੌਰ ਬੈਂਸ
ਲੈਸਟਰ ਯੂ ਕੇ

ਪ੍ਰਸਿੱਧ ਗਾਇਕਾ ਮਮਤਾ ਸ੍ਰੀਵਾਸਤਵ ਦੀ ਨਵੀਂ ਭੇਂਟ "ਝੋਲੀ ਭਰਦੇ" ਰਿਲੀਜ਼

ਗੋਲਡਨ ਵਿਰਸਾ ਯੂ ਕੇ ਦਾ ਸ਼ਲਾਘਾਯੋਗ ਉਪਰਾਲਾ- ਛਿੰਦਾ ਜੱਜ

ਲੰਡਨ ,  (ਸਮਰਾ )-ਗੋਲਡਨ ਵਿਰਸਾ ਯੂ ਕੇ ਜਿੱਥੇ   ਵਿਦੇਸ਼ਾਂ ਵਿੱਚ ਰਹਿ ਰਹੀ ਨੌਜਵਾਨ ਪੀਡ਼੍ਹੀ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਜੋੜਨ ਲਈ ਹਮੇਸ਼ਾਂ ਯਤਨਸ਼ੀਲ ਰਹਿੰਦਾ ਹੈ।  ਉਥੇ  ਹੀ ਇਸ ਲੜੀ ਨੂੰ ਲਗਾਤਾਰ ਜਾਰੀ ਰੱਖਦੇ ਹੋਏ   ਨੌਜਵਾਨ ਪੀੜ੍ਹੀ ਨੂੰ ਅਧਿਆਤਮਕ ਨਾਲ ਜੋੜਨ ਲਈ   ਪ੍ਰਸਿੱਧ ਗਾਇਕਾ ਮਮਤਾ ਸ੍ਰੀਵਾਸਤਵ ਦੀ ਨਵੀਂ ਭੇਟ,ਝੋਲੀ ਭਰਦੇ, ਰਿਲੀਜ਼ ਕੀਤੀ ਗਈ।  ਇਸ ਭੇਟ ਨੂੰ ਜਿੱਥੇ ਬਹੁਤ ਹੀ ਪਿਆਰੀਆਂ ਧੁੰਨਾਂ ਨਾਲ ਸ੍ਰੀ ਵਿਨੈ ਕੰਵਲ ਵੱਲੋਂ ਸ਼ਿੰਗਾਰਿਆ ਗਿਆ ਹੈ। ਉਥੇ ਹੀ  ਇਸ ਭੇਟ ਦੀਆਂ ਸਤਰਾਂ ਪ੍ਰਸਿੱਧ ਗੀਤਕਾਰ ਰਾਜਵੀਰ ਸਮਰਾ ਏਕਲ ਗੱਡਾ ਦੁਆਰਾ ਆਪਣੀ  ਕਲਮ ਦੁਆਰਾ ਕਲਮਬੰਦ ਕੀਤੀਆਂ ਗਈਆਂ ਹਨ।  ਰਣਜੀਤ ਉਪੱਲ ਦੁਆਰਾ ਆਪਣੀ ਪੂਰੀ ਟੀਮ ਨਾਲ ਉਕਤ ਭੇਂਟ ਨੂੰ ਹਿਮਾਚਲ ਪ੍ਰਦੇਸ਼ ਦੀਆਂ ਵੱਖ ਵੱਖ ਵਾਦੀਆਂ ਵਿੱਚ ਬਹੁਤ ਹੀ ਸੁੰਦਰ ਢੰਗ ਨਾਲ ਫਿਲਮਾਇਆ ਗਿਆ ਹੈ ।   ਇਸ ਭੇਂਟ ਨੂੰ ਜਿੱਥੇ ਛਿੰਦਾ ਜੱਜ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ। ਉਥੇ ਹੀ ਇਸ ਭੇਟ ਦੇ ਰਿਲੀਜ਼ ਹੋਣ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ   ਗੋਲਡਨ ਵਿਰਸਾ ਯੂ ਕੇ ਦਾ ਇਹ ਇਕ ਸ਼ਲਾਘਾਯੋਗ ਕੰਮ ਹੈ । ਉਨ੍ਹਾਂ ਨੇ ਕਿਹਾ ਕਿ ਸਾਨੂੰ ਹਰ ਧਰਮ ਦਾ ਹੀ ਪੂਰਨ ਸਤਿਕਾਰ ਕਰਨਾ ਚਾਹੀਦਾ ਹੈ ਤੇ ਆਪਣੀ ਨੌਜਵਾਨ ਪੀਡ਼੍ਹੀ ਨੂੰ ਆਪਣੇ ਧਰਮ ਵਿੱਚ ਪੂਰਨ ਪ੍ਰਪੱਕ ਬਣਾਉਣ ਲਈ ਧਾਰਮਿਕ ਵਿਰਸੇ ਨਾਲ ਜੋੜਨਾ ਚਾਹੀਦਾ ਹੈ  ।

ਪ੍ਰਸਿੱਧ ਗਾਇਕਾ ਮਮਤਾ ਸ਼੍ਰੀਵਾਸਤਵ ਦੀ ਭੇਟ "ਭਗਤਾਂ ਦੇ ਬੇੜੇ" ਰਿਲੀਜ਼.

ਇਹਨੀ ਦਿਨੀ ਧਾਰਮਿਕ ਖੇਤਰ ਵਿੱਚ ਨਾਮਣਾ ਖੱਟਣ ਵਾਲੀ ਮਿੱਠੀ ਆਵਾਜ਼ "ਮਮਤਾ ਸ਼੍ਰੀਵਾਸਤਵ" ਆਪਣੀ ਨਵੀਂ ਭੇਟ ਭਗਤਾਂ ਦੇ ਬੇੜੇ ਨਾਲ ਚਰਚਾ ਵਿੱਚ ਹੈ,ਇਸ ਗੀਤ ਨੂੰ ਗੋਲਡਨ ਵਿਰਸਾ ਯੂ.ਕੇ ਵਲੋਂ ਰਿਲੀਜ਼ ਕੀਤਾ ਗਿਆ ਹੈ ਅਤੇ ਇਸਦੇ ਬੋਲ ਰਾਜਵੀਰ ਸਮਰਾ ਦੀ ਕਲਮ ਤੋਂ ਲਿਖੇ ਗਏ ਹਨ,ਪ੍ਰਸਿੱਧ ਵੀਡੀਓ ਡਾਇਰੈਕਟਰ ਰਣਜੀਤ ਉਪਲ ਵਲੋਂ ਵੀਡੀਓ ਦੀ ਸ਼ੂਟਿੰਗ ਹਿਮਾਚਲ ਦੀਆਂ ਅਲੱਗ ਅਲੱਗ ਜਗਾਵਾਂ ਦੇ ਕੀਤੀ ਗਈ ਹੈ, ਇਸਦਾ ਸੰਗੀਤ ਫੋਲਕ ਸਟਾਈਲ (ਵਿਨੈ ਕਮਲ )ਵਲੋਂ ਕੀਤਾ ਗਿਆ ਹੈ ,ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਮਤਾ ਸ਼੍ਰੀ ਵਾਸਤਵ ਨੇ ਦੱਸਿਆ ਕਿ ਓਹਨਾ ਨੂੰ ਪਹਿਲਾ ਵੀ ਕਾਫੀ ਮਾਤਾ ਦੀਆਂ ਭੇਟਾਂ ਗਾਈਆਂ ਹਨ ਤੇ ਪਹਿਲਾ ਵਾਂਙ ਇਸ ਭੇਟ ਨੂੰ ਵੀ ਸਰੋਤੇ ਭਰਵਾਂ ਹੁੰਗਾਰਾ ਦੇ ਰਹੇ ਹਨ,ਇਸ ਦੇ ਨਾਲ ਹੀ ਉਹਨਾਂ ਦੇ ਸਮੁੱਚੀ ਟੀਮ ਦਾ ਵੀ ਧੰਨਵਾਦ ਕੀਤਾ ਹੈ ਜਿਹਨਾਂ ਨੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਿਆ ਹੈ,ਇਥੇ ਇਹ ਵੀ ਦਸ ਦਈਏ ਕਿ ਇਸ ਪ੍ਰੋਜੈਕਟ ਬਾਅਦ ਗੋਲਡਨ ਵਿਰਸਾ ਯੂ.ਕੇ ਵਲੋਂ ਹੋਰ ਵੀ ਕਾਫੀ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਹਨ ਜੋ ਕਿ ਜਲਦੀ ਹੀ ਗੋਲਡਨ ਵਿਰਸਾ ਯੂ.ਕੇ ਦੇ ਬੈਨਰ ਹੇਠ ਰਿਲੀਜ਼ ਹੋਣਗੇ

ਪੱਤਰਕਾਰ ਰਾਜੀਵ ਸ਼ਰਮਾ 

ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਵਿਖੇ ਅਹਿਮ ਮੀਟਿੰਗ ਆਯੋਜਿਤ  

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਚੁੱਕੇ ਕੋਈ ਸਾਰਥਕ ਕਦਮ- ਹਰਮੀਤ ਗਿੱਲ   

ਲੰਡਨ , (ਰਾਜਵੀਰ ਸਮਰਾ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਲਗਾਤਾਰ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਇਕ ਅਹਿਮ ਮੀਟਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਆਗੂਆਂ ਕੁਲਵੰਤ ਸਿੰਘ, ਹਰਜੀਤ ਸਿੰਘ ਸਰਪੰਚ, ਹਰਮੀਤ ਸਿੰਘ ਗਿੱਲ ,ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ । ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਬੇਨਤੀ ਨਾਮਾ ਲਿਖ ਕੇ ਕੁਝ ਮੰਗਾਂ ਕੀਤੀਆਂ ਗਈਆਂ । ਇਨ੍ਹਾਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮੰਗਾਂ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਮੱਦੇਨਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਤੇ ਪਹਿਰੇਦਾਰਾਂ ਦਾ ਪ੍ਰਬੰਧ ਲਾਜ਼ਮੀ ਕਰਨਾ, ਗੁਰਦੁਆਰਾ ਪ੍ਰਬੰਧ ਦੀ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫ਼ਰਜ਼ਾਂ ਪ੍ਰਤੀ ਸਿੱਖਿਆ ਮੁਹੱਈਆ ਕਰਵਾਏ, ਚੰਗੇ ਗ੍ਰੰਥੀਆਂ ਦਾ ਸਤਿਕਾਰ ਵਧਾਵੇ, ਗੁਰਦੁਆਰਾ ਸੁਰੱਖਿਆ ਦੇ ਤਹਿਤ ਕੈਮਰੇ ਆਦਿ ਲਗਾਏ ਜਾਣ ,ਅੱਗ ਤੇ ਬਿਜਲੀ ਦੀਆਂ ਦੁਰਘਟਨਾਵਾਂ ਤੋਂ ਬਚਣ ਦੇ ਤਰੀਕੇ ਤੇ ਗੁਰਦੁਆਰਾ ਸਹਿਬਾਨ ਯੋਗ ਪ੍ਰਬੰਧ ਸਥਾਪਤ ਕੀਤੇ ਜਾਣ ਸ਼ਾਮਲ ਹਨ । ਇਸ ਦੇ ਨਾਲ ਹੀ ਹਰਮੀਤ ਸਿੰਘ ਗਿੱਲ ਜਨਰਲ ਸਕੱਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਹਰੇਕ ਦੁਰਘਟਨਾ ਦੀ ਤਫਤੀਸ਼ ਕਰਵਾ ਕੇ ਮੁਕੰਮਲ ਰਿਪੋਰਟ ਸੰਗਤਾਂ ਨੂੰ ਜਲਦੀ ਤੋਂ ਜਲਦੀ ਦਿੱਤੀ ਜਾਵੇ। ਇਸ ਦੇ ਨਾਲ ਹੀ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰਨ ਤੌਰ ਤੇ ਯਾਦ ਕਰਾਉਣ ਲਈ ਸਿਰ ਜੋੜਨ ਦੀ ਬੇਨਤੀ ਕੀਤੀ ਗਈ ਯੂ ਕੇ ਭਰ ਦੀਆਂ ਸੰਗਤਾਂ ਨੇ ਪ੍ਰਣ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਪੰਥਕ ਰਵਾਇਤਾਂ ਅਨੁਸਾਰ ਯੋਗ ਦੰਡ ਦੇਣ ਵਾਲੇ ਗੁਰਸਿੱਖਾਂ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਾਂਗੇ । ਇਸ ਮੌਕੇ ਤੇ ਸਿੱਖ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਅਮਰੀਕ ਸਿੰਘ ਗਿੱਲ ਬ੍ਰਿਟਿਸ਼ ਸਿੱਖ ਕੰਸਲਟੇਟਿਵ ਫੋਰਮ ਦੇ ਸਕੱਤਰ ਡਾ ਜਸਦੇਵ ਸਿੰਘ ਰਾਏ ਨੌਜਵਾਨ ਆਗੂ ਭਾਈ ਕੇਹਰ ਸਿੰਘ ਭਾਈ ਕੁਲਦੀਪ ਸਿੰਘ ਚਹੇੜੂ ਭਾਈ ਜਸਬੀਰ ਸਿੰਘ ਲੈਸਟਰ ਭਾਈ ਮਨਵੀਰ ਸਿੰਘ ਲਵਸ਼ਿੰਦਰ ਸਿੰਘ ਡਾ ਗੁਰਦੀਪ ਸਿੰਘ ਜਗਵੀਰ ਭਾਈ ਅਵਤਾਰ ਸਿੰਘ ਭਾਈ ਸ਼ਮਸ਼ੇਰ ਸਿੰਘ ਦਰਸ਼ਨ ਸਿੰਘ ਭਿੰਡਰ ਫ਼ੌਜਾ ਸਿੰਘ ਜਸਮੀਤ ਸਿੰਘ ਅਮਰਜੀਤ ਸਿੰਘ ਡਾ ਜਸਵਿੰਦਰ ਕੌਰ ਆਦਿ ਨੇ ਵੀ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਗਿਆਨੀ ਸੁਖਜੀਵਨ ਸਿੰਘ ਨੂੰ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਤੇ ਉਚੇਚੇ ਤੌਰ ਤੇ ਗੁਰਮੇਲ ਸਿੰਘ ਮੱਲ੍ਹੀ ਅਤੇ ਉਨ੍ਹਾਂ ਦੇ ਸਹਿਯੋਗੀ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਜਵਾਨਾਂ ਦਾ ਸਾਥ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ

 

ਗੋਲਡਨ ਵਿਰਸਾ ਯੂ ਕੇ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ

ਲੰਡਨ 19 ਜੁਲਾਈ (ਰਾਜਵੀਰ ਸਮਰਾ  )- ਵਿਦੇਸ਼ ਵਿੱਚ  ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਹਮੇਸ਼ਾਂ ਯਤਨਸ਼ੀਲ ਸੰਸਥਾ ਗੋਲਡਨ ਵਿਰਸਾ ਯੂ ਕੇ ਵੱਲੋਂ  ਰਾਜਨਦੀਪ ਕੌਰ ਸਮਰਾ ਦੀ ਅਗਵਾਈ ਵਿੱਚ ਸਾਊਥਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।  ਇਸ ਦੌਰਾਨ ਯੂ ਕੇ ਦੇ ਵੱਖ ਵੱਖ ਸ਼ਹਿਰਾਂ ਤੋਂ ਪਹੁੰਚੀਆਂ ਪੰਜਾਬਣਾਂ ਤੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸਬੂਤ ਦਿੰਦੇ ਹੋਏ ਬੋਲੀਆਂ ਅਤੇ ਗਿੱਧੇ ਦੀ ਧਮਕ ਨਾਲ ਅਜਿਹਾ ਰੰਗ ਬੰਨ੍ਹਿਆ  ਕਿ ਗੋਰਿਆਂ ਦੀ ਅੱਡੀ ਨੂੰ ਵੀ ਥਿਰਕਣ ਲਾ ਦਿੱਤਾ ।  ਤੀਆਂ ਦੇ ਇਸ ਤਿਉਹਾਰ ਦੌਰਾਨ ਇੰਜ ਪ੍ਰਤੀਤ ਹੁੰਦਾ ਸੀ। ਜਿਵੇਂ ਇਹ ਲੰਡਨ ਨਹੀਂ ਸਗੋਂ ਪੰਜਾਬ ਦੇ ਕਿਸੇ ਪਿੰਡ ਦਾ ਹੀ ਪ੍ਰੋਗਰਾਮ ਹੋਵੇ। ਇਸ ਮੌਕੇ ਮੁੱਖ ਪ੍ਰਬੰਧਕ ਨਸੀਬ ਕੌਰ ਮੱਲ੍ਹੀ ਨੇ ਤੀਆਂ ਦੇ ਤਿਉਹਾਰ ਨੂੰ ਕਾਮਯਾਬ ਕਰਨ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਤਿਉਹਾਰ ਹਰ ਸਾਲ ਮਨਾਇਆ   ਜਾਵੇਗਾ । ਅਜਿਹੇ ਮੇਲੇ ਜੋ ਸਾਡੇ ਸੱਭਿਆਚਾਰ ਦਾ ਅਣਮੁੱਲਾ ਹਿੱਸਾ ਹਨ। ਸਾਨੂੰ ਸਭ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਤੀਆਂ ਦਾ ਪ੍ਰੋਗਰਾਮ ਤਿੰਨ ਹਫ਼ਤੇ ਹੋਰ 25 ਜੁਲਾਈ , 1 ਅਤੇ 8 ਅਗਸਤ ਨੂੰ ਵੀ ਇਸੇ ਤਰ੍ਹਾਂ ਮਨਾਇਆ ਜਾਵੇਗਾ।  ਉਨ੍ਹਾਂ ਸਮੂਹ ਪੰਜਾਬੀਆਂ ਨੂੰ ਹੁੰਮ ਹੁਮਾ ਕੇ ਅਗਲੇ ਮੇਲਿਆਂ ਵਿੱਚ ਵੀ ਪਹੁੰਚਣ ਦੀ ਅਪੀਲ ਕੀਤੀ । ਇਸ ਮੌਕੇ ਤੇ ਕਮਲਜੀਤ ਧਾਮੀ, ਕੁਲਵੰਤ ਕੌਰ, ਸ਼ਿੰਦੋ ਕੌਰ ਗਰੇਵਾਲ ਆਦਿ ਵੱਡੀ ਗਿਣਤੀ ਬੀਬੀਆਂ ਤੇ   ਮੁਟਿਆਰਾਂ ਮੌਜੂਦ ਸਨ। ਇਸ ਮੌਕੇ ਤੇ ਵੱਖ ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ

ਨੱਚ ਨੱਚ ਕਲੱਬ ਦਾ ਉਦਘਾਟਨ 24 ਜੁਲਾਈ ਨੂੰ  -ਧਾਮੀ  

ਨੱਚ ਨੱਚ ਕਲੱਬ ਦਾ ਉਦਘਾਟਨ 24 ਜੁਲਾਈ ਨੂੰ  -ਧਾਮੀ  

ਲੰਡਨ 17 ਜੁਲਾਈ (ਰਾਜਵੀਰ ਸਮਰਾ ) ਨੌਜਵਾਨ ਪੀੜ੍ਹੀ  ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਵਿਸ਼ੇਸ਼ ਉਦੇਸ਼ ਨਾਲ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਨੱਚ ਨੱਚ  ਕਲੱਬ ਖੁੱਲ੍ਹਣ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਧਾਮੀ ਨੇ ਦੱਸਿਆ  ਕਿ ਇਸ ਕਲੱਬ ਦਾ ਮੁੱਖ ਉਦੇਸ਼ ਵਿਦੇਸ਼ਾਂ ਵਿਚ ਰਹਿ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਪੰਜਾਬੀ ਵਿਰਸੇ ਨਾਲ ਜੁੜ ਸਕੇ। ਇਸ ਕਲੱਬ ਨੂੰ ਪਰਵਾਸੀ ਪੰਜਾਬੀਆਂ ਜਿਨ੍ਹਾਂ ਵਿੱਚ ਪਰਜਿੰਦਰ ਸਿੰਘ ਮੋਰਾਂਵਾਲੀ, ਸਨੀ ਪੁਰੇਵਾਲ, ਜੀਤਾ ਪੁਰੇਵਾਲ, ਇਮਰਾਨ ਪਟੇਲ, ਮੱਖਣ ਸਿੰਘ ਰਾਣੂ ਆਦਿ ਨੇ ਵਿਸ਼ੇਸ਼ ਸਹਿਯੋਗ ਨਾਲ ਬਣਾਇਆ ਗਿਆ ਹੈ। ਜਿਸ ਦਾ ਉਦਘਾਟਨ 24 ਜੁਲਾਈ ਦਿਨ ਸ਼ਨੀਵਾਰ ਨੂੰ ਹੋਵੇਗਾ।  ਜਿਸ ਦੌਰਾਨ ਲਾਈਵ ਪਰਫਾਰਮੈਂਸ ਦੌਰਾਨ ਡਾ ਜੇਸੂ , ਜੇ ਕੇ ਐਚ ਧਾਮੀ, ਬੰਨ੍ਹੀ ਏ ਆਪਣੀ ਕਲਾ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰਨਗੇ।

ਲੇਖਿਕਾ ਜਸਵੰਤ ਕੌਰ ਬੈਂਸ ਦਾ ਕਾਵਿ ਸੰਗ੍ਰਹਿ ਲੈਸਟਰ ਯੂ ਕੇ ਵਿੱਚ ਲੋਕ ਅਰਪਣ

ਲੈਸਟਰ,14 ਜੁਲਾਈ ( ਜਨ ਸ਼ਕਤੀ ਨਿਊਜ਼ ਬਿਊਰੋ ) 

ਕਰੋਨਾ ਕਾਲ ਦੇ ਦੌਰਾਨ ਜਸਵੰਤ ਕੌਰ ਬੈਂਸ ਵੱਲੋਂ ਸੰਪਾਦਕ ਕੀਤਾ ਗਿਆ ਕਹਾਣੀ ਅਤੇ ਲੇਖ ਸੰਗ੍ਰਹਿ “ਜਾਣਾ ਏ ਉਸ ਪਾਰ” ਲੈਸਟਰ ਵਿੱਚ ਲੋਕ ਅਰਪਣ ਕੀਤਾ ਗਿਆ। ਜਸਵੰਤ ਕੌਰ ਬੈਂਸ ਨੇ ਜਸਪਾਲ ਸਿੰਘ ਮਾਨ ਕਾਨੈਡਾ ਟਰਾਂਟੋਂ ਦਾ ਸਪੈਸ਼ਲ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕਿਤਾਬ ਨੂੰ ਸਪੌਂਸਰ ਕਰਕੇ ਮਾਂ ਬੋਲੀ ਅਤੇ ਸਾਹਿਤ ਲਈ ਸੇਵਾ ਨਿਭਾਈ ਹੈ। ਲੈਸਟਰ ਤੋਂ ਆਰ ਕੇ ਰਾਣੀ, ਰਾਜਪ੍ਰੀਤ ਕੌਰ ਡਰਬੀ, ਮਨਵਿੰਦਰ ਧਾਲੀਵਾਲ, ਸਤਵੰਤ ਕੌਰ ਸਹੋਤਾ, ਸੁਖਵੰਤ ਕੌਰ ਗਰੇਵਾਲ ਸਹਿਯੋਗੀ ਮੰਡਲ ਨੇ ਜਸਵੰਤ ਕੌਰ ਦਾ ਸਾਥ ਦੇ ਕੇ ਸਹਿਯੋਗੀ ਮੰਡਲ ਵਿੱਚ ਆਪਣੀ ਪੂਰੀ ਸੇਵਾ ਨਿਭਾਈ ਹੈ। 

ਲੈਸਟਰ ਵਿਖੇ ਜਸਵੰਤ ਕੌਰ ਬੈਂਸ ਅਤੇ ਉਨ੍ਹਾਂ ਦੀ ਸਾਹਿਤਕ ਟੀਮ ਜੋ “ਸਾਂਝਾਂ ਗਰੁੱਪ “ਅਤੇ “ਵਿਹੜੇ ਦੀਆਂ ਰੌਣਕਾਂ “ ਵਿੱਚ ਮਾਂ ਬੋਲੀ, ਸਾਹਿਤ, ਧਾਰਮਿਕ ਪ੍ਰੋਗ੍ਰਾਮਾਂ ਅਤੇ ਸਭਿਆਚਾਰਿਕ ਪ੍ਰੋਗ੍ਰਾਮਾਂ ਵਿੱਚ ਨਿਸ਼ਕਾਮ ਸੇਵਾਵਾਂ ਨਿਭਾਉਦੀਆਂ ਹਨ। ਜੋ ਕਰੋਨਾ ਮਾਹਾਵਾਰੀ ਦੇ ਦੌਰਾਨ ਔਨ ਲਾਈਨ ਕਵੀ ਦਰਬਾਰ ਕਰਕੇ ਮਾਂ ਬੋਲੀ ਅਤੇ ਸਾਹਿਤ ਨਾਲ ਜੋੜੀ ਰੱਖਣ ਲਈ ਕਵਿਤਾਵਾਂ, ਗ਼ਜ਼ਲਾਂ , ਗੀਤ ਅਤੇ ਸੱਭਿਆਚਾਰਿਕ ਪ੍ਰੋਗਰਾਮ ਨਾਲ ਲੇਡੀਜ਼ ਨੂੰ ਉਤਸ਼ਾਹਿਤ ਕਰਦੇ ਰਹੇ। ਉਨ੍ਹਾਂ ਸਭ ਨੇ ਮਿਲ ਅੱਜ ਦੇ ਇਸ ਮਾਂ ਬੋਲੀ ਨੂੰ ਸਮੱਰਪਤ ਸਾਹਿਤਕ ਪ੍ਰੋਗ੍ਰਾਮ ਵਿੱਚ ਬੜੀ ਧੂੰਮਧਾਮ ਨਾਲ “ਜਾਣਾ ਏ ਉਸ ਪਾਰ “ਕਹਾਣੀ ਅਤੇ ਲੇਖ ਸੰਗ੍ਰਹਿ ਨੂੰ ਲੋਕ ਅਰਪਣ ਕੀਤਾ। ਇਸ ਸਪੈਸ਼ਲ ਮੌਕੇ ਤੇ ਕਮਲਜੀਤ ਕੌਰ ਨੱਤ, ਸ਼ਿੰਦਰ ਕੌਰ ਰਾਏ, ਜਿਨਾਂ ਦੇ ਲੇਖ ਇਸ ਕਿਤਾਬ ਵਿੱਚ ਕਲਮਬੱਧ ਹੋਏ ਹਨ ਨੇ ਇਸ ਰਲੀਜ਼ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਜਸਵੰਤ ਕੌਰ ਬੈਂਸ ਦਾ ਇਸ ਕਹਾਣੀ ਅਤੇ ਲੇਖ ਸੰਗ੍ਰਹਿ ਤੇ ਐਨੀ ਮਿਹਨਤ ਕਰਨ ਤੇ ਧੰਨਵਾਦ ਕੀਤਾ । ਕਮਲਜੀਤ ਕੌਰ ਨੱਤ , ਸ਼ਿੰਦਰ ਕੌਰ ਰਾਏ (ਰੇਡੀਓ ਪ੍ਰਜ਼ੈਂਟਰ) ਗੁਰਬਖਸ਼ ਕੌਰ, ਕਾਤਾਂ ਕੌਰ ਅਤੇ ਜਗੀਰ ਕੌਰ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਇਸ ਪ੍ਰੋਗ੍ਰਾਮ ਦੀ ਸ਼ਲਾਘਾ ਕੀਤੀ। ਜਸਵੰਤ ਕੌਰ ਬੈਂਸ ਨੇ ਪੰਜਾਬ ਅਤੇ ਯੂ ਕੇ ਦੀਆਂ ਸਾਹਿਤਕ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜਿਨ੍ਹਾਂ ਨੇ ਪੰਜਾਬ ਵਿੱਚ ਇਸ ਕਹਾਣੀ ਸੰਗ੍ਰਹਿ ਨੂੰ ਲੋਕ ਅਰਪਣ ਕਰ ਕੇ ਜਸਵੰਤ ਕੌਰ ਬੈਂਸ ਅਤੇ ਇਸ ਪੁਸਤਕ ਲੇਖਕਾਂ ਨੂੰ ਮਾਣ ਬਖ਼ਸ਼ਿਆ ਹੈ। ਸ. ਬਲਜਿੰਦਰ ਮਾਨ ਜੀ ਨਿੱਕੀਆਂ ਕਰੂੰਬਲ਼ਾਂ ਦੇ ਸੰਪਾਦਕ  ਵੱਲੋਂ ਮਾਹਿਲਪੁਰ ਹੁਸ਼ਿਆਰਪੁਰ ਵਿਖੇ ਨਿੱਕੀਆਂ ਕਰੂੰਬਲਾਂ ਭਵਨ ਵਿਖੇ ਬਹੁਤ ਵਧੀਆ ਸਾਹਿਤਕ ਪ੍ਰੋਗਰਾਮ ਉਲੀਕ ਕੇ ਰਲੀਜ਼ ਕੀਤਾ ਗਿਆ। ਬਾਬਾ ਬਕਾਲਾ ਦੀਆਂ ਸਾਹਿਤਕ ਸੰਸਥਾਵਾਂ ਵੱਲੋਂ ਹਰਮੇਸ਼ ਯੋਧੇ ਜੀ, ਸ. ਸ਼ੇਲਿੰਦਰਜੀਤ ਸਿੰਘ ਜੀ ਦੀ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ( ਸਬੰਧਤ ਕੇਂਦਰੀ ਪੰਜਾਬੀ ਲੇਖਕ ਸਭਾ) ਵੱਲੋਂ ਮਾਂ ਬੋਲੀ ਨੂੰ ਸਮੱਰਪਤ ਸਾਹਿਤਕ ਸਮਾਗਮ ਵਿੱਚ ਪੂਰੀ  ਟੀਮ ਵੱਲੋਂ ਬਹੁਤ ਵੱਡੇ ਪੱਧਰ ਤੇ ਲੋਕ ਅਰਪਣ ਕੀਤਾ ਗਿਆ। ਲੈਸਟਰ ਵਿਖੇ ਜਸਵੰਤ ਕੌਰ ਬੈਂਸ ਅਤੇ ਲੈਸਟਰ ਦੀ ਸਾਹਿਤਕ ਟੀਮ ਨੇ ਆਪਣੇ ਸਾਹਿਤਕ ਪ੍ਰੋਗ੍ਰਾਮ ਵਿੱਚ ਬੜੀ ਧੂੰਮਧਾਮ ਨਾਲ “ਜਾਣਾ ਏ ਉਸ ਪਾਰ” ਕਹਾਣੀ ਅਤੇ ਲੇਖ ਸੰਗ੍ਰਹਿ ਨੂੰ ਲੋਕ ਅਰਪਣ ਕੀਤਾ। ਜਸਵੰਤ ਕੌਰ ਬੈਂਸ ਨੇ ਪੰਜਾਬ ਅਤੇ ਯੂ ਕੇ ਦੀਆਂ ਸਾਹਿਤਕ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।