ਭਾਰਤ

 ਪੰਥਕ ਮੁਦਿਆਂ ਤੇ ਲੀਗਲ ਸੈਲ ਪੈਰਵਾਈ ਵਿਚ ਹੋ ਰਿਹਾ ਲਗਾਤਾਰ ਅਸਫਲ 

ਦਿੱਲੀ ਕਮੇਟੀ ਦੇ ਲੀਗਲ ਸੈੱਲ ਦੀ ਨਮੋਸ਼ੀਆਂ ਨੂੰ ਦੇਖਦਿਆਂ ਲੀਗਲ ਸੈੱਲ ਦਾ ਚੇਅਰਮੈਨ ਕੋਈ ਨਿਰਪੱਖ ਤੇ ਸਿਆਣਾ ਇਨਸਾਨ ਲਗਾਉਣਾ ਚਾਹੀਦਾ: ਚਾਵਲਾ 

ਨਵੀਂ ਦਿੱਲੀ 27 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਕਰਤਾਰ ਸਿੰਘ ਚਾਵਲਾ ਨੇ ਦਿੱਲੀ ਕਮੇਟੀ ਦੇ ਲੀਗਲ ਸੈਲ ਦੀ ਪੈਰਵਾਈ ਅੱਧੀਨ ਲਗਾਤਾਰ ਹੋ ਰਹੀਆਂ ਨਾਕਾਮੀਆਂ ਤੇ ਰੋਸ ਪ੍ਰਗਟ ਕਰਦਿਆਂ ਅਹਿਮ ਸੁਆਲ ਚੁੱਕੇ ਹਨ । ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦਾ ਢਾਂਚਾ ਇਸ ਹੱਦ ਤੱਕ ਜਰਜਰਾ ਹੋ ਚੁੱਕਿਆ ਹੈ ਕਿ ਇਹਨਾਂ ਦਾ ਕੋਈ ਵੀ ਕੰਮ ਸਿਰੇ ਨਹੀਂ ਲੱਗ ਰਿਹਾ ਹੈ । ਦਿੱਲੀ ਕਮੇਟੀ ਦਾ ਲੀਗਲ ਸੈੱਲ ਜਾਂ ਪਿਛਲੇ ਸਮੇਂ ਤੋਂ  ਇੱਕ ਇੱਕ ਕਰਕੇ ਹਰ ਕੇਸ ਵਿਚ ਪੰਥ ਨੂੰ ਨਮੋਸ਼ੀ ਦਿਵਾ ਰਿਹਾ ਹੈ ਚਾਹੇ ਟਾਈਟਲਰ ਦੇ ਕੇਸ ਦੀ ਗੱਲ ਕਰ ਲਈਏ, ਸੱਜਣ ਕੁਮਾਰ ਦਾ ਕੇਸ, ਚਾਹੇ ਘੱਟ ਗਿਣਤੀ ਸਰਟੀਫਿਰੇਟ ਦੇਣ ਦੀ ਗੱਲ ਹੋਵੇ, ਚਾਹੇ ਗੁਰਦੁਆਰਾ ਗਿਆਨ ਗੋਦੜੀ ਦਾ ਮਸਲਾ ਹੋਵੇ ਤੇ ਚਾਹੇ ਉਹ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ ਮਸਲਾ ਹੋਵੇ । ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਤੋਂ ਲੈ ਕੇ ਹਰ ਅਹੁਦੇਦਾਰ ਦਾ ਸਾਰਾ ਜ਼ੋਰ ਆਪਣੇ ਸੁਪਰ ਬੌਸ ਮਨਜਿੰਦਰ ਸਿੰਘ ਸਿਰਸਾ ਦੀ ਸਿਆਸਤ ਚਮਕਾਉਣ ਤੇ ਸਰਕਾਰਾਂ ਦੀ ਖ਼ਿਦਮਤ ਕਰਨ ਤੇ ਲੱਗਿਆ ਹੋਇਆ ਹੈ ਜਿਸ ਕਰਕੇ ਇਹਨਾਂ ਨੂੰ ਸਿੱਖਾਂ ਦੇ ਅਹਿਮ ਕੇਸਾਂ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ ਹੈ ਕਿ ਅਸੀ ਅਦਾਲਤ ਅੰਦਰ ਪੰਥ ਦਾ ਪੱਖ ਕਿਸ ਤਰ੍ਹਾਂ ਪੇਸ਼ ਕਰਵਾਣਾ ਹੈ । 
ਸਰਦਾਰ ਚਾਵਲਾ ਨੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਮੀਤ ਸਿੰਘ ਕਾਹਲੋਂ, ਜਿਨ੍ਹਾਂ ਕੋਲ ਲੀਗਲ ਸੈੱਲ ਦੀ ਚੇਅਰਮੈਨੀ ਵੀ ਹੈ, ਨੂੰ ਸਲਾਹ ਦੇਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਨਮੋਸ਼ੀਆਂ ਦੀ ਜਿੰਮੇਵਾਰੀ ਲੈਂਦਿਆਂ ਲੀਗਲ ਸੈੱਲ ਦੀ ਚੇਅਰਮੈਨੀ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ।
ਅਤੇ ਲੀਗਲ ਸੈੱਲ ਦਾ ਚੇਅਰਮੈਨ ਕੋਈ ਨਿਰਪੱਖ ਤੇ ਸਿਆਣਾ ਇਨਸਾਨ ਲਗਾਉਣਾ ਚਾਹੀਦਾ ਹੈ । ਜਿਸਨੂੰ ਕਾਨੂੰਨੀ ਸਮਝ ਵੀ ਹੋਵੇ ਤੇ ਜਿਸਦੇ ਅੰਦਰ ਕੌਮ ਦਾ ਦਰਦ ਵੀ ਹੋਵੇ । ਜਿਸ ਨਾਲ ਕੌਮ ਦੇ ਇਹਨਾਂ ਅਹਿਮ ਕੇਸਾਂ ਦੀ ਸੁਚੱਜੀ ਪੈਰਵੀ ਹੋ ਸਕੇ ।

ਦਿੱਲੀ ਵਿੱਚ ਜੀ-20 ਸੰਮੇਲਨ ਤੋਂ ਪਹਿਲਾਂ 5 ਤੋਂ ਵੱਧ ਮੈਟਰੋ ਸਟੇਸ਼ਨਾਂ 'ਤੇ ਲਿਖੇ ਗਏ ਖਾਲਿਸਤਾਨੀ ਨਾਹਰੇ 

ਨਵੀਂ ਦਿੱਲੀ 27 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਵਿੱਚ ਜੀ-20 ਸੰਮੇਲਨ ਤੋਂ ਪਹਿਲਾਂ 5 ਤੋਂ ਵੱਧ ਮੈਟਰੋ ਸਟੇਸ਼ਨਾਂ 'ਤੇ 'ਦਿੱਲੀ ਬਣੇਗਾ ਖਾਲਿਸਤਾਨ' ਅਤੇ 'ਖਾਲਿਸਤਾਨ ਜ਼ਿੰਦਾਬਾਦ' ਲਿਖਿਆ ਗਿਆ ਹੈ। ਦਿੱਲੀ ਪੁਲਿਸ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਜੀ-20 ਸੰਮੇਲਨ ਤੋਂ ਪਹਿਲਾਂ ਸਿੱਖਸ ਫਾਰ ਜਸਟਿਸ (ਐਸਐਫਜੇ) ਨੇ ਦਿੱਲੀ ਮੈਟਰੋ ਸਟੇਸ਼ਨਾਂ ਦੀ ਫੁਟੇਜ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਖਾਲਿਸਤਾਨ ਪੱਖੀ ਨਾਅਰੇ ਲਿਖੇ ਹੋਏ ਹਨ। ਐਸਐਫਜੇ ਕਾਰਕੁਨਾਂ ਨੂੰ ਦਿੱਲੀ ਦੇ ਸ਼ਿਵਾਜੀ ਪਾਰਕ ਤੋਂ ਪੰਜਾਬੀ ਬਾਗ ਤੱਕ ਕਈ ਮੈਟਰੋ ਸਟੇਸ਼ਨਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਦੇ ਦੇਖਿਆ ਗਿਆ। ਦਿੱਲੀ ਪੁਲਿਸ ਨੇ ਇਨ੍ਹਾਂ ਨਾਅਰਿਆਂ ਨੂੰ ਮਿਟਾਉਣਾ ਸ਼ੁਰੂ ਕਰ ਦਿੱਤਾ ਹੈ।
ਦਿੱਲੀ ਦੇ ਪੰਜਾਬੀ ਬਾਗ, ਸ਼ਿਵਾਜੀ ਪਾਰਕ, ​​ਮਾਦੀਪੁਰ, ਪੱਛਮ ਵਿਹਾਰ, ਉਦਯੋਗ ਨਗਰ ਅਤੇ ਮਹਾਰਾਜਾ ਸੂਰਜਮਲ ਸਟੇਡੀਅਮ ਸਮੇਤ ਪੱਛਮ ਦੇ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ 'ਤੇ 'ਦਿੱਲੀ ਬਨੇਗਾ ਖਾਲਿਸਤਾਨ' ਅਤੇ 'ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ' ਵਰਗੇ ਨਾਅਰੇ ਕਾਲੇ ਰੰਗ 'ਚ ਲਿਖੇ ਹੋਏ ਪਾਏ ਗਏ ਹਨ । ਇਸੇ ਤਰ੍ਹਾਂ ਨਾਂਗਲੋਈ ਇਲਾਕੇ ਦੇ ਸਰਕਾਰੀ ਸਰਵੋਦਿਆ ਬਾਲ ਵਿਦਿਆਲਿਆ ਦੀ ਕੰਧ 'ਤੇ ਵੀ ਭਾਰਤ ਵਿਰੋਧੀ ਨਾਅਰੇ ਲਿਖੇ ਹੋਏ ਪਾਏ ਗਏ ਹਨ ।  ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਹੁਣ ਇਸ ਮਾਮਲੇ ਵਿਚ ਸਰਗਰਮ ਹੈ ਅਤੇ ਉਸਦੇ ਕਾਰਕੁਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤਾ ਗਿਆ ਹੈ।  ਡੀਸੀਪੀ (ਮੈਟਰੋ) ਅਨੁਸਾਰ ਮੈਟਰੋ ਸਟੇਸ਼ਨਾਂ ਦੀਆਂ ਕੰਧਾਂ 'ਤੇ ਲਿਖੇ ਸਾਰੇ ਸਲੋਗਨ ਹਟਾ ਦਿੱਤੇ ਗਏ ਹਨ।

ਸੱਜਣ ਕੁਮਾਰ ਦੇ ਮਾਮਲੇ ਵਿਚ ਹਟਾਈ ਗਈ ਧਾਰਾ 302 ਨੂੰ ਦੇਵਾਂਗੇ ਚੁਣੌਤੀ: ਕਾਲਕਾ/ ਕਾਹਲੋਂ 

 

 ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਰਨਾ ਭਰਾਵਾਂ ਕਮੇਟੀ ਦਾ ਹਿਸਾਬ ਕਿਤਾਬ ਚੈਕ ਕਰਣ ਦੀ ਸਿੱਧੀ ਚੁਣੌਤੀ

ਨਵੀਂ ਦਿੱਲੀ, 24 ਅਗਸਤ (ਮਨਪ੍ਰੀਤ ਸਿੰਘ ਖਾਲਸਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸਰਨਾ ਭਰਾਵਾਂ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੂੰ ਸਿੱਧੀ ਚੁਣੌਤੀ ਦਿੰਦਿਆਂ ਅੱਜ ਦਿੱਲੀ ਦੇ ਸਿੱਖ ਆਡੀਟਰਾਂ, ਸੀ ਏ ਤੇ ਅਕਾਊਂਟਸ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਹੋਏ ਕੰਮਾਂ ਦੀ ਘੋਖ ਵਾਸਤੇ ਜਦੋਂ ਮਰਜ਼ੀ ਆ ਕੇ ਘੋਖ ਕਰ ਲੈਣ ਤੇ ਸਾਰੀ ਸੰਗਤ ਦੇ ਸਾਹਮਣੇ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਕਿ ਕਿਸਦੇ ਕਾਰਜਕਾਲ ਵਿਚ ਤਨਖਾਹ ਕਮਿਸ਼ਨ ਨੂੰ ਲੈ ਕੇ ਕੁਤਾਹੀਆਂ ਹੋਈਆਂ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਅੱਜ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਆਖਿਆ ਹੈ ਕਿ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਨੂੰ ਲੈ ਕੇ ਜੋ ਹਾਲਾਤ ਹਨ, ਉਸ ਲਈ ਕੌਣ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਅਸੀਂ ਦਿੱਲੀ ਦੇ ਸਮੁੱਚੇ ਗੁਰਸਿੱਖ ਆਡੀਟਰਾਂ, ਸੀ ਏ ਤੇ ਅਕਾਊਂਟਸ ਦੀ ਜਾਣਕਾਰੀ ਰੱਖਣ ਵਾਲੀਆਂ ਸ਼ਖਸੀਅਤਾਂ ਨੂੰ ਸੱਦਾ ਦਿੰਦੇ ਹਾਂ ਕਿ ਜਦੋਂ 2006 ਵਿਚ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋਇਆ, ਉਦੋਂ ਤੋਂ ਲੈ ਕੇ ਹੁਣ ਤੱਕ ਹੋਏ ਸਾਰੇ ਕੰਮਾਂ ਦੀ ਘੋਖ ਵਾਸਤੇ ਦਿੱਲੀ ਕਮੇਟੀ ਦੇ ਖਾਤਿਆਂ ਦੀ ਘੋਖ ਕਰਨ ਤੇ ਸੰਗਤਾਂ ਨੂੰ ਦੱਸਣ ਕਿ ਕਿਸ ਦੇ ਕਾਰਜਕਾਲ ਵਿਚ ਕੀ ਗੜਬੜ ਹੋਈ।
ਉਹਨਾਂ ਕਿਹਾ ਕਿ 2006 ਵਿਚ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਮਗਰੋ਼ 2008 ਵਿਚ ਸਰਨਾ ਭਰਾਵਾਂ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਤੋਂ 150 ਕਰੋੜ ਰੁਪਏ ਇਕੱਤਰ ਕਰ ਲਏ ਪਰ ਮੁਲਾਜ਼ਮਾਂ ਨੂੰ ਇਕ ਫੁੱਟੀ ਕੌਡੀ ਵੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਅਦਾਰਿਆਂ ਦਾ ਹਾਲ ਮਾੜਾ ਕਰ ਕੇ ਸਰਨਾ ਭਰਾਵਾਂ ਨੇ ਆਪਣਾ ਇੰਜੀਨੀਅਰਿੰਗ ਕਾਲਜ ਖੋਲ੍ਹਿਆ।
ਉਹਨਾਂ ਕਿਹਾ ਕਿ ਅੱਜ ਕੱਲ੍ਹ ਸਰਦਾਰ ਸਰਨਾ ਦੇ ਨਜ਼ਦੀਕੀ ਮਿੱਤਰ ਬਣੇ ਸਰਦਾਰ ਮਨਜੀਤ ਸਿੰਘ ਜੀ.ਕੇ. ਨੇ ਪ੍ਰਧਾਨ ਬਣਨ ਮਗਰੋਂ ਆਪ ਸੰਗਤ ਨੂੰ ਦੱਸਿਆ ਸੀ ਕਿ ਸਰਨਾ ਭਰਾਵਾਂ ਨੇ ਬਾਲਾ ਸਾਹਿਬ ਹਸਪਤਾਲ ਵੇਚ ਕੇ ਆਪਣਾ ਨਿੱਜੀ ਫਾਰਮ ਹਾਊਸ ਬਣਾਇਆ ਤੇ ਕਿਵੇਂ ਉਹਨਾਂ ਨੇ ਸਟਾਫ ਦੀ ਬਣਦੀ ਤਨਖਾਹ ਕਮਿਸ਼ਨ ਦੀ ਅਦਾਇਗੀ ਨਹੀਂ ਕੀਤੀ ਪਰ ਕਿਉਂਕਿ ਉਹ ਅੱਜ ਕੱਲ੍ਹ ਸਰਨਾ ਭਰਾਵਾਂ ਦੇ ਮਿੱਤਰ ਹਨ, ਇਸ ਲਈ ਇਸ ਬਾਰੇ ਚੁੱਪ ਹਨ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਉਹ ਸਰਨਾ ਭਰਾਵਾਂ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਇਹ ਪੇਸ਼ਕਸ਼ ਕੀਤੀ ਹੈ ਕਿ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਹਨਾਂ ਨੇ ਸਰਨਾ ਭਰਾਵਾਂ ਨੂੰ ਚੇਤੇ ਕਰਵਾਇਆਕਿ  ਉਹਨਾਂ ਨੇ ਆਪ ਅਦਾਲਤ ਵਿਚ ਪਟੀਸ਼ਨ ਪਾ ਕੇ ਇਹ ਮੰਗ ਕੀਤੀ ਸੀ ਕਿ ਕਿਸ ਅਹੁਦੇਦਾਰ ਦੇ ਕਾਰਜਕਾਲ ਵਿਚ ਕੀ ਗੜਬੜ ਹੋਈ, ਇਸਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਜਦੋਂ ਸਰਦਾਰ ਮਨਜੀਤ ਸਿੰਘ ਜੀ ਕੇ ਪ੍ਰਧਾਨਗੀ ਤੋਂ ਹਟੇ ਤਾਂ ਕਮੇਟੀ ਸਿਰ 3 ਕਰੋੜ ਰੁਪਿਆ ਕਰਜ਼ਾ ਸੀ ਤੇ ਬੈਂਕ ਖਾਤੇ ਵਿਚ ਸਿਰਫ 10 ਲੱਖ ਰੁਪਏ ਸਨ।
ਉਹਨਾਂ ਕਿਹਾ ਕਿ ਜਦੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਬਣੇ ਤਾਂ ਅਸੀਂ ਸੰਗਤਾਂ ਨੂੰ ਅਪੀਲਾਂ ਕਰ ਕਰ ਕੇ ਫੰਡ ਇਕੱਠੇ ਕੀਤੇ ਤੇ ਕੋਈ ਵੀ ਮੁਲਾਜ਼ਮ ਨਹੀਂ ਕੱਢਿਆ ਜਦੋਂ ਕਿ ਕੋਰੋਨਾ ਵਿਚ ਵੱਖ-ਵੱਖ ਸੰਸਥਾਵਾਂ ਨੇ 60 ਫੀਸਦੀ ਮੁਲਾਜ਼ਮ ਕੱਢ ਦਿੱਤੇ ਸਨ। 
ਉਹਨਾਂ ਕਿਹਾ ਕਿ 2022 ਤੋਂ ਜਦੋਂ ਸਾਨੂੰ ਸੇਵਾ ਮਿਲੀ ਹੈ ਹੁਣ ਤੱਕ ਸਾਢੇ 56 ਕਰੋੜ ਰੁਪਏ ਸਕੂਲਾਂ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਿੰਨੀ ਮਿਹਨਤ ਅਸੀਂ ਪੰਥਕ ਸੰਸਥਾਵਾਂ ਵਾਸਤੇ ਕੀਤੀ ਹੈ, ਉਨਾ ਹੀ ਬੇੜਾ ਗਰਕ ਸਰਨਾ ਭਰਾਵਾਂ ਤੇ ਸਰਦਾਰ ਮਨਜੀਤ ਸਿੰਘ ਜੀ.ਕੇ. ਨੇ ਕੀਤਾ ਸੀ।
ਉਹਨਾਂ ਇਹ ਵੀ ਕਿਹਾ ਸਰਦਾਰ ਮਨਜੀਤ ਸਿੰਘ ਜੀ.ਕੇ. ਨੂੰ ਸ਼ਾਇਦ ਕੋਈ ਹੋਰ ਕੰਮ ਨਹੀਂ ਹੈ ਜਿਸ ਕਾਰਨ ਉਹ ਸਾਰਾ ਦਿਨ ਇਲਜ਼ਾਮਬਾਜ਼ੀ ਤੋਂ ਇਲਾਵਾ ਹੋਰ ਕੱਖ ਨਹੀਂ ਕਰਦੇ। ਉਹਨਾਂ ਕਿਹਾ ਕਿ ਸੱਜਣ ਕੁਮਾਰ ਦਾ ਕੇਸ ਵਿਕਾਸ ਪੁਰੀ ਤੇ ਜਨਕ ਪੁਰੀ ਵਿਚ ਹੋਈਆਂ ਐਫ ਆਈ ਆਰਜ਼ ਨਾਲ ਸਬੰਧਤ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਨੇ ਛੇ ਸਾਲਾਂ ਵਿਚ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਵਾਈ। ਉਹਨਾਂ ਦੇ ਜਾਣ ਤੋਂ ਬਾਅਦ ਕਾਰਵਾਈ ਹੋਈ ਤੇ ਕੇਸ ਵਿਚ ਚਾਰਜਸ਼ੀਟ ਫਾਈਲ ਕਰਵਾਈ ਗਈ ਤੇ ਫਿਰ ਚਾਰਜਿਜ਼ ਫਰੇਮ ਕਰਵਾਏ ਗਏ।
ਉਹਨਾਂ ਕਿਹਾ ਕਿ 302 ਭਾਵੇਂ ਡਰੋਪ ਕੀਤੀ ਹੈ ਪਰ 307 ਇਰਾਦਾ ਕਤਲ ਦੀ ਧਾਰਾ ਲੱਗੀ ਹੈ ਪਰ ਜਿਹੜੀਆਂ ਬਾਕੀ 109 ਆਈ ਪੀ ਸੀ ਧਾਰਾ ਸਭ ਤੋਂ ਵੱਡੀ ਧਾਰਾ ਹੈ ਜੋ ਸੱਜਣ ਕੁਮਾਰ ਭੀੜ ਦੀ ਅਗਵਾਈ ਕਰ ਰਿਹਾ ਸੀ, ਉਸ ਬਾਰੇ ਹੈ। ਉਹਨਾਂ ਕਿਹਾ ਕਿ ਅਸੀਂ 302 ਨੂੰ ਹਟਾਉਣ ਨੂੰ ਵੀ ਚੈਲੰਜ ਕਰਾਂਗੇ।

ਚੰਦ ਉਤੇ ਚੰਦਰਯਾਨ ਪੁਲਾੜ ਉਪਕਰਨ ਦੇ ਪਹੁੰਚਣ ਦੀ ਕਾਮਯਾਬੀ ਮਹੱਤਵਹੀਣ

ਕਿਉਂਕਿ ਹੁਕਮਰਾਨ ਜਨਤਾ ਨੂੰ ਅੱਜ ਤੱਕ ਰੋਟੀ, ਕੱਪੜਾ, ਮਕਾਨ ਮੁਹੱਈਆ ਨਹੀਂ ਕਰ ਸਕੇ: ਮਾਨ

ਨਵੀਂ ਦਿੱਲੀ, 24 ਅਗਸਤ (ਮਨਪ੍ਰੀਤ ਸਿੰਘ ਖਾਲਸਾ):- “ਜੋ ਚੰਦਰਮਾ ਉਪਗ੍ਰਹਿ ਉਤੇ ਇੰਡੀਆ ਦੀ ਚੰਦਰਯਾਨ-3 ਪੁਲਾੜ ਯਾਤਰਾ ਪਹੁੰਚੀ ਹੈ ਅਤੇ ਕਾਮਯਾਬੀ ਪ੍ਰਾਪਤ ਕੀਤੀ ਹੈ, ਇਹ ਇਕ ਵੱਡਾ ਉੱਦਮ ਹੈ । ਪਰ ਜੇਕਰ ਕਿਸੇ ਮੁਲਕ ਦੇ ਹੁਕਮਰਾਨ ਅਜਿਹੀਆ ਵੱਡੀਆਂ ਮਹਾਨ ਪੁਲਾਘਾ ਪੁੱਟ ਲੈਣ, ਲੇਕਿਨ ਬੀਤੇ 1947 ਤੋਂ ਲੈਕੇ ਅੱਜ ਤੱਕ ਆਪਣੇ ਮੁਲਕ ਨਿਵਾਸੀਆ ਨਾਲ ਕੀਤੇ ਗਏ ਰੋਟੀ, ਕੱਪੜਾ, ਮਕਾਨ ਆਦਿ ਮੁੱਢਲੀਆ ਸਹੂਲਤਾਂ ਦੇਣ ਦੇ ਵਾਅਦਿਆ ਨੂੰ ਹੀ ਪੂਰਾ ਨਾ ਕਰ ਸਕਣ ਤਾਂ ਅਜਿਹੇ ਵੱਡੇ ਉੱਦਮ ਵੀ, ਗਰੀਬਾਂ, ਲਤਾੜੇ ਮਜਲੂਮ ਵਰਗਾਂ ਤੇ ਘੱਟ ਗਿਣਤੀ ਕੌਮਾਂ ਲਈ ਮਹੱਤਵਹੀਣ ਹੋ ਜਾਂਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਗ੍ਰਹਿ ਚੰਦ ਉਤੇ ਇੰਡੀਆ ਦੀ ਕਾਮਯਾਬ ਪੁਲਾੜ ਯਾਤਰਾ ਦੇ ਪਹੁੰਚਣ ਉਤੇ ਇਸਨੂੰ ਵੱਡਾ ਉੱਦਮ ਕਰਾਰ ਦਿੰਦੇ ਹੋਏ ਪਰ ਆਪਣੇ ਮੁਲਕ ਨਿਵਾਸੀਆ ਦੇ ਹੇਠਲੇ ਜੀਵਨ ਪੱਧਰ ਨੂੰ ਸੁਧਾਰਨ ਵਿਚ ਕੋਈ ਜਿੰਮੇਵਾਰੀ ਨਾ ਨਿਭਾਉਣ ਦੀ ਗੱਲ ਕਰਦੇ ਹੋਏ ਅਜਿਹੇ ਵੱਡੇ ਉੱਦਮ ਹੋਣ ਤੇ ਵੀ ਮਹੱਤਵਹੀਣ ਹੋ ਜਾਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਥੇ ਜਵਾਹਰ ਲਾਲ ਨਹਿਰੂ ਤੋ ਲੈਕੇ ਅੱਜ ਤੱਕ ਦੇ ਹੁਕਮਰਾਨਾਂ ਨੇ ਇਥੋ ਦੇ ਨਿਵਾਸੀਆ ਦੇ ਜੀਵਨ ਪੱਧਰ ਨੂੰ ਸਹੀ ਕਰਨ ਲਈ, ਉਨ੍ਹਾਂ ਨੂੰ ਸਰਕਾਰ ਵੱਲੋ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਜਿਵੇ ਰੋਟੀ, ਕੱਪੜਾਂ, ਮਕਾਨ, ਮੁਫਤ ਵਿਦਿਆ, ਸਿਹਤ ਸਹੂਲਤਾਂ, ਪੀਣ ਵਾਲਾ ਸਾਫ ਪਾਣੀ ਆਦਿ ਦੀ ਜਿੰਮੇਵਾਰੀ ਤਾਂ ਅੱਜ ਤੱਕ ਇਹ ਹੁਕਮਰਾਨ ਪੂਰੇ ਨਹੀਂ ਕਰ ਸਕੇ । ਭਾਵੇਕਿ ਜੰਗੀ ਅਤੇ ਫ਼ੌਜੀ ਪੱਧਰ ਤੇ ਵੱਡੀਆ ਫ਼ੌਜਾਂ ਤੇ ਉਪਕਰਨ ਉਪਲੱਬਧ ਕਰ ਲਏ ਹਨ, ਚੰਦਰਮਾ ਉਤੇ ਪਹੁੰਚ ਗਏ ਹਨ । ਜਦੋ ਤੱਕ ਇਥੋ ਦੇ ਨਿਵਾਸੀਆ ਦੀ ਇਕ ਵੀ ਆਤਮਾ ਭੁੱਖਮਰੀ, ਗਰੀਬੀ, ਲਚਾਰੀ ਤੋ ਬੇਫਿਕਰ ਨਹੀ ਹੋ ਜਾਂਦੀ ਅਤੇ ਕਰੋੜਾਂ ਦੀ ਗਿਣਤੀ ਵਿਚ ਸੜਕਾਂ ਅਤੇ ਫੁੱਟਪਾਥਾਂ ਦੇ ਕਿਨਾਰਿਆ ਤੇ ਗਰਮੀ-ਸਰਦੀ ਵਿਚ ਇਥੋ ਦੇ ਨਿਵਾਸੀ ਭੁੱਖੇ ਸੌਣ ਦੀ ਮਜਬੂਰੀ ਤੋ ਸਰੂਖਰ ਨਹੀ ਹੋ ਜਾਂਦੇ, ਸਾਡੀਆ ਗਊਆ, ਮੱਝਾ ਕੂੜੇ ਕਰਕਟ ਵਿਚੋ ਪਲਾਸਟਿਕ ਖਾਂ ਕੇ ਢਿੱਡ ਭਰਨ ਦੀਆਂ ਕੋਸਿ਼ਸ਼ਾਂ ਕਰ ਰਹੀਆ ਹਨ ਅਤੇ ਅਸੀ ਇਨ੍ਹਾਂ ਗਊਆ ਦੀ ਅੱਜ ਤੱਕ ਸਾਂਭ ਹੀ ਨਹੀ ਕਰ ਸਕੇ ਤਾਂ ਅਜਿਹੀਆ ਵੱਡੀਆ ਉਪਲੱਬਧੀਆਂ ਵੀ ਨਿਰਾਰਥਕ ਹੋ ਕੇ ਰਹਿ ਜਾਂਦੀਆਂ ਹਨ । 
ਉਨ੍ਹਾਂ ਕਿਹਾ ਕਿ ਜਿਵੇ ਹਿਟਲਰ, ਮੋਸੋਲੀਨੀ, ਤੋਜੋ, ਔਰੰਗਜੇਬ ਅਤੇ ਇੰਦਰਾ ਗਾਂਧੀ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਜੁਲਮ ਕਰਦੇ ਰਹੇ ਹਨ, ਉਸੇ ਤਰ੍ਹਾਂ ਦੇ ਜ਼ਬਰ ਇੰਡੀਆ ਦੀ ਮੌਜੂਦਾ ਮੁਤੱਸਵੀ ਮੋਦੀ ਹਕੂਮਤ ਆਉਣ ਵਾਲੇ ਸਮੇ ਵਿਚ ਘੱਟ ਗਿਣਤੀ ਕਬੀਲਿਆ, ਕੌਮਾਂ, ਫਿਰਕਿਆ ਉਤੇ ਕਰੇਗੀ ਅਤੇ ਜੋ 1962, 2020 ਅਤੇ 2022 ਵਿਚ ਇੰਡੀਆ ਨੇ ਲਦਾਖ ਦੀ ਹਜਾਰਾਂ ਸਕੇਅਰ ਵਰਗ ਕਿਲੋਮੀਟਰ ਜਮੀਨ ਚੀਨ ਨੂੰ ਲੁਟਾਈ ਹੈ, ਉਸਦਾ ਸਾਹਮਣਾ ਕਰਨ ਤੇ ਉਹ ਜਮੀਨ ਵਾਪਸ ਲੈਣ ਤੋ ਇਹ ਹੁਕਮਰਾਨ ਕੰਨੀ ਕਤਰਾਉਦੇ ਰਹਿਣਗੇ । ਲਦਾਖ ਦੀ ਗੱਲ ਅਸੀ ਇਸ ਲਈ ਕੀਤੀ ਹੈ ਕਿ ਇਹ ਲਦਾਖ ਦਾ ਇਲਾਕਾ ਸਾਡੇ ਖ਼ਾਲਸਾ ਰਾਜ ਦਰਬਾਰ ਦਾ ਉਹ ਹਿੱਸਾ ਹੈ ਜਿਸਨੂੰ ਮਹਾਰਾਜਾ ਰਣਜੀਤ ਸਿੰਘ ਦੀਆਂ ਖ਼ਾਲਸਾ ਫੌਜਾਂ ਨੇ 1834 ਵਿਚ ਫ਼ਤਹਿ ਕਰਕੇ ਆਪਣੇ ਲਾਹੌਰ ਖਾਲਸਾ ਰਾਜ ਦਰਬਾਰ ਵਿਚ ਸਾਮਿਲ ਕੀਤਾ ਸੀ । ਇਹ ਹੋਰ ਵੀ ਅਫ਼ਸੋਸਨਾਕ ਅਤੇ ਦਿਸ਼ਾਹੀਣ ਅਮਲ ਹਨ ਕਿ ਹੁਕਮਰਾਨ 1947 ਤੋ ਬਾਅਦ ਸਾਡੀ ਇਸ ਫ਼ਤਹਿ ਕੀਤੇ ਗਏ ਇਲਾਕਿਆ ਨੂੰ ਇਕ ਨਹੀ ਰੱਖ ਸਕੇ ਅਤੇ ਆਪਣੀਆ ਕੰਮਜੋਰੀਆ ਕਾਰਨ ਲੁੱਟਾ ਦਿੱਤੇ ਗਏ । ਇਹ ਅਤਿ ਸ਼ਰਮਨਾਕ ਭਰੇ ਅਮਲ ਹਨ । ਉਨ੍ਹਾਂ ਕਿਹਾ ਕਿ ਕਿਥੇ ਇੰਡੀਆ ਨੇ ਚੰਦ ਉਤੇ ਛਾਲ ਮਾਰਨ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ ਅਤੇ ਕਿਥੇ ਹਜਾਰਾਂ ਸਕੇਅਰ ਵਰਗ ਕਿਲੋਮੀਟਰ ਸਾਡੀ ਸਿੱਖ ਬਾਦਸਾਹੀ ਦੀ ਜਮੀਨ ਚੀਨ ਨੂੰ ਲੁੱਟਾ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਿੱਖ ਕੌਮ ਨਾ ਤਾਂ ਕਿਸੇ ਨੂੰ ਚੁਣੋਤੀ ਦਿੰਦੀ ਹੈ, ਨਾ ਡਰਾਉਦੀ ਹੈ ਅਤੇ ਨਾ ਹੀ ਕਿਸੇ ਤੋ ਕਿਸੇ ਤਰ੍ਹਾਂ ਦੇ ਡਰ-ਭੈ ਨੂੰ ਪ੍ਰਵਾਨ ਕਰਦੀ ਹੈ । ਕਿਉਂਕਿ Sikhs never forget, Sikhs never forgive, ਸਿੱਖ ਕੌਮ ਨਾ ਤਾਂ ਆਪਣੇ ਉਤੇ ਹੋਣ ਵਾਲੇ ਕਿਸੇ ਜ਼ਬਰ ਵਧੀਕੀ ਨੂੰ ਭੁੱਲਦੀ ਹੈ ਅਤੇ ਨਾ ਹੀ ਅਜਿਹੇ ਜ਼ਾਬਰਾਂ ਨੂੰ ਕਦੀ ਮੁਆਫ਼ ਕਰਦੀ ਹੈ ।

3 ਅਕਤੂਬਰ ਨੂੰ ਮਨਾਇਆ ਜਾਏਗਾ ਕਾਲਾ ਦਿਹਾੜਾ

ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਨੀਤੀਆਂ ਨੂੰ ਲੈ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਲ ਇੰਡੀਆ ਜੁਆਇੰਟ ਕਨਵੈਨਸ਼ਨ ਦਿੱਲੀ ਵਿੱਚ ਹੋਈ

ਨਵੀਂ ਦਿੱਲੀ 24 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਤਾਲਕਟੋਰਾ ਸਟੇਡੀਅਮ ਨਵੀਂ ਦਿੱਲੀ ਵਿਖੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਆਲ ਇੰਡੀਆ ਸਾਂਝੀ ਕਨਵੈਨਸ਼ਨ ਹੋਈ। ਕਨਵੈਨਸ਼ਨ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਪਲੇਟਫਾਰਮ ਦੁਆਰਾ ਬੁਲਾਈ ਗਈ ਸੀ, ਜਿਸ ਵਿੱਚ ਦੇਸ਼ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਨੁਮਾਇੰਦਗੀ ਕੀਤੀ ਗਈ ਸੀ।
ਕਨਵੈਨਸ਼ਨ ਦੀ ਸ਼ੁਰੂਆਤ 2014 ਤੋਂ ਕੇਂਦਰ ਸਰਕਾਰ ਵੱਲੋਂ ਅਪਣਾਈਆਂ ਗਈਆਂ ਹਮਲਾਵਰ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਪੈਦਾ ਹੋਈ ਚਿੰਤਾਜਨਕ ਸਥਿਤੀ ਨੂੰ ਸੰਬੋਧਨ ਕਰਦਿਆਂ ਹੋਈ। ਇਹਨਾਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਦੇ ਅਰਥਚਾਰੇ ਲਈ ਕੌਮ ਦੀ ਏਕਤਾ ਅਤੇ ਅਖੰਡਤਾ ਲਈ ਵਿਨਾਸ਼ਕਾਰੀ ਸਿੱਟੇ ਨਿਕਲੇ ਹਨ।
ਕਨਵੈਨਸ਼ਨ ਨੇ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਭਾਰਤ ਵਿੱਚ ਖੇਤੀ ਸੰਕਟ ਨੂੰ ਉਜਾਗਰ ਕੀਤਾ, ਜਿਸ ਦੇ ਸਿੱਟੇ ਵਜੋਂ ਆਮਦਨ ਵਿੱਚ ਗਿਰਾਵਟ ਅਤੇ ਕਿਸਾਨਾਂ ਵਿੱਚ ਵੱਧ ਰਹੇ ਕਰਜ਼ੇ ਅਤੇ ਖੁਦਕੁਸ਼ੀਆਂ ਦਾ ਨਤੀਜਾ ਹੈ। ਕਨਵੈਨਸ਼ਨ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਾਲੇ ਇਤਿਹਾਸਕ 13 ਮਹੀਨਿਆਂ ਦੇ ਲੰਬੇ ਸੰਘਰਸ਼ ਨੂੰ ਮਾਨਤਾ ਦਿੱਤੀ, ਜਿਸ ਨੇ ਅਤਿਆਚਾਰ, ਦੁਰਵਿਵਹਾਰ, ਕਠੋਰ ਮੌਸਮ ਅਤੇ ਕੋਵਿਡ ਮਹਾਂਮਾਰੀ ਸਮੇਤ ਮੁਸੀਬਤਾਂ ਵਿਰੁੱਧ ਕਿਸਾਨ ਦੇ ਸੰਕਲਪ ਦਾ ਪ੍ਰਦਰਸ਼ਨ ਕੀਤਾ। ਕਨਵੈਨਸ਼ਨ ਨੇ ਨੋਟ ਕੀਤਾ ਕਿ ਲਿਖਤੀ ਭਰੋਸੇ ਦੇ ਬਾਵਜੂਦ, ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਅਤੇ ਬਿਜਲੀ (ਸੋਧ) ਬਿੱਲ ਬਾਰੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ।
ਕਨਵੈਨਸ਼ਨ ਨੇ ਵਧਦੀ ਬੇਰੁਜ਼ਗਾਰੀ, ਘਟਦੀ ਨੌਕਰੀ ਦੀ ਸੁਰੱਖਿਆ ਅਤੇ ਜ਼ਰੂਰੀ ਵਸਤਾਂ ਦੀਆਂ ਵਧਦੀਆਂ ਕੀਮਤਾਂ ਨਾਲ ਮਜ਼ਦੂਰਾਂ ਅਤੇ ਮਜ਼ਦੂਰਾਂ ਨੂੰ ਦਰਪੇਸ਼ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਨਵੇਂ ਕਿਰਤ ਜ਼ਾਬਤੇ ਰਾਹੀਂ ਮਜ਼ਦੂਰਾਂ ਦੇ ਅਧਿਕਾਰਾਂ ਦੇ ਖੋਰੇ ਜਾਣ ਅਤੇ ਸਮਾਜਿਕ ਸੁਰੱਖਿਆ ਦੀ ਘਾਟ ਵਾਲੇ ਅਤੇ ਗਰੀਬੀ ਵਿੱਚ ਧੱਕੇ ਜਾਣ ਵਾਲੇ ਖੇਤੀਬਾੜੀ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਵਿਗੜਦੀ ਸਥਿਤੀ ਨੂੰ ਵੀ ਉਜਾਗਰ ਕੀਤਾ ਗਿਆ।
ਕਨਵੈਨਸ਼ਨ ਨੇ ਸਰਕਾਰ ਦੀਆਂ ਨਿੱਜੀਕਰਨ ਨੀਤੀਆਂ, ਜਨਤਕ ਖੇਤਰ ਦੇ ਉਦਯੋਗਾਂ ਤੋਂ ਲੈ ਕੇ ਸਿੱਖਿਆ ਅਤੇ ਬੈਂਕਿੰਗ ਤੱਕ ਦੇ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸਖ਼ਤ ਨਿੰਦਾ ਕੀਤੀ। ਆਮ ਨਾਗਰਿਕਾਂ 'ਤੇ ਵੱਧ ਟੈਕਸਾਂ ਦਾ ਬੋਝ ਪਾਉਂਦੇ ਹੋਏ ਕਾਰਪੋਰੇਟਾਂ ਨੂੰ ਦਿੱਤੇ ਗਏ ਟੈਕਸਾਂ ਵਿਚ ਕਟੌਤੀ ਅਤੇ ਕਰਜ਼ਾ ਮੁਆਫੀ ਅਤੇ ਘਟਾਏ ਗਏ ਸਮਾਜ ਭਲਾਈ ਲਾਭਾਂ ਨੂੰ ਉਠਾਇਆ ਗਿਆ ਸੀ। ਰਾਸ਼ਟਰ ਦੇ ਸੰਘੀ ਢਾਂਚੇ ਦੇ ਖਾਤਮੇ, ਵੰਡਣ ਵਾਲੀਆਂ ਫਿਰਕੂ ਨੀਤੀਆਂ ਅਤੇ ਅਸਹਿਮਤੀ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਗਈ।
ਕਨਵੈਨਸ਼ਨ ਮੰਗਾਂ ਦਾ ਰੁਪਰੇਖਾ ਤਿਆਰ ਕਰਨ ਵਿੱਚ ਸਮਾਪਤ ਹੋਈ, ਜਿਸ ਵਿੱਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਸਮੇਤ ਕੇਂਦਰ ਸਰਕਾਰ ਦੁਆਰਾ ਦਿੱਤੇ ਲਿਖਤੀ ਭਰੋਸੇ ਨੂੰ ਲਾਗੂ ਕਰਨ ਵਰਗੇ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ, ਪੀਐਮਐਫਬੀਆਈ ਨੂੰ ਵਾਪਸ ਲੈਣਾ ਅਤੇ ਸਾਰੀਆਂ ਫਸਲਾਂ ਲਈ ਇੱਕ ਵਿਆਪਕ ਜਨਤਕ ਖੇਤਰ ਦੀ ਫਸਲ ਬੀਮਾ ਯੋਜਨਾ ਦੀ ਸਥਾਪਨਾ, ਇੱਕ ਵਿਆਪਕ ਕਿਸਾਨ ਕਰਜ਼ਾ ਮੁਆਫੀ ਨੂੰ ਲਾਗੂ ਕਰਨਾ, ਮਹਿੰਗਾਈ ਨੂੰ ਕੰਟਰੋਲ ਕਰਨਾ ਅਤੇ ਜ਼ਰੂਰੀ ਵਸਤਾਂ 'ਤੇ ਜੀਐਸਟੀ ਨੂੰ ਹਟਾਉਣਾ, ਭੋਜਨ ਸੁਰੱਖਿਆ ਦੀ ਗਰੰਟੀ, ਸਿੱਖਿਆ ਅਤੇ ਸਿਹਤ ਸੰਭਾਲ ਤੱਕ ਵਿਆਪਕ ਪਹੁੰਚ ਨੂੰ ਯਕੀਨੀ ਬਣਾਉਣਾ, ਇੱਕ ਰਾਸ਼ਟਰੀ ਘੱਟੋ-ਘੱਟ ਉਜਰਤ ਦੀ ਸ਼ੁਰੂਆਤ, ਨਿੱਜੀਕਰਨ ਅਤੇ ਐਨਐਮਪੀ ਨੂੰ ਖਤਮ ਕਰਨਾ, ਸਾਰੇ ਕਾਮਿਆਂ ਲਈ ਵਿਆਪਕ ਸਮਾਜਿਕ ਸੁਰੱਖਿਆ ਨੂੰ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ, ਬਹੁਤ ਅਮੀਰਾਂ 'ਤੇ ਟੈਕਸ ਲਗਾਉਣਾ, ਕਾਰਪੋਰੇਟ ਟੈਕਸ ਨੂੰ ਵਧਾਉਣਾ, ਦੌਲਤ ਟੈਕਸ ਅਤੇ ਉਤਰਾਧਿਕਾਰ ਟੈਕਸ, ਆਦਿ ਨੂੰ ਮੁੜ-ਸ਼ੁਰੂ ਕਰਨਾ।
2021 ਵਿੱਚ ਕਿਸਾਨਾਂ ਦੇ ਲਖੀਮਪੁਰ ਖੇੜੀ ਕਤਲੇਆਮ ਨੂੰ ਯਾਦ ਕਰਨ ਲਈ 3 ਅਕਤੂਬਰ ਨੂੰ ਕਾਲੇ ਦਿਵਸ ਵਜੋਂ ਮਨਾਉਣ ਅਤੇ 26 ਤੋਂ 28 ਨਵੰਬਰ ਤੱਕ ਹਰ ਰਾਜ ਦੀ ਰਾਜਧਾਨੀ ਵਿੱਚ ਰਾਜ ਭਵਨ ਦੇ ਸਾਹਮਣੇ ਵਿਰੋਧ ਦਾ ਆਯੋਜਨ ਕਰਨ ਸਮੇਤ ਦੇਸ਼ ਵਿਆਪੀ ਕਾਰਵਾਈ ਦਾ ਐਲਾਨ ਵੀ ਕੀਤਾ ਗਿਆ। ਦਸੰਬਰ 2023 ਅਤੇ ਜਨਵਰੀ 2024 ਲਈ ਵਿਸ਼ਾਲ ਵਿਰੋਧ ਕਾਰਵਾਈਆਂ ਦੀ ਵੀ ਯੋਜਨਾ ਹੈ।

ਦਿੱਲੀ ਏਅਰਪੋਰਟ 'ਤੇ ਟਲ਼ਿਆ ਵੱਡਾ ਹਾਦਸਾ

ਵਿਸਤਾਰਾ ਏਅਰਲਾਈਂਸ ਦੇ ਜਹਾਜ਼ਾਂ ਨੂੰ ਇੱਕੋ ਸਮੇਂ ਮਿਲੀ ਉਡਾਨ ਤੇ ਲੈਂਡਿੰਗ ਦੀ ਇਜਾਜ਼ਤ

ਨਵੀਂ ਦਿੱਲੀ, ਨਵੀਂ ਦਿੱਲੀ 23 ਅਗਸਤ (ਜਨ ਸ਼ਕਤੀ ਨਿਊਜ਼ ਬਿਊਰੋ )ਦਿੱਲੀ ਹਵਾਈ ਅੱਡੇ 'ਤੇ ਅੱਜ ਉਸ ਸਮੇਂ ਹਲਚਲ ਮਚ ਗਈ ਜਦੋਂ ਇੱਕੋ ਸਮੇਂ ਇੱਕੋ ਏਅਰਲਾਈਨਜ਼ ਦੇ ਦੋ ਜਹਾਜ਼ਾਂ ਨੂੰ ਉਡਾਣ ਭਰਨ ਤੇ ਉਤਰਨ ਦੀ ਇਜਾਜ਼ਤ ਮਿਲ ਗਈ। ਹਾਲਾਂਕਿ ਕੰਟਰੋਲ ਰੂਮ ਵੱਲੋਂ ਸਮੇਂ ਸਿਰ ਕੀਤੀ ਕਾਰਵਾਈ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਵਿਸਤਾਰਾ ਏਅਰਲਾਈਨਜ਼ ਦੀ ਇਕ ਫਲਾਈਟ ਨੂੰ ਬੁੱਧਵਾਰ ਸਵੇਰੇ ਏਟੀਸੀ ਤੋਂ ਦਿੱਲੀ ਏਅਰਪੋਰਟ 'ਤੇ ਲੈਂਡ ਕਰਨ ਦੀ ਇਜਾਜ਼ਤ ਮਿਲ ਗਈ, ਇਸ ਦੇ ਨਾਲ ਹੀ ਵਿਸਤਾਰਾ ਦੀ ਇਕ ਹੋਰ ਫਲਾਈਟ ਨੂੰ ਵੀ ਉਡਾਣ ਭਰਨ ਦੀ ਇਜਾਜ਼ਤ ਮਿਲ ਗਈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਏਟੀਸੀ ਵੱਲੋਂ ਸਮੇਂ ਸਿਰ ਹਦਾਇਤਾਂ ਦਿੱਤੀਆਂ ਗਈਆਂ ਤੇ ਉਡਾਣ ਭਰਨ ਵਾਲੀ ਫਲਾਈਟ ਦਾ ਸੰਚਾਲਨ ਰੋਕ ਦਿੱਤਾ ਗਿਆ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਵਿਸਤਾਰਾ ਦੀ ਫਲਾਈਟ UK725 ਦਿੱਲੀ ਤੋਂ ਬਾਗਡੋਗਰਾ ਲਈ ਉਡਾਣ ਭਰਨ ਵਾਲੀ ਸੀ, ਉਸੇ ਸਮੇਂ ਵਿਸਤਾਰਾ ਦੀ ਫਲਾਈਟ ਅਹਿਮਦਾਬਾਦ ਤੋਂ ਦਿੱਲੀ ਲੈਂਡ ਕਰਨ ਜਾ ਰਹੀ ਸੀ। ਇਹ ਦੋਵੇਂ ਉਡਾਣਾਂ ਸਮਾਨਾਂਤਰ ਰਨਵੇਅ 'ਤੇ ਚੱਲ ਰਹੀਆਂ ਸਨ। ਦੋਵੇਂ ਫਲਾਈਟਾਂ ਨੂੰ ਉਸੇ ਸਮੇਂ ਕਲੀਅਰੈਂਸ ਮਿਲ ਗਈ ਪਰ ਏਟੀਸੀ ਨੇ ਕੰਟਰੋਲ ਲੈਂਦੇ ਹੋਏ ਬਾਗਡੋਗਰਾ ਜਾ ਰਹੀ ਫਲਾਈਟ ਦੀ ਉਡਾਣ ਰੋਕ ਲਈ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ ਹੈ।

ਭਾਰਤ ਨੇ ਆਪਣੇ ਚੰਦ ਮਿਸ਼ਨ ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਤੋਂ ਬਾਅਦ ਇਤਿਹਾਸ ਰਚ ਦਿੱਤਾ

ਨਵੀਂ ਦਿੱਲੀ 23 ਅਗਸਤ (ਜਨ ਸ਼ਕਤੀ ਨਿਊਜ਼ ਬਿਊਰੋ ) ਭਾਰਤ ਨੇ ਬੁੱਧਵਾਰ ਨੂੰ ਆਪਣੇ ਚੰਦ ਮਿਸ਼ਨ ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਤੋਂ ਬਾਅਦ ਇਤਿਹਾਸ ਰਚ ਦਿੱਤਾ। ਇਸਰੋ ਨੇ ਆਪਣੇ ਲਾਈਵ ਪ੍ਰਸਾਰਣ ਵਿੱਚ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਦੇ ਚੰਦਰਯਾਨ-3 ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 14 ਜੁਲਾਈ ਨੂੰ ਚੰਦਰਮਾ 'ਤੇ ਸਾਫਟ ਲੈਂਡਿੰਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਾਂਚ ਕੀਤਾ ਗਿਆ ਸੀ।

ਚੰਦਰ ਦੇ ਦੱਖਣੀ ਧਰੁਵ ਨੂੰ ਲੈਂਡਿੰਗ ਸਾਈਟ ਵਜੋਂ ਚੁਣਿਆ ਗਿਆ ਸੀ ਕਿਉਂਕਿ ਇਸ ਵਿੱਚ ਪਰਛਾਵੇਂ ਵਾਲੇ ਟੋਇਆਂ ਦੇ ਅੰਦਰ ਪਾਣੀ ਅਤੇ ਬਰਫ਼ ਦੀ ਮੌਜੂਦਗੀ ਹੈ। ਚੰਦਰਯਾਨ 3 ਦੀ ਲੈਂਡਿੰਗ ਤੋਂ ਬਾਅਦ, ਵਿਕਰਮ ਲੈਂਡਰ ਚੰਦਰਮਾ ਦੀ ਸਤਹ ਦੀ ਬਣਤਰ, ਚੰਦਰਮਾ ਦੀ ਮਿੱਟੀ ਵਿੱਚ ਪਾਣੀ ਦੀ ਬਰਫ਼ ਦੀ ਮੌਜੂਦਗੀ, ਚੰਦਰਮਾ ਦੇ ਪ੍ਰਭਾਵਾਂ ਦੇ ਇਤਿਹਾਸ ਅਤੇ ਸਮੇਂ ਦੇ ਨਾਲ ਚੰਦਰਮਾ ਦਾ ਵਾਯੂਮੰਡਲ ਕਿਵੇਂ ਵਿਕਸਿਤ ਹੋਇਆ ਹੈ ਬਾਰੇ ਡੂੰਘਾਈ ਨਾਲ ਜਾਣਕਾਰੀ ਪ੍ਰਦਾਨ ਕਰੇਗਾ।

ਇਸਰੋ ਦੇ ਇਸ ਮਿਸ਼ਨ ਦੀ ਸਫਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ ਵਧਾਈ ਦਿੰਦੇ ਹੋਏ ਖੁਸ਼ੀ ਜ਼ਾਹਰ ਕੀਤੀ ਹੈ। ਇਸ ਦੌਰਾਨ ਉਨ੍ਹਾਂ ਆਪਣੇ ਇੱਕ ਸੰਬੋਧਨ ਵਿੱਚ ਕਿਹਾ ਕਿ ਇਸ ਮਿਸ਼ਨ ਤੋਂ ਬਾਅਦ ਹਰ ਭਾਰਤੀ ਦਾ ਸੀਨਾ ਮਾਣ ਨਾਲ ਉੱਚਾ ਹੋ ਗਿਆ ਹੈ।

 

ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਨੀਤੀਆਂ ਕੌਮਘਾਤੀ ਅਤੇ ਸਰਕਾਰ ਪ੍ਰਸਤ: ਜੀਕੇ

ਪੰਥਕ ਅਦਾਰੇ ਖ਼ਤਮ ਹੋਣ ਦੀ ਕਗਾਰ ਤੇ

ਨਵੀਂ ਦਿੱਲੀ 20 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਜਾਗੋ ਪਾਰਟੀ ਵੱਲੋਂ "ਸੰਗਤ ਮਿਲਣੀ" ਪ੍ਰੋਗਰਾਮ ਨਾਮ ਉਤੇ ਲੜੀਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਲੜੀ ਹੇਠ ਜਾਗੋ ਪਾਰਟੀ ਦੇ ਸੀਨੀਅਰ ਆਗੂ ਸ. ਬਖਸ਼ੀਸ਼ ਸਿੰਘ ਵੱਲੋਂ ਚਾਂਦ ਨਗਰ ਵਿਖੇ ਰੱਖੀ ਗਈ "ਸੰਗਤ ਮਿਲਣੀ" ਦੌਰਾਨ ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਕਥਿਤ ਕੌਮਘਾਤੀ ਨੀਤੀਆਂ ਬਾਰੇ ਸੰਗਤਾਂ ਨੂੰ ਤਫਸੀਲ ਨਾਲ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਜੀਕੇ ਨੇ ਦਿੱਲੀ ਕਮੇਟੀ ਪ੍ਰਬੰਧਕਾਂ ਉਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਪੰਥਕ ਮਸਲਿਆਂ ਉਤੇ ਦਿੱਲੀ ਕਮੇਟੀ ਆਗੂਆਂ ਦੇ ਡੰਗ ਟਪਾਊ ਵਤੀਰੇ ਉਤੇ ਬੜੇ ਸਵਾਲ ਚੁੱਕੇ। ਜੀਕੇ ਨੇ ਗੁਰਦੁਆਰਾ ਪ੍ਰਬੰਧ ਵਿਚ ਵਧਦੀ ਸਰਕਾਰੀ ਦਖਲ ਅੰਦਾਜੀ ਉਤੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਯਾਰ ਉਹ ਸਾਡੇ ਘਰ 'ਚ ਵੜ ਕੇ ਮਾਰਦੇ ਪਏ ਨੇ, ਪਰ ਦਿੱਲੀ ਕਮੇਟੀ ਬੋਲਦੀ ਨਹੀਂ ਪਈ। ਸ਼੍ਰੋਮਣੀ ਕਮੇਟੀ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਐਕਟ ਕ੍ਰਮਵਾਰ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਐਕਟ ਦੀ ਭੂਗੋਲਿਕ ਸਥਿਤੀ ਨੂੰ ਛਿੱਕੇ ਟੰਗ ਕੇ ਹਰਿਆਣਾ ਕਮੇਟੀ ਬਣਾ ਦਿੱਤੀ ਗਈ ਹੈ। ਇਸੇ ਤਰ੍ਹਾਂ ਹਜ਼ੂਰ ਸਾਹਿਬ ਐਕਟ ਨੂੰ ਮੁਅੱਤਲ ਕਰਕੇ ਸਰਕਾਰੀ ਪ੍ਰਸ਼ਾਸਕ ਨਿਯੁਕਤ ਕੀਤੇ ਜਾ ਰਹੇ ਹਨ। ਦਿੱਲੀ ਕਮੇਟੀ ਐਕਟ ਵਿਚ ਵੀ ਸੋਧ ਦੀ ਕਨਸੋਅ ਹੈ। ਸਰਕਾਰ ਸਿੱਖਾਂ ਕੋਲ ਗੁਰਦੁਆਰਿਆਂ ਦਾ ਪ੍ਰਬੰਧ ਖੋਹ ਕੇ ਆਪਣੇ ਏਜੰਟਾਂ ਕੋਲ ਰੱਖਣ ਦੀ ਜੁਗਤ ਵਿਚ ਲਗੀ ਹੋਈ ਹੈ। ਭਾਖੜਾ ਡੈਮ ਦੇ ਪ੍ਰਬੰਧਕੀ ਬੋਰਡ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਪੰਜਾਬ ਦੀ ਹਿੱਸੇਦਾਰੀ ਖੋਹ ਲਈ ਗਈ ਹੈ। ਪੰਜਾਬ ਵਿਚ ਹੁਣ ਆਏ ਹੜ੍ਹਾ ਪਿਛੇ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਾਰਨ ਹਨ। ਯੂਨੀਫ਼ਾਰਮ ਸਿਵਿਲ ਕੋਡ ਉਤੇ ਦਿੱਲੀ ਕਮੇਟੀ ਦਾ ਰਵਈਆ ਸਰਕਾਰ ਪੱਖੀ ਹੈ।
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਆਰਥਿਕ ਮੰਦਹਾਲੀ ਲਈ ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਗਲਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਜੀਕੇ ਨੇ ਕਿਹਾ ਕਿ ਮੇਰੇ ਅਸਤੀਫ਼ਾ ਦੇਣ ਤੋਂ ਬਾਅਦ ਹੁਣ 10000 ਬੱਚਾ ਸਕੂਲ ਛੱਡ ਗਿਆ ਹੈ। ਛੇਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਤਾਂ ਛਡੋ ਇਹ ਹੁਣ ਤਨਖਾਹਾਂ ਦੇਣ ਲਈ ਮੁਹਤਾਜ ਹਨ। ਕੋਵਿਡ ਦੇ ਸਮੇਂ ਦੀ ਇੱਕ ਸਾਲ ਦੀ 40 ਫੀਸਦੀ ਤਨਖਾਹ ਸਕੂਲ ਸਟਾਫ ਨੂੰ ਮਿਲਣੀ ਬਾਕੀ ਹੈ। ਇਸ ਤੋਂ ਇਲਾਵਾ ਇਸ ਵੇਲੇ 5 ਕਰੋੜ ਰੁਪਏ ਮਹੀਨੇ ਦਾ ਸਕੂਲਾਂ ਦਾ ਘਾਟਾ ਅਤੇ 311 ਕਰੋੜ ਰੁਪਏ ਦੀ ਦੇਣਦਾਰੀ ਖੜ੍ਹੀ ਹੈ। ਮੇਰੇ ਸਮੇਂ ਅਸੀਂ ਤਨਖਾਹਾਂ ਵੀ ਸਮੇਂ ਉਤੇ ਦਿੱਤੀਆਂ ਹਨ, ਛੇਵਾਂ‌ ਤਨਖਾਹ ਕਮਿਸ਼ਨ ਵੀ ਲਾਗੂ ਕੀਤਾ ਸੀ ਅਤੇ ਛੇਵੇਂ ਤਨਖਾਹ ਕਮਿਸ਼ਨ ਦਾ 65 ਕਰੋੜ ਰੁਪਏ ਬਕਾਇਆ ਵੀ ਦਿੱਤਾ ਸੀ। ਜੀਕੇ ਨੇ ਦਾਅਵਾ ਕੀਤਾ ਕਿ 1984 ਦੇ ਇਨਸਾਫ਼ ਦੀ ਲੜਾਈ ਇਸ ਵੇਲੇ ਲੀਹੋਂ ਲੱਥ ਚੁੱਕੀ ਹੈ। ਅਸੀਂ ਜਨੂੰਨ ਨਾਲ ਲੜਾਈ ਲੜ ਕੇ ਸੱਜਣ ਕੁਮਾਰ ਨੂੰ ਜੇਲ੍ਹ ਭਿਜਵਾਇਆ ਸੀ। ਜਿਸ ਕਰਕੇ 5 ਸਾਲ ਤੋਂ ਸੱਜਣ ਕੁਮਾਰ ਜੇਲ੍ਹ ਵਿਚ ਬੰਦ ਹੈ। ਪਰ ਹੁਣ ਅਸੀਂ ਜਿਹੜਾ ਜਗਦੀਸ਼ ਟਾਈਟਲਰ ਨੂੰ ਕਾਨੂੰਨੀ ਘੇਰਾ ਪਾਕੇ ਲੈ ਕੇ ਆਏ ਸੀ, ਇਨ੍ਹਾਂ ਨੇ ਉਸ ਨੂੰ ਵੀ ਵਾਪਸ ਭਜਣ ਦਾ ਰਾਹ ਦੇ ਦਿੱਤਾ ਹੈ। ਪਹਿਲਾਂ ਇਹ ਟਾਈਟਲਰ ਨੂੰ ਜ਼ਮਾਨਤ ਲੈਣ ਤੋਂ ਨਹੀਂ ਰੋਕ ਪਾਏ ਤੇ ਫਿਰ ਹੁਣ ਟਾਈਟਲਰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤਣ ਦਾ ਆਦੇਸ਼ ਵੀ ਕੋਰਟ ਤੋਂ ਲੈ ਗਿਆ ਹੈ। ਇਸ ਮੌਕੇ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਸਟੇਜ ਸੰਚਾਲਨ ਕੀਤਾ। ਸਾਬਕਾ ਦਿੱਲੀ ਕਮੇਟੀ ਮੈਂਬਰ ਹਰਜਿੰਦਰ ਸਿੰਘ, ਜਾਗੋ ਪਾਰਟੀ ਆਗੂ ਹਰਵਿੰਦਰ ਸਿੰਘ, ਪਰਮਜੀਤ ਸਿੰਘ ਮੱਕੜ, ਸੁਖਮਨ ਸਿੰਘ, ਚਰਨਪ੍ਰੀਤ ਸਿੰਘ ਭਾਟੀਆ, ਮਨਜੀਤ ਸਿੰਘ, ਤੇਜ਼ ਪ੍ਰਤਾਪ ਸਿੰਘ ਅਤੇ ਓਕਾਂਰਜੋਤ ਸਿੰਘ ਆਦਿਕ ਇਸ ਮੌਕੇ ਮੌਜੂਦ ਸਨ।

ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਸਦਮਾ

ਨਵੀਂ ਦਿੱਲੀ 20 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਮੌਜੂਦਾ ਸਿੱਖ ਸੰਘਰਸ਼ ਅੰਦਰ ਸੇਵਾ ਕਰ ਰਹੇ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ, ਜਦੋ ਓਹਨਾ ਦੇ ਮਾਮਾ ਜੀ ਸਰਦਾਰ ਬਾਰਾ ਸਿੰਘ ਗਿੱਲ ਦੇ ਸਪੁੱਤਰ ਹਰਜੀਤ ਸਿੰਘ ਗਿੱਲ ਇੱਕ ਟਰੱਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਏ, ਹਰਜੀਤ ਸਿੰਘ 1997 ਕਰੀਬ ਅਮਰੀਕਾ ਚਲੇ ਗਏ ਸਨ, ਉਥੇ ਉਹ ਲੰਮੇ ਸਮੇ ਤੋਂ ਟਰੱਕ ਚਲਾ ਰਹੇ ਸਨ ।
ਜਿਲ੍ਹਾ ਬਰਨਾਲਾ ਦੇ ਪਿੰਡ ਸਹੌਰ ਨਿਵਾਸੀ ਹਰਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਤੇ ਇਲਾਕੇ ਅਤੇ ਪੰਥ ਦੀਆ ਨਾਮਵਰ ਸਖਸੀਅਤਾਂ ਨੇ ਭਾਈ ਠੀਕਰੀਵਾਲ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ, ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁੱਖੀ ਦਮਦਮੀ ਟਕਸਾਲ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਲਖਵਿੰਦਰ ਸਿੰਘ ਨਰੰਗਵਾਲ, ਗਿਆਨੀ ਜੈਮਲ ਸਿੰਘ ਦਮਦਮੀ ਟਕਸਾਲ, ਭਾਈ ਰਵਿੰਦਰ ਸਿੰਘ ਸਟਾਕਟਨ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਸੁਖਚੈਨ ਸਿੰਘ ਅਤਲਾ, ਭਾਈ ਪ੍ਰਗਟ ਸਿੰਘ ਜਰਮਨੀ ਰਬੇਰੋ ਕਾਂਡ, ਭਾਈ ਮਨਦੀਪ ਸਿੰਘ ਪੁਰਤਗਾਲ, ਭਾਈ ਪ੍ਰਗਟ ਸਿੰਘ ਇੰਗਲੈਂਡ, ਪ੍ਰਵੇਸ਼ ਸ਼ਰਮਾ ਨਿਊਜੀਲੈਂਡ, ਭਾਈ ਗੁਰਭੇਜ ਸਿੰਘ ਕਨਾਡਾ, ਸਰਪੰਚ ਨਿਸ਼ਾਨ ਸਿੰਘ ਕਨੇਡਾ, ਭਾਈ ਗੁਰਪਤਾਪ ਸਿੰਘ ਕਨੇਡਾ, ਆਦਿ ਸਖਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।

ਐਸਜੀਪੀਸੀ ਆਜ਼ਾਦ ਤੇ ਖੁਦਮੁਖਤਿਆਰ ਸੰਸਥਾ, ਅਕਾਲ ਤਖਤ ਸਾਹਿਬ ਅਤੇ ਪੰਥ ਨੂੰ ਜੁਆਬਦੇਹ- ਪੀਤਮਪੁਰਾ

ਲਾਲਪੁਰਾ ਜੀ ਦਿੱਲੀ ਕਮੇਟੀ ਅੱਧੀਨ ਚਲ ਰਹੇ ਸਕੂਲ ਕਾਲਜ ਬਚਾਓ 

ਨਵੀਂ ਦਿੱਲੀ 06 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਯੂਥ ਅਕਾਲੀ ਦਲ ਦੇ ਦਿੱਲੀ ਤੋਂ ਸੀਨੀਅਰ ਆਗੂ ਸ. ਜਸਮੀਤ ਸਿੰਘ ਪੀਤਮਪੁਰਾ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਖ਼ਰੀਦੀ ਜ਼ਮੀਨ ਬਾਰੇ ਰਿਪੋਰਟ ਮੰਗਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਨੁਮਾਇੰਦਾ ਧਿਰ ਹੋਣ ਦੇ ਨਾਲ ਹੀ ਇਕ ਆਜ਼ਾਦ ਤੇ ਖੁਦਮੁਖਤਿਆਰ ਸੰਸਥਾ ਹੈ । ਜਿਸਦੇ ਨੁਮਾਇੰਦੇ ਸਿੱਖ ਕੌਮ ਦੁਆਰਾ ਚੁਣੇ ਜਾਂਦੇ ਹਨ । ਸ਼੍ਰੋਮਣੀ ਕਮੇਟੀ ਫੈਸਲੇ ਲੈਣ ਲਈ ਸੁਤੰਤਰ ਹੈ । ਜੇਕਰ ਉਹ ਜਵਾਬਦੇਹ ਹੈ ਤਾਂ ਸਿਰਫ ਤੇ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਕੌਮ ਨੂੰ ਹੈ । ਕਿਸੇ ਵੀ ਸਰਕਾਰ ਜਾਂ ਕਮਿਸ਼ਨ ਕੋਲ ਇਹ ਕੋਈ ਅਧਿਕਾਰ ਨਹੀਂ ਕਿ ਉਹ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਤੇ ਕਿੰਤੂ ਜਾਂ ਕੋਈ ਦਖਲਅੰਦਾਜ਼ੀ ਕਰੇ । 
ਸ. ਲਾਲਪੁਰਾ ਜੀ ਨੂੰ ਸ਼੍ਰੋਮਣੀ ਕਮੇਟੀ ਦੇ ਕੰਮਾਂ ਦੀ ਤਾਂ ਚਿੰਤਾ ਹੈ ਪਰ ਜੋ ਉਹਨਾਂ ਦੇ ਚਹੇਤਿਆਂ ਸਿਰਸਾ ਤੇ ਕਾਲਕਾ ਜੁੰਡਲੀ ਨੇ ਦਿੱਲੀ ਕਮੇਟੀ ਦੀ ਹਾਲਤ ਕੀਤੀ ਹੈ । ਉਹਦੇ ਬਾਰੇ ਲਾਲਪੁਰਾ ਜੀ ਕਦੋਂ ਬੋਲਣਗੇ ?
ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਅੱਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਰਕਾਰੀ ਕੰਟਰੋਲ ‘ਚ ਜਾਣ ਨੂੰ ਤਿਆਰ ਹਨ, ਸਾਡੇ ਕਾਲਜ ਬੰਦ ਹੋਣ ਤੇ ਆ ਗਏ ਹਨ । ਨਿੱਤ ਨਵੇਂ ਘਪਲੇ ਸਾਹਮਣੇ ਆ ਰਹੇ ਹਨ । ਪਰ ਲਾਲਪੁਰਾ ਜੀ ਨੂੰ ਉਹ ਨਜ਼ਰ ਨਹੀਂ ਆ ਰਹੇ । ਕਿਉਂਕਿ ਉਹ ਲੋਕ ਇਹਨਾਂ ਦੇ ਨੇੜਲੇ ਅਤੇ ਚਹੇਤੇ ਹੋਣ ਦੇ ਨਾਲ ਸਰਕਾਰੀ ਭਾਈਵਾਲ ਵੀਂ ਹਨ। 
ਉਨ੍ਹਾਂ ਗੰਭੀਰ ਹੁੰਦਿਆਂ ਕਿਹਾ ਕਿ ਜੇਕਰ ਲਾਲਪੁਰਾ ਜੀ ਸਚਮੁਚ ਸਿੱਖ ਹਿਤਾਂ ਲਈ ਸੁਹਿਰਦ ਹਨ ਤਾਂ ਉਹਨਾਂ ਨੂੰ ਦਿੱਲੀ ਕਮੇਟੀ ‘ਚ ਹੋ ਰਹੀ ਲੁੱਟ ਬਾਰੇ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ ।

ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਭਾਉਪੁਰ ਵਿਖੇ ਹੜ ਪੀੜੀਤਾਂ ਦੀ ਮਦਦ ਲਈ ਲਗਾਇਆ ਗਿਆ ਦਵਾਈਆਂ ਦਾ ਲੰਗਰ

 ਦਿੱਲੀ ਅਖੰਡ ਕੀਰਤਨ ਸਮਾਗਮ 18 ਅਕਤੂਬਰ ਤੋਂ 24 ਅਕਤੂਬਰ ਤਕ

ਨਵੀਂ ਦਿੱਲੀ 06 ਅਗਸਤ (ਮਨਪ੍ਰੀਤ ਸਿੰਘ ਖਾਲਸਾ)- ਸਿੱਖ ਪੰਥ ਦੀ ਅਹਿਮ ਜਥੇਬੰਦੀ ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਪੰਜਾਬ ਹਰਿਆਣਾ ਵਿਖੇ ਆਈ ਹੜ ਵਿਚ ਪੀੜਿਤ ਹੋਏ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ । ਜੱਥੇ ਦੇ ਸਾਬਕਾ ਮੁੱਖ ਸੇਵਾਦਾਰ ਅਤੇ 31 ਮੈਂਬਰੀ ਕਮੇਟੀ ਦੇ ਮੈਂਬਰ ਭਾਈ ਅਰਵਿੰਦਰ ਸਿੰਘ ਰਾਜਾ ਜੀ ਅਤੇ ਉਨ੍ਹਾਂ ਦੀ ਟੀਮ ਵਲੋਂ ਬੀਤੇ ਦਿਨੀਂ ਚੀਕਾ ਦੇ ਭਾਉਪੁਰ ਵਿਖੇ ਜਰੂਰਤਮੰਦ ਪਰਿਵਾਰਾਂ ਨੂੰ ਦਵਾਈਆਂ, ਆਟਾ, ਮਸਾਲੇ, ਬੁਰਸ਼, ਪੇਸਟ, ਸਾਬਣ, ਤੇਲ, ਓਆਰਐਸ, ਆਈ ਫਲੂ ਦੇ ਡਰਾਪਸ, ਪੈਡ ਅਤੇ ਹੋਰ ਜਰੂਰਤ ਦਾ ਸਮਾਣ ਦੇ ਕੇ ਮਦਦ ਕੀਤੀ ਗਈ । ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਦਸਿਆ ਕਿ ਅਖੰਡ ਕੀਰਤਨੀ ਜੱਥੇ ਦੇ ਬਾਨੀ ਸੋਨ ਚਿੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਜੱਥੇ ਨੂੰ ਬਣਾਉਂਦਿਆਂ ਕੁਝ ਉਦੇਸ਼ ਵੀਂ ਬਣਾਏ ਸਨ । ਕਿਰਤ ਕਰਣੀ, ਨਿਸ਼ਕਾਮ ਬਾਣੀ ਬਾਣੇ ਦਾ ਪ੍ਰਚਾਰ ਪ੍ਰਸਾਰ ਅਤੇ ਜਰੂਰਤਮੰਦ ਪਰਿਵਾਰਾਂ ਦੀ ਵੱਧ ਤੋਂ ਵੱਧ ਸੇਵਾ ਕਰਨੀ । ਅਸੀ ਉਨ੍ਹਾਂ ਵਲੋਂ ਪਾਏ ਪੁਰਨਿਆ ਤੇ ਚੱਲਦੇ ਹੋਏ ਅਕਾਲ ਪੁਰਖ ਜੋ ਸਾਡੇ ਕੋਲੋਂ ਸੇਵਾ ਲੈਂਦੇ ਹਨ ਕਰਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਲੋੜ ਪੈਣ ਤੇ ਅੱਗੇ ਵੀਂ ਪੰਥਕ ਸੇਵਾਵਾਂ ਵਿਚ ਮੋਹਰੀ ਹੋ ਕੇ ਸੇਵਾ ਕਰਦੇ ਰਹਾਂਗੇ । ਉਨ੍ਹਾਂ ਕਿਹਾ ਕਿ ਪੰਥਕ ਸੇਵਾਵਾਂ ਵਿਚ ਜਿਹੜੇ ਵੀਰ ਭੈਣਾਂ ਸਾਡਾ ਸਾਥ ਦੇ ਰਹੇ ਹਨ, ਅਸੀ ਉਨ੍ਹਾਂ ਦੇ ਧੰਨਵਾਦੀ ਹਾਂ ਤੇ ਉਮੀਦ ਕਰਦੇ ਹਾਂ ਕਿ ਓਹ ਅੱਗੇ ਵੀਂ ਸਾਡੇ ਨਾਲ ਹਰ ਦੁੱਖ ਸੁਖ ਦੇ ਸਮੇਂ ਸਾਥ ਦੇਂਦੇ ਰਹਿਣਗੇ । ਪਟਿਆਲਾ ਦੇ ਪਿੰਡ ਆਲੋਵਾਲ ਵਿਖੇ ਯੂਨਾਇਟੇਡ ਸਿਖਸ ਵਲੋਂ ਬਹੁਤ ਵੱਡਾ ਦਵਾਈਆ ਦਾ ਕੈਪ ਲਗਾਇਆ ਗਿਆ ਸੀ ਤੇ ਉਨ੍ਹਾਂ ਵਲੋਂ ਜੱਥੇ ਦੇ ਸਿੰਘਾਂ ਦੀ ਮਦਦ ਕੀਤੀ ਗਈ ਸੀ ਤੇ ਜੱਥੇ ਵਲੋਂ ਉਨ੍ਹਾਂ ਨੂੰ ਵੀਂ ਜਰੂਰਤਮੰਦਾ ਨੂੰ ਦੇਣ ਲਈ ਦਵਾਈਆਂ ਅਤੇ ਹੋਰ ਲੋੜੀਂਦਾ ਸਮਾਣ ਦਿਤਾ ਗਿਆ ਸਨ । ਅਖੰਡ ਕੀਰਤਨੀ ਜੱਥਾ ਦਿੱਲੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਅਤੇ ਭਾਈ ਅਰੁਣਪਾਲ ਸਿੰਘ ਨੇ ਦਸਿਆ ਕਿ ਦਿੱਲੀ ਦੇ ਵੱਖ ਵੱਖ ਇਤਿਹਾਸਿਕ ਗੁਰਦੁਆਰੇ ਸਾਹਿਬਾਨਾਂ ਵਿਖ਼ੇ ਦੁਸਹਿਰਾ ਦੀ ਛੁੱਟੀਆਂ ਵਿਚ ਹੋਣ ਵਾਲੇ ਅਖੰਡ ਕੀਰਤਨ ਸਮਾਗਮ 18 ਅਕਤੂਬਰ ਤੋਂ 24 ਅਕਤੂਬਰ ਤਕ ਹੋਣਗੇ । ਜਿਕਰਯੋਗ ਹੈ ਕਿ ਭਾਈ ਹਰਜਿੰਦਰ ਸਿੰਘ ਅਤੇ ਭਾਈ ਅਰੁਣਪਾਲ ਸਿੰਘ ਨੂੰ ਬੀਤੇ ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸਾਖੀ ਸਮਾਗਮ ਤੇ ਅਖੰਡ ਕੀਰਤਨੀ ਜੱਥੇ ਦੇ ਪੰਚਾ ਨੇ ਦਿੱਲੀ ਦੇ ਜੱਥੇ ਦੀ ਸਾਰ ਸੰਭਾਲ ਲਈ ਮੁੱਖ ਸੇਵਾਦਾਰ ਦੀ ਸੇਵਾ ਸੋਪੀ ਸੀ ਤਦ ਤੋਂ ਓਹ ਆਪਣੀ ਸੇਵਾ ਨਿਭਾ ਰਹੇ ਹਨ ।

ਭਾਖੜਾ ਡੈਮ ਦੇ ਗੇਟ ਖੋਲਣ ਅਤੇ ਬਾਰਿਸਾਂ ਦੀ ਬਹੁਤਾਤ ਹੋਣ ਦੀ ਬਦੌਲਤ ਭਾਰੀ ਹੜ੍ਹਾਂ ਨੇ ਪੰਜਾਬੀਆਂ ਦੇ ਮਕਾਨਾਂ, ਕਾਰੋਬਾਰਾਂ ਵਿਚ ਦਾਖਲ ਹੋ ਕੇ ਕੀਤਾ ਵੱਡਾ ਨੁਕਸਾਨ: ਇਮਾਨ ਸਿੰਘ ਮਾਨ

ਪੰਜਾਬ ਸਰਕਾਰ, ਪਲਾਨਿੰਗ ਬੋਰਡ ਨੀਵੇ ਸਥਾਨਾਂ ਦੇ ਮਕਾਨ ਤੇ ਇਮਾਰਤਾਂ ਨੂੰ ਉੱਚਾ ਚੁੱਕਵਾਉਣ ਲਈ ਮਾਹਰ ਇੰਜਨੀਅਰਾਂ ਦੇ ਸਹਿਯੋਗ ਨਾਲ ਉਦਮ ਕਰੇ 

ਨਵੀਂ ਦਿੱਲੀ, 24 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- “ਜੋ ਕੁਝ ਦਿਨ ਪਹਿਲੇ ਸਮੁੱਚੇ ਪੰਜਾਬ ਵਿਚ ਭਾਖੜਾ ਡੈਮ ਦੇ ਗੇਟ ਖੋਲਣ ਅਤੇ ਬਾਰਿਸਾਂ ਦੀ ਬਹੁਤਾਤ ਹੋਣ ਦੀ ਬਦੌਲਤ ਭਾਰੀ ਹੜ੍ਹਾਂ ਨੇ ਪੰਜਾਬੀਆਂ ਦੇ ਮਕਾਨਾਂ, ਕਾਰੋਬਾਰਾਂ ਵਿਚ ਦਾਖਲ ਹੋ ਕੇ ਵੱਡਾ ਨੁਕਸਾਨ ਕੀਤਾ ਹੈ । ਉਸਦੀ ਵਜਹ ਜਿਥੇ ਸਰਕਾਰ ਦੇ ਡਰੇਨ ਅਤੇ ਸਿੰਚਾਈ ਵਿਭਾਗ ਦੀ ਅਫਸਰਸਾਹੀ ਵੱਲੋ ਸਮੇ ਨਾਲ ਦਰਿਆਵਾ, ਨਹਿਰਾਂ, ਚੋਇਆ, ਖਾਲਿਆ ਦੀ ਸਫਾਈ ਨਾ ਹੋਣ ਅਤੇ ਬੰਨ੍ਹਾਂ ਦੀ ਦੁਆਰਾ ਮੁਰੰਮਤ ਨਾ ਹੋਣ ਦੀ ਬਦੌਲਤ ਇਹ ਨੁਕਸਾਨ ਹੋਇਆ ਹੈ । ਉਸ ਵਿਚ ਦੂਸਰਾ ਵੱਡਾ ਕਾਰਨ ਇਹ ਹੈ ਕਿ ਪਲਾਨਿੰਗ ਬੋਰਡ ਪੰਜਾਬ ਤੇ ਜਿ਼ਲ੍ਹਾ ਪ੍ਰਸ਼ਾਸ਼ਨ ਨੇ ਲੋਕਾਂ ਨੂੰ ਨੀਵੇ ਸਥਾਨਾਂ ਉਤੇ ਕਲੋਨੀਆ ਵਿਚ ਪਲਾਟ ਵੇਚਣ ਦੀ ਇਜਾਜਤ ਦੇ ਕੇ ਇਹ ਗੈਰ ਨਿਯੀਮੀਆਂ ਕੀਤੀਆ ਹਨ । ਸਾਡੇ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਸ. ਮਨਜੀਤ ਸਿੰਘ ਪਿੰਡ ਜੰਡਾਲੀ, ਸ. ਭੁਪਿੰਦਰ ਸਿੰਘ ਡੇਰਾ ਮੀਰ ਮੀਰਾ ਨੇ ਆਪਣੇ ਮਕਾਨਾਂ ਨੂੰ ਮਕਾਨ ਉੱਚਾ ਚੁੱਕਣ ਵਾਲਿਆ ਤੋ ਚੁਕਵਾਕੇ ਇਸ ਮੁਸਕਿਲ ਨੂੰ ਹੱਲ ਕਰ ਲਿਆ ਹੈ । ਜੋ ਬਹੁਤ ਹੀ ਵਧੀਆ ਅਤੇ ਸਮੇ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਦੇ ਅਨੁਕੂਲ ਹੈ । ਸਾਡੀ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ, ਪਲਾਨਿੰਗ ਬੋਰਡ ਪੰਜਾਬ ਨੂੰ ਇਹ ਅਤਿ ਸੰਜੀਦਾ ਅਪੀਲ ਹੈ ਕਿ ਉਹ ਇੰਜਨੀਅਰਿੰਗ ਕਾਲਜ ਲੁਧਿਆਣਾ ਅਤੇ ਇੰਜਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਦੇ ਸਿਰਕੱਢ ਪ੍ਰੋਫੈਸਰਾਂ ਤੇ ਮਾਹਰ ਵਿਦਿਆਰਥੀਆਂ ਦੀ ਮਦਦ ਨਾਲ ਨੀਵੇ ਸਥਾਨਾਂ ਤੇ ਉਸਾਰੇ ਮਕਾਨਾਂ ਨੂੰ ਉੱਚਾ ਚੁਕਵਾਉਣ ਵਿਚ ਸਰਕਾਰੀ ਫੰਡਾਂ ਰਾਹੀ ਇਕ ਯੋਜਨਾ ਬਣਾਉਣ ਜਿਸਦਾ ਖਰਚਾਂ ਸਰਕਾਰ ਵੱਲੋ ਕੀਤਾ ਜਾਵੇ ਅਤੇ ਅਜਿਹੇ ਸਥਾਨ ਜਿਥੇ ਪਾਣੀ ਜਿਆਦਾ ਮਾਰ ਕਰ ਰਿਹਾ ਹੈ, ਉਨ੍ਹਾਂ ਮਕਾਨਾਂ ਨੂੰ ਉਪਰ ਚੁੱਕਵਾਕੇ ਸਮੁੱਚੇ ਪੰਜਾਬ ਦੇ ਨਿਵਾਸੀਆ ਦੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ ।”
    ਇਹ ਵਿਚਾਰ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਭਾਰੀ ਹੜਾਂ ਦੀ ਬਦੌਲਤ ਪੰਜਾਬ ਵਿਸੇਸ ਤੌਰ ਤੇ ਮਾਲਵੇ ਦੇ ਜਿ਼ਲ੍ਹਿਆਂ ਤੇ ਪਿੰਡਾਂ ਵਿਚ ਘੱਗਰ ਦਰਿਆ ਤੇ ਹੋਰ ਨਹਿਰਾਂ ਦੇ ਪਾਣੀ ਰਾਹੀ ਇਥੋ ਦੇ ਨਿਵਾਸੀਆ ਦੇ ਹੋਏ ਵੱਡੇ ਨੁਕਸਾਨ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਇਸ ਗੰਭੀਰ ਮਸਲੇ ਨੂੰ ਪੰਜਾਬ ਸਰਕਾਰ, ਪਲਾਨਿੰਗ ਬੋਰਡ ਪੰਜਾਬ ਵੱਲੋ ਸਰਕਾਰੀ ਖਰਚੇ ਉਤੇ ਲੋਕਾਂ ਨੂੰ ਦਰਪੇਸ ਆ ਰਹੀ ਇਸ ਹੜ੍ਹਾਂ ਦੇ ਪਾਣੀ ਦੀ ਮੁਸਕਿਲ ਨੂੰ ਹੱਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸਾਡੇ ਇਲਾਕੇ ਦੇ ਉਪਰੋਕਤ 2 ਆਮ ਪਰਿਵਾਰ ਆਪਣੀ ਹੜ੍ਹਾਂ ਦੀ ਮਾਰ ਵਿਚ ਆਏ ਮਕਾਨਾਂ ਨੂੰ ਉਪਰ ਚੁੱਕਵਾਕੇ ਇਸ ਮੁਸਕਿਲ ਨੂੰ ਹੱਲ ਕਰ ਚੁੱਕੇ ਹਨ, ਤਾਂ ਪੰਜਾਬ ਸਰਕਾਰ ਅਤੇ ਪਲਾਨਿੰਗ ਬੋਰਡ ਪੰਜਾਬ ਨੂੰ ਵੀ ਇੰਜਨੀਅਰਿੰਗ ਕਾਲਜਾਂ ਦੇ ਮਾਹਰ ਪ੍ਰੌਫੈਸਰਾਂ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ, ਨੀਵੇ ਸਥਾਨਾਂ ਤੇ ਬਣੇ ਮਕਾਨਾਂ ਤੇ ਇਮਾਰਤਾਂ ਨੂੰ ਚੁੱਕਵਾਉਣ ਲਈ ਇਕ ਵਿਸੇਸ ਯੋਜਨਾ ਤਿਆਰ ਕਰਨੀ ਬਣਦੀ ਹੈ । ਜਿਸ ਉਤੇ ਆਉਣ ਵਾਲਾ ਖਰਚਾ ਪੰਜਾਬ ਸਰਕਾਰ ਜਾਂ ਹੋਰ ਵੱਡੇ ਅਦਾਰੇ ਇਕ ਯੋਜਨਾ ਤਹਿਤ ਕਰਨ ਤਾਂ ਕਿ ਹੜ੍ਹਾਂ ਦੀ ਮਾਰ ਤੋ ਪੰਜਾਬੀਆਂ ਦੇ ਹੋਏ ਵੱਡੇ ਮਾਲੀ ਨੁਕਸਾਨ ਦੀ ਬਦੌਲਤ ਉਨ੍ਹਾਂ ਨੂੰ ਵੱਡੇ ਸੰਕਟ ਵਿਚੋ ਕੱਢਣ ਦੀ ਜਿੰਮੇਵਾਰੀ ਸਰਕਾਰੀ ਪੱਧਰ ਤੇ ਬਣਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਅਤੇ ਪਲਾਨਿੰਗ ਬੋਰਡ ਪੰਜਾਬ ਇਸ ਗੰਭੀਰ ਵਿਸੇ ਤੇ ਜਲਦੀ ਹੀ ਇਸ ਦਿਸਾ ਦੇ ਮਾਹਿਰਾਂ ਦੀ ਇਕ ਇਕੱਤਰਤਾ ਜਲਦੀ ਚੰਡੀਗੜ੍ਹ ਵਿਚ ਸੱਦਕੇ ਅਮਲੀ ਰੂਪ ਵਿਚ ਇਕ ਯੋਜਨਾ ਤਿਆਰ ਕਰਕੇ ਆਉਣ ਵਾਲੇ ਦਿਨਾਂ ਵਿਚ ਇਸਦੀ ਜਿੰਮੇਵਾਰੀ ਨੂੰ ਪੂਰਨ ਕਰਨ ਵਿਚ ਯੋਗਦਾਨ ਪਾਉਣਗੇ ।

ਯੂਸੀਸੀ ਬਿੱਲ ਵਿਚ ਆਦਿਵਾਸੀਆਂ ਵਾਂਗ ਸਿੱਖਾਂ ਨੂੰ ਰਖਿਆ ਜਾਏ ਬਾਹਰ-ਸਰਨਾ 

ਸਿੱਖ ਹਰ ਪੱਖ ਤੋਂ ਵਿਲੱਖਣ ਹਨ, ਉਹਨਾਂ ਦੀ ਅੱਡਰੀ ਹਸਤੀ ਹੈ ਤੇ ਸਿੱਖ ਇਕ ਵੱਖਰੀ ਕੌਮ ਹੈ

ਨਵੀਂ ਦਿੱਲੀ 13 ਜੁਲਾਈ (ਮਨਪ੍ਰੀਤ ਸਿੰਘ ਖਾਲਸਾ)ਯੂਸੀਸੀ ਦੇ ਮਸਲੇ ਤੇ ਆਦਿਵਾਸੀਆਂ ਤੇ ਸਿੱਖਾਂ ਦੇ ਆਨੰਦ ਮੈਰਿਜ ਐਕਟ ਬਾਰੇ ਸਲਾਹ ਲਈ ਕੇਂਦਰ ਸਰਕਾਰ ਵੱਲੋਂ ਜੋ ਕੈਬਨਿਟ ਮੰਤਰੀਆਂ ਦੀ ਕਮੇਟੀ ਬਣਾਈ ਗਈ ਹੈ । ਇਹ ਕਮੇਟੀ ਬਣਾਉਣ ਦਾ ਫੈਸਲਾ ਦੱਸਦਾ ਹੈ ਕਿ ਸਿੱਖ ਕੌਮ ਦੇ ਤੌਖਲਿਆਂ ਬਾਰੇ ਸਰਕਾਰ ਅਣਜਾਣ ਨਹੀਂ ਹੈ । ਪਰ ਕੇਂਦਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਿੱਖਾਂ ਦਾ ਸਿਰਫ ਆਨੰਦ ਮੈਰਿਜ ਐਕਟ ਹੀ ਵੱਖਰਾ ਨਹੀਂ ਸਗੋਂ ਸਿੱਖ ਹਰ ਪੱਖ ਤੋਂ ਵਿਲੱਖਣ ਹਨ ਤੇ ਉਹਨਾਂ ਦੀ ਅੱਡਰੀ ਹਸਤੀ ਹੈ ਤੇ ਸਿੱਖ ਇਕ ਵੱਖਰੀ ਕੌਮ ਹੈ । ਸਿੱਖ ਕੌਮ ਦੀਆਂ ਪਰੰਪਰਾਵਾਂ , ਰਸਮਾਂ, ਤਿਉਹਾਰ, ਰਵਾਇਤਾਂ ਆਦਿ ਸਭ ਕੁਝ ਵੱਖਰਾ ਹੈ। ਇਸ ਲਈ ਸਿਰਫ ਯੂਸੀਸੀ ਦਾ ਸਿੱਖਾਂ ਵੱਲੋਂ ਵਿਰੋਧ ਮਹਿਜ਼ ਇਕ ਵੱਖਰੇ ਆਨੰਦ ਮੈਰਿਜ ਐਕਟ ਤੱਕ ਸੀਮਤ ਨਹੀ । ਸਿੱਖ ਸਮੁੱਚੇ ਤੌਰ ਤੇ ਆਪਣਾ ਇੱਕ ਵੱਖਰਾ ਸੱਭਿਆਚਾਰ ਰੱਖਦੇ ਹਨ । ਇਸ ਲਈ ਜਿਵੇਂ ਭਾਰਤ ਸਰਕਾਰ ਆਦਿਵਾਸੀਆਂ ਨੂੰ ਇਸ ਪ੍ਰਸਤਾਵਿਤ ਬਿੱਲ ‘ਚੋਂ ਬਾਹਰ ਰੱਖਣ ਬਾਰੇ ਵਿਚਾਰ ਕਰ ਰਹੀ ਹੈ । ਇਸੇ ਤਰ੍ਹਾਂ ਸਿੱਖ ਕੌਮ ਨੂੰ ਇਹ ਬਿੱਲ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਸਿੱਖ ਹਰ ਪੱਖ ਤੋਂ ਆਪਣੀ ਵੱਖਰੀ ਹਸਤੀ ਰੱਖਦੇ ਹਨ । 
ਦੂਸਰਾ ਤੱਥ ਇਹ ਹੈ ਕਿ ਸਿੱਖਾਂ ਸੰਬੰਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਸਿੱਖਾਂ ਦੀ ਪਾਰਲੀਮੈਂਟ ਮੰਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੁਮਾਇੰਦਾ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਪ੍ਰਮੁਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਆਗੂਆਂ ਨਾਲ ਰਾਇ ਮਸ਼ਵਰਾਂ ਜ਼ਰੂਰ ਕਰਨਾ ਚਾਹੀਦਾ ਹੈ । ਕਿਉਂਕਿ ਸਿੱਖਾਂ ਦੇ ਰਾਇ ਮਸ਼ਵਰੇ ਤੇ ਪ੍ਰਵਾਨਗੀ ਤੋਂ ਬਿਨਾ ਲਿਆ ਗਿਆ ਕੋਈ ਵੀ ਫੈਸਲਾ ਨਾ ਤੇ ਨੈਤਿਕ ਤੌਰ ਤੇ ਸਹੀ ਰਹੇਗਾ ਤੇ ਨਾ ਹੀ ਸਿੱਖ ਕੌਮ ਇਸਨੂੰ ਮੰਨੇਗੀ ।
ਇਸ ਮੌਕੇ ਇਕ ਸੁਆਲ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਤੇ ਤਰਲੋਚਨ ਸਿੰਘ ਵਰਗਿਆਂ ਨੂੰ ਵੀ ਕਰਨਾ ਬਣਦਾ ਹੈ ਜੋ ਆਪਣੀ ਹਿੱਤਾਂ ਲਈ ਕੌਮ ਦੀ ਵੱਖਰੀ ਪਹਿਚਾਣ ਨੂੰ ਰੱਦ ਕਰਦਿਆਂ ਅੰਨ੍ਹੇਵਾਹ ਯੂਸੀਸੀ ਦੀ ਹਿਮਾਇਤ ਕਰਦਿਆਂ ਆਨੰਦ ਮੈਰਿਜ ਐਕਟ ਬਾਰੇ ਵੀ ਹੋਛੇ ਬਿਆਨ ਦੇ ਰਹੇ ਸਨ । ਹੁਣ ਜਦੋਂ ਕੇਂਦਰ ਸਿੱਖਾਂ ਬਾਰੇ ਵਿਚਾਰ ਕਰ ਰਹੀ ਹੈ ਤੇ ਆਨੰਦ ਮੈਰਿਜ ਐਕਟ ਦੇ ਮੁੱਦੇ ਨੂੰ ਦੇਖ  ਰਹੀ ਹੈ ਤਾਂ ਕੀ ਉਹ ਵੀ ਆਪਣੀਆਂ ਕਹੀਆਂ ਗੱਲਾਂ ਤੋਂ ਯੂ ਟਰਨ ਮਾਰਨਗੇ ?

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕੀਤਾ ।

ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਨੂੰ ਲਗਾਈ ਅੱਗ

ਖਾਲਿਸਤਾਨੀ ਸਿੰਘਾਂ ਤੇ ਕੀਤਾ ਜਾ ਰਿਹਾ ਸ਼ੱਕ 

ਨਵੀਂ ਦਿੱਲੀ 04 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- 2 ਜੁਲਾਈ ਨੂੰ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਦੇ ਗੇਟ ਰਾਹੀਂ ਇੱਕ ਕੰਟੇਨਰ ਵਿੱਚੋਂ ਕੋਈ ਜਲਣਸ਼ੀਲ ਤਰਲ ਪਦਾਰਥ ਪਾ ਕੇ ਅੱਗ ਲਗਾ ਦਿੱਤੀ ਤੇ ਫਾਇਰ ਬ੍ਰਿਗੇਡ ਨੇ ਅੱਗ ਫੈਲਣ ਤੋਂ ਪਹਿਲਾਂ ਹੀ ਕਾਬੂ ਪਾ ਲਿਆ। ਘਟਨਾ ਸਮੇਂ ਜਨਤਕ ਡੀਲਿੰਗ ਨਾ ਹੋਣ ਕਰਕੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ।
ਭਾਰਤੀ ਅਧਿਕਾਰੀਆਂ ਨੇ ਇਸ ਘਟਨਾ ਨੂੰ ਸਥਾਨਕ ਤੌਰ 'ਤੇ ਸੈਨ ਫਰਾਂਸਿਸਕੋ ਦੇ ਅਧਿਕਾਰੀਆਂ, ਕੈਲੀਫੋਰਨੀਆ ਸਰਕਾਰ ਅਤੇ ਰਾਸ਼ਟਰਪਤੀ ਜੋਅ ਬਿਡੇਨ ਦੇ ਪ੍ਰਸ਼ਾਸਨ ਕੋਲ ਉਠਾਇਆ ਹੈ ।
ਅਮਰੀਕਾ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਮੈਥਿਊ ਮਿਲਰ ਨੇ ਇੱਕ ਟਵੀਟ ਵਿੱਚ ਭਾਰਤੀ ਵਣਜ ਦੂਤਘਰ ਦੇ ਖਿਲਾਫ ਕਥਿਤ ਤੌਰ 'ਤੇ ਭੰਨਤੋੜ ਅਤੇ ਅੱਗ ਲਗਾਉਣ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕੀਤੀ ਹੈ । ਉਨ੍ਹਾਂ ਕਿਹਾ "ਅਮਰੀਕਾ ਵਿੱਚ ਡਿਪਲੋਮੈਟਿਕ ਸੁਵਿਧਾਵਾਂ ਜਾਂ ਵਿਦੇਸ਼ੀ ਡਿਪਲੋਮੈਟਾਂ ਦੇ ਖਿਲਾਫ ਭੰਨਤੋੜ ਜਾਂ ਹਿੰਸਾ ਇੱਕ ਅਪਰਾਧਿਕ ਅਪਰਾਧ ਹੈ" ।
ਭਾਰਤੀ ਅਧਿਕਾਰੀਆਂ ਨੇ ਇਸ ਘਟਨਾ ਨੂੰ ਅਮਰੀਕੀ ਅਧਿਕਾਰੀਆਂ, ਖਾਸ ਤੌਰ 'ਤੇ ਐਫਬੀਆਈ ਕੋਲ ਉਠਾਇਆ ਹੈ, ਜੋ ਪਹਿਲਾਂ ਹੀ ਉਸੇ ਮਿਸ਼ਨ 'ਤੇ ਮਾਰਚ ਦੇ ਹਮਲੇ ਦੀ ਜਾਂਚ ਕਰ ਰਿਹਾ ਹੈ।ਖਬਰ ਲਿਖੇ ਜਾਣ ਤੱਕ ਘਟਨਾ ਦੇ ਸਬੰਧ ਵਿੱਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਸੀ।
ਜਿਕਰਯੋਗ ਹੈ ਕਿ ਬੀਤੀ ਮਾਰਚ ਵਿਚ ਵੀਂ ਭਾਰਤੀ ਦੁੱਤਘਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆ ਵਿਰੁੱਧ ਪੰਜਾਬ ਸਰਕਾਰ ਵਲੋਂ ਕੀਤੀ ਕਾਰਵਾਈ ਦਾ ਨਿਸ਼ਾਨਾਂ ਬਣਿਆ ਸੀ ਤੇ ਤਾਜ਼ਾ ਘਟਨਾ ਨੂੰ ਇਸ ਨਾਲ ਜੋੜ ਕੇ ਭਾਰਤੀ ਟਿਕਾਣਿਆਂ 'ਤੇ ਗੰਭੀਰ ਹਮਲਿਆਂ ਦੀ ਲੜੀ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇਹ ਚਿੰਤਾਵਾਂ ਹਨ ਕਿ ਅੱਗੇ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਜਾਰੀ ਹੋਈ ਖ਼ਬਰ ਮੁਤਾਬਿਕ ਸਮਝਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਹਮਲੇ ਦਾ ਸਿਹਰਾ ਲਿਆ ਹੈ, ਜਿਸ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਧਿਆਨ ਵਿੱਚ ਆਉਣ ਦੇ ਡਰ ਕਾਰਨ ਬਾਅਦ ਵਿੱਚ ਹਟਾ ਦਿੱਤਾ ਗਿਆ ਸੀ। ਸੋਸ਼ਲ ਮੀਡੀਆ ਤੇ ਚਲ ਰਹੀ ਵੀਡੀਓ ਵਿਚ ਲੌਂਗ ਲਾਈਵ ਖਾਲਿਸਤਾਨ, ਏ ਕੇ ਐਫ, ਭਾਈ ਅੰਮ੍ਰਿਤਪਾਲ ਸਿੰਘ ਦੇ ਨਾਂਅ ਦੇ ਨਾਲ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਫੋਟੋਆਂ ਵੀਂ ਹਨ ।

ਦਿੱਲੀ ਅਕਾਲੀ ਮੁਖੀ ਨੇ ਯੂਨੀਫਾਰਮ ਸਿਵਲ ਕੋਡ ਲਈ 'ਆਪ' ਦੇ ਸਮਰਥਨ ਦੀ ਨਿਖੇਧੀ ਕੀਤੀ

 ਨਵੀਂ ਦਿੱਲੀ, 28 ਜੂਨ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਮ ਆਦਮੀ ਪਾਰਟੀ ਵੱਲੋਂ ਪ੍ਰਸਤਾਵਿਤ ਯੂਨੀਫਾਰਮ ਸਿਵਲ ਕੋਡ (ਯੂ.ਸੀ.ਸੀ.) ਨੂੰ ਸਿਧਾਂਤਕ ਤੌਰ 'ਤੇ ਸਮਰਥਨ ਦੇਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਪ ਦਾ ਇਹ ਕਦਮ ਇਸਦੀ ਅਤਿ-ਬਹੁਗਿਣਤੀਵਾਦੀ ਵਿਚਾਰਧਾਰਾ ਦਾ ਇੱਕ ਪ੍ਰਤੱਖ ਸਬੂਤ ਹੈ ਅਤੇ ਭਾਰਤ ਦੀ ਵਿਭਿੰਨਤਾ ਅਤੇ ਬਹੁਲਵਾਦ ਦੇ ਭਵਿੱਖ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦਾ ਹੈ।"

ਉਨ੍ਹਾਂ ਕਿਹਾ ਕਿ ਭਾਰਤ ਅਮੀਰ ਪਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਵਿਭਿੰਨ ਧਾਰਮਿਕ ਵਿਸ਼ਵਾਸਾਂ ਦੀ ਧਰਤੀ ਹੈ ਜਿਸ ਨੂੰ ਦੇਖਦਿਆਂ ਇਹ ਸਿਵਲ ਕੋਡ ਵਿਚਾਰ ਅਤੇ ਸਲਾਹ-ਮਸ਼ਵਰੇ ਤੋਂ ਬਿਨਾਂ ਲਾਗੂ ਕੀਤਾ ਜਾਂਦਾ ਹੈ, ਤਾਂ ਦੇਸ਼ ਨੂੰ ਪਰਿਭਾਸ਼ਿਤ ਕਰਨ ਵਾਲੇ ਵਿਲੱਖਣ ਸੱਭਿਆਚਾਰਕ ਤਾਣੇ-ਬਾਣੇ ਨੂੰ ਮਿਟਾਉਣ ਦੀ ਸਮਰੱਥਾ ਰੱਖਦਾ ਹੈ।

ਆਪ ਦੇ ਇਸ ਫੈਸਲੇ ਨੇ ਆਪਣੇ ਆਪ ਨੂੰ ਇੱਕ ਬਹੁਗਿਣਤੀਵਾਦੀ ਵਿਚਾਰਧਾਰਾ ਦੀ ਹਮਾਇਤ ਕਰਨ ਵਾਲੀ ਪਾਰਟੀ ਦੇ ਰੂਪ ਵਿੱਚ ਉਜਾਗਰ ਕੀਤਾ ਹੈ ।

ਸਰਨਾ ਨੇ 'ਆਪ' ਆਗੂ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਧਾਂਤਕ ਤੌਰ 'ਤੇ ਯੂ.ਸੀ.ਸੀ. ਦੀ ਹਮਾਇਤ ਕਰਨ ਪਿੱਛੇ ਉਨ੍ਹਾਂ ਦੇ ਅਸਲ ਮਕਸਦ ਦੱਸਣ ਲਈ ਕਿਹਾ।

ਉਨ੍ਹਾਂ ਪੁੱਛਿਆ, ਕੀ ਇਹ ਇੱਕ ਸਦਭਾਵਨਾਪੂਰਨ ਸਮਾਜ ਬਣਾਉਣ ਦੀ ਇੱਕ ਸੱਚੀ ਕੋਸ਼ਿਸ਼ ਹੈ ਜੋ ਆਪਣੇ ਸਾਰੇ ਨਾਗਰਿਕਾਂ ਦਾ ਸਤਿਕਾਰ ਕਰਦਾ ਹੈ, ਜਾਂ ਕੀ ਇਹ ਇੱਕ ਤੰਗ ਸਿਆਸੀ ਏਜੰਡੇ ਨੂੰ ਪੂਰਾ ਕਰਨ ਲਈ ਇੱਕ ਰਣਨੀਤਕ ਕਦਮ ਹੈ.?"  

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਭਿੰਨਤਾ, ਸਮਾਵੇਸ਼ਤਾ ਅਤੇ ਬਹੁਲਵਾਦ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ ਜਿਨ੍ਹਾਂ ਨੇ ਭਾਰਤ ਨੂੰ ਸਦੀਆਂ ਤੋਂ ਪਰਿਭਾਸ਼ਿਤ ਕੀਤਾ ਹੈ ਅਤੇ “ਅਸੀਂ ਦੇਸ਼ ਭਰ ਦੇ ਸਾਰੇ ਭਾਈਚਾਰਿਆਂ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਲਈ ਅਣਥੱਕ ਕੰਮ ਕਰਨਾ ਜਾਰੀ ਰੱਖਾਂਗੇ।

‘ਸਿੱਖ ਧਰਮ’ ਨੂੰ ਸਕੂਲੀ ਪਾਠਕ੍ਰਮ ‘ਚ ਸ਼ਾਮਲ ਕਰਵਾਉਣ ਲਈ ਅਮਰੀਕਾ ਦੇ ਸਿੱਖਾਂ ਨੇ ਕੀਤੀ ਪਹਿਲ

ਨਵੀਂ ਦਿੱਲੀ, 28 ਜੂਨ -(ਮਨਪ੍ਰੀਤ ਸਿੰਘ ਖਾਲਸਾ)-ਸਿੱਖ ਧਰਮ’ ਨੂੰ ਸਕੂਲੀ ਪਾਠਕ੍ਰਮ ‘ਚ ਸ਼ਾਮਲ ਕਰਵਾਉਣ ਲਈ ਅਮਰੀਕਾ ਦੇ ਸਿੱਖਾਂ ਨੇ ਪਹਿਲ ਕਰਦਿਆਂ ਬੀਤੇ ਦਿਨ ਅਮਰੀਕਾ ਦੇ ੳਹਾਉ ਸੂਬੇ ਦੀ ਰਾਜਧਾਨੀ ਕੋਲੰਬਸ ਵਿੱਚ ਸਿੱਖ ਕੋਲੀਸ਼ਨ ਵਲੋਂ ਦਿੱਤੇ ਗਏ ਸੱਦੇ ‘ਤੇ ਕੋਲੰਬਸ, ਸਿਨਸਿਨਾਟੀ, ਡੇਟਨ, ਕਲੀਵਲੈਂਡ ਤੇ ਹੋਰਨਾਂ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਓਹਾਉ ਦੇ ਸਟੇਟ ਹਾਊਸ ਵਿੱਚ ਪੁੱਜੇ। ਇੱਥੇ ਉਹਨਾਂ ਨੇ ਸੂਬੇ ਦੇ ਵੱਖ-ਵੱਖ ਪਾਰਟੀਆਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਹਾਊਸ ਬਿੱਲ 171 ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਮੀਡੀਆ ਵਿਚ ਜਾਰੀ ਹੋਈ ਖ਼ਬਰ ਮੁਤਾਬਿਕ ਇਹ ਬਿੱਲ ਓਹਾਉ ਸੂਬੇ ਦੀ ਡੀਸਟ੍ਰਿਕਟ 4 ਦੇ ਪ੍ਰਤੀਨਿਧ (ਰਿਪਰੀਜ਼ੈਨਟੇਟਿਵ) ਮੈਰੀਲਾਈਟ ਬੋਡੀ ਜੋ ਕਿ ਡੋਮੋਕਰੈਟ ਪਾਰਟੀ ਤੋਂ ਹਨ, ਵਲੋਂ ਪੇਸ਼ ਕੀਤਾ ਗਿਆ ਹੈ।

ਇਸ ਬਿੱਲ ਵਿੱਚ ਏਸ਼ੀਅਨ ਅਮਰੀਕੀ ਤੇ ਪੈਸੀਫਿਕ ਆਈਲੈਂਡ ਕਮਿਊਨਿਟੀ ਬਾਰੇ ਸਮਾਜਿਕ ਵਿਗਿਆਨ ਵਿੱਚ ਜਾਣਕਾਰੀ ਸ਼ਾਮਲ ਕਰਨ ਦੀ ਵਿਵਸਥਾ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਏਸ਼ੀਅਨ ਖਿੱਤੇ ਦੇ ਵੱਖ-ਵੱਖ ਭਾਈਚਾਰਿਆਂ ਦੀ ਜਾਣਕਾਰੀ ਸਮੇਤ ਸਿੱਖ ਧਰਮ ਬਾਰੇ ਵੀ ਜਾਣਕਾਰੀ ਸਕੂਲ ਦੇ ਪਾਠਕ੍ਰਮ ਵਿੱਚ ਸ਼ਾਮਲ ਹੋ ਸਕੇਗੀ। ਇਸ ਨਾਲ ਸਿੱਖ ਬੱਚਿਆਂ ਨਾਲ ਸਿੱਖ ਕਕਾਰਾਂ ਬਾਰੇ ਕੀਤੀ ਜਾਂਦੀ ਛੇੜਖਾਣੀ ਨੂੰ ਵੀ ਠੱਲ ਪਵੇਗੀ। ੳਹਾਉ ਦੇ ਸਿੱਖਾਂ ਨੇ ਵੱਖ-ਵੱਖ ਵਫਦ ਬਣਾ ਕੇ ਹਾਊਸ ਦੇ ਪ੍ਰਤੀਨਿਧ ਜੈਨੀਫਰ ਗਰੋਸ, ਏਲੀਅਟ ਫੋਰਹੈਨ, ਸੇਡਰਿਕ ਡੈਨਸਨ ਸਮੇਤ ਕਈ ਹੋਰਨਾਂ ਨਾਲ ਮੁਲਾਕਾਤ ਕਰਕੇ ਬਿੱਲ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।

ਇੱਥੇ ਵਰਨਣਯੋਗ ਹੈ ਕਿ ਸੂਬੇ ਦੇ ਵੱਖ-ਵੱਖ ਗੁਰਦੁਆਰਿਆਂ ਵਲੋਂ ਵੀ ਇਸ ਬਿਲ ਦੇ ਹੱਕ ਵਿੱਚ ਦਸਤਖਤੀ ਮੁਹਿੰਮ ਅਰੰਭੀ ਗਈ ਹੈ ਤੇ ਆਪਣੇ ਆਪਣੇ ਇਲਾਕੇ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੱਤੇ ਗਏ। ਸਿੱਖ ਕੋਲੀਸ਼ਨ ਦੇ ਕਮਿਉਨਿਟੀ ਡਿਵੈਲਪਮੈਂਟ ਮੈਨੇਜਰ ਯਸ਼ਪ੍ਰੀਤ ਸਿੰਘ ਅਤੇ ਵਕੀਲ ਮਰੀਸਾ ਰੋਸੇਟੀ ਨੇ ਇਸ ਬਿੱਲ ਸੰਬੰਧੀ ਸਿੱਖ ਭਾਈਚਾਰੇ ਨਾਲ ਜਾਣਕਾਰੀ ਸਾਂਝੀ ਕੀਤੀ।

ਭਾਰਤ ਸਰਕਾਰ ਵੱਲੋਂ ਆਪਣੇ ਕਰੀਂਦਿਆਂ ਰਾਹੀਂ ਭਾਈ ਨਿੱਝਰ ਤੇ ਕੀਤਾ ਵਾਰ ਪੰਥ ਨੂੰ ਵੰਗਾਰ: ਅਖੰਡ ਕੀਰਤਨੀ ਜੱਥਾ 

 ਕਪਟੀ ਅਤੇ ਮੱਕਾਰ ਦੁਸ਼ਮਣ ਦੀਆਂ ਇਹਨਾਂ ਬ੍ਰਾਹਮਣਵਾਦੀ ਚਾਲਾਂ ਤੋਂ ਪੰਥ ਨੂੰ ਸੁਚੇਤ ਰਹਿਣ ਦੀ ਲੋੜ

ਨਵੀਂ ਦਿੱਲੀ, 28 ਜੂਨ- (ਮਨਪ੍ਰੀਤ ਸਿੰਘ ਖਾਲਸਾ)-ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਅਖੰਡ ਕੀਰਤਨੀ ਜੱਥਾ ਵਿਸ਼ਵ ਵਿਆਪੀ ਵਲੋਂ ਅਜ ਜਾਰੀ ਕੀਤੇ ਗਏ ਪ੍ਰੈਸ ਨੋਟ ਵਿਚ ਕਿਹਾ ਗਿਆ ਕਿ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਕੌਮੀ ਸੇਵਾ ਵਿੱਚ ਹਿੱਸਾ ਪਾਉਣ ਵਾਲੇ ਅਤੇ ਸਿੱਖ ਕੌਮ ਦੀ ਅਜ਼ਾਦੀ ਦੇ ਚਾਹਵਾਨ ਭਾਈ ਹਰਦੀਪ ਸਿੰਘ ਨਿੱਝਰ ਨੂੰ ਗੁਰਦੁਆਰਾ ਸਾਹਿਬ ਦੀ ਜੂਹ ਅੰਦਰ ਗੋਲੀਆ ਨਾਲ ਸ਼ਹੀਦ ਕਰਕੇ ਸਿੱਖ ਕੌਮ ਨੂੰ ਡਰਾਉਣ ਅਤੇ ਸਿੱਖ ਕੌਮ ਦੀ ਚੜਦੀ ਕਲਾ ਵਾਲੀ ਅਵਾਜ਼ ਨੂੰ ਬੰਦ ਕਰਨ ਦਾ ਇੱਕ ਕੋਝਾ ਯਤਨ ਹੈ। ਅਸੀਂ ਭਾਰਤ ਸਰਕਾਰ ਦੀ ਖੁਫੀਆਂ ਏਜੰਸੀਆਂ ਵੱਲੋਂ ਕੀਤੇ ਗਏ ਇਸ ਕਾਰੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਭਾਈ ਹਰਦੀਪ ਸਿੰਘ ਨਿੱਝਰ ਕੈਨੇਡਾ ਵਿੱਚ ਵਸਦਿਆਂ ਆਪਣੀ ਕਿਰਤ ਕਰਨ ਦੇ ਨਾਲ ਜਿੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ ਉੱਥੇ ਉਹ ਪੰਥ ਦੀ ਚੜ੍ਹਦੀ ਕਲਾ ਦੀ ਅਵਾਜ਼ ਵੀ ਪੁਰਜ਼ੋਰ ਤਰੀਕੇ ਨਾਲ ਉਠਾਉਂਦੇ ਸਨ। ਭਾਰਤ ਸਰਕਾਰ,ਵੱਲੋਂ ਆਪਣੇ ਖਾਸੇ ਅਨੁਸਾਰ ਕਪਟ ਕਮਾਂਉਦਿਆਂ, ਲੁਕ ਛਿਪ ਕੇ ਅਣਪਛਾਤੇ ਵਿਅਕਤੀਆਂ ਰਾਹੀਂ ਭਾਈ ਨਿੱਝਰ ਉੱਤੇ ਵਾਰ ਕੀਤਾ ਹੈ।

ਇਹ ਵਾਰ ਨਾ ਸਿਰਫ ਭਾਈ ਨਿੱਝਰ ਉੱਤੇ ਹੈ ਬਲਕਿ ਪੂਰੀ ਕੌਮ ਨੂੰ ਦੋਖੀਆਂ ਵੱਲੋਂ ਵੰਗਾਰ ਪਾਈ ਗਈ ਹੈ । ਉਨ੍ਹਾਂ ਲਿਖਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਪੰਥ ਵਿਰੋਧੀ ਤਾਕਤਾਂ ਸਿੱਧੇ ਤੌਰ ਤੇ ਸਿੱਖਾਂ ਉੱਤੇ ਜਿਸਮਾਨੀ ਅਤੇ ਵਿਚਾਰਧਾਰਕ ਹਮਲੇ ਅਤੇ ਸਿੱਖ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਵਿਵਾਦ ਪੰਥ ਵਿੱਚ ਲਿਆ ਕੇ ਲੁਕਵੇਂ ਹਮਲੇ ਕੀਤੇ ਜਾ ਰਹੇ ਹਨ । ਇਹ ਨਵਾਂ ਹਮਲਾ ਕਰਕੇ ਦੁਸ਼ਮਣ ਨੇ ਖਾਲਸਾ ਪੰਥ ਉੱਤੇ ਅਜਿਹਾ ਕੀਤਾ ਵਾਰ ਹੈ ਜਿਸ ਵਿੱਚ ਹਮਲਾਵਾਰ ਆਪਣੀ ਪਛਾਣ ਗੁਪਤ ਰੱਖ ਕੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੀ ਵਿਉਂਤਬੰਦੀ ਕਰ ਰਿਹਾ ਹੈ। ਕਪਟੀ ਅਤੇ ਮੱਕਾਰ ਦੁਸ਼ਮਣ ਦੀਆਂ ਇਹਨਾਂ ਬ੍ਰਾਹਮਣਵਾਦੀ ਚਾਲਾਂ ਤੋਂ ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ। ਖਾਲਸਾ ਪੰਥ ਦੇ ਦੁਸ਼ਮਣ ਨੂੰ ਸਦਾ ਭੁਲੇਖਾ ਰਿਹਾ ਹੈ ਕਿ ਉਹ ਖਾਲਸਾ ਪੰਥ ਦੀ ਸੁਤੰਤਰ ਹਸਤੀ ਨੂੰ ਜ਼ੁਲਮ ਕਰਕੇ ਦੁਬੇਲ ਬਣਾ ਸਕਦਾ ਹੈ ਪਰ ਇਤਿਹਾਸ ਗਵਾਹ ਹੈ ਕਿ ਖਾਲਸਾ ਪੰਥ ਸਦਾ ਹੀ ਜਰਵਾਣਿਆਂ ਨੂੰ ਮੂੰਹ ਤੋੜਵਾਂ ਜਵਾਬ ਦਿੰਦਾ ਹੈ। ਅੱਜ ਵੀ ਜ਼ਾਲਮ ਸਿੱਖ ਪੰਥ ਦਾ ਇਤਿਹਾਸ ਭੁੱਲ ਕੇ ਸਿੱਖਾਂ ਨਾਲ ਨਜਿੱਠਣ ਲਈ ਲੁਕਵੇਂ ਹਮਲੇ ਕਰਨ ਦਾ ਭਰਮ ਪਾਲ ਰਿਹਾ ਹੈ ਪਰ ਗੁਰੂ ਕਾ ਖਾਲਸਾ ਪੰਥ ਦ੍ਰਿੜ ਹੈ ਕੇ ਅੰਤ ਨੂੰ ਜਿੱਤ ਖਾਲਸਾ ਪੰਥ ਦੀ ਹੀ ਹੋਈ ਹੈ ਅਤੇ ਦੁਸ਼ਮਣ ਨੂੰ ਮੂੰਹ ਦੀ ਖਾਣੀ ਪਏਗੀ।

ਅੰਤ ਵਿਚ ਉਨ੍ਹਾਂ ਲਿਖਿਆ ਕਿ ਸਾਡੀ ਸਮੁੱਚੀ ਸਿੱਖ ਕੌਮ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦੁਸ਼ਮਣ ਦੇ ਤਾਜ਼ੇ ਹਮਲੇ ਦੇ ਸਨਮੁੱਖ ਸਾਨੂੰ ਗੁਰਬਾਣੀ ਦੇ ਫੁਰਮਾਨ "ਹੋਇਇਕਤ੍ਰ ਮਿਲਹੁਮੇਰੇਭਾਈਦੁਬਿਧਾਦੂਰਿਕਰਹੁਲਿਵਲਾਇ ॥ਹਰਿਨਾਮੈਕੇਹੋਵਹੁਜੋੜੀਗੁਰਮੁਖਿਬੈਸਹੁਸਫਾਵਿਛਾਇ ॥"ਅਨੁਸਾਰ ਨਾਮ ਬਾਣੀ ਨੂੰ ਮਨ ਵਿੱਚ ਵਸਾ ਕੇ ਮਿਲ ਬੈਠ ਕੇ ਭਵਿੱਖ ਦੀ ਰਣਨੀਤੀ ਉਸਾਰਨ ਦੀ ਲੋੜ ਹੈ । ਜਦੋਂ ਅਸੀਂ ਗੁਰੂ ਦੀ ਭੈ-ਭਾਵਨੀ ਵਿੱਚ ਮਿਲ ਬੈਠਾਂਗੇ ਤਾਂ ਗੁਰੂ ਸਾਹਿਬਾਂ ਖਾਲਸੇ ਦਾ ਚਹੁੰ ਕੂੰਟਾਂ ਵਿੱਚ ਬੋਲ ਬਾਲਾ ਹੋਵੇਗਾ । ਅਖੰਡ ਕੀਰਤਨੀ ਜੱਥਾ ਖਾਲਸਾ ਵਲੋਂ ਪੰਥ ਨੂੰ ਕੀਤੇ ਵਾਅਦੇ ਮੁਤਾਬਕ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦੇ ਹਾਂ ਕਿ ਉਹ ਭਾਈ ਹਰਦੀਪ ਸਿੰਘ ਨਿੱਝਰ ਨਮਿੱਤ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਅਤੇ ਸਤਿਗੁਰੂ ਜੀ ਪਾਸੋਂ ਦਾਤ ਮੰਗਣ ਕਿ ਖਾਲਸਾ ਪੰਥ ਨੂੰ ਏਕੇ ਵਿੱਚ ਪਰੋ ਕੇ ਖਾਲਸੇ ਦੇ ਬੋਲ ਬਾਲੇ ਦੇ ਪਵਿੱਤਰ ਆਸ਼ੇ ਲਈ ਗੁਲਾਮੀ ਦੀਆਂ ਕੜੀਆ ਤੋੜਣ ਲਈ ਆਜ਼ਾਦ ਸਿੱਖ ਰਾਜ ਦੀ ਹੋਂਦ ਵਾਸਤੇ ਚਲ ਰਹੇ ਸੰਘਰਸ਼ ਨੂੰ ਤੇਜ ਕਰਨ ਦਾ ਬਲ ਬਖਸ਼ਣ ।

ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਅੰਤਿਮ ਦਰਸ਼ਨ ਦੀਦਾਰੇ ਅਤੇ ਸੰਸਕਾਰ ਅਜ ਹੋਣਗੇ

 ਭਾਈ ਨਿੱਝਰ ਦੇ ਕਤਲ ਦੀ ਜਾਂਚ ਵਾਸਤੇ ਸਰਕਾਰ ਤੇ ਦਬਾਅ ਬਣਾਉਣ ਲਈ ਕੌਂਸਲ ਕਮੇਟੀ ਵਲੋਂ ਇੱਕ ਪ੍ਰਸਤਾਵ ਕੀਤਾ ਗਿਆ ਹੈ ਪਾਸ  

ਨਵੀਂ ਦਿੱਲੀ 25 ਜੂਨ (ਮਨਪ੍ਰੀਤ ਸਿੰਘ ਖਾਲਸਾ) ਭਾਈ ਹਰਦੀਪ ਸਿੰਘ ਨਿੱਝਰ ਪ੍ਰਧਾਨ, ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ, 
“ਪੰਜਾਬ ਦੀ ਅਜ਼ਾਦੀ -ਖਾਲਿਸਤਾਨ ਰੈਫਰੈਂਡਮ” ਦੀ ਮੁਹਿੰਮ ਕਰਦਿਆਂ ਬੀਤੇ ਦਿਨੀਂ ਸ਼ਹਾਦਤ ਦਾ ਜਾਮ ਪੀ ਗਏ ਸਨ। ਉਨ੍ਹਾਂ ਦੇ ਅੰਤਿਮ ਦਰਸ਼ਨ ਦੀਦਾਰੇ ਐਤਵਾਰ, 25 ਜੂਨ ਨੂੰ 
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਕਨੈਡਾ ਦੇ ਸਵੇਰੇ 11:30 ਤੋਂ 2:00 ਵਜੇ ਤੱਕ ਕੀਤੇ ਜਾ ਸਕਦੇ ਹਨ ਉਪਰੰਤ ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 4:30 ਵਜੇ ਹੋਣਗੇ । ਭੋਗ ਅਤੇ ਅਰਦਾਸ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ, ਬੀ.ਸੀ ਵਿਖੇ ਸ਼ਾਮ 5:00 ਵਜੇ ਹੋਣਗੇ । ਉਨ੍ਹਾਂ ਦੇ ਨਮਿਤ ਪ੍ਰਬੰਧਕਾਂ ਵਲੋਂ ਸ਼ਹੀਦ ਜੱਥੇਦਾਰ ਹਰਦੀਪ ਸਿੰਘ ਨਿੱਝਰ ਦੇ ਸ਼ਹੀਦੀ ਸਮਾਗਮ ਵਿੱਚ ਕੇਸਰੀ ਦਸਤਾਰਾਂ, ਦੁਪੱਟਿਆਂ ਅਤੇ ਖਾਲਿਸਤਾਨ ਦੇ ਝੰਡਿਆਂ ਨਾਲ ਪਹੁੰਚਣ ਦੀ ਅਪੀਲ ਕੀਤੀ ਗਈ ਹੈ । ਜਿਕਰਯੋਗ ਹੈ ਕਿ ਭਾਈ ਨਿੱਝਰ ਵਲੋਂ ਪੰਥ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਦੇਖਦਿਆਂ ਸਰਕਾਰਾਂ ਅਤੇ ਏਜੰਸੀਆਂ ਵਾਲਿਆਂ ਦੀ ਅੱਖਾਂ ਵਿਚ ਓਹ ਪਿਛਲੇ ਲੰਮੇ ਸਮੇਂ ਤੋਂ ਰੜਕ ਰਹੇ ਸਨ, ਤੇ ਬੀਤੀ 19 ਜੂਨ ਨੂੰ ਜਦੋ ਓਹ ਗੁਰੂਘਰ ਤੋਂ ਬਾਹਰ ਆਪਣੀ ਗੱਡੀ ਵਿਚ ਬੈਠ ਗਏ ਸਨ ਤਦ ਅਣਪਛਾਤੇ ਦੋ ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ । ਕੌਂਸਲ ਕਮੇਟੀ ਦੀ ਮੀਟਿੰਗ ਵਿੱਚ, ਬਰੈਂਪਟਨ ਸਿਟੀ ਕਾਉਂਸਲ ਨੇ ਸਰਬਸੰਮਤੀ ਨਾਲ ਹਰਕੀਰਤ ਸਿੰਘ, ਗੁਰਪ੍ਰਤਾਪ ਤੁਰ ਅਤੇ ਨਵਜੀਤ ਕੌਰ ਬਰਾੜ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਕਰਨ ਅਤੇ ਕਿਸੇ ਵੀ ਸੰਭਾਵੀ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕਰਨ ਲਈ ਫੈਡਰਲ ਸਰਕਾਰ 'ਤੇ ਦਬਾਅ ਪਾਉਣ ਲਈ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਹੈ ।

ਓਡੀਸ਼ਾ ਵਿੱਚ ਤਿੰਨ ਟਰੇਨਾਂ ਹਾਦਸੇ ਦਾ ਸ਼ਿਕਾਰ 

ਹੁਣ ਤੱਕ 261 ਲੋਕਾਂ ਦੀ ਮੌਤ-- 900 ਦੇ ਕਰੀਬ ਲੋਕ ਜ਼ਖਮੀ -- ਬਾਲੇਸ਼ਵਰ 'ਚ ਰੈਸਕਿਊ ਆਪਰੇਸ਼ਨ ਜਾਰੀ  -- ਹਾਦਸੇ ਵਾਲੀ ਥਾਂ 'ਤੇ ਜਾਣਗੇ ਪੀ ਐੱਮ ਮੋਦੀ 

ਭੁਵਨੇਸ਼ਵਰ, 03 ਜੂਨ (ਜਨ ਸ਼ਕਤੀ ਨਿਊਜ਼ ਬਿਊਰੋ )  ਓਡੀਸ਼ਾ ਵਿੱਚ, ਕੋਰੋਮੰਡਲ ਐਕਸਪ੍ਰੈਸ (12841-ਅੱਪ) ਸ਼ੁੱਕਰਵਾਰ ਸ਼ਾਮ ਨੂੰ ਬਾਲਾਸੋਰ ਜ਼ਿਲ੍ਹੇ ਦੇ ਅਧੀਨ ਬਹਾਨਾਗਾ ਸਟੇਸ਼ਨ ਤੋਂ ਦੋ ਕਿਲੋਮੀਟਰ ਦੂਰ ਪੰਪਨਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਓਡੀਸ਼ਾ ਵਿੱਚ ਤਿੰਨ ਟਰੇਨਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਹਨ। ਇਸ ਹਾਦਸੇ ਵਿੱਚ 261 ਲੋਕਾਂ ਦੀ ਮੌਤ ਹੋ ਗਈ ਹੈ।ਜਦ ਕਿ 900 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਬਾਲਾਸੋਰ 'ਚ ਹੋਏ ਦਰਦਨਾਕ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਓਡੀਸ਼ਾ ਆ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਹਾਦਸੇ ਵਾਲੀ ਥਾਂ 'ਤੇ ਜਾਣਗੇ। ਇਸ ਤੋਂ ਬਾਅਦ ਉਹ ਬਾਲੇਸ਼ਵਰ ਸਦਰ ਹਸਪਤਾਲ ਅਤੇ ਕਟਕ ਦੇ ਐਸਸੀਬੀ ਮੈਡੀਕਲ ਦਾ ਵੀ ਦੌਰਾ ਕਰਨਗੇ।

ਦਿੱਲੀ ਗੁਰਦੁਆਰਾ ਕਮੇਟੀ ਨੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਨਵੀਂ ਦਿੱਲੀ, 23 ਮਈ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪੂਰਨ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ।
ਇਸ ਮੌਕੇ ਕਮੇਟੀ ਅਧੀਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਗੁਰਮਤਿ ਸਮਾਗਮ ਹੋਏ ਤੇ ਵਿਸ਼ੇਸ਼ ਸਮਾਗਮ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਹੋਇਆ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਿੱਖ ਧਰਮ ਤੋਂ ਇਲਾਵਾ ਸ਼ਹਾਦਤਾਂ ਦੇਣ ਦਾ ਇਤਿਹਾਸ ਕਿਸੇ ਵੀ ਹੋਰ ਧਰਮ ਵਿਚ ਨਹੀਂ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਧਰਮ ਖਾਤਰ ਸੰਸਾਰ ਵਿਚ ਸਭ ਤੋਂ ਪਹਿਲੀ ਸ਼ਹਾਦਤ ਦਿੱਤੀ ਜਿਸ ਕਾਰਨ ਉਹਨਾਂ ਨੂੰ ਸ਼ਹੀਦਾਂ ਦਾ ਸਿਰਤਾਜ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਇਤਿਹਾਸ ਪੜ੍ਹ ਕੇ ਵੇਖ ਲਵੋ ਉਹਨਾਂ ਤੋਂ ਪਹਿਲਾਂ ਕਿਸੇ ਨੇ ਵੀ ਆਪਣੇ ਧਰਮ ਲਈ ਜਾਂ ਕਿਸੇ ਵੀ ਧਰਮ ਲਈ ਸ਼ਹਾਦਤ ਨਹੀਂ ਦਿੱਤੀ ਸੀ।
ਉਹਨਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲੇ ਚਾਰੋ ਗੁਰੂ ਸਾਹਿਬਾਨ ਤੇ ਭਗਤਾਂ ਦੀ ਬਾਣੀ ਨੂੰ ਇਕੱਠਾ ਕਰ ਕੇ ਆਦਿ ਗ੍ਰੰਥ ਦੇ ਰੂਪ ਵਿਚ ਸ੍ਰੀ ਹਰਿਮੰਦਿਰ ਸਾਹਿਬ ਵਿਚ ਸੁਸ਼ੋਭਿਤ ਕੀਤਾ ਸੀ। ਉਹਨਾਂ ਕਿਹਾ ਕਿ ਉਹਨਾਂ ਕੋਲ ਵੱਡੀ ਗਿਣਤੀ ਵਿਚ ਸੰਗਤਾਂ ਆਉਂਦੀਆਂ ਸਨ ਤੇ ਦੀਵਾਨ ਵਿਚ ਗੁਰਬਾਣੀ ਸਰਵਣ ਕਰਦੀਆਂ ਸਨ। ਉਹਨਾਂ ਕਿਹਾ ਕਿ ਜਦੋਂ ਗੁਰੂ ਸਾਹਿਬ ਕੋਲ ਵੱਡੀ ਗਿਣਤੀ ਵਿਚ ਸੰਗਤ ਦਾ ਇਕੱਠ ਹੋਣ ਲੱਗ ਪਿਆ ਤੇ ਉਥੇ ਮੌਕੇ ਦੇ ਸ਼ਾਸ਼ਕ ਜਹਾਂਗੀਰ ਦੀ ਵਧੀਕੀ ਦੇ ਖਿਲਾਫ ਗੱਲਾਂ ਹੋਣ ਲੱਗੀਆਂ ਤਾਂ ਜਹਾਂਗੀਰ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ ਤੇ ਉਸਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਜਿਸ ’ਤੇ ਗੁਰੂ ਸਾਹਿਬ ਨੂੰ ਲਾਹੌਰ ਵਿਚ ਤੱਤੀ ਤਵੀ ’ਤੇ ਬਿਠਾ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।
ਉਹਨਾਂ ਕਿਹਾ ਕਿ ਜੇਕਰ ਗੁਰੂ ਸਾਹਿਬ ਚਾਹੁੰਦੇ ਤਾਂ  ਤੱਤੀ ਤਵੀ ਨੂੰ ਉਹ ਠਾਰ ਵੀ ਸਕਦੇ ਸਨ ਤੇ ਕੋਈ ਵੀ  ਕੌਤਕ ਵਰਤਾ ਸਕਦੇ ਸਨ ਪਰ ਉਹਨਾਂ ਅਜਿਹਾ ਨਹੀਂ ਕੀਤਾ ਸਗੋਂ ਆਪਣੀ ਸ਼ਹਾਦਤ ਦੇਣ ਨੂੰ ਤਰਜੀਹ ਦਿੱਤੀ ਤੇ ਸਾਨੂੰ ਦੱਸਿਆ ਕਿ ਹਮੇਸ਼ਾ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਮਗਰੋਂ ਸਿੱਖਾਂ ਵਿਚ ਸ਼ਹਾਦਤ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਖਾਤਰ ਚਾਂਦਨੀ ਚੌਂਕ ਵਿਚ ਸ਼ਹਾਦਤ ਦਿੱਤੀ। ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਨੇ ਸ਼ਹਾਦਤ ਦਿੱਤੀ। ਭਾਈ ਮਨੀ ਸਿੰਘ ਨੇ ਬੰਦ ਬੰਦ ਕਟਵਾਇਆ, ਭਾਈ ਤਾਰੂ ਸਿੰਘ ਨੇ ਖੋਪੜੀ ਲੁਹਾਈ ਪਰ ਆਪਣੇ ਕੇਸ ਕਤਲ ਨਹੀਂ ਹੋਣ ਦਿੱਤੇ ਤੇ ਸਿੱਖੀ ’ਤੇ ਆਓ ਨਹੀਂ ਆਉਣ ਦਿੱਤੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਵਾਸਤੇ ਅਸੀਂ ਅਦਾਲਤਾਂ ਵਿਚ ਲੰਬੀ ਲੜਾਈ ਲੜੀ ਹੈ ਜਿਸਦੇ ਨਤੀਜੇ ਵਜੋਂ ਸੱਜਣ ਕੁਮਾਰ ਤੇ ਹੋਰ ਦੋਸ਼ੀ ਅੱਜ ਜੇਲ੍ਹਾਂ ਵਿਚ ਹਨ ਤੇ ਹੁਣ ਜਗਦੀਸ਼ ਟਾਈਟਲਰ ਖਿਲਾਫ ਵੀ ਚਾਰਜਸ਼ੀਟ ਦਾਖਲ ਹੋ ਚੁੱਕੀ ਹੈ।ਉਹਨਾਂ ਕਿਹਾ ਕਿ ਸਿਰਫ ਦਿੱਲੀ ਜਾਂ ਦੇਸ਼ ਅੰਦਰ ਹੀ ਨਹੀਂ ਬਲਕਿ ਸਮੁੱਚੀ ਦੁਨੀਆਂ ਅੰਦਰ ਦਿੱਲੀ ਗੁਰਦੁਆਰਾ ਕਮੇਟੀ ਦਾ ਨਾਂ ਹੈ ਕਿ ਉਹ ਕੌਮ ਦੀ ਮਦਦ ਵਾਸਤੇ ਹਮੇਸ਼ਾ ਤਤਪਰ ਰਹਿੰਦੀ ਹੈ।
ਉਹਨਾਂ ਕਿਹਾ ਕਿ ਅਸੀਂ ਦਿੱਲੀ ਤੋਂ ਇਲਾਵਾ ਪੰਜਾਬ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿਚ ਵੱਡੀ ਪੱਧਰ ’ਤੇ ਧਰਮ ਪ੍ਰਚਾਰ ਕਰ ਰਹੇ ਹਾਂ। ਉਹਨਾਂ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਰਾਜਸਥਾਨ ਵਿਚ ਅਲਵਰ ਵਿਖੇ ਵੱਡਾ ਸਮਾਗਮ ਹੋਇਆ ਜਿਸ ਵਿਚ 1500 ਤੋਂ ਵੱਧ ਸਿੰਘ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ।
ਉਹਨਾਂ ਇਹ ਵੀ ਦੱਸਿਆ ਕਿ ਕਮੇਟੀ ਵੱਲੋਂ ਦਿੱਲੀ ਦੇ ਸਾਰੇ 46 ਵਾਰਡਾਂ ਵਿਚ ਗੁਰਮਤਿ ਸੈਂਟਰ  ਬਣਾਏ ਗਏ ਜਿਥੇ 5 ਤੋਂ 25 ਜੂਨ ਤੱਕ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਵਿਚ ਗੁਰਸਿੱਖੀ ਜੀਵਨ ਜਾਚ ਸਿਖਾਈ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਸਿੱਖੀ ਜੀਵਨ ਨਾਲ ਜੋੜਨ।
ਉਹਨਾਂ ਕਿਹਾ ਕਿ ਅਜਿਹੇ ਸਾਰੇ ਕਾਰਜ ਦਿੱਲੀ ਗੁਰਦੁਆਰਾ
ਕਮੇਟੀ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ 10ਵੀਂ ਤੇ 12ਵੀਂ ਦਾ ਨਤੀਜਾ ਬਹੁਤ ਸ਼ਾਨਦਾਰ ਆਇਆ ਹੈ। ਉਹਨਾਂ ਕਿਹਾ ਕਿ ਇਸ ਕੰਮ ਵਿਚ ਸਕੂਲਾਂ ਦੇ ਸਟਾਫ ਦਾ ਵੱਡਾ ਰੋਲ ਹੈ। ਉਹਨਾਂ ਦੱਸਿਆ ਕਿ ਅਸੀਂ ਸਟਾਫ ਵਾਸਤੇ 55 ਕਰੋੜ ਰੁਪਏ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੇ ਬਕਾਏ ਵੀ ਅਸੀਂ ਨਿਪਟਾਏ ਹਨ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਚਾਹੁੰਦੇ ਹਨ ਕਿ ਆਪਣੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਜਾਚ ਸਿਖਾਉਣੀ ਹੈ ਤਾਂ ਫਿਰ ਆਪਣੇ ਬੱਚੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਦਾਖਲ ਕਰਵਾਏ ਜਾਣ। ਉਹਨਾਂ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਸਿੱਖਿਆ ਲਈ ਲੋੜੀਂਦਾ ਪੂਰਾ ਮਿਆਰੀ ਢਾਂਚਾ ਵੀ ਹੈ ਤੇ ਗੁਰਸਿੱਖੀ ਜੀਵਨ ਜਾਂਚ ਵੀ ਇਥੇ ਸਿਖਾਈ ਜਾਂਦੀ ਹੈ।    
ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਨਿਭਾਈ। ਇਸ ਮੌਕੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਮੈਂਬਰ ਗੁਰਦੇਵ ਸਿੰਘ, ਹਰਜੀਤ ਸਿੰਘ ਪੱਪਾ, ਅਮਰਜੀਤ ਸਿੰਘ ਪਿੰਕੀ, ਪਰਮਜੀਤ ਸਿੰਘ ਚੰਢੋਕ, ਕੁਲਵਿੰਦਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।