ਪੰਜਾਬ ਮਹਿਲਾ ਕਮਿਸ਼ਨ ਦੀ ਮੁਖੀ ਨਾਲ ਖਹਿਬੜੇ ਕਾਰ ਸਵਾਰ

ਚੰਡੀਗੜ੍ਹ, 6 ਫਰਵਰੀ ( ਮਨਜਿੰਦਰ ਸਿੰਘ ਗਿੱਲ ) ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਮਨੀਸ਼ਾ ਗੁਲਾਟੀ ਨੇ ਦੋ ਕਾਰਾਂ ਵਿੱਚ ਸਵਾਰ ਕੁਝ ਵਿਅਕਤੀਆਂ ਵੱਲੋਂ ਅੱਜ ਸਵੇਰੇ ਹਾਈਵੇਅ ’ਤੇ ਉਨ੍ਹਾਂ ਦਾ ਕਥਿਤ ਪਿੱਛਾ ਕਰਨ ਤੇ ਕਾਰ ਨੂੰ ਕਈ ਵਾਰ ਟੱਕਰ ਮਾਰਨ ਦਾ ਦਾਅਵਾ ਕੀਤਾ ਹੈ। ਗੁਲਾਟੀ ਨੇ ਕਿਹਾ ਕਿ ਜਦੋਂ ਇਹ ਸਾਰਾ ਘਟਨਾਕ੍ਰਮ ਵਾਪਰਿਆ ਉਹ ਆਪਣੇ ਪੁੱਤ ਨਾਲ ਦਿੱਲੀ ਤੋਂ ਚੰਡੀਗੜ੍ਹ ਵੱਲ ਨੂੰ ਸਫ਼ਰ ਕਰ ਰਹੀ ਸੀ। ਕਾਰ ਉਨ੍ਹਾਂ ਦਾ ਪੁੱਤ ਚਲਾ ਰਿਹਾ ਸੀ ਜਦੋਂਕਿ ਪੁਲੀਸ ਦਾ ਐਸਕਾਰਟ ਵਾਹਨ ਉਨ੍ਹਾਂ ਦੇ ਅੱਗੇ ਚੱਲ ਰਿਹਾ ਸੀ। ਇਸ ਦੌਰਾਨ ਪੁਲੀਸ ਨੇ ਇਸ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ‘ਰੋਡ ਰੇਜ’ (ਵਾਹਨ ਇਕ ਦੂਜੇ ਤੋਂ ਅੱਗੇ ਲੰਘਾਉਣ) ਦਾ ਲਗਦਾ ਹੈ।
ਸ੍ਰੀਮਤੀ ਗੁਲਾਟੀ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਪੁੱਤਰ ਨਾਲ ਆਪਣੀ ਟੋਯੋਟਾ ਫਾਰਚੂਨਰ ਗੱਡੀ ’ਤੇ ਦਿੱਲੀ ਤੋਂ ਚੰਡੀਗੜ੍ਹ ਲਈ ਨਿਕਲੀ ਸੀ। ਉਨ੍ਹਾਂ ਦਾ ਐਸਕਾਰਟ ਵਾਹਨ ਗੱਡੀ ਤੋਂ ਥੋੜ੍ਹਾ ਅੱਗੇ ਚੱਲ ਰਿਹਾ ਸੀ। ਇਸ ਦੌਰਾਨ ਸੋਨੀਪਤ ਤੇ ਪਾਣੀਪਤ ਵਿਚਾਲੇ ਦੋ ਕਾਰਾਂ ਨੇ ਉਨ੍ਹਾਂ ਦੇ ਵਾਹਨ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ। ਗੁਲਾਟੀ ਨੇ ਕਿਹਾ, ‘ਮੈਂ ਆਪਣੇ ਪੁੱਤ ਨੂੰ ਕਿਹਾ ਕਿ ਉਹ ਇਨ੍ਹਾਂ ਨੂੰ ਅੱਗੇ ਲੰਘਣ ਦੇਵੇ, ਪਰ ਦੋਵੇਂ ਕਾਰਾਂ ਸਾਡੇ ਪਿੱਛੇ ਪਿੱਛੇ ਆਉਂਦੀਆਂ ਰਹੀਆਂ।’ ਮਗਰੋਂ ਇਨ੍ਹਾਂ ਵਿੱਚੋਂ ਇਕ ਕਾਰ ਨੇ ਐਸਕਾਰਟ ਵਾਹਨ ਨਾਲ ਖਹਿਣ ਦੀ ਕੋਸ਼ਿਸ਼ ਕੀਤੀ ਤੇ ਕਾਰ ਸਵਾਰਾਂ ਨੇ ਸੁਰੱਖਿਆ ਅਮਲੇ ਨੂੰ ਗਾਲ੍ਹਾਂ ਵੀ ਕੱਢੀਆਂ। ਗੁਲਾਟੀ ਨੇ ਕਿਹਾ ਕਿ ਦੂਜੀ ਕਾਰ ਨੇ ਉਨ੍ਹਾਂ ਦੀ ਐਸਯੂਵੀ ਨੂੰ ਟੱਕਰ ਮਾਰ ਕੇ ਪਲਟਾਉਣ ਦਾ ਯਤਨ ਕੀਤਾ। ਇਸ ਦੌਰਾਨ ਟੌਲ ਨਾਕੇ ’ਤੇ ਪੁਲੀਸ ਵਾਹਨ ਵੇਖ ਕੇ ਉਹ ਰੁਕ ਗਏ ਤੇ ਉਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਸਾਰੇ ਘਟਨਾਕ੍ਰਮ ਬਾਰੇ ਦੱਸਿਆ। ਗੁਲਾਟੀ ਨੇ ਕਿਹਾ ਕਿ ਪੁਲੀਸ ਨੂੰ ਵੇਖ ਕੇ ਦੋਵੇਂ ਕਾਰਾਂ ਪਿੱਛੇ ਨੂੰ ਮੁੜ ਗਈਆਂ, ਪਰ ਜਾਂਦੇ ਹੋਏ ਇਕ ਕਾਰ ਦੇ ਸਵਾਰਾਂ ਨੇ ਉਨ੍ਹਾਂ ਨੂੰ ਵੇਖ ਲੈਣ ਦੀ ਧਮਕੀ ਦਿੱਤੀ। ਪਾਣੀਪਤ ਦੇ ਡੀਐਸਪੀ ਸਤੀਸ਼ ਕੁਮਾਰ ਨੇ ਕਿਹਾ ਕਿ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸ਼ੁਰੂਆਤੀ ਜਾਂਚ ਵਿੱਚ ਇਹ ‘ਰੋਡ ਰੇਜ’ ਦਾ ਮਾਮਲਾ ਲਗਦਾ ਹੈ।