ਦਸਵੀਂ ਦੀ ਵਿਦਿਆਰਥਣ ਨੇ ਖ਼ੁਦਕੁਸ਼ੀ ਕੀਤੀ

ਜਲੰਧਰ, 6 ਫਰਵਰੀ ( ਮਨਜਿੰਦਰ ਸਿੰਘ ਗਿੱਲ  )ਇਥੋਂ ਦੇ ਕਾਲਜ ਵੱਲੋਂ ਚਲਾਏ ਜਾਂਦੇ ਸੰਸਕ੍ਰਿਤੀ ਸਕੂਲ ’ਚ ਦਸਵੀਂ ਜਮਾਤ ਦੀ ਵਿਦਿਆਰਥਣ ਨੇ ਅਧਿਆਪਕ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲੈ ਲਿਆ। ਮ੍ਰਿਤਕਾ ਕੋਲੋਂ ਮਿਲੇ ਤਿੰਨ ਸਫ਼ਿਆਂ ਦੇ ਖੁਦਕੁਸ਼ੀ ਨੋਟ ਵਿੱਚ ਉਸ ਨੇ ਗਣਿਤ ਦੇ ਅਧਿਆਪਕ ਨਰੇਸ਼ ਕਪੂਰ ਉਪਰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਘਟਨਾ ਦਾ ਪਤਾ ਅੱਜ ਸਵੇਰੇ ਲੱਗਾ ਜਦੋਂ ਲੜਕੀ ਦਾ ਪਿਤਾ ਸਵੇਰ ਦੀ ਸੈਰ ਕਰਕੇ ਘਰ ਵਾਪਸ ਆਇਆ। ਲੜਕੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪੁਲੀਸ ਨੇ ਦੇਰ ਸ਼ਾਮ ਅਧਿਆਪਕ ਨਰੇਸ਼ ਕਪੂਰ ਖ਼ਿਲਾਫ਼ ਕੇਸ ਦਰਜ ਕਰਨ ਮ ਗਰੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਐਸਐਚਓ ਜੀਵਨ ਸਿੰਘ ਨੇ ਦੱਸਿਆ ਕਿ ਅਧਿਆਪਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੀੜਤਾ ਨੇ ਖੁਦਕੁਸ਼ੀ ਦਾ ਮੁੱਖ ਕਾਰਨ ਅਧਿਆਪਕ ਨਰੇਸ਼ ਕਪੂਰ ਵੱਲੋਂ ਉਸ ਖ਼ਿਲਾਫ਼ ਭੱਦੀਆਂ ਟਿੱਪਣੀਆਂ ਕਰਨਾ ਦੱਸਿਆ ਹੈ। ਨੋਟ ਵਿੱਚ ਇਹ ਵੀ ਲਿਖਿਆ ਹੈ ਕਿ ਜਦੋਂ ਉਹ ਘਰੋਂ ਲੜ ਕੇ ਵੀ ਆਉਂਦਾ ਸੀ ਤਾਂ ਵੀ ਆਪਣਾ ਗੁੱਸਾ ਉਸ ’ਤੇ ਕੱਢਦਾ ਸੀ। ਇਸ ਕਰਕੇ ਉਹ ਨਰੇਸ਼ ਕਪੂਰ ਨੂੰ ਨਫ਼ਰਤ ਕਰਦੀ ਸੀ। ਉਹ ਦੂਜੇ ਬੱਚਿਆਂ ਨੂੰ ਵੀ ਡਰਾਉਂਦਾ ਸੀ ਤੇ ਬੱਚਿਆਂ ਦੀ ਕੁੱਟਮਾਰ ਕਰਦਾ ਸੀ। ਇਸ ਡਰ ਵਿਚੋਂ ਨਿਕਲਣ ਦਾ ਹੋਰ ਕੋਈ ਰਾਹ ਨਾ ਦੇਖ ਕੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ। ਨੋਟ ਦੇ ਅਖੀਰ ਵਿਚ ਪੈਨਸਿਲ ਨਾਲ ਉਸ ਨੇ ਰੋਣ ਵਰਗਾ ਇਕ ਚਿਹਰਾ ਵੀ ਬਣਾਇਆ ਹੋਇਆ ਸੀ ਤੇ ਨਾਲ ਹੀ ਅਲਵਿਦਾ ਲਿਖਿਆ ਹੋਇਆ ਸੀ।
ਪੀੜਤ ਲੜਕੀ ਦੇ ਪਿਤਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਇਥੋਂ ਦੋ ਲਾਸ਼ਾਂ ਹੋਰ ਉਠਣਗੀਆਂ। ਇਕ ਉਸ ਦੀ ਤੇ ਦੂਜੀ ਉਹਦੀ ਪਤਨੀ ਦੀ। ਸਕੂਲ ਦੀ ਪ੍ਰਿੰਸੀਪਲ ਰਚਨਾ ਮੌਂਗਾ ਨੇ ਕਿਹਾ ਕਿ ਖੁਦਕੁਸ਼ੀ ਦਾ ਕਾਰਨ ਪ੍ਰੀਖਿਆ ਦਾ ਤਣਾਅ ਵੀ ਹੋ ਸਕਦਾ ਹੈ।