You are here

ਲੁਧਿਆਣਾ

ਕ੍ਰਿਸ਼ਚੀਅਨ ਮੈਡੀਕਲ ਕਾਲਜ ਦੀ ਸਾਲਾਨਾ ਕਾਨਵੋਕੇਸ਼ਨ ਹੋਈ 

ਲੁਧਿਆਣਾ, 23 ਮਾਰਚ (ਟੀ. ਕੇ.) ਕ੍ਰਿਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ ਨੇ 125ਵੀਂ ਸਲਾਨਾ ਕਨਵੋਕੇਸ਼ਨ- 2024 ਕਰਵਾਈ ਗਈ। 
ਇਸ ਮੌਕੇ ਕ੍ਰਿਸ਼ਚੀਅਨ ਮੈਡੀਕਲ ਕਾਲਜ, ਕ੍ਰਿਸਚੀਅਨ ਡੈਂਟਲ ਕਾਲਜ, ਕਾਲਜ ਆਫ਼ ਨਰਸਿੰਗ, ਕਾਲਜ ਆਫ਼ ਫਿਜ਼ੀਓਥੈਰੇਪੀ ਐਂਡ ਇੰਸਟੀਚਿਊਟ ਆਫ਼ ਅਲਾਈਡ ਹੈਲਥ ਸਾਇੰਸਜ਼, ਲੁਧਿਆਣਾ ਦੀ ਸਾਲਾਨਾ ਕਨਵੋਕੇਸ਼ਨ  ਕਾਲਜ ਕੈਂਪਸ ਵਿੱਚ ਰਵਾਇਤੀ ਸ਼ਾਨੋ-ਸ਼ੌਕਤ ਨਾਲ ਹੋਈ ਜਿਸ ਵਿਚ ਡਾ: ਰਾਜੀਵ ਸੂਦ, ਵਾਈਸ ਚਾਂਸਲਰ, ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ 
ਕਾਨਵੋਕੇਸ਼ਨ ਦੀ ਪ੍ਰਧਾਨਗੀ 
ਡਾ: ਵਿਲੀਅਮ ਭੱਟੀ, ਡਾਇਰੈਕਟਰ ਨੇ ਕੀਤੀ। ਇਸ ਮੌਕੇ  ਕ੍ਰਿਸ਼ਚੀਅਨ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਜੈਰਾਜ ਡੀ. ਪਾਂਡੀਅਨ ਨੇ ਗ੍ਰੈਜੂਏਟਾਂ ਨੂੰ ਹਿਪੋਕ੍ਰੇਟਿਕ ਸਹੁੰ ਚੁਕਾਈ ਅਤੇ ਕਾਲਜ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਿਸ ਵਿਚ ਫੈਕਲਟੀ ਅਤੇ ਵਿਦਿਆਰਥੀਆਂ ਦੁਆਰਾ ਜਿੱਤੀਆਂ ਪ੍ਰਾਪਤੀਆਂ, ਪੁਰਸਕਾਰਾਂ ਅਤੇ ਸਨਮਾਨਾਂ ਨੂੰ ਉਜਾਗਰ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾ: ਰਾਜੀਵ ਸੂਦ ਨੇ ਉੱਚ ਪੱਧਰੀ ਡਾਕਟਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੀ. ਐਮ. ਸੀ. /ਹਸਪਤਾਲ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਗ੍ਰੈਜੂਏਟਾਂ ਨੂੰ ਸਮਾਜ ਦੀਆਂ ਸਿਹਤ ਜ਼ਰੂਰਤਾਂ ਪ੍ਰਤੀ ਜਵਾਬਦੇਹ ਬਣਨ ਅਤੇ ਸੰਪੂਰਨ ਸਿਹਤ ਪ੍ਰਦਾਨ ਕਰਨ ਦੇ ਆਪਣੇ ਆਦੇਸ਼ ਨੂੰ ਪੂਰਾ ਕਰਨ ਦੀ ਅਪੀਲ ਕੀਤੀ।ਇਸ ਮੌਕੇ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਛੂਤ ਦੀਆਂ ਬਿਮਾਰੀਆਂ ਅਤੇ ਗੈਰ-ਸੰਚਾਰੀ ਬਿਮਾਰੀਆਂ ਦੋਵੇਂ ਆਬਾਦੀ ਦੇ ਸਾਹਮਣੇ ਮਹੱਤਵਪੂਰਨ ਮੁੱਦੇ ਹਨ। ਉਨ੍ਹਾਂ ਨੇ ਗ੍ਰੈਜੂਏਟਾਂ ਨੂੰ ਤਾਕੀਦ ਕੀਤੀ ਕਿ ਉਹ ਜੀਵਨ ਭਰ ਸਿੱਖਣਾ ਜਾਰੀ ਰੱਖਣ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੇ ਆਪ ਨੂੰ ਨਵੀਨਤਮ ਵਿਕਾਸ ਨਾਲ ਜਾਣੂ ਰੱਖਣ। ਡਾ. ਰਾਜੀਵ ਸੂਦ ਨੇ ਉਮੀਦ ਜਤਾਈ ਕਿ ਬਹੁਤ ਸਾਰੇ ਗ੍ਰੈਜੂਏਟ ਭਾਰਤ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸੀ. ਐੱਮ. ਸੀ /ਹਸਪਤਾਲ ਦੇ ਆਦੇਸ਼ ਅਨੁਸਾਰ ਕੰਮ ਕਰਨਗੇ।ਇਸ ਮੌਕੇ 
ਉਕਤ ਕਾਲਜਾਂ ਦੇ ਕੁੱਲ 233 ਗ੍ਰੈਜੂਏਟਾਂ ਨੇ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਵੱਖ-ਵੱਖ ਅਕਾਦਮਿਕ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ 

ਪ੍ਰਗ ਗੋਇਲ ਅਤੇ ਗੁਰਲੀਨ ਕੌਰ ਨੇ ਪ੍ਰਸੂਤੀ ਅਤੇ ਗਾਇਨੀਕੋਲੋਜੀ ਵਿੱਚ ਸਰਵੋਤਮ ਐੱਮ. ਬੀ. ਬੀ. ਐੱਸ. ਵਿਦਿਆਰਥੀ ਲਈ ਐਲਿਜ਼ਾਬੈਥ ਗੋਪਾਲ ਕ੍ਰਿਸ਼ਨਨ ਗੋਲਡ ਮੈਡਲ ਸਕਾਲਰਸ਼ਿਪ ਮੈਰਿਟ ਪੁਰਸਕਾਰ ਪ੍ਰਾਪਤ ਕੀਤਾ। ਡਾ: ਜੋਏਲ ਸਟੀਫਨ ਜਾਰਜ ਨੇ ਸਰਵੋਤਮ ਇੰਟਰਨ ਲਈ ਵਿਪਿਨ ਖੰਨਾ ਮੈਮੋਰੀਅਲ ਗੋਲਡ ਮੈਡਲ ਪ੍ਰਾਪਤ ਕੀਤਾ।

ਡਾ: ਜੇਮਸ ਥੀਓਫਿਲ ਬਾਨੀਆ ਨੂੰ ਸਰਵੋਤਮ ਆਊਟਗੋਇੰਗ ਮੈਡੀਸਨ ਰੈਜ਼ੀਡੈਂਟ ਲਈ ਡਾ: ਜਸਵੰਤ ਕੌਰ ਗਿੱਲ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ |
 
ਡਾ: ਹਰਮਨਦੀਪ ਸਿੰਘ ਨੂੰ ਬਾਲ ਰੋਗਾਂ ਵਿੱਚ ਸਰਵੋਤਮ ਰੈਜ਼ੀਡੈਂਟ ਲਈ ਡਾ: ਸ਼ੀਲਾ ਸਿੰਘ ਪਾਲ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ |

ਡਾ: ਈਮਾਨ ਮਦਨ ਪ੍ਰਵੀਨ ਨੂੰ ਸਰਵੋਤਮ ਆਊਟਗੋਇੰਗ ਆਰਥੋਪੀਡਿਕਸ ਨਿਵਾਸੀ ਲਈ ਫੈਕਲਟੀ ਪੁਰਸਕਾਰ ਮਿਲਿਆ। ਡਾ: ਸਰਿਤਾ ਖੁਰਾਣਾ ਨੂੰ ਸਰਵੋਤਮ ਆਊਟਗੋਇੰਗ ਸਰਜਰੀ ਰੈਜ਼ੀਡੈਂਟ ਐਵਾਰਡ ਮਿਲਿਆ।   ਡੈਂਟਲ ਕਾਲਜ (ਡਾ. ਅਬੀ ਥਾਮਸ), ਕਾਲਜ ਆਫ਼ ਨਰਸਿੰਗ (ਡਾ. ਊਸ਼ਾ ਸਿੰਘ) ਅਤੇ ਕਾਲਜ ਆਫ਼ ਫਿਜ਼ੀਓਥੈਰੇਪੀ (ਡਾ: ਸੰਦੀਪ ਸੈਣੀ) ਦੇ ਪ੍ਰਿੰਸੀਪਲਾਂ ਵੱਲੋਂ ਫੈਕਲਟੀ ਦੀਆਂ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਪੇਸ਼ ਕੀਤੀ ਗਈ।ਇਸ ਮੌਕੇ ਡਾ ਭਾਵਨਾ ਕਪੂਰ ਨੂੰ ਸਰਵੋਤਮ ਗ੍ਰੈਜੂਏਟ ਪੁਰਸਕਾਰ ਅਤੇ ਡਾ: ਅਬੀਆਹ ਪੱਲਥ ਨੂੰ ਕ੍ਰਿਸ਼ਚੀਅਨ ਡੈਂਟਲ ਕਾਲਜ ਤੋਂ ਸਰਵੋਤਮ ਇੰਟਰਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸ਼੍ਰੀਮਤੀ ਸਨੇਹਾ  ਨੂੰ ਸਰਬੋਤਮ ਵਿਦਿਆਰਥੀ ਨਰਸ ਅਤੇ ਸ਼੍ਰੀਮਤੀ ਆਕ੍ਰਿਤੀ ਨੂੰ ਸਰਵੋਤਮ ਕਲੀਨਿਕਲ ਨਰਸ ਵਿਦਿਆਰਥੀ ਦਾ ਪੁਰਸਕਾਰ ਦਿੱਤਾ ਗਿਆ। ਸੁਖਜੀਵਨ ਕੌਰ ਨੂੰ ਮਿਸ ਇਲੇਨ ਅੰਕਲਜ਼ ਡਿਸਟਿੰਕਸ਼ਨ ਐਵਾਰਡ ਅਤੇ ਆਕਾਂਸ਼ਾ ਮਿੱਤਲ ਨੂੰ ਕਾਲਜ ਆਫ ਫਿਜ਼ੀਓਥੈਰੇਪੀ ਤੋਂ ਐਸ ਬੇਅੰਤ ਸਿੰਘ ਸਾਹਨ ਮੈਮੋਰੀਅਲ ਐਵਾਰਡ ਮਿਲਿਆ।

ਐਸੋਸੀਏਸ਼ਨ ਆਫ਼ ਮੈਡੀਕਲ ਐਲੂਮਨੀ ਨੇ ਹੇਠ ਲਿਖੇ ਇਨਾਮਾਂ ਨਾਲ ਸਨਮਾਨਿਤ ਕੀਤਾ: ਡਾ: ਵੀ.ਕੇ. ਸਰਵੋਤਮ ਕਲੀਨਿਕਲ ਅਧਿਆਪਕ ਲਈ ਸਤੀਜਾ ਮੈਮੋਰੀਅਲ ਅਵਾਰਡ ਡਾ. ਜੋਸਫ਼ ਜੌਨ ਨੂੰ ਦਿੱਤਾ ਗਿਆ ਜਦੋਂ ਕਿ 1976 ਦੇ ਬੈਚ ਐਕਸੀਲੈਂਸ ਇਨ ਟੀਚਿੰਗ ਡਾ. ਲਿਡੀਆ ਸੋਲੋਮਨ ਨੂੰ ਦਿੱਤਾ ਗਿਆ। ਡਾ. ਅਪੂਰਵਾ ਗੋਇਲ ਨੂੰ ਸਰਵੋਤਮ ਆਲ ਰਾਊਂਡਰ ਗ੍ਰੈਜੂਏਟ ਲਈ ਡਾ. ਈਲੀਨ ਬੀ. ਸਨੋ-ਸੀਐਮਸੀ ਅਲੂਮਨੀ ਪੁਰਸਕਾਰ। ਡਾ: ਜੁਗੇਸ਼ ਛੱਤਵਾਲ ਅਤੇ ਡਾਕਟਰ ਵਲਸਾਮਾ ਅਬਰਾਹਿਮ ਨੂੰ ਅਲੂਮਨੀ ਲਾਈਫਟਾਈਮ ਸਰਵਿਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਾ: ਐਲਨ ਜੋਸਫ਼ ਮੈਡੀਕਲ ਸੁਪਰਡੈਂਟ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਖ਼ਿਲਾਫ਼ ਮੁਹਿੰਮ ਜਾਰੀ 

ਲੁਧਿਆਣਾ, 23 ਮਾਰਚ (ਟੀ. ਕੇ. ) - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਬਕਾਰੀ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਨਜਾਇਜ਼ ਸ਼ਰਾਬ ਵਿਰੁੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ।

ਏ.ਈ.ਟੀ.ਸੀ. ਇੰਦਰਜੀਤ ਸਿੰਘ ਨਾਗਪਾਲ ਦੀ ਦੇਖ-ਰੇਖ ਹੇਠ ਈ.ਟੀ.ਓ ਹਰਜੋਤ ਸਿੰਘ, ਆਬਕਾਰੀ ਇੰਸਪੈਕਟਰ ਹਰਸ਼ਪਿੰਦਰ ਸਿੰਘ, ਬਲਕਰਨ ਸਿੰਘ ਦੀ ਅਗਵਾਈ ਹੇਠ ਟੀਮਾਂ ਨੇ ਦੇਸੀ ਸ਼ਰਾਬ ਸਮੇਤ ਨਜਾਇਜ਼ ਸ਼ਰਾਬ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ।

ਏ.ਈ.ਟੀ.ਸੀ. ਨਾਗਪਾਲ ਨੇ ਦੱਸਿਆ ਕਿ ਲਾਗੂ ਆਦਰਸ਼ ਚੋਣ ਜ਼ਾਬਤਾ ਅਤੇ ਬੀਤੇ ਦਿਨੀਂ ਦੂਸਰੇ ਜ਼ਿਲ੍ਹੇ ਵਿੱਚ ਵਾਪਰੀ ਮੰਦਭਾਗੀ ਘਟਨਾ ਦੇ ਮੱਦੇਨਜ਼ਰ, ਇਹ ਮੁਹਿੰਮ ਨਜਾਇਜ਼ ਤੌਰ 'ਤੇ ਕੱਢੀ ਜਾ ਰਹੀ ਸ਼ਰਾਬ ਦੇ ਸੇਵਨ ਅਤੇ ਦੇਸੀ ਸ਼ਰਾਬ ਪੀਣ ਨਾਲ ਹੋਣ ਵਾਲੇ ਨੁਕਸਾਨਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਾਹਨਾਂ 'ਤੇ ਲਾਊਡ ਸਪੀਕਰ ਲਗਾਇਆ ਗਿਆ ਹੈ ਜਿਸ ਰਾਹੀਂ ਲੋਕਾਂ ਨੂੰ ਨਾਜਾਇਜ਼ ਸ਼ਰਾਬ ਦੇ ਸੇਵਨ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਦੇਸੀ ਸ਼ਰਾਬ }ਹਿਰੀਲੀ ਅਤੇ ਮਨੁੱਖੀ ਜਾਨਾਂ ਲਈ ਘਾਤਕ ਹੋ ਸਕਦੀ ਹੈ।

ਏ.ਈ.ਟੀ.ਸੀ. ਇੰਦਰਜੀਤ ਸਿੰਘ ਨਾਗਪਾਲ ਨੇ ਕਿਹਾ ਕਿ ਲੋਕਾਂ ਨੂੰ ਨਜਾਇਜ਼ ਜਾਂ ਦੇਸੀ ਸ਼ਰਾਬ ਦਾ ਸੇਵਨ ਕਰਨ ਤੋਂ ਰੋਕਣ ਲਈ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਹਿਲਾਂ ਵੀ ਜਗਰਾਓਂ, ਸਿੱਧਵਾਂ ਬੇਟ ਅਤੇ ਹੋਰਨਾਂ ਖੇਤਰਾਂ ਵਿੱਚ ਨਾਜਾਇਜ਼ ਸ਼ਰਾਬ ਵਿਰੁੱਧ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।

ਆਬਕਾਰੀ ਵਿਭਾਗ ਤੇ ਜਗਰਾਉਂ ਪੁਲਿਸ ਦੀ ਸਾਂਝੀ ਟੀਮ ਨੇ ਪਿੰਡ ਸਿੱਧਵਾਂ ਬੇਟ 'ਚ ਕੀਤੀ ਛਾਪੇਮਾਰੀ

* 21500 ਲੀਟਰ ਲਾਹਨ, 200 ਬੋਤਲਾਂ ਨਾਜਾਇਜ਼ ਸ਼ਰਾਬ, ਡਰੰਮ ਅਤੇ ਭਾਂਡੇ ਬਰਾਮਦ
ਲੁਧਿਆਣਾ, 23 ਮਾਰਚ (ਟੀ. ਕੇ. ) - ਲੋਕ ਸਭਾ ਚੋਣਾਂ ਦੌਰਾਨ ਨਜਾਇਜ਼ ਸ਼ਰਾਬ ਖਿਲਾਫ ਸ਼ਿਕੰਜਾ ਕੱਸਦਿਆਂ ਆਬਕਾਰੀ ਵਿਭਾਗ ਤੇ ਜਗਰਾਉਂ ਪੁਲਿਸ ਵੱਲੋਂ ਪਿੰਡ ਪਰਜੀਆਂ ਬਿਹਾਰੀਪੁਰ ਵਿਖੇ ਛਾਪੇਮਾਰੀ ਕਰ ਕੇ 21500 ਲੀਟਰ ਲਾਹਨ, 200 ਬੋਤਲਾਂ ਨਾਜਾਇਜ਼ ਸ਼ਰਾਬ, ਡਰੰਮ ਅਤੇ ਭਾਂਡੇ ਜ਼ਬਤ ਕੀਤੇ।

ਡੀ.ਐਸ.ਪੀ. ਜਗਰਾਉਂ ਜਸਜੋਤ ਸਿੰਘ, ਏ.ਈ.ਟੀ.ਸੀ. ਇੰਦਰਜੀਤ ਸਿੰਘ ਨਾਗਪਾਲ, ਆਬਕਾਰੀ ਅਧਿਕਾਰੀ ਹਰਜੋਤ ਸਿੰਘ, ਉਪਕਾਰ ਸਿੰਘ, ਨੀਰਜ ਕੁਮਾਰ ਸਮੇਤ ਚਾਰ ਐਕਸਾਈਜ਼ ਇੰਸਪੈਕਟਰਾਂ ਅਤੇ 40 ਪੁਲਿਸ ਮੁਲਾਜ਼ਮਾਂ ਦੀ ਸਾਂਝੀ ਟੀਮ ਨੇ ਪਿੰਡ ਵਿੱਚ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਟੀਮਾਂ ਨੇ 21500 ਲੀਟਰ ਲਾਹਣ, 200 ਬੋਤਲਾਂ ਨਾਜਾਇਜ਼ ਸ਼ਰਾਬ, ਡਰੰਮ ਅਤੇ ਭਾਂਡੇ ਆਦਿ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਬਰਾਮਦਗੀ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਾਜਾਇਜ਼ ਸ਼ਰਾਬ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਇਸ ਵਿੱਚ ਸ਼ਾਮਲ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੁਧਿਆਣਾ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ ਜਿਸਦੇ ਤਹਿਤ ਚੋਣਾਂ ਦੌਰਾਨ ਸ਼ਾਂਤੀਪੂਰਨ ਮਾਹੌਲ ਨੂੰ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਡਿਪਟੀ ਕਮਿਸ਼ਨਰ ਵੱਲੋਂ  ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾ ਦੇ ਫੁੱਲ  ਭੇਟ 

ਲੁਧਿਆਣਾ, 23 ਮਾਰਚ (ਟੀ. ਕੇ. ) - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਪਹਿਲੀ ਜੂਨ ਨੂੰ ਵੋਟਾਂ ਵਾਲੇ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਆਪਣੀ ਵੋਟ ਪਾਉਣ।

ਸਥਾਨਕ ਜਗਰਾਉਂ ਪੁਲ 'ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਸਾਹਨੀ ਨੇ ਕਿਹਾ ਕਿ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਆਂ ਦੇ ਅਣਥੱਕ ਸੰਘਰਸ਼ ਸਦਕਾ ਭਾਰਤੀਆਂ ਨੂੰ ਵੋਟ ਦਾ ਅਧਿਕਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਦੇਸ਼ ਅਤੇ ਆਪਣੀ ਮਾਤ ਭੂਮੀ ਦੀ ਖਾਤਰ ਆਪਣੀਆਂ ਜਾਨਾਂ ਵਾਰ ਦਿੱਤੀਆਂ।

ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਸਾਡੇ ਪੁਰਖਿਆਂ ਦੀਆਂ ਲਾਸਾਨੀ ਕੁਰਬਾਨੀਆਂ ਤੋਂ ਬਾਅਦ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ ਤੇ ਇਸ ਨੂੰ ਅਜਾਈਂ ਨਹੀਂ ਗੁਆਣਾ ਚਾਹੀਦਾ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਜ਼ਮੀਨੀ ਪੱਧਰ 'ਤੇ ਲੋਕਤੰਤਰ ਨੂੰ ਮਜ਼ਬੂਤ ​​ਕਰਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਨੌਜਵਾਨ ਦੇਸ਼ ਹੈ ਜਿਸ ਦੀ ਆਬਾਦੀ ਦਾ ਵੱਡਾ ਹਿੱਸਾ 18 ਸਾਲ ਤੋਂ ਉੱਪਰ ਹੈ, ਇਸ ਲਈ ਇਹ ਯਕੀਨੀ ਬਣਾਉਣਾ ਸਮੇਂ ਦੀ ਲੋੜ ਹੈ ਕਿ ਹਰ ਨੌਜਵਾਨ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰਡ ਕਰੇ ਅਤੇ 1 ਜੂਨ ਨੂੰ ਇਮਾਨਦਾਰੀ ਨਾਲ ਵੋਟ ਪਾਵੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਭਾਰਤ ਤਾਂ ਹੀ ਤਰੱਕੀ ਕਰ ਸਕਦਾ ਹੈ ਜੇਕਰ ਨੌਜਵਾਨ ਅੱਗੇ ਆਉਣ ਅਤੇ ਤਨ-ਮਨ ਨਾਲ ਲੋਕਤੰਤਰੀ ਪ੍ਰਕਿਰਿਆ ਵਿੱਚ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ​​ਕਰਨ ਲਈ ਨਵੇਂ ਰੂਪ ਅਤੇ ਵਿਚਾਰ ਦੇਣ ਲਈ ਦੇਸ਼ ਦੇ ਨੌਜਵਾਨ ਵੋਟਰਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਯੋਗ ਹਨ ਪਰ ਹਾਲੇ ਆਪਣੀ ਵੋਟ ਨਹੀਂ ਬਣਵਾਈ, ਉਹ ਵੋਟ ਬਣਾਉਣ ਲਈ ਅਪਲਾਈ ਕਰ ਸਕਦੇ ਹਨ।

ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਨੌਜਵਾਨ ਆਪਣੇ ਕੰਪਿਊਟਰ ਜਾਂ ਮੋਬਾਈਲ 'ਤੇ ਇਕ ਕਲਿੱਕ ਰਾਹੀਂ ਵੋਟਰ ਵਜੋਂ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸਹੂਲਤ ਲਈ, ਭਾਰਤੀ ਚੋਣ ਕਮਿਸ਼ਨ ਨੇ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ (ਐਨ.ਵੀ.ਐਸ.ਪੀ.) ਅਤੇ ਵੋਟਰ ਹੈਲਪਲਾਈਨ ਐਪ ਲਾਂਚ ਕੀਤੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਵੇਂ ਵੋਟਰ ਵਜੋਂ ਰਜਿਸਟਰਡ ਕਰਵਾਉਣ ਲਈ ਵੈਬਸਾਈਟ ਲਿੰਕ www.nvsp.in 'ਤੇ ਕਲਿੱਕ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨ ਵੋਟਰ ਹੈਲਪਲਾਈਨ ਐਪ ਨੂੰ ਆਪਣੇ ਐਂਡਰੌਇਡ ਫੋਨ ਵਿੱਚ ਗੂਗਲ ਪਲੇ ਸਟੋਰ ਤੋਂ ਵੀ ਡਾਊਨਲੋਡ ਕਰ ਸਕਦੇ ਹਨ ਤਾਂ ਜੋ ਵੋਟਰਾਂ ਵਜੋਂ ਆਪਣਾ ਨਾਮ ਦਰਜ ਕਰਵਾਇਆ ਜਾ ਸਕੇ।

ਸ਼ਹੀਦਾਂ ਦੀ ਯਾਦ ਵਿਚ ਤਿੰਨ ਦਿਨਾ ਐਕੂਪੰਕਚਰ ਡਾਕਟਰੀ ਕੈਂਪ ਸ਼ੁਰੂ 

ਲੁਧਿਆਣਾ, 23 ਮਾਰਚ (ਟੀ. ਕੇ.) ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਵੱਲੋਂ  ਸ਼ਹੀਦ-ਏ-ਆਜ਼ਮ  ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ  ਦੇ ਸ਼ਹੀਦੀ ਦਿਹਾੜੇ ਮੌਕੇ ਨਿਊ ਆਜ਼ਾਦ ਨਗਰ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਨਿਊ ਆਜ਼ਾਦ ਨਗਰ, ਬਹਾਦਰ ਕੇ ਰੋਡ ਵਿਖੇ ਮੁਫ਼ਤ ਤਿੰਨ ਰੋਜ਼ਾ ਐਕੂਪੰਕਚਰ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਹਲਕਾ ਵਿਧਾਇਕ  ਦਲਜੀਤ ਸਿੰਘ ਗਰੇਵਾਲ ਵੱਲੋਂ ਕੀਤਾ ਗਿਆ। ਕੈਂਪ ਵਿੱਚ ਆਸਟ੍ਰੇਲੀਆ ਦੇ ਪ੍ਰਸਿੱਧ ਐਕਯੂਪੰਕਚਰਿਸਟ ਡਾ: ਤਿਲਕ ਕਾਲੜਾ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਮਰੀਜ਼ਾਂ ਦਾ ਇਲਾਜ ਕੀਤਾ | ਕੈਂਪ ਦਾ  ਪ੍ਰਬੰਧ  ਸੁਰਿੰਦਰ ਸਿੰਘ ਸ਼ਿੰਦਾ (ਮੁਖੀ, ਨਿਊ ਆਜ਼ਾਦ ਨਗਰ ਵੈਲਫੇਅਰ ਸੁਸਾਇਟੀ) ਵੱਲੋਂ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਅੱਜ ਦੇ ਦਿਨ ਸਾਡੀ ਕੌਮ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਅਤੇ ਨਸ਼ਾ ਮੁਕਤ ਸੂਬਾ ਬਣਾ ਸਕੀਏ। ਉਨ੍ਹਾਂ ਡਾ: ਇੰਦਰਜੀਤ ਸਿੰਘ ਅਤੇ  ਸੁਰਿੰਦਰ ਸਿੰਘ (ਸ਼ਿੰਦਾ) ਦਾ ਆਪਣੇ ਇਲਾਕੇ ਦੇ ਲੋਕਾਂ ਦਾ ਮੁਫਤ ਇਲਾਜ ਕਰਵਾਉਣ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਲੋਕਾਂ ਨੂੰ ਐਕਿਊਪੰਕਚਰ ਥੈਰੇਪੀ ਜੋ ਕਿ ਪੂਰੀ ਤਰ੍ਹਾਂ ਮੈਡੀਸਿਨ  ਰਹਿਤ ਥੈਰੇਪੀ ਹੈ, ਰਾਹੀਂ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ। ਕੈਂਪ ਵਿੱਚ 95 ਤੋਂ ਵੱਧ ਲੋਕਾਂ ਦਾ ਸਫਲ ਇਲਾਜ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੇ ਕਿਹਾ ਕਿ ਲਗਭਗ 70 ਫੀਸਦੀ ਬਿਮਾਰੀਆਂ ਵਿੱਚ ਦਵਾਈਆਂ ਲੈਣ ਦੀ ਲੋੜ ਨਹੀਂ ਹੁੰਦੀ, ਪਰ ਫਿਰ ਵੀ ਲੋਕ ਦਵਾਈਆਂ ਲੈਣ ਲੱਗ ਜਾਂਦੇ ਹਨ, ਜਿਸ ਨਾਲ ਸਰੀਰਕ ਨੁਕਸਾਨ ਹੁੰਦਾ ਹੈ ਅਤੇ ਲੋਕਾਂ ਨੂੰ ਦਵਾਈਆਂ 'ਤੇ ਗੁਜ਼ਾਰਾ ਕਰਨਾ ਪੈਂਦਾ ਹੈ  ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਐਕਯੂਪੰਕਚਰ, ਜੋ ਕਿ ਪੂਰੀ ਤਰ੍ਹਾਂ ਨਸ਼ਾ ਰਹਿਤ ਡਾਕਟਰੀ ਵਿਧੀ ਹੈ, ਰਾਹੀਂ ਅਸੀਂ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰ ਸਕਦੇ ਹਾਂ ਅਤੇ ਇਹ ਬਹੁਤ ਹੀ ਕਿਫ਼ਾਇਤੀ ਵੀ ਹੈ। ਕੈਂਪ ਵਿੱਚ ਡਾ: ਤਿਲਕ ਕਾਲੜਾ, ਡਾ: ਰਘੁਵੀਰ ਸਿੰਘ, ਸਤਪਾਲ ਸਿੰਘ, ਤਨੂਜਾ, ਆਸਿਫ਼ ਆਦਿ ਨੇ ਆਪਣੀਆਂ ਮੁਫ਼ਤ ਸੇਵਾਵਾਂ ਦਿੱਤੀਆਂ | ਕੈਂਪ ਨੂੰ ਸਫਲ ਬਣਾਉਣ ਵਿੱਚ ਮੇਜਰ ਸਿੰਘ, ਗੁਰਦੀਪ ਸਿੰਘ, ਲੱਕੀ, ਦਲਜੀਤ ਸਿੰਘ, ਪਰਮਜੀਤ ਸਿੰਘ ਪੰਮੀ, ਸੰਦੀਪ ਸ਼ਰਮਾ, ਤਰਸੇਮ ਚੰਦ, ਰਵਿੰਦਰ ਸਿੰਘ, ਸੰਤਰਾਮ ਆਦਿ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।

ਪਿੰਡ ਬੋਪਾਰਾਏ ਕਲਾਂ 'ਚ ਲਗਾਇਆ  ਗਿਆ ਖੂਨਦਾਨ ਕੈਂਪ 

 ਮੁੱਲਾਂਪੁਰ ਦਾਖਾ 24 ਮਾਰਚ (ਸਤਵਿੰਦਰ ਸਿੰਘ ਗਿੱਲ) ਬਲਾਕ ਸੁਧਾਰ  ਦੇ ਪਿੰਡ ਬੋਪਾਰਏ ਕਲਾਂ ਦੇ ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਬੋਪਾਰਾਏ ਕਲਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਧਾਰ ਬਜ਼ਾਰ ਵਿੱਚ ਸਥਿਤ ਬਜਾਜ ਕਲੀਨਿਕ ਤੇ ਡਾ. ਆਰੁਣ ਬਜਾਜ  ਦੇ ਉੱਦਮਾਂ ਸਦਕਾ ਬਾਸੀ ਬਲੱਡ ਬੈਂਕ ਲੁਧਿਆਣਾ ਵੱਲੋ ਖੂਨਦਾਨ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਵੱਡੇ ਗਿਣਤੀ ਵਿੱਚ ਨੌਜਵਾਨਾਂ ਨੇ ਪੂਰਾ ਉਤਸਾਹ ਵਿਖਾਇਆ । ਵੱਡੀ ਗਿਣਤੀ ਵਿੱਚ ਨੇੜੇ ਪਿੰਡਾਂ ਦੇ ਨੌਜਵਾਨਾਂ ਵੱਲੋ ਖੂਨਦਾਨ ਕੈਂਪ ਵਿੱਚ ਪਹੁੰਚ ਕੇ ਖੂਨਦਾਨ ਕੀਤਾ ਗਿਆ ! ਜਿਸ ਵਿੱਚ ਡਾ. ਆਰੁਣ ਬਜਾਜ ਵੱਲੋ ਪਹੁੰਚੇ ਨੌਜਵਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਸਰਟੀਫਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਉੱਤੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਖੂਨਦਾਨ ਕਰਿਆ ਕਰਨ ਕਿਉਂਕਿ ਉਹਨਾਂ ਵੱਲੋਂ ਦਿੱਤੇ ਖੂਨ ਦਾ ਇੱਕ ਇੱਕ ਕਤਰਾ ਕਿਸੇ ਲੋੜਵੰਦ ਦੀ ਜਾਨ ਬਚਾ ਸਕਦਾ ਹੈ । ਗੁਰਦੀਪ ਸਿੰਘ ਬੋਪਾ ਰਾਏ ਕਲਾਂ ਨੇ ਵੀ   ਨੌਜਵਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ  ਕੀਤਾ ।  ਤਾਂ ਜੋ ਕਿਸੇ ਵੀ ਸਮੇਂ ਲੋੜਵੰਦ ਦੀ ਸਹਾਇਤਾ ਹੋ ਸਕੇ ! ਸਾਡੇ ਵੱਲੋ ਕੀਤੇ ਖੂਨ ਦਾਨ ਨਾਲ ਕਿਸੇ ਵੀ ਲੋੜਵੰਦ ਵਿਆਕਤੀ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ ! ਇਸ ਮੌਕੇ ਡਾ. ਆਰੁਣ ਬਜਾਜ ਦੇ ਸੱਦੇ ਤੇ ਉਚੇਚੇ ਤੌਰ ਤੇ ਕਲੀਨਿਕ ਵਿੱਚ ਖੂਨਦਾਨ ਕਰਨ ਲਈ ਪਹੁੰਚੇ ਸ. ਗੁਰਦੀਪ ਸਿੰਘ ਸੋਖਲ ( ਚੇਅਰਮੈਨ ਨਿਗਰਾਨ ਕਮੇਟੀ ਬੋਪਾਰਾਏ ਕਲਾਂ ) , ਬਲਵੰਤ ਸਿੰਘ ਸੋਖਲ ਬੋਪਾਰਾਏ ਕਲਾਂ , ਅਰਵਿੰਦ ਕੁਮਾਰ ਬੋਪਾਰਾਏ ਕਲਾਂ , ਸ. ਸੁਰਜੀਤ ਸਿੰਘ ( ਗੋਰਾ) ਹਰਗੋਬਿੰਦ ਕਾਰ ਸ਼ਿੰਗਾਰ ਸੁਧਾਰ , ਡਾ. ਦਵਿੰਦਰ ਸਿੰਘ , ਸ. ਸੁਖਦੀਪ ਸਿੰਘ (ਗੋਰਖਾ ) ਮਾਸਟਰ ਜਗਦੀਪ ਸਿੰਘ ਹੇਰਾਂ ਨੇ ਪਹੁੰਚ ਕੇ ਖੂਨ ਦਾਨ ਕੀਤਾ !

ਟਰੱਕ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ

ਟਰੱਕ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ
ਜਗਰਾਓਂ , 23 ਮਾਰਚ (ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ )-

ਸ੍ਰੀ ਨਵਨੀਤ ਸਿੰਘ ਬੈਂਸ IPS ਐਸ ਐਸ ਪੀ ਲੁਧਿਆਣਾ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸ੍ਰੀ ਮਨਜੀਤ ਸਿੰਘ ਰਾਣਾ ਡੀ ਐਸ ਪੀ ਟਰੈਫਿਕ ਅਤੇ ਕੁਮਾਰ ਸਿੰਘ ਇੰਚਾਰਜ ਟਰੈਫਿਕ ਜਗਰਾਉਂ ਦੀ ਅਗਵਾਈ ਹੇਠ ਏ, ਐਸ, ਆਈ ਹਰਪਾਲ ਸਿੰਘ ਮਾਨ ਟਰੈਫਿਕ ਐਜੂਕੇਸ਼ਨ ਸੈਲ ਜਗਰਾਉਂ  ਵੱਲੋ  ਟਰੱਕ ਯੂਨੀਅਨ ਜਗਰਾਉਂ ਵਿਖੇ  ਟਰੱਕ ਡਰਾਈਵਰਾ  ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਕੈ'ਪ ਲਗਾਇਆ ਗਿਆ ਜਿਸ ਵਿੱਚ ਏ ਐਸ ਆਈ ਹਰਪਾਲ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਗੱਡੀਆਂ ਦੇ ਕਾਗਜਾਤ ਪੂਰੇ ਕੋਲ ਰੱਖਣ, ਬਿਨਾ ਡਰਾਈਵਿੰਗ ਲਾਇਸੰਸ ਗੱਡੀ ਨਾ ਚਲਾਓ, ਸਰਾਬ ਪੀ ਕੇ ਗੱਡੀ ਨਾ ਚਲਾਉ,ਤੇਜ ਰਫਤਾਰ ਗੱਡੀ ਨਾ ਚਲਾਉ ,ਮੋਬਾਇਲ ਫੋਨ ਦੀ ਵਰਤੋਂ ਨਾ ਕਰੋ,ਪੈ੍ਸਰ ਹਾਰਨ ਦੀ ਵਰਤੋਂ ਨਾ ਕਰਨ,ਲੋਅ ਬੀਮ ਲਾਈਟਾਂ  ਤੇ ਗੱਡੀ ਚਲਾਉਣ,ਸੜਕ ਉਪਰ ਗੱਡੀਆਂ ਖੜੀਆਂ ਨਾ ਕਰਨ ,ਟਰੈਫਿਕ ਲਾਈਟਾਂ,ਸੜਕੀ ਚਿੰਨ੍ਹਾ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਅਣਸਿੱਖਿਅਤ ਵਿਆਕਤੀ ਨੂੰ ਵਹੀਕਲ ਚਲਾਉਣ ਲਈ ਨਾ ਦੇਣ ਸਾਰੇ ਡਰਾਇਵਰਾ ਨੂੰ ਨਸਿਆ ਤੋਂ ਬਚਣ ਲਈ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ ਅਤੇ ਸੜਕੀ ਹਾਦਸਿਆ ਵਿੱਚ ਜਾ ਰਹੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।ਇਸ ਮੋਕੇ ਮੁਨਸ਼ੀ ਕੇਵਲ  ਸਿੰਘ ਅਤੇ ਟਰੱਕ ਯੂਨੀਅਨ ਦੇ ਮੈਬਰ ਸਹਿਬਾਨ  ਹਾਜ਼ਰ ਸਨ।

ਡਾ.ਅੰਬੇਡਕਰ ਚੌਕ ਜਗਰਾਉਂ ਅਤੇ ਸ਼ਹੀਦ ਭਗਤ ਸਿੰਘ ਕਮਿਊਨਟੀ ਸੈਂਟਰ ਵਿਖੇ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ 

ਜਗਰਾਉ/ ਸਿੱਧਵਾਂ ਬੇਟ ( ਡਾ.ਮਨਜੀਤ ਸਿੰਘ ਲੀਲਾਂ )ਮਾਰਚ ਨੂੰ ਜਗਰਾਉਂ ਵਿਖੇ ਸ਼ਹੀਦ ਭਗਤ, ਰਾਜਗੁਰੂ ਅਤੇ ਸੁਖਦੇਵ ਨੂੰ ਯਾਦ ਕੀਤਾ ਗਿਆ ਇਸ ਦਾ ਆਯੋਜਨ ਡਾ ਅੰਬੇਡਕਰ ਵੈਲਫੇਅਰ ਟਰੱਸਟ ਜਗਰਾਉਂ,ਬਾਮਸੇਫ ਅਤੇ ਬਹੁਜਨ ਜੱਥੇਬੰਦੀਆਂ ਵੱਲੋਂ ਕੀਤਾ ਗਿਆ
ਇਸ ਮੌਕੇ ਕੁਲਵੰਤ ਸਿੰਘ ਸਹੋਤਾ,
ਰਛਪਾਲ ਸਿੰਘ ਗਾਲਿਬ,ਬੀ ਪੀ ਈ ਓ ਸੁਖਦੇਵ ਸਿੰਘ ਹਠੂਰ, ਡਾ ਜਸਵੀਰ ਸਿੰਘ, ਅਰੁਣ ਕੁਮਾਰ ਗਿੱਲ,ਮਾ.ਰਣਜੀਤ ਸਿੰਘ ਹਠੂਰ, ਪ੍ਰਿੰਸੀਪਲ ਰਜਿੰਦਰ ਸਿੰਘ ਕਾਉਂਕੇ ਆਦਿ ਬੁਲਾਰਿਆਂ ਨੇ ਸ਼ਹੀਦਾਂ ਦੀ ਕੁਰਬਾਨੀ ਅਤੇ ਵਿਚਾਰਧਾਰਾ ਸੰਬੰਧੀ ਵਿਚਾਰ ਪੇਸ਼ ਕੀਤੇ ਅਤੇ ਇਤਿਹਾਸ ਦੀਆਂ ਮਹੱਤਵਪੂਰਨ ਕਿਤਾਬਾਂ ਪੜ੍ਹਨ ਦੀ ਗੱਲ ਕੀਤੀ 
ਇਸ ਤੋਂ ਬਿਨਾਂ ਸ਼ਹੀਦ ਭਗਤ ਸਿੰਘ ਕਮਿਊਨਟੀ ਸੈਂਟਰ ਦੀ ਖਸਤਾ ਹਾਲਤ ਦੇਖਦਿਆਂ ਇਸ ਨੂੰ ਨਵੇਂ ਸਿਰੇ ਤੋਂ ਵਧੀਆ ਨਕਸ਼ਾ ਬਣਾ ਕੇ ਉਸਾਰਨ ਦੀ ਸਰਕਾਰ ਤੋਂ ਮੰਗ ਕੀਤੀ ਗਈ ਤਾਂ ਕਿ ਸ਼ਹੀਦਾਂ ਦੀ ਯਾਦ ਵਿੱਚ ਬਣੀ ਯਾਦਗਾਰ ਵਿੱਚ ਸੈਮੀਨਾਰ ਕੀਤੇ ਜਾਣ  ਅਤੇ ਗਰੀਬ ਲੋਕ ਆਪਣੀਆਂ ਲੜਕੀਆਂ ਦੇ ਵਿਆਹ ਆਦਿ ਕਰਨ ਲਈ ਇਸ ਸਹੂਲਤ ਦਾ ਫਾਇਦਾ ਉਠਾ ਸਕਣ। ਇਸ ਤੋਂ ਬਿਨਾਂ ਇਸ ਦੇ ਸਾਹਮਣੇ ਬਣੇ ਡਾ.ਅੰਬੇਡਕਰ ਚੌਕ ਦੀ ਸਾਂਭ ਸੰਭਾਲ ਬਾਰੇ ਵੀ ਚਰਚਾ ਕੀਤੀ ਗਈ ।ਬੁਲਾਰਿਆਂ ਨੇ ਕਿਹਾ ਕਿ ਜਿਵੇਂ ਸ਼ਹੀਦਾਂ ਦਾ ਦੇਸ਼ ਦੀ ਤਰੱਕੀ ਲਈ ਯੋਗਦਾਨ ਹੈ ਓਸੇ ਤਰਾਂ ਵਿਚਾਰਧਾਰਕ ਯੁੱਗ ਪੁਰਸ਼ ਡਾ.ਅੰਬੇਡਕਰ ਵਰਗੇ ਵਿਦਵਾਨਾਂ ਦਾ ਦੇਸ਼ ਲਈ ਵੱਡਾ ਯੋਗਦਾਨ ਹੈ ਮ। ਸ਼ਹੀਦ ਅਤੇ ਵਿਦਵਾਨ ਫਿਲਾਸਫਰ ਸਭ ਦੇ ਸਾਂਝੇ ਹਨ ਇਹਨਾਂ ਦੇ ਜੀਵਨ ਸੰਘਰਸ਼ ਬਾਰੇ ਸਾਨੂੰ ਸਭ ਨੂੰ ਜਰੂਰ ਪੜ੍ਹਨਾਂ ਜਾਨਣਾ ਚਾਹੀਦਾ ਹੈ
ਇਸ ਮੌਕੇ
ਡਾ.ਜਸਵੀਰ ਸਿੰਘ 
ਸ ਘੁਮੰਡਾ ਸਿੰਘ 
ਸ਼੍ਰੀਮਤੀ ਗੁਰਦੇਵ ਕੌਰ 
ਇਕਬਾਲ ਸਿੰਘ ਰਸੂਲਪੁਰ 
ਕੁਲਵੰਤ ਸਿੰਘ ਸਹੋਤਾ
ਮੈਨੇਜਰ ਸਰੂਪ ਸਿੰਘ 
ਡਾ ਮਨਜੀਤ ਸਿੰਘ ਲੀਲਾਂ
ਸੁਰਜੀਤ ਸਿੰਘ ਦੇਸ਼ਭਗਤ
ਅਰੁਣ ਕੁਮਾਰ ਗਿੱਲ 
ਸਰਪੰਚ ਦਰਸ਼ਨ ਸਿੰਘ ਪੋਨਾ
ਸ ਮਸਤਾਨ ਸਿੰਘ 
ਬੀ ਪੀ ਈ ਓ ਸੁਖਦੇਵ ਸਿੰਘ ਹਠੂਰ 
ਹੈਡ ਮਾਸਟਰ ਗੁਰਪ੍ਰੀਤ ਸਿੰਘ 
ਰਛਪਾਲ ਸਿੰਘ ਗਾਲਿਬ 
ਪ੍ਰਿੰਸੀਪਲ ਰਜਿੰਦਰ ਸਿੰਘ ਕਾਉਂਕੇ
ਮੈਨੇਜਰ ਜਸਵੰਤ ਸਿੰਘ 
ਮੈਨੇਜਰ ਜਸਵੀਰ ਸਿੰਘ ਭੱਟੀ
ਮੈਨੇਜਰ ਗੁਰਦੀਪ ਸਿੰਘ 
ਸਤਨਾਮ ਸਿੰਘ ਹਠੂਰ 
ਮੈਨੇਜਰ ਬਲਵਿੰਦਰ ਸਿੰਘ 
ਅਵੀਜੋਤ ਸਿੰਘ 
ਸ ਦਰਸ਼ਨ ਸਿੰਘ ਧਾਲੀਵਾਲ 
ਪਿੰਕੀ ਗਿੱਲ ਆਦਿ ਹਾਜਰ ਸਨ

ਯੁਵਾ ਮੋਰਚਾ ਜਗਰਾਉਂ ਵੱਲੋਂ ਮਨਾਇਆ ਗਿਆ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ 

ਜਗਰਾਉਂ23 ਮਾਰਚ( ਅਮਿਤ ਖੰਨਾ )ਅੱਜ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਭਾਰਤੀ ਜਨਤਾ ਯੁਵਾ ਮੋਰਚਾ ਜਗਰਾਉਂ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ। ਜਿਸ ਵਿੱਚ ਜਗਰਾਉਂ ਦੇ ਜਿਲ੍ਹਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ ਅਤੇ ਯੂਥ ਆਗੂ ਅੰਕੁਸ਼ ਸਹਿਜਪਾਲ ਜੀ ਦੀ ਅਗਵਾਈ ਹੇਠ ਜਗਰਾਉਂ ਦੀ ਬੀ.ਜੇ.ਪੀ. ਦੀ ਸਾਰੀ ਟੀਮ ਵੱਲੋਂ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ "ਸ਼ਹੀਦ ਭਗਤ ਸਿੰਘ ਅਮਰ ਰਹੇ", "ਭਾਰਤ ਮਾਤਾ ਦੀ ਜੈ" ਅਤੇ "ਇੰਨਕਲਾਬ ਜਿੰਦਾਬਾਦ" ਦੇ ਨਾਅਰੇ ਲਗਾਏ ਗਏ ਅਤੇ ਇੰਦਰਪਾਲ ਧਾਲੀਵਾਲ ਜੀ ਨੇ ਨੌਜਵਾਨਾਂ ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ ਦੀ ਜੀਵਨੀ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਰਿਟਾਇਰਡ ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਜਿਲ੍ਹਾ ਮਹਿਲਾ ਮੋਰਚਾ ਦੀ ਪ੍ਰਧਾਨ ਗੁਰਜੀਤ ਕੌਰ, ਯੂਥ ਆਗੂ ਅੰਕੁਸ਼ ਸਹਿਜਪਾਲ, ਮੰਡਲ ਪ੍ਰਧਾਨ ਟੋਨੀ ਵਰਮਾ, ਡਾ. ਰਾਜਿੰਦਰ ਸ਼ਰਮਾ ਜ਼ਿਲ੍ਹਾ ਜਨਰਲ ਸੈਕਟਰੀ, ਕ੍ਰਿਸ਼ਨ ਕੁਮਾਰ ਜ਼ਿਲ੍ਹਾ ਮੀਤ ਪ੍ਰਧਾਨ, ਵਿਵੇਕ ਭਾਰਦਵਾਜ, ਅੰਕੁਸ਼ ਧੀਰ, ਸ਼ੈਂਟੀ ਵਰਮਾ, ਮਿੱਠੂ,ਲਾਲ, ਵੀਰਪਾਲ ਕੌਰ, ਸਨਪ੍ਰੀਤ ਸਿੰਘ, ਏਕਮ ਸਿੰਘ, ਅਕਾਸ਼ਦੀਪ ਸਿੰਘ ਅਤੇ ਨੌਜਵਾਨਾਂ ਦਾ ਵੱਡਾ ਇਕੱਠ ਹਾਜ਼ਰ ਰਿਹਾ।

ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਜਗਰਾਉਂ ਦੇ ਵੱਖ-ਵੱਖ ਸਰਕਲ ਪ੍ਰਧਾਨ ਨਿਯੁਕਤ ਕੀਤੇ 

ਜਗਰਾਉਂ23 ਮਾਰਚ( ਅਮਿਤ ਖੰਨਾ )ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਜਗਰਾਉਂ ਵਿਖੇ ਐੱਸ ਆਰ ਕਲੇਰ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਅਤੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਹਲਕਾ ਜਗਰਾਉਂ ਦੇ ਵੱਖ-ਵੱਖ ਸਰਕਲ ਪ੍ਰਧਾਨ ਨਿਯੁਕਤ ਕੀਤੇ ਗਏ ਜਿੰਨਾ ਵਿੱਚ ਸਰਕਲ ਹਠੂਰ ਤੋਂ ਸਰਪੰਚ ਮਲਕੀਤ ਸਿੰਘ ਹਠੂਰ, ਸਰਕਲ ਮੱਲਾ ਤੋਂ ਸਰਪੰਚ ਪਰਮਿੰਦਰ ਸਿੰਘ ਚੀਮਾ, ਸਰਕਲ ਮਲਕ ਤੋਂ ਦੀਦਾਰ ਸਿੰਘ ਮਲਕ, ਸਰਕਲ ਸਬਅਰਬਨ ਤੋਂ ਸਰਪੰਚ ਸਿਵਰਾਜ ਸਿੰਘ , ਸਰਕਲ ਗਿੱਦੜਵਿੰਡੀ ਤੋਂ ਸੁਖਦੇਵ ਸਿੰਘ ਗਿੱਦੜਵਿੰਡੀ, ਸਰਕਲ ਕਾਉਂਕੇ ਤੋਂ ਸਰਪ੍ਰੀਤ ਸਿੰਘ ਕਾਉਂਕੇ ਕਲਾਂ , ਸਰਕਲ ਗਾਲਿਬ ਤੋਂ ਮਨਦੀਪ ਸਿੰਘ ਬਿੱਟੂ ਗਾਲਿਬ, ਸਰਕਲ ਜਗਰਾਉਂ ਸ਼ਹਿਰ ਤੋਂ ਇਸ਼ਟਪ੍ਰੀਤ ਸਿੰਘ ਜਗਰਾਉਂ, ਸਰਕਲ ਕੰਨੀਆ ਤਜਿੰਦਰਪਾਲ ਸਿੰਘ ਕੰਨੀਆ ਨੂੰ ਨਿਯੁਕਤ ਕਰਦੇ ਸਮੇਂ ਵਧਾਈ ਦਿੱਤੀ।ਇਸ ਮੌਕੇ ਨਾਲ ਸਾਬਕਾ ਚੇਅਰਮੈਨ ਸ.ਚੰਦ ਸਿੰਘ ਡੱਲਾ, ਹਰਜਿੰਦਰ ਸਿੰਘ ਚੀਮ, ਗੁਰਦੀਪ ਸਿੰਘ ਦੁਆ,ਰਾਜ ਸਿੰਘ ਡੱਲਾ ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾ ਨੇ ਐੱਸ ਆਰ ਕਲੇਰ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਅਤੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸਮੂਚੀ ਜਗਰਾਉਂ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਦੀ ਚੜਦੀ ਕਲਾ ਲਈ ਦਿਨ-ਰਾਤ ਮਿਹਨਤ ਕਰਨਗੇ।