You are here

ਲੁਧਿਆਣਾ

ਦਿੱਲੀ ਮੋਰਚਾ -2 ਦੇ ਸਾਂਝੇ ਫੋਰਮ ਦੇ ਸੱਦੇ 'ਤੇ ਵਿਸ਼ਾਲ ਤੇ ਰੋਹ ਭਰਪੂਰ ਕਿਸਾਨ- ਮਜ਼ਦੂਰ ਰੈਲੀ ਤੇ ਮਾਰਚ ਉਪਰੰਤ ਡੀ.ਸੀ. ਦਫਤਰ ਲੁਧਿਆਣਾ ਵਿਖੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ 

ਲੁਧਿਆਣਾ 7 ਅਪ੍ਰੈਲ (ਸਤਵਿੰਦਰ ਸਿੰਘ ਗਿੱਲ)ਦਿੱਲੀ ਮੋਰਚਾ -2 ਦੀਆਂ 200 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਫੋਰਮ ਦੇ ਸੰਗਰਾਮੀ ਸੱਦੇ ਅਨੁਸਾਰ ਇਸ ਦੀਆਂ ਅੰਗ ਜੱਥੇਬੰਦੀਆਂ ਦਸਮੇਸ਼ ਕਿਸਾਨ -ਮਜ਼ਦੂਰ ਯੂਨੀਅਨ (ਰਜਿ:), ਭਾਰਤੀ ਕਿਸਾਨ ਮਜ਼ਦੂਰ ਯੂਨੀਅਨ,ਵੱਲੋਂ ਅੱਜ ਭਾਈ ਬਾਲਾ ਚੌਂਕ ਨੇੜੇ ਲੁਧਿਆਣਾ ਵਿਖੇ ਵਿਸ਼ਾਲ ਤੇ ਰੋਹ ਭਰਪੂਰ ਕਿਸਾਨ - ਮਜ਼ਦੂਰ ,ਨੌਜਵਾਨ ਪੁਤਲਾ ਫੂਕ ਜਨਤਕ ਰੈਲੀ ਰੱਖੀ ਗਈ ।
     ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜੱਥੇਬੰਦੀਆਂ ਦੇ ਨਾਮਵਰ ਆਗੂਆਂ ਗੁਰਦਿਆਲ ਸਿੰਘ ਤਲਵੰਡੀ, ਜਸਦੇਵ ਸਿੰਘ ਲਲਤੋਂ, ਗੁਰਦੇਵ ਸਿੰਘ,   ਦਿਲਬਾਗ ਸਿੰਘ ਪ੍ਰਧਾਨ  ,ਮਨਜੀਤ ਸਿੰਘ , ਗੁਰਚਰਨ ਸਿੰਘ,  ਰਣਜੀਤ ਸਿੰਘ, ਅਮਰਜੀਤ ਸਿੰਘ ਨੇ ਵਰਨਣ ਕੀਤਾ ਕਿ ਦਿੱਲੀ ਮੋਰਚਾ -2  ਦੇ ਖਨੌਰੀ ਬਾਰਡਰ ਦੇ ਸ਼ਹੀਦ ਸ਼ੁਭਕਰਨ ਸਿੰਘ ਬੱਲੋ ਦੇ ਕਤਲ ਦੇ ਮੁੱਖ ਦੋਸ਼ੀ ਹਰਿਆਣਾ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ, ਸਬੰਧਤ ਡੀ.ਜੀ.ਪੀ. ਤੇ ਸਾਬਕਾ ਮੁੱਖ ਮੰਤਰੀ ਦੇ ਨਾਮ ਐਫ.ਆਈ.ਆਰ. ਵਿੱਚ ਦਰਜ ਕਰਨ ,ਸਮੇਤ ਕੁੱਲ 12 ਅਹਿਮ ਮੰਗਾਂ ਦੀ ਪ੍ਰਾਪਤੀ ਯਕੀਨੀ ਬਣਾਉਣ ,ਮੋਰਚੇ ਲਈ ਦਿੱਲੀ ਤੱਕ ਦੀਆਂ ਕੁੱਲ ਸੜਕੀ ਰੋਕਾਂ ਖਤਮ ਕਰਵਾਉਣ ਵਾਸਤੇ ਅੱਜ ਦਾ ਦੇਸ਼ ਪੱਧਰੀ ਪੁਤਲਾ ਫੂਕ ਐਕਸ਼ਨ ਕੀਤਾ ਜਾ ਰਿਹਾ ਹੈ ।ਜੇਕਰ ਅਜੇ ਵੀ ਇਹ ਮੰਗਾਂ ਨਾਂ ਮੰਨੀਆਂ  ਗਈਆਂ ਤਾਂ 9 ਅਪ੍ਰੈਲ ਤੋਂ ਸ਼ੰਭੂ ਬਾਰਡਰ 'ਤੇ ਪੂਰੀ ਰੇਲ ਆਵਾਜਾਈ ਠੱਪ ਕਰ ਦਿੱਤੀ ਜਾਵੇਗੀ।          
      ਅੱਜ ਦੀ ਪੁਤਲਾ ਫੂਕ ਰੈਲੀ ਉਪਰੰਤ ਡੀਸੀ ਦਫਤਰ ਲੁਧਿਆਣਾ ਤੱਕ ਭਾਰੀ ਤੇ ਜੋਸ਼ ਭਰਪੂਰ ਪੈਦਲ ਮਾਰਚ ਕੀਤਾ ਗਿਆ ,ਜਿਸ ਉਪਰੰਤ ਫਿਰਕੂ, ਫਾਸ਼ੀ, ਜਾਲਮ ਕਿਸਾਨ -ਮਜ਼ਦੂਰ ਵਿਰੋਧੀ ਤੇ ਲੋਕ ਵਿਰੋਧੀ ਕੇਂਦਰੀ ਹਕੂਮਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਹੱਕੀ ਮੰਗਾਂ ਦੇ ਪੱਖ 'ਚ ਤੇ ਕੇਂਦਰ ਸਰਕਾਰ ਦੇ ਵਿਰੁੱਧ ਆਕਾਸ਼ ਗੁੰਜਾਊ ਨਾਹਰੇ ਤੇ ਜੈਕਾਰੇ ਬੁਲੰਦ ਕੀਤੇ ਗਏ ।
     ਅੱਜ ਦੇ ਐਕਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ ਸੋਨੀ ਸਵੱਦੀ ,ਬਲਜੀਤ ਸਿੰਘ ਸਵੱਦੀ, ਗੁਰਮੇਲ ਸਿੰਘ ਢੱਟ, ਗੁਰਮੇਲ ਸਿੰਘ ਕਲਾਰ, ਅਮਰੀਕ ਸਿੰਘ ਤਲਵੰਡੀ, ਗੁਰਬਖ਼ਸ਼  ਸਿੰਘ ਤਲਵੰਡੀ, ਅਵਤਾਰ ਸਿੰਘ ਬਿੱਲੂ ਉਚੇਚੇ ਤੌਰ ਤੇ ਸ਼ਾਮਿਲ ਹੋਏ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸੈਸ਼ਨ 2024-25 ਲਈ ਦਾਖਲਾ ਅਤੇ ਅਕਾਦਮਿਕ ਪ੍ਰੋਗਰਾਮਾਂ ਦਾ ਐਲਾਨ 

ਲੁਧਿਆਣਾ 7 ਅਪ੍ਰੈਲ (ਟੀ. ਕੇ.) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਕਾਰੀਆਂ ਨੇ ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਰਹਿਣ ਵਾਲੇ ਸੰਭਾਵੀ ਉਮੀਦਵਾਰਾਂ ਤੋਂ  ਵੱਖ-ਵੱਖ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਸੈਸ਼ਨ 2024-25 ਦੇ ਸਮੈਸਟਰ 1 ਵਿਚ ਦਾਖਲਾ ਲੈਣ ਲਈ

ਲਈ ਅਰਜ਼ੀਆਂ ਮੰਗੀਆਂ ਹਨ। 

ਪੀਏਯੂ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਓਹੀਓ ਸਟੇਟ ਯੂਨੀਵਰਸਿਟੀ ਅਮਰੀਕਾ ਦੇ ਨਕਸ਼ੇ ਕਦਮਾਂ 'ਤੇ ਸਥਾਪਿਤ ਕੀਤੀ ਗਈ ਸੀ। ਮੌਜੂਦਾ ਸਮੇਂ ਤਕ ਇਸ ਯੂਨੀਵਰਸਿਟੀ ਨੇ ਨਾ ਸਿਰਫ ਪੰਜਾਬ ਅਤੇ ਸਮੁੱਚੇ ਉਤਰੀ ਭਾਰਤ ਦੀ ਖੇਤੀ ਨੂੰ ਵਿਗਿਆਨਕ ਦਿਸ਼ਾ ਵਿਚ ਤੋਰਿਆ ਬਲਕਿ ਅਨੇਕ ਖੇਤੀ ਵਿਗਿਆਨੀ ਪੈਦਾ ਕੀਤੇ ਜਿਨ੍ਹਾਂ ਦੇਸ਼ ਵਿਦੇਸ਼ ਵਿੱਚ ਨਾਮਣਾ ਖੱਟਿਆ। ਅੱਜ ਤਕ ਇਹ ਯੂਨੀਵਰਸਿਟੀ ਅਧਿਆਪਨ, ਖੋਜ ਅਤੇ ਪਸਾਰ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਖੇਤੀਬਾੜੀ ਅਤੇ ਵਾਤਾਵਰਨ ਸੰਭਾਲ ਦੇ ਨਾਲ ਮਨੁੱਖੀ ਸਰੋਤਾਂ ਲਈ ਦਿੱਤੇ ਯੋਗਦਾਨ ਸਦਕਾ ਪੀਏਯੂ ਨੂੰ ਪੰਜਾਬ ਜਾਂ ਭਾਰਤ ਦੀਆਂ ਹੀ ਨਹੀਂ ਬਲਕਿ ਏਸ਼ੀਆ ਦੀਆਂ ਸਿਖਰਲੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਗਿਣਿਆ ਜਾਂਦਾ ਹੈ। ਪਿਛਲੇ ਸਾਲ ਦੀ ਰੈਂਕਿੰਗ ਵਿਚ ਇਸਨੂੰ ਦੇਸ਼ ਦੀ ਸ੍ਰੇਸ਼ਠ ਖੇਤੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਸੀ। ਛੇ ਹੋਰ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਪੀਏਯੂ ਦਾ ਹਿੱਸਾ ਰਹੀਆਂ ਤੇ ਬਾਅਦ ਵਿਚ ਅੱਡ ਸੰਸਥਾਵਾਂ ਬਣੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਨੂੰ ਨਵੀਆਂ ਲੀਹਾਂ ਤੇ ਤੋਰਨ ਲਈ ਪੀ ਏ ਯੂ ਲਗਾਤਾਰ ਯਤਨਸ਼ੀਲ ਰਹੀ ਹੈ। ਇਸ ਸੰਸਥਾ ਦਾ ਉਦੇਸ਼ ਹੈ ਕਿ ਨਾ ਸਿਰਫ ਨੌਜਵਾਨੀ ਨੂੰ ਮਿਆਰੀ ਸਿੱਖਿਆ ਦੇ ਕੇ ਰੁਜ਼ਗਾਰ ਯੋਗ ਬਣਾਇਆ ਜਾਵੇ ਬਲਕਿ ਏਥੋਂ ਸਿੱਖਿਆ ਹਾਸਿਲ ਕਰਨ ਵਾਲੇ ਨੌਜਵਾਨ ਖੇਤੀ ਖੇਤਰ ਵਿਚ ਭਰਪੂਰ ਯੋਗਦਾਨ ਦੇਣ।

 ਪੀ ਏ ਯੂ ਦੀਆਂ ਸਹੂਲਤਾਂ ਅਤੇ ਪ੍ਰਾਪਤੀਆਂ ਸਾਂਝੀਆਂ ਕਰਦੇ ਹੋਏ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ 1962 ਵਿੱਚ ਸਥਾਪਿਤ ਪੀਏਯੂ, ਖੇਤੀਬਾੜੀ ਅਧਿਆਪਨ, ਖੋਜ ਅਤੇ ਪਸਾਰ ਵਿੱਚ ਦੇਸ਼ ਦੀ ਸਿਖਰਲੀ ਯੂਨੀਵਰਸਿਟੀ ਹੈ। ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਦੀ 2023 ਦੀ ਰੈਂਕਿੰਗ ਅਨੁਸਾਰ ਦੇਸ਼ ਦੀਆਂ 63 ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਅਤੇ ਖੇਤੀਬਾੜੀ ਸੰਸਥਾਵਾਂ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਯੂਨੀਵਰਸਿਟੀ ਨੇ ਆਪਣੀ ਪਰਮਾਣਿਕਤਾ ਨੂੰ ਸਿੱਧ ਕੀਤਾ ਹੈ।

 ਇਸ ਮੌਕੇ ਪੀ ਏ ਯੂ ਦੇ ਰਜਿਸਟਰਾਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮ ਲੁਧਿਆਣਾ ਵਿਖੇ ਇਸਦੇ ਪੰਜ ਕਾਂਸਟੀਚੂਐਂਟ ਕਾਲਜਾਂ ਰਾਹੀਂ ਚਲਾਏ ਜਾਂਦੇ ਹਨ। ਇਨ੍ਹਾਂ ਵਿਚ ਖੇਤੀਬਾੜੀ ਕਾਲਜ, ਬਾਗਬਾਨੀ ਕਾਲਜ, ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ, ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ, ਕਮਿਊਨਿਟੀ ਸਾਇੰਸ  ਕਾਲਜ ਅਤੇ ਇਕ ਹੋਰ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਹੈ। ਵਰਤਮਾਨ ਵਿੱਚ, ਯੂਨੀਵਰਸਿਟੀ ਵੱਖ-ਵੱਖ ਵਿਸ਼ਿਆਂ ਵਿੱਚ 89 ਅਧਿਆਪਨ ਪ੍ਰੋਗਰਾਮਾਂ ਜਾਰੀ ਹਨ। ਇਨ੍ਹਾਂ ਵਿਚ 30 ਡਾਕਟਰੇਟ (ਪੀ.ਐੱਚ.ਡੀ.), 46 ਪੋਸਟ ਗ੍ਰੈਜੂਏਟ (ਐੱਮ.ਐੱਸ.ਸੀ./ਐੱਮ.ਟੈਕ./ਐੱਮ.ਬੀ.ਏ./ਐੱਮ.ਬੀ.ਏ.-ਏ.ਬੀ.), 10 ਅੰਡਰਗ੍ਰੈਜੂਏਟ (ਬੀ.ਐੱਸ.ਸੀ. ਆਨਰਜ਼। ਬੀ ਟੈਕ), ਇੱਕ ਡਿਪਲੋਮਾ ਕੋਰਸ ਅਤੇ ਦੋ ਸਰਟੀਫਿਕੇਟ ਕੋਰਸ ਪ੍ਰਮੁੱਖ ਹਨ।

ਜ਼ਿਕਰਯੋਗ ਹੈ ਕਿ ਵਿਦਿਆਰਥੀ ਬੀ.ਐਸ.ਸੀ. ਵਿੱਚ ਮੈਟ੍ਰਿਕ ਤੋਂ ਬਾਅਦ ਪੀਏਯੂ ਵਿੱਚ ਵੀ ਦਾਖਲਾ ਲੈ ਸਕਦੇ ਹਨ। ਇਸ ਲਈ 2+4 ਸਾਲ ਦਾ ਡਿਗਰੀ ਪ੍ਰੋਗਰਾਮ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਖੇਤੀਬਾੜੀ ਸੰਸਥਾਵਾਂ  ਵਿੱਚ ਸ਼ਾਮਲ ਹੋ ਕੇ ਕੀਤਾ ਜਾ ਸਕਦਾ ਹੈ। ਉਕਤ ਡਿਗਰੀ ਪ੍ਰੋਗਰਾਮ ਵਿੱਚ ਪਹਿਲੇ ਦੋ ਸਾਲ ਖੇਤੀ ਸੰਸਥਾਨਾਂ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਦੇ 10+2 (ਮੈਡੀਕਲ ਸਟਰੀਮ) ਦੇ ਮਿਆਰ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ, ਵਿਦਿਆਰਥੀ ਡਿਗਰੀ ਪ੍ਰੋਗਰਾਮ ਨੂੰ ਪੂਰਾ ਕਰਨ ਲਈ ਪੀਏਯੂ ਵਿੱਚ ਦਾਖਲਾ ਲੈ ਲੈਂਦੇ ਹਨ।

ਹਰੇਕ ਕੋਰਸ ਦੇ ਵੇਰਵੇ, ਦਾਖਲੇ ਅਤੇ ਯੋਗਤਾ ਦੇ ਮਾਪਦੰਡਾਂ ਦੇ ਨਾਲ, ਦਾਖਲਾ ਟੈਸਟ, ਦਾਖਲੇ ਦੀ ਯੋਗਤਾ, ਫੀਸ ਦੇ ਵੇਰਵਿਆਂ ਆਦਿ ਨੂੰ ਪੀਏਯੂ ਦੀ ਵੈੱਬਸਾਈਟ (www.pau.edu) ਤੋਂ ਹਾਸਿਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਯੂਨੀਵਰਸਿਟੀ ਮਾਪਦੰਡਾਂ ਦੇ ਅਨੁਸਾਰ ਯੋਗ ਉਮੀਦਵਾਰਾਂ ਨੂੰ ਵਜ਼ੀਫ਼ੇ/ਫੈਲੋਸ਼ਿਪ ਵੀ ਪ੍ਰਦਾਨ ਕਰਦੀ ਹੈ।
 

ਸੁਨੇਤ ਇਲਾਕੇ ਵਿੱਚ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਦੀ ਯਾਦਗਾਰ ਨੂੰ ਦਰਸਾਉਂਦੇ ਬੋਰਡ ਲਗਵਾਏ

ਲੁਧਿਆਣਾ 7 ਅਪ੍ਰੈਲ (ਟੀ. ਕੇ. ) ਇਸ ਸਬੰਧੀ ਦੱਸਦਿਆਂ ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਸਿੰਘ ਜ਼ੀਰਖ ਸਕੱਤਰ ਰਾਕੇਸ਼ ਆਜ਼ਾਦ ਨੇ ਕਿਹਾ ਕਿ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟ੍ਰੱਸਟ ਵੱਲੋ ਇਲਾਕੇ ਵਿੱਚ ਉਸਾਰੀ ਯਾਦਾਗਰ ਲੋਕਾ ਲਈ ਖਿੱਚ ਦਾ ਕੇਂਦਰ ਹੈ ਜਿਸ ਵਿੱਚ ਗ਼ਦਰੀ ਸ਼ਹੀਦਾਂ ਨੂੰ ਦਰਸਾਉਂਦੇ ਢਾਈ x ਢਾਈ ਫੁੱਟ ਦੇ ਪਿੰਜਰੇ ਦਿਖਾਏ ਗਏ ਹਨ ਜਿੰਨਾ ਵਿੱਚ ਮਹਾਨ ਗ਼ਦਰੀ ਸ਼ਹੀਦਾਂ ਨੂੰ ਕੈਦ ਕਰਕੇ ਤਸੀਹੇ ਦਿੱਤੇ ਜਾਂਦੇ ਸਨ, ਜਿੰਨਾ ਨੂੰ ਦੇਖ ਕਿ ਭਿਆਨਕ ਦ੍ਰਿਸ ਅੱਖਾਂ ਸਾਹਮਣੇ ਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਸੁਨੇਤ ਪਿੰਡ ਦੇ ਜੰਮਪਲ ਸਨ ਜਿੰਨਾ ਨੇ ਆਪਣੇ ਗ਼ਦਰੀ ਸਾਥੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਸਾਥੀਆਂ ਨਾਲ ਅੰਗਰੇਜ਼ੀ ਹਕੂਮਤ ਖਿਲਾਫ ਗਦਰ ਪਾਰਟੀ ਵਿੱਚ ਕੰਮ ਕੀਤਾ ਤੇ ਜਿੰਨਾ ਨੂੰ ਅੰਡੇਮਾਨ ਨੀਕੋਬਾਰ ਦੀ ਜੇਲ ਵਿੱਚ ਬੰਦ ਕਰਕੇ ਕਲੇਪਣੀ ਦੀ ਸਜ਼ਾ ਦਿੱਤੀ ਸੀ ਤੇ ਓਥੇ ਹੀ ਬਾਬਾ ਜੀ ਸ਼ਹੀਦ ਹੋ ਗਏ ਸਨ। ਇਸ ਤੋ ਇਲਾਵਾ ਯਾਦਗਾਰ ਵਿੱਚ ਸਾਰੇ ਗ਼ਦਰੀ ਸ਼ਹੀਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਹੈ ਜਿਸ ਨੂੰ ਦੇਖਣ ਲਈ ਦੇਸੋਂ ਵਿਦੇਸੋਂ ਲੋਕ ਆਉਂਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਜੀ ਬਾਰੇ ਤਰਕਸ਼ੀਲ ਤੇ ਅਗਾਂਹਵਾਧੂ ਲੇਖਕ ਬਲਬੀਰ ਲੌਂਗੋਵਾਲ ਵੱਲੋ ਇੱਕ ਕਿਤਾਬ ਵੀ ਲਿਖੀ ਗਈ ਹੈ ਜਿਸ ਉਪਰ ਨੌਜਵਾਨ ਸਭਾ ਵੱਲੋ ਚਰਚਾ ਮਿਤੀ 14 ਅਪ੍ਰੈਲ ਨੂੰ ਕੀਤੀ ਜਾਵੇਗੀ ਜਿਸ ਵਿੱਚ ਲੇਖਕ ਬਲਬੀਰ ਲੌਂਗੋਵਾਲ ਮੁੱਖ ਬੁਲਾਰੇ ਹੋਣਗੇ। ਅੱਜ ਬੋਰਡ ਲਗਾਉਣ ਸਮੇ ਫੋਜੀ ਸੁਭੇਗ ਸਿੰਘ ਸੁਨੇਤ, ਪ੍ਰਤਾਪ ਸਿੰਘ, ਅਰੁਣ ਕੁਮਾਰ, ਅਮ੍ਰਿਤਪਾਲ ਸਿੰਘ, ਮਹੇਸ਼ ਕੁਮਾਰ ਹਾਜਰ ਸਨ।

ਨਿਆਂ-ਪਾਲਿਕਾ ਅਤੇ ਭਾਰਤੀ ਚੋਣ ਕਮਿਸ਼ਨ ਦੀ ਸੁਤੰਤਰਤਾ 'ਤੇ ਹਮਲੇ  ਚਿੰਤਾ -ਆਈ.ਏ.ਐਲ

ਲੁਧਿਆਣਾ, 7 ਅਪ੍ਰੈਲ (ਟੀ. ਕੇ.) ਇੰਡੀਅਨ ਲਾਇਰਜ਼ ਐਸੋਸੀਏਸ਼ਨ (ਆਈ. ਏ. ਐਲ. ) ਦੀ ਪੰਜਾਬ ਇਕਾਈ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਐਡਵੋਕੇਟ ਐਨ.ਕੇ.  ਛਿੱਬੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐਡਵੋਕੇਟ ਛਿੱਬੜ ਨੇ ਸੰਬੋਧਨ ਕਰਦਿਆਂ ਕਿਹਾ ਕਿ "ਭਾਰਤ ਇਤਿਹਾਸ ਦੇ ਇੱਕ ਮੋੜ ਵੱਲ ਵਧ ਰਿਹਾ ਹੈ। ਸਮਾਜ ਦੇ ਇੱਕ ਚੇਤੰਨ ਤਬਕੇ ਵਜੋਂ ਵਕੀਲਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਸੰਵਿਧਾਨ ਅਤੇ ਨਿਆਂਪਾਲਿਕਾ ਦੀ ਆਜ਼ਾਦੀ ਦੀ ਰੱਖਿਆ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਨਿਆਂ-ਪਾਲਿਕਾ ਅਤੇ ਭਾਰਤੀ ਚੋਣ ਕਮਿਸ਼ਨ ਦੀ ਸੁਤੰਤਰਤਾ ਤੇ  ਹਮਲੇ ਬਾਰੇ ਬਹੁਤ ਹੀ ਚਿੰਤਾਜਨਕ ਸਥਿਤੀ ਹੈ, ਜਿਸ ਕਰਕੇ ਜਥੇਬੰਦੀ ਭਾਰਤ ਸਰਕਾਰ ਦੁਆਰਾ ਪਾਸ ਕੀਤੇ ਗਏ ਕਾਨੂੰਨ ਦੀ ਸਖ਼ਤ ਨਿਖੇਧੀ ਕਰਦੀ ਹੈ ਜਿਸ ਤਹਿਤ ਸਰਕਾਰ ਨੇ ਭਾਰਤ ਦੇ ਚੋਣ ਕਮਿਸ਼ਨ ਦੇ ਮੈਂਬਰਾਂ ਦੀ ਚੋਣ ਕਰਨ ਵਾਲੀ ਕਮੇਟੀ ਦੇ ਮੈਂਬਰ ਵਜੋਂ ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਨੂੰ ਹਟਾ ਦਿੱਤਾ ਹੈ।  ਉਨ੍ਹਾਂ ਅੱਗੇ ਕਿਹਾ ਕਿ ਇਜ਼ਰਾਈਲ ਸਰਕਾਰ ਤੋਂ ਫਲਸਤੀਨ ਲੋਕਾਂ 'ਤੇ ਹਮਲੇ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ 'ਭੁੱਖਮਰੀ' ਨੂੰ ਫਲਸਤੀਨ ਦੇ ਲੋਕਾਂ ਵਿਰੁੱਧ ਜੰਗ ਦੇ ਹਥਿਆਰ ਵਜੋਂ ਵਰਤਣ ਲਈ ਇਜ਼ਰਾਈਲੀ ਸਰਕਾਰ ਚੰਗਾ ਨਹੀਂ ਕਰ ਰਹੀ। ਉਨ੍ਹਾਂ ਅੱਗੇ ਕਿਹਾ ਕਿ ਜਥੇਬੰਦੀ ਫਲਸਤੀਨ ਦੇ ਲੋਕਾਂ ਦੇ ਆਪਣੇ ਸੁਤੰਤਰ ਫਲਸਤੀਨ ਰਾਜ ਦੇ ਜਾਇਜ਼ ਹੱਕ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ 
 ਮੀਟਿੰਗ ਵਿੱਚ ਨਿਆਂਪਾਲਿਕਾ ਦੀ ਆਜ਼ਾਦੀ ਵਿੱਚ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ 'ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ  ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲ ਕੇ ਵਕੀਲਾਂ ਦੀ ਸੁਰੱਖਿਆ ਐਕਟ ਪਾਸ ਕਰਨ ਲਈ ਪੰਜਾਬ ਸਰਕਾਰ ਨੂੰ ਅਪੀਲ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।  ਨੌਜਵਾਨ ਵਕੀਲਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵੀ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਨੌਜਵਾਨ ਵਕੀਲਾਂ ਨੂੰ ਉਨ੍ਹਾਂ ਦੇ ਦਾਖਲੇ ਤੋਂ ਪੰਜ ਸਾਲ ਤੱਕ ਵਜ਼ੀਫ਼ਾ ਦੇਣ ਲਈ ਕੇਰਲਾ ਪੈਟਰਨ 'ਤੇ ਕਾਨੂੰਨ ਪਾਸ ਕੀਤਾ ਜਾਵੇਗਾ।
 ਮੀਟਿੰਗ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਜਥੇਬੰਦੀ ਪੰਜਾਬ ਦੇ ਸਰਪ੍ਰਸਤ ਸੰਪੂਰਨ ਸਿੰਘ ਛਾਜਲੀ, ਹਰਚੰਦ ਸਿੰਘ ਬਾਠ ਐਡਵੋਕੇਟ ਹਾਈਕੋਰਟ, ਜਸਪਾਲ ਸਿੰਘ ਦੱਪਰ ਜਨਰਲ ਸਕੱਤਰ ਆਈ.ਏ.ਐਲ ਪੰਜਾਬ, ਹਾਕਮ ਸਿੰਘ ਐਡਵੋਕੇਟ ਬਰਨਾਲਾ, ਰਜਿੰਦਰ ਸਿੰਘ ਐਡਵੋਕੇਟ ਰਾਜਪੁਰਾ, ਅੰਗਰੇਜ ਸਿੰਘ ਕਲੇਰ ਐਡਵੋਕੇਟ ਮਾਨਸਾ, ਜੋਗਿੰਦਰ ਸ਼ਰਮਾ ਐਡਵੋਕੇਟ ਹਾਈਕੋਰਟ ਅਤੇ ਸਨੇਹਪ੍ਰੀਤ ਸਿੰਘ ਐਡਵੋਕੇਟ ਮੁਹਾਲੀ ਸ਼ਾਮਲ ਸਨ।

ਟ੍ਰੈਫਿਕ ਇੰਚਾਰਜ ਜਗਰਾਓਂ ਨੇ ਵਾਹਨਾਂ ਦੀ ਕੀਤੀ ਚੈਕਿੰਗ।

ਜਗਰਾਓਂ 02 ਅਪ੍ਰੈਲ  ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ 

ਐਸਐਸਪੀ ਲੁਧਿਆਣਾ  ਦਿਹਾਤੀ  ਸਰਦਾਰ ਨਵਨੀਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੋਕ ਸਭਾ ਚੁਣਾਵਾਂ ਦੇ ਮੱਦੇ ਨਜ਼ਰ ਚੱਲ ਰਹੀ ਚੈਕਿੰਗ ਦੌਰਾਨ ਡੀਐਸਪੀ ਮਨਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਟਰੈਫਿਕ ਇੰਚਾਰਜ ਜਗਰਾਉਂ ਕੁਮਾਰ ਸਿੰਘ ਨੇ ਮੌਕੇ ਉੱਤੇ ਤਹਿਸੀਲ ਚੌਂਕ ਵਿੱਚ ਆ ਰਹੇ ਵਾਹਨਾਂ ਨੂੰ ਰੋਕ ਰੋਕ ਕੇ ਚੈਕਿੰਗ ਕੀਤੀ ਇਸ ਚੈਕਿੰਗ ਦੌਰਾਨ ਉਹਨਾਂ ਨੂੰ ਕੁਛ ਇਸੇ ਤਰ੍ਹਾਂ ਦੀ ਕੋਈ ਚੀਜ਼ ਤਾਂ ਨਹੀਂ ਮਿਲੀ ਪਰ ਲੋਕਾਂ ਦੇ ਵਿੱਚ ਇੱਕ ਮੈਸਜ ਪਹੁੰਚਾਉਣ ਦੇ ਲਈ ਉਹਨਾਂ ਨੇ ਆਲਾ ਅਧਿਕਾਰੀਆਂ ਦੇ ਦਿਸ਼ਾ ਦੇਸ਼ਾਂ ਤੇ ਜੋ ਮੁਹਈਮ ਚਲਾਈ ਹੋਈ ਹੈ।ਉਸ ਮੁਹਿੰਮ ਨੂੰ ਮਧੇ ਨਜ਼ਰ ਰੱਖਦੇ ਹੋਏ ਸ਼ਹਿਰ ਵਿੱਚ ਚੈਕਿੰਗ ਦਾ ਜੋ ਬਿਆਨ ਚੱਲ ਰਿਹਾ ਹੈ। ਉਹ ਬਹੁਤ ਹੀ ਕਾਬਲੇ ਤਰੀਫ ਹੈ ਇਸ ਮੌਕੇ ਉਨਾਂ ਦੇ ਨਾਲ ਉਹਨਾਂ ਦੇ ਜੂਨੀਅਰ ਥਾਣੇਦਾਰ ਸਰਦਾਰ ਸਾਂਘਾ ,ਥਾਣੇਦਾਰ ਮਹਿੰਦਰ ਪਾਲ ਸਿੰਘ ,ਥਾਣੇਦਾਰ ਸੋਹਣ ਸਿੰਘ  ਦੀ ਮੌਜੂਦ ਸਨ।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਆਯੋਜਿਤ

ਲੁਧਿਆਣਾ, 31ਮਾਰਚ  (ਕਰਨੈਲ ਸਿੰਘ ਐੱਮ.ਏ. )  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਬੱਤ ਦੇ ਭਲੇ ਨੂੰ ਸਮਰਪਿਤ  ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ  ਭਾਈ ਗੁਰਦੇਵ ਸਿੰਘ ਪਟਿਆਲੇ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਰੀ ਇਲਾਹੀ ਬਾਣੀ ਸਮੁੱਚੀ ਮਨੁੱਖਤਾ ਨੂੰ ਅਕਾਲ ਪੁਰਖ ਦੀ ਬੰਦਗੀ ਕਰਨ ਅਤੇ ਸਰਬੱਤ ਦਾ ਭਲਾ ਮੰਗਣ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ। ਜਿਸ ਦੇ ਸਦਕਾ ਸਮੁੱਚੀ ਲੋਕਾਈ ਗੁਰਬਾਣੀ ਨੂੰ ਆਪਣਾ ਸਤਿਕਾਰ ਅਰਪਿਤ ਕਰਦੀ ਹੈ। ਉਨ੍ਹਾਂ ਨੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਨਿਰੰਤਰ ਚਲਾਈ ਜਾ ਰਹੀ ਹਫਤਾਵਾਰੀ ਕੀਰਤਨ ਸਮਾਗਮ ਲੜੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ ਅਤੇ ਕੀਰਤਨ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਧਰਮ ਦੇ ਮਾਰਗ ਉੱਪਰ ਚੱਲਣ, ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਤਾਕੀਦ ਵੀ ਕੀਤੀ।
ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਨੇ ਕਿਹਾ ਕਿ ਕੀਰਤਨ ਸਮਾਗਮ ਕਰਵਾਉਣੇ ਤਾਂ ਹੀ ਸਫਲਾ ਹੋ ਸਕਦੇ ਹਨ। ਜੇਕਰ ਅਸੀਂ ਗੁਰੂ ਦੇ ਉਪਦੇਸ਼ਾਂ ਨੂੰ ਸਮੁੱਚੀ ਮਾਨਵਤਾ ਤੱਕ ਪੁਹੰਚਾਣ ਦਾ ਯਤਨ ਕਰੀਏ ਅਤੇ ਆਪ ਨੂੰ ਸੰਪੂਰਨ ਸਿੱਖ ਬਣਾ ਕੇ  ਸਿਮਰਨ ਦੇ ਸਿਧਾਂਤ ਨਾਲ ਜੁੜੀਏ ਤਾਂ ਹੀ ਸਿੱਖੀ ਦੀ ਫੁਲਵਾੜੀ ਹੋਰ ਮਹਿਕ ਸਕੇਗੀ।
ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਗੁਰਦੇਵ ਸਿੰਘ ਪਟਿਆਲਾ  ਅਤੇ ਉਨ੍ਹਾਂ ਦੇ ਕੀਰਤਨੀ ਜੱਥੇ  ਦੇ ਮੈਂਬਰਾਂ ਨੂੰ ਸਿਰੋਪਾਉ ਭੇਟ ਕੀਤੇ । ਇਸ ਦੌਰਾਨ ਸ੍ਰ.ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਭਾਈ ਨਰਿੰਦਰ ਸਿੰਘ  ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ  ਵਾਲਿਆਂ ਦਾ ਕੀਰਤਨੀ ਜੱਥਾ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰੇਗਾ।ਸਮਾਗਮ ਦੌਰਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਪ੍ਰਧਾਨ ਸ੍ਰ.ਇੰਦਰਜੀਤ ਸਿੰਘ ਮੱਕੜ, ਜਤਿੰਦਰਪਾਲ ਸਿੰਘ ਸਲੂਜਾ,ਸ੍ਰ.ਕਰਨੈਲ ਸਿੰਘ ਬੇਦੀ, ਸ੍ਰ. ਪ੍ਰਿਤਪਾਲਸਿੰਘ, ਮਨਜੀਤ ਸਿੰਘ ਟੋਨੀ , ਭੁਪਿੰਦਰਪਾਲ  ਸਿੰਘ ਧਵਨ,  ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ), ਰਣਜੀਤ ਸਿੰਘ ਖਾਲਸਾ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ, ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ, ਹਰਕੀਰਤ ਸਿੰਘ ਬਾਵਾ,ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਬਲਜੀਤ ਸਿੰਘ ਬਾਵਾ ,ਅਵਤਾਰ ਸਿੰਘ ਮਿੱਡਾ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ, ਕਰਨਦੀਪ ਸਿੰਘ, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਜਵੱਦੀ ਟਕਸਾਲ ਵਿਖੇ ਗੁਰਮਤਿ ਵਿੱਚ “ਮੀਰੀ-ਪੀਰੀ” ਦਾ ਸੰਕਲਪ ਦੇ ਵਿਸ਼ੇ ਤੇ ਸੈਮੀਨਾਰ ਚੜ੍ਹਦੀਕਲਾ ਨਾਲ ਹੋਇਆ ਸੰਪੰਨ

ਗੁਰਮਤਿ ਵਿੱਚ ਧਰਮ ਅਤੇ ਰਾਜਨੀਤੀ ਦਾ ਸੁਮੇਲ ਹੋਣਾ ਜ਼ਰੂਰੀ ਹੈ – ਸੰਤ ਬਾਬਾ ਅਮੀਰ ਸਿੰਘ ਜੀ
ਲੁਧਿਆਣਾ 31 ਮਾਰਚ (ਕਰਨੈਲ ਸਿੰਘ ਐੱਮ.ਏ. ): ਬੀਤੇ ਕੱਲ੍ਹ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੀ ਸਿੱਖ ਸਮਾਜ ਸਨਮੁੱਖ ਮੌਜੂਦਾ ਹਾਲਾਤਾਂ ਅਤੇ ਭਵਿੱਖ ਦੀਆਂ ਚਣੌਤੀਆਂ ਦੇ ਮੱਦੇਨਜ਼ਰ ਕੀਤੀ ਪਹਿਲਕਦਮੀ, ਟਕਸਾਲ ਦੇ ਮੁੱਖ ਕੇਂਦਰ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਕਰਵਾਏ ਮੀਰੀ-ਪੀਰੀ ਦੇ ਸੰਕਲਪ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਉਪਰੰਤ ਬਾਬਾ ਜੀ ਨੇ ਡਾ: ਨਛੱਤਰ ਸਿੰਘ, ਪ੍ਰਿੰ: ਸਹਿਜਪਾਲ ਸਿੰਘ, ਪ੍ਰਸਿੱਧ ਵਿਦਵਾਨ ਡਾ: ਅਨੁਰਾਗ ਸਿੰਘ, ਡਾ: ਸੁਖਦਿਆਲ ਸਿੰਘ, ਡਾ: ਹਰਪਾਲ ਸਿੰਘ ਪੰਨੂ, ਡਾ: ਗੁਰਮੀਤ ਸਿੰਘ ਸਿੱਧੂ, ਪ੍ਰੋ: ਹਰਮੀਤ ਕੌਰ ਜੀ ਦੇ ਸੈਮੀਨਾਰ ਵਿੱਚ ਪਹੁੰਚਣ ਤੇ ਧੰਨਵਾਦ ਪ੍ਰਗਟ ਕੀਤਾ। ਵਿਸ਼ੇਸ਼ ਤੌਰ ਤੇ ਸੈਮੀਨਾਰ ਦੇ ਮੁੱਖ ਮਹਿਮਾਨ ਸਿੰਘ ਸਾਹਿਬ ਸੰਤ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਬੁੱਢਾ ਦਲ ਸੈਮੀਨਾਰ ਵਿੱਚ ਪਹੁੰਚ ਕੇ ਆਪਣੇ ਵਿਚਾਰ ਸਾਂਝੇ ਕਰਨ ਤੇ ਆਪਣੀ ਹਾਜ਼ਰੀ ਲਗਾਉਣ ਕਰਕੇ ਬਾਬਾ ਜੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਬਾ ਜੀ ਨੇ ਕਿਹਾ ਕਿ ਅਜੋਕਾ ਦੌਰ ਵਿੱਚ ਧਰਮ ਤੇ ਰਾਜਨੀਤੀ ਦੇ ਸੰਬੰਧ 'ਚ ਮੀਰੀ-ਪੀਰੀ ਦਾ ਸੰਕਲਪ ਹੀ ਉਸਾਰੀ ਸੇਧ ਦੇਣ ਦੇ ਸਮਰੱਥ ਹੈ। ਲੋਕਤੰਤਰ ਦੇ ਯੁੱਗ ਚ ਬਹੁਧਰਮੀ ਦੇਸ਼ ਚ ਘੱਟ ਗਿਣਤੀਆਂ ਧਰਮ ਦੇ ਪੈਰੋਕਾਰ ਅਸੁਰੱਖਿਅਤ ਹਨ। ਇਸੇ ਦੂਰ ਅੰਦੇਸ਼ੀ ਤਹਿਤ ਮੀਰੀ-ਪੀਰੀ ਕਿਰਪਾਨ ਧਾਰਨ ਕੀਤੀਆਂ। ਨਾਨਕ ਰਾਜ ਦੇ ਪਾਤਸ਼ਾਹੀ ਦਾਵੇ ਹਲਤ ਮੁਖੀ ਪ੍ਰਭਤਾ ਨੂੰ ਸਪੱਸ਼ਟ ਕੀਤਾ। ਇਸ ਲਈ ਧਰਮ ਅਤੇ ਰਾਜਨੀਤੀ ਦੇ ਵਿਚਕਾਰ ਇਕਸੁਰਤਾ ਹੋਣ ਦੇ ਬਾਵਜ਼ੂਦ ਏਨ੍ਹਾ ਦੇ ਅਧਿਕਾਰ ਖੇਤਰ ਵੱਖੋ-ਵੱਖਰੇ ਹਨ। ਮੀਰੀ-ਪੀਰੀ ਦਾ ਸੰਕਲਪ ਹੀ ਲੋਕਤੰਤਰ ਦਾ ਆਦਰਸ਼ ਹੋ ਸਕਦਾ ਹੈ।  ਗੁਰਮਤਿ ਵਿੱਚ ਧਰਮ ਅਤੇ ਰਾਜਨੀਤੀ ਦਾ ਸੁਮੇਲ ਹੋਣਾ ਜ਼ਰੂਰੀ ਹੈ। ਇਸ ਸੈਮੀਨਾਰ ਵਿੱਚ ਡਾ:ਰਣਜੀਤ ਸਿੰਘ, ਡਾ: ਸੁਖਦੇਵ ਸਿੰਘ, ਡਾ: ਅਮਰੀਕ ਸਿੰਘ ਸੋਹੀ, ਡਾ: ਦਵਿੰਦਰ ਸਿੰਘ, ਬਾਬਾ ਅਵਤਾਰ ਸਿੰਘ ਸਾਧਾਵਾਲੇ, ਬਾਬਾ ਕੁਲਦੀਪ ਸਿੰਘ ਦਬੜ੍ਹੀਖਾਨਾਂ, ਬਾਬਾ ਵਰਿੰਦਰ ਸਿੰਘ ਮਾਛੀਵਾੜਾ, ਬਾਬਾ ਮੁਖਤਿਆਰ ਸਿੰਘ ਮੋਖੀ ਜੀ ਯੂ.ਐਸ.ਏ, ਪਰਮਜੀਤ ਸਿੰਘ ਖ਼ਾਲਸਾ, ਮੇਜ਼ਰ ਸਿੰਘ, ਦਲੇਰ ਸਿੰਘ ਡੋਢ (ਪ੍ਰਧਾਨ ਸਿੱਖ ਸਟੁਡੈਂਟ ਫੈਡਰੇਸ਼ਨ), ਹਰਜਿੰਦਰ ਸਿੰਘ ਜਿੰਦਾ, ਗੁਰਵੀਰ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਤੁਰ, ਅਮਰਦੀਪ ਸਿੰਘ, ਸਤਨਾਮ ਸਿੰਘ ਕੋਮਲ, ਰਣਜੋਧ ਸਿੰਘ, ਤੇਜਪਰਤਾਪ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਬਲਵੀਰ ਸਿੰਘ ਰਾਮੂਵਾਲੀਆ, ਸੁਖਾ ਸਿੰਘ ਮੋਗਾ ਆਦਿ ਨੇ ਆਪਣੀ ਹਾਜ਼ਰੀਆਂ ਭਰੀਆਂ।
ਫੋਟੋ ਕੈਪਸ਼ਨ : ਸੰਤ ਬਾਬਾ ਅਮੀਰ ਸਿੰਘ ਜੀ ਸਨਮਾਨ ਕਰਦੇ ਹੋਏ ਬਾਬਾ ਬਲਬੀਰ ਸਿੰਘ ਜੀ, ਪਰਮਜੀਤ ਸਿੰਘ ਖਾਲਸਾ, ਬਾਬਾ ਅਵਤਾਰ ਸਿੰਘ, ਡਾ. ਸੁਖਦਿਆਲ ਸਿੰਘ ਤੇ ਨਾਲ ਆਦਿ।

ਪਿੰਡ ਗਿੱਲ ’ਚ ਜੈਲਦਾਰ ਪਰਿਵਾਰ ਵੱਲੋਂ ਮੈਡੀਕਲ ਕੈਂਪ

ਲੁਧਿਆਣਾ (ਕਰਨੈਲ ਸਿੰਘ ਐੱਮ.ਏ.) ਪਿੰਡ ਗਿੱਲ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਜੈਲਦਾਰ ਪਰਿਵਾਰ ਵੱਲੋਂ ਇੱਕੋ ਛੱਤ ਹੇਠ ਸਾਰੀਆਂ ਬੀਮਾਰੀਆਂ ਦੇ ਚੈੱਕਅਪ ਅਤੇ ਇਲਾਜ ਨੂੰ ਲਗਾਏ ਗਏ ਮੈਡੀਕਲ ਚੈੱਕਅਪ ਕੈਂਪ ਦਾ ਸੈਂਕੜੇ ਮਰੀਜ਼ਾਂ ਨੇ ਲਾਹਾ ਲਿਆ।  ਜੈਲਦਾਰ ਪਰਿਵਾਰ ਦੇ ਹਰਬੰਸ ਸਿੰਘ ਗਿੱਲ, ਮਨਜੀਤ ਕੌਰ ਗਿੱਲ, ਪਰਮਿੰਦਰਜੀਤ ਸਿੰਘ ਗਿੱਲ ਅਤੇ ਜਗਦੀਪ ਕੌਰ ਗਿੱਲ ਦੀ ਮਿੱਠੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸੀ.ਐਮ.ਸੀ ਹਸਪਤਾਲ ਦੇ ਡਾ: ਗੁਰਸ਼ਾਨ ਸਿੰਘ ਗਿੱਲ ਅਤੇ ਗੁਰਵਿੰਦਰਜੀਤ ਸਿੰਘ ਗੋਗੀ ਗਿੱਲ ਦੀ ਸਰਪ੍ਰਸਤੀ ਹੇਠ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਬਾਬਾ ਧੰਨਾ ਸਿੰਘ ਬੜੂੰਦੀ, ਬਾਬਾ ਤੇਜਿੰਦਰ ਸਿੰਘ ਜਿੰਦੂ ਨਾਨਕਸਰ ਨੇ ਕੀਤਾ। ਇਸ ਕੈਂਪ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜੈਲਦਾਰ ਪਰਿਵਾਰ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮਹਿੰਗੀਆਂ ਸਿਹਤ ਸਹੂਲਤਾਂ ਦੇ ਦੌਰ ਵਿੱਚ ਜੈਲਦਾਰ  ਪਰਿਵਾਰ ਨੇ ਲੁਧਿਆਣਾ ਦੇ ਚੋਟੀ ਦੇ ਸੀ.ਐਮ.ਸੀ ਕਾਲਜ ਅਤੇ ਹਸਪਤਾਲ ਦੇ ਸਾਰੀ ਹੀ ਬੀਮਾਰੀਆਂ ਦੇ ਮਾਹਰ ਡਾਕਟਰਾਂ ਨੂੰ ਇਕ ਛੱਤ ਹੇਠ ਇਕੱਠਿਆਂ ਕਰਨਾ ਇੱਕ ਪੁੰਨ ਦਾ ਕਾਰਜ ਹੈ। ਅੱਜ ਸੈਂਕੜਿਆਂ ਦੀ ਗਿਣਤੀ ’ਚ ਪੁੱਜੇ ਲੋਕ ਮਹਿੰਗੀਆਂ ਸਿਹਤ ਸਹੂਲਤਾਂ ਦਾ ਅੱਜ ਮੁਫਤ ਲਾਹਾ ਲੈ ਰਹੇ ਹਨ। ਇਸ ਮੌਕੇ ਡਾ: ਗੁਰਸ਼ਾਨ ਗਿੱਲ ਨੇ ਦੱਸਿਆ ਕਿ ਸੀ. ਐਮ.ਸੀ ਹਸਪਤਾਲ ਦੇ ਸਹਿਯੋਗ ਨਾਲ ਅੱਜ ਸੀ.ਐਮ.ਸੀ ਦੇ ਮੈਡੀਕਲ ਸੁਪਰਡੈਂਟ ਆਈ ਐਮ ਜੋਸਬ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿਚ ਔਰਤ ਰੋਗਾਂ ਦੇ ਮਾਹਰ, ਅੱਖਾਂ, ਮੈਡੀਸਨ, ਚਮੜੀ, ਹੱਡੀਆਂ, ਦੰਦਾਂ ਅਤੇ ਦਿਲ ਦੀ ਬੀਮਾਰੀਆਂ ਦੇ ਮਾਹਰ ਡਾਕਟਰਾਂ ਦੀ ਵੱਡੀ ਟੀਮ ਵੱਲੋਂ ਮਰੀਜ਼ਾਂ ਦਾ ਜਿੱਥੇ ਚੈੱਕਅਪ ਕੀਤਾ ਗਿਆ ਹੈ, ਉਥੇ ਜੈਲਦਾਰ ਪਰਿਵਾਰ ਵੱਲੋਂ ਮੁਫਤ ਦਵਾਈਆਂ, ਅਨੇਕਾਂ, ਈਸੀਜੀ ਅਤੇ ਟੈਸਟ ਵੀ ਮੁਫ਼ਤ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਮੁਫ਼ਤ ਅਤੇ ਉੱਚ ਕੋਟੀ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕੈਂਪ ਲਗਾਉਣ ਲਈ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਜੈਲਦਾਰ ਪਰਿਵਾਰ ਵੱਲੋਂ ਆਈਆਂ ਸਖਸ਼ੀਅਤਾਂ, ਮਹਿਮਾਨਾਂ ਅਤੇ ਸੰਤਾਂ, ਮਹਾਂਪੁਰਸ਼ਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਅਮਰਜੀਤ ਸਿੰਘ ਟਿੱਕਾ, ਜਸਪਾਲ ਸਿੰਘ ਸਿੱਧੂ, ਬਿਜਲੀ ਮੁਲਾਜ਼ਮ ਆਗੂ ਚਰਨਜੀਤ ਸਿੰਘ ਸੋਹਲ, ਹਰਚਰਨ ਸਿੰਘ ਬਰਾੜ ਮੁਕਤਸਰ, ਸੁਖਮਨ ਸਿੰਘ ਬਰਾੜ, ਅਰਸ਼ ਭੁੱਲਰ, ਸੰਦੀਪ ਸਿੰਘ ਸੀਨੀਅਰ ਮਾਰਸ਼ਲ ਅਤੇ ਰਮਨਦੀਪ ਸਿੰਘ ਦੋਧਰ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ: ਪਿੰਡ ਗਿੱਲ ਵਿਖੇ ਜੈਲਦਾਰ ਪਰਿਵਾਰ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦੇ ਉਦਘਾਟਨ ਮੌਕੇ ਸੀਐਮਸੀ ਹਸਪਤਾਲ ਦੇ ਆਈਐਮ ਜੋਸਬ, ਡਾ. ਗੁਰਸ਼ਾਨ ਗਿੱਲ, ਗੁਰਵਿੰਦਰਜੀਤ ਗੋਗੀ ਗਿੱਲ, ਚਰਨਜੀਤ ਸੋਹਲ ਅਤੇ ਹੋਰ

ਚੇਤਨਾਂ ਕੰਨਵੈਸ਼ਨ ਵਿੱਚ 11 ਅਪ੍ਰੈਲ ਨੂੰ ਮੋਗਾ ਵਿਖੇ ਸਮੂਲੀਅਤ ਕੀਤੀ ਜਾਵੇਗੀ - ਆਗੂ

ਲੁਧਿਆਣਾ 31ਮਾਰਚ (ਸਤਵਿੰਦਰ ਸਿੰਘ ਗਿੱਲ) 31 ਮਾਰਚ  ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਦੀ ਕਲਾਸ ਫ਼ੋਰ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ 1680 ਸੈਕਟਰ 22 ਬੀ ਚੰਡੀਗੜ੍ਹ ਦੀ ਇਕਾਈ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ ਵੱਖ ਵਿਭਾਗਾਂ ਤੋਂ ਆਗੂ ਸਾਥੀ ਸ਼ਾਮਲ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਰਨਲ ਸਕੱਤਰ ਸੁਰਿੰਦਰ ਸਿੰਘ ਬੈਂਸ,ਨੇ ਕਿਹਾ ਕਿ ਮੌਜੂਦਾ ਸਮੇਂ ਦੇਸ਼ ਦੇ ਹਾਲਤ ਬੇਰੁਜਗਾਰੀ,ਮਹਿੰਗਾਈ,ਗਰੀਬੀ,ਭੁੱਖਮਰੀ ਦੀ ਕੀ ਸਥਿਤੀ ਹੈ ਸਿਹਤ ਅਤੇ ਸਿੱਖਿਆ ਦਾ ਕੀ ਹਾਲ ਹੈ ,ਮੁਲਾਜਮ-ਮਜਦੂਰ ਵਰਗ ਦੀ ਆਰਥਿਕ ਸਥਿਤੀ ਚ ਕਿਨਾਂ ਕੁ ਸੁਧਾਰ ਆਇਆ ਹੈ ,ਪੁਰਾਣੀ ਪੈਨਸ਼ਨ ਲਾਗੂ ਕਰਨ,ਘੱਟੋ ਘੱਟ ਉਜਰਤ 26000/ਰੁਪੈ ਕਰਨ,ਠੇਕਾ ਪ੍ਰਣਾਲੀ ਦਾ ਖਾਤਮਾਂ ਕਰਕੇ ਰੈਗੂਲਰ ਭਰਤੀ ਕਰਨਾ,ਸਿਵਲ ਸੇਵਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ,ਆਦਿ ਇਹਨਾਂ ਸਭ ਮੁੱਦਿਆਂ ਤੇ ਡੂੰਘੀਆਂ ਵਿਚਾਰਾਂ ਕਰਨ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ ਚੰਡੀਗੜ੍ਹ ਵਲੋਂ  ਚੇਤਨਾ ਕੰਨਵੈਸਨ  ਮਿਤੀ 11 ਅਪ੍ਰੈਲ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਹੈ ਉਸ ਵਿੱਚ ਜ਼ਿਲ੍ਹਾ ਲੁਧਿਆਣਾ ਤੋਂ ਆਗੂ ਸਾਥੀ ਸ਼ਾਮਲ ਹੋਣਗੇ। ਅੱਜ ਦੀ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਅਸ਼ੋਕ ਕੁਮਾਰ ਮੱਟੂ, ਮਾਤਾ ਪ੍ਰਸ਼ਾਦਿ,ਲਾਭ ਸਿੰਘ ਬੇਰਕਲਾਂ, ਰਕੇਸ਼ ਕੁਮਾਰ ਸੁੰਢਾ, ਇੰਦਰਜੀਤ ਸਿੰਘ, ਹਜ਼ਾਰੀ ਲਾਲ ਮੱਤੇਵਾੜਾ,ਜੀਤ ਸਿੰਘ, ਜਸਵੰਤ ਸਿੰਘ, ਜੈਵੀਰ, ਸੋਨੂ, ਅਮਰਨਾਥ, ਸਤਿੰਦਰ ਸਿੰਘ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਮਿਡੇਮੀਲ ਵਰਕਰਾਂ ਤੋਂ ਸਕੂਲਾਂ ਵਿੱਚ ਵਾਧੂ ਕੰਮ ਲੈਣਾ ਬੰਦ ਕੀਤਾ ਜਾਵੇ, ਡਬਲ ਸ਼ਿਫਟ ਵਾਲੇ ਸਕੂਲਾਂ ਵਿੱਚ ਕਰਮਚਾਰੀਆਂ ਤੋਂ ਵਾਧੂ ਸਮਾਂ ਡਿਊਟੀ ਲੈਂਣੀ ਬੰਦ ਕੀਤੀ ਜਾਵੇ ,ਅਤੇ ਪੱਕੀ ਭਰਤੀ ਕੀਤੀ ਜਾਵੇ, ਮੱਤੇਵਾੜਾ ਪਸ਼ੂ ਫਾਰਮ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਦਰਜ਼ਾ ਚਾਰ ਕਰਮਚਾਰੀਆਂ ਨੂੰ ਪਹਿਲਾਂ ਦੀ ਤਰ੍ਹਾਂ ਦਫ਼ਤਰ ਵਲੋਂ ਤਨਖਾਹ ਦਿੱਤੀ ਜਾਵੇ, ਇਸ ਤੋਂ ਇਲਾਵਾ ਕੈਸ਼ੀਅਰ ਰਣਜੀਤ ਸਿੰਘ ਨੇ ਕਿਹਾ ਕਿ 20 ਅਪ੍ਰੈਲ 2024  ਤੋਂ ਪਹਿਲਾਂ ਪਹਿਲਾਂ ਸਲਾਨਾ ਮੈਂਬਰਸ਼ਿਪ ਮਕੁੰਮਲ ਕਰਕੇ ਜਮਾਂ ਕਰਵਾ ਦਿੱਤੀ ਜਾਵੇ ਯੂਨੀਅਨ ਦੇ ਸਰਪ੍ਰਸਤ ਮਾਤਾ ਪ੍ਰਸ਼ਾਦਿ ਅਤੇ ਚੈਅਰਮੈਨ ਪਰਮਜੀਤ ਸਿੰਘ ਨੇ ਸਭ ਆਗੂ ਸਾਥੀਆਂ ਦਾ ਮੀਟਿੰਗ ਵਿੱਚ ਹਾਜ਼ਰ ਹੋਣ ਤੇ ਧੰਨਵਾਦ ਕੀਤਾ।

ਲੇਲੇਵਾਲਾ ਗੈਸ ਪਾਈਪ ਲਾਈਨ ਦੇ ਸਮਝੌਤੇ ਸਬੰਧੀ ਵੱਡੀ ਗਿਣਤੀ 'ਚ ਔਰਤਾਂ ਨੇ ਕੀਤੀ ਸ਼ਮੂਲੀਅਤ।

ਤਲਵੰਡੀ ਸਾਬੋ, 31 ਮਾਰਚ (ਗੁਰਜੰਟ ਸਿੰਘ ਨਥੇਹਾ)- ਇਕ ਜੁਲਾਈ 2023 ਤੋਂ ਲੇਲੇਵਾਲਾ ਵਿਖੇ ਗੈਸ ਪਾਈਪ ਲਾਈਨ ਦੇ ਮੁਆਵਜੇ ਸਬੰਧੀ ਹੋਏ ਸਮਝੌਤੇ ਨੂੰ ਲਾਗੂ ਕਰਾਉਣ ਲਈ ਚੱਲ ਰਹੇ ਮੋਰਚੇ ਵਿੱਚ ਅੱਜ ਔਰਤਾਂ ਨੇ ਸਮੂਲੀਅਤ ਕੀਤੀ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਔਰਤ ਜਥੇਬੰਦੀ ਦੇ ਜ਼ਿਲ੍ਹਾ ਬਠਿੰਡਾ ਦੀ ਜਰਨਲ ਸਕੱਤਰ ਕਰਮਜੀਤ ਕੌਰ ਲਹਿਰਾਖਾਨਾ ਨੇ ਕਿਹਾ ਕਿ ਗੈਸ ਪਾਈਪ ਲਾਈਨ ਦੇ ਹੋਏ ਸਮਝੌਤੇ ਨੂੰ 10 ਮਹੀਨਿਆਂ ਤੋਂ ਉੱਪਰ ਹੋ ਗਏ ਹਨ ਪਰ ਜਿੱਥੇ ਕੰਪਨੀ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਾਣ ਬੁਝ ਕੇ ਕਿਸਾਨਾਂ ਨਾਲ ਕੀਤੇ ਲਿਖਤੀ ਸਮਝੌਤੇ ਨੂੰ ਲਾਗੂ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਉਥੇ ਲੋਕਾਂ ਦੀ ਪਾਰਟੀ ਵਜੋਂ ਉਭਰ ਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਕਿਸਾਨਾਂ ਦੀ ਲਗਾਤਾਰ ਅਣਸੁਣੀ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਪੰਜਾਬ ਦੇ ਖੇਤੀਬਾੜੀ ਮੰਤਰੀ ਅਤੇ ਬਠਿੰਡਾ ਤੋਂ ਲੋਕ ਸਭਾ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ ਜਿਸ ਦੌਰਾਨ ਉਹਨਾਂ ਨੇ 4 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਤਹਿ ਕਰ ਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਔਰਤ ਆਗੂਆਂ ਨੇ ਕਿਹਾ ਕਿ ਜੇਕਰ 04 ਅਪ੍ਰੈਲ ਨੂੰ ਮੀਟਿੰਗ ਦੌਰਾਨ ਕਿਸਾਨਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਜਥੇਬੰਦੀ ਵੱਲੋਂ ਕੀਤੇ ਫੈਸਲੇ ਮੁਤਾਬਿਕ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪਿੰਡਾਂ ਵਿੱਚ ਵਿਰੋਧ ਕੀਤਾ ਜਾਵੇਗਾ ਜਿਸ ਵਿੱਚ ਔਰਤਾਂ ਵੀ ਸ਼ਾਮਲ ਹੋਣਗੀਆਂ। ਉਹਨਾਂ ਕਿਹਾ ਕਿ ਕੀਤੇ ਸਮਝੌਤੇ ਮੁਤਾਬਕ ਜਿੰਨਾ ਕਿਸਾਨਾਂ ਦੇ ਖੇਤਾਂ ਵਿੱਚੋਂ ਦੀ ਪਾਈਪਲਾਈਨ ਪਾਈ ਜਾ ਚੁੱਕੀ ਹੈ ਉਹਨਾਂ ਨੂੰ ਵੀ 24 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ, ਮੀਂਹ, ਗੜੇਮਾਰੀ ਤੇ ਤੂਫਾਨ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ, ਕਈ ਸਾਲਾਂ ਤੋਂ ਬਰਬਾਦ ਹੋ ਰਹੀ ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਗੁਲਾਬੀ ਸੁੰਡੀ ਅਤੇ ਹੋਰ ਬਿਮਾਰੀਆਂ ਤੋਂ ਰੋਗ ਰਹਿਤ ਬੀਜ ਦਿੱਤੇ ਜਾਣ, ਭਾਰਤ ਮਾਲਾ ਸੜਕ ਦਾ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ, ਟੇਲਾਂ 'ਤੇ ਨਹਿਰੀ ਪਾਣੀ ਦੀ ਸਮੱਸਿਆ ਹੱਲ ਕੀਤੀ ਜਾਵੇ, ਗੰਭੀਰ ਬਿਮਾਰੀ ਕਾਰਨ ਨੁਕਸਾਨ ਹੋਏ ਪਸ਼ੂਆਂ ਦਾ ਮੁਆਵਜਾ ਦਿੱਤਾ ਜਾਵੇ। ਉਹਨਾਂ ਔਰਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਘਰਸ਼ ਦੇ ਮੈਦਾਨਾਂ ਵਿੱਚ ਸ਼ਾਮਿਲ ਹੋਇਆ ਜਾਵੇ। ਅੱਜ ਦੇ ਧਰਨੇ ਨੂੰ ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਗੁਰਜੀਤ ਸਿੰਘ ਬੰਗੇਹਰ ਚੜਤ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਹਰਪ੍ਰੀਤ ਸਿੰਘ ਕਾਲਾ ਚੱਠੇਵਾਲਾ ਨੇ ਨਿਭਾਉਂਦਿਆਂ ਸੱਦਾ ਦਿੱਤਾ ਕਿ 04 ਅਪ੍ਰੈਲ ਨੂੰ ਔਰਤਾਂ ਸਮੇਤ ਬਠਿੰਡੇ ਵੱਧ ਤੋਂ ਵੱਧ ਪਹੁੰਚਿਆ ਜਾਵੇ ਅਤੇ ਸਰਕਾਰ ਦੁਆਰਾ ਇਸ ਵਾਰ ਅਨਾਜ ਦੀ ਖਰੀਦ ਅਤੇ ਭੰਡਾਰਨ ਕਰਨ ਦੀ ਕਾਰਪੋਰੇਟ ਘਰਾਣਿਆਂ ਨੂੰ  ਇਜਾਜ਼ਤ ਦੇ ਕੇ ਨਿੱਜੀਕਰਨ ਦੇ ਅਮਲ ਦੀ ਸ਼ੁਰੂਆਤ ਖਿਲਾਫ 8 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਰੈਲੀ ਵਿੱਚ ਵੱਧ ਤੋਂ ਵੱਧ ਸਮੂਲੀਅਤ ਕੀਤੀ ਜਾਵੇ।