You are here

ਲੁਧਿਆਣਾ

ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਏ

ਉਹ ਹਿਰਦਾ, ਜਿੱਥੇ ਵਾਹਿਗੁਰੂ ਜੀ ਦੀ ਹੋਂਦ ਦਾ ਪ੍ਰਕਾਸ਼ ਹੋ ਜਾਵੇ ਸਭ ਤੋਂ ਪਾਵਨ ਥਾਂ ਹੁੰਦੀ ਹੈ-ਸੰਤ ਬਾਬਾ ਅਮੀਰ ਸਿੰਘ ਜੀ

ਲੁਧਿਆਣਾ 3 ਮਾਰਚ ( ਕਰਨੈਲ ਸਿੰਘ ਐੱਮ.ਏ.) ਸਿੱਖ ਧਰਮ ਪ੍ਰਚਾਰ ਪ੍ਰਸਾਰ ਲਈ ਜੀਵਨਭਰ ਕਾਰਜਸ਼ੀਲ ਰਹਿਣ ਵਾਲੀ ਅਜ਼ੀਮ ਸਿੱਖ ਸ਼ਖਸ਼ੀਅਤ ਸੱਚਖੰਡਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਸਿਰਜਿਤ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਏ ਜਾਂਦੇ ਹਨ। ਅੱਜ ਦੇ ਸਮਾਗਮ ਦੌਰਾਨ ਸੰਗਤਾਂ ਦੇ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਬਾਬਾ ਜੀ ਨੇ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਹਵਾਲੇ ਨਾਲ ਸਮਝਾਇਆ ਕਿ ਸਾਧ ਸੰਗਤ ਕੀਤਿਆਂ ਹਉਂ ਦਾ ਅਭਾਵ ਹੁੰਦਾ ਹੈ ਅਤੇ ਹਉਮੈਂ ਦੀ ਮੈਲ ਹੱਟਦੀ ਦਿਖਾਈ ਦਿੰਦੀ ਹੈ, ਮਾਲਕ "ਵਾਹਿਗੁਰੂ" ਜੀ ਦੀ ਸੋਝੀ ਪੈਂਦੀ ਹੈ, ਇਹ ਧਰਮ ਦੇ ਨਿਰਮਲ ਕਰਮ ਹਨ। ਸਾਧ ਸੰਗਤ ਕਰਨੀ, ਉਸਦੀ ਯਾਦ ਨਾ ਵਿਸਾਰਨੀ, ਬਾਣੀ ਸੁਣਨੀ ਜਾਂ ਪੜ੍ਹਨੀ, ਜਿਸ ਨਾਲ ਉਸਦੇ ਗੁਣ ਗੁਣ ਲੱਗ ਪਈਏ।
ਮਹਾਂਪੁਰਸ਼ਾਂ ਨੇ ਜੋਰ ਦਿੰਦਿਆਂ ਸਮਝਾਇਆ ਕਿ ਸਭ ਤੋਂ ਉੱਚਾ ਧਰਮ ਤੇ ਜੀਵਨ ਜਾਂਚ ਇਹ ਹੈ ਕਿ ਸਿਮਰਨ ਤੇ ਸ਼ੁੱਧ ਆਚਰਨ ਰਾਹੀਂ ਵਾਹਿਗੁਰੂ ਦੀ ਪਾਈ ਹਜ਼ੂਰੀ ਨੂੰ ਸਦਾ ਕਾਇਮ ਰੱਖਣ ਲਈ ਸਿਮਰਨ ਦੀ ਘਾਲ ਕਰੀ ਜਾਈਏ। ਸਭ ਬਾਣੀਆਂ ਵਿੱਚ ਉਹ ਹੀ ਸਦਾ ਰਹਿਣ ਵਾਲੀ ਮਿੱਠੀ ਬਾਣੀ ਹੈ, ਜਿਸ ਨੂੰ ਸੁਣਦਿਆਂ ਹੀ ਰਸਨਾ ਵਾਹਿਗੁਰੂ ਦੇ ਗੁਣ ਗਾਉਣ ਲੱਗ ਜਾਵੇ। ਬਾਬਾ ਜੀ ਨੇ ਗੁਰਬਾਣੀ ਦੇ ਕਈ ਸ਼ਬਦਾਂ ਦੇ ਹਵਾਲੇ ਨਾਲ ਸਮਝਾਇਆ ਕਿ ਸਭ ਥਾਵਾਂ ਤੋਂ ਪਾਵਨ ਥਾਂ ਉਹ ਹਿਰਦਾ ਹੈ, ਜਿੱਥੇ ਵਾਹਿਗੁਰੂ ਜੀ ਦੀ ਹੋਂਦ ਦਾ ਪ੍ਰਕਾਸ਼ ਹੋ ਜਾਂਦਾ ਹੈ।

ਭਖਦੇ ਕਿਸਾਨੀ ਮਸਲਿਆਂ ਲਈ ਕਿਸਾਨਾਂ ਦਾ ਜਨਤਕ ਸੰਘਰਸ਼ ਦਾ ਜਮਹੂਰੀ ਹੱਕ ਖੋਹਣ ਵਿਰੁੱਧ 3 ਕਿਸਾਨ ਜਥੇਬੰਦੀਆਂ ਵੱਲੋਂ 5 ਮਾਰਚ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੇ ਵਿਸ਼ਾਲ ਰੋਸ ਮਾਰਚ ਕਰਨ ਦਾ ਐਲਾਨ

ਚੰਡੀਗੜ੍ਹ , 03  ਮਾਰਚ ( ਜਨ ਸ਼ਕਤੀ ਨਿਊਜ਼ ਬਿਊਰੋ    ) ਭਾਕਿਯੂ (ਏਕਤਾ-ਉਗਰਾਹਾਂ), ਭਾਕਿਯੂ ਏਕਤਾ ਡਕੌਂਦਾ (ਧਨੇਰ) ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਾਰਤ ਤਿੰਨਾਂ ਜਥੇਬੰਦੀਆਂ ਵੱਲੋਂ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਵਰਗੇ ਭਖਦੇ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦੇ ਲਿਖਤੀ ਵਾਅਦੇ ਤੋਂ ਮੁੱਕਰਨ ਅਤੇ ਇਸ ਖਾਤਰ ਦਿੱਲੀ ਜਾ ਰਹੇ ਕਿਸਾਨਾਂ ਦੇ ਜਨਤਕ ਸੰਘਰਸ਼ ਦੇ ਸੰਵਿਧਾਨਕ ਜਮਹੂਰੀ ਹੱਕ ਦਾ ਘਾਣ ਕਰਨ ਵਾਲ਼ੀ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਵਿਸ਼ਾਲ ਜਨਤਕ ਉਭਾਰ ਪੈਦਾ ਕਰਨ ਲਈ 5 ਮਾਰਚ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰੇ ਵਿਸ਼ਾਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਅੱਜ ਇੱਥੇ ਪ੍ਰੈਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਜਥੇਬੰਦੀਆਂ ਦੇ ਪ੍ਰਧਾਨ ਕ੍ਰਮਵਾਰ ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਧਨੇਰ ਅਤੇ ਡਾ: ਦਰਸ਼ਨਪਾਲ ਨੇ ਦੱਸਿਆ ਕਿ ਬੀਤੇ ਦਿਨ ਇਸ ਸੰਬੰਧੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਹੀ ਇਹ ਫੈਸਲਾ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਵਿਸ਼ਾਲ ਰੋਸ ਐਕਸ਼ਨ ਦੀਆਂ ਮੁੱਖ ਮੰਗਾਂ ਵਿਚ ਦਸੰਬਰ '21 ਦੇ ਲਿਖਤੀ ਸਰਕਾਰੀ ਵਾਅਦੇ ਵਾਲੀਆਂ ਮੰਗਾਂ ਜਿਵੇਂ ਸਭ ਫਸਲਾਂ ਦੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ, ਸਰਵਜਨਿਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਵਰਗੀਆਂ ਸਮੂਹ ਲਟਕਦੀਆਂ ਮੰਗਾਂ ਤੋਂ ਇਲਾਵਾ ਭਾਰਤ ਨੂੰ ਡਬਲਯੂ ਟੀ ਓ ਤੋਂ ਬਾਹਰ ਲਿਆਉਣ, ਸ਼ੁਭਕਰਨ ਸਿੰਘ ਦੇ ਕਤਲ ਅਤੇ ਪ੍ਰੀਤਪਾਲ ਸਿੰਘ ਦੀਆਂ ਲੱਤਾਂ/ਜਬਾੜ੍ਹੇ ਤੋੜਨ ਲਈ ਜ਼ਿੰਮੇਵਾਰ ਕੇਂਦਰ ਤੇ ਹਰਿਆਣਾ ਦੇ ਗ੍ਰਹਿ ਮੰਤਰੀਆਂ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਰੁੱਧ ਕਤਲ ਕੇਸ ਦਰਜ ਕਰ ਕੇ ਬਰਖਾਸਤ ਕਰਨ, ਦਿੱਲੀ ਘੋਲ਼ ਅਤੇ ਮੌਜੂਦਾ ਦੋਨਾਂ ਬਾਡਰਾਂ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਅਤੇ ਰਾਜਧਾਨੀ ਦਿੱਲੀ ਵਿਚ ਕਿਸਾਨਾਂ ਦਾ  ਜਨਤਕ ਸੰਘਰਸ਼ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਬਹਾਲ ਕਰਨ ਵਰਗੀਆਂ ਭਖਦੀਆਂ ਮੰਗਾਂ ਸ਼ਾਮਲ ਹਨ। ਕਿਸਾਨ ਆਗੂਆਂ ਵੱਲੋਂ ਇਨ੍ਹਾਂ ਮੰਗਾਂ ਦੀ ਪੂਰਤੀ ਦਾ ਟੀਚਾ ਹਾਸਲ ਕਰਨ ਲਈ ਜੇਤੂ ਦਿੱਲੀ ਘੋਲ਼ ਤੋਂ ਪਹਿਲਾਂ ਵਾਂਗ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਘੱਟੋ ਘੱਟ ਪ੍ਰੋਗਰਾਮ 'ਤੇ ਇੱਕਜੁਟਤਾ ਅਤੇ ਵਿਸ਼ਾਲ ਲਾਮਬੰਦੀਆਂ ਵਾਲ਼ਾ ਮਹੌਲ ਸਿਰਜਣ ਲਈ 5 ਮਾਰਚ ਦੇ ਇਨ੍ਹਾਂ ਰੋਸ ਮਾਰਚਾਂ ਵਿੱਚ ਪੰਜਾਬ ਦੀਆਂ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਗਈ ਹੈ। ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਵੀ ਇਨ੍ਹਾਂ ਰੋਸ ਮਾਰਚਾਂ ਵਿੱਚ ਪਰਵਾਰਾਂ ਸਮੇਤ ਵਹੀਰਾਂ ਘੱਤ ਕੇ ਪੁੱਜਣ ਦਾ ਜ਼ੋਰਦਾਰ ਸੱਦਾ ਦਿੱਤਾ ਗਿਆ ਹੈ। ਕਿਸਾਨ ਆਗੂਆਂ ਵੱਲੋਂ 3 ਮਾਰਚ ਨੂੰ ਸ਼ਹੀਦ ਸ਼ੁਭਕਰਨ ਸਿੰਘ ਬੱਲ੍ਹੋ ਦੇ ਪਿੰਡ ਦੀ ਦਾਣਾ ਮੰਡੀ ਵਿੱਚ ਕੀਤੇ ਜਾ ਰਹੇ ਸ਼ਰਧਾਂਜਲੀ ਸਮਾਰੋਹ ਵਿੱਚ ਵੀ ਕਿਸਾਨਾਂ ਮਜ਼ਦੂਰਾਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

ਸੰਸਾਰ ਵਪਾਰ ਸੰਸਥਾਂ ਖਿਲਾਫ ਜਿਲਾ ਪੱਧਰੀ ਧਰਨਾ ਭਲਕੇ

ਲੁਧਿਆਣਾ, 03 ਮਾਰਚ (ਗੁਰਕਿਰਤ ਜਗਰਾਓਂ,  ਮਨਜਿੰਦਰ ਗਿੱਲ)ਪੰਜਾਬ ਦੀਆਂ ਤਿੰਨ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ,ਕਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਸੰਸਾਰ ਵਪਾਰ ਸੰਸਥਾਂ ਖਿਲਾਫ ਪੰਜ ਮਾਰਚ ਨੂੰ ਸੂਬੇ ਭਰ ਚ ਕੀਤੇ ਜਾ ਰਹੇ ਜਿਲਾ ਪੱਧਰੀ ਵਿਖਾਵਿਆਂ ਦੀ ਲੜੀ ਚ ਲੁਧਿਆਣਾ ਡੀ ਸੀ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲਾ ਪੱਧਰੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਾਰੇ ਬਲਾਕਾਂ ਚੋਂ ਵੱਡੀ ਗਿਣਤੀ ਚ ਕਿਸਾਨ 5 ਮਾਰਚ ਨੂੰ ਸਵੇਰੇ 11 ਵਜੇ ਡੀ ਸੀ ਦਫਤਰ ਲੁਧਿਆਣਾ ਮੂਹਰੇ ਪ੍ਰਦਰਸ਼ਨ ਚ ਭਾਗ ਲੈਣਗੇ। ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਬੂਧਾਬੀ ਚ ਬੀਤੇ ਦਿਨੀਂ ਹੋਈ ਸੰਸਾਰ ਵਪਾਰ ਸੰਸਥਾਂ ਦੀ ਮੀਟਿੰਗ ਚ ਇਕ ਹਜਾਰ ਤੋਂ ਵੱਧ ਡੈਲੀਗੇਟਾਂ ਨੇ ਭਾਗ ਲਿਆ।ਇਸ ਮੀਟਿੰਗ ਚ ਕਿਸਾਨਾਂ ਨੂੰ ਮਿਲਦੀਆਂ ਸਬਸਿਡੀਆਂ ਖਤਮ ਕਰਨ, ਐਮ ਐਸ ਪੀ ਪੱਕੇ ਤੋਰ ਤੇ ਖਤਮ ਕਰਨ,ਅਨਾਜ ਦੀ ਸਰਕਾਰੀ ਖਰੀਦ ਦਾ ਭੋਗ ਪਾਉਣ ਦੀਆਂ ਵੱਡੀਆਂ ਮਹਾਸ਼ਕਤੀਆਂ ਨੇ ਫੈਸਲੇ ਲਏ  ਹਨ। ਉਨਾਂ ਦਸਿਆ ਕਿ ਮੀਟਿੰਗ ਵਿਚ ਭਾਰਤ ਸਰਕਾਰ ਤੋਂ ਸੰਸਾਰ ਵਪਾਰ ਸੰਸਥਾਂ ਚੋਂ ਕਿਸਾਨੀ ਨੂੰ  ਬਾਹਰ ਕਰਨ ਦੀ ਮੰਗ ਕੀਤੀ ਗਈ ਹੈ ਕਿਉਂਕਿ ਇਹ ਸੰਸਥਾਂ ਕਾਰਪੋਰੇਟਾਂ ਦੇ ਮੁਨਾਫਿਆਂ ਨੂੰ ਜਰਬਾਂ ਦੇਣ ਅਤੇ ਵਿਕਾਸਸ਼ੀਲ ਮੁਲਕਾਂ ਦੇ ਅਰਥਚਾਰੇ ਨੂੰ ਅਪਣੇ ਕਬਜੇ ਚ ਲੈਣ ਲਈ ਬਣਾਈ ਗਈ ਹੈ।ਉਨਾਂ ਦੱਸਿਆ ਕਿ ਇਹ ਵਿਖਾਵੇ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਮਨਵਾਉਣ, ਕਿਸਾਨਾਂ ਦੇ ਦਿੱਲੀ ਜਾਣ ਦੇ ਜਮਹੂਰੀ ਹੱਕ ਨੂੰ ਕੁਚਲਣ ਖਿਲਾਫ , ਹਰਿਆਣਾ ਪੁਲਸ ਵਲੋਂ ਸੰਘਰਸ਼ਸ਼ੀਲ ਕਿਸਾਨਾਂ ਤੇ ਜਬਰ ਢਾਹੁਣ ਵਿਰੁੱਧ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਡਕੌਂਦਾ ਦੀ ਅਗਵਾਈ ਚ ਇਨਾਂ ਮੰਗਾਂ ਦੀ ਪ੍ਰਾਪਤੀ ਲਈ ਡੱਬਵਾਲੀ ਬਾਰਡਰ ਤੇ ਚੱਲ ਰਹੇ ਧਰਨੇ ਨੂੰ ਆਉਣ ਵਾਲੇ ਦਿਨਾਂ ਚ ਹੋਰ ਮਘਾਇਆ ਜਾਵੇਗਾ। ਉਨਾਂ ਦੱਸਿਆ ਕਿ ਦੇਸ਼ ਭਰ ਦੇ ਕਿਸਾਨਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਚ ਕੀਤੀ ਜਾ ਰਹੀ ਮਹਾਂਪੰਚਾਇਤ ਚ ਵੀ ਜਿਲੇ ਦੇ ਕਿਸਾਨ ਸ਼ਾਮਲ ਹੋਣਗੇ।

ਸੰਸਥਾ ਦੇ ਕਾਰਜਾਂ ਤੋਂ ਨੌਜਵਾਨ ਨੂੰ ਸੇਧ ਲੈਣ ਦੀ ਲੋੜ- ਦੇਬੀ

ਲੁਧਿਆਣਾ 29 ਫਰਵਰੀ ( ਕਰਨੈਲ ਸਿੰਘ ਐੱਮ.ਏ.)   ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਰਾਸ਼ਨ ਵੰਡ ਸਮਾਰੋਹ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਅਕਾਲ ਸਾਹਿਬ, ਪ੍ਰਤਾਪ ਨਗਰ ਵਿਖੇ ਸੰਸਥਾ ਦੇ ਮੁੱਖ ਸਲਾਹਕਾਰ ਸੋਹਣ ਸਿੰਘ ਗੋਗਾ ਐਨ.ਆਰ.ਆਈ.ਦੀ ਦੇਖ ਰੇਖ ਹੇਠ ਅਯੋਜਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਜਪਾ ਦੇ ਸੀਨੀਅਰ ਆਗੂ ਗੁਰਦੇਵ ਸ਼ਰਮਾ ਦੇਬੀ, ਪੁਲਿਸ ਅਧਿਕਾਰੀ ਧਰਮਿੰਦਰ ਸਿੰਘ, ਸਮਾਜਸੇਵੀ ਗੁਰਦੀਪ ਸਿੰਘ ਮਲਕਪੁਰ, ਰਜਿੰਦਰ ਸਿੰਘ ਸੋਂਦ ਹਾਜ਼ਰ ਹੋਏ। ਇਸ ਮੌਕੇ  ਨੇ ਨਿਆਸਰਿਤ ਪਰਿਵਾਰਾਂ ਨੂੰ ਰਾਸ਼ਨ ਵੰਡਣ ਉਪਰੰਤ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਸੰਸਥਾ ਵੱਲੋਂ ਲੜਕੀਆਂ ਨੂੰ ਸਮਾਜ ਅੰਦਰ ਲੜਕਿਆਂ ਦੇ ਬਰਾਬਰ ਦਾ ਮਾਣ ਤੇ ਸਨਮਾਨ ਦਿਵਾਉਣ ਅਤੇ ਮਾਨਵਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜ ਬਹੁਤ ਸਲਾਘਾਯੋਗ ਹਨ। ਇਸ ਮੌਕੇ  ਸਮਾਜ ਸੇਵਕ ਗੁਰਦੀਪ ਸਿੰਘ ਮਲਕਪੁਰ  ਨੇ ਕਿਹਾ ਕਿ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਨੌਜਵਾਨ ਪੀੜੀ ਨੂੰ ਸੇਧ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੰਸਥਾ ਦੇ ਮੁੱਖ ਸਲਾਹਕਾਰ ਸੋਹਣ ਸਿੰਘ ਗੋਗਾ ਦੇ ਦਿਸ਼ਾ-ਨਿਰਦੇਸ਼ ਹੇਠ ਟੀਮ ਗੋਗਾ ਵੱਲੋਂ ਨਿਭਾਈਆਂ ਜਾ ਰਹੀਆਂ ਜ਼ੁੰਮੇਵਾਰੀਆਂ ਲਈ ਸੰਸਥਾ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ। ਇਸ ਮੌਕੇ ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਗੋਗਾ, ਐਕਟਿੰਗ ਪ੍ਰਧਾਨ ਕਮਲੇਸ਼ ਜਾਂਗੜਾ ਅਤੇ ਮੀਤ ਪ੍ਰਧਾਨ ਨੀਲਮ ਪਨੇਸਰ ਨੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਭਾਈ ਕੁਲਬੀਰ ਸਿੰਘ,  ਸਰੂਪ ਸਿੰਘ ਮਠਾੜੂ, ਮਨਜੀਤ ਸਿੰਘ ਹਰਮਨ, , ਗੁਰਚਰਨ ਸਿੰਘ ਗੁਰੂ, ਬਲਵਿੰਦਰ ਸਿੰਘ ਭੰਮਰਾ,  ਸੋਨੂੰ ਮਠਾੜੂ, ਜਸਪ੍ਰੀਤ ਪਨੇਸਰ, ਜਸਵੀਰ ਸਿੰਘ ਉਸਾਹਣ, , ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੁੰਦਨ ਸਿੰਘ ਨਾਗੀ, ਪ੍ਰੇਮ ਸਿੰਘ ਪੀ.ਐਸ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ ਬਾਂਸਲ, ਬਲਵਿੰਦਰ ਸਿੰਘ ਬਿੱਲੂ, ਮਨਜੀਤ ਸਿੰਘ ਰੂਪੀ, ਕਮਲਜੀਤ ਸਿੰਘ ਲੋਟੇ, ਸੁਰਜੀਤ ਸਿੰਘ ਸੰਤ, ਅਮਰਜੀਤ ਸਿੰਘ, ਅਰਵਿੰਦਰ ਸਿੰਘ ਧੰਜਲ,  ਸਤਵੰਤ ਸਿੰਘ ਮਠਾੜੂ, ਸੁਖਵੰਤ ਸਿੰਘ ਨਾਗੀ,  ਆਕਾਸ਼ ਵਰਮਾ, ਮਨਜੀਤ ਸਿੰਘ,  ਨੀਲਮ ਪਨੇਸਰ, ਜਨਕ ਮਹਾਜਨ, ਹਰਜੀ ਕੌਰ, ਹਰਮਿੰਦਰ ਕੌਰ, ਹਰਜੀਤ ਕੌਰ, ਮਨਪ੍ਰੀਤ ਕੌਰ ਹਿੱਤ, ਸੁਮਿਤੀ ਸ਼ਰਮਾ, ਸੋਨਿਕਾ ਪਾਸੀ, ਰੁਪਿੰਦਰ ਕੌਰ, ਅਮਨਦੀਪ ਕੌਰ ਵੀ ਹਾਜ਼ਰ ਸਨ।
ਫੋਟੋ: ਰਾਸ਼ਨ ਵੰਡਣ ਸਮੇ ਸੋਹਣ ਸਿੰਘ ਗੋਗਾ , ਗੁਰਦੇਵ ਸ਼ਰਮਾ ਦੇਬੀ, ਧਰਮਿੰਦਰ ਸਿੰਘ, ਗੁਰਦੀਪ ਸਿੰਘ, ਰਜਿੰਦਰ ਸਿੰਘ, ਨੀਲਮ ਪਨੇਸਰ, ਕਮਲੇਸ਼ ਜਾਂਗੜਾ ਤੇ ਹੋਰ
੨- ਗੁਰਦੇਵ ਸ਼ਰਮਾ ਦੇਬੀ, ਗੁਰਦੀਪ ਸਿੰਘ ਮਲਕਪੁਰ, ਧਰਮਿੰਦਰ ਸਿੰਘ, ਰਜਿੰਦਰ ਸਿੰਘ ਸੋਂਦ ਦਾ ਸਨਮਾਨ ਕਰਦੇ ਹੋਏ ਸੋਹਣ ਸਿੰਘ ਗੋਗਾ, ਸਰੂਪ ਸਿੰਘ ਮਠਾੜੂ, ਮਨਜੀਤ ਸਿੰਘ ਹਰਮਨ, ਕੁੰਦਨ ਸਿੰਘ ਨਾਗੀ ਤੇ ਹੋਰ

ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ 500 ਦੇ ਕਰੀਬ ਚਲਾਨ

ਸਿਵਲ ਸਰਜਨ ਡਾ: ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੋਡਲ ਅਫਸਰ ਤੰਬਾਕੂ ਕੰਟਰੋਲ ਡਾ ਅਸ਼ੀਸ਼ ਚਾਵਲਾ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਅਗਵਾਈ ਹੇਠ ਗਠਿਤ ਕੀਤੀਆ ਗਈਆ ਟੀਮਾਂ ਵੱਲੋ ਆਮ ਲੋਕਾਂ ਨੂੰ ਤੰਬਾਕੂ ਸੇਵਨ ਨਾਲ ਸਰੀਰ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਗਿਆ। ਟੀਮਾਂ ਵੱਲੋ ਜਿਲ੍ਹੇ ਭਰ ਵਿੱਚ ਵੱਖ ਵੱਖ ਥਾਵਾਂ' ਤੇ ਚੈਕਿੰਗ ਕੀਤੀ ਗਈ ਅਤੇ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 500 ਦੇ ਕਰੀਬ ਚਲਾਨ ਕੱਟੇ ਗਏ। ਸਹਾਇਕ ਸਿਵਲ ਸਰਜਨ ਡਾ: ਵਿਵੇਕ ਕਟਾਰੀਆ ਨੇ ਦੱਸਿਆ ਕਿ ਬਿਨਾਂ ਚਿਤਾਵਨੀ ਵਾਲੀਆਂ ਵਿਦੇਸ਼ੀ ਸਿਗਰਟਾਂ ਅਤੇ ਖੁਸ਼ਬੂਦਾਰ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਨੂੰ ਪੰਜ ਸਾਲ ਦੀ ਸਜਾ ਅਤੇ ਦਸ ਹਜਾਰ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।ਹਰ ਦੁਕਾਨ, ਸਰਕਾਰੀ ਅਤੇ ਗੈਰ ਸਰਕਾਰੀ ਅਦਾਰੇ, ਸਕੂਲਾਂ , ਕਾਲਜ਼ਾਂ ਆਦਿ ਅੱਗੇ ਤੰਬਾਕੂਨੋਸ਼ੀ ਸਬੰਧੀ ਚਿਤਾਵਨੀ ਬੋਰਡ ਲੱਗਿਆ ਹੋਣਾ ਜਰੂਰੀ ਹੈ, ਨਹੀਂ ਤਾ ਸਬੰਧਿਤ ਅਦਾਰੇ ਦੇ ਮਾਲਕ ਜਾਂ ਮੁਖੀ ਦਾ ਵੀ ਚਲਾਨ ਕੱਟਿਆ ਜਾ ਸਕਦਾ ਹੈ। ਕੋਟਪਾ ਐਕਟ ਅਧੀਨ ਧਾਰਾ 4 ਮੁਤਾਬਕ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਤੇ ਪਾਬੰਦੀ ਹੈ, ਧਾਰਾ 5 ਅਧੀਨ ਤੰਬਾਕੂ ਵਾਲੇ ਪਦਾਰਥਾਂ ਦੀ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ, ਧਾਰਾ 6 ਅਧੀਨ ਸਕੂਲਾਂ, ਕਾਲਜ਼ਾਂ ਦੇ 100 ਮੀਟਰ ਦੇ ਦਾਇਰੇ ਵਿੱਚ ਅਤੇ ਨਾਬਾਲਿਗਾਂ ਨੂੰ ਤੰਬਾਕੂ ਉਤਪਾਦ ਵੇਚਣ ਤੇ ਪਾਬੰਦੀ ਹੈ, ਧਾਰਾ 7 ਅਧੀਨ ਤੰਬਾਕੂ ਉਤਪਾਦ ਦੇ 85 ਪ੍ਰਤੀਸ਼ਤ ਹਿੱਸੇ ਤੇ ਵਾਰਨਿੰਗ ਹੋਣਾ ਜਰੂਰੀ ਹੈ ਤੇ ਇਹਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਨੂੰ ਤਿੰਨ ਸਾਲ ਦੀ ਸਜਾ ਅਤੇ ਦੋ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ।ਇਸ ਮੌਕੇ ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਤੋਂ ਗੁਰੇਜ ਕੀਤਾ ਜਾਵੇ।ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਇਸ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।ਉਨਾਂ ਦੱਸਿਆ ਕਿ ਜੇਕਰ ਟੀਮ ਨਾਲ ਉਲਝਣ ਜਾਂ ਡਿਊਟੀ ਵਿੱਚ ਵਿਘਨ ਪਾਉਣ ਵਾਲੇ ਲੋਕਾਂ ਖਿਲਾਫ ਕਨੂੰਨ ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।ਕੋਟਪਾ ਐਕਟ 2003 ਦੇ ਅਧੀਨ ਸਕੂਲਾਂ, ਕਾਲਜ਼ਾਂ ਦੇ 100 ਮੀਟਰ ਦੇ ਦਾਇਰੇ ਵਿੱਚ ਕੋਈ ਤੰਬਾਕੂ ਪਦਾਰਥ ਨਹੀਂ ਵੇਚਿਆ ਜਾ ਸਕਦਾ।ਸਰਕਾਰੀ ਹਦਾਇਤਾਂ ਮੁਤਾਬਿਕ ਦੁਕਾਨ ਤੇ ਚੇਤਾਵਨੀ ਬੋਰਡ ਲੱਗਾ ਹੋਣਾ ਜਰੂਰੀ ਹੈ।

 ਗੰਨੇ ਦੇ ਬੋਤਲਬੰਦ ਰਸ ਦੀ ਤਕਨੀਕ ਦੇ ਪਸਾਰ ਲਈ 22 ਵਾਂ ਸਮਝੌਤਾ ਕੀਤਾ

ਲੁਧਿਆਣਾ, 29 ਫਰਵਰੀ(ਟੀ. ਕੇ.) 

ਪੀ.ਏ.ਯੂ. ਨੇ ਅੱਜ ਰਾਜਪੁਰਾ, ਹਰਿਆਣਾ ਦੇ ਸ਼੍ਰੀ ਰਿਪੂਦਮਨ, ਰਾਇਲ ਸ਼ੂਗਰਕੇਨ ਪ੍ਰਾਈਵੇਟ ਲਿਮਿਟਡ, 140401, ਨਾਲ ਗੰਨੇ ਦੇ ਬੋਤਲਬੰਦ ਰਸ ਦੀ ਤਕਨੀਕ ਦੇ ਵਪਾਰੀਕਰਨ ਲਈ ਇੱਕ ਸਮਝੌਤੇ ਉਪਰ ਸਹੀ ਪਾਈ । ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸ਼੍ਰੀ ਰਿਪੂਦਮਨ ਸਿੰਘ ਨੇ ਸਮਝੌਤੇ ਦੀਆਂ ਸ਼ਰਤਾਂ ਉਪਰ ਦਸਤਖਤ ਕੀਤੇ । ਇਸ ਸਮਝੌਤੇ ਅਨੁਸਾਰ ਸੰਬੰਧਿਤ ਫਰਮ ਇਸ ਤਕਨਾਲੋਜੀ ਨੂੰ ਭਾਰਤ ਵਿੱਚ ਵਪਾਰੀਕਰਨ ਲਈ ਯੋਗ ਹੋਵੇਗੀ ।

ਇਸ ਮੌਕੇ  ਡਾ. ਪੂਨਮ ਸਚਦੇਵ ਨੇ ਇਸ ਤਕਨਾਲੋਜੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਾਹੀਂ ਗੰਨੇ ਦੇ ਰਸ ਨੂੰ ਸੂਖਮ ਜੀਵਾਣੂੰਆਂ ਦੇ ਖਾਤਮੇ ਤੱਕ ਪ੍ਰੋਸੈਸ ਕਰਕੇ ਇਸਦੀ ਸ਼ੈਲਫ ਲਾਈਫ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਨਾਲ ਇਹ ਤਕਨਾਲੋਜੀ ਸਾਫ ਸੁਥਰੇ ਅਤੇ ਸਿਹਤਮੰਦ ਰਸ ਨੂੰ ਖਪਤਕਾਰ ਤੱਕ ਪਹੁੰਚਾਉਂਦੀ ਹੈ । ਇਸ ਤਕਨੀਕ ਨਾਲ ਸੰਭਾਲਿਆ ਗੰਨੇ ਦਾ ਰਸ ਸਿਹਤਮੰਦ ਅਤੇ ਸਾਫ਼ ਸੁਥਰਾ ਹੈ ਤੇ ਇਸ ਵਿਚ ਕਿਸੇ ਰਸਾਇਣਕ ਰੰਗ, ਸਵਾਦ ਦੀ ਵਰਤੋਂ ਨਹੀਂ ਹੋਈ। 

ਵਧੀਕ ਨਿਰਦੇਸ਼ਕ ਖੋਜ ਡਾ ਗੁਰਸਾਹਿਬ ਸਿੰਘ ਮਨੇਸ ਅਤੇ ਤਕਨਾਲੋਜੀ ਮਾਰਕੀਟਿੰਗ ਸੈਲ ਦੇ ਸਹਿਯੋਗੀ ਨਿਰਦੇਸ਼ਕ ਡਾ ਖੁਸ਼ਦੀਪ ਧਰਨੀ ਨੇ ਡਾ ਪੂਨਮ ਸਚਦੇਵ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਇਸ ਤਕਨਾਲੋਜੀ ਦੇ ਵਿਕਾਸ ਲਈ ਵਧਾਈ ਦਿੱਤੀ। 

ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਵੀ ਸ਼੍ਰੀ ਰਿਪੂਦਮਨ ਨੂੰ ਇਸ ਤਕਨਾਲੋਜੀ ਦੇ ਪਸਾਰ ਦਾ ਹਿੱਸਾ ਬਣਨ ਲਈ ਵਧਾਈ ਦਿੱਤੀ।

ਪੀ.ਏ.ਯੂ. ਦੀ 57ਵੀਂ ਸਲਾਨਾ ਐਥਲੈਟਿਕ ਮੀਟ ਰਵਾਇਤੀ ਜੋਸ਼ੋ ਖਰੋਸ਼ ਨਾਲ ਸ਼ੁਰੂ

ਲੁਧਿਆਣਾ 29 ਫਰਵਰੀ(ਟੀ. ਕੇ.) 
 ਪੀ.ਏ.ਯੂ. ਦੇ ਖੇਡ ਮੈਦਾਨਾਂ ਵਿਚ 57 ਵੀਂ ਸਲਾਨਾ ਐਥਲੈਟਿਕ ਮੀਟ ਦਾ ਬਕਾਇਦਾ ਆਰੰਭ ਹੋ ਗਿਆ। ਉਦਘਾਟਨੀ ਸਮਾਰੋਹ ਵਿਚ ਰਾਜ ਸਭਾ ਦੇ ਮੈਂਬਰ ਸ਼੍ਰੀ ਸੰਜੀਵ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚਰਨ ਸਿੰਘ ਬਰਸਟ ਮੁੱਖ  ਮਹਿਮਾਨ ਸਨ ਜਦਕਿ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਐਥਲੈਟਿਕ ਮੀਟ ਵਿਚ ਟਰੈਕ ਅਤੇ ਫੀਲਡ ਪ੍ਰਤਿਯੋਗਤਾਵਾਂ ਵਿਚ ਪੀ.ਏ.ਯੂ. ਦੇ ਸਥਾਨਕ ਕਾਲਜਾਂ ਤੋਂ ਇਲਾਵਾ ਖੇਤਰੀ ਖੋਜ ਕੇਂਦਰਾਂ ਵਿਚ ਬਣੇ ਕਾਲਜਾਂ ਦੇ ਅਥਲੀਟ ਹਿੱਸਾ ਲੈ ਰਹੇ ਹਨ। ਇਸ ਐਥਲੈਟਿਕ ਮੀਟ ਦਾ ਆਰੰਭ ਬੀਤੇ ਕੱਲ ਹੋ ਗਿਆ ਸੀ ਪਰ ਰਸਮੀ ਉਦਘਾਟਨ ਅੱਜ ਖੇਡ ਮੈਦਾਨਾਂ ਵਿਚ ਕੀਤਾ ਗਿਆ। 

ਰਾਜ ਸਭਾ ਦੇ  ਮੈਂਬਰ  ਸੰਜੀਵ ਅਰੋੜਾ ਨੇ ਉਦਘਾਟਨੀ ਸਮਾਰੋਹ ਵਿਚ ਕਿਹਾ ਕਿ ਉਹਨਾਂ ਨੇ ਅੱਜ ਪੀ.ਏ.ਯੂ. ਦੀ ਅਸਲੋਂ ਵੱਖਰੀ ਨੁਹਾਰ ਵੇਖੀ ਹੈ ਜਿੱਥੇ ਵੱਖ-ਵੱਖ ਰੰਗਾਂ ਵਿਚ ਸਜੇ ਖਿਡਾਰੀਆਂ ਦੀਆਂ ਟੀਮਾਂ ਮੁਕਾਬਲੇ ਲਈ ਮੈਦਾਨ ਵਿਚ ਹਨ। ਪੀ.ਏ.ਯੂ. ਖੇਤੀ ਖੋਜ ਦੀ ਸੰਸਥਾ ਹੋਣ ਦੇ ਨਾਲ-ਨਾਲ ਖੇਡ ਅਤੇ ਸੱਭਿਆਚਾਰਕ ਸਰਗਰਮੀਆਂ ਵਿਚ ਭਰਪੂਰ ਯੋਗਦਾਨ ਲਈ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਪੀ.ਏ.ਯੂ. ਨੇ ਲੁਧਿਆਣਾ ਸ਼ਹਿਰ ਦੇ ਫੇਫੜਿਆਂ ਦਾ ਕੰਮ ਕਰਦੇ ਹੋਏ ਇਸ ਸ਼ਹਿਰ ਨੂੰ ਸਾਫ-ਸੁਥਰੀ ਆਬੋ ਹਵਾ ਦੇ ਨਮੂਨੇ ਵਜੋਂ ਵਿਕਸਿਤ ਕੀਤਾ ਹੈ। ਇਸੇ ਵਜ੍ਹਾ ਕਰਕੇ ਭਾਰੀ ਗਿਣਤੀ ਵਿਚ ਲੁਧਿਆਣਾ ਵਾਸੀ ਇਥੋਂ ਦੇ ਖੇਡ ਮੈਦਾਨਾਂ ਵਿਚ ਸੈਰ ਕਰਕੇ ਤਰੋਤਾਜ਼ਾ ਮਹਿਸੂਸ ਕਰਦੇ ਹਨ। ਸ਼੍ਰੀ ਅਰੋੜਾ ਨੇ ਪੀ.ਏ.ਯੂ. ਦੇ ਖੇਡ ਢਾਂਚੇ ਦੇ ਵਿਕਾਸ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਉਂਦਿਆਂ ਇਨਡੋਰ ਸਟੇਡੀਅਮ ਦੀ ਉਸਾਰੀ ਲਈ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ। ਉਹਨਾਂ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹਾਰ ਜਿੱਤ ਤੋਂ ਉੱਪਰ ਉੱਠ ਕੇ ਅਨੁਸ਼ਾਸਨ ਅਤੇ ਪ੍ਰੇਰਨਾ ਨਾਲ ਖੇਡਾਂ ਨਾਲ ਜੁੜੇ ਰਹਿਣ ਲਈ ਕਿਹਾ। ਜੋ ਖੇਡਾਂ ਵਿਚ ਭਾਗ ਨਹੀਂ ਲੈ ਰਹੇ ਉਹਨਾਂ ਨੂੰ ਤੰਦਰੁਸਤੀ ਦਾ ਮਹੱਤਵ ਯਾਦ ਕਰਾਉਂਦਿਆਂ ਸ਼੍ਰੀ ਅਰੋੜਾ ਨੇ ਖੇਡ ਮੈਦਾਨਾਂ ਵਿਚ ਆਉਣ ਦੀ ਪ੍ਰੇਰਨਾ ਦਿੱਤੀ। 

ਹਰਚਰਨ ਸਿੰਘ ਬਰਸਟ ਨੇ ਪੀ.ਏ.ਯੂ. ਦੇ ਵੱਖਰੇ ਮੁਕਾਮ ਦੀ ਗੱਲ ਕਰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਨ ਲਈ ਸਥਾਪਿਤ ਕੀਤੀ ਗਈ ਸੀ ਪਰ ਇਸਨੇ ਕਲਾ, ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ਵਿਚ ਸੂਬੇ ਅਤੇ ਦੇਸ਼ ਦੀ ਭਰਵੀਂ ਖਿਦਮਤ ਕੀਤੀ ਹੈ। ਉਹਨਾਂ ਪੀ.ਏ.ਯੂ. ਦੇ ਉਹਨਾਂ ਖਿਡਾਰੀਆਂ ਨੂੰ ਨਤਮਸਤਕ ਹੁੰਦਿਆਂ ਜਿਨ੍ਹਾਂ ਨੇ ਖੇਡਾਂ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਿਆ, ਨਵੇਂ ਖਿਡਾਰੀਆਂ ਨੂੰ ਉਹਨਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਸ. ਬਰਸਟ ਨੇ ਕਿਹਾ ਕਿ ਮੈਂ ਮਹਾਨ ਖਿਡਾਰੀਆਂ ਅਤੇ ਮਹਾਨ ਵਿਗਿਆਨੀਆਂ ਵਿਚਕਾਰ ਸਾਂਝੀ ਤੰਦ ਵਜੋਂ ਇਹ ਯੂਨੀਵਰਸਿਟੀ ਹੋਰ ਖਿਡਾਰੀ ਪੈਦਾ ਕਰਦੀ ਰਹੇਗੀ । 

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਰੰਜਿਸ਼ ਅਤੇ ਜਿੱਤ ਦੇ ਲਾਲਚ ਤੋਂ ਉੱਪਰ ਉੱਠ ਕੇ ਸਹਿਯੋਗ ਦੀ ਭਾਵਨਾ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸ. ਪ੍ਰਿਥੀਪਾਲ ਸਿੰਘ, ਸ. ਚਰਨਜੀਤ ਸਿੰਘ, ਲਤਾ ਮਹਾਜਨ ਛੀਨਨ ਅਤੇ ਰਮਨਦੀਪ ਸਿੰਘ ਗਰੇਵਾਲ ਸਮੇਤ ਖਿਡਾਰੀਆਂ ਦੀ ਅਮੁੱਕ ਸੂਚੀ ਪੀ.ਏ.ਯੂ. ਦੀ ਅਮੀਰ ਵਿਰਾਸਤ ਹੈ ਜਿਨ੍ਹਾਂ ਨੇ ਦੁਨੀਆਂ ਪੱਧਰ ਤੇ ਇਸ ਯੂਨੀਵਰਸਿਟੀ ਝੰਡਾ ਬੁਲੰਦ ਕੀਤਾ। ਉਹਨਾਂ ਕਿਹਾ ਕਿ ਵਿਗਿਆਨ ਅਤੇ ਖੇਡਾਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਚੰਗਾ ਖੋਜਾਰਥੀ ਹੋਣ ਲਈ ਤੰਦਰੁਸਤ ਸਰੀਰ ਅਤੇ ਮਨ ਦਾ ਧਾਰਨੀ ਹੋਣਾ ਲਾਜ਼ਮੀ ਹੈ ਅਤੇ ਤੰਦਰੁਸਤੀ ਲਈ ਖੇਡਾਂ ਤੋਂ ਵੱਡੀ ਨਿਆਮਤ ਹੋਰ ਕੋਈ ਹੋ ਨਹੀਂ ਸਕਦੀ, ਇਸਲਈ ਖਿਡਾਰੀਆਂ ਨੂੰ ਤਪੱਸਿਆ ਵਾਂਗ ਖੇਡ ਨਾਲ ਜੁੜ ਕੇ ਅੱਗੇ ਵਧਣ ਦੀ ਇੱਛਾ ਕਰਨੀ ਚਾਹੀਦੀ ਹੈ। 

ਸਵਾਗਤ ਦੇ ਸ਼ਬਦ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਹੇ। ਉਹਨਾਂ ਨੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭ ਇਛਾਵਾ ਦਿੰਦਿਆਂ ਪੀ.ਏ.ਯੂ. ਦੇ ਮਹਾਨ ਖਿਡਾਰੀਆਂ ਤੋਂ ਪ੍ਰੇਰਨਾ ਲੈਣ ਦੀ ਗੱਲ ਕਹੀ। 

ਆਰੰਭਕ ਸਮਾਰੋਹ ਵਿਚ ਧੰਨਵਾਦ ਦੇ ਸ਼ਬਦ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਕਹੇ। 

ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ।

ਕੱਲ੍ਹ ਹੋਏ ਮੁਕਾਬਲਿਆਂ ਵਿਚ ਮਰਦਾਂ ਦੇ 5000 ਮੀਟਰ ਵਿਚ ਖੇਤੀ ਇੰਜਨੀਅਰਿੰਗ ਕਾਲਜ ਦੇ ਜ਼ਸ਼ਨਦੀਪ ਸਿੰਘ ਸੰਧੂ ਨੇ ਪਹਿਲਾ ਸਥਾਨ ਹਾਸਲ ਕੀਤਾ। ਖੇਤੀਬਾੜੀ ਕਾਲਜ ਦੇ ਵਾਸੂਦੇਵ ਅਤੇ ਗੌਰਵਦੀਪ ਢਿੱਲੋਂ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ਤੇ ਰਹੇ। 110 ਮੀਟਰ ਰੁਕਾਵਟ ਵਾਲੀ ਦੌੜ ਵਿਚ ਖੇਤੀਬਾੜੀ ਕਾਲਜ ਦੇ ਰਮੇਸ਼ ਨੇ ਪਹਿਲਾ, ਬਾਗਬਾਨੀ ਕਾਲਜ ਦੇ ਹਰਵਿੰਦਰ ਸਿੰਘ ਨੇ ਦੂਜਾ ਅਤੇ ਖੇਤੀਬਾੜੀ ਕਾਲਜ ਦੇ ਗੌਰਵਦੀਪ ਨੇ ਤੀਜਾ ਸਥਾਨ ਹਾਸਲ ਕੀਤਾ। ਤੀਹਰੀ ਛਾਲ ਦੇ ਮੁਕਾਬਲੇ ਵਿਚ ਖੇਤੀਬਾੜੀ ਕਾਲਜ ਦੇ ਪ੍ਰਿੰਸ ਕਰਨਵੀਰ ਸਿੰਘ ਪਹਿਲੇ ਸਥਾਨ ਤੇ ਰਹੇ। ਦੂਜੇ ਅਤੇ ਤੀਜੇ ਸਥਾਨ ਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਗੁਰਮਨਜੋਤ ਅਤੇ ਖੁਸ਼ਕਰਨ ਸਿੰਘ ਕਾਬਜ਼ ਹੋਏ। 400 ਮੀਟਰ ਰੁਕਾਵਟ ਦੌੜ ਵਿਚ ਖੇਤੀਬਾੜੀ ਕਾਲਜ ਦੇ ਖਿਡਾਰੀ ਰਮੇਸ਼, ਰਾਮਨਿਵਾਸ ਅਤੇ ਵਾਸੂਦੇਵ ਕ੍ਰਮਵਾਰ ਪਹਿਲੇ, ਦੂਜੇ, ਤੀਜੇ ਸਥਾਨ ਤੇ ਰਹੇ। ਨੇਜ਼ਾ ਸੁੱਟਣ ਦੇ ਮੁਕਾਬਲਿਆਂ ਵਿਚ ਅਨਮੋਲ ਬਿਸ਼ਨੋਈ ਨੇ ਪਹਿਲਾ, ਇਸੇ ਕਾਲਜ ਦੇ ਰਵਿੰਦਰਰਾਜ ਸਿੰਘ ਬਰਾੜ ਨੇ ਦੂਜਾ ਅਤੇ ਭਾਸਕਰ ਨੇ ਤੀਜਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਦੇ ਮੁਕਾਬਲੇ ਵਿਚ ਖੇਤੀਬਾੜੀ ਕਾਲਜ ਦੇ ਰਵਿੰਦਰਰਾਜ ਸਿੰਘ ਬਰਾੜ, ਗੁਰਕਰਨਬੀਰ ਸਿੰਘ ਅਤੇ ਪ੍ਰਿੰਸ ਕਰਨਵੀਰ ਸਿੰਘ ਤਿੰਨਾਂ ਸਥਾਨਾਂ ਤੇ ਆਏ। ਉੱਚੀ ਛਾਲ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਇੰਜਨੀਅਰਿੰਗ ਕਾਲਜ ਦੇ ਗੁਰਮਨਜੋਤ ਸਿੰਘ, ਦੂਜਾ ਸਥਾਨ ਬਾਗਬਾਨੀ ਕਾਲਜ ਦੇ ਹਰਵਿੰਦਰ ਸਿੰਘ ਅਤੇ ਤੀਜਾ ਸਥਾਨ ਖੇਤੀਬਾੜੀ ਕਾਲਜ ਦੇ ਸਾਹਿਲ ਨੂੰ ਮਿਲਿਆ।  ਚਾਰ ਗੁਣਾ ੪੦੦ ਮੀਟਰ ਦੌੜ ਵਿਚ ਇੰਜਨੀਅਰਿੰਗ ਕਾਲਜ ਦੀ ਟੀਮ ਪਹਿਲੇ, ਖੇਤੀਬਾੜੀ ਕਾਲਜ ਦੀ ਟੀਮ ਦੂਜੇ ਅਤੇ ਬਾਗਬਾਨੀ ਕਾਲਜ ਦੀ ਟੀਮ ਤੀਜੇ ਸਥਾਨ ਤੇ ਰਹੀ। 

ਲੜਕੀਆਂ ਦੇ ਵਰਗ ਵਿਚ ਨੇਜ਼ਾ ਸੁੱਟਣ ਦੇ ਮੁਕਾਬਲੇ ਵਿਚ ਖੇਤੀਬਾੜੀ ਕਾਲਜ ਦੀਆਂ ਸ਼ੁਸ਼ੀਲ ਗਰੇਵਾਲ, ਜਸਲੀਨ ਕੌਰ ਅਤੇ ਤਨੂਸ਼੍ਰੀ ਘੋਸ਼ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਲੜਕੀਆਂ ਦੀ 1500 ਮੀਟਰ ਦੀ ਦੌੜ ਵਿਚ ਬੇਸਿਕ ਸਾਇੰਸਜ਼ ਕਾਲਜ ਦੀ ਹਰਮੀਤ ਕੌਰ ਪਹਿਲੇ, ਬਾਗਬਾਨੀ ਕਾਲਜ ਦੀ ਹਰਿਤਾ ਦੂਜੇ ਅਤੇ ਖੇਤੀਬਾੜੀ ਕਾਲਜ ਦੀ ਅਰੁੰਦਿੱਤੀ ਡੋਗਰਾ ਤੀਜੇ ਸਥਾਨ ਤੇ ਰਹੀ। ਉੱਚੀ ਛਾਲ ਵਿਚ ਪਹਿਲਾ ਸਥਾਨ ਬਾਗਬਾਨੀ ਕਾਲਜ ਦੀ ਹਰਿਤਾ, ਦੂਜਾ ਖੇਤੀਬਾੜੀ ਕਾਲਜ ਦੀ ਮਨਜੋਤ ਕੌਰ ਅਤੇ ਤੀਜੀ ਇੰਜਨੀਅਰਿੰਗ ਕਾਲਜ ਦੀ ਭਾਵਨਾ ਨੂੰ ਮਿਲਿਆ। ਡਿਸਕਸ ਸੁੱਟਣ ਦੇ ਮੁਕਾਬਲੇ ਵਿਚ ਕਮਿਊਨਟੀ ਸਾਇੰਸ ਕਾਲਜ ਦੀ ਜਸਲੀਨ ਕੌਰ ਪਹਿਲੇ ਅਤੇ ਖੇਤੀਬਾੜੀ ਕਾਲਜ ਦੀ ਸ਼ੁਸ਼ੀਲ ਗਰੇਵਾਲ ਦੂਜੇ ਸਥਾਨ 'ਤੇ ਰਹੇ।

ਦਿਮਾਗੀ ਸਿਹਤ ਸਬੰਧੀ ਸੈਮੀਨਾਰ ਕਰਵਾਇਆ

ਲੁਧਿਆਣਾ, 29 ਫਰਵਰੀ (ਟੀ. ਕੇ.) ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਕੈਂਪਸ ਦੇ ਲਾਇਨ ਕਲੱਬ ਅਤੇ ਲਾਇਨ ਕਲੱਬ ਲੁਧਿਆਣਾ ਵੇਜੀਟੇਰੀਅਨ ਨੇ ਲੁਧਿਆਣਾ ਸਿਟਿਜਨ ਕੌਂਸਲ ਦੇ ਸਹਿਯੋਗ ਨਾਲ ਮੈਂਟਲ ਹੈਲਥ (ਦਿਮਾਗੀ ਸਿਹਤ) ਵਿਸ਼ੇ ਤੇ ਸੈਮੀਨਰ ਕਰਵਾਇਆਂ ਗਿਆ।
ਜਿਸ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਦਰਸ਼ਨ ਅਰੋੜਾ (ਚੇਅਰਮੈਨ ਲੁਧਿਆਣਾ ਸਿਟੀਜਨ ਕੌਂਸਲ) ਅਤੇ ਕੀ—ਨੋਟ ਸਪੀਕਰ ਦੀ ਭੂਮਿਕਾ ਡਾ. ਵਿਲੀਅਮ ਭੱਟੀ (ਡਾਇਰੈਕਟਰ ਸੀ.ਐਮ.ਸੀ. ਲੁਧਿਆਣਾ) ਨੇ ਨਿਭਾਈ। ਲਾਇਨ ਕਲੱਬ ਦਾ ਉਦੇਸ਼ ਹੈ ਕਿ ਉਹ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਹੈ। ਜਿਸ ਵਿੱਚ ਲੋਕਾਂ ਨੂੰ ਮੁਫਤ ਦਵਾਈਆ ਅਤੇ ਖਾਣ ਪੀਣ ਚੀਜਾਂ ਮੁਹੱਈਆ ਕਰਵਾਉਂਦਾ ਹੈ। ਪ੍ਰਤਾਪ ਕਾਲਜ ਦਾ ਇਸ ਕਲੱਬ ਨੂੰ ਸਥਾਪਿਤ ਕਰਨ ਦਾ ਇਹ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਸਮਾਜਿਕ ਸੇਵਾ ਲਈ ਜਾਗਰੂਕ ਕੀਤਾ ਜਾਂਵੇ ਤਾਂ ਕਿ ਉਹ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਸਕਣ।
ਡਾ. ਬਲਵੰਤ ਸਿੰਘ (ਡਾਇਰੈਕਟਰ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ) ਅਤੇ ਡਾ. ਮਨਪ੍ਰੀਤ ਕੌਰ (ਪ੍ਰਿੰਸੀਪਲ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ) ਨੇ ਸਾਰਿਆ ਨੂੰ ਜੀ ਆਇਆ ਕਿਹਾ। 
ਡਾ. ਬਲਵੰਤ ਸਿੰਘ (ਡਾਇਰੈਕਟਰ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ) ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਦਿਮਾਗੀ ਸਿਹਤ ਸਾਡੀ ਸਖ਼ਸਿਅਤ ਦਾ ਜਰੂਰੀ ਅੰਗ ਹੈ। ਇਸ ਲਈ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਬਾਰੇ ਸਾਰਿਆ ਨੂੰ ਜਾਗਰੂਕ ਕਰਨ ਦੀ ਲੋੜ ਹੈ, ਤੇ ਇਹ ਸਮੇਂ ਦੀ ਮੰਗ ਵੀ ਹੈ।
ਡਾ. ਵਿਲੀਅਮ ਭੱਟੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੇਰਾ ਆਪਣੇ ਕਿੱਤੇ ਵਿੱਚ ਬੱਚਿਆ ਨਾਲ ਮਿਲਣਾ ਹੁੰਦਾ ਹੈ। ਅੱਜ ਕੱਲ੍ਹ ਦੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਜਿਆਦਾ ਦਿਮਾਗੀ ਸਿਹਤ ਨਾਲ ਜੂਝ ਰਹੀ ਹੈ। ਇਸ ਦਾ ਕਾਰਨ ਹੈ ਕਿ ਅਸੀਂ ਆਪਣਾ ਕੰਮ ਸਮੇਂ ਤੇ ਨਹੀਂ ਕਰਦੇ ਤੇ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਕਿਉਂਕਿ ਸਾਡਾ ਖਾਣਾ ਸਹੀ ਨਹੀਂ ਹੈ। ਸਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਇਹ ਸਾਡੇ ਸਰੀਰ ਲਈ ਬਹੁਤ ਜਰੂਰੀ ਹੈ।
ਸ੍ਰੀ ਦਰਸ਼ਨ ਅਰੋੜਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਮਾਨਸਿਕ ਅਤੇ ਸਰੀਰਕ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਇੱਕ ਚੰਗੇ ਸਰੀਰ ਵਿੱਚ ਹੀ ਚੰਗੇ ਮਨ ਦਾ ਵਿਕਾਸ ਹੋ ਸਕਦਾ ਹੈ। ਅੰਤ ਵਿੱਚ ਲਾਇਨ ਮਨਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।

 ਖਾਣ-ਪੀਣ ਸੰਬੰਧੀ ਵਿਗਾੜਾਂ 'ਤੇ ਐਕਸਟੈਨਸ਼ਨ ਲੈਕਚਰ

ਲੁਧਿਆਣਾ, 29 ਫਰਵਰੀ(ਟੀ. ਕੇ.) 
ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਮਾਡਲ ਟਾਊਨ, ਲੁਧਿਆਣਾ ਦੇ ਮਨੋਵਿਗਿਆਨ ਵਿਭਾਗ ਨੇ ਈਟਿੰਗ ਡਿਸਆਰਡਰ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਵਿੱਚ ਇੱਕ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ।
ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ ਗਈ। ਉਨ੍ਹਾਂ ਖਾਣ ਪੀਣ ਦੀਆਂ ਵੱਖ-ਵੱਖ ਬਿਮਾਰੀਆਂ ਅਤੇ ਉਨ੍ਹਾਂ ਦੇ ਲੱਛਣਾਂ ਅਤੇ ਕਾਰਨਾਂ ਬਾਰੇ ਦੱਸਿਆ। ਬਤੌਰ ਰਿਸੋਰਸ ਪਰਸਨ ਡਾਈਟੀਸ਼ੀਅਨ ਡਾ.ਬਲਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਚੰਗੀ ਖੁਰਾਕ ਅਤੇ ਸੰਤੁਲਿਤ ਭੋਜਨ ਦੀ ਮਹੱਤਤਾ ਬਾਰੇ ਸੰਬੋਧਨ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਨੇ ਖਾਣ-ਪੀਣ ਦੇ ਵਿਗਾੜ ਵਾਲੇ ਮਰੀਜ਼ਾਂ ਦੇ ਵੱਖ-ਵੱਖ ਕੇਸ ਅਧਿਐਨ ਸਾਂਝੇ ਕੀਤੇ ਅਤੇ ਸਿਹਤਮੰਦ ਅਤੇ ਘਰੇਲੂ ਭੋਜਨ ਖਾਣ 'ਤੇ ਜ਼ੋਰ ਦਿੱਤਾ।
ਸ਼੍ਰੀਮਤੀ ਕੁਸ਼ਾ ਮਹਿਰਾ ਮੁਖੀ ਮਨੋਵਿਗਿਆਨ ਵਿਭਾਗ ਨੇ ਈਟਿੰਗ ਡਿਸਆਰਡਰ ਦੇ ਨਿਦਾਨ ਦੀ ਮਹੱਤਤਾ ਬਾਰੇ ਦੱਸਿਆ ਜੋ ਅੱਜ ਦੀ ਪੀੜ੍ਹੀ ਦੇ ਮਰਦ ਅਤੇ ਔਰਤਾਂ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ। ਪਿ੍ੰਸੀਪਲ ਡਾ.ਮਨੀਤਾ ਕਾਹਲੋਂ ਨੇ ਚੰਗੀ ਮਾਨਸਿਕ ਅਤੇ ਸਰੀਰਕ ਸਿਹਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ |

ਅੰਤਰ ਬਹੁ-ਤਕਨੀਕੀ ਕਾਲਜਾਂ ਦੇ ਯੁਵਕ ਮੇਲੇ ਵਿੱਚ ਐਸ.ਆਰ.ਐਸ.ਗੌਰਮਿੰਟ ਬਹੁ-ਤਕਨੀਕੀ ਲੁਧਿਆਣਾ ਨੇ ਜਿੱਤੀ ਆਲ-ਉਵਰ ਰਨਰਅੱਪ ਟ੍ਰਾਫੀ

ਲੁਧਿਆਣਾ,29 ਫਰਵਰੀ (ਟੀ. ਕੇ.) ਪੀ.ਟੀ.ਆਈ.ਐਸ. ਵਲੋਂ ਪਿਛਲੇ ਦਿਨੀਂ ਅੰਤਰ - ਬਹੁ-ਤਕਨੀਕੀ ਕਾਲਜਾਂ ਦਾ ਯੂਥ ਫੈਸਟੀਵਲ  ਸਰਕਾਰੀ ਬਹੁ-ਤਕਨੀਕੀ ਕਾਲਜ ਪਟਿਆਲਾ ਵਿਖੇ ਕਰਵਾਇਆ ਗਿਆ।ਇਸ ਵਿੱਚ ਪੰਜਾਬ ਭਰ ਵਿਚੋਂ ਲਗਭਗ 35 ਕਾਲਜਾਂ ਦੇ ਸਿਖਿਆਰਥੀਆਂ ਨੇ ਭਾਗ ਲਿਆ।ਇਸ ਦੌਰਾਨ ਲੁਧਿਆਣਾ ਦੇ ਮਹਾਰਿਸ਼ੀ ਵਾਲਮੀਕਿ ਨਗਰ ਸਥਿਤ ਐਸ.ਆਰ.ਐਸ.ਗੌਰਮਿੰਟ ਕਾਲਜ  ਨੇ ਰੰਗੋਲੀ ਵਿੱਚ ਪਹਿਲਾ, ਕੋਰੀਓਗ੍ਰਾਫੀ ਵਿੱਚ ਪਹਿਲਾ,ਲੋਕ ਗੀਤ ਵਿੱਚ ਦੂਜਾ ਸਥਾਨ,ਸ਼ਬਦ ਗਾਇਨ ਵਿੱਚ ਤੀਜਾ ਸਥਾਨ ਜਦਕਿ ਸੋਲੋ ਡਾਂਸ ਵਿੱਚ ਉਤਸ਼ਾਹਿਤ ਇਨਾਮ ਪ੍ਰਾਪਤ ਕੀਤਾ।ਇਸ ਕਾਲਜ ਦੇ ਵਿਦਿਆਰਥੀਆਂ ਦੀ ਇਸ  ਯੂਥ ਫੈਸਟੀਵਲ ਵਿੱਚ ਸਖਤ ਮਿਹਨਤ ਕਰਕੇ ਆਲ ਓਵਰ ਰਨਰ ਟ੍ਰਾਫੀ ਹਾਸਲ ਕਰਕੇ ਲੁਧਿਆਣਾ ਜ਼ਿਲੇ ਦਾ ਨਾਮ ਰੌਸ਼ਨ ਕੀਤਾ।ਇਸ ਪ੍ਰਾਪਤੀ ਸਬੰਧੀ ਕਾਲਜ ਦੇ ਪ੍ਰਿੰਸੀਪਲ ਇੰਜ: ਮਨੋਜ ਕੁਮਾਰ ਜਾਂਬਲਾ  ਨੇ ਦੱਸਿਆ ਕਿ ਜਿਥੇ ਇਹ ਕਾਲਜ ਪੰਜਾਬ ਸਰਕਾਰ ਵਲੋਂ ਘਰ-ਘਰ ਤਕਨੀਕੀ ਸਿਖਿਆ ਪਹੁੰਚਾਉਣ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਉਥੇ ਹੀ ਇਹ ਸੱਭਿਆਚਾਰਕ ਅਤੇ ਖੇਡਾਂ ਵਿੱਚ ਮੋਹਰੀ ਰੋਲ ਅਦਾ ਕਰਕੇ ਲੁਧਿਆਣਾ ਜਿ਼ਲ੍ਹੇ ਦਾ  ਨਾਮ ਰੌਸ਼ਨ ਕਰ ਰਿਹਾ ਹੈ।ਇਸ ਮੌਕੇ ਉਨ੍ਹਾਂ ਕਾਲਜ ਦੇ ਸਿਖਿਆਰਥੀ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ,ਸਭਿਆਚਾਰਕ ਗਤੀ ਵਿਧੀਆਂ ਵਿੱਚ ਹੋਰ ਮਿਹਨਤ ਕਰਕੇ ਅਪਣੀ ਆਲਓਵਰ ਪ੍ਰਸਨੈਲਟੀ ਨੂੰ ਹੋਰ ਵਿਕਸਤ ਕਰਕੇ ਆਪਣੇ ਮਾਪਿਆਂ ਅਤੇ ਕਾਲਜ ਦਾ ਨਾਮ ਰੌਸ਼ਨ ਕਰ ਸਕਦੇ ਹਨ।ਇਸ ਮੌਕੇ ਸਿੱਖਿਆਰਥੀਆਂ ਨੂੰ ਵਧਾਈ ਦੇਣ ਵਾਲਿਆਂ ਵਿਚ ਕਾਲਜ ਕਮੇਟੀ ਦੇ ਪ੍ਰਧਾਨ ਐਸ.ਆਰ.ਸੀ.ਕੁਲਵਿੰਦਰ ਸਿੰਘ ਪੰਨੂ,ਜਸਪ੍ਰੀਤ ਕੌਰ ਮੁਖੀ ਵਿਭਾਗ,ਕੁਲਵਿੰਦਰ ਸਿੰਘ ਮੁਖੀ ਵਿਭਾਗ ਕੰਪਿ:ਇੰਜ.,ਰੁਪਿੰਦਰ ਕੌਰ ਮੁਖੀ ਵਿਭਾਗ,ਲਖਬੀਰ ਸਿੰਘ ਅਫਸਰ ਇੰਚਾਰਜ,ਜਸਵੀਰ ਸਿੰਘ ਅਫਸਰ ਇੰਚਾਰਜ,ਦੇਵਿੰਦਰ ਕੁਮਾਰ ਅਫਸਰ ਇੰਚਾਰਜ ਵੀ ਹਾਜਰ ਸਨ।