You are here

ਲੁਧਿਆਣਾ

ਵਿਧਾਇਕ ਛੀਨਾ ਦੀ ਅਗਵਾਈ 'ਚ ਸ਼ਰਧਾਲੂਆਂ ਦਾ 8ਵਾਂ ਜੱਥਾ ਰਵਾਨਾ

ਲੁਧਿਆਣਾ, 28 ਫਰਵਰੀ (ਟੀ. ਕੇ. ) - ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਵਸਨੀਕਾਂ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਭਰਪੂਰ ਲਾਹਾ ਲਿਆ ਜਾ ਰਿਹਾ ਹੈ। 

ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਵਲੋਂ, ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਅਧੀਨ ਵਾਰਡ 22 ਸ਼ੇਰਪੁਰ ਤੋਂ 8ਵਾਂ ਸ਼ਰਧਾਲੂਆਂ ਦਾ ਜੱਥਾ ਮਾਤਾ ਨੈਣਾ ਦੇਵੀ, ਮਾਤਾ ਚਿੰਤਾ ਪੁਰਨੀ ਮਾਤਾ ਜਵਾਲਾ ਜੀ ਤੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ।

ਮੁੱਖ ਮੰਤਰੀ ਪੰਜਾਬ  ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਤੀਰਥ ਯਾਤਰਾ ਸਕੀਮ ਦੇ ਤਹਿਤ ਗੁਰੂ ਘਰਾਂ, ਗੁਰੂ ਧਾਮਾਂ ਅਤੇ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ।

ਵਿਧਾਇਕ ਛੀਨਾ ਨੇ ਦੱਸਿਆ ਕਿ ਇਹ ਬੱਸ ਸ਼ਰਧਾਲੂਆਂ ਨੂੰ ਮਾਤਾ ਚਿੰਤਪੂਰਨੀ ਮਾਤਾ ਜਵਾਲਾ ਜੀ ਮਾਤਾ ਨੈਣਾ ਦੇਵੀ ਤੇ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਜਾਵੇਗੀ। ਇਸ ਦੌਰਾਨ ਸ਼ਰਧਾਲੂਆਂ ਦਾ ਉਤਸਾਹ ਵੇਖਦਿਆਂ ਹੀ ਬਣਦਾ ਸੀ। ਇਸ ਸਕੀਮ ਦੇ ਨਾਲ ਪੰਜਾਬ ਵਾਸੀਆਂ ਨੂੰ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਅਤੇ ਵੱਖ-ਵੱਖ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਬੱਸਾਂ ਟਰੇਨਾਂ ਰਾਹੀਂ ਤੀਰਥ ਸਥਾਨਾਂ ਤੇ ਪਹੁੰਚ ਰਹੇ ਹਨ। 

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਇਸ ਸਕੀਮ ਦੇ ਤਹਿਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਰਜਿਸਟਰੇਸ਼ਨ ਕਰਵਾ ਰਹੇ ਹਨ ਅਤੇ ਜੇਕਰ ਕਿਸੇ ਨੂੰ ਕੋਈ ਔਕੜ ਆਵੇ ਤਾਂ ਉਹਨਾਂ ਦੇ ਦਫਤਰ ਵਿਖੇ ਵੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।

ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਲੁਧਿਆਣਾ, 28 ਫਰਵਰੀ (ਟੀ. ਕੇ.) ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਦੀ ਸਾਇੰਸ ਸੁਸਾਇਟੀ ਅਤੇ ਈਕੋ ਕਲੱਬ ਨੇ  ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ। ਇਸ ਮੌਕੇ ਬੀ.ਐੱਡ. ਅਤੇ ਐਮ.ਐੱਡ.ਦੇ ਵਿਦਿਆਰਥੀਆਂ ਨੇ  ਭਾਗ ਲਿਆ। ਇਸ ਮੌਕੇ ਜਸਪ੍ਰੀਤ ਕੌਰ ਨੇ ਰਾਸ਼ਟਰੀ ਵਿਗਿਆਨ ਦਿਵਸ ਦੀ ਮਹੱਤਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸ਼ਰੂਤੀ ਨੇ ਰਾਸ਼ਟਰੀ ਵਿਗਿਆਨ ਦਿਵਸ 2024 ਦੀ ਥੀਮ ‘ਵਿਕਸ਼ਿਤ ਭਾਰਤ ਲਈ ਸਵਦੇਸ਼ੀ ਤਕਨਾਲੋਜੀ’ ਬਾਰੇ ਹਾਜ਼ਰੀਨ ਨੂੰ ਜਾਗਰੂਕ ਕੀਤਾ। ਗੁਰਲੀਨ ਨੇ ਵਾਤਾਵਰਨ ਨੂੰ ਬਚਾਉਣ ਦੇ ਤਰੀਕਿਆਂ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ। ਡਾ: ਮਨਦੀਪ ਕੌਰ, ਇੰਚਾਰਜ ਸਾਇੰਸ ਸੋਸਾਇਟੀ ਨੇ ਹੋਣਹਾਰ ਅਧਿਆਪਕਾਂ ਨੂੰ ਵਿਗਿਆਨ ਨੂੰ ਇਸ ਤਰੀਕੇ ਨਾਲ ਪੜ੍ਹਾਉਣ ਦੀ ਅਪੀਲ ਕੀਤੀ ਜੋ ਭਵਿੱਖ ਦੇ ਵਿਗਿਆਨੀ ਪੈਦਾ ਕਰਨ ਵਿੱਚ ਸਹਾਈ ਹੋਵੇ ਜੋ ਦੇਸ਼ ਦੇ ਵਿਕਾਸ ਲਈ ਵਿਗਿਆਨ ਦੀ ਵਰਤੋਂ ਕਰਨ। ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸਤਵੰਤ ਕੌਰ ਨੇ ਕੀਤੀ।

 ਐਥਲੈਟਿਕ ਮੀਟ ਦੌਰਾਨ  ਰੁਪਿੰਦਰ ਕੌਰ ਨੂੰ ਸਰਵੋਤਮ ਅਥਲੀਟ ਚੁਣਿਆ 

ਲੁਧਿਆਣਾ, 28 ਫਰਵਰੀ(ਟੀ. ਕੇ.)  ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਕਾਲਜ ਕੈਂਪਸ ਵਿੱਚ ਦੋ ਰੋਜ਼ਾ  ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ 
ਇਨ੍ਹਾਂ ਮੁਕਾਬਲਿਆਂ ਵਿੱਚ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 4 X 200 ਮੀਟਰ ਰਿਲੇਅ, ਲੰਬੀ ਛਾਲ, ਸ਼ਾਟ ਪੁਟ, ਜੈਵਲਿਨ ਥਰੋਅ, ਡਿਸਕਸ ਥਰੋਅ, ਸਕਿਪਿੰਗ ਰੇਸ, ਤਿੰਨ ਲੱਤਾਂ ਵਾਲੀ ਦੌੜ, ਚਮਚਾ ਅਤੇ ਆਲੂ ਦੌੜ ਅਤੇ ਚਾਟੀ ਵਰਗੇ ਟਰੈਕ ਅਤੇ ਫੀਲਡ ਈਵੈਂਟ ਸ਼ਾਮਲ ਸਨ। ਇਸ ਮੌਕੇ ਬੀ. ਕਾਮ. ਸਾਲ ਦੂਜਾ   ਦੀ ਰੁਪਿੰਦਰ ਕੌਰ ਨੂੰ  2023-24 ਦੀ ਸਰਵੋਤਮ ਅਥਲੀਟ ਦਾ ਖਿਤਾਬ ਜਿੱਤਿਆ ਅਤੇ ਬੀ. ਏ. - ਦੂਜਾ ਦੀ ਪੀਹੂ ਨੂੰ ਫਸਟ ਰਨਰ ਅੱਪ ਅਤੇ ਮਨਨੀਤ ਕੌਰ ਬੀ. ਕਾਮ - ਸਾਲ ਦੂਜਾ ਨੂੰ ਸੈਕਿੰਡ ਰਨਰ ਅੱਪ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ.ਮਨੀਤਾ ਕਾਹਲੋਂ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਲਈ ਇਹ ਖੇਡ ਸਮਾਗਮ ਕਰਵਾਉਣ ਲਈ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਵੈਟਨਰੀ ਯੂਨੀਵਰਸਿਟੀ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਨੇ ਮਨਾਇਆ ਸਥਾਪਨਾ ਦਿਵਸ

ਲੁਧਿਆਣਾ, 28 ਫਰਵਰੀ (ਟੀ. ਕੇ.)  ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਆਪਣਾ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਕੋਮਲ ਕਲਾਵਾਂ ਅਤੇ ਸਾਹਿਤਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਕਾਲਜ ਦੇ ਡੀਨ, ਡਾ. ਯਸ਼ਪਾਲ ਸਿੰਘ ਮਲਿਕ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਾਲਜ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਅਮਰੀਕਾ ਦੀ ਸੰਸਥਾ ਐਮ ਆਈ ਟੀ ਤੋਂ ਆਏ ਡਾ. ਆਰ ਐਸ ਰਾਣੂ ਅਤੇ ਐਨੀਮਲ ਬਾਇਓਤਕਨਾਲੋਜੀ ਸਕੂਲ ਦੇ ਭੂਤਪੂਰਵ ਨਿਰਦੇਸ਼ਕ, ਡਾ. ਜੀ ਐਸ ਬਰ੍ਹਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। 
    ਡਾ. ਰਾਣੂ ਨੇ ਜੈਵਿਕ ਤਕਨਾਲੋਜੀ ਵਿਗਿਆਨੀ ਵਜੋਂ ਆਪਣੇ ਕੰਮ ਤੇ ਤਜਰਬੇ ਸਾਂਝੇ ਕਰਦਿਆਂ ਨੋਬਲ ਵਿਗਿਆਨੀ ਡਾ. ਹਰਗੋਬਿੰਦ ਖੁਰਾਣਾ ਨਾਲ ਕੀਤੇ ਕਾਰਜ ਦਾ ਵੀ ਉਲੇਖ ਕੀਤਾ। ਡਾ. ਬਰ੍ਹਾ ਨੇ ਐਨੀਮਲ ਬਾਇਓਤਕਨਾਲੋਜੀ ਸਕੂਲ ਦੀ ਸਥਾਪਨਾ ਦੇ ਆਪਣੇ ਤਜਰਬੇ ਤੇ ਯਾਦਾਂ ਸਾਂਝੀਆਂ ਕੀਤੀਆਂ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਬਤੌਰ ਮੁੱਖ ਮਹਿਮਾਨ, ਆਯੋਜਕਾਂ ਨੂੰ ਅਤੇ ਕਾਲਜ ਨੂੰ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਵਿਦਿਆਰਥੀ ਨਿਰੰਤਰ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਰਹਿਣ। ਉਨ੍ਹਾਂ ਨੇ ਕਾਲਜ ਵੱਲੋਂ ਮਨੁੱਖਤਾ ਦੀ ਸੇਵਾ ਹਿਤ ਕੀਤੇ ਜਾ ਰਹੇ ਯਤਨਾਂ ਨੂੰ ਸਰਾਹਿਆ ਅਤੇ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਆ।
    ਯੂਨੀਵਰਸਿਟੀ ਦੇ ਵਿਭਿੰਨ ਅਧਿਕਾਰੀਆਂ ਨੇ ਵੀ ਸਮਾਗਮ ਦੀ ਸੋਭਾ ਵਧਾਈ। ਡਾ. ਸਤਪ੍ਰਕਾਸ਼ ਸਿੰਘ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਅਧਿਆਪਕ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਬਹੁਤ ਉਤਸਾਹ ਨਾਲ ਸਮਾਗਮ ਵਿਚ ਹਿੱਸਾ ਲਿਆ। ਇਸ ਮੌਕੇ ਫੋਟੋਗ੍ਰਾਫੀ, ਰੰਗੋਲੀ ਅਤੇ ਮੌਕੇ ’ਤੇ ਭਾਸ਼ਣਕਾਰੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।

ਵੈਟਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੌਮੀ ਕਾਨਫਰੰਸ ਵਿਚ ਪ੍ਰਾਪਤ ਕੀਤੇ ਇਨਾਮ

ਲੁਧਿਆਣਾ, 28 ਫਰਵਰੀ (ਟੀ. ਕੇ.)  ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਮੈਡੀਸਨ ਵਿਭਾਗ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੇ ਵੈਟਨਰੀ ਮੈਡੀਸਨ ਦੀ 40ਵੀਂ ਸਾਲਾਨਾ ਕਨਵੈਨਸ਼ਨ ਅਤੇ ਕੌਮੀ ਕਾਨਫਰੰਸ ਵਿਚ ਹਿੱਸਾ ਲਿਆ। ਇਸ ਕਾਨਫਰੰਸ ਦਾ ਵਿਸ਼ਾ ਸੀ ‘ਵੈਟਨਰੀ ਇਲਾਜ ਅਤੇ ਇਕ ਸਿਹਤ ਦੇ ਸਾਂਝੇ ਮਨੋਰਥ ਹਿਤ ਬਹੁ-ਪੱਖੀ ਪਹੁੰਚ’। ਇਹ ਕਾਨਫਰੰਸ ਕੇਰਲਾ ਦੇ ਵੈਟਨਰੀ ਅਤੇ ਐਨੀਮਲ ਸਾਇੰਸਜ਼ ਕਾਲਜ ਵਿਖੇ ਹੋਈ। ਇਸ ਵਿਚ ਡਾ. ਅਸ਼ਵਨੀ ਕੁਮਾਰ, ਅਸਮਿਤਾ ਨਾਰੰਗ, ਸ਼ਬਨਮ ਸਿੱਧੂ ਅਤੇ ਗੁਰਪ੍ਰੀਤ ਸਿੰਘ ਨੇ 12 ਵਿਦਿਆਰਥੀਆਂ ਨਾਲ ਹਿੱਸਾ ਲਿਆ ਅਤੇ ਵਿਭਿੰਨ ਸੈਸ਼ਨਾਂ ਵਿਚ ਖੋਜ ਪੱਤਰ ਪੇਸ਼ ਕਰਕੇ 10 ਸਨਮਾਨ ਹਾਸਿਲ ਕੀਤੇ। ਡਾ. ਅਸ਼ਵਨੀ ਕੁਮਾਰ, ਵਿਭਾਗ ਮੁਖੀ ਨੇ ਮੱਝਾਂ ਅਤੇ ਗਾਂਵਾਂ ਵਿਚ ਪੇਟ ਦੇ ਰੋਗਾਂ ਦਾ ਨਿਦਾਨ ਅਤੇ ਇਲਾਜ ਵਿਸ਼ੇ ’ਤੇ ਮੁੱਖ ਪਰਚਾ ਪੜ੍ਹਿਆ। ਡਾ. ਅਸਮਿਤਾ ਨਾਰੰਗ ਨੇ ਘੋੜਿਆਂ ਦੀ ਬਿਮਾਰੀ ਸੰਬੰਧੀ ਆਪਣੀ ਪੇਸ਼ਕਾਰੀ ਕੀਤੀ। ਡਾ. ਸ਼ਬਨਮ ਸਿੱਧੂ ਨੂੰ ਪਸ਼ੂਆਂ ਦੀਆਂ ਦਿਲ ਦੀਆਂ ਬਿਮਾਰੀਆਂ ਸੰਬੰਧੀ ਖੋਜ ਪਰਚੇ ’ਤੇ ਸਨਮਾਨ ਪ੍ਰਾਪਤ ਹੋਇਆ। ਉਨ੍ਹਾਂ ਦੇ ਪਰਚੇ ਦੇ ਸਹਿ-ਲੇਖਕ ਵਜੋਂ ਡਾ. ਸੰਜੀਵ ਕੁਮਾਰ ਉੱਪਲ ਨੇ ਯੋਗਦਾਨ ਦਿੱਤਾ ਸੀ। ਡਾ. ਗੁਰਪ੍ਰੀਤ ਸਿੰਘ ਨੇ ਕੁੱਤਿਆਂ ਦੀਆਂ ਬਿਮਾਰੀਆਂ ਸੰਬੰਧੀ ਆਪਣੀ ਖੋਜ ਪੇਸ਼ ਕੀਤੀ। ਨਿਰੀਖਣ ਚੁਣੌਤੀਆਂ ਸੰਬੰਧੀ ਡਾ. ਰਾਜ ਸੁਖਬੀਰ ਸਿੰਘ, ਸਵਰਨ ਸਿੰਘ, ਅਰੁਣ ਆਨੰਦ, ਜਸਨੀਤ ਸਿੰਘ ਅਤੇ ਡਾ. ਕੁਲਦੀਪ ਗੁਪਤਾ ਵੱਲੋਂ ਖੋਜ ਪੱਤਰ ਪੇਸ਼ ਕੀਤਾ ਗਿਆ।

ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਫੁੱਲਾਂ ਦੇ ਸ਼ੋਅ ਨੇ ਰੰਗਾਂ ਦੀ ਛਹਿਬਰ ਲਾਈ

ਲੁਧਿਆਣਾ 28 ਫਰਵਰੀ(ਟੀ. ਕੇ.) 

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਅੱਜ ਉੱਘੇ ਕੁਦਰਤ ਪ੍ਰੇਮੀ ਅਤੇ ਯੂਨੀਵਰਸਿਟੀ ਦੇ ਦੂਜੇ ਵਾਈਸ ਚਾਂਲਸਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿਚ ਫੁੱਲਾਂ ਦਾ ਸ਼ੋਅ ਅਤੇ ਮੁਕਾਬਲੇ ਕਰਵਾਏ ਗਏ। ਇਸ ਸ਼ੋਅ ਵਿਚ ਨਿੱਜੀ ਫੁੱਲ ਪ੍ਰੇਮੀਆਂ ਅਤੇ ਸੰਸਥਾਵਾਂ ਨੇ ਆਪਣੇ ਫੁੱਲਾਂ ਦਾ ਪ੍ਰਦਰਸ਼ਨ ਕੀਤਾ। ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿਹੜੇ ਵਿਚ ਲਾਏ ਗਏ ਇਸ ਫਲਾਵਰ ਸ਼ੋਅ ਦਾ ਆਯੋਜਨ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਵੱਲੋਂ ਕੀਤਾ ਗਿਆ ਸੀ। ਇਸ ਸ਼ੋਅ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਕਰ-ਕਮਲਾਂ ਨਾਲ ਕੀਤਾ ਜਦਕਿ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਫੁੱਲ ਵਿਗਿਆਨ ਦੇ ਸਾਬਕਾ ਪ੍ਰੋਫੈਸਰ ਡਾ. ਅਜੈਪਾਲ ਸਿੰਘ ਗਿੱਲ ਅਤੇ ਬਾਗਬਾਨੀ ਵਿਭਾਗ ਪੰਜਾਬ ਦੇ ਸਾਬਕਾ ਮਾਹਿਰ ਸ. ਹਰੀ ਸਿੰਘ ਸੰਧੂ ਸਨ।

ਵਾਈਸ ਚਾਂਸਲਰ ਡਾ. ਗੋਸਲ ਨੇ ਉਦਘਾਟਨ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਫੁੱਲਾਂ ਦੀ ਹੋਂਦ ਮਨੁੱਖ ਨੂੰ ਮਨ ਅਤੇ ਆਤਮਾ ਦੀ ਖੁਸ਼ੀ ਲਈ ਬੇਹੱਦ ਜ਼ਰੂਰੀ ਹੈ। ਫੁੱਲ ਆਪਣੇ ਵਿਭਿੰਨ ਰੰਗਾਂ ਨਾਲ ਸਾਡੇ ਚੌਗਿਰਦੇ ਨੂੰ ਹੀ ਨਹੀਂ ਬਲਕਿ ਸਾਡੇ ਮਨ ਨੂੰ ਵੀ ਮਹਿਕਾਉਦੇ ਹਨ। ਉਹਨਾਂ ਪੱਛਮੀ ਲੋਕਾਂ ਵੱਲੋਂ ਫੁੱਲਾਂ ਦੇ ਉਪਹਾਰ ਦੇਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਵੇਂ ਸਾਡੀ ਸੱਭਿਅਤਾ ਵਿਚ ਫੁੱਲਾਂ ਨੂੰ ਭੇਂਟ ਕਰਨ ਦਾ ਰੁਝਾਨ ਘੱਟ ਹੈ ਪਰ ਹੌਲੀ ਹੌਲੀ ਇਹ ਰਵਾਇਤ ਵੱਧ ਰਹੀ ਹੈ। ਡਾ. ਗੋਸਲ ਨੇ ਕਿਹਾ ਕਿ ਫੁੱਲਾਂ ਦੇ ਸ਼ੋਅ ਅਤੇ ਪ੍ਰਦਰਸ਼ਨ ਆਯੋਜਿਤ ਕਰਨ ਨਾਲ ਬਹੁਤ ਸਾਰੇ ਫੁੱਲ ਪ੍ਰੇਮੀ ਅਤੇ ਕਾਸ਼ਤਕਾਰ ਇਸ ਕਿੱਤੇ ਵੱਲ ਪ੍ਰੇਰਿਤ ਹੋਣਗੇ। ਉਹਨਾਂ ਲਗਾਤਾਰਤਾ ਨਾਲ ਇਸ ਸ਼ੋਅ ਨੂੰ ਆਯੋਜਿਤ ਕਰਨ ਲਈ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੀ ਸ਼ਲਾਘਾ ਕੀਤੀ। ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਖੇਤੀ ਦੇ ਸਹਾਇਕ ਕਿੱਤਿਆਂ ਵਿਚ ਫੁੱਲਾਂ ਦੀ ਕਾਸ਼ਤ ਨੂੰ ਸਿਫ਼ਾਰਸ਼ ਕੀਤਾ ਹੈ ਬਲਕਿ ਹੁਣ ਇਹ ਕਿੱਤਾ ਬਹੁਤ ਸਾਰੇ ਕਿਸਾਨ ਮੁੱਖ ਤੌਰ ਤੇ ਅਪਣਾ ਰਹੇ ਹਨ। ਡਾ. ਗੋਸਲ ਨੇ ਕਿਹਾ ਕਿ ਖੇਤੀ ਨੂੰ ਵਿਭਿੰਨਤਾ ਦੇ ਰਾਹਾਂ ਤੇ ਤੋਰਨ ਅਤੇ ਹੋਰ ਮੁਨਾਫ਼ੇਯੋਗ ਬਨਾਉਣ ਲਈ ਫੁੱਲਾਂ ਦੀ ਖੇਤੀ ਨੂੰ ਬਾਗਬਾਨੀ ਦਾ ਬਹੁਤ ਅਹਿਮ ਅੰਗ ਮੰਨਣਾ ਪਵੇਗਾ ਅਤੇ ਇਸ ਦਿਸ਼ਾ ਵਿਚ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਹੀ ਪਵੇਗਾ। ਡਾ. ਗੋਸਲ ਨੇ ਕਿਹਾ ਕਿ ਫੁੱਲਾਂ ਦੀ ਖੇਤੀ ਇਸ ਸਮੇਂ ਦੀ ਉਭਰਦੀ ਹੋਈ ਖੇਤੀ ਉਦਯੋਗ ਵਿਧੀ ਹੈ। ਸ਼ਹਿਰੀਕਰਨ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿਚ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 

ਸਵਾਗਤ ਦੇ ਸ਼ਬਦ ਬੋਲਦਿਆਂ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਵਿਭਾਗ ਦਾ ਟੀਚਾ ਹੈ ਕਿ ਖਿੱਤੇ ਵਿਚ ਮੰਗ ਅਨੁਸਾਰ ਫੁੱਲਾਂ ਦੀ ਖੇਤੀ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ। ਡਾ. ਪਰਮਿੰਦਰ ਸਿੰਘ ਨੇ ਇਸ ਸੰਬੰਧ ਵਿਚ ਜ਼ੋਰ ਦੇ ਕੇ ਕਿਹਾ ਕਿ ਫੁੱਲਾਂ ਦੀ ਮੰਗ ਨਾ ਸਿਰਫ਼ ਨਿੱਜੀ ਤੌਰ ਤੇ ਵਧੀ ਹੈ ਬਲਕਿ ਇਸ ਨਾਲ ਇਕ ਪੂਰੇ ਦਾ ਪੂਰਾ ਉਦਯੋਗਿਕ ਦ੍ਰਿਸ਼ ਜੁੜ ਗਿਆ ਹੈ। ਵਿਗਿਆਨਕ ਤੌਰ ਤੇ ਫੁੱਲਾਂ ਦੀ ਖੇਤੀ ਨੂੰ ਅਪਣਾ ਕੇ ਇਸ ਖੇਤਰ ਵਿੱਚੋਂ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਘਰਾਂ ਦੇ ਅੰਦਰੂਨੀ ਪੌਦਿਆਂ ਤੋਂ ਇਲਾਵਾ ਲੈਂਡਸਕੇਪਿੰਗ ਪੌਦਿਆਂ, ਬੀਜਾਂ, ਫੁੱਲ ਕਾਸ਼ਤ ਸਮੱਗਰੀ, ਔਜ਼ਾਰਾਂ ਅਤੇ ਹੋਰ ਚੀਜ਼ਾਂ ਸੰਬੰਧੀ ਅੱਜ ਦੇ ਸ਼ੋਅ ਵਿਚ 25 ਦੇ ਕਰੀਬ ਸਟਾਲ ਲੱਗੇ ਹੋਏ ਹਨ ਅਤੇ 15 ਦੇ ਕਰੀਬ ਨਰਸਰੀਆਂ ਦੀਆਂ ਪ੍ਰਦਰਸ਼ਨੀਆਂ ਵੀ ਮੌਜੂਦ ਹਨ। ਉਹਨਾਂ ਕਿਹਾ ਕਿ ਵਿਦੇਸ਼ੀ ਫੁੱਲਾਂ ਦੀਆਂ ਕਿਸਮਾਂ ਜਿਵੇਂ ਟਿਊਲਿਪ, ਡੈਫੋਡਿਲਜ਼ ਅਤੇ ਹਾਈਸਨ ਆਦਿ ਨੂੰ ਵੀ ਇਸ ਸ਼ੋਅ ਵਿਚ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। 

ਫੁੱਲਾਂ ਦੀ ਖੇਤੀ ਦੇ ਮਾਹਿਰ ਅਤੇ ਸ਼ੋਅ ਦੇ ਕੋਆਡੀਨੇਟਰ ਡਾ. ਸਿਮਰਤ ਸਿੰਘ ਨੇ ਦੱਸਿਆ ਕਿ 800 ਦੇ ਕਰੀਬ ਭਾਗ ਲੈਣ ਵਾਲਿਆਂ ਵੱਲੋਂ 1200 ਦੇ ਆਸ ਪਾਸ ਐਂਟਰੀਆਂ ਵੱਖ-ਵੱਖ ਵਰਗਾਂ ਵਿਚ ਕਰਵਾਈਆਂ ਗਈਆਂ ਹਨ। ਇਹਨਾਂ ਵਿਚ ਨਿੱਜੀ ਵਿਅਕਤੀ, ਨਿੱਜੀ ਅਤੇ ਸਰਕਾਰੀ ਸੰਸਥਾਵਾਂ ਅਤੇ ਵੱਖ-ਵੱਖ ਨਰਸਰੀਆਂ ਸ਼ਾਮਿਲ ਹਨ। ਕਈ ਵਰਗਾਂ ਵਿਚ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਤਾਜ਼ੇ ਫੁੱਲਾਂ, ਸੁੱਕੇ ਫੁੱਲਾਂ ਦੀ ਸੰਭਾਲ, ਮੌਸਮੀ ਫੁੱਲ, ਕੈਕਟਸ, ਬੋਨਜ਼ਾਈ ਪ੍ਰਮੁੱਖ ਹਨ। 

ਬਾਗਬਾਨੀ ਵਿਭਾਗ ਦੇ ਸੇਵਾ ਮੁਕਤ ਮਾਹਿਰ ਡਾ. ਹਰੀ ਸਿੰਘ ਨੇ ਇਸ ਸ਼ੋਅ ਦੇ ਆਯੋਜਨ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਡਾ. ਅਜੈਪਾਲ ਸਿੰਘ ਗਿੱਲ ਨੇ ਇਸ ਸ਼ੋਅ ਨੂੰ ਸ਼ੋਅ ਪ੍ਰੇਮੀਆਂ ਲਈ ਬੇਹੱਦ ਲਾਹੇਵੰਦ ਕਿਹਾ। 

ਇਸ ਫੁੱਲ ਸ਼ੋਅ ਦੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਕੱਲ 29 ਫਰਵਰੀ ਸ਼ਾਮ 3 ਵਜੇ ਇਨਾਮ ਦਿੱਤੇ ਜਾਣਗੇ। 

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟਰਮੀਨਲ ਦੀ ਇਮਾਰਤ ਦਾ ਨਿਰਮਾਣ 31 ਮਾਰਚ ਤੱਕ ਹੋ ਜਾਵੇਗਾ ਮੁਕੰਮਲ - ਡਿਪਟੀ ਕਮਿਸ਼ਨਰ

ਲੁਧਿਆਣਾ, 28 ਫਰਵਰੀ (ਟੀ. ਕੇ. ) - ਡਿਪਟੀ ਕਮਿਸ਼ਨਰ  ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟਰਮੀਨਲ ਦੀ ਇਮਾਰਤ ਦਾ ਨਿਰਮਾਣ 31 ਮਾਰਚ, 2024 ਤੱਕ ਮੁਕੰਮਲ ਕਰ ਲਿਆ ਜਾਵੇਗਾ।

ਸਾਈਟ ਦੇ ਨਿਰੀਖਣ ਦੌਰਾਨ, ਸਾਹਨੀ ਨੇ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.), ਪਬਲਿਕ ਹੈਲਥ, ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.), ਐਨ.ਐਚ.ਏ.ਆਈ., ਅਤੇ ਠੇਕੇ ਵਾਲੀ ਕੰਪਨੀ ਦੇ ਨੁਮਾਇੰਦਿਆਂ ਨਾਲ ਵਿਸਥਾਰ ਚਰਚਾ ਕੀਤੀ। ਉਨ੍ਹਾਂ ਟਰਮੀਨਲ ਬਿਲਡਿੰਗ, ਅੰਦਰੂਨੀ ਸੜਕਾਂ ਦੇ ਨਿਰਮਾਣ, ਟੈਕਸੀਵੇਅ, ਏਪਰਨ ਅਤੇ ਸੜਕ ਚੌੜੀ ਕਰਨ, ਪਾਰਕਿੰਗ ਅਤੇ ਹੋਰ ਕੰਮਾਂ ਦਾ ਮੁਆਇਨਾ ਕੀਤਾ।

ਡਿਪਟੀ ਕਮਿਸ਼ਨਰ ਸਾਹਨੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਕਿ ਉਹ ਸਾਰੇ ਕੰਮਾਂ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਉਣ ਕਿਉਂਕਿ ਇਹ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਅਭਿਲਾਸ਼ੀ ਪ੍ਰੋਜੈਕਟ ਹੈ ਅਤੇ ਸੂਬੇ ਦੇ ਵਿਕਾਸ ਲਈ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਕੰਮਾਂ ਨੂੰ ਤੇਜ਼ੀ ਨਾਲ ਚਲਾਉਣਾ ਚਾਹੀਦਾ ਹੈ। ਉਨ੍ਹਾਂ  ਜਨ ਸਿਹਤ ਵਿਭਾਗ ਨੂੰ ਐਸ.ਟੀ.ਪੀ. ਦਾ ਕੰਮ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਕਿਉਂਕਿ ਲੋਕ ਨਿਰਮਾਣ ਵਿਭਾਗ ਵੱਲੋਂ ਲੋੜੀਂਦੀ ਜਗ੍ਹਾ ਦੀ ਸ਼ਨਾਖਤ ਕੀਤੀ ਗਈ ਹੈ। ਇਸ ਤੋਂ ਇਲਾਵਾ, ਉਨ੍ਹਾਂ ਠੇਕੇ ਵਾਲੀ ਕੰਪਨੀ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ 31 ਮਾਰਚ ਤੋਂ ਪਹਿਲਾਂ ਇਸ ਨੂੰ ਮੁਕੰਮਲ ਕਰ ਲਿਆ ਜਾਵੇ।

ਡੀ.ਸੀ. ਸਾਹਨੀ ਨੇ ਕਿਹਾ ਕਿ ਹਵਾਈ ਅੱਡਾ ਉਦਯੋਗਿਕ ਵਿਕਾਸ, ਨਿਰਯਾਤ, ਰੁਜ਼ਗਾਰ, ਰੀਅਲ ਅਸਟੇਟ ਅਤੇ  ਆਰਥਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਸਮੇਂ, ਪੈਸੇ ਅਤੇ ਊਰਜਾ ਦੀ ਬਚਤ ਕਰਦੇ ਹੋਏ ਮਾਤ ਭੂਮੀ ਵਿੱਚ ਆਪਣੇ ਪਰਿਵਾਰਾਂ ਨਾਲ ਜੁੜੇ ਰਹਿਣ ਦੀ ਸਹੂਲਤ ਵੀ ਦੇਵੇਗਾ। ਬਾਅਦ ਵਿੱਚ, ਉਨ੍ਹਾਂ ਪ੍ਰੋਜੈਕਟ ਦੇ ਸਬੰਧ ਵਿੱਚ ਭਾਰਤੀ ਹਵਾਈ ਸੈਨਾ ਸਟੇਸ਼ਨ, ਹਲਵਾਰਾ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਮੇਜਰ ਅਮਿਤ ਸਰੀਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

ਵਰਧਮਾਨ ਸਪੈਸ਼ਲ ਸਟੀਲਜ਼ ਵੱਲੋਂ ਮਹਿਲਾ ਸੂਖਮ ਉੱਦਮੀਆਂ ਲਈ ਡਿਜੀਟਲ ਸਾਖਰਤਾ ਪ੍ਰੋਗਰਾਮ ਦਾ ਆਗਾਜ਼

ਲੁਧਿਆਣਾ, 28 ਫਰਵਰੀ (ਟੀ. ਕੇ. ) - ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਵੱਲੋਂ ਆਪਣੀ ਸੀ.ਐਸ.ਆਰ. ਅਤੇ ਨਾਰੀ ਸਸ਼ਕਤੀਕਰਨ ਪ੍ਰੋਜੈਕਟ ਤਹਿਤ ਲੁਧਿਆਣਾ ਦੀਆਂ ਸ਼ਹਿਰੀ ਝੁੱਗੀਆਂ ਵਿੱਚ ਮਹਿਲਾ ਸੂਖਮ ਉੱਦਮੀਆਂ ਨੂੰ ਮਜ਼ਬੂਤ ਕਰਨ ਲਈ ਡਿਜੀਟਲ ਸਾਖਰਤਾ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।

ਪ੍ਰੋਜੈਕਟ ਦੀ ਸ਼ੁਰੂਆਤ ਵੀ.ਐਸ.ਐਸ.ਐਲ. ਦੇ ਵਾਈਸ ਚੇਅਰਮੈਨ ਸਚਿਤ ਜੈਨ ਦੁਆਰਾ ਆਈ.ਡੀ.ਈ.ਂ ਫਾਊਂਡੇਸ਼ਨ ਅਤੇ ਮੇਰਾ ਬਿੱਲ ਨਾਲ ਸਹਿਮਤੀ ਪੱਤਰ 'ਤੇ ਦਸਤਖਤ ਕਰਕੇ ਕੀਤੀ ਗਈ ਸੀ। ਇਸ ਪ੍ਰੋਜੈਕਟ ਦਾ ਉਦੇਸ਼ ਔਰਤਾਂ ਵਿੱਚ ਸਾਹਿਤਕਾਰ ਪੈਦਾ ਕਰਨਾ ਹੈ ਤਾਂ ਜੋ ਉਹ ਆਪਣੇ ਰੋਜ਼ਾਨਾ ਦੇ ਵਪਾਰਕ ਲੈਣ-ਦੇਣ ਦਾ ਰਿਕਾਰਡ ਰੱਖ ਸਕਣ ਅਤੇ ਚੰਗੀ ਤਰ੍ਹਾਂ ਪ੍ਰਬੰਧਨ ਕਰਨਾ ਸਿੱਖ ਸਕਣ।

ਨਾਬਾਰਡ ਅਤੇ ਆਈਡੀਆ ਦੇ ਮੁਖੀ ਰਾਕੇਸ਼ ਮਲਹੋਤਰਾ ਨੇ ਵੀ ਇਸ ਪ੍ਰੋਜੈਕਟ ਦੀ ਮਹੱਤਤਾ ਅਤੇ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਔਰਤਾਂ ਨੂੰ ਹੋਣ ਵਾਲੇ ਲਾਭ ਬਾਰੇ ਦੱਸਿਆ। ਉਨ੍ਹਾਂ ਵੀ.ਐਸ.ਐਸ.ਐਲ. ਦੇ ਪ੍ਰਬੰਧਕਾਂ ਨੂੰ ਸਮਾਜ ਦੀ ਬਿਹਤਰੀ ਪੈਦਾ ਕਰਨ ਲਈ ਦਿੱਤੇ ਮੌਕੇ ਲਈ ਧੰਨਵਾਦ ਕੀਤਾ।

ਕਾਰਜਕਾਰੀ ਨਿਰਦੇਸ਼ਕ ਆਰ ਕੇ ਰੇਵਾੜੀ ਨੇ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਸ਼ਹਿਰੀ ਝੁੱਗੀ ਝੌਂਪੜੀ ਵਾਲੀਆਂ ਮਹਿਲਾ ਉੱਦਮੀਆਂ ਦੀ ਮਜ਼ਬੂਤੀ ਲਈ ਅਜਿਹੀ ਪਹਿਲਕਦਮੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸੀਨੀਅਰ ਮੈਨੇਜਰ ਸੀ.ਐਸ.ਆਰ. ਅਤੇ ਐਡਮਿਨ ਅਮਿਤ ਧਵਨ ਨੇ ਕਿਹਾ ਕਿ ਇਹ ਪ੍ਰੋਜੈਕਟ ਝੁੱਗੀ-ਝੌਂਪੜੀ ਵਾਲੀਆਂ ਮਹਿਲਾ ਉੱਦਮੀਆਂ ਦੇ ਜੀਵਨ ਵਿੱਚ ਬਦਲਾਅ ਲਿਆਏਗਾ ਅਤੇ ਉਨ੍ਹਾਂ ਨੂੰ ਬਿਹਤਰ ਬਣਾਉਣ ਲਈ ਆਪਣੇ ਰਿਕਾਰਡ ਨੂੰ ਸੰਗਠਿਤ ਕਰਨ ਵਿੱਚ ਮਦਦ ਕਰੇਗਾ।

ਇਸ ਸਮਾਗਮ ਵਿੱਚ ਖ਼ਾਲਸਾ ਕਾਲਜ (ਲੜਕੀਆਂ) ਦੇ ਵਿਦਿਆਰਥੀਆਂ ਅਤੇ ਵਾਲੰਟੀਅਰਾਂ ਅਤੇ ਐਚ.ਡੀ.ਐਫ.ਸੀ. ਬੈਂਕ ਦੀ ਟੀਮ ਅਤੇ ਹੋਰਾਂ ਨੇ ਵੀ ਸ਼ਮੂਲੀਅਤ ਕੀਤੀ।

ਵਿਧਾਇਕ ਪਰਾਸ਼ਰ ਨੇ ਸੜਕੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ 2 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਲੁਧਿਆਣਾ, 28 ਫਰਵਰੀ(ਟੀ. ਕੇ.)  ਲੁਧਿਆਣਾ ਕੇਂਦਰੀ ਹਲਕੇ ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੇ ਹੋਏ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਬੁੱਧਵਾਰ ਨੂੰ 2 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਨ੍ਹਾਂ ਪ੍ਰੋਜੈਕਟਾਂ ਵਿੱਚ ਗਿੱਲ ਰੋਡ ਤੋਂ ਪ੍ਰਤਾਪ ਚੌਂਕ ਨੂੰ ਜਾਣ ਵਾਲੀ ਓਵਰਲਾਕ ਰੋਡ ਦੇ ਪੁਨਰ ਨਿਰਮਾਣ ਦਾ ਪ੍ਰੋਜੈਕਟ ਅਤੇ ਗਿੱਲ ਰੋਡ 'ਤੇ ਲੋਹਾ ਬਾਜ਼ਾਰ ਵਿੱਚ ਸਰਵਿਸ ਲੇਨ 'ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਪ੍ਰੋਜੈਕਟ ਸ਼ਾਮਲ ਹੈ। ਇਹ ਪ੍ਰੋਜੈਕਟ ਕ੍ਰਮਵਾਰ 1.23 ਕਰੋੜ ਅਤੇ 77.29 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਰਹੇ ਹਨ।
 
ਵਿਧਾਇਕ ਪਰਾਸ਼ਰ ਨੇ ਬੁੱਧਵਾਰ ਨੂੰ ਇਲਾਕਾ ਨਿਵਾਸੀਆਂ, ਦੁਕਾਨਦਾਰਾਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਦੀ ਮੌਜੂਦਗੀ ਵਿੱਚ ਇਹਨਾਂ ਪ੍ਰੋਜੈਕਟ ਦਾ ਉਦਘਾਟਨ ਕੀਤਾ। ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਕੰਮਾਂ ਦੀ ਗੁਣਵੱਤਾ 'ਤੇ ਨਜ਼ਰ ਰੱਖਣ ਅਤੇ ਪ੍ਰੋਜੈਕਟਾਂ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ।

ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਭਰ ਵਿੱਚ ਮਿਆਰੀ ਬੁਨਿਆਦੀ ਢਾਂਚਾ ਵਿਕਸਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿਧਾਇਕ ਪਰਾਸ਼ਰ ਨੇ ਅੱਗੇ ਕਿਹਾ ਕਿ ਲੁਧਿਆਣਾ ਕੇਂਦਰੀ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਵਿਕਾਸ ਪ੍ਰੋਜੈਕਟ ਕਰਵਾਏ ਜਾ ਰਹੇ ਹਨ।

ਵਿਧਾਇਕ ਪਰਾਸ਼ਰ ਨੇ ਦੱਸਿਆ ਕਿ ਸੜਕ ਨਿਰਮਾਣ ਪ੍ਰਾਜੈਕਟਾਂ ਤੋਂ ਇਲਾਵਾ ਪਾਰਕਾਂ ਦੇ ਮੁੜ ਵਿਕਾਸ ਅਤੇ ਟਿਊਬਵੈੱਲ ਲਗਾ ਕੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਵੀ ਕਈ ਪ੍ਰਾਜੈਕਟ ਕਰਵਾਏ ਜਾ ਰਹੇ ਹਨ। ਯੋਜਨਾਬੰਦੀ ਦੇ ਪੜਾਅ 'ਤੇ ਵਸਨੀਕਾਂ ਤੋਂ ਫੀਡਬੈਕ ਲਈ ਜਾਂਦੀ ਹੈ, ਤਾਂ ਜੋ ਇਲਾਕਾ ਨਿਵਾਸੀਆਂ ਦੀਆਂ ਲੋੜਾਂ ਅਨੁਸਾਰ ਪ੍ਰੋਜੈਕਟਾਂ ਨੂੰ ਕਰਵਾਇਆ ਜਾ ਸਕੇ।

ਬਿੱਲ ਦਾ ਭੁਗਤਾਨ ਕਰਨ ਬਦਲੇ 15,000 ਰੁਪਏ ਰਿਸ਼ਵਤ ਲੈਂਦਾ ਈ.ਐਸ.ਆਈ. ਕਲਰਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਲੁਧਿਆਣਾ,28 ਫ਼ਰਵਰੀ(ਟੀ. ਕੇ.) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ  ਈ.ਐਸ.ਆਈ. ਡਿਸਪੈਂਸਰੀ ਢੰਡਾਰੀ ਕਲਾਂ, ਲੁਧਿਆਣਾ ਵਿੱਚ ਤਾਇਨਾਤ ਕਲਰਕ ਰਵਿੰਦਰ ਸਿੰਘ ਨੂੰ 15,000 ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
 ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਰਾਜਵੰਤ ਸਿੰਘ ਵਾਸੀ ਪਿੰਡ ਚਣਕੋਈਆਂ ਜ਼ਿਲ੍ਹਾ ਲੁਧਿਆਣਾ, ਜੋ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਦੋਰਾਹਾ ਵਿਖੇ ਚਪੜਾਸੀ ਵਜੋਂ ਨੌਕਰੀ ਕਰਦਾ ਹੈ, ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿੱਚ ਦਰਜ ਕਰਵਾਇਆ ਹੈ ਕਿ ਉਸਨੇ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਆਪਣਾ ਇਲਾਜ ਕਰਵਾਇਆ ਸੀ ਅਤੇ ਈ.ਐਸ.ਆਈ. ਸਕੀਮ ਅਧੀਨ ਮੁਫ਼ਤ ਇਲਾਜ ਦਾ ਲਾਭਪਾਤਰੀ ਹੋਣ ਕਰਕੇ ਉਸਦੇ 4,78,136 ਰੁਪਏ ਦੇ ਬਿੱਲ ਈ.ਐਸ.ਆਈ. ਡਿਸਪੈਂਸਰੀ ਵਿੱਚ ਭੁਗਤਾਨ ਲਈ ਬਕਾਇਆ ਪਏ ਹਨ।
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਸਬੰਧਤ ਡੀਲਿੰਗ ਕਲਰਕ ਰਵਿੰਦਰ ਸਿੰਘ ਨੇ ਉਸਦੇ ਬਿੱਲ ਦਾ ਭੁਗਤਾਨ ਕਰਨ ਬਦਲੇ ਰਿਸ਼ਵਤ ਵਜੋਂ 30,000 ਰੁਪਏ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਕੁੱਲ ਰਕਮ ਵਿੱਚੋਂ ਸਿਰਫ 1,25,000 ਰੁਪਏ ਦੇ ਬਿੱਲ ਹੀ ਪਾਸ ਕੀਤੇ ਜਾਣਗੇ। ਮੁਲਜ਼ਮ ਕਲਰਕ ਨੇ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੋ ਕਿਸ਼ਤਾਂ ਵਿੱਚ ਦੇਣ ਲਈ ਕਿਹਾ ਜਿਸ ਵਿੱਚ 20,000 ਰੁਪਏ ਪੇਸ਼ਗੀ ਅਤੇ ਬਾਕੀ 10,000 ਰੁਪਏ ਬਾਅਦ ਵਿੱਚ ਦੇਣ ਲਈ ਕਿਹਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਰਵਿੰਦਰ ਸਿੰਘ ਕਲਰਕ ਨੇ ਸ਼ਿਕਾਇਤਕਰਤਾ ਨੂੰ ਇਹ ਵੀ ਕਿਹਾ ਕਿ ਉਸ ਨੇ ਰਿਸ਼ਵਤ ਦੀ ਰਕਮ ਚੰਡੀਗੜ੍ਹ ਵਿਖੇ ਤਾਇਨਾਤ ਸਬੰਧਤ ਅਧਿਕਾਰੀ ਨਾਲ ਵੀ ਸਾਂਝੀ ਕਰਨੀ ਹੈ। ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਆਪਣੇ ਫ਼ੋਨ ਵਿੱਚ ਕਰ ਲਈ ਅਤੇ ਵਿਜੀਲੈਂਸ ਬਿਊਰੋ ਨੂੰ ਸਬੂਤ ਵਜੋਂ ਸੌਂਪ ਦਿੱਤੀ। 
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨੇ ਜਾਲ ਵਿਛਾ ਕੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਪਾਸੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 15,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਜਾਂਚ ਦੌਰਾਨ ਹੋਰ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।