You are here

ਲੁਧਿਆਣਾ

ਤਾਪ ਕਾਲਜ ਆਫ ਐਜੂਕੇਸ਼ਨ ਵਿਚ ਸਲਾਨਾ ਖੇਡ ਮੇਲਾ ਕਰਵਾਇਆ ਗਿਆ 

ਲੁਧਿਆਣਾ, 23 ਫਰਵਰੀ (ਟੀ. ਕੇ.) ਪ੍ਰਤਾਪ ਕਾਲਜ ਆਫ ਐਜੂਕੇਸ਼ਨ, ਹੰਬੜਾਂ ਰੋਡ, ਲੁਧਿਆਣਾ ਵਿਖੇ 22ਵੀਂ ਸਲਾਨਾ ਸਪੋਰਟਸ ਮੀਟ ਕਰਵਾਈ ਗਈ ।ਕਾਲਜ ਦੀ ਸਥਾਪਨਾ ਦੇ ਸਾਲ ਤੋਂ ਮੌਜੂਦਾ ਸਾਲ 2024 ਤੱਕ ਹਰ ਸਾਲ ਸਪੋਰਟਸ ਮੀਟ ਦਾ ਪ੍ਰਬੰਧ ਕੋਰੋਨਾ ਸਮੇਂ ਨੂੰ ਛੱਡ ਕੇ ਕੀਤਾ ਜਾਂਦਾ ਹੈ। ਇਸ ਸਾਲ ਕਾਲਜ ਦੀ ਸਥਾਪਨਾ ਦਾ ਸਿਲਵਰ ਜੁਬਲੀ ਸਾਲ ਸ਼ੁਰੂ ਹੋ ਗਿਆ ਹੈ।ਇਸ ਲਈ ਇਸ ਸਮਾਗਮ ਨੂੰ ਵੀ ਸਿਲਵਰ ਜੁਬਲੀ ਸਾਲ ਦੇ ਸਮਾਗਮਾਂ ਦੀ ਲੜੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਸਪੋਰਟਸ ਮੀਟ ਦੀ ਰਸਮੀ ਸ਼ੁਰੂਆਤ  ਪ੍ਰਿੰਸੀਪਲ ਡਾ.ਮਨਪ੍ਰੀਤ ਕੌਰ ਨੇ ਝੰਡਾ ਲਹਿਰਾਉਣ ਅਤੇ ਸਲਾਮੀ ਦੇ ਕੇ ਕੀਤੀ।ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ਵਿੱਚ ਸਿਹਤਮੰਦ ਖੇਡ ਭਾਵਨਾ ਨਾਲ ਭਾਗ ਲੈਣ ਦੀ ਸਹੁੰ ਚੁੱਕੀ।ਇਸ ਤੋਂ ਬਾਅਦ ਮਾਰਚ ਪਾਸਟ ਦਾ ਕਰਵਾਈ ਗਈ। ਇਸ ਮੌਕੇ ਡਾ.ਮਨਪ੍ਰੀਤ ਕੌਰ ਨੇ ਖੇਡ ਖੇਡ ਲਈ, ਖੇਡ ਖੁਸ਼ੀ ਲਈ ਦੱਸਦਿਆਂ ਸਮੂਹ ਵਿਦਿਆਰਥੀਆਂ ਨੂੰ ਤੰਦਰੁਸਤ ਖੇਡ ਭਾਵਨਾ ਨਾਲ ਸਾਰੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ ਮੌਕੇ 
ਲੰਬੀ ਛਾਲ, ਜੈਵਲਿਨ ਥਰੋਅ, ਸ਼ਾਟ ਪੁਟ, ਡਿਸਕਸ ਥਰੋਅ, 100 ਮੀਟਰ, 200 ਮੀਟਰ, 400 ਮੀਟਰ ਦੌੜ ਵਰਗੇ ਵੱਖ—ਵੱਖ ਖੇਡ ਮੁਕਾਬਲੇ ਕਰਵਾਏ ਗਏ।ਜੈਵਲਿਨ ਥਰੋਅ ਲੜਕੀਆਂ ਦੇ ਮੁਕਾਬਲਿਆਂ ਵਿੱਚ ਨਿਸਿ਼ਕਾ ਪਹਿਲੇ, ਅਸ਼ਮਿਤਾ ਦੂਜੇ ਅਤੇ ਸੁਜਾਤਾ ਕੁਮਾਰੀ ਤੀਜੇ ਸਥਾਨ 'ਤੇ ਰਹੀ। ਲੜਕਿਆਂ ਦੇ ਜੈਵਲਿਨ ਥਰੋਅ ਵਿੱਚ ਮਨਮੋਹਨ ਸਿੰਘ ਨੇ ਪਹਿਲਾ, ਸਿਮਰਨਜੀਤ ਸਿੰਘ ਨੇ ਦੂਜਾ ਅਤੇ ਪ੍ਰਭਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਡਿਸਕਸ ਥਰੋਅ ਲੜਕਿਆਂ ਦੇ ਮੁਕਾਬਲੇ ਵਿੱਚ ਪ੍ਰਭਜੋਤ ਸਿੰਘ ਨੇ ਪਹਿਲਾ, ਸਿਮਰਨਜੀਤ ਸਿੰਘ ਨੇ ਦੂਸਰਾ ਅਤੇ ਰਵੀਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਡਿਸਕਸ ਥਰੋਅ ਲੜਕੀਆਂ ਵਿੱਚ ਨਿਸਿ਼ਕਾ ਪਹਿਲੇ, ਮੋਨਿਕਾ ਦੂਜੇ ਅਤੇ ਅਸ਼ਮਿਤਾ ਤੀਜੇ ਸਥਾਨ ਤੇ ਰਹੀ। ਲੜਕੀਆਂ ਦੀ 400 ਮੀਟਰ ਦੌੜ ਵਿੱਚ ਸੁਜਾਤਾ ਪਹਿਲੇ, ਗਰਿਮਾ ਸ਼ਰਮਾ ਦੂਜੇ ਅਤੇ ਸਾਕਸ਼ੀ ਤੀਜੇ ਸਥਾਨ ਤੇ ਰਹੀ।ਲੜਕਿਆਂ ਦੀ 400 ਮੀਟਰ ਦੌੜ ਵਿੱਚ ਸਿਮਰਨਜੀਤ ਸਿੰਘ ਪਹਿਲੇ, ਜੀਵਨ ਸਿੰਘ ਦੂਜੇ ਅਤੇ ਰਾਮ ਲਖਨ ਤੀਜੇ ਸਥਾਨ ਤੇ ਰਹੇ। 100 ਮੀਟਰ ਲੜਕੀਆਂ ਦੀ ਦੌੜ ਵਿੱਚ ਅਸ਼ਮਿਤਾ ਪਹਿਲੇ, ਗੌਰੀ ਦੂਜੇ ਅਤੇ ਗਰਿਮਾ ਤੀਜੇ ਸਥਾਨ ਤੇ ਰਹੀ।100 ਮੀਟਰ ਲੜਕਿਆਂ ਵਿੱਚੋਂ ਸਿਮਰਨਜੀਤ ਸਿੰਘ ਪਹਿਲੇ, ਰਾਮ ਲਖਨ ਦੂਜੇ ਅਤੇ ਮੁਨੀਸ਼ ਤੇ ਰਵੀਜੋਤ ਤੀਜੇ ਸਥਾਨ ਤੇ ਰਹੇ।ਇਸੇ ਤਰ੍ਹਾਂ 200 ਮੀਟਰ ਦੌੜ ਵਿੱਚ ਲੜਕੀਆਂ ਵਿੱਚੋਂ ਸੁਜਾਤਾ ਪਹਿਲੇ, ਮੋਨਿਕਾ ਦੂਜੇ ਅਤੇ ਨਿਸਿ਼ਕਾ ਤੀਜੇ ਸਥਾਨ ਤੇ ਰਹੀ। ਲੜਕਿਆਂ ਵਿੱਚੋਂ 200 ਮੀਟਰ ਦੌੜ ਵਿੱਚ ਸਿਮਰਨਜੀਤ ਪਹਿਲੇ, ਰਾਮਲਖਨ ਦੂਜੇ ਅਤੇ ਅਮਿਤ ਤੀਜੇ ਸਥਾਨ ਤੇ ਰਿਹਾ।
ਸ਼ਾਟਪੁੱਟ ਮੁਕਾਬਲੇ ਵਿੱਚ ਲੜਕੀਆਂ ਵਿੱਚੋਂ ਨਿਸਿ਼ਕਾ, ਸੋਨਾਲੀ ਅਤੇ ਮੋਨਿਕਾ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਲੜਕਿਆਂ ਵਿੱਚੋਂ ਪ੍ਰਭਜੋਤ, ਸਿਮਰਨਜੀਤ ਸਿੰਘ ਅਤੇ ਵਿਸ਼ਾਲ ਕੁਮਾਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਲੰਬੀ ਛਾਲ ਲੜਕੀਆਂ ਵਿੱਚ ਸੁਜਾਤਾ, ਅਸ਼ਮਿਤਾ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅਤੇ ਮੋਨਿਕਾ ਬੈਂਜਵਾਲ ਅਤੇ ਲੜਕਿਆਂ ਵਿੱਚੋਂ ਰਾਮਲਖਨ, ਸਿਮਰਨਜੀਤ ਸਿੰਘ ਅਤੇ ਜੀਵਨ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ 
ਕਾਲਜ ਦੇ ਡਾਇਰੈਕਟਰ ਡਾ: ਬਲਵੰਤ ਸਿੰਘ ਦੀ ਹਾਜ਼ਰੀ ਵਿੱਚ ਸਿਮਰਨਜੀਤ ਸਿੰਘ ਨੂੰ ਲੜਕਿਆਂ ਵਿੱਚੋਂ ਸਰਵੋਤਮ ਅਥਲੀਟ ਦਾ ਇਨਾਮ ਦਿੱਤਾ ਗਿਆ।ਸੁਜਾਤਾ ਕੁਮਾਰੀ ਅਤੇ ਨਿਸਿ਼ਕਾ ਨੇ ਬੈਸਟ ਗਰਲ ਅਥਲੀਟ ਦਾ ਖਿਤਾਬ ਜਿੱਤਿਆ।ਖੋ—ਖੋ ਅਤੇ ਰੱਸਾਕਸ਼ੀ ਦੇ ਮੁਕਾਬਲਿਆਂ ਤੋਂ ਇਲਾਵਾ ਕੁਝ ਹੋਰ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਨਿੰਬੂ ਚਮਚਾ ਦੌੜ, ਬੋਰੀ ਦੌੜ ਦੇ ਮੁਕਾਬਲੇ ਵੀ ਕਰਵਾਏ ਗਏ।ਖੋ—ਖੋ ਖੇਡ ਲਈ ਜਮਾਤਾਂ ਅਨੁਸਾਰ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਡੀ.ਐਲ.ਐਡ ਕਲਾਸ ਦੀਆਂ ਲੜਕੇ ਅਤੇ ਲੜਕੀਆਂ ਦੋਵਾਂ ਟੀਮਾਂ ਨੇ ਮੁਕਾਬਲਾ ਜਿੱਤਿਆ।
ਕਾਲਜ ਦੇ ਸਹਾਇਕ ਅਧਿਆਪਕ ਪ੍ਰਦੀਪ ਸਿੰਘ ਨੂੰ ਖੇਡ ਦਿਵਸ ਦੇ ਸਫ਼ਲ ਆਯੋਜਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਪ੍ਰਸ਼ੰਸਾ ਦਾ ਪੁਰਸਕਾਰ ਦਿੱਤਾ ਗਿਆ।
 ਡਾਇਰੈਕਟਰ ਡਾ: ਬਲਵੰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਖੇਡ ਦਿਵਸ ਦੇ ਸਫ਼ਲਤਾਪੂਰਵਕ ਆਯੋਜਨ ਲਈ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਖੇਡਣ ਦੀ ਨਰੋਈ ਭਾਵਨਾ ਨਾਲ ਅਸੀਂ ਜੀਵਨ ਦੇ ਹਰ ਖੇਤਰ ਵਿੱਚ ਜੇਤੂ ਬਣ ਸਕਦੇ ਹਾਂ।
ਅੰਤ ਵਿੱਚ ਖੇਡ ਝੰਡੇ ਨੂੰ ਸਤਿਕਾਰ ਸਹਿਤ ਝੁਕਾਇਆ ਗਿਆ ਅਤੇ ਖੇਡ ਦਿਵਸ ਦੀ ਸਮਾਪਤੀ ਹੋਈ।

ਕਾਲਜ ਵਿਚ ਮਾਤ-ਭਾਸ਼ਾ ਦਿਵਸ ਮਨਾਇਆ 

ਲੁਧਿਆਣਾ, 22 ਫਰਵਰੀ(ਟੀ. ਕੇ.) 
ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ, ਪੰਜਾਬੀ ਵਿਭਾਗ ਨੇ ਕਾਲਜ ਕੈਂਪਸ ਵਿੱਚ  "ਮਾਤ੍ਰਿਭਾਸ਼ਾ ਦਿਵਸ" ਮਨਾਇਆ।
 ਇਸ ਮੌਕੇ ਇਸ ਦਿਵਸ ਨੂੰ ਮਨਾਉਣ ਲਈ ਪੋਸਟਰ ਮੇਕਿੰਗ ਮੁਕਾਬਲੇ ਅਤੇ ਰਚਨਾਤਮਕ ਲੇਖਣ ਮੁਕਾਬਲੇ ਕਰਵਾਏ ਗਏ। ਪ੍ਰਭਜੋਤ ਕੌਰ ਮੁਖੀ ਪੰਜਾਬੀ ਵਿਭਾਗ ਨੇ ਅਜੋਕੇ ਹਾਲਾਤ ਵਿੱਚ ਮਾਂ ਬੋਲੀ ਦੀ ਸਾਰਥਕਤਾ ਬਾਰੇ ਗੱਲ ਕੀਤੀ। ਸਮਾਗਮ ਵਿੱਚ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਪੰਜਾਬੀ ਦੀ ਲੋਕ-ਭਾਸ਼ਾ ਵਜੋਂ ਪ੍ਰਸੰਗਿਕਤਾ ਅਤੇ ਭਾਰਤ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਪੱਧਰ 'ਤੇ ਇਸ ਦੀ ਵਰਤੋਂ ਨੂੰ ਰੇਖਾਂਕਿਤ ਕੀਤਾ।

ਵਿਧਾਇਕ  ਛੀਨਾ ਨੇ ਸ਼ੇਰਪੁਰ ਮੁਹੱਲਾ ਕਲੀਨਿਕ ਦਾ ਕੀਤਾ ਅਚਨਚੇਤ ਨਿਰੀਖਣ

ਲੁਧਿਆਣਾ, 22 ਫਰਵਰੀ (ਟੀ. ਕੇ. ) – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਅੱਜ ਸ਼ੇਰਪੁਰ ਦੇ ਮੁਹੱਲਾ ਕਲੀਨਿਕ ਦਾ  ਅਚਨਚੇਤ ਨਿਰੀਖਣ ਕੀਤਾ ਅਤੇ ਉੱਥੇ ਮੌਜੂਦ ਮਰੀਜ਼ਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦਾ ਹਾਲ-ਚਾਲ ਜਾਣਿਆ।

ਉਨ੍ਹਾਂ ਮੌਕੇ ’ਤੇ ਦੇਖਿਆ ਕਿ ਲੋਕ ਕਲੀਨਿਕ ਦੀਆਂ ਸਹੂਲਤਾਂ ਦਾ ਭਰਪੂਰ ਲਾਭ ਲੈ ਰਹੇ ਸਨ ਅਤੇ ਉਨ੍ਹਾਂ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ।

ਵਿਧਾਇਕ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਪੰਜਾਬ ਭਰ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਤਾਂ ਜੋ ਆਮ ਲੋਕਾਂ ਨੂੰ ਮਾਮੂਲੀ ਇਲਾਜ ਲਈ ਵੱਡੇ ਹਸਪਤਾਲਾਂ ਵਿੱਚ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਖੁੱਲ੍ਹਣ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਵਿੱਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਹੱਲਾ ਕਲੀਨਿਕ ਵਿੱਚ ਲੋਕਾਂ ਨੂੰ 40 ਤੋਂ ਵੱਧ ਟੈਸਟ ਅਤੇ 100 ਤੋਂ ਵੱਧ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।

ਵਿਧਾਇਕ ਛੀਨਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਹਤ ਸਹੂਲਤਾਂ ਨੂੰ  ਕੋਈ ਤਵੱਜੋਂ ਨਹੀਂ ਦਿੱਤੀ।  ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਸਦਕਾ ਸੂਬਾ ਪਛੜ ਗਿਆ ਸੀ ਜਿਸ ਨੂੰ ਹੁਣ ਲੀਹਾਂ ਤੇ ਲਿਆਉਣ ਲਈ ਆਮ ਆਦਮੀ ਦੀ ਸਰਕਾਰ ਦਿਨ ਰਾਤ ਕੰਮ ਕਰ ਰਹੀ ਹੈ

ਲੁਧਿਆਣਾ, 22 ਫਰਵਰੀ (ਟੀ. ਕੇ. ) – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਅੱਜ ਸ਼ੇਰਪੁਰ ਦੇ ਮੁਹੱਲਾ ਕਲੀਨਿਕ ਦਾ  ਅਚਨਚੇਤ ਨਿਰੀਖਣ ਕੀਤਾ ਅਤੇ ਉੱਥੇ ਮੌਜੂਦ ਮਰੀਜ਼ਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦਾ ਹਾਲ-ਚਾਲ ਜਾਣਿਆ।

ਉਨ੍ਹਾਂ ਮੌਕੇ ’ਤੇ ਦੇਖਿਆ ਕਿ ਲੋਕ ਕਲੀਨਿਕ ਦੀਆਂ ਸਹੂਲਤਾਂ ਦਾ ਭਰਪੂਰ ਲਾਭ ਲੈ ਰਹੇ ਸਨ ਅਤੇ ਉਨ੍ਹਾਂ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ।

ਵਿਧਾਇਕ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਪੰਜਾਬ ਭਰ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਤਾਂ ਜੋ ਆਮ ਲੋਕਾਂ ਨੂੰ ਮਾਮੂਲੀ ਇਲਾਜ ਲਈ ਵੱਡੇ ਹਸਪਤਾਲਾਂ ਵਿੱਚ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਖੁੱਲ੍ਹਣ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਵਿੱਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮੁਹੱਲਾ ਕਲੀਨਿਕ ਵਿੱਚ ਲੋਕਾਂ ਨੂੰ 40 ਤੋਂ ਵੱਧ ਟੈਸਟ ਅਤੇ 100 ਤੋਂ ਵੱਧ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।

ਵਿਧਾਇਕ ਛੀਨਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਹਤ ਸਹੂਲਤਾਂ ਨੂੰ  ਕੋਈ ਤਵੱਜੋਂ ਨਹੀਂ ਦਿੱਤੀ।  ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਸਦਕਾ ਸੂਬਾ ਪਛੜ ਗਿਆ ਸੀ ਜਿਸ ਨੂੰ ਹੁਣ ਲੀਹਾਂ ਤੇ ਲਿਆਉਣ ਲਈ ਆਮ ਆਦਮੀ ਦੀ ਸਰਕਾਰ ਦਿਨ ਰਾਤ ਕੰਮ ਕਰ ਰਹੀ ਹੈ।

ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਪੁੱਜਣ ਤੇ ਪ੍ਰਿੰਸੀਪਲ ਤੇ ਅਧਿਆਪਕਾਂ ਦਾ ਹੋਇਆ ਨਿੱਘਾ ਸਵਾਗਤ

ਮੁੱਲਾਂਪੁਰ ਦਾਖਾ 22 ਫਰਵਰੀ (ਸਤਵਿੰਦਰ ਸਿੰਘ ਗਿੱਲ) - ਕੌਮਾਂਤਰੀ ਮਾਂ ਬੋਲੀ ਦਿਵਸ 2024 ਅੰਤਰਰਾਸ਼ਟਰੀ ਸੈਮੀਨਾਰ ਤੇ ਹੋਏ ਸੈਮੀਨਾਰ  ਤੇ ਗੋਲਡਨ ਅਰਥ ਕਾਨਵੈਂਟ ਸਕੂਲ ਦੀ ਅਧਿਆਪਕਾ ਤੇ ਪ੍ਰਿੰਸੀਪਲ ਨੂੰ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਸ਼ੁਭਕਰਮਨ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਦਾ ਅੱਜ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕਰਦਿਆ ਸਟਾਫ ਦਾ ਮੂੰਹ ਮਿੱਠਾ ਕਰਵਾਇਆ ਗਿਆ। ਸਕੂਲ ਦੇ ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ ਨੇ ਕਿਹਾ ਕਿ ਪ੍ਰਿੰਸੀਪਲ ਮਨਪ੍ਰੀਤ ਕੌਰ ਤੇ ਅਧਿਆਪਕਾਂ ਗੁਰਪ੍ਰੀਤ ਕੌਰ ਨੇ ਇਸ ਅੰਤਰ ਰਾਸ਼ਟਰੀ ਸੈਮੀਨਾਰ ਵਿੱਚ ਹੋਏ ਵਿਚਾਰ ਵਟਾਂਦਰੇ ਦੌਰਾਨ ਕਿ ਸਾਨੂੰ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ  ਤੇ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਬੋਲਣਾ ਸਿਖਾਉਣਾ ਚਾਹੀਦਾ ਹੈ, ਤਾਂ ਜੋ ਇਹ  ਆਪਣੇ ਗੁਰੂ ਸਾਹਿਬਾਨਾਂ ਜੀ ਦਾ ਇਤਿਹਾਸ ਤੇ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਜੁੜੇ ਰਹਿਣ। ਇਸ ਖੁਸ਼ੀ ਦੇ ਮੌਕੇ ਤੇ ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਪ੍ਰਧਾਨ ਡ: ਮਨਿੰਦਰਪਾਲ ਅਰੋੜਾ, ਵਾਈਸ ਪ੍ਰਧਾਨ ਰਾਜੀਵ ਕੁਮਾਰ ਅਰੋੜਾ, ਸਕੂਲ ਦੇ ਵਾਈਸ ਪ੍ਰਿੰਸੀਪਲ ਬਸ਼ਰਤ ਬਾਸ਼ੀਰ ਹਾਜਰ ਸਨ।

ਆਰੀਆ ਕਾਲਜ ਗਰਲਜ਼ ਵਿਚ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ 

ਲੁਧਿਆਣਾ, 21 ਫਰਵਰੀ (ਟੀ. ਕੇ.) ਆਰੀਆ ਕਾਲਜ ਗਰਲਜ਼ ਸੈਕਸ਼ਨ ਲੁਧਿਆਣਾ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ 'ਮਾਤ ਭਾਸ਼ਾ ਦੀ ਮਹੱਤਤਾ' ਵਿਸ਼ੇ ਉਤੇ ਵਿਸਥਾਰਤ ਲੈਕਚਰ ਦਾ ਆਯੋਜਨ ਕੀਤਾ ਗਿਆ। ਮੁੱਖ ਵਕਤਾ ਵਜੋਂ ਡਾ.ਗੁਰਪ੍ਰੀਤ ਸਿੰਘ ,ਸਹਾਇਕ ਪ੍ਰੋਫੈਸਰ ਅਤੇ ਮੁਖੀ ਪੰਜਾਬੀ ਵਿਭਾਗ, 
ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ, ਲੁਧਿਆਣਾ ਨੇ ਸ਼ਿਰਕਤ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨਾਲ ਮਾਤ ਭਾਸ਼ਾ ਦਿਵਸ ਦੇ ਇਤਿਹਾਸ, ਸਾਰਥਕ ਮਹੱਤਵ, ਪੰਜਾਬੀ ਭਾਸ਼ਾ ਦੀ ਸਥਿਤੀ ਸੰਬੰਧੀ ਮੁਲਵਾਨ ਵਿਚਾਰ ਸਾਂਝੇ ਕੀਤੇ ।
ਇਸ ਮੌਕੇ ਡਾ.ਐਸ.ਐਮ ਸ਼ਰਮਾ ਸਕੱਤਰ ਏ.ਸੀ.ਐਮ. ਸੀ  ਨੇ ਮਾਤ ਭਾਸ਼ਾ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਮਾਂ ਬੋਲੀ ਦੀ ਜ਼ਿੰਦਗੀ ਵਿਚ ਅਹਿਮੀਅਤ ਨੂੰ ਬਿਆਨ ਕੀਤਾ।
 ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਸ਼ਖ਼ਸੀਅਤ ਦਾ ਵਿਕਾਸ ਮਾਂ ਬੋਲੀ ਨੂੰ ਅਪਣਾ ਕੇ ਹੀ ਹੋ ਸਕਦਾ ਹੈ।  ਇੰਚਾਰਜ ਡਾ. ਮਮਤਾ ਕੋਹਲੀ ਨੇ ਆਏ ਮੁੱਖ ਮਹਿਮਾਨ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਂ ਬੋਲੀ ਸਾਡੇ ਵਿਚਾਰਾਂ ਨੂੰ ਵਿਅਕਤ ਕਰਨ ਦਾ ਉੱਤਮ ਸਾਧਨ ਹੈ। ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਪੱਲਵੀ ਜੋਸ਼ੀ ਅਤੇ ਸ਼੍ਰੀਮਤੀ ਪ੍ਰੀਤੀ ਥਾਪਰ ਅਤੇ ਸਰੀਰਿਕ ਸਿੱਖਿਆ ਵਿਭਾਗ ਦੇ ਅਧਿਆਪਕ ਸ: ਸੁਖਚੈਨ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।

ਵੈਟਨਰੀ ਯੂਨੀਵਰਸਿਟੀ ਵੱਲੋਂ ਕਿਸਾਨ ਉਤਪਾਦਕ ਸੰਗਠਨ ਦੇ ਨਿਰਦੇਸ਼ਕ ਬੋਰਡ ਨੂੰ ਦਿੱਤੀ ਗਈ ਸਿਖਲਾਈ

ਲੁਧਿਆਣਾ, 21 ਫਰਵਰੀ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਇਕ ਤਿੰਨ ਦਿਨ ਦਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਦਾ ਵਿਸ਼ਾ ਸੀ ‘ਕਿਸਾਨ ਉਤਪਾਦਕ ਸੰਗਠਨ ਨੂੰ ਵਿਗਿਆਨਕ ਡੇਅਰੀ ਫਾਰਮਿੰਗ ਸਿਖਲਾਈ’। ਇਸ ਦੇ ਤਹਿਤ ਮੁਸ਼ਕਾਬਾਦ ਡੇਅਰੀ ਉਤਪਾਦ ਕੰਪਨੀ ਲਿਮ. ਦੇ ਨਿਰਦੇਸ਼ਕ ਬੋਰਡ ਨੂੰ ਸਿਖਲਾਈ ਦਿੱਤੀ। ਡਾ. ਰਾਜੇਸ਼ ਕਸਰੀਜਾ ਅਤੇ ਡਾ. ਅਮਨਦੀਪ ਸਿੰਘ ਸਿਖਲਾਈ ਸੰਯੋਜਕਾਂ ਨੇ ਦੱਸਿਆ ਕਿ ਇਹ ਸੰਗਠਨ ਵੈਟਨਰੀ ਯੂਨੀਵਰਸਿਟੀ ਦੀ ਤਕਨੀਕੀ ਸਹਾਇਤਾ ਅਧੀਨ ਕੰਮ ਕਰ ਰਿਹਾ ਹੈ। ਉਨ੍ਹਾਂ ਨੂੰ ਵਿਗਿਆਨਕ ਡੇਅਰੀ ਫਾਰਮਿੰਗ ਨੂੰ ਉਤਸਾਹਿਤ ਕਰਨ ਹਿਤ ਪਸ਼ੂ ਨਸਲਾਂ ਦੀਆਂ ਵਿਸ਼ੇਸ਼ਤਾਵਾਂ, ਪਸ਼ੂ ਦੀ ਪਛਾਣ, ਰਿਕਾਰਡ ਰੱਖਣ, ਚਾਰਾ ਸੰਭਾਲਣ, ਸੰਤੁਲਿਤ ਖੁਰਾਕ, ਢਾਰਾ ਪ੍ਰਬੰਧ, ਬਿਮਾਰੀਆਂ ’ਤੇ ਕਾਬੂ ਪਾਉਣ ਦੇ ਨਾਲ ਪ੍ਰਜਣਨ ਪ੍ਰਬੰਧਨ ਬਾਰੇ ਵੀ ਸਿੱਖਿਅਤ ਕੀਤਾ ਗਿਆ।
    ਇਸ ਸੰਦਰਭ ਵਿਚ ਬਿਹਤਰ ਮੰਡੀਕਾਰੀ ਨੂੰ ਨਿਸ਼ਚਿਤ ਕਰਨ ਲਈ ਡਾ. ਖੁਸ਼ਦੀਪ ਧਰਨੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਵੀ ਵਿਸ਼ੇਸ਼ ਲੈਕਚਰ ਰੱਖਿਆ ਗਿਆ। ਸ਼੍ਰੀ ਦਵਿੰਦਰ ਕੁਮਾਰ, ਪ੍ਰਬੰਧਕ, ਨਾਬਾਰਡ ਬੈਂਕ ਨੇ ਬਿਹਤਰ ਕੀਮਤ ਲਈ ਮੰਡੀਕਾਰੀ ਪ੍ਰਣਾਲੀ ਸੰਬੰਧੀ ਜਾਣਕਾਰੀ ਦਿੱਤੀ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਇਹ ਪ੍ਰੋਗਰਾਮ ਇਕ ਖੋਜ ਪ੍ਰਾਜੈਕਟ ਅਧੀਨ ਕਰਵਾਇਆ ਗਿਆ ਜਿਸ ਸੰਬੰਧੀ ਨਾਬਾਰਡ ਬੈਂਕ ਨੇ ਵਿਤੀ ਸਹਾਇਤਾ ਮੁਹੱਈਆ ਕੀਤੀ ਹੈ। ਇਸ ਸੰਗਠਨ ਵਿਚ ਭਾਰਤੀ ਕੰਪਨੀ ਐਕਟ ਅਧੀਨ 100 ਮੈਂਬਰ ਦਰਜ ਹਨ। ਇਥੇ ਇਹ ਦੱਸਣਾ ਵਰਣਨਯੋਗ ਹੈ ਕਿ ਕਿਸਾਨ ਉਤਪਾਦਕ ਸੰਗਠਨਾਂ ਰਾਹੀਂ ਭਾਰਤ ਸਰਕਾਰ ਕਿਸਾਨਾਂ ਨੂੰ ਆਪਣੇ ਸਮੂਹ ਬਨਾਉਣ ਲਈ ਪ੍ਰੇਰਦੀ ਹੈ ਤਾਂ ਜੋ ਕਿਸਾਨ ਆਪਣੇ ਤੌਰ ’ਤੇ ਵਪਾਰਕ ਗਤੀਵਿਧੀਆਂ ਵਿਚ ਸ਼ਾਮਲ ਹੋ ਕੇ ਆਪਣੇ ਸਮਾਜਿਕ, ਆਰਥਿਕ ਰੁਤਬੇ ਨੂੰ ਬਿਹਤਰ ਕਰ ਸਕਣ। ਇਸ ਮੌਕੇ ਸ਼੍ਰੀ ਦਵਿੰਦਰ ਕੁਮਾਰ, ਪ੍ਰਬੰਧਕ, ਨਾਬਾਰਡ ਨੇ ਯੂਨੀਵਰਸਿਟੀਆਂ ਦੀਆਂ ਪੁਸਤਕਾਂ ਵੀ ਨਿਰਦੇਸ਼ਕ ਬੋਰਡ ਦੇ ਮੈਂਬਰਾਂ ਨੂੰ ਤਕਸੀਮ ਕੀਤੀਆਂ।

ਪੀ.ਏ.ਯੂ. ਵਿਚ  ਵਿਸ਼ੇਸ਼ ਇਕੱਤਰਤਾ ਦੌਰਾਨ ਮਾਤ ਭਾਸ਼ਾ ਦੇ ਮਹੱਤਵ ਸੰਬੰਧੀ ਵਿਚਾਰਾਂ ਹੋਈਆਂ

ਲੁਧਿਆਣਾ, 21 ਫਰਵਰੀ(ਟੀ. ਕੇ.) ਪੀ.ਏ.ਯੂ. ਵਿਚ ਯੂਨੀਵਰਸਿਟੀ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਨੇ ਗੈਰ ਸਰਕਾਰੀ ਸੰਸਥਾ ਸੇਵਾ ਸੰਕਲਪ ਸੁਸਾਇਟੀ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਮਾਰੋਹ ਕਰਵਾਇਆ। ਮਾਤ ਭਾਸ਼ਾ ਦਿਵਸ ਦੇ ਸੰਬੰਧ ਵਿਚ ਕਰਵਾਏ ਗਏ ਇਸ ਸਮਾਰੋਹ ਵਿਚ ਨਾਮਵਰ ਹਸਤੀਆਂ ਨੇ ਭਾਗ ਲਿਆ। ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਸ਼ਾਮਿਲ ਹੋਏ। ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣ ਵਾਲਿਆਂ ਵਿਚ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਆਈ ਏ ਐੱਸ ਅਤੇ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਮੁੱਖ ਸਨ। ਇਸ ਸਮਾਗਮ ਦਾ ਆਯੋਜਨ ਕਰਨ ਵਿਚ ਉੱਘੇ ਕੁਦਰਤ ਲੇਖਕ ਅਤੇ ਸਮਾਜਿਕ ਕਰਮੀ ਸ਼੍ਰੀ ਹਰਪ੍ਰੀਤ ਸੰਧੂ, ਸਾਬਕਾ ਵਧੀਕ ਐਡਵੋਕੇਟ ਜਨਰਲ ਪੰਜਾਬ ਨੇ ਭਰਪੂਰ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉੱਚ ਅਧਿਕਾਰੀ, ਕਾਲਜਾਂ ਦੇ ਡੀਨ, ਵਿਭਾਗਾਂ ਦੇ ਮੁਖੀ, ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਹੋਏ। 

ਮੁੱਖ ਮਹਿਮਾਨ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਮਾਤ ਭਾਸ਼ਾ ਰਾਹੀਂ ਕਿਸੇ ਮਨੁੱਖ ਦੇ ਸਰਵਪੱਖੀ ਵਿਕਾਸ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਮੁੱਢਲੇ ਦੌਰ ਵਿਚ ਵਿਅਕਤੀ ਦੀ ਸਿੱਖਿਆ ਮਾਤ ਭਾਸ਼ਾ ਰਾਹੀਂ ਹੀ ਹੋ ਸਕਦੀ ਹੈ। ਸ਼੍ਰੀਮਤੀ ਸਾਹਨੀ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਜਦੋਂ ਪੰਜਾਬੀ ਮਾਤ ਭਾਸ਼ਾ ਦੇ ਸੰਪਰਕ ਵਿਚ ਆਏ ਤਾਂ ਉਹਨਾਂ ਨੇ ਇਸਨੂੰ ਹੋਰ ਗੰਭੀਰਤਾ ਨਾਲ ਜਾਨਣ ਲਈ ਕੋਸ਼ਿਸ਼ਾਂ ਕੀਤੀਆਂ। ਕਿਸੇ ਭਾਸ਼ਾ ਰਾਹੀਂ ਸੱਭਿਆਚਾਰਕ ਜਾਣ-ਪਛਾਣ ਕਰਵਾਉਣ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਹਨਾਂ ਨੇ ਮੌਜੂਦਾ ਸਮੇਂ ਵਿਚ ਖੇਤਰੀ ਭਸ਼ਾਵਾਂ ਦੇ ਮਹੱਤਵ ਨੂੰ ਦ੍ਰਿੜ ਕਰਾਇਆ। ਉਹਨਾਂ ਕਿਹਾ ਕਿ ਵੱਖ-ਵੱਖ ਮੌਕਿਆਂ ਤੇ ਜੋ ਸਕੂਨ ਅਤੇ ਮਾਨਸਿਕ ਤਸੱਲੀ ਮਾਤ ਭਾਸ਼ਾਈ ਸੰਕਲਪਾਂ ਵਿੱਚੋਂ ਮਿਲਦੀ ਹੈ ਉਹ ਦੂਸਰੀਆਂ ਭਾਸ਼ਾਵਾਂ ਤੋਂ ਮਿਲਣੀ ਅਸੰਭਵ ਹੈ। ਉਹਨਾਂ ਨੇ ਸਬਰ, ਸ਼ੁਕਰ ਅਤੇ ਚੜ੍ਹਦੀ ਕਲਾ ਵਰਗੇ ਪ੍ਰਸੰਗਾਂ ਰਾਹੀਂ ਮਾਤ ਭਾਸ਼ਾ ਦੇ ਮਹੱਤਵ ਨੂੰ ਦਰਸਾਇਆ। 

ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਭਾਸ਼ਾਵਾਂ ਰਾਹੀਂ ਮਨੁੱਖ ਦੇ ਵਿਕਾਸ ਬਾਰੇ ਇਤਿਹਾਸਕ ਨਜ਼ਰੀਏ ਤੋਂ ਗੱਲ ਕੀਤੀ। ਉਹਨਾਂ ਕਿਹਾ ਕਿ ਸੰਸਥਾਵਾਂ ਨੂੰ ਰਲ ਮਿਲ ਕੇ ਪੰਜਾਬੀ ਨੂੰ ਗਿਆਨ-ਵਿਗਿਆਨ ਅਤੇ ਰੁਜ਼ਗਾਰ ਦੀ ਭਾਸ਼ਾ ਬਨਾਉਣ ਲਈ ਹੰਭਲਾ ਮਾਰਨਾ ਚਾਹੀਦਾ ਹੈ। ਇਸ ਸੰਬੰਧ ਵਿਚ ਸਮਾਜਿਕ ਪਾਲਣ-ਪੋਸ਼ਣ ਅਤੇ ਭਾਸ਼ਾ ਦਾ ਜ਼ਿਕਰ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਭਾਸ਼ਾ ਮਨੁੱਖ ਨੂੰ ਮਾਂ ਵਾਂਗ ਪਾਲਦੀ ਅਤੇ ਆਸ ਪਾਸ ਦੀ ਦੁਨੀਆਂ ਤੋਂ ਜਾਣੂੰ ਕਰਵਾਉਂਦੀ ਹੈ। ਇਸ ਲਿਹਾਜ਼ ਨਾਲ ਦੁਨੀਆਂ ਨਾਲ ਵਾਕਫੀ ਦਾ ਅਧਾਰ ਮਾਤ ਭਾਸ਼ਾ ਹੀ ਬਣਦੀ ਹੈ। ਡਾ. ਗੋਸਲ ਨੇ ਭਾਸ਼ਾਈ ਵਿਭਿੰਨਤਾ ਅਤੇ ਮਾਤ ਭਾਸ਼ਾ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਇਕ ਭਾਸ਼ਾ ਨਹੀਂ ਬਲਕਿ ਇਤਿਹਾਸ ਵਿਚ ਵਗਦਾ ਮਿਠਾਸ ਦਾ ਦਰਿਆ ਹੈ। ਇਸ ਰਾਹੀਂ ਅਸੀਂ ਅਤੀਤ ਤੋਂ ਮੌਜੂਦਾ ਦੌਰ ਤੱਕ ਪੰਜਾਬੀ ਲੋਕਾਂ ਦੇ ਵਿਕਾਸ ਨੂੰ ਜਾਣ ਸਕਦੇ ਹਾਂ। ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਕੀਤੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦਿਆਂ ਭਵਿੱਖ ਵਿਚ ਇਹਨਾਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਦਾ ਪ੍ਰਣ ਕੀਤੀ। ਉਹਨਾਂ ਕਿਹਾ ਕਿ ਵਿਗਿਆਨਕ ਯੂਨੀਵਰਸਿਟੀ ਹੋਣ ਦੇ ਬਾਵਜੂਦ ਪੀ.ਏ.ਯੂ. ਨੇ ਪੰਜਾਬੀ ਭਾਸ਼ਾ ਲਈ ਆਪਣਾ ਬਣਦਾ ਯੋਗਦਾਨ ਪਾਇਆ ਹੈ ਪਰ ਇਸ ਸੰਬੰਧ ਵਿਚ ਹੋਰ ਕੋਸ਼ਿਸ਼ਾਂ ਕੀਤੇ ਜਾਣ ਦੀ ਲੋੜ ਹੈ। 

ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਕਿਹਾ ਕਿ ਸ਼ੋਸ਼ਲ ਮੀਡੀਆ ਦੇ ਦੌਰ ਵਿਚ ਵੀ ਪੰਜਾਬੀ ਸਿੱਖਿਆ ਅਤੇ ਭਾਸ਼ਾ ਦਾ ਮਹੱਤਵ ਘੱਟ ਨਹੀਂ ਜਾਂਦਾ। ਪੰਜਾਬੀ ਲੋਕਾਂ ਨੂੰ ਇਕ ਦੂਜੇ ਨਾਲ ਜੋੜਦੀ ਹੈ। ਮਨੁੱਖ ਦੇ ਚਹੁ ਤਰਫਾ ਵਿਕਾਸ ਲਈ ਮਾਤਾ ਭਾਸ਼ਾ ਰਾਹੀਂ ਉਸਦੀ ਸਿੱਖਿਆ ਜ਼ਰੂਰੀ ਹੈ। 

ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਕਿਹਾ ਕਿ ਮਾਤ ਭਾਸ਼ਾ ਨੂੰ ਸਿੱਖਿਆ ਦੇ ਨਾਲ-ਨਾਲ ਘਰੇਲੂ ਪੱਧਰ ਤੇ ਅਪਨਾਉਣ ਦੀ ਸਖਤ ਲੋੜ ਹੈ। ਉਹਨਾਂ ਕਿਹਾ ਕਿ ਬੱਚਿਆਂ ਨਾਲ ਗੱਲਬਾਤ ਕਰਦਿਆਂ ਆਪਣੀ ਠੇਠ ਭਾਸ਼ਾ ਦੀ ਵਰਤੋਂ ਕਰਕੇ ਅਸੀਂ ਸਿੱਖਿਆ ਦੌਰਾਨ ਉਹਨਾਂ ਦੇ ਮਨੋਬਲ ਵਿਚ ਵਾਧਾ ਦੇਖ ਸਕਦੇ ਹਾਂ। 

ਸ਼੍ਰੀ ਹਰਪ੍ਰੀਤ ਸੰਧੂ ਨੇ ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਹਨਾਂ ਦਾ ਮੰਤਵ ਹੈ ਕਿ ਪੰਜਾਬੀਆਂ ਦਾ ਆਪਣੀ ਮਾਤ ਭਾਸ਼ਾ ਉੱਪਰ ਭਰੋਸਾ ਬਹਾਲ ਹੋਵੇ। ਇਸਲਈ ਛੋਟੇ ਛੋਟੇ ਯਤਨ ਕਰਕੇ ਵੱਡੀ ਮੁਹਿੰਮ ਉਸਾਰੀ ਜਾ ਸਕੇਗੀ। ਇਸੇ ਕਾਰਜ ਲਈ ਉਹ ਨਾਮ ਤਖਤੀਆਂ ਉੱਪਰ ਪੰਜਾਬੀ ਵਿਚ ਨਾਂ ਲਿਖਣ ਦੀ ਮੁਹਿੰਮ ਉਸਾਰ ਰਹੇ ਹਨ। ਸ਼੍ਰੀ ਸੰਧੂ ਵੱਲੋਂ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਦਸਤਾਵੇਜ਼ੀ ਫਿਲਮ ਵੀ ਇਸ ਮੌਕੇ ਪ੍ਰਦਰਸ਼ਿਤ ਕੀਤੀ ਗਈ।

ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਡਾ. ਨਰਿੰਦਰਪਾਲ ਸਿੰਘ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਕਿਹਾ ਕਿ ਪੰਜਾਬੀਆਂ ਦਾ ਪੰਜਾਬ ਤੋਂ ਹੋ ਰਿਹਾ ਪ੍ਰਵਾਸ ਆਉਣ ਵਾਲੇ ਸਾਲਾਂ ਵਿਚ ਭਾਸ਼ਾ ਦੇ ਪੱਖ ਤੋਂ ਕਈ ਘਾਟਾ ਸਾਹਮਣੇ ਲਿਆਏਗਾ। ਉਹਨਾਂ ਨੇ ਹੋਰ ਭਾਸ਼ਾਵਾਂ ਸਿੱਖਣ ਦੇ ਨਾਲ-ਨਾਲ ਮਾਤ ਭਾਸ਼ਾ ਵਿਚ ਸਿੱਖਿਆ ਅਤੇ ਉਚਾਰ ਲਈ ਯਤਨ ਕੀਤੇ ਜਾਣ ਦੀ ਵਕਾਲਤ ਕੀਤੀ। 

ਇਸ ਮੌਕੇ ਪੰਜਾਬੀ ਭਾਸ਼ਾ ਦੀ ਉੱਨਤੀ ਲਈ ਇਕ ਸੰਦੇਸ਼ ਪੱਤਰ ਅਤੇ ਇਕ ਵੱਡੀ ਤਸਵੀਰ ਨੂੰ ਜਾਰੀ ਕੀਤਾ ਗਿਆ। ਬਰਤਾਨੀਆ ਵਾਸੀ ਬਲਵਿੰਦਰ ਸਿੰਘ ਜੌਹਲ, ਅਵਤਾਰ ਸਿੰਘ ਢੀਂਡਸਾ, ਡਾ. ਹਰਨੀਸ਼ ਬਿੰਦਰਾ, ਸ਼੍ਰੀ ਦਲਬੀਰ ਸਿੰਘ ਬੇਦੀ ਅਤੇ ਨਵਨੀਤ ਜੈਰਥ ਨੂੰ ਨਾਮ ਤਖਤੀਆਂ ਪੰਜਾਬੀ ਵਿਚ ਦੇ ਕੇ ਮਾਤ ਭਾਸ਼ਾ ਦੇ ਸੁਨੇਹੇ ਨੂੰ ਪ੍ਰਸਾਰਿਤ ਕੀਤਾ ਗਿਆ। 

ਅੰਤ ਵਿਚ ਧੰਨਵਾਦ ਦੇ ਸ਼ਬਦ ਸੀਨੀਅਰ ਪ੍ਰੋਫੈਸਰ ਡਾ. ਜਗਦੀਸ਼ ਕੌਰ ਨੇ ਕਹੇ।

ਪੀ.ਏ.ਯੂ. ਦੀ 57ਵੀਂ ਐਥਲੈਟਿਕ ਮੀਟ 28-29  ਨੂੰ 

ਲੁਧਿਆਣਾ, 21 ਫਰਵਰੀ(ਟੀ. ਕੇ.) ਪੀ.ਏ.ਯੂ. ਵੱਲੋਂ ਹਰ ਸਾਲ ਕਰਵਾਈ ਜਾਣ ਵਾਲੀ ਐਥਲੈਟਿਕ ਮੀਟ ਇਸ ਸਾਲ 57ਵੇਂ ਵਰ੍ਹੇ ਵਿਚ ਪ੍ਰਵੇਸ਼ ਕਰ ਰਹੀ ਹੈ। ਇਸ ਮੀਟ ਦਾ ਆਯੋਜਨ 28 ਅਤੇ 29 ਫਰਵਰੀ ਨੂੰ ਪੀ.ਏ.ਯੂ. ਦੇ ਖੇਡ ਮੈਦਾਨਾਂ ਵਿਚ ਕੀਤਾ ਜਾਵੇਗਾ। ਹੋਰ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਸਰਪ੍ਰਸਤੀ ਹੇਠ ਇਸ ਮੀਟ ਦੇ ਸਫਲ ਆਯੋਜਨ ਲਈ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਸਥਾਨਕ ਅਤੇ ਖੇਤਰੀ ਖੋਜ ਕੇਂਦਰਾਂ ਦੇ ਕਾਲਜਾਂ ਦੇ ਵਿਦਿਆਰਥੀ ਟਰੈਕ ਅਤੇ ਫੀਲਡ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਡਾ. ਜੌੜਾ ਨੇ ਕਿਹਾ ਕਿ ਪੀ.ਏ.ਯੂ. ਨੇ ਦੇਸ਼ ਨੂੰ ਸ਼ਾਨਦਾਰ ਖਿਡਾਰੀ ਦਿੱਤੇ ਹਨ। ਉਨ੍ਹਾਂ ਵਿੱਚੋਂ ਬਹੁਤੇ ਖਿਡਾਰੀ ਇਸ ਐਥਲੈਟਿਕ ਮੀਟ ਵਿਚ ਆਪਣੇ ਜੌਹਰ ਦਿਖਾ ਕੇ ਅਗਾਂਹ ਸਫਲ ਹੋਏ। ਡਾ. ਜੌੜਾ ਨੇ ਕਿਹਾ ਕਿ ਇਹ ਮੀਟ ਮੌਜੂਦਾ ਦੌਰ ਦੇ ਖਿਡਾਰੀਆਂ ਨੂੰ ਆਪਣੀ ਖੇਡ ਕਲਾ ਦੇ ਪ੍ਰਦਰਸ਼ਨ ਦਾ ਇਕ ਮੌਕਾ ਮੁਹੱਈਆ ਕਰਾਏਗੀ।

ਬੀ. ਕਾਮ- ਤੀਜਾ  ਸਮੈਸਟਰ ਦੀ ਪ੍ਰੀਖਿਆ ਦੌਰਾਨ ਮਨਰੂਪ ਕੌਰ  ਨੇ ਪੰਜਾਬ ਯੂਨੀਵਰਸਿਟੀ ਵਿੱਚੋਂ ਲਿਆ ਪਹਿਲਾ ਸਥਾਨ 

ਲੁਧਿਆਣਾ, 21 ਫਰਵਰੀ(ਟੀ. ਕੇ.) 
ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਬੀ.ਕਾਮ. ਤੀਜੇ ਸਮੈਸਟਰ ਦੀਆਂ ਪ੍ਰੀਖਿਆਵਾਂ  ਵਿੱਚ ਸ਼ਾਨਦਾਰ ਨਤੀਜਾ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।
ਮਨਰੂਪ ਕੌਰ ਨੇ 93.17 ਫੀਸਦੀ ਅੰਕ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਖੁਸ਼ੀ ਨੇ 86 ਫੀਸਦੀ  ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ । ਮਾਨਸੀ ਜੈਨ ਨੇ 85.83 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ 
ਕਾਲਜ ਗਵਰਨਿੰਗ ਬਾਡੀ ਦੇ ਜਨਰਲ ਸਕੱਤਰ ਇੰਜੀਨੀਅਰ ਗੁਰਵਿੰਦਰ ਸਿੰਘ ਅਤੇ ਪਿ੍ੰਸੀਪਲ ਡਾ.ਮਨੀਤਾ ਕਾਹਲੋਂ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ |

ਬੀ. ਸੀ. ਏ. - ਤੀਜਾ ਸਮੈਸਟਰ ਦੀ ਪ੍ਰੀਖਿਆ ਵਿੱਚ  ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ

ਲੁਧਿਆਣਾ, 21 ਫਰਵਰੀ(ਟੀ. ਕੇ.) 
ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਦਸੰਬਰ, 2023 ਵਿੱਚ ਬੀ.ਸੀ.ਏ.- ਤੀਸਰੇ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜਾ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।
 
ਸ੍ਰਿਸ਼ਟੀ ਸ਼ਰਮਾ ਨੇ 91.2 ਫੀਸਦੀ  ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਤਾਨੀਆ ਕੋਚਰ ਨੇ 88.8 ਫੀਸਦੀ  ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਅਸ਼ਲੀਨ ਕੌਰ ਨੇ 87.2 ਫੀਸਦੀ  ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ।
 
ਕਾਲਜ ਗਵਰਨਿੰਗ ਬਾਡੀ ਦੇ ਜਨਰਲ ਸਕੱਤਰ ਇੰਜੀਨੀਅਰ ਗੁਰਵਿੰਦਰ ਸਿੰਘ ਅਤੇ ਕਾਲਜ ਪ੍ਰਿੰਸੀਪਲ ਡਾ.ਮਨੀਤਾ ਕਾਹਲੋਂ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ