You are here

ਲੁਧਿਆਣਾ

ਜਗਰਾਉਂ ਵਿਚ ਗੈਸ ਪਾਈਪ ਲਾਈਨ ਪਾਉਣ ਲਈ ਹੋ ਰਹੀ ਅਣਗਹਿਲੀ ਕਾਰਨ ਲੋਕ ਪ੍ਰੇਸ਼ਾਨ

ਜਗਰਾਉਂ ਫਰਵਰੀ 20(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਭਾਰਤ ਦੇ ਨਾਲ ਨਾਲ ਪੰਜਾਬ ਵਿੱਚ ਵੀ ਘਰੇਲੂ ਗੈਸ ਪਾਈਪ ਲਾਈਨ ਵਿਛਾਈ ਜਾ ਰਹੀ ਹੈ ਪੰਜਾਬ ਵਿੱਚ ਵੀ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਘਰੇਲੂ ਗੈਸ ਪਾਈਪ ਲਾਈਨ ਪਾਉਣ ਦੇ ਲਈ ਸੜਕਾਂ ਨੂੰ ਪੁੱਟਿਆ ਜਾ ਰਿਹਾ ਹੈ ਜਿਸ ਦੇ ਚਲਦੇ ਪੂਰੇ ਜਗਰਾਉਂ ਸ਼ਹਿਰ ਵਿੱਚ ਇਸ ਕੰਪਨੀ ਵੱਲੋਂ ਸੜਕਾਂ ਨੂੰ ਪੁੱਟ ਕੇ ਪਾਈਪਲਾਈਨ ਪਾਉਣ ਤੋਂ ਬਾਅਦ ਸੜਕਾਂ ਦੀ ਮੁਰੰਮਤ ਨਹੀਂ ਕੀਤੀ ਜਾ ਰਹੀ ਜਿਸਦੇ ਚਲਦੇ ਜਗਰਾਉਂ ਵਾਸੀ ਇਸ ਗੱਲ ਨੂੰ ਲੈ ਕੇ ਕਾਫੀ ਖਫਾ ਹਨ ਵਾਰਡ ਨੰਬਰ ਚਾਰ ਦੇ ਅਮਨ, ਮੈਨੀ, ਹੈਪੀ, ਸਤਨਾਮ ਸਿੰਘ ਅਤੇ ਬਿੱਟੂ ਨੇ ਦੱਸਿਆ ਕਿ ਉਨਾਂ ਦੇ ਵਾਰਡ ਦੇ ਵਿੱਚ ਗੁਜਰਾਤ ਪਾਈਪ ਲਾਈਨ ਕੰਪਨੀ ਦੇ ਠੇਕੇਦਾਰ ਵੱਲੋਂ ਅਣਗਹਿਲੀ ਵਰਤਦੇ ਓਏ ਗੈਸ ਪਾਈਪ ਪੌਣ ਦੌਰਾਨ ਅਣਗੈਲੀ ਵਰਤੀ ਹੈ ਜਿਸ ਦੇ ਚਲਦੇ ਕੰਪਨੀ ਦੇ ਕਰਿੰਦਿਆਂ ਨੇ ਸੀਵਰੇਜ ਦੀ ਪਾਈਪ ਲਾਈਨ ਤੋੜ ਦਿੱਤੀ ਹੈ। ਜਗਰਾਉਂ ਵਾਸੀਆਂ ਨੇ ਕਿਹਾ ਕਿ ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਜਗਰਾਉਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਅਤੇ ਗਲੀ ਮਹੱਲਿਆਂ ਨੂੰ ਪੁੱਟ ਕੇ ਛੱਪੜ ਦੇ ਰੂਪ ਵਿੱਚ ਬਦਲ ਦਿੱਤਾ ਜਾਵੇਗਾ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੰਪਨੀ ਪਾਈਪ ਪਾ ਰਹੀ ਹੈ ਤਾਂ ਉਨਾ ਦਾ ਫਰਜ਼ ਬਣਦਾ ਹੈ ਕੀ ਪਾਈਪ ਲਾਈਨ ਪਾਉਣ ਤੋਂ ਬਾਅਦ ਸੜਕਾਂ ਨੂੰ ਰਿਪੇਅਰ ਕਰਕੇ ਉਸੇ ਸਥਿਤੀ ਵਿੱਚ ਲਿਆਂਦਾ ਜਾਵੇ ਜਿਸ ਸਥਿਤੀ ਵਿੱਚ ਸੜਕਾਂ ਪਹਿਲਾਂ ਸਨ।
ਜੇਕਰ ਕੰਪਨੀ ਦੇ ਕਰਿੰਦੇ ਇਸ ਤਰਾਂ ਅਣਗਹਿਲੀ ਵਰਤਣਗੇ ਤਾਂ ਜਗਰਾਉਂ ਵਾਸੀਆਂ ਵੱਲੋਂ ਉਨਾਂ ਦਾ ਸਖਤ ਵਿਰੋਧ ਕੀਤਾ ਜਾਵੇਗਾ ।

ਕਾਰ ਸਵਾਰ ਦੋ ਵਿਅਕਤੀ ਇੱਕ ਕਿੱਲੋਂ ਦੋ ਸੋ ਗ੍ਰਾਂਮ ਅਫੀਮ ਸਮੇਤ ਕਾਬੂ

ਮੁੱਲਾਂਪੁਰ ਦਾਖਾ 20 ਫਰਵਰੀ (ਸਤਵਿੰਦਰ ਸਿੰਘ ਗਿੱਲ)  ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐੱਸ.ਐੱਸ.ਪੀ ਨਵਨੀਤ ਸਿੰਘ ਬੈਂਸ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ, ਮਾਣਯੋਗ ਡੀ.ਐੱਸ.ਪੀ ਜਤਿੰਦਰਪਾਲ ਸਿੰਘ ਖਹਿਰਾ ਦੀ ਰਹਿਨੁਮਾਈ ’ਚ ਦਾਖਾ ਪੁਲਿਸ ਵੱਲੋਂ ਚਲਾਈ ਨਸ਼ਿਆਂ ਖਿਲਾਫ ਮੁਹਿੰਮ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਅੱਜ ਇੱਕ ਹਰਿਆਣਾ ਪ੍ਰਾਂਤ ਦੇ ਨੰਬਰ ਦੀ ਗੱਡੀ ਸਮੇਤ ਦੋ ਵਿਅਕਤੀਆਂ ਨੂੰ ਦਾਖਾ ਪੁਲਿਸ ਨੇ ਕਾਬੂ ਕੀਤਾ ਜਿਨ੍ਹਾਂ ਕੋਲੋ ਪੁਲਿਸ ਨੂੰ ਇੱਕ ਕਿੱਲ ਦੋ ਸੋ ਗ੍ਰਾਂਮ ਅਫੀਮ ਬਰਾਮਦ ਹੋਈ ਹੈ।
           ਏ.ਐੋੱਸ.ਆਈ ਰਾਜਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਰਾਏਕੋਟ-ਬਰਨਾਲਾ ਰੋਡ ’ਤੇ ਰਕਬਾ ਮੰਡੀਂ ਲਾਗੇ  ਏ.ਐੱਸ.ਆਈ ਗੁਰਸੇਵਕ ਸਿੰਘ, ਸਿਪਾਹੀ ਕੁਲਦੀਪ ਸਿੰਘ ਸਮੇਤ ਪੁਲਿਸ ਟੀਮ ਨਾਲ ਸੱਕੀ ਵਾਹਨਾਂ ਦੀ ਤਲਾਸ਼ੀ ਸਬੰਧੀ ਨਾਕਾ ਲਾਇਆ ਹੋਇਆ ਸੀ, ਇੱਕ ਚਿੱਟੇ ਰੰਗ ਦੀ ਰਿਟਜ਼ ਕਾਰ ਨੰਬਰ ਐੱਚ.ਆਰ.14-6106 ਜੋ ਰਾਏਕੋਟ ਤੋਂ ਮੁੱਲਾਂਪੁਰ ਵੱਲ ਆ ਰਹੀ ਸੀ, ਜਦ ਉਸਦੀ ਤਲਾਸ਼ੀ ਲਈ ਗਈ ਤਾਂ ਕਾਰ ਚਾਲਕ ਦੀ ਸੀਟ ਥੱਲੇ ਲਕੋ ਕੇ ਰੱਖੀ ਅਫੀਮ ਬਰਾਮਦ ਹੋਈ। ਕਾਰ ਸਵਾਰ ਵਿਅਕਤੀਆਂ ਨੂੰ ਪੁਛਿਆਂ ਤਾਂ ਇੱਕ ਨੇ ਆਪਣਾ ਨਾਮ ਪਵਨ ਕੁਮਾਰ ਪੁੱਤਰ ਇੰਦਰਜੀਤ ਤੇ ਦੂਸਰੇ ਨੇ ਆਪਣਾ ਨਾਮ ਕਾਨਾ ਰਾਮ ਪੁੱਤਰ ਜਗਦੀਸ਼ ਵਾਸੀ ਠਾਰਬਾ ਥਾਣਾ ਟੌਹਾਣਾ ਜਿਲ੍ਹਾ ਫਤਿਆਬਾਦ (ਹਰਿਆਣਾ) ਦੱਸਿਆ। ਇਨ੍ਹਾਂ ਦੋਵਾਂ ਨੂੰ ਗੱਡੀ ਸਮੇਤ ਕਾਬੂ ਕਰਕੇ ਇਨ੍ਹਾਂ  ਖਿਲਾਫ ਨਸ਼ਾ ਵਿਰੋਧੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਅੰਮ੍ਰਿਤ ਸਾਗਰ ਸ਼ੁਕਰਾਨਾ ਸਮਾਗਮ  ਜੈਕਾਰਿਆਂ ਦੀ ਗੂੰਜ 'ਚ ਹੋਇਆ ਸੰਪੰਨ 

ਪ੍ਰਮੁੱਖ ਸ਼ਖਸ਼ੀਅਤਾਂ ਨੂੰ ਕੀਤਾ ਗਿਆ ਸਨਮਾਨਿਤ
ਅਧਿਆਤਮਕ ਸਕੂਨ ਦੀ ਪ੍ਰਾਪਤੀ ਲਈ ਸੰਗਤਾਂ ਗੁਰਬਾਣੀ ਦਾ ਸਿਮਰਨ ਕਰਨ-ਭਾਈ ਗੁਰਸ਼ਰਨ ਸਿੰਘ
ਪੰਥ ਦੇ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ
ਲੁਧਿਆਣਾ,18 ਫਰਵਰੀ (ਕਰਨੈਲ ਸਿੰਘ ਐੱਮ.ਏ.)
ਗੁਰਬਾਣੀ ਕੀਰਤਨ ਦੇ ਪ੍ਰਚਾਰ ਤੇ ਪ੍ਰਸਾਰ ਕਾਰਜਾਂ ਵਿੱਚ ਪਿਛਲੇ 35 ਸਾਲਾਂ ਤੋਂ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਕੰਪਨੀ ਅੰਮ੍ਰਿਤ ਸਾਗਰ ਦੇ ਪ੍ਰੀਵਾਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤੇ ਗਏ ਤਿੰਨ ਰੋਜ਼ਾ 19ਵੇਂ ਅੰਮ੍ਰਿਤ ਸਾਗਰ ਸ਼ੁਕਰਾਨਾ ਸਮਾਗਮ  ਦੀ ਸਮਾਪਤੀ ਬੀਤੀ ਦੇਰ ਰਾਤ ਜੈਕਾਰਿਆਂ ਦੀ ਗੂੰਜ ਵਿੱਚ ਹੋਈ। ਇਸ ਦੌਰਾਨ ਆਯੋਜਿਤ ਕੀਤੇ ਗਏ ਸ਼ੁਕਰਾਨਾ ਸਮਾਗਮ
ਅੰਦਰ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਪੰਥ ਦੇ ਪ੍ਰਸਿੱਧ ਪ੍ਰਚਾਰਕ ਤੇ ਕੀਰਤਨੀਏ ਭਾਈ ਗੁਰਸ਼ਰਨ ਸਿੰਘ (ਮੁੱਖੀ ਭਾਈ ਦਇਆ ਸਿੰਘ ਚੈਰੀਟੇਬਲ ਟਰੱਸਟ)  ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਗਈ ਗੁਰਬਾਣੀ ਕੀਰਤਨ ਦੀ ਕਲਾ ਤਿੰਨ ਚੀਜ਼ਾਂ ਫਲਸਫਾ, ਕਾਵਿ-ਰਚਨਾ ਅਤੇ ਸੰਗੀਤ ਦਾ ਅਨੋਖਾ ਸੁਮੇਲ ਹੈ।ਜੋ ਮਨੁੱਖ ਨੂੰ ਅਧਿਆਤਮਕ ਤੇ ਰੂਹਾਨੀਅਤ ਦਾ ਸਕੂਨ ਪ੍ਰਦਾਨ ਕਰਨ ਦੇ ਨਾਲ ਨਾਲ ਮਨੁੱਖ ਨੂੰ ਮਨੁੱਖ ਨਾਲ ਜੋੜ ਕੇ ਸਮੁੱਚੀ ਮਨੁੱਖਤਾ ਨੂੰ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਸ਼ੰਦੇਸ਼ ਵੀ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਉਚਰੀ ਇਲਾਹੀ ਬਾਣੀ ਦੇ ਕੀਰਤਨ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਲਈ ਜੋ ਵੱਡਮੁੱਲੇ ਯਤਨ ਅੰਮ੍ਰਿਤ ਸਾਗਰ ਕੰਪਨੀ ਪਿਛਲੇ ਲੰਮੇ ਸਮੇਂ ਤੋਂ ਕਰ ਰਹੀ ਹੈ। ਉਹ ਇੱਕ ਸ਼ਲਾਘਾਯੋਗ ਕਾਰਜ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਅੰਮ੍ਰਿਤ ਸਾਗਰ ਪਰਿਵਾਰ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਆਯੋਜਿਤ ਕੀਤੇ ਗਏ ਅੰਮ੍ਰਿਤ ਸਾਗਰ ਸ਼ੁਕਰਾਨਾ ਸਮਾਗਮ ਦੇ ਤੀਜੇ ਦਿਨ ਦੇ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਹੀ ਦਰਬਾਰ ਸਾਹਿਬ,ਭਾਈ ਮਹਿਤਾਬ ਸਿੰਘ ਜਲੰਧਰ ਵਾਲੇ,ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਲੁਧਿਆਣਾ ਵਾਲਿਆਂ ਦੇ ਕੀਰਤਨੀ ਜੱਥਿਆਂ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸਮਾਗਮ ਅੰਦਰ ਇਕੱਤਰ ਹੋਈਆਂ ਸੰਗਤਾਂ ਨੂੰ ਗੁਰੂ ਜਸ ਰਾਹੀਂ ਨਿਹਾਲ ਕੀਤਾ। ਇਸ ਦੌਰਾਨ ਅੰਮ੍ਰਿਤ ਸਾਗਰ ਕੰਪਨੀ ਦੇ ਪ੍ਰਮੁੱਖ ਸ੍ਰ.ਬਲਬੀਰ ਸਿੰਘ ਭਾਟੀਆ,ਸ੍ਰ.ਕਰਨਪ੍ਰੀਤ ਸਿੰਘ ਭਾਟੀਆ ,ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ.ਇੰਦਰਜੀਤ ਸਿੰਘ ਮੱਕੜ ,ਭਾਈ ਮੇਜਰ  ਸਿੰਘ ਖਾਲਸਾ ,ਬਲਜੀਤ ਸਿੰਘ ਬੀਤਾ ਪ੍ਰਮੁੱਖ ਆਗੂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ,ਸ੍ਰ.ਪਰਵਿੰਦਰ ਸਿੰਘ ਭਾਟੀਆ ਰਾਏਪੁਰ ਵਾਲਿਆਂ ਸਮੇਤ ਕਈ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਸਾਂਝੇ ਰੂਪ ਵਿੱਚ ਅੰਮ੍ਰਿਤ ਸਾਗਰ ਸ਼ੁਕਰਾਨਾ ਸਮਾਗਮ ਅੰਦਰ  ਵਿਸ਼ੇਸ਼ ਤੌਰ ਤੇ ਆਪਣੀਆਂ ਹਾਜ਼ਰੀਆਂ ਭਰਨ ਲਈ ਪੁੱਜੇ ਸਮੂਹ ਕੀਰਤਨੀ ਜੱਥਿਆਂ  ਦੇ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਤੇ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਉੱਥੇ ਨਾਲ ਹੀ ਪੰਥ ਦੀਆਂ ਪ੍ਰਮੁੱਖ ਸਖਸ਼ੀਅਤਾਂ ਜਿੰਨ੍ਹਾਂ ਵਿੱਚ ਮਾਤਾ ਵਿਪਨਪ੍ਰੀਤ ਕੌਰ,ਭਾਈ ਗੁਰਸ਼ਰਨ ਸਿੰਘ,ਸੰਤ ਬਾਬਾ ਅਮੀਰ ਸਿੰਘ ਮੁੱਖੀ ਜਵੱਦੀ ਟਕਸਾਲ, ਦੇ ਵੱਲੋਂ ਭੇਜੇ ਗਏ ਸਿੰਘਾਂ,ਗੁਰਦੁਆਰਾ ਕਮੇਟੀ ਦੇ ਸਮੂਹ ਮੈਬਰਾਂ, ਸ੍ਰ.ਭੁਪਿੰਦਰ ਸਿੰਘ ਭਿੰਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ,
ਸ੍ਰ.ਮਨਿੰਦਰ ਸਿੰਘ ਆਹੂਜਾ ਪ੍ਰਧਾਨ ਸਿੱਖ ਨੌਜਵਾਨ ਸੇਵਾ ਸੁਸਾਇਟੀ,ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਦਲੀਪ ਸਿੰਘ ਖੁਰਾਣਾ ਨੂੰ
 ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਅੰਦਰ ਗੁਰਦੁਆਰਾ ਸ਼੍ਰੀ ਕਲਗੀਧਰ ਸਿੰਘ ਸਭਾ ਦੇ ਪ੍ਰਧਾਨ ਸ੍ਰ.ਗੁਰਮੀਤ ਸਿੰਘ,  ਸ੍ਰ.ਭੁਪਿੰਦਰਪਾਲ ਸਿੰਘ, ਸ੍ਰ.ਹਰਪਾਲ ਸਿੰਘ ਖਾਲਸਾ, ਭੁਪਿੰਦਰ ਸਿੰਘ( ਮਨੀ ਜਿਉਲਰਜ਼), ਜਤਿੰਦਰਪਾਲ ਸਿੰਘ ਸਲੂਜਾ,ਜੋਗਿੰਦਰ ਸਿੰਘ ਸਲੂਜਾ,ਨਰਿੰਦਰ ਸਿੰਘ ਸਲੂਜਾ ,ਹਰਭਜਨ ਸਿੰਘ ਬੱਗਾ,ਇੰਦਰਪਾਲ ਸਿੰਘ ਕਾਲੜਾ, ਅਮਰਜੀਤ ਸਿੰਘ ਭਾਟੀਆ, ਜਸਕਰਨ ਸਿੰਘ ਭਾਟੀਆ, ਨਵਤੇਜ ਸਿੰਘ ਕਾਲੜਾ,  ਸਿੰਘ ਖਾਲਸਾ,ਅਤੱਰ ਸਿੰਘ ਮੱਕੜ,ਜਗਦੇਵ ਸਿੰਘ ਕਲਸੀ, ਮਹਿੰਦਰ ਸਿੰਘ ਡੰਗ,ਬਲਜੀਤ ਸਿੰਘ ਬਾਵਾ, ਰਜਿੰਦਰ ਸਿੰਘ ਡੰਗ, ਅਵਤਾਰ ਸਿੰਘ ਮਿੱਡਾ,ਅਵਤਾਰ ਸਿੰਘ ਬੀ.ਕੇ, ਪ੍ਰਿਤਪਾਲ ਸਿੰਘ, ਐਡਵੋਕੇਟ ਕ੍ਰਿਪਾਲ ਸਿੰਘ ਕਾਲੜਾ ,ਪਰਮਜੀਤ ਸਿੰਘ ਸੇਠੀ,ਸੁਰਿੰਦਰਪਾਲ ਸਿੰਘ ਭੁਟੀਆਣੀ,ਗੁਰਦੀਪ ਸਿੰਘ ਡੀਮਾਰਟੇ,ਨਰਿੰਦਰ ਸਿੰਘ ਕਥੂਰੀਆ, ਭੁਪਿੰਦਰ ਸਿੰਘ ਅਰੋੜਾ, ਤਜਿੰਦਰਪਾਲ ਸਿੰਘ ਕਈ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਦੌਰਾਨ ਸਮੁੱਚੇ ਦੋ ਰੋਜ਼ਾ ਚੱਲੇ 19ਵੇਂ ਅੰਮ੍ਰਿਤ ਸਾਗਰ ਸ਼ੁਕਰਾਨਾ  ਸਮਾਗਮ ਅੰਦਰ ਸਟੇਜ ਸਕੱਤਰ ਦੀ ਭੂਮਿਕਾ ਮਨਿੰਦਰ ਸਿੰਘ ਆਹੂਜਾ ਨੇ ਬੜੀ ਬਾਖੂਬੀ ਨਾਲ ਨਿਭਾਈ।

ਸ੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੋਸਾਇਟੀ ਵੱਲੋਂ 65ਵਾਂ ਰਾਸ਼ਨ ਵੰਡਿਆ ਸਮਾਗਮ

ਲੁਧਿਆਣਾ ( ਕਰਨੈਲ ਸਿੰਘ ਐੱਮ.ਏ.)ਸ੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੋਸਾਇਟੀ ਵੱਲੋਂ 65ਵਾਂ ਰਾਸ਼ਨ ਵੰਡਿਆ ਸਮਾਗਮ  ਸਨਾਤਨ ਧਰਮ ਮੰਦਿਰ ਜਵਾਹਰ ਨਗਰ ਵਿਖੇ ਕੀਤਾ ਗਿਆ ਜਿਸ ਵਿੱਚ ਹਰ ਮਹੀਨੇ ਦੀ ਤਰ੍ਹਾਂ ਵਿਧਵਾ 72ਮਾਤਾਵਾਂ ਨੂੰ ਰਾਸ਼ਨ ਵੰਡਿਆ ਗਿਆ, ਇਸ ਮੌਕੇ ਮੁੱਖ ਮਹਿਮਾਨ ਅਸ਼ੋਕਪੁਰੀ ਨੇ ਕਿਹਾ ਕਿ ਇਹ ਪੁੰਨ ਦੇ ਕੰਮ ਵਿੱਚ  ਹਰ ਕਿਸੇ ਨੂੰ ਅੱਗੇ ਆ ਕੇ ਸਹਿਯੋਗ ਦੇਣਾ ਚਾਹੀਦਾ ਹੈ ਤੇ ਇਸ ਸੁਸਾਇਟੀ ਦਾ ਕੰਮ ਦੇਖ ਕੇ ਮੇਰਾ ਵੀ ਦਿਲ ਕੀਤਾ ਕਿ ਮੈਂ ਇਸ ਸੁਸਾਇਟੀ ਦਾ ਹਿੱਸਾ ਬਣਾ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਨੀਲ ਕਮਲ ਸ਼ਰਮਾ, ਕੈਸ਼ੀਅਰ ਦੀਪਕ ਆਨੰਦ , ਵਾਈਸ ਪ੍ਰਧਾਨ ਕਮਲ ਚੀਨਾ, ਰਾਜੇਸ਼ ਬਿੰਦਰਾ, ਦਲਜੀਤ ਪੱਪਾ, ਰਾਕੇਸ਼ ਸ਼ਰਮਾ, ਮਾਧਵ ਰਾਗਵ ਬ੍ਰਦਰਸ , ਜੈ ਵਰਮਾ, ਡਾਕਟਰ ਸੋਨੂ, ਮਨੋਜ ਕੁਮਾਰ, ਗੁਰਪ੍ਰੀਤ ਸਿੰਘ ਮਿੱਡਾ, ਅਮਨ ਅਰੋੜਾ, ਜਤਿਨ ਅਰੋੜਾ, ਜਗਦੀਪ ਸਿੰਘ ਸੋਹੀ, ਅਜੇ ਰਤਨ,ਸਚਿਨ ਮੋਦ ਗਿਲ, ਸੰਦੀਪ ਸ਼ਰਮਾ , ਹਾਨੀ, ਅੰਕੁਸ਼ ਜੈਨ  ਸਮੂਹ ਮੈਂਬਰ ਹਾਜ਼ਰ ਸਨ।

ਦਿਵਿਆਂਗਜਨਾਂ ਲਈ ਸਰਾਭਾ ਆਸ਼ਰਮ ਵਿਖੇ 22 ਫਰਵਰੀ ਨੂੰ ਲੱਗਣਗੇ ਵਿਸ਼ੇਸ਼ ਅਸੈਸਮੈਂਟ ਕੈਂਪ 

 ਬਜ਼ੁਰਗਾਂ ਦਾ ਹੋਵੇਗਾ ਮੈਡੀਕਲ ਚੈਕਅੱਪ
ਲੁਧਿਆਣਾ, 18 ਫਰਵਰੀ (ਟੀ. ਕੇ.)
ਪਿੰਡ ਸਰਾਭਾ ਨੇੜੇ ਸਰਾਭਾ-ਸਹੌਲੀ ਰੋਡ  ਸਥਿੱਤ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿਖੇ ਦਿਵਿਆਂਗਜਨਾਂ ਲਈ ਪੰਜਾਬ ਸਰਕਾਰ ਵੱਲੋਂ 22 ਫਰਵਰੀ ਨੂੰ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੀ ਦੇਖ-ਰੇਖ  ਡਿਪਟੀ ਕਮਿਸ਼ਨਰ  ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ  ਵਰਿੰਦਰ ਸਿੰਘ ਟਿਵਾਣਾ ਵੱਲੋਂ ਕੀਤੀ ਜਾਵੇਗੀ। ਇਸ ਕੈਂਪ ਵਿੱਚ ਬਨਾਵਟੀ ਅੰਗ ਬਣਾਉਣ ਵਾਲੀ ਭਾਰਤ ਦੀ ਮਸ਼ਹੂਰ ਕੰਪਨੀ ਅਲਿਮਕੋ ਵੱਲੋਂ ਦਿਵਿਆਂਗਜਨਾਂ ਦੀ ਸਪੈਸ਼ਲ ਅਸੈਸਮੈਂਟ ਕੀਤੀ ਜਾਵੇਗੀ ਤਾਂ ਕਿ ਦਿਵਿਆਂਗਜਨਾਂ ਦੀ ਭਲਾਈ ਅਤੇ ਰੋਜ਼ਾਨਾ ਦੇ ਜੀਵਨ ਨੂੰ ਸੁਖਾਵਾਂ ਬਣਾਉਣ ਲਈ ਜਲਦੀ ਹੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਸਿਹਤ ਦਾ ਮੈਡੀਕਲ ਨਿਰੀਖਣ ਵੀ ਕੀਤਾ ਜਾਵੇਗਾ ਅਤੇ ਐਨਕਾਂ ਵੀ ਦਿੱਤੀਆਂ ਜਾਣਗੀਆਂ
        ਸ. ਵਰਿੰਦਰ ਸਿੰਘ ਟਿਵਾਣਾ ਵੱਲੋਂ ਅੱਗੇ ਦੱਸਿਆ ਗਿਆ ਕਿ ਸਾਰੇ ਚਾਹਵਾਨ ਦਿਵਿਆਂਗਜਨ ਆਪਣਾ ਦਿਵਿਆਂਗਤਾ ਦਾ ਸਰਟੀਫਿਕੇਟ, ਅਸਲ ਯੂ.ਡੀ.ਆਈ. ਕਾਰਡ ਅਤੇ ਫੋਟੋਕਾਪੀ, ਇੱਕ ਪਾਸਪੋਰਟ ਸਾਇਜ਼ ਤਾਜ਼ਾ ਫੋਟੋ, ਆਪਣਾ ਅਧਾਰ ਕਾਰਡ ਅਤੇ ਉਸਦੀ ਫੋਟੋ ਕਾਪੀ, ਆਪਣਾ ਵੋਟਰ ਕਾਰਡ ਅਤੇ ਉਸਦੀ ਫੋਟੋ ਕਾਪੀ, ਆਮਦਨ ਦਾ ਸਰਟੀਫਿਕੇਟ ਸਮਰੱਥ ਅਥਾਰਟੀ ਵੱਲੋਂ ਜਾਰੀ ਜਿਸ ਵਿੱਚ ਉਹਨਾਂ ਦੀ ਆਮਦਨ 22500ਰੁਪਏ ਤੋਂ ਜ਼ਿਆਦਾ ਨਾ ਹੋਵੇ ਨਾਲ ਲੈ ਕੇ ਆਉਣਾ ਹੈ। ਸਰਾਭਾ ਆਸ਼ਰਮ ਵਿੱਚ ਪਹੁੰਚ ਕੇ ਅਲਿਮਕੋ ਵੱਲੋਂ ਆਈ ਟੀਮ ਤੋਂ ਆਪਣੀ ਅਸੈਸਮੈਂਟ ਕਰਵਾਉਣ ਤਾਂ ਜੋ ਉਹਨਾਂ ਵੱਲੋਂ ਬਹੁਤ ਜਲਦੀ ਨੇੜਲੇ ਭਵਿੱਖ ਵਿੱਚ ਉਹਨਾਂ ਦੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾ ਸਕੇ। ਮੈਡੀਕਲ ਚੈੱਕਅਪ ਕਰਵਾਉਣ ਦੇ ਚਾਹਵਾਨ ਬਜ਼ੁਰਗ ਆਪਣਾ ਅਧਾਰ ਕਾਰਡ ਨਾਲ ਲੈ ਕੇ ਆਉਣ ।
ਗੁਰੂ ਅਮਰ ਦਾਸ ਅਪਾਹਜ ਆਸ਼ਰਮ ਦੇ ਫਾਊਂਡਰ ਡਾ.ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਜੋਧਾਂ ਵੱਲੋਂ ਸਾਰੇ ਲਾਭਪਾਤਰੀਆਂ ਨੂੰ ਅਪੀਲ ਹੈ ਕਿ ਇਸ ਅਸੈਸਮੈਂਟ ਕੈਂਪ ਦਾ ਭਰਪੂਰ ਲਾਹਾ ਲੈਣ। ਕੈਂਪ ਬਾਰੇ ਹੋਰ ਜਾਣਕਾਰੀ ਲਈ ਆਸ਼ਰਮ ਦਾ ਸੰਪਰਕ ਕੀਤਾ ਜਾ ਸਕਦਾ ਹੈ।

ਲੋਕ ਨਿਰਮਾਣ ਮੰਤਰੀ ਨੇ 105.11 ਕਰੋੜ ਰੁਪਏ ਦੀ ਲਾਗਤ ਵਾਲੇ ਲੁਧਿਆਣਾ-ਮਾਲੇਰਕੋਟਲਾ-ਸੰਗਰੂਰ ਸੜਕ ਦੇ ਪੁਨਰ ਨਿਰਮਾਣ ਕਾਰਜ਼ਾਂ ਦਾ ਰੱਖਿਆ ਨੀਂਹ ਪੱਥਰ

ਲੁਧਿਆਣਾ, 17 ਫਰਵਰੀ (ਟੀ. ਕੇ. ) -  ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਡੇਹਲੋਂ ਵਿਖੇ 43.85 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ-ਮਲੇਰਕੋਟਲਾ-ਸੰਗਰੂਰ ਸੜਕ ਸਮੇਤ ਡੇਹਲੋਂ ਬਾਈਪਾਸ (ਲੁਧਿਆਣਾ ਅਧਿਕਾਰ ਖੇਤਰ ਅਧੀਨ) ਦਾ ਨੀਂਹ ਪੱਥਰ ਰੱਖਿਆ।

ਇਸ ਪ੍ਰਾਜੈਕਟ ਦੀ ਕੁੱਲ ਲਾਗਤ 105.11 ਕਰੋੜ ਰੁਪਏ ਹੈ, ਜਿਸ ਵਿੱਚੋਂ 43.85 ਕਰੋੜ ਰੁਪਏ ਲੁਧਿਆਣਾ ਅਤੇ 61.26 ਕਰੋੜ ਰੁਪਏ ਮਲੇਰਕੋਟਲਾ ਵਿੱਚ ਖਰਚੇ ਜਾਣਗੇ ਜਿੱਥੇ ਸੜਕ ਦੀ ਲੰਬਾਈ 48.79 ਕਿਲੋਮੀਟਰ ਹੈ।

ਕੁੱਲ 73 ਕਿਲੋਮੀਟਰ ਦੀ ਲੰਬਾਈ ਵਿੱਚੋਂ, ਇਸ 25 ਕਿਲੋਮੀਟਰ ਲੰਬਾਈ ਦਾ ਕੰਮ ਲੁਧਿਆਣਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਅਗਲੇ 9 ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ। ਸੜਕ ਦੇ ਪੁਨਰ ਨਿਰਮਾਣ ਲਈ ਜਿੰਮੇਵਾਰ ਕੰਪਨੀ ਅਗਲੇ ਪੰਜ ਸਾਲਾਂ ਤੱਕ ਸੜਕ ਦੀ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਏਗੀ।

ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮਾਰਗ ਮਹੱਤਵਪੂਰਨ ਮਾਰਗਾਂ ਵਿੱਚੋਂ ਇੱਕ ਹੈ ਅਤੇ ਮਲੇਰਕੋਟਲਾ, ਸੰਗਰੂਰ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਜਾਣ ਲਈ ਯਾਤਰੀਆਂ ਵੱਲੋਂ ਬਾਈਪਾਸ ਵਜੋਂ ਵਰਤਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਇੱਕ ਅਗਾਂਹਵਧੂ ਸੂਬਾ ਬਣਾਉਣ ਲਈ ਵਚਨਬੱਧ ਹੈ ਕਿਉਂਕਿ ਹਰ ਖੇਤਰ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਸਪੱਸ਼ਟ ਹੁੰਦਾ ਹੈ। ਪੰਜਾਬ ਵਿੱਚ ਮਿਆਰੀ ਸੜਕੀ ਬੁਨਿਆਦੀ ਢਾਂਚੇ ਨੂੰ ਪ੍ਰਮੁੱਖ ਤਰਜੀਹ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ 'ਆਪ' ਸਰਕਾਰ ਵੱਲੋਂ ਸੂਬੇ ਨੂੰ ਵਧੀਆ ਸੜਕੀ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਮੋਹਰੀ ਸੂਬਾ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਬਣਿਆ ਟੋਲ ਪਲਾਜ਼ਾ ਸਰਕਾਰ ਵੱਲੋਂ 4 ਸਤੰਬਰ 2022 ਨੂੰ ਬੰਦ ਕਰ ਦਿੱਤਾ ਗਿਆ ਸੀ।

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪਿਛਲੀਆਂ ਸਰਕਾਰਾਂ ਵੱਲੋਂ ਸੜਕ ਦਾ ਪੁਨਰ ਨਿਰਮਾਣ ਨਾ ਕਰਨ 'ਤੇ ਵਰ੍ਹਦਿਆਂ ਕਿਹਾ ਕਿ ਇਸ ਸੜਕ ਦੀ ਸਾਲ 2016 ਵਿੱਚ ਮੁਰੰਮਤ ਕਰਨੀ ਬਣਦੀ ਸੀ ਪਰ ਲੋਕਾਂ ਦੀ ਚਿਰੋਕਣੀ ਮੰਗ ਨੂੰ ਅੱਖੋਂ ਪਰੋਖੇ ਕੀਤੇ ਗਿਆ ਜਿਸ ਨੂੰ ਹੁਣ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ 'ਤੇ ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆਂ ਵਿੱਚ ਕਈ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੜਕ ਦੇ ਪੁਨਰ ਨਿਰਮਾਣ ਨਾਲ ਯਾਤਰੀਆਂ ਲਈ ਆਵਾਜਾਈ ਸੁਖਾਵੀਂ ਹੋਵੇਗੀ ਅਤੇ ਮੰਦਭਾਗੀਆਂ ਘਟਨਾਵਾਂ ਨੂੰ ਵੀ ਠੱਲ੍ਹ ਪਵੇਗੀ। ਉਨ੍ਹਾਂ ਠੇਕੇਦਾਰੀ ਕੰਪਨੀ ਨੂੰ ਕੰਮ ਦੌਰਾਨ ਮਿਆਰੀ ਸਮੱਗਰੀ ਦੀ ਵਰਤੋਂ ਯਕੀਨੀ ਬਣਾਉਣ ਲਈ ਵੀ ਕਿਹਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਐਸ.ਈ. ਐਚ.ਐਸ. ਢਿੱਲੋਂ, ਕਾਰਜਕਾਰੀ ਇੰਜਨੀਅਰ ਪਰਦੀਪ ਕੁਮਾਰ ਅਤੇ ਹੋਰ ਹਾਜ਼ਰ ਸਨ।

ਸੀ. ਪੀ. ਆਈ. ਨੇ ਕਦੇ ਵੀ ਕਿਸੇ ਤੋਂ ਕੋਈ ਚੋਣ ਬਾਂਡ ਪ੍ਰਾਪਤ ਨਹੀਂ ਕੀਤਾ ਹੈ

ਲੁਧਿਆਣਾ, 17 ਫਰਵਰੀ (ਟੀ. ਕੇ. ) ਭਾਰਤੀ ਕਮਿਊਨਿਸਟ ਪਾਰਟੀ ਦੇ ਰਾਸ਼ਟਰੀ ਸਕੱਤਰੇਤ ਨੇ  ਬਿਆਨ ਜਾਰੀ ਕਰਕੇ ਕਿਹਾ ਹੈ ਕਿ  ਭਾਰਤੀ ਕਮਿਊਨਿਸਟ ਪਾਰਟੀ ਭਾਜਪਾ ਸਰਕਾਰ ਦੁਆਰਾ ਲਿਆਂਦੀ ਗਈ  ਇਲੈਕਟੋਰਲ ਬਾਂਡ ਸਕੀਮ ਦੇ ਵਿਰੋਧ ਵਿੱਚ ਹੈ! ਸੀ.ਪੀ.ਆਈ. ਆਜ਼ਾਦ ਅਤੇ ਨਿਰਪੱਖ ਚੋਣਾਂ ਅਤੇ ਚੋਣ ਫੰਡਿੰਗ ਦੀ ਪਾਰਦਰਸ਼ੀ ਪ੍ਰਕਿਰਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਨਾਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਬਰਾਬਰੀ ਦਾ ਮੌਕਾ ਮਿਲਣਾ ਚਾਹੀਦਾ ਹੈ।
ਗੈਰ-ਪਾਰਦਰਸ਼ੀ ਇਲੈਕਟੋਰਲ ਬਾਂਡ ਸਕੀਮ,ਜਿਸ ਨੂੰ ਸੁਪਰੀਮ ਕੋਰਟ ਨੇ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਦੇ ਸਿਧਾਂਤਕ ਵਿਰੋਧ ਦੇ ਕਾਰਨ, ਪਾਰਟੀ ਨੇ ਕਦੇ ਵੀ ਕਿਸੇ ਤੋਂ ਕੋਈ ਚੋਣ ਬਾਂਡ ਨਹੀਂ ਲਿਆ ।
ਸੀਪੀਆਈ ਕਾਮਰੇਡ ਇੰਦਰਜੀਤ ਗੁਪਤਾ ਕਮੇਟੀ ਦੁਆਰਾ ਸਿਫ਼ਾਰਸ਼ ਕੀਤੇ ਅਨੁਸਾਰ ਚੋਣਾਂ ਲਈ ਰਾਜ ਫੰਡਿੰਗ ਸਮੇਤ ਵਿਆਪਕ ਚੋਣ ਸੁਧਾਰਾਂ ਲਈ ਵਚਨਬੱਧ ਹੈ।
ਸੀਪੀਆਈ ਨੇ ਇਸ ਸਬੰਧ ਵਿੱਚ 4 ਨਵੰਬਰ, 2023 ਨੂੰ ਭਾਰਤ ਦੇ ਚੋਣ ਕਮਿਸ਼ਨ ਦੇ ਚੋਣ ਖਰਚ ਡਿਵੀਜ਼ਨ ਨੂੰ ਖੁਦ ਸੂਚਿਤ ਕੀਤਾ ਹੈ ਕਿ ਸੀਪੀਆਈ ਨੇ ਕਦੇ ਵੀ ਕਿਸੇ ਤੋਂ ਕੋਈ ਚੋਣ ਬਾਂਡ ਨਹੀਂ ਲਿਆ ਹੈ।

ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵਿਚ ਪਲੇਸਮੈਂਟ ਕੈਂਪ ਲਗਾਇਆ 

ਲੁਧਿਆਣਾ, 17 ਫਰਵਰੀ (ਟੀ. ਕੇ.) ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਦੇ ਪਲੇਸਮੈਂਟ ਸੈੱਲ ਨੇ ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਾਲਜ ਵਿਚ ਕੈਂਪਸ ਪਲੇਸਮੈਂਟ ਡਰਾਈਵ ਦਾ ਪ੍ਰਬੰਧ ਕੀਤਾ । ਇਸ ਮੌਕੇ ਅਲੂਮਨੀ ਐਸੋਸੀਏਸ਼ਨ ਦੇ ਇੰਚਾਰਜ ਡਾ: ਤ੍ਰਿਪਤਾ ਅਤੇ ਪਲੇਸਮੈਂਟ ਸੈੱਲ ਦੇ ਇੰਚਾਰਜ ਡਾ: ਨੀਰਜ ਕੁਮਾਰ ਨੇ ਸਕੂਲ ਦੇ ਡਾਇਰੈਕਟਰ ਡਾ: ਅਮਿਤਾ ਮਿੱਤਲ ਅਤੇ ਹੋਰ ਪੈਨਲ ਮੈਂਬਰਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ। ਇਸ ਮੌਕੇ ਸਭ ਤੋਂ ਪਹਿਲਾਂ ਡਾ: ਅਮਿਤਾ ਮਿੱਤਲ ਨੇ ਸਕੂਲ ਬਾਰੇ ਅਤੇ ਖਾਲੀ ਅਸਾਮੀਆਂ ਜਿਵੇਂ ਕਿ ਸਮਾਂ, ਨੌਕਰੀ ਦੀਆਂ ਭੂਮਿਕਾਵਾਂ ਆਦਿ ਬਾਰੇ ਵਿਸਥਾਰ ਨਾਲ ਦੱਸਿਆ।ਇਸ ਮੌਕੇ ਬੀ.ਐੱਡ., ਐਮ.ਐੱਡ. ਦੇ ਕੁੱਲ 35 ਵਿਦਿਆਰਥੀਆਂ ਵਿੱਚੋਂ ਕੁੱਲ 7 ਉਮੀਦਵਾਰਾਂ ਦੀ ਚੋਣ ਕੀਤੀ ਗਈ ਜਦ ਕਿ ਇਸ ਮੌਕੇ ਪਿਛਲੇ ਪੰਜ ਸੈਸ਼ਨਾਂ ਦੇ ਸਾਬਕਾ ਵਿਦਿਆਰਥੀਆਂ ਨੇ ਇਸ ਪਲੇਸਮੈਂਟ ਡਰਾਈਵ ਵਿੱਚ ਭਾਗ ਲਿਆ। ਸਕੂਲ ਨੇ ਲਗਭਗ 3,00,000 ਰੁਪਏ ਦੇ ਸਾਲਾਨਾ ਤਨਖਾਹ ਪੈਕੇਜ ਦੀ ਪੇਸ਼ਕਸ਼ ਕੀਤੀ।   ਕੁੱਲ ਮਿਲਾ ਕੇ, ਸਕੂਲ ਭਰਤੀ ਟੀਮ ਦਾ ਤਜਰਬਾ ਅਤੇ ਫੀਡਬੈਕ ਬਹੁਤ ਸਕਾਰਾਤਮਿਕ ਸੀ। ਇਸ ਮੌਕੇ ਬ੍ਰਾਈਟ ਅਕੈਡਮੀ ਤੋਂ ਰਿਸੋਰਸ ਪਰਸਨ ਸ੍ਰੀ ਦੇਵ ਰਾਜ ਨੇ ਕਰੀਅਰ ਕਾਊਂਸਲਿੰਗ ਸਬੰਧੀ ਮਾਰਗ-ਦਰਸ਼ਨ ਕਰਦਿਆਂ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਦੇ ਦਾਇਰੇ, ਸਰਕਾਰੀ ਨੌਕਰੀਆਂ ਦੀਆਂ ਕਿਸਮਾਂ, ਪ੍ਰੀਖਿਆ ਪੈਟਰਨ, ਸਮਾਂ ਪ੍ਰਬੰਧਨ ਲਈ ਰਣਨੀਤੀਆਂ ਆਦਿ ਵਿਸ਼ਿਆਂ ਬਾਰੇ ਜਾਗਰੂਕ ਕੀਤਾ। ਸਾਰੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇੰਟਰਵਿਊ ਅਤੇ ਓਰੀਐਂਟੇਸ਼ਨ ਵਿੱਚ ਭਾਗ ਲਿਆ।  ਪ੍ਰਿੰਸੀਪਲ ਡਾ.ਸਤਵੰਤ ਕੌਰ ਨੇ ਐਲੂਮਨੀ ਐਸੋਸੀਏਸ਼ਨ ਅਤੇ ਪਲੇਸਮੈਂਟ ਸੈੱਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਵਰਧਮਾਨ ਸਪੈਸ਼ਲ ਸਟੀਲਜ਼ ਵੱਲੋਂ ਹੁਨਰ ਵਿਕਾਸ ਕੇਂਦਰਾਂ ਨੂੰ ਚਲਾਉਣ ਲਈ 3.6 ਲੱਖ ਰੁਪਏ ਦਾ ਯੋਗਦਾਨ

ਲੁਧਿਆਣਾ, 15 ਫਰਵਰੀ (ਟੀ. ਕੇ. ) - ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਲੋਂ ਸੀ.ਐਸ.ਆਰ. ਪਹਿਲਕਦਮੀ ਅਤੇ ਪ੍ਰੋਜੈਕਟ ਨਾਰੀ ਸ਼ਕਤੀ ਤਹਿਤ ਹੁਨਰ ਵਿਕਾਸ ਕੇਂਦਰ (ਮਿੰਨੀ ਸਕੱਤਰੇਤ ਲੁਧਿਆਣਾ ਅਤੇ ਹੰਬੜਾਂ ਰੋਡ ਵਿਖੇ) ਚਲਾਉਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ 3.6 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ।

ਕੰਪਨੀ ਦੇ ਸੀਨੀਅਰ ਮੈਨੇਜਰ ਸੀ.ਐਸ.ਆਰ. ਅਮਿਤ ਧਵਨ ਨੇ ਚੈੱਕ ਸੌਂਪਿਆ। ਉਨ੍ਹਾਂ ਕਿਹਾ ਕਿ ਵਰਧਮਾਨ ਸਪੈਸ਼ਲ ਸਟੀਲਜ਼ ਲੋੜਵੰਦ ਔਰਤਾਂ ਨੂੰ ਸਿਲਾਈ ਦੇ ਹੁਨਰਮੰਦ ਬਣਾਉਣ ਵਿੱਚ ਸਹਿਯੋਗ ਵਜੋਂ ਸਾਲਾਨਾ 7.2 ਲੱਖ ਰੁਪਏ ਦੀ ਸਹਾਇਤਾ ਨਾਲ ਜ਼ਿਲ੍ਹਾ ਹੁਨਰ ਵਿਕਾਸ ਕੇਂਦਰਾਂ ਦੀ ਸਹਾਇਤਾ ਕਰੇਗੀ, ਜਿਸ ਨਾਲ ਉਹ ਇੱਕ ਸੁੰਦਰ ਜੀਵਨ ਕਮਾਉਣ ਦੇ ਯੋਗ ਬਣ ਸਕਣ। ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਵਰਧਮਾਨ ਸਪੈਸ਼ਲ ਸਟੀਲਜ਼ ਬੁੱਢਾ ਦਰਿਆ ਦੇ ਨਾਲ-ਨਾਲ ਮਿਆਵਾਕੀ ਜੰਗਲ ਦੇ 2.5 ਏਕੜ ਦੇ ਵਿਕਾਸ ਲਈ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆਵਲ ਭਰਪੂਰ ਸ਼ਹਿਰੀ ਜੰਗਲੀ ਖੇਤਰਾਂ ਦੇ ਵਿਕਾਸ ਲਈ ਪ੍ਰਸ਼ਾਸਨ ਨਾਲ ਸਮਝੌਤਾ ਕਰਨ ਦੇ ਅੰਤਮ ਪੜਾਅ ਵਿੱਚ ਹੈ।
 
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਨੇਕ ਕਾਰਜ ਲਈ ਵਰਧਮਾਨ ਸਪੈਸ਼ਲ ਸਟੀਲਜ਼ ਦੀ ਮੈਨੇਜਮੈਂਟ ਅਤੇ ਇਸ ਦੇ ਵਾਈਸ ਚੇਅਰਮੈਨ ਸਚਿਤ ਜੈਨ, ਸੌਮਿਆ ਜੈਨ ਅਤੇ ਆਰ.ਕੇ. ਰੇਵਾੜੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।

ਨਹਿਰੂ ਯੁਵਾ ਕੇਂਦਰ ਵਲੋਂ ਸਰਕਾਰੀ ਕਾਲਜ (ਲੜਕੀਆਂ) 'ਚ ਰਾਜ ਪੱਧਰੀ ਘੋਸ਼ਣਾ ਮੁਕਾਬਲੇ ਕਰਵਾਏ ਗਏ

ਲੁਧਿਆਣਾ, 15 ਫਰਵਰੀ (ਟੀ. ਕੇ. ) - ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਅੱਜ ਸਰਕਾਰੀ ਕਾਲਜ (ਲੜਕੀਆਂ)  ਵਿਖੇ ਰਾਜ ਪੱਧਰੀ ਘੋਸ਼ਣਾ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਪੱਧਰ 'ਤੇ ਘੋਸ਼ਣਾ ਮੁਕਾਬਲੇ ਦੇ ਪਹਿਲੇ ਇਨਾਮ ਜੇਤੂਆਂ ਨੇ MYBharat- Viksit Bharat@2047 ਥੀਮ 'ਤੇ ਭਾਗ ਲਿਆ।ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਬੱਗਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਸਾਰੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਨੌਜਵਾਨਾਂ ਨੂੰ ਸਾਰੇ ਚੰਗੇ ਕੰਮਾਂ ਲਈ ਅੱਗੇ ਆਉਣ ਲਈ ਵੀ ਪ੍ਰੇਰਿਆ।ਵੱਖ-ਵੱਖ ਤਿੰਨ ਜੱਜਾਂ, ਸ਼੍ਰੀ ਨਵਦੀਪ ਸਿੰਘ, ਸ਼੍ਰੀਮਤੀ ਜਸਪ੍ਰੀਤ ਕੌਰ ਅਤੇ ਸ਼੍ਰੀ ਅਟਲ ਬਾਜਪਾਈ ਦੇ ਇੱਕ ਪੈਨਲ ਨੇ ਖੇਤਰੀ ਮੁਹਾਰਤ ਵਾਲੇ ਭਾਗੀਦਾਰਾਂ ਨੂੰ ਵਿਸ਼ਾ-ਵਸਤੂ, ਸੰਚਾਰ ਹੁਨਰ, ਪੇਸ਼ਕਾਰੀ ਦੇ ਹੁਨਰ, ਵਿਚਾਰਾਂ ਅਤੇ ਵਿਚਾਰਾਂ ਦੀ ਸਪੱਸ਼ਟਤਾ ਅਤੇ ਵਿਸ਼ਵਾਸ ਦੇ ਪੱਧਰ ਦੇ ਮਾਪਦੰਡਾਂ 'ਤੇ ਨਿਰਣਾ ਕੀਤਾ। ਮੁਕਾਬਲੇ ਲਈ ਭਾਸ਼ਣ ਹਿੰਦੀ, ਅੰਗਰੇਜ਼ੀ ਜਾਂ ਰਾਜ ਦੀ ਸਰਕਾਰੀ ਭਾਸ਼ਾ ਵਿੱਚ 7 ਮਿੰਟ (ਵੱਧ ਤੋਂ ਵੱਧ) ਦੀ ਮਿਆਦ ਤੱਕ ਸੀ। ਰਾਜ ਪੱਧਰੀ ਮੁਕਾਬਲੇ ਵਿੱਚ ਇਨਾਮ ਪਹਿਲਾ ਇਨਾਮ ਇੱਕ ਲੱਖ ਰੁਪਏ, ਦੂਜਾ ਇਨਾਮ 50 ਹਜ਼ਾਰ ਰੁਪਏ ਜਦਕਿ ਤੀਸਰਾ ਇਨਾਮ ਵੱਖ-ਵੱਖ 2 ਵਿਜੇਤਾਵਾਂ ਲਈ 25 ਹਜ਼ਾਰ ਰੁਪਏ ਰੱਖਿਆ ਗਿਆ ਸੀ।ਨਹਿਰੂ ਯੁਵਾ ਕੇਂਦਰ ਲੁਧਿਆਣਾ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਵੱਲੋਂ ਜੇਤੂਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਜਲੰਧਰ ਦੀ ਸਾਕਸ਼ੀ ਸ਼ਰਮਾ ਨੇ ਪਹਿਲਾ, ਫਿਰੋਜ਼ਪੁਰ ਦੀ ਨਮਿਤ ਪ੍ਰੀਤ ਕੌਰ ਨੇ ਦੂਜਾ ਅਤੇ ਫਾਜ਼ਿਲਕਾ ਦੀ ਅਰਸ਼ਦੀਪ ਕੌਰ ਅਤੇ ਕਪੂਰਥਲਾ ਦੀ ਆਂਚਲਪ੍ਰੀਤ ਕੌਰ ਨੇ ਤੀਜਾ ਇਨਾਮ ਜਿੱਤਿਆ ਹੈ।
  ਇਸ ਮੌਕੇ ਵਿਸ਼ੇਸ਼ ਮਹਿਮਾਨ ਪਰਮਜੀਤ ਸਿੰਘ, ਸਟੇਟ ਡਾਇਰੈਕਟਰ, ਨਹਿਰੂ ਯੁਵਾ ਕੇਂਦਰ ਸੰਸਥਾਨ, ਪੰਜਾਬ, ਚੰਡੀਗੜ੍ਹ ਨੇ ਸਮੁੱਚੇ ਵਿਕਾਸ ਵਿੱਚ ਅਜਿਹੇ ਪਲੇਟਫਾਰਮਾਂ ਦੀ ਮਹੱਤਤਾ ਬਾਰੇ ਗੱਲ ਕੀਤੀ ਅਤੇ ਮਾਈ ਭਾਰਤ ਪੋਰਟਲ ਅਤੇ ਨੈਸ਼ਨਲ ਯੂਥ ਪਾਰਲੀਮੈਂਟ ਬਾਰੇ ਚਾਨਣਾ ਪਾਇਆ। ਸਰਕਾਰੀ ਕਾਲਜ (ਲੜਕੀਆਂ) ਦੇ ਪ੍ਰਿੰਸੀਪਲ ਸੁਮਨ ਲਤਾ ਨੇ ਵੀ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।