You are here

ਲੁਧਿਆਣਾ

24ਵੀਆਂ ਪੰਜਾਬ ਸਟੇਟ ਸਪੈਸ਼ਲ ਓਲੰਪਿਕਸ ਖੇਡਾਂ ਲੁਧਿਆਣਾ ਵਿਖੇ ਕਰਵਾਈਆਂ ਗਈਆਂ

ਲੁਧਿਆਣਾ, 11 ਦਸੰਬਰ, (ਕਰਨੈਲ ਸਿੰਘ ਐੱਮ.ਏ.)- ਅੱਜ ਪਿੰਗਲਵਾੜਾ ਸੋਸਾਇਟੀ ਬੀਤੇ ਦਿਨੀਂ ਸਟੇਟ ਪੱਧਰੀ 24ਵੀਆਂ ਪੰਜਾਬ ਸਟੇਟ ਸਪੈਸ਼ਲ ਉਲੰਪਿਕਸ ਲੁਧਿਆਣਾ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਵਿੱਚ ਪਿੰਗਲਵਾੜਾ ਸੋਸਾਇਟੀ ਆਫ ਓਨਟਾਰੀਉ (ਕੈਨੇਡਾ) ਅਤੇ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ (ਰਜਿ.) ਅੰਮ੍ਰਿਤਸਰ ਦੇ ਸਾਂਝੇ ਸਹਿਯੋਗ ਨਾਲ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਸਕੂਲ ਫਾਰ ਸਪੈਸ਼ਲ ਐਜੂੂਕੇਸ਼ਨ, ਮਾਨਾਂਵਾਲਾ ਦੇ ਖਿਡਾਰੀਆਂ ਵੱਲੋਂ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਕੇ ਹੂੰਝਾ ਫੇਰ ਜਿੱਤ ਨਾਲ ਖਿਡਾਰੀਆਂ ਨੇ ਪਿੰਗਲਵਾੜਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਬੱਚਿਆਂ ਦੀ ਹੌਂਸਲਾ ਅਫ਼ਜਾਈ ਅਤੇ ਵਧਾਈ ਦੇਣ ਸਕੂਲ ਸੰਸਥਾ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਉਚੇੇਚੇ  ਤੌਰ ਤੇ ਪੁੱਜੇ। ਉਨ੍ਹਾਂ ਬੱਚਿਆਂ ਦੀ ਜਿੱਤ ਦੀ ਖੁਸ਼ੀ ਵਿੱਚ ਸ਼ਰੀਕ ਹੁੰਦੇ ਹੋਏ ਕਿਹਾ ਕਿ ਲੁਧਿਆਣਾ ਵਿਖੇ ਹੋਈਆਂ ਇਨ੍ਹਾਂ ਖੇਡਾਂ ਵਿੱਚ ਬੱਚਿਆਂ ਨੇ ਅਥਲੈਟਿਕਸ, ਬੋਚੀ, ਰੋਲਰ ਸਕੈਟਿੰਗ ਆਦਿ ਖੇਡਾਂ ਵਿੱਚ ਭਾਗ ਲੈ ਕੇ 15 ਗੋਲਡ ਮੈਡਲ, 8 ਸਿਲਵਰ ਮੈਡਲ ਅਤੇ 7 ਬਰੋਜ਼ ਮੈਡਲ ਜਿੱਤੇ ਹਨ ਅਤੇ ਰਨਰਅੱਪ ਦੀ ਟਰਾਫ਼ੀ ਵੀ ਇਸ ਸਕੂਲ ਦੀ ਝੋਲੀ ਪਾਈ ਹੈ। ਜਿਸ ਨਾਲ ਇੰਨ੍ਹਾਂ ਬੱਚਿਆਂ ਨੇ ਸ਼ਾਨਦਾਰ ਇਤਿਹਾਸ ਰਚਿਆ ਹੈ, ਜਿਸ ਲਈ ਸਕੂਲ ਸਟਾਫ ਅਤੇ ਬੱਚੇ ਵਧਾਈ ਦੇ ਪਾਤਰ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਅਨੀਤਾ ਬੱਤਰਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਨਤੀਜੇ ਬੱਚਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿਖੇ ਇੰਨ੍ਹਾਂ ਖਿਡਾਰੀਆਂ ਨੂੰ ਮੈਡਲ, ਰਨਰਅੱਪ ਟਰਾਫ਼ੀ, ਟੀ-ਸ਼ਰਟ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਲ 39 ਸਕੂਲਾਂ ਨੇ ਇਨ੍ਹਾਂ ਖੇਡਾਂ ਵਿੱਚ ਭਾਗ ਲਿਆ ਸੀ ਅਤੇ ਸਾਡੇ ਬੱਚਿਆਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਮੌਕੇ ਮੈਡਮ ਸਿਮਰਨਜੀਤ ਕੌਰ ਅਤੇ ਉਨ੍ਹਾਂ ਦੇ ਨਾਲ ਜਾਣ ਵਾਲੇ ਕੋਚ ਨਵਦੀਪ ਸਿੰਘ, ਰੂਸ਼ੀ, ਪੁਸ਼ਪਾ ਵੀ ਹਾਜ਼ਰ ਸਨ। 

ਹੜਤਾਲ 'ਤੇ ਚੱਲਦਿਆਂ ਦਫਤਰੀ ਕਾਮਿਆਂ ਦੀ ਜਥੇਬੰਦੀ ਵਲੋਂ ਤਨਖਾਹਾਂ ਕਢਵਾਉਣ ਲਈ ਸਹਿਮਤੀ

ਲੁਧਿਆਣਾ, 11 ਦਸੰਬਰ (ਟੀ. ਕੇ.) ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਵਿਚ ਤਾਇਨਾਤ ਦਫਤਰੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ.ਐਸ.ਐਮ.ਐਸ.ਯੂ ਵੱਲੋਂ ਅੱਜ ਪੂਰੇ ਪੰਜਾਬ ਅਤੇ ਕੋਰ ਕਮੇਟੀ ਦੀ ਕੀਤੀ ਗਈ। ਇਸ ਮੌਕੇ 
ਅਮਰੀਕ ਸਿੰਘ ਸੰਧੂ ਸੂਬਾ ਪ੍ਰਧਾਨ, ਪਿੱਪਲ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ, ਅਨੁਜ ਸ਼ਰਮਾ ਸੂਬਾ ਵਿੱਤ ਸਕੱਤਰ ਅਤੇ ਸਮੂਹ ਅਹੁਦੇਦਾਰਾਂ ਵਲੋਂ ਲਏ ਗਏ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ ਜਿਸ ਤਹਿਤ ਸਮੁੱਚਾ ਮਨਿਸਟੀਰੀਅਲ ਸਟਾਫ ਮਿਤੀ 12.12.2023 ਤੋਂ ਮਿਤੀ 13.12.2023 ਤੱਕ ਕਲਮ ਛੋੜ/ਕੰਪਿਊਟਰ ਬੰਦ/ਆਨਲਾਈਨ ਕੰਮ ਬੰਦ ਹੜਤਾਲ 'ਤੇ ਰਹੇਗਾ ਅਤੇ 13.12.2023 ਨੂੰ ਜ਼ਿਲਾ ਪੱਧਰ 'ਤੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਹਨ ਅਤੇ  14.12.2023 ਤੋਂ ਮਿਤੀ 15.12.2023 ਤੱਕ ਸਮੁੱਚਾ ਮਨਿਸਟਰੀਅਲ ਸਟਾਫ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਰ ਕਰਦੇ ਹੋਏ ਸਮੂਹਿਕ ਛੁੱਟੀ ਲਵੇਗਾ ਜਦਕਿ  16.12.2023 ਨੂੰ ਸਮੁੱਚੇ ਪੰਜਾਬ ਦੀ ਮੀਟਿੰਗ ਕਰਕੇ ਐਕਸ਼ਨ ਸਬੰਧੀ ਅਗਲਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਜਿਹੜੇ ਵੀ ਵਿਭਾਗਾਂ ਦੇ ਤਨਖਾਹ ਦੇ ਬਿੱਲ ਨਹੀਂ ਬਣਾਏ ਗਏ ਉਹ ਬਿੱਲ  ਬਣਾ ਕੇ ਖਜ਼ਾਨੇ ਨੂੰ ਆਨਲਾਈਨ ਕੀਤੇ ਜਾਣ ਅਤੇ ਜਿਹੜੇ ਕਰਮਚਾਰੀਆਂ ਵੱਲੋਂ ਬੱਚਿਆਂ ਦੀ ਪੜ੍ਹਾਈ ਜਾਂ ਬੱਚਿਆਂ ਦੀ ਸ਼ਾਦੀ ਲਈ ਜੀ.ਪੀ.ਐਫ ਵਿੱਚੋਂ ਐਡਵਾਂਸ ਲਿਆ ਜਾਣਾ ਹੈ ਉਸ ਦੇ ਬਿੱਲ ਵੀ ਆਨਲਾਈਨ ਕਰ ਦਿੱਤੇ ਜਾਣ, ਕੋਈ ਵੀ ਮੁਲਾਜ਼ਮ ਕਿਸੇ ਬਿੱਲ ਦੀ ਹਾਰਡ ਕਾਪੀ ਖਜ਼ਾਨਾ ਦਫਤਰ ਨੂੰ ਨਹੀਂ ਭੇਜੇਗਾ।

ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਭਗਵੰਤ ਮਾਨ ਦੇ ਦਸਤਾਰ ਸਬੰਧੀ ਦਿੱਤੇ ਬਿਆਨ ਦੀ ਨਿੰਦਾ 

ਕਿਹਾ, “ ਹਰ ਸਰਦਾਰ ਗ਼ੱਦਾਰ ਨਹੀਂ ਹੁੰਦਾ , ਸਰਾਭਾ ਕਰਤਾਰ ਵੀ ਹੁੰਦਾ ਹੈ “

ਜੋਧਾਂ/ ਸਰਾਭਾ 10 ਦਸੰਬਰ (ਦਲਜੀਤ ਸਿੰਘ ਰੰਧਾਵਾ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਘੋੜਿਆਂ ਵਾਲੇ ਮਾਮਲੇ ਵਿੱਚ ਜਿਹੜੇ ਦਸਤਾਰ ਬਾਰੇ ਗੱਲ ਕਹੀ ਹੈ ਉਸ ਬਿਆਨ ਦੀ ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਨਿੰਦਾ ਕੀਤੀ ਗਈ ਹੈ । ਇਸ ਸਬੰਧੀ ਜਾਰੀ ਬਿਆਨ ਰਾਹੀਂ ਮੰਚ ਦੇ ਸਰਪ੍ਰਸਤ ਦਵਿੰਦਰ ਸਿੰਘ ਪੱਪੂ ਬੈਲਜੀਅਮ , ਪ੍ਰਧਾਨ ਰੁਪਿੰਦਰ ਜੋਧਾਂ ਜਪਾਨ , ਮੀਤ ਪ੍ਰਧਾਨ ਬਿੰਦਰ ਜਾਨੇ ਸਾਹਿਤ ਕੈਨੇਡਾ ,ਜ. ਸਕੱਤਰ ਸੁਖਦੇਵ ਸਿੰਘ , ਐਡਵੋਕੇਟ ਪ੍ਰਭਜੋਤ ਸਿੰਘ ਦੋਰਾਹਾ , (ਕਾਨੂੰਨੀ ਸਲਾਹਕਾਰ ) ਉਜਾਗਰ ਸਿੰਘ ਬੱਦੋਵਾਲ ਪ੍ਰਧਾਨ ਪੰਜਾਬ ਕਮੇਟੀ ,ਬਲਦੇਵ ਸਿੰਘ ਮਣਕੂ ਸਮੇਤ ਹੋਰ ਆਗੂਆਂ ਨੇ ਕਿਹਾ ਘੋੜਿਆਂ ਦੇ ਵਾਦ ਵਿਵਾਦ ਵਿੱਚ ਦਸਤਾਰ ਦਾ ਕਥਿਤ ਤੌਰ ਤੇ ਮਾੜੇ ਰੂਪ ਵਿੱਚ ਜ਼ਿਕਰ ਕਰਨਾ ਜਿੱਥੇ ਦਸਤਾਰ ਬੰਨ੍ਹਣ ਵਾਲੇ ਸਰਦਾਰਾਂ ਨੂੰ ਨੀਵਾਂ ਦਿਖਾਉਣ ਵਾਲੀ ਗੱਲ ਹੈ ਉੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਪੱਗ ਨਾਲ ਆਪਣੀ ਵੱਖਰੀ ਪਹਿਚਾਣ ਤੇ ਸ਼ੋਭਾ ਕਮਾਉਣ ਵਾਲੇ ਸਿੱਖਾਂ ਦੇ ਮਨਾਂ ਨੂੰ ਵੀ ਠੇਸ ਲਗਾਉਣ ਵਾਲੀ ਗੱਲ ਹੈ ।ਮੰਚ ਦੇ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਕਥਿਤ ਤੌਰ ਤੇ ਦਿੱਤੇ ਗਏ ਬਿਆਨ ਨੂੰ ਵਾਪਸ ਲੈਣ ਤੇ ਮਾਫ਼ੀ ਮੰਗਣ ।ਮੰਚ ਦੇ ਆਗੂਆਂ ਨੇ ਕਿ ਆਜ਼ਾਦੀ ਦੀ ਲੜਾਈ ਜਿਨ੍ਹਾਂ ਯੋਗਦਾਨ ਪੰਜਾਬ ਦੇ ਮਹਾਨ ਇਨਕਲਾਬੀਆਂ ਭਗਤ ਸਰਾਭਿਆਂ ਤੇ ਗਦਰੀ ਬਾਬਿਆਂ ਪਾਇਆ ਸ਼ਾਇਦ ਹੀ ਕਿਸੇ ਹੋਰ ਨੇ ਪਾਇਆ ਹੋਵੇ । ਸ਼ਹੀਦ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਤੇ ਉਸਦੇ ਇਨਕਲਾਬ ਦਾ ਨਾਂ ਵਰਤੇ ਪੰਜਾਬ ਦੀ ਰਾਜ ਸੱਤਾ ਤੇ ਕਾਬਜ਼ ਹੋਇਆ ਭਗਵੰਤ ਮਾਨ ਜਿੱਥੇ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਖਰਾ ਨਹੀਂ ਉਤਰ ਰਿਹਾ ਉੱਥੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਲਈ ਗ਼ੈਰ ਸੰਜੀਦਾ ਬਿਆਨਬਾਜ਼ੀ ਕਰਕੇ ਆਪਣੀਆਂ ਖ਼ਾਮੀਆਂ ਨੂੰ ਛਿਪਾਉਣ ਲਈ ਆਏ ਦਿਨ ਵਿਰੋਧੀਆਂ ਵੱਲ ਸ਼ੁਰਲੀਆਂ ਛੱਡ ਕੇ ਸਮਾਂ ਬਰਬਾਦ ਕਰ ਰਿਹਾ ਹੈ ।

ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਅੰਤਲੇ ਦਿਨ ਪ੍ਰਭੂ-ਸਰੂਪ ਦੀ ਅਗੰਮੀ ਛੂਹ ਪ੍ਰਾਪਤ ਕੀਰਤਨੀਆਂ ਸਮੇਤ ਕੌਮ ਦੀਆਂ ਅਜ਼ੀਮ ਸ਼ਖਸ਼ੀਅਤਾਂ ਨੇ ਕੀਤੀ ਸ਼ਮੂਲੀਅਤ

ਉਸਤਾਦ ਇੰਦਰਜੀਤ ਸਿੰਘ “ਬਿੰਦੂ ਜੀ” ਇਸ ਵਰ੍ਹੇ ਦਾ “ਗੁਰਮਤਿ ਸੰਗੀਤ ਐਵਾਰਡ” ਨਾਲ ਸਨਮਾਨਿਤ
ਲੁਧਿਆਣਾ 10 ਦਸੰਬਰ (ਕਰਨੈਲ ਸਿੰਘ ਐੱਮ.ਏ.)
ਰਾਗ ਅਤੇ ਰੱਬੀ ਸਿਫਤ-ਸਾਲਾਹ ਦੇ ਸੁਮੇਲ ਚ ਅੰਤਰ ਧਿਆਨ ਕੀਰਤਨੀਆਂ ਵੱਲੋਂ ਸ਼ਬਦ ਗਾਇਨ, ਵਿਸਮਾਦ ਦੇ ਰੰਗ ਵਿੱਚ ਆ ਕੇ ਪ੍ਰਭੂ-ਸਰੂਪ ਦੀ ਅਗੰਮੀ ਛੂਹ ਪ੍ਰਾਪਤ ਕੀਰਤਨੀਆਂ ਨੇ ਵਾਹਿਗੁਰੂ ਜੀ ਦੀ ਉਸਤਤਿ ਦੇ ਸ਼ਬਦ ਗਾਉਦਿਆਂ ਸਰੋਤਿਆਂ ਦੇ ਮਨ ਵੈਰਾਗ ਚ ਲਿਆਂਦੇ। ਪ੍ਰਭੂ ਪ੍ਰੇਮ, ਚਿਤ ਬਿਰਤੀ ਦੀ ਇਕਾਗਰਤਾ ਅਤੇ ਰਸ ਮਗਨਤਾ ਕੀਰਤਨੀਆਂ ਨੂੰ ਸਮਾਧੀ ਸਥਿਤ ਕਰਨ ਵਾਲੀ ਅਤੇ ਸਰੋਤਿਆਂ ਦੇ ਹਿਰਦਿਆਂ ਨੂੰ ਵਿੰਨਦੀ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਅੰਤਲੇ ਦਿਨ ਵੀ ਆਤਮ-ਰਸ ਤੇ ਰਸ ਮਗਨ ਸਰੋਤਿਆਂ ਨੂੰ ਪ੍ਰਭੂ ਸਿਫਤ ਸਾਲਾਹ ਦੇ ਆਨੰਦ ਚ ਲੀਨ ਕਰਦਾ ਜਾਪਿਆ।
ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਸਿਰਜਿਤ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਵਿੱਚ ਦੋ ਦਹਾਕਿਆਂ ਤੋਂ ਤੰਤੀ ਸਾਜ਼ਾਂ ਨਾਲ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦੇਣ ਵਾਲੇ ਉਸਤਾਦ ਇੰਦਰਜੀਤ ਸਿੰਘ “ਬਿੰਦੂ ਜੀ” ਨੂੰ ਇਸ ਵਰ੍ਹੇ ਦਾ “ਗੁਰਮਤਿ ਸੰਗੀਤ ਐਵਾਰਡ” ਨਾਲ ਜਵੱਦੀ ਟਕਸਾਲ ਵੱਲੋਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੰਤ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾ, ਭਾਈ ਪਰਮਜੀਤ ਸਿੰਘ ਖ਼ਾਲਸਾ, ਭਾਈ ਮੇਜ਼ਰ ਸਿੰਘ ਖਾਲਸਾ ਆਦਿ ਨੇ ਜੈਕਾਰਿਆਂ ਦੀ ਗੂੰਜ਼ ‘ਚ ਸਨਮਾਨਿਤ  ਦਿੱਤਾ। ਇਸ ਮੌਕੇ ਬਾਬਾ ਅਮੀਰ ਸਿੰਘ ਜੀ ਨੇ ਉਸਤਾਦ ਬਿੰਦੂ ਜੀ ਦੀ ਸੇਵਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਪਾਸੋਂ ਪ੍ਰਾਪਤ ਗੁਰਮਤਿ ਸੰਗੀਤ ਦੀ ਸਿੱਖਿਆ ਲੈਣ ਵਾਲੇ ਵਿਦਿਆਰਥੀ ਅੱਜ ਅਮਰੀਕਾ, ਇੰਗਲੈਂਡ, ਕੈਨੇਡਾ, ਅਸਟਰੇਲੀਆ ਆਦਿ ਦੇਸ਼-ਵਿਦੇਸ਼ਾਂ ‘ਚ ਵੀ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਜਵੱਦੀ ਟਕਸਾਲ ਵੱਲੋਂ ਸ਼੍ਰੋ; ਕਮੇਟੀ ਪ੍ਰਧਾਨ ਨੇ ਸੰਤ ਮਹਾਂਪੁਰਸ਼ਾਂ ਸਮੇਤ ਭਾਈ ਗੁਰਮੀਤ ਸਿੰਘ ਨੂੰ ਤੰਤੀ ਸਾਜ਼ ‘ਤਾਊਸ’ ਦੀ ਬਖਸ਼ਿਸ਼ ਕੀਤੀ।
ਭਾਈ ਭੂਪਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੇ ਆਸਾ ਦੀ ਵਾਰ ਦੇ ਕੀਰਤਨ ਕੀਤੇ, ਗਿਆਨੀ ਗੁਰਵਿੰਦਰ ਸਿੰਘ ਜਵੱਦੀ ਟਕਸਾਲ ਨੇ ਗੁਰ ਸ਼ਬਦ ਵੀਚਾਰ ਸਾਂਝੇ ਕੀਤੇ। ਗੁਰ ਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀ ਭਾਈ ਪ੍ਰਦੀਪ ਸਿੰਘ ਨੇ ਦੇਵਗੰਧਾਰੀ, ਭਾਈ ਨਿਰਭੈ ਸਿੰਘ ਹਜ਼ੂਰੀ ਰਾਗੀ ਤਖਤ ਸ਼੍ਰੀ ਦਮਦਮਾ ਸਾਹਿਬ ਨੇ ਪ੍ਰਭਾਤੀ, ਉਸਤਾਦ ਰਾਜਬਰਿੰਦਰ ਸਿੰਘ ਨੇ ਗੂਜਰੀ, ਭਾਈ ਬਲਦੇਵ ਸਿੰਘ ਮਹਿਤਾ ਨੇ ਬਿਲਾਵਲ, ਬੀਬੀ ਕਮਲਨੈਨ ਕੌਰ ਨੇ ਸੂਹੀ, ਭਾਈ ਮਹਾਂਵੀਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੇ ਬਸੰਤ ਤੇ ਗੋਂਡ, ਭਾਈ ਅਲੰਕਾਰ ਸਿੰਘ ਨੇ ਟੋਡੀ ਤੇ ਵਡਹੰਸ, ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਨੇ ਤਿਲੰਗ ਤੇ ਸਾਰੰਗ, ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਨੇ ਬੈਰਾੜੀ ਤੇ ਧਨਾਸਰੀ, ਪ੍ਰੋ: ਇਕਬਾਲ ਸਿੰਘ ਨੇ ਮਾਲੀ ਗਾਉੜੀ ਗੁਆਰੇਰੀ, ਭਾਈ ਅਰਜਨ ਸਿੰਘ ਪਾਉਂਟਾ ਸਾਹਿਬ ਨੇ ਤੁਖਾਰੀ ਤੇ ਆਸਾ, ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਜੈਤਸਰੀ ਆਦਿ ਨਿਰਧਾਰਿਤ ਅਤੇ ਮਿਸ਼ਰਤ ਰਾਗਾਂ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ ਕੀਰਤਨ ਕੀਤੇ।
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ੍ਰ: ਹਰਜਿੰਦਰ ਸਿੰਘ ਧਾਮੀ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਸਤਿਗੁਰੂ ਜੀ ਨੇ ਰਾਗਾਂ ਪਵਿੱਤਰ ਗੁਰਬਾਣੀ ਮੂਲ ‘ਚ ਰਾਗਾਂ ਵਿੱਚ ਬਖਸ਼ਿਸ਼ ਕੀਤੀ। ਪਰ ਸਮੇਂ ਦੇ ਵੇਗ ‘ਚ ਅਸੀਂ ਇਸ ਤੋਂ ਲਾਂਭੇ ਹੁੰਦੇ ਗਏ, ਭਾਵ ਸੁਖੈਨ ਤਰੀਕਾ ਅਪਣਾਉਦੇ ਰਹੇ। ਪਰ ਸੰਤ ਬਾਬਾ ਸੁਚਾ ਸਿੰਘ ਜੀ ਨੇ ਕੌਮ ਸਨਮੁੱਖ ਮੁਸ਼ਕਲਾਂ ਤੇ ਭਵਿੱਖ ਦੀਆਂ ਚਣੌਤੀਆਂ ਨੂੰ ਸਮਝਦਿਆਂ ਗੁਰਮਤਿ ਸੰਗੀਤ ‘ਚ ਮੁਹਾਰਤ ਵਾਲੇ ਕੀਰਤਨੀਏ ਪੈਦਾ ਕਰਨ ਦਾ ਜਿੰਮਾ ਚੁੱਕਿਆ।  ਉਨ੍ਹਾਂ ਕਿਹਾ ਬੇਸ਼ੱਕ ਸ਼੍ਰੋਮਣੀ ਕਮੇਟੀ ਵੀ ਅਜਿਹੇ ਕਾਰਜ਼ ਨਿਭਾ ਰਹੀ ਹੈ ਪਰ ਸੰਤ ਬਾਬਾ ਸੁੱਚਾ ਸਿੰਘ ਜੀ ਅਤੇ ਜਵੱਦੀ ਟਕਸਾਲ ਇਸ ਪੱਖ ‘ਚ ਪਹਿਲਕਦਮੀ ਨਾਲ ਨਿਰੰਤਰ ਕਾਰਜ਼ਸ਼ੀਲ ਹੈ। ਉਨ੍ਹਾਂ ਜਵੱਦੀ ਟਕਸਾਲ ਦੇ ਮੌਜੁਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੀਆਂ ਅਣਥੱਕ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਹਾਂਪੁਰਸ਼ਾਂ ਦੇ ਅਰੰਭੇ ਕਾਰਜ਼ ਸਤਿਗੁਰੂ ਜੀ ਦੇ ਅਨਮੋਲ ਖਜਾਨੇ ਨੂੰ ਸਾਂਭਿਆ ਅਤੇ ਕੌਮ ਦੇ ਕਾਰਜ਼ ਨਿਰੰਤਰ ਨਿਭਾ ਰਹੇ ਹਨ।
ਸੰਪ੍ਰਦਾਇ ਕਾਰਸੇਵਾ ਸ਼੍ਰੀ ਹਜ਼ੂਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਨੇ ਮਨ ਦਾ ਟਿਕਾਉਣ, ਸਿਮਰਨ ਕਰਨ ਅਤੇ ਗੁਰਬਾਣੀ ਪੜ੍ਹਨ ਦੀਆਂ ਜੁਗਤਾਂ ਸਮਝਾਉਦਿਆਂ ਕਿਹਾ ਕਿ ਮਨ ‘ਚੋਂ ਉਪਜਦੇ ਫੁਰਨਿਆਂ/ਵਿਚਾਰਾਂ ਨੂੰ ਸ਼ਬਦ ਨਾਲ ਹੀ ਮਾਰਿਆ ਜਾ ਸਕਦਾ ਹੈ। ਉਨ੍ਹਾਂ ਸੰਤ ਬਾਬਾ ਸੁਚਾ ਸਿੰਘ ਜੀ ਦੂਰ-ਦ੍ਰਿਸ਼ਟੀ ਅਤੇ ਅਦੁੱਤੀ ਗੁਰਮਤਿ ਸੰਗੀਤ ਦੀ ਅਜੋਕੇ ਵਕਤ ‘ਚ ਮਹੱਤਵ ਨੂੰ ਸਮਝਣ ਲਈ ਜੋਰ ਦਿੰਦਿਆਂ ਕਿਹਾ ਮਾਪੇ ਆਪਣੇ ਬੱਚਿਆਂ ਨੂੰ ਸੰਸਾਰੀ ਗਿਆਨ ਦੇ ਨਾਲ-ਨਾਲ ਗੁਰਬਾਣੀ ਸ਼ਬਦ ਅਤੇ ਕੀਰਤਨ ਦਾ ਵੀ ਗਿਆਨ ਦਿਵਾਉਣ। ਗਿਆਨੀ ਪਿੰਦਰਪਾਲ ਸਿੰਘ ਨੇ ‘ਪਾਠ ਦੀਦਾਰ’ ਅਤੇ ‘ਦਰਸ਼ਨ ਦੀਦਾਰ’ ਵਿਚਲੇ ਅੰਤਰ, ‘ਪਾਠ ਦੀਦਾਰ’ ਦੀ ਮਹੱਤਤਾ ਨੂੰ ਲੈਂਦਿਆਂ  ਇਕਾਗਰਤਾ ਅਤੇ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਅਰੰਭਤਾ ਵੇਲੇ ਦੀਆਂ ਯਾਦਾਂ ਦੀਆਂ ਤੰਦਾਂ  ਨੂੰ ਫਰੋਲਦਿਆਂ ਕੀਰਤਨ ਚੌਂਕੀਆਂ, ਮਰਿਆਦਾ ਅਤੇ ਕੀਰਤਨ ਸੰਬੰਧੀ ਗੁਰਮਤਿ ਦੀ ਰੋਸ਼ਨੀ ‘ਚ ਸਮਝਾਇਆ। ਕੀਰਤਨ ਦਾ ਸੰਬੰਧ ਗਲ਼ੇ ਅਤੇ ਸਾਜਾਂ ਨਾਲ ਹੀ ਨਹੀਂ ਸਗੋਂ ਧੁਰ ਅੰਤਰ-ਆਤਮਾ ਨਾਲ ਹੈ। ਉਨ੍ਹਾਂ ਕੀਰਤਨ ਦੀ ਮਹਾਨਤਾ ਸਮਝਾਉਦਿਆਂ ਕਿਹਾ ਕਿ “ਜੇ ਧਰਤੀ ਡੋਲਦੀ ਹੋਵੇ ਤਾਂ ਕੀਰਤਨ ਧੰਮ ਲੈਂਦਾ ਹੈ, ਜੇ ਮਨ ਦਾ ਸਹਾਰਾ ਕੋਈ ਨਾ ਬਣੇ ਤਾਂ ਦੋ ਘੜੀਆਂ ਕੀਰਤਨ ਸੁਣੇ ਤਾਂ ਕੀਰਤਨ ਟਿਕ ਜਾਂਦਾ ਹੈ”।
 ਸੰਤ ਬਾਬਾ ਅਵਤਾਰ ਸਿੰਘ ਮੁਖੀ ਦਲ ਪੰਥ ਬਾਬਾ ਬਿਧੀ ਚੰਦ ਸੁਰਸਿੰਘ, ਸੰਤ ਗਿ: ਭੂਪਿੰਦਰ ਸਿੰਘ, ਸੰਤ ਬਾਬਾ ਗੁਰਵਿੰਦਰ ਸਿੰਘ ਮਾਂਡੀ ਵਾਲੇ, ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਗੁਰਨਾਮ ਸਿੰਘ ਡਰੋਲੀ ਭਾਈ, ਬਾਬਾ ਮੇਜ਼ਰ ਸਿੰਘ ਪੰਜ ਭੈਣੀਆਂ ਵਾਲੇ, ਮਹੰਤ ਤਰਲੋਚਨ ਸਿੰਘ, ਸੰਤ ਬਾਬਾ ਅਵਤਾਰ ਸਿੰਘ ਸਾਧਾਂ ਵਾਲਾ, ਸੰਤ ਬਾਬਾ ਮਹਿੰਦਰ ਸਿੰਘ ਜਨੇਰ, ਬਾਬਾ ਅਨਹਦਰਾਜ ਸਿੰਘ ਨਾਨਕਸਰ ਸਮਰਾਲਾ ਚੌਕ, ਬਾਬਾ ਕੁਲਦੀਪ ਸਿੰਘ ਦਬੜੀਖਾਨਾ, ਗਿ: ਬਲਬੀਰ ਸਿੰਘ ਚੰਗਿਆਣੜਾ, ਬਾਬਾ ਸੁਖਵਿੰਦਰ ਸਿੰਘ ਅਗਵਾਨ ਆਦਿ ਮਹਾਂਪੁਰਸ਼ਾਂ ਨੇ ਸ਼ਮੂਲੀਅਤ ਕੀਤੀ।

 

ਵਿਧਾਇਕ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ-95 'ਚ ਨਵੇਂ ਟਿਊਬਵੈਲ ਦਾ ਉਦਘਾਟਨ

ਲੁਧਿਆਣਾ, 07 ਦਸੰਬਰ (ਟੀ. ਕੇ. ) - ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਸਥਾਨਕ ਵਾਰਡ ਨੰਬਰ 95 ਵਿਖੇ 25 ਹਾਰਸ ਪਾਵਰ ਟਿਊਬਵੈਲ ਲਗਾਉਣ ਦੇ ਕਾਰਜ਼ਾਂ ਦੀ ਸ਼ੁਰੂਆਤ ਕੀਤੀ।

ਜ਼ਿਕਰਯੋਗ ਹੈ ਕਿ ਹਲਕਾ ਉੱਤਰੀ ਵਿੱਚ ਵਿਕਾਸ ਕਾਰਜ਼ ਲਗਾਤਾਰ ਜਾਰੀ ਹਨ ਜਿਸਦੇ ਤਹਿਤ ਸਥਾਨਕ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਬੀਤੇ 6 ਮਹੀਨਿਆਂ ਦੌਰਾਨ ਹਲਕੇ ਵਿੱਚ ਇਹ ਤੀਸਰਾ ਪੀਣ ਵਾਲੇ ਪਾਣੀ ਦਾ ਟਿਊਬਵੈਲ ਲੱਗਣ ਜਾ ਰਿਹਾ ਹੈ।

ਵਿਧਾਇਕ ਬੱਗਾ ਵੱਲੋਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਰਡ ਨੰਬਰ 95 ਦੇ ਵਸਨੀਕਾਂ ਨੂੰ ਬੀਤੇ ਸਮੇਂ ਦੌਰਾਨ ਪਾਣੀ ਦੀ ਕਾਫੀ ਕਿੱਲਤ ਸੀ ਅਤੇ ਉਨ੍ਹਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਕਰੀਬ 12.50 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਵਿੱਚ ਨਵਾਂ ਟਿਊਬਵੈਲ ਲਗਾਇਆ ਜਾ ਰਿਹਾ ਹੈ ਤਾਂ ਜੋ ਵਸਨੀਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਹੁਣ ਆਸ ਪਾਸ ਦੇ ਇਲਾਕਿਆਂ ਨੂੰ ਵੀ ਇਸਦਾ ਲਾਭ ਮਿਲੇਗਾ।

ਵਿਧਾਇਕ ਬੱਗਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੇ ਵਸਨੀਕਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ ਜਿਸ ਤਹਿਤ ਚੌਣਾਂ ਦੌਰਾਨ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।

ਕਾਲਜ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਇਆ 

ਲੁਧਿਆਣਾ, 07 ਦਸੰਬਰ (ਟੀ. ਕੇ.) ਲਾਇਨਜ਼ ਕਲੱਬ ਅਤੇ ਐਲੂਮਨੀ ਐਸੋਸੀਏਸ਼ਨ ਪ੍ਰਤਾਪ ਕਾਲਜ ਆਫ ਐਜੂਕੇਸ਼ਨ, ਲੁਧਿਆਣਾ ਵੱਲੋਂ ਨਸ਼ਾ ਮੁਕਤ ਪੰਜਾਬ ਸੁਸਾਇਟੀ, ਲੁਧਿਆਣਾ ਦੇ ਸਹਿਯੋਗ ਨਾਲ ਕਾਲਜ ਵਿਚ ਨਸ਼ਾ ਮੁਕਤੀ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਅਲੂਮਨੀ ਐਸੋਸੀਏਸ਼ਨ ਦੇ ਇੰਚਾਰਜ ਸ਼੍ਰੀਮਤੀ ਪੂਨਮ ਬਾਲਾ ਅਤੇ ਸ਼੍ਰੀਮਤੀ ਅਲਕਾ ਜੋਸ਼ੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਜਦਕਿ ਨਸ਼ਾ ਮੁਕਤ ਪੰਜਾਬ ਸੁਸਾਇਟੀ ਦੇ ਜਿ਼ਲ੍ਹਾ ਕੋਆਰਡੀਨੇਟਰ ਬਲਵਿੰਦਰ ਰਵੀ, ਮੁੱਖ ਕਾਰਜਕਾਰੀ ਮੈਂਬਰ ਧੀਰਜ ਧਵਨ, ਅੰਤਰਰਾਸ਼ਟਰੀ ਜੂਡੋ ਖਿਡਾਰੀ ਪ੍ਰਵੀਨ ਠਾਕੁਰ ਜਿ਼ਲ੍ਹਾ ਜੂਡੋ ਕੋਚ ਪੰਜਾਬ ਸਰਕਾਰ ਅਤੇ ਆਰ. ਪੀ. ਸਿੰਘ ਜਿ਼ਲ੍ਹਾ ਇੰਚਾਰਜ ਰੋਜ਼ਾਨਾ ਸਪੋਕਸਮੈਨ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਨਸਿ਼ਆਂ ਦੇ ਭਿਆਨਕ ਸਿੱਟਿਆਂ ਨੂੰ ਦਰਸਾਉਂਦਾ ਗੀਤ ਪ੍ਰਣਾਯਾ ਮੀਡੀਆ ਵੱਲੋਂ ਬਣਾਈ ਡਾਕੂਮੈਂਟਰੀ ਪੇਸ਼ ਕੀਤੀ ਗਈ। ਮਹਿਲਾ ਥਾਣੇ ਦੇ ਐਸ.ਐਚ.ਓ. ਕਿਰਨਪ੍ਰੀਤ ਕੌਰ ਅਤੇ ਜਯੋਤੀ ਕੇਂਦਰ ਜਨਰਲ ਹਸਪਤਾਲ ਦੇ ਡਾ: ਸ਼ਿਵ ਕੁਮਾਰ ਸ਼ਰਮਾ ਐਮ.ਡੀ.ਐਕਯੂਪ੍ਰੈਸ਼ਰ ਵਿਭਾਗ) ਵੱਲੋਂ ਵਿਸ਼ੇ ਨਾਲ ਸਬੰਧਤ ਵਿਸਤਾਰ ਭਾਸ਼ਣ ਦਿੱਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ: ਮਨਪ੍ਰੀਤ ਕੌਰ ਨੇ ਇਸ ਅਹਿਮ ਵਿਸ਼ੇ ਤੇ ਚਰਚਾ ਕਰਨ ਲਈ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਸਕਦੇ ਹਾਂ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਇਸ ਦਾ ਹਿੱਸਾ ਬਣਾ ਸਕਦੇ ਹਾਂ।  ਸਮਾਜ ਦੀ ਤਰੱਕੀ ਲਈ ਕੰਮ ਕਰਨ ਲਈ ਤਿਆਰ ਕਰ ਸਕਦੇ ਹਾਂ।  ਉਨ੍ਹਾਂ ਕਾਲਜ ਦੇ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਕਾਲਜ ਨਾਲ ਜੁੜੇ ਰਹਿਣ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਜੋਰ ਦੇ ਕੇ ਕਿਹਾ ਤਾਂ ਜੋ ਸਮਾਜ ਨੂੰ ਬਿਹਤਰ ਬਣਾਇਆ ਜਾ ਸਕੇ।

ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਨਾਲ ਘੇਰਨ ਦਾ ਐਲਾਨ

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨਾਲ ਕੈਬਨਿਟ ਕਮੇਟੀ ਦੀ ਮੀਟਿੰਗ ਰੱਦ 
ਲੁਧਿਆਣਾ, 6 ਦਸੰਬਰ (ਟੀ. ਕੇ. )
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਅਤੇ ਜਨਰਲ ਸਕੱਤਰ  ਜਰਨੈਲ ਸਿੰਘ ਪੱਟੀ ਨੇ  ਪੰਜਾਬ ਸਰਕਾਰ ਦੁਆਰਾ ਪੁਰਾਣੀ ਪੈਨਸ਼ਨ ਬਹਾਲੀ  ਸਬੰਧੀ ਕੈਬਨਿਟ ਸਬ ਕਮੇਟੀ ਨਾਲ ਪੰਜਾਬ ਭਵਨ ਚੰਡੀਗੜ ਵਿਖੇ 7 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਰੱਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸੰਗਰੂਰ ਦੌਰੇ ਸਮੇਂ ਸੰਘਰਸ਼ ਕਮੇਟੀ ਵੱਲੋਂ ਰੋਸ ਮੁਜ਼ਾਹਰੇ ਤੋਂ ਪਹਿਲਾਂ ਪ੍ਰਸ਼ਾਸਨ ਖੁਦ ਲੈ ਕੇ ਦਿੱਤੀ ਸੀ। ਸਰਕਾਰ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਹਰ ਵਾਰ ਸਮਾਂ ਦੇ ਕੇ ਮੀਟਿੰਗਾਂ ਰੱਦ ਕਰਨ ਦੀ ਆਦੀ ਹੋ ਚੁੱਕੀ ਹੈ।ਪੰਜਾਬ ਸਰਕਾਰ ਵੱਲੋਂ ਪਿੱਛਲੇ ਸਾਲ 18 ਨਵੰਬਰ 2022 ਨੂੰ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜ਼ਾਰੀ ਹੋਇਆ ਸੀ ਇਸ ਨੋਟੀਫਿਕੇਸ਼ਨ ਨੂੰ ਜ਼ਾਰੀ ਹੋਇਆਂ   ਸਾਲ ਪੂਰਾ ਹੋ ਗਿਆ ਹੈ। ਪਰ ਅਜੇ ਤੱਕ ਪੰਜਾਬ ਦੀ ਆਪ ਸਰਕਾਰ ਇਸਨੂੰ ਲਾਗੂ ਨਹੀਂ ਕਰ ਸਕੀ।  ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਪ੍ਰੈੱਸ  ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਪਿਛਲੇ ਸਾਲ ਦਿਵਾਲੀ ਮੋਕੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਲਾਈਵ ਹੋ ਕੇ ਕਿਹਾ ਕਿ " ਜੋ ਅਸੀਂ ਕਹਿੰਦੇ ਹਾਂ ਉਹ ਕਰਦੇ ਹਾਂ ਅਤੇ ਜੋ ਅਸੀਂ ਨਹੀਂ ਕਰਨਾ ਉਹ ਕਹਿੰਦੇ ਹੀ ਨਹੀਂ, ਦੋ ਮਹੀਨਿਆਂ ਵਿੱਚ ਐਸ ਓ ਪੀ ਬਣਾ ਕੇ ਪੁਰਾਣੀ ਪੈਂਨਸ਼ਨ ਲਾਗੂ ਕਰ ਦੇਵਾਂਗੇ"। ਪਰ ਪੁਰਾਣੀ ਪੈਨਸ਼ਨ ਦੀ ਬਹਾਲੀ ਐਲਾਨ ਤੱਕ ਹੀ ਸੀਮਿਤ ਰਹੀ ਜਦ ਧਰਾਤਲ ਤੇ ਪੰਜਾਬ ਦੇ ਕਿਸੇ ਕਰਮਚਾਰੀ ਨੂੰ ਇਸ ਦਾ ਲਾਭ ਨਹੀ ਮਿਲਿਆ ।ਫਿਰ ਜਦੋਂ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਫਰਵਰੀ 2023  ਵਿੱਚ ਰੈਲੀ ਦਾ ਐਲਾਨ ਹੋਇਆ ਤਾਂ ਵਿੱਤ ਮੰਤਰੀ ਵੱਲੋਂ ਸੂਬਾਈ ਆਗੂਆਂ ਨਾਲ  6 ਅਪ੍ਰੈਲ ਨੂੰ ਪੰਜਾਬ ਭਵਨ ਵਿੱਚ ਹੋਈ ਮੀਟਿੰਗ ਤੈਅ ਹੋਈ ਜਿਸ ਵਿੱਚ ਦੋ ਮਹੀਨਿਆਂ ਅੰਦਰ ਪੁਰਾਣੀ ਪੈਨਸ਼ਨ ਬਹਾਲੀ ਦਾ ਐਸ ਓ ਪੀ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਜਦੋਂ ਛੇ ਮਹੀਨੇ ਬੀਤ ਜਾਣ ਦੇ ਬਾਅਦ ਵੀ ਆਪਣੇ ਵਾਅਦੇ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜੇਕਰ ਸਰਕਾਰ ਦੀ ਡੰਗ ਟਪਾਉ ਨੀਤੀ ਇਸੇ ਤਰਾਂ ਜਾਰੀ ਰਹੀ ਤਾ ਪੰਜਾਬ ਦੇ ਦੋ ਲੱਖ ਐਨ ਪੀ ਐਸ ਮੁਲਾਜਮ ਮੁੱਖ ਮੰਤਰੀ ਪੰਜਾਬ ਦਾ ਹਰ ਦੌਰੇ ਸਮੇਂ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਗੇ ਅਤੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨਗੇ।ਇਸ ਦੀ  ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਦਫਤਰੀ ਕਾਮਿਆਂ ਵੱਲੋਂ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਭਾਰੀ ਰੋਸ, ਜਾਰੀ ਹੜਤਾਲ 'ਚ 11 ਦਸੰਬਰ ਤੱਕ ਵਾਧਾ

ਚੋਣਾਂ ਤੋਂ ਪਹਿਲਾਂ ਵਿੱਤ ਮੰਤਰੀ ਚੀਮਾ ਨੇ, ਪੁਰਾਣੀ ਪੈਨਸ਼ਨ ਬਹਾਲੀ ਲਈ ਜੱਥੇਬੰਦੀ ਵਲੋਂ ਪਟਿਆਲਾ 'ਚ ਰੈਲੀ ਦੌਰਾਨ ਤੱਖਤੀ ਫੜ ਕੀਤੀ ਸੀ ਸ਼ਮੂਲੀਅਤ

 ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪਹਿਲੀ ਕੈਬਨਿਟ ਮੀਟਿੰਗ 'ਚ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਕੀਤਾ ਸੀ ਵਾਅਦਾ
ਲੁਧਿਆਣਾ, 6 ਦਸੰਬਰ (ਟੀ. ਕੇ. ) -
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਵੱਲੋਂ ਬੀਤੇ ਕੱਲ੍ਹ 5 ਦਸੰਬਰ ਨੂੰ ਕੈਬਨਿਟ ਸਬ-ਕਮੇਟੀ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ, ਜਿਸਦੇ ਚੱਲਦੇ ਕਲੈਰੀਕਲ ਕਾਮਿਆਂ ਵੱਲੋਂ ਜਾਰੀ ਹੜਤਾਲ ਵਿੱਚ 11 ਦਸੰਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।
ਇਹ ਮੀਟਿੰਗ ਜੱਥੇਬੰਦੀ ਦੇ ਆਗੂਆਂ ਅਮਰੀਕ ਸਿੰਘ ਸੂਬਾ ਪ੍ਰਧਾਨ, ਪਿੱਪਲ ਸਿੰਘ ਸੂਬਾ ਜਨਰਲ ਸਕੱਤਰ, ਅਮਿਤ ਅਰੋੜਾ ਸੂਬਾ ਵਧੀਕ ਜਨਰਲ ਸਕੱਤਰ, ਅਨੁਜ ਕੁਮਾਰ ਵਿੱਤ ਸਕੱਤਰ, ਤਜਿੰਦਰ ਸਿੰਘ ਨੰਗਰ, ਮਨੋਹਰ ਲਾਲ, ਗੁਰਮੇਲ ਸਿੰਘ ਵਿਰਕ ਵੱਲੋਂ ਕੈਬਨਿਟ ਸਬ-ਕਮੇਟੀ ਦੇ ਮੈਂਬਰਾਂ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਕੁਲਵੰਤ ਸਿੰਘ ਧਾਲੀਵਾਲ ਕੈਬਿਨਟ ਮੰਤਰੀ, ਕੇ.ਏ.ਪੀ. ਸਿਨਹਾ ਐਫ.ਸੀ.ਆਰ., ਵਿਵੇਕ ਪ੍ਰਤਾਪ ਪ੍ਰਸੋਨਲ ਸਕੱਤਰ ਦੇ ਨਾਲ ਕੀਤੀ ਗਈ।
 
ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਹੈ.

ਕਾਬਿਲੇਗੌਰ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੁਰਾਣੀ ਪੈਨਸ਼ਨ ਬਹਾਲੀ ਲਈ ਪਟਿਆਲਾ ਵਿਖੇ ਕੀਤੀ ਗਈ ਰੈਲੀ ਵਿੱਚ ਖੁਦ ਸਟੇਜ 'ਤੇ ਤਖਤੀ ਫੜ੍ਹ ਕੇ ਸ਼ਮੂਲੀਅਤ ਕੀਤੀ ਸੀ ਅਤੇ ਕਿਹਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਕਰਾਂਗੇ ਜਦਕਿ ਹੁਣ ਉਸ ਗੱਲ ਤੋਂ ਮੁਨਕਰ ਹੁੰਦਿਆਂ ਵਿੱਤ ਮੰਤਰੀ ਚੀਮਾ ਇਸ ਗੱਲ ਦਾ ਹਵਾਲਾ ਦੇ ਰਹੇ ਹਨ ਕਿ ਜੋ ਐਨ.ਪੀ.ਐਸ. ਪੈਨਸ਼ਨ ਦੇ ਰੂਪ ਵਿੱਚ  ਮਹੀਨਾਵਾਰ ਕਿਸ਼ਤ ਕੇਂਦਰ ਸਰਕਾਰ ਨੂੰ ਜਾਂਦੀ ਹੈ ਉਸ ਦੇ ਆਧਾਰ 'ਤੇ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਕਰਜ਼ ਮਿਲਦਾ ਹੈ। ਵਿੱਤ ਮੰਤਰੀ ਦੇ ਇਸ ਬਿਆਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜ਼ਰੀਵਾਲ ਦੇ ਖੋਖਲਿਆਂ ਵਾਅਦਿਆਂ ਦੀ ਪੋਲ ਖੁੱਲ੍ਹ ਰਹੀ ਹੈ ਕਿ ਸਰਕਾਰ ਕੋਲ ਖਜ਼ਾਨੇ ਦੀ ਕੋਈ ਕਮੀ ਨਹੀਂ ਹੈ। ਇਹ ਸਰਕਾਰ ਲਗਾਤਾਰ ਕਰਜ਼ਿਆਂ ਦੀ ਪੰਡ ਵਿੱਚ ਇਜਾਫਾ ਕਰਦਿਆਂ ਪੰਜਾਬ ਵਿੱਚ ਰਾਜ਼ ਕਰ ਰਹੀ ਹੈ.

ਜਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਨੇ ਦੱਸਿਆ ਕਿ ਪੰਜਾਬ ਕੋਰ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਜੱਥੇਬੰਦੀ ਨੇ 11 ਦਸੰਬਰ ਤੱਕ ਹੜਤਾਲ ਨੂੰ ਅੱਗੇ ਵਧਾਉਣ ਦੇ ਫੈਸਲਾ ਲਿਆ ਹੈ, ਜਿਸ ਦੌਰਾਨ ਕਲਮਛੋੜ ਹੜਤਾਲ ਅਤੇ ਖਜ਼ਾਨਾ ਦਫਤਰ ਵਿਖੇ ਧਰਨੇ ਤੋਂ ਮਿਤੀ 08 ਦਸੰਬਰ ਨੂੰ ਪੰਜਾਬ ਭਰ ਵਿੱਚ ਸਾਰੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਜੱਥੇਬੰਦੀ ਵੱਲੋਂ ਸੀ.ਪੀ.ਐੱਫ. ਯੂਨੀਅਨ ਵੱਲੋਂ ਮੁਹਾਲੀ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਭਰਪੂਰ ਸਮਰਥਨ ਦਿੱਤਾ ਜਾਵੇਗਾ.

ਸੰਦੀਪ ਭਾਂਬਕ ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ. ਨੇ ਕਿਹਾ 9 ਦਸੰਬਰ ਨੂੰ ਮੁਹਾਲੀ ਵਿਖੇ ਹੋਣ ਵਾਲੀ ਰੈਲੀ ਵਿੱਚ ਆਪ ਸਰਕਾਰ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਿਆਸਤਦਾਨਾਂ ਨੂੰ ਕੁਰਸੀਆਂ ਤੇ ਬਹਾਉਣਾ ਜਾਣਦੇ ਹਾਂ ਤਾਂ ਕੁਰਸੀਆਂ ਤੋਂ ਲਾਹੁਣਾ ਵੀ ਜਾਣਦੇ ਹਾਂ।
     
ਇਸ ਦੌਰਾਨ ਮੁੱਖ ਬੁਲਾਰੇ ਸੁਨੀਲ ਕੁਮਾਰ, ਤਜਿੰਦਰ ਸਿੰਘ, ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਿਰਨਪਾਲ ਕੌਰ, ਸੱਤਪਾਲ, ਰਕੇਸ਼ ਕੁਮਾਰ, ਸੰਦੀਪ ਸਿੰਘ ਜੇ.ਈ., ਅਮਨ ਪਰਾਸ਼ਰ, ਸਤਿੰਦਰ ਸਿੰਘ, ਮਹਿਕਦੀਪ ਸਿੰਘ, ਮਨਕਨ ਬਿਰਲਾ, ਦਲੀਪ ਸਿੰਘ, ਧਰਮ ਸਿੰਘ, ਜਸਵੀਰ ਸਿੰਘ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

ਅਵਾਰਾ ਪਸ਼ੂਆਂ ਲਈ ਆਪਣੀ ਕਿਸਮ ਦੇ ਪਹਿਲੇ “ਸ਼ਿਵਾਲੇ - ਐਸ.ਪੀ.ਸੀ.ਏ. ਸਿਹਤ ਕੇਂਦਰ” ਦਾ  ਉਦਘਾਟਨ

ਲੁਧਿਆਣਾ, 6 ਦਸੰਬਰ(ਟੀ. ਕੇ.)  ਸੂਬੇ ਵਿੱਚ ਆਪਣੀ ਕਿਸਮ ਦੇ ਪਹਿਲੇ ਪ੍ਰੋਜੈਕਟ ਦੇ ਤਹਿਤ, ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਹੰਬੜਾਂ ਰੋਡ ਵਿਖੇ ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਨਗਰ ਨਿਗਮ ਦੇ ਏ.ਬੀ.ਸੀ. ਕੇਂਦਰ ਵਿੱਚ ਸਥਾਪਿਤ ਸ਼ਿਵਾਲੇ - (ਅਵਾਰਾ ਪਸ਼ੂਆਂ ਲਈ ਐਸ.ਪੀ.ਸੀ.ਏ. ਸਿਹਤ ਕੇਂਦਰ) ਦਾ ਉਦਘਾਟਨ ਕੀਤਾ।

ਬੁੱਧਵਾਰ ਨੂੰ ਹੋਏ ਉਦਘਾਟਨੀ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ (ਵਧੀਕ ਚਾਰਜ) ਕੁਲਵੰਤ ਸਿੰਘ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੀ ਸ਼ਾਮਲ ਹੋਏ। ਇਸ ਮੌਕੇ ਏ.ਡੀ.ਸੀ. ਅਮਿਤ ਸਰੀਨ, ਸਮਾਜ ਸੇਵੀ ਅਨਮੋਲ ਕਵਾਤਰਾ ਆਦਿ ਵੀ ਹਾਜ਼ਰ ਸਨ।

ਇਹ ਸਿਹਤ ਕੇਂਦਰ ਜ਼ਖਮੀ ਅਵਾਰਾ ਪਸ਼ੂਆਂ/ਕੁੱਤਿਆਂ ਦੇ ਇਲਾਜ ਲਈ ਸਥਾਪਿਤ ਕੀਤਾ ਗਿਆ ਹੈ। ਇਹ ਸਹੂਲਤ ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ ਕਰੂਏਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਦੇ ਸਹਿਯੋਗ ਨਾਲ ਚਲਾਈ ਜਾਵੇਗੀ।

ਐਸ.ਪੀ.ਸੀ.ਏ. ਵੱਲੋਂ ਸੁਨੀਲ ਕੁਮਾਰ ਅਤੇ ਪੂਜਾ ਜੈਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਇਹ ਸੂਬੇ ਵਿੱਚ ਆਪਣੀ ਕਿਸਮ ਦੀ ਪਹਿਲੀ ਸਹੂਲਤ ਹੈ ਅਤੇ ਲੁਧਿਆਣਾ ਪੱਛਮੀ ਹਲਕੇ ਵਿੱਚ ਸੂਬੇ ਦਾ ਪਹਿਲਾ ਪਸ਼ੂ ਸਿਹਤ ਕੇਂਦਰ ਸਥਾਪਿਤ ਕੀਤਾ ਗਿਆ ਹੈ। ਸਿਹਤ ਕੇਂਦਰ ਵਿੱਚ ਅਵਾਰਾ ਪਸ਼ੂਆਂ ਨੂੰ ਪਨਾਹ ਦੇਣ ਲਈ 19 ਕੈਨਲ ਵੀ ਬਣਾਏ ਗਏ ਹਨ। ਸ਼ਹਿਰ ਦੀਆਂ ਸੜਕਾਂ ਤੋਂ ਅਵਾਰਾ ਪਸ਼ੂਆਂ ਨੂੰ ਚੁੱਕਣ ਲਈ ਚਾਰ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਸਮਾਗਮ ਦੌਰਾਨ ਵਿਧਾਇਕ ਗੋਗੀ ਵੱਲੋਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ ਗਿਆ। ਇਸ ਕੇਂਦਰ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰ ਜ਼ਖਮੀ ਪਸ਼ੂਆਂ ਦਾ ਇਲਾਜ ਕਰਨਗੇ।

ਜ਼ਖਮੀ ਪਸ਼ੂਆਂ ਬਾਰੇ ਜਾਣਕਾਰੀ ਦੇਣ ਲਈ ਨਿਵਾਸੀ ਪਸ਼ੂ ਹੈਲਪਲਾਈਨ ਨੰਃ 78370-18522 'ਤੇ ਕਾਲ ਕਰ ਸਕਦੇ ਹਨ।

ਇਸ ਪਹਿਲਕਦਮੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਨਗਰ ਨਿਗਮ ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਨਾ ਸਿਰਫ਼ ਅਵਾਰਾ ਪਸ਼ੂਆਂ ਦਾ ਬਚਾਅ ਹੋਵੇਗਾ, ਸਗੋਂ ਜ਼ਖ਼ਮੀ ਪਸ਼ੂਆਂ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ।

ਵਿਧਾਇਕ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਹ ਡੇਅਰੀ ਕੰਪਲੈਕਸ ਵਿੱਚ ਪਸ਼ੂ ਹਸਪਤਾਲ ਦੀ ਸਥਾਪਨਾ ਲਈ ਵੀ ਕੰਮ ਕਰ ਰਹੇ ਹਨ ਤਾਂ ਜੋ ਡੇਅਰੀ ਮਾਲਕਾਂ ਨੂੰ ਪਸ਼ੂਆਂ ਦਾ ਸਹੀ ਇਲਾਜ ਕਰਵਾਉਣ ਵਿੱਚ ਸਹੂਲਤ ਹੋ ਸਕੇ।

ਵਿਧਾਇਕ ਗੋਗੀ, ਐਸ.ਪੀ.ਸੀ.ਏ. ਦੇ ਮੈਂਬਰ ਅਤੇ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਵਿੱਚ ਅਵਾਰਾ ਪਸ਼ੂਆਂ ਲਈ ਭੋਜਨ, ਕੰਬਲ ਆਦਿ ਦਾਨ ਕਰਨ ਲਈ ਅੱਗੇ ਆਉਣ। ਵਿਧਾਇਕ ਗੋਗੀ ਨੇ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਨੂੰ ਗੋਦ ਲੈਣ ਦੀ ਵੀ ਅਪੀਲ ਕੀਤੀ।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਭਾਈ ਮੰਝ ਜੀ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਕੀਰਤਨ ਸਮਾਗਮ 

ਗੁਰੂ ਸਾਹਿਬ ਵੱਲੋਂ ਬਖਸ਼ੇ ਸੇਵਾ ਦੇ ਸਿਧਾਂਤ ਨਾਲ ਸੰਗਤਾਂ ਜੁੜਨ -ਭੁਪਿੰਦਰ ਸਿੰਘ* 
ਲੁਧਿਆਣਾ, 3 ਦਸੰਬਰ ( ਕਰਨੈਲ ਸਿੰਘ ਐੱਮ. ਏ .)  
ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਅਨਿੰਨ ਸੇਵਕ ਭਾਈ ਮੰਝ ਜੀ ਦੀ ਮਿੱਠੀ ਯਾਦ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦਿਆਂ ਹੋਇਆਂ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ   ਭਾਈ ਸਤਿੰਦਰਪਾਲ ਸਿੰਘ ਜਗਾਧਰੀ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਗੁਰੂ ਅਰਜਨ ਦੇਵ ਦੇਵ ਜੀ ਵੱਲੋਂ ਸਮੁੱਚੀ ਮਨੁੱਖਤਾ ਨੂੰ ਬਖਸ਼ੇ ਸੇਵਾ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਆਉ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰੀਏ। ਕੀਰਤਨ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ: ਭੁਪਿੰਦਰ ਸਿੰਘ ਨੇ ਕਿਹਾ ਕਿ ਗੁਰੂ ਘਰ ਦੇ ਅਨਿੰਨ ਸੇਵਕ ਭਾਈ ਮੰਝ ਜੀ ਸੇਵਾ, ਸਿਮਰਨ,ਸਿਦਕ  ਦੀ ਅਨੋਖੀ ਮਿਸਾਲ ਸਨ। ਜਿੰਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰੂ ਸਾਹਿਬ ਵੱਲੋਂ ਬਖਸ਼ੇ ਸੇਵਾ ਦੇ ਸੰਕਲਪ ਨਾਲ ਜੁੜ ਕੇ ਸਤਿਗੁਰੂ ਦੀ ਵੱਡੀ ਅਸੀਸ ਪ੍ਰਾਪਤ ਕੀਤੀ। ਜਿਸ ਦੇ ਸਦਕਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ  ਭਾਈ ਮੰਝ ਨੂੰ ਦੁਆਬੇ ਦਾ ਪ੍ਰਚਾਰਕ ਥਾਪਿਆ ਅਤੇ ਸੰਗਤਾਂ ਲਈ ਲੰਗਰ ਚਲਾਉਣ ਦੀ ਸੇਵਾ ਬਖਸ਼ੀ। ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਹੈ ਪ੍ਰਭੂ ਕੀਰਤੀ ਵਿੱਚ ਲੀਨ ਰਹਿਣ ਵਾਲੇ ਸਿੱਖ ਸੇਵਕ ਭਾਈ ਮੰਝ ਜੀ ਦੇ ਸੇਵਾ ਭਾਵਨਾ ਵਾਲੀ ਸੋਚ ਨਾਲ ਜੁੜ ਕੇ ਸੰਗਤਾਂ ਆਪਣਾ ਜੀਵਨ ਸਫਲ ਕਰਨ । ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ: ਭੁਪਿੰਦਰ ਸਿੰਘ  ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਂਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ ਤੇ ਉਨ੍ਹਾਂ ਦੇ ਕੀਰਤਨੀ ਜੱਥੇ  ਦੇ ਮੈਂਬਰਾਂ ਨੂੰ ਸਿਰੋਪਾਉ ਭੇਟ ਕੀਤੇ । ਇਸ ਦੌਰਾਨ ਸ੍ਰ: ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਰਣਜੀਤ ਸਿੰਘ ਲੁਧਿਆਣੇ ਵਾਲੇ ਅਤੇ ਭਾਈ ਗੁਰਸੇਵਕ ਸਿੰਘ ਯੂ.ਐਸ.ਏ ਵਾਲਿਆਂ ਦੇ ਕੀਰਤਨੀ ਜੱਥੇ ਸਾਂਝੇ ਤੌਰ ਤੇ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ।  ਕੀਰਤਨ ਸਮਾਗਮ ਅੰਦਰ   ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ:  ਇੰਦਰਜੀਤ ਸਿੰਘ ਮੱਕੜ, ਸ੍ਰ: ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ , ਪ੍ਰਿਤਪਾਲ ਸਿੰਘ , ਭੁਪਿੰਦਰਪਾਲ  ਸਿੰਘ ਧਵਨ  ,ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ), ਬਲਬੀਰ ਸਿੰਘ ਭਾਟੀਆ,ਸੁਰਿੰਦਰਪਾਲ ਸਿੰਘ ਭੁਟੀਆਨੀ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ, ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ, ਅੱਤਰ ਸਿੰਘ ਮੱਕੜ, ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ, ਕਰਨਦੀਪ ਸਿੰਘ,, ਬਲ ਫਤਹਿ ਸਿੰਘ,  ਵਿਸ਼ੇਸ਼ ਤੌਰ ਤੇ ਹਾਜ਼ਰ ਸਨ