You are here

ਲੁਧਿਆਣਾ

ਸ੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੋਸਾਇਟੀ ਵੱਲੋਂ 65ਵਾਂ ਰਾਸ਼ਨ ਵੰਡਿਆ ਸਮਾਗਮ

ਲੁਧਿਆਣਾ ( ਕਰਨੈਲ ਸਿੰਘ ਐੱਮ.ਏ.)ਸ੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੋਸਾਇਟੀ ਵੱਲੋਂ 65ਵਾਂ ਰਾਸ਼ਨ ਵੰਡਿਆ ਸਮਾਗਮ  ਸਨਾਤਨ ਧਰਮ ਮੰਦਿਰ ਜਵਾਹਰ ਨਗਰ ਵਿਖੇ ਕੀਤਾ ਗਿਆ ਜਿਸ ਵਿੱਚ ਹਰ ਮਹੀਨੇ ਦੀ ਤਰ੍ਹਾਂ ਵਿਧਵਾ 72ਮਾਤਾਵਾਂ ਨੂੰ ਰਾਸ਼ਨ ਵੰਡਿਆ ਗਿਆ, ਇਸ ਮੌਕੇ ਮੁੱਖ ਮਹਿਮਾਨ ਅਸ਼ੋਕਪੁਰੀ ਨੇ ਕਿਹਾ ਕਿ ਇਹ ਪੁੰਨ ਦੇ ਕੰਮ ਵਿੱਚ  ਹਰ ਕਿਸੇ ਨੂੰ ਅੱਗੇ ਆ ਕੇ ਸਹਿਯੋਗ ਦੇਣਾ ਚਾਹੀਦਾ ਹੈ ਤੇ ਇਸ ਸੁਸਾਇਟੀ ਦਾ ਕੰਮ ਦੇਖ ਕੇ ਮੇਰਾ ਵੀ ਦਿਲ ਕੀਤਾ ਕਿ ਮੈਂ ਇਸ ਸੁਸਾਇਟੀ ਦਾ ਹਿੱਸਾ ਬਣਾ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਨੀਲ ਕਮਲ ਸ਼ਰਮਾ, ਕੈਸ਼ੀਅਰ ਦੀਪਕ ਆਨੰਦ , ਵਾਈਸ ਪ੍ਰਧਾਨ ਕਮਲ ਚੀਨਾ, ਰਾਜੇਸ਼ ਬਿੰਦਰਾ, ਦਲਜੀਤ ਪੱਪਾ, ਰਾਕੇਸ਼ ਸ਼ਰਮਾ, ਮਾਧਵ ਰਾਗਵ ਬ੍ਰਦਰਸ , ਜੈ ਵਰਮਾ, ਡਾਕਟਰ ਸੋਨੂ, ਮਨੋਜ ਕੁਮਾਰ, ਗੁਰਪ੍ਰੀਤ ਸਿੰਘ ਮਿੱਡਾ, ਅਮਨ ਅਰੋੜਾ, ਜਤਿਨ ਅਰੋੜਾ, ਜਗਦੀਪ ਸਿੰਘ ਸੋਹੀ, ਅਜੇ ਰਤਨ,ਸਚਿਨ ਮੋਦ ਗਿਲ, ਸੰਦੀਪ ਸ਼ਰਮਾ , ਹਾਨੀ, ਅੰਕੁਸ਼ ਜੈਨ  ਸਮੂਹ ਮੈਂਬਰ ਹਾਜ਼ਰ ਸਨ।

ਦਿਵਿਆਂਗਜਨਾਂ ਲਈ ਸਰਾਭਾ ਆਸ਼ਰਮ ਵਿਖੇ 22 ਫਰਵਰੀ ਨੂੰ ਲੱਗਣਗੇ ਵਿਸ਼ੇਸ਼ ਅਸੈਸਮੈਂਟ ਕੈਂਪ 

 ਬਜ਼ੁਰਗਾਂ ਦਾ ਹੋਵੇਗਾ ਮੈਡੀਕਲ ਚੈਕਅੱਪ
ਲੁਧਿਆਣਾ, 18 ਫਰਵਰੀ (ਟੀ. ਕੇ.)
ਪਿੰਡ ਸਰਾਭਾ ਨੇੜੇ ਸਰਾਭਾ-ਸਹੌਲੀ ਰੋਡ  ਸਥਿੱਤ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿਖੇ ਦਿਵਿਆਂਗਜਨਾਂ ਲਈ ਪੰਜਾਬ ਸਰਕਾਰ ਵੱਲੋਂ 22 ਫਰਵਰੀ ਨੂੰ ਇੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੀ ਦੇਖ-ਰੇਖ  ਡਿਪਟੀ ਕਮਿਸ਼ਨਰ  ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ  ਵਰਿੰਦਰ ਸਿੰਘ ਟਿਵਾਣਾ ਵੱਲੋਂ ਕੀਤੀ ਜਾਵੇਗੀ। ਇਸ ਕੈਂਪ ਵਿੱਚ ਬਨਾਵਟੀ ਅੰਗ ਬਣਾਉਣ ਵਾਲੀ ਭਾਰਤ ਦੀ ਮਸ਼ਹੂਰ ਕੰਪਨੀ ਅਲਿਮਕੋ ਵੱਲੋਂ ਦਿਵਿਆਂਗਜਨਾਂ ਦੀ ਸਪੈਸ਼ਲ ਅਸੈਸਮੈਂਟ ਕੀਤੀ ਜਾਵੇਗੀ ਤਾਂ ਕਿ ਦਿਵਿਆਂਗਜਨਾਂ ਦੀ ਭਲਾਈ ਅਤੇ ਰੋਜ਼ਾਨਾ ਦੇ ਜੀਵਨ ਨੂੰ ਸੁਖਾਵਾਂ ਬਣਾਉਣ ਲਈ ਜਲਦੀ ਹੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਸਿਹਤ ਦਾ ਮੈਡੀਕਲ ਨਿਰੀਖਣ ਵੀ ਕੀਤਾ ਜਾਵੇਗਾ ਅਤੇ ਐਨਕਾਂ ਵੀ ਦਿੱਤੀਆਂ ਜਾਣਗੀਆਂ
        ਸ. ਵਰਿੰਦਰ ਸਿੰਘ ਟਿਵਾਣਾ ਵੱਲੋਂ ਅੱਗੇ ਦੱਸਿਆ ਗਿਆ ਕਿ ਸਾਰੇ ਚਾਹਵਾਨ ਦਿਵਿਆਂਗਜਨ ਆਪਣਾ ਦਿਵਿਆਂਗਤਾ ਦਾ ਸਰਟੀਫਿਕੇਟ, ਅਸਲ ਯੂ.ਡੀ.ਆਈ. ਕਾਰਡ ਅਤੇ ਫੋਟੋਕਾਪੀ, ਇੱਕ ਪਾਸਪੋਰਟ ਸਾਇਜ਼ ਤਾਜ਼ਾ ਫੋਟੋ, ਆਪਣਾ ਅਧਾਰ ਕਾਰਡ ਅਤੇ ਉਸਦੀ ਫੋਟੋ ਕਾਪੀ, ਆਪਣਾ ਵੋਟਰ ਕਾਰਡ ਅਤੇ ਉਸਦੀ ਫੋਟੋ ਕਾਪੀ, ਆਮਦਨ ਦਾ ਸਰਟੀਫਿਕੇਟ ਸਮਰੱਥ ਅਥਾਰਟੀ ਵੱਲੋਂ ਜਾਰੀ ਜਿਸ ਵਿੱਚ ਉਹਨਾਂ ਦੀ ਆਮਦਨ 22500ਰੁਪਏ ਤੋਂ ਜ਼ਿਆਦਾ ਨਾ ਹੋਵੇ ਨਾਲ ਲੈ ਕੇ ਆਉਣਾ ਹੈ। ਸਰਾਭਾ ਆਸ਼ਰਮ ਵਿੱਚ ਪਹੁੰਚ ਕੇ ਅਲਿਮਕੋ ਵੱਲੋਂ ਆਈ ਟੀਮ ਤੋਂ ਆਪਣੀ ਅਸੈਸਮੈਂਟ ਕਰਵਾਉਣ ਤਾਂ ਜੋ ਉਹਨਾਂ ਵੱਲੋਂ ਬਹੁਤ ਜਲਦੀ ਨੇੜਲੇ ਭਵਿੱਖ ਵਿੱਚ ਉਹਨਾਂ ਦੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾ ਸਕੇ। ਮੈਡੀਕਲ ਚੈੱਕਅਪ ਕਰਵਾਉਣ ਦੇ ਚਾਹਵਾਨ ਬਜ਼ੁਰਗ ਆਪਣਾ ਅਧਾਰ ਕਾਰਡ ਨਾਲ ਲੈ ਕੇ ਆਉਣ ।
ਗੁਰੂ ਅਮਰ ਦਾਸ ਅਪਾਹਜ ਆਸ਼ਰਮ ਦੇ ਫਾਊਂਡਰ ਡਾ.ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਜੋਧਾਂ ਵੱਲੋਂ ਸਾਰੇ ਲਾਭਪਾਤਰੀਆਂ ਨੂੰ ਅਪੀਲ ਹੈ ਕਿ ਇਸ ਅਸੈਸਮੈਂਟ ਕੈਂਪ ਦਾ ਭਰਪੂਰ ਲਾਹਾ ਲੈਣ। ਕੈਂਪ ਬਾਰੇ ਹੋਰ ਜਾਣਕਾਰੀ ਲਈ ਆਸ਼ਰਮ ਦਾ ਸੰਪਰਕ ਕੀਤਾ ਜਾ ਸਕਦਾ ਹੈ।

ਲੋਕ ਨਿਰਮਾਣ ਮੰਤਰੀ ਨੇ 105.11 ਕਰੋੜ ਰੁਪਏ ਦੀ ਲਾਗਤ ਵਾਲੇ ਲੁਧਿਆਣਾ-ਮਾਲੇਰਕੋਟਲਾ-ਸੰਗਰੂਰ ਸੜਕ ਦੇ ਪੁਨਰ ਨਿਰਮਾਣ ਕਾਰਜ਼ਾਂ ਦਾ ਰੱਖਿਆ ਨੀਂਹ ਪੱਥਰ

ਲੁਧਿਆਣਾ, 17 ਫਰਵਰੀ (ਟੀ. ਕੇ. ) -  ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਡੇਹਲੋਂ ਵਿਖੇ 43.85 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ-ਮਲੇਰਕੋਟਲਾ-ਸੰਗਰੂਰ ਸੜਕ ਸਮੇਤ ਡੇਹਲੋਂ ਬਾਈਪਾਸ (ਲੁਧਿਆਣਾ ਅਧਿਕਾਰ ਖੇਤਰ ਅਧੀਨ) ਦਾ ਨੀਂਹ ਪੱਥਰ ਰੱਖਿਆ।

ਇਸ ਪ੍ਰਾਜੈਕਟ ਦੀ ਕੁੱਲ ਲਾਗਤ 105.11 ਕਰੋੜ ਰੁਪਏ ਹੈ, ਜਿਸ ਵਿੱਚੋਂ 43.85 ਕਰੋੜ ਰੁਪਏ ਲੁਧਿਆਣਾ ਅਤੇ 61.26 ਕਰੋੜ ਰੁਪਏ ਮਲੇਰਕੋਟਲਾ ਵਿੱਚ ਖਰਚੇ ਜਾਣਗੇ ਜਿੱਥੇ ਸੜਕ ਦੀ ਲੰਬਾਈ 48.79 ਕਿਲੋਮੀਟਰ ਹੈ।

ਕੁੱਲ 73 ਕਿਲੋਮੀਟਰ ਦੀ ਲੰਬਾਈ ਵਿੱਚੋਂ, ਇਸ 25 ਕਿਲੋਮੀਟਰ ਲੰਬਾਈ ਦਾ ਕੰਮ ਲੁਧਿਆਣਾ ਜ਼ਿਲ੍ਹੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਅਗਲੇ 9 ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ। ਸੜਕ ਦੇ ਪੁਨਰ ਨਿਰਮਾਣ ਲਈ ਜਿੰਮੇਵਾਰ ਕੰਪਨੀ ਅਗਲੇ ਪੰਜ ਸਾਲਾਂ ਤੱਕ ਸੜਕ ਦੀ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਏਗੀ।

ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮਾਰਗ ਮਹੱਤਵਪੂਰਨ ਮਾਰਗਾਂ ਵਿੱਚੋਂ ਇੱਕ ਹੈ ਅਤੇ ਮਲੇਰਕੋਟਲਾ, ਸੰਗਰੂਰ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਜਾਣ ਲਈ ਯਾਤਰੀਆਂ ਵੱਲੋਂ ਬਾਈਪਾਸ ਵਜੋਂ ਵਰਤਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਇੱਕ ਅਗਾਂਹਵਧੂ ਸੂਬਾ ਬਣਾਉਣ ਲਈ ਵਚਨਬੱਧ ਹੈ ਕਿਉਂਕਿ ਹਰ ਖੇਤਰ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਸਪੱਸ਼ਟ ਹੁੰਦਾ ਹੈ। ਪੰਜਾਬ ਵਿੱਚ ਮਿਆਰੀ ਸੜਕੀ ਬੁਨਿਆਦੀ ਢਾਂਚੇ ਨੂੰ ਪ੍ਰਮੁੱਖ ਤਰਜੀਹ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ 'ਆਪ' ਸਰਕਾਰ ਵੱਲੋਂ ਸੂਬੇ ਨੂੰ ਵਧੀਆ ਸੜਕੀ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਮੋਹਰੀ ਸੂਬਾ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਬਣਿਆ ਟੋਲ ਪਲਾਜ਼ਾ ਸਰਕਾਰ ਵੱਲੋਂ 4 ਸਤੰਬਰ 2022 ਨੂੰ ਬੰਦ ਕਰ ਦਿੱਤਾ ਗਿਆ ਸੀ।

ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪਿਛਲੀਆਂ ਸਰਕਾਰਾਂ ਵੱਲੋਂ ਸੜਕ ਦਾ ਪੁਨਰ ਨਿਰਮਾਣ ਨਾ ਕਰਨ 'ਤੇ ਵਰ੍ਹਦਿਆਂ ਕਿਹਾ ਕਿ ਇਸ ਸੜਕ ਦੀ ਸਾਲ 2016 ਵਿੱਚ ਮੁਰੰਮਤ ਕਰਨੀ ਬਣਦੀ ਸੀ ਪਰ ਲੋਕਾਂ ਦੀ ਚਿਰੋਕਣੀ ਮੰਗ ਨੂੰ ਅੱਖੋਂ ਪਰੋਖੇ ਕੀਤੇ ਗਿਆ ਜਿਸ ਨੂੰ ਹੁਣ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ 'ਤੇ ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆਂ ਵਿੱਚ ਕਈ ਜਾਨਾਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੜਕ ਦੇ ਪੁਨਰ ਨਿਰਮਾਣ ਨਾਲ ਯਾਤਰੀਆਂ ਲਈ ਆਵਾਜਾਈ ਸੁਖਾਵੀਂ ਹੋਵੇਗੀ ਅਤੇ ਮੰਦਭਾਗੀਆਂ ਘਟਨਾਵਾਂ ਨੂੰ ਵੀ ਠੱਲ੍ਹ ਪਵੇਗੀ। ਉਨ੍ਹਾਂ ਠੇਕੇਦਾਰੀ ਕੰਪਨੀ ਨੂੰ ਕੰਮ ਦੌਰਾਨ ਮਿਆਰੀ ਸਮੱਗਰੀ ਦੀ ਵਰਤੋਂ ਯਕੀਨੀ ਬਣਾਉਣ ਲਈ ਵੀ ਕਿਹਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਐਸ.ਈ. ਐਚ.ਐਸ. ਢਿੱਲੋਂ, ਕਾਰਜਕਾਰੀ ਇੰਜਨੀਅਰ ਪਰਦੀਪ ਕੁਮਾਰ ਅਤੇ ਹੋਰ ਹਾਜ਼ਰ ਸਨ।

ਸੀ. ਪੀ. ਆਈ. ਨੇ ਕਦੇ ਵੀ ਕਿਸੇ ਤੋਂ ਕੋਈ ਚੋਣ ਬਾਂਡ ਪ੍ਰਾਪਤ ਨਹੀਂ ਕੀਤਾ ਹੈ

ਲੁਧਿਆਣਾ, 17 ਫਰਵਰੀ (ਟੀ. ਕੇ. ) ਭਾਰਤੀ ਕਮਿਊਨਿਸਟ ਪਾਰਟੀ ਦੇ ਰਾਸ਼ਟਰੀ ਸਕੱਤਰੇਤ ਨੇ  ਬਿਆਨ ਜਾਰੀ ਕਰਕੇ ਕਿਹਾ ਹੈ ਕਿ  ਭਾਰਤੀ ਕਮਿਊਨਿਸਟ ਪਾਰਟੀ ਭਾਜਪਾ ਸਰਕਾਰ ਦੁਆਰਾ ਲਿਆਂਦੀ ਗਈ  ਇਲੈਕਟੋਰਲ ਬਾਂਡ ਸਕੀਮ ਦੇ ਵਿਰੋਧ ਵਿੱਚ ਹੈ! ਸੀ.ਪੀ.ਆਈ. ਆਜ਼ਾਦ ਅਤੇ ਨਿਰਪੱਖ ਚੋਣਾਂ ਅਤੇ ਚੋਣ ਫੰਡਿੰਗ ਦੀ ਪਾਰਦਰਸ਼ੀ ਪ੍ਰਕਿਰਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਨਾਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਬਰਾਬਰੀ ਦਾ ਮੌਕਾ ਮਿਲਣਾ ਚਾਹੀਦਾ ਹੈ।
ਗੈਰ-ਪਾਰਦਰਸ਼ੀ ਇਲੈਕਟੋਰਲ ਬਾਂਡ ਸਕੀਮ,ਜਿਸ ਨੂੰ ਸੁਪਰੀਮ ਕੋਰਟ ਨੇ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਦੇ ਸਿਧਾਂਤਕ ਵਿਰੋਧ ਦੇ ਕਾਰਨ, ਪਾਰਟੀ ਨੇ ਕਦੇ ਵੀ ਕਿਸੇ ਤੋਂ ਕੋਈ ਚੋਣ ਬਾਂਡ ਨਹੀਂ ਲਿਆ ।
ਸੀਪੀਆਈ ਕਾਮਰੇਡ ਇੰਦਰਜੀਤ ਗੁਪਤਾ ਕਮੇਟੀ ਦੁਆਰਾ ਸਿਫ਼ਾਰਸ਼ ਕੀਤੇ ਅਨੁਸਾਰ ਚੋਣਾਂ ਲਈ ਰਾਜ ਫੰਡਿੰਗ ਸਮੇਤ ਵਿਆਪਕ ਚੋਣ ਸੁਧਾਰਾਂ ਲਈ ਵਚਨਬੱਧ ਹੈ।
ਸੀਪੀਆਈ ਨੇ ਇਸ ਸਬੰਧ ਵਿੱਚ 4 ਨਵੰਬਰ, 2023 ਨੂੰ ਭਾਰਤ ਦੇ ਚੋਣ ਕਮਿਸ਼ਨ ਦੇ ਚੋਣ ਖਰਚ ਡਿਵੀਜ਼ਨ ਨੂੰ ਖੁਦ ਸੂਚਿਤ ਕੀਤਾ ਹੈ ਕਿ ਸੀਪੀਆਈ ਨੇ ਕਦੇ ਵੀ ਕਿਸੇ ਤੋਂ ਕੋਈ ਚੋਣ ਬਾਂਡ ਨਹੀਂ ਲਿਆ ਹੈ।

ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵਿਚ ਪਲੇਸਮੈਂਟ ਕੈਂਪ ਲਗਾਇਆ 

ਲੁਧਿਆਣਾ, 17 ਫਰਵਰੀ (ਟੀ. ਕੇ.) ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਦੇ ਪਲੇਸਮੈਂਟ ਸੈੱਲ ਨੇ ਅਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਾਲਜ ਵਿਚ ਕੈਂਪਸ ਪਲੇਸਮੈਂਟ ਡਰਾਈਵ ਦਾ ਪ੍ਰਬੰਧ ਕੀਤਾ । ਇਸ ਮੌਕੇ ਅਲੂਮਨੀ ਐਸੋਸੀਏਸ਼ਨ ਦੇ ਇੰਚਾਰਜ ਡਾ: ਤ੍ਰਿਪਤਾ ਅਤੇ ਪਲੇਸਮੈਂਟ ਸੈੱਲ ਦੇ ਇੰਚਾਰਜ ਡਾ: ਨੀਰਜ ਕੁਮਾਰ ਨੇ ਸਕੂਲ ਦੇ ਡਾਇਰੈਕਟਰ ਡਾ: ਅਮਿਤਾ ਮਿੱਤਲ ਅਤੇ ਹੋਰ ਪੈਨਲ ਮੈਂਬਰਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ। ਇਸ ਮੌਕੇ ਸਭ ਤੋਂ ਪਹਿਲਾਂ ਡਾ: ਅਮਿਤਾ ਮਿੱਤਲ ਨੇ ਸਕੂਲ ਬਾਰੇ ਅਤੇ ਖਾਲੀ ਅਸਾਮੀਆਂ ਜਿਵੇਂ ਕਿ ਸਮਾਂ, ਨੌਕਰੀ ਦੀਆਂ ਭੂਮਿਕਾਵਾਂ ਆਦਿ ਬਾਰੇ ਵਿਸਥਾਰ ਨਾਲ ਦੱਸਿਆ।ਇਸ ਮੌਕੇ ਬੀ.ਐੱਡ., ਐਮ.ਐੱਡ. ਦੇ ਕੁੱਲ 35 ਵਿਦਿਆਰਥੀਆਂ ਵਿੱਚੋਂ ਕੁੱਲ 7 ਉਮੀਦਵਾਰਾਂ ਦੀ ਚੋਣ ਕੀਤੀ ਗਈ ਜਦ ਕਿ ਇਸ ਮੌਕੇ ਪਿਛਲੇ ਪੰਜ ਸੈਸ਼ਨਾਂ ਦੇ ਸਾਬਕਾ ਵਿਦਿਆਰਥੀਆਂ ਨੇ ਇਸ ਪਲੇਸਮੈਂਟ ਡਰਾਈਵ ਵਿੱਚ ਭਾਗ ਲਿਆ। ਸਕੂਲ ਨੇ ਲਗਭਗ 3,00,000 ਰੁਪਏ ਦੇ ਸਾਲਾਨਾ ਤਨਖਾਹ ਪੈਕੇਜ ਦੀ ਪੇਸ਼ਕਸ਼ ਕੀਤੀ।   ਕੁੱਲ ਮਿਲਾ ਕੇ, ਸਕੂਲ ਭਰਤੀ ਟੀਮ ਦਾ ਤਜਰਬਾ ਅਤੇ ਫੀਡਬੈਕ ਬਹੁਤ ਸਕਾਰਾਤਮਿਕ ਸੀ। ਇਸ ਮੌਕੇ ਬ੍ਰਾਈਟ ਅਕੈਡਮੀ ਤੋਂ ਰਿਸੋਰਸ ਪਰਸਨ ਸ੍ਰੀ ਦੇਵ ਰਾਜ ਨੇ ਕਰੀਅਰ ਕਾਊਂਸਲਿੰਗ ਸਬੰਧੀ ਮਾਰਗ-ਦਰਸ਼ਨ ਕਰਦਿਆਂ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀ ਦੇ ਦਾਇਰੇ, ਸਰਕਾਰੀ ਨੌਕਰੀਆਂ ਦੀਆਂ ਕਿਸਮਾਂ, ਪ੍ਰੀਖਿਆ ਪੈਟਰਨ, ਸਮਾਂ ਪ੍ਰਬੰਧਨ ਲਈ ਰਣਨੀਤੀਆਂ ਆਦਿ ਵਿਸ਼ਿਆਂ ਬਾਰੇ ਜਾਗਰੂਕ ਕੀਤਾ। ਸਾਰੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇੰਟਰਵਿਊ ਅਤੇ ਓਰੀਐਂਟੇਸ਼ਨ ਵਿੱਚ ਭਾਗ ਲਿਆ।  ਪ੍ਰਿੰਸੀਪਲ ਡਾ.ਸਤਵੰਤ ਕੌਰ ਨੇ ਐਲੂਮਨੀ ਐਸੋਸੀਏਸ਼ਨ ਅਤੇ ਪਲੇਸਮੈਂਟ ਸੈੱਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਵਰਧਮਾਨ ਸਪੈਸ਼ਲ ਸਟੀਲਜ਼ ਵੱਲੋਂ ਹੁਨਰ ਵਿਕਾਸ ਕੇਂਦਰਾਂ ਨੂੰ ਚਲਾਉਣ ਲਈ 3.6 ਲੱਖ ਰੁਪਏ ਦਾ ਯੋਗਦਾਨ

ਲੁਧਿਆਣਾ, 15 ਫਰਵਰੀ (ਟੀ. ਕੇ. ) - ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਲੋਂ ਸੀ.ਐਸ.ਆਰ. ਪਹਿਲਕਦਮੀ ਅਤੇ ਪ੍ਰੋਜੈਕਟ ਨਾਰੀ ਸ਼ਕਤੀ ਤਹਿਤ ਹੁਨਰ ਵਿਕਾਸ ਕੇਂਦਰ (ਮਿੰਨੀ ਸਕੱਤਰੇਤ ਲੁਧਿਆਣਾ ਅਤੇ ਹੰਬੜਾਂ ਰੋਡ ਵਿਖੇ) ਚਲਾਉਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ 3.6 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ।

ਕੰਪਨੀ ਦੇ ਸੀਨੀਅਰ ਮੈਨੇਜਰ ਸੀ.ਐਸ.ਆਰ. ਅਮਿਤ ਧਵਨ ਨੇ ਚੈੱਕ ਸੌਂਪਿਆ। ਉਨ੍ਹਾਂ ਕਿਹਾ ਕਿ ਵਰਧਮਾਨ ਸਪੈਸ਼ਲ ਸਟੀਲਜ਼ ਲੋੜਵੰਦ ਔਰਤਾਂ ਨੂੰ ਸਿਲਾਈ ਦੇ ਹੁਨਰਮੰਦ ਬਣਾਉਣ ਵਿੱਚ ਸਹਿਯੋਗ ਵਜੋਂ ਸਾਲਾਨਾ 7.2 ਲੱਖ ਰੁਪਏ ਦੀ ਸਹਾਇਤਾ ਨਾਲ ਜ਼ਿਲ੍ਹਾ ਹੁਨਰ ਵਿਕਾਸ ਕੇਂਦਰਾਂ ਦੀ ਸਹਾਇਤਾ ਕਰੇਗੀ, ਜਿਸ ਨਾਲ ਉਹ ਇੱਕ ਸੁੰਦਰ ਜੀਵਨ ਕਮਾਉਣ ਦੇ ਯੋਗ ਬਣ ਸਕਣ। ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਵਰਧਮਾਨ ਸਪੈਸ਼ਲ ਸਟੀਲਜ਼ ਬੁੱਢਾ ਦਰਿਆ ਦੇ ਨਾਲ-ਨਾਲ ਮਿਆਵਾਕੀ ਜੰਗਲ ਦੇ 2.5 ਏਕੜ ਦੇ ਵਿਕਾਸ ਲਈ, ਹਵਾ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆਵਲ ਭਰਪੂਰ ਸ਼ਹਿਰੀ ਜੰਗਲੀ ਖੇਤਰਾਂ ਦੇ ਵਿਕਾਸ ਲਈ ਪ੍ਰਸ਼ਾਸਨ ਨਾਲ ਸਮਝੌਤਾ ਕਰਨ ਦੇ ਅੰਤਮ ਪੜਾਅ ਵਿੱਚ ਹੈ।
 
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਨੇਕ ਕਾਰਜ ਲਈ ਵਰਧਮਾਨ ਸਪੈਸ਼ਲ ਸਟੀਲਜ਼ ਦੀ ਮੈਨੇਜਮੈਂਟ ਅਤੇ ਇਸ ਦੇ ਵਾਈਸ ਚੇਅਰਮੈਨ ਸਚਿਤ ਜੈਨ, ਸੌਮਿਆ ਜੈਨ ਅਤੇ ਆਰ.ਕੇ. ਰੇਵਾੜੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।

ਨਹਿਰੂ ਯੁਵਾ ਕੇਂਦਰ ਵਲੋਂ ਸਰਕਾਰੀ ਕਾਲਜ (ਲੜਕੀਆਂ) 'ਚ ਰਾਜ ਪੱਧਰੀ ਘੋਸ਼ਣਾ ਮੁਕਾਬਲੇ ਕਰਵਾਏ ਗਏ

ਲੁਧਿਆਣਾ, 15 ਫਰਵਰੀ (ਟੀ. ਕੇ. ) - ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਅੱਜ ਸਰਕਾਰੀ ਕਾਲਜ (ਲੜਕੀਆਂ)  ਵਿਖੇ ਰਾਜ ਪੱਧਰੀ ਘੋਸ਼ਣਾ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਪੱਧਰ 'ਤੇ ਘੋਸ਼ਣਾ ਮੁਕਾਬਲੇ ਦੇ ਪਹਿਲੇ ਇਨਾਮ ਜੇਤੂਆਂ ਨੇ MYBharat- Viksit Bharat@2047 ਥੀਮ 'ਤੇ ਭਾਗ ਲਿਆ।ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਬੱਗਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਸਾਰੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਨੌਜਵਾਨਾਂ ਨੂੰ ਸਾਰੇ ਚੰਗੇ ਕੰਮਾਂ ਲਈ ਅੱਗੇ ਆਉਣ ਲਈ ਵੀ ਪ੍ਰੇਰਿਆ।ਵੱਖ-ਵੱਖ ਤਿੰਨ ਜੱਜਾਂ, ਸ਼੍ਰੀ ਨਵਦੀਪ ਸਿੰਘ, ਸ਼੍ਰੀਮਤੀ ਜਸਪ੍ਰੀਤ ਕੌਰ ਅਤੇ ਸ਼੍ਰੀ ਅਟਲ ਬਾਜਪਾਈ ਦੇ ਇੱਕ ਪੈਨਲ ਨੇ ਖੇਤਰੀ ਮੁਹਾਰਤ ਵਾਲੇ ਭਾਗੀਦਾਰਾਂ ਨੂੰ ਵਿਸ਼ਾ-ਵਸਤੂ, ਸੰਚਾਰ ਹੁਨਰ, ਪੇਸ਼ਕਾਰੀ ਦੇ ਹੁਨਰ, ਵਿਚਾਰਾਂ ਅਤੇ ਵਿਚਾਰਾਂ ਦੀ ਸਪੱਸ਼ਟਤਾ ਅਤੇ ਵਿਸ਼ਵਾਸ ਦੇ ਪੱਧਰ ਦੇ ਮਾਪਦੰਡਾਂ 'ਤੇ ਨਿਰਣਾ ਕੀਤਾ। ਮੁਕਾਬਲੇ ਲਈ ਭਾਸ਼ਣ ਹਿੰਦੀ, ਅੰਗਰੇਜ਼ੀ ਜਾਂ ਰਾਜ ਦੀ ਸਰਕਾਰੀ ਭਾਸ਼ਾ ਵਿੱਚ 7 ਮਿੰਟ (ਵੱਧ ਤੋਂ ਵੱਧ) ਦੀ ਮਿਆਦ ਤੱਕ ਸੀ। ਰਾਜ ਪੱਧਰੀ ਮੁਕਾਬਲੇ ਵਿੱਚ ਇਨਾਮ ਪਹਿਲਾ ਇਨਾਮ ਇੱਕ ਲੱਖ ਰੁਪਏ, ਦੂਜਾ ਇਨਾਮ 50 ਹਜ਼ਾਰ ਰੁਪਏ ਜਦਕਿ ਤੀਸਰਾ ਇਨਾਮ ਵੱਖ-ਵੱਖ 2 ਵਿਜੇਤਾਵਾਂ ਲਈ 25 ਹਜ਼ਾਰ ਰੁਪਏ ਰੱਖਿਆ ਗਿਆ ਸੀ।ਨਹਿਰੂ ਯੁਵਾ ਕੇਂਦਰ ਲੁਧਿਆਣਾ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਵੱਲੋਂ ਜੇਤੂਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਜਲੰਧਰ ਦੀ ਸਾਕਸ਼ੀ ਸ਼ਰਮਾ ਨੇ ਪਹਿਲਾ, ਫਿਰੋਜ਼ਪੁਰ ਦੀ ਨਮਿਤ ਪ੍ਰੀਤ ਕੌਰ ਨੇ ਦੂਜਾ ਅਤੇ ਫਾਜ਼ਿਲਕਾ ਦੀ ਅਰਸ਼ਦੀਪ ਕੌਰ ਅਤੇ ਕਪੂਰਥਲਾ ਦੀ ਆਂਚਲਪ੍ਰੀਤ ਕੌਰ ਨੇ ਤੀਜਾ ਇਨਾਮ ਜਿੱਤਿਆ ਹੈ।
  ਇਸ ਮੌਕੇ ਵਿਸ਼ੇਸ਼ ਮਹਿਮਾਨ ਪਰਮਜੀਤ ਸਿੰਘ, ਸਟੇਟ ਡਾਇਰੈਕਟਰ, ਨਹਿਰੂ ਯੁਵਾ ਕੇਂਦਰ ਸੰਸਥਾਨ, ਪੰਜਾਬ, ਚੰਡੀਗੜ੍ਹ ਨੇ ਸਮੁੱਚੇ ਵਿਕਾਸ ਵਿੱਚ ਅਜਿਹੇ ਪਲੇਟਫਾਰਮਾਂ ਦੀ ਮਹੱਤਤਾ ਬਾਰੇ ਗੱਲ ਕੀਤੀ ਅਤੇ ਮਾਈ ਭਾਰਤ ਪੋਰਟਲ ਅਤੇ ਨੈਸ਼ਨਲ ਯੂਥ ਪਾਰਲੀਮੈਂਟ ਬਾਰੇ ਚਾਨਣਾ ਪਾਇਆ। ਸਰਕਾਰੀ ਕਾਲਜ (ਲੜਕੀਆਂ) ਦੇ ਪ੍ਰਿੰਸੀਪਲ ਸੁਮਨ ਲਤਾ ਨੇ ਵੀ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਗੁਰੂ ਸਾਹਿਬਾਨ ਦੀ ਬਾਣੀ ਆਧਿਆਤਮਕ ਤੇ ਰੁਹਾਨੀਅਤ ਦਾ ਸਕੂਨ ਦੇਂਦੀ ਹੈ - ਭਾਈ ਸੇਵਕ ਸਿੰਘ  

ਲੁਧਿਆਣਾ,11 ਫਰਵਰੀ (ਕਰਨੈਲ ਸਿੰਘ ਐੱਮ.ਏ.)  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਬਸੰਤ ਰੁੱਤ ਦੀ ਆਮਦ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਆਯੋਜਿਤ ਕੀਤਾ  ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ  ਭਾਈ ਸੇਵਕ ਸਿੰਘ  ਯੂ.ਐਸ.ਏ ਵਾਲਿਆਂ  ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਗੁਰੂ ਸਾਹਿਬਾਨ ਤੇ ਭਗਤਾਂ ਦੀ ਬਾਣੀ ਜਿੱਥੇ ਸਾਨੂੰ ਅਧਿਆਤਮਕ ਤੇ ਰੂਹਾਨੀਅਤ ਦਾ ਸਕੂਨ ਪ੍ਰਦਾਨ ਕਰਦੀ ਹੈ,ਉੱਬੇ ਨਾਲ ਹੀ ਅਕਾਲ ਪੁਰਖ ਦੀ ਬੰਦਗੀ ਕਰਨ ਅਤੇ ਸਮੁੱਚੀ ਲੋਕਾਈ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਵੀ ਦੇਂਦੀ ਹੈ। ਉਨ੍ਹਾਂ ਨੇ ਬਸੰਤ ਰੁੱਤ ਦੀ ਆਮਦ  ਸੰਬੰਧੀ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਖੁਸ਼ੀਆਂ, ਖੇੜਿਆਂ ਤੇ ਹਰਿਆਵਲ ਦੇ ਪ੍ਰਤੀਕ ਬਸੰਤ ਰੁੱਤ ਦੀ ਆਮਦ ਸੰਬੰਧੀ ਗੁਰਬਾਣੀ ਸਾਨੂੰ ਪ੍ਰਭੂ ਭਗਤੀ ਨਾਲ ਜੁੜਨ ਨਾਲ ਜੁੜਨ ਦਾ ਸੰਦੇਸ਼ ਦੇਂਦੀ ਹੋਈ ਸਾਨੂੰ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜੀਉਣ ਦੀ ਪ੍ਰੇਰਣਾ ਦਿੰਦੀ ਹੈ। ਕੀਰਤਨ ਸਮਾਗਮ ਦੌਰਾਨ  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਸੇਵਕ ਸਿੰਘ ਅਤੇ  ਉਨ੍ਹਾਂ ਦੇ ਕੀਰਤਨੀ ਜੱਥੇ  ਦੇ ਮੈਬਰਾਂ ਨੂੰ ਸਿਰੋਪਾਉ ਭੇਟ ਕੀਤੇ । ਸਮਾਗਮ ਅੰਦਰ  ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ, ਸ੍ਰ.ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ , ਮਨਮੋਹਨ ਸਿੰਘ,ਪ੍ਰਿਤਪਾਲ ਸਿੰਘ , ਭੁਪਿੰਦਰਪਾਲ  ਸਿੰਘ ਧਵਨ  , ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ) ਬਲਬੀਰ ਸਿੰਘ ਭਾਟੀਆ,ਸੁਰਿੰਦਰਪਾਲ ਸਿੰਘ ਭੁਟੀਆਨੀ, ਗੁਰਦੀਪ ਸਿੰਘ ਡੀਮਾਰਟੇ,ਰਣਜੀਤ ਸਿੰਘ ਖਾਲਸਾ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ, ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ, ਹਰਕੀਰਤ ਸਿੰਘ ਬਾਵਾ, ਸਰਪੰਚ ਗੁਰਚਰਨ ਸਿੰਘ, ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ,ਹਰਮੀਤ ਸਿੰਘ ਡੰਗ,ਅਵਤਾਰ ਸਿੰਘ ਮਿੱਡਾ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ, ਕਰਨਦੀਪ ਸਿੰਘ, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

ਸਰਬ-ਸਾਂਝੀ ਵੈਲਫੇਅਰ ਸੋਸਾਇਟੀ ਦੀ ਮਹੀਨਾ ਵਾਰ ਮੀਟਿੰਗ ਹੋਈ

ਲੁਧਿਆਣਾ( ਕਰਨੈਲ ਸਿੰਘ ਐੱਮ.ਏ.)ਸਰਬ-ਸਾਂਝੀ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ, ਅਰਬਨ ਅਸਟੇਟ, ਫੋਕਲ ਪੁਆਇੰਟ, ਜਮਾਲਪੁਰ ਵਿੱਚ ਮਹੀਨਾਵਾਰ ਹੋਣ ਵਾਲੀ ਮੀਟਿੰਗ ਸ੍ਰ: ਗੁਰਦੇਵ ਸਿੰਘ ਸਰਪ੍ਰਸਤ ਦੀ ਪ੍ਰਧਾਨਗੀ ਹੇਠ ਹਸਪਤਾਲ  ਦੇ ਮੀਟਿੰਗ ਹਾਲ ਵਿੱਚ ਹੋਈ । ਮੀਟਿੰਗ ਵਿੱਚ ਧਾਰਮਿਕ ਅਤੇ ਰਾਜਨੀਤਿਕ  ਵਿਚਾਰਾਂ ਕੀਤੀਆਂ ਗਈਆਂ । ਡਾ: ਅੰਮ੍ਰਿਤਪਾਲ ਸਿੰਘ ਚੇਅਰਮੈਨ, ਹਰਬੰਸ਼ ਸਿੰਘ ਪ੍ਰਧਾਨ, ਗੁਰਦੇਵ ਸਿੰਘ ਵਿਰਦੀ ਸੈਕਟਰੀ, ਵਰਿੰਦਰ ਸਿੰਘ ਰਾਜੀ ਕੈਸ਼ੀਅਰ, ਗਿਆਨੀ ਫਤਿਹ ਸਿੰਘ, ਹਰਬੰਸ ਸਿੰਘ ਸਲੂਜਾ, ਪ੍ਰਤਾਪ ਸਿੰਘ ਸੈਣੀ ,ਐਸ ਐਸ  ਗੰਭੀਰ, ਬਾਵਾ ਸਿੰਘ,  ਕੁਲਵੰਤ ਸਿੰਘ, ਸੁਰਜੀਤ ਸਿੰਘ ਹਾਜ਼ਰ ਸਨ ।

 

ਜੀਰਖ ਵਿੱਖੇ ਮੁੱਖ ਅਧਿਆਪਕਾ ਸ਼ੇਰ ਕੌਰ ਦੀ ਯਾਦ ਵਿੱਚ ਲੱਗੇ ਸੱਤਵੇਂ ਅੱਖਾਂ ਦੇ ਫਰੀ ਕੈਂਪ ਵਿੱਚ 178 ਮਰੀਜਾਂ ਦੇ ਮੁਆਇਨੇ ਕੀਤੇ

ਲੁਧਿਆਣਾ, 11 ਫਰਵਰੀ  (  ਟੀ. ਕੇ. ) ਤਰਕਸ਼ੀਲ ਆਗੂ ਜਸਵੰਤ ਜੀਰਖ ਦੀ ਪਤਨੀ ਮੁੱਖ ਅਧਿਆਪਕਾ ਸ਼ੇਰ ਕੌਰ ਦੀ ਯਾਦ ਵਿੱਚ ਲੱਗੇ ਫਰੀ ਅੱਖਾਂ ਦੇ ਸੱਤਵੇਂ ਸਲਾਨਾ ਫਰੀ ਕੈਂਪ ਵਿੱਚ ਇਲਾਕੇ ਵਿੱਚੋਂ 178 ਅੱਖਾਂ ਦੇ ਮਰੀਜਾਂ ਨੇ ਸਿਰਕਤ ਕੀਤੀ। ਪਿੰਡ ਜੀਰਖ ਦੇ ਪ੍ਰਾਇਮਰੀ ਸਕੂਲ ਵਿੱਚ ਜੀਰਖ ਪ੍ਰਵਾਰ ਵੱਲੋਂ ਲਗਾਏ ਇਸ ਕੈਂਪ ਵਿੱਚ ਪੁੱਨਰ ਜੋਤ ਅੱਖਾਂ ਦੇ ਹਸਪਤਾਲ ਵੱਲੋਂ ਡਾ ਰਮੇਸ਼ (ਐਮ ਡੀ ਅੱਖਾਂ) ਦੀ ਟੀਮ ਵੱਲੋਂ ਕੀਤੇ ਮੁਆਇਨੇ ਦੌਰਾਨ 14 ਮਰੀਜਾਂ ਨੂੰ ਚਿੱਟੇ ਮੋਤੀਏ ਦੇ ਅਪ੍ਰੇਸ਼ਨ , 80 ਨੂੰ ਐਨਕਾਂ ਸਮੇਤ ਸਾਰੇ ਮਰਜਾਂ ਨੂੰ ਅੱਖਾਂ ਦੇ ਵੱਖ ਵੱਖ ਰੋਗਾਂ ਲਈ ਮੁੱਫਤ ਦਵਾਈਆਂ ਦਿੱਤੀਆਂ ਗਈਆਂ। ਚਿੱਟੇ ਮੋਤੀਏ ਦੇ ਅਪਰੇਸ਼ਨ ਅਤੇ ਲੈਂਜ ਪਾਉਣ ਲਈ 20 ਫਰਵਰੀ ਨੂੰ ਪੁੱਨਰ ਜੋਤ ਹਸਪਤਾਲ ਲੁਧਿਆਣਾ ਦਾ ਸਮਾਂ ਤਹਿ ਕੀਤਾ ਗਿਆ। ਡਾ ਰਮੇਸ਼ ਵੱਲੋਂ ਇਹਨਾਂ ਦੇ ਅਪ੍ਰੇਸ਼ਨ ਕਰਕੇ ਲੈਂਜ ਪਾਏ ਜਾਣਗੇ।ਇਸ ਮੌਕੇ ਜੀਰਖ ਪ੍ਰਵਾਰ ਅਤੇ ਨਗਰ ਪੰਚਾਇਤ ਵੱਲੋਂ ਕੀਤੇ ਸਮੁੱਚੇ ਪ੍ਰਬੰਧ ਵਿੱਚ ਦਲਬਾਗ ਸਿੰਘ , ਐਡਵੋਕੇਟ ਹਰਪ੍ਰੀਤ ਜੀਰਖ, ਤਰਲੋਚਨ ਸਿੰਘ ਉਰਫ ਰਾਜੂ ਜੀਰਖ, ਜੋਬਨ ਪ੍ਰੀਤ ਸਿੰਘ ਜੀਰਖ, ਮੋਹਣ ਸਿੰਘ,  ਬਲਜੀਤ ਸਿੰਘ, ਸਰਪੰਚ ,ਮੋਹਣ ਸਿੰਘ ਮੈਂਬਰ ਪੰਚਾਇਤ ਨੇ ਬਣਦੀ ਭੂਮਿਕਾ ਨਿਭਾਈ।