You are here

ਲੁਧਿਆਣਾ

ਦਿਮਾਗੀ ਸਿਹਤ ਸਬੰਧੀ ਸੈਮੀਨਾਰ ਕਰਵਾਇਆ

ਲੁਧਿਆਣਾ, 29 ਫਰਵਰੀ (ਟੀ. ਕੇ.) ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ ਕੈਂਪਸ ਦੇ ਲਾਇਨ ਕਲੱਬ ਅਤੇ ਲਾਇਨ ਕਲੱਬ ਲੁਧਿਆਣਾ ਵੇਜੀਟੇਰੀਅਨ ਨੇ ਲੁਧਿਆਣਾ ਸਿਟਿਜਨ ਕੌਂਸਲ ਦੇ ਸਹਿਯੋਗ ਨਾਲ ਮੈਂਟਲ ਹੈਲਥ (ਦਿਮਾਗੀ ਸਿਹਤ) ਵਿਸ਼ੇ ਤੇ ਸੈਮੀਨਰ ਕਰਵਾਇਆਂ ਗਿਆ।
ਜਿਸ ਵਿੱਚ ਮੁੱਖ ਮਹਿਮਾਨ ਦੀ ਭੂਮਿਕਾ ਦਰਸ਼ਨ ਅਰੋੜਾ (ਚੇਅਰਮੈਨ ਲੁਧਿਆਣਾ ਸਿਟੀਜਨ ਕੌਂਸਲ) ਅਤੇ ਕੀ—ਨੋਟ ਸਪੀਕਰ ਦੀ ਭੂਮਿਕਾ ਡਾ. ਵਿਲੀਅਮ ਭੱਟੀ (ਡਾਇਰੈਕਟਰ ਸੀ.ਐਮ.ਸੀ. ਲੁਧਿਆਣਾ) ਨੇ ਨਿਭਾਈ। ਲਾਇਨ ਕਲੱਬ ਦਾ ਉਦੇਸ਼ ਹੈ ਕਿ ਉਹ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਹੈ। ਜਿਸ ਵਿੱਚ ਲੋਕਾਂ ਨੂੰ ਮੁਫਤ ਦਵਾਈਆ ਅਤੇ ਖਾਣ ਪੀਣ ਚੀਜਾਂ ਮੁਹੱਈਆ ਕਰਵਾਉਂਦਾ ਹੈ। ਪ੍ਰਤਾਪ ਕਾਲਜ ਦਾ ਇਸ ਕਲੱਬ ਨੂੰ ਸਥਾਪਿਤ ਕਰਨ ਦਾ ਇਹ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਸਮਾਜਿਕ ਸੇਵਾ ਲਈ ਜਾਗਰੂਕ ਕੀਤਾ ਜਾਂਵੇ ਤਾਂ ਕਿ ਉਹ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਸਕਣ।
ਡਾ. ਬਲਵੰਤ ਸਿੰਘ (ਡਾਇਰੈਕਟਰ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ) ਅਤੇ ਡਾ. ਮਨਪ੍ਰੀਤ ਕੌਰ (ਪ੍ਰਿੰਸੀਪਲ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ) ਨੇ ਸਾਰਿਆ ਨੂੰ ਜੀ ਆਇਆ ਕਿਹਾ। 
ਡਾ. ਬਲਵੰਤ ਸਿੰਘ (ਡਾਇਰੈਕਟਰ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ, ਲੁਧਿਆਣਾ) ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਦਿਮਾਗੀ ਸਿਹਤ ਸਾਡੀ ਸਖ਼ਸਿਅਤ ਦਾ ਜਰੂਰੀ ਅੰਗ ਹੈ। ਇਸ ਲਈ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਬਾਰੇ ਸਾਰਿਆ ਨੂੰ ਜਾਗਰੂਕ ਕਰਨ ਦੀ ਲੋੜ ਹੈ, ਤੇ ਇਹ ਸਮੇਂ ਦੀ ਮੰਗ ਵੀ ਹੈ।
ਡਾ. ਵਿਲੀਅਮ ਭੱਟੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮੇਰਾ ਆਪਣੇ ਕਿੱਤੇ ਵਿੱਚ ਬੱਚਿਆ ਨਾਲ ਮਿਲਣਾ ਹੁੰਦਾ ਹੈ। ਅੱਜ ਕੱਲ੍ਹ ਦੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਜਿਆਦਾ ਦਿਮਾਗੀ ਸਿਹਤ ਨਾਲ ਜੂਝ ਰਹੀ ਹੈ। ਇਸ ਦਾ ਕਾਰਨ ਹੈ ਕਿ ਅਸੀਂ ਆਪਣਾ ਕੰਮ ਸਮੇਂ ਤੇ ਨਹੀਂ ਕਰਦੇ ਤੇ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਕਿਉਂਕਿ ਸਾਡਾ ਖਾਣਾ ਸਹੀ ਨਹੀਂ ਹੈ। ਸਾਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਇਹ ਸਾਡੇ ਸਰੀਰ ਲਈ ਬਹੁਤ ਜਰੂਰੀ ਹੈ।
ਸ੍ਰੀ ਦਰਸ਼ਨ ਅਰੋੜਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਮਾਨਸਿਕ ਅਤੇ ਸਰੀਰਕ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਇੱਕ ਚੰਗੇ ਸਰੀਰ ਵਿੱਚ ਹੀ ਚੰਗੇ ਮਨ ਦਾ ਵਿਕਾਸ ਹੋ ਸਕਦਾ ਹੈ। ਅੰਤ ਵਿੱਚ ਲਾਇਨ ਮਨਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।

 ਖਾਣ-ਪੀਣ ਸੰਬੰਧੀ ਵਿਗਾੜਾਂ 'ਤੇ ਐਕਸਟੈਨਸ਼ਨ ਲੈਕਚਰ

ਲੁਧਿਆਣਾ, 29 ਫਰਵਰੀ(ਟੀ. ਕੇ.) 
ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਮਾਡਲ ਟਾਊਨ, ਲੁਧਿਆਣਾ ਦੇ ਮਨੋਵਿਗਿਆਨ ਵਿਭਾਗ ਨੇ ਈਟਿੰਗ ਡਿਸਆਰਡਰ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਵਿੱਚ ਇੱਕ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ।
ਮਨੋਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ ਗਈ। ਉਨ੍ਹਾਂ ਖਾਣ ਪੀਣ ਦੀਆਂ ਵੱਖ-ਵੱਖ ਬਿਮਾਰੀਆਂ ਅਤੇ ਉਨ੍ਹਾਂ ਦੇ ਲੱਛਣਾਂ ਅਤੇ ਕਾਰਨਾਂ ਬਾਰੇ ਦੱਸਿਆ। ਬਤੌਰ ਰਿਸੋਰਸ ਪਰਸਨ ਡਾਈਟੀਸ਼ੀਅਨ ਡਾ.ਬਲਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਚੰਗੀ ਖੁਰਾਕ ਅਤੇ ਸੰਤੁਲਿਤ ਭੋਜਨ ਦੀ ਮਹੱਤਤਾ ਬਾਰੇ ਸੰਬੋਧਨ ਕਰਨ ਲਈ ਸੱਦਾ ਦਿੱਤਾ। ਉਨ੍ਹਾਂ ਨੇ ਖਾਣ-ਪੀਣ ਦੇ ਵਿਗਾੜ ਵਾਲੇ ਮਰੀਜ਼ਾਂ ਦੇ ਵੱਖ-ਵੱਖ ਕੇਸ ਅਧਿਐਨ ਸਾਂਝੇ ਕੀਤੇ ਅਤੇ ਸਿਹਤਮੰਦ ਅਤੇ ਘਰੇਲੂ ਭੋਜਨ ਖਾਣ 'ਤੇ ਜ਼ੋਰ ਦਿੱਤਾ।
ਸ਼੍ਰੀਮਤੀ ਕੁਸ਼ਾ ਮਹਿਰਾ ਮੁਖੀ ਮਨੋਵਿਗਿਆਨ ਵਿਭਾਗ ਨੇ ਈਟਿੰਗ ਡਿਸਆਰਡਰ ਦੇ ਨਿਦਾਨ ਦੀ ਮਹੱਤਤਾ ਬਾਰੇ ਦੱਸਿਆ ਜੋ ਅੱਜ ਦੀ ਪੀੜ੍ਹੀ ਦੇ ਮਰਦ ਅਤੇ ਔਰਤਾਂ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ। ਪਿ੍ੰਸੀਪਲ ਡਾ.ਮਨੀਤਾ ਕਾਹਲੋਂ ਨੇ ਚੰਗੀ ਮਾਨਸਿਕ ਅਤੇ ਸਰੀਰਕ ਸਿਹਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ |

ਅੰਤਰ ਬਹੁ-ਤਕਨੀਕੀ ਕਾਲਜਾਂ ਦੇ ਯੁਵਕ ਮੇਲੇ ਵਿੱਚ ਐਸ.ਆਰ.ਐਸ.ਗੌਰਮਿੰਟ ਬਹੁ-ਤਕਨੀਕੀ ਲੁਧਿਆਣਾ ਨੇ ਜਿੱਤੀ ਆਲ-ਉਵਰ ਰਨਰਅੱਪ ਟ੍ਰਾਫੀ

ਲੁਧਿਆਣਾ,29 ਫਰਵਰੀ (ਟੀ. ਕੇ.) ਪੀ.ਟੀ.ਆਈ.ਐਸ. ਵਲੋਂ ਪਿਛਲੇ ਦਿਨੀਂ ਅੰਤਰ - ਬਹੁ-ਤਕਨੀਕੀ ਕਾਲਜਾਂ ਦਾ ਯੂਥ ਫੈਸਟੀਵਲ  ਸਰਕਾਰੀ ਬਹੁ-ਤਕਨੀਕੀ ਕਾਲਜ ਪਟਿਆਲਾ ਵਿਖੇ ਕਰਵਾਇਆ ਗਿਆ।ਇਸ ਵਿੱਚ ਪੰਜਾਬ ਭਰ ਵਿਚੋਂ ਲਗਭਗ 35 ਕਾਲਜਾਂ ਦੇ ਸਿਖਿਆਰਥੀਆਂ ਨੇ ਭਾਗ ਲਿਆ।ਇਸ ਦੌਰਾਨ ਲੁਧਿਆਣਾ ਦੇ ਮਹਾਰਿਸ਼ੀ ਵਾਲਮੀਕਿ ਨਗਰ ਸਥਿਤ ਐਸ.ਆਰ.ਐਸ.ਗੌਰਮਿੰਟ ਕਾਲਜ  ਨੇ ਰੰਗੋਲੀ ਵਿੱਚ ਪਹਿਲਾ, ਕੋਰੀਓਗ੍ਰਾਫੀ ਵਿੱਚ ਪਹਿਲਾ,ਲੋਕ ਗੀਤ ਵਿੱਚ ਦੂਜਾ ਸਥਾਨ,ਸ਼ਬਦ ਗਾਇਨ ਵਿੱਚ ਤੀਜਾ ਸਥਾਨ ਜਦਕਿ ਸੋਲੋ ਡਾਂਸ ਵਿੱਚ ਉਤਸ਼ਾਹਿਤ ਇਨਾਮ ਪ੍ਰਾਪਤ ਕੀਤਾ।ਇਸ ਕਾਲਜ ਦੇ ਵਿਦਿਆਰਥੀਆਂ ਦੀ ਇਸ  ਯੂਥ ਫੈਸਟੀਵਲ ਵਿੱਚ ਸਖਤ ਮਿਹਨਤ ਕਰਕੇ ਆਲ ਓਵਰ ਰਨਰ ਟ੍ਰਾਫੀ ਹਾਸਲ ਕਰਕੇ ਲੁਧਿਆਣਾ ਜ਼ਿਲੇ ਦਾ ਨਾਮ ਰੌਸ਼ਨ ਕੀਤਾ।ਇਸ ਪ੍ਰਾਪਤੀ ਸਬੰਧੀ ਕਾਲਜ ਦੇ ਪ੍ਰਿੰਸੀਪਲ ਇੰਜ: ਮਨੋਜ ਕੁਮਾਰ ਜਾਂਬਲਾ  ਨੇ ਦੱਸਿਆ ਕਿ ਜਿਥੇ ਇਹ ਕਾਲਜ ਪੰਜਾਬ ਸਰਕਾਰ ਵਲੋਂ ਘਰ-ਘਰ ਤਕਨੀਕੀ ਸਿਖਿਆ ਪਹੁੰਚਾਉਣ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਉਥੇ ਹੀ ਇਹ ਸੱਭਿਆਚਾਰਕ ਅਤੇ ਖੇਡਾਂ ਵਿੱਚ ਮੋਹਰੀ ਰੋਲ ਅਦਾ ਕਰਕੇ ਲੁਧਿਆਣਾ ਜਿ਼ਲ੍ਹੇ ਦਾ  ਨਾਮ ਰੌਸ਼ਨ ਕਰ ਰਿਹਾ ਹੈ।ਇਸ ਮੌਕੇ ਉਨ੍ਹਾਂ ਕਾਲਜ ਦੇ ਸਿਖਿਆਰਥੀ ਅਤੇ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪੜ੍ਹਾਈ ਦੇ ਨਾਲ-ਨਾਲ ,ਸਭਿਆਚਾਰਕ ਗਤੀ ਵਿਧੀਆਂ ਵਿੱਚ ਹੋਰ ਮਿਹਨਤ ਕਰਕੇ ਅਪਣੀ ਆਲਓਵਰ ਪ੍ਰਸਨੈਲਟੀ ਨੂੰ ਹੋਰ ਵਿਕਸਤ ਕਰਕੇ ਆਪਣੇ ਮਾਪਿਆਂ ਅਤੇ ਕਾਲਜ ਦਾ ਨਾਮ ਰੌਸ਼ਨ ਕਰ ਸਕਦੇ ਹਨ।ਇਸ ਮੌਕੇ ਸਿੱਖਿਆਰਥੀਆਂ ਨੂੰ ਵਧਾਈ ਦੇਣ ਵਾਲਿਆਂ ਵਿਚ ਕਾਲਜ ਕਮੇਟੀ ਦੇ ਪ੍ਰਧਾਨ ਐਸ.ਆਰ.ਸੀ.ਕੁਲਵਿੰਦਰ ਸਿੰਘ ਪੰਨੂ,ਜਸਪ੍ਰੀਤ ਕੌਰ ਮੁਖੀ ਵਿਭਾਗ,ਕੁਲਵਿੰਦਰ ਸਿੰਘ ਮੁਖੀ ਵਿਭਾਗ ਕੰਪਿ:ਇੰਜ.,ਰੁਪਿੰਦਰ ਕੌਰ ਮੁਖੀ ਵਿਭਾਗ,ਲਖਬੀਰ ਸਿੰਘ ਅਫਸਰ ਇੰਚਾਰਜ,ਜਸਵੀਰ ਸਿੰਘ ਅਫਸਰ ਇੰਚਾਰਜ,ਦੇਵਿੰਦਰ ਕੁਮਾਰ ਅਫਸਰ ਇੰਚਾਰਜ ਵੀ ਹਾਜਰ ਸਨ।

ਵਿਧਾਇਕ ਛੀਨਾ ਦੀ ਅਗਵਾਈ 'ਚ ਸ਼ਰਧਾਲੂਆਂ ਦਾ 8ਵਾਂ ਜੱਥਾ ਰਵਾਨਾ

ਲੁਧਿਆਣਾ, 28 ਫਰਵਰੀ (ਟੀ. ਕੇ. ) - ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਦੇ ਵਸਨੀਕਾਂ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਭਰਪੂਰ ਲਾਹਾ ਲਿਆ ਜਾ ਰਿਹਾ ਹੈ। 

ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਵਲੋਂ, ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਅਧੀਨ ਵਾਰਡ 22 ਸ਼ੇਰਪੁਰ ਤੋਂ 8ਵਾਂ ਸ਼ਰਧਾਲੂਆਂ ਦਾ ਜੱਥਾ ਮਾਤਾ ਨੈਣਾ ਦੇਵੀ, ਮਾਤਾ ਚਿੰਤਾ ਪੁਰਨੀ ਮਾਤਾ ਜਵਾਲਾ ਜੀ ਤੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ।

ਮੁੱਖ ਮੰਤਰੀ ਪੰਜਾਬ  ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਤੀਰਥ ਯਾਤਰਾ ਸਕੀਮ ਦੇ ਤਹਿਤ ਗੁਰੂ ਘਰਾਂ, ਗੁਰੂ ਧਾਮਾਂ ਅਤੇ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ।

ਵਿਧਾਇਕ ਛੀਨਾ ਨੇ ਦੱਸਿਆ ਕਿ ਇਹ ਬੱਸ ਸ਼ਰਧਾਲੂਆਂ ਨੂੰ ਮਾਤਾ ਚਿੰਤਪੂਰਨੀ ਮਾਤਾ ਜਵਾਲਾ ਜੀ ਮਾਤਾ ਨੈਣਾ ਦੇਵੀ ਤੇ ਸ਼੍ਰੀ ਅਨੰਦਪੁਰ ਸਾਹਿਬ ਲੈ ਕੇ ਜਾਵੇਗੀ। ਇਸ ਦੌਰਾਨ ਸ਼ਰਧਾਲੂਆਂ ਦਾ ਉਤਸਾਹ ਵੇਖਦਿਆਂ ਹੀ ਬਣਦਾ ਸੀ। ਇਸ ਸਕੀਮ ਦੇ ਨਾਲ ਪੰਜਾਬ ਵਾਸੀਆਂ ਨੂੰ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਅਤੇ ਵੱਖ-ਵੱਖ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਬੱਸਾਂ ਟਰੇਨਾਂ ਰਾਹੀਂ ਤੀਰਥ ਸਥਾਨਾਂ ਤੇ ਪਹੁੰਚ ਰਹੇ ਹਨ। 

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਇਸ ਸਕੀਮ ਦੇ ਤਹਿਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਰਜਿਸਟਰੇਸ਼ਨ ਕਰਵਾ ਰਹੇ ਹਨ ਅਤੇ ਜੇਕਰ ਕਿਸੇ ਨੂੰ ਕੋਈ ਔਕੜ ਆਵੇ ਤਾਂ ਉਹਨਾਂ ਦੇ ਦਫਤਰ ਵਿਖੇ ਵੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ।

ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਲੁਧਿਆਣਾ, 28 ਫਰਵਰੀ (ਟੀ. ਕੇ.) ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਦੀ ਸਾਇੰਸ ਸੁਸਾਇਟੀ ਅਤੇ ਈਕੋ ਕਲੱਬ ਨੇ  ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ। ਇਸ ਮੌਕੇ ਬੀ.ਐੱਡ. ਅਤੇ ਐਮ.ਐੱਡ.ਦੇ ਵਿਦਿਆਰਥੀਆਂ ਨੇ  ਭਾਗ ਲਿਆ। ਇਸ ਮੌਕੇ ਜਸਪ੍ਰੀਤ ਕੌਰ ਨੇ ਰਾਸ਼ਟਰੀ ਵਿਗਿਆਨ ਦਿਵਸ ਦੀ ਮਹੱਤਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਸ਼ਰੂਤੀ ਨੇ ਰਾਸ਼ਟਰੀ ਵਿਗਿਆਨ ਦਿਵਸ 2024 ਦੀ ਥੀਮ ‘ਵਿਕਸ਼ਿਤ ਭਾਰਤ ਲਈ ਸਵਦੇਸ਼ੀ ਤਕਨਾਲੋਜੀ’ ਬਾਰੇ ਹਾਜ਼ਰੀਨ ਨੂੰ ਜਾਗਰੂਕ ਕੀਤਾ। ਗੁਰਲੀਨ ਨੇ ਵਾਤਾਵਰਨ ਨੂੰ ਬਚਾਉਣ ਦੇ ਤਰੀਕਿਆਂ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਦਿੱਤੀ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ। ਡਾ: ਮਨਦੀਪ ਕੌਰ, ਇੰਚਾਰਜ ਸਾਇੰਸ ਸੋਸਾਇਟੀ ਨੇ ਹੋਣਹਾਰ ਅਧਿਆਪਕਾਂ ਨੂੰ ਵਿਗਿਆਨ ਨੂੰ ਇਸ ਤਰੀਕੇ ਨਾਲ ਪੜ੍ਹਾਉਣ ਦੀ ਅਪੀਲ ਕੀਤੀ ਜੋ ਭਵਿੱਖ ਦੇ ਵਿਗਿਆਨੀ ਪੈਦਾ ਕਰਨ ਵਿੱਚ ਸਹਾਈ ਹੋਵੇ ਜੋ ਦੇਸ਼ ਦੇ ਵਿਕਾਸ ਲਈ ਵਿਗਿਆਨ ਦੀ ਵਰਤੋਂ ਕਰਨ। ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸਤਵੰਤ ਕੌਰ ਨੇ ਕੀਤੀ।

 ਐਥਲੈਟਿਕ ਮੀਟ ਦੌਰਾਨ  ਰੁਪਿੰਦਰ ਕੌਰ ਨੂੰ ਸਰਵੋਤਮ ਅਥਲੀਟ ਚੁਣਿਆ 

ਲੁਧਿਆਣਾ, 28 ਫਰਵਰੀ(ਟੀ. ਕੇ.)  ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਕਾਲਜ ਕੈਂਪਸ ਵਿੱਚ ਦੋ ਰੋਜ਼ਾ  ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ 
ਇਨ੍ਹਾਂ ਮੁਕਾਬਲਿਆਂ ਵਿੱਚ 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 4 X 200 ਮੀਟਰ ਰਿਲੇਅ, ਲੰਬੀ ਛਾਲ, ਸ਼ਾਟ ਪੁਟ, ਜੈਵਲਿਨ ਥਰੋਅ, ਡਿਸਕਸ ਥਰੋਅ, ਸਕਿਪਿੰਗ ਰੇਸ, ਤਿੰਨ ਲੱਤਾਂ ਵਾਲੀ ਦੌੜ, ਚਮਚਾ ਅਤੇ ਆਲੂ ਦੌੜ ਅਤੇ ਚਾਟੀ ਵਰਗੇ ਟਰੈਕ ਅਤੇ ਫੀਲਡ ਈਵੈਂਟ ਸ਼ਾਮਲ ਸਨ। ਇਸ ਮੌਕੇ ਬੀ. ਕਾਮ. ਸਾਲ ਦੂਜਾ   ਦੀ ਰੁਪਿੰਦਰ ਕੌਰ ਨੂੰ  2023-24 ਦੀ ਸਰਵੋਤਮ ਅਥਲੀਟ ਦਾ ਖਿਤਾਬ ਜਿੱਤਿਆ ਅਤੇ ਬੀ. ਏ. - ਦੂਜਾ ਦੀ ਪੀਹੂ ਨੂੰ ਫਸਟ ਰਨਰ ਅੱਪ ਅਤੇ ਮਨਨੀਤ ਕੌਰ ਬੀ. ਕਾਮ - ਸਾਲ ਦੂਜਾ ਨੂੰ ਸੈਕਿੰਡ ਰਨਰ ਅੱਪ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ.ਮਨੀਤਾ ਕਾਹਲੋਂ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਲਈ ਇਹ ਖੇਡ ਸਮਾਗਮ ਕਰਵਾਉਣ ਲਈ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

ਵੈਟਨਰੀ ਯੂਨੀਵਰਸਿਟੀ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਨੇ ਮਨਾਇਆ ਸਥਾਪਨਾ ਦਿਵਸ

ਲੁਧਿਆਣਾ, 28 ਫਰਵਰੀ (ਟੀ. ਕੇ.)  ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਆਪਣਾ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਕੋਮਲ ਕਲਾਵਾਂ ਅਤੇ ਸਾਹਿਤਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਕਾਲਜ ਦੇ ਡੀਨ, ਡਾ. ਯਸ਼ਪਾਲ ਸਿੰਘ ਮਲਿਕ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਕਾਲਜ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਅਮਰੀਕਾ ਦੀ ਸੰਸਥਾ ਐਮ ਆਈ ਟੀ ਤੋਂ ਆਏ ਡਾ. ਆਰ ਐਸ ਰਾਣੂ ਅਤੇ ਐਨੀਮਲ ਬਾਇਓਤਕਨਾਲੋਜੀ ਸਕੂਲ ਦੇ ਭੂਤਪੂਰਵ ਨਿਰਦੇਸ਼ਕ, ਡਾ. ਜੀ ਐਸ ਬਰ੍ਹਾ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। 
    ਡਾ. ਰਾਣੂ ਨੇ ਜੈਵਿਕ ਤਕਨਾਲੋਜੀ ਵਿਗਿਆਨੀ ਵਜੋਂ ਆਪਣੇ ਕੰਮ ਤੇ ਤਜਰਬੇ ਸਾਂਝੇ ਕਰਦਿਆਂ ਨੋਬਲ ਵਿਗਿਆਨੀ ਡਾ. ਹਰਗੋਬਿੰਦ ਖੁਰਾਣਾ ਨਾਲ ਕੀਤੇ ਕਾਰਜ ਦਾ ਵੀ ਉਲੇਖ ਕੀਤਾ। ਡਾ. ਬਰ੍ਹਾ ਨੇ ਐਨੀਮਲ ਬਾਇਓਤਕਨਾਲੋਜੀ ਸਕੂਲ ਦੀ ਸਥਾਪਨਾ ਦੇ ਆਪਣੇ ਤਜਰਬੇ ਤੇ ਯਾਦਾਂ ਸਾਂਝੀਆਂ ਕੀਤੀਆਂ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਬਤੌਰ ਮੁੱਖ ਮਹਿਮਾਨ, ਆਯੋਜਕਾਂ ਨੂੰ ਅਤੇ ਕਾਲਜ ਨੂੰ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਵਿਦਿਆਰਥੀ ਨਿਰੰਤਰ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਰਹਿਣ। ਉਨ੍ਹਾਂ ਨੇ ਕਾਲਜ ਵੱਲੋਂ ਮਨੁੱਖਤਾ ਦੀ ਸੇਵਾ ਹਿਤ ਕੀਤੇ ਜਾ ਰਹੇ ਯਤਨਾਂ ਨੂੰ ਸਰਾਹਿਆ ਅਤੇ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਆ।
    ਯੂਨੀਵਰਸਿਟੀ ਦੇ ਵਿਭਿੰਨ ਅਧਿਕਾਰੀਆਂ ਨੇ ਵੀ ਸਮਾਗਮ ਦੀ ਸੋਭਾ ਵਧਾਈ। ਡਾ. ਸਤਪ੍ਰਕਾਸ਼ ਸਿੰਘ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਅਧਿਆਪਕ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਬਹੁਤ ਉਤਸਾਹ ਨਾਲ ਸਮਾਗਮ ਵਿਚ ਹਿੱਸਾ ਲਿਆ। ਇਸ ਮੌਕੇ ਫੋਟੋਗ੍ਰਾਫੀ, ਰੰਗੋਲੀ ਅਤੇ ਮੌਕੇ ’ਤੇ ਭਾਸ਼ਣਕਾਰੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।

ਵੈਟਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੌਮੀ ਕਾਨਫਰੰਸ ਵਿਚ ਪ੍ਰਾਪਤ ਕੀਤੇ ਇਨਾਮ

ਲੁਧਿਆਣਾ, 28 ਫਰਵਰੀ (ਟੀ. ਕੇ.)  ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਮੈਡੀਸਨ ਵਿਭਾਗ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੇ ਵੈਟਨਰੀ ਮੈਡੀਸਨ ਦੀ 40ਵੀਂ ਸਾਲਾਨਾ ਕਨਵੈਨਸ਼ਨ ਅਤੇ ਕੌਮੀ ਕਾਨਫਰੰਸ ਵਿਚ ਹਿੱਸਾ ਲਿਆ। ਇਸ ਕਾਨਫਰੰਸ ਦਾ ਵਿਸ਼ਾ ਸੀ ‘ਵੈਟਨਰੀ ਇਲਾਜ ਅਤੇ ਇਕ ਸਿਹਤ ਦੇ ਸਾਂਝੇ ਮਨੋਰਥ ਹਿਤ ਬਹੁ-ਪੱਖੀ ਪਹੁੰਚ’। ਇਹ ਕਾਨਫਰੰਸ ਕੇਰਲਾ ਦੇ ਵੈਟਨਰੀ ਅਤੇ ਐਨੀਮਲ ਸਾਇੰਸਜ਼ ਕਾਲਜ ਵਿਖੇ ਹੋਈ। ਇਸ ਵਿਚ ਡਾ. ਅਸ਼ਵਨੀ ਕੁਮਾਰ, ਅਸਮਿਤਾ ਨਾਰੰਗ, ਸ਼ਬਨਮ ਸਿੱਧੂ ਅਤੇ ਗੁਰਪ੍ਰੀਤ ਸਿੰਘ ਨੇ 12 ਵਿਦਿਆਰਥੀਆਂ ਨਾਲ ਹਿੱਸਾ ਲਿਆ ਅਤੇ ਵਿਭਿੰਨ ਸੈਸ਼ਨਾਂ ਵਿਚ ਖੋਜ ਪੱਤਰ ਪੇਸ਼ ਕਰਕੇ 10 ਸਨਮਾਨ ਹਾਸਿਲ ਕੀਤੇ। ਡਾ. ਅਸ਼ਵਨੀ ਕੁਮਾਰ, ਵਿਭਾਗ ਮੁਖੀ ਨੇ ਮੱਝਾਂ ਅਤੇ ਗਾਂਵਾਂ ਵਿਚ ਪੇਟ ਦੇ ਰੋਗਾਂ ਦਾ ਨਿਦਾਨ ਅਤੇ ਇਲਾਜ ਵਿਸ਼ੇ ’ਤੇ ਮੁੱਖ ਪਰਚਾ ਪੜ੍ਹਿਆ। ਡਾ. ਅਸਮਿਤਾ ਨਾਰੰਗ ਨੇ ਘੋੜਿਆਂ ਦੀ ਬਿਮਾਰੀ ਸੰਬੰਧੀ ਆਪਣੀ ਪੇਸ਼ਕਾਰੀ ਕੀਤੀ। ਡਾ. ਸ਼ਬਨਮ ਸਿੱਧੂ ਨੂੰ ਪਸ਼ੂਆਂ ਦੀਆਂ ਦਿਲ ਦੀਆਂ ਬਿਮਾਰੀਆਂ ਸੰਬੰਧੀ ਖੋਜ ਪਰਚੇ ’ਤੇ ਸਨਮਾਨ ਪ੍ਰਾਪਤ ਹੋਇਆ। ਉਨ੍ਹਾਂ ਦੇ ਪਰਚੇ ਦੇ ਸਹਿ-ਲੇਖਕ ਵਜੋਂ ਡਾ. ਸੰਜੀਵ ਕੁਮਾਰ ਉੱਪਲ ਨੇ ਯੋਗਦਾਨ ਦਿੱਤਾ ਸੀ। ਡਾ. ਗੁਰਪ੍ਰੀਤ ਸਿੰਘ ਨੇ ਕੁੱਤਿਆਂ ਦੀਆਂ ਬਿਮਾਰੀਆਂ ਸੰਬੰਧੀ ਆਪਣੀ ਖੋਜ ਪੇਸ਼ ਕੀਤੀ। ਨਿਰੀਖਣ ਚੁਣੌਤੀਆਂ ਸੰਬੰਧੀ ਡਾ. ਰਾਜ ਸੁਖਬੀਰ ਸਿੰਘ, ਸਵਰਨ ਸਿੰਘ, ਅਰੁਣ ਆਨੰਦ, ਜਸਨੀਤ ਸਿੰਘ ਅਤੇ ਡਾ. ਕੁਲਦੀਪ ਗੁਪਤਾ ਵੱਲੋਂ ਖੋਜ ਪੱਤਰ ਪੇਸ਼ ਕੀਤਾ ਗਿਆ।

ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਫੁੱਲਾਂ ਦੇ ਸ਼ੋਅ ਨੇ ਰੰਗਾਂ ਦੀ ਛਹਿਬਰ ਲਾਈ

ਲੁਧਿਆਣਾ 28 ਫਰਵਰੀ(ਟੀ. ਕੇ.) 

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਅੱਜ ਉੱਘੇ ਕੁਦਰਤ ਪ੍ਰੇਮੀ ਅਤੇ ਯੂਨੀਵਰਸਿਟੀ ਦੇ ਦੂਜੇ ਵਾਈਸ ਚਾਂਲਸਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿਚ ਫੁੱਲਾਂ ਦਾ ਸ਼ੋਅ ਅਤੇ ਮੁਕਾਬਲੇ ਕਰਵਾਏ ਗਏ। ਇਸ ਸ਼ੋਅ ਵਿਚ ਨਿੱਜੀ ਫੁੱਲ ਪ੍ਰੇਮੀਆਂ ਅਤੇ ਸੰਸਥਾਵਾਂ ਨੇ ਆਪਣੇ ਫੁੱਲਾਂ ਦਾ ਪ੍ਰਦਰਸ਼ਨ ਕੀਤਾ। ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿਹੜੇ ਵਿਚ ਲਾਏ ਗਏ ਇਸ ਫਲਾਵਰ ਸ਼ੋਅ ਦਾ ਆਯੋਜਨ ਲੈਂਡਸਕੇਪਿੰਗ ਅਤੇ ਫਲੋਰੀਕਲਚਰ ਵਿਭਾਗ ਵੱਲੋਂ ਕੀਤਾ ਗਿਆ ਸੀ। ਇਸ ਸ਼ੋਅ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਕਰ-ਕਮਲਾਂ ਨਾਲ ਕੀਤਾ ਜਦਕਿ ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਫੁੱਲ ਵਿਗਿਆਨ ਦੇ ਸਾਬਕਾ ਪ੍ਰੋਫੈਸਰ ਡਾ. ਅਜੈਪਾਲ ਸਿੰਘ ਗਿੱਲ ਅਤੇ ਬਾਗਬਾਨੀ ਵਿਭਾਗ ਪੰਜਾਬ ਦੇ ਸਾਬਕਾ ਮਾਹਿਰ ਸ. ਹਰੀ ਸਿੰਘ ਸੰਧੂ ਸਨ।

ਵਾਈਸ ਚਾਂਸਲਰ ਡਾ. ਗੋਸਲ ਨੇ ਉਦਘਾਟਨ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਫੁੱਲਾਂ ਦੀ ਹੋਂਦ ਮਨੁੱਖ ਨੂੰ ਮਨ ਅਤੇ ਆਤਮਾ ਦੀ ਖੁਸ਼ੀ ਲਈ ਬੇਹੱਦ ਜ਼ਰੂਰੀ ਹੈ। ਫੁੱਲ ਆਪਣੇ ਵਿਭਿੰਨ ਰੰਗਾਂ ਨਾਲ ਸਾਡੇ ਚੌਗਿਰਦੇ ਨੂੰ ਹੀ ਨਹੀਂ ਬਲਕਿ ਸਾਡੇ ਮਨ ਨੂੰ ਵੀ ਮਹਿਕਾਉਦੇ ਹਨ। ਉਹਨਾਂ ਪੱਛਮੀ ਲੋਕਾਂ ਵੱਲੋਂ ਫੁੱਲਾਂ ਦੇ ਉਪਹਾਰ ਦੇਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਵੇਂ ਸਾਡੀ ਸੱਭਿਅਤਾ ਵਿਚ ਫੁੱਲਾਂ ਨੂੰ ਭੇਂਟ ਕਰਨ ਦਾ ਰੁਝਾਨ ਘੱਟ ਹੈ ਪਰ ਹੌਲੀ ਹੌਲੀ ਇਹ ਰਵਾਇਤ ਵੱਧ ਰਹੀ ਹੈ। ਡਾ. ਗੋਸਲ ਨੇ ਕਿਹਾ ਕਿ ਫੁੱਲਾਂ ਦੇ ਸ਼ੋਅ ਅਤੇ ਪ੍ਰਦਰਸ਼ਨ ਆਯੋਜਿਤ ਕਰਨ ਨਾਲ ਬਹੁਤ ਸਾਰੇ ਫੁੱਲ ਪ੍ਰੇਮੀ ਅਤੇ ਕਾਸ਼ਤਕਾਰ ਇਸ ਕਿੱਤੇ ਵੱਲ ਪ੍ਰੇਰਿਤ ਹੋਣਗੇ। ਉਹਨਾਂ ਲਗਾਤਾਰਤਾ ਨਾਲ ਇਸ ਸ਼ੋਅ ਨੂੰ ਆਯੋਜਿਤ ਕਰਨ ਲਈ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੀ ਸ਼ਲਾਘਾ ਕੀਤੀ। ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਖੇਤੀ ਦੇ ਸਹਾਇਕ ਕਿੱਤਿਆਂ ਵਿਚ ਫੁੱਲਾਂ ਦੀ ਕਾਸ਼ਤ ਨੂੰ ਸਿਫ਼ਾਰਸ਼ ਕੀਤਾ ਹੈ ਬਲਕਿ ਹੁਣ ਇਹ ਕਿੱਤਾ ਬਹੁਤ ਸਾਰੇ ਕਿਸਾਨ ਮੁੱਖ ਤੌਰ ਤੇ ਅਪਣਾ ਰਹੇ ਹਨ। ਡਾ. ਗੋਸਲ ਨੇ ਕਿਹਾ ਕਿ ਖੇਤੀ ਨੂੰ ਵਿਭਿੰਨਤਾ ਦੇ ਰਾਹਾਂ ਤੇ ਤੋਰਨ ਅਤੇ ਹੋਰ ਮੁਨਾਫ਼ੇਯੋਗ ਬਨਾਉਣ ਲਈ ਫੁੱਲਾਂ ਦੀ ਖੇਤੀ ਨੂੰ ਬਾਗਬਾਨੀ ਦਾ ਬਹੁਤ ਅਹਿਮ ਅੰਗ ਮੰਨਣਾ ਪਵੇਗਾ ਅਤੇ ਇਸ ਦਿਸ਼ਾ ਵਿਚ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਹੀ ਪਵੇਗਾ। ਡਾ. ਗੋਸਲ ਨੇ ਕਿਹਾ ਕਿ ਫੁੱਲਾਂ ਦੀ ਖੇਤੀ ਇਸ ਸਮੇਂ ਦੀ ਉਭਰਦੀ ਹੋਈ ਖੇਤੀ ਉਦਯੋਗ ਵਿਧੀ ਹੈ। ਸ਼ਹਿਰੀਕਰਨ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿਚ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 

ਸਵਾਗਤ ਦੇ ਸ਼ਬਦ ਬੋਲਦਿਆਂ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਵਿਭਾਗ ਦਾ ਟੀਚਾ ਹੈ ਕਿ ਖਿੱਤੇ ਵਿਚ ਮੰਗ ਅਨੁਸਾਰ ਫੁੱਲਾਂ ਦੀ ਖੇਤੀ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ। ਡਾ. ਪਰਮਿੰਦਰ ਸਿੰਘ ਨੇ ਇਸ ਸੰਬੰਧ ਵਿਚ ਜ਼ੋਰ ਦੇ ਕੇ ਕਿਹਾ ਕਿ ਫੁੱਲਾਂ ਦੀ ਮੰਗ ਨਾ ਸਿਰਫ਼ ਨਿੱਜੀ ਤੌਰ ਤੇ ਵਧੀ ਹੈ ਬਲਕਿ ਇਸ ਨਾਲ ਇਕ ਪੂਰੇ ਦਾ ਪੂਰਾ ਉਦਯੋਗਿਕ ਦ੍ਰਿਸ਼ ਜੁੜ ਗਿਆ ਹੈ। ਵਿਗਿਆਨਕ ਤੌਰ ਤੇ ਫੁੱਲਾਂ ਦੀ ਖੇਤੀ ਨੂੰ ਅਪਣਾ ਕੇ ਇਸ ਖੇਤਰ ਵਿੱਚੋਂ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਘਰਾਂ ਦੇ ਅੰਦਰੂਨੀ ਪੌਦਿਆਂ ਤੋਂ ਇਲਾਵਾ ਲੈਂਡਸਕੇਪਿੰਗ ਪੌਦਿਆਂ, ਬੀਜਾਂ, ਫੁੱਲ ਕਾਸ਼ਤ ਸਮੱਗਰੀ, ਔਜ਼ਾਰਾਂ ਅਤੇ ਹੋਰ ਚੀਜ਼ਾਂ ਸੰਬੰਧੀ ਅੱਜ ਦੇ ਸ਼ੋਅ ਵਿਚ 25 ਦੇ ਕਰੀਬ ਸਟਾਲ ਲੱਗੇ ਹੋਏ ਹਨ ਅਤੇ 15 ਦੇ ਕਰੀਬ ਨਰਸਰੀਆਂ ਦੀਆਂ ਪ੍ਰਦਰਸ਼ਨੀਆਂ ਵੀ ਮੌਜੂਦ ਹਨ। ਉਹਨਾਂ ਕਿਹਾ ਕਿ ਵਿਦੇਸ਼ੀ ਫੁੱਲਾਂ ਦੀਆਂ ਕਿਸਮਾਂ ਜਿਵੇਂ ਟਿਊਲਿਪ, ਡੈਫੋਡਿਲਜ਼ ਅਤੇ ਹਾਈਸਨ ਆਦਿ ਨੂੰ ਵੀ ਇਸ ਸ਼ੋਅ ਵਿਚ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ। 

ਫੁੱਲਾਂ ਦੀ ਖੇਤੀ ਦੇ ਮਾਹਿਰ ਅਤੇ ਸ਼ੋਅ ਦੇ ਕੋਆਡੀਨੇਟਰ ਡਾ. ਸਿਮਰਤ ਸਿੰਘ ਨੇ ਦੱਸਿਆ ਕਿ 800 ਦੇ ਕਰੀਬ ਭਾਗ ਲੈਣ ਵਾਲਿਆਂ ਵੱਲੋਂ 1200 ਦੇ ਆਸ ਪਾਸ ਐਂਟਰੀਆਂ ਵੱਖ-ਵੱਖ ਵਰਗਾਂ ਵਿਚ ਕਰਵਾਈਆਂ ਗਈਆਂ ਹਨ। ਇਹਨਾਂ ਵਿਚ ਨਿੱਜੀ ਵਿਅਕਤੀ, ਨਿੱਜੀ ਅਤੇ ਸਰਕਾਰੀ ਸੰਸਥਾਵਾਂ ਅਤੇ ਵੱਖ-ਵੱਖ ਨਰਸਰੀਆਂ ਸ਼ਾਮਿਲ ਹਨ। ਕਈ ਵਰਗਾਂ ਵਿਚ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਤਾਜ਼ੇ ਫੁੱਲਾਂ, ਸੁੱਕੇ ਫੁੱਲਾਂ ਦੀ ਸੰਭਾਲ, ਮੌਸਮੀ ਫੁੱਲ, ਕੈਕਟਸ, ਬੋਨਜ਼ਾਈ ਪ੍ਰਮੁੱਖ ਹਨ। 

ਬਾਗਬਾਨੀ ਵਿਭਾਗ ਦੇ ਸੇਵਾ ਮੁਕਤ ਮਾਹਿਰ ਡਾ. ਹਰੀ ਸਿੰਘ ਨੇ ਇਸ ਸ਼ੋਅ ਦੇ ਆਯੋਜਨ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਡਾ. ਅਜੈਪਾਲ ਸਿੰਘ ਗਿੱਲ ਨੇ ਇਸ ਸ਼ੋਅ ਨੂੰ ਸ਼ੋਅ ਪ੍ਰੇਮੀਆਂ ਲਈ ਬੇਹੱਦ ਲਾਹੇਵੰਦ ਕਿਹਾ। 

ਇਸ ਫੁੱਲ ਸ਼ੋਅ ਦੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਕੱਲ 29 ਫਰਵਰੀ ਸ਼ਾਮ 3 ਵਜੇ ਇਨਾਮ ਦਿੱਤੇ ਜਾਣਗੇ। 

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟਰਮੀਨਲ ਦੀ ਇਮਾਰਤ ਦਾ ਨਿਰਮਾਣ 31 ਮਾਰਚ ਤੱਕ ਹੋ ਜਾਵੇਗਾ ਮੁਕੰਮਲ - ਡਿਪਟੀ ਕਮਿਸ਼ਨਰ

ਲੁਧਿਆਣਾ, 28 ਫਰਵਰੀ (ਟੀ. ਕੇ. ) - ਡਿਪਟੀ ਕਮਿਸ਼ਨਰ  ਸਾਕਸ਼ੀ ਸਾਹਨੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟਰਮੀਨਲ ਦੀ ਇਮਾਰਤ ਦਾ ਨਿਰਮਾਣ 31 ਮਾਰਚ, 2024 ਤੱਕ ਮੁਕੰਮਲ ਕਰ ਲਿਆ ਜਾਵੇਗਾ।

ਸਾਈਟ ਦੇ ਨਿਰੀਖਣ ਦੌਰਾਨ, ਸਾਹਨੀ ਨੇ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.), ਪਬਲਿਕ ਹੈਲਥ, ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.), ਐਨ.ਐਚ.ਏ.ਆਈ., ਅਤੇ ਠੇਕੇ ਵਾਲੀ ਕੰਪਨੀ ਦੇ ਨੁਮਾਇੰਦਿਆਂ ਨਾਲ ਵਿਸਥਾਰ ਚਰਚਾ ਕੀਤੀ। ਉਨ੍ਹਾਂ ਟਰਮੀਨਲ ਬਿਲਡਿੰਗ, ਅੰਦਰੂਨੀ ਸੜਕਾਂ ਦੇ ਨਿਰਮਾਣ, ਟੈਕਸੀਵੇਅ, ਏਪਰਨ ਅਤੇ ਸੜਕ ਚੌੜੀ ਕਰਨ, ਪਾਰਕਿੰਗ ਅਤੇ ਹੋਰ ਕੰਮਾਂ ਦਾ ਮੁਆਇਨਾ ਕੀਤਾ।

ਡਿਪਟੀ ਕਮਿਸ਼ਨਰ ਸਾਹਨੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਕਿ ਉਹ ਸਾਰੇ ਕੰਮਾਂ ਦੀ ਰਫ਼ਤਾਰ ਵਿੱਚ ਤੇਜ਼ੀ ਲਿਆਉਣ ਕਿਉਂਕਿ ਇਹ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਅਭਿਲਾਸ਼ੀ ਪ੍ਰੋਜੈਕਟ ਹੈ ਅਤੇ ਸੂਬੇ ਦੇ ਵਿਕਾਸ ਲਈ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਕੰਮਾਂ ਨੂੰ ਤੇਜ਼ੀ ਨਾਲ ਚਲਾਉਣਾ ਚਾਹੀਦਾ ਹੈ। ਉਨ੍ਹਾਂ  ਜਨ ਸਿਹਤ ਵਿਭਾਗ ਨੂੰ ਐਸ.ਟੀ.ਪੀ. ਦਾ ਕੰਮ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਕਿਉਂਕਿ ਲੋਕ ਨਿਰਮਾਣ ਵਿਭਾਗ ਵੱਲੋਂ ਲੋੜੀਂਦੀ ਜਗ੍ਹਾ ਦੀ ਸ਼ਨਾਖਤ ਕੀਤੀ ਗਈ ਹੈ। ਇਸ ਤੋਂ ਇਲਾਵਾ, ਉਨ੍ਹਾਂ ਠੇਕੇ ਵਾਲੀ ਕੰਪਨੀ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ 31 ਮਾਰਚ ਤੋਂ ਪਹਿਲਾਂ ਇਸ ਨੂੰ ਮੁਕੰਮਲ ਕਰ ਲਿਆ ਜਾਵੇ।

ਡੀ.ਸੀ. ਸਾਹਨੀ ਨੇ ਕਿਹਾ ਕਿ ਹਵਾਈ ਅੱਡਾ ਉਦਯੋਗਿਕ ਵਿਕਾਸ, ਨਿਰਯਾਤ, ਰੁਜ਼ਗਾਰ, ਰੀਅਲ ਅਸਟੇਟ ਅਤੇ  ਆਰਥਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਸਮੇਂ, ਪੈਸੇ ਅਤੇ ਊਰਜਾ ਦੀ ਬਚਤ ਕਰਦੇ ਹੋਏ ਮਾਤ ਭੂਮੀ ਵਿੱਚ ਆਪਣੇ ਪਰਿਵਾਰਾਂ ਨਾਲ ਜੁੜੇ ਰਹਿਣ ਦੀ ਸਹੂਲਤ ਵੀ ਦੇਵੇਗਾ। ਬਾਅਦ ਵਿੱਚ, ਉਨ੍ਹਾਂ ਪ੍ਰੋਜੈਕਟ ਦੇ ਸਬੰਧ ਵਿੱਚ ਭਾਰਤੀ ਹਵਾਈ ਸੈਨਾ ਸਟੇਸ਼ਨ, ਹਲਵਾਰਾ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਮੇਜਰ ਅਮਿਤ ਸਰੀਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।