You are here

ਲੁਧਿਆਣਾ

ਵਿਧਾਇਕ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ-95 'ਚ ਨਵੇਂ ਟਿਊਬਵੈਲ ਦਾ ਉਦਘਾਟਨ

ਲੁਧਿਆਣਾ, 07 ਦਸੰਬਰ (ਟੀ. ਕੇ. ) - ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਸਥਾਨਕ ਵਾਰਡ ਨੰਬਰ 95 ਵਿਖੇ 25 ਹਾਰਸ ਪਾਵਰ ਟਿਊਬਵੈਲ ਲਗਾਉਣ ਦੇ ਕਾਰਜ਼ਾਂ ਦੀ ਸ਼ੁਰੂਆਤ ਕੀਤੀ।

ਜ਼ਿਕਰਯੋਗ ਹੈ ਕਿ ਹਲਕਾ ਉੱਤਰੀ ਵਿੱਚ ਵਿਕਾਸ ਕਾਰਜ਼ ਲਗਾਤਾਰ ਜਾਰੀ ਹਨ ਜਿਸਦੇ ਤਹਿਤ ਸਥਾਨਕ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਬੀਤੇ 6 ਮਹੀਨਿਆਂ ਦੌਰਾਨ ਹਲਕੇ ਵਿੱਚ ਇਹ ਤੀਸਰਾ ਪੀਣ ਵਾਲੇ ਪਾਣੀ ਦਾ ਟਿਊਬਵੈਲ ਲੱਗਣ ਜਾ ਰਿਹਾ ਹੈ।

ਵਿਧਾਇਕ ਬੱਗਾ ਵੱਲੋਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਰਡ ਨੰਬਰ 95 ਦੇ ਵਸਨੀਕਾਂ ਨੂੰ ਬੀਤੇ ਸਮੇਂ ਦੌਰਾਨ ਪਾਣੀ ਦੀ ਕਾਫੀ ਕਿੱਲਤ ਸੀ ਅਤੇ ਉਨ੍ਹਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਕਰੀਬ 12.50 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਵਿੱਚ ਨਵਾਂ ਟਿਊਬਵੈਲ ਲਗਾਇਆ ਜਾ ਰਿਹਾ ਹੈ ਤਾਂ ਜੋ ਵਸਨੀਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਹੁਣ ਆਸ ਪਾਸ ਦੇ ਇਲਾਕਿਆਂ ਨੂੰ ਵੀ ਇਸਦਾ ਲਾਭ ਮਿਲੇਗਾ।

ਵਿਧਾਇਕ ਬੱਗਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸੂਬੇ ਦੇ ਵਸਨੀਕਾਂ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ ਜਿਸ ਤਹਿਤ ਚੌਣਾਂ ਦੌਰਾਨ ਵੋਟਰਾਂ ਨਾਲ ਕੀਤੇ ਵਾਅਦਿਆਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ।

ਕਾਲਜ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਇਆ 

ਲੁਧਿਆਣਾ, 07 ਦਸੰਬਰ (ਟੀ. ਕੇ.) ਲਾਇਨਜ਼ ਕਲੱਬ ਅਤੇ ਐਲੂਮਨੀ ਐਸੋਸੀਏਸ਼ਨ ਪ੍ਰਤਾਪ ਕਾਲਜ ਆਫ ਐਜੂਕੇਸ਼ਨ, ਲੁਧਿਆਣਾ ਵੱਲੋਂ ਨਸ਼ਾ ਮੁਕਤ ਪੰਜਾਬ ਸੁਸਾਇਟੀ, ਲੁਧਿਆਣਾ ਦੇ ਸਹਿਯੋਗ ਨਾਲ ਕਾਲਜ ਵਿਚ ਨਸ਼ਾ ਮੁਕਤੀ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਅਲੂਮਨੀ ਐਸੋਸੀਏਸ਼ਨ ਦੇ ਇੰਚਾਰਜ ਸ਼੍ਰੀਮਤੀ ਪੂਨਮ ਬਾਲਾ ਅਤੇ ਸ਼੍ਰੀਮਤੀ ਅਲਕਾ ਜੋਸ਼ੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਜਦਕਿ ਨਸ਼ਾ ਮੁਕਤ ਪੰਜਾਬ ਸੁਸਾਇਟੀ ਦੇ ਜਿ਼ਲ੍ਹਾ ਕੋਆਰਡੀਨੇਟਰ ਬਲਵਿੰਦਰ ਰਵੀ, ਮੁੱਖ ਕਾਰਜਕਾਰੀ ਮੈਂਬਰ ਧੀਰਜ ਧਵਨ, ਅੰਤਰਰਾਸ਼ਟਰੀ ਜੂਡੋ ਖਿਡਾਰੀ ਪ੍ਰਵੀਨ ਠਾਕੁਰ ਜਿ਼ਲ੍ਹਾ ਜੂਡੋ ਕੋਚ ਪੰਜਾਬ ਸਰਕਾਰ ਅਤੇ ਆਰ. ਪੀ. ਸਿੰਘ ਜਿ਼ਲ੍ਹਾ ਇੰਚਾਰਜ ਰੋਜ਼ਾਨਾ ਸਪੋਕਸਮੈਨ ਨੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਨਸਿ਼ਆਂ ਦੇ ਭਿਆਨਕ ਸਿੱਟਿਆਂ ਨੂੰ ਦਰਸਾਉਂਦਾ ਗੀਤ ਪ੍ਰਣਾਯਾ ਮੀਡੀਆ ਵੱਲੋਂ ਬਣਾਈ ਡਾਕੂਮੈਂਟਰੀ ਪੇਸ਼ ਕੀਤੀ ਗਈ। ਮਹਿਲਾ ਥਾਣੇ ਦੇ ਐਸ.ਐਚ.ਓ. ਕਿਰਨਪ੍ਰੀਤ ਕੌਰ ਅਤੇ ਜਯੋਤੀ ਕੇਂਦਰ ਜਨਰਲ ਹਸਪਤਾਲ ਦੇ ਡਾ: ਸ਼ਿਵ ਕੁਮਾਰ ਸ਼ਰਮਾ ਐਮ.ਡੀ.ਐਕਯੂਪ੍ਰੈਸ਼ਰ ਵਿਭਾਗ) ਵੱਲੋਂ ਵਿਸ਼ੇ ਨਾਲ ਸਬੰਧਤ ਵਿਸਤਾਰ ਭਾਸ਼ਣ ਦਿੱਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ: ਮਨਪ੍ਰੀਤ ਕੌਰ ਨੇ ਇਸ ਅਹਿਮ ਵਿਸ਼ੇ ਤੇ ਚਰਚਾ ਕਰਨ ਲਈ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਸਕਦੇ ਹਾਂ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਇਸ ਦਾ ਹਿੱਸਾ ਬਣਾ ਸਕਦੇ ਹਾਂ।  ਸਮਾਜ ਦੀ ਤਰੱਕੀ ਲਈ ਕੰਮ ਕਰਨ ਲਈ ਤਿਆਰ ਕਰ ਸਕਦੇ ਹਾਂ।  ਉਨ੍ਹਾਂ ਕਾਲਜ ਦੇ ਸਾਬਕਾ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਕਾਲਜ ਨਾਲ ਜੁੜੇ ਰਹਿਣ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਜੋਰ ਦੇ ਕੇ ਕਿਹਾ ਤਾਂ ਜੋ ਸਮਾਜ ਨੂੰ ਬਿਹਤਰ ਬਣਾਇਆ ਜਾ ਸਕੇ।

ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਨਾਲ ਘੇਰਨ ਦਾ ਐਲਾਨ

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨਾਲ ਕੈਬਨਿਟ ਕਮੇਟੀ ਦੀ ਮੀਟਿੰਗ ਰੱਦ 
ਲੁਧਿਆਣਾ, 6 ਦਸੰਬਰ (ਟੀ. ਕੇ. )
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਅਤੇ ਜਨਰਲ ਸਕੱਤਰ  ਜਰਨੈਲ ਸਿੰਘ ਪੱਟੀ ਨੇ  ਪੰਜਾਬ ਸਰਕਾਰ ਦੁਆਰਾ ਪੁਰਾਣੀ ਪੈਨਸ਼ਨ ਬਹਾਲੀ  ਸਬੰਧੀ ਕੈਬਨਿਟ ਸਬ ਕਮੇਟੀ ਨਾਲ ਪੰਜਾਬ ਭਵਨ ਚੰਡੀਗੜ ਵਿਖੇ 7 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਰੱਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸੰਗਰੂਰ ਦੌਰੇ ਸਮੇਂ ਸੰਘਰਸ਼ ਕਮੇਟੀ ਵੱਲੋਂ ਰੋਸ ਮੁਜ਼ਾਹਰੇ ਤੋਂ ਪਹਿਲਾਂ ਪ੍ਰਸ਼ਾਸਨ ਖੁਦ ਲੈ ਕੇ ਦਿੱਤੀ ਸੀ। ਸਰਕਾਰ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਹਰ ਵਾਰ ਸਮਾਂ ਦੇ ਕੇ ਮੀਟਿੰਗਾਂ ਰੱਦ ਕਰਨ ਦੀ ਆਦੀ ਹੋ ਚੁੱਕੀ ਹੈ।ਪੰਜਾਬ ਸਰਕਾਰ ਵੱਲੋਂ ਪਿੱਛਲੇ ਸਾਲ 18 ਨਵੰਬਰ 2022 ਨੂੰ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜ਼ਾਰੀ ਹੋਇਆ ਸੀ ਇਸ ਨੋਟੀਫਿਕੇਸ਼ਨ ਨੂੰ ਜ਼ਾਰੀ ਹੋਇਆਂ   ਸਾਲ ਪੂਰਾ ਹੋ ਗਿਆ ਹੈ। ਪਰ ਅਜੇ ਤੱਕ ਪੰਜਾਬ ਦੀ ਆਪ ਸਰਕਾਰ ਇਸਨੂੰ ਲਾਗੂ ਨਹੀਂ ਕਰ ਸਕੀ।  ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਪ੍ਰੈੱਸ  ਸਕੱਤਰ ਪ੍ਰਭਜੀਤ ਸਿੰਘ ਰਸੂਲਪੁਰ ਨੇ ਦੱਸਿਆ ਕਿ ਪਿਛਲੇ ਸਾਲ ਦਿਵਾਲੀ ਮੋਕੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਲਾਈਵ ਹੋ ਕੇ ਕਿਹਾ ਕਿ " ਜੋ ਅਸੀਂ ਕਹਿੰਦੇ ਹਾਂ ਉਹ ਕਰਦੇ ਹਾਂ ਅਤੇ ਜੋ ਅਸੀਂ ਨਹੀਂ ਕਰਨਾ ਉਹ ਕਹਿੰਦੇ ਹੀ ਨਹੀਂ, ਦੋ ਮਹੀਨਿਆਂ ਵਿੱਚ ਐਸ ਓ ਪੀ ਬਣਾ ਕੇ ਪੁਰਾਣੀ ਪੈਂਨਸ਼ਨ ਲਾਗੂ ਕਰ ਦੇਵਾਂਗੇ"। ਪਰ ਪੁਰਾਣੀ ਪੈਨਸ਼ਨ ਦੀ ਬਹਾਲੀ ਐਲਾਨ ਤੱਕ ਹੀ ਸੀਮਿਤ ਰਹੀ ਜਦ ਧਰਾਤਲ ਤੇ ਪੰਜਾਬ ਦੇ ਕਿਸੇ ਕਰਮਚਾਰੀ ਨੂੰ ਇਸ ਦਾ ਲਾਭ ਨਹੀ ਮਿਲਿਆ ।ਫਿਰ ਜਦੋਂ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਫਰਵਰੀ 2023  ਵਿੱਚ ਰੈਲੀ ਦਾ ਐਲਾਨ ਹੋਇਆ ਤਾਂ ਵਿੱਤ ਮੰਤਰੀ ਵੱਲੋਂ ਸੂਬਾਈ ਆਗੂਆਂ ਨਾਲ  6 ਅਪ੍ਰੈਲ ਨੂੰ ਪੰਜਾਬ ਭਵਨ ਵਿੱਚ ਹੋਈ ਮੀਟਿੰਗ ਤੈਅ ਹੋਈ ਜਿਸ ਵਿੱਚ ਦੋ ਮਹੀਨਿਆਂ ਅੰਦਰ ਪੁਰਾਣੀ ਪੈਨਸ਼ਨ ਬਹਾਲੀ ਦਾ ਐਸ ਓ ਪੀ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਜਦੋਂ ਛੇ ਮਹੀਨੇ ਬੀਤ ਜਾਣ ਦੇ ਬਾਅਦ ਵੀ ਆਪਣੇ ਵਾਅਦੇ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜੇਕਰ ਸਰਕਾਰ ਦੀ ਡੰਗ ਟਪਾਉ ਨੀਤੀ ਇਸੇ ਤਰਾਂ ਜਾਰੀ ਰਹੀ ਤਾ ਪੰਜਾਬ ਦੇ ਦੋ ਲੱਖ ਐਨ ਪੀ ਐਸ ਮੁਲਾਜਮ ਮੁੱਖ ਮੰਤਰੀ ਪੰਜਾਬ ਦਾ ਹਰ ਦੌਰੇ ਸਮੇਂ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਗੇ ਅਤੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨਗੇ।ਇਸ ਦੀ  ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਦਫਤਰੀ ਕਾਮਿਆਂ ਵੱਲੋਂ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਭਾਰੀ ਰੋਸ, ਜਾਰੀ ਹੜਤਾਲ 'ਚ 11 ਦਸੰਬਰ ਤੱਕ ਵਾਧਾ

ਚੋਣਾਂ ਤੋਂ ਪਹਿਲਾਂ ਵਿੱਤ ਮੰਤਰੀ ਚੀਮਾ ਨੇ, ਪੁਰਾਣੀ ਪੈਨਸ਼ਨ ਬਹਾਲੀ ਲਈ ਜੱਥੇਬੰਦੀ ਵਲੋਂ ਪਟਿਆਲਾ 'ਚ ਰੈਲੀ ਦੌਰਾਨ ਤੱਖਤੀ ਫੜ ਕੀਤੀ ਸੀ ਸ਼ਮੂਲੀਅਤ

 ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪਹਿਲੀ ਕੈਬਨਿਟ ਮੀਟਿੰਗ 'ਚ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਕੀਤਾ ਸੀ ਵਾਅਦਾ
ਲੁਧਿਆਣਾ, 6 ਦਸੰਬਰ (ਟੀ. ਕੇ. ) -
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਵੱਲੋਂ ਬੀਤੇ ਕੱਲ੍ਹ 5 ਦਸੰਬਰ ਨੂੰ ਕੈਬਨਿਟ ਸਬ-ਕਮੇਟੀ ਨਾਲ ਹੋਈ ਮੀਟਿੰਗ ਬੇਸਿੱਟਾ ਰਹੀ, ਜਿਸਦੇ ਚੱਲਦੇ ਕਲੈਰੀਕਲ ਕਾਮਿਆਂ ਵੱਲੋਂ ਜਾਰੀ ਹੜਤਾਲ ਵਿੱਚ 11 ਦਸੰਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।
ਇਹ ਮੀਟਿੰਗ ਜੱਥੇਬੰਦੀ ਦੇ ਆਗੂਆਂ ਅਮਰੀਕ ਸਿੰਘ ਸੂਬਾ ਪ੍ਰਧਾਨ, ਪਿੱਪਲ ਸਿੰਘ ਸੂਬਾ ਜਨਰਲ ਸਕੱਤਰ, ਅਮਿਤ ਅਰੋੜਾ ਸੂਬਾ ਵਧੀਕ ਜਨਰਲ ਸਕੱਤਰ, ਅਨੁਜ ਕੁਮਾਰ ਵਿੱਤ ਸਕੱਤਰ, ਤਜਿੰਦਰ ਸਿੰਘ ਨੰਗਰ, ਮਨੋਹਰ ਲਾਲ, ਗੁਰਮੇਲ ਸਿੰਘ ਵਿਰਕ ਵੱਲੋਂ ਕੈਬਨਿਟ ਸਬ-ਕਮੇਟੀ ਦੇ ਮੈਂਬਰਾਂ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ, ਕੁਲਵੰਤ ਸਿੰਘ ਧਾਲੀਵਾਲ ਕੈਬਿਨਟ ਮੰਤਰੀ, ਕੇ.ਏ.ਪੀ. ਸਿਨਹਾ ਐਫ.ਸੀ.ਆਰ., ਵਿਵੇਕ ਪ੍ਰਤਾਪ ਪ੍ਰਸੋਨਲ ਸਕੱਤਰ ਦੇ ਨਾਲ ਕੀਤੀ ਗਈ।
 
ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਹੈ.

ਕਾਬਿਲੇਗੌਰ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੁਰਾਣੀ ਪੈਨਸ਼ਨ ਬਹਾਲੀ ਲਈ ਪਟਿਆਲਾ ਵਿਖੇ ਕੀਤੀ ਗਈ ਰੈਲੀ ਵਿੱਚ ਖੁਦ ਸਟੇਜ 'ਤੇ ਤਖਤੀ ਫੜ੍ਹ ਕੇ ਸ਼ਮੂਲੀਅਤ ਕੀਤੀ ਸੀ ਅਤੇ ਕਿਹਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਕਰਾਂਗੇ ਜਦਕਿ ਹੁਣ ਉਸ ਗੱਲ ਤੋਂ ਮੁਨਕਰ ਹੁੰਦਿਆਂ ਵਿੱਤ ਮੰਤਰੀ ਚੀਮਾ ਇਸ ਗੱਲ ਦਾ ਹਵਾਲਾ ਦੇ ਰਹੇ ਹਨ ਕਿ ਜੋ ਐਨ.ਪੀ.ਐਸ. ਪੈਨਸ਼ਨ ਦੇ ਰੂਪ ਵਿੱਚ  ਮਹੀਨਾਵਾਰ ਕਿਸ਼ਤ ਕੇਂਦਰ ਸਰਕਾਰ ਨੂੰ ਜਾਂਦੀ ਹੈ ਉਸ ਦੇ ਆਧਾਰ 'ਤੇ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਕਰਜ਼ ਮਿਲਦਾ ਹੈ। ਵਿੱਤ ਮੰਤਰੀ ਦੇ ਇਸ ਬਿਆਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜ਼ਰੀਵਾਲ ਦੇ ਖੋਖਲਿਆਂ ਵਾਅਦਿਆਂ ਦੀ ਪੋਲ ਖੁੱਲ੍ਹ ਰਹੀ ਹੈ ਕਿ ਸਰਕਾਰ ਕੋਲ ਖਜ਼ਾਨੇ ਦੀ ਕੋਈ ਕਮੀ ਨਹੀਂ ਹੈ। ਇਹ ਸਰਕਾਰ ਲਗਾਤਾਰ ਕਰਜ਼ਿਆਂ ਦੀ ਪੰਡ ਵਿੱਚ ਇਜਾਫਾ ਕਰਦਿਆਂ ਪੰਜਾਬ ਵਿੱਚ ਰਾਜ਼ ਕਰ ਰਹੀ ਹੈ.

ਜਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਨੇ ਦੱਸਿਆ ਕਿ ਪੰਜਾਬ ਕੋਰ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਜੱਥੇਬੰਦੀ ਨੇ 11 ਦਸੰਬਰ ਤੱਕ ਹੜਤਾਲ ਨੂੰ ਅੱਗੇ ਵਧਾਉਣ ਦੇ ਫੈਸਲਾ ਲਿਆ ਹੈ, ਜਿਸ ਦੌਰਾਨ ਕਲਮਛੋੜ ਹੜਤਾਲ ਅਤੇ ਖਜ਼ਾਨਾ ਦਫਤਰ ਵਿਖੇ ਧਰਨੇ ਤੋਂ ਮਿਤੀ 08 ਦਸੰਬਰ ਨੂੰ ਪੰਜਾਬ ਭਰ ਵਿੱਚ ਸਾਰੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਜੱਥੇਬੰਦੀ ਵੱਲੋਂ ਸੀ.ਪੀ.ਐੱਫ. ਯੂਨੀਅਨ ਵੱਲੋਂ ਮੁਹਾਲੀ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਭਰਪੂਰ ਸਮਰਥਨ ਦਿੱਤਾ ਜਾਵੇਗਾ.

ਸੰਦੀਪ ਭਾਂਬਕ ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ. ਨੇ ਕਿਹਾ 9 ਦਸੰਬਰ ਨੂੰ ਮੁਹਾਲੀ ਵਿਖੇ ਹੋਣ ਵਾਲੀ ਰੈਲੀ ਵਿੱਚ ਆਪ ਸਰਕਾਰ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਿਆਸਤਦਾਨਾਂ ਨੂੰ ਕੁਰਸੀਆਂ ਤੇ ਬਹਾਉਣਾ ਜਾਣਦੇ ਹਾਂ ਤਾਂ ਕੁਰਸੀਆਂ ਤੋਂ ਲਾਹੁਣਾ ਵੀ ਜਾਣਦੇ ਹਾਂ।
     
ਇਸ ਦੌਰਾਨ ਮੁੱਖ ਬੁਲਾਰੇ ਸੁਨੀਲ ਕੁਮਾਰ, ਤਜਿੰਦਰ ਸਿੰਘ, ਤਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਿਰਨਪਾਲ ਕੌਰ, ਸੱਤਪਾਲ, ਰਕੇਸ਼ ਕੁਮਾਰ, ਸੰਦੀਪ ਸਿੰਘ ਜੇ.ਈ., ਅਮਨ ਪਰਾਸ਼ਰ, ਸਤਿੰਦਰ ਸਿੰਘ, ਮਹਿਕਦੀਪ ਸਿੰਘ, ਮਨਕਨ ਬਿਰਲਾ, ਦਲੀਪ ਸਿੰਘ, ਧਰਮ ਸਿੰਘ, ਜਸਵੀਰ ਸਿੰਘ ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

ਅਵਾਰਾ ਪਸ਼ੂਆਂ ਲਈ ਆਪਣੀ ਕਿਸਮ ਦੇ ਪਹਿਲੇ “ਸ਼ਿਵਾਲੇ - ਐਸ.ਪੀ.ਸੀ.ਏ. ਸਿਹਤ ਕੇਂਦਰ” ਦਾ  ਉਦਘਾਟਨ

ਲੁਧਿਆਣਾ, 6 ਦਸੰਬਰ(ਟੀ. ਕੇ.)  ਸੂਬੇ ਵਿੱਚ ਆਪਣੀ ਕਿਸਮ ਦੇ ਪਹਿਲੇ ਪ੍ਰੋਜੈਕਟ ਦੇ ਤਹਿਤ, ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਹੰਬੜਾਂ ਰੋਡ ਵਿਖੇ ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਨਗਰ ਨਿਗਮ ਦੇ ਏ.ਬੀ.ਸੀ. ਕੇਂਦਰ ਵਿੱਚ ਸਥਾਪਿਤ ਸ਼ਿਵਾਲੇ - (ਅਵਾਰਾ ਪਸ਼ੂਆਂ ਲਈ ਐਸ.ਪੀ.ਸੀ.ਏ. ਸਿਹਤ ਕੇਂਦਰ) ਦਾ ਉਦਘਾਟਨ ਕੀਤਾ।

ਬੁੱਧਵਾਰ ਨੂੰ ਹੋਏ ਉਦਘਾਟਨੀ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ (ਵਧੀਕ ਚਾਰਜ) ਕੁਲਵੰਤ ਸਿੰਘ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੀ ਸ਼ਾਮਲ ਹੋਏ। ਇਸ ਮੌਕੇ ਏ.ਡੀ.ਸੀ. ਅਮਿਤ ਸਰੀਨ, ਸਮਾਜ ਸੇਵੀ ਅਨਮੋਲ ਕਵਾਤਰਾ ਆਦਿ ਵੀ ਹਾਜ਼ਰ ਸਨ।

ਇਹ ਸਿਹਤ ਕੇਂਦਰ ਜ਼ਖਮੀ ਅਵਾਰਾ ਪਸ਼ੂਆਂ/ਕੁੱਤਿਆਂ ਦੇ ਇਲਾਜ ਲਈ ਸਥਾਪਿਤ ਕੀਤਾ ਗਿਆ ਹੈ। ਇਹ ਸਹੂਲਤ ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ ਕਰੂਏਲਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਦੇ ਸਹਿਯੋਗ ਨਾਲ ਚਲਾਈ ਜਾਵੇਗੀ।

ਐਸ.ਪੀ.ਸੀ.ਏ. ਵੱਲੋਂ ਸੁਨੀਲ ਕੁਮਾਰ ਅਤੇ ਪੂਜਾ ਜੈਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਇਹ ਸੂਬੇ ਵਿੱਚ ਆਪਣੀ ਕਿਸਮ ਦੀ ਪਹਿਲੀ ਸਹੂਲਤ ਹੈ ਅਤੇ ਲੁਧਿਆਣਾ ਪੱਛਮੀ ਹਲਕੇ ਵਿੱਚ ਸੂਬੇ ਦਾ ਪਹਿਲਾ ਪਸ਼ੂ ਸਿਹਤ ਕੇਂਦਰ ਸਥਾਪਿਤ ਕੀਤਾ ਗਿਆ ਹੈ। ਸਿਹਤ ਕੇਂਦਰ ਵਿੱਚ ਅਵਾਰਾ ਪਸ਼ੂਆਂ ਨੂੰ ਪਨਾਹ ਦੇਣ ਲਈ 19 ਕੈਨਲ ਵੀ ਬਣਾਏ ਗਏ ਹਨ। ਸ਼ਹਿਰ ਦੀਆਂ ਸੜਕਾਂ ਤੋਂ ਅਵਾਰਾ ਪਸ਼ੂਆਂ ਨੂੰ ਚੁੱਕਣ ਲਈ ਚਾਰ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਸਮਾਗਮ ਦੌਰਾਨ ਵਿਧਾਇਕ ਗੋਗੀ ਵੱਲੋਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ ਗਿਆ। ਇਸ ਕੇਂਦਰ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰ ਜ਼ਖਮੀ ਪਸ਼ੂਆਂ ਦਾ ਇਲਾਜ ਕਰਨਗੇ।

ਜ਼ਖਮੀ ਪਸ਼ੂਆਂ ਬਾਰੇ ਜਾਣਕਾਰੀ ਦੇਣ ਲਈ ਨਿਵਾਸੀ ਪਸ਼ੂ ਹੈਲਪਲਾਈਨ ਨੰਃ 78370-18522 'ਤੇ ਕਾਲ ਕਰ ਸਕਦੇ ਹਨ।

ਇਸ ਪਹਿਲਕਦਮੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਨਗਰ ਨਿਗਮ ਅਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਵਿਧਾਇਕ ਗੋਗੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਨਾ ਸਿਰਫ਼ ਅਵਾਰਾ ਪਸ਼ੂਆਂ ਦਾ ਬਚਾਅ ਹੋਵੇਗਾ, ਸਗੋਂ ਜ਼ਖ਼ਮੀ ਪਸ਼ੂਆਂ ਕਾਰਨ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ।

ਵਿਧਾਇਕ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਹ ਡੇਅਰੀ ਕੰਪਲੈਕਸ ਵਿੱਚ ਪਸ਼ੂ ਹਸਪਤਾਲ ਦੀ ਸਥਾਪਨਾ ਲਈ ਵੀ ਕੰਮ ਕਰ ਰਹੇ ਹਨ ਤਾਂ ਜੋ ਡੇਅਰੀ ਮਾਲਕਾਂ ਨੂੰ ਪਸ਼ੂਆਂ ਦਾ ਸਹੀ ਇਲਾਜ ਕਰਵਾਉਣ ਵਿੱਚ ਸਹੂਲਤ ਹੋ ਸਕੇ।

ਵਿਧਾਇਕ ਗੋਗੀ, ਐਸ.ਪੀ.ਸੀ.ਏ. ਦੇ ਮੈਂਬਰ ਅਤੇ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਵਿੱਚ ਅਵਾਰਾ ਪਸ਼ੂਆਂ ਲਈ ਭੋਜਨ, ਕੰਬਲ ਆਦਿ ਦਾਨ ਕਰਨ ਲਈ ਅੱਗੇ ਆਉਣ। ਵਿਧਾਇਕ ਗੋਗੀ ਨੇ ਸ਼ਹਿਰ ਵਾਸੀਆਂ ਨੂੰ ਅਵਾਰਾ ਕੁੱਤਿਆਂ ਨੂੰ ਗੋਦ ਲੈਣ ਦੀ ਵੀ ਅਪੀਲ ਕੀਤੀ।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਭਾਈ ਮੰਝ ਜੀ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਕੀਰਤਨ ਸਮਾਗਮ 

ਗੁਰੂ ਸਾਹਿਬ ਵੱਲੋਂ ਬਖਸ਼ੇ ਸੇਵਾ ਦੇ ਸਿਧਾਂਤ ਨਾਲ ਸੰਗਤਾਂ ਜੁੜਨ -ਭੁਪਿੰਦਰ ਸਿੰਘ* 
ਲੁਧਿਆਣਾ, 3 ਦਸੰਬਰ ( ਕਰਨੈਲ ਸਿੰਘ ਐੱਮ. ਏ .)  
ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਅਨਿੰਨ ਸੇਵਕ ਭਾਈ ਮੰਝ ਜੀ ਦੀ ਮਿੱਠੀ ਯਾਦ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦਿਆਂ ਹੋਇਆਂ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ   ਭਾਈ ਸਤਿੰਦਰਪਾਲ ਸਿੰਘ ਜਗਾਧਰੀ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਗੁਰੂ ਅਰਜਨ ਦੇਵ ਦੇਵ ਜੀ ਵੱਲੋਂ ਸਮੁੱਚੀ ਮਨੁੱਖਤਾ ਨੂੰ ਬਖਸ਼ੇ ਸੇਵਾ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਆਉ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰੀਏ। ਕੀਰਤਨ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ: ਭੁਪਿੰਦਰ ਸਿੰਘ ਨੇ ਕਿਹਾ ਕਿ ਗੁਰੂ ਘਰ ਦੇ ਅਨਿੰਨ ਸੇਵਕ ਭਾਈ ਮੰਝ ਜੀ ਸੇਵਾ, ਸਿਮਰਨ,ਸਿਦਕ  ਦੀ ਅਨੋਖੀ ਮਿਸਾਲ ਸਨ। ਜਿੰਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰੂ ਸਾਹਿਬ ਵੱਲੋਂ ਬਖਸ਼ੇ ਸੇਵਾ ਦੇ ਸੰਕਲਪ ਨਾਲ ਜੁੜ ਕੇ ਸਤਿਗੁਰੂ ਦੀ ਵੱਡੀ ਅਸੀਸ ਪ੍ਰਾਪਤ ਕੀਤੀ। ਜਿਸ ਦੇ ਸਦਕਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ  ਭਾਈ ਮੰਝ ਨੂੰ ਦੁਆਬੇ ਦਾ ਪ੍ਰਚਾਰਕ ਥਾਪਿਆ ਅਤੇ ਸੰਗਤਾਂ ਲਈ ਲੰਗਰ ਚਲਾਉਣ ਦੀ ਸੇਵਾ ਬਖਸ਼ੀ। ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਹੈ ਪ੍ਰਭੂ ਕੀਰਤੀ ਵਿੱਚ ਲੀਨ ਰਹਿਣ ਵਾਲੇ ਸਿੱਖ ਸੇਵਕ ਭਾਈ ਮੰਝ ਜੀ ਦੇ ਸੇਵਾ ਭਾਵਨਾ ਵਾਲੀ ਸੋਚ ਨਾਲ ਜੁੜ ਕੇ ਸੰਗਤਾਂ ਆਪਣਾ ਜੀਵਨ ਸਫਲ ਕਰਨ । ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ: ਭੁਪਿੰਦਰ ਸਿੰਘ  ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਂਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ ਤੇ ਉਨ੍ਹਾਂ ਦੇ ਕੀਰਤਨੀ ਜੱਥੇ  ਦੇ ਮੈਂਬਰਾਂ ਨੂੰ ਸਿਰੋਪਾਉ ਭੇਟ ਕੀਤੇ । ਇਸ ਦੌਰਾਨ ਸ੍ਰ: ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਰਣਜੀਤ ਸਿੰਘ ਲੁਧਿਆਣੇ ਵਾਲੇ ਅਤੇ ਭਾਈ ਗੁਰਸੇਵਕ ਸਿੰਘ ਯੂ.ਐਸ.ਏ ਵਾਲਿਆਂ ਦੇ ਕੀਰਤਨੀ ਜੱਥੇ ਸਾਂਝੇ ਤੌਰ ਤੇ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ।  ਕੀਰਤਨ ਸਮਾਗਮ ਅੰਦਰ   ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ:  ਇੰਦਰਜੀਤ ਸਿੰਘ ਮੱਕੜ, ਸ੍ਰ: ਜਤਿੰਦਰਪਾਲ ਸਿੰਘ ਸਲੂਜਾ, ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ , ਪ੍ਰਿਤਪਾਲ ਸਿੰਘ , ਭੁਪਿੰਦਰਪਾਲ  ਸਿੰਘ ਧਵਨ  ,ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ), ਬਲਬੀਰ ਸਿੰਘ ਭਾਟੀਆ,ਸੁਰਿੰਦਰਪਾਲ ਸਿੰਘ ਭੁਟੀਆਨੀ, ਰਜਿੰਦਰ ਸਿੰਘ ਮੱਕੜ, ਬਲਜੀਤ ਸਿੰਘ ਮੱਕੜ, ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ, ਅੱਤਰ ਸਿੰਘ ਮੱਕੜ, ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ, ਕਰਨਦੀਪ ਸਿੰਘ,, ਬਲ ਫਤਹਿ ਸਿੰਘ,  ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਕੀਰਤਨ ਸਮਾਗਮ ਆਯੋਜਿਤ

ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਸਮੁੱਚੀ  ਲੋਕਾਈ ਲਈ ਚਾਨਣ ਮੁਨਾਰਾ -ਭੁਪਿੰਦਰ ਸਿੰਘ* 

ਲੁਧਿਆਣਾ, 26 ਨਵੰਬਰ  (ਕਰਨੈਲ ਸਿੰਘ ਐੱਮ. ਏ. )  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨੁੱਖਤਾ ਦੇ ਰਹਿਬਰ  ਤੇ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554ਵੇਂ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦਿਆਂ ਹੋਇਆਂ ਹਫਤਾਵਾਰੀ ਕੀਰਤਨ ਸਮਾਗਮ  ਲੜੀ ਤਹਿਤ ਅੱਜ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ  ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ   ਭਾਈ ਸਤਿੰਦਰਪਾਲ ਸਿੰਘ ਜੀ (ਅਖੰਡ ਕੀਰਤਨੀ ਜੱਥਾ) ਲੁਧਿਆਣੇ

ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਸਮੁੱਚੀ ਮਨੁੱਖਤਾ ਨੂੰ ਬਖਸ਼ੇ ਸਿਧਾਂਤਾਂ "ਨਾਮ ਜਪੋ,ਕਿਰਤ ਕਰੋ ਤੇ ਵੰਡ ਛਕੋ" ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜੀਉਣ ਦੀ ਕੋਸ਼ਿਸ਼ ਕਰੀਏ।

ਕੀਰਤਨ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਜਿੱਥੇ ਸਮੁੱਚੀ ਲੋਕਾਈ ਨੂੰ ਜਾਤ-ਪਾਤ, ਧਰਮ ਦੀਆਂ ਸੌੜੀਆਂ ਵਲਗਣਾਂ ਤੋਂ  ਉੱਪਰ ਉੱਠ ਕੇ ਆਪਸੀ ਇੱਕਜੁੱਟਤਾ ਅਤੇ ਏਕਤਾ ਦਾ ਉਪਦੇਸ਼ ਦਿੱਤਾ ਉੱਥੇ ਨਾਲ ਹੀ ਦਿਖਾਵੇ ਦੀਆਂ ਰਸਮਾਂ ਰਿਵਾਜਾਂ ਨੂੰ ਛੱਡ ਕੇ ਮਨੁੱਖ ਨੂੰ ਸੱਚੇ ਦਿਲੋਂ ਪ੍ਰਭੂ ਸਿਮਰਨ ਕਰਨ ਦੀ ਤਾਕੀਦ ਕੀਤੀ। ਅੱਜ ਲੋੜ ਹੈ ਪ੍ਰਭੂ ਕੀਰਤੀ ਵਿੱਚ ਲੀਨ ਰਹਿਣ ਵਾਲੇ ਸਾਹਿਬ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪੂਰਨਿਆਂ ਤੇਚੱਲਦਿਆਂ ਸੰਗਤਾਂ ਆਪਣਾ ਜੀਵਨ ਸਫਲ ਕਰਨ

ਉਨ੍ਹਾਂ ਨੇ ਦੱਸਿਆ ਕਿ ਅਗਲੇ ਹਫਤੇ ਦੇ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ ਜਗਾਧਰੀ ਵਾਲੇ ਆਪਣੇ ਜੱਥੇ ਸਮੇਤ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ।ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ  ਤੇ ਉਨ੍ਹਾਂ ਦੇ ਕੀਰਤਨੀ ਜੱਥੇ  ਦੇ ਮੈਂਬਰਾਂ ਨੂੰ ਸਿਰੋਪਾਉ  ਭੇਟ ਕੀਤੇ । ਕੀਰਤਨ ਸਮਾਗਮ ਅੰਦਰ   ਗੁਰਦੁਆਰਾ ਸਾਹਿਬ  ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ, ਸ੍ਰ.ਜਤਿੰਦਰਪਾਲ ਸਿੰਘ ਸਲੂਜਾ,ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ , ਪ੍ਰਿਤਪਾਲ ਸਿੰਘ , ਭੁਪਿੰਦਰਪਾਲ  ਸਿੰਘ ਧਵਨ  ,ਬਲਜੀਤ ਸਿੰਘ ਦੂਆ( ਨਵਦੀਪ ਰੀਜ਼ੋਰਟ) ਬਲਬੀਰ ਸਿੰਘ ਭਾਟੀਆ,ਸੁਰਿੰਦਰਪਾਲ ਸਿੰਘ ਭੁਟੀਆਨੀ, ਰਣਜੀਤ ਸਿੰਘ ਖਾਲਸਾ,ਰਜਿੰਦਰਪਾਲ ਸਿੰਘ ਮੱਕੜ, ਜਗਪ੍ਰੀਤ ਸਿੰਘ ਮੱਕੜ, ਨਰਿੰਦਰਪਾਲ ਸਿੰਘ, ਮਨਜੀਤ ਸਿੰਘ ,ਤਰਲੋਚਨ ਸਿੰਘ ਸਾਂਬਰ, ਰਵਿੰਦਰ ਸਿੰਘ ਪੈਰੀ,ਆਗਿਆਪਾਲ ਸਿੰਘ ਚਾਵਲਾ,ਜੀਤ ਸਿੰਘ,  ਗੁਰਵਿੰਦਰ ਸਿੰਘ ਆੜਤੀ, ਸੁਰਿੰਦਰ ਸਿੰਘ ਸਚਦੇਵਾ, ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਜੁਗਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ, ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ, ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ, ਬਲ ਫਤਹਿ ਸਿੰਘ,  ਵਿਸ਼ੇਸ਼ ਤੌਰ ਤੇ ਹਾਜ਼ਰ ਸਨ- ਜਾਰੀ ਕਰਤਾ ਸ.ਭੁਪਿੰਦਰ ਸਿੰਘ 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢਿਆ ਗਿਆ ਨਗਰ ਕੀਰਤਨ

 ਨਗਰ ਕੀਰਤਨ 'ਚ ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਭਰੀਆਂ ਆਪਣੀਆਂ ਹਾਜ਼ਰੀਆਂ 

ਨਗਰ ਕੀਰਤਨ 'ਚ ਸ਼ਾਮਲ ਸੰਗਤਾਂ ਦਾ ਕੀਤਾ ਗਿਆ ਨਿੱਘਾ ਸਵਾਗਤ 

ਲੁਧਿਆਣਾ, 26 ਨਵੰਬਰ (ਕਰਨੈਲ ਸਿੰਘ ਐੱਮ ਏ ) ਮਨੁੱਖਤਾ ਦੇ ਰਹਿਬਰ ,ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦਿਆਂ ਹੋਇਆਂ  ਨਗਰ ਕੀਰਤਨ 'ਚ ਵੱਖ ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਭਰੀਆਂ ਆਪਣੀਆਂ ਹਾਜ਼ਰੀਆਂ 

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਬ੍ਰਾਂਚ ਜਵੱਦੀ ਟਕਸਾਲ ਵੱਲੋਂ ਮਹਾਨ ਨਗਰ ਕੀਰਤਨ ਸਜਾਇਆ

ਲੁਧਿਆਣਾ 26 ਨਵੰਬਰ ( ਕਰਨੈਲ ਸਿੰਘ ਐੱਮ. ਏ . )  ਗੁਰੁਦੁਆਰਾ ਸਾਹਿਬਜਾਦਾ ਫਤਿਹ ਸਿੰਘ ਜੀ, ਬ੍ਰਾਚ ਜਵੱਦੀ ਟਕਸਾਲ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਸਦਕਾ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਹੇਠ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 555 ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਹਿਲਾ ਮਹਾਨ ਨਗਰ ਕੀਰਤਨ 25 ਨਵੰਬਰ 2023 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਅਤੇ ਗੁਰਦੁਆਰਾ ਸਾਹਿਬ ਦੇ ਹੈਂਡ ਗ੍ਰੰਥੀ ਗਿਆਨੀ ਕੇਵਲ ਸਿੰਘ ਅਤੇ ਸੰਗਤਾਂ ਦੇ ਉੱਦਮ ਉਪਰਾਲੇ ਸਦਕਾ ਕਰਵਾਇਆ ਗਿਆ। ਇਸ ਨਗਰ ਕੀਰਤਨ ਵਿੱਚ ਸਰਬ ਸੰਗਤਾਂ ਨੇ ਤਨ, ਮਨ ਤੇ ਧਨ ਨਾਲ ਸੇਵਾਵਾਂ ਕੀਤੀਆਂ। ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਸ਼ਹੀਦ ਭਗਤ ਸਿੰਘ ਨਗਰ, ਪਿਆਰਾ ਸਿੰਘ ਚੱਕੀ ਵਾਲੀ ਗਲੀ, ਗੁਰਦੁਆਰਾ ਜ਼ੋਰਾਵਰ ਸਿੰਘ ਜੀ, ਦੁਰਗਾਪੁਰੀ, ਠਾਕੁਰ ਹਸਪਤਾਲ ਵਾਲੀ ਗਲੀ, ਚੂਹੜਪੁਰ ਰੋਡ ਤੋਂ ਨਿਊ ਦੀਪ ਨਗਰ, ਅਜੀਤ ਨਗਰ ਸੂਰੀਆ ਸਿਨੇਮਾ, ਨਿਊ ਵਿਜੈ ਨਗਰ ਗਲੀ ਨੰ. 3 ਵਿੱਚੋਂ ਹੁੰਦਾ ਹੋਇਆ ਰਾਜਨ ਇਸਟੇਟ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ, ਸੰਤ ਵਿਹਾਰ, ਆਦਿ ਤੋਂ ਹੁੰਦਾ ਹੋਇਆ ਵੱਖ ਵੱਖ ਪੜਾਵਾਂ ਤੇ ਕੀਰਤਨ ਅਤੇ ਢਾਡੀ ਵਾਰਾਂ ਦੇ ਪ੍ਰਵਾਹ ਨਾਲ ਸ਼ਾਮ ਨੂੰ ਵਾਪਿਸ ਗੁਰਦੁਆਰਾ ਸਾਹਿਬ ਆਇਆ। ਨਗਰ ਕੀਰਤਨ ਦੇ ਅੱਗੇ ਫੌਜੀ ਬੈਂਡ ਅਤੇ ਗੱਤਕਾ ਟੀਮਾਂ ਨੇ ਆਪਣੀਆਂ ਕਲਾ ਜੌਹਰ ਦਿਖਾ ਰਹੀਆਂ ਸਨ। ਸਮੂਹ ਸੰਗਤਾਂ ਵੱਲੋਂ ਗੁਰਬਾਣੀ ਦਾ ਜਾਪ ਵੀ ਕੀਤਾ ਜਾ ਰਿਹਾ ਸੀ ਜੋ ਕਿ ਨਗਰ ਕੀਰਤਨ ਦੀ ਸੋਭਾ ਨੂੰ ਹੋਰ ਵਧਾ ਰਿਹਾ ਸੀ। ਨਗਰ ਕੀਰਤਨ ਦੇ ਸੁਅਗਤ ਲਈ ਜਗ੍ਹਾ-ਜਗ੍ਹਾ ਤੇ ਸੰਗਤਾਂ ਵੱਲੋਂ ਬਰੈਡ ਪਕੌੜੇ ਅਤੇ ਚਾਹ ਦੇ ਲੰਗਰ ਲਗਾਏ ਗਏ ਸਨ।

ਨੌਜਵਾਨਾਂ ਵਿਚ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਬੱਡੀ ਜਾਗਰੂਕਤਾ ਪੰਦਰਵਾੜਾ ਮਨਾਇ

ਲੁਧਿਆਣਾ, 24 ਨਵੰਬਰ (ਟੀ. ਕੇ.) ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਲੁਧਿਆਣਾ ਦੇ ਬੱਡੀ ਸੈੱਲ ਵਲੋਂ  ਬੱਡੀ ਜਾਗਰੂਕਤਾ ਪੰਦਰਵਾੜਾ ਮਨਾਇਆ ਗਿਆ ਤਾਂ ਜੋ  ਨੌਜਵਾਨਾਂ ਵਿੱਚ ਨਸ਼ਿਆਂ ਦੀ ਦੁਰਵਰਤੋਂ ਦੀ ਤੀਬਰਤਾ ਅਤੇ ਪ੍ਰਭਾਵ ਨੂੰ ਰੋਕਿਆ ਜਾ ਸਕੇ। ਸਮਾਗਮ ਦੀ ਸ਼ੁਰੂਆਤ ਬੱਡੀ ਸੈੱਲ ਦੇ ਨੋਡਲ ਅਫਸਰ ਡਾ. ਸੁਖਵਿੰਦਰ ਸਿੰਘ ਚੀਮਾ ਵੱਲੋਂ ਕਾਲਜ ਦੇ ਬੱਡੀਜ਼ ਨੂੰ ਦਿੱਤੇ ਗਏ ਕੁੰਜੀਵਤ ਭਾਸ਼ਣ ਦੁਆਰਾ ਕੀਤੀ ਗਈ। ਉਨ੍ਹਾਂ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਦੀ ਗਹਿਰਾਈ ਅਤੇ ਗੰਭੀਰਤਾ ਨੂੰ ਉਜਾਗਰ ਕੀਤਾ । ਸੈੱਲ ਵੱਲੋਂ ਕਰਵਾਏ ਸਮਾਗਮਾਂ ਵਿੱਚ ਕਾਲਜ ਦੇ ਬੱਡੀਜ਼ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਮੌਕੇ ਭਾਸ਼ਣ ਮੁਕਾਬਲੇ ਦੇ ਜੱਜ ਵਜੋਂ ਡਾ: ਗੁਰਮੀਤ ਸਿੰਘ ਅਤੇ ਡਾ: ਅਵਨਿੰਦਰ ਪ੍ਰੀਤ ਸਿੰਘ ਅਤੇ ਡਾ: ਸੁਖਵਿੰਦਰ ਸਿੰਘ ਵਲੋਂ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਸ਼੍ਰੀਮਤੀ ਲਵਿਕਾ ਨੇ ਪਹਿਲਾ, ਸ਼੍ਰੀਮਤੀ ਲਵਿਕਾ  ਅਤੇ ਸ਼੍ਰੀਮਤੀ ਵਰਿੰਦਾ  ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਲੇਖਣ ਮੁਕਾਬਲੇ ਵਿੱਚ ਸ੍ਰੀਮਤੀ ਸ਼ਿਲਪਾ , ਸ੍ਰੀਮਤੀ ਸਿਮਰਨਜੀਤ ਕੌਰ  ਨੇ ਕ੍ਰਮਵਾਰ ਪਹਿਲਾ ਅਤੇ ਸ੍ਰੀਮਤੀ ਅਵਨੀਸ਼ ਕੌਰ  ਅਤੇ ਸ੍ਰੀਮਤੀ ਗੁਰਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਗੀਤ ਲਿਖਣ ਵਿੱਚ ਬਡੀ ਸੈੱਲ ਦੀ ਡਿਪਟੀ ਕੈਪਟਨ ਮਨਿੰਦਰਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਲੇਖ ਲਿਖਣ ਮੁਕਾਬਲੇ ਵਿੱਚ ਸ੍ਰੀਮਤੀ ਸ਼ਿਲਪਾ , ਸ੍ਰੀਮਤੀ ਅਸ਼ੀਤਾ ਅਤੇ ਸ੍ਰੀਮਤੀ ਸਿਮਰਨ  ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਤੀਜਾ ਸਥਾਨ ਪ੍ਰਾਪਤ ਕੀਤਾ। ਡਾ: ਤ੍ਰਿਪਤਾ, ਡਾ: ਮਨਦੀਪ ਕੌਰ ਅਤੇ ਡਾ: ਸੋਨਾ ਠਾਕੁਰ ਸਾਰੇ ਲੇਖ ਮੁਕਾਬਲਿਆਂ ਦੇ ਜੱਜ ਸਨ। ਕਵਿਤਾ ਉਚਾਰਨ ਮੁਕਾਬਲੇ ਵਿੱਚ ਸ੍ਰੀਮਤੀ ਰਾਜਦੀਪ ਕੌਰ, ਸ੍ਰੀਮਤੀ ਅਵਨੀਸ਼ ਕੌਰ  ਅਤੇ ਸ੍ਰੀਮਤੀ ਸ਼ਿਲਪਾ  ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਗੀਤ ਉਚਾਰਨ ਵਿੱਚ ਸ੍ਰੀਮਤੀ ਅਮਨਦੀਪ ਕੌਰ ਅਤੇ ਸ੍ਰੀਮਤੀ ਗਗਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਦੋਨੋਂ ਈਵੈਂਟਾਂ ਲਈ ਡਾ: ਨਿਰੋਤਮਾ ਸ਼ਰਮਾ, ਡਾ.ਰੇਖਾ ਅਤੇ ਅਮਰਜੀਤ ਸਿੰਘ ਜੱਜ ਸਨ। ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਡਾ: ਏਕਤਾ, ਡਾ: ਹਰਪ੍ਰੀਤ ਕੌਰ ਗਰੇਵਾਲ ਅਤੇ ਸ੍ਰੀਮਤੀ ਦਲਜੀਤ ਕੌਰ ਜੱਜ ਸਨ। ਸਲੋਗਨ ਰਾਈਟਿੰਗ ਮੁਕਾਬਲਿਆਂ ਵਿੱਚ ਸ੍ਰੀਮਤੀ ਅਨੁਸ਼ਕਾ ਜੈਨ , ਸ੍ਰੀਮਤੀ ਸੁਖਪ੍ਰੀਤ ਕੌਰ  ਨੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਸ੍ਰੀਮਤੀ ਜਸਪ੍ਰੀਤ ਕੌਰ ਅਤੇ ਸ੍ਰੀਮਤੀ ਬਵਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਸ. ਪ੍ਰਿਅੰਕਾ, ਸ੍ਰੀਮਤੀ ਗੁਰਕੀਰਤ ਕੌਰ  ਸ੍ਰੀਮਤੀ ਅੰਜਲੀ ਧੀਮਾਨ  ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਇਹ ਸਮਾਗਮ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਸਤਵੰਤ ਕੌਰ ਦੀ ਅਗਵਾਈ ਹੇਠ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ। ਉਨ੍ਹਾਂ ਡਾ: ਸੁਖਵਿੰਦਰ ਸਿੰਘ ਨੋਡਲ ਅਫ਼ਸਰ, ਡਾ: ਜਯਾ ਬੱਤਰਾ ਅਤੇ ਸ੍ਰੀ ਸ਼ੁਬਮ ਬਲੂਨੀ ਨੂੰ ਮਨਾਏ ਗਏ ਪੰਦਰਵਾੜੇ ਦੀ ਸਫਲਤਾ ਲਈ ਵਧਾਈ ਦਿੱਤੀ।