You are here

ਲੁਧਿਆਣਾ

ਮੁਰੰਮਤ ਹੋਣ ਕਰਕੇ ਬਿਜਲੀ ਸਪਲਾਈ ਬੰਦ ਰਹੇਗੀ

ਜਗਰਾਉਂ, 21 ਅਕਤੂਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਬਿਜਲੀ ਸਪਲਾਈ 11 ਕੇ ਵੀ ਫੀਡਰ ਸਿਟੀ 3 ਵਲੋਂ 220 ਕੇ ਵੀ ਐਸ ਐਸ ਜਗਰਾਉਂ ਮੁਰੰਮਤ ਕਰਕੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਅੱਜ ਮਿਤੀ 22-10-2023 ਨੂੰ ਬੰਦ ਰਹੇਗੀ ਪ੍ਰਭਾਵਿਤ ਏਰੀਏ ਕੁੱਕੜ ਚੋਂਕ, ਈਸ਼ਰ ਹਲਵਾਈ ਚੌਂਕ,ਮੇਨ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ ਆਦਿ।

ਜਗਰਾਓ ਵਿੱਖੇ ਬਿਜਲੀ ਸਪਲਾਈ ਦੇ ਸਬੰਧ ਵਿੱਚ ਜਰੂਰੀ ਸੂਚਨਾ 

ਜਗਰਾਓਂ, 17 ਅਕਤੂਬਰ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)220 KV S/S ਜਗਰਾਉਂ ਤੋਂ 11 KV ਫੀਡਰ ਸਿਟੀ-10 ਦੀ ਬਿਜਲੀ ਸਪਲਾਈ ਮਿਤੀ 18-10-2023 ਨੂੰ ਸਵੇਰੇ 10 ਵਜੇ ਤੋਂ ਸ਼ਾਮ 06 ਵਜੇ ਤੱਕ ਜ਼ਰੂਰੀ ਰੱਖ-ਰਖਾਅ ਲਈ ਬੰਦ ਰਹੇਗੀ।

ਪ੍ਰਭਾਵਿਤ ਹੋਣ ਵਾਲੇ ਇਲਾਕੇ;

5 ਨੰ ਚੁੰਗੀ, ਰਾਏਕੋਟ ਰੋਡ, ਅਗਵਾਰ ਲਧਾਈ, ਹਰਦੇਵ ਨਗਰ ਇੰਦਰਾ ਕਲੋਨੀ, ਕੋਠੇ ਖੰਜੂਰਾ ਆਦਿ।

ਕਿਰਤੀ ਕਿਸਾਨ ਯੂਨੀਅਨ ਵਲੋਂ ਚਿੱਪ ਵਾਲੇ ਬਿਜਲੀ ਮੀਟਰਾਂ ਦਾ ਵਿਰੋਧ

ਜਗਰਾਉਂ 17  ਅਕਤੂਬਰ ( ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ) ਕਿਰਤੀ ਕਿਸਾਨ ਯੂਨੀਅਨ ਵਲੋਂ ਚਿੱਪ ਵਾਲੇ ਬਿਜਲੀ ਮੀਟਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਯੂਨੀਅਨ ਆਗੂਆਂ ਦੀ ਅਗਵਾਈ ਵਿੱਚ ਕਿਸਾਨਾਂ-ਮਜ਼ਦੂਰਾਂ ਦੀ ਪਿੰਡ ਭੰਮੀਪੁਰਾ, ਝੋਰੜਾਂ ਵਿਖੇ ਇਕੱਤਰਤਾ ਕੀਤੀ ਅਤੇ 18 ਤਰੀਕ ਨੂੰ ਐਕਸਈਅਨ ਪਾਵਰਕਾਮ ਰਾਏਕੋਟ ਦਫ਼ਤਰ ਅੱਗੇ ਰੱਖੇ ਐਕਸ਼ਨ ਪ੍ਰੋਗਰਾਮ ਵਿੱਚ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਸਕੱਤਰ ਸਾਧੂ ਸਿੰਘ ਅੱਚਰਵਾਲ, ਵਿੱਤ ਸਕੱਤਰ ਜਗਰੂਪ ਸਿੰਘ ਤੇ ਯੂਥ ਆਗੂ ਸੁਖਜੀਤ ਸਿੰਘ ਨੇ ਕਿਹਾ ਕਿ ਯੂਨੀਅਨ ਪਹਿਲੇ ਦਿਨ ਤੋਂ ਹੀ ਚਿੱਪ ਵਾਲੇ ਆਟੋਮੈਟਿੱਕ ਮੀਟਰਾਂ ਦਾ ਵਿਰੋਧ ਕਰ ਰਹੀ ਹੈ ਕਿਉਂਕਿ ਇਸ ਨਾਲ ਜਿੱਥੇ ਕਰਮਚਾਰੀਆਂ ਦੀ ਛਾਂਟੀ ਹੋਵੇਗੀ, ਉਥੇ ਗਰੀਬਾਂ ਨੂੰ ਮਿਲ ਰਹੀ ਸਬਸਿਡੀ ਭਾਵ ਮੁਫਤ ਯੂਨਿਟ ਖਤਮ ਹੋਣਗੇ ਅਤੇ ਆਮ ਲੋਕਾਂ ਲਈ ਬਿਜਲੀ ਮਹਿੰਗੀ ਹੋ ਜਾਵੇਗੀ। ਆਗੂਆਂ ਨੇ ਆਮ ਲੋਕਾਂ ਨੂੰ ਚਿੱਪ ਵਾਲੇ ਮੀਟਰਾਂ ਦੇ ਵਿਰੋਧ ਵਿੱਚ 18 ਨੂੰ ਐਕਸੀਅਨ ਰਾਏਕੋਟ ਦਫ਼ਤਰ ਅੱਗੇ ਰੱਖੇ ਪ੍ਰੋਗਰਾਮ ਵਿੱਚ ਪਹੁੰਚਣ ਦੀ ਅਪੀਲ ਕੀਤੀ।

ਇਨਕਲਾਬੀ ਲੇਖਕ ਜਸਦੇਵ ਸਿੰਘ ਲਲਤੋਂ ਦੀ ਅੱਠਵੀਂ ਪੁਸਤਕ “ਗਰਜਦੇ ਬੋਲ” ‘ਤੇ ਹੋਈ ਸੰਜੀਦਾ ਲੇਖਕ-ਪਾਠਕ ਗੋਸ਼ਟੀ

ਮੁੱਲਾਂਪੁਰ ਦਾਖਾ 16 ਅਕਤੂਬਰ  (ਸਤਵਿੰਦਰ ਸਿੰਘ ਗਿੱਲ) ਗਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਯਾਦਗਾਰ ਕਮੇਟੀ (ਰਜਿ:) ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਤੋਂ ਕਲਾਂ ਦੇ ਆਡੀਟੋਰੀਅਮ ਵਿਚ ਵਿਸ਼ਾਲ ਲੇਖਕ-ਪਾਠਕ ਗੋਸ਼ਟੀ ਕੀਤੀ ਗਈ। ਜਿਸ ਵਿੱਚ ਨਾਮਵਰ ਲੇਖਕ, ਬੱਚਿਆਂ ਤੋਂ ਲੈਕੇ ਵੱਡਿਆਂ ਤੱਕ ਹਰ ਵਰਗ ਦੇ ਪਾਠਕ ਉਚੇਚੇ ਤੌਰ ਤੇ ਸ਼ਾਮਿਲ ਹੋਏ।
            ਗੋਸ਼ਟੀ ਦੀ ਪ੍ਰਧਾਨਗੀ ਸਰਵਸ਼੍ਰੀ-ਸ਼ਰੋਮਣੀ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ, ਪ੍ਰਿਸੀਪਲ ਪਰਦੀਪ ਕੁਮਾਰ, ਐਡਵੋਕੇਟ ਕੁਲਦੀਪ ਸਿੰਘ, ਪ੍ਰਧਾਨ ਜੋਰਾ ਸਿੰਘ, ਉਜਾਗਰ ਸਿੰਘ ਬੱਦੋਵਾਲ, ਇਨਕਲਾਬੀ ਲੇਖਕ ਉਜਾਗਰ ਲਲਤੋਂ ਤੇ ਬਾਲ-ਲੇਖਕ ਕਰਮਜੀਤ ਗਰੇਵਾਲ ਨੇ ਵਿਸ਼ੇਸ ਤੋਰ ਤੇ ਕੀਤੀ। 


            ਪਹਿਲ ਪ੍ਰਿਥਮੇ ਉਘੇ ਪੰਜਾਬੀ ਲੇਖਕ ਅਮਰੀਕ ਸਿੰਘ ਤਲਵੰਡੀ ਜੀ ਨੇ ਨਵੀਂ ਅੱਠਵੀ ਪੁਸਤਕ “ਗਰਜਦੇ ਬੋਲ” ਬਾਰੇ ਡੰੂਘੀ ਤੇ ਭਰਵੀਂ ਵਿਚਾਰ ਚਰਚਾ ਪੇਸ਼ ਕਰਦਿਆਂ ਵਰਨਣ ਕੀਤਾ ਕਿ ਜਸਦੇਵ ਸਿੰਘ ਲਲਤੋਂ ਨੇ ਕਰੋੋਨਾ ਦੌਰ ‘ਚ ਦੇਸ਼ ਦੇ ਆਮ ਲੋਕਾਂ ਵੱਲੋਂ ਝੱਲੇ ਸੰਕਟਾਂ ਤੇ ਦੁਸ਼ਵਾਰੀਆਂ, ਮੁਲਕ ਦੇ ਅੰਨਦਾਤਾ ਵੱਲੋਂ ਉਸਾਰੇ ਮਹਾਨ ਕਿਸਾਨ ਅੰਦੋਲਨ, ਖੁਦਕਸ਼ੀਆਂ, ਨਸ਼ਿਆਂ ਦੇ ਛੇਵੇਂ ਦਰਿਆ, ਜਵਾਨੀ ਦਾ ਪ੍ਰਵਾਸ, ਬੇਰੁਜ਼ਗਾਰੀ, ਪੌਣਪਾਣੀ ਦਾ ਪ੍ਰਦੁਸ਼ਣ, ਦੇਸ਼ ਭਗਤਾਂ ਦੇ ਅਧੂਰੇ ਕਾਰਜ ਅਤੇ ਨਵੇਂ ਨਰੋਏ ਰਾਜ ਪ੍ਰਬੰਧ ਦੀ ਸਿਰਜਣਾ ਬਾਰੇ ਬੁਹਤ ਹੀ ਉਤਮ ਕਵਿਤਾਵਾਂ, ਕਵੀਸ਼ਰੀਆਂ, ਗੀਤਾਂ ਤੇ ਜਾਗੋ ਰਾਹੀਂ ਭਰਪੂਰ ਚਾਨਣਾ ਪਾਇਆ ਅਤੇ ਹਰ ਸਮੱਸਿਆ ਦਾ ਸ਼ਾਨਦਾਰ ਹੱਲ ਵੀ ਦਰਸਾਇਆ ਹੈ। ਸੋਂ ਸਾਰੇ ਪੰਜਾਬੀ ਪਾਠਕਾਂ ਦਾ ਖਾਸ ਕਰਕੇ ਨਵੀਂ ਪੀੜ੍ਹੀ ਦੇ ਬੱਚਿਆਂ ਤੇ ਨੌਜਵਾਨਾਂ ਦਾ ਪਵਿਤਰ ਫਰਜ਼ ਬਣਦਾ ਹੈ ਕਿ ਉਹ ਇਸ ਪੁਸਤਕ ਨੂੰ ਲਾਜਮੀ ਪੜ੍ਹ ਕੇ ਵੱਡਾ ਲਾਹਾ ਪ੍ਰਾਪਤ ਕਰਨ।
            ਵੱਖ-ਵੱਖ ਲੇਖਕਾਂ ਤੇ ਪਾਠਕਾਂ - ਉਜਾਗਰ ਲਲਤੋਂ, ਐਡਵੋਕੇਟ ਕੁਲਦੀਪ ਸਿੰਘ, ਕਰਮਜੀਤ ਗਰੇਵਾਲ, ਅਜਮੇਲ ਮੋਹੀ, ਪ੍ਰਿਸੀਪਲ ਪਰਦੀਪ ਕੁਮਾਰ, ਮੈਡਮ ਬਿਦੰ ਸ਼ਰਮਾ, ਮੈਡਮ ਅਮਨਦੀਪ ਬਰਾੜ੍ਹ, ਉਜਾਗਰ ਬੱਦੋਵਾਲ, ਹਰਦੇਵ ਮੁਲਾਂਪੁਰ, ਹਰਦੇਵ ਸੁਨੇਤ ਸਮੇਤ ਕਈ ਹੋਰ ਸਜਨਾ ਨੇ ਵੀ “ਗਰਜਦੇ ਬੋਲ” ਦੇ ਵੱਖ-ਵੱਖ ਪਹਿਲੂਆਂ ‘ਤੇ ਰੋਸ਼ਨੀ ਪਾਉਂਦੇ ਕੀਮਤੀ ਵਿਚਾਰ ਪੇਸ਼ ਕੀਤੇ। ਸਕੂਲ ਦੀ ਲਾਇਬਰੇਰੀ ਲਈ ਨਵੀ ਪੁਸਤਕ ਦੀਆਂ ਕਾਪੀਆਂ ਪਰਿੰਸੀਪਲ ਪ੍ਰਦੀਪ ਕੁਮਾਰ ਜੀ ਨੂੰ ਪ੍ਰਧਾਨਗੀ ਮੰਡਲ ਨੇ ਭੇਟ ਕੀਤੀਆਂ।ਅੰਤ ਵਿੱਚ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜਿਲ੍ਹਾ ਲੁਧਿਆਣਾ ਦੇ ਆਗੂ ਉਜਾਗਰ ਸਿੰਘ ਬੱਦੋਵਾਲ ਨੇ ਸਮੂਹ ਹਾਜ਼ਰੀਨਾਂ ਦਾ ਤਹਿਦਲੋਂ ਧੰਨਵਾਦ ਕਰਦਿਆਂ, ਇਸ ਪੁਸਤਕ ਨੂੰ ਲਾਜਮੀ ਪੜ੍ਹਨ ਅਤੇ ਵੱਧ ਤੋਂ ਵੱਧ ਪਾਠਕਾਂ ਦੇ ਹੱਥਾਂ ਵਿੱਚ ਪਹੰੁਚਾਉਣ ਦਾ ਸੱਦਾ ਦਿੱਤਾ ਅਤੇ ਲੋਕ ਪੱਖੀ ਇਨਕਲਾਬੀ ਪੁਸਤਕ “ਗਰਜਦੇ ਬੋਲ”ਦੀ ਲੇਖਕ ਜਸਦੇਵ ਸਿੰਘ ਲਲਤੋਂ ਨੂੰ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਹਰਦੇਵ ਸਿੰਘ ਮੁੱਲਾਂਪੁਰ, ਗੁਰਦੇਵ ਸਿੰਘ ਮੁੱਲਾਂਪੁਰ, ਮੈਡਮ ਪੂਜਾ ਰਾਣੀ, ਮੈਡਮ ਰਮਨਦੀਪ ਕੌਰ ਉਚੇਚੇ ਤੌਰ ਤੇ ਸ਼ਾਮਿਲ ਹੋਏ।

ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਓਵਰਟਾਇਮ ਦੇ ਘੰਟੇ ਵਧਾਉਣ ਦੇ ਫੈਸਲੇ ਖਿਲਾਫ ਮੀਟਿੰਗ

ਲੁਧਿਆਣਾ, 15 ਅਕਤੂਬਰ (ਟੀ. ਕੇ.) ਲੁਧਿਆਣਾ ਸ਼ਹਿਰ ਦੇ ਸੱਨਅਤੀ ਮਜ਼ਦੂਰਾਂ ਦੀ ਜਥੇਬੰਦੀ ਟੈਕਸਟਾਈਲ -ਹੌਜਰੀ ਕਾਮਗਾਰ ਯੂਨੀਅਨ, ਪੰਜਾਬ ਦੇ ਸਰਗਰਮ ਕਾਰਕੁਨਾਂ ਦੀ ਮੀਟਿੰਗ ਮਜਦੂਰ ਲਾਇਬ੍ਰੇਰੀ, ਈ.ਡਬਲਯੂ.ਐਸ. ਕਲੋਨੀ ਲੁਧਿਆਣਾ ਵਿਖੇ ਕੀਤੀ ਗਈ।ਇਸ ਮੌਕੇ ਮੀਟਿੰਗ ਵਿੱਚ  ਮਾਨ ਸਰਕਾਰ ਵੱਲੋਂ ਜਾਰੀ ਕੀਤੇ ਓਵਰਟਾਇਮ ਦੇ ਘੰਟੇ ਵਧਾਉਣ ਦੇ ਮਜਦੂਰ ਵਿਰੋਧੀ ਫੈਸਲੇ ਬਾਰੇ ਵਿਚਾਰ-ਚਰਚਾ ਕੀਤੀ ਗਈ।ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜਗਦੀਸ਼ ਨੇ ਦੱਸਿਆ ਕਿ  ਮਾਨ ਸਰਕਾਰ ਨੇ ਪਿਛਲੇ ਦਿਨੀ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਓਵਰਟਾਇਮ ਦੇ ਘੰਟੇ ਵਧਾਉਣ ਦੀ ਗੱਲ ਕਹੀ ਹੈ, ਜਿਸ ਨਾਲ ਇੱਕ ਦਿਨ ਵਿੱਚ ਓਵਰਟਾਇਮ ਦੇ ਵੱਧ ਤੋਂ ਵੱਧ ਘੰਟੇ ਦੋ ਤੋਂ ਵਧਾ ਕੇ 4 ਕਰ ਦਿੱਤੇ ਗਏ ਹਨ, ਭਾਵੇਂ ਕਿ ਇੱਕ ਹਫਤੇ ਦੇ ਕੁੱਲ ਕੰਮ ਦੇ ਘੰਟੇ (ਸਮੇਤ ਓਵਰਟਾਇਮ) 60 ਹੀ ਰੱਖੇ ਗਏ ਹਨ। ਇਸਦੇ ਨਾਲ਼ ਹੀ ਤਿੰਨ ਮਹੀਨੇ ਵਿੱਚ ਜਿੱਥੇ ਓਵਰਟਾਇਮ ਦੇ ਕੰਮ ਦੇ ਘੰਟੇ 75 ਹੋ ਸਕਦੇ ਸੀ ਹੁਣ ਵਧ ਕੇ 115 ਕਰ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਮਜ਼ਦੂਰ ਵਿਰੋਧੀ ਹੈ ਕਿਉਂਕਿ ਵਧਦੀ ਮਹਿੰਗਾਈ ਦੇ ਹਿਸਾਬ ਨਾਲ਼ ਮਜਦੂਰਾਂ ਦੀ ਤਨਖਾਹ/ਪੀਸਰੇਟ ਵਧਾਉਣ ਦੀ ਥਾਂ ਸਰਕਾਰ ਕੰਮ ਦੇ ਘੰਟੇ ਵਧਾ ਕੇ ਮਜਦੂਰਾਂ ਦੀ ਜਿੰਦਗੀ ਦੁੱਭਰ ਕਰਨ ਦੀ ਰਾਹ ਤੇ ਤੁਰੀ ਹੋਈ ਹੈ। ਇਸ ਫੈਸਲੇ ਨੇ ਆਮ ਆਦਮੀ ਪਾਰਟੀ ਦੇ ਮਜਦੂਰ-ਵਿਰੋਧੀ ਚਿਹਰੇ ਨੂੰ ਨੰਗਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਸਰਮਾਏਦਾਰਾਂ ਵੱਲੋਂ ਕਿਰਤ-ਕਨੂੰਨਾਂ ਦਾ ਉਲੰਘਣ ਕਰਕੇ ਮਜਦੂਰਾਂ ਤੋਂ ਤਿੰਨ-ਤਿੰਨ, ਚਾਰ-ਚਾਰ ਘੰਟੇ ਫੈਕਟਰੀਆਂ ਵਿੱਚ ਓਵਰਟਾਇਮ ਕਰਵਾਇਆ ਜਾਂਦਾ ਹੈ ਅਤੇ ਹੁਣ ਜਦਕਿ ਸਰਕਾਰ ਨੇ ਓਵਰਟਾਇਮ ਦੇ ਘੰਟੇ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਤਾਂ ਸਰਮਾਏਦਾਰਾਂ ਨੂੰ ਮਜਦੂਰਾਂ ਦੀ ਹੋਰ ਜਿਆਦਾ ਲੁੱਟ ਕਰਨ ਦੀ ਖੁੱਲੀ ਛੂਟ ਹੋ ਜਾਵੇਗੀ। ਇਸ ਲਈ ਅੱਜ ਮਜਦੂਰ ਜਮਾਤ ਨੂੰ ਸਰਕਾਰ ਦੇ ਇਸ ਫੈਸਲੇ ਦਾ ਏਕੇ ਦੇ ਦਮ ਤੇ ਵਿਰੋਧ ਕਰਨ ਦੀ ਲੋੜ ਹੈ। ਇਸ ਮੌਕੇ 
    ਮੀਟਿੰਗ ਵਿੱਚ ਸ਼ਾਮਿਲ ਸਾਰੇ ਕਾਰਕੁਨਾਂ ਨੇ ਓਵਰਟਾਇਮ ਦੇ ਘੰਟੇ ਵਧਾਉਣ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ। ਇਸ ਮੌਕੇ ਮਜਦੂਰ ਕਾਰਕੁਨਾਂ ਨੇ ਲੋਕਪੱਖੀ ਪੱਤਰਕਾਰਾਂ  'ਤੇ ਮੋਦੀ ਸਰਕਾਰ ਦੇ ਹਮਲੇ ਅਤੇ ਟ੍ਰੇਡ ਯੂਨੀਅਨ ਆਗੂ ਲਖਵਿੰਦਰ ਸਿੰਘ 'ਤੇ ਝੂਠਾ ਪਰਚਾ ਦਰਜ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।

"ਏਟਕ ਦੀ ਲੁਧਿਆਣਾ  ਜ਼ਿਲਾ ਕਾਨਫਰੰਸ ਵਿੱਚ  ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਤਿੱਖਾ ਕਰਨ ਦਾ ਅਹਿਦ

 ਭਾਟੀਆ ਜਨਰਲ ਸਕੱਤਰ ਅਤੇ ਵਿਜੇ ਕੁਮਾਰ ਪ੍ਰਧਾਨ ਚੁਣੇ ਗਏ

ਲੁਧਿਆਣਾ, 15 ਅਕਤੂਬਰ (ਟੀ. ਕੇ. )  ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ  ਹੋਈ ਏਟਕ ਦੀ ਜ਼ਿਲਾ ਕਾਨਫਰੰਸ ਵਿੱਚ ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਅਹਿਦ ਲਿਆ ਗਿਆ। ਇਸ ਮੌਕੇ ਕਾਮਰੇਡ ਰਮੇਸ਼ ਰਤਨ, ਡੀ.ਪੀ ਮੌੜ,  ਕੇਵਲ ਸਿੰਘ ਬਨਵੈਤ,ਚਰਨ ਸਰਾਭਾ ਅਤੇ ਗੁਰਨਾਮ ਸਿੱਧੂ, ਨੇ ਸੰਮੇਲਨ ਦੀ ਪ੍ਰਧਾਨਗੀ ਕੀਤੀ । ਸਵਾਗਤ ਦੀ ਭਾਸ਼ਾ ਦੇ ਮੌਜੂਦਾ ਪ੍ਰਧਾਨ ਕਾਮਰੇਡ ਰਮੇਸ਼ ਰਤਨ ਨੇ ਸਵਾਗਤੀ ਭਾਸ਼ਣ ਦਿੱਤਾ ਤੇ ਸਭ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ। ਸੰਮੇਲਨ ਦਾ ਉਦਘਾਟਨ ਏਟਕ ਪੰਜਾਬ ਦੇ ਵਰਕਿੰਗ ਪ੍ਰਧਾਨ ਕਾਮਰੇਡ ਸੁਖਦੇਵ ਸ਼ਰਮਾ    ਨੇ ਕੀਤਾ। 
 ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਬੇਰੋਜ਼ਗਾਰੀ ਵਧ ਰਹੀ ਹੈ, ਮਹਿੰਗਾਈ ਵਧ ਰਹੀ ਹੈ ਅਤੇ ਰੋਜ਼ੀ-ਰੋਟੀ ਦੇ ਸਾਧਨ ਖਤਮ ਹੋ ਰਹੇ ਹਨ।  ਇਨਾ ਕਠਿਨ ਹਾਲਾਤਾਂ ਦੇ ਵਿੱਚ ਕਾਮਿਆਂ ਲਈ ਜੀਵਨ ਹੋਰ ਵੀ ਦੂਭਰ ਹੋ ਗਿਆ ਹੈ।   ਨਵੇਂ ਵੇਜ ਕੋਡ ਬਿੱਲ ਵਿੱਚ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਕਾਫੀ ਹੱਦ ਤੱਕ ਖਤਮ ਕੀਤਾ ਗਿਆ ਹੈ।   ਕੰਮ ਦਿਹਾੜੀ  8 ਤੋੰ ਵਧਾ ਕੇ 12 ਘੰਟੇ ਕਰਨ ਦਾ ਫੈਸਲਾ ਬਹੁਤ ਹੀ ਮੰੰਦਭਾਗਾ ਅਤੇ ਮਜ਼ਦੂਰ ਵਿਰੋਧੀ ਹੈ।  ਇਸ ਹੁਕਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।  ਉਨ੍ਹਾਂ ਘੱਟੋ-ਘੱਟ ਉਜਰਤ 26000 ਰੁਪਏ ਮਹੀਨਾ ਤੈਅ ਕਰਨ ਦੀ ਮੰਗ ਵੀ ਕੀਤੀ।  ਪ੍ਰਧਾਨ ਮੰਤਰੀ ਦੇ ਸਾਰੇ ਐਲਾਨ ਝੂਠੇ ਅਤੇ ਡਰਾਮੇਬਾਜ਼ੀਆਂ ਹਨ।   ਉਨ੍ਹਾਂ ਕਿਹਾ ਕਿ 60 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਪੈਨਸ਼ਨ ਅਤੇ ਸਮਾਜਿਕ ਸੁਰੱਖਿਆ ਵਜੋਂ 10000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ । ਬਿਜਲੀ ਸੋਧ ਬਿੱਲ  2020 ਵਾਪਸ ਲਿਆ ਜਾਵੇ, ਜਨਤਕ ਖੇਤਰ ਦੀਆਂ ਇਕਾਈਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ।  200 ਦਿਨਾਂ ਦਾ ਕੰਮ ਅਤੇ 700 ਪ੍ਰਤੀ ਦਿਨ ਦਿਹਾੜੀ ਨੂੰ ਯਕੀਨੀ ਬਣਾਇਆ ਜਾਵੇ।    ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਸਰਕਾਰ ਸੱੱਤਾ ਵਿੱਚ ਬਣੀ ਰਹਿੰਦੀ ਹੈ ਤਾਂ ਪੈਨਸ਼ਨ ਖਤਮ ਕਰ ਦਿੱਤੀ ਜਾਵੇਗੀ ਅਤੇ ਘੱਟੋ-ਘੱਟ ਉਜਰਤ ਐਲਾਨੀਆ ਫਲੋਰ ਵੇਜ ਦੇ ਮੁਤਾਬਕ 178 ਰੁਪਏ ਪ੍ਰਤੀ ਦਿਨ ਪੱਕੀ ਕਰ ਦਿੱਤੀ ਜਾਵੇਗੀ ਜਿਸ ਦਾ ਕਿ ਮਜ਼ਦੂਰਾਂ ਦੀ ਆਮਦਨ ਤੇ ਬਹੁਤ ਨੁਕਸਾਨ ਹੋਏਗਾ। ਕਾਮਰੇਡ ਡੀ. ਪੀ. ਮੋੜ ਨੇ ਕਿਹਾ  ਕਿਉਂਕਿ ਸਰਕਾਰ ਕਾਰਪੋਰੇਟ ਪੱਖੀ ਅਤੇ ਮੁਲਾਜ਼ਮ ਵਿਰੋਧੀ ਹੈ,  ਕਾਰਪੋਰੇਟ ਟੈਕਸ 30 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਕੇ ਉਨ੍ਹਾਂ ਨੂੰ ਟੈਕਸ ਰਿਆਇਤਾਂ ਦੇ ਰਹੇ ਹਨ। ਉਨ੍ਹਾ ਨੂੰ ਜਾਇਦਾਦ ਟੈਕਸ ਮਾਫ ਕਰ ਦਿੱਤਾ ਹੈ। ਉਸ ਘਾਟੇ ਦੀ ਭਰਪਾਈ ਲਈ ਜਰੂਰੀ ਵਸਤਾਂ ਦੀਆਂ ਕੀਮਤਾਂ ਖਾਸ ਕਰਕੇ ਗੈਸ ਅਤੇ  ਪੈਟਰੋਲ ਆਦਿ ਦੀਆਂ ਕੀਮਤਾਂ ਕ੍ਰਮਵਾਰ 400 ਤੋਂ 1200 ਅਤੇ 60 ਤੋਂ 100 ਤੱਕ ਵਧਾ ਦਿੱੱਤੀਆਂ ਹਨ।  ਆਸ਼ਾ, ਆਂਗਨਵਾੜੀ ਅਤੇ ਹੋਰ ਸਕੀਮ  ਵਰਕਰਾਂ ਨੂੰ ਅਜੇ ਵੀ ਰੈਗੂਲਰ ਨਹੀਂ ਕੀਤਾ ਗਿਆ।  ਅਜਿਹਾ ਕੀਤਾ ਜਾਣਾ ਚਾਹੀਦਾ ਹੈ।  ਠੇਕਾ ਪ੍ਰਣਾਲੀ ਨੂੰ ਖਤਮ ਕਰਕੇ ਸਰਕਾਰੀ ਖਾਲੀ ਪਈਆਂ ਅਸਾਮੀਆਂ ਪੱਕੇ ਤੌਰ ਤੇ ਭਰੀਆਂ ਜਾਣ।  ਸਾਰਿਆਂ ਲਈ ਸਿਹਤ ਅਤੇ ਸਿੱਖਿਆ ਮੁਫਤ ਯਕੀਨੀ ਬਣਾਈ ਜਾਵੇ ।  ਕਾਮਨ ਸਕੂਲ ਅਤੇ ਗੁਆਂਢ ਵਿੱਚ ਸਕੂਲ ਲਈ ਕੋਠਾਰੀ ਕਮਿਸ਼ਨ ਦੀ ਰਿਪੋਰਟ ਨੂੰ ਅਪਣਾਈ ਜਾਵੇ।  ਵਿਸ਼ਵਵਿਆਪੀ ਸਿਹਤ ਦੇਖਭਾਲ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਕਾਮਿਆਂ ਨੂੰ ਖਾਸ ਤੌਰ ਤੇ ਗੈਰ ਜਥੇਬੰਦ ਖੇਤਰ ਦੇ ਕਾਮਿਆਂ ਨੂੰ ਜਥੇਬੰਦ ਕਰਨਾ ਬਹੁਤ ਵੱਡਾ ਕੰਮ ਹੈ। ਇਸ ਵਿੱਚ ਏਟਕ ਬਹੁਤ ਵੱਡੀ ਭੂਮਿਕਾ ਨਿਭਾ ਸਕਦੀ ਹੈ। ਲੁਧਿਆਣਾ ਵਰਗੇ ਉਦਯੋਗਿਕ ਨਗਰ ਦੇ ਵਿੱਚ ਹਾਲਤ ਇਹ ਹੈ ਕਿ ਜੇ ਕੋਈ ਕੰਮ ਟਰੇਡ ਯੂਨੀਅਨ  ਕੰਮਾਂ ਵਿੱਚ ਹਿੱਸਾ ਲੈਂਦਾ ਹੈ ਤਾਂ ਉਸਨੂੰ  ਨੌਕਰੀਓਂ ਕੱਢ ਦਿੱਤਾ ਜਾਂਦਾ ਹੈ। ਇਸ ਲਈ ਸਾਨੂੰ ਕਾਮਿਆਂ ਨੂੰ ਜਥੇਬੰਦ ਕਰਨ ਦੇ ਨਵੇਂ ਕਿਸਮ ਦੇ ਢੰਗ ਤਰੀਕੇ ਲੱਭਣੇ ਪੈਣਗੇ। ਜਿਲਾ ਜਨਰਲ ਸਕੱਤਰ ਕਾਮਰੇਡ ਵਿਜੇ ਕੁਮਾਰ ਨੇ ਪਿਛਲੇ ਸਮੇਂ ਦੇ ਵਿੱਚ ਕੀਤੇ ਗਏ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਕਾਮਰੇਡ ਚਰਨ ਸਰਾਭਾ  ਨੇ ਕਾਮਿਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਸਰਮਾਏਦਾਰੀ ਦਾ ਬਹੁਤ ਵੱਡਾ ਹਮਲਾ ਦੱਸਿਆ ਤੇ ਕਾਮਿਆਂ ਨੂੰ ਇੱਕ ਮੁੱਠ ਕਰਨ ਲਈ ਇਹ ਟੈਕ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ।

ਕਾਨਫਰੰਸ ਵਿੱਚ ਨਵੀਂ ਟੀਮ ਚੁਣੀ ਗਈ ਜਿਸ ਵਿੱਚ ਕਾਮਰੇਡ ਵਿਜੇ ਕੁਮਾਰ ਪ੍ਰਧਾਨ ਕਾਮਰੇਡ ਐਮਐਸ ਭਾਟੀਆ ਜਨਰਲ ਸਕੱਤਰ ਚੁਣੇ ਗਏ। ਨੰਬਰ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਲਈ 37 ਮੈਂਬਰੀ ਵਰਕਿੰਗ ਕਮੇਟੀ ਚੁਣੀ ਗਈ।

ਕਾਨਫਰੰਸ ਨੇ ਤਿੰਨ ਨਵੰਬਰ ਨੂੰ ਮੋਹਾਲੀ ਵਿਖੇ ਹੋਣ ਵਾਲੀ ਰੈਲੀ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਨਵੇਂ ਚੁਣੇ ਪ੍ਰਧਾਨ ਵਿਜੇ ਕੁਮਾਰ ਅਤੇ ਜਨਰਲ ਸਕੱਤਰ ਐਮ ਐਸ ਭਾਟੀਆ ਨੇ ਵਿਸ਼ਵਾਸ ਦਿਵਾਇਆ ਕਿ ਤਨ ਦੇਹੀ ਨਾਲ ਜਥੇਬੰਦੀ ਨੂੰ ਅੱਗੇ ਵਧਾਉਣ ਦਾ ਕੰਮ ਕਰਨਗੇ ਤੇ ਵਿਸ਼ੇਸ਼ ਕਰ ਗੈਰ ਜਥੇਬੰਦ ਖੇਤਰ ਦੇ ਕਾਮਿਆਂ ਨੂੰ ਤਰਜੀਹ ਦੇਣਗੇ। 
ਉਹਨਾਂ ਕਿਹਾ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਛੇਤੀ ਹੀ ਕਰਕੇ ਬਾਕੀ ਦੇ ਅਹੁਦੇਦਾਰ ਵੀ ਚੁਣ ਲਏ ਜਾਣਗੇ।

ਕਾਨਫਰੰਸ ਨੇ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਦੇ ਹੱਕ ਦੇ ਲਈ ਸੰਘਰਸ਼ ਜਾਰੀ ਰੱਖੇ ਜਾਣਗੇ। ਇਹਨਾਂ ਵਿੱਚੋਂ ਪ੍ਰਮੁੱਖ ਰੇੜੀ ਫੜੀ ਵਾਲਿਆਂ ਦੀ ਵੈੰਡਿੰਗ ਜੋਨ ਦੀ ਸਮੱਸਿਆ ਨੂੰ ਲੈ ਕੇ ਸੰਘਰਸ਼ ਕੀਤਾ ਜਾਏਗਾ। ਉਸਾਰੀ ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਉਹਨਾਂ ਦੇ ਲਾਭਪਾਤਰੀ ਕਾਰਡ ਬਣਾ ਕੇ ਦਿੱਤੇ ਜਾਣਗੇ। ਵੱਖ ਵੱਖ ਅਦਾਰਿਆਂ ਵਿੱਚ ਠੇਕੇਦਾਰੀ ਪ੍ਰਬੰਧ ਨੂੰ ਸਮਾਪਤ ਕਰਾਉਣ ਲਈ ਅੰਦੋਲਨ ਕੀਤੇ ਜਾਣਗੇ । ਪੱਲੇਦਾਰਾਂ ਦੇ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਉਚੇਚੀ ਕਾਰਵਾਈ ਕੀਤੀ ਜਾਏਗੀ। ਉਦਯੋਗਿਕ ਮਜ਼ਦੂਰਾਂ ਦੇ ਨਾਲ ਹੋ ਰਹੇ ਧੱਕੇ ਅਤੇ ਲੋੜ ਨਾਲੋਂ ਵੱਧ ਕੰਮ ਦੇ ਘੰਟੇ 8 ਤੋਂ 12 ਕਰਨ ਦੇ ਮੁੱਦੇ ਨੂੰ ਲੈ ਕੇ 16 ਤਰੀਕ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਅਤੇ 23 ਅਕਤੂਬਰ ਨੂੰ ਕਿਰਤ ਵਿਭਾਗ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਜਾਏਗਾ।

ਨਗਰ ਕੌਂਸਲ ਦੀਆ  ਚੌਣਾ 'ਚ 13 ਵਾਰਡਾ 'ਚ ਜਿੱਤ  ਪ੍ਰਾਪਤ ਕਰਾਗੇ - ਬੱਸਣ 

ਮੁੱਲਾਂਪੁਰ ਦਾਖਾ 15 ਅਕਤੂਬਰ (ਸਤਵਿੰਦਰ ਸਿੰਘ ਗਿੱਲ)ਅੱਜ ਆਮ ਆਦਮੀ ਪਾਰਟੀ ਦੇ ਦਫਤਰ ਮੰਡੀ ਮੁੱਲ਼ਾਂਪੁਰ ਦੇ ਵਿੱਚ  ਸੀਨੀਅਰ ਆਪ ਆਗੂ ਬਲਵਿੰਦਰ ਸਿੰਘ ਬੱਸਣ ਦੀ ਅਗਵਾਈ ਦੇ ਵਿੱਚ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਨਗਰ ਨਿਗਮ ਚੋਣਾਂ ਤੇ ਨਗਰ ਕੌਸਲ ਦੀਆਂ ਚੋਣਾ ਦੇ ਸਬੰਧ ਵਿੱਚ ਵਿਚਾਰ ਵਿਟਾਦਰਾਂ ਕੀਤਾ ਗਿਆ ਜਿਸ ਦੇ ਵਿੱਚ ਬੋਲਦਿਆਂ ਬਲਵਿੰਦਰ ਸਿੰਘ ਬੱਸਣ ਨੇ ਆਖਿਆ ਕਿ ਨਗਰ ਕੌਸਲ ਦੇ ਮੁੱਲਾਂਪੁਰ ਦੇ 13 ਵਾਰਡਾਂ ਦੇ ਵਿੱਚ ਜਿੱਤ ਪ੍ਰਾਪਤ ਕਰਾਗੇ ਤੇ ਹਰੇਕ ਵਾਰਡ ਦੇ ਵਿੱਚ ਸਾਫ ਸੁਥਰੇ ਉਮੀਦਵਾਰ ਉਤਾਰੇ ਜਾਣਗੇ ਸ਼ਹਿਰ ਦੇ ਵਿੱਚ ਵਾਟਰ ਸਪਲਾਈ ਤੇ ਸੀਵਰੇਜ ਦੀਆਂ ਮਿਲ ਰਹੀਆਂ ਸ਼ਕਾਇਤਾਂ ਤੇ ਖੁੱਲ ਕੇ ਚਰਚਾ ਕੀਤੀ ਗਈ ਤੇ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸਬੰਧਿਤ ਅਧਕਾਰੀਆਂ ਨੇ ਇਹ ਸਮੱਸਿਆਂ ਦਾ ਹੱਲ ਨਾ ਕੀਤਾ ਤਾ ਜਲਦੀ ਹੀ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ ਇਸ ਮੋਕੇ ਦੁਕਾਨਦਾਰ ਪ੍ਰਧਾਨ ਜਸਪ੍ਰੀਤ ਜੱਸੀ,ਟਰੱਕ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਮਾਨ,ਹਰਨੇਕ ਸਿੰਘ ਸਰਪੰਚ , ਮਨਮੋਹਣ ਸਿੰਘ,ਪਲਵਿੰਦਰ ਸਿੰਘ ਫੋਜੀ,ਧਿਆਨ ਸਿੰਘ,ਪਰਮਜੀਤ ਸਿੰਘ,ਬਿਟੂ ਨਾਗਪਾਲ,ਪ੍ਰਦੀਪ ਭੰਵਰਾ,ਸੁੱਖਦੀਪ ਭੰਵਰਾ ,ਨਵਲ ਕੁਮਾਰ ਸ਼ਰਮਾ,ਨਵੀ ਨਾਗਪਾਲ,ਰਾਹੂਲ ਜੋਸੀ,ਪਿਸ ਮੁੱਲਾਪੁਰ,ਕਰਤਾਰ ਤੂਰ,ਡਾਂ ਅਜਮੇਰ ਸਿੰਘ,ਗੁਰਬਿੰਦ ਸੱਗੂ,ਸੁਰੇਸ਼ ਕੁਮਾਰ ,ਜਗਤਾਰ ਸਿੰਘ,ਸੱਤਪਾਲ ਬਾਸਲ,ਮਲਕੀਤ ਰਕਬਾ,ਮਨਮੋਹਨ ਮੋਹੀ,ਸਰਵਣ ਮੰਡਿਆਣੀ,ਕਾਕਾ ਹਿਸੋਵਾਲ,ਇੰਦਰਪਾਲ ਬੱਬੂ,DPRo ਤੇਜਾ ਸਿੰਘ,ਸੁਰਜੀਤ ਮਾਸਟਰ,ਰਜੀਵ ਦਰਾਵਿੜ ,ਰਣਧੀਰ ਸਿੰਘ ਬੋਪਾਰਾਏ,ਜਗਤਾਰ ਸਿੰਘ ਬੈਕ ਮਨੇਜਰ,ਹਰਬੰਸ ਸਿੰਘ,ਉਜਾਗਰ ਸਿੰਘ ਗਿਲ,ਮਾਂ ਅਜਮੇਲ ਸਿੰਘ,ਜਸਵੰਤ ਸਿੰਘ, ਦਵਿੰਦਰ ਸਿੰਘ,ਰਾਮਪਾਲ,ਦੀਪਾ ਮੰਡਿਆਣੀ ਪਰਮਿੰਦਰ ਜੋਹਲ,ਸੇਰੀ ਮੰਡਿਆਣੀ, ਕਾਲਾ ਮੰਡਿਆਣੀ,ਪੱਪਾ ਪੰਡੋਰੀ,ਸਤਨਾਮ ਪੰਡੋਰੀ,ਤਾਰੀ ਰਕਬਾ,ਦੇਵ ਪੰਡੋਰੀ,ਪਰਮਿੰਦਰ USA,ਸ਼ੁਰੇਸ ਕੁਮਾਰ ਚੱਕੀ  ਵਾਲਾ,ਸਰਬਜੀਤ ਕੌਰ, ਸਵਰਨਜੀਤ ਕੌਰ,ਪਰਮਜੀਤ ਕੌਰ , ਗੁਰਮੀਤ ਕੌਰ,ਸ਼ੁਰੇਸ਼ ਕੁਮਾਰ ਗਰਗ,ਸੱਤਪਾਲ ਬਾਂਸਲ,ਅਦਿ ਵੱਡੀ ਗਿਣਤੀ ਵਿੱਚ ਹਾਜਿਰ ਸਨ।

ਪਿੰਡ ਤੱਪੜ ਹਰਨੀਆ ਨੇੜੇ 20 ਏਕੜ ਜ਼ਮੀਨ 'ਚ ਸਾਂਭੀ ਜਾ ਰਹੀ ਪਰਾਲੀ, ਪੰਜ ਬੇਲਰ ਵੀ ਖਰੀਦੇ

150 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੰਪਨੀ ਵਲੋਂ ਕਿਸਾਨਾਂ ਤੋਂ ਖਰੀਦੀ ਜਾ ਰਹੀ ਪਰਾਲੀ
ਜਗਰਾਉਂ/ਲੁਧਿਆਣਾ, 12 ਅਕਤੂਬਰ (ਟੀ. ਕੇ./ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) -
ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ ਵਲੋਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ ਵਿੱਚ ਪਰਾਲੀ ਦੇ ਧੂੰਏਂ ਕਾਰਨ ਹੋਣ ਵਾਲੀਆਂ ਖਤਰਨਾਕ ਬਿਮਾਰੀਆਂ ਜਿਵੇਂ ਕਿ ਦਮਾ, ਅੱਖਾਂ ਵਿੱਚ ਜਲਣ ਤੋਂ ਇਲਾਵਾ ਸੜਕ ਹਾਦਸਿਆਂ ਨੂੰ ਰੋਕਣ ਲਈ ਕਿਸਾਨਾਂ ਨੂੰ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਅਤੇ ਪਰਾਲੀ ਤੋਂ ਰੋਜ਼ੀ-ਰੋਟੀ ਕਮਾਉਣੀ ਚਾਹੀਦੀ ਹੈ।ਵਾਤਾਵਰਨ ਪ੍ਰਦੂਸ਼ਿਤ ਹੋਣ ਦਾ ਮੁੱਖ ਕਾਰਨ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਵੱਲੋਂ ਤੇਜ਼ੀ ਨਾਲ ਪਰਾਲੀ ਨੂੰ ਸਾੜਨਾ ਹੈ, ਜਿਸ ਕਾਰਨ ਪਰਾਲੀ ਸਾੜਨ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਪਸ਼ੂ-ਪੰਛੀਆਂ ਦਾ ਨੁਕਸਾਨ ਹੁੰਦਾ ਹੈ ਅਤੇ ਧੂੰਏਂ ਕਾਰਨ ਸੜਕੀ ਹਾਦਸੇ ਵਾਪਰਦੇ ਹਨ। ਮੇਜਰ ਅਮਿਤ ਸਰੀਨ ਨੇ ਅੱਗੇ ਕਿਹਾ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ, ਖੇਤੀਬਾੜੀ ਵਿਭਾਗ ਅਤੇ ਵਾਤਾਵਰਣ ਵਿਭਾਗ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ. ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਜ਼ਰੂਰ ਆਈ ਹੈ ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਈ, ਜੋ ਕਿ ਚਿੰਤਾ ਦਾ ਵਿਸ਼ਾ ਹੈ।ਵਧੀਕ ਡਿਪਟੀ ਕਮਿਸ਼ਨਰ ਵਲੋਂ ਏ.ਪੀ. ਰਿਫਾਇਨਰੀ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਸ਼ਿਵ ਗੋਇਲ, ਰਵੀ ਗੋਇਲ ਅਤੇ ਅਰੁਣ ਗੋਇਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੋਇਲ ਪਰਿਵਾਰ ਨੇ ਸੂਬੇ ਦੇ ਕਿਸਾਨਾਂ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਸਾੜਨ ਨੂੰ ਘੱਟ ਕਰਨ ਲਈ ਕਾਫੀ ਖੋਜ ਕੀਤੀ ਹੈ ਅਤੇ ਹੁਣ ਉਨ੍ਹਾਂ ਸੂਬੇ ਦੇ ਕਿਸਾਨਾਂ ਦੀ ਪਰਾਲੀ ਦੇ ਸਹੀ ਪ੍ਰਬੰਧਨ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਤਹਿਸੀਲ ਜਗਰਾਓ ਵਿੱਚ ਨਕੋਦਰ ਰੋਡ 'ਤੇ ਪਿੰਡ ਤੱਪੜ ਹਰਨੀਆ ਨੇੜੇ 20 ਏਕੜ ਜ਼ਮੀਨ ਪਰਾਲੀ ਦੇ ਪ੍ਰਬੰਧਨ ਲਈ ਰੱਖੀ ਹੋਈ ਹੈ ਅਤੇ ਪੰਜ ਬੇਲਰ ਵੀ ਖਰੀਦੇ ਹਨ। ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵੀ ਭੁਵਨ ਗੋਇਲ ਨੇ ਕਿਹਾ ਕਿ ਜੇਕਰ ਕਿਸਾਨ ਖੁਦ ਸਾਡੀ ਮੁਹਿੰਮ 'ਕਿਸਾਨ ਉੱਨਤੀ ਮਿਸ਼ਨ' ਨਾਲ ਜੁੜਦਾ ਹੈ ਅਤੇ ਪਰਾਲੀ ਦੇ ਬੰਡਲ ਲਿਆਉਂਦਾ ਹੈ, ਤਾਂ ਅਸੀਂ ਉਸਨੂੰ 150 ਰੁਪਏ ਪ੍ਰਤੀ ਕੁਇੰਟਲ ਦਿੰਦੇ ਹਾਂ ਜਿਸ ਕਾਰਨ ਕਿਸਾਨ ਪਰਾਲੀ ਪ੍ਰਬੰਧਨ ਤੋਂ ਵਾਧੂ ਆਮਦਨ ਕਮਾ ਸਕਦੇ ਹਨ। ਏ.ਪੀ.ਰਿਫਾਇਨਰੀ ਦੇ ਮੁਖੀ ਸ਼ਿਵ ਗੋਇਲ ਨੇ ਦੱਸਿਆ ਕਿ ਕੰਪਨੀ ਵੱਲੋਂ ਇਸ ਮੁਹਿੰਮ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਨਾਲ ਹੀ ਖੇਤੀਬਾੜੀ ਵਿਭਾਗ, ਗ੍ਰਾਮ ਪੰਚਾਇਤਾਂ ਅਤੇ ਵਾਤਾਵਰਣ ਪ੍ਰੇਮੀ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਕਿਸਾਨ ਉੱਨਤੀ ਮੁਹਿੰਮ ਵਿੱਚ ਸਹਿਯੋਗ ਦੇਣ ਤਾਂ ਜੋ ਕਿਸਾਨ ਪਰਾਲੀ ਨਾ ਸਾੜਨ। ਇਸਦਾ ਸਹੀ ਢੰਗ ਨਾਲ ਪ੍ਰਬੰਧਨ ਕਰੋ, ਜਾਗਰੂਕਤਾ ਫੈਲਾਓ ਅਤੇ ਏ.ਪੀ. ਰਿਫਾਇਨਰੀ ਲਿਮਟਿਡ ਕੰਪਨੀ ਨਾਲ ਸੰਪਰਕ ਕਰੋ।ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਵਲੋਂ ਏ.ਪੀ. ਰਿਫਾਇਨਰੀ ਲਿਮਟਿਡ ਕੰਪਨੀ ਦੇ ਇਸ ਪ੍ਰੋਜੈਕਟ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਕਿਵੇਂ ਉਹਨਾਂ ਦੇ ਯਤਨਾਂ ਸਦਕਾ ਵਧੇਰੇ ਮਾਤਰਾ ਵਿੱਚ ਪਰਾਲੀ ਇਕੱਠੀ ਕੀਤੀ ਜਾ ਚੁੱਕੀ ਹੈ ਅਤੇ ਭਵਿੱਖ ਵਿੱਚ 50 ਹਜ਼ਾਰ ਮੀਟ੍ਰਿਕ ਟਨ ਹੋਰ ਵੀ ਇਕੱਠੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਲੁਧਿਆਣਾ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਏ.ਪੀ. ਰਿਫਾਇਨਰੀ ਦੀ ਇਹ ਮੁਹਿੰਮ ਇੱਕ ਸ਼ਲਾਘਾਯੋਗ ਉਪਰਾਲਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਵਿੱਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ 400 ਏਕੜ ਦੀ ਪਰਾਲੀ ਨੂੰ ਇੱਕ ਏਕੜ ਵਿੱਚ ਸਟੋਰ ਕੀਤਾ ਜਾ ਸਕਦਾ ਹੈ ਅਤੇ ਇਸ ਕੰਪਨੀ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਦੀ ਵਰਤੋਂ ਏ.ਪੀ. ਰਿਫਾਇਨਰੀ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਕਾਰੋਬਾਰ, ਬਾਇਲਰ ਅਤੇ ਬਿਜਲੀ ਉਤਪਾਦਨ ਵਿੱਚ ਕੀਤੀ ਜਾ ਸਕਦੀ ਹੈ।

ਜਗਰਾਓਂ ਵਿਚ ਖਰੀਦ ਏਜੰਸੀਆਂ ਵਲੋਂ 35891 ਕੁਇੰਟਲ ਝੋਨੇ ਦੀ ਫਸਲ ਖਰੀਦੀ ਜਾ ਚੁੱਕੀ ਹੈ-ਐੱਸ ਡੀ ਐਮ 

ਜਗਰਾਉਂ (ਲੁਧਿਆਣਾ), 12 ਅਕਤੂਬਰ (ਟੀ. ਕੇ./ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ ) - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੱਲ ਰਹੇ ਸੀਜ਼ਨ ਦੌਰਾਨ ਝੋਨੇ ਦੀ ਸੁਚਾਰੂ ਅਤੇ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਜਗਰਾਉਂ ਸਬ ਡਵੀਜ਼ਨ ਅਧੀਨ ਆਉਂਦੀਆਂ ਅਨਾਜ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ ਮਨਜੀਤ ਕੌਰ ਨੇ ਦੱਸਿਆ ਕਿ ਜਗਰਾਉਂ ਸਬ ਡਵੀਜ਼ਨ ਵਿੱਚ ਸਥਿਤ ਸਾਰੇ 16 ਖਰੀਦ ਕੇਂਦਰਾਂ 'ਤੇ ਏਜੰਸੀਆਂ ਵੱਲੋਂ ਕੁੱਲ 35891 ਕੁਇੰਟਲ ਝੋਨੇ ਦੀ ਫ਼ਸਲ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅਨਾਜ ਮੰਡੀਆਂ ਵਿੱਚ ਮਜ਼ਦੂਰਾਂ ਦੀ ਸੂਬਾ ਪੱਧਰੀ ਹੜਤਾਲ ਕਾਰਨ ਖਰੀਦ ਮੱਠੀ ਰਫ਼ਤਾਰ ਦਾ ਸਾਹਮਣਾ ਕਰ ਰਹੀ ਹੈ ਪਰ ਹੜਤਾਲ ਖ਼ਤਮ ਹੋਣ ਤੋਂ ਬਾਅਦ ਇਸ ਵਿੱਚ ਤੇਜ਼ੀ ਲਿਆਂਦੀ ਗਈ ਹੈ। ਐਸ.ਡੀ.ਐਮ. ਨੇ ਅੱਗੇ ਦੱਸਿਆ ਕਿ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਇੱਕ ਵਿਸ਼ਾਲ ਤੰਤਰ ਬਣਾਇਆ ਗਿਆ ਹੈ ਅਤੇ ਕਿਸਾਨਾਂ ਲਈ ਰਿਹਾਇਸ਼ ਦੇ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਸਹੂਲਤ ਲਈ ਅਨਾਜ ਮੰਡੀਆਂ ਵਿੱਚ ਇੱਕ ਮੋਬਾਈਲ ਡਿਸਪੈਂਸਰੀ ਸਥਾਪਤ ਕੀਤੀ ਗਈ ਹੈ। ਇਸੇ ਤਰ੍ਹਾਂ ਡੇਂਗੂ ਤੋਂ ਬਚਾਅ ਲਈ ਮੱਛਰ ਭਜਾਉਣ ਵਾਲੀਆਂ ਦਵਾਈਆਂ ਵੀ ਵੰਡੀਆਂ ਗਈਆਂ। ਐਸ.ਡੀ.ਐਮ. ਨੇ ਦੱਸਿਆ ਕਿ ਕਿਸਾਨ ਬਿਨਾਂ ਕਿਸੇ ਝਿਜਕ ਦੇ ਜਗਰਾਉਂ ਦੀਆਂ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਆ ਰਹੇ ਹਨ ਜਿੱਥੇ ਉਨ੍ਹਾਂ ਦੀ ਫਸਲ ਦੀ ਖਰੀਦ ਤੇਜ਼ੀ ਨਾਲ ਹੋ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਮਾਜ ਵਿਰੋਧੀ ਅਨਸਰਾਂ ਦੇ ਝਾਂਸੇ ਵਿੱਚ ਨਾ ਆਉਣ ਕਿਉਂਕਿ ਪੰਜਾਬ ਸਰਕਾਰ ਕਿਸਾਨਾਂ ਦੀ ਉਪਜ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ।

ਯੋਗ ਨੂੰ ਉਤਸ਼ਾਹਿਤ ਕਰਨ ਲਈ 14 ਅਕਤੂਬਰ ਨੂੰ ਹਾਫ਼ ਮੈਰਾਥਨ ਕਰਵਾਈ ਜਾਵੇਗੀ - ਵਧੀਕ ਡਿਪਟੀ ਕਮਿਸ਼ਨਰ 

ਲੁਧਿਆਣਾ, 10 ਅਕਤੂਬਰ (ਟੀ. ਕੇ. ) - ਸਾਡੇ ਜੀਵਨ ਵਿੱਚ ਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਵਲੋਂ ਮੁੱਖ ਮੰਤਰੀ ਦੀ ਯੋਗਸ਼ਾਲਾ ਪਹਿਲਕਦਮੀ ਤਹਿਤ ਯੋਗਾ ਇੰਸਟ੍ਰਕਟਰਾਂ ਨੂੰ ਇਸ ਪ੍ਰੋਗਰਾਮ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਵੱਡੀ ਗਿਣਤੀ ਵਿੱਚ ਲੋਕ ਇਸ ਮੁਹਿੰਮ ਦਾ ਲਾਭ ਲੈ ਸਕਣ।

ਉਨ੍ਹਾਂ ਦੱਸਿਆ ਕਿ ਯੋਗ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 14 ਅਕਤੂਬਰ  ਨੂੰ ਹਾਫ਼ ਮੈਰਾਥਨ ਕਰਵਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਇਹ ਮੈਰਾਥਨ ਸਵੇਰੇ 6:30 ਵਜੇ ਸਿਵਲ ਲਾਈਨਜ਼ ਸਥਿਤ ਨਹਿਰੂ ਰੋਜ਼ ਗਾਰਡਨ ਤੋਂ ਸ਼ੁਰੂ ਹੋ ਕੇ ਹੰਬੜਾਂ ਰੋਡ 'ਤੇ ਸਥਿਤ ਕਾਲੀ ਮਾਤਾ ਮੰਦਰ ਨੇੜੇ ਸਮਾਪਤ ਹੋਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਮੈਰਾਥਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਵੀ ਅਪੀਲ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਸਰੀਨ ਨੇ ਕਿਹਾ ਕਿ ਤੰਦਰੁਸਤ ਸਰੀਰ ਅਤੇ ਤੰਦਰੁਸਤ ਦਿਮਾਗ ਲਈ ਯੋਗਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਰੋਜ਼ਾਨਾ ਯੋਗ ਦਾ ਅਭਿਆਸ ਕਰਨਾ ਚਾਹੀਦਾ ਹੈ ਅਤੇ ਕਿਹਾ ਕਿ ਇਹ ਪ੍ਰਾਚੀਨ ਜੀਵਨ ਸ਼ੈਲੀ ਸਾਡੇ ਸਾਰਿਆਂ ਲਈ ਵਰਦਾਨ ਸਿੱਧ ਹੋਵੇਗੀ। ਉਨ੍ਹਾਂ ਲੁਧਿਆਣਾ ਦੇ ਲੋਕਾਂ ਨੂੰ ਮੁੱਖ ਮੰਤਰੀ ਦੀ ਯੋਗਸ਼ਾਲਾ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਤਾਂ ਜੋ ਯੋਗ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
 ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਦੇ ਹਰ ਕੋਨੇ ਵਿੱਚ ਯੋਗਾ ਇੰਸਟ੍ਰਕਟਰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। 
ਇਸ ਦੌਰਾਨ ਉਨ੍ਹਾਂ ਭਰਤੀ ਹੋਏ ਇੰਸਟ੍ਰਕਟਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਪੂਰੇ ਜ਼ਿਲ੍ਹੇ ਵਿੱਚ ਯੋਗਾ ਦੇ ਇਸ ਸੰਦੇਸ਼ ਨੂੰ ਫੈਲਾਉਣ ਤਾਂ ਜੋ ਲੁਧਿਆਣਾ ਵਿੱਚ ਇਸ ਸਮਾਗਮ ਨੂੰ ਲੋਕ ਲਹਿਰ ਬਣਾਇਆ ਜਾ ਸਕੇ।