You are here

ਲੁਧਿਆਣਾ

ਵਿਧਾਇਕਾ ਛੀਨਾ ਵਲੋਂ ਸ਼ੇਰਪੁਰ ਮੁੱਖ ਮਾਰਕੀਟ ਦੀਆਂ ਸੜਕਾਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ

ਕਰੀਬ 66 ਲੱਖ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਵਸਨੀਕਾਂ ਨੂੰ ਮਿਲੇਗੀ ਰਾਹਤ

ਲੁਧਿਆਣਾ, 29 ਸਤੰਬਰ (ਟੀ. ਕੇ. ) -  ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਸਥਾਨਕ ਸ਼ੇਰਪੁਰ ਮੇਨ ਮਾਰਕੀਟ ਦੀਆਂ ਸੜਕਾਂ ਨੂੰ ਆਰ.ਸੀ.ਸੀ. ਰੋਡ ਦੇ ਨਾਲ ਮਿਲਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਵਿਧਾਇਕ ਛੀਨਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਪ੍ਰੋਜੈਕਟ ਤੇ ਕਰੀਬ 66 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦੱਸਿਆ ਕਿ ਬੀਤੇ 25 ਸਾਲਾਂ ਤੋਂ ਇਹ ਪ੍ਰੋਜੈਕਟ ਲਟਕਿਆ ਹੋਇਆ ਸੀ ਜਿਸ ਕਾਰਨ ਸੜਕਾਂ ਦਾ ਕੰਮ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਇਲਾਕੇ ਦੇ ਵਸਨੀਕਾਂ ਦੀ ਚਿਰੌਕਣੀ ਮੰਗ ਪੂਰੀ ਕਰਦਿਆਂ ਅੱਜ ਇਹਨਾਂ ਸੜਕਾਂ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। 
ਉਨ੍ਹਾਂ ਕਿਹਾ ਇਸ ਸੜਕ ਦੇ ਨਿਰਮਾਣ ਦੇ ਨਾਲ ਜਿੱਥੇ ਇਲਾਕੇ ਦੀ ਸੜਕ ਕਨੈਕਟੀਵਿਟੀ ਹੋਰ ਵੱਧ ਜਾਵੇਗੀ ਨਾਲ ਹੀ ਲੋਕਾਂ ਨੂੰ ਵੀ ਕਾਫੀ ਸੁਵਿਧਾਵਾਂ ਮਿਲਣਗੀਆਂ ਕਿਉਂਕਿ ਸੜਕ ਦੀ ਹਾਲਤ ਕਾਫੀ ਖਰਾਬ ਸੀ। 
ਇਸ ਮੌਕੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ ਜਿਨਾਂ ਨੂੰ ਵਿਧਾਇਕ ਛੀਨਾ ਵਲੋਂ ਪ੍ਰੋਜੈਕਟ ਨੂੰ ਤੈਅ ਸਮੇਂ ਦੇ ਵਿੱਚ ਪੂਰਾ ਕਰਨ ਦੇ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸੜਕ ਦੇ ਨਿਰਮਾਣ ਵੇਲੇ ਲੋਕਾਂ ਨੂੰ ਮੁਸ਼ਕਿਲਾਂ ਨਾ ਆਵੇ ਇਸ ਕਰਕੇ ਅਸੀਂ ਅਫਸਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਮੁਤਾਬਕ ਹੀ ਕੰਮ ਨੇਪਰੇ ਚੜ੍ਹਾਉਣ। ਉਨ੍ਹਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਵਲੋਂ ਦੱਖਣੀ ਹਲਕੇ ਦੇ ਵਿਕਾਸ ਕਾਰਜ਼ਾਂ ਨੂੰ ਕੋਈ ਤਰਜੀਹ ਨਹੀਂ ਦਿੱਤੀ ਗਈ। ਉਹ ਇੱਕ ਦੂਜੀ ਪਾਰਟੀਆਂ ਤੇ ਦੂਸ਼ਣਬਾਜ਼ੀ ਦੇ ਚੱਕਰ ਦੇ ਵਿੱਚ ਹੀ ਉਲਝੇ ਰਹੇ ਜਦੋਂਕਿ ਇਸ ਦਾ ਖਾਮਿਆਜਾ ਲੋਕਾਂ ਨੂੰ ਭੁਗਤਣਾ ਪਿਆ ਪਰ ਹੁਣ ਸੂਬੇ ਵਿੱਚ ਲੋਕਾਂ ਦੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਕਾਰਜ ਕਰਵਾ ਰਹੀ ਹੈ।

ਗੁਰੂਸਰ ਸੁਧਾਰ ਵਿਚ ਸਿਹਤ ਜਾਂਚ ਕੈਂਪ ਲਗਾਇਆ 

ਗੁਰੂਸਰ ਸੁਧਾਰ /ਲੁਧਿਆਣਾ 27 ਸਤੰਬਰ(ਟੀ. ਕੇ.) ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਸਰੋਤ ਪ੍ਰਬੰਧਨ ਅਤੇ ਖਪਤਕਾਰ ਵਿਗਿਆਨ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੇ ਗੋਦ ਲਏ ਪਿੰਡ ਸੁਧਾਰ ਵਿਚ ਇਕ ਸਿਹਤ ਜਾਂਚ ਕੈਂਪ ਲਾਇਆ| ਇਹ ਕੈਂਪ ਰਾਸ਼ਟਰੀ ਪੋਸ਼ਣ ਮਹੀਨਾ ਮਨਾਉਣ ਦੇ ਸਿਲਸਿਲੇ ਵਿਚ ਆਯੋਜਿਤ ਇਸ ਕੈਂਪ ਦਾ ਉਦੇਸ਼ ਪੇਂਡੂ ਲੋਕਾਂ ਵਿਚ ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਖਾਣ ਪੀਣ ਦੀਆਂ ਸਿਹਤਮੰਦ ਅਤੇ ਸਾਫ਼-ਸੁਥਰੀਆਂ ਆਦਤਾਂ ਦਾ ਪ੍ਰਸਾਰ ਕਰਨਾ ਸੀ| ਇਸ ਕੈਂਪ ਰਾਹੀਂ ਲੋਕਾਂ ਨੂੰ ਸਮਝਾਇਆ ਗਿਆ ਕਿ ਸੰਤੁਲਿਤ ਖੁਰਾਕ ਚੰਗੀ ਸਿਹਤ ਦੇ ਵਿਕਾਸ ਲਈ ਬੇਹੱਦ ਜ਼ਰੂਰੀ ਹੈ ਅਤੇ ਖੁਰਾਕ ਨਾਲ ਹੀ ਬਿਮਾਰੀਆਂ ਤੋਂ ਬਚਾਅ ਕਰਕੇ ਸਰੀਰਕ ਊਰਜਾ ਅਤੇ ਰੋਗਾਂ ਨਾਲ ਲੜਨ ਦੀ ਸਮਰਥਾ ਵਿਚ ਵਾਧਾ ਕੀਤਾ ਜਾ ਸਕਦਾ ਹੈ|

ਇਸ ਕੈਂਪ ਨੂੰ ਆਯੋਜਿਤ ਕਰਕੇ ਪਿੰਡ ਵਾਸੀਆਂ ਨੂੰ ਇਹ ਦੱਸਿਆ ਕਿ ਚੰਗੀ ਖੁਰਾਕ ਰਾਹੀਂ ਚੁਸਤ ਅਤੇ ਖੁਸ਼ਹਾਲ ਜ਼ਿੰਦਗੀ ਕਿਵੇਂ ਜੀਵੀ ਜਾ ਸਕਦੀ ਹੈ| ਇਹ ਕੈਂਪ ਸਿਵਲ ਹਸਪਤਾਲ ਦੀ ਸਿਹਤ ਸੇਵਾਵਾਂ ਸੰਬੰਧੀ ਟੀਮ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਜਿਸ ਵਿਚ ਡਾ. ਅਮਨਦੀਪ ਸਿੰਘ, ਸਿਮਰਨਜੀਤ ਕੌਰ, ਗੁਰਵਿੰਦਰ ਕੌਰ ਅਤੇ ਪਰਮਿੰਦਰ ਸਿੰਘ ਪ੍ਰਮੁੱਖ ਹਨ| ਕੈਂਪ ਵਿਚ ਸ਼ਾਮਿਲ ਹੋਏ 75 ਦੇ ਕਰੀਬ ਕਿਸਾਨਾਂ, ਔਰਤਾਂ ਅਤੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ ਜਿਸ ਵਿਚ ਕੱਦ ਦੇ ਨਾਲ-ਨਾਲ ਭਾਰ ਅਤੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਪਰਖ ਪ੍ਰਮੁੱਖ ਸੀ| ਡਾ. ਸ਼ਿਵਾਨੀ ਰਾਣਾ ਨੇ ਕੈਂਪ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਖੂਨ ਦੀ ਕਮੀ ਅਤੇ ਇਸ ਤੋਂ ਬਚਾਅ ਦੇ ਤਰੀਕੇ ਦੱਸੇ| ਨਾਲ ਹੀ ਉਹਨਾਂ ਨੇ ਖਰ੍ਹਵੇ ਅਨਾਜਾਂ ਦੇ ਲਾਭ ਵੀ ਗਿਣਾਏ| ਅੰਤ ਵਿਚ ਡਾ. ਰਾਣਾ ਨੇ ਟੀਮ ਦੇ ਡਾਕਟਰਾਂ, ਪਿੰਡ ਦੇ ਸਰਪੰਚ ਅਤੇ ਮੁੱਖ ਬੁਲਾਰੇ ਸ਼੍ਰੀਮਤੀ ਤਜਿੰਦਰ ਕੌਰ ਦਾ ਧੰਨਵਾਦ ਕੀਤਾ|

ਮਾਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ 'ਚ ਸੈਰ ਸਪਾਟਾ ਦਿਵਸ ਮਨਾਇਆ ਗਿਆ

ਰਾਏਕੋਟ/ਲੁਧਿਆਣਾ, 27 ਸਤੰਬਰ (ਟੀ. ਕੇ. ) - ਮਾਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿਖੇ ਅੱਜ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸ਼ੈਰ ਸਪਾਟਾ ਦਿਵਸ/ਵਰਲਡ ਟੁਰਿਜਮ ਡੇਅ ਮਨਾਇਆ ਗਿਆ।
ਇਹ ਪ੍ਰੋਗਰਾਮ ਐਸ.ਡੀ.ਐਮ ਰਾਏਕੋਟ  ਗੁਰਬੀਰ ਸਿੰਘ ਕੋਹਲੀ ਪੀ.ਸੀ.ਐਸ. ਅਤੇ ਸ. ਗੁਰਜੋਤ ਸਿੰਘ, ਯਾਤਰਾ ਅਫਸਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ, ਪੰਜਾਬ ਦੀ ਦੇਖ ਰੇਖ ਹੇਠ ਕਰਵਾਇਆ ਗਿਆ।
ਐਸ.ਡੀ.ਐਮ ਰਾਏਕੋਟ ਸ. ਗੁਰਬੀਰ ਸਿੰਘ ਕੋਹਲੀ ਵਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਮੌਕੇ ਸਕੂਲਾਂ ਦੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ, ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ, ਬਡਿੰਗ ਬਰੇਨ ਇੰਟਰਨੈਸਨਲ ਸਕੂਲ ਰਾਏਕੋਟ ਅਤੇ ਰਾਏਕੋਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋ ਭਾਗ ਲਿਆ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਨਾਂ ਮੁਕਾਬਲਿਆ ਵਿੱਚ ਹਰਮੀਤ ਕੌਰ ਬਡਿੰਗ ਬਰੇਨ ਇੰਟਰਨੈਸਨਲ ਸਕੂਲ ਰਾਏਕੋਟ ਵੱਲੋ ਪਹਿਲਾ ਸਥਾਨ, ਪਰਗਟ ਸਿੰੰਘ (ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ) ਵੱਲੋ ਦੂਜਾ ਸਥਾਨ ਅਤੇ ਅਰਮਾਨਦੀਪ ਸਿੰਘ ਅਤੇ ਮਨਰੂਪ ਕੌਰ ਰਾਏਕੋਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋ ਤੀਜਾ ਸਥਾਨ ਹਾਸਲ ਕੀਤਾ ਗਿਆ।
ਐਸ.ਡੀ.ਐਮ ਰਾਏਕੋਟ ਸ. ਗੁਰਬੀਰ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ, ਵਿਰਸੇ, ਇਤਿਹਾਸ ਅਤੇ ਪਰੰਪਰਾ ਤੋਂ ਜਾਣੂੰ ਕਰਵਾਉਣ ਲਈ ਵਚਨਬੱਧ ਹੈ।
ਇਸ ਮੌਕੇ ਨਾਇਬ ਤਹਿਸੀਲਦਾਰ ਰਾਏਕੋਟ ਸ੍ਰੀਮਤੀ ਮਨਬੀਰ ਕੋਰ ਸਿੱਧੂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸ੍ਰੀ ਕੁਲਵਿੰਦਰ ਸਿੰਘ ਸੁਪਰਵਾਈਜਰ/ਗਾਈਡ ਅਤੇ ਮਨਪ੍ਰੀਤ ਸਿੰਘ ਗਾਈਡ ਮਾਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵੱਲੋ ਵਿਦਿਆਰਥੀਆਂ ਨੂੰ ਮਾਹਾਰਾਜਾ ਦਲੀਪ ਸਿੰਘ ਜੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ।

ਵਧੀਕ ਡਿਪਟੀ ਕਮਿਸ਼ਨਰ  ਦੀ ਅਗਵਾਈ 'ਚ ਡੇਂਗੂ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ 

ਲੁਧਿਆਣਾ, 27 ਸਤੰਬਰ (ਟੀ. ਕੇ. ) - ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜਰ ਅਮਿਤ ਸਰੀਨ ਦੀ ਅਗਵਾਈ ਵਿੱਚ ਡੇਂਗੂ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਸਥਾਨਕ ਬੱਚਤ ਭਵਨ ਵਿਖੇ ਆਯੋਜਿਤ ਹੋਈ ਜਿਸ ਵਿੱਚ ਡੇਂਗੂ, ਚਿਕਨਗੁਣੀਆ ਅਤੇ ਹੋਰ ਮੱਛਰਾਂ ਦੇ ਕੱਟਣ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਓ ਸਬੰਧੀ ਰੂਪ ਰੇਖਾ ਉਲੀਕੀ ਗਈ।

ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ, ਸਿਹਤ ਵਿਭਾਗ ਤੋਂ ਇਲਾਵਾ ਹੋਰ ਵੀ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਵਧੀਕ ਡਿਪਟੀ ਕਮਿਸ਼ਨਰ ਵਲੋਂ ਇਸ ਮੌਕੇ ਵੱਖ-ਵੱਖ ਵਿਭਾਗਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਣੀਆਂ ਨੂੰ ਫੈਲਣ ਤੋਂ ਰੋਕਣ ਲਈ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਅਤੇ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਨੂੰ ਜੰਗੀ ਪੱਧਰ 'ਤੇ ਚਲਾਉਣ ਦੀ ਹਦਾਇਤ ਕੀਤੀ।  ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਡੇਂਗੂ ਅਤੇ ਚਿਕਨਗੁਣੀਆਂ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਦੀ ਰੂਪ ਰੇਖਾ ਉਲੀਕਣ ਲਈ ਬੁਲਾਈ ਗਈ ਹੈ।

ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਗਰ ਨਿਗਮ ਦੇ ਸਹਿਯੋਗ ਨਾਲ ਡੇਂਗੂ ਦੇ ਲਾਰਵੇ ਨੂੰ ਖਤਮ ਕਰਨ ਲਈ ਢੁਕਵੇਂ ਅਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਨੂੰ ਯਕੀਨੀ ਬਣਾਉਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਕਿਸੇ ਨਿਜੀ ਵਿਅਕਤੀ, ਸੰਸਥਾ ਜਾਂ ਸਰਕਾਰੀ ਅਦਾਰੇ ਅੰਦਰ ਡੇਂਗੂ ਦਾ ਲਾਰਵਾ ਪਾਏ ਜਾਣ ਤੇ ਉਸਨੂੰ ਤੁਰੰਤ ਨਸ਼ਟ ਕਰਵਾਇਆ ਜਾਵੇ। ਟਾਇਰਾਂ, ਫਰਿੱਜਾਂ, ਕੂਲਰਾਂ, ਪੰਛੀਆਂ ਵਾਸਤੇ ਰੱਖੇ ਗਏ ਪਾਣੀ ਵਾਲੇ ਬਰਤਨਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ।

ਮੇਜਰ ਅਮਿਤ ਸਰੀਨ ਨੇ ਅੱਗੇ ਕਿਹਾ ਕਿ ਸਿਹਤ ਵਿਭਾਗ, ਨਗਰ ਨਿਗਮ, ਨਗਰ ਸੁਧਾਰ ਟਰੱਸਟ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਡੇਂਗੂ ਰੋਕੂ ਮੁਹਿੰਮ ਨੂੰ ਸਫ਼ਲ ਬਣਾਇਆ ਜਾਵੇਗਾ। ਉਨ੍ਹਾਂ ਇਨ੍ਹਾਂ ਵਿਭਾਗਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਡੇਂਗੂ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਦਾ ਅਗਾਊਂ ਸ਼ਡਿਊਲ ਵੀ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ।

ਇਸ ਮੌਕੇ ਜ਼ਿਲ੍ਹਾ ਐਪਲੀਮੋਲੋਜਿਸਟ ਡਾ. ਰਮੇਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਪੈਦਾ ਕਰਨ ਵਾਲਾ ਲਾਰਵਾ ਬਹੁਤ ਹੀ ਖਤਰਨਾਕ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਏਡੀਜ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੋਕਿ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਮਨੁੱਖ ਨੂੰ ਦਿਨ ਵੇਲੇ ਕੱਟਦਾ ਹੈ। ਉਨ੍ਹਾਂ ਡੇਂਗੂ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਆਦਾਤਰ ਪਾਣੀ ਨੂੰ ਖੜ੍ਹਾ ਨਾ ਹੋਣ ਦਿੱਤਾ ਜਾਵੇ ਤੇ ਇਸ ਤੋਂ ਇਲਾਵਾ ਸ਼ਰੀਰ ਨੂੰ ਪੂਰੇ ਕੱਪੜੇ ਪਾ ਕੇ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ ਘਰਾਂ 'ਚ ਚੈਕਿੰਗ ਕਰਕੇ ਡੇਗੂ ਦਾ ਲਾਰਵਾ ਨਸ਼ਟ ਕੀਤਾ ਜਾ ਰਿਹਾ ਹੈ ਅਤੇ ਜਾਗਰੂਕਤਾ ਰੈਲੀਆਂ ਰਾਹੀ ਲੋਕਾਂ ਨੂੰ ਡੇਗੂ ਅਤੇ ਚਿਕਨਗੁਨੀਆਂ ਆਦਿ ਬਿਮਾਰੀਆਂ ਤੋ ਬਚਣ ਲਈ ਸਾਵਧਾਨ ਵੀ ਕੀਤਾ ਜਾ ਰਿਹਾ ਹੈ।

ਐਸ.ਐਮ.ਓ. ਡਾ. ਮੰਨੂ ਵਿਜ ਨੇ ਦੱਸਿਆ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਦਾ ਵਗਣਾ ਡੇਂਗੂ ਅਤੇ ਚਿਕਨਗੁਣੀਆ ਦੇ ਮੁੱਖ ਲੱਛਣ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਅਤੇ ਚਿਕਨਗੁਨੀਆਂ ਦਾ ਟੈਸਟ ਅਤੇ ਇਲਾਜ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।

ਉਨ੍ਹਾਂ ਇਸਦੇ ਬਚਾਓ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ, ਬੁਖਾਰ ਹੋਣ ਤੇ ਐਸਪਰੀਨ ਅਤੇ ਬਰੂਫਿਨ ਨਾ ਲਵੋ, ਬੁਖਾਰ ਹੋਣ ਤੇ ਸਿਰਫ਼ ਪੈਰਾਸੀਟਾਮੋਲ ਹੀ ਲਵੋ। ਛੱਤਾਂ ਤੇ ਰੱਖੀਆਂ ਪਾਣੀਆਂ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰ੍ਹਾਂ ਬੰਦ ਕਰੋ, ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁਲ੍ਹੇ ਵਿੱਚ ਨਾ ਰੱਖੋ, ਪਾਣੀ ਜਾਂ ਤਰਲ ਚੀਜਾਂ ਜਿਆਦਾ ਪੀਣੀਆਂ ਚਾਹੀਦੀਆਂ ਹਨ।

ਧਨਾਨਸੂ ਸਕੂਲ ਵਿਚ ਇਕ ਰੋਜ਼ਾ ਐਨ. ਐਨ. ਐਸ. ਕੈਂਪ ਲਗਾਇਆ ਗਿਆ

ਲੁਧਿਆਣਾ, 24 ਸਤੰਬਰ (ਟੀ. ਕੇ.) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਡਿੰਪਲ ਮਦਾਨ ਅਤੇ  ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਦੇ  ਡਾਇਰੈਕਟਰ ਦਵਿੰਦਰ ਸਿੰਘ  ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨਾਨਸੂ ਵਿੱਚ ਐੱਨ.ਐੱਸ.ਐੱਸ ਯੂਨਿਟ ਦੇ ਵਲੰਟੀਅਰਾਂ  ਵੱਲੋਂ ਕੈਂਪ ਲਗਾਇਆ ਗਿਆ। ਪ੍ਰਿੰਸੀਪਲ ਬਿੰਦੂ ਸੂਦ  ਦੀ ਅਗਵਾਈ ਹੇਠ ਲਗਾਏ ਗਏ ਇੱਕ ਰੋਜ਼ਾ ਐਨ. ਐਨ. ਐਸ. ਦਾ ਕੈਂਪ ਦੌਰਾਨ ਵਲੰਟੀਅਰਜ ਵਲੋਂ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦੀ ਸਹੁੰ ਚੁਕਾਈ ਗਈ  ਅਤੇ ਸਕੂਲ ਦੀ ਸਫ਼ਾਈ ਵੀ ਕੀਤੀ ਗਈ। ਇਸ ਮੌਕੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਗਿਆ।   ਕੈਂਪ ਵਿੱਚ ਵਿਸ਼ੇਸ਼ ਤੌਰ  'ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਮਰਦੀਪ ਸਿੰਘ ਗਿੱਲ ਸਕੂਲ  ਕਮੇਟੀ ਮੈਂਬਰ ਤਰਲੋਚਨ ਸਿੰਘ ਗ੍ਰਾਮ ਪੰਚਾਇਤ ਧਨਾਨਸੂ ਤੋਂ ਸੰਦੀਪ ਸਿੰਘ ਗੁਰਇਕਬਾਲ ਸਿੰਘ ਮੈਂਬਰ ਪੰਚਾਇਤ ਨੇ ਸ਼ਿਰਕਤ ਕੀਤੀ ।  ਸਮੁੱਚੇ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਸਹਾਇਕ ਪ੍ਰੋਗਰਾਮ ਅਫਸਰ   ਮਿਹਜੀਤ ਸਿੰਘ ਗਿੱਲ  ਮੈਡਮ ਸੰਤੋਸ਼ ਕੁਮਾਰੀ  ਸ਼੍ਰੀਮਤੀ ਬਦਨਦੀਪ ਕੌਰ  ਅਤੇ ਸਿੱਖਿਅਕ ਅਧਿਆਪਕ ਮਨਪ੍ਰੀਤ ਕੌਰ   ਨੇ ਆਪਣਾ ਪੂਰਨ  ਯੋਗਦਾਨ ਪਾਇਆ ਅਤੇ ਕੈਂਪ ਨੂੰ ਸਫਲ ਬਣਾਇਆ। ਸਕੂਲ ਪ੍ਰੋਗਰਾਮ ਅਫ਼ਸਰ ਧਰਮਜੀਤ ਸਿੰਘ ਢਿੱਲੋ ਨੇ ਵਲੰਟੀਅਰਜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵੱਛ ਭਾਰਤ ਸਾਡੇ ਦੇਸ਼ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਸੰਕਲਪ ਸੀ, ਸਾਨੂੰ ਵੀ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ ਅਤੇ ਭਾਰਤ ਨੂੰ ਸਵੱਛ ਬਣਾਉਣ ਦੀ ਇਸ ਮੁਹਿੰਮ ਵਿੱਚ ਆਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਗ੍ਰਾਮ ਪੰਚਾਇਤ ਧਨਾਨਸੂ ਅਤੇ ਸਕੂਲ ਮੈਨੇਜਮੈਂਟ  ਕਮੇਟੀ ਵਲੋਂ ਇਸ ਕੈਂਪ ਦੀ ਸ਼ਲਾਘਾ ਕਰਦਿਆਂ ਸਕੂਲ ਮੁਖੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ । ਕੈਂਪ ਦੀ ਸਮਾਪਤੀ ਤੇ ਸਾਰਿਆਂ ਨੂੰ ਖਾਣਾ ਖੁਆਇਆ ਗਿਆ  ਅਤੇ ਸਕੂਲ ਮੁੱਖੀ ਵੱਲੋ  ਵਲੰਟੀਅਰਜ ਨੂੰ ਸ਼ਾਬਾਸ਼ ਦਿੱਤੀ ਗਈ ਅਤੇ ਵਲੰਟੀਅਰਜ ਨੂੰ ਆਪਣੇ ਆਲੇ ਦੁਆਲੇ ਦੀ ਸਫ਼ਾਈ ਅਤੇ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

ਵਿਧਾਇਕ ਛੀਨਾ ਵਲੋਂ 18 ਲੱਖ ਦੀ ਲਾਗਤ ਨਾਲ ਈਸ਼ਰ ਨਗਰ 'ਚ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਲੁਧਿਆਣਾ, 24 ਸਤੰਬਰ (ਟੀ. ਕੇ. ) - ਵਿਧਾਨ ਸਭਾ ਹਲਕਾ ਦੱਖਣੀ ਅਧੀਨ  ਈਸ਼ਰ ਨਗਰ, ਬਲਾਕ ਸੀ, ਵਾਰਡ ਨੰਬਰ 38 ਵਿੱਚ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਹਲਕਾ ਵਿਧਾਇਕਾ ਰਜਿੰਦਰ ਪਾਲ ਕੌਰ ਛੀਨਾ  ਵਲੋਂ ਅੱਜ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਪਾਰਕ 'ਤੇ ਕਰੀਬ 18 ਲੱਖ ਰੁਪਏ ਦੀ ਲਾਗਤ ਆਵੇਗੀ,  ਜਿਸ ਨਾਲ ਪਾਰਕ ਦੀਆਂ ਕਨੋਪੀਆਂ, ਟਾਇਲਾਂ, ਫੁੱਟਪਾਥ ਅਤੇ ਘਾਹ ਦੇ ਨਾਲ ਗ੍ਰੀਨਰੀ ਅਤੇ ਹੋਰ ਕੰਮ ਕਰਵਾਇਆ ਜਾਵੇਗਾ। ਇਸ ਪਾਰਕ ਦੀ ਇਲਾਕੇ ਦੇ ਲੋਕ ਕਾਫੀ ਲੰਮੇਂ ਸਮੇਂ ਤੋਂ ਮੰਗ ਕਰ ਰਹੇ ਸਨ, ਇਲਾਕਾ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਹਲਕਾ ਦੱਖਣੀ ਤੋਂ ਵਿਧਾਇਕਾ ਛੀਨਾ ਵੱਲੋਂ ਪਹਿਲ ਦੇ ਅਧਾਰ ਤੇ ਇਸ ਕੰਮ ਦੀ ਸ਼ੁਰੂਆਤ ਕਰਵਾਈ, ਉਨ੍ਹਾਂ ਦੀ ਅਗੁਵਾਈ ਚ ਅੱਜ ਇਸ ਕੰਮ ਦੀ ਸ਼ੁਰੂਆਤ ਹੋਣ ਤੇ ਖੁਦ ਇਲਾਕਾ ਵਾਸੀ ਗਵਾਹ ਬਣੇ। ਹਲਕੇ ਦੀ ਨੁਹਾਰ ਬਦਲਣ ਲਈ ਪਹਿਲਾਂ ਹੀ ਪ੍ਰਣ ਲੈ ਚੁੱਕੇ ਵਿਧਾਇਕਾ ਛੀਨਾ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਦੇ ਨੂੰ ਧਿਆਨ ਵਿੱਚ ਰੱਖਦਿਆਂ ਹਲਕੇ ਦੇ ਵਿੱਚ ਕੰਮ ਕਰਵਾਏ ਜਾ ਰਹੇ ਨੇ। 

ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਵੇਲੇ ਲੁਧਿਆਣਾ, ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕਾ  ਛੀਨਾ ਨੇ ਕਿਹਾ ਕਿ ਪਾਰਕ ਦੇ ਤਿਆਰ ਹੋਣ ਨਾਲ ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਦੇ ਨਾਲ ਮਹਿਲਾਵਾਂ ਨੂੰ ਕਾਫੀ ਫਾਇਦਾ ਹੋਵੇਗਾ। ਪਾਰਕ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ, ਜਿਸ ਨਾਲ ਨੇੜੇ ਤੇੜੇ ਦੇ ਰਹਿਣ ਵਾਲੇ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਨ ਮੁਹੱਈਆ ਹੋਵੇਗਾ, ਖਾਸ ਕਰਕੇ ਜਿਹੜੇ ਬੱਚੇ, ਬਜ਼ੁਰਗ, ਨੌਜਵਾਨ ਅਤੇ ਮਹਿਲਾਵਾਂ ਸਵੇਰੇ ਸ਼ਾਮ ਸੈਰ ਕਰਦੇ ਨੇ ਉਨ੍ਹਾਂ ਨੂੰ ਇਸ ਪਾਰਕ ਦਾ ਕਾਫੀ ਲਾਭ ਹੋਵੇਗਾ, ਜਿਸ ਨਾਲ ਉਨ੍ਹਾਂ ਦੀ ਸਿਹਤ ਵੀ ਤੰਦਰੁਸਤ ਰਹੇਗੀ। ਐਮ ਐਲ ਏ ਛੀਨਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾ ਕਿ ਇਲਾਕੇ ਦੇ ਲੋਕਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਸ੍ਰੀਮਤੀ ਛੀਨਾ ਨੇ ਕਿਹਾ ਕਿ ਉਹ ਆਪਣੇ ਹਲਕੇ ਨੂੰ ਪੰਜਾਬ ਦਾ ਸਭ ਤੋਂ ਵੱਧ ਹਰਿਆ ਭਰਿਆ ਹਲਕਾ ਬਣਾਉਣ ਲਈ ਪਹਿਲਾਂ ਹੀ ਪ੍ਰਣ ਕੀਤਾ ਹੈ ਜਿਸਦੇ ਤਹਿਤ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਬੂਟੇ ਅਤੇ ਦਰਖ਼ਤ ਲਗਾਏ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਇਸ ਪਾਰਕ ਤੇ ਕੁੱਲ 18 ਲੱਖ ਰੁਪਏ ਦੀ ਲਾਗਤ ਆਵੇਗੀ। ਇਲਾਕੇ ਦੇ ਲੋਕਾਂ ਦੀ ਕਾਫੀ ਲੰਮੇ ਸਮੇਂ ਤੋਂ ਇਹ ਮੰਗ ਚਲਦੀ ਆ ਰਹੀ ਸੀ। ਪਿਛਲੀਆਂ ਸਰਕਾਰਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਪਰ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਹੈ ਅਤੇ ਇਹ ਲੋਕਾਂ ਲਈ ਹੀ ਕੰਮ ਕਰ ਰਹੀ ਹੈ।

ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੇ ਲੋੜਵੰਦ ਮਰੀਜਾਂ  ਲਈ ਖ਼ੂਨਦਾਨ ਕੈਂਪ ਲਾਇਆ

ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ- ਆਈ.ਪੀ. ਐਸ ਗਿੱਲ  

ਲੁਧਿਆਣਾ (ਕਰਨੈਲ ਸਿੰਘ ਐੱਮ ਏ) ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵੱਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 661ਵਾਂ ਮਹਾਨ ਖੂਨਦਾਨ ਕੈਂਪ ਸ੍ਰ.ਜਸਵੰਤ ਸਿੰਘ ਛਾਪਾ  ਜ਼ਿਲ੍ਹਾ  ਪ੍ਰਧਾਨ ਸਰਬੱਤ ਦਾ ਭਲਾ ਅਤੇ ਨਸੀਬ ਕੈਂਸਰ ਕੇਅਰ ਸੈਂਟਰ ਦੇ ਸਹਿਯੋਗ ਨਾਲ ਪੰਜਾਬ ਐਗ੍ਰੀਕਲਚਰ ਯੂਨੀਵਰਸਿਟੀ (ਪੀ.ਏ.ਯੂ) ਵਿਖੇ ਲਗਾਇਆ ਗਿਆ।  ਇਸ ਸਮੇਂ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਸ੍ਰ.ਇਕਬਾਲ ਸਿੰਘ ਗਿੱਲ ਆਈ.ਪੀ.ਐਸ ਨੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਸਾਥੀਆਂ ਵੱਲੋਂ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਰਾਹੀਂ ਕਈ ਕੀਮਤੀ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ। ਖੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ।ਇਸ ਮੌਕੇ ਤੇ ਖੂਨਦਾਨ ਕੈਂਪ ਵਿੱਚ ਸ਼ਾਮਿਲ ਹੋਏ ਉੱਘੇ ਸਮਾਜ ਸੇਵੀ ਸ੍ਰ. ਗਿਆਨ ਸਿੰਘ ਕਾਲੜਾ ਨੇ ਕਿਹਾ ਖੂਨਦਾਨ ਕਰਨ ਨਾਲ ਹਾਰਟ ਵਰਗੀਆਂ ਹੋਰ ਅਨੇਕਾਂ ਵੱਡੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ । ਇਸ ਮੌਕੇ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਖੂਨਦਾਨ ਕੈਂਪ ਦੌਰਾਨ 70 ਬਲੱਡ ਯੂਨਿਟ ਪ੍ਰੀਤ ਹਸਪਤਾਲ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ,ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ।ਇਸ ਮੌਕੇ ਤੇ ਡਾ:  ਕੁਲਵੀਰ ਸਿੰਘ ਸੈਣੀ, ਨਿਰਮਲ ਸਿੰਘ ਬੇਰਕਲਾਂ,ਗੁਰਿੰਦਰ ਸਿੰਘ ਕਿਰਤੋਂਵਾਲ, ਕੈਪਟਨ ਸੁਦੇਸ਼ ਕੁਮਾਰ, ਲਾਭ ਸਿੰਘ, ਬਲਵਿੰਦਰ ਸਿੰਘ ਭੱਠਲ,ਭਾਈ ਵਰਿੰਦਰ ਸਿੰਘ,ਸੁਨੀਲ ਢਿੱਲੋਂ, ਆਰ.ਪੀ. ਸਿੰਘ, ਗੁਰਦੀਪ ਸਿੰਘ,ਦਿਲਬਾਗ ਸਿੰਘ,ਦਿਨੇਸ਼ ਕੁਮਾਰ, ਬਿੱਟੂ ਭਾਟੀਆ,ਗਿਰਦੌਰ ਸਿੰਘ ਹਾਜ਼ਰ ਸਨ

ਤਸਵੀਰ ਵਿਚ ਇਕਬਾਲ ਸਿੰਘ ਗਿੱਲ ਆਈ ਪੀ ਐਸ, ਜਥੇਦਾਰ ਤਰਨਜੀਤ ਸਿੰਘ ਨਿਮਾਣਾ, ਜਸਵੰਤ ਸਿੰਘ ਛਾਪਾ, ਗਿਆਨ ਸਿੰਘ ਕਾਲੜਾ ਅਤੇ ਹੋਰ।

ਅੰਮ੍ਰਿਤ ਸਾਗਰ ਵੱਲੋ ਬੜੀ ਸ਼ਰਧਾ ਭਾਵਨਾ ਦੇ ਨਾਲ ਤੀਜਾ ਅਰਦਾਸ ਸਮਾਗਮ ਆਯੋਜਿਤ

ਅੰਮ੍ਰਿਤ ਸਾਗਰ ਪ੍ਰੀਵਾਰ ਵੱਲੋਂ ਆਪਣੇ ਪੁਰਖਿਆਂ ਦੀ ਯਾਦ ਨੂੰ ਸਮਰਪਿਤ ਅਰਦਾਸ ਸਮਾਗਮ ਕਰਵਾਉਣਾ ਸੰਗਤਾਂ ਲਈ ਪ੍ਰੇਰਣਾ ਦਾ ਸਰੋਤ - ਗੁਰਮੀਤ ਸਿੰਘ

ਅੰਮ੍ਰਿਤ ਸਾਗਰ ਅਰਦਾਸ ਸਮਾਗਮ ਦੌਰਾਨ ਸੰਗਤਾਂ ਨੇ ਵੱਡੀ ਗਿਣਤੀ 'ਚ ਭਰੀਆਂ ਹਾਜ਼ਰੀਆਂ

ਲੁਧਿਆਣਾ,24, ਸਤੰਬਰ(    ਕਰਨੈਲ ਸਿੰਘ ਐੱਮ. ਏ) ਗੁਰੂ ਘਰ ਦੇ ਅਨਿੰਨ ਸੇਵਕ ਗੁਰਪੁਰਵਾਸੀ ਸ੍ਰ.ਜਗਤ ਸਿੰਘ ਭਾਟੀਆ, ਮਾਤਾ ਸਵਰਨ ਕੌਰ ਤੇ ਸ੍ਰ. ਮੋਹਿੰਦਰਪਾਲ ਸਿੰਘ ਭਾਟੀਆ ਦੀ  ਮਿੱਠੀ ਤੇ ਪਿਆਰੀ ਯਾਦ ਨੂੰ ਸਮਰਪਿਤ ਤੀਜਾ ਮਹਾਨ ਅੰਮ੍ਰਿਤ ਸਾਗਰ ਅਰਦਾਸ ਸਮਾਗਮ ਬੀਤੀ ਰਾਤ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਿੰਘ ਸਭਾ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਆਯੋਜਿਤ ਕੀਤਾ ਗਿਆ।  ਜਿਸ ਅੰਦਰ ਪੰਥ ਦੇ ਪ੍ਰਮੁੱਖ ਕੀਰਤਨੀ ਜੱਥਿਆਂ ਸਮੇਤ ਵੱਖ ਵੱਖ ਧਾਰਮਿਕ, ਰਾਜਨੀਤਕ ਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਅਤੇ ਲੁਧਿਆਣਾ ਸ਼ਹਿਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰੀਆਂ। ਅੰਮ੍ਰਿਤ ਸਾਗਰ ਪ੍ਰੀਵਾਰ ਦੇ ਵੱਲੋਂ ਆਯੋਜਿਤ ਕੀਤੇ ਗਏ ਤੀਜੇ ਅਰਦਾਸ ਸਮਾਗਮ ਦੌਰਾਨ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਿੰਘ ਸਭਾ ਲੁਧਿਆਣਾ ਦੇ ਪ੍ਰਧਾਨ ਸ੍ਰ.ਗੁਰਮੀਤ ਸਿੰਘ , ਸ੍ਰ. ਜਰਨੈਲ ਸਿੰਘ ਜਨਰਲ ਸਕੱਤਰ ਤੇ ਮੀਤ ਸਕੱਤਰ ਸ੍ਰ. ਤਜਿੰਦਰਪਾਲ ਸਿੰਘ  ਨੇ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੇ ਅਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਕਲਿਆਣ ਦੇ ਕਾਰਜਾਂ ਵਿੱਚ ਲਗਾ ਕੇ ਪੰਥ ਦੀ ਸੇਵਾ ਕਰਨ ਵਾਲੀਆਂ ਸਮੂਹ ਅਜ਼ੀਮ ਸ਼ਖਸੀਅਤਾਂ ਸਵ.ਜਗਤ ਸਿੰਘ ਭਾਟੀਆ, ਸਵ.ਮਾਤਾ ਸਵਰਨ ਕੌਰ ਤੇ ਸਵ.ਮੋਹਿੰਦਰਪਾਲ ਸਿੰਘ ਭਾਟੀਆ ਗੁਰੂ ਘਰ ਦੇ ਸੱਚੇ ਸਿੱਖ ਸੇਵਕ ਸਨ। ਜਿਨ੍ਹਾਂ ਨੇ ਗੁਰੂ ਘਰ ਅੰਦਰ ਇੱਕ ਨਿਮਾਣੇ ਸੇਵਕਾਂ ਦੇ ਰੂਪ ਵਜੋਂ ਸੇਵਾ ਹੀ ਨਹੀਂ ਕੀਤੀ ਬਲਕਿ ਆਪਣੇ ਪ੍ਰੀਵਾਰ ਦੇ ਸਮੂਹ ਮੈਬਰਾਂ ਤੇ ਸੰਗਤਾਂ ਨੂੰ ਗੁਰਬਾਣੀ ਤੇ ਸਿੱਖੀ ਦੇ ਸਿਧਾਂਤਾਂ ਨਾਲ ਜੋੜਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੰਮ੍ਰਿਤ ਸਾਗਰ ਕੰਪਨੀ ਦੇ ਪ੍ਰਮੁੱਖ ਸ੍ਰ.ਬਲਬੀਰ ਸਿੰਘ ਭਾਟੀਆ, ਸ੍ਰ.ਕਰਨਪ੍ਰੀਤ ਸਿੰਘ ਭਾਟੀਆ ਦੀ ਅਗਵਾਈ ਹੇਠ ਅੰਮ੍ਰਿਤ ਸਾਗਰ ਪ੍ਰੀਵਾਰ ਵੱਲੋਂ ਆਪਣੇ ਪੁਰਖਿਆਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਅਰਦਾਸ ਸਮਾਗਮ ਕਰਵਾਉਣਾ ਸਮੁੱਚੀਆਂ ਸੰਗਤਾਂ ਲਈ ਪ੍ਰੇਰਣਾ ਦਾ ਸਰੋਤ ਹੈ। ਸ੍ਰ. ਤਜਿੰਦਰਪਾਲ ਸਿੰਘ ਨੇ ਕਿਹਾ ਕਿ ਬੇਸ਼ੱਕ ਅਕਾਲ ਪੁਰਖ ਦੇ ਹੁਕਮ ਅਨੁਸਾਰ ਉਕਤ ਗੁਰੂ ਘਰ ਦੇ ਅਨਿੰਨ ਸੇਵਕ ਸਾਨੂੰ ਸਾਰਿਆਂ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਹਨ ਪਰ ਉਨ੍ਹਾਂ ਦੀਆਂ ਮਿੱਠੀਆਂ ਤੇ ਨਿੱਘੀਆਂ ਯਾਦਾਂ ਹਮੇਸ਼ਾਂ ਸਾਡੇ ਅੰਗ ਸੰਗ ਵੱਸਦੀਆਂ ਰਹਿਣਗੀਆਂ, ਖਾਸ ਕਰਕੇ ਮੌਜੂਦਾ ਸਮੇਂ ਵਿੱਚ ਅੰਮ੍ਰਿਤ ਸਾਗਰ ਪਰਿਵਾਰ ਦੇ ਵੱਲੋਂ ਕੀਤੇ ਜਾ ਰਹੇ ਧਾਰਮਿਕ ਕਾਰਜ ਸੰਗਤਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣ ਚੁੱਕੇ ਹਨ। ਇਸ ਤੋਂ ਪਹਿਲਾਂ ਗੁਰਪੁਰਵਾਸੀ ਸ੍ਰ.ਜਗਤ ਸਿੰਘ ਭਾਟੀਆ, ਮਾਤਾ ਸਵਰਨ ਕੌਰ ਤੇ ਸ੍ਰ.ਮੋਹਿੰਦਰਪਾਲ ਸਿੰਘ ਭਾਟੀਆ ਦੀ ਮਿੱਠੀ ਤੇ ਪਿਆਰੀ ਯਾਦ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਤੀਜੇ ਅੰਮ੍ਰਿਤ ਸਾਗਰ ਅਰਦਾਸ  ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਸ਼ਰਨ ਸਿੰਘ ਜੀ ਲੁਧਿਆਣੇ ਵਾਲੇ, ਭਾਈ ਗਗਨਦੀਪ ਸਿੰਘ ਜੀ ਲਖਨਊ  ਵਾਲਿਆਂ ਸਮੇਤ ਕਈ ਪ੍ਰਮੁੱਖ ਕੀਰਤਨੀ ਜੱਥਿਆਂ ਨੇ ਆਪਣੀਆਂ ਹਾਜ਼ਰੀਆਂ ਭਰਕੇ ਸੰਗਤਾਂ  ਨੂੰ ਗੁਰੂ ਜਸ ਸਰਵਣ ਕਰਵਾਇਆ। ਸਮਾਗਮ ਦੀ ਸਮਾਪਤੀ ਉਪਰੰਤ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਿੰਘ ਸਭਾ ਲੁਧਿਆਣਾ ਦੇ ਪ੍ਰਧਾਨ ਸ੍ਰ.ਗੁਰਮੀਤ ਸਿੰਘ , ਸ੍ਰ. ਜਰਨੈਲ ਸਿੰਘ ਜਨਰਲ ਸਕੱਤਰ ,ਸ੍ਰ.ਤਜਿੰਦਰਪਾਲ ਸਿੰਘ ਮੀਤ ਸਕੱਤਰ ਸਮੇਤ ਪ੍ਰਮੁੱਖ ਅਹੁਦੇਦਾਰਾਂ ਗੁਰਚਰਨ ਸਿੰਘ ਚੰਨ , ਭੁਪਿੰਦਰਪਾਲ ਸਿੰਘ ਧਵਨ, ਦਰਸ਼ਨ ਸਿੰਘ ਨੇ ਗੁਰਮਤਿ ਸਮਾਗਮ ਵਿੱਚ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਸਮੂਹ ਕੀਰਤਨੀ ਜੱਥਿਆਂ ਦੇ ਮੈਬਰਾਂ ਸਮੇਤ ਅੰਮ੍ਰਿਤ ਸਾਗਰ ਪ੍ਰੀਵਾਰ ਦੇ ਪ੍ਰਮੁੱਖ ਮੈਬਰਾਂ ਸ੍ਰ.ਬਲਬੀਰ ਸਿੰਘ ਭਾਟੀਆ ਤੇ ਸ੍ਰ.ਕਰਨਪ੍ਰੀਤ ਸਿੰਘ ਭਾਟੀਆ,ਅਮਰਜੀਤ ਸਿੰਘ ਭਾਟੀਆ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ। ਅਰਦਾਸ ਸਮਾਗਮ ਦੌਰਾਨ ਸੁਰਿੰਦਰ ਸਿੰਘ ਭਾਟੀਆ, ਨਵਤੇਜ ਸਿੰਘ, ਰਘਬੀਰ ਸਿੰਘ ਮੌੰਗਾ, ਨਰਿੰਦਰ ਸਿੰਘ ਸਲੂਜਾ, ਮਨਜੀਤ ਸਿੰਘ ਖਾਲਸਾ, ਡਾ.ਚਰਨਕਮਲ ਸਿੰਘ, ਜੋਗਿੰਦਰ ਸਿੰਘ ਸਲੂਜਾ, ਸੰਤੋਖ ਸਿੰਘ ਸਰਪੰਚ, ਗੁਰਿੰਦਰ ਗੁਰੀ, ਮਨਦੀਪ ਸਿੰਘ ਠੁਕਰਾਲ, ਰਣਜੀਤ ਸਿੰਘ ਭਾਟੀਆ, ਛਤਰਪਾਲ ਸਿੰਘ, ਜਤਿੰਦਰ ਸਿੰਘ ਸਭਰਵਾਲ, ਜਸਪਾਲ ਸਿੰਘ ਭਾਟੀਆ, ਰਣਜੀਤ ਸਿੰਘ ਮਲਹੋਤਰਾ, ਰਘਬੀਰ ਸਿੰਘ ਫੁੱਲਾਂਵਾਲ, ਭਾਈ ਵਰਿੰਦਰ ਸਿੰਘ ਨਿਰਮਾਣ, ਗੁਰਚਰਨ ਸਿੰਘ ਟੱਕਰ, ਦਵਿੰਦਰਪਾਲ ਸਿੰਘ, ਅਮਰਜੀਤ ਸੋਨੂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਹਵੇਲੀ ਦੇ ਵੇਟਰ ਨੇ ਘੜ੍ਹੀ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼

ਜੋਧਾਂ / ਸਰਾਭਾ 23 ਸਤੰਬਰ (ਦਲਜੀਤ ਸਿੰਘ ਰੰਧਾਵਾ) - ਅੱਜ ਜਦੋਂ ਜਿਆਦਾਤਰ ਲੋਕ ਪੈਸੇ ਅਤੇ ਦੁਨਿਆਵੀ ਵਸਤਾਂ ਪਿੱਛੇ ਸਭ ਕੁਝ ਭੁੱਲ ਜਾਂਦੇ ਹਨ, ਉਥੇ ਕੁਝ ਅਜਿਹੇ ਇਨਸਾਨ ਵੀ ਹਨ ਜੋ ਆਪਣੀ ਕਿਰਤ ਅਤੇ ਰੱਬ ਨੂੰ ਸਭ ਕੁਝ ਮੰਨ ਕੇ ਇਮਾਨਦਾਰੀ ਨੂੰ ਜ਼ਿੰਦਾ ਰੱਖਣ ਲਈ ਆਪਣਾ ਸਭ ਕੁਝ ਨਿਛਾਵਰ ਕਰਨ ਦਾ ਜ਼ੇਰਾ ਰੱਖਦੇ ਹਨ। ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ ਫਿਰੋਜ਼ਪੁਰ - ਲੁਧਿਆਣਾ ਸੜਕ ਉੱਤੇ ਪੈਂਦੀ ਹਵੇਲੀ ਦੇ ਸਟਾਫ਼ ਨੇ। ਦੱਸਣਯੋਗ ਹੈ ਕਿ ਅੱਜ ਜ਼ਿਲ੍ਹਾ ਮੋਗਾ ਅਤੇ ਮਲੇਰਕੋਟਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਆਪਣੇ ਪਰਿਵਾਰ ਸਮੇਤ ਇਸ ਹਵੇਲੀ ਵਿੱਚ ਖਾਣ ਪੀਣ ਲਈ ਰੁਕੇ ਸਨ ਤਾਂ ਉਹ ਉਥੇ ਆਪਣੀ ਘੜ੍ਹੀ ਇਥੇ ਭੁੱਲ ਗਏ। ਉਹਨਾਂ ਨੂੰ ਲੁਧਿਆਣਾ ਪਹੁੰਚ ਕੇ ਕਰੀਬ ਅੱਧਾ ਘੰਟਾ ਬਾਅਦ ਘੜ੍ਹੀ ਗੁੰਮ ਹੋਣ ਬਾਰੇ ਯਾਦ ਆਇਆ। ਬੇਉਮੀਦੇ ਹੋਣ ਦੇ ਬਾਵਜ਼ੂਦ ਉਹਨਾਂ ਨੇ ਹਵੇਲੀ ਪ੍ਰਬੰਧਕਾਂ ਨੂੰ ਘੜ੍ਹੀ ਬਾਰੇ ਫੋਨ ਕਰਕੇ ਪੁੱਛਿਆ ਤਾਂ ਉਹਨਾਂ ਨੇ ਕੁਝ ਸਮੇਂ ਬਾਅਦ ਖੁਦ ਫੋਨ ਕਰਕੇ ਘੜ੍ਹੀ ਉਹਨਾਂ ਕੋਲ ਹੋਣ ਬਾਰੇ ਦੱਸਿਆ। ਪ੍ਰਭਦੀਪ ਸਿੰਘ ਨੱਥੋਵਾਲ ਨੇ ਇਹ ਘੜ੍ਹੀ ਪ੍ਰਾਪਤ ਕਰਕੇ ਹਵੇਲੀ ਸਟਾਫ਼ ਅਤੇ ਮਾਲਕ ਦਾ ਧੰਨਵਾਦ ਕੀਤਾ। ਨੱਥੋਵਾਲ ਨੇ ਦੱਸਿਆ ਕਿ ਭਾਵੇਂਕਿ ਉਹਨਾਂ ਲਈ ਇਹ ਘੜ੍ਹੀ ਜਿਆਦਾ ਕੀਮਤੀ ਨਹੀਂ ਸੀ ਪਰ ਹਵੇਲੀ ਦੇ ਵੇਟਰ ਲਈ ਇਹ ਕਾਫ਼ੀ ਮਾਅਨੇ ਰੱਖਦੀ ਸੀ। ਪਰ ਉਸਨੇ ਇਮਾਨਦਾਰੀ ਨੂੰ ਜ਼ਿੰਦਾ ਰੱਖਣ ਲਈ ਇਹ ਘੜ੍ਹੀ ਆਪਣੇ ਮਾਲਕ ਨੂੰ ਮੋੜ ਦਿੱਤੀ ਸੀ। ਉਹਨਾਂ ਦੱਸਿਆ ਕਿ ਅੱਜ ਲੋੜ੍ਹ ਹੈ ਕਿ ਇਸ ਦੁਨੀਆਦਾਰੀ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਇਮਾਨਦਾਰੀ ਨੂੰ ਇਸੇ ਤਰੀਕੇ ਨਾਲ ਜ਼ਿੰਦਾ ਰੱਖਿਆ ਜਾਵੇ। ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਿੱਖ ਮਿਲੇਗੀ। 

ਕੈਪਸਨ - ਹਵੇਲੀ ਦੇ ਮਾਲਕ ਅਤੇ ਵੇਟਰ ਪ੍ਰਭਦੀਪ ਸਿੰਘ ਨੱਥੋਵਾਲ ਨੂੰ ਘੜ੍ਹੀ ਵਾਪਿਸ ਕਰਦੇ ਹੋਏ। ਫੋਟੋ ਰੰਧਾਵਾ 

ਆਰ.ਟੀ.ਏ.  ਵਲੋਂ ਅਚਨਚੇਤ ਚੈਕਿੰਗ ਦੌਰਾਨ ਵੱਖ-ਵੱਖ 30 ਵਾਹਨਾਂ  ਚਾਲਾਨ

ਲੁਧਿਆਣਾ, 17 ਸਤੰਬਰ (ਟੀ. ਕੇ. ) – ਸਕੱਤਰ ਆਰ.ਟੀ.ਏ. ਲੁਧਿਆਣਾ ਡਾ. ਪੂਨਮਪ੍ਰੀਤ ਕੌਰ ਵੱਲੋਂ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਦੀ ਹਦੂਦ ਅੰਦਰ ਅਚਨਚੇਤ ਚੈਕਿੰਗ ਕਰਦਿਆਂ ਵੱਖ-ਵੱਖ 30 ਵਾਹਨਾਂ ਦੇ ਚਾਲਾਨ ਕੀਤੇ ਗਏ। ਚੈਕਿੰਗ ਦੌਰਾਨ ਵੇਰਕਾ ਚੌਕ , ਟਿੱਬਾ ਚੌਕ ਤੋਂ ਡੇਹਲੋਂ ਦੀਆਂ ਸੜਕਾਂ  'ਤੇ ਅਚਨਚੇਤ ਚੈਕਿੰਗ ਦੌਰਾਨ ਕਰੀਬ 20 ਗੱਡੀਆਂ ਨੂੰ ਓਵਰਲੋਡ, ਬਾਡੀ ਆਲਟਰੇਸ਼ਨ, ਬਿਨਾਂ ਦਸਤਾਵੇਜ਼ਾਂ, ਓਵਰਹਾਈਟ ਅਤੇ ਹੋਰ ਕਾਨੂੰਨੀ ਨੀਯਮਾਂ ਦੀ ਉਲੰਘਣਾ ਕਰਨ ਤੇ ਧਾਰਾ 207 ਅਧੀਨ ਬੰਦ ਕੀਤਾ ਗਿਆ। ਚੈਕਿੰਗ ਦੌਰਾਨ ਜਿਹੜੇ ਵਾਹਨ ਬੰਦ ਕੀਤੇ ਗਏ ਹਨ ਦੇ ਵਿਚ 09 ਟਿੱਪਰ, 09 ਕੈਂਟਰ, 01 ਟਰੈਕਟਰ ਟਰਾਲੀ ਅਤੇ 01 ਟਾਟਾ 407 ਸ਼ਾਮਲ ਹਨ।
ਇਸ ਤੋਂ ਇਲਾਵਾ 10 ਗੱਡੀਆਂ ਦੇ ਬਿਨ੍ਹਾਂ ਦਸਤਾਵੇਜ਼ਾਂ, ਓਵਰਹਾਈਟ ਅਤੇ ਐਚ.ਐਸ.ਆਰ.ਪੀ. ਪਲੇਟਾਂ ਨਾ ਲੱਗੇ ਹੋਣ ਕਰਕੇ ਚਲਾਨ ਕੀਤੇ ਗਏ। ਇਨ੍ਹਾਂ ਵਾਹਨਾਂ ਵਿੱਚ 4 ਕੈਂਟਰ, 3 ਸਕੂਲ ਵੈਨਾਂ ਅਤੇ 3 ਟਰੱਕ ਸ਼ਾਮਲ ਹਨ।  
ਸਕੱਤਰ ਆਰ.ਟੀ.ਏ. ਵਲੋਂ ਮੁੜ ਦੁਹਰਾਇਆ ਗਿਆ ਹੈ ਕਿ ਸੜਕ ਚਾਲਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਯੂਨੀਅਨ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇਂ ਸਿਰ ਅਪਡੇਟ ਕਰਵਾਉਣ। ਬਿਨਾਂ ਦਸਤਾਵੇਜ਼ ਅਤੇ ਬਿਨ੍ਹਾਂ ਐਚ.ਐਸ.ਆਰ.ਪੀ. ਪਲੇਟਾਂ ਤੋਂ ਕੋਈ ਵੀ ਗੱਡੀ ਸੜਕਾਂ  'ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।