You are here

ਲੁਧਿਆਣਾ

ਐਸੀ.ਸੀ, ਬੀ.ਸੀ. ਵਰਕਰਾਂ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਮੰਗ ਪੱਤਰ ਦਿੱਤਾ 

ਮੁੱਲਾਂਪੁਰ ਦਾਖਾ 8 ਅਕਤੂਬਰ (ਸਤਵਿੰਦਰ  ਸਿੰਘ ਗਿੱਲ) ਐਸੀ.ਸੀ, ਬੀ.ਸੀ.ਮਲਟੀਪਰਪਜ ਹੈਲਥ ਵਰਕਰ ਅਤੇ ਮਲਟੀਪਰਪਜ ਹੈਲਥ ਸੁਪਰਵਾਈਜ਼ਰ ਕਮੇਟੀ ਵੱਲੋਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਚੰਡੀਗੜ੍ਹ ਡਾ: ਹਤਿੰਦਰ ਕੌਰ ਕਲੇਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਸਰਾਭਾ, ਜਸਪਾਲ ਸਿੰਘ ਜਗੇੜਾ ਨੇ ਆਖਿਆ ਕਿ ਵਿੱਚ ਸੀਨੀਆਰਤਾ ਸੂਚੀ ਵਿੱਚ ਸੋਧ ਕਰਨ ਅਤੇ ਭਖਮੀਆਂ ਮੰਗਾਂ ਬਾਰੇ ਵਿਸਥਾਰ ਪੂਰਵਕ ਆਪਣੀਆਂ ਮੰਗਾਂ ਲਈ ਮੰਗ ਪੱਤਰ ਦਿੱਤਾ। ਜੋ ਕਿ ਇਸ ਐਸ ਸੀ ਬੀ ਸੀ ਵਰਕਰਾਂ ਨੂੰ ਲੰਮੇ ਸਮੇਂ ਤੋਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਜੋ ਉਸ ਦਾ ਜਦ ਤੋਂ ਜਿਆਦਾ ਹੱਲ ਹੋ ਸਕੇ। ਡਾਇਰੈਕਟਰ ਸਾਹਿਬ ਵੱਲੋਂ ਇਹਨਾਂ ਮੰਗਾਂ ਜਲਦ ਪੂਰੀਆਂ ਕਰਨ ਦਾ ਭਰੋਸਾ ਦਵਾਇਆ।ਇਸ ਮੌਕੇ ਸੁਰਿੰਦਰ ਸਿੰਘ ਸੇਖਾ, ਕੁਲਦੀਪ ਸਿੰਘ ਬਟਾਰੀ, ਬਲਜੋਤ ਸਿੰਘ ਬਟਾਰੀ, ਲਖਮਿੰਦਰ ਸਿੰਘ ਮੋਰਿੰਡਾ, ਕੁਲਬੀਰ ਸਿੰਘ ਈਸੜੂ, ਬਲਜੀਤ ਸਿੰਘ ਪੰਜ ਰੁੱਖਾ, ਜਸਵੀਰ ਸਿੰਘ ਮਲੌਦ, ਅਮਨਦੀਪ ਸਿੰਘ ਜਗਰਾਉਂ ਆਦਿ ਹਾਜ਼ਰ ਸਨ।

ਡੀ ਏ ਵੀ ਸੈਂਟਨਰੀ ਪਬਲਿਕ ਸਕੂਲ ਦੀਆ ਬੈਡਮਿੰਟਨ ਖਿਡਾਰਨਾਂ ਨੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ

ਜਗਰਾਉ 6 ਅਕਤੂਬਰ (ਅਮਿਤਖੰਨਾ)    67 ਵੀਆ ਜਿਲ੍ਹਾ ਪੱਧਰ ਸਕੂਲ ਖੇਡਾਂ ਵਿੱਚ ਡੀ ਏ ਵੀ ਸੈਂਟਨਰੀ ਪਬਲਿਕ ਸਕੂਲ ਦੀਆ ਬੈਡਮਿੰਟਨ ਖਿਡਾਰਨਾਂ ਨੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਦੱਸਿਆ ਕਿ ਮੰਨਤਪ੍ਰੀਤ ਕੌਰ , ਦੇਵਾਸ਼ੀ ਅਤੇ ਦੀਕਸਿਤਾ ਨੇ ਬੈਡਮਿੰਟਨ ਅੰਡਰ -17 ਸਾਲ ਲੜਕੀਆਂ ਬੀ ਸੀ ਐਮ ਸਕੂਲ ਲੁਧਿਆਣਾ ਵਿੱਖੇ ਹੋ ਰਹੇ ਜਿਲ੍ਹਾ ਬੈਡਮਿੰਟਨ ਟੂਰਨਾਮੈਂਟ ਵਿੱਚ ਖੇਡਦੇ ਹੋਏ  ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸਨ ਕੀਤਾ । ਉੱਨਾਂ ਇਹ ਵੀ ਦੱਸਿਆ ਕਿ ਪੀ ਏ ਯੂ ਯੂਨੀਵਰਸਿਟੀ ਵਿੱਚ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਬੈਡਮਿੰਟਨ ਖੇਡਾਂ ਵਿੱਚ ਡੀ ਏ ਵੀ ਸਕੂਲ ਜਗਰਾਉ ਦੇ ਹੀ ਸਹਿਜਪ੍ਰੀਤ ਸਿੰਘ ਨੇ ਬੈਡਮਿੰਟਨ ਅੰਡਰ 14 ਸਾਲ ਵਿੱਚ ਸਾਰੇ ਲੁਧਿਆਣੇ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਹਰਾ ਕੇ ਜ਼ਿਲ੍ਹੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਗੋਲ਼ਡ ਮੈਡਲ ਪ੍ਰਾਪਤ ਕੀਤਾ ।ਸਟੇਟ ਪੱਧਰ ਤੇ ਵੀ ਸਹਿਜਪ੍ਰੀਤ ਸਿੰਘ ਬੈਡਮਿੰਟਨ ਵਿੱਚ ਵਧੀਆ ਖੇਡ ਦਾ ਪਰਦਰਸ਼ਨ ਕਰੇਗਾ  ਸਕੂਲ ਆਉਣ ਤੇ ਸਹਿਜਪ੍ਰੀਤ ਸਿੰਘ,ਮੰਨਤਪ੍ਰੀਤ ਕੌਰ,ਦੇਵਾਸ਼ੀ ਤੇ ਦੀਕਸਿਤਾ ਨੂੰ ਸਕੂਲ ਸਟਾਫ਼ ਵੱਲੋ ਵਧਾਈ ਦਿੱਤੀ ਗਈ ਤੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਡੀ ਪੀ ਈ ਹਰਦੀਪ ਸਿੰਘ ਬਿੰਜਲ , ਡੀ ਪੀ ਈ ਸੁਰਿੰਦਰ ਪਾਲ ਵਿੱਜ ਤੇ ਡੀ ਪੀ ਜਗਦੀਪ ਸਿੰਘ ਨੂੰ ਵੀ ਵਧਾਈ ਦਿੱਤੀ ।

ਵਿਧਾਨ ਸਭਾ ਹਲਕੇ 'ਚ ਪਿਛਲੇ ਕਈ ਸਾਲਾਂ ਤੋਂ ਲਟਕੇ ਕੰਮ ਮਾਨ ਸਰਕਾਰ ਨੇ ਕੀਤੇ ਮੁਕੰਮਲ - ਛੀਨਾ

ਲੁਧਿਆਣਾ,0 6 ਅਕਤੂਬਰ (ਟੀ. ਕੇ. ) - ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਆਪਣੇ ਇਲਾਕੇ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸਦੇੇ ਤਹਿਤ ਅੱਜ ਮੱਕੜ ਕਲੋਨੀ ਵਾਰਡ 29, 30, ਗਲੀ ਨੰ: 11 ਅਤੇ ਲਿੰਕ ਰੋਡ ਦਾ ਨੀਂਹ ਪੱਥਰ ਰੱਖਿਆ ਗਿਆ। 

ਵਾਰਡ ਨੰਬਰ 40 ਮੁਹੱਲਾ ਕੋਟ ਮੰਗਲ ਸਿੰਘ ਵਿੱਚ ਗਲੀ ਨੰਬਰ 17-ਏ ਅਤੇ 17-ਬੀ ਵਿਖੇ ਆਰ.ਐਮ.ਸੀ. ਰੋਡ ਦਾ ਕੰਮ ਕਰਵਾਇਆ ਗਿਆ। ਇਸੇ ਤਰ੍ਹਾਂ ਵਾਰਡ ਨੰਬਰ 50 ਵਿੱਚ ਫੈਡਰਲ ਬੈਂਕ ਰੋਡ ਦਾ ਕੰਮ ਅਤੇ ਲਿੰਕ ਰੋਡ ਦਾ ਕੰਮ ਵੀ ਮੁਕੰਮਲ ਕੀਤਾ ਗਿਆ। ਇਸ ਤੋਂ ਇਲਾਵਾ ਮੁਹੱਲਾ ਪ੍ਰਭਾਤ ਨਗਰ ਗਲੀ ਨੰਬਰ 7, ਮੁਹੱਲਾ ਰਾਮ ਨਗਰ ਗਲੀ ਨੰਬਰ 21, ਵਾਰਡ 50 ਵਿੱਚ ਬਣੀ ਆਰ.ਐਮ.ਸੀ. ਰੋਡ ਦਾ ਵੀ ਉਦਘਾਟਨ ਕੀਤਾ ਗਿਆ।

ਇਹ ਸਾਰੇ ਨਿਰਮਾਣ ਕਾਰਜ ਲੋਕਾਂ ਨੂੰ ਸਮਰਪਿਤ ਕਰਦਿਆਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਹਲਕਾ ਦੱਖਣੀ ਵਿੱਚ ਵਿਕਾਸ ਕਾਰਜਾਂ ਵਿੱਚ ਇੱਕ ਤੋਂ ਬਾਅਦ ਇੱਕ ਅਧਿਆਏ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 29 ਖਾਸ ਕਰਕੇ ਮੱਕੜ ਕਲੋਨੀ ਅਜਿਹਾ ਇਲਾਕਾ ਸੀ ਜਿੱਥੇ ਸੜਕਾਂ ਸਾਲਾਂ ਤੋਂ ਟੁੱਟੀਆਂ ਪਈਆਂ ਸਨ, ਸੀਵਰੇਜ ਜਾਮ ਕਰਕੇ ਲੋਕਾਂ ਦੇ ਘਰਾਂ 'ਚ ਸੀਵਰੇਜ ਦਾ ਪਾਣੀ ਪੁੱਜ ਜਾਂਦਾ ਸੀ, ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਸਨ ਪਰ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੜਕਾਂ ਬਣਾਉਣ ਲਈ ਸਿਰਫ ਬਜਟ ਹੀ ਪਾਸ ਨਹੀਂ ਕੀਤਾ ਸਗੋਂ ਪਹਿਲ ਦੇ ਆਧਾਰ 'ਤੇ ਕੰਮ ਸ਼ੁਰੂ ਕਰਵਾ ਕੇ ਲੋਕਾਂ ਨੂੰ ਸਹੂਲਤਾਂ ਵੀ ਮੁਹੱਈਆ ਕਰਵਾਈਆਂ.

ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਲਗਾਤਾਰ ਵਿਧਾਨ ਸਭਾ ਹਲਕਾ ਦੱਖਣੀ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਹਲਕੇ ਵਿੱਚ ਮਜ਼ਦੂਰਾਂ ਦੀ ਬਹੁਤਾਤ ਹੋਣ ਕਾਰਨ ਕਿਸੇ ਵੀ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ, ਸਿਰਫ ਸਾਡੀ ਪਾਰਟੀ ਨੇ ਹਰ ਵਰਗ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਵਿਕਾਸ ਦੇ ਕੰਮ ਕੀਤੇ ਹਨ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਵਿਧਾਇਕ ਛੀਨਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਵਿਕਾਸ ਕਾਰਜ ਜਾਰੀ ਰਹਿਣਗੇ।

ਪਿੰਡ ਭੂੰਦੜੀ 'ਚ ਕਿਸਾਨ ਸਿਖਲਾਈ ਕੈਂਪ ਲਗਾਇਆ 

ਹਾੜ੍ਹੀ ਦੀਆਂ ਫਸਲਾਂ ਅਤੇ ਪਰਾਲੀ ਪ੍ਰਬੰਧਨ ਬਾਰੇ ਕੀਤਾ ਜਾਗਰੂਕ
ਲੁਧਿਆਣਾ, 6 ਅਕਤੂਬਰ (ਟੀ. ਕੇ. ) -
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਸਿਧਵਾਂ ਬੇਟ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਝੇ ਉਪਰਾਲੇ ਨਾਲ ਪਿੰਡ ਭੂੰਦੜੀ ਵਿਖੇ ਵੱਲੋਂ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਨਰਿੰਦਰ ਸਿੰਘ ਬੈਨੀਪਾਲ ਦੀ ਰਹਿਨੁਮਾਈ ਹੇਠ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਉਪ ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਸਤਬੀਰ ਸਿੰਘ ਗੋਸਲ ਵਲੋਂ ਕੀਤਾ ਗਿਆ। ਕੈਂਪ ਦੌਰਾਨ 200 ਤੋਂ ਵੱਧ ਕਿਸਾਨਾਂ, ਯੂਨੀਵਰਸਿਟੀ ਦੇ ਸਿਖਿਆਰਥੀ ਅਤੇ ਆਸ਼ਾ ਵਰਕਰਜ਼ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਕਿਸਾਨਾਂ ਨੂੰ ਸਬੋਧਨ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਿਫਾਰਸ਼ ਕੀਤੀ ਗਈ ਸਰਫੇਸ ਸੀਡਰ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਕਣਕ ਦੀ ਬਿਜਾਈ ਲਈ ਸਭ ਤੋਂ ਸਸਤੀ ਅਤੇ ਵਾਤਾਵਰਣ ਪੱਖੀ ਤਕਨੀਕ ਹੈ। ਉਨ੍ਹਾਂ ਕਿਸਾਨਾਂ ਨੂੰ ਇਸ ਸਰਲ ਤਕਨੀਕ ਨੂੰ ਅਪਣਾਉਣ ਦਾ ਸੱਦਾ ਦਿੱਤਾ। ਇਸ ਨਾਲ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕੇ ਮਿੱਟੀ ਦੀ ਸਿਹਤ ਬਰਕਰਾਰ ਰੱਖੀ ਜਾ ਸਕਦੀ ਹੈ।

ਕੈਂਪ ਦੀ ਮੇਜ਼ਬਾਨੀ ਕਰ ਰਹੇ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਡਾ. ਨਰਿੰਦਰ ਸਿੰਘ ਬੈਨੀਪਾਲ ਵੱਲੋਂ ਕਿਸਾਨਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਨ ਨਾਲ ਜਿੱਥੇ ਵਾਤਾਵਰਣ ਵਿੱਚ ਵਿਗਾੜ ਪੈਦਾ ਹੁੰਦਾ ਹੈ, ਉਥੇ ਪ੍ਰਦੂਸ਼ਣ ਮਨੁੱਖੀ ਸਿਹਤ, ਪਸ਼ੂਆਂ ਅਤੇ ਬਣਨਸਪਤੀ ਲਈ ਹਾਨੀਕਾਰਕ ਹੁੰਦਾ ਹੈ। ਉਹਨਾਂ ਕਿਹਾ ਕਿ ਕੁਦਰਤੀ ਚੱਕਰ ਵਿੱਚ ਆਏ ਵਿਗਾੜ ਨੂੰ ਠੀਕ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਉਹ ਖੁਦ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਂਵਾਂ ਅਤੇ ਖੇਤੀ ਤਕਨੀਕਾਂ ਸਬੰਧੀ ਵਿਚਾਰ ਵਟਾਂਦਰਾ ਕਰਦੇ ਆ ਰਹੇ ਹਨ। ਕਿਸਾਨੀ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਉਹ ਭਲੀ-ਭਾਂਤੀ ਜਾਣੂੰ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਏ ਅਡੀਸ਼ਨਲ ਡਾਇਰੈਕਟਰ ਕਮਨੀਕੇਸ਼ਨ, ਡਾ. ਟੀ.ਐਸ. ਰਿਆੜ ਵੱਲੋਂ ਦੱਸਿਆ ਗਿਆ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਸਰਫੇਸ ਸੀਡਿੰਗ ਸਭ ਤੋਂ ਸੋਖਾ ਤਰੀਕਾ ਹੈ ਅਤੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਿਸਾਨ ਖੇਤੀ ਅਤੇ ਸਮਾਜਿਕ ਖਰਚੇ ਘਟਾਉਣ ਦੀ ਕੋਸ਼ਿਸ਼ ਕਰਨ। ਇਸ ਮੌਕੇ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ), ਲੁਧਿਆਣਾ ਅਮਨਪ੍ਰੀਤ ਸਿੰਘ ਘਈ ਵੱਲੋਂ ਖੇਤੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਅਤੇ ਸਾਭ ਸੰਭਾਲ ਬਾਰੇ ਵਿਸਥਾਰ ਪੂਰਵਰ ਜਾਣਕਾਰੀ ਦਿੱਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰ ਡਾ. ਸੁਰਜੀਤ ਸਿੰਘ ਵਾਲੀਆਂ ਵੱਲੋਂ ਹਾੜ੍ਹੀ ਦੀ ਫਸਲ ਕਣਕ ਦੇ ਬੀਜ, ਖਾਦ ਅਤੇ ਬਿਜਾਈ ਦੇ ਸਹੀ ਸਮੇਂ ਬਾਰੇ ਕਿਸਾਨਾਂ ਜਾਣਕਾਰੀ ਦਿੱਤੀ।

ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ, ਸਿਧਵਾਂ ਬੇਟ ਗਿਰਜੇਸ਼ ਭਾਰਗਵ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਚਲਾਈ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਸਾਝੀ ਕਰਦਿਆਂ ਕਣਕ ਸੀਡ ਸਬਸਿਡੀ ਪਾਲਿਸੀ ਬਾਰੇ ਵਿਸਥਾਰ ਪੂਰਵਰਕ ਦੱਸਿਆ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਅੱਗ ਨਾਂ ਲਾ ਕੇ ਸਾਭ ਸੰਭਾਲ ਕਰਨ ਲਈ ਅਪੀਲ ਕੀਤੀ। ਕੈਂਪ ਦੌਰਾਨ ਮੰਚ ਸੰਚਾਲਕ ਦੀ ਡਿਊਟੀ ਡਾ. ਮਨਮੀਤ ਕੌਰ, ਅਸੋਸੀਏਟ ਪ੍ਰੋਫੈਸਰ ਐਕਸਟੈਸ਼ਨ ਅਤੇ  ਸ਼ੇਰਅਜੀਤ ਸਿੰਘ, ਖੇਤੀਬਾੜੀ ਵਿਸਥਾਰ ਅਫਸਰ, ਭੂੰਦੜੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਅਤੇ ਸਵੈ-ਸਹਾਇਤਾਂ ਗਰੁੱਪਾਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਮੌਕੇ ਬਲਾਕ ਦੇ ਵੱਖ-ਵੱਖ ਸਰਕਲਾਂ ਦੇ ਖੇਤੀਬਾੜੀ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਇਸ ਮੌਕੇ ਬਲਾਕ ਵਿੱਚ ਸਿਧੀ ਬਿਜਾਈ ਕਰਨ ਵਾਲੇ 08 ਅਗਾਂਹਵਧੂ ਕਿਸਾਨ ਅਤੇ ਪਰਾਲੀ ਨੂੰ ਬਿਨ੍ਹਾ ਸਾੜੇ ਖੇਤਾਂ ਵਿੱਚ ਜਜਬ ਕਰਨ ਵਾਲੇ 08 ਅਗਾਂਹਵਧੂ ਕਿਸਾਂਨਾਂ ਨੂੰ ਵਿਭਾਗ ਵੱਲੋਂ ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੁਰਮੁੱਖ ਸਿੰਘ ਬਲਾਕ ਖੇਤੀਬਾੜੀ ਅਫਸਰ, ਸਿਧਵਾਂ ਬੇਟ, ਡਾ. ਕੁਲਦੀਪ ਸਿੰਘ ਹੈਡ ਆਫ ਡਿਪਾਰਟਮੈਂਟ ਆਫ ਐਜੂਕੇਸਨ, ਡਾ. ਅਮਨਦੀਪ ਕੌਰ, ਇੰਜ: ਅਰਸਦੀਪ ਸਿੰਘ, ਡਾ. ਲਖਵਿੰਦਰ ਕੌਰ, ਡਾ. ਹਰਵਿੰਦਰ ਸਿੰਘ, ਡਾ. ਧਰਿੰਦਰ ਤਿਵਾੜੀ, ਡਾ. ਜਗਦੇਵ ਸਿੰਘ, ਡਾ. ਗੁਰਿੰਦਰਪਾਲ ਕੌਰ, ਡਾ. ਪਰਿਅੰਕਾ, ਸੰਦੀਪ ਵਿਰਕ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਹਾਜਰ ਸਨ।

ਵਿਧਾਇਕ ਸਿੱਧੂ ਵੱਲੋਂ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ

ਲੁਧਿਆਣਾ, 04 ਅਕਤੂਬਰ (ਟੀ. ਕੇ. )- ਹਲਕਾ ਆਤਮ ਨਗਰ ਦੇ ਵਿਕਾਸ ਕਾਰਜ਼ਾਂ ਨੂੰ ਨਿਰੰਤਰ ਜਾਰੀ ਰੱਖਦਿਆਂ, ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਗੁਰੂ ਨਾਨਕ ਕਲੋਨੀ ਵਿਖੇ 1 ਤੋਂ 5 ਨੰਬਰ ਤੱਕ ਦੀਆਂ ਗਲੀਆਂ ਦੇ ਨਵਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ।

ਵਿਧਾਇਕ ਸਿੱਧੂ ਨੇ ਅੱਗੇ ਦੱਸਿਆ ਕਿ ਇਨ੍ਹਾਂ ਗਲੀਆਂ ਦੇ ਨਵਨਿਰਮਾਣ 'ਤੇ 41.84 ਲੱਖ ਰੁਪਏ ਦੀ ਲਾਗਤ ਆਵੇਗੀ।
ਵਿਧਾਇਕ ਸਿੱਧੂ ਨੇ ਕਿਹਾ ਕਿ ''ਮੈ ਧੰਨਵਾਦੀ ਹਾਂ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦਾ ਜਿਨ੍ਹਾਂ ਵਿਕਾਸ ਦੇ ਕੰਮਾਂ ਲਈ ਕਿਸੇ ਤਰ੍ਹਾਂ ਦੇ ਫੰਡਜ ਦੀ ਕੋਈ ਕਮੀ ਨਹੀਂ ਆਉਣ ਦਿੱਤੀ''।

ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਗਲੀਆਂ ਤੁਹਾਡੇ ਦਿੱਤੇ ਹੋਏ ਟੈਕਸ ਦੇ ਰੁਪਏ ਵਿੱਚੋਂ ਹੀ ਬਣਦੀਆਂ ਹਨ, ਇਸ ਲਈ ਉਹ ਆਪਣੀ ਨਿਗਰਾਨੀ ਹੇਠ ਹੀ ਇਹਨਾਂ ਸੜਕਾਂ ਦਾ ਨਿਰਮਾਣ ਕਰਵਾਉਣ ਅਤੇ ਬਾਅਦ ਵਿੱਚ ਇਹਨਾਂ ਸੜਕਾਂ ਦੀ ਸਾਂਭ ਸੰਭਾਲ ਰੱਖਣ ਦੀ ਜਿੰਮੇਵਾਰੀ ਵੀ ਨਿਭਾਉਣ।

ਇਸ ਮੌਕੇ ਉਹਨਾਂ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਇਹਨਾਂ ਗਲੀਆਂ ਦੇ ਨਿਰਮਾਣ ਕਾਰਜ਼ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤੇ ਜਾਣ। ਉਨ੍ਹਾ ਕਿਹਾ ਕਿ ਗਲੀਆਂ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਮਟੀਰੀਅਲ ਵਿੱਚ ਕੋਈ ਖਾਮੀ ਨਹੀਂ ਹੋਣੀ ਚਾਹੀਦੀ, ਬੇਨਿਯਮੀ ਪਾਏ ਜਾਣ 'ਤੇ ਸਬੰਧਤ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਰੋਟਰੀ ਕਲੱਬ ਲੁਧਿਆਣਾ ਸਿਟੀ ਨੇ ਲਗਾਇਆ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ

 ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ 'ਚ ਲਗਾਉਣਾ ਅਸਲ ਮਨੁੱਖੀ ਸੇਵਾ- ਸੁਰਿੰਦਰ ਸਿੰਘ ਕਟਾਰੀਆ

ਲੁਧਿਆਣਾ, 1 ਅਕਤੂਬਰ ( ਕਰਨੈਲ ਸਿੰਘ ਐੱਮ ਏ   ) ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਗਾਉਣਾ  ਹੀ ਅਸਲ ਮਨੁੱਖੀ ਸੇਵਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੋਟਰੀ ਕਲੱਬ ਦੇ ਅਸੀਟੈਟ ਗਵਰਨਰ ਰੋਟਰੀਅਨ ਸੁਰਿੰਦਰ ਸਿੰਘ ਕਟਾਰੀਆ ਨੇ ਅੱਜ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਇਆ ਨਗਰ, ਲੁਧਿਆਣਾ ਵਿਖੇ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਵੱਲੋਂ

ਲਗਾਏ ਗਏ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ ਦਾ ਰਸਮੀ ਰੂਪ ਵਿੱਚ ਆਰੰਭਤਾ ਕਰਨ ਮੌਕੇ ਇਕੱਤਰ ਹੋਏ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਕਲੱਬ ਦੇ ਪ੍ਰਮੁੱਖ ਅਹੁਦੇਦਾਰਾਂ  ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਰੋਟਰੀਅਨ ਸੁਰਿੰਦਰ ਸਿੰਘ ਕਟਾਰੀਆ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਸਮੁੱਚੇ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਜੋ ਸੇਵਾ ਮੁਹਿੰਮ ਰੋਟਰੀ ਕਲੱਬ ਵੱਲੋਂ ਚਲਾਈ ਜਾ ਰਹੀ ਹੈ। ਉਹ ਆਪਣੇ ਆਪ ਇੱਕ ਮਿਸਾਲੀ ਕਾਰਜ ਹੈ। ਜਿਸ ਦੇ ਲਈ ਮੈਂ ਸਮੂਹ ਰੋਟਰੀਅਨ ਮੈਬਰਾਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਪ੍ਰਧਾਨ ਰੋਟਰੀਅਨ ਡਾ ਬਲਬੀਰ ਸਿੰਘ ਸਮੇਤ ਕਲੱਬ ਦੇ ਸਮੂਹ ਮੈਂਬਰਾਂ ਦੀ ਟੀਮ ਵੱਲੋਂ ਵੱਖ ਵੱਖ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਦਾ ਫਰੀ ਮੈਡੀਕਲ ਚੈਕਅੱਪ ਕਰਵਾਉਣ ਲਈ ਲਗਾਇਆ ਗਿਆ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ ਸੱਚੀ ਮਨੁੱਖੀ ਸੇਵਾ ਨੂੰ ਸਮਰਪਿਤ ਹੈ।ਜਿਸ ਦੇ ਅੰਦਰ ਤਜਰਬੇਕਾਰ ਪ੍ਰਮੁੱਖ ਡਾਕਟਰਾਂ ਦੀ ਟੀਮ  ਡਾ.ਹਰਵਿੰਦਰ ਸਿੰਘ ਐਮ.ਬੀ.ਐਸ (ਈ.ਐਨ.ਟੀ) ,ਡਾ.ਹਰਸ਼ਿਤ ਮਾਨਸਿਕ ਰੋਗਾਂ ਦੇ ਮਾਹਿਰ, ਡਾ.ਸੰਦੀਪ ਕੌਰ ਐਮ.ਬੀ. ਬੀ .ਐਸ (ਔਰਤਾਂ ਦੇ ਰੋਗਾਂ ਦੇ ਮਾਹਿਰ) ਆਦਿ ਆਪਣੀਆਂ ਨਿਸ਼ਕਾਮ ਸੇਵਾਵਾਂ ਮਰੀਜ਼ਾਂ ਨੂੰ ਦੇ ਰਹੇ ਹਨ। ਇਸ ਮੌਕੇ

ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਪ੍ਰਧਾਨ ਰੋਟਰੀਅਨ ਡਾ ਬਲਬੀਰ ਸਿੰਘ

ਰੋਟਰੀਅਨ ਨੇ ਸਮੂਹ ਡਾਕਟਰ ਸਾਹਿਬਾਨ ਦਾ  ਤਹਿ ਦਿਲੋਂ ਧੰਨਵਾਦ ਵੀ ਪ੍ਰਗਟ ਕੀਤਾ। ਇਸ ਤੋ ਪਹਿਲਾਂ ਲਗਾਏ ਗਏ ਫਰੀ ਵਿਸ਼ਾਲ ਮੈਡੀਕਲ ਚੈੱਕ ਅੱਪ ਕੈਂਪ ਦੌਰਾਨ ਮਾਹਿਰ ਡਾਕਟਰਾਂ ਨੇ ਵੱਡੀ ਗਿਣਤੀ ਵਿੱਚ ਆਏ ਵੱਖ ਵੱਖ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ।ਇਸ ਮੌਕੇ ਤੇ ਰੋਟਰੀਅਨ ਅਜਾਇਬ ਸਿੰਘ ਪ੍ਰੋਜੈਕਟ ਡਾਇਰੈਕਟਰ,ਰੋਟਰੀਅਨ ਇੰਜੀ. ਸੁਖਦੇਵ ਸਿੰਘ, ਰਣਜੀਤ ਸਿੰਘ( ਨੈਸ਼ਨਲ ਐਵਾਰਡੀ),ਰੋਟਰੀਅਨ  ਡਾ.ਰੇਨੂੰ ਛਤਵਾਲ,  ਡਾ ਸੁਖਵਿੰਦਰ ਕੌਰ, ਗਗਨ ਕਟਾਰੀਆ ਸਮੇਤ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ  ਪ੍ਰਮੁੱਖ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਗੁਰੂ ਅਮਰਦਾਸ ਜੀ ਦੀਆਂ ਸਿੱਖਿਆਵਾਂ ਸਮਾਜ ਲਈ ਪ੍ਰੇਰਣਾ ਦਾ ਸਰੋਤ - ਭੁਪਿੰਦਰ ਸਿੰਘ

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਕੀਰਤਨ ਸਮਾਗਮ ਆਯੋਜਿਤ 

ਲੁਧਿਆਣਾ, 1 ਅਕਤੂਬਰ ( ਕਰਨੈਲ ਸਿੰਘ ਐੱਮ ਏ )  ਨਿਮਾਣਿਆਂ ਦੇ ਮਾਣ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦਾ ਵੱਧ ਚੜ੍ਹ ਕੇ ਪ੍ਰਚਾਰ ਕੀਤਾ, ਉੱਥੇ ਲੰਗਰ, ਪੰਗਤ ਤੇ ਸੰਗਤ ਦੀ ਪ੍ਰਥਾ ਨੂੰ ਹੋਰ ਪ੍ਰਪੱਕ ਕਰਕੇ ਊਚ-ਨੀਚ ਦੇ ਭੇਦ ਭਾਵ ਨੂੰ ਖ਼ਤਮ ਕਰਨ ਅਤੇ ਸਮਾਜ ਨੂੰ ਪਰਦੇ 'ਤੇ ਸਤੀ ਵਰਗੀਆਂ ਰਸਮਾਂ ਤੋਂ ਮੁਕਤ ਕਰਵਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ. ਭੁਪਿੰਦਰ ਸਿੰਘ ਨੇ ਅੱਜ ਸੁਸਾਇਟੀ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸੇਵਾ ਤੇ ਭਗਤੀ ਦੇ ਪੁੰਜ ਤੀਜੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ- ਜੋਤਿ ਦਿਵਸ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ  ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਵਿਸ਼ੇਸ਼ ਤੌਰ ਤੇ  ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀ ਭਰਨ  ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ ਜਗਾਧਰੀ  ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ  ਜਿੱਥੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ  ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸਮੁੱਚੀ ਮਨੁੱਖਤਾ ਅੰਦਰ ਆਪਸੀ ਬਰਾਬਰੀ ਦਾ ਸੰਕਲਪ ਉਭਾਰਨ ਵਾਲੇ ਅਤੇ ਇਸਤਰੀ ਵਰਗ ਨੂੰ ਸਤਿਕਾਰ ਦੇਣ ਵਾਲੇ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੀਆਂ ਸਿੱਖਿਆਵਾਂ ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਸ੍ਰੋਤ ਹਨ। ਇਸ ਲਈ ਸਾਡੇ ਸਾਰਿਆਂ ਦਾ ਮੁੱਢਲਾ ਫ਼ਰਜ਼ ਬਣਦਾ ਹੈ ਕਿ ਅਸੀਂ ਗੁਰੂ ਸਾਹਿਬਾਂ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ। ਭਾਈ ਸਤਿੰਦਰਪਾਲ ਸਿੰਘ ਜਗਾਧਰੀ ਵਾਲਿਆਂ ਨੇ  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਨਿਰੰਤਰ ਚਲਾਈ ਜਾ ਰਹੀ ਹਫਤਾਵਾਰੀ ਕੀਰਤਨ ਸਮਾਗਮ ਲੜੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਕੀਰਤਨ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਧਰਮ ਦੇ ਮਾਰਗ ਉਪਰ ਚੱਲਣ ,ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਤਾਕੀਦ ਵੀ ਕੀਤੀ। ਕੀਰਤਨ ਸਮਾਗਮ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ ਜਗਾਧਰੀ ਵਾਲਿਆਂ ਅਤੇ ਉਨ੍ਹਾਂ ਦੇ ਕੀਰਤਨੀ ਜੱਥੇ  ਦੇ ਮੈਬਰਾਂ ਨੂੰ ਸਿਰਪਾਉ ਭੇਟ ਕੀਤੇ ।ਇਸ ਦੌਰਾਨ ਸ੍ਰ.ਭੁਪਿੰਦਰ ਸਿੰਘ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਕੰਵਲਜੀਤ ਸਿੰਘ, ਭਾਈ ਲਖਵੀਰ ਸਿੰਘ ਪੰਜੋਖੜਾ ਸਾਹਿਬ ਵਾਲੇ ਅਤੇ ਭਾਈ ਗੁਰਵਿੰਦਰ ਸਿੰਘ ਲੁਧਿਆਣੇ ਵਾਲਿਆਂ ਦੇ ਕੀਰਤਨੀ ਜੱਥੇ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਕੀਰਤਨ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਇੰਦਰਜੀਤ ਸਿੰਘ ਮੱਕੜ,ਸ.ਜਤਿੰਦਰਪਾਲ ਸਿੰਘ ਸਲੂਜਾ,ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ ,ਭੁਪਿੰਦਰਪਾਲ  ਸਿੰਘ ਧਵਨ  ,ਬਲਬੀਰ ਸਿੰਘ ਭਾਟੀਆ, ਰਣਜੀਤ ਸਿੰਘ ਖ਼ਾਲਸਾ, ਜਗਪ੍ਰੀਤ ਸਿੰਘ ਮੱਕੜ, ਨਰਿੰਦਰਪਾਲ ਸਿੰਘ, ਮਨਜੀਤ ਸਿੰਘ ,ਤਰਲੋਚਨ ਸਿੰਘ ਸਾਂਬਰ,ਰਵਿੰਦਰ ਸਿੰਘ ਪੈਰੀ,ਆਗਿਆਪਾਲ ਸਿੰਘ ਚਾਵਲਾ,ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਜੁਗਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ,, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਭਲਕੇ ਲਈ ਵਿਸ਼ੇਸ਼

    ਪਰਉਪਕਾਰੀ ਮਹਾਂਪੁਰਸ਼ : ਸੰਤ ਬਾਬਾ ਸੁੱਚਾ ਸਿੰਘ
     ਸਿੱਖ ਜਗਤ ਵਿੱਚ ਅਨੇਕਾਂ ਸੰਤ ਮਹਾਂਪੁਰਸ਼ ਹਨ ਜੋ ਗੁਰਮਤਿ ਦੇ ਪ੍ਰਚਾਰ ਤੇ ਨਾਮ ਬਾਣੀ ਰਾਹੀਂ ਭੁੱਲੀ ਭਟਕੀ ਨੌਜਵਾਨ ਪੀੜ੍ਹੀ ਨੂੰ ਸੇਧ ਦੇ ਰਹੇ ਹਨ ਪਰ ਕੁਝ ਸੰਤ ਮਹਾਂਪੁਰਸ਼ ਅਜਿਹੇ ਹਨ ਜੋ ਇਤਿਹਾਸ ਵਿੱਚ ਇੱਕ ਨਵੇਂ ਅਧਿਆਇ ਵਜੋਂ ਜੁੜਨ ਦੀ ਸਮਰੱਥਾ ਰੱਖਦੇ ਹਨ ਤੇ ਆਪਣੇ ਖੇਤਰ ਦੀਆਂ ਪ੍ਰਾਪਤੀਆਂ ਸਦਕਾ ਕੌਮ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਜਾਂਦੇ ਹਨ।ਅਜਿਹੇ ਹੀ ਸਨ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਟਕਸਾਲ ਵਾਲੇ।
      ਸੰਤ ਬਾਬਾ ਸੁੱਚਾ ਸਿੰਘ ਜੀ ਦਾ ਜਨਮ  1 ਅਕਤੂਬਰ 1948 ਈਸਵੀ ਨੂੰ ਪਿੰਡ ਜਮੀਅਤਗੜ੍ਹ ਭੱਲੇ  ਤਹਿਸੀਲ ਬਲਾਚੌਰ ਜ਼ਿਲ੍ਹਾ ਹੁਸ਼ਿਆਰਪੁਰ  ਵਿਖੇ ਪਿਤਾ ਸ੍ਰ: ਨਗੀਨਾ ਸਿੰਘ ਦੇ ਘਰ ਮਾਤਾ ਧੰਨ ਕੌਰ ਦੀ ਕੁੱਖੋਂ ਹੋਇਆ। ਉਨਾਂ ਦੇ ਵਡੇਰਿਆਂ ਨੂੰ ਦਸਮੇਸ਼ ਪਿਤਾ ਦੇ ਹਜ਼ੂਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ । ਉਹਨਾਂ ਦੇ ਪਿਤਾ ਬੱਬਰ ਅਕਾਲੀ ਲਹਿਰ ਦੇ ਮੋਢੀਆਂ ਵਿੱਚੋਂ ਸਨ । ਸੰਤ ਜੀ ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਅੱਠਵੀਂ ਜਮਾਤ ਤੱਕ ਸਕੂਲੀ ਵਿੱਦਿਆ ਪ੍ਰਾਪਤ ਕੀਤੀ । ਉਹ ਬਚਪਨ ਤੋਂ ਹੀ ਸੰਤ ਸੁਭਾਅ ਦੇ ਮਾਲਕ ਸਨ । ਉਹਨਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਧਾਰਮਿਕ ਜੀਵਨ ਆਰੰਭ ਕੀਤਾ। ਬੜੂ ਸਾਹਿਬ (ਹਿਮਾਚਲ ਪ੍ਰਦੇਸ਼ ), ਹਜੂਰ ਸਾਹਿਬ ਆਦਿ ਥਾਵਾਂ ਤੇ ਤਪੱਸਿਆ ਕਰਨ ਉਪਰੰਤ ਉਹ ਘੁੱਗ ਵੱਸਦੇ ਸ਼ਹਿਰ ਚ ਰੌਲੇ -ਗੌਲੇ ਤੋਂ ਬਾਹਰਵਾਰ ਨਹਿਰ ਦੇ ਪਰਲੇ ਪਾਸੇ 1986 ਈਸਵੀ ਵਿੱਚ ਗੁਰਦੁਆਰਾ ਸਾਹਿਬ ਦੀ ਆਪਣੇ ਹੱਥੀਂ  ਤਾਮੀਰ ਕਰਕੇ ਨਾਂ 'ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ' ਰੱਖਿਆ ।
             ਸੰਤ ਬਾਬਾ ਸੁੱਚਾ ਸਿੰਘ ਮੰਚ ਤੇ ਉਦੋਂ ਉਭਰੇ ਜਦੋਂ 1991 ਵਿੱਚ ਗੁਰਬਾਣੀ ਸੰਗੀਤ ਬੁਰੀ ਤਰ੍ਹਾਂ ਨਾਲ ਫਿਲਮੀ ਤਰਜਾਂ ਵੱਲ ਵਧ ਰਿਹਾ ਸੀ। ਉਹਨਾਂ ਆਪਣੀ ਦ੍ਰਿੜ੍ਹਤਾ , ਦੂਰ ਅੰਦੇਸ਼ੀ ਸੂਝ ਅਤੇ ਆਤਮ ਗਿਆਨ ਨਾਲ ਇਸ ਨੂੰ ਸਹੀ ਦਿਸ਼ਾ ਵੱਲ ਮੋੜਿਆ । ਧਰਮ ਪ੍ਰਚਾਰ ਨੂੰ ਸਹੀ ਅਰਥਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੱਕ ਲੈ ਜਾਣ ਲਈ ਉਹਨਾਂ 1991 ਵਿੱਚ 'ਵਿਸਮਾਦ ਨਾਦ' ਨਾਂ ਵਾਲੀ ਸੰਸਥਾ ਬਣਾਈ, ਇਸ ਸੰਸਥਾ ਦਾ ਮੁੱਖ ਉਦੇਸ਼ ਸਿੱਖ ਵਿਰਸੇ ਦੀ ਖੋਜ ,ਗੁਰਮਤਿ ਸੰਗੀਤ ਦੀ ਸੰਭਾਲ ਅਤੇ ਅੰਤਰਰਾਸ਼ਟਰੀ ਪੱਧਰ ਤੇ ਪਾਸਾਰ ਕਰਨਾ ਸੀ । ਉਹਨਾਂ ਪੂਰੇ ਦੇਸ਼ 'ਚ ਵਿਚਰ ਕੇ ਗੁਰਮਤਿ ਵਿੱਚ ਕੀਰਤਨ ਦੇ ਪ੍ਰਮੁੱਖ ਤੰਤੀ ਸਾਜ ਰਬਾਬ, ਸਰੰਦਾ , ਤਾਊਸ , ਦਿਲਰੁਬਾ , ਤਾਨਪੁਰਾ ਆਦਿ ਲੱਭੇ।                   ਗੁਰਮਤਿ ਸੰਗੀਤ ਦੀ ਅਲੋਪ ਹੋਈ ਪਛਾਣ ਨੂੰ ਪੁਨਰ ਸੁਰਜੀਤ ਕਰਨ ਲਈ ਸੰਨ 1991 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 31 ਰਾਗਾਂ ਦੇ ਸਰੂਪ ਨਿਸ਼ਚਿਤ ਕਰਕੇ ਇੱਕ ਮਹਾਨ 'ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ' ਕਰਵਾਇਆ । ਇਹ ਸੰਮੇਲਨ ਆਪਣੇ ਆਪ ਵਿੱਚ ਵਾਕਿਆ ਹੀ ਅਦੁੱਤੀ ਸੀ ਜੋ ਅੱਜ ਤੱਕ ਜਾਰੀ ਹੈ।।
         ਸੰਤ ਬਾਬਾ ਸੁੱਚਾ ਸਿੰਘ ਵੱਲੋਂ 1991 ਤੋਂ 2002 ਈਸਵੀ ਤੱਕ 11 ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਬੜੀ ਸਫਲਤਾ ਪੂਰਵਕ ਕਰਵਾਏ ਗਏ , ਇਹਨਾਂ ਸੰਮੇਲਨਾਂ ਦੀ ਦੇਸ਼ ਵਿਦੇਸ਼ ਚ ਬੜੀ ਸ਼ਲਾਘਾ ਹੋਈ। ਸੰਤ ਬਾਬਾ ਸੁੱਚਾ ਸਿੰਘ ਨੇ ਆਪਣੀ ਰਹਿਨਮਾਈ ਹੇਠ ਅਨੇਕਾਂ ਸੈਮੀਨਾਰ, ਗੋਸ਼ਟੀਆਂ ਕਰਵਾਈਆਂ।  ਉਹਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 15 ਭਗਤਾਂ ਦੇ ਜਨਮ ਸਥਾਨਾਂ ਨੂੰ ਜਗਾਉਣ ਹਿੱਤ ਦੇਸ਼ ਭਰਮਣ ਵਾਲੀ ਸ਼ਬਦ ਯਾਤਰਾ ਕੀਤੀ। ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਬਜ਼ਾਰੀ ਵਿਕਰੀ ਬੰਦ ਕਰਵਾਉਣ ਹਿੱਤ ਸੰਤ ਬਾਬਾ ਸੁੱਚਾ ਸਿੰਘ ਜੀ ਨੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਨਿਜ ਥਾਉ' ਭਵਨ ਦੀ ਉਸਾਰੀ ਕੀਤੀ ਤਾਂ ਕਿ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਕਰਨਾ ਸਿਖਾਇਆ ਜਾ ਸਕੇ । ਬਾਬਾ ਸੁੱਚਾ ਸਿੰਘ ਜੀ ਬਚਨ ਕਰਦੇ ਸਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹੈ ਤਾਂ ਸਮਝੋ ਬਰਕਤਾਂ ਹੀ ਬਰਕਤਾਂ ਹਨ । ਬਾਬਾ ਜੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਾਲ ਵਿੱਚ ਚਾਰ ਵਾਰੀ ਨਾਮ ਅਭਿਆਸ ਸਮਾਗਮ ਕਰਵਾਇਆ ਜਾਂਦਾ ਸੀ  ਜੋ ਅੱਜ ਵੀ ਜਾਰੀ ਹੈ,ਜਿਸ ਵਿੱਚ ਹਾਜ਼ਰੀ ਭਰ ਕੇ ਅਨੇਕਾਂ ਜੀਵ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਨੂੰ ਮਾਣਦੇ।
         ਸੰਤ ਬਾਬਾ ਸੁੱਚਾ ਸਿੰਘ ਜੀ ਨੇ ਗੁਰ ਸ਼ਬਦ ਸੰਗੀਤ ਅਕੈਡਮੀ ਦੀ ਸਥਾਪਨਾ ਕੀਤੀ ਜਿਸ ਵਿੱਚ ਵਰਤਮਾਨ ਸਮੇਂ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਸਰਪ੍ਰਸਤੀ ਹੇਠ 200 ਦੇ ਕਰੀਬ ਵਿਦਿਆਰਥੀਆਂ ਨੂੰ ਉੱਚ ਕੋਟੀ ਦੇ ਨਾਮਵਰ ਉਸਤਾਦਾਂ ਤੋਂ ਗੁਰਬਾਣੀ ਸੰਥਿਆ, ਸ਼ਬਦ ਕੀਰਤਨ ,ਕਥਾ ਵਿਚਾਰ ਅਤੇ ਤਬਲਾ ਹਾਰਮੋਨੀਅਮ ਦੇ ਤੰਤੀ ਸਾਜਾਂ ਵਿੱਚ ਵਿੱਦਿਆ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਬਾਬਾ ਜੀ ਸੰਗਤਾਂ ਨੂੰ ਆਪਣੇ ਨਾਲ ਨਾ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਸਨ। ਬਾਬਾ ਜੀ ਆਪਣੀ ਬੁੱਧੀ ਅਤੇ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਆਪਣੀ ਜ਼ਿੰਦਗੀ ਦੇ ਮੀਲ ਪੱਥਰ ਆਪ ਨਿਸ਼ਚਿਤ ਕਰਦੇ ਤੇ ਪੂਰੀ ਦ੍ਰਿੜ੍ਹਤਾ ਤੇ ਆਤਮ ਵਿਸ਼ਵਾਸ ਨਾਲ ਪੜਾਅ ਦਰ ਪੜਾਅ ਪਾਰ ਕਰਦੇ ਜਾਂਦੇ। ਗੁਰੂ ਪੰਥ ਦੀ ਉੱਨਤੀ ਤੇ ਚੜ੍ਹਦੀ ਕਲਾ ਲਈ ਵੱਡੇ- ਵੱਡੇ  ਕਾਰਜ ਕਰਨੇ ਹਰ ਸਮੇਂ ਉਹਨਾਂ ਦੀ ਉਮੰਗ ਸੀ।
     ਵਿਸ਼ਵ ਸਿੱਖ ਸੰਮੇਲਨ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਵਾਇਆ ਇਹ ਸੁਪਨਾ ਵੀ ਬਾਬਾ ਜੀ ਦਾ ਹੀ ਸੀ। ਬਾਬਾ ਜੀ ਨੂੰ ਪੰਥ ਦੀਆਂ ਮਹਾਨ ਸੇਵਾਵਾਂ ਬਦਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 'ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ' ਦੀ ਉਪਾਧੀ ਨਾਲ ਨਿਵਾਜਿਆ ਗਿਆ । ਤਖਤ ਸ਼੍ਰੀ ਹਜੂਰ ਸਾਹਿਬ ਤੋਂ ਆਪ ਜੀ ਨੂੰ 'ਪੰਜ ਸ਼ਸਤਰਾਂ' ਨਾਲ ਸਨਮਾਨਿਤ ਕੀਤਾ ਗਿਆ। ਤਖਤ ਸੱਚਖੰਡ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸੰਤ ਬਾਬਾ ਸੁੱਚਾ ਸਿੰਘ ਜੀ ਨੂੰ 'ਸ਼੍ਰੋਮਣੀ ਸੇਵਾ ਰਤਨ' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।
            ਸੇਵਾ ਸਿਮਰਨ ਦੇ ਪੁੰਜ, ਪਰਉਪਕਾਰੀ, ਬ੍ਰਹਮ- ਗਿਆਨੀ ਸੰਤ ਬਾਬਾ ਸੁੱਚਾ ਸਿੰਘ ਜੀ 27 ਅਗਸਤ  2002 ਈਸਵੀ ਨੂੰ 54 ਸਾਲ ਦੀ ਉਮਰ ਬਤੀਤ ਕਰਕੇ ਸੱਚ -ਖੰਡ ਜਾ ਬਿਰਾਜੇ। ਸੰਤ ਬਾਬਾ ਸੁੱਚਾ ਸਿੰਘ ਜੀ ਦੀ ਖੂਬਸੂਰਤ ਵੱਡ ਆਕਾਰੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ਼੍ਰੀ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਹੈ ।
       ‌      ‌‌        ‌   ਕਰਨੈਲ ਸਿੰਘ ਐੱਮ ਏ ਲੁਧਿਆਣਾ
               1138/63-ਏ, ਗੁਰੂ ਤੇਗ ਬਹਾਦਰ ਨਗਰ,          ਗਲੀ ਨੰਬਰ 1, ਚੰਡੀਗੜ੍ਹ ਰੋਡ ,ਜਮਾਲਪੁਰ, ਲੁਧਿਆਣਾ 
Email: karnailsinghma@gmail.com

''ਸਰਕਾਰ ਤੁਹਾਡੇ ਦੁਆਰ' ਪਹਿਲਕਦਮੀ ਤਹਿਤ ਰੈਵੇਨਿਊ ਕੈਂਪ 'ਚ 3000 ਤੋਂ ਵੱਧ ਇੰਤਕਾਲ ਮਾਮਲਿਆਂ ਦਾ ਫੈਸਲਾ

ਲੁਧਿਆਣਾ, 29 ਸਤੰਬਰ (ਟੀ. ਕੇ. ) - ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਉਨ੍ਹਾਂ ਦੇ ਘਰ-ਘਰ ਪਹੁੰਚਾਉਣ ਦੇ ਮੰਤਵ ਨਾਲ ਸਥਾਨਕ ਹੰਬੜਾਂ ਰੋਡ ਵਿਖੇ ਇੱਕ ਮੈਗਾ ਰੈਵੇਨਿਊ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੁਧਿਆਣਾ ਪੱਛਮੀ ਸਬ ਡਵੀਜ਼ਨ ਦੇ ਪਟਵਾਰੀਆਂ, ਕਾਨੂੰਗੋ, ਸੀ.ਆਰ.ਓਜ਼ ਨੇ ਲੋਕਾਂ ਨੂੰ ਇਹ ਸੇਵਾਵਾਂ ਪ੍ਰਦਾਨ ਕੀਤੀਆਂ।
 
ਕੈਂਪ ਦਾ ਦੌਰਾ ਕਰਦਿਆਂ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਬਿਨੈਕਾਰਾਂ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਲਿਕ ਨੇ ਦੱਸਿਆ ਕਿ ਕੈਂਪ ਦੌਰਾਨ 3100 ਤੋਂ ਵੱਧ ਦਰਖਾਸਤਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ, ਜਿਸ ਵਿੱਚ 3000 ਇੰਤਕਾਲ ਕੇਸ, ਫਰਦ ਬਦਲ ਦੀਆਂ 100 ਦੇ ਕਰੀਬ ਅਰਜ਼ੀਆਂ ਅਤੇ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਲਈ 50 ਦੇ ਕਰੀਬ ਨਵੀਆਂ ਦਰਖਾਸਤਾਂ ਸ਼ਾਮਲ ਸਨ। ਉਨ੍ਹਾਂ ਅੱਗੇ ਦੱਸਿਆ ਕਿ ਕੈਂਪ ਦੌਰਾਨ ਪਟਵਾਰੀਆਂ ਵੱਲੋਂ ਕੁੱਲ 500 ਬਕਾਇਆ ਇੰਤਕਾਲਾਂ ਦਾ ਫੈਸਲਾ ਕੀਤਾ ਗਿਆ ਜਦਕਿ ਕਾਨੂੰਗੋ ਵੱਲੋਂ 1550 ਇੰਤਕਾਲਾਂ ਨੂੰ ਅੰਤਿਮ ਰੂਪ ਦਿੱਤਾ ਗਿਆ।

ਇਸੇ ਤਰ੍ਹਾਂ ਸਰਕਲ ਮਾਲ ਅਫਸਰਾਂ ਵਲੋਂ ਕੈਂਪ ਦੌਰਾਨ 1100 ਤੋਂ ਵੱਧ ਇੰਤਕਾਲ ਦੇ ਕੇਸਾਂ ਦਾ ਫੈਸਲਾ ਕੀਤਾ ਜਦਕਿ ਫਰਦ ਬਦਰ ਦੀਆਂ 100 ਦੇ ਕਰੀਬ ਅਰਜ਼ੀਆਂ ਨੂੰ ਵੀ ਕੈਂਪ ਦੌਰਾਨ ਪ੍ਰਵਾਨਗੀ ਦਿੱਤੀ ਗਈ. ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਸਬੰਧੀ 50 ਦੇ ਕਰੀਬ ਨਵੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ।
 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲ਼ੋ ਸਰਕਾਰ ਦੀਆਂ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਲੋਕਾਂ ਨੂੰ ਘਰ-ਘਰ ਪਹੁੰਚਾਉਣ ਦੇ ਮੰਤਵ ਨਾਲ ਸਰਕਾਰ ਤੁਹਾਡੇ ਦੁਆਰ ਨਾਮ ਦੀ ਇਹ ਨਿਵੇਕਲੀ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ ਜਿਸਦੇ ਤਹਿਤ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਸੁਵਿਧਾ ਕੈਂਪ ਲਗਾਏ ਜਾਂਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਵੇਂ ਪਟਵਾਰੀਆਂ ਦੀ ਨਿਯੁਕਤੀ ਕੀਤੀ ਹੈ ਜੋ ਜਲਦ ਹੀ ਆਪਣੀ ਡਿਊਟੀ ਜੁਆਇਨ ਕਰ ਲੈਣਗੇ ਕਿਉਂਕਿ ਇਸ ਨਾਲ ਕੰਮ ਕਰ ਰਹੇ ਪਟਵਾਰੀਆਂ ਨੂੰ ਵਾਧੂ ਖਰਚਿਆਂ ਦੇ ਬੋਝ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਪਟਵਾਰੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਘਾਟ ਨੂੰ ਪੂਰਾ ਕਰਕੇ ਮਾਲ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਦਾ ਰਾਹ ਪੱਧਰਾ ਹੋਵੇਗਾ।
 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ ਹੋਰ ਕੈਂਪ ਲਗਾਏ ਜਾਣਗੇ ਤਾਂ ਜੋ ਸਰਕਾਰੀ ਸੇਵਾਵਾਂ ਦਾ ਲਾਭ ਘਰ-ਘਰ ਪਹੁੰਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਸੁਵਿਧਾ ਕੈਂਪ ਭਲਕੇ 30 ਸਤੰਬਰ ਨੂੰ ਲਗਾਇਆ ਜਾਵੇਗਾ ਜਿਸ ਵਿੱਚ ਲੋਕਾਂ ਨੂੰ ਡਰਾਈਵਿੰਗ ਲਾਇਸੰਸ, ਆਰ.ਸੀ. (ਰਜਿਸਟ੍ਰੇਸ਼ਨ ਸਰਟੀਫਿਕੇਟ), ਐਨ.ਓ.ਸੀ., ਕਰਜ਼ਾ ਚੜ੍ਹਾਉਣਾ/ਕਟਵਾਉਣਾ ਆਦਿ ਸਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਗਰਿਕ ਸੇਵਾਵਾਂ ਨੂੰ ਸੁਚਾਰੂ, ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹੇ ਭਰ ਵਿੱਚ ਹੋਰ ਵੀ ਕੈਂਪ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਨ੍ਹਾਂ ਸੇਵਾਵਾਂ ਦਾ ਲਾਭ ਪਹੁੰਚਾਇਆ ਜਾ ਸਕੇ।
 
ਇਸ ਰੈਵੇਨਿਊ ਕੈਂਪ ਦੇ ਆਯੋਜਨ ਲਈ ਲੁਧਿਆਣਾ ਪੱਛਮੀ ਦੇ ਐਸ.ਡੀ.ਐਮ. ਡਾ. ਹਰਜਿੰਦਰ ਸਿੰਘ ਆਈ.ਏ.ਐਸ. ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬ-ਡਵੀਜ਼ਨਾਂ ਵਿਚਕਾਰ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਐਸ.ਡੀ.ਐਮ. ਨੂੰ ਉਨ੍ਹਾਂ ਦੀ ਟੀਮ ਸਮੇਤ ਵੱਧ ਤੋਂ ਵੱਧ ਕੈਂਪ ਲਗਾਉਣ ਅਤੇ ਨਾਗਰਿਕਾਂ ਨੂੰ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਜਾਵੇਗਾ।

ਈ.ਡਬਲਿਊ.ਐਸ. ਸਾਈਟਾਂ ਤੁਰੰਤ ਸਰਕਾਰ ਦੇ ਨਾਮ ਕਰਵਾਈਆਂ ਜਾਣ ਤਬਦੀਲ - ਮੁੱਖ ਪ੍ਰਸ਼ਾਸ਼ਕ ਗਲਾਡਾ

-ਕਿਹਾ! ਕੋਤਾਹੀ ਵਰਤਣ 'ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ
ਲੁਧਿਆਣਾ, 29 ਸਤੰਬਰ (ਟੀ. ਕੇ. ) -
ਮੁੱਖ ਪ੍ਰਸ਼ਾਸਕ, ਗਲਾਡਾ ਸ੍ਰੀ ਸਾਗਰ ਸੇਤੀਆ, ਆਈ.ਏ.ਐਸ. ਵਲੋਂ ਲਾਇਸੈਂਸਡ ਕਲੋਨੀਆਂ ਦੇ ਪ੍ਰਮੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਈ.ਡਬਲਿਊ.ਐਸ. (ਆਰਥਿਕ ਪੱਖੋਂ ਕਮਜੋਰ) ਸਾਈਟਾਂ ਤੁਰੰਤ ਸਰਕਾਰ ਦੇ ਨਾਮ ਤਬਦੀਲ ਕੀਤੀਆਂ ਜਾਣ।

ਇਸ ਸਬੰਧੀ ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਗਲਾਡਾ ਵਲੋਂ ਕਲੋਨੀਆਂ ਨੂੰ ਦਿੱਤੇ ਗਏ ਲਾਇਸੈਂਸਾਂ ਦੇ ਵਿਰੁੱਧ ਪ੍ਰਮੋਟਰਾਂ ਵਲੋਂ ਸਰਕਾਰ ਦੀਆਂ ਪਾਲਿਸੀਆਂ ਤਹਿਤ ਈ.ਡਬਲਿਊ.ਐਸ. (ਆਰਥਿਕ ਪੱਖੋਂ ਕਮਜੋਰ) ਵਰਗਾਂ ਲਈ ਰਿਜਰਵ ਰੱਖੀਆਂ ਸਾਈਟਾਂ ਸਰਕਾਰ/ਗਲਾਡਾ ਦੇ ਨਾਮ ਤਬਦੀਲ ਕਰਵਾਉਣੀ ਹੁੰਦੀਆਂ ਹਨ  ਜਾਂ ਉਨ੍ਹਾਂ ਵਲੋਂ ਫਲੈਟਾਂ ਦੇ ਕੇਸਾਂ ਵਿੱਚ ਈ.ਡਬਲਿਊ.ਐਸ. ਫੰਡਜ ਜਮ੍ਹਾਂ ਕਰਵਾਉਣੇ ਹੁੰਦੇ ਹਨ.

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗਲਾਡਾ ਵਲੋਂ ਸਮੇਂ-ਸਮੇਂ 'ਤੇ ਲਾਇਸੈਂਸਡ ਕਲੋਨੀਆਂ ਦੇ ਪ੍ਰੋਮੋਟਰਾਂ ਨੂੰ ਈ.ਡਬਲਿਊ.ਐਸ. ਸਾਈਟਸ ਸਰਕਾਰ/ਗਲਾਡਾ ਦੇ ਨਾਮ ਤੇ ਤਬਦੀਲ ਕਰਵਾਉਣ/ਈ.ਡਬਲਿਊ.ਐਸ. ਫੰਡਜ ਜਮ੍ਹਾਂ ਕਰਵਾਉਣ ਲਈ ਪਹਿਲਾਂ ਵੀ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਹਨ ਪਰ ਕੁਝ ਪ੍ਰੋਮੋਟਰਾਂ ਵਲੋਂ ਇਹਨਾਂ ਈ.ਡਬਲਿਊ.ਐਸ. ਸਾਈਟਸ ਨੂੰ ਸਰਕਾਰ/ਗਲਾਡਾ ਦੇ ਨਾਮ ਤਬਦੀਲ ਨਹੀਂ ਕੀਤਾ ਗਿਆ ਅਤੇ ਨਾਂ ਹੀ ਬਣਦੇ ਫੰਡਜ ਜਮ੍ਹਾਂ ਕਰਵਾਏ ਗਏ।

ਹੁਣ ਮੁੱਖ ਪ੍ਰਸ਼ਾਸਕ, ਗਲਾਡਾ ਸ੍ਰੀ ਸਾਗਰ ਸੇਤੀਆ, ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗਲਾਡਾ ਵਲੋਂ ਇਹਨਾਂ ਪ੍ਰਮੋਟਰਾਂ ਨੂੰ ਈ.ਡਬਲਿਊ.ਐਸ. ਸਾਈਟਸ ਨੂੰ ਸਰਕਾਰ/ਗਲਾਡਾ ਦੇ ਨਾਮ 'ਤੇ ਤਬਦੀਲ ਕਰਵਾਉਣ/ਬਣਦੇ ਈ.ਡਬਲਿਊ.ਐਸ. ਫੰਡਜ ਜਮ੍ਹਾਂ ਕਰਵਾਉਣ ਲਈ ਅੰਤਿਮ ਮੌਕਾ ਦਿੰਦਿਆਂ 04 ਅਕਤੂਬਰ, 2023 ਤੱਕ ਦਾ ਸਮਾਂ ਦਿੱਤਾ ਗਿਆ ਹੈ।

ਮੁੱਖ ਪ੍ਰਸ਼ਾਸਕ, ਗਲਾਡਾ ਵਲੋਂ ਸਪੱਸ਼ਟ ਕੀਤਾ ਗਿਆ ਕਿ ਜੇਕਰ ਉਕਤ ਮਿਤੀ ਤੱਕ ਜਿਨ੍ਹਾਂ ਪ੍ਰੋਮੋਟਰਾਂ ਵਲੋਂ ਈ.ਡਬਲਿਊ.ਐਸ. ਦਾ ਬਣਦਾ ਰਕਬਾ ਸਰਕਾਰ ਦੇ ਨਾਮ 'ਤੇ ਟਰਾਂਸਫਰ ਨਹੀਂ ਕਰਵਾਇਆ ਜਾਂਦਾ ਜਾਂ ਈ.ਡਬਲਿਊ.ਐਸ. ਫੰਡਜ ਜਮ੍ਹਾਂ ਨਹੀਂ ਕਰਵਾਏ ਗਏ ਤਾਂ ਉਹਨਾਂ ਪ੍ਰਮੋਟਰ ਕੰਪਨੀਆਂ ਦੀਆਂ ਕਲੋਨੀਆਂ ਦੀ ਪਹਿਲੀ ਸੇਲ ਡੀਡ/ਪਾਵਰ ਆਫ ਅਟਾਰਨੀ 'ਤੇ ਰੋਕ ਲਗਾ ਦਿੱਤੀ ਜਾਵੇਗੀ ਅਤੇ ਉਪਰੰਤ ਪਾਪਰਾ ਐਕਟ 1995 ਦੀ ਧਾਰਾ 5(14) ਤਹਿਤ ਕਲੋਨੀਆਂ ਦਾ ਲਾਇਸੈਂਸ ਸਸਪੈਂਡ ਕਰਨ ਦੀ ਕਾਰਵਾਈ ਆਰੰਭ ਕੀਤੀ ਜਾਵੇਗੀ।