You are here

ਲੁਧਿਆਣਾ

ਚੈਕਿੰਗ ਦੌਰਾਨ 10 ਵੱਖ ਵੱਖ ਗੱਡੀਆਂ ਦੇ ਚਲਾਨ ਕੱਟੇ 

ਲੁਧਿਆਣਾ, 8 ਸਤੰਬਰ (ਟੀ. ਕੇ.) ਆਰ.ਟੀ.ਏ ,ਲੁਧਿਆਣਾ  ਡਾ. ਪੂਨਮਪ੍ਰੀਤ ਕੌਰ ਵੱਲੋਂ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਦੀ ਹਦੂਦ ਦੇ ਅੰਦਰ ਅਚਾਨਕ ਚੈਕਿੰਗ ਕੀਤੀ ਗਈ, ਜਿਸ ਚੱਲਦਿਆਂ ਚੈਕਿੰਗ ਦੌਰਾਨ 10 ਵੱਖ—ਵੱਖ ਗੱਡੀਆਂ ਦੇ  ਚਲਾਨ ਕੀਤੇ ਗਏ ਅਤੇ ਗੱਡੀਆਂ ਇੰਮਪਾਉਂਡ ਕੀਤੀਆਂ ਗਈਆਂ। 
ਸਕੱਤਰ ਆਰ.ਟੀ.ਏ, ਲੁਧਿਆਣਾ ਵੱਲੋਂ  ਪ੍ਰਤਾਪ ਚੌਕ ਤੋਂ ਗਿੱਲ ਰੋਡ ਚੌਕੀ ਮਰਾਡੋ  ਦੀਆਂ ਸੜਕਾਂ ਤੇ ਅਚਾਨਕ ਚੈਕਿੰਗ ਦੌਰਾਨ 05 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ ਅਤੇ 05 ਗੱਡੀਆਂ ਦੇ ਕੀਤੇ ਚਲਾਨ ਜਿਨਾਂ ਵਿਚੋਂ  04 ਕੈਂਟਰ , 01 ਪਿੱਕ ਅਪ ਬਿਨਾਂ ਦਸਤਾਵੇਜ਼ਾਂ ਅਤੇ ਓਵਰਹਾਈਟ ਧਾਰਾ 207 ਅੰਦਰ ਬੰਦ ਕੀਤੇ, 01 ਪਿੱਕ ਅੱਪ, 02 ਟਰੱਕ, 02 ਕੈਂਟਰ ,  ਬਿਨਾਂ ਦਸਤਾਵੇਜ਼ਾਂ ,ਬਿਨਾਂ ਐਚ.ਐਸ.ਆਰ.ਪੀ. ਪਲੇਟਾਂ , ਓਪਨ ਡਾਲਾ, ਓਵਰਹਾਈਟ ਕਰਕੇ ਚਲਾਨ ਕੀੇਤੇ ਗਏ।
ਆਰ.ਟੀ.ਏ. ਸਕੱਤਰ  ਵੱਲੋਂ ਪਹਿਲਾਂ ਵੀ ਸਮੇਂ—ਸਮੇਂ ਤੇ ਦਿਸ਼ਾ ਨਿਰਦੇਸ਼  ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ ਹਨ ਕਿ ਕੋਈ ਵੀ ਮੋਟਰ ਵਹੀਕਲ ਐਕਟ 1988 ਮੁਤਾਬਿਕ ਜਾਰੀ ਕੀਤੇ ਨੀਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਆਏ ਦਿਨ ਓਵਰਲੋਡਿਂਗ ਜਾਂ ਟ੍ਰੈਫਿਕ ਨੀਯਮਾਂ ਦੀ ਉਲੰਘਣਾ ਕਾਰਨ ਸੜਕ ਹਾਦਸਿਆਂ ਦੀ ਤਦਾਦ ਦਿਨ ਪ੍ਰਤੀ ਦਿਨ ਵੱਧ ਰਹੀ ਹੈ ।ਜੋ ਕਿ ਚਿੰਤਾ ਦਾ ਵਿਸ਼ੇ ਹੈ। ਇਸਲਈ ਸਕੱਤਰ ਆਰ.ਟੀ.ਏ ਵੱਲੋਂ ਫੇਰ ਇਹ  ਚੇਤਾਵਨੀ ਦਿੱਤੀ ਗਈ ਕਿ ਸੜਕ ਚਾਲਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ,ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਯੂਨੀਅਨ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ, ਅਤੇ ਅਸਲ ਦਸਤਾਵੇਜ਼ ਸਮੇ ਸਿਰ ਅਪਡੇਟ ਕਰਵਾਉਣ । ਬਿਨਾਂ ਦਸਤਾਵੇਜ਼ਾਂ ਅਤੇ ਬਿਨਾਂ ਐਚ.ਐਸ.ਆਰ.ਪੀ ਪਲੇਟਾਂ ਤੋਂ ਕੋਈ ਵੀ ਗੱਡੀ ਸੜਕਾਂ ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਏਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜ਼ੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।

ਵਿਧਾਇਕ ਛੀਨਾ ਵਲੋਂ  ਆਰ. ਐਮ. ਸੀ. ਰੋਡ ਦਾ ਉਦਘਾਟਨ

41.59 ਲੱਖ  ਰੁਪਏ ਦੀ ਲਾਗਤ ਨਾਲ ਸੜਕਾਂ ਦਾ ਕੀਤਾ ਜਾਵੇਗਾ ਨਿਰਮਾਣ

ਲੁਧਿਆਣਾ, 5 ਸਤੰਬਰ (ਟੀ. ਕੇ. ) -  ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਵਾਰਡ ਨੰਬਰ 27 ਚ ਆਰ ਐਮ ਸੀ ਰੋਡ ਦਾ ਉਦਘਾਟਨ ਕੀਤਾ ਗਿਆ। 
ਵਿਧਾਇਕ ਛੀਨਾ ਨੇ ਦੱਸਿਆ ਕਿ 41.59 ਲੱਖ ਰੁਪਏ ਦੀ ਲਾਗਤ ਨਾਲ ਦਸ਼ਮੇਸ਼ ਮਾਰਕੀਟ, ਸ਼ੇਰਪੁਰ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬੁੱਤ ਤੋਂ ਕੋਹੀਨੂਰ ਟੇਲਰ ਤੱਕ  ਸੜਕ ਦਾ ਨਿਰਮਾਣ ਕੀਤਾ ਜਾਵੇਗਾ।  ਇਸ ਸੜਕ ਦੀ ਹਾਲਤ ਬੀਤੇ ਕਾਫ਼ੀ ਸਮੇਂ ਤੋਂ ਤਰਸਯੋਗ ਬਣੀ ਹੋਈ ਸੀ ਅਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਇਲਾਕੇ ਦੀ ਸਾਰ ਨਹੀਂ ਲਈ ਗਈ ਪਰ ਹੁਣ ਸੜਕ ਦੇ ਨਿਰਮਾਣ ਤੋਂ ਬਾਅਦ ਆਵਾਜਾਈ  ਸੁਚਾਰੂ ਢੰਗ ਨਾਲ ਚੱਲੇਗੀ।
ਇਸ ਮੌਕੇ ਵਿਧਾਇਕ ਪਤੀ ਹਰਪ੍ਰੀਤ ਸਿੰਘ, ਕੁਲਵੰਤ ਸਿੰਘ, ਅਮਨਜੋਤ ਕੌਰ, ਖੁਸ਼ ਗਿੱਲ, ਫਿਰੋਜ਼ ਖਾਨ, ਅੰਸਾਰੀ, ਦਵਿੰਦਰ ਬੈਕ, ਡਾਕਟਰ ਸੰਜੇ ਅਤੇ ਅਜੇ ਮਿੱਤਲ ਦੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਮੌਜੂਦ ਸੀ।
ਹਲਕਾ ਲੁਧਿਆਣਾ ਦੱਖਣੀ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਦੇ ਲਈ ਵਚਨਬੱਧਤਾ ਦੋਹਰਾਉਂਦੇ ਹੋਏ ਵਿਧਾਇਕ ਛੀਨਾ ਅਤੇ ਉਨ੍ਹਾ ਦੀ ਟੀਮ ਨੇ ਕਿਹਾ ਕਿ ਨਵੀਂ ਸੜਕ ਦਾ ਨਿਰਮਾਣ ਜੰਗੀ ਪੱਧਰ ਤੇ ਚਲਾਇਆ ਗਿਆ। ਉਨ੍ਹਾ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਹਲਕੇ ਚ ਕੋਈ ਸੜਕ ਮੁਰੰਮਤ ਤੋਂ ਵਾਂਝੀ ਨਾ ਰਹੇ। ਉਨ੍ਹਾ ਕਿਹਾ ਕਿ ਪਿੰਡਾਂ ਦੇ ਨਾਲ ਸ਼ਹਿਰਾਂ ਦੇ ਵਿੱਚ ਵੀ ਸੜਕ ਕੁਨੇਕਟੀਵਿਟੀ ਨੂੰ ਚੰਗਾ ਬਣਾਉਣ ਦੇ ਲਈ ਲਗਾਤਾਰ ਸਾਡੀ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ।

ਆਰ.ਟੀ.ਏ. ਲੁਧਿਆਣਾ ਵਲੋਂ ਵਾਹਨਾਂ ਦੀ ਚੈਕਿੰਗ ਦੌਰਾਨ  ਵੱਖ-ਵੱਖ  20 ਗੱਡੀਆਂ ਦੇ ਚਲਾਨ

 ਧਾਰਾ 207 ਅਧੀਨ 11 ਗੱਡੀਆਂ ਕੀਤੀਆਂ ਬੰਦ
ਲੁਧਿਆਣਾ, 05 ਸਤੰਬਰ (ਟੀ. ਕੇ. )
- ਸਕੱਤਰ ਆਰ.ਟੀ.ਏ, ਲੁਧਿਆਣਾ ਵੱਲੋਂ ਮਿਤੀ 05-09-2023 ਨੂੰ ਲੁਧਿਆਣਾ ਦੀ ਹਦੂਦ ਅੰਦਰ ਆਉਂਦੇ ਸਮਰਾਲਾ ਚੌਂਕ ਦੀਆਂ ਸੜਕਾਂ ਤੇ ਅਚਾਨਕ ਚੈਕਿੰਗ ਦੌਰਾਨ 11 ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ ਅਤੇ 09 ਗੱਡੀਆਂ ਦੇ ਚਲਾਨ ਕੀਤੇ, ਜ਼ਿਨਾਂ ਵਿੱਚੋਂ 03 ਟਰੱਕ , 01 ਟਰੱਕ ਟਰਾਲਾ, 04 ਕੈਂਟਰ, 01 ਸਕੂਲ ਵੈਨ, 01 ਟਾਟਾ 407, 01 ਪਿੱਕ ਅੱਪ ਬਿਨਾਂ ਦਸਤਾਵੇਜ਼ਾਂ, ਓਵਰਲੋਡ ,ਓਵਰਹਾਈਟ, ਪ੍ਰੈਸ਼ਰ ਹਾਰਨ, ਬਿਨਾਂ ਟੈਕਸ ਅਤੇ ਹੋਰ ਕਈ ਕਾਨੂੰਨੀ ਨੀਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਜ਼ਿਨਾਂ ਨੂੰ ਧਾਰਾ 207 ਅੰਦਰ ਬੰਦ ਕੀਤੇ ਗਏ।
ਇਹਨਾਂ ਤੋਂ ਇਲਾਵਾ 01 ਟਰੱਕ ਟਰਾਲਾ, 04 ਕੈਂਟਰ, 01 ਸਕੂਲ ਵੈਨ, 01 ਟਾਟਾ 407, 01 ਪਿੱਕ ਅਪ ਵੈਨ 01 ਟਰੱਕ - ਓਵਰਹਾਈਟ, ਓਵਰਲੋਡ, ਕਾਗਜ਼ ਪੂਰੇ ਨਾ ਹੋਣ ਕਾਰਨ ਅਤੇ ਐਚ.ਐਸ.ਆਰ.ਪੀ ਪਲੇਟਾਂ ਕਾਰਨ ਚਲਾਨ ਕੀਤਾ ਗਿਆ।
ਸਕੱਤਰ ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਨ੍ਹਾਂ ਪਹਿਲਾਂ ਵੀ ਸਮੇਂ-ਸਮੇਂ 'ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ ਹਨ ਕਿ ਕੋਈ ਵੀ ਮੋਟਰ ਵਹੀਕਲ ਐਕਟ 1988 ਮੁਤਾਬਿਕ ਜਾਰੀ ਕੀਤੇ ਨੀਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਉਂਕਿ ਆਏ ਦਿਨ ਓਵਰਲੋਡਿਂਗ ਜਾਂ ਟ੍ਰੈਫਿਕ ਨੀਯਮਾਂ ਦੀ ਉਲੰਘਣਾ ਕਾਰਨ ਸੜਕ ਹਾਦਸਿਆਂ ਦੀ ਤਦਾਦ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਜੋਕਿ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਮੁੜ ਦੁਹਰਾਇਆ ਕਿ ਸੜਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੇ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ, ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਟਰਾਂਸਪੋਰਟ ਯੂਨੀਅਨਾਂ ਨੂੰ ਵੀ ਕਿਹਾ ਗਿਆ ਕਿ ਉਹ ਆਪਣੀ ਗੱਡੀਆਂ ਦੇ ਕਾਗਜ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇ ਸਿਰ ਅਪਡੇਟ ਕਰਵਾਉਣ। ਬਿਨਾਂ ਦਸਤਾਵੇਜ਼ਾਂ ਅਤੇ ਬਿਨਾਂ ਐਚ.ਐਸ.ਆਰ.ਪੀ ਪਲੇਟਾਂ ਤੋਂ ਕੋਈ ਵੀ ਗੱਡੀ ਸੜਕਾਂ ਤੇ ਚਲਦੀ ਪਾਈ ਗਈ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜ਼ੋ ਆਏ ਦਿਨ ਹੋ ਰਹੇ ਹਾਦਸਿਆਂ ਕਾਰਨ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।

ਰਾਏਕੋਟ 'ਚ ਅਧਿਆਪਕ ਦਿਵਸ ਮਨਾਇਆ ਗਿਆ

ਅਧਿਆਪਕਾਂ ਨੂੰ ਸਮਾਜ ਦੇ ਸਿਰਜਣਹਾਰ ਦੱਸਦਿਆਂ ਕੀਤਾ ਵਿਸ਼ੇਸ਼ ਸਨਮਾਨ
ਅਧਿਆਪਕ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰਨ 'ਚ ਵੱਡੀ ਭੂਮਿਕਾ ਨਿਭਾਉਂਦੇ ਹਨ – ਐਸ.ਡੀ.ਐਮ. 
ਰਾਏਕੋਟ/ਲੁਧਿਆਣਾ, 5 ਸਤੰਬਰ (ਟੀ. ਕੇ. ) :
 ਅਧਿਆਪਕ ਦਿਵਸ ਤੇ ਅੱਜ ਭਗਵਾਨ ਮਹਾਂਵੀਰ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਵਿਖੇ  ਜੇਸੀਆਈ ਦੇ ਸਾਬਕਾ ਜੋਨ ਮੀਤ ਪ੍ਰਧਾਨ ਮੁਹੰਮਦ ਅਖਤਰ ਜੁਬੇਰੀ ਦੀ ਅਗਵਾਈ ਹੇਠ ਸਕੂਲ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸਡੀਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਨੇ ਸ਼ਿਰਕਤ ਕੀਤੀ। 

ਇਸ ਮੌਕੇ  ਐਸਡੀਐਮ ਗੁਰਬੀਰ ਸਿੰਘ ਕੋਹਲੀ ਵੱਲੋਂ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ।

ਸਮਾਗਮ ਦੀ ਸ਼ੁਰੂਆਤ ਪੌਦੇ ਲਗਾ ਕੇ ਕੀਤੀ ਗਈ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਐਸਡੀਐਮ ਗੁਰਬੀਰ ਸਿੰਘ ਕੋਹਲੀ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੇ ਵਿਕਾਸ 'ਚ ਸਭ ਤੋਂ ਵੱਡਾ ਯੋਗਦਾਨ ਅਧਿਆਪਕਾਂ ਦਾ ਹੁੰਦਾ ਹੈ, ਜੋ ਬੱਚਿਆਂ ਦੀ ਸ਼ਖਸੀਅਤ ਨੂੰ ਨਿਖਾਰਨ 'ਚ ਵੱਡੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਗੁਰੂ ਤੋਂ ਬਿਨਾਂ ਅਸੀਂ ਗਿਆਨ ਪ੍ਰਾਪਤ ਨਹੀਂ ਕਰ ਸਕਦੇ। ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਹੁੰਦਾ ਹੈ। 

ਉਨ੍ਹਾਂ ਤੋਂ ਇਲਾਵਾ ਮੁਹੰਮਦ ਅਖਤਰ ਜੁਬੇਰੀ ਅਤੇ ਡਾਕਟਰ ਪ੍ਰਵੀਨ ਅੱਗਰਵਾਲ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ, ਜਿਨ੍ਹਾਂ ਨੇ ਪੜ੍ਹਾਈ ਨੂੰ ਬਹੁਤ ਤਵੱਜੋ ਦਿੱਤੀ ਅਤੇ ਪਰਿਵਾਰ ਵਿਰੁੱਧ ਜਾ ਕੇ ਪੜ੍ਹਾਈ ਕੀਤੀ। ਉਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਕਿੱਤਾ ਦੁਨੀਆਂ ਦੇ ਸਭ ਕੰਮਾਂ ਤੋਂ ਚੰਗਾ, ਉੱਤਮ ਅਤੇ ਸਤਿਕਾਰ ਵਾਲਾ ਹੈ। ਇੱਕ ਅਧਿਆਪਕ ਹੀ ਹੈ ਜੋ ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦਾ ਹੈ। 

ਸਮਾਗਮ ਦੇ ਅਖੀਰ ਵਿਚ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਵੱਲੋਂ ਐਸਡੀਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰੈਸ ਕਲੱਬ ਰਾਏਕੋਟ ਦੇ ਪ੍ਰਧਾਨ ਨਵਦੀਪ ਸਿੰਘ, ਵਿਨੋਦ ਜੈਨ, ਰਾਜਿੰਦਰ ਸਿੰਘ ਕਾਕਾ ਪ੍ਰਧਾਨ, ਕੌਂਸਲਰ ਮੁਹੰਮਦ ਇਮਰਾਨ, ਸੰਦੀਪ ਸਿੰਘ ਸੋਨੀ ਬਾਬਾ, ਰਘਵੀਰ ਸਿੰਘ ਜੱਗਾ, ਸੁਸ਼ੀਲ ਵਰਮਾ, ਸੰਜੀਵ ਭੱਲਾ, ਅਮਰੀਕ ਸਿੰਘ, ਲਖਵਿੰਦਰ ਸਿੰਘ ਲੱਖਾ ਮੱਲ੍ਹੀ ਤੋਂ ਇਲਾਵਾ ਅਧਿਆਪਕ ਲੈਕਚਰਾਰ ਰਮਨਦੀਪ ਸਿੰਘ, ਸੰਜੀਵ ਕੁਮਾਰ, ਅਰਸ਼ਦੀਪ ਸਿੰਘ, ਵਨੀਤਾ ਸ਼ਰਮਾਂ, ਰਾਜਵਿੰਦਰ ਸਿੰਘ, ਸੁਸ਼ਮਾ ਜੈਨ, ਸੁਮਿਤ ਕਾਲੜਾ, ਜਸਵੀਰ ਕੌਰ, ਸੁਮਨਦੀਪ ਕੌਰ, ਜਗਨਦੀਪ ਸਿੰਘ, ਸਨੇਹ ਲਤਾ, ਗੁਰਜਿੰਦਰ ਸਿੰਘ ਆਦਿ ਸਮੇਤ ਵਿਦਿਆਰਥੀ ਹਾਜ਼ਰ ਸਨ।

ਤਰਕਸ਼ੀਲ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸੁਚਾਰੂ ਢੰਗ ਨਾਲ ਸੰਪੰਨ ਹੋਈ

ਲੁਧਿਆਣਾ , 3 ਸਤੰਬਰ (  ਟੀ. ਕੇ. ) ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ 2,3 ਸਤੰਬਰ ਨੂੰ ਲਈ ਗਈ ਸੂਬਾ ਪੱਧਰੀ ਪੰਜਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅੱਜ ਜ਼ੋਨ ਲੁਧਿਆਣਾ ਦੇ ਚੋਣਵੇਂ ਸਕੂਲਾਂ ਵਿੱਚ ਸੁਚਾਰੂ ਢੰਗ ਨਾਲ ਸੰਪੰਨ ਹੋਈ। ਸਮੁੱਚੇ ਜ਼ੋਨ ਦੀ ਰਿਪੋਰਟ ਪ੍ਰੈਸ ਨੂੰ ਜਾਰੀ ਕਰਦਿਆਂ ਜ਼ੋਨ ਦੇ ਜੱਥੇਬੰਦਕ ਮੁੱਖੀ ਜਸਵੰਤ ਜੀਰਖ, ਵਿੱਤ ਮੁੱਖੀ ਆਤਮਾ ਸਿੰਘ, ਅਤੇ ਮੀਡੀਆ ਮੁੱਖੀ ਹਰਚੰਦ ਭਿੰਡਰ ਨੇ ਦੱਸਿਆ ਕਿ ਇਸ ਜ਼ੋਨ ਵਿੱਚ ਪੈਂਦੀਆਂ ਇਕਾਈਆਂ ਜਗਰਾਓਂ , ਲੁਧਿਆਣਾ , ਕੋਹਾੜਾ, ਮਲੇਰਕੋਟਲਾ,  ਅਤੇ ਸੁਧਾਰ ਦੇ ਆਗੂਆਂ ਕ੍ਰਮਵਾਰ ਕਰਤਾਰ ਸਿੰਘ ਵੀਰਾਨ, ਬਲਵਿੰਦਰ ਸਿੰਘ,ਮਾ ਰਾਜਿੰਦਰ ਜੰਡਿਆਲੀ, ਮੋਹਨ ਸਿੰਘ ਬਡਲਾ, ਧਰਮ ਸਿੰਘ ਸੂਜਾਪੁਰ/ ਮਾ ਕਰਨੈਲ ਸਿੰਘ  ਦੇ ਪ੍ਰਬੰਧਾਂ ਹੇਠ ਇਹ ਪ੍ਰੀਖਿਆ ਨੇਪਰੇ ਚਾੜ੍ਹੀ ਗਈ। ਜ਼ੋਨ ਵਿੱਚ ਕੁੱਲ 29 ਸਕੂਲਾਂ ਵਿੱਚ ਪ੍ਰੀਖਿਆ ਸੈਂਟਰ ਬਣਾਏ ਗਏ ਜਿਹਨਾਂ ਵਿੱਚ ਤਕਰੀਬਨ 1846 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿੱਚ ਭਾਗ ਲਿਆ।
  ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਦਾ ਮੰਤਵ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਅਤੇ ਸਮਾਜ ਵਿੱਚ ਪ੍ਰਚੱਲਤ ਬੇਲੋੜੇ ਰਸਮਾਂ ਰਿਵਾਜਾਂ ‘ਚੋਂ ਮੁਕਤ ਕਰਕੇ ਵਿਗਿਆਨਿਕ ਵਿਚਾਰਧਾਰਾ ਦਾ ਪਸਾਰਾ ਕਰਨਾ ਹੈ। ਇਸੇ ਤਰ੍ਹਾਂ ਦੇਸ਼ ਲਈ ਕੁਰਬਾਨ ਹੋਏ ਸ਼ਹੀਦਾਂ ਅਤੇ ਵਿਗਿਆਨੀਆਂ ਵੱਲੋ ਸਖ਼ਤ ਮਿਹਨਤਾਂ ਨਾਲ ਕੀਤੀਆਂ ਉਪਲੱਭਦੀਆਂ ਬਾਰੇ ਜਾਣਕਾਰੀ ਮਹੱਈਆ ਕਰਵਾਕੇ ਉਹਨਾਂ ਨੂੰ ਆਪਣਾ ਰੋਲ ਮਾਡਲ ਬਣਾਉਣ ਲਈ ਪ੍ਰੇਰਤ ਕਰਨਾ ਹੈ।ਇਸ ਪ੍ਰੀਖਿਆ ਲਈ ਸੁਸਾਇਟੀ ਦੀ ਸਮੁੱਚੀ ਮੈਂਬਰਸ਼ਿਪ ਅਤੇ ਹਮਦਰਦਾਂ ਨੇ ਬਹੁਤ ਹੀ ਉਸਾਰੂ ਰੋਲ ਨਿਭਾਉਣ ਸਮੇਤ ਸਕੂਲਾਂ ਦੇ ਅਧਿਆਪਕ ਸਟਾਫ਼ ਨੇ ਵੀ ਸਲਾਘਾਯੋਗ ਸਾਥ ਦਿੱਤਾ।
ਇਕ ਸਕੂਲ ਵਿੱਚ ਵਿਦਿਆਰਥੀ ਪ੍ਰੀਖਿਆ ਦਿੰਦੇ ਹੋਏ

ਪੀ. ਏ. ਯੂ. ਦੇ ਭੂਮੀ ਵਿਗਿਆਨ ਵਿਭਾਗ ਨੇ ਖੋਜ ਪੇਸ਼ਕਾਰੀ ਮੁਕਾਬਲੇ ਕਰਵਾਏ

ਲੁਧਿਆਣਾ 31 ਅਗਸਤ(ਟੀ. ਕੇ.)  ਇੰਡੀਅਨ ਸੋਸਾਇਟੀ ਆਫ਼ ਸੋਇਲ ਸਾਇੰਸ ਦੀ ਲੁਧਿਆਣਾ ਸ਼ਾਖਾ ਨੇ ਬੀਤੇ ਦਿਨੀਂ ਪੀ ਏ ਯੂ ਦੇ ਭੂਮੀ ਵਿਗਿਆਨ ਵਿਭਾਗ ਵਿਖੇ 'ਇੰਡੀਅਨ ਸੋਸਾਇਟੀ ਆਫ਼ ਸੋਇਲ ਸਾਇੰਸ ਜ਼ੋਨਲ ਅਵਾਰਡ' ਅਤੇ ਉੱਤਰੀ ਜ਼ੋਨ ਲਈ ਬੈਸਟ ਡਾਕਟੋਰਲ ਖੋਜ ਪੇਸ਼ਕਾਰੀ ਮੁਕਾਬਲਿਆਂ ਦਾ ਆਯੋਜਨ ਕੀਤਾ। ਯਾਦ ਰਹੇ ਕਿ ਉਕਤ ਸੋਸਾਇਟੀ ਦੇ ਜ਼ੋਨਲ ਅਵਾਰਡ (ਉੱਤਰੀ, ਪੂਰਬ, ਦੱਖਣ ਅਤੇ ਪੱਛਮੀ ਜ਼ੋਨ ਵਿੱਚੋਂ ਹਰੇਕ ਲਈ ਇੱਕ) ਵਿਸ਼ੇਸ਼ ਤੌਰ 'ਤੇ ਭੂਮੀ ਵਿਗਿਆਨ ਵਿੱਚ ਮਾਸਟਰ ਡਿਗਰੀ ਕਰਨ ਵਾਲਿਆਂ ਲਈ ਹਨ। ਮੁਕਾਬਲਿਆਂ  ਦੌਰਾਨ ਉਨ੍ਹਾਂ ਦੁਆਰਾ ਕੀਤੇ ਗਏ ਖੋਜ ਕਾਰਜਾਂ ਦੀ ਵਧੀਆ ਪੇਸ਼ਕਾਰੀ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਅਧਾਰ ਤੇ ਇਹ ਐਵਾਰਡ ਭਾਰਤ ਵਿੱਚ ਭੂਮੀ ਵਿਗਿਆਨ ਦੇ ਖੇਤਰ ਵਿੱਚ ਕੀਤੇ ਗਏ ਡਾਕਟੋਰਲ ਖੋਜ ਕਾਰਜ ਲਈ ਇੱਕ ਵਿਅਕਤੀ ਨੂੰ ਹਰ ਸਾਲ ਦਿੱਤਾ ਜਾਂਦਾ ਹੈ। ਇਨ੍ਹਾਂ ਮੁਕਾਬਲਿਆਂ ਦੀ ਜ਼ਿੰਮੇਵਾਰੀ ਇਸ ਵਾਰ ਸੁਸਾਇਟੀ ਦੇ ਹੈੱਡਕੁਆਰਟਰ ਨਵੀਂ ਦਿੱਲੀ ਵੱਲੋਂ ਲੁਧਿਆਣਾ ਸ਼ਾਖਾ ਨੂੰ ਸੌਂਪੀ ਗਈ ਸੀ।ਸਮਾਰੋਹ ਦੇ ਆਰੰਭ ਵਿਚ ਡਾ: ਰਾਜੀਵ ਸਿੱਕਾ, ਪ੍ਰਿੰਸੀਪਲ ਸੋਇਲ ਕੈਮਿਸਟ ਨੇ ਜੱਜਾਂ ਅਤੇ ਪ੍ਰਤੀਯੋਗੀਆਂ ਦੀ ਜਾਣ-ਪਛਾਣ ਕਰਵਾਈ। ਨਿਰਣਾਇਕ ਕਮੇਟੀ ਵਿੱਚ ਲੁਧਿਆਣਾ ਚੈਪਟਰ ਦੇ ਪ੍ਰਧਾਨ ਡਾ: ਧਨਵਿੰਦਰ ਸਿੰਘ, ਡਾ: ਪ੍ਰਗਤੀ ਪ੍ਰਮਾਨਿਕ, ਡਾ: ਵਾਈਵੀ ਸਿੰਘ ਵਾਰਾਣਸੀ ਯੂਨੀਵਰਸਿਟੀ ਤੋਂ ਡਾ: ਕਿਰਨ ਖੋਖਰ ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਅਤੇ ਡਾ: ਰਾਜੀਵ ਸਿੱਕਾ ਸ਼ਾਮਲ ਸਨ।  

ਜ਼ੋਨਲ ਅਵਾਰਡ ਅਤੇ ਸਰਵੋਤਮ ਡਾਕਟੋਰਲ ਖੋਜ ਪੇਸ਼ਕਾਰੀ ਲਈ ਚਾਰ-ਚਾਰ ਉਮੀਦਵਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਕੀਤੀਆਂ। ਦੋਵਾਂ ਐਵਾਰਡਾਂ ਲਈ ਚਾਰ ਪੇਸ਼ਕਾਰੀਆਂ ਵਿੱਚੋਂ, 3 ਵਿਅਕਤੀਗਤ ਤੌਰ 'ਤੇ ਕੀਤੀਆਂ ਗਈਆਂ ਸਨ ਅਤੇ 1 ਆਨਲਾਈਨ ਕੀਤੀ ਗਈ ਸੀ। ਸ਼੍ਰੀਮਤੀ ਸਲੋਨੀ ਤ੍ਰਿਪਾਠੀ ਨੂੰ ਉੱਤਰੀ ਜ਼ੋਨ ਲਈ ਜ਼ੋਨਲ ਐਵਾਰਡ 2023 ਦਾ ਜੇਤੂ ਚੁਣਿਆ ਗਿਆ। ਡਾ: ਅਬਿਨਾਸ਼ ਦਾਸ ਅਤੇ ਅਵਿਜੀਤ ਸਿੰਘ ਨੂੰ ਸ਼ੁਰੂਆਤੀ ਦੌਰ ਵਿੱਚ ਉੱਤਰੀ ਜ਼ੋਨ ਪੱਧਰ 'ਤੇ ਚੁਣੇ ਗਏ ਸਰਵੋਤਮ ਡਾਕਟੋਰਲ ਖੋਜ ਪੇਸ਼ਕਾਰੀ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਫਿਰ ਉਹਨਾਂ ਨੂੰ ਭਾਰਤ ਦੇ ਚਾਰ ਜ਼ੋਨਾਂ ਵਿੱਚੋਂ ਹਰੇਕ ਦੇ ਚੁਣੇ ਗਏ ਉਮੀਦਵਾਰਾਂ ਵਿੱਚੋਂ ਫਾਈਨਲ ਗੇੜ ਵਿੱਚ ਮੁਕਾਬਲਾ ਕਰਨ ਲਈ ਸੱਦਾ ਦਿੱਤਾ ਜਾਵੇਗਾ, ਜਿਸਦਾ ਆਯੋਜਨ ਆਉਂਦੇ ਦਿਨੀਂ ਭਾਰਤੀ ਭੂਮੀ ਵਿਗਿਆਨ ਸੰਸਥਾਨ, ਭੋਪਾਲ ਵਿਖੇ ਕੀਤਾ ਜਾਵੇਗਾ। ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਜਾਵੇਗਾ ਜਦਕਿ ਫਾਈਨਲ ਗੇੜ ਵਿੱਚ ਬਾਕੀ ਸਾਰੇ ਪ੍ਰਤੀਯੋਗੀਆਂ ਨੂੰ ਸਾਲਾਨਾ ਸੰਮੇਲਨ ਦੇ ਸਮਾਪਤੀ ਸੈਸ਼ਨ 'ਤੇ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ।

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਹਠੂਰ, 27 ਅਗਸਤ (ਕੌਸ਼ਲ ਮੱਲ੍ਹਾ)- ਸਥਾਨਕ ਪੁਲਿਸ ਥਾਣਾ ਹਠੂਰ ਦੇ ਐੱਸ.ਐੱਚ.ਓ. ਮੈਡਮ ਰੁਪਿੰਦਰ ਕੌਰ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਆਈ. ਜਗਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਪੁਲਿਸ ਗਸ਼ਤ ਦੌਰਾਨ ਦਾਣਾ ਮੰਡੀ ਹਠੂਰ ਦੇ ਗੇਟ ਪਾਸ ਪੁੱਜੇ ਤਾਂ ਮੰਡੀ ਦੇ ਗੇਟ ਪਰ ਇੱਕ ਮੋਨਾ ਨੌਜਵਾਨ, ਜਿਸਦੇ ਸੱਜੇ ਹੱਥ ਵਿੱਚ ਇੱਕ ਪਲਾਸਟਿਕ ਦਾ ਲਿਫਾਫਾ ਫੜਿਆ ਹੋਇਆ ਸੀ, ਉਥੇ ਖੜ੍ਹਾ ਦਿਖਾਈ ਦਿੱਤਾ ਅਤੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਇੱਕਦਮ ਘਬਰਾ ਕੇ ਮੌਕੇ ਤੋਂ ਭੱਜ ਕੇ ਖਿਸਕਣ ਲੱਗਾ ਤਾਂ ਸ਼ੱਕ ਦੇ ਤੌਰ 'ਤੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਗਗਨਦੀਪ ਸਿੰਘ ਸਿੰਘ ਉਰਫ ਗੱਗੂ ਵਾਸੀ ਹਠੂਰ ਦੱਸਿਆ। ਗਗਨਦੀਪ ਸਿੰਘ ਦੇ ਹੱਥ ਵਿੱਚ ਫੜੇ ਹੋਏ ਪਾਰਦਰਸ਼ੀ ਪਲਾਸਟਿਕ ਦੇ ਲਿਫਾਫੇ ਵਿੱਚੋੰ ਚਿੱਟੇ ਰੰਗ ਦੀਆਂ ਖੁੱਲ੍ਹੀਆਂ ਗੋਲੀਆਂ ਸਾਫ ਦਿਖਾਈ ਦਿੱਤੀਆਂ। ਜੋ ਲਿਫਾਫੇ ਵਿੱਚੋਂ ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਰੰਗ ਚਿੱਟਾ ਬਰਾਮਦ ਹੋਈਆਂ। ਜਿਸ 'ਤੇ ਥਾਣਾ ਹਠੂਰ ਵਿਖੇ ਮੁਕੱਦਮਾ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। 
ਫੋਟੋ ਕੈਪਸ਼ਨ: ਕਾਬੂ ਕੀਤੇ ਨੌਜਵਾਨ ਸਬੰਧੀ ਜਾਣਕਾਰੀ ਦਿੰਦੇ ਐੱਸ.ਐੱਚ.ਓ. ਮੈਡਮ ਰੁਪਿੰਦਰ ਕੌਰ ਢਿੱਲੋਂ।

ਬਿਜਲੀ ਸਪਲਾਈ ਮੁਰੰਮਤ ਹੋਣ ਕਰਕੇ ਕੱਲ੍ਹ ਬੰਦ ਰਹੇਗੀ

ਜਗਰਾਉਂ, 23 ਅਗਸਤ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਬਿਜਲੀ ਸਪਲਾਈ 11 ਕੇ ਵੀ ਫੀਡਰ ਸਿਟੀ 5 ਵਲੋਂ 66 ਕੇ ਵੀ ਐਸ ਐਸ ਅਗਵਾੜ ਲੋਪੋਂ ਮੁਰੰਮਤ ਕਰਕੇ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ 24-08-2023 ਨੂੰ ਮੁਰੰਮਤ ਕਾਰਨ ਬੰਦ ਰਹੇਗੀ। ਜਿਹੜੇ ਏਰੀਏ ਪ੍ਰਭਾਵਿਤ ਰਹਿਣਗੇ ਉਹ ਹਨ ਅਗਵਾੜ ਲੋਪੋਂ,ਮੋਰੀ ਗੇਟ,ਸਿਵਾਲਾ ਰੋਡ,ਮੇਨ ਬਾਜ਼ਾਰ,ਭੰਗੜ ਬਜ਼ਾਰ, ਗੀਤਾ ਕਲੋਨੀ, ਗਰੇਵਾਲ ਕਲੋਨੀ, ਸੁਭਾਸ਼ ਗੇਟ, ਸ਼ਾਸਤਰੀ ਨਗਰ ਆਦਿ।

16 ਜੁਝਾਰੂ ਕਿਸਾਨ ਜੱਥੇਬੰਦੀਆ ਦੇ ਸੈਂਕੜੇ ਆਗੂਆਂ ਦੀ ਫੜੋ - ਫੜੀ ਛਾਪੇ ਮਾਰੀ ਤੇ ਹਜਾਰਾਂ ਕਿਸਾਨਾਂ ਨੂੰ ਥਾਂ - ਥਾਂ ਡੱਕਣ ਦੀ ਜੋਰਦਾਰ ਨਿਖੇਧੀ 

 ਮੁੱਲਾਂਪੁਰ  ਦਾਖਾ, 22 ਅਗਸਤ (ਸਤਵਿੰਦਰ ਸਿੰਘ ਗਿੱਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.) ਜ਼ਿਲਾ ਲੁਧਿਆਣਾ ਦੀ ਜ਼ਿਲਾ ਕਾਰਜਕਾਰੀ ਕਮੇਟੀ ਦੀ ਇਕ ਐਮਰਜੈਂਸੀ ਮੀਟਿੰਗ ਜ਼ਿਲਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਪਿੰਡ ਮੰਡਿਆਣੀ ਵਿਖੇ ਹੋਈ । ਜਿਸ ਵਿੱਚ ਕੱਲ ਵੱਡੇ ਤੜਕੇ ਤੋਂ ਹੜ੍ਹ ਪੀੜਤਾਂ ਲਈ ਚੰਡੀਗੜ੍ਹ ਐਕਸ਼ਨ ਲਈ ਜਾ ਰਹੇ 16 ਜੁਝਾਰੂ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਦੇ ਘਰੋਂ - ਘਰੀ ਛਾਪੇਮਾਰੀ,ਸੈਂਕੜਿਆਂ ਦੀ ਫੜੋ - ਫੜੀ ਕਈ ਥਾਵਾਂ ਤੇ ਲਾਠੀਚਾਰਜ ਕਰਕੇ ਜ਼ਖਮੀ ਕਰਨ ਅਤੇ ਹਜ਼ਾਰਾਂ ਸੰਘਰਸ਼ਸੀਲ ਕਿਸਾਨਾਂ ਨੂੰ ਥਾਂ ਥਾਂ ਅਨੇਕਾਂ ਨਾਕਿਆਂ ਅਤੇ ਟੋਲਾਂ ਤੇ ਰੋਕਣ ਅਤੇ ਟਰੈਕਟਰ - ਟਰਾਲੀਆਂ ਸਮੇਤ ਥਾਣਿਆਂ 'ਚ ਡੱਕਣ ਵਾਲੇ ਸਾਰੇ ਜਾਬਰ ਅਤੇ ਕਿਸਾਨਾਂ ਦੇ ਹੱਕੀ ਆਵਾਜ਼ ਬੁਲੰਦ ਕਰਨ ਦੇ ਜਮਹੂਰੀ ਅਤੇ ਸੰਵਿਧਾਨਿਕ ਹੱਕਾਂ ਨੂੰ ਦਬਾਉਣ - ਕੁਚਲਣ ਬਦਲੇ ਭਗਵੰਤ ਮਾਨ ਦੀ  ‌ਜ਼ਾਲਮ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿਚ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ। ਜੱਥੇਬੰਦੀ ਦੀ ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ - ਜ਼ਿਲਾ ਸਕੱਤਰ ਜਸਦੇਵ ਸਿੰਘ ਲਲਤੋਂ,ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ ,ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ,ਗੁਰਸੇਵਕ ਸਿੰਘ ਸੋਨੀ,ਡਾਕਟਰ ਗੁਰਮੇਲ ਸਿੰਘ ਕੁਲਾਰ ਨੇ ਵਰਨਣ ਕੀਤਾ ਕਿ ਹੜ੍ਹ ਪੀੜਤਾਂ ਨੂੰ ਫੌਰੀ ਅਤੇ ਪੂਰੇ ਮੁਆਵਜੇ  ਦਬਾਉਣ ਕਿਸਾਨ ਅੰਦੋਲਨ ਦੇ ਪਰਚੇ ਰੱਦ ਕਰਵਾਉਣ,ਲਖੀਮਪੁਰ ਖੀਰੀ ਕਤਲਕਾਂਡ ਦੇ ਮੁੱਖ ਸਾਜ਼ਿਸ਼ਕਾਰ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਤੁਰੰਤ ਗ੍ਰਿਫਤਾਰ ਕਰਵਾਉਣ ਐਮ. ਐਸ. ਪੀ ਦੀ ਗਰੰਟੀ ਵਾਲਾ ਕਾਨੂੰਨ ਬਣਵਾਉਣ ਅਤੇ ਦੇਸ਼ ਦੇ ਕਿਸਾਨਾਂ - ਮਜ਼ਦੂਰਾਂ ਦਾ 13 ਲੱਖ ਕਰੋੜ ਰੁ. ਦਾ ਕਰਜ਼ਾ ਮੁਕਤ ਕਰਵਾਉਣ ਲਈ 6 ਉਤਰੀ ਰਾਜਾਂ - ਪੰਜਾਬ,ਹਰਿਆਣਾ,ਹਿਮਾਚਲ ਪ੍ਰਦੇਸ਼, ਯੂ.ਪੀ.,ਰਾਜਿਸਥਾਨ ਤੇ ਉਤਰਾ ਖੰਡ ਦੀਆਂ 16 ਜੁਝਾਰੂ ਜੱਥੇਬੰਦੀਆਂ ਦੀ ਚੰਡੀਗੜ੍ਹ ਵਿਖੇ ਵਿਸ਼ਾਲ ਕਿਸਾਨ ਰੈਲੀ ਤੋਂ ਉਪਰੋਕਤ ਸਾਰੇ ਜਾਬਰ ਕਦਮ ਫੌਰੀ ਵਾਪਸ ਲੈ ਕੇ, ਹੱਕੀ ਰੋਸ ਤੇ ਰੋਹ ਦੇ ਪ੍ਰਗਟਾਵੇ ਲਈ ਬਣਦੇ ਜਮਹੂਰੀ ਤੇ ਸੰਵਿਧਾਨਿਕ ਹੱਕ ਬਹਾਲ ਕਰਕੇ ਜਮਹੂਰੀ ਵਾਤਾਵਰਨ ਯਕੀਨੀ ਬਣਾਇਆ ਜਾਵੇ ਨਹੀਂ ਤਾਂ, ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆ ਦਰਜਨਾਂ ਕਿਸਾਨ ਜੱਥੇਬੰਦੀਆਂ ਸਮੇਤ ਭਾਰਤ ਦੀਆਂ ਪੰਜ ਸੌ ਤੋਂ ਉੱਪਰ ਜੱਥੇਬੰਦੀਆਂ ਭਰਾਰਤੀ ਫਰਜਾਂ ਨੂੰ ਨਿਭਾਉਣ ਲਈ ਫੈਸਲਾਕੁਨ ਕਿਸਾਨ - ਘੋਲ ਵਿੱਢ ਦੇਣਗੀਆਂ, ਜਿਸਦੀ ਜੁੰਮੇਵਾਰੀ ਪੰਜਾਬ ਤੇ ਕੇਂਦਰ ਸਰਕਾਰ ਸਿਰ ਹੋਵੇਗੀ।
     ਅੱਜ ਦੀ ਮੀਟਿੰਗ ਵਿਚ ਜਸਵੰਤ ਸਿੰਘ ਮਾਨ,ਕੁਲਜੀਤ ਸਿੰਘ ਬਿਰਕ,ਬੂਟਾ ਸਿੰਘ ਬਰਸਾਲ,ਅਵਤਾਰ ਸਿੰਘ ਸੰਗਤਪੁਰਾ,ਅਮਰਜੀਤ ਸਿੰਘ ਖੰਜਰਵਾਲ,ਅਵਤਾਰ ਸਿੰਘ ਤਾਰ,ਗੁਰਬਖਸ਼ ਸਿੰਘ,ਗੁਰਚਰਨ ਸਿੰਘ ਤਲਵੰਡੀ ,ਸੁਰਜੀਤ ਸਿੰਘ ਸਵੱਦੀ,ਗੁਰਦੀਪ ਸਿੰਘ ਮੰਡਿਆਣੀ,ਬਲਤੇਜ ਸਿੰਘ ਤੇਜੂ ਸਿੱਧਵਾਂ, ਜੱਥੇਦਾਰ ਗੁਰਮੇਲ ਸਿੰਘ ਢੱਟ,ਬਲਵੀਰ ਸਿੰਘ ਪੰਡੋਰੀ (ਕੈਨੇਡਾ) ਉਚੇਚੇ ਤੌਰ ਤੇ ਹਾਜਰ ਹੋਏ।

ਸੰਤ ਬਾਬਾ ਸੁਚਾ ਸਿੰਘ ਦੀ ਬਰਸੀ ਦੀਆਂ ਤਿਆਰੀਆਂ ‘ਚ ਰੁਝਿਆਂ ਨੇ ਵੀ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ‘ਚ ਜੁੜਨ ਵਾਲਾ ਪੱਖ ਨਹੀਂ ਵਿਸਾਰਿਆ

ਲੁਧਿਆਣਾ 20 ਅਗਸਤ (ਕਰਨੈਲ ਸਿੰਘ ਐੱਮ.ਏ)-ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ‘ਜਵੱਦੀ ਟਕਸਾਲ’ ਦੀ 21 ਵੀਂ ਸਲਾਨਾਂ ਬਰਸੀ ਸਮਾਗਮਾਂ ਨੂੰ ਸਮਰਪਿਤ 24 ਤੋਂ 27 ਅਗਸਤ ਦਰਮਿਆਨ ਵੱਡੇ ਪੱਧਰ ‘ਤੇ ਹੋਣ ਵਾਲੇ ਬਰਸੀ ਸਮਾਗਮਾਂ ਦੀਆਂ ਤਿਆਰੀਆਂ ‘ਚ ਜੁੜੇ ਸ਼ਰਧਾਲੂ ਸੇਵਾਦਰਾਂ/ਪ੍ਰਬੰਧਕਾਂ ਨੇ ਅੱਜ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ‘ਚ ਜੁੜਨ ਵਾਲਾ ਪੱਖ ਨਾ ਵਿਸਾਰਿਆ। ਪਹਿਲਾਂ ਦੀ ਤਰ੍ਹਾਂ ਹੀ ਸੰਗਤੀ ਰੂਪ ‘ਚ ਜੁੜੀਆਂ ਸੰਗਤਾਂ ਨੂੰ ਰੁਹਾਨੀ ਪ੍ਰਵਚਨਾਂ ਦੀ ਸਾਂਝ ਪਾਉਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸਮਝਾਇਆ ਕਿ ਸਾਨੂੰ ਇਹ ਮਨੁੱਖਾ ਦੇਹੀ, ਇਹ ਅਸਲ ‘ਚ ਪ੍ਰਮਾਤਮਾਂ ਦਾ ਸਿਮਰਨ ਕਰਨ ਲਈ, ਉਸ ਪ੍ਰਮਾਤਮਾਂ ਦੇ ਗੁਣਾਂ ਦੀ ਵਿਚਾਰ ਕਰਨ ਲਈ ਅਤੇ ਉਨ੍ਹਾਂ ਦਾ ਆਤਮਸਾਤ ਕਰਨ ਲਈ, ਆਪਣਾ ਜੀਵਨ ਸਫਲ ਬਣਾਉਣ ਲਈ ਹੀ ਨਸੀਬ ਹੋਈ ਹੈ। ਨਾਮ ਸਿਮਰਨ-ਨਾਮ ਜਪਣ ਦਾ ਅਰਥ ਵੀ ਇਹੀ ਹੈ, ਕਿ ਇਹ ਉਸ ਪਰਮਸੱਤਾ ਦੇ ਗੁਣਾਂ ਦਾ ਸੁਚੇਤ ਪੱਧਰ ਤੇ ਚਿੰਤਨ ਮੰਥਨ ਕਰਨਾ, ਸੁਝਵਾਨ ਹੋਣਾ ਅਤੇ ਗੁਣਵਾਨ ਹੋਣਾ ਹੈ। ਬਾਬਾ ਜੀ ਨੇ ਪਰਮ ਤੱਤ ਨਾਲ ਸਾਂਝ ਕਿਵੇਂ ਪਵੇ ਵਿਸ਼ੇ ਨੂੰ ਗਹਿਰਾਈ ਨਾਲ ਸਮਝਾਉਦਿਆਂ ਸੰਤ ਬਾਬਾ ਸੁਚਾ ਸਿੰਘ ਜੀ ਦੇ ਜੀਵਨ ਦੇ ਹਵਾਲਿਆਂ ਨਾਲ ਸਮਝਾਇਆ ਕਿ ਨਿਊਣਾ-ਸਹਾਰਨਾ-ਮਿੱਠ ਬੋਲਣਾ ਵਰਗੇ ਤਿੰਨ ਗੁਣ ਉਨ੍ਹਾਂ ਅੰਦਰ ਵਸੇ ਹੋਏ ਸਨ, ਜਿਨ੍ਹਾਂ ਬਦੌਲਤ ਉਨ੍ਹਾਂ ਆਪਣੇ ਹਿਰਦੇ ਅੰਦਰ ਪ੍ਰਮਾਤਮਾ ਰੂਪੀ “ਖਸਮ”ਨੂੰ ਵਸਾਇਆ। ਉਨ੍ਹਾਂ ਸੰਗਤਾਂ ਨੂੰ ਬਰਸੀ ਸਮਾਗਮਾਂ ਸਬੰਧੀ ਉਲੀਕੀ ਵਿਉਤਬੰਦੀ ਸਬੰਧੀ ਵੀ ਸੰਗਤਾਂ ਨੂੰ ਜਾਣੂ ਕਰਵਾਉਦਿਆਂ ਸਥਾਨਕ ਸ਼ਰਧਾਲੂ ਸੰਗਤ ਨੂੰ ਦੂਰ-ਦਰਾਜ਼ ਤੋਂ ਆਉਣ ਵਾਲੀ ਸੰਗਤ ਦੀ ਸੇਵਾ-ਸੰਭਾਲ ‘ਚ ਪ੍ਰਬੰਧਕਾਂ ਨੂੰ ਉਸਾਰੂ ਸਹਿਯੋਗ ਦੇਣ ਦੇ ਨਾਲ-ਨਾਲ ਸੇਵਾਵਾਂ ਦੀ ਜਿਮੇਵਾਰੀ ਨਿਭਾਉਣ ਲਈ ਪ੍ਰੇਰਿਆ।