You are here

ਲੁਧਿਆਣਾ

ਨੇਚਰ ਫਰੈਂਡ ਗਰੁੱਪ ਵੱਲੋਂ ਜੀ ਕੇ ਇਸਟੇਟ ਭਾਮੀਆਂ ਖੁਰਦ ਵਿਖੇ ਅੱਜ 100 ਦੇ ਕਰੀਬ ਹਰਬਲ ਅਤੇ ਫਲਾਂ ਦੇ ਪੌਦੇ ਲਗਾਏ

ਲੁਧਿਆਣਾ,16 ਜੁਲਾਈ( ਕਰਨੈਲ ਸਿੰਘ ਐੱਮ ਏ ) ਨੇਚਰ ਫਰੈਂਡ ਗਰੁੱਪ ਵੱਲੋਂ ਜੀ ਕੇ ਇਸਟੇਟ ਭਾਮੀਆਂ ਖੁਰਦ ਵਿਖੇ ਅੱਜ 100 ਦੇ ਕਰੀਬ ਹਰਬਲ ਅਤੇ ਫਲਾਂ ਦੇ ਪੌਦੇ ਲਗਾਏ ਗਏ । ਜੀ ਕੇ ਨਿਵਾਸੀਆਂ ਵੱਲੋਂ ਨੇਚਰ ਗਰੁੱਪ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਡਾ: ਅੰਮ੍ਰਿਤਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਕਿਉਕਿ ਇਨਸਾਨ ਦੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਪੌਦੇ ਪੂਰੀਆਂ ਕਰਦੇ ਹਨ ਅਤੇ ਆਖਰੀ ਸਮੇਂ ਤੇ ਲੱਕੜੀ ਨਾਲ ਹੀ ਮੁਕਤੀ ਹੁੰਦੀ ਹੈ ।ਇਸ ਮੌਕੇ ਰਾਜ ਕੁਮਾਰ ,ਟੀ ਐਨ ਆਰ ਰਮੇਸ਼ ,ਜਤਿੰਦਰ ਦੁਗਲ ,ਰਿਸ਼ੀ ਢੀਂਗਰਾ ,ਨਵਨੀਤ ਸ਼ਰਮਾ ,ਓਬਰਾਏ ਸਾਹਬ, ਹਰੀਸ਼ ਪਲਟਾ, ਸੰਜੇ ਸੈਨੀ, ਅਮਿਤ ਪਾਲ ,ਨਵੀਨ ਸਬਰਵਾਲ, ਜਸਵਿੰਦਰ ਸਿੰਘ ਪਿੰਟੂ ਜੀ ਅਤੇ ਸੁਰਿੰਦਰ ਕੁਮਰ ਜੀ ਹਾਜ਼ਰ ਸਨ।

ਪਮਾਲੀ ਪਿੰਡ ਚ  ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਕਰਾਰਾ ਝਟਕਾ , ਵੱਡੀ ਗਿਣਤੀ ਲੋਕ ਆਪ ਚ ਹੋਏ ਸ਼ਾਮਲ

55 ਪਰਿਵਾਰਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਜਰੂਰ ਦਿੱਤਾ ਜਾਵੇਗਾ—ਕੰਗ
ਮੁੱਲਾਂਪੁਰ ਦਾਖਾ,13 ਜੁਲਾਈ (ਸਤਵਿੰਦਰ ਸਿੰਘ ਗਿੱਲ)
ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਪਮਾਲੀ  ਵਿੱਚ ਬੀਤੇ ਦਿਨੀਂ ਅਜਿਹਾ ਸੱਪ ਨਿਕਲਿਆ ਕਿ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਹਲਕਾ ਦਾਖਾ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਕੇ ਐਨ ਐਸ ਕੰਗ ਦੀ ਅਗਵਾਈ ਤੇ ਪ੍ਰਧਾਨ ਜਗਦੀਪ ਸਿੰਘ ਪਮਾਲੀ ਦੀ ਅਗਵਾਈ ਵਿੱਚ  ਨੰਬਰਦਾਰ ਗੁਰਮੀਤ ਸਿੰਘ, ਬੁਲੰਦ ਸਿੰਘ, ਸਿਮਰਨ ਸਿੰਘ ,ਨੰਬਰਦਾਰ ਰਣਜੀਤ ਸਿੰਘ ਗੁਰੂਦਵਾਰਾ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ,ਸੁਖਦੇਵ ਸਿੰਘ , ਭਗਵਾਨ ਸਿੰਘ, ਕੇਸਰ ਸਿੰਘ, ਸੁਖਵੀਰ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ, ਨਿਰਪਾਲ ਸਿੰਘ ਵਿੱਕੀ ਪਾਮਲੀ, ਗੁਰਦੀਪ ਸਿੰਘ, ਹਰਬੰਸ ਸਿੰਘ ਮਨਪ੍ਰੀਤ ਸਿੰਘ, ਰਾਮੇਸ਼ ਕੁਮਾਰ, ਨਰਿੰਦਰ ਸਿੰਘ, ਗੈਵੀ ਪਮਾਲੀ,ਮਨਜੀਤ ਸਿੰਘ ਆਦਿ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿਤਾ।ਇਹਨਾ ਆਗੂਆਂ ਨੂੰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੇ ਡਾਕਟਰ ਕੇ ਐਨ ਐਸ ਕੰਗ ਵਲੋਂ ਨਿੱਘਾ ਸੁਆਗਤ ਕੀਤਾ ਗਿਆ ਅਤੇ ਡਾਕਟਰ ਕੰਗ ਨੇ ਇਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਭ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਵਿਚ ਸਭ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ । ਡਾਕਟਰ ਕੰਗ ਨੇ ਇਸ ਮੌਕੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਵਿਚ ਵੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਡਾਕਟਰ ਕੇ ਐਨ ਐਸ ਕੰਗ ਦੇ ਨਾਲ ਸਰਕਲ ਪ੍ਰਧਾਨ ਨਵਦੀਪ ਸਿੰਘ ਪਮਾਲ, ਸੋਨੀ ਪਾਮਲ, ਨਰਦੀਪ ਸਿੰਘ,ਜਸਵੰਤ ਸਿੰਘ, ਸੁਖਵਿੰਦਰ ਸਿੰਘ ਖਾਲਸਾ, ਹਰਦੀਪ ਸਿੰਘ,ਸਿਮਰਨਜੀਤ ਸਿੰਘ,ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ

ਮੁੱਲਾਂਪੁਰ ਤੋ ਹੜ ਪੀੜਤਾ ਦੇ ਲਈ ਸਮੱਗਰੀ ਭੇਜੀ

ਮੁੱਲਾਂਪੁਰ ਦਾਖਾ 13 ਜੁਲਾਈ (ਸਤਵਿੰਦਰ ਸਿੰਘ ਗਿੱਲ) ਕੁਦਰਤੀ ਆਫਤ  ਹੜਾ ਦੀ ਮਾਰ ਹੇਠ ਇਲਾਕਿਆ ਵਿਚ  ਹੜ ਪ੍ਰਭਾਵਿਤ ਲੋਕਾ ਦੀ ਮੱਦਦ  ਲਈ ਜਿੱਥੇ  ਪ੍ਰਸ਼ਾਸਨ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਅਤੇ ਹੋਰ ਸਮਾਜ ਸੇਵੀ ਸੰਸਥਾਵਾ ਰਾਹਤ ਕਾਰਜਾ ਵਿੱਚ ਲੱਗੀਆ ਹੋਈਆ ਹਨ,ਉਥੇ ਹੀ ਇਸ  ਮੁਸੀਬਤ ਵਿੱਚ ਫਸੇ ਲੋਕਾ ਦੇ ਲਈ ਪਿੰਡਾ ਸ਼ਹਿਰਾ ਦੇ ਲੋਕ ਵੀ ਆਪ ਮੁਹਾਰੇ ਹੜ ਪ੍ਰਭਾਵਿਤ ਲੋਕਾ ਦੀ ਮੱਦਦ ਦੇ ਲਈ ਅੱਗੇ ਆ ਰਹੇ ਹਨ।  ਅੱਜ ਗੁਰਦੁਆਰਾ ਸ਼ਹੀਦ ਗੰਜ ਮੁਸ਼ਿਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਪਰਬੰਧਕਾ ਵੱਲੋ ਸੰਗਤ ਦੇ ਸਹਿਯੋਗ ਨਾਲ ਫਿਰੋਜ਼ਪੁਰ  ਨੇੜਲੇ ਇਲਾਕਿਆ  ਵਿੱਚ ਹੜਾ ਦੀ ਮਾਰ ਹੇਠ ਆਏ ਲੋਕਾ ਦੀ ਸਹਾਇਤਾ ਲਈ ਲੰਗਰ ਪ੍ਰਸ਼ਾਦਾ,ਪਾਣੀ ਹੋਰ ਸਮੱਗਰੀ ਭੇਜੀ ਗਈ। ਇਸ ਸਮੇ ਗੁਰਦਵਾਰਾ  ਸ਼ਹੀਦ ਗੰਜ ਮੁਸ਼ਕਿਆਣਾ ਸਾਹਿਬ ਦੇ ਪਰਬੰਧਕੀ ਪ੍ਰਧਾਨ  ਸੁਰਿੰਦਰ ਸਿੰਘ  ਨੇ ਆਖਿਆ ਕਿ ਕੁਦਰਤੀ ਆਫਤ  ਮੁਸੀਬਤ ਦੀ ਘੜੀ ਆਪਣਾ ਇਕਲਾਖੀ ਫਰਜ ਸਮਝਦਿਆ ਹਰ ਇੱਕ ਨੂੰ ਹੜ ਪ੍ਰਭਾਵਿਤ ਲੋਕਾ ਦੀ ਮੱਦਦ ਦੇ ਲਈ  ਅੱਗੇ ਆਉਣਾ ਚਾਹੀਦਾ ਹੈ।ਉਨਾ ਦੱਸਿਆ ਕਿ ਗੁਰਦੁਆਰਾ ਸ਼ਹੀਦ ਗੰਜ ਮੁਸ਼ਿਕਿਆਣਾ ਸਾਹਿਬ  ਵੱਲੋ  ਪਸ਼ੂਆ ਦੇ ਲਈ ਹਰਾ ਚਾਰਾ ਵੀ ਭੇਜਿਆ ਜਾਵੇਗਾ। ਇਸ ਸਮੇ ਉਹਨਾ ਦੇ ਨਾਲ ਗਿਆਨੀ ਸੁਰਿੰਦਰ ਪਾਲ  ਸਿੰਘ, ਬਾਬਾ ਬਖ਼ਸ਼ੀਸ਼ ਸਿੰਘ ,ਪ੍ਰਧਾਨ ਮੋਹਣ ਸਿੰਘ  ਕਾਲਾ,ਹਰਜੀਤ ਸਿੰਘ ਖਾਲਸਾ, ਭੁਪਿੰਦਰ ਸਿੰਘ, ਸੰਤੋਖ ਸਿੰਘ, ਜਸਵਿੰਦਰ ਸਿੰਘ ਵਿਰਕ, ਲਖਵੀਰ ਸਿੰਘ, ਪ੍ਰਭਜੋਤ ਸਿੰਘ  ਖਾਲਸਾ, ਮਨਰਾਜ ਸਿੰਘ,  ਜਸਵੀਰ ਸਿੰਘ ਖਾਲਸਾ, ਪ੍ਰਭਜੋਤ ਸਿੰਘ, ਹੋਰ ਮੋਜੂਦ ਸਨ।

ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ - ਡਿਪਟੀ ਕਮਿਸ਼ਨਰ

ਵਸਨੀਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਕਿਹਾ! ਘਬਰਾਉਣ ਦੀ ਲੋੜ ਨਹੀਂ, ਜ਼ਰੂਰੀ ਨਾ ਹੋਵੇ ਤਾਂ ਦਰਿਆ ਦੇ ਕੰਢਿਆਂ 'ਤੇ ਜਾਣ ਤੋਂ ਕੀਤਾ ਜਾਵੇ ਗੁਰੇਜ਼

ਲੁਧਿਆਣਾ, 09 ਜੁਲਾਈ -(ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ )- ਪੰਜਾਬ ਭਰ ਅਤੇ ਗੁਆਂਢੀ ਸੂਬਾ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਪਿਛਲੇ 2 ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਦੇ ਚੱਲਦਿਆਂ ਨਹਿਰਾਂ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵੱਧਿਆ ਹੈ ਅਤੇ ਪਾਣੀ ਦਾ ਵਹਾਅ ਵੀ ਤੇਜ਼ ਹੋ ਗਿਆ ਹੈ।ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਕਿਸੇ ਵੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨਗਰ ਨਿਗਮ ਲੁਧਿਆਣਾ ਅਤੇ ਐਕਸੀਅਨ ਡਰੇਨੇਜ ਦੀਆਂ ਟੀਮਾਂ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ ਕਿ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ। ਰੋਪੜ ਹੈੱਡਵਰਕਸ ਤੋਂ ਪਾਣੀ ਛੱਡਿਆ ਗਿਆ ਹੈ ਜੋ ਦੁਪਹਿਰ ਤੱਕ ਲੁਧਿਆਣਾ ਸਤਲੁਜ ਵਿੱਚ ਪਹੁੰਚ ਜਾਵੇਗਾ। ਨੇੜਲੀਆਂ ਪੰਚਾਇਤਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਦਰਿਆਵਾਂ ਦੇ ਕੰਢਿਆਂ 'ਤੇ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਬੁੱਢਾ ਦਰਿਆ ਵਿੱਚ ਵਹਾਅ ਦੇ ਪੱਧਰ ਵਿੱਚ ਵਾਧਾ ਹੋਣ ਕਾਰਨ, ਦਰਿਆ ਦੇ ਕਿਨਾਰੇ ਨੀਵੇਂ ਇਲਾਕਿਆਂ ਅਤੇ ਘਰਾਂ/ਝੁੱਗੀਆਂ ਵਿੱਚ ਵਿਸ਼ੇਸ਼ ਤੌਰ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਸਾਰੀਆਂ ਟੀਮਾਂ ਮੁਸਤੈਦ ਹਨ; ਸਾਰੇ ਮਾਲ ਕਰਮਚਾਰੀ ਮੁਨਾਦੀ ਕਰਵਾ ਰਹੇ ਹਨ ਅਤੇ ਲੋੜ ਪੈਣ 'ਤੇ ਰਾਹਤ ਕੈਂਪਾਂ ਲਈ ਸੁਰੱਖਿਅਤ ਥਾਵਾਂ ਦੀ ਚੋਣ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਲੋੜ ਪੈਣ 'ਤੇ ਤੁਰੰਤ ਮਦਦ ਲਈ ਗੈਰ ਸਰਕਾਰੀ ਸੰਗਠਨਾਂ/ਉਦਯੋਗਿਕ ਐਸੋਸੀਏਸ਼ਨਾਂ/ਗੁਰਦੁਆਰਿਆਂ ਨਾਲ ਵੀ ਰਾਬਤਾ ਕਰ ਰਿਹਾ ਹੈ।ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵਲੋਂ ਸਾਰੀਆਂ ਰਾਹਤ ਏਜੰਸੀਆਂ ਨਾਲ ਤਾਲਮੇਲ ਕੀਤਾ ਗਿਆ ਹੈ ਜਿਸਦੇ ਤਹਿਤ ਐਨ.ਡੀ.ਆਰ.ਐਫ. ਵਲੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆਂ (ਐਨ.ਐਚ.ਏ.ਆਈ.) ਅਤੇ ਪੀ.ਡਬਲਿਊ.ਡੀ. ਦੇ ਸਟਾਫ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਤਾਂ ਜੋ ਹੜ੍ਹ ਵਰਗੀ ਸਥਿਤੀ ਦੌਰਾਨ ਸੜ੍ਹਕਾਂ 'ਤੇ ਇਕੱਠਾ ਹੋਣ ਵਾਲੇ ਪਾਣੀ ਨਾਲ ਨਜਿੱਠਿਆ ਜਾ ਸਕੇ।

ਅਸਲ ਰੂਪ ਵਿਚ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇ

21 ਜੁਲਾਈ ਨੂੰ ਸਮੂਹਿਕ ਵਫ਼ਦ ਵੱਲੋ ਸੰਗਰੂਰ ਵਿਖੇ ਵਿੱਤ ਮੰਤਰੀ ਦੇ ਘਰ ਵੱਲ ਕੀਤਾ ਜਾਵੇਗਾ ਰੋਸ ਮਾਰਚ-ਗੁਰਜੰਟ ਸਿੰਘ ਕੋਕਰੀ ਕਲਾਂ

ਜਗਰਾਓਂ ,09 ਜੁਲਾਈ- (ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ, ਹਰਵਿੰਦਰ ਸਿੰਘ ਖੇਲਾ)-ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ 01-01-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨਾਲ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਮੁਲਾਜ਼ਮਾਂ ਉਪਰ ਨਵੀਂ ਕੰਟਰੀਬਿਊਟਰੀ ਪੈਨਸ਼ਨ ਸਕੀਮ ਰੱਦ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇਗੀ । ਪਰ ਪੰਜਾਬ ਸਰਕਾਰ ਵੱਲੋਂ ਲਗਭਗ ਸਵਾ ਸਾਲ ਪੂਰਾ ਹੋਣ ਤੋਂ ਬਾਅਦ ਵੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ। ਇਸ ਸਬੰਧੀ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ  ਮੋਰਚੇ ਦੇ ਸੂਬਾਈ ਕਨਵੀਨਰ ਗੁਰਜੰਟ ਸਿੰਘ ਕੋਕਰੀ ਕਲਾਂ,  ਕੋ-ਕਨਵੀਨਰ ਰਣਦੀਪ ਸਿੰਘ ਸ੍ਰੀ ਫ਼ਤਹਿਗੜ੍ਹ ਸਾਹਿਬ, ਟਹਿਲ ਸਿੰਘ ਸਰਾਭਾ, ਚਰਨ ਸਰਾਭਾ, ਪ੍ਰਵੀਨ ਕੁਮਾਰ,  ਸੁਰਿੰਦਰ ਸਿੰਘ ਮੋਗਾ ਨੇ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਮੋਗਾ ਵਿਖੇ ਮੀਟਿੰਗ ਕਰਕੇ ਸਾਂਝਾ ਪ੍ਰੈਸ ਨੋਟ ਜਾਰੀ ਕਰਦੇ ਹੋਏ , ਪੰਜਾਬ  ਸਰਕਾਰ ਦੇ  ਪੁਰਾਣੀ ਪੈਨਸ਼ਨ  ਸਕੀਮ ਬਹਾਲ ਕਰਨ ਸਬੰਧੀ 18 ਨਵੰਬਰ  2022 ਨੂੰ ਜਾਰੀ ਕੀਤੇ  ਨੋਟੀਫਿਕੇਸ਼ਨ ਨੂੰ ਅਧੂਰਾ ਨੋਟੀਫਿਕੇਸ਼ਨ ਕਰਾਰ ਦਿੱਤਾ ਗਿਆ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਹੋਰ ਰਾਜਾਂ ਵਿਚ ਭੇਜੀਆ ਕਮੇਟੀਆਂ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਮਸਲੇ ਨੂੰ ਹੋਰ ਉਲਝਾਉਣ ਦੀ ਬਜਾਏ 1 ਜਨਵਰੀ  2004 ਤੋਂ ਪਹਿਲਾਂ ਭਰਤੀ  ਮੁਲਾਜ਼ਮਾਂ ਲਈ ਲਾਗੂ  ਪੁਰਾਣੀ ਪੈਨਸ਼ਨ ਸਕੀਮ ਅਤੇ 1972 ਦੇ ਪੈਨਸ਼ਨ ਨਿਯਮ ਅਨੁਸਾਰ ਇੰਨ ਬ਼ਿੰਨ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।   ਇਹ ਮੰਗ ਵੀ ਕੀਤੀ ਗਈ ਕਿ ਤਤਕਾਲ ਸਮੇਂ ਤੋਂ ਹੀ ਐਨ .ਪੀ. ਐਸ.  ਮੁਲਾਜ਼ਮਾਂ ਦੇ ਜੀ.ਪੀ.ਐਫ.ਨੰਬਰ / ਖਾਤੇ ਅਲਾਟ ਕੀਤੇ ਜਾਣ ਤੇ ਮੁਲਾਜ਼ਮਾਂ ਦੀ 10% ਕੰਟਰੀਬਿਊਸ਼ਨ ਬੰਦ ਕਰਕੇ ਜੀ.ਪੀ.ਐਫ. ਕਟੋਤੀ ਸ਼ੁਰੂ ਕੀਤੀ  ਜਾਵੇ |   ਮੋਰਚੇ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਕੇਵਲ ਇਕ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਗਿਆ ਹੈ| ਜਿਸ ਅਨੁਸਾਰ ਪੰਜਾਬ ਵਿਚ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਗਈ ਹੈ ਪਰ ਪੰਜਾਬ ਵਿੱਚ 01-01-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵਿਚੋਂ ਹਾਲੇ ਤਕ  ਇੱਕ ਵੀ ਮੁਲਾਜ਼ਮ ਜੀਪੀਐਫ ਖਾਤਾ ਨਹੀ ਖੋਲ੍ਹਿਆ ਗਿਆ ਅਤੇ  ਹੁਣੇ-ਹੁਣੇ ਪੰਜਾਬ ਸਰਕਾਰ ਵੱਲੋਂ ਭਰਤੀ ਕੀਤੇ ਗਏ ਮੁਲਾਜ਼ਮਾਂ ਉੱਪਰ ਵੀ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਜਾ ਰਹੀ ਹੈ| ਜਿਸ ਨਾਲ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਵੱਧ ਗਿਆ ਹੈ| ਆਗੂਆਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀਂ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਬਜਾਏ ਨਵੀਆਂ ਨਵੀਆਂ ਕਮੇਟੀਆਂ ਬਣਾ ਕੇ ਇਸ ਕੰਮ ਨੂੰ ਹੋਰ ਲਮਕਾਇਆ ਜਾ ਰਿਹਾ ਹੈ। ਜਿਸ ਨਾਲ ਪੰਜਾਬ ਸਰਕਾਰ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨ ਦੀ ਮਨਸ਼ਾ ਸਪਸ਼ਟ ਹੋ ਰਹੀ ਹੈ । ਵਿੱਤ ਮੰਤਰੀ ਵੱਲੋਂ ਨਵਾਂ ਪੈਨਸ਼ਨ ਮਾਡਲ ਤਿਆਰ ਕਰਨ ਦਾ ਬਿਆਨ ਵੀ ਮੁਲਾਜ਼ਮ ਪੱਖੀ ਨਾ ਹੋ ਕੇ, ਸਰਮਾਏਦਾਰੀ ਪੱਖੀ ਹੈ । ਪੰਜਾਬ ਦੇ ਮੁਲਾਜ਼ਮ ਦਾ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਵਲੋਂ 17 ਅਗਸਤ 2022  ਸ. ਹਰਪਾਲ ਸਿੰਘ ਚੀਮਾ ਵਿੱਤ ਮੰਤਰੀ  ਨਾਲ ਪੈਨਲ ਮੀਟਿੰਗ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਤੱਥਾਂ ਅਤੇ ਦਸਤਾਵੇਜ਼ਾਂ ਸਮੇਤ ਮੰਗ ਪੱਤਰ ਦਿੱਤਾ ਸੀ ਅਤੇ ਵਿੱਤ ਮੰਤਰੀ ਵੱਲੋਂ ਹਾਂ ਪੱਖੀ ਹੁੰਘਾਰਾ ਭਰਦੇ ਹੋਏ , 6 ਮਹੀਨਿਆਂ ਵਿਚ ਪੁਰਾਣੀ ਪੈਨਸ਼ਨ ਸਕੀਮ ਇਨ ਬਿਨ ਲਾਗੂ ਕਰਨ ਦਾ ਵਾਅਦਾ ਕੀਤਾ ਸੀ । ਇਸ ਤੋਂ ਇਲਾਵਾ ਰਾਜਸਥਾਨ, ਛੱਤੀਸਗੜ੍ਹ, ਝਾਰਖੰਡ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਕਾਰਾਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਗਈ ਹੈ।  ਆਗੂਆਂ ਵੱਲੋਂ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਵੱਲ 21 ਜੁਲਾਈ 2023 ਨੂੰ ਮੋਰਚੇ ਦੇ ਸਮੂਹਿਕ ਵਫ਼ਦ ਵੱਲੋਂ ਕਾਲੇ ਚੋਲੇ ਪਾ ਕੇ ਇੰਨ ਬਿੰਨ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਪੂਰਾ ਨਾ ਕਰਨ ਦੇ ਰੋਸ ਵਜੋਂ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ ।

ਪਿੰਗਲਵਾੜਾ ਪਰਿਵਾਰ ਦੀ 66ਵੀਂ ਲੜਕੀ ਦਾ ਅਨੰਦ ਕਾਰਜ ਡਾ. ਇੰਦਰਜੀਤ ਕੌਰ ਸਮੇਤ ਸਮੂੰਹ ਮੈਂਬਰਾਂ ਵਲੋਂ ਆਸ਼ੀਰਵਾਦ

 

ਲੁਧਿਆਣਾ, 9 ਜੁਲਾਈ, (ਕਰਨੈਲ ਸਿੰਘ ਐਮ.ਏ.)- ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੁੱਖ ਦਫਤਰ ਦੇ ਵਿਹੜੇ ਵਿਚ ਪਿੰਗਲਵਾੜਾ ਪਰਿਵਾਰ ਦੀ ਲੜਕੀ ਕੁਲਦੀਪ ਕੌਰ ਦਾ ਆਨੰਦ ਕਾਰਜ ਸ. ਬਰਜਿੰਦਰ ਸਿੰਘ, ਸਪੁੱਤਰ ਸ੍ਰ. ਹਰਦੀਪ ਸਿੰਘ ਵਾਸੀ ਜਵੰਦਪੁਰ, ਮਿਆਂਵਿੰਡ, ਤਰਨਤਾਰਨ ਨਾਲ ਮਿਤੀ 09 ਜੁਲਾਈ, 2023 ਨੂੰ ਗੁਰਦੁਆਰਾ ਸਾਹਿਬ ਮੁੱਖ ਦਫਤਰ ਪਿੰਗਲਵਾੜਾ ਵਿਖੇ ਹੋਇਆ ਹੈ । ਇਹ ਪਿੰਗਲਵਾੜਾ ਪਰਿਵਾਰ ਦੀ 66ਵੀਂ ਲੜਕੀ ਦਾ ਆਨੰਦ ਕਾਰਜ ਹੈ। ਇਸ ਸ਼ੁਭ ਮੌਕੇ ’ਤੇ ਪਿੰਗਲਵਾੜਾ ਦੇ ਮੁੱਖ ਦਫ਼ਤਰ ਦਾ ਵਿਹੜਾ ਖ਼ੁਸ਼ੀਆਂ ਅਤੇ ਖੇੜਿਆਂ ਨਾਲ ਭਰਿਆ ਪਿਆ ਸੀ। ਇਸ ਖੁਸ਼ੀ ਦੇ ਮੌਕੇ ਸਮੂਹ ਵਾਰਡਾਂ ਦੇ ਇੰਚਾਰਜ, ਸਕੂਲਾਂ ਦੇ ਪ੍ਰਿੰਸੀਪਲ, ਹੋਸਟਲ ਦੇ ਲੜਕੇ, ਲੜਕੀਆਂ ਅਤੇ ਭਾਰੀ ਗਿਣਤੀ ਵਿੱਚ ਮਰੀਜ਼ ਵੀ ਇਸ ਖੁਸ਼ੀ ਵਿੱਚ ਸ਼ਾਮਲ ਹੋਏ। ਜੋੜੀ ਨੂੰ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਆਨਰੇਰੀ ਸੱਕਤਰ ਮੁਖਤਾਰ ਸਿੰਘ ਗੋਰਾਇਆ, ਸ੍ਰ. ਰਾਜਬੀਰ ਸਿੰਘ ਮੈਂਬਰ, ਡਾ.ਕਰਨਜੀਤ ਸਿੰਘ ਸਾਬਕਾ ਡਾਇਰੈਕਟਰ, ਸਿਹਤ ਸੇਵਾਵਾਂ, ਪੰਜਾਬ, ਬੀਬੀ ਜਗੀਰ ਕੌਰ ਸਮਾਜ ਸੇਵਿਕਾ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰ. ਪਰਮਿੰਦਰਜੀਤ ਸਿੰਘ ਭੱਟੀ ਸਹਿ ਪ੍ਰਸ਼ਾਸ਼ਕ, ਸਰਦਾਰਨੀ ਸੁਰਿੰਦਰ ਕੌਰ ਭੱਟੀ, ਸ੍ਰ. ਬਖਸ਼ੀਸ਼ ਸਿੰਘ ਪ੍ਰਸ਼ਾਸ਼ਕ ਮਾਨਾਂਵਾਲਾ, ਸਰਦਾਰਨੀ ਹਰਮਿੰਦਰ ਕੌਰ, ਸ੍ਰ.ਜੈ ਸਿੰਘ ਸਹਿ ਪ੍ਰਸ਼ਾਸਕ ਮਾਨਾਂਵਾਲਾ, ਤਿਲਕ ਰਾਜ ਜਨਰਲ ਮੈਨੇਜਰ,  ਗੁਲਸ਼ੰਨ ਰੰਜਨ ਮੈਡੀਕਲ ਸੋਸ਼ਲ ਵਰਕਰ, ਸ੍ਰ. ਹਰਪਾਲ ਸਿੰਘ ਸੰਧੂ ਕੇਅਰ ਟੇਕਰ, ਸ੍ਰ. ਨਰਿੰਦਰਪਾਲ ਸਿੰਘ ਸੋਹਲ, ਸ੍ਰ. ਹਰਪਾਲ ਸਿੰਘ ਮੈਡੀਕਲ ਸ਼ੋਸ਼ਲ ਵਰਕਰ ਪਲਸੋਰਾ  ਬਰਾਂਚ, ਚੰਡੀਗੜ੍ਹ, ਸ੍ਰੀ ਹਰੀਸ਼ ਚੰਦਰ ਗੁਲਾਟੀ ਆਨਰੇਰੀ ਸੇਵਾਦਾਰ, ਪਲਸੋਰਾ ਬਰਾਂਚ, ਚੰਡੀਗੜ,ਅਤੇ ਹੋਰ ਸਖ਼ਸ਼ੀਅਤਾਂ ਨੇ ਆਸ਼ੀਰਵਾਦ ਦਿੱਤਾ।

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਮੀਰੀ ਪੀਰੀ  ਦਿਵਸ ਨੂੰ ਸਮਰਪਿਤ  ਕੀਰਤਨ ਸਮਾਗਮ ਆਯੋਜਿਤ

ਲੁਧਿਆਣਾ, 25 ਜੂਨ  (  ਕਰਨੈਲ ਸਿੰਘ ਐੱਮ ਏ  )  ਉੱਚੇ ਆਦਰਸ਼ਾਂ ਦੇ ਧਾਰਨੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ 'ਤੇ ਸ਼ਕਤੀ ਦੇ ਸੰਕਲਪ ਨੂੰ ਸਿਧਾਂਤਕ ਤੌਰ ਤੇ ਪ੍ਰਵਾਨ ਕਰਦਿਆਂ ਮੀਰੀ ਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਧਾਰਨ ਕਰ ਕੇ ਇੱਕ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ,  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਬਲਜੀਤ ਕੌਰ ਤਲਵਾੜੇ ਵਾਲਿਆਂ ਨੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਹਫ਼ਤਾਵਰੀ ਕੀਰਤਨ ਸਮਾਗਮ ਅੰਦਰ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ। ਇਸ ਦੌਰਾਨ  ਬੀਬੀ ਬਲਜੀਤ ਕੌਰ ਖਾਲਸਾ ਤਲਵਾੜੇ ਵਾਲੇ ਅਤੇ ਬੀਬੀ ਜਸਪ੍ਰੀਤ ਕੌਰ ਮੱਕੜ ਲੁਧਿਆਣੇ ਵਾਲਿਆਂ ਦੇ ਕੀਰਤਨੀ ਜੱਥਿਆਂ ਨੇ ਗੁਰੂ ਸਾਹਿਬਾਂ ਵੱਲੋਂ ਉਚਰੀ ਇਲਾਹੀ  ਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਉਥੇ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ  ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਫਲਾਸਫੀ  ਸਮੁੱਚੀ ਲੋਕਾਈ ਨੂੰ ਨਿਰਭਉ ਤੇ ਨਿਰਵੈਰ ਹੋਣ ਦੀ ਪ੍ਰੇਣਾ ਦਿੰਦੀ ਹੈ।ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋ ਬਖਸ਼ੇ  ਭਗਤੀ ਤੇ ਸ਼ਕਤੀ ਦੇ ਸੰਕਲਪ  ਤੋਂ ਸੇਧ ਲੈ ਕੇ ਬਾਣੀ ਤੇ ਬਾਣੇ ਦੀ ਧਾਰਨੀ ਬਣੇ । ਸਮਾਗਮ ਦੀ ਸਮਾਪਤੀ ਮੌਕੇ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੱਲੋ ਸਾਂਝੇ ਰੂਪ ਵਿੱਚ ਕੀਰਤਨੀ ਜੱਥਿਆਂ ਦੇ ਮੈਬਰਾਂ ਨੂੰ ਸਿਰਪਾਓ ਬਖਸ਼ਿਸ ਕਰਕੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ।ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਨੇ ਕਿਹਾ ਕਿ ਸਵ: ਜੱਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਹਫ਼ਤਾਵਰੀ ਕੀਰਤਨ ਸਮਾਗਮ ਦੀ ਲੜੀ ਸੰਗਤਾਂ ਦੇ ਲਈ ਪ੍ਰੇਣਾ ਦਾ ਸਰੋਤ ਬਣ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਅਗਲੇ ਹਫ਼ਤਾਵਾਰੀ ਸਮਾਗਮ ਵਿੱਚ ਭਾਈ ਹਰਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆ ਦਾ ਕੀਰਤਨੀ ਜੱਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕਰੇਗਾ ।   ਕੀਰਤਨ ਸਮਾਗਮ ਅੰਦਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ ਸ.ਕਰਨੈਲ ਸਿੰਘ ਬੇਦੀ, ਪ੍ਰਿਤਪਾਲਸਿੰਘ,ਸ..ਬਲਬੀਰ ਸਿੰਘ ਭਾਟੀਆ ,ਐਡਵੋਕੇਟ ਅਮਰਜੀਤ ਸਿੰਘ ਅਰੋੜਾ,ਸੁਰਿੰਦਰਪਾਲ ਸਿੰਘ ਭੁਟਿਆਨੀ, ਹਰਪਾਲ ਸਿੰਘ ਖਾਲਸਾ, ਜਗਪ੍ਰੀਤ ਸਿੰਘ ਮੱਕੜ,ਮਨਜੀਤ ਸਿੰਘ ,ਤਰਲੋਚਨ ਸਿੰਘ ਸਾਂਬਰ,ਰਵਿੰਦਰ ਸਿੰਘ ਕੈਰੀ,ਆਗਿਆਪਾਲ ਸਿੰਘ ਚਾਵਲਾ,ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਜੁਗਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ, ਏ.ਪੀ ਸਿੰਘ ਅਰੋੜਾ ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ, ਮਨਜੀਤ ਸਿੰਘ ਟੋਨੀ, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

 

 ਸੁਸਾਇਟੀ ਵੱਲੋ ਬੇਸਹਾਰਾ ਇਸਤਰੀਆਂ ਨੂੰ ਵੰਡੀਆਂ ਗਈਆਂ ਰਾਸ਼ਨ ਦੀਆਂ ਕਿੱਟਾਂ

ਲੁਧਿਆਣਾ, 25 ਜੂਨ (  ਕਰਨੈਲ ਸਿੰਘ ਐੱਮ ਏ  ) ਮੁਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਸ਼੍ਰੀ ਕੀਰਤਨ ਸੇਵਾ ਸੁਸਾਇਟੀ (ਰਜਿ.) ਦੇ ਵੱਲੋ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਬੇਸਹਾਰਾ ਇਸਤਰੀਆਂ ਦੀ ਮਦੱਦ ਕਰਨ ਦਾ ਚੱਲ ਰਿਹਾ ਕਾਰਜ ਇੱਕ ਵੱਡਾ ਸੇਵਾ ਕਾਰਜ ਹੈ।ਜਿਸ ਨੂੰ ਸਫਲ ਬਣਾਉਣ ਲਈ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਸਰਪ੍ਰਸਤ ਮਾਸਟਰ ਤਰਲੋਚਨ ਸਿੰਘ ਤੇ ਮੁੱਖ ਸੇਵਾਦਾਰ ਸ.ਪ੍ਰੇਮ ਸਿੰਘ ਨੇ ਸਾਂਝੇ ਤੌਰ ਤੇ  ਅੱਜ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਥਿਤ ਸ਼੍ਰੀ ਕੀਰਤਨ ਸੇਵਾ ਸੁਸਾਇਟੀ ਦੇ ਦਫਤਰ ਵਿਖੇ ਲੋੜਵੰਦ ਵਿਧਵਾਵਾਂ ਨੂੰ ਸੁੱਕਾ ਰਾਸ਼ਨ ਵੰਡਣ ਉਪਰੰਤ ਗੱਲਬਾਤ ਕਰਦਿਆਂ ਹੋਇਆ ਕੀਤਾ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਗੁਰੂ ਸਹਿਬਾਨ ਵੱਲੌਂ ਬਖਸ਼ੇ ਸੇਵਾ ਸਕੰਲਪ ਤੇ ਪਹਿਰਾ ਦੇ ਕੇ ਮੁਨੱਖਤਾ ਦੀ ਸੇਵਾ ਕਰਨਾ ਸਭ ਤੋਂ ਉੱਤਮ  ਸੇਵਾ ਹੈ। ਇਸੇ ਸੇਵਾ ਮਿਸ਼ਨ ਤੇ ਚੱਲਦਿਆਂ ਸਤਿਗੁਰੂ ਦੀ ਆਪਾਰ ਬਖਸ਼ਿਸ਼ ਸਦਕਾ ਸ਼੍ਰੀ ਕੀਰਤਨ ਸੇਵਾ ਸੁਸਾਇਟੀ (ਰਜਿ.) ਪਿਛਲੇ ਕਈ ਸਾਲਾਂ ਤੋਂ ਨਿਸ਼ਕਾਮ ਰੂਪ ਵਿੱਚ ਮੁਨੱਖੀ ਭਲਾਈ ਕਾਰਜਾਂ ਵਿੱਚ ਜੁੱਟੀ ਹੋਈ ਹੈ। ਜਿਸ ਦੇ ਅੰਤਰਗਤ ਸੁਸਾਇਟੀ ਵੱਲੋਂ ਜਿੱਥੇ ਲੋਕਾਂ ਨੂੰ ਫਰੀ ਮੈਡੀਕਲ ਸੇਵਾਵਾਂ ਦਿੱਤੀਆਂ ਜ਼ਾਦੀਆਂ ਹਨ, ਉੱਥੇ ਨਾਲ ਹੀ ਅੱਖਾਂ ਦੇ ਫਰੀ ਚੈਕਅੱਪ ਕੈਪ ਮਰੀਜ਼ਾਂ ਲਈ ਲਗਾਏ ਜਾਂਦੇ ਹਨ। ਇਸ ਤੋ ਇਲਾਵਾ ਲੌੜਵੰਦ ਵਿਧਵਾਵਾਂ ਦੀ ਮੱਦਦ ਕਰਨ ਹਿੱਤ ਉਨ੍ਹਾਂ ਨੂੰ ਸੁਸਾਇਟੀ ਵੱਲੋਂ ਹਰ ਮਹੀਨੇ ਨਿਸ਼ਕਾਮ ਰੂਪ ਵਿੱਚ ਰਾਸ਼ਨ ਵੀ ਵੰਡਿਆ ਜਾਂਦਾ ਹੈ। ਇਸ ਮੌਕੇ ਸੁਸਾਇਟੀ ਦੀ  ਰਾਸ਼ਨ ਵੰਡ ਇੰਨਚਾਰਜ ਬੀਬੀ ਬਲਦੇਵ ਕੌਰ ਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਵਿਧਵਾਵਾਂ ਦੀ ਮੱਦਦ ਕਰਨ ਦੇ ਮਨੋਰਥ ਨਾਲ ਪਿਛਲੇ ਲੰਬੇ ਸਮੇਂ ਤੋਂ ਚਲ ਰਹੀ ਸੇਵਾ ਨੂੰ ਨਿਰੰਤਰ ਜਾਰੀ ਜਾਰੀ ਰੱਖਣ ਲਈ ਸੁਸਾਇਟੀ ਦੇ ਸਮੂਹ ਮੈਬਰਾਂ ਵੱਲੋਂ ਆਪਣਾ ਬਣਦਾ ਯੋਗਦਾਨ  ਸੇਵਾ ਕਾਰਜਾਂ ਵਿੱਚ ਪਾਇਆ  ਜਾ ਰਿਹਾ ਹੈ।ਅੱਜ ਅਸੀਂ 30 ਦੇ ਕਰੀਬ ਲੋੜਵੰਦ ਵਿਧਵਾਵਾਂ ਦੀ ਮੱਦਦ ਕਰਦਿਆਂ ਉਨ੍ਹਾਂ ਨੂੰ ਨਿਸ਼ਕਾਮ ਰੂਪ ਵਿੱਚ ਰਾਸ਼ਨ ਦੀਆਂ ਕਿੱਟਾਂ ਤਕਸੀਮ ਕੀਤੀਆਂ ਹਨ। ਇਸ ਸਮੇਂ ਉਹਨਾਂ ਦੇ ਨਾਲ ,ਸ.ਗੁਰਚਰਨ ਪਾਲ ਸਿੰਘ, ਮਹਿੰਦਰ ਸਿੰਘ ਛਤਵਾਲ, ਮਨਪ੍ਰੀਤ ਸਿੰਘ,ਅਜੀਤ ਸਿੰਘ ਬੱਤਰਾ, ਰਵਿੰਦਰ ਸਿੰਘ,ਹਰਪ੍ਰੀਤ ਸਿੰਘ ਛਾਬੜਾ, ਪ੍ਰਹਿਲਾਦ ਸਿੰਘ ,ਗੁਰਿੰਦਰ ਸਿੰਘ ਦੀਪ, ਰਮਨਜੋਤ ਸਿੰਘ ਸੋਨੂੰ ਆਦਿ ਹਾਜਰ ਸਨ।

ਹੈਲਥ ਐਂਡ ਵੈਲਨੇਸ ਸੈਂਟਰ ਕਲਸੀਆਂ ਵਿਖੇ ਐਂਟੀ ਮਲੇਰੀਆ ਮਹੀਨਾ ਮਨਾਇਆਂ  ਗਿਆ

ਰਾਏਕੋਟ, 25 ਜੂਨ( ਗੁਰਭਿੰਦਰ ਗੁਰੀ    ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ  ਐਸ ਐਮ ਓ ਸੁਧਾਰ ਦਵਿੰਦਰ ਸੰਧੂ ਦੀ ਅਗਵਾਈ ਹੇਠ ਹੈਲਥ ਐਂਡ ਵੈਲਨੈਸ ਸੈਂਟਰ ਕਲਸੀਆ ਵਿਖੇ ਐਂਟੀ ਮਲੇਰੀਆ ਮਹੀਨਾ ਮਨਾਇਆਂ  ਗਿਆ  ਇਸ ਮੌਕੇ ਹੈਲਥ ਇੰਸਪੈਕਟਰ ਕੁਲਵੰਤ ਸਿੰਘ ਤੇ ਸੀ ਐੱਚ ਓ ਹਰਪੀ੍ਤ ਕੌਰ  ਵੱਲੋਂ ਮਲੇਰੀਆ ਫੈਲਣ ਦਾ ਕਾਰਨ, ਲੱਛਣ ਅਤੇ ਬਚਾਅ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆਂ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਮਾਦਾ ਮੱਛਰ ਵਿਚ ਪਲਾਜ਼ਮੋਡੀਅਮ ਜੀਂਸ ਦਾ ਪ੍ਰੋਟੋਜੋਆ ਨਾਮਕ ਬੈਕਟੀਰੀਆ ਪਾਇਆ ਜਾਂਦਾ ਹੈ ਜੋ ਕਿ ਮੱਛਰ ਦੇ ਕੱਟਦੇ ਹੀ ਵਿਅਕਤੀ ਦੇ ਸਰੀਰ ਵਿੱਚ ਦਾਖਲ ਹੋ ਜਾਂਦਾ ਹੈ। ਇਹ ਬੈਕਟੀਰੀਆ ਜਿਗਰ ਅਤੇ ਖੂਨ ਦੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਅਤੇ ਵਿਅਕਤੀ ਨੂੰ ਬਿਮਾਰ ਬਣਾਉਂਦਾ ਹੈ। ਇਹ ਮੱਛਰ ਸਾਫ਼ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਹ ਸਵੇਰ ਅਤੇ ਰਾਤ ਵੇਲੇ ਕੱਟਦਾ ਹੈ। ਮਲੇਰੀਆ ਬੁਖਾਰ ਦੇ ਲੱਛਣ ਹਨ ਠੰਡ ਤੇ ਕਾਂਬੇ ਨਾਲ ਬੁਖਾਰ, ਉਲਟੀਆਂ, ਸਿਰ ਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ, ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਬੀਮਾਰੀ ਬਹੁਤ ਗੰਭੀਰ ਪ੍ਰਭਾਵ ਦਿਖਾ ਸਕਦੀ ਹੈ ਅਤੇ ਕਈ ਵਾਰ ਘਾਤਕ ਵੀ ਹੋ ਸਕਦੀ ਹੈ। ਟੈਂਕੀਆਂ, ਕੂਲਰਾਂ, ਗਮਲਿਆਂ, ਪੰਛੀਆਂ ਦੇ ਪੀਣ ਲਈ ਰੱਖੇ ਪਾਣੀ ਵਾਲੇ ਕਟੋਰੇ ਆਦਿ ਨੂੰ ਹਫ਼ਤੇ ਤੋਂ ਪਹਿਲਾਂ ਇਕ ਵਾਰ ਖਾਲੀ ਕਰਕੇ ਸੁਕਾਉਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਚਣ ਦੇ ਤਰੀਕੇ ਹਨ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ ਇਹਨਾਂ ਨੂੰ ਮਿੱਟੀ ਨਾਲ ਭਰ ਦਿਓ। ਛੱਪੜਾਂ ਚ ਖੜੇ ਪਾਣੀ ਵਿੱਚ ਹਫਤੇ ਵਿਚ ਇਕ ਵਾਰ ਕਾਲੇ ਤੇਲ ਦਾ ਛਿੜਕਾਅ ਜ਼ਰੂਰ ਕਰੋ। ਕੱਪੜੇ ਅਜਿਹੇ ਪਹਿਨੋ ਕਿ ਸ਼ਰੀਰ ਪੂਰੀ ਤਰਾਂ ਢੱਕਿਆ ਰਹੇ ਤਾਂ ਕਿ ਮੱਛਰ ਨਾ ਕੱਟ ਸਕੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਹਰ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਓ ।ਇਸ ਮੌਕੇ ਹਰਪ੍ਰੀਤ ਕੌਰ ਸੀ.ਐਚ.ਓ, ਜਸਵਿੰਦਰ ਸਿੰਘ ਮਲਟੀਪਰਪਜ ਹੈਲਥ ਵਰਕਰ,ਬਲਵਿੰਦਰ ਕੌਰ ਮਲਟੀਪਰਪਜ ਹੈਲਥ ਵਰਕਰ,ਆਸ਼ਾ ਫਸੀਲੀਟੇਟਰ,ਆਸ਼ਾ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।

ਸਿਵਲ ਹਸਪਤਾਲ 'ਚ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ

ਰਾਏਕੋਟ, 25 ਜੂਨ (ਗੁਰਭਿੰਦਰ ਗੁਰੀ ) ਸਥਾਨਕ ਸਿਵਲ ਹਸਪਤਾਲ ਵਿੱਚ ਚੱਲ ਰਹੇ ਨਸ਼ਾ ਛੁਡਾਊ ਸੈਂਟਰ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰਦੀਪ ਕੁਮਾਰ ਤੇ ਸੈਂਟਰ ਦੀ ਕੌਂਸਲਰ ਰੁਚਿਕਾ ਸ਼ਰਮਾਂ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਉਨਾਂ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਇੱਕ ਅਜਿਹੀ ਬਿਮਾਰੀ ਹੈ ਜਿਸ ਨਾਲ ਵਿਅਕਤੀ ਆਪਣੇ ਪਰਿਵਾਰ ਸਮੇਤ ਪੂਰੇ ਸਮਾਜ ਲਈ ਅਣਦੇਖ਼ਿਆ ਬਣ ਜਾਂਦਾ ਹੈ ਅਤੇ ਨਫ਼ਤਰ ਦਾ ਪਾਤਰ ਬਣਦਾ ਹੈ। ਉਨਾਂ ਕਿਹਾ ਕਿ ਮਜ਼ਬੂਤ ਇੱਛਾ ਸ਼ਕਤੀ ਅਤੇ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਓਐੱਸਟੀ ਸੈਂਟਰਾਂ ਵਿਚ ਲਗਾਤਾਰ ਦਵਾਈ ਖਾਣ ਨਾਲ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।  ਇਸ ਦੌਰਾਨ ਜਿੱਥੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਨਸ਼ਿਆਂ ਖਿਲਾਫ਼ ਆਪੋ ਆਪਣੇ ਵਿਚਾਰ ਪੇਸ਼ ਕੀਤੇ ਉੱਥੇ ਹੀ ਨਸ਼ਿਆਂ ਪ੍ਰਤੀ ਜਾਗਰੂਕ ਕਰਦੇ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਵੀ ਭਾਗ ਲਿਆ ਤੇ ਨੌਜਵਾਨਾਂ ਨੂੰ ਨਸ਼ਾ ਨਾਲ ਕਰਨ ਲਈ ਵੀ ਪੇ੍ਰਿਤ ਵੀ ਕੀਤਾ ਗਿਆ। ਇਸ ਮੌਕੇ ਡਾਕਟਰ ਸੰਦੀਪ ਕੁਮਾਰ, ਡਾਕਟਰ ਅਭਿਨਣ ਗੁਪਤਾ, ਦਲਵੀਰ ਸਿੰਘ, ਵੀਰਦਵਿੰਦਰ ਸਿੰਘ ਲੈਬਾਰਟਰੀ ਇੰਚਾਰਜ, ਕਰਮਜੀਤ ਸਿੰਘ ਤੋਂ ਇਲਾਵਾ ਹੋਰ ਵੀ ਹਸਪਤਾਲ ਦਾ ਸਟਾਫ ਹਾਜ਼ਰ ਸੀ।