You are here

ਲੁਧਿਆਣਾ

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਆਲਮੀ ਮਾਂ ਬੋਲੀ ਦਿਹਾੜੇ ਤੇ ਪੰਜਾਬੀ ਮਾਂ ਬੋਲੀ ਮੇਲਾ ਕਰਵਾਇਆ ਗਿਆ

  ਪੰਜਾਬੀ ਲੋਕ ਗਾਇਕ ਪੰਮੀ ਬਾਈ ਵਿਸ਼ੇਸ਼ ਮਹਿਮਾਨ ਵਜੋਂ ਮੇਲੇ ਚ ਪੁੱਜੇ

 ਲੁਧਿਆਣਾ , 23 ਫ਼ਰਵਰੀ ( ਗੁਰਭਿੰਦਰ ਗੁਰੀ ) ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ  ਅੰਤਰ-ਰਾਸ਼ਟਰੀ ਮਾਂ ਬੋਲੀ ਦਿਹਾੜੇ ਤੇ ਮੌਕੇ ਪੰਜਾਬੀ ਮਾਤ ਭਾਸ਼ਾ ਮੇਲਾ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਗਿਆ ਜਿਸ ਵਿਚ ਪੰਜਾਬ ਭਰ ਦੇ 20 ਕਾਲਜਾਂ ਦੇ ਦੋ ਸੌ ਤੋਂ ਵੱਧ  ਵਿਦਿਆਰਥੀਆਂ ਨੇ ਭਾਗ ਲਿਆ। ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਦਸਦਿਆਂ ਕਿਹਾ ਕਿ ਮਾਤ ਭਾਸ਼ਾ ਬੱਚੇ ਦੇ ਜੀਵਨ ਵਿਕਾਸ ਵਿਚ ਬਹੁਤ ਮਹੱਤਵਪੂਰਨ ਹਿੱਸਾ ਪਾਉਂਦੀ ਹੈ ਕਿਉਕਿ ਬੱਚਾ ਆਪਣੇ ਪਰਿਵਾਰ ਵਿਚ ਰਹਿੰਦਿਆਂ ਹੋਇਆਂ ਇਸੇ ਭਾਸ਼ਾ ਵਿਚ ਮਾਪਿਆਂ ਤੋਂ ਬਹੁਤ ਕੁਝ ਗ੍ਰਹਿਣ ਕਰਦਾ ਹੈ ਅਤੇ ਆਪਣੇ ਬਚਪਨ ਦੇੇ ਸਾਥੀਆਂ ਨਾਲ ਗੱਲ ਬਾਤ ਰਾਹੀਂ ਆਪਣੇ ਵਿਚਾਰਾਂ ਨੂੰ ਸਮਾਜ ਨਾਲ  ਸਾਂਝਾ ਕਰਦਾ ਹੈ। ਉਨ੍ਹਾਂ ਕਿਹਾ ਕਿ  ਪੰਜਾਬੀ ਮਾਤ ਭਾਸ਼ਾ ਮੇਲਾ ਕਾਲਜਾਂ ਦੇ ਵਿਦਿਆਰਥੀਆਂ ਵਿਚ ਸਾਹਿਤਕ ਮੁਕਾਬਲੇ ਕਰਵਾ ਕੇ ਉਨ੍ਹਾਂ ਦਰਮਿਆਨ ਸਭਿਆਚਾਰਕ ਸਾਂਝ ਨੂੰ ਵਧਾਉਣ ਦਾ ਯਤਨ ਕੀਤਾ ਜਾਂਦਾ ਹੈ। ਪੰਜਾਬੀ ਲੋਕ ਗਾਇਕ ਪੰਮੀ ਬਾਈ ਨੇ ਮਾਂ ਬੋਲੀ ਦੇ ਵਿਕਾਸ ਲਈ ਹੰਭਲਾ ਮਾਰਨ ਦੀ ਗੱਲ ਕਰਦਿਆਂ ਜ਼ਹੂਰ ਹੁਸੈਨ ਜ਼ਹੂਰ ਦਾ ਲਿਖਿਆ ਗੀਤ ਵੀ ਗਾਇਆ।  ਇਸ ਮਿੱਟੀ ਮੈਨੂੰ ਜਨਮ ਦਿੱਤਾ, ਇਸ ਆਲ੍ਹਣੇ ਮੈਂ ਚੁੰਝ ਖੋਲ੍ਹੀ ਏ।  ਮੈਂ ਪੰਜਾਬ ਦਾ ਪੁੱਤਰ ਹਾਂ, ਪੰਜਾਬੀ ਮੇਰੀ ਬੋਲੀ ਏ।  ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਤੇ ਮੇਲਾ ਕਨਵੀਨਰ ਤ੍ਰੈਲੋਚਨ ਲੋਚੀ ਨੇ ਦਸਿਆ ਕਿ ਕਰਵਾਏ ਗਏ ਮੁਕਾਬਲਿਆਂ ’ਚ ਪੰਜਾਬੀ ਕਹਾਣੀ ਵਿਚ ਪਹਿਲਾ ਸਥਾਨ ਰਾਜਦੀਪ ਕੌਰ, ਦੂਜਾ ਸਥਾਨ ਊਸ਼ਾ, ਤੀਜਾ ਸਥਾਨ ਨੰਦਨੀ ਕਪੂਰ ਨੇ, ਕਾਵਿ ਸਿਰਜਣ ਮੁਕਾਬਲੇ ਵਿਚ ਪਹਿਲਾ ਸਥਾਨ ਅਮਨਦੀਪ ਸਿੰਘ, ਦੂਜਾ ਸਥਾਨ ਮਨਵੀਰ ਕੌਰ, ਤੀਜਾ ਸਥਾਨ ਅਮਨਪ੍ਰੀਤ ਸਿੰਘ, ਲੋਕ ਗੀਤ ਮੁਕਾਬਲੇ ਵਿਚ ਪਹਿਲਾ ਸਥਾਨ  ਸੁਨੀਲ ਕੁਮਾਰ, ਦੂਜਾ ਸਥਾਨ ਜਸਲੀਨ ਕੌਰ, ਤੀਜਾ ਸਥਾਨ ਚਾਹਤ ਜਾਖੂ ਨੇ, ਸੱਭਿਆਚਾਰਕ ਪ੍ਰਸ਼ਨੋਤਰੀ (ਕੁਇਜ਼) ਵਿਚ ਪਹਿਲਾ ਸਥਾਨ ਸਰਕਾਰੀ ਕਾਲਜ ਲੁਧਿਆਣਾ, ਦੂਜਾ ਸਥਾਨ ਸਰਕਾਰੀ ਕਾਲਜ ਰੋਪੜ, ਤੀਜਾ ਸਥਾਨ ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿਵਲ ਲਾਈਨਜ਼ ਲੁਧਿਆਣਾ ਨੇ, ਪੰਜਾਬੀ ਕਵਿਤਾ ਪੋਸਟਰ ਮੁਕਾਬਲੇ ਵਿਚ ਪਹਿਲਾ ਸਥਾਨ ਅਰਸ਼ਦੀਪ ਕੌਰ, ਦੂਜਾ ਸਥਾਨ ਸਿਮਰਨ ਸਿੰਘ, ਤੀਜਾ ਸਥਾਨ ਨੇਹਾ ਸਿੰਘ ਅਤੇ ਹੌਸਲਾ ਅਫ਼ਜਾਊ ਇਨਾਮ ਕਰੁਨਾ ਮੌਰਿਆ ਨੂੰ, ਪੰਜਾਬੀ ਕਾਵਿ-ਉਚਾਰਣ ਮੁਕਾਬਲੇ ਵਿਚ ਪਹਿਲਾ ਸਥਾਨ ਸ਼ਰਨਪ੍ਰੀਤ ਕੌਰ,  ਦੂਜਾ ਸਥਾਨ ਭਵਨੂਰ ਕੌਰ, ਤੀਜਾ ਸਥਾਨ ਸਾਇਰਾ ਅਤੇ ਹੌਸਲਾ ਅਫ਼ਜਾਊ ਦਮਨਪ੍ਰੀਤ ਕੌਰ ਨੇ, ਅਖਾਣ ਤੇ ਮੁਹਾਵਰੇ ਭਰਪੂਰ ਵਾਰਤਾਲਾਪ ਮੁਕਾਬਲੇ ਵਿਚ ਪਹਿਲਾ ਸਥਾਨ ਰਾਮਗੜ੍ਹੀਆ ਗਰਲਜ਼ ਮਾਲਜ ਮਿੱਲਰ ਗੰਜ ਲੁਧਿਆਣਾ ਦੀ ਪ੍ਰੀਤ ਅਰੋੜਾ ਅਤੇ ਕ੍ਰਿਤਿਕਾ ਨੇ ਦੂਜਾ ਸਥਾਨ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਕਮਾਲਪੁਰਾ ਦੀ ਨਦਵੀਪ ਕੌਰ ਤੇ ਮਨਦੀਪ ਕੌਰ ਨੇ, ਤੀਜਾ ਸਥਾਨ ਖ਼ਾਲਸਾ ਕਾਲਜ ਫ਼ਾਰ ਵਿਮਨ, ਲੁਧਿਆਣਾ ਦੀ ਕੁਸ਼ਲ ਸ਼ਰਮਾ ਅਤੇ ਰਿੰਪੀ ਸ਼ਰਮਾ ਨੇ ਅਤੇ ਅੱਖਰਕਾਰੀ ਮੁਕਾਬਲੇ ਵਿਚ ਪਹਿਲਾ ਸਥਾਨ ਜਸ਼ਨਪ੍ਰੀਤ ਕੌਰ, ਦੂਜਾ ਸਥਾਨ ਮਨਜਿੰਦਰ ਕੌਰ, ਤੀਜਾ ਸਥਾਨ ਮਨਮੀਤ ਕੌਰ ਨੇ ਅਤੇ ਹੌਸਲਾ ਅਫ਼ਜਾਊ ਪ੍ਰਭਜੋਤ ਕੌਰ ਨੇ ਹਾਸਿਲ ਕੀਤਾ। ਉਨ੍ਹਾਂ ਦਸਿਆ ਉਪਰੋਕਤ ਅੱਠ ਮੁਕਾਬਲਿਆਂ ਦੇ ਨਤੀਜਿਆਂ ਦੇ ਆਧਾਰ ’ਤੇ ਸਭ ਤੋਂ ਜ਼ਿਆਦਾ ਅੰਕ ਹਾਸਿਲ ਕਰਨ ਵਾਲੇ ਰਾਮਗੜ੍ਹੀਆ ਗਰਲਜ਼ ਕਾਲਜ, ਮਿੱਲਰਗੰਜ ਲੁਧਿਆਣਾ ਨੇ ਵੱਖ ਵੱਖ ਮੁਕਾਬਲਿਆਂ ਵਿਚ ਜਿੱਤਾਂ ਹਾਸਿਲ ਕਰਕੇ ਪੰਜਾਬੀ ਮਾਤ-ਭਾਸ਼ਾ ਟਰਾਫ਼ੀ ਪ੍ਰਾਪਤ ਕੀਤੀ।  ਉਨ੍ਹਾਂ ਦਸਿਆ ਇਨਾਮ ਜੇਤੂ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਰੂਪ ਵਿਚ ਇਨਾਮ ਦਿੱਤੇ ਗਏ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਮਾਤ-ਭਾਸ਼ਾ ਮੇਲੇ ਮੌਕੇ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ-2021 ਮਾਸਟਰ ਲਖਵਿੰਦਰ ਸਿੰਘ  ਹਵੇਲੀਆਣੀ(ਰੱਈਆ) ਨੂੰ  ਪ੍ਰਦਾਨ ਗਿਆ ਜਿਹੜਾ ਉਨ੍ਹਾਂ ਦੀ ਆਸਟਰੇਲੀਆ ਫੇਰੀ ਕਾਰਨ ਉਨ੍ਹਾਂ ਦੀ ਸੁਪਤਨੀ ਤੇ ਧੀ  ਨੇ ਪ੍ਰਾਪਤ ਕੀਤਾ। ਸਨਮਾਨ ਵਿਚ ਦਸ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ, ਪੁਸਤਕਾਂ ਦਾ ਸੈੱਟ ਅਤੇ ਸ਼ੋਭਾ ਪੱਤਰ ਭੇਟਾ ਕੀਤਾ ਗਿਆ।  ਇਹ ਸਨਮਾਨ ਪੰਜਾਬੀ ਮਾਤ ਭਾਸ਼ਾ ਮੇਲੇ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਪੰਮੀ ਬਾਈ, ਸੁਰਿੰਦਰ ਸਿੰਘ ਸੁੰਨੜ ਸੰਪਾਦਕ ਆਪਣੀ ਆਵਾਜ਼, ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸਰਪ੍ਰਸਤ ਸ. ਜਗਦੀਸ਼ਪਾਲ ਸਿੰਘ ਗਰੇਵਾਲ, ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਅਤੇ ਸਮੂਹ ਅਹੁਦੇਦਾਰਾਂ ਅਤੇ ਸ਼ਾਮਿਲ ਪ੍ਰਬੰਧਕੀ ਬੋਰਡ ਮੈਂਬਰਾਂ ਨੇ ਪ੍ਰਦਾਨ ਕੀਤਾ। ਮਾਸਟਰ ਲਖਵਿੰਦਰ ਸਿੰਘ ਬਾਰੇ ਸ਼ੋਭਾ ਪੱਤਰ ਸ੍ਰੀ ਤ੍ਰੈਲੋਚਨ ਲੋਚੀ ਨੇ ਪੇਸ਼ ਕੀਤਾ। ਪੰਜਾਬੀ ਮਾਤ-ਭਾਸ਼ਾ ਮੇਲੇ ਦੇ ਸੰਯੋਜਕ ਸ੍ਰੀ ਤ੍ਰੈਲੋਚਨ ਲੋਚੀ ਅਤੇ ਸਹਿ ਸੰਯੋਜਕ  ਗੁਰਚਰਨ ਕੌਰ ਕੋਚਰ ਨੇ ਦਸਿਆ ਕਿ ਅੱਠ ਤਰ੍ਹਾਂ ਦੇ ਸਾਹਿਤਕ ਮੁਕਾਬਲਿਆਂ ਦੇ ਨਿਰਣਾਇਕਾਂ ਵਜੋਂ ਪ੍ਰੋ. ਰਵਿੰਦਰ ਭੱਠਲ, ਸ. ਜਨਮੇਜਾ ਸਿੰਘ ਜੌਹਲ, ਮਨਜੀਤ ਸਿੰਘ ਆਰਟਿਸਟ, ਜਸਵੀਰ ਝੱਜ, ਸ੍ਰੀਮਤੀ ਇੰਦਰਜੀਤ ਪਾਲ ਕੌਰ, ਮਨਜਿੰਦਰ ਧਨੋਆ, ਡਾ. ਦਵਿੰਦਰ ਦਿਲਰੂਪ, ਰਾਜਦੀਪ ਤੂਰ, ਡਾ. ਸੰਦੀਪ ਸੇਖੋਂ, ਸ੍ਰੀ ਸੁਨੀਲ ਸ਼ਰਮਾ, ਜ਼ੀਨੀਆ ਢੋਡੀ, ਪਰਮਿੰਦਰ ਅਲਬੇਲਾ ਨੇ ਅਤੇ ਪ੍ਰਸ਼ੋਨਤਰੀ ਮੁਕਾਬਲੇ ਦੇ ਕੁਇਜ਼ ਮਾਸਟਰ ਵਜੋਂ ਡਾ. ਗੁਰਇਕਬਾਲ ਸਿੰਘ ਨੇ ਭੂਮਿਕਾ ਨਿਭਾਈ। ਇਸ ਮੌਕੇ ਸ. ਸੁਰਿੰਦਰ ਸੁੰਨੜ, ਸ੍ਰੀ ਕੇ. ਸਾਧੂ ਸਿੰਘ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਦੀਪ ਜਗਦੀਪ, ਪ੍ਰੋ. ਸ਼ਰਨਜੀਤ ਕੌਰ, ਸੁਰਿੰਦਰ ਦੀਪ, ਕੁਲਵਿੰਦਰ ਕਿਰਨ, ਨੀਲੂ ਬੱਗਾ, ਪਰਮਜੀਤ ਕੌਰ ਮਹਿਕ, ਪ੍ਰੋ. ਤਜਿੰਦਰ ਕੌਰ, ਭਗਵਾਨ ਢਿੱਲੋਂ, ਅਮਰਜੀਤ ਸ਼ੇਰਪੁਰੀ, ਸੁਰਿੰਦਰ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਕਾਲਜਾਂ ਦੇ ਪ੍ਰੋਫ਼ੈਸਰ ਅਤੇ ਵਿਦਿਆਰਥੀ ਹਾਜ਼ਰ ਸਨ।

ਲੋਕ ਸੇਵਾ ਸੁਸਾਇਟੀ ਨੇ ਖ਼ੂਨ ਦਾਨ ਕੈਂਪ ਲਗਾਇਆ

ਜਗਰਾਓ  , 20 ਫਰਵਰੀ  ( ਅਮਿਤ ਖੰਨਾ)ਲੋਕ ਸੇਵਾ ਸੁਸਾਇਟੀ ਨੇ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਜਗਰਾਓਂ ਦੇ ਸਹਿਯੋਗ ਨਾਲ ਖ਼ੂਨ ਦਾਨ ਕੈਂਪ ਲਗਾਇਆ| ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਓਂ ਵਿਖੇ ਲਗਾਏ ਖ਼ੂਨ ਦਾਨ ਕੈਂਪ ਦਾ ਸਰਪ੍ਰਸਤ ਰਾਜਿੰਦਰ ਜੈਨ ਨੇ ਉਦਘਾਟਨ ਕਰਦਿਆਂ ਕਿਹਾ ਕਿ ਖ਼ੂਨ ਦਾਨ ਸਭ ਤੋਂ ਉੱਤਮ ਦਾਨ ਹੈ| ਉਨ੍ਹਾਂ ਕਿਹਾ ਕਿ ਖ਼ੂਨ ਦਾਨ ਕਰਨ ਨਾਲ ਸਰੀਰ ਵਿਚ ਕੋਈ ਕਮੀ ਨਹੀਂ ਆਉਂਦੀ ਬਲਕਿ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ| ਉਨ੍ਹਾਂ ਕਿਹਾ ਕਿ ਤੁਹਾਡਾ ਦਾਨ ਕੀਤਾ ਖ਼ੂਨ ਕਿਸੇ ਲੋੜਵੰਦ ਮਰੀਜ਼ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰ ਸਕਦਾ ਹੈ ਇਸ ਲਈ ਹਰੇਕ ਵਿਅਕਤੀ ਨੂੰ ਖ਼ੂਨ ਦਾਨ ਕਰਨਾ ਚਾਹੀਦਾ ਹੈ| ਇਸ ਮੌਕੇ ਕਰ ਭਲਾ ਹੋ ਭਲਾ ਦੇ ਚੇਅਰਮੈਨ ਅਮਿਤ ਅਰੋੜਾ ਨੇ ਕਿਹਾ ਕਿ ਸੰਸਥਾ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਖ਼ੂਨ ਦੀ ਸੇਵਾ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ| ਉਨ੍ਹਾਂ ਖ਼ੂਨ ਦਾਨੀਆਂ ਨੂੰ ਅਪੀਲ ਕੀਤੀ ਕਿ ਜਗਰਾਓਂ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਖ਼ੂਨ ਦੀ ਕਮੀ ਚੱਲ ਰਹੀ ਹੈ ਇਸ ਲਈ ਲੋਕ ਜ਼ਿਆਦਾ ਤੋਂ ਜ਼ਿਆਦਾ ਜਾ ਕੇ ਸਿਵਲ ਹਸਪਤਾਲ ਵਿਖੇ ਖ਼ੂਨ ਦਾਨ ਕਰਨ ਤਾਂ ਕਿ ਕੋਈ ਵੀ ਵਿਅਕਤੀ ਖ਼ੂਨ ਦੀ ਕਮੀ ਕਾਰਨ ਮੌਤ ਦੇ ਮੰੂਹ ਨਾ ਜਾ ਸਕੇ| ਇਸ ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੇ ਮਨੀਤ ਲੂਥਰਾ, ਨਿਰਮਲ ਸਿੰਘ, ਸੁਖਵਿੰਦਰ ਸਿੰਘ ਅਤੇ ਸਟਾਫ਼ ਨਰਸ ਸੰਦੀਪ ਕੌਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ| ਕੈਂਪ ਵਿਚ 39 ਵਿਅਕਤੀਆਂ ਨੇ ਖ਼ੂਨ ਦਾਨ ਕੀਤਾ ਜਿਸ ਵਿਚ ਮਧੂ ਗਰਗ ਸਮੇਤ ਕਾਫ਼ੀ ਮਹਿਲਾਵਾਂ ਵੀ ਸ਼ਾਮਲ ਸਨ| ਇਸ ਮੌਕੇ ਪੋ੍ਰਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ ਤੇ ਨੀਰਜ ਮਿੱਤਲ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਵਿਨੋਦ ਬਾਂਸਲ, ਮਨੋਹਰ ਸਿੰਘ ਟੱਕਰ, ਮੁਕੇਸ਼ ਗੁਪਤਾ, ਅਨਿਲ ਮਲਹੋਤਰਾ, ਡਾ: ਭਾਰਤ ਭੂਸ਼ਨ ਬਾਂਸਲ, ਲਾਕੇਸ਼ ਟੰਡਨ, ਪ੍ਰਵੀਨ ਮਿੱਤਲ, ਜਸਵੰਤ ਸਿੰਘ, ਪ੍ਰਸ਼ੋਤਮ ਅਗਰਵਾਲ, ਗੋਪਾਲ ਗੁਪਤਾ, ਪ੍ਰੇਮ ਬਾਂਸਲ, ਪ੍ਰਵੀਨ ਜੈਨ, ਰਵਿੰਦਰ ਸਿੰਘ ਵਰਮਾ, ਰਾਜਨ ਸਿੰਗਲਾ ਆਦਿ ਹਾਜ਼ਰ ਸਨ|

ਟਰੱਕ ਯੂਨੀਅਨ ਵਿਖੇ ਸਰਬੱਤ ਦੇ ਭਲੇ ਲਈ ਪ੍ਰਕਾਸ਼ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ 

ਜਗਰਾਓ  , 20 ਫਰਵਰੀ  ( ਅਮਿਤ ਖੰਨਾ) ਟਰੱਕ ਯੂਨੀਅਨ ਜਗਰਾਉਂ ਵਿਖੇ ਸਰਬੱਤ ਦੇ ਭਲੇ ਲਈ ਪ੍ਰਕਾਸ਼ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਪਾਠ ਦੇ ਭੋਗ ਉਪਰੰਤ ਸਜਾਏ ਦੀਵਾਨ 'ਚ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ | ਸੰਗਤਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਡਰਾਈਵਰ ਭਾਈਚਾਰੇ ਦੀ ਦੇਸ਼ ਦੀ ਖੁਸ਼ਹਾਲੀ ਵਿਚ ਵੱਡਾ ਯੋਗਦਾਨ ਹੈ | ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਤੇ ਸੇਵਾਦਾਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪ੍ਰੋ: ਸੁਖਵਿੰਦਰ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ, ਗੁਰਬਿੰਦਰ ਸਿੰਘ ਬਿੰਦਰ ਮਨੀਲਾ, ਅਵਤਾਰ ਸਿੰਘ ਸ਼ੇਰਪੁਰ, ਦਵਿੰਦਰ ਸਿੰਘ ਰਾਜਨ, ਕਰਤਾਰ ਸਿੰਘ ਅਖਾੜਾ, ਪਰਮਜੀਤ ਸਿੰਘ ਪੰਮਾ, ਕੁਲਵੰਤ ਸਿੰਘ ਦੇਹੜਕਾ, ਜਗਦੇਵ ਸਿੰਘ ਜੱਗਾ, ਕਮਲਜੀਤ ਸਿੰਘ ਘੋਗਾ, ਬਖਤੌਰ ਸਿੰਘ, ਅਮਰਜੀਤ ਸਿੰਘ, ਜਗਜੀਤ ਸਿੰਘ ਰਾਣਾ, ਜਸਵੀਰ ਸਿੰਘ ਰਾਣਾ, ਗੁਰਸੇਵਕ ਸਿੰਘ, ਪ੍ਰਤੀਮ ਸਿੰਘ ਕਾਉਂਕੇ, ਤੇਜਿੰਦਰ ਸਿੰਘ ਲੀਲਾਂ, ਕੇਵਲ ਸਿੰਘ ਜਨੇਤਪੁਰਾ, ਸਚਿਨ ਜੈਨ ਆਦਿ ਹਾਜ਼ਰ ਸਨ |

ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ, ਨੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਜਗਰਾਓ  , 20 ਫਰਵਰੀ  ( ਅਮਿਤ ਖੰਨਾ) ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਵਿੱਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਪਾਰਟੀ ਦੌਰਾਨ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਗੀਤ-ਸੰਗੀਤ ਅਤੇ ਨਾਚ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਛੋਟੀਆਂ-ਛੋਟੀਆਂ ਗੇਮਾਂ ਖਿਡਾ ਕੇ ਜਿੱਤਣ ਵਾਲੇ ਪ੍ਰਤੀਯੋਗੀਆਂ ਨੂੰ ਇਨਾਮ ਦਿੱਤੇ ਗਏ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਰੁੱਪ ਫੋਟੋ ਅਤੇ ਮੋਮੈਂਟੋ ਵੀ ਦਿੱਤੇ ਗਏ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਮਿਸਟਰ ਫੇਅਰਵੈੱਲ ਕਰਨਵੀਰ ਸਿੰਘ ਅਤੇ ਮਿਸ ਫੇਅਰਵੈੱਲ ਪਲਕ ਸਹਿਗਲ ਨੂੰ ਚੁਣਿਆ ਗਿਆ।  ਇਸ ਮੌਕੇ ਤੇ ਅਧਿਆਪਕਾ ਵੱਲੋਂ ਵੀ ਰੈਂਪ ਵਾਕ  ਕੀਤੀ ਗਈ। ਵਿਦਿਆਰਥੀਆਂ ਵੱਲੋਂ ਕੇਕ ਕੱਟਣ ਦੀ ਰਸਮ ਵੀ ਕੀਤੀ ਗਈ। ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾ ਲਈ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ। ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਲ ਭਵਿੱਖ ਲਈ ਸ਼ੁਭ ਕਾਮਨਾਵਾਂ  ਦਿੱਤੀਆਂ ਗਈਆਂ।।

ਨਰਸਿੰਗ ਕਾਲਜ ਸਰਾਭਾ ਵਿਖੇ ਅੰਤਰਰਾਸ਼ਟਰੀ ਮਿਰਗੀ ਦਿਵਸ" ਮੌਕੇ ਇਕ ਰੋਜਾ ਵਰਕਸ਼ਾਪ ਲਗਾਈ

ਜੋਧਾਂ/ ਸਰਾਭਾ , 20 ਫਰਵਰੀ (ਦਲਜੀਤ ਸਿੰਘ ਰੰਧਾਵਾ) ਕਰਤਾਰ ਸਿੰਘ ਸਰਾਭਾ ਕਾਲਜ ਆਫ ਨਰਸਿੰਗ ਵਲੋਂ ਇੱਕ ਰੋਜ਼ਾ ਵਰਕਸ਼ਾਪ ਦੇ ਰੂਪ ਵਿੱਚ "ਕਲੰਕ ਵਿਰੁੱਧ ਕਦਮ" ਥੀਮ ਦੇ ਨਾਲ "ਅੰਤਰਰਾਸ਼ਟਰੀ ਮਿਰਗੀ ਦਿਵਸ" ਮਨਾਇਆ। ਇਸ ਮੌਕੇ ਡਾ: ਗਗਨਦੀਪ ਸਿੰਘ, ਪ੍ਰੋਫੈਸਰ ਅਤੇ ਨਿਊਰੋਲੋਜੀ ਡੀਐਮਸੀ ਐਂਡ ਐਚ ਵਿਭਾਗ ਦੇ ਮੁਖੀ ਲੁਧਿਆਣਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।  ਐੱਸਕੇਐੱਸਐੱਸ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ ਸ.ਕੇਵਲ ਸਿੰਘ ਗਰੇਵਾਲ ਨੂੰ ਸਮਾਗਮ ਦੇ 'ਗੈਸਟ ਆਫ਼ ਆਨਰ' ਵਜੋਂ ਹਾਜਰ ਹੋਏ ।ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ ਆਫ ਨਰਸਿੰਗ ਦੇ ਪ੍ਰਿੰਸੀਪਲ ਡਾ.ਪ੍ਰਭਜੋਤ ਸੈਣੀ ਅਤੇ ਸਮਾਗਮ ਦੀ ਪ੍ਰਬੰਧਕੀ ਚੇਅਰਪਰਸਨ ਵਲੋਂ ਵਿਦਿਆਰਥੀਆਂ ਨੂੰ ਜਾਮਨੀ ਦਿਵਸ ਮਨਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਸ਼ੁਰੂਆਤ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਯਾਦਗਾਰੀ ਅਜਾਇਬ ਘਰ ਵਿਖੇ ਸਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ | ਡਾ: ਗਗਨਦੀਪ ਸਿੰਘ, ਪ੍ਰੋਫੈਸਰ ਅਤੇ ਮੁਖੀ ਨਿਊਰੋਲੋਜੀ ਡੀ.ਐਮ.ਸੀ.ਐਚ, ਨੇ ਸੰਬੋਧਨ ਚ ਆਪਣੇ ਕੀਮਤੀ ਵਿਚਾਰ ਸਾਂਝੇ ਕਰਦਿਆਂ ਨਰਸਿੰਗ ਵਿਦਿਆਰਥੀਆਂ ਨੂੰ ਮਿਰਗੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਾਡੀ ਵਚਨਬੱਧਤਾ ਨੂੰ ਮਜ਼ਬੂਤ ​​ਕਰਨ ਲਈ ਉਤਸ਼ਾਹਿਤ ਕੀਤਾ। ਡਾ. ਬੀ.ਐਸ. ਪਾਲ, ਪ੍ਰੋਫੈਸਰ ਡਿਪਾਰਟਮੈਂਟ ਆਫ਼ ਨਿਊਰੋਲੋਜੀ ਡੀ.ਐਮ.ਸੀ.ਐਚ, ਲੁਧਿਆਣਾ ਨੇ ਆਪਣੇ ਲੈਕਚਰ ਵਿੱਚ ਮਿਰਗੀ ਦੀ ਸੰਖੇਪ ਜਾਣਕਾਰੀ ਅਤੇ ਪ੍ਰਬੰਧਨ ਬਾਰੇ ਚਾਨਣਾ ਪਾਇਆ। ਸ਼੍ਰੀਮਤੀ ਸ਼ਿਵਾਨੀ ਕਾਲੜਾ ਨੇ ਮਿਰਗੀ ਬਾਰੇ ਮਿੱਥਾਂ ਅਤੇ ਗਲਤ ਧਾਰਨਾਵਾਂ ਬਾਰੇ ਚਰਚਾ ਕਰਦਿਆਂ ਕਿਹਾ ਕੇ ਮਿਰਗੀ ਦੇ ਦੌਰਾਨ ਕੀ ਕਰਨਾ ਹੈ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋ ਪ੍ਰਭਜੋਤ ਸੈਣੀ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। 

ਚਮੜੇ ਦੇ ਲਗਜ਼ਰੀ ਬ੍ਰਾਂਡ ਬਰੂਨ ਐਂਡ ਬਰੇਸਕਿਨ ਨੇ ਲੁਧਿਆਣਾ ਦਿੱਤੀ ਦਸਤਕ 

 ਚਮੜੇ ਦੇ ਲਗਜ਼ਰੀ ਬ੍ਰਾਂਡ ਬਰੂਨ ਐਂਡ ਬਰੇਸਕਿਨ ਨੇ ਸਰਾਭਾ ਨਗਰ, ਲੁਧਿਆਣਾ ਵਿਖੇ ਆਪਣਾ ਨਵਾਂ ਸਟੋਰ ਖੋਲ੍ਹਿਆ

 ਇਹ ਬ੍ਰਾਂਡ ਚਮੜੇ ਦੇ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਦਾ ਪ੍ਰਦਰਸ਼ਨ ਕਰੇਗਾ, ਜਿਸ ਵਿੱਚ ਬੈਗ, ਵਾਲਿਟ, ਜੁੱਤੀਆਂ, ਬੈਲਟਾਂ ਅਤੇ ਹੋਰ ਸਹਾਇਕ ਉਪਕਰਣ ਸ਼ਾਮਲ ਹਨ

ਲੁਧਿਆਣਾ, 20 ਫਰਵਰੀ  ( ਸਤਵਿੰਦਰ  ਸਿੰਘ ਗਿੱਲ) ਦਿੱਲੀ ਅਤੇ ਜਲੰਧਰ ਵਿੱਚ ਬ੍ਰਾਂਡ ਦੇ ਪਿਛਲੇ ਸਟੋਰਾਂ ਨੇ ਪਹਿਲਾਂ ਹੀ ਆਪਣਾ ਨਾਮ ਬਣਾ ਲਿਆ ਹੈ, ਅਤੇ ਲੁਧਿਆਣਾ ਵਿੱਚ ਨਵਾਂ ਸਟੋਰ ਲਗਜ਼ਰੀ ਮਾਰਕੀਟ ਵਿੱਚ ਬਰੂਨ ਅਤੇ ਬਰੇਸਕਿਨ ਦੇ ਪੈਰਾਂ ਨੂੰ ਮਜ਼ਬੂਤ ਕਰੇਗਾ। ਬ੍ਰਾਂਡ ਦੇ ਡਾਇਰੈਕਟਰ, ਟੈਬੀ ਭਾਟੀਆ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਲੁਧਿਆਣਾ ਦੇ ਲੋਕ ਸਾਡੇ ਉੱਚ-ਗੁਣਵੱਤਾ ਵਾਲੇ, ਹੈਂਡਕ੍ਰਾਫਟਡ ਚਮੜੇ ਦੇ ਉਤਪਾਦਾਂ ਦੀ ਸ਼ਲਾਘਾ ਕਰਨਗੇ। 
ਉੱਚ-ਗੁਣਵੱਤਾ ਵਾਲੇ ਚਮੜੇ ਦੇ ਉਤਪਾਦਾਂ ਦੀ ਵਿਸ਼ਾਲ ਸ਼੍ਰੇਣੀ ਨੂੰ ਪ੍ਰਦਰਸ਼ਿਤ ਕਰਨ ਤੋਂ ਇਲਾਵਾ, ਨਵਾਂ ਸਟੋਰ ਗਾਹਕਾਂ ਨੂੰ ਵਿਦੇਸ਼ੀ ਚਮੜੇ ਦੇ ਸੰਗ੍ਰਹਿ ਦੀ ਝਲਕ ਵੀ ਪੇਸ਼ ਕਰੇਗਾ, ਜਿਸ ਵਿੱਚ ਅਸਲੀ ਸ਼ੁਤਰਮੁਰਗ ਅਤੇ ਸਟਿੰਗਰੇ ਚਮੜੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਸ ਬ੍ਰਾਂਡ ਦੇ ਬੂਟ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਪਾਏ ਦੱਸੇ ਗਏ ਹਨ ਤੇ ਸਲਮਾਨ ਖਾਨ ਇਨ੍ਹਾਂ ਦੀ ਜੈਕਟ ਅਤੇ ਬੂਟ ਹੀ ਵਰਤਦਾ ਹੈ। ਇਹ ਦੇਸ਼ ਵਿੱਚ ਇੱਕਮਾਤਰ ਬ੍ਰਾਂਡ ਹੈ ਜੋ ਇਹ ਵਿਦੇਸ਼ੀ ਚਮੜੇ ਦੇ ਸਾਰੀਆਂ ਸ਼੍ਰੇਣੀਆਂ ਦੀ ਪੇਸ਼ਕਸ਼ ਕਰਦਾ ਹੈ।

ਸਫਾਈ ਸੇਵਕ ਯੂਨੀਅਨ ਪੰਜਾਬ ਦਾ ਵਫਦ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੂੰ ਦਿੱਤੇ ਮੰਗ ਪੱਤਰ ਸੰਬੰਧੀ ਮਿਲਿਆ 

ਨਗਰ ਕੌਂਸਲ ਜਗਰਾਉਂ ਅੰਦਰ ਸਫਾਈ ਸੇਵਕ / ਸੀਵਰਮੈਨ ਜਲਦੀ ਕੰਟਰੈਕਟ ਬੇਸ ਤੇ ਭਰਤੀ ਕੀਤੇ ਜਾਣਗੇ - ਅਰੁਣ ਗਿੱਲ 
ਜਗਰਾਉਂ 19 ਫਰਵਰੀ 2023(  ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ ) ਮਾਣਯੋਗ ਸਥਾਨਕ ਸਰਕਾਰਾਂ ਮੰਤਰੀ ਜੀ ਨਾਲ ਸਫਾਈ ਸੇਵਕ ਯੂਨੀਅਨ ਪੰਜਾਬ ਅਤੇ ਮਿਉਂਸਪਲ ਵਰਕਰ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮਿਤੀ 31-01-2023 ਨੂੰ ਹੋਈ ਮੀਟਿੰਗ ਦੇ ਸੰਬੰਧ ਵਿਚ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼੍ਰੀ ਅਸ਼ੋਕ ਸਾਰਵਾਨ ਜੀ ਦੀ ਅਗਵਾਈ ਵਿੱਚ ਵਫਦ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸ਼੍ਰੀ ਉਮਾ ਸ਼ੰਕਰ ਜੀ ਨੂੰ ਮਿਲਿਆ ਇਸ ਬਾਰੇ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਮੰਤਰੀ ਜੀ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸ ਇੰਦਰਬੀਰ ਸਿੰਘ ਨਿੱਝਰ ਜੀ ਨਾਲ ਸਫਾਈ ਸੇਵਕ / ਸੀਵਰਮੈਨਾ ਤੇ ਠੇਕੇਦਾਰੀ ਅਧੀਨ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਇੱਕ ਮੀਟਿੰਗ ਮਿਤੀ 31-01-2023  ਨੂੰ ਹੋਈ ਸੀ ਜਿਸ ਸਬੰਧੀ ਦੁਬਾਰਾ ਡਾਇਰੈਕਟਰ ਸਾਹਿਬ ਨਾਲ ਮੀਟਿੰਗ ਕਰਕੇ ਦਿੱਤੇ ਮੰਗ ਪੱਤਰ ਅਨੁਸਾਰ ਮੰਗਾ ਮੰਨਣ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲਏ ਗਏ ਫੈਸਲਿਆਂ ਦੀ ਜਾਣਕਾਰੀ ਹਾਸਿਲ ਕੀਤੀ ਗਈ। ਡਾਇਰੈਕਟਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਬਹੁਤ ਸਾਰੀਆਂ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਹਨ । ਕਈ ਮੰਗਾ ਉਪਰ ਸਬੰਧਤ ਵਿਭਾਗ ਨੂੰ ਪੱਤਰ ਜਾਰੀ ਕਰਕੇ ਰਿਪੋਰਟਾਂ ਮੰਗੀਆਂ ਗਈਆਂ ਹਨ। ਜਿਨ੍ਹਾਂ ਕਮੇਟੀਆਂ ਵਿੱਚ ਠੇਕੇਦਾਰੀ ਸਿਸਟਮ ਅਧੀਨ ਸਫਾਈ ਸੇਵਕ /ਸੀਵਰਮੈਨ, ਪੰਪ ਅਪਰੇਟਰ, ਕੰਪਿਊਟਰ ਅਪਰੇਟਰ ਸੇਵਾਵਾਂ ਨਿਭਾ ਰਹੇ ਹਨ। ਉਨਾਂ ਸੰਬੰਧੀ ਡਾਇਰੈਕਟਰ ਸਾਹਿਬ ਵੱਲੋਂ ਉਚੇਚੇ ਤੌਰ ਤੇ ਦੱਸਿਆ ਗਿਆ ਕਿ ਮੰਤਰੀ ਮੰਡਲ ਵੱਲੋਂ ਲਏ ਫੈਸਲੇ ਅਨੁਸਾਰ ਵਿਭਾਗ ਦੇ ਹੁਕਮ ਮਿਤੀ 14-12-2021 ਰਾਹੀਂ, ਮਿਤੀ 18-06-2021 ਤੋਂ ਪਹਿਲਾਂ ਕੰਟਰੈਕਟ ਤੇ ਕੰਮ ਕਰਦੇ ਸਫਾਈ ਸੇਵਕਾਂ / ਸੀਵਰਮੈਨਾ ਨੂੰ ਰੈਗੂਲਰ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾ ਚੁੱਕੀਆਂ ਹਨ । ਜਿਸ ਸਬੰਧੀ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ 18-06-2021 ਤੋਂ ਪਹਿਲਾਂ ਜੋ ਸਫਾਈ ਸੇਵਕ / ਸੀਵਰਮੈਨ ਕੰਟਰੈਕਟ ਤੇ ਸਨ। ਉਨ੍ਹਾਂ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ। ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਪੱਤਰ ਮਿਤੀ 23-06-21 ਅਨੁਸਾਰ ਜਾਰੀ ਨੋਟੀਫਿਕੇਸ਼ਨ ਦੇ ਆਧਾਰ ਤੇ ਰਹਿੰਦੇ ਠੇਕੇਦਾਰੀ ਸਿਸਟਮ ਅਧੀਨ ਸਫਾਈ ਸੇਵਕ / ਸੀਵਰਮੈਨ ਵਿਭਾਗ ਦੇ ਅਧੀਨ ਕੀਤੇ ਜਾਣ । ਜਿਨ੍ਹਾਂ ਥਾਵਾਂ ਤੇ ਪੁਰਾਣੇ ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਹੈ । ਉਨਾਂ ਕਰਮਚਾਰੀਆਂ ਨੂੰ ਦੁਬਾਰਾ ਭਰਤੀ ਕੀਤਾ ਜਾਵੇ । ਜਿਲਾ ਲੁਧਿਆਣਾ ਦੇ ਪ੍ਰਧਾਨ ਅਰੁਣ ਗਿੱਲ ਨੇ ਦੱਸਿਆ ਕਿ ਨਗਰ ਕੌਂਸਲ ਜਗਰਾਉਂ ਵਾਂਗ ਕੁਝ ਸ਼ਹਿਰੀ ਸਥਾਨਕ ਸੰਸਥਾਵਾਂ ਅੰਦਰ ਅੱਜ ਤੱਕ ਇਹ ਪ੍ਰਕਿਰਿਆ ਆਰੰਭੀ ਹੀ ਨਹੀਂ ਗਈ ਹੈ। ਜੇਕਰ ਅਰੰਭੀ ਵੀ ਗਈ ਹੈ। ਉਹ ਵੀ ਅੱਧ ਵਿਚਕਾਰ ਹੀ ਲਟਕ ਰਹੀ ਹੈ । ਕੁੱਝ ਪੁਰਾਣੇ ਆਊਟ ਸੋਰਸਿੰਗ ਕਰਮਚਾਰੀਆਂ ਨੂੰ ਕੱਢ ਦਿੱਤਾ ਗਿਆ ਹੈ। ਉਨਾਂ ਦੀ ਜਗ੍ਹਾ ਨਵੀਂ ਭਰਤੀ ਕੀਤੀ ਗਈ ਹੈ। ਡਾਇਰੈਕਟਰ ਸਾਹਿਬ ਵੱਲੋਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮਿਤੀ 23-06-2021 ਅਨੁਸਾਰ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ ਸਫਾਈ ਸੇਵਕ / ਸੀਵਰਮੈਨਾ ਦੀ ਕੰਟਰੈਕਟ ਬੇਸ ਤੇ ਭਰਤੀ ਕੀਤੀ ਜਾ ਰਹੀ ਹੈ। ਉਕਤ ਪਾਲਿਸੀ ਅਨੁਸਾਰ ਆਊਟ ਸੋਰਸਿੰਗ ਸਫਾਈ ਸੇਵਕ / ਸੀਵਰਮੈਨਾ ਦੀ ਕੰਟਰੈਕਟ ਬੇਸ ਤੇ ਕੀਤੀ ਭਰਤੀ ਸਬੰਧੀ ਕੰਪਲਾਇੰਸ ਰਿਪੋਰਟ ਜਿੱਥੇ ਵੀ ਪੁਰਾਣੇ ਕਰਮਚਾਰੀਆਂ ਨੂੰ ਐਡਜਸਟ ਨਾ ਕਰਦੇ  ਹੋਏ, ਹੋਰ ਨਵੇਂ ਮੁਲਾਜ਼ਮ ਭਰਤੀ ਕੀਤੇ ਗਏ ਹਨ। ਇਸ ਸੰਬੰਧੀ ਵੀ ਸ਼ਹਿਰੀ ਸਥਾਨਕ ਸੰਸਥਾਵਾਂ ਤੋਂ ਰਿਪੋਰਟਾਂ ਪ੍ਰਾਪਤ ਕੀਤੇ ਜਾਣ ਸਬੰਧੀ ਦੱਸਿਆ ਹੈ। ਇਸ ਨਾਲ ਠੇਕੇਦਾਰੀ ਸਿਸਟਮ ਅਧੀਨ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਨੂੰ ਕੰਟਰੈਕਟ ਬੇਸ ਤੇ ਭਰਤੀ ਕੀਤਾ ਜਾ ਸਕੇਗਾ। ਇਸ ਮੌਕੇ ਕੁਲਦੀਪ ਸ਼ਰਮਾ ਸਰਪਰਸਤ ਸਫਾਈ ਸੇਵਕ ਯੂਨੀਅਨ ਪੰਜਾਬ, ਰਮੇਸ਼ ਕੁਮਾਰ ਗੈਚੰਡ ਸੈਕਟਰੀ ਸਫਾਈ ਸੇਵਕ ਯੂਨੀਅਨ ਪੰਜਾਬ, ਅਮੀਤਾ ਸੁਜਾਨਪੁਰ ਆਦਿ ਹਾਜ਼ਰ ਸਨ।

ਸਕੂਲ ਦੀ ਨਵੀਂ ਬਣੀ ਇਮਾਰਤ ਬੱਚਿਆਂ ਨੂੰ ਕੀਤੀ ਅਰਪਣ

ਹਠੂਰ,19 ਫਰਵਰੀ (ਕੌਸ਼ਲ ਮੱਲ੍ਹਾ)-ਸਾਰਾਗੜ੍ਹੀ ਜੰਗ ਦੇ ਨਾਇਕ ਸਹੀਦ ਹੌਲਦਾਰ ਈਸਰ ਸਿੰਘ ਦੇ ਜੱਦੀ ਪਿੰਡ ਝੋਰੜਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਹਾਲਤ ਜਿਆਦਾ ਖਸਤਾ ਹੋਣ ਕਰਕੇ ਵਿਭਾਗ ਦੇ ਨਾਲ-ਨਾਲ,ਗ੍ਰਾਮ ਪੰਚਾਇਤ, ਦਾਨੀ ਸੱਜਣਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਾਰੀ ਇਮਾਰਤ ਢਾਹ ਕੇ ਨਵੀਂ ਬਣਾਈ ਗਈ ਹੈ।ਇਸ ਨਵੀ ਬਣੀ ਇਮਾਰਤ ਦਾ ਉਦਘਾਟਨ ਅੱਜ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਵੱਲੋਂ ਕਰਕੇ ਬੱਚਿਆਂ ਨੂੰ ਅਰਪਣ ਕੀਤੀ ਗਈ।ਇਸ ਮੌਕੇ ਸਾਬਕਾ ਸਰਪੰਚ ਇਕਬਾਲ ਸਿੰਘ ਨੇ ਬਾਬਾ ਗੁਰਜੀਤ ਸਿੰਘ ਅਤੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ।ਇਸ ਮੌਕੇ ਪਾਲ ਸਿੰਘ ਮਾਨ ਨੇ ਪੰਜਾਬ ਸਰਕਾਰ ਅਤੇ ਬਾਬਾ ਗੁਰਜੀਤ ਸਿੰਘ ਵੱਲੋਂ ਦਿੱਤੀ ਸਹਾਇਤਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਬਾਬਾ ਜੀ ਅੱਗੇ ਤੋਂ ਵੀ ਇਸੇ ਤਰ੍ਹਾਂ ਸਕੂਲ ਨੂੰ ਸਹਿਯੋਗ ਕਰਦੇ ਰਹਿਣਗੇ।ਇਸ ਮੌਕੇ ਬੀਐਮਟੀ ਸੁਖਦੇਵ ਸਿੰਘ ਜੱਟਪੁਰੀ ਵੱਲੋਂ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਗ੍ਰਾਂਟਾ ਬਾਰੇ ਨਗਰ ਨਿਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਵਿੱਚ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਨੱਥੋਵਾਲ ਨੇ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਦਾ ਵੇਰਵਾ ਦਿੰਦਿਆਂ ਨਗਰ ਨਿਵਾਸੀਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ । ਐਨ,ਆਰ,ਆਈ ਵੀਰਾਂ ਵੱਲੋਂ ਬੋਲਦਿਆਂ ਵਕਤ ਫਾਰ ਯੂ ਰੇਡੀਓ ਦੇ ਮਾਲਕ ਜੈਸ ਗਿੱਲ ਨੇ ਸਕੂਲ ਦੇ ਬਾਕੀ ਰਹਿੰਦੇ ਕੰਮ ਜਲਦੀ ਕਰਵਾ ਕੇ ਸਕੂਲ ਨੂੰ ਸਮਾਰਟ ਸਕੂਲਾਂ ਦੀ ਲਾਈਨ ਦਾ ਮੋਹਰੀ ਸਕੂਲ ਬਣਾ ਕੇ ਬੱਚਿਆਂ ਨੂੰ ਨਵੀਆਂ ਤਕਨੀਕਾਂ ਨਾਲ ਲੈੱਸ ਸਕੂਲ ਦੇ ਕੇ ਸਮੇਂ ਦੇ ਹਾਣੀ ਬਣਾਉਣ ਦਾ ਭਰੋਸਾ ਦਿੱਤਾ ਗਿਆ।ਸਕੂਲ ਦੇ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ ਕੀਤਾ ਗਿਆ।ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਮਾਸਟਰ ਸੁਖਚੈਨ ਸਿੰਘ ਚੈਨਾ ਨੇ ਬਾ-ਖੂਬੀ ਨਿਭਾਈ ।ਅੰਤ ਵਿੱਚ ਕਲੱਬ ਪ੍ਰਧਾਨ ਜੱਸਾ ਝੋਰੜਾ ਅਤੇ ਹੈਪੀ ਝੋਰੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਗੁਰਤੇਜ ਸਿੰਘ ਗਿੱਲ ਕੈਨੇਡਾ,ਸੰਤੋਖ ਸਿੰਘ ਮੰਨਾਂ,ਗੋਲਡੀ ਕੈਨੇਡਾ,ਜੱਸ ਗਿੱਲ ਕੈਨੇਡਾ,ਚਮਕੌਰ ਸਿੰਘ ਗਿੱਲ,ਗੁਰਦੀਪ ਸਿੰਘ,ਮੈਡਮ ਸੰਤੋਸ਼ ਕੁਮਾਰੀ,ਅਮਨਦੀਪ ਕੌਰ, ਸੁਖਵਿੰਦਰ ਕੌਰ,ਦਲਜੀਤ ਸਿੰਘ,ਮਾਸਟਰ ਜੰਗ ਸਿੰਘ,ਪਾਲ ਸਿੰਘ ਮਾਨ,ਬਿੰਦਰ ਸਿੰਘ ਆਦਿ ਹਾਜ਼ਰ ਸਨ । ਫੋਟੋ–ਕੈਪਸਨ—ਸਕੂਲ ਦਾ ਸਟਾਫ ਦਾ ਕਲੱਬ ਦੇ ਮੈਂਬਰਾ, ਐਨਆਰ ਆਂਈ ਵੀਰਾ ਅਤੇ ਸਹਿਯੋਗੀਆ ਦਾ ਧੰਨਵਾਦ ਕਰਦਾ ਹੋਇਆ ।

ਮਹੀਨਾਵਾਰੀ ਗੁਰਮਤਿ ਸਮਾਗਮ ਅਤੇ ਦੁੱਖ ਨਿਵਾਰਨ ਕੈਂਪ

                                                  ਮਹੀਨਾਵਾਰੀ ਗੁਰਮਤਿ ਸਮਾਗਮ ਅਤੇ ਦੁੱਖ ਨਿਵਾਰਨ ਕੈਂਪ 

  ਮਿਤੀ 13-02-2023 (੧ਫਗਣ) ਦਿਨ ਸੋਮਵਾਰ ਨੂੰ ਸ਼ਾਮ 06 ਤੋਂ ਰਾਤ 08-45 ਤੱਕ ਵਿਸ਼ੇਸ਼ ਮਹੀਨਾਵਾਰੀ ਗੁਰਮਤਿ ਸਮਾਗਮ ਅਤੇ ਦੁੱਖ ਨਿਵਾਰਨ ਕੈਂਪ ਹੋਵੇਗਾ।
           ਜਿਸ ਵਿੱਚ ਬਾਬਾ ਸਤਨਾਮ ਸਿੰਘ ਜੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਆਪ ਜੀ ਨੇ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ।
                               ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ ।ਸਰਬੱਤ ਦਾ ਭਲਾ।   "ਪ੍ਰਬੰਧਕ ਸੇਵਾਦਾਰ"
                                                       ਮਹੀਨਾਵਾਰ ਗੁਰਮਤਿ ਸਮਾਗਮ 13 ਫਰਵਰੀ ਨੂੰ

                                    ਗੁਰਦੁਆਰਾ ਸ੍ਰੀ ਭਜਨਗੜ੍ਹ ਸਾਹਿਬ, ਮੋਤੀ ਬਾਗ,ਗਲੀ ਨੰਬਰ 3,ਕੱਚਾ ਮਲਕ ਰੋਡ, ਜਗਰਾਉਂ 

                                                                (  ਬਲਦੇਵ ਸਿੰਘ ਸਿੱਖਿਆ ਪ੍ਰਤੀਨਿੱਧ )

ਡਾ.ਸੁਖਚੈਨ ਕੌਰ ਗੋਗੀ ਨੇ  ਸੁਨੇਤ ਸਕੂਲ ਵਿਚ 8 ਬਾਥਰੂਮਾਂ ਦਾ ਨੀਂਹ ਪੱਥਰ ਰੱਖਿਆ 

ਲੁਧਿਆਣਾ, 11 ਫਰਵਰੀ (ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)ਡਾ. ਸੁਖਚੈਨ ਕੌਰ ਗੋਗੀ ਸੁਪਤਨੀ  ਗੁਰਪ੍ਰੀਤ ਸਿੰਘ ਗੋਗੀ ਐਮ. ਐਲ. ਏ. ਲੁਧਿਆਣਾ ਪੱਛਮੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੁਨੇਤ ਵਿਖੇ ਵਿਦਿਆਰਥੀਆਂ ਦੀ ਸੱਮਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ 8 ਬਾਥਰੂਮਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ।ਇਸ ਮੌਕੇ ਮੁੱਖ ਅਧਿਆਪਕ  ਹਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ  ਡਾ. ਸੁਖਚੈਨ ਕੌਰ ਗੋਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦਾ ਪੱਧਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਜੁਟਾ ਰਹੀ ਹੈ । ਇਸ ਮੌਕੇ ਡਾ. ਸੁਖਚੈਨ ਕੌਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਲਈ ਟਾਟ, ਗਿਲਾਸ, ਚਮਚੇ ਅਤੇ ਹੋਰ ਸਮੱਗਰੀ ਦਿੱਤੀ ਗਈ । ਇਸ ਮੌਕੇ ਮੁਖ ਮਹਿਮਾਨ ਵਲੋਂ ਸਟੇਟ ਜੇਤੂ ਗੱਤਕਾ ਵਿਦਿਆਰਥੀ ਗੁਰਜੋਤ ਸਿੰਘ ਨੂੰ ਆਸ਼ੀਰਵਾਦ ਅਤੇ ਇਨਾਮ ਦਿੱਤਾ ਗਿਆ ਅਤੇ  ਸਕੂਲ ਨੂੰ ਖੇਡਾਂ, ਪੜ੍ਹਾਈ, ਸੱਭਿਆਚਾਰਕ ਗਤੀਵਿਧੀਆਂ ਆਦਿ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਥਾਪੜਾ ਦਿੱਤਾ ਗਿਆ।ਇਸ ਮੌਕੇ ਉਨ੍ਹਾਂ  ਸਕੂਲ ਦੇ ਖਿਡਾਰੀਆਂ ਨੂੰ ਖੇਡਾਂ ਦੀ ਵਰਦੀ ਬਣਾ ਕੇ ਦੇਣ  ਅਤੇ ਸਮੂਹ ਸਟਾਫ ਨੂੰ ਸਕੂਲ ਅਤੇ ਵਿਦਿਆਰਥੀਆਂ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਅਧਿਆਪਕ ਆਗੂ ਕੁਲਜਿੰਦਰ ਸਿੰਘ ਬੱਦੋਵਾਲ ਅਤੇ ਸੁਖਬੀਰ ਕੌਰ ਨੇ ਵੀ ਸੰਬੋਧਨ ਕੀਤਾ।